.

ਕੀ ਧਰਤੀ ਦੀ ਅੰਤਿਮ- ਤਾਰੀਖ (21 ਦਸੰਬਰ 2012) ਹੈ?

ਪ੍ਰੋ: ਤਰਲੋਚਨ ਸਿੰਘ ਮਹਾਜਨ

ਫਿਜਿਕਸ ਵਿਭਾਗ. ਖਾਲਸਾ ਕਾਲਜ ਪਟਿਆਲਾ

9888169226

ਦੁਨੀਆ ਦੇ ਖਤਮ ਹੋਣ ਦੀਆਂ ਭਵਿਸ਼ਬਾਣੀਆਂ ਪਹਿਲਾਂ ਵੀ ਕੀਤੀਆਂ ਜਾਂਦੀਆ ਰਹੀਆਂ ਹਨ। ਇੱਕ ਅਧਿਆਤਮਿਕ ਸਕਾਲਰ ਵੀਲੀਅਮ ਮੀਲਰ ਨੇ ਭਵਿਸ਼ਬਾਣੀ ਕੀਤੀ ਕਿ ਸੰਸਾਰ 1844 ਨੂੰ ਖਤਮ ਹੋ ਜਾਏਗਾ। ਲੋਕ ਉਦਾਸੀ ਅਤੇ ਕੁੱਝ ਅਸ਼ਚਰਜਤਾ ਨਾਲ ਇੰਤਜਾਰ ਕਰਨ ਲਗੇ ਕਿ 21 ਮਾਰਚ 1844 ਨੂੰ ਦੁਨੀਆ ਖਤਮ ਹੋ ਰਹੀ ਹੈ ਅਤੇ ਯਿਸੂ ਮਸੀਹ ਫਿਰ ਤੋਂ ਜਿੰਦਾ ਹੋ ਜਾਣਗੇ। ਪਰ ਇੰਤਜਾਰ, ਇੰਤਜਾਰ ਹੀ ਰਿਹਾ। ਸੁੱਖ ਸਾਂਦੀ ਨਾਲ ਇਹ ਤਾਰੀਖ ਲੰਘ ਗਈ। ਫਿਰ ਤਾਰੀਖ ਅਕਤੂਬਰ 22, 1844 ਨੂੰ ਮਿਥੀ ਗਈ ਪਰ ਉਦੋਂ ਵੀ ਕੁੱਝ ਨਾ ਹੋਇਆ। 31 ਦਸੰਬਰ 1999 ਦਾ ਬੜਾ ਰੋਲਾ ਰਿਹਾ, ਕਿ ਘੜੀਆਂ ਰੁਕ ਜਾਣਗੀਆਂ, ਕੰਮਪੀਉਟਰ ਫੇਲ ਹੋ ਜਾਣਗੇ। ਬੈਕਾਂ ਦਾ ਕੰਮ ਬੰਦ ਹੋ ਜਾਏਗਾ। ਜਿਸ ਜੋਸ਼ ਨਾਲ ਰੋਲਾ ਸੀ ਉਵੇਂ ਕੁੱਝ ਨਾ ਵਾਪਰਿਆ। ਕੰਮਪੀਊਟਰ ਦੀ ਥੋੜੀ ਜਿਹੀ ਪਰੋਗਰਾਮਿੰਗ ਨਾਲ ਮਸਲਾ ਹਲ ਕਰ ਲਿਆ ਗਿਆਂ। ਹੋਣ ਫਿਰ ਵਿਚਾਰ ਚਰਚਾ ਜੋਰਾਂ ਤੇ ਹੈ। ਮੀਡੀਆ ਵਾਲੇ ਬਾਰ ਬਾਰ ਵਿਖਾ ਰਹੇ ਹਨ ਕਿ ਸੰਸਾਰ 21 ਦਸੰਬਰ ਨੂੰ ਖਤਮ ਹੋ ਰਿਹਾ ਹੈ। ਪਰਲੋ ਆਉਣ ਵਾਲੀ ਹੈ। ਸਭ ਕੁੱਝ ਤਬਾਹ ਹੋ ਜਾਏਗਾ। ਧਰਤੀ ਕੰਬੇਗੀ ਅਤੇ ਉਸ ਦੇ ਕੰਬਣ ਨਾਲ ਸਮੂੰਦਰਾਂ ਦਾ ਪਾਣੀ ਸਭ ਕਾਸੇ ਨੂੰ ਆਪਣੀ ਬੁਕਲ ਵਿੱਚ ਲੈ ਲਵੇਗਾ। ਜਿਸ ਪਾਣੀ ਵਿਚੋਂ ਜੀਵਨ ਸ਼ੁਰੂ ਹੋਇਆ ਸੀ ਉਸੇ ਪਾਣੀ ਵਿੱਚ ਉਹ ਸਮਾ ਜਾਏਗਾ।

ਸੰਸਾਰ ਦੀਆਂ ਦੋ ਵਡੀਆਂ ਜੰਗਾਂ ਵਿੱਚ ਕਰੋੜਾਂ ਜਾਨਾਂ ਜਾ ਚੁਕੀਆਂ ਹਨ। ਅਜ ਵੀ ਮਨੁੱਖ ਨਿਊਕਲੀਅਰ ਹਥਿਆਰਾਂ ਦੇ ਸਾਏ ਵਿੱਚ ਸਾਹ ਲੈ ਰਿਹਾ ਹੈ। ਸੁਨਾਮੀ ਦੀ ਮਾਰ ਨੇ ਲੱਖਾਂ ਜਾਨਾਂ ਨੂੰ ਸਮੂੰਦਰ ਦੀ ਗੋਦ ਵਿੱਚ ਸੁਆ ਦਿਤਾ ਹੈ। ਭੁਚਾਲ ਦੇ ਝਟਕੇ ਮਨੁੱਖਾਂ ਨੂੰ ਜਿੰਦੇ ਜੀ ਕਬਰਾਂ ਵਿੱਚ ਸੁਆ ਰਿਹੇ ਹਨ। ਯੂ. ਐਫ ਓ ਦੇ ਕਿਸੇ- ਕਹਾਣੀਆਂ ਵਿੱਚ ਇਜ਼ਾਫਾ ਹੋ ਰਿਹਾ ਹੈ ਹੁਣ ਇਨ੍ਹਾਂ ਦੀਆਂ ਖਬਰਾਂ ਚੰਨ ਤੇ ਵੀ ਹੋਣ ਦੀਆਂ ਮਿਲ ਰਹੀਆਂ ਹਨ। 21 ਦਸੰਬਰ 2012 ਦਾ ਦਿਨ ਸ਼ੁਕਰਵਾਰ ਦਾ ਹੈ। ਕਿਸੇ ਨੂੰ ਵੀ ਨਹੀਂ ਪਤਾ ਕਿ ਅਸਲ ਵਿੱਚ ਇਸ ਦਿਨ ਕੀ ਹੋਣ ਜਾ ਰਿਹਾ ਹੈ। ਜਿਥੇ ਇੱਕ ਪਾਸੇ ਵਿਗਿਆਨਿਕ ਤੱਥ ਮਨੁੱਖੀ ਜੀਵਨ ਲਈ ਖੁਸ਼ਗਵਾਰ ਨਹੀਂ ਹਨ। ਉਥੇ ਦੂਜੇ ਪਾਸੇ ਮਾਇਨ ਕਲੰਡਰ ਦੀ ਅਖਰੀਲੀ ਤਾਰੀਖ ਵੀ 21 ਦਸੰਬਰ 201 2 ਹੈ।

ਇਹ ਮੰਨਿਆ ਜਾਂਦਾ ਹੈ ਕਿ ਅਜ ਤੋਂ ਤਕਰੀਬਨ 15000 ਸਾਲ ਪਹਿਲਾਂ ਮਨੁੱਖ ਮੱਧ ਅਮਰੀਕਾ ਵਿੱਚ ਪਹੁੰਚਿਆ। 10000 ਬੀ. ਸੀ. ਵਿੱਚ ਪਹਿਲੀ ਸਭਿਅਤਾ ਹੋਂਦ ਵਿੱਚ ਆਈ। 9000 ਬੀ. ਸੀ. ਸਮੇਂ ਦੇ ਮਿਲੇ ਪੱਥਰਾਂ ਦੇ ਔਜਾਰ ਦਸਦੇ ਹਨ ਕਿ ਉਦੋਂ ਮਨੁੱਖ ਨੂੰ ਸਮਾਜ ਵਿੱਚ ਰਹਿਣ ਦੀ ਜਾਚ ਆ ਚੁਕੀ ਸੀ। ਉਸ ਸਮੇਂ ਮੱਧ ਅਮਰੀਕਾ ਅਤੇ ਇਸ ਦਾ ਅੱਗੇ ਪਿਛੇ ਦਾ ਇਲਾਕਾ ਜਿਥੇ ਅਜ ਯੈਕਟੈਨ, ਗੈਟਮੈਲਾ, ਬਲਾਇਜ਼, ਦੱਖਣੀ ਮੈਕਸੀਕੋ ਵਰਗੇ ਸ਼ਹਿਰ ਹਨ ਬਰਫ ਦੀ ਚਿਟੀ ਚਾਦਰ ਤੋਂ ਬਾਹਰ ਆ ਰਹੇ ਸਨ। ਇਸ ਲਈ ਉਦੋਂ ਉਥੇ ਜੰਗਲ ਵੀ ਨਹੀਂ ਸਨ। ਇਸੇ ਜਗ੍ਹਾ ਤੇ ਮਾਇਨ (ਜਾਂ ਮਾਇਆ) ਸਭਿਅਤਾ ਦਾ ਜਨਮ ਹੋਇਆ। ਮਾਇਨ ਸਭਿਅਤਾ ਨੂੰ ਮੀਸੋਮੈਰੀਕਾ ਸਭਿਅਤਾ ਨਾਲ ਵੀ ਜਾਣਿਆ ਜਾਂਦਾ ਹੈ। ਮਾਇਨ ਸਭਿਅਤਾ ਦਾ ਸ਼ੁਰੂਆਤੀ ਸਮਾਂ 1500 ਬੀ. ਸੀ. ਤੋਂ ਲੈ ਕੇ 300 ਏ. ਡੀ. ਤਕ ਦਾ ਹੈ। ਇਸੇ ਸਮੇਂ ਦੌਰਾਨ ਇਸ ਸਭਿਅਤਾ ਨੇ ਆਪਣੇ ਆਪ ਨੂੰ ਸਮਾਜਿਕ ਆਰਥਿਕ ਅਤੇ ਗਿਆਨ ਪੱਧਰ ਤੇ ਉਨ੍ਹਾਂ ਬੁਲੰਦੀਆਂ ਅਤੇ ਉਚਾਈਆਂ ਤੇ ਪਹੁੰਚਾਇਆ ਜਿਸ ਨੂੰ ਪੜ੍ਹ ਸੁਣ ਕੇ ਅਜ ਦੀ ਦੁਨੀਆ ਵੀ ਹੈਰਾਨ ਰਹਿ ਜਾਂਦੀ ਹੈ।

ਇਸ ਸਮੇਂ ਨੂੰ ਪ੍ਰੀ-ਕਲਾਸੀਕ ਸਮੇਂ ਵਜੋਂ ਜਾਣਿਆ ਜਾਂਦਾ ਹੈ। ਪ੍ਰੀ-ਕਲਾਸੀਕ ਸਮੇਂ ਤੋਂ ਬਾਅਦ ਦਾ ਸਮਾਂ 300 ਏਂ. ਡੀ ਤੋਂ ਲੈ ਕੇ 900 ਏ. ਡੀ ਤਕ ਜਿਸ ਨੂੰ ਕਲਾਸੀਕ ਸਮਾ ਕਹਿਆ ਗਿਆ ਹੈ 600 ਸਾਲਾਂ ਦਾ ਬਣਦਾ ਹੈ। ਇਸ ਸਮੇਂ ਦੌਰਾਨ ਹੀ ਮਾਇਨ ਲਾਂਗ-ਕਲੰਡਰ ਹੋਂਦ ਵਿੱਚ ਆਇਆ ਉਦੋਂ ਇਮਾਰਤੀ ਵਿਗਿਆਨ ਆਪਣੀ ਚਰਮ ਸੀਮਾ ਤੇ ਸੀ। ਉਨ੍ਹਾਂ ਦਾ ਇਤਿਹਾਸ ਅਜ ਵੀ ਪਥਰਾਂ ਤੇ ਉਕਰਿਆ ਮਿਲਦਾ ਹੈ। ਜਦੋਂ ਇਹ ਸਭਿਅਤਾ ਆਪਣੀ ਚਰਮ ਸੀਮਾ ਤੇ ਸੀ ਤਾਂ ਕਿਸੇ ਜਾਦੁਈ ਤਰੀਕੇ ਨਾਲ ਇਸ ਦਾ ਅੰਤ ਹੋ ਗਿਆ। 830 ਏ. ਡੀ ਵਿੱਚ ਇਸ ਦਾ ਨਾਮੋ ਨਿਸ਼ਾਨ ਮਿਟ ਚੁਕਾ ਸੀ। ਇਸ ਸਭਿਅਤਾ ਨੂੰ ਪੀਰਾਮੀਡ ਬਣਾਉਣ ਦਾ ਉਹੋ ਜਿਹਾ ਹੀ ਇਲਮ ਸੀ ਜਿਹੋ ਜਿਹੋ ਇਲਮ ਮਿਸਰ ਵਾਸੀਆ ਨੂੰ ਸੀ।

ਉਨ੍ਹਾਂ ਨੇ ਦੁਨੀਆ ਦਾ ਸਮਾਂ 25, 626. 83 ਸਾਲ ਮਿਥਿਆ ਅਤੇ ਇਸ ਸਮੇਂ ਦੇ ਪੰਜ ਚੱਕਰ ਜਾਂ ਪੰਜ ਸੂਰਜ ਬਣਾਏ ਅਤੇ ਹਰ ਚੱਕਰ ਨੂੰ 5125. 36 ਸਾਲਾਂ ਦਾ ਜਾਂ 1, 872, 000 ਦਿਨਾਂ ਦਾ ਸਮਾਂ ਦਿਤਾ। ਚਲ ਰਹੇ ਚੱਕਰ ਦੇ ਸਮੇਂ ਨੂੰ ਉਨ੍ਹਾਂ ਨੇ ਅਗੋਂ ਚਾਰ ਹਿਸਿਆਂ ਵਿੱਚ ਵੰਡ ਦਿਤਾ

5125ਸਾਲ

3113ਬੀ. ਸੀ -2012 ਏ. ਡੀ.

ਮਾਇਨ ਦਾ ਪੰਜਵਾਂ ਚੱਕਰ

512. 5 ਸਾਲ

1500-2012 ਏ. ਡੀ.

ਅਮਰੀਕਾ

51. 25 ਸਾਲ

1961-2012 ਏ. ਡੀ.

ਫੋਟਾਨ ਬੈਲਟ

5. 125 ਸਾਲ

2007-2012 ਏ. ਡੀ.

ਪੋਲ ਸ਼ਿਫਟ

ਹਰ ਇੱਕ ਹਿਸਾ ਪਹਿਲੇ ਹਿਸੇ ਤੋਂ 10 ਗੁਣਾ ਛੋਟਾ ਹੈ ਪਰ ਉਹ ਆਪਣੀ ਕ੍ਰਿਆ ਵਿੱਚ ਪਹਿਲੇ ਹਿਸੇ ਤੋਂ 10 ਗੁਣਾ ਵੱਧ ਤੀਬਰ ਹੈ। ਹਰ ਹਿਸੇ ਦਾ ਅੰਤ 2012 ਤੇ ਹੈ। ਮਾਇਨ ਨੇ ਆਪਣੀਆਂ ਗਿਣਤੀਆਂ ਮਿਣਤੀਆਂ ਲਈ ਪੰਜ, ਦਸ, 13 ਅਤੇ 20 ਨੂੰ ਪ੍ਰਮੁੱਖ ਬਣਾਇਆ, ਅਤੇ ਪੁਲਾੜ ਵਿਗਿਆਨ ਲਈ ਸੂਰਜ ਅਤੇ ਸ਼ੁੱਕਰ ਦੀ ਚਾਲ ਤੇ ਆਪਣੀ ਨਿਗਾਹ ਰੱਖੀ।

ਮਾਇਨ ਸਭਿਅਤਾ ਸਭ ਤੋਂ ਵੱਡਾ ਭੇਦ ਇਹ ਹੈ ਕਿ ਬੇਹੱਦ ਪੁਰਾਣੀ ਸਭਿਅਤਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੇ ਹਿਸਾਬ ਕਿਤਾਬ ਦਾ ਤਰੀਕਾ ਅਜ ਦੇ ਹਿਸਾਬ ਕਿਤਾਬ ਜਿਨਾ ਹੀ ਠੀਕ ਅਤੇ ਗੁੰਝਲਦਾਰ ਸੀ। ਇਸ ਸਭਿਅਤਾ ਨੇ ਜਿੰਦਗੀ ਦਾ ਧੁਰਾ ਸਮੇਂ ਨੂੰ ਮਨਿਆ। ਸਮਾਜ ਦਾ ਕੰਟਰੋਲ ਧਾਰਮਿਕ ਆਗੂਆਂ ਕੋਲ ਸੀ ਉਹ ਕਲ਼ੰਡਰ ਦੇ ਹਿਸਾਬ ਨਾਲ ਸਾਰੇ ਫੈਸਲੇ ਕਰਦੇ ਸਨ। ਬਚੇ ਦਾ ਨਾਮ ਵੀ ਉਸ ਦੇ ਜਨਮ ਲੈਣ ਵਾਲੇ ਦਿਨ ਅਤੇ ਤਾਰੀਖ ਦੇ ਹਿਸਾਬ ਨਾਲ ਰਖਿਆ ਜਾਂਦਾ ਸੀ। ਉਨ੍ਹਾਂ ਦੇ ਹਿਸਾਬ ਕਿਤਾਬ ਦਾ ਤਰੀਕਾ ਤਿੰਨ ਸ਼ਕਲਾਂ ਉਤੇ ਅਧਾਰਿਤ ਸੀ। ਬੀਜ ਵਰਗੀ ਸ਼ਕਲ ਨੂੰ ਉਹ ਜੀਰੋ ਕਹਿੰਦੇ ਸਨ। ਬਿੰਦੂ ਨੂੰ ਇੱਕ ਅਤੇ ਸਿਧੀ ਛੋਟੀ ਲਾਈਨ ਨੂੰ ਪੰਜ। ਇਨ੍ਹਾਂ ਤਿੰਨਾਂ ਦੇ ਅਧਾਰਿਤ ਉਨ੍ਹਾਂ ਦਾ ਸਾਰੀਆਂ ਗਿਣਤੀਆਂ ਮਿਣਤੀਆਂ ਸਨ। ਜਿਵੇਂ ਕਿ ਜੇ ਨੰਬਰ 13 ਲਿਖਣਾ ਹੈ ਤਾਂ ਉਹ ਦੋ ਲਾਈਨਾਂ ਅਤੇ ਤਿੰਨ ਬਿੰਦੂ ਪਾ ਦਿੰਦੇ ਸਨ। ਸਭ ਤੋਂ ਵੱਧ ਹੈਰਾਨੀ ਦੀ ਗਲ ਇਹ ਹੈ ਕਿ ਉਨ੍ਹਾਂ ਨੂੰ ਜੀਰੋ ਦੀ ਵਰਤੋਂ ਦਾ ਪਤਾ ਸੀ। ਅਤੇ ਉਹ ਇਸ ਨੂੰ ਬੜੀ ਬਾ-ਖੂਬੀ ਇਸਤੇਮਾਲ ਕਰਦੇ ਸਨ।

In the Mayan system, the number in the second place has a value 20 times the value of the numeral. The number in the third place has a value of (20)2, or 400, times the value of the numeral. This principle is illustrated in the chart below.

ਇਨ੍ਹਾਂ ਕੋਲ ਕਈ ਕਲੰਡਰ ਸਨ। ਮਾਇਨ ਕੈਲੰਡਰ ਦਾ ਐਜਟੀਕ ਕਲੰਡਰ ਬੇਹਦ ਚਰਚਿਤ ਹਇਆ। ਇਹ ਕਲੰਡਰ ਇੱਕ ਤਰ੍ਹਾਂ ਦੇ ਪੱਥਰ (ਸਨ-ਸਟੋਨ) ਤੇ ਉਕਰਿਆ ਹੋਇਆ ਹੈ ਅਤੇ ਅਜ ਵੀ ਮੈਕਸੀਕੋ ਸ਼ਹਿਰ ਦੇ ਕੈਪੋਲਟੀਪੀਕ ਪਾਰਕ ਦੇ ਨੈਸ਼ਨਲ ਮਇਊਜੀਅਮ ਆਫ ਐਨਥਰੋਪੋਲੋਜ਼ੀ ਐਂਡ ਹਿਸਟਰੀ ਵਿਖੇ ਮਹਿਫੂਜ਼ ਹੈ। ਅਜ ਦਾ ਮਾਡਰਨ ਗਰੈਗੋਰੀਅਨ ਕਲੰਡਰ ਦਿਨ ਮਹੀਨੇ ਅਤੇ ਸਾਲ ਨਾਲ ਚਲਦਾ ਹੈ ਅਤੇ ਇਹ ਇੱਕ ਸੌਖਾ ਅਤੇ ਸਮਝ ਆ ਸਕਣ ਵਾਲਾ ਹਿਸਾਬ ਕਿਤਾਬ ਹੈ ਪਰ ਮਾਇਨ ਕਲੰਡਰ ਜਿਆਦਾ ਗੂੰਝਲਦਾਰ ਹੈ ਇਸ ਦੇ ਅਸਲ ਵਿੱਚ ਤਿੰਨ ਹਿਸੇ ਹਨ ਕਲੰਡਰ ਦੇ ਪਹਿਲੇ ਹਿਸੇ ਦਾ ਨਾਮ ਅਧਾਆਤਮਿਕ ਜਾਂ ਜੋਕਿਨ ਕਲੰਡਰ ਹੈ।

ਇਸ ਦਾ ਇੱਕ ਅਧਾਆਤਮਿਕ ਚੱਕਰ 260 ਦਿਨਾਂ ਦਾ ਹੈ। 260 ਦਿਨਾਂ ਦੇ ਇਸ ਇੱਕ ਚਕਰ ਵਿੱਚ 20 ਹਫਤੇ ਹਨ ਅਤੇ ਹਰ ਹਫਤਾ 13 ਦਿਨਾਂ ਦਾ ਹੈ। ਹਰ ਹਫਤੇ ਦਾ ਇੱਕ ਖਾਸ ਨਾਮ ਅਤੇ ਚਿਨ੍ਹ ਹੈ ਅਤੇ ਉਸ ਚਿਨ ਦਾ ਇੱਕ ਖਾਸ ਮਤਲਭ ਹੈ। ਮਾਇਨ ਹਿਸਾਬ ਮੁਤਾਬਿਕ ਤਾਰਿਕਾ ਮੰਡਲੀ ਅਸਮਾਨ ਵਿੱਚ ਇੱਕ ਚਕਰ 225 ਲਖ ਸਾਲਾਂ (ਧਰਤੀ ਦੇ ਸਾਲ) ਵਿੱਚ ਪੂਰਾ ਕਰਦੀ ਹੈ। ਮਾਇਨ ਦੇ ਜੋਕਿਨ ਕਲੰਡਰ ਦਾ ਇੱਕ ਸਾਲ 260 ਦਿਨਾ ਦਾ ਹੈ ਕਿਉਂਕਿ ਮਾਂ ਬੱਚੇ ਨੂੰ ਆਪਣੇ ਪੇਟ ਵਿੱਚ 260 ਦਿਨ ਰੱਖਦੀ ਹੈ (ਨੋਂ ਮਹੀਨੇ 30*9 = 270) 260 ਨੂੰ 10000 ਨਾਲ ਜਰਬ ਕੀਤਿਆਂ 26 ਲੱਖ ਸਾਲ ਬਣਦੇ ਹਨ ਅਤੇ ਇਹ ਇੱਕ ਗਲੈਕਟੀਕ ਸਾਇਕਲ ਬਣਦਾ ਹੈ।

Mayans did not count in base ten like we did, but usually instead in base 20 (although not always). The Mayan long count can be summarized as:

#days Mayan count
1 1 kin
20 20 kin 1 uinal
360 360 kin 18 uinal 1 tun
7200 7200 kin 360 uinal 20 tun 1 kactun
144000 144000 kin 8000 uinal 400 tun 20 kactun 1 bactun

2012 also marks the end of:

· a 26 million year Earth cycle

· a 78,000 year Earth cycle

· the close of the 26,000 year Mayan Calendar

ਕਲੰਡਰ ਦਾ ਦੂਜਾ ਹਿਸੇ ਨੂੰ ਸੂਰਜ ਕਲੰਡਰ ਦੇ ਨਾਮ ਦਿਤਾ ਗਿਆ। ਇਸ ਕਲੰਡਰ ਦੇ 365 ਦਿਨ ਹਨ। ਇੱਕ ਸਾਲ ਨੂੰ 18 ਮਹੀਨਿਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਮਹੀਨੇ ਵਿੱਚ 20 ਦਿਨ ਹਨ। ਇਸ ਤਰ੍ਹਾਂ 360 ਦਿਨ ਬਣਦੇ ਹਨ। ਬਾਕੀ ਦੇ ਪੰਜ ਦਿਨਾਂ ਨੂੰ ਮਾਇਨ ਸਭਿਅਤਾ ਵਲੋਂ ਬਦਕਿਸਮਤ ਵਾਲੇ ਦਿਨਾਂ ਨਾਲ ਜਾਣਿਆ ਗਿਆ। ਸੂਰਜ ਕਲੰਡਰ ਦੇ ਮਹੀਨਿਆਂ ਨੂੰ ਵੀ ਇੱਕ ਖਾਸ ਚਿਨ ਅਤੇ ਨਾਮ ਦਿਤਾ ਗਿਆ। ਇਨ੍ਹਾਂ ਦੋ ਕਲੰਡਰਾਂ ਨੂੰ ਦੋ ਵੱਡੇ ਦੰਦਾਂ ਵਾਲੇ ਪਹੀਈਆਂ ਤੇ ਉਕਰਿਆ ਗਿਆ। ਇਨ੍ਹਾਂ ਦੇ ਦੰਦੇ ਇੱਕ ਦੂਜੇ ਵਿੱਚ ਫਸੇ ਹੋਣ ਕਾਰਣ ਇਹ ਗੋਲਾਕਾਰ ਵਿੱਚ ਘੁੰਮਦੇ ਸਨ। ਇਨ੍ਹਾਂ ਨਾਲ ਅਧਿਆਤਮਿਕ ਤੇ ਸੂਰਜ ਕਲੰਡਰ ਨਾਲ ਤਾਲਮੇਲ ਸਥਾਪਿਤ ਕੀਤਾ ਜਾਂਦਾ ਸੀ। ਇਸ ਤਾਲਮੇਲ ਨਾਲ ਲਾਂਗ ਕਾਂਊਟ ਨਾਮ ਦਾ ਇੱਕ ਹੋਰ ਕਲੰਡਰ ਬਣਦਾ ਸੀ।

ਸਾਡੇ ਕਲੰਡਰ ਵਿੱਚ ਦਿਨ ਮਹੀਨਾ ਤੇ ਸਾਲ ਹੁੰਦਾ ਹੈ (ਤਿੰਨ ਦੀ ਗਣਨਾ) ਪਰ ਮਾਇਨ ਵਾਸੀਆਂ ਨੇ ਮਾਇਨ ਲਾਂਗ ਕਲੰਡਰ ਵਿੱਚ ਪੰਜ ਹਿੰਦਸਿਆਂ ਦੀ ਗਣਨਾ ਰਖੀ। ਇਹ ਸਜੇ ਪਾਸੇ ਤੋਂ ਸ਼ੁਰੂ ਹੋ ਕੇ ਖੱਬੇ ਪਾਸੇ ਵਲ ਨੂੰ ਜਾਂਦੀ ਹੈ ਜਿਵੇਂ (ਹ, ਸ, ੲ, ਅ, ੳ) ੳ ਵਿੱਚ ਜੀਰੋ ਤੋਂ ਲੈ ਕੇ 20 ਤਕ ਨੰਬਰ ਸਟੋਰ ਕੀਤੇ ਜਾ ਸਕਦੇ ਸਨ। ਅ ਵਿੱਚ ਜੀਰੋ ਤੋਂ 17, ੲ ਅਤੇ ਸ ਵਿੱਚ ਜੀਰੋ ਤੋਂ 19 ਅਤੇ ਹ ਵਿੱਚ ਜੀਰੋ ਤੋਂ 12. ਇਨ੍ਹਾਂ ਪੰਜ ਹਿੰਦਸਿਆਂ ਨੂੰ ਬਿੰਦੂ ਨਾਲ ਇੱਕ ਦੂਜੇ ਤੋਂ ਅੱਢ ਕੀਤਾ ਜਾਂਦਾ ਸੀ। ਲਾਂਗ ਕਾਉਂਟ ਨੂੰ ਪੂਰਾ ਕਰਨ ਲਈ ੳ ਵਾਲੇ ਨੰਬਰ ਨੂੰ 1 ਨਾਲ ਗੁਣਾ ਕੀਤਾ ਜਾਂਦਾ ਸੀ, ਅ ਨੂੰ 20 ਨਾਲ, ੲ ਨੂੰ 360 ਨਾਲ, ਸ ਨੂੰ 7200 ਨਾਲ ਅਤੇ ਹ ਨੂੰ 144000 ਨਾਲ। ਜਿਵੇਂ ਕੇ ਮਾਇਨ ਕਲੰਡਰ ਦੀ ਕੋਈ ਤਾਰੀਖ 4. 12. 5. 9. 0 ਹੈ ਇਸ ਦਾ ਲਾਂਗ ਕਾਂਊਟ ਨੰਬਰ ਬਣੇਗਾ (4 x 144000) + (12 x 7200) + (5 x 360) + (9 x 20) + (0 x 1) ਮਤਲਭ ਕਿ 145980. ਇਸ ਹਿਸਾਬ ਨਾਲ ਕਲੰਡਰ ਦੀ ਅਖੀਰਲੀ ਤਾਰੀਖ ਬਣਦੀ ਹੈ 12. 19. 19. 17. 20 ਕੁੱਝ ਖੋਜ ਕਰਤਾ ਇਸ ਨੂੰ 13. 0. 0. 0. 0 ਨਾਲ ਵੀ ਲ਼ਿਖਦੇ ਹਨ। ਲਾਂਗ ਕਾਂਊਟ ਦੇ ਹਿਸਾਬ ਨਾਲ ਕਲੰਡਰ ਦੇ ਸ਼ੁਰੂ ਤੋਂ ਲੈ ਕੇ ਅੰਤਿਮ ਤਾਰੀਖ ਤਕ 1, 872, 000 ਦਿਨ ਬਣਦੇ ਹਨ ਜਾਂ ਇਹ 5125. 36 ਸਾਲ ਹੁੰਦੇ ਹਨ। ਇਹ ਕਲੰਡਰ ਅਜ ਤੋਂ ਤਕਰੀਬਨ 5125 ਸਾਲ ਪਹਿਲਾਂ ਸ਼ੁਰੂ ਹੋਇਆ। ਇਸ ਕਲੰਡਰ ਦੀ ਪਹਿਲੀ ਤਾਰੀਖ ਸੀ 11 ਅਗਸਤ 3114 ਬੀ. ਸੀ. । ਇਸ ਦੀ ਅਖੀਰਲੀ ਤਾਰੀਖ ਹੋਏਗੀ 21 ਦਸੰਬਰ 2012 ਅਜ ਤੋਂ ਤਕਰੀਬਨ 4 ਸਾਲ ਬਾਅਦ। ਮਾਇਨ ਆਪਣੇ ਕਲੰਡਰ ਨੂੰ ਸੂਰਜ-ਪੱਥਰ ਨਾਲ ਵੀ ਜਾਣਦੇ ਸੀ। ਅਜੀਬ ਸਵਾਲ ਇਹ ਹੈ ਕੇ ਮਾਇਨ ਸਭਿਅਤਾ ਨੇ ਇਸ ਕਲੰਡਰ ਦੀ ਸਮਾਪਤੀ 21 ਦਸੰਬਰ 2012 ਨੂੰ ਕਿਉਂ ਕੀਤੀ। ਕੀ ਉਹ ਮੰਨਦੇ ਸਨ ਕਿ ਧਰਤੀ ਤੇ ਜੀਵਨ 21 ਦਸੰਬਰ 2010 ਤਕ ਰਹੇਗਾ ਜਾਂ ਇਹ ਇੱਕ ਸੰਜੋਗ ਹੈ। ਮਾਇਨ ਦੀ ਸਭਿਅਤਾ ਲਈ ਸੂਰਜ ਦਾ ਰੋਲ ਇੱਕ ਅਹਿਮ ਰਿਹਾ ਹੈ। ਉਨ੍ਹਾਂ ਵਲੋਂ ਇਹ ਆਸ ਕੀਤੀ ਗਈ ਹੈ ਕਿ ਸ਼ਾਇਦ ਸੂਰਜ 21 ਦਸੰਬਰ ਨੂੰ 2012 ਨੂੰ ਰੋਜਾਨਾ ਨਾਲੋਂ ਹੱਟ ਕੇ ਕੁੱਝ ਅਹਿਮ ਭੂਮਿਕਾ ਵਿੱਚ ਹੋਏਗਾ।

ਗਲਲੀਓ ਪਹਿਲਾ ਯੋਰਪੀਨ ਭੌਤਿਕ ਵਿਗਿਆਨੀ ਸੀ ਜਿਸ ਨੇ 17 ਵੀਂ ਸਦੀ ਵਿੱਚ ਆਪਣੇ ਟੈਲੀਸਕੋਪ ਨਾਲ ਸੂਰਜ ਦੀ ਅਹਿਮ ਜਾਣਕਾਰੀ ਇਕੱਤਰ ਕੀਤੀ। ਉਸ ਨੇ ਦਸਿਆ ਕੇ ਸੂਰਜ ਤੇ ਗੁੜੇ ਕਾਲੇ ਰੰਗ ਦੇ ਕੁੱਝ ਧੱਬੇ ਹਨ। ਇਨ੍ਹਾਂ ਦੀ ਸ਼ਕਲ ਬੇਤਰਤੀਬ ਹੈ। ਦਾਇਰੇ ਵਿੱਚ ਇਹ 16 ਕਿਲੋਮੀਟਰ ਤੋਂ ਲੈ ਕੇ 160, 000 ਕਿਲੋਮੀਟਰ ਤਕ ਜਾ ਸਕਦੇ ਹਨ। ਇਨ੍ਹਾਂ ਦਾ ਰੰਗ ਗੁੜਾ ਕਾਲਾ ਇਸ ਲਈ ਹੈ ਕਿਉਂ ਕਿ ਇਨ੍ਹਾਂ ਦਾ ਤਾਪਮਾਨ ਸੂਰਜ ਦੇ ਬਾਕੀ ਹਿਸੇ ਨਾਲੋਂ ਤਕਰੀਬਨ 1000 ਤੋਂ 2000 ਡਿਗਰੀ ਸੈਂਟੀਗਰੇਟ ਘਟ ਹੈ। ਸੂਰਜ ਦੇ ਅੰਦਰਲੇ ਹਿਸੇ ਦਾ ਤਾਪਮਾਨ 16 ਲਖ ਡਿਗਰੀ ਸੈਂਟੀਗਰੇਟ ਅਤੇ ਉਪਰਲੀ ਸਤ੍ਹਾ ਦਾ ਤਾਪਮਾਨ ਤਕਰੀਬਨ 6000 ਡਿਗਰੀ ਸੈਂਟੀਗਰੇਟ ਹੈ ਜਦੋਂ ਕੇ ਜਿਥੇ ਸਨ- ਸਪਾਟ (ਗੁੜੇ ਕਾਲੇ ਰੰਗ ਦੇ ਧੱਬੇ) ਹਨ ਉਥੇ ਤਾਪਮਾਨ ਤਕਰੀਬਨ 4000 ਡਿਗਰੀ ਸੈਂਟੀਗਰੇਟ ਹੈ। ਸਨ-ਸਪਾਟ ਦੀ ਕਾਰਜਸ਼ੀਲਤਾ ਹਰ 11 ਸਾਲਾਂ ਬਾਅਦ ਆਪਣੀ ਚਰਮ ਸੀਮਾ ਤੇ ਹੁੰਦੀ ਹੈ। ਇਸ ਦਾ ਸਿਧਾ ਪ੍ਰਭਾਵ ਸਾਡੇ ਸੰਚਾਰ ਸਿਸਟਮ ਤੇ ਅਤੇ ਸੈਟਲਾਈਟ ਤੇ ਪੈਂਦਾ ਹੈ। ਸਨ-ਸਪਾਟ ਗਿਣਤੀ ਵਿੱਚ ਘਟਦੇ ਵਧਦੇ ਰਹਿੰਦੇ ਹਨ ਪਰ ਇਨ੍ਹਾਂ ਦੇ ਘਟਣ ਵਧਣ ਦਾ ਇੱਕ ਖਾਸ ਹਿਸਾਬ ਕਿਤਾਬ ਹੈ। ਹਰ 11 ਵੇਂ ਸਾਲ ਇਹ ਗਿਣਤੀ ਵਿੱਚ ਵਧ ਹੁੰਦੇ ਹਨ। ਇਨ੍ਹਾਂ 11 ਸਾਲਾਂ ਵਿਚਕਾਰ ਇਨ੍ਹਾਂ ਦੀ ਗਿਣਤੀ ਇੱਕ ਵਾਰ ਜਰੂਰ ਘਟਦੀ ਹੈ। 2007 ਵਿੱਚ ਸਨ-ਸਪਾਟ ਸਭ ਤੋਂ ਘਟ ਸਨ। ਸਨ-ਸਪਾਟ ਵਿਚੋਂ ਸੋਲਰ-ਫਲੇਅਰ ਦਾ ਜਨਮ ਹੁੰਦਾ ਹੈ। ਸੋਲਰ-ਫਲੇਅਰ ਵਿਚੋਂ ਉਬਲਦਾ ਹੋਇਆ ਪਲਾਸਮਾ (10 ਲਖ ਡਿਗਰੀ ਸੈਂਟੀਗਰੇਟ ਤਾਪਮਾਨ) ਜਿਸ ਵਿੱਚ ਇਲੈਕਟ੍ਰਾਨ, ਪ੍ਰੋਟਾਨ ਅਤੇ ਹੋਰ ਭਾਰੇ ਕਣ ਬਹੁਤ ਤੇਜ ਗਤੀ ਨਾਲ ਸਾਰੇ ਬ੍ਰਹਿਮੰਡ ਵਿੱਚ ਖਿੰਡ ਜਾਂਦੇ ਹਨ। ਇਨ੍ਹਾਂ ਨਾਲ ਹਰ ਤਰ੍ਹਾਂ ਦੀਆਂ ਕਿਰਣਾਂ ਵੀ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਗਾਮਾ ਤਰੰਗਾਂ ਆਦਿ। ਐਕਸ ਅਤੇ ਯੂ. ਵੀ ਕਿਰਣਾਂ ਧਰਤੀ ਦੇ ਆਈਨੋਸਫੀਅਰ, ਸੰਚਾਰ ਸਿਸਟਮ, ਸੈਟਲਾਈਟ ਅਤੇ ਰਡਾਰ ਸਿਸਟਮ ਨੂੰ ਪ੍ਰਭਾਵਿਤ ਕਰਦੀਆਂ ਹਨ। ਸੋਲਰ-ਫਲੇਅਰ ਵਿਚੋਂ ਪ੍ਰੋਟਾਨਾਂ ਦਾ ਮੀਂਹ ਵਰਸਦਾ ਹੈ। ਇਹ ਪ੍ਰੋਟਾਨ ਜਦੋਂ ਜੀਵ ਜੰਤੂਆਂ ਵਿਚੋਂ ਲੰਘਦੇ ਹਨ ਤਾਂ ਉਨ੍ਹਾਂ ਵਿੱਚ ਬਾਏਓਕੈਮੀਕਲ ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਹਨ।

ਸੂਰਜ ਤੋਂ ਆਉਣ ਵਾਲੀ ਸੋਲਰ-ਹਨੇਰੀ ਬਿਜਲਈ ਕਣਾਂ ਨਾਲ ਭਰੀ ਹੁੰਦੀ ਹੈ ਇਨ੍ਹਾਂ ਦੀ ਰਫਤਾਰ ਤਕਰੀਬਨ 1000000 ਮੀਲ ਪ੍ਰਤੀ ਘੰਟਾ ਦੀ ਹੈ। ਧਰਤੀ ਦੀ ਚੁੰਬਕੀ ਚਾਦਰ ਇਸ ਹਨੇਰੀ ਨੂੰ ਧਰਤੀ ਤਕ ਨਹੀਂ ਪਹੁੰਚਣ ਦਿੰਦੀ। ਹਾਂ ਜਿਥੇ ਧਰਤੀ ਦੇ ਧੁਰੇ ਹਨ ਉਥੋਂ ਹਨੇਰੀ ਦੇ ਕੁੱਝ ਕਣ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦੇ ਹਨ ਅਤੇ ਬੜੀਆਂ ਚਮਕਦਾਰ ਰੋਸ਼ਨੀਆਂ ਪੈਦਾ ਹੁੰਦੀਆਂ ਹਨ। ਸਨ-ਸਪਾਟ ਹਰ 11 ਸਾਲਾਂ ਬਾਅਦ ਆਪਣੀ ਚਰਮ ਸੀਮਾ ਤੇ ਹੁੰਦੇ ਹਨ। 2007 ਵਿੱਚ ਇਨ੍ਹਾਂ ਦੀ ਪ੍ਰਕਿਰਿਆ ਬਿਲਕੁਲ ਮਧਮ ਰਹੀ ਹੈ। ਹੁਣ 2012 ਨੂੰ ਇਹ ਆਪਣੀ ਚਰਮ ਸੀਮਾ ਤੇ ਹੋਏਗੀ। ਨਾਸਾ ਸਪੇਸ ਏਜੰਸੀ ਅਨੁਸਾਰ ਸੂਰਜ ਅਜੇ ਸ਼ਾਂਤ ਹੈ ਤੇ ਇਹ ਸ਼ਾਂਤੀ ਅਜਿਹੀ ਹੈ ਜਿਹੜੀ ਤੁਫਾਨ ਦੇ ਆਉਣ ਤੋਂ ਪਹਿਲਾਂ ਹੁੰਦੀ ਹੈ। ਸਨ-ਸਪਾਟ ਤੋਂ ਨਿਕਲਣ ਵਾਲੇ ਲਾਵੇ ਦੇ ਚਾਰਜ ਕਣਾਂ ਦੀ ਤੀਬਰਤਾ (ਸੋਲਰ ਫਲੇਅਰ) ਪਿਛਲੀ ਵਾਰ ਦੇ ਸੋਲਰ ਫਲੇਅਰ ਤੋਂ 30% ਤੋਂ 50 % ਵੱਧ ਹੋਏਗੀ। ਇਸ ਦਾ ਪ੍ਰਭਾਵ ਕੀ ਹੋਏਗਾ ਕੁੱਝ ਨਹੀਂ ਕਹਿਆ ਜਾ ਸਕਦਾ।

ਸਾਡਾ ਸੋਰ-ਮੰਡਲ ਲੱਖਾਂ-ਕਰੋੜਾਂ ਤਾਰਿਆਂ ਦੇ ਸਮੂਹ ਦਾ ਇੱਕ ਹਿਸਾ ਹੈ ਜਿਸ ਨੂੰ ਅਕਾਸ਼ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋਰ ਮੰਡਲ ਇਸ ਡਿਸਕ-ਨੁਮਾ ਅਕਾਸ਼ ਗੰਗਾ ਦੇ ਇੱਕ ਕਿਨਾਰੇ ਵਲ ਨੂੰ ਔਰੀਅਨ ਸਪਾਰਿਅਲ ਆਰਮ ਤੇ ਸਥਿਤ ਹੈ ਅਤੇ ਇਹ ਡਿਸਕ ਦੇ ਉਪਰਲੇ ਭਾਗ ਤੋਂ ਨਿਚਲੇ ਭਾਗ ਵਲ ਸਰਕ ਰਿਹਾ ਹੈ।

2012 ਨੂੰ ਸਾਡਾ ਸੂਰਜ ਅਕਾਸ਼ ਗੰਗਾ ਦੇ ਕੇਂਦਰ ਦੀ ਲਾਇਨ ਵਿੱਚ ਹੋਵੇਗਾ। ਇਹ ਘਟਨਾ ਹਰ 26000 ਸਾਲਾਂ ਪਿਛੋਂ ਇੱਕ ਵਾਰ ਵਾਪਰਦੀ ਹੈ। ਇਹ ਵੀ ਇੱਕ ਅਸ਼ਚਰਜ ਹੈ ਕਿ ਇਹ ਘਟਨਾ ਵੀ 2012 ਨੂੰ ਹੋਣ ਜਾ ਰਹੀ ਹੈ ਜਦੋਂ ਕੇ ਸੂਰਜ ਦੇ ਸਨ-ਸਪਾਟ ਵੀ ਚਾਰਜ ਕਣਾਂ ਦਾ ਲਾਵਾ ਉਗਲ ਰਹੇ ਹੋਣਗੇ। ਮਾਇਅਨ ਕਲੰਡਰ ਮੁਤਾਬਿਕ ਦਸੰਬਰ 23, 2012 ਨੂੰ ਸਾਰੇ ਗ੍ਰਿਹਾਂ ਦੇ ਲਾਇਨ-ਅਪ ਹੋਣ ਨਾਲ ਧਰਤੀ ਦਾ ਸਪਿਨ ਧੁਰੇ ਵਿੱਚ ਬਦਲਾਵ ਆਏਗਾ। ਜਿਸ ਨਾਲ ਪੰਜਵੇਂ ਜੁਗ ਦਾ ਅੰਤ ਹੋ ਜਾਵੇਗਾ। ਇਸ ਨਾਲ ਭੁਚਾਲ ਆਣਗੇ, ਧਰਤੀ ਕੰਬੇਗੀ ਅਤੇ ਬੜੀਆਂ ਜਬਰਦਸਤ ਸੁਨਾਮੀ ਸਾਰੀ ਕਾਇਨਾਤ ਨੂੰ ਆਪਣੇ ਵਿੱਚ ਸਮੇਟ ਲੈਣਗੀਆਂ।

2012 ਨੂੰ ਨੰਬਰ ਸਿਸਟਮ ਨਾਲ ਵੀ ਯਾਦ ਰਖਿਆ ਜਾਵੇਗਾ। ਅਸੀਂ ਹੁਣ 21 ਵੀਂ ਸਦੀ ਵਿੱਚ ਹਾਂ ਜਿਸ ਦਾ ਜੋੜ 2+1 ਤਿੰਨ ਹੈ ਤੇ 2012 ਵਿੱਚ 12 ਦਾ ਜੋੜ ਵੀ ਤਿੰਨ ਹੀ ਹੈ। ਤਾਰੀਖ 21-12-21 ਨੂੰ ਅੰਗਰੇਜੀ ਭਾਸ਼ਾ ਵਿੱਚ ਪੜਿਆ ਜਾਵੇਗਾ ਬੀ-ਏ, ਏ-ਬੀ, ਬੀ-ਏ (ਬਅ ਅਬ-ਬਅ) ਮਤਲਭ ਕੇ ਅਬਾ ਆਓ ਬਣਦਾ ਹੈ

ਧਰਤੀ ਦਾ ਆਪਣਾ ਚੁੰਬਕੀ ਖੇਤਰ ਹੈ ਜਿਸ ਦਾ ਇਕ ਸਿਰਾ ਉੱਤਰ ਅਤੇ ਦੂਜਾ ਦੱਖਣ ਹੈ। ਇਹ ਚੁੰਬਕੀ ਖੇਤਰ ਬਿਲਕੁਲ ਉਵੇਂ ਦਾ ਹੈ ਜਿਵੇਂ ਇਕ ਅਸਲ ਚੁੰਬਕ ਦਾ ਹੁੰਦਾ ਹੈ ਯਾਨੀ ਕਿ ਸਾਡੀ ਧਰਤੀ ਵੀ ਇਕ ਚੁੰਬਕ ਹੈ। ਧਰਤੀ ਦੀ ਚੁੰਬਕੀ ਖੇਤਰ ਨੇ ਆਪਣੇ ਧੁਰੇ ਧਰਤੀ ਦੇ ਜੀਵਨ ਇਤਿਹਾਸ ਵਿੱਚ ਕਈ ਵਾਰ ਬਦਲੇ ਹਨ। ਬੇਸ਼ਿਕ ਕੋਈ ਵੀ ਥਿਊਰੀ ਇਹ ਵਿਖਿਆਨ ਨਹੀਂ ਕਰਦੀ ਕਿ ਇਹ ਕਿਉਂ ਵਾਪਰਦਾ ਹੈ ਪਰ ਫਿਰ ਵੀ ਇੱਕ ਸੋਚ ਮੁਤਾਬਿਕ ਧਰਤੀ ਅੰਦਰਲੇ ਲਾਵੇ ਦਾ ਘੁੰਮਣਘੇਰ ਹੀ ਚੁੰਬਕੀ ਖੇਤਰ ਨੂੰ ਪੈਦਾ ਕਰਦਾ ਹੈ। ਇਸ ਲਾਵੇ ਵਿੱਚ ਬਿਜਲਈ ਕਣ ਘੁੰਮ ਰਹੇ ਹਨ।

ਧਰਤੀ ਦੀ ਕੁੱਖ ਵਿਚ ਇਕ ਭੱਠੀ ਵਿੱਚ ਮੱਚ ਰਹੀ ਅੱਗ ਵਾਂਗੂੰ, ਬੇਅੰਤ ਗਰਮ ਲਾਵਾ ਤੁਫਾਨ ਬਣ ਕੇ ਧਰਤੀ ਦੇ ਅੰਦਰ ਸੱਟਾਂ ਮਾਰ ਰਿਹਾ ਹੈ। ਜਿਥੇ ਧਰਤੀ ਪੋਲੀ ਹੁੰਦੀ ਹੈ ਉਥੋਂ ਇਹ ਲਾਵਾ ਫੁੱਟ ਕੇ ਜਵਾਲਾਮੁਖੀ ਦੇ ਰੂਪ ਵਿਚ ਬਾਹਰ ਆ ਜਾਂਦਾ ਹੈ। ਇਸ ਲਾਵੇ ਵਿਚ ਜ਼ਿਆਦਾ ਮਿਕਦਾਰ ਲੋਹ ਅਤੇ ਨਿਕਲ ਕਣਾਂ ਦੀ ਹੈ। ਹੁਣ ਵਿਗਿਆਨੀਆਂ ਲਈ ਨਵੀਂ ਸਮਸਿਆ ਇਹ ਪੈਦਾ ਹੋ ਗਈ ਕਿ ਚੁੰਬਕੀ ਖੇਤਰ ਦੀ ਹੋਂਦ ਦਾ ਕਾਰਨ ਕੀ ਹੈ? ਅਤੇ ਇਸ ਦਾ ਅੰਤ ਕੀ ਹੈ? ਅੱਜ ਤੱਕ ਵਿਗਿਆਨੀ ਇਸ ਗੁੱਥੀ ਨੂੰ ਪੂਰਨ ਰੂਪ ਵਿਚ ਸਮਝਣ ਤੋਂ ਅਸਫਲ ਰਹੇ ਨ।

ਬਹੁਤੇ ਵਿਗਿਆਨੀਆਂ ਦੀ ਇਹ ਰਾਏ ਹੈ ਕਿ ਇਸ ਚੁੰਬਕੀ ਖੇਤਰ ਦੀ ਹੋਂਦ ਲਾਵੇ ਵਿਚ ਪੈਦਾ ਹੋਏ ਕਰੰਟ ਤੋਂ ਹੈ। ਕਰੰਟ ਚਾਰਜ ਕਣਾਂ ਦੇ ਘੁੰਮਣਘੇਰ ਤੋਂ ਬਣਦਾ ਹੈ। ਇਸ ਕਰੰਟ ਨੂੰ ਚਲਦਾ ਰੱਖਣ ਲਈ ਕਿਸੇ ਅਣਦਿੱਸੇ ਡਾਇਨਮੋ ਨੂੰ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਵਿਗਿਆਨੀਆਂ ਲਈ ਇਹ ਵੀ ਇਕ ਸਵਾਲ ਬਣਿਆ ਹੋਇਆ ਹੈ ਕਿ ਇਸ ਡਾਇਨਮੋ ਨੂੰ ਲਗਾਤਾਰ ਸ਼ਕਤੀ ਕਿਥੋਂ ਮਿਲ ਰਹੀ ਹੈ। ਕੁਝ ਵਿਗਿਆਨੀਆਂ ਦੀ ਧਾਰਨਾ ਇਹ ਹੈ ਕਿ ਇਸ ਡਾਇਨਮੋ ਨੂੰ ਚਲਾਉਣ ਵਾਲੀ ਧਰਤੀ ਦੀ ਗੁਰਤਾ ਸ਼ਕਤੀ ਜਾਂ ਇਸ ਦੇ ਅੰਦਰ ਬਲ ਰਹੀ ਅੱਗ ਦੀ ਵਿਸ਼ਾਲ ਗਰਮੀ ਹੋ ਸਕਦੀ ਹੈ

ਵਿਗਿਆਨੀ ਰਿਜ਼ਅਰਡ ਅਨੁਸਾਰ ਗਲੋਬਲ ਵਾਰਮਿੰਗ ਦਾ ਅਹਿਮ ਕਾਰਨ ਧਰਤੀ ਅੰਦਰਲੀ ਗਰਮੀ ਦਾ ਬਾਹਰ ਰਿਸਣਾ ਹੈ ਅਤੇ ਜਿਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਇਸ ਦੀ ਦਰ .9 ਮਾਇਕਰੋ-ਕੈਲੋਰੀ ਪ੍ਰਤੀ ਸੈਂਟੀਮੀਟਰ ਸੁਕੇਅਰ ਪ੍ਰਤੀ ਸੈਕਿੰਡ ਸੀ। ਹੁਣ ਇਹ 1.2 ਮਾਇਕਰੋ-ਕੈਲੋਰੀ ਪ੍ਰਤੀ ਸੈਂਟੀਮੀਟਰ ਸੁਕੇਅਰ ਪ੍ਰਤੀ ਸੈਕਿੰਡ ਹੋ ਗਈ ਹੈ ਇਨ੍ਹਾਂ ਤੱਥਾਂ ਅਨੁਸਾਰ ਸਾਡੀ ਧਰਤੀ ਦੀ ਅੰਦਰਲੀ ਗਰਮੀ ਪ੍ਰਤੀ ਵਰਸ਼ 193,000 ਮੈਗਾਟਨ ਟੀ.ਐਨ.ਟੀ ਦੇ ਬਰਾਬਰ ਘਟ ਰਹੀ ਹੈ। ਜਿਸ ਤੋਂ ਇਸ ਦਾ ਕਰੰਟ ਬਣਾਉਣ ਵਾਲਾ ਡਾਇਨਮੋ ਕਮਜੋਰ ਪੈ ਰਿਹਾ ਹੈ ਅਤੇ ਕਰੰਟ ਦੇ ਘਟਣ ਨਾਲ ਇਸ ਦਾ ਚੁੰਬਕੀ ਖੇਤਰ ਪਤਲਾ ਹੋ ਰਿਹਾ ਹੈ।

ਵਿਗਿਆਨੀਆਂ ਦੇ ਸਰਵੇਖਣ ਅਨੁਸਾਰ ਪਿਛਲੇ ਪੰਜ-ਛੇ ਸੌ ਸਾਲਾਂ ਵਿੱਚ ਚੁੰਬਕੀ ਖੇਤਰ ਬਹੁਤ ਜ਼ਿਆਦਾ ਕਮਜੋਰ ਹੋਇਆ ਹੈ। ਇਹ ਤਥ ਵਿਗਿਆਨੀਆਂ ਨੂੰ ਜਵਾਲਾਮੁਖੀ ਦੇ ਲਾਵੇ ਦਾ ਪਰੀਖਣ ਕਰ ਕੇ ਮਿਲੇ ਹਨ। ਜਦੋਂ ਜਵਾਲਾਮੁਖੀ ਫਟਦਾ ਹੈ ਤਾਂ ਉਸ ਵਿਚੋਂ ਵਗ ਰਹੇ ਲਾਵੇ ਵਿਚਲੇ ਲੋਹ ਕਣ ਚੁੰਬਕੀ ਪ੍ਰਭਾਵ ਤੋਂ ਸੱਖਣੇ ਹੁੰਦੇ ਹਨ ਕਿਉਂਕਿ ਲਾਵੇ ਦਾ ਤਾਪਮਾਨ 500 ਡਿਗਰੀ ਸੈਂਟੀਗਰੇਟ ਤੋਂ ਵੀ ਵਧ ਹੁੰਦਾ ਹੈ। ਲਾਵੇ ਦੇ ਠੰਢੇ ਹੋਣ ਦੀ ਪ੍ਰਕਿਰਿਆ ਸਮੇਂ ਉਸ ਵਿਚ ਮੌਜੂਦ ਲੋਹ ਕਣ ਉਸ ਸਮੇਂ ਮੌਜੂਦ ਚੁੰਬਕੀ ਪ੍ਰਭਾਵ ਅਤੇ ਉਸ ਦੀ ਦਿਸ਼ਾ ਨੂੰ ਗ੍ਰਹਿਣ ਕਰ ਲੈਂਦੇ ਹਨ। ਇਸ ਤਰ੍ਹਾਂ ਪ੍ਰਿਥਵੀ ਦੇ ਜਨਮ ਤੋਂ ਲੈ ਕੇ ਹੁਣ ਤਕ ਅੱਡ-ਅੱਡ ਸਮੇਂ ਤੇ ਮੌਜੂਦ ਚੁੰਬਕੀ-ਖੇਤਰ ਦੀ ਤਾਕਤ ਅਤੇ ਉਸ ਦੀ ਦਿਸ਼ਾ ਦਾ ਪਤਾ ਲਗਾਇਆ ਜਾ ਚੁੱਕਾ ਹੈ। ਜਿਹੜੇ ਤੱਥ ਸਾਹਮਣੇ ਆਏ ਹਨ ਉਹ ਬੜੇ ਹੈਰਾਨ ਕਰ ਦੇਣ ਵਾਲੇ ਹਨ। ਇਨ੍ਹਾਂ ਮੁਤਾਬਕ ਚੁੰਬਕੀ-ਖੇਤਰ ਤਕਰੀਬਨ 200.000 ਸਾਲਾਂ ਤੋਂ ਬਾਅਦ ਉਲਟ ਜਾਂਦਾ ਹੈ। ਜਿਥੇ ਹੁਣ ਉੱਤਰੀ-ਧੁਰਾ ਹੈ ਉਹ ਦੱਖਣੀ-ਧੁਰਾ ਬਣ ਜਾਂਦਾ ਹੈ ਅਤੇ ਜਿਥੇ ਹੁਣ ਦੱਖਣੀ-ਧੁਰਾ ਹੈ ਉਹ ਉਤਰੀ-ਧੁਰੇ ਵਿਚ ਬਦਲ ਜਾਂਦਾ ਹੈ। ਇਹ ਵਾਪਰ ਤਾਂ ਲਗਾਤਾਰ ਰਿਹਾ ਹੈ ਪਰੰਤੂ ਇਸ ਦੇ ਵਾਪਰਨ ਦੀ ਮਿਆਦ ਇਕੋ ਜਿਹੀ ਨਹੀ ਹੈ। ਬਦਲਾਵ ਦੀ ਇਹ ਘਟਨਾ ਅਜ ਤੋਂ ਤਕਰੀਬਨ 750,000 ਤੋਂ 780,000 ਸਾਲ ਪਹਿਲਾਂ ਵਾਪਰੀ ਸੀ। ਹੋਰ ਅਹਿਮ ਤੱਥ ਵੀ ਇਸ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਬਦਲਾਵ ਦੀ ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਧਰਤੀ ਦਾ ਚੁੰਬਕੀ ਖੇਤਰ ਕਮਜ਼ੋਰ ਪੈ ਚੁਕਦਾ ਹੈ।

ਪਿਛਲੇ 2000 ਸਾਲਾਂ ਵਿੱਚ ਇਹ 60% ਕਮਜੋਰ ਹੋਇਆ ਹੈ। ਹੁਣ ਦਾ ਚੁੰਬਕੀ ਖੇਤਰ ਕਮਜ਼ੋਰ ਵੀ ਪੈ ਚੁੱਕਾ ਹੈ ਅਤੇ ਇਹ ਧਰਤੀ ਦੇ ਸਪਿਨ ਐਕਸਿਜ਼ ਤੋਂ 20 ਡਿਗਰੀ ਮੁੜ ਵੀ ਚੁੱਕਾ ਹੈ। ਕੈਨੇਡੀਅਨ ਜੂਆਲੋਜੀ ਸਰਵੇਖਣ ਅਨੁਸਾਰ ਧਰਤੀ ਦੇ ਚੁੰਬਕੀ ਖੇਤਰ ਦੀ ਦਿਸ਼ਾ ਬਦਲ ਰਹੀ ਹੈ। ਇਸ ਦਾ ਉੱਤਰੀ ਚੁੰਬਕੀ ਧੁਰਾ ਆਪਣੀ ਦਿਸ਼ਾ ਤੋਂ ਫਿਸਲਦਾ ਹੋਇਆ ਕੈਨੇਡੀਅਨ ਆਰਕਟੀਕ ਵਲ ਵਧ ਰਿਹਾ ਹੈ। ਇਸ ਦਾ ਇਹ ਮੋੜ ਹਰ ਸਾਲ 40 ਕਿਲੋਮੀਟਰ ਉੱਤਰ-ਪੱਛਮ ਵਲ ਜਾ ਰਿਹਾ ਹੈ। ਅਜੋਕੀਆਂ ਹਾਲਤਾਂ ਇਸ ਚੁੰਬਕੀ-ਖੇਤਰ ਦੇ ਉਲਟਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਦੀ ਹਾਮੀ ਭਰਦੀਆਂ ਹਨ ਪਰ ਇਸ ਬਾਰੇ ਵਿਗਿਆਨੀਆਂ ਕੋਲ ਕੋਈ ਠੋਸ ਤੱਥ ਨਹੀਂ ਹਨ ਕਿ ਇਹ ਘਟਨਾ ਪੂਰਨ ਤੌਰ ਤੇ ਕਦੋਂ ਵਾਪਰੇਗੀ। ਉਨ੍ਹਾਂ ਮੁਤਾਬਕ ਇਹ ਬਦਲਾਵ ਇਕ ਦਮ ਵੀ ਹੋ ਸਕਦਾ ਹੈ ਅਤੇ ਹਜ਼ਾਰਾਂ ਸਾਲ ਵੀ ਲੱਗ ਸਕਦੇ ਹਨ। ਪਰੰਤੂ ਇਹ ਨਿਸ਼ਚਿਤ ਹੈ ਕਿ ਜਦੋਂ ਬਦਲਾਵ ਦੀ ਪ੍ਰਿਕਰਿਆ ਆਪਣੀ ਚਰਮ ਸੀਮਾ ਤੇ ਹੋਵੇਗੀ ਉਦੋਂ ਧਰਤੀ ਤੇ ਮੌਜੂਦ ਜੀਵ ਜੰਤੁਆਂ ਅਤੇ ਬਨਸਪਤੀ ਲਈ ਸਮਾਂ ਬੜਾ ਨਾਜ਼ੁਕ ਹੋਵੇਗਾ। ਕਿਉਂਕਿ ਉਸ ਸਮੇ ਸੂਰਜ ਅਤੇ ਬਾਹਰਲੇ ਬ੍ਰਹਿਮੰਡ ਤੋਂ ਆਉਣ ਵਾਲੀਆਂ ਜੀਵਨ ਲਈ ਨੁਕਸਾਨਦਾਇਕ ਕਿਰਨਾਂ ਚੁੰਬਕੀ ਖੇਤਰ ਦੇ ਪਤਲੇ ਪੈ ਜਾਣ ਕਰਕੇ ਵਾਪਸ ਨਹੀ ਪਰਤ ਸਕਣਗੀਆਂ ਅਤੇ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੁੰਦੇ ਸਾਰ ਧਰਤੀ ਉਪਰ ਪਨਪ ਰਹੇ ਜੀਵਨ ਨੂੰ ਤਹਿਸ ਨਹਿਸ ਕਰ ਦੇਣਗੀਆਂ।

ਜੇ ਧਰਤੀ ਦੀ ਚੁੰਬਕੀ ਖੇਤਰ 2012 ਵਿੱਚ ਉਲਟਦਾ ਹੈ ਤਾਂ ਹੁਣ ਦਾ ਉਤਰੀ ਧੁਰਾ ਦਖਣੀ ਧੁਰੇ ਵਿੱਚ ਤਬਦੀਲ ਹੋ ਜਾਵੇਗਾ ਤੇ ਦਖਣੀ ਧੁਰਾ ਉਤਰ ਵਿਚ। ਵਿਗਿਆਨਕ ਨਜਰੀਏ ਨਾਲ ਇਹ ਤਾਂ ਹੀ ਸੰਭਵ ਹੈ ਜੇ ਧਰਤੀ ਜਿਵੇਂ ਹੁਣ ਸਪਿਨ ਕਰ ਰਹੀ ਹੈ (ਆਪਣੇ ਧੁਰੇ ਦੁਆਲੇ ਘੁੰਮ ਰਹੀ ਹੈ) ਉਸ ਤੋਂ ਉਲਟਾ ਸਪਿਨ ਕਰਨ ਲਗੇ। ਉਦਹਾਰਣ ਵਜੋਂ ਜਿਵੇਂ ਘੜੀਆਂ ਦੀ ਸੁਈਆਂ ਘੁੰਮ ਰਹੀਆਂ ਹਨ 1,2,3,4,5…… ਜੇ ਇਹ ਸੁਈਆਂ ਉਲਟ ਘੰਮੁਣੀਆਂ ਸ਼ੁਰੂ ਹੋ ਜਾਣ ਜਿਵੇਂ 5,4,3,2,1……ਤਾਂ ਫਿਰ ਕੀ ਹੋਏਗਾ ਇਸ ਦਾ ਕੋਈ ਅਨੁਮਾਨ ਹੀ ਨਹੀਂ ਲਗਾ ਸਕਦਾ। ਧਰਤੀ ਤੇ ਜੋ ਕੁੱਝ ਵੀ ਹੈ ਕੀ ਉਹ ਕਾਗਜ ਦੇ ਟੁਕਣਿਆਂ ਵਾਂਗੂੰ ਬ੍ਰਹਿਮੰਡ ਵਿੱਚ ਖਿਲਰ ਜਾਵੇਗਾ। ਵਿਗਿਆਨ ਕੁੱਝ ਕਹਿਣ ਤੋਂ ਅਸਮਰਥ ਹੈ ਕਿਉਂਕਿ ਵਿਗਿਆਨ ਨੂੰ ਅਜੇ ਇਹੋ ਹੀ ਨਹੀਂ ਪਤਾ ਕਿ ਧਰਤੀ ਦੇ ਚੁੰਬਕੀ ਖੇਤਰ ਦਾ ਕਾਰਣ ਕੀ ਹੈ! ਹਾਂ ਹੋ ਸਕਦਾ ਹੈ ਕਿ ਮਾਇਆ ਸਭਿਅਤਾ ਨੂੰ ਇਹ ਪਤਾ ਹੋਵੇ ਕਿ ਸੂਰਜ ਤੋਂ ਆਉਣ ਵਾਲੀ ਕੋਈ ਬੜੀ ਤਿਖੀ ਰੋਸ਼ਨੀ ਜਾਂ ਸੂਰਜ ਦਾ ਚੁੰਬਕੀ ਖੇਤਰ (ਜਦੋਂ ਸੂਰਜ ਤੇ ਸਨ-ਸਪਾਟ ਕਾਰਜਸ਼ੀਲਤਾ ਆਪਣੀ ਚਰਮ ਸੀਮਾ ਤੇ ਹੋਵੇਗੀ) ਧਰਤੀ ਦੇ ਚੁੰਬਕੀ ਖੇਤਰ ਨੂੰ ਉਲਟਾ-ਪੁਲਟਾ ਕਰ ਦਏ। ਹਾਂ ਇਹ ਨਿਸ਼ਚਿਤ ਹੈ ਜਦੋਂ ਚੁੰਬਕੀ ਖੇਤਰ ਦੇ ਬਦਲਾਵ ਦੀ ਘੜੀ ਆਏਗੀ ਤਾਂ ਇੱਕ ਪਲ ਲਈ ਚੁੰਬਕੀ ਖੇਤਰ ਅਲੋਪ ਹੋ ਜਾਏਗਾ। (ਜਿਵੇਂ ਸਿਧਾ ਦੋੜਦੇ ਹੋਏ ਤੁਹਾਨੂੰ ਉਲਟਾ ਦੋੜਨਾ ਪਵੇ ਤਾਂ ਇੱਕ ਪਲ ਲਈ ਤੁਸੀਂ ਰੁਕੋਗੇ) ਇਹ ਇੱਕ ਪਲ ਬਹੁਤ ਮਹਤਵਪੂਰਣ ਹੋਵੇਗਾ ਕਿਉਂਕਿ ਇਸ ਸਮੇਂ ਲਈ ਧਰਤੀ ਚੁੰਬਕੀ ਖੇਤਰ ਦੀ ਬੁਕਲ ਵਿਚੋਂ ਬਾਹਰ ਆਏਗੀ।

ਚੁੰਬਕੀ-ਖੇਤਰ ਧਰਤੀ ਦੇ ਜੀਵਨ ਨੂੰ ਬਾਹਰਲੀਆਂ ਨੁਕਸਾਨਦਾਇਕ ਕਿਰਨਾਂ ਤੋਂ ਬਚਾਉਣ ਲਈ ਇਕ ਢਾਲ ਦਾ ਕੰਮ ਕਰਦਾ ਹੈ। ਪਰ ਜੇ ਇਹ ਢਾਲ ਹੀ ਨਾ ਰਹੀ ਤਾਂ ..! ਤਾਂ ਧਰਤੀ ਦਾ ਤਾਪਮਾਨ ਕਈ ਡਿਗਰੀ ਸੈਂਟੀਗਰੇਡ ਵੱਧ ਜਾਵੇਗਾ। ਜਦੋਂ ਧਰਤੀ ਮੌਜੂਦਾ ਚੁੰਬਕੀ-ਖੇਤਰ ਨੂੰ ਤਿਆਗ ਕੇ ਨਵੇਂ ਚੁੰਬਕੀ-ਖੇਤਰ ਵਿਚ ਦਾਖਲ ਹੋ ਰਹੀ ਹੋਵੇਗੀ ਤਾਂ ਕਿੰਨੀਆਂ ਕੁ ਜਾਨਾਂ ਜਾਣਗੀਆਂ ਉਹ ਲਿਖਣ ਪੜ੍ਹਨ ਤੋਂ ਪਰੇ ਦੀ ਗੱਲ ਹੈ। ਹਾਂ, ਉਹ ਦੁਖਦਾਈ ਸਮਾਂ ਅਵੱਸ਼ ਆਏਗਾ ਪਰ ਪਤਾ ਨਹੀਂ ਕਦੋਂ? ਜਦੋਂ ਸਭ ਪਾਸੇ ਹਾਹਾਕਾਰ ਮਚੇਗੀ, ਚੀਕਾਂ ਅਤੇ ਕੁਰਲਾਹਟਾਂ ਸੁਣਨਗੀਆਂ, ਜੀਵ ਜੰਤੂਆਂ ਦੀਆਂ ਲਾਸ਼ਾਂ ਤੋਂ ਇਲਾਵਾ ਕੁਝ ਨਹੀ ਹੋਵੇਗਾ। ਇਹ ਸਮਾਂ ਪਰਲੋ ਦਾ ਹੋਵੇਗਾ। ਉਸ ਪਰਲੋ ਦਾ ਭਿਆਨਕ ਨਾਚ ਵੇਖਣ ਵਾਲੇ ਬਦਨਸੀਬ ਲੋਕ ਉਦੋਂ ਵੀ ਹੋਣਗੇ ‘‘ਲਖ ਚਉਰਾਸੀਹ ਮੇਦਨੀ, ਸਭ ਆਵੈ ਜਾਸੀ” ਦੇ ਸਿਧਾਂਤ ਅਨੁਸਾਰ ਇਹ ਦੁਨੀਆ ਮਿਟੇਗੀ ਤੇ ਫਿਰ ਤੋਂ ਨਵੇਂ ਜੀਵਨ ਦੀ ਸ਼ੁਰੂਆਤ ਹੋਵੇਗੀ, ਬਿਲਕੁਲ ਨਵਾਂ ਜੀਵਨ! ਇਕ ਨਵੇਂ ਯੁਗ ਦੀ ਸ਼ੁਰੂਆਤ, ਨਵੀਂ ਪ੍ਰਭਾਤ ਨਾਲ!

ਇਹ ਨਵੀਂ ਪ੍ਰਭਾਤ ਕਦੋਂ ਹੋਵੇਗੀ। ਕੀ 2012 ਨੂੰ? । ਨਹੀਂ, ਕੁੱਝ ਨਹੀਂ ਕਹਿਆ ਜਾ ਸਕਦਾ। ਕਿਉਂਕਿ ਜੋ ਰਚਨਹਾਰ ਹੈ ਉਹੋ ਹੀ ਇਹ ਜਾਣ ਸਕਦਾ ਹੈ।

ਜੇ ਸ਼੍ਰਿਸ਼ਟੀ ਦੀ ਰਚਨਾ ਕਦੋਂ ਹੋਈ ਉਸ ਬਾਰੇ ਕੁੱਝ ਨਹੀਂ ਕਹਿਆ ਜਾ ਸਕਦਾ ਤਾਂ ਫਿਰ ਇਹ ਖਤਮ ਕਦੋਂ ਹੋਏਗੀ ਉਸ ਬਾਰੇ ਵੀ ਕੁੱਝ ਨਹੀਂ ਕਹਿਆ ਜਾ ਸਕਦਾ। ਇਹ ਠੀਕ ਹੈ ਭਾਣਾ ਵਰਤੇਗਾ ਜਰੂਰ, ਪਰ ਗੁਰਬਾਣੀ ਅਨੁਸਾਰ ਇਹ ਦਸਿਆ ਨਹੀਂ ਜਾ ਸਕਦਾ, ਕਦੋਂ? ।

ਵੇਲ ਨ ਪਾਈਆ ਪੰਡਤੀ, ਜਿ ਹੋਵੇ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ॥

ਥਿਤਿ ਵਾਰੁ ਨ ਜੋਗੀ ਜਾਣੈ, ਰੁਤਿ ਮਾਹੁ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥

ਪ੍ਰਮਾਤਮਾ ਦੇ ਭੇਦਾਂ ਨੂੰ ਸਮਝ ਸਕਣਾ ਮਨੁੱਖ ਦੀ ਪਹੁੰਚ ਤੋਂ ਪਰੇ ਹੈ।

ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥ 8॥ 4॥ {ਪੰਨਾ 268}

(ਨੋਟ: ਇਸ ਆਰਟੀਕਲ ਵਿੱਚ ਤਸਵੀਰਾਂ ਇੰਟਰਨੈਟ ਦੀਆਂ ਸਾਇਟਾਂ ਵਿਚੋਂ ਧੰਨਵਾਦ ਸਹਿਤ ਲਈਆਂ ਗਈਆਂ ਹਨ)

ਇਸ ਆਰਟੀਕਲ ਵਿੱਚ ਮਾਇਨ ਸਭਿਅਤਾ ਨਾਲ ਸੰਬਿਧਤ ਤੱਥਾਂ ਨੂੰ ਇੰਟਰਨੈਟ ਤੋਂ ਲਿਆ ਗਿਆ ਹੈ। ਇਨ੍ਹਾਂ ਤੱਥਾਂ ਬਾਰੇ ਕਿੰਨੀ ਕੁ ਸਚਾਈ ਹੈ ਉਸ ਦਾ ਪ੍ਰਮਾਣ ਨਹੀਂ ਦਿਤਾ ਜਾ ਸਕਦਾ।
.