.

ਕੀ ਸਿੱਖਾਂ ਦੇ ਪੰਦਰਾਂ ਗੁਰੂ ਹਨ?

- ਸਰਬਜੀਤ ਸਿੰਘ -

ਸਿੱਖ ਕੌਮ ਉਸ ਸਮਾਜ ਦਾ ਨਾਂ ਹੈ, ਜੋ ਨਾਨਕ ਜੋਤ ਦੀ ਦੇਣ, ਨਾਨਕਵਾਦ ਦੇ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਰਹਿਬਰ (ਗੁਰੂ) ਮੰਨਦਾ ਹੈ। ਇਸ ਕਰਕੇ ਜੇ ਸਿੱਖ ਸਿਧਾਂਤਾਂ ਦੀ ਸਪਸ਼ਟਤਾ ਵਾਸਤੇ ਕੋਈ ਕਸਵੱਟੀ ਸਾਡੇ ਕੋਲ ਹੈ, ਤਾਂ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ। ਜਦ ਅਸੀਂ ਆਪਣਾ ਉਕਤ ਸ਼ੰਕਾ ਜਾਂ ਸਵਾਲ ਕਿ ਸਾਡੇ ਗੁਰੂ ਕਿਤਨੇ ਹਨ, ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਰੱਖਦੇ ਹਾਂ, ਤਾਂ ਜਵਾਬ ਮਿਲਦਾ ਹੈ :

ਇਕਾ ਬਾਣੀ ਇਕ ਗੁਰ ਸਬਦਿ ਵੀਚਾਰੁ।।

ਭਾਵ, ਸਿੱਖਾਂ ਦਾ (ਅਸਲ ਵਿੱਚ ਸਾਰੀ ਮਨੁੱਖਤਾ ਦਾ) ‘ਗੁਰੂ’ ਇਕ ਹੀ ਹੈ। ਇਥੋਂ ਹੀ ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ਇਹ ‘ਗੁਰੂ’ ਕਿਹੜਾ ਹੈ? ਅਸੀਂ ਇਸ ਬਾਰੇ ਵੀ ਸੇਧ ‘ਗੁਰੂ ਗ੍ਰੰਥ ਸਾਹਿਬ’ ਤੋਂ ਹੀ ਲੈਂਦੇ ਹਾਂ, ਤਾਂ ਪਤਾ ਚੱਲਦਾ ਹੈ ਕਿ ਸਾਡਾ ਗੁਰੂ ਉਹੀ ਹੈ, ਜਿਸਨੂੰ ਨਾਨਕ ਪਾਤਸ਼ਾਹ ਜੀ ਨੇ ਆਪਣਾ ‘ਗੁਰੂ’ ਕਿਹਾ ਸੀ। ਜੋ ਨਾਨਕ ਪਾਤਸ਼ਾਹ ਜੀ ਦਾ ਗੁਰੂ ਸੀ, ਉਹੀ ਸਾਡਾ ਗੁਰੂ ਹੋਣਾ ਚਾਹੀਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਕੌਣ ਸੀ, ਇਸ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ :

ਸਬਦੁ ਗੁਰੂ ਸੁਰਤਿ ਧੁਨਿ ਚੇਲਾ।। (943)

ਭਾਵ, ਸੱਚ ਦੇ ਗਿਆਨ ਰੂਪੀ ਸ਼ਬਦ ਹੀ ਮੇਰਾ ਗੁਰੂ ਹੈ। ਸੋ ਸਪਸ਼ਟ ਹੋਇਆ ਕਿ ਸਿੱਖਾਂ ਦਾ ਇਕ ਹੀ ‘ਗੁਰੂ’ ਹੈ ਤੇ ਉਹ ਹੈ ‘ਸੱਚ ਦਾ ਗਿਆਨ’।

ਆਓ ਹੁਣ ਅਸੀਂ ਵਿਚਾਰ ਕਰਦੇ ਹਾਂ ਕਿ ਸਿੱਖ ਆਪਣੇ ਕਿਤਨੇ ‘ਗੁਰੂ’ ਬਣਾਈ ਬੈਠੇ ਹਨ? ਸਿੱਖ ਸਮਾਜ ਨੂੰ ਸਰਲ ਭਾਸ਼ਾ ਵਿੱਚ ਸੇਧ (ਜੀਵਨ ਜਾਚ) ਦੇਣ ਦਾ ਸ੍ਰੋਤ ਅਕਾਲ ਤਖ਼ਤ ਵੱਲੋਂ ਲਾਗੂ ਪੰਥ-ਪ੍ਰਵਾਨਿਤ ਪ੍ਰਚਾਰੀ ਜਾਂਦੀ ‘ਸਿੱਖ ਰਹਿਤ ਮਰਿਆਦਾ’ ਨੂੰ ਮੰਨਿਆ ਜਾਂਦਾ ਹੈ। ਆਉ, ਇਸ ਰਹਿਤ ਮਰਿਆਦਾ ਨੂੰ ਹੀ ਪੁੱਛੀਏ ਕਿ ਸਾਡੇ ਗੁਰੂ ਕਿਤਨੇ ਹਨ?

ਸਿੱਖ ਦੀ ਪਰਿਭਾਸ਼ਾ ਵਿੱਚ ਲਿਖਿਆ ਮਿਲਦਾ ਹੈ, ‘‘ਜੋ ਇਸਤਰੀ ਜਾਂ ਪੁਰਸ਼ ਦਸ ਗੁਰੂ ਸਾਹਿਬਾਨ...’’ ਭਾਵ, ਸਿੱਖਾਂ ਦੇ 10 ਗੁਰੂ ਤਾਂ ਰਹਿਤ ਮਰਿਆਦਾ ਨੇ ਹੀ ਬਣਾ ਦਿੱਤੇ। ਵੈਸੇ ਵੀ ਜੇਕਰ ਆਮ ਸਿੱਖ (ਲਗਭਗ 99 ਫੀਸਦੀ ਸਿੱਖ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ) ਨੂੰ ਪੁੱਛਿਆ ਜਾਵੇ ਕਿ ਸਿੱਖਾਂ ਦੇ ਕਿਤਨੇ ਗੁਰੂ ਹਨ, ਤਾਂ ਝੱਟ ਜਵਾਬ ਮਿਲਦਾ ਹੈ : ‘ਦੱਸ’। ਦਿਲਚਸਪ ਗੱਲ ਹੈ ਉਹ ਇਸ ਗਿਣਤੀ ਵਿੱਚ ‘ਗੁਰੂ ਗ੍ਰੰਥ ਸਾਹਿਬ’ ਨੂੰ ਸ਼ਾਮਲ ਨਹੀਂ ਕਰਦੇ। ਜੇ ਕੋਈ ਥੋੜਾ ਜਾਗਰੁਕ ਸਿੱਖ ਹੈ, ਤਾਂ ਉਹ ਜੋੜ ਕੇ ਬੋਲ ਦੇਵੇਗਾ : ‘ਗਿਆਰਾਂ’ ਗੁਰੂ ਹਨ। ਪਰ ਕਈ ‘ਸਿਆਣੇ’ ਲੋਕ ਕਹਿ ਦਿੰਦੇ ਹਨ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦਸ ਗੁਰੂਆਂ ਦੀ ਹੀ ਜੋਤਿ ਹਨ। ਪਰ ਉਹ ਇਹ ਭੁੱਲ ਜਾਂਦੇ ਹਨ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਸਿਰਫ਼ ਛੇ ਨਾਨਕ ਜਾਮਿਆਂ ਦੀ ਹੀ ਬਾਣੀ ਹੈ, ਦਸ ਦੀ ਨਹੀਂ। ਉਪਰੋਕਤ ਵਿਚਾਰ ਉਪਰੰਤ ਸਪਸ਼ਟ ਹੋ ਗਿਆ ਕਿ ਹੁਣ ਤੱਕ ਸਿੱਖਾਂ ਦੇ ਗਿਆਰ੍ਹਾਂ ਗੁਰੂ ਮੰਨ ਲਏ ਜਾ ਚੁੱਕੇ ਹਨ।

ਪਰ ਗੁਰੂਆਂ ਦੀ ਇਹ ਗਿਣਤੀ ਇੱਥੇ ਹੀ ਨਹੀਂ ਰੁਕਦੀ। ਕਈ ਸਿੱਖਾਂ ਨੇ ਬਾਰ੍ਹਵਾਂ ਗੁਰੂ ਵੀ ਬਣਾਇਆ ਹੋਇਆ ਹੈ। ਉਹ ਹੈ ‘ਗੁਰੂ ਪੰਥ’’। ਇੱਥੇ ਹੀ ਬੱਸ ਨਹੀਂ, ਇਹ ਲੜੀ ਹੋਰ ਵੀ ਅੱਗੇ ਵੱਧਦੀ ਹੈ। ਤੇਰ੍ਹਵਾਂ ‘ਗੁਰੂ’ ਬਣਾਇਆ ਹੈ ‘‘ਸੰਗਤ ਗੁਰੂ।’’ ਇਸੇ ਵਾਸਤੇ ਅਸੀਂ ਅਕਸਰ ‘‘ਗੁਰੂ ਰੂਪ ਸਾਧ ਸੰਗਤ ਜੀ’’ ਦਾ ਵਾਕਾਂਸ਼ ਸੁਣਦੇ ਹਾਂ। ਇਹ ਵੀ ਵਾਰ-ਵਾਰ ਸੁਣੀਦਾ ਹੈ ਕਿ ‘‘ਗੁਰੂ ਵੀਹ ਬਿਸਵੇ, ਸੰਗਤ ਇੱਕੀ ਬਿਸਵੇ।’’ ਯਾਨੀ, ਸੰਗਤ ਗੁਰੂ ਤੋਂ ਵੀ ਅੱਗੇ ਹੈ।

ਗੁਰੂਆਂ ਦੀ ਇਹ ਗਿਣਤੀ ਇੱਥੇ ਹੀ ਨਹੀਂ ਰੁਕਦੀ। ਆਉ ਹੁਣ ਸਿੱਖਾਂ ਵੱਲੋਂ ਬਣਾਏ ਚੌਦਵੇਂ ‘ਗੁਰੂ’ ਬਾਰੇ ਵੀ ਜਾਣ ਲਈਏ। ਇਹ ਗੁਰੂ ਹਨ ‘‘ਪੰਜ ਪਿਆਰੇ ਰੂਪੀ ਗੁਰੂ’’। ਸਿੱਖ ਸਮਾਜ ਵਿੱਚ ਆਮ ਸੁਣੀਦਾ ਹੈ ਕਿ ਪੰਜ ਪਿਆਰਿਆਂ ਵਿੱਚ ਗੁਰੂ ਵਸਦਾ ਹੈ। ਕੁਝ ਸਿੱਖਾਂ ਨੇ ਇਕ ਪੰਦਰਵਾਂ ਗੁਰੂ ਵੀ ਬਣਾਇਆ ਹੋਇਆ ਹੈ। ਉਹ ਹੈ ‘‘ਤਿਆਰ-ਬਰ-ਤਿਆਰ’’ (ਆਮ ਭਾਸ਼ਾ ਵਿੱਚ ਅੰਮ੍ਰਿਤਧਾਰੀ) ਸਿੰਘ। ਜ਼ਿਆਦਾਤਰ ਪ੍ਰਚਾਰਕ ਇਹੀ ਪ੍ਰਚਾਰ ਕਰਦੇ ਹਨ ਕਿ ਜੇ ‘ਗੁਰੂ’ ਦੇ ਦਰਸ਼ਨ ਕਰਨ ਹੋਣ ਤਾਂ ਤਿਆਰ-ਬਰ-ਤਿਆਰ ਹੋ ਕੇ ‘ਸ਼ੀਸ਼ਾ’ (ਆਈਨਾ) ਵੇਖ ਲਵੋ। ਕੋਈ ਵਿਰਲਾ ਹੀ ਸਮਝਾਉਂਦਾ ਹੈ ਕਿ ਸਰੀਰਕ ਰੂਪ ਵਿੱਚ ਗੁਰੂ ਦੇ ਦਰਸ਼ਨਾਂ ਦੇ ਚੱਕਰਾਂ ਵਿੱਚ ਨਾ ਭਟਕੋ। ਤੁਹਾਡਾ ਗੁਰੂ ਕੋਈ ਸਰੀਰ ਨਹੀਂ ਬਲਕਿ ਸਿਰਫ਼ ‘ਸੱਚ ਦਾ ਗਿਆਨ’ ਹੈ।

ਹੁਣ ਤੱਕ ਦੇ ਵਿਚਾਰਾਂ ਤੋਂ ਸਪਸ਼ਟ ਹੋ ਗਿਆ ਕਿ ਸਿੱਖਾਂ ਨੇ ਆਪਣੇ ਗੁਰੂ ਘੱਟੋ-ਘੱਟ 15 ਮਿੱਥੇ ਹੋਏ ਹਨ। ਘੱਟੋ-ਘੱਟ 12 ਤਾਂ ਸਿੱਖ ਰਹਿਤ ਮਰਿਆਦਾ ਹੀ ਪ੍ਰਚਾਰ ਰਹੀ ਹੈ। ਫੇਰ ਅਸੀਂ ਕਿਉਂ ਰੌਲਾ ਪਾਈ ਜਾਂਦੇ ਹਾਂ ਕਿ ਨਾਮਧਾਰੀ 14ਵਾਂ-15ਵਾਂ ਗੁਰੂ ਥਾਪ ਕੇ ਸਿੱਖ ਸਿਧਾਂਤਾ ਤੋਂ ਉਲਟ ਚੱਲ ਰਹੇ ਹਨ? ਗਲਤੀ ਕਿੱਥੇ ਹੋਈ, ਇਹ ਅਗਲੀਆਂ ਵਿਚਾਰਾਂ ਰਾਹੀਂ ਸਪਸ਼ਟ ਹੋ ਜਾਏਗਾ। ਪਰ ਜੇ ਕੌਮ ਵਾਕਈ ਕੋਈ ਸੁਧਾਰ ਕਰਨਾ ਚਾਹੇ ਤਾਂ ਹੀ ਇਨ੍ਹਾਂ ਵਿਚਾਰਾਂ ਦਾ ਕੋਈ ਅਰਥ ਨਿਕਲ ਸਕਦਾ ਹੈ। ਵਰਨਾ ਲੇਖ ਦੀਆਂ ਚਾਰ ਪੰਕਤੀਆਂ ਪੜ੍ਹਕੇ ਹੀ ਸਿੱਖ ਵਿਦਵਾਨਾਂ, ਲੀਡਰਾਂ, ਸੰਪਰਦਾਈਆਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਣਗੇ, ‘‘ਇਹ ਕਿਹੜਾ ਨਾਸਤਿਕ ਪੈਦਾ ਹੋ ਗਿਆ? ਇਸਨੂੰ ਅਕਾਲ ਤਖ਼ਤ ’ਤੇ ਸੱਦੋ। ਇਸ ਨੂੰ ਸੋਧ ਦੇਣ ਵਾਲੇ ਨੂੰ ਸੋਨੇ ਨਾਲ ਤੋਲਿਆ ਜਾਵੇਗਾ...’’ ਆਦਿ। ਪਰ ਸੱਚ ਨੂੰ ਸਮਝਣ ਦੀ ਚਾਹ ਰੱਖਣ ਵਾਲੇ ਸਿੱਖਾਂ ਲਈ ਅੱਗੇ ਵਿਚਾਰਦੇ ਹਾਂ ਕਿ ਸਿੱਖਾਂ ਦੇ ਗੁਰੂ ਇੱਕ ਤੋਂ ਪੰਦਰਾਂ ਕਿਵੇਂ ਬਣ ਗਏ। ਨਿਰਪੱਖ ਤੇ ਇਕਾਗਰ-ਚਿੱਤ ਹੋ ਕੇ ਵਿਚਾਰ ਕਰਨ ਦੀ ਲੋੜ ਹੈ।

‘ਗੁਰੂ’ ਬਾਰੇ ਗੁਰਮਤਿ ਸਿਧਾਂਤ ਸਪਸ਼ਟ ਕਰਦਾ ਗੁਰਵਾਕ ਹੈ : ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ।।’’

ਇਸ ਗੁਰਵਾਕ ਦੀ ਗੰਭੀਰ ਵਿਚਾਰ ਰਾਹੀਂ ਪਤਾ ਚੱਲਦਾ ਹੈ ਕਿ ‘ਸਰੀਰ’ ਗੁਰੂ ਨਹੀਂ ਹੋ ਸਕਦਾ। ‘ਗੁਰੂ’ ਸਿਰਫ਼ ਵਿਚਾਰਧਾਰਾ ਹੋ ਸਕਦੀ ਹੈ। ਸਰੀਰ ਸਿਰਫ਼ ਉਸ ਵਿਚਾਰਧਾਰਾ ਨੂੰ ਪ੍ਰਗਟ ਕਰਨ ਜਾਂ ਪ੍ਰਚਾਰਨ ਦਾ ਇਕ ਸਾਧਨ ਹੈ। ‘ਸਾਧਨ’ ਕਦੇ ਵੀ ‘ਮੰਜ਼ਿਲ’ ਦੀ ਥਾਂ ਨਹੀਂ ਲੈ ਸਕਦਾ। ਮੰਜ਼ਿਲ ਪਾਉਣ ਵਾਸਤੇ ਸਾਧਨ ਜ਼ਰੂਰੀ ਹਨ ਪਰ ਸਾਧਨ ਮੰਜ਼ਿਲ ਨਹੀਂ ਹੋ ਸਕਦੇ। ਜਿਹੜੇ ਲੋਕ ‘ਸਾਧਨ’ ਅਤੇ ‘ਮੰਜ਼ਿਲ’ ਦੇ ਫ਼ਰਕ ਨੂੰ ਨਹੀਂ ਸਮਝਦੇ, ਉਹ ਭਟਕ ਜਾਂਦੇ ਹਨ। (ਕੁਝ ਅਜਿਹੀ ਹੀ ਹਾਲਤ ਅੱਜ ਸਿੱਖ ਕੌਮ ਦੀ ਹੋ ਗਈ ਹੈ।) ਠੀਕ ਇਸੇ ਤਰ੍ਹਾਂ, ‘ਚੇਲਾ’ ਵੀ ਸਰੀਰ ਨਹੀਂ, ਬਲਕਿ ‘ਵਿਚਾਰ’ ਹੀ ਹੁੰਦੇ ਹਨ।

ਕਈ ਵਾਰ ਮਨੁੱਖ ਗਲਤ ਵਿਚਾਰਾਂ ਵਿੱਚ ਗਲਤਾਨ ਹੋ ਕੇ ਮਾੜੇ ਕੰਮ ਕਰਨ ਲੱਗ ਪੈਂਦਾ ਹੈ। ਪਰ ਕਈ ਵਾਰ ਹਾਲਾਤ ਜਾਂ ਸੂਝਵਾਨ ਲੋਕਾਂ ਦੇ ਉਦਮਾਂ ਸਦਕਾ ਉਹ ਗਲਤ ਮਾਨਸਿਕਤਾ ਨੂੰ ਤਿਆਗਣ ਵਿੱਚ ਸਫਲ ਵੀ ਹੋ ਜਾਂਦਾ ਹੈ ਤੇ ਮੁੜ ਤੋਂ ਚੰਗੇ ਕੰਮ ਕਰਨ ਲੱਗ ਪੈਂਦਾ ਹੈ। ਭਾਵ, ਉਹ ਮਨੁੱਖ, ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਕੀ ਅਜਿਹਾ ਹੋਣ ਨਾਲ ਉਸਦਾ ਸਰੀਰ ਬਦਲ ਜਾਂਦਾ ਹੈ? ਬਿਲਕੁਲ ਨਹੀਂ, ਸਰੀਰ ਤਾਂ ਉਹੀ ਰਹਿੰਦਾ ਹੈ। ਫਿਰ ਬਦਲਿਆ ਕੀ? ਬਦਲੇ ਤਾਂ ਸਿਰਫ਼ ਵਿਚਾਰ ਹੀ ਹਨ। ਸੋ ਸਪਸ਼ਟ ਹੋਇਆ ਕਿ ਸਰੀਰ ਚੇਲਾ ਨਹੀਂ, ਚੇਲਾ ਸੁਰਤ ਜਾਂ ਵਿਚਾਰ ਹੀ ਹਨ।

ਸਿੱਖ ਇਤਿਹਾਸ ਵਿੱਚ ਅਜਿਹੀਆਂ ਕਈ ਮਿਸਾਲਾਂ ਮਿਲਦੀਆਂ ਹਨ। ਸਿਰਫ਼ ਇਕ ਮਿਸਾਲ ਸਾਂਝੀ ਕਰਦੇ ਹਾਂ ਤਾਂਕਿ ਨੁਕਤਾ ਜ਼ਿਆਦਾ ਸਪਸ਼ਟ ਹੋ ਸਕੇ। ਤੀਜੇ ਪਾਤਸ਼ਾਹ ਅਮਰਦਾਸ ਜੀ ਗੁਰਮਤਿ ਵਿਚਾਰਧਾਰਾ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਸਾਰੇ ਬ੍ਰਾਹਮਣਵਾਦੀ ਕਰਮ-ਕਾਂਡ ਕਰਦੇ ਸਨ। ਉਹ ਵੈਸ਼ਨੂੰ ਦੇਵੀ ਤੇ ਹੋਰ ਤੀਰਥਾਂ ਦੀ ਯਾਤਰਾ ’ਤੇ ਜਾਂਦੇ ਸਨ। ਦੇਵੀ-ਦੇਵਤਿਆਂ ਨੂੰ ਪੂਜਦੇ ਸਨ। ਮੂਰਤੀ ਪੂਜਾ ਵੀ ਕਰਦੇ ਸਨ। ਇਹ ਸਾਰੇ ਕਰਮ ਗੁਰਮਤਿ ਸਿਧਾਂਤਾਂ ਤੋਂ ਉਲਟ ਹਨ। ਪਰ ਜਦ ਉਹ ਗੁਰਮਤਿ ਵਿਚਾਰਧਾਰਾ ਦੇ ਸੰਪਰਕ ਵਿੱਚ ਆਏ ਤਾਂ ਸੱਚ ਦਾ ਗਿਆਨ ਪ੍ਰਾਪਤ ਕੀਤਾ। ਇਹ ਸਾਰੀਆਂ ਮਨਮਤਾਂ ਤਿਆਗ ਦਿੱਤੀਆਂ। ਕੀ ਅਜਿਹਾ ਕਰਨ ਨਾਲ ਉਨ੍ਹਾਂ ਦਾ ਸਰੀਰ ਬਦਲ ਗਿਆ? ਨਹੀਂ, ਸਰੀਰ ਤਾਂ ਉਹੀ ਰਿਹਾ। ਬਦਲੇ ਸਨ ਤਾਂ ਸਿਰਫ਼ ਵਿਚਾਰ। ਸੋ ਸਪਸ਼ਟ ਹੋਇਆ ਕਿ ‘ਗੁਰੂ’ ਜਾਂ ‘ਚੇਲਾ’ ਸਰੀਰ ਨਹੀਂ ਬਲਕਿ ਵਿਚਾਰਧਾਰਾ ਹੁੰਦੀ ਹੈ।

ਦੂਜਾ ਨੁਕਤਾ, ਗੁਰਮਤਿ ਅਨੁਸਾਰ ਗੁਰੂ ਅਤੇ ਪਾਰਬ੍ਰਹਮ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਇਸ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਦਾ ਗੁਰਵਾਕ ਹੈ :

ਨਾਨਕ ਸੋਧੇ ਸਿੰਮ੍ਰਿਤਿ ਬੇਦ।। ਪਾਰਬ੍ਰਹਮ ਗੁਰ ਨਾਹੀ ਭੇਦ।। (1142)

ਪਰ ਪ੍ਰਭੂ ਬਾਰੇ ਗੁਰਮਤਿ ਇਹ ਦੱਸਦੀ ਹੈ ਕਿ ਨਾ ਉਹ ਜੰਮਦਾ ਹੈ, ਨਾ ਮਰਦਾ ਹੈ। ਕਦੀ ਨਸ਼ਟ ਨਹੀਂ ਹੁੰਦਾ। ਪਰ ਸਰੀਰ ਤਾਂ ਜੰਮਦਾ ਵੀ ਹੈ। ਮਰਦਾ ਵੀ ਹੈ। ਫਿਰ ਸਰੀਰ ‘ਗੁਰੂ’ ਕਿਵੇਂ ਹੋ ਸਕਦਾ ਹੈ? ਉਹ ਸਰੀਰ ਭਾਵੇਂ ਕਿਸੇ ਵੀ ਇਨਸਾਨ ਦਾ ਹੋਵੇ। ਵੈਸੇ ਵੀ ਸਾਰੇ ਇਨਸਾਨਾਂ ਦੇ ਸਰੀਰ ਤਾਂ ਲਗਭਗ ਇਕੋ ਜਿਹੇ ਹੁੰਦੇ ਹਨ। ਦੋ ਅੱਖਾਂ, ਇਕ ਨੱਕ, ਦੋ ਹੱਥ, ਦੋ ਕੰਨ ਆਦਿ। ਫ਼ਰਕ ਹੁੰਦਾ ਹੈ ਤਾਂ ਸਿਰਫ਼ ਵਿਚਾਰਾਂ ਦਾ। ਮਨੁੱਖ ਦੇ ਚੰਗੇ-ਮੰਦੇ ਦੀ ਪਛਾਣ ਵੀ ਉਸਦੇ ਵਿਚਾਰਾਂ ਤੋਂ, ਉਸਦੇ ਕਰਮਾਂ ਤੋਂ ਹੁੰਦੀ ਹੈ - ਨਾਕਿ ਉਸਦੇ ਸਰੀਰ ਤੋਂ।

ਇਸ ਬਾਬਤ ਸਿੱਖ ਇਤਿਹਾਸ ਤੋਂ ਇਕ-ਦੋ ਮਿਸਾਲਾਂ ਹੋ ਲੈਂਦੇ ਹਾਂ ਤਾਂਕਿ ਨੁਕਤਾ ਵਧੇਰੇ ਸਪਸ਼ਟ ਹੋ ਸਕੇ। ਗੁਰੂ ਨਾਨਕ ਸਾਹਿਬ ਆਪਣੇ ਦੁਨਿਆਵੀ ਸਫ਼ਰ ਦੇ ਆਖਰੀ ਸਾਲਾਂ ਵਿੱਚ ਕਰਤਾਰਪੁਰ ਸਾਹਿਬ ਖੇਤੀ ਕਰਦੇ ਸਨ। ਇਕ ਵਾਰ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਨਾਲ ਕਰਤਾਰ ਪੁਰ ਆਏ। ਉਨ੍ਹਾਂ ਵੇਖਿਆ ਕਿ ਕੋਈ ਵਿਅਕਤੀ ਖੇਤਾਂ ਵਿੱਚ ਹੱਲ ਵਾਹ ਰਿਹਾ ਹੈ। ਭਾਈ ਲਹਿਣਾ ਜੀ ਨੇ ਪੁੱਛਿਆ ਕਿ ਗੁਰੂ ਨਾਨਕ ਜੀ ਨੂੰ ਮਿਲਣਾ ਹੈ, ਕਿੱਥੇ ਮਿਲਣਗੇ? ਦਿਲਸਚਪ ਤੱਥ ਇਹ ਹੈ ਕਿ ਹੱਲ ਗੁਰੂ ਨਾਨਕ ਸਾਹਿਬ ਹੀ ਵਾਹ ਰਹੇ ਸਨ ਪਰ ਭਾਈ ਲਹਿਣਾ ਜੀ, ਨਾਨਕ ਸਾਹਿਬ ਦੇ ਸਰੀਰ ਤੋਂ ਉਨ੍ਹਾਂ ਦੀ ਪਛਾਣ ਨਾ ਕਰ ਸਕੇ।

ਇਸੇ ਤਰ੍ਹਾਂ, ਇਕ ਵਾਰ ਕਾਬੁਲ ਦੀ ਸੰਗਤ ਦਰਬਾਰ ਸਾਹਿਬ, ਅੰਮ੍ਰਿਤਸਰ ਆਈ। ਉਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਵਿਆਕੁਲ ਸਨ। ਗੁਰੂ ਅਰਜਨ ਪਾਤਸ਼ਾਹ ਉਸ ਵੇਲੇ ਜੋੜੇ ਸੰਭਾਲਣ ਦੀ ਸੇਵਾ ਕਰ ਰਹੇ ਸਨ। ਕਾਬੁਲ ਦੀ ਸੰਗਤ ਨੇ ਜੋੜੇ ਉਤਾਰੇ, ਜਿਨ੍ਹਾਂ ਦੀ ਸੰਭਾਲ ਗੁਰੂ ਸਾਹਿਬ ਨੇ ਕੀਤੀ। ਸੰਗਤ ਦੇ ਲੋਕ ਅੰਦਰ ਦਰਸ਼ਨੀ ਡਿਓਢੀ ਵਿੱਚ ਗਏ। ਬਾਬਾ ਬੁੱਢਾ ਜੀ ਨੂੰ ਮਿਲੇ ਤੇ ਕਿਹਾ ਕਿ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ। ਉਹ ਕਿੱਥੇ ਮਿਲਣਗੇ? ਬਾਬਾ ਬੁੱਢਾ ਜੀ ਨੇ ਦੱਸਿਆ ਕਿ ਉਹ ਤਾਂ ਬਾਹਰ ਜੋੜਿਆਂ ਦੀ ਸੇਵਾ ਕਰ ਰਹੇ ਹਨ। ਤਾਂ ਹੀ ਕਾਬਲ ਦੀ ਸੰਗਤ ਉਨਾਂ ਨੂੰ ਮਿਲੀ। ਭਾਵ, ਸਿਰਫ਼ ਸਰੀਰ ਨੂੰ ਵੇਖ ਕੇ ਹੀ ਉਹ ਅਰਜਨ ਪਾਤਸ਼ਾਹ ਨੂੰ ਨਹੀਂ ਪਛਾਣ ਸਕੇ। ਇਨ੍ਹਾਂ ਸਾਖੀਆਂ ਨੂੰ ਵਿਚਾਰਿਆਂ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਇਹ ਧਾਰਨਾ ਕਿ ‘‘ਮਹਾਂਪੁਰਖਾਂ ਦੇ ਚਿਹਰੇ ਦੁਆਲੇ ਇਕ ਵੱਖਰੇ ਕਿਸਮ ਦਾ ‘ਤੇਜ’ ਹੁੰਦਾ ਹੈ’’, ਬਿਲਕੁਲ ਅਧਾਰਹੀਨ ਹੈ। ਮਹਾਂਪੁਰਖਾਂ ਦੀ ਪਛਾਣ ਸਿਰਫ਼ ਉਨ੍ਹਾਂ ਦੇ ਵਿਚਾਰਾਂ ਅਤੇ ਕਰਮਾਂ ਰਾਹੀਂ ਹੁੰਦੀ ਹੈ, ਸਰੀਰ ਨਾਲ ਨਹੀਂ।

ਉੱਪਰ ਕੀਤੀ ਵਿਚਾਰ ਨਾਲ ਸਪਸ਼ਟ ਹੋ ਗਿਆ ਕਿ ਸਰੀਰ ‘ਗੁਰੂ’ ਨਹੀਂ ਹੋ ਸਕਦਾ, ਉਹ ਸਿਰਫ਼ ਇਕ ਸਾਧਨ ਹੈ। ‘ਗੁਰੂ’ ਤਾਂ ਵਿਚਾਰਧਾਰਾ ਹੁੰਦੀ ਹੈ। ਇਸੇ ਕਰਕੇ ਗੁਰਮਤਿ ਸਿਧਾਂਤਾਂ ਦੀ ਬਜਾਏ ਸਰੀਰ ਨਾਲ ਜੁੜਨ ਵਾਲਾ ਮਨੁੱਖ ਸੱਚ ਦੀ ਰਾਹ ਤੋਂ ਭਟਕ ਜਾਂਦਾ ਹੈ। ਇਸ ਪ੍ਰਥਾਇ ਗੁਰਵਾਕ ਹੈ :

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ।। ਅਵਰੁ ਦੂਜਾ ਕਿਉ ਸੇਵੀਐ ਜੰਮੈ ਤੇ ਮਰਿ ਜਾਇ।। (509)

ਸਰੀਰ ਨਾਲ ਜੁੜਨ ਵਾਲੇ ਮਨੁੱਖ ਹੀ ਮੂਰਤੀ ਪੂਜਾ, ਤਸਵੀਰ ਪੂਜਾ ਆਦਿਕ ਕਰਮ-ਕਾਂਡਾਂ ਦੇ ਜਾਲ ਵਿੱਚ ਫਸਦੇ ਹਨ। ਅਫਸੋਸ ਕਿ ਸਿੱਖ ਸਮਾਜ ਵੀ ਵਿਚਾਰਧਾਰਾ ਰੂਪੀ ‘ਗੁਰੂ’ ਨਾਲ ਜੁੜਨ ਦੀ ਥਾਂ ‘ਸਰੀਰ’ ਨੂੰ ਗੁਰੂ ਥਾਪ ਕੇ, ਉਸ ਨਾਲ ਜਾਂ ਉਸ ਨਾਲ ਸਬੰਧਿਤ ਵਸਤੂਆਂ ਨਾਲ ਜੁੜ ਗਿਆ। ਤਾਂ ਹੀ ਹਰ ਪਾਸੋਂ ਖੱਜਲ-ਖੁਆਰੀ ਹੋ ਰਹੀ ਹੈ। ਸਿੱਖ ‘ਸਰੀਰ’ (ਸਥੂਲ) ਨਾਲ ਕਿਵੇਂ ਜੁੜ ਰਹੇ ਹਨ, ਉਸਦੀ ਮਿਸਾਲ ਲੈਂਦੇ ਹਾਂ।

ਸਿੱਖ ਸਮਾਜ ਵਿੱਚ ਗਰੀਬ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅਨੇਕਾਂ ਬੱਚੇ ਗਰੀਬੀ ਕਾਰਨ ਅਨਪੜ੍ਹ ਜਾਂ ਅਧਪੜ੍ਹ ਰਹਿ ਜਾਂਦੇ ਹਨ। ਨੌਜੁਆਨ ਨਸ਼ਿਆਂ ਵਿੱਚ ਗਰਕ ਹੋ ਰਹੇ। ਪਰ ਆਰਥਕ ਪੱਖੋਂ ਸੁਖਾਲੇ ਸਿੱਖਾਂ ਨੂੰ ਇਨ੍ਹਾਂ ਦੀ ਕੋਈ ਫਿਕਰ ਨਹੀਂ। ਕੁਝ ਵਿਰਲਿਆਂ ਨੂੰ ਛੱਡ ਕੇ, ਕੋਈ ਵੀ ਸਿੱਖ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜਵੰਦ ਲੋਕਾਂ ਦੀ ਭਲਾਈ ਵਾਸਤੇ ਕੋਈ ਉਪਰਾਲਾ ਨਹੀਂ ਕਰਦੇ। ਕਿਉਂਕਿ ਅਜਿਹੇ ਕਾਰਜ ਉਹੀ ਵਿਅਕਤੀ ਕਰ ਸਕਦਾ ਹੈ, ਜਿਹੜਾ ਗੁਰੂ ਦੀ ਵਿਚਾਰਧਾਰਾ ਨਾਲ ਜੁੜਿਆ ਹੋਵੇ। ਦੂਜੀ ਤਰਫ, ਜਾਗ੍ਰਿਤੀ ਯਾਤਰਾਵਾਂ ਦੇ ਰੂਪ ਵਿੱਚ ਗੁਰੂ ਸਾਹਿਬਾਨ ਦੀਆਂ ਸਰੀਰਕ ਨਿਸ਼ਾਨੀਆਂ (ਸੱਚੀਆਂ ਜਾਂ ਝੂਠੀਆਂ) ਦੇ ਦਰਸ਼ਨ ਕਰਨ ਲਈ ਇਹੀ ਲੋਕ ਲੱਖਾਂ-ਕਰੋੜਾਂ ਰੁਪਏ ਲੁਟਾ ਦਿੰਦੇ ਹਨ। ਇਸੇ ਤਰ੍ਹਾਂ, ਨਗਰ ਕੀਰਤਨਾਂ ਜਾਂ ਚੇਤਨਾ ਮਾਰਚਾਂ ਦੇ ਆਯੋਜਨ ਵਾਸਤੇ ਅਤੇ ਗੁਰਦੁਆਰਿਆਂ ਵਿੱਚ ਸੰਗਮਰਮਰ ਜਾਂ ਸੋਨੇ ਦੀਆਂ ਪਾਲਕੀਆਂ ਲਗਾਉਣ ’ਤੇ ਤਾਂ ਹਜ਼ਾਰਾਂ-ਲੱਖਾਂ ਰੁਪਏ ਖਰਚ ਦਿੱਤੇ ਜਾਂਦੇ ਹਨ ਪਰ ਇਨਸਾਨੀਅਤ ਨੂੰ ਲਾਭ ਪਹੁੰਚਾ ਸਕਣ ਵਾਲਾ ਕੋਈ ਉਦਮ ਨਹੀਂ ਕੀਤਾ ਜਾਂਦਾ। ਜੇਕਰ ਅਜਿਹੇ ਲੋਕ ਵਿਚਾਰਧਾਰਾ (ਸਿਧਾਂਤ) ਪੜ੍ਹਦੇ ਤਾਂ ਸਮਝ ਆਉਂਦੀ ਕਿ ਜਿਸ ਗੁਰੂ ਦਾ ਸਤਿਕਾਰ ਤੁਸੀਂ ਸੋਨੇ ਨਾਲ ਕਰਨਾ ਲੋਚਦੇ ਹੋ, ਉਹੀ ਗੁਰੂ ਸਮਝਾ ਰਿਹਾ ਹੈ :

ਕੰਚਨ ਸਿਉ ਪਾਈਐ ਨਹੀ ਤੋਲਿ।। ਮਨੁ ਦੇ ਰਾਮੁ ਲੀਆ ਹੈ ਮੋਲਿ।। (327)

ਇਸ ਅਗਿਆਨਤਾ ਕਾਰਨ ਹੀ ਅਜੋਕੇ ਸਿੱਖ, ਗੁਰੂ ਸਾਹਿਬਾਨ ਦੀਆਂ ਕਥਿਤ ਨਿਸ਼ਾਨੀਆਂ (ਗੰਗਾ ਸਾਗਰ, ਸਿਮਰਨਾ, ਜ਼ਿਰਾਹ-ਬਖ਼ਤਰ ਆਦਿ) ਨੂੰ ਪ੍ਰਾਪਤ ਕਰਨ ਲਈ ਕਰੋੜਾਂ ਰੁਪਏ ਖਰਚ ਦਿੰਦੇ ਹਨ। ਸਿੱਖਾਂ ਦਾ ਇਹ ਵਰਤਾਰਾ, ਅਜਿਹੀਆਂ (ਕਥਿਤ) ਨਿਸ਼ਾਨੀਆਂ ਦੇ ਮਾਲਕਾਂ ਨੂੰ ਲਖਪਤੀ ਜਾਂ ਕਰੋੜਪਤੀ ਬਣਾ ਦਿੰਦਾ ਹੈ ਪਰ ਜਿਹੜੀ ਨਿਸ਼ਾਨੀ ਸਾਡਾ ‘ਗੁਰੂ’ ਹੈ, ਜਿਸਨੂੰ ਪਾਤਸ਼ਾਹ ਆਪ ਸੌਂਪ ਗਏ ਸਨ, ਉਸ ਵਿਚਾਰਧਾਰਾ ਰੂਪੀ ਨਿਸ਼ਾਨੀ ਦੀ ਕੋਈ ਕਦਰ ਨਹੀਂ। ਤਾਂ ਹੀ ਕੌਮ ਅਨੇਕਾਂ ਰੋਗਾਂ ਵਿੱਚ ਫਸੀ ਹੋਈ ਹੈ। ਗੁਰਵਾਕ ਵੀ ਹੈ :

ਪਰਮੇਰ ਤੇ ਭੁਲਿਆਂ ਵਿਆਪਨਿ ਸਭੇ ਰੋਗ।। (135)

ਗੁਰਬਾਣੀ ਕਹਿੰਦੀ ਹੈ :

ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।। (350)

ਪਰ ਵਧੇਰੇ ਸ਼ਰਧਾਵਾਨ ਲੋਕਾਂ ਨੇ ਅਨੇਕਾਂ ਚੀਜ਼ਾਂ ‘ਸਾਹਿਬ’ ਬਣਾ ਦਿੱਤੀਆਂ ਹਨ। ਜਿਵੇਂ ਪਾਲਕੀ ਸਾਹਿਬ, ਥੜਾ ਸਾਹਿਬ, ਚੌਰ ਸਾਹਿਬ, ਰੁਮਾਲਾ ਸਾਹਿਬ, ਨਿਸ਼ਾਨ ਸਾਹਿਬ। ਫੇਰ ਇਨ੍ਹਾਂ ਸਥੂਲ ਸਾਹਿਬਾਂ ਨਾਲ ਅਜਿਹੇ ਜੁੜੇ ਕਿ ਉਹ ਸੱਚਾ ਸਾਹਿਬ (ਜਿਸਨੂੰ ਗੁਰਬਾਣੀ ਵਿੱਚ ‘‘ਸਾਹਿਬੁ ਮੇਰਾ ਏਕੋ ਹੈ’’ ਕਿਹਾ ਗਿਆ ਹੈ) ਨੂੰ ਉੱਕਾ ਹੀ ਭੁਲਾ ਦਿੱਤਾ। ਜਿਹੜੇ ਲੋਕ ਆਪਣਾ ਭਲਾ ਚਾਹੁੰਦੇ ਹਨ, ਕੌਮ ਦਾ ਭਲਾ ਚਾਹੁੰਦੇ ਹਨ, ਸਰਬੱਤ ਦਾ ਭਲਾ ਚਾਹੁੰਦੇ ਹਨ - ਉਨ੍ਹਾਂ ਨੂੰ ਉਸੇ ਇਕ ‘ਸਾਹਿਬ’ (ਦੀ ਵਿਚਾਰਧਾਰਾ) ਵੱਲ ਵਾਪਸ ਮੁੜਨਾ ਪਵੇਗਾ। ਸਿਰਫ਼ ਸਾਹਿਬ ਅੱਗੇ ਮੰਗਣ ਨਾਲ ਜਾਂ ਅਰਦਾਸਾਂ ਕਰਨ ਨਾਲ ਹੀ ਕੌਮ ਜਾਂ ਸਰਬੱਤ ਦਾ ਭਲਾ ਨਹੀਂ ਹੋ ਸਕੇਗਾ।

ਆਉ ਹੁਣ ‘ਗੁਰੂ’ ਬਾਰੇ ਚੱਲ ਰਹੀ ਵਿਚਾਰ ਅੱਗੇ ਵਧਾਈਏ। ਕੀ ਨਾਨਕ ਸਾਹਿਬ ਦਾ ਸਰੀਰ ਸਾਡਾ ਗੁਰੂ ਸੀ ਜਾਂ ਉਨ੍ਹਾਂ ਵੱਲੋਂ ਬਖਸ਼ੀ ਵਿਚਾਰਧਾਰਾ? ਜੇ ਅਸੀਂ ਵਿਚਾਰਧਾਰਾ ਨੂੰ ‘ਗੁਰੂ’ ਸਮਝਦੇ ਹਾਂ, ਤਾਂ ‘ਗੁਰੂ’ ਇਕ ਹੀ ਰਹਿੰਦਾ ਹੈ, ਦਸ ਜਾਂ ਜ਼ਿਆਦਾ ਨਹੀਂ। ਪਰ ਅਸੀਂ ਸਰੀਰ ਨੂੰ ਹੀ ‘ਗੁਰੂ’ ਮੰਨ ਲਿਆ। ਤਾਂ ਹੀ ਦਸ ਗੁਰੂ ਸਾਹਿਬਾਨ ਜਿਹੇ ਨਿਰੋਲ ਸਿਧਾਂਤ-ਵਿਰੋਧੀ ਲਫ਼ਜ਼ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਬਣ ਗਏ। ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੀ ਗੁਰਗੱਦੀ (ਸੱਚ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ) ਅੰਗਦ ਪਾਤਸ਼ਾਹ ਨੂੰ ਬਖਸ਼ ਦਿੱਤੀ। ਕੀ ਉਸ ਸਮੇਂ ਸਿੱਖਾਂ ਦੇ ਦੋ ਗੁਰੂ ਹੋ ਗਏ ਸਨ? ਨਹੀਂ, ਗੁਰੂ ਤਾਂ ਇਕ ਹੀ ਸੀ, ਜੋ ਉਹ ਸੱਚ ’ਤੇ ਅਧਾਰਿਤ ਵਿਚਾਰਧਾਰਾ ਸੀ, ਜੋ ਨਾਨਕ ਜੀ ਅਤੇ ਅੰਗਦ ਜੀ, ਦੋਵਾਂ ਕੋਲ ਸੀ। ਸਰੀਰ ਤਾਂ ਕੁਝ ਸਮੇਂ ਬਾਅਦ ਨਸ਼ਟ ਹੋ ਜਾਂਦਾ ਹੈ ਪਰ ਵਿਚਾਰਧਾਰਾ ਹਮੇਸ਼ਾ ਜੀਵਤ ਰਹਿੰਦੀ ਹੈ। ਸੋ ਜਦ ਅਸੀਂ ਨਾਨਕ ‘ਜੋਤਿ’ ਦੇ ਅੰਗਦ ਜੀ ਵਿੱਚ ਸਮਾ ਜਾਣ ਦੀ ਗੱਲ ਕਰਦੇ ਹਾਂ, ਤਾਂ ਇਸਦਾ ਅਰਥ ਇਹ ਨਹੀਂ ਕਿ ਹਿੰਦੀ ਫਿਲਮਾਂ ਵਾਂਗੂ ਕੋਈ ਲਾਈਟ ਜਾਂ ਪ੍ਰਕਾਸ਼ ਇਕ ਸਰੀਰ ਵਿੱਚੋਂ ਦੂਜੇ ਸਰੀਰ ਵਿੱਚ ਟ੍ਰਾਂਸਫਰ ਹੋ ਜਾਂਦੀ ਹੈ। ਗੁਰਮਤਿ ਅਜਿਹਾ ਨਹੀਂ ਮੰਨਦੀ। ਟ੍ਰਾਂਸਫਰ ਤਾਂ ਸਿਰਫ਼ ਗਿਆਨ ਜਾਂ ਵਿਚਾਰਧਾਰਾ ਹੀ ਹੁੰਦੀ ਹੈ :

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।। (966)

ਵਾਲੀ ਤੁੱਕ ਵਿੱਚ ਵੀ ਜੋਤਿ ਦਾ ਮਾਇਨਾ ‘ਵਿਚਾਰਧਾਰ ਜੋਤਿ’ ਹੀ ਹੈ। ਇਸਲਈ ਜਦੋਂ ਅਸੀਂ ਨਾਨਕ ਜੀ ਨੂੰ ‘ਗੁਰੂ’ ਨਾਨਕ ਸਾਹਿਬ ਆਖਦੇ ਹਾਂ, ਤਾਂ ਗੁਰਮਤਿ ਅਨੁਸਾਰ ਇਸਦੇ ਮਾਇਨੇ ਬਣਦੇ ਹਨ ਨਾਨਕ ਪਾਤਸ਼ਾਹ ਜੀ ਵੱਲੋਂ ਬਖਸ਼ੀ ਸੱਚ ਦੇ ਗਿਆਨ ਦੀ ਵਿਚਾਰਧਾਰਾ। ਅਸੀਂ ਉਨ੍ਹਾਂ ਵਿਚਲੀ ਉਸ ਵਿਚਾਰਧਾਰਾ ਨੂੰ ‘ਗੁਰੂ’ ਪੁਕਾਰਦੇ ਹਾਂ, ਤਾਂ ਹੀ ਇਹ ਸਿਧਾਂਤਕ ਤੌਰ ’ਤੇ ਠੀਕ ਹੈ। ਪਰ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਗੁਰੂ ਮੰਨਣਾ ਗੁਰਮਤਿ ਅਸੂਲਾਂ ਦੇ ਉਲਟ ਹੈ। ਇਸੇਲਈ ਸਰੀਰ ਦੀ ਪੂਜਾ ਕਰਨ ਵਾਲੇ ਲੋਕ, ਨਾਨਕ ਸਾਹਿਬ ਦੀਆਂ ਤਸਵੀਰਾਂ ਜਾਂ ਮੂਰਤੀਆਂ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ ਦੀ ਮਨਮਤਿ ਕਰ ਰਹੇ ਹਾਂ। ਇਸੇ ਕੜੀ ਵਿੱਚ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਕੁਝ ਤੁਕਾਂ ਦੇ ਗਲਤ ਅਰਥ ਕਰਕੇ ਇੲ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਾਨਕ ਪਾਤਸ਼ਾਹ ਜੀ ਨੇ ‘ਚਰਨ ਪਾਹੁਲ’ ਦੀ ਰੀਤ ਚਲਾਈ। ਭਾਵੇਂ ਗੁਰਬਾਣੀ ਇਨ੍ਹਾਂ ‘ਚਰਨਾਂ’ ਦੇ ਅਰਥ ਸਪਸ਼ਟ ਸਮਝਾ ਰਹੀ ਹੈ :

ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ।। (680)

ਭਾਵ, ਸੱਚ ਦੇ ਗਿਆਨ ਰੂਪੀ ਸ਼ਬਦ ਹੀ ‘ਚਰਨ’ ਹਨ। ਪਰ ਸਿੱਖਾਂ ਨੇ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਥੋੜੀ ਲੈਣੀ ਹੈ। ਇਨ੍ਹਾਂ ਤਾਂ ਸੇਧ ਲੈਣੀ ਹੈ ਬ੍ਰਾਹਮਣਵਾਦੀ ਸਾਖੀਆਂ ਤੋਂ ਜਾਂ ‘ਸੂਰਜ ਪ੍ਰਕਾਸ਼’, ਗੁਰਬਿਲਾਸ ਪਾ: 6ਵੀਂ, ਬਚਿੱਤਰ ਨਾਟਕ ਜਿਹੇ ਬ੍ਰਾਹਮਣਵਾਦੀ ਗ੍ਰੰਥਾਂ ਤੋਂ। ਫਿਰ ਭਟਕਣਾ ਤਾਂ ਹੋਇਆ ਹੀ। ਸਰੀਰ ਨੂੰ ‘ਗੁਰੂ’ ਸਮਝਣ ਕਾਰਨ ਹੀ ਗੋਬਿੰਦ ਸਿੰਘ ਜੀ ਤੱਕ ਪਹੁੰਚ ਕੇ ‘ਗੁਰੂ’ ਦੀ ਗਿਣਤੀ ਇਕ ਦੀ ਥਾਂ ‘ਦਸ’ ਹੋ ਗਈ। ਜੇ ਵਿਚਾਰਧਾਰਾ ਨੂੰ ਗੁਰੂ ਮੰਨਦੇ ਹੁੰਦੇ, ਤਾਂ ‘ਗੁਰੂ’ ਇਕ ਹੀ ਰਹਿਣਾ ਸੀ ਕਿਉਂਕਿ ਨਾਨਕ ਸਾਹਿਬ ਤੋਂ ਲੈ ਕੇ ਗੋਬਿੰਦ ਸਿੰਘ ਜੀ ਤੱਕ ਇਕ ਹੀ ‘ਵਿਚਾਰਧਾਰਾ’ ਸੀ। ਫਿਰ ਸੁਭਾਵਿਕ ਤੌਰ ’ਤੇ ਗੁਰੂ ਵੀ ਇਕ ਹੀ ਹੋਇਆ।

ਇਸ ਵਿਚਾਰ ਤੋਂ ਸਪਸ਼ਟ ਹੋਇਆ ਕਿ ‘ਦਸ ਗੁਰੂ ਸਾਹਿਬਾਨ’ ਦਾ ਵਾਕਾਂਸ਼ ਨੀਮ ਸਿਧਾਂਤ-ਵਿਰੋਧੀ ਹੈ। ਸੋ ਜਿਤਨੀ ਜਲਦੀ ਹੋ ਸਕੇ, ਸੇਧ ਲੈਣੀ ਚਾਹੀਦੀ ਹੈ। ਇਸਦੀ ਥਾਂ ‘ਨਾਨਕ ਵਿਚਾਰਧਾਰਾ ਜੋਤਿ ਦੇ ਦਸ ਜਾਮੇ’ ਜਾਂ ਹੋਰ ਕੋਈ ਢੁਕਵਾਂ ਵਾਕਾਂਸ਼ ਵਰਤਿਆ ਜਾ ਸਕਦਾ ਹੈ। ਇਸ ਅਹਿਮ ਨੁਕਤੇ ਵੱਲ ਧਿਆਨ ਨਾ ਦੇਣ ਕਾਰਨ ਹੀ ਅਸੀਂ ‘ਪਹਿਲੇ ਗੁਰ’, ‘ਪੰਜਵੇਂ ਗੁਰੂ’ ਆਦਿਕ ਸਿਧਾਂਤ-ਵਿਰੋਧੀ ਲਫ਼ਜ਼ਾਂ ਤੋਂ ਛੁਟਕਾਰਾ ਪਾ ਸਕਾਂਗੇ।

ਇਹ ਤਾਂ ਗੱਲ ਹੋਈ ਸਿੱਖਾਂ ਵੱਲੋਂ ਅਣਗਹਿਲੀ ਅਤੇ ਗਲਤ ਲਫ਼ਜ਼ਾਂ ਰਾਹੀਂ ਪ੍ਰਚਾਰੇ ਜਾ ਰਹੀ ਦੱਸ ਗੁਰੂਆਂ ਦੀ। ਹੁਣ ਗੱਲ ਕਰਦੇ ਹਾਂ ‘‘ਗਿਆਰ੍ਹਵੇਂ ਗੁਰੂ’’ ਗ੍ਰੰਥ ਸਾਹਿਬ ਜੀ ਦੀ। ਇੱਥੇ ਵੀ ਇਹੀ ਨੁਕਤਾ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਸਾਡਾ ਗੁਰੂ ‘ਗ੍ਰੰਥ’ ਜੀ ਵਿਚਲੀ ਵਿਚਾਰਧਾਰਾ (ਗਿਆਨ) ਹੈ ਨਾ ਕਿ ਉਹ ਕਾਗਜ਼ ਜਾਂ ਸਿਆਹੀ ਨਹੀਂ, ਜਿਸ ’ਤੇ ਇਹ ਗਿਆਨ ਲਿਖਿਆ ਹੈ। ਉਹ ਕਾਗਜ਼, ਸਿਆਹੀ ਸਾਧਨ ਹਨ। ਸੋ ‘ਗੁਰੂ’ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਮਾਇਨਾ ਹੈ, ਉਨ੍ਹਾਂ ਵਿੱਚ ਦਿੱਤੇ ਗਿਆਨ (ਵਿਚਾਰਧਾਰਾ) ਨਾਲ ਜੁੜਨਾ। ਜੇ ‘ਵਿਚਾਰਧਾਰਾ’ ਨਾਲ ਜੁੜੇ ਬਿਨ੍ਹਾਂ ਸਿਰਫ਼ ਬਾਹਰੀ ਸਤਿਕਾਰ ਦੇ ਠੋਕਰਾਂ ਵਿੱਚ ਪੈ ਗਏ ਤਾਂ ਉਹ ਮੂਰਤੀ-ਪੂਜਾ ਦਾ ਰੂਪ ਧਾਰਨ ਕਰ ਲੈਂਦਾ। ਅੱਜ ਇਹੀ ਸਿੱਖ ਸਮਾਜ ਵਿੱਚ ਹੋ ਰਿਹਾ ਹੈ। ‘ਵਿਚਾਰਧਾਰਾ’ (ਗਿਆਨ) ਨਾਲੋਂ ਤਾਂ ਲਗਭਗ ਸਾਰੇ ਟੁੱਟ ਚੁੱਕੇ ਹਨ, ਬਸ ‘ਗ੍ਰੰਥ ਜੀ’ ਦੇ ਬਾਹਰੀ ਸਰੂਪ ਨਾਲ ਹੀ ਜੁੜ ਗਏ ਹਨ। ਤਾਂ ਹੀ ਕੋਈ ਸੋਨੇ ਦੀ ਪਾਲਕੀ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੜਕਾਂ ਤੇ ਘੁਮਾ ਕੇ ਵੱਡਾ ਪੰਥਕ ਹੋਣ ਦਾ ਭਰਮ ਪਾਲ ਰਿਹਾ ਹੈ। ਕੋਈ ਪੀੜੇ ਦੇ ਪਾਵਿਆਂ ਦੀ ਮੁੱਠੀ-ਚਾਪੀ ਕਰਕੇ ਹੀ ਸਿੱਖ ਬਣਿਆ ਫਿਰ ਰਿਹਾ ਹੈ। ਕੋਈ ‘ਸੁਖਾਸਨ’ ਦੇ ਕਮਰੇ ਵਿੱਚ ਏ.ਸੀ., ਕੂਲਰ ਲਗਵਾਉਣ ਨੂੰ ਹੀ ‘ਗੁਰੂ’ ਦੀ ਸੇਵਾ ਸਮਝ ਰਿਹਾ ਹੈ। ਕੋਈ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਮਹਿੰਗੇ ਰੁਮਾਲੇ, ਮਹਿੰਗੀਆਂ ਚਾਣਨੀਆਂ ਲਾਉਣ ਨੂੰ ਹੀ ‘ਗੁਰੂ’ ਦਾ ਸਤਿਕਾਰ ਸਮਝ ਰਿਹਾ ਹੈ। ਅਸਲੀ ਸਤਿਕਾਰ ਸਾਰਿਆਂ ਨੂੰ ਭੁੱਲਿਆ ਪਿਆ ਹੈ।

ਬਾਹਰੀ ਸਰੂਪ ਦੇ ਸਤਿਕਾਰ ਦੇ ਪਿੱਛੇ ਲੱਗ ਕੇ ਗਿਆਨ ਤੋਂ ਸੱਖਣੇ ਸਿੱਖ ਹੀ ਇਹ ਦਾਅਵਾ ਵੀ ਕਰਦੇ ਹਨ ਕਿ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਛਾਪਣ ਨਾਲ, ਕੰਟੇਨਰਾਂ ਵਿੱਚ ਲਿਜਾਉਣ ਆਦਿ ਕਾਰਨ ‘ਗੁਰੂ’ ਦੀ ਬੇਅਦਬੀ ਹੁੰਦੀ ਹੈ। ਕੋਈ ਸੁੱਚਮ ਦਾ ਵਹਿਮ ਕਰਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਜਾ ਰਿਹਾ। ਪਾਠ ਕਰਨਾ ਤਾਂ ਸਿਰਫ਼ ਪੁਜਾਰੀ ਸ਼੍ਰੇਣੀ (ਗ੍ਰੰਥੀ, ਪਾਠੀ ਆਦਿਕ) ਵਾਸਤੇ ਹੀ ਰਾਖਵਾਂ ਸਮਝਿਆ ਜਾ ਰਿਹਾ ਹੈ। ਘਰ ਵਿੱਚ ਪਾਠ ਰੱਖਿਆ ਹੋਵੇ ਤਾਂ ਘਰ ਵਾਲਿਆਂ ਦਾ ਧਿਆਨ ਗੁਰਬਾਣੀ ਸੁਣ ਕੇ ਸਮਝਣ-ਵਿਚਾਰਨ ਦੀ ਥਾਂ, ਇਸ ਵਿੱਚ ਹੀ ਰਹਿੰਦਾ ਹੈ ਕਿ ਪਾਠੀ ਨਹਾ ਕੇ ਪਾਠ ’ਤੇ ਬੈਠਿਆ ਹੈ ਜਾਂ ਨਹੀਂ; ਪਾਠੀ ਸੌਂ ਤਾਂ ਨਹੀਂ ਰਿਹਾ; ਜੇ ਪਾਠ ਖੰਡਿਤ ਹੋ ਗਿਆ ਤਾਂ ਬੇਅਦਬੀ ਹੋ ਜਾਵੇਗੀ। ‘‘ਗੁਰੂ’ ਦੇ ਬੇਅਦਬੀ ਕੋਈ ਨਹੀਂ ਕਰ ਸਕਦਾ, ਖਾਸਕਰ ਇਸ ਤਰ੍ਹਾਂ ਬਾਹਰੀ ਤਰੀਕਿਆਂ ਨਾਲ ਨਹੀਂ। ਪਾਠ ਤੋਤਾ-ਰਟਨੀਆਂ ਵਾਂਗੂ ਹੋ ਰਹੇ ਹਨ। ਇਹ ਬੇਵਕੂਫੀ ਤੋਂ ਵੱਧ ਕੁਝ ਨਹੀਂ। ਲੋੜ ਹੈ ਅਸਲੀ ਗੁਰੂ ਦੀ ਪਛਾਣ ਕਰੀਏ ਤੇ ਉਸ ਵਿਚਾਰਧਾਰਾ (ਗਿਆਨ) ਰੂਪੀ ਗੁਰੂ ਨਾਲ ਜੁੜੀਏ। ਇਹੀ ‘ਗੁਰੂ’ ਦਾ ਅਸਲੀ ਸਤਿਕਾਰ ਹੈ। ਇਸ ਲਈ ਲੋੜ ਹੈ ਗੁਰਬਾਣੀ ਨੂੰ ਸਮਝਣ-ਵਿਚਾਰਨ ਦੀ। ਸਿਰਫ਼ ਬਾਹਰੀ ਸਤਿਕਾਰ ਤੱਕ ਸੀਮਤ ਰਹਿਣਾ, ਕਰਮ-ਕਾਂਡ ਬਣ ਜਾਂਦਾ ਹੈ। ਸੋ ਸਪਸ਼ਟ ਹੋਇਆ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ ਵਿੱਚ ਵੀ ਸਾਡਾ ਗੁਰੂ, ਇਸ ਗ੍ਰੰਥ ਵਿੱਚ ਦਿੱਤੀ ਵਿਚਾਰਧਾਰਾ ਹੀ ਹੈ। ਇਹੀ ਗੁਰੂ (ਵਿਚਾਰਧਾਰਾ) ਨਾਨਕ ਜਾਮਿਆਂ ਵਿੱਚ ਸੀ। ਸੋ ਹੁਣ ਤੱਕ ‘ਗੁਰੂ’ ਇਕ ਹੀ ਹੈ : ਗਿਆਨ (ਵਿਚਾਰਧਾਰਾ)। ਜਿਸਨੂੰ ਅਸੀਂ ਗਲਤੀ ਨਾਲ ਗਿਆਰ੍ਹਵਾਂ ਗੁਰੂ ਪ੍ਰਚਾਰ ਰਹੇ ਹਾਂ।

ਹੁਣ ਗੱਲ ਕਰਦੇ ਹਾਂ ਪ੍ਰਚਲਿਤ ਬਾਰ੍ਹਵੇਂ ‘ਗੁਰੂ’ ਦੀ। ਉਹ ਹੈ ‘ਗੁਰੂ ਪੰਥ’। ਅਸਲ ਵਿੱਚ ਇਹ ਸ਼ਬਦ ‘ਗੁਰੂ ਪੰਥ’ ਨਹੀਂ ਸੀ ਬਲਕਿ ‘ਗੁਰੂ ਦਾ ਪੰਥ’ ਸੀ। ਜਿਸਦਾ ਮਲਤਬ ਹੈ ਗੁਰੂ (ਨਾਨਕ) ਦੇ ਦੱਸੇ ਰਸਤੇ ਉੱਤੇ ਤੁਰਨ ਵਾਲਿਆਂ ਦਾ ਸਮੂਹ। ਪਰ ਅਣਗਹਿਲੀ ਜਾਂ ਸਾਜਿਸ਼ੀ ਨੀਤੀ ਅਧੀਨ ਹੌਲੀ-ਹੌਲੀ ‘ਦਾ’ ਲਫ਼ਜ਼ ਦੀ ਵਰਤੋਂ ਛੱਡ ਦਿੱਤੀ ਗਈ ਤੇ ਬਣ ਗਿਆ ‘ਗੁਰੂ ਪੰਥ’। ਜਦ ਇਕ ਵਾਰ ‘ਗੁਰੂ ਪੰਥ’ ਪ੍ਰਚਲਿਤ ਹੋ ਗਿਆ ਤਾਂ ਇਸ ਗਲਤੀ ਨੂੰ ਦਰੁਸਤ ਕਰਨ ਦੀ ਥਾਂ, ਇਸਨੂੰ ਸਹੀ ਸਾਬਿਤ ਕਰਨ ਲਈ ਕਈ ਗਲਤ ਗੱਲਾਂ ਦਸਵੇਂ ਨਾਨਕ ਜਾਮੇ ਦੇ ਨਾਂ ਨਾਲ ਜੋੜ ਦਿੱਤੀਆਂ ਗਈਆਂ ਕਿਉਂਕਿ ਉਸ ਸਮੇਂ ਵਾਗਡੋਰ ਬ੍ਰਾਹਮਣਵਾਦੀ ਸ਼ਕਤੀਆਂ ਦੇ ਮੋਹਰਿਆਂ (ਨਿਰਮਲਿਆਂ ਤੇ ਉਦਾਸੀਆਂ) ਦੇ ਹੱਥ ਵਿੱਚ ਸੀ। ਇਕ ਗਲਤ ਗੱਲ ਇਹ ਪ੍ਰਚਾਰ ਦਿੱਤੀ ਗਈ ਕਿ ਦਸਵੇਂ ਨਾਨਕ ਨੇ ‘ਗੁਰੂ ਗ੍ਰੰਥ ਸਾਹਿਬ’ ਨੂੰ ਗੱਦੀ ਦੇਣ ਸਮੇਂ ਬਚਨ ਕੀਤਾ ਸੀ ਕਿ : ‘‘ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ।’’

ਬੱਸ, ਇਸੇ ਦੇ ਅਧਾਰ ’ਤੇ ਪੰਥ ਨੂੰ ਸਰੀਰਕ ਗੁਰੂ ਮੰਨ ਲਿਆ ਗਿਆ। ਹਾਲਾਂਕਿ ਪਹਿਲਾਂ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ (ਗੁਰਮਤਿ ਸਿਧਾਂਤਾਂ ਅਨੁਸਾਰ) ਸਰੀਰ ਗੁਰੂ ਨਹੀਂ ਹੋ ਸਕਦਾ। ਅਸੀਂ ਇਕ ਪਾਸੇ ਗੁਰਬਾਣੀ ਦੇ ਅਧਾਰ ’ਤੇ ਪ੍ਰਚਾਰ ਕਰਦੇ ਹਾਂ ਕਿ ‘ਪਰਮਾਤਮਾ’ ਅਤੇ ‘ਗੁਰੂ’ ਗਲਤੀ ਨਹੀਂ ਕਰ ਸਕਦਾ। ਗੁਰਵਾਕ ਦਾ ਹਵਾਲਾ ਵੀ ਦਿੰਦੇ ਹਾਂ :

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (61)

ਪਰ ਇਤਿਹਾਸ ਵਾਚਿਆਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਪ੍ਰਚਲਿਤ ‘ਪੰਥ ਗੁਰੂ’ ਨੇ ਅਨੇਕਾਂ ਵਾਰ ਗਲਤ ਫੈਸਲੇ ਲਏ ਹਨ। ਕਦੀ ਇਹ ਸਿਧਾਂਤ ਦੀ ਥਾਂ ਮੱਸੇ ਰੰਘੜ ਦਾ ਸਿਰ ਵੱਢਣ ਜਾਂ ਨਾ ਵੱਢਣ ਜਿਹੀ ਜਜ਼ਬਾਤੀ ਸ਼ਰਤ ਦੇ ਅਧਾਰ ’ਤੇ ‘‘ਬਚਿੱਤਰ ਨਾਟਕ’’ ਜਿਹੀਆਂ ਸਾਜਸ਼ੀ ਕਿਤਾਬਾਂ ਨੂੰ ਗੁਰਬਾਣੀ ਦਾ ਦਰਜਾ ਦੇ ਦਿੰਦਾ ਹੈ। ਕਦੇ ‘ਰਾਗਮਾਲਾ’ ਜਿਹੇ ਮਸਲੇ ਦਾ ਹੱਲ ਸਿਧਾਂਤਕ ਪੜਚੋਲ ਰਾਹੀਂ ਕਰਨ ਦੀ ਬਜਾਏ ਸਰੋਵਰ ਜਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਰਚੀਆਂ ਪਾਉਣ ਦੇ ਹਾਸੋਹੀਣੇ ਢੰਗ ਨਾਲ ਕਰ ਰਿਹਾ ਹੈ। ਇਸੇ ਪ੍ਰਚਲਿਤ ‘ਗੁਰੂ ਪੰਥ’ ਵੱਲੋਂ ਤਿਆਰ ਕੀਤੀ ਅਤੇ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਵਿੱਚ ਅਨੇਕਾਂ ਸਿਧਾਂਤ-ਵਿਰੋਧੀ ਬਜ਼ਰ ਗਲਤੀਆਂ ਹਨ। ਫਿਰ ਅਸੀਂ ਕਿਵੇਂ ਦਾਅਵਾ ਕਰਦੇ ਹਾਂ ਕਿ ਸਾਡਾ (ਪੰਥ) ਗੁਰੂ ਗਲਤੀਆਂ ਨਹੀਂ ਕਰਦਾ? ਇਸ ਸਮੱਸਿਆ ਦਾ ਹੱਲ ਇਹੀ ਹੈ ਕਿ ‘ਗੁਰੂ ਪੰਥ’ ਲਫ਼ਜ਼ ਨੂੰ ਸੋਧ ਕੇ ‘ਗੁਰੂ ਦਾ ਪੰਥ’ ਕੀਤਾ ਜਾਵੇ ਅਤੇ ਪੰਥ ਨੂੰ ‘ਗੁਰੂ’ ਜਾਂ ‘ਗੁਰੂ ਦਾ ਸਰੀਰ’ ਪ੍ਰਚਾਰਨਾ ਬੰਦ ਕੀਤਾ ਜਾਵੇ।

ਹੁਣ ਅੱਗੇ ਵਧਣੇ ਹਾਂ ਆਪੂੰ ਬਣਾਏ ਤੇਰ੍ਹਵੇਂ ਗੁਰੂ ਵੱਲ। ਉਹ ਹੈ ‘ਸੰਗਤ-ਗੁਰੂ’। ਗੁਰਦੁਆਰੇ ਵਿੱਚ ਲੈਕਚਰ ਦੇਣ ਵਾਲਾ ਹਰ ਸੱਜਣ ਆਪਣੇ ਵਖਿਆਨ ਵਿੱਚ ਘੱਟੋ-ਘੱਟ ਪੰਜ ਵਾਰੀ ਇਹ ਸਿਧਾਂਤ ਵਿਰੋਧੀ ਵਾਕਾਂਸ਼ ‘‘ਗੁਰੂ ਰੂਪ ਸਾਧ ਸੰਗਤ ਜੀ’’ ਜ਼ਰੂਰ ਦੁਹਰਾਉਂਦਾ ਹੈ। ਆਉ, ਪਹਿਲਾਂ ਸੰਗਤ ਦਾ ਅਰਥ ਸਮਝ ਲੈਂਦੇ ਹਾਂ। ਸੰਗਤ ਦਾ ਮਤਲਬ ਹੈ ਸਾਥ। ਤਾਂ ਹੀ ਕਹਿੰਦੇ ਹਨ ਚੰਗੀ ਸੰਗਤ, ਮੰਦੀ ਸੰਗਤ ਜਾਂ ਭੈੜੀ ਸੰਗਤ। ਧਾਰਮਕ ਨਜ਼ਰੀਏ ਤੋਂ ‘ਸੰਗਤ’ ਲੋਕਾਂ ਦੇ ਉਸ ਸਮੂਹ ਨੂੰ ਕਿਹਾ ਜਾਂਦਾ ਹੈ, ਜਿੱਥੇ ਲੋਕ ਭਜਨ-ਕੀਰਤਨ ਜਾਂ ਵਿਚਾਰ ਕਰਨ ਲਈ ਇਕੱਠੇ ਹੁੰਦੇ ਹਨ। ਗੁਰਬਾਣੀ ਵਿੱਚ ਜ਼ਿਆਦਾਤਰ ‘‘ਸਤ ਸੰਗਤਿ ਜਾਂ ਸਾਧ ਸੰਗਤ ਜਾਂ ਸੰਤ ਸੰਗਤ’’ ਦੀ ਮਹਿਮਾ ਦੱਸੀ ਗਈ ਹੈ। ‘ਸੰਤ ਸੰਗਤਿ’ ਦੀ ਗੁਰਮਤਿ ਅਨੁਸਾਰੀ ਪਰਿਭਾਸ਼ਾ ਵੀ ਵਿਚਾਰ ਲੈਂਦੇ ਹਾਂ। ਗੁਰਵਾਕ ਹੈ :

ਸਤਸੰਗਤਿ ਕੈਸੀ ਜਾਣੀਐ।। ਜਿਥੈ ਏਕੋ ਨਾਮੁ ਵਖਾਣੀਐ।। (72)

ਭਾਵ, ਸਤ ਸੰਗਤ ਉਹੀ ਇਕੱਠ ਕਹਿਲਾ ਸਕਦਾ ਹੈ, ਜਿੱਥੇ ਇਕ ਪ੍ਰਭੂ ਵੱਲੋਂ ਬਖਸ਼ੇ ਸੱਚ ਦੇ ਗਿਆਨ (ਨਾਮ) ਦੀ ਵਿਚਾਰ ਹੁੰਦੀ ਹੈ। ਗੁਰਬਾਣੀ ਵਿੱਚ ਸਤ-ਸੰਗਤ ਦੀ ਮਹਿਮਾ ਦੱਸਦੇ ਹੋਏ ਇਥੋਂ ਤੱਕ ਕਿਹਾ ਗਿਆ ਹੈ :

ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭ ਵਸੈ ਜੀਉ।। (94)

ਭਾਵ, ਸਤ ਸੰਗਤ ਵਿੱਚ ਪ੍ਰਭੂ ਦਾ ਵਾਸਾ ਹੈ। ਆਉ, ਸਤਿ ਸੰਗਤ ਵਿੱਚ ਗੁਰੂ ਜਾਂ ਪ੍ਰਭੂ ਦੇ ਵਾਸੇ ਦੇ ਵੀ ਅਸਲ ਅਰਥ ਵਿਚਾਰ ਲਈਏ।

ਸਤਿ ਸੰਗਤ ਵਿੱਚ ਵਸਿਆ ‘ਗੁਰੂ’ ਉਹੀ ਸੱਚ ਦਾ ਗਿਆਨ (ਵਿਚਾਰਧਾਰਾ) ਹੈ, ਜਿਸਦੀ ਵਿਚਾਰ ਸਤਿ ਸੰਗਤ ਵਿੱਚ ਹੋ ਰਹੀ ਹੁੰਦੀ ਹੈ। ਨਾਕਿ ਸੰਗਤ ਵਿੱਚ ਸ਼ਾਮਲ ਲੋਕਾਂ ਦੇ ਸਰੀਰਾਂ ਵਿੱਚ ‘ਗੁਰੂ’ ਵਸਦਾ ਹੈ। ਪਰ ਅਸੀਂ ਲੋਕਾਂ ਦੇ ਸਰੀਰਾਂ ਦੇ ਸਮੂਹ ਨੂੰ ਹੀ (ਸਰੀਰਕ) ਗੁਰੂ ਸਮਝਦੇ ਹਾਂ, ਪ੍ਰਚਾਰਦੇ ਹਾਂ। ਤਾਂ ਹੀ ਇਹ ਸਿਧਾਂਤ ਵਿਰੋਧੀ ਲਫ਼ਜ਼ ਪ੍ਰਚਲਿਤ ਹੋ ਗਏ ਹਨ ਕਿ ‘‘ਗੁਰੂ ਵੀਹ ਬਿਸਵੇ, ਸੰਗਤ ਇੱਕੀ ਬਿਸਵੇ।’’ ਐਸੀ ਸਰੀਰਕ ‘ਸੰਗਤ ਗੁਰੂ’ ਦੇ ਜਲਵੇ ਗੁਰਦੁਆਰਿਆਂ (ਅਸਲ ਵਿੱਚ ਬ੍ਰਾਹਮਣਦੁਆਰੇ, ਕਿਉਂਕਿ ਉੱਥੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਤਾਂ ਕੁਝ ਹੁੰਦਾ ਨਹੀਂ। ਸਿਰਫ਼ ‘ਗੁਰੂ’ ਦਾ ਨਾਮ ਹੀ ਵਰਤਿਆ ਜਾਂਦਾ ਹੈ) ਵਿੱਚ ਆਮ ਵੇਖੇ-ਸੁਣੇ ਜਾ ਸਕਦੇ ਹਨ। ਜਿਸ ਸੰਗਤ ਨੂੰ ਕੁਝ ਸਮਾਂ ਪਹਿਲਾਂ ਤੱਕ ਪ੍ਰਚਾਰਕ (ਰਾਗੀ, ਢਾਡੀ, ਕਥਾਵਾਚਕ ਆਦਿ) ਬਾਰ-ਬਾਰ ‘ਗੁਰੂ’ ਦੀ ਪਦਵੀ ਨਾਲ ਨਿਵਾਜ਼ ਰਹੇ ਹੁੰਦੇ ਹਨ, ਉਸੇ ਗੁਰੂ ਵਿੱਚੋਂ ਕਈ ਮਨੁੱਖ ਰਾਖਸ਼ (ਬਿਰਤੀ ਵਾਲੇ) ਬਣ ਕੇ ਇਕ-ਦੂਜੇ ਦੀਆਂ ਪੱਗਾਂ ਲਾਹ ਰਹੇ ਹੁੰਦੇ ਹਨ, ਕ੍ਰਿਪਾਨਾਂ ਸੂਤ ਰਹੇ ਹੁੰਦੇ ਹਨ, ਗਾਲ੍ਹਾਂ ਕੱਢ ਰਹੇ ਹੁੰਦੇ ਹਨ। ਕਾਰਨ ਉਹੀ : ਉਨ੍ਹਾਂ ਵਿੱਚ ਵਿਚਾਰਧਾਰ ਗੁਰੂ (ਸਿਧਾਂਤ) ਤਾਂ ਹੁੰਦਾ ਕੋਈ ਨਹੀਂ। ਜਿਸ ਨੂੰ ਉਹ ਸਰੀਰਕ ਗੁਰੂ (ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਸਰੂਪ) ਸਮਝ ਰਹੇ ਹੁੰਦੇ ਹਨ, ਉਸ ਦਾ ਕੋਈ ਭੈਅ ਨਹੀਂ ਹੁੰਦਾ ਕਿਉਂਕਿ ਉਸਨੇ ਕਿਹੜਾ ਉਠ ਕੇ ਟੋਕਣਾ ਹੈ? ਅਜਿਹੇ ਸਿੱਖਾਂ ਦੇ ‘ਸੰਗਤ-ਗੁਰੂ’ ਦੇ ਕਾਰਨਾਮੇ ਅੱਜਕਲ ਮੀਡੀਆ ਦੀਆਂ ਸੁਰਖੀਆਂ ਬਣ ਰਹੇ ਹਨ। ਸੋ ਲੋੜ ਹੈ ‘ਸੰਗਤ ਗੁਰੂ’ ਦੇ ਗਲਤ ਪ੍ਰਚਲਿਤ ਸੰਕਲਪ ਨੂੰ ਰੱਦ ਕਰਨ ਦੀ। ਗੁਰੂ ਦੀ ਸੰਗਤ ਤਾਂ ਹੋ ਸਕਦੀ ਹੈ ਪਰ ‘ਸੰਗਤ ਗੁਰੂ’ ਨਹੀਂ ਹੋ ਸਕਦੀ। ਇਸ ਤਰ੍ਹਾਂ ਵਿਚਾਰ ਉਪਰੰਤ ਇਕ ਹੋਰ ਗਲਤ ਪ੍ਰਚਲਿਤ ਸਿੱਖ ‘ਗੁਰੂ’ ਦੀ ਹੋਂਦ ਘੱਟ ਜਾਂਦੀ ਹੈ।

ਹੁਣ ਵਿਚਾਰ ਨੂੰ ਵਧਾਉਂਦੇ ਹਾਂ ਪ੍ਰਚਲਿਤ ਚੌਦਵੇਂ ਗੁਰੂ, ਯਾਨੀ ਪੰਜ ਪਿਆਰਿਆਂ ਰੂਪੀ ਗੁਰੂ ਵੱਲ। ਗੁਰਮਤਿ ਸਿਧਾਂਤਾਂ ਵਿੱਚ ‘ਇਕ’ ਤੋਂ ਸਿਵਾਏ ਕਿਸੇ ਹਿੰਦਸੇ (ਗਿਣਤੀ) ਦਾ ਕੋਈ ਮਹੱਤਵ ਨਹੀਂ ਹੈ। ‘ਇਕ’ ਦਾ ਵੀ ਮਹੱਤਵ ਇਸੇ ਕਰਕੇ ਹੈ ਕਿ ਇਹ ਅਕਾਲ ਪੁਰਖ ਦਾ ਲਖਾਇਕ ਹੈ ਤੇ ਏਕਤਾ ਵੱਲ ਲੈ ਜਾਂਦਾ ਹੈ। ਪਰ ਖੰਡੇ ਦੀ ਪਾਹੁਲ ਵਾਲੇ ਕੌਤਕ ਵਿੱਚ ‘ਪੰਜ’ ਸਿੰਘਾਂ ਦੇ ਚੁਣੇ ਜਾਣ ਦੇ ਇੱਤਫਾਕ-ਵੱਸ ‘ਪੰਜ ਪਿਆਰੇ’ ਚੁਣੇ ਜਾਣ ਤੋਂ ਪਿੱਛੋਂ (ਕੁਝ ਸਾਲਾਂ ਬਾਅਦ) ਬਿਨਾਂ ਸਿਧਾਂਤਕ ਵਿਚਾਰ ਤੋਂ, ਸਿੱਖ ‘ਪੰਜ’ ਦੇ ਹਿੰਦਸੇ ਨੂੰ ‘ਪਵਿੱਤਰ’ ਹੀ ਮੰਨਣ ਲੱਗ ਪਏ ਹਨ। ਬਸ ਫਿਰ ਕੀ ਸੀ, ਸਿੱਖ ਸਮਾਜ ਵਿੱਚ ਹਰ ਪਾਸੇ ‘ਪੰਜ’ ਦਾ ਹਿੱਸਾ ਛਾਉਣ ਲੱਗ ਪਿਆ। ਨਿੱਤਨੇਮ ਦੀਆਂ ਬਾਣੀਆਂ ਧੱਕੇ ਨਾਲ ਪੰਜ (ਕੁੱਲ ਜਾਂ ਪ੍ਰਭਾਤ ਵੇਲੇ ਦੀਆਂ) ਕਰ ਦਿੱਤੀਆਂ ਗਈਆਂ। ਸਿੱਖਾਂ ਨੂੰ ਇਸ ਤੱਥ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਨ੍ਹਾਂ ਬਾਣੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ, ਵਿਵਾਦਿਤ ਗ੍ਰੰਥ (ਜਿਸਨੂੰ ਤੱਤ ਗੁਰਮਤਿ ਦੇ ਧਾਰਨੀ ਵੀਰਾਂ/ਵਿਦਵਾਨਾਂ ਨੇ ਗੁਰਮਤਿ-ਵਿਰੋਧੀ ਰਚਨਾ ਸਾਬਿਤ ਕਰ ਦਿੱਤਾ ਹੈ) ਦੀਆਂ ਰਚਨਾਵਾਂ ਵੀ ਸ਼ਾਮਲ ਹਨ (ਸਿੱਖ ਤਾਂ ਸਿਧਾਂਤਾਂ/ਅਸੂਲਾਂ ਦਾ ਪੱਲਾ ਉੱਕਾ ਹੀ ਛੱਡ ਚੁੱਕੇ ਹਨ)। ਇਹ ਤੱਥਹੀਣ ਪ੍ਰਚਾਰ ਵੀ ਕੀਤਾ ਗਿਆ ਕਿ ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਦਸਵੇਂ ਨਾਨਕ ਨੇ ‘ਪੰਜ ਬਾਣੀਆਂ’ ਪੜ੍ਹੀਆਂ ਸਨ। ਜਦਕਿ ਇਸ ਨੁਕਤੇ ਬਾਰੇ ਸਮਕਾਲੀ ਲੇਖਕਾਂ ਦੀਆਂ ਲਿਖਤਾਂ ਇਕਮਤ ਨਹੀਂ ਹਨ ਕਿ ਉਸ ਵੇਲੇ ਕਿਹੜੀਆਂ-ਕਿਹੜੀਆਂ ਰਚਨਾਵਾਂ ਪੜ੍ਹੀਆਂ ਗਈਆਂ। ਪਰ ਕਿਉਂਕਿ ਪਿਆਰੇ ਪੰਜ (ਇਤਫਾਕ ਨਾਲ) ਬਣ ਗਏ ਸਨ, ਸੋ ਬਾਣੀਆਂ ਵੀ ਪੰਜ ਪ੍ਰਚਾਰ ਦਿੱਤੀਆਂ ਗਈਆਂ।

ਜਦ ‘ਪੰਜ’ ਪ੍ਰਤੀ ਬੇਲੋੜੀ ਸ਼ਰਧਾ ਵੱਧ ਹੀ ਰਹੀ ਸੀ, ਤਾਂ ਗੱਲ ਇੱਥੇ ਹੀ ਕਿਵੇਂ ਰੁਕ ਜਾਂਦੀ? ਨਿੱਤਨੇਮ ਦੀ ਤਰ੍ਹਾਂ, ਸਿੱਖਾਂ ਦੇ ਤਖ਼ਤ ਵੀ ਵਧਣੇ ਸ਼ੁਰੂ ਹੋ ਗਏ। ਛੇਵੇਂ ਨਾਨਕ (ਗੁਰੂ ਹਰਿਗੋਬਿੰਦ ਸਾਹਿਬ) ਨੇ ਸਿਰਫ਼ ਇਕ ‘ਤਖ਼ਤ’ ਦੀ ਸਥਾਪਨਾ ਕੀਤੀ ਸੀ ਤਾਂ ਜੋ ਕੌਮ ਵਿੱਚ ਏਕਤਾ ਬਣੀ ਰਹੇ। ਪਰ ਸਿਧਾਂਤ ਤੋਂ ਭਟਕੇ ਲੋਕਾਂ ਨੂੰ ‘ਏਕਤਾ’ ਕਿੱਥੇ ਪਸੰਦ ਹੁੰਦੀ ਹੈ। ਬਸ, ਤਖ਼ਤਾਂ ਦੀ ਗਿਣਤੀ ਵੀ ਵਧਣ ਲੱਗੀ। ਇਕ ਤੋਂ ਦੋ, ਦੋ ਤੋਂ ਤਿੰਨ, ਤਿੰਨ ਤੋਂ ਚਾਰ ਤੇ ਜਾ ਕੇ ਰੁਕੀ ਪੰਜ ਦੇ ਅਖੌਤੀ ਪਵਿੱਤਰ ਹਿੰਦਸੇ ’ਤੇ। ਭਾਵ, ਤਖ਼ਤ ਵੀ ‘ਪੰਜ’ ਬਣਾ ਲਏ। ਇਕ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ਕੇ ਹੋਰ ਨਵੇਂ ਗ੍ਰੰਥ ਖੜੇ ਕਰ ਲਏ।

ਇਸੇ ਕੜੀ ਵਿੱਚ, ਸਿੱਖਾਂ ਵੱਲੋਂ ਇਕ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਹੋਰ-ਹੋਰ ਗ੍ਰੰਥਾਂ ਨੂੰ ਗੁਰੂ ਵਜੋਂ ਅਪਣਾਉਣ ਦਾ ਸਿਲਸਿਲਾ ਜਾਰੀ ਹੈ। ਇਸੇਲਈ ਕਈ ਗੁਰਦੁਆਰਿਆਂ/ਡੇਰਿਆਂ ਵਿੱਚ ਦਸਮ ਗ੍ਰੰਥ ਤੇ ਸਰਬ-ਲੋਹ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਣ ਲੱਗ ਪਿਆ ਹੈ। ਸੂਰਜ-ਪ੍ਰਕਾਸ਼ ਜਿਹੀ ਗੁਰੂ-ਵਿਰੋਧੀ ਗ੍ਰੰਥ ਦੀ ਕਥਾ ਤਾਂ ਪਹਿਲਾਂ ਹੀ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਚੱਲ ਰਹੀ ਹੈ। ਹੁਣ ਕਮੀ ਬੱਸ ਗੁਰਬਿਲਾਸ ਪਾ: 6ਵੀਂ ਵਰਗੀ ਗੰਦੀ ਕਿਤਾਬ ਦੇ ਕਥਾ-ਕੀਰਤਨ ਕਰਨ ਦੀ ਰਹਿ ਗਈ ਹੈ (ਅਕਾਲ ਤਖ਼ਤ ਸਾਹਿਬ ’ਤੇ ਕਾਬਿਜ਼ ਧੜੇ ਦਾ ਮੁੱਖ ਪੁਜਾਰੀ ਅਤੇ ਕਈ ਹੋਰ ਅਖੌਤੀ ਪੰਥਕ ਆਗੂ ਇਸ ਕਿਤਾਬ ਦੀਆਂ ਸਾਖੀਆਂ ਦੀ ਕਥਾ ਗੁਰਦੁਆਰਿਆਂ ਵਿੱਚ ਕਰਨ ਦੀ ਸਿਫਾਰਿਸ਼ ਕਰ ਵੀ ਚੁੱਕੇ ਹਨ)। ਇਸ ਤਰ੍ਹਾਂ ਹੌਲੀ-ਹੌਲੀ ਸਿੱਖਾਂ ਨੇ ਆਪਣੇ ਗੁਰੂ ਵੀ ਪੰਜ ਮੁਕੱਰਰ ਕਰ ਲੈਣੇ ਹਨ।

ਖੈਰ, ਗੱਲ ਚੱਲ ਰਹੀ ਸੀ ਪੰਜ ਪਿਆਰਿਆਂ ਦੇ ‘ਗੁਰੂ’ ਹੋਣ ਦੀ। ਦਸਵੇਂ ਨਾਨਕ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਜ਼ਰੂਰ ਛਕਾਈ ਸੀ। ਉਨ੍ਹਾਂ ਕੋਲੋਂ ਪਾਹੁਲ ਲਈ ਵੀ ਸੀ। ਪਰ ਇਹ ਕਿਧਰੇ ਨਹੀਂ ਕਿਹਾ ਕਿ ਤੁਸੀਂ ਮੇਰੇ ‘ਗੁਰੂ’ ਹੋ। ਨਾਨਕ ਜੋਤਿ ਦੇ ਸਰੀਰਕ ਜਾਮਿਆਂ ਨੇ ਤਾਂ ਕਦੇ ਆਪਣੇ ਆਪ ਨੂੰ ‘ਗੁਰੂ’ ਨਹੀਂ ਪ੍ਰਚਾਰਿਆ। ਫਿਰ ਉਹ ਪੰਜ ਸਰੀਰਾਂ ਨੂੰ ਕਿਵੇਂ ‘ਗੁਰੂ’ ਕਹਿ ਜਾਂ ਮੰਨ ਸਕਦੇ ਸਨ? ਇਹ ‘ਗੁਰੂ-ਚੇਲੇ’ ਵਾਲਾ ਮਨਮਤੀ ਵਿਚਾਰ ਤਾਂ ਕਿਸੇ ਬ੍ਰਾਹਮਣੀ ਸੋਚ ਵਾਲੇ ਕਵੀ ਗੁਰਦਾਸ ਸਿੰਘ ਦੀ ਇਕ ਸਿਧਾਂਤ-ਵਿਰੋਧੀ ਵਾਰ ਨਾਲ। ਇਸ ਵਾਰ ਵਿੱਚ ਦਸਵੇਂ ਨਾਨਕ ਜਾਮੇ ਨੂੰ ਖੰਡੇ ਦੀ ਪਾਹੁਲ ਵੇਲੇ ‘ਕਾਲਕਾ’ ਦੇਵੀ ਦੀ ਪੂਜਾ ਕਰਦੇ ਸਪਸ਼ਟ ਦੱਸਿਆ ਗਿਆ ਹੈ। ਪਰ ਸਿਧਾਂਤਾਂ ਤੋਂ ਭਟਕ ਚੁੱਕੇ ਸਿੱਖ ਅਰਦਾਸ ਵਿੱਚ ਭਗੌਤੀ ਦੀ ਤਰ੍ਹਾਂ ਹੀ ਇੱਥੇ ‘ਕਾਲਕਾ’ ਦੇ ਅਰਥ ਧੱਕੇ ਨਾਲ ‘ਅਕਾਲ ਪੁਰਖ’ ਕਰਕੇ ਗੁਰਦੁਆਰਿਆਂ (?) ਵਿੱਚ ਉਸ ਦਾ ਕੀਰਤਨ ਕਰੀ ਜਾ ਰਹੇ ਹਨ। ਪਹਿਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਧੱਕਾ ਕਰਨ ਵਾਲੇ ਲਗਭਗ ਸਾਰੇ ਟੀਕਾਕਾਰਾਂ ਨੇ ਇਸ ਗੁਰਦਾਸ ਸਿੰਘ ਦੀ ਵਾਰ ਨੂੰ ਵੀ ਪਹਿਲੇ ਗੁਰਦਾਸ ਜੀ ਦੀਆਂ ਵਾਰਾਂ ਨਾਲ ਜ਼ਬਰਦਸਤੀ ਜੜ੍ਹ ਕੇ ਛਾਪ ਦਿੱਤਾ। ਜਿਸ ਨਾਲ ਇਸਦੇ ਗੁਰਮਤਿ ਅਨੁਸਾਰੀ ਹੋਣ ਦਾ ਭੁਲੇਖਾ ਹੋਰ ਛਾਪ ਦਿੱਤਾ।

ਅਜਿਹਾ ਸਿਰਫ਼ ਇਸ ਲਈ ਹੋਇਆ ਕਿਉਂਕਿ ਸਿੱਖਾਂ ਨੇ (ਸੱਚ-ਝੂਠ ਨੂੰ ਪਰਖਣ ਲਈ) ਸਿਧਾਂਤ ਰੂਪ ਕਸਵੱਟੀ ਦੇ ਸੋਮੇ ‘ਗੁਰੂ ਗ੍ਰੰਥ ਸਾਹਿਬ’ ਜੀ ਦੀਆਂ ਰਚਨਾਵਾਂ ਨੂੰ ਸਿਰਫ਼ ਤੋਤੇ ਵਾਂਗ ਰਟਨਾ ਹੀ ਆਪਣਾ ਫਰਜ਼ ਸਮਝ ਲਿਆ ਹੈ। ਭਾਈ ਗੁਰਦਾਸ ਸਿੰਘ ਦੀ ਵਾਰ ਤੋਂ ਪ੍ਰੇਰਨਾ ਲੈ ਕੇ ਪੰਜ (ਅੰਮ੍ਰਿਤਧਾਰੀ) ਸਿੱਖਾਂ ਨੇ ਆਪਣੇ ਆਪ ਨੂੰ ‘ਗੁਰੂ’ ਸਮਝਣਾ ਸ਼ੁਰੂ ਕਰ ਦਿੱਤਾ ਹੈ। ਹਉਮੈ ਦੀ ਹੱਦ ਵੇਖੋ, ਦਸਵੇਂ ਨਾਨਕ ਜਾਮੇ ਨੂੰ ਆਪਣਾ ਚੇਲਾ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ। ਪਰ ਕੀ ਸੱਚਮੁਚ ਪੰਜ ਪਿਆਰੇ (ਅੰਮ੍ਰਿਤਧਾਰੀ ਵਿਅਕਤੀ) ‘ਗੁਰੂ’ ਦਾ ਰੂਪ ਹੁੰਦੇ ਹਨ? ਅਜਿਹਾ ਕਤਈ ਨਹੀਂ। ਅੱਜ ਵੱਖ-ਵੱਖ ਸੰਪਰਦਾਵਾਂ ਨਾਲ ਸਬੰਧਿਤ ਪੰਜ ਪਿਆਰੇ ਕਿਹੋ ਜਿਹੀਆਂ ਮਨਮਤਾਂ ਕਰ ਰਹੇ ਹਨ, ਇਹ ਕਿਸੇ ਤੋਂ ਵੀ ਛੁਪਿਆ ਹੋਇਆ ਨਹੀਂ।

ਜਿਹੜੇ ਪੰਜ ਪਿਆਰਿਆਂ ਦੇ ਨਾਂ ਤੋਂ ਪਹਿਲਾਂ ‘ਜੱਥੇਦਾਰ’ ਵਿਸ਼ੇਸ਼ਣ ਲੱਗ ਜਾਏ, ਉਹ ਤਾਂ ਆਪਣੇ ਆਪ ਨੂੰ ਰੱਬ ਤੋਂ ਵੀ ਵੱਧ ਸਮਝਣ ਲੱਗ ਪੈਂਦੇ ਹਨ। ਜਿਸ ਦਾ ਦਿਲ ਕਰਦਾ ਹੈ, ਆਪਣੀ ਮਰਜ਼ੀ ਦੇ ਪੰਜ ਸਿੱਖ (ਵੇਸ ਵਜੋਂ ਅੰਮ੍ਰਿਤਧਾਰੀ) ਇਕੱਠੇ ਕਰਕੇ ਆਪਣਾ ਨਿੱਜਨਾਮਾ (ਹੁਕਮਨਾਮਾ ਕਹਿਣਾ ਸਿਧਾਂਤਕ ਮੂਰਖਤਾ ਹੈ) ਜਾਰੀ ਕਰ ਦਿੰਦਾ ਹੈ। ਇਨ੍ਹਾਂ ਦੇ ਅਜਿਹੇ ਫਤਵੇ ਹਉਮੈ, ਈਰਖਾ, ਜ਼ਾਹਿਲੁਪੁਣੇ, ਮੂਰਖਤਾ, ਲਾਲਚ ਅਤੇ ਗੁਲਾਮ ਜ਼ਹਿਨੀਅਤ ਨਾਲ ਭਰਪੂਰ ਹੁੰਦੇ ਹਨ। ਕੀ ‘ਗੁਰੂ’ ਦੇ ਫੈਸਲੇ ਉਪਰੋਕਤ ਔਗੁਣਾਂ ਨਾਲ ਭਰਪੂਰ ਹੋ ਸਕਦੇ ਹਨ? ਬਿਲਕੁਲ ਨਹੀਂ। ਫਿਰ ਪੰਜ ਪਿਆਰੇ ‘ਗੁਰੂ ਰੂਪ’ ਕਿਵੇਂ ਹੋਏ? ਸਪਸ਼ਟ ਹੈ ਕਿ ਇਹ ਵੀ ਇਕ ਗਲਤ ਧਾਰਨਾ ਪ੍ਰਚਲਿਤ ਹੋ ਗਈ ਹੈ। ਕਿਸੇ ਵੀ ਹੱਦ ਤੱਕ ਚੰਗੇ ਸਿੱਖ ਮਿਲਕੇ ‘ਗੁਰੂ’ ਨਹੀਂ ਬਣ ਸਕਦੇ ਕਿਉਂਕਿ ਸਰੀਰ ਗੁਰੂ ਨਹੀਂ ਹੋ ਸਕਦਾ। ਸੋ ਜ਼ਰੂਰੀ ਹੈ ਕਿ ਪੰਜ ਪਿਆਰਿਆਂ ਨੂੰ ਗੁਰੂ ਰੂਪ ਕਹਿਣਾ ਜਾਂ ਪ੍ਰਚਾਰਨਾ ਫੌਰਨ ਬੰਦ ਕੀਤਾ ਜਾਏ।

ਅੰਤ ਵਿੱਚ, ਕਈ ਪ੍ਰਚਾਰਕਾਂ ਵੱਲੋਂ ਪ੍ਰਚਾਰੇ ਜਾਂਦੇ ਪੰਦਰਵੇਂ ਗੁਰੂ ਯਾਨੀ ਤਿਆਰ-ਬਰ-ਤਿਆਰ ਸਿੰਘ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ। ਇਸ ਧਾਰਨਾ ਨੂੰ ਮੰਨਣ ਵਾਲੇ ਪ੍ਰਚਾਰਕ ਪ੍ਰਚਾਰ ਕਰਦੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਜੇ ਕੋਈ ਸਿੱਖ ਮੇਰੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਤਿਆਰ-ਬਰ-ਤਿਆਰ ਹੋ ਕੇ ਸ਼ੀਸ਼ਾ ਵੇਖ ਲਵੇ, ਉਸਨੂੰ ‘ਗੁਰੂ’ ਨਜ਼ਰ ਆ ਜਾਵੇਗਾ। ਭਾਵ, ਇਨ੍ਹਾਂ ਪ੍ਰਚਾਰਕਾਂ ਮੁਤਾਬਿਕ ਤਿਆਰ-ਬਰ-ਤਿਆਰ (ਅੰਮ੍ਰਿਤਧਾਰੀ) ਸਿੰਘ ਵਿੱਚ ‘ਗੁਰੂ’ ਵਸਦਾ ਹੈ। ਪਰ ਅੰਮ੍ਰਿਤਧਾਰੀ ਸਿੱਖਾਂ ਨੂੰ ਵੀ ਗੁਰਮਤਿ-ਵਿਰੋਧੀ ਜਾਂ ਨੈਤਿਕਤਾ-ਪੱਖੋਂ ਮਾੜੇ ਕਾਰਜ ਕਰਦੇ ਵੀ ਕਈ ਵਾਰ ਵੇਖਿਆ ਜਾਂਦਾ ਹੈ। ਜਦਕਿ ਗੁਰੂ ਕਦੇ ਗਲਤ ਕਦਮ ਨਹੀਂ ਚੁੱਕ ਸਕਦਾ। ਇਸਲਈ ਕੋਈ ਵੀ ਸਿੱਖ ‘ਗੁਰੂ’ ਨਹੀਂ ਅਖਵਾ ਸਕਦਾ। ਅਜਿਹੀਆਂ ਗੱਲਾਂ ਤਾਂ ਸਗੋਂ ਹੰਕਾਰ ਪੈਦਾ ਕਰਨ ਦਾ ਕਾਰਨ ਬਣਦੀਆਂ ਹਨ। ਇਸੇਲਈ ਕਈ ਅੰਮ੍ਰਿਤਧਾਰੀ (ਗਲਤ ਪ੍ਰਚਲਿਤ ਨਾਮ, ਅੰਮ੍ਰਿਤ ਦੀ ਬਜਾਏ ‘ਖੰਡੇ ਦੀ ਪਾਹੁਲ’ ਹੀ ਅਸਲ ਲਫਜ਼ ਹੈ) ਸਿੱਖ, ਗੈਰ-ਅੰਮ੍ਰਿਤਧਾਰੀ ਸਿੱਖਾਂ ਨੂੰ ਨੀਵੇਂ ਦਰਜੇ ਦੇ ਜਾਂ ਅਛੂਤ ਸਮਝਦੇ ਸਨ ਤੇ ਉਨ੍ਹਾਂ ਦੇ ਹੱਥ ਦਾ ਪਾਣੀ ਪੀਣਾ ਵੀ ਪਸੰਦ ਨਹੀਂ ਕਰਦੇ। ਇਸਲਈ ਲੋੜ ਹੈ ਕਿ ਇਸ ਪੰਦਰਵੇਂ ਗੁਰੂ ਨੂੰ ਵੀ ਤਿਆਗਿਆ ਜਾਏ, ਭਾਵ ਇਹ ਗਲਤ ਪ੍ਰਚਾਰ ਬੰਦ ਕੀਤਾ ਜਾਵੇ।

- - -

ਵਿਸਥਾਰ ਨਾਲ ਕੀਤੀ ਉਕਤ ਵਿਚਾਰ ਉਪਰੰਤ ਸਪਸ਼ਟ ਹੈ ਕਿ ਸਿੱਖਾਂ ਦਾ ਸਿਰਫ਼ ਇਕ ਹੀ ‘ਗੁਰੂ’ ਹੈ - ਉਹ ਹੈ ‘ਸੱਚ ਦਾ ਗਿਆਨ’। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੋਬਿੰਦ ਸਿੰਘ ਜੀ ਤੱਕ ਵੀ ਓਹੀ ਗਿਆਨ (ਵਿਚਾਰਧਾਰਾ) ਹੀ ਗੁਰੂ ਸੀ, ਨਾ ਕਿ ਉਨ੍ਹਾਂ ਦਾ ਪੰਜ-ਭੂਤਕ ਸਰੀਰ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੋਬਿੰਦ ਸਿੰਘ ਜੀ ਤੱਕ ਵੀ ਓਹੀ ਗਿਆਨ (ਵਿਚਾਰਧਾਰਾ) ਹੀ ਗੁਰੂ ਸੀ, ਨਾ ਕਿ ਉਨ੍ਹਾਂ ਦਾ ਦੁਨੀਆਵੀ ਸਰੀਰ। ਪਰ ਸਿਧਾਂਤਕ ਅਣਗਹਿਲੀ ਕਾਰਨ ਸਿੱਖਾਂ ਨੇ ਗੁਰੂਆਂ ਦੀ ਗਿਣਤੀ 15 ਤੱਕ ਵੱਧਾ ਕੇ ਹਾਸੋਹੀਣੀ (ਜਾਂ ਤਰਸਯੋਗ) ਹਾਲਤ ਪੈਦਾ ਕਰ ਦਿੱਤੀ ਹੈ। ਇਸ ਵਾਸਤੇ ਸਿੱਖ ਰਹਿਤ ਮਰਿਆਦਾ ਵਿੱਚ ਵੀ ਤੁਰੰਤ ਸੋਧ ਕਰਨੀ ਚਾਹੀਦੀ ਹੈ। ਇਸ ਮਰਿਆਦਾ ਵਿੱਚ ਹੋਰ ਵੀ ਕਈ ਸੋਧਾਂ ਬਹੁਤ ਜ਼ਰੂਰੀ ਹਨ। ਜਿਤਨੀ ਜਲਦੀ ਅਸੀਂ ਸੁਧਾਰ ਕਰ ਸਕੇ, ਉਤਨੀ ਹੀ ਜਲਦੀ ਕੌਮ ਚੜ੍ਹਦੀ ਕਲਾ ਵੱਲ ਚਾਲੇ ਪਾ ਸਕੇਗੀ। ਵਰਨਾ ਇਸ ਸਮੇਂ ਸਿੱਖ ਕੌਮ ਦੀ ਹਾਲਤ ਐਸੀ ਹੈ ਕਿ ਇਸਦੀ ਜਿਹੜੀ ਰੱਗ ’ਤੇ ਹੱਥ ਰੱਖ ਦੇਈਏ, ਉਹੀ ਰੱਗ ਦੁਖਦੀ ਹੈ। ਕਿਉਂਕਿ ਬ੍ਰਾਹਮਣਵਾਦੀ ਪ੍ਰਭਾਵ ਕਾਰਨ ਸਾਰਾ ਸਿੱਖ ਜਗਤ ਹੀ ਗੁਰੂ ਦੀਆਂ ਸਿੱਖਿਆਵਾਂ ਤੋਂ ਟੁੱਟਿਆ ਪਿਆ ਹੈ ਪਰ ‘‘ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ।।’’ ਵਾਲੇ ਗੁਰਵਾਕ ਮੁਤਾਬਿਕ ਹਰ ਸਿੱਖ ਆਪਣੇ ਆਪ ਨੂੰ ਵੱਧ ਤੋਂ ਵੱਧ ਸਿਆਣਾ ਸਮਝਦਾ ਹੈ ਅਤੇ ਆਪਣੀ ਮਨ-ਮਰਜ਼ੀ ਦੇ ‘ਗੁਰੂ’ ਥਾਪੀ ਜਾ ਰਿਹਾ ਹੈ। ਇਕ ‘ਗੁਰਬਾਣੀ’ ਰੂਪੀ ਗੁਰੂ ਦੀ ਸਿੱਖਿਆ ਤੋਂ ਸੇਧ ਲੈ ਕੇ ਮਾਨਸਿਕ ਵਿਕਾਸ ਕਰਨ ਦੀ ਬਜਾਏ ਮਨਮਤੀ ਗ੍ਰੰਥਾਂ/ਸਾਧ-ਬਾਬਿਆਂ ਦੇ ਪਿਛਲੱਗੂ ਬਣਨ ਕਾਰਨ ਸਿੱਖ ਸਮਾਜ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੋ ਗਈ ਹੈ :

ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ।। (306)
.