.

ਕਾਸ਼! ਇਹੀ ਸੱਚ ਹੁੰਦਾ ਕਿ:

“ਤਿੰਨ ਸੌ ਸਾਲ ਗੁਰੂ ਦੇ ਨਾਲ”

ਪਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

‘ਗੁਰੂ ਮਾਨਿਯੋ ਗ੍ਰੰਥ’ -ਜਾਗ੍ਰਤੀ ਯਾਤਰਾ’ - ਅਜੋਕੇ ਸਮੇਂ ਭਾਰਤ ਭਰ `ਚ ਇੱਕ ਵਿਸ਼ਾਲ ਜਾਗ੍ਰਿਤੀ ਯਾਤਰਾ ਚਲ ਰਹੀ ਹੈ ਅਤੇ ਕੁੱਝ ਦਿਨ ਪਹਿਲਾਂ ਇਸਦਾ ਪ੍ਰਵੇਸ਼ ਦਿੱਲ਼ੀ `ਚ ਵੀ ਹੋਇਆ। ਸ਼ੱਕ ਨਹੀਂ, ਸਥਾਨ-ਸਥਾਨ ਤੇ ਨਗਰ-ਨਗਰ ਬਲਕਿ ਭਾਰਤ ਦੇ ਪ੍ਰਤੇਕ ਪ੍ਰਾਂਤ `ਚ ਕਿਧਰੇ ਸਰਕਾਰੀ ਵੀ, ਨਹੀਂ ਤਾਂ ਗ਼ੈਰ ਸਰਕਾਰੀ ਤੌਰ `ਤੇ ਇਸਦਾ ਭਰਵਾਂ ਸੁਆਗਤ ਵੀ ਹੋ ਰਿਹਾ ਹੈ। ਇਸਦੇ ਬਾਵਜੂਦ ਜੇ ਕਰ ਇਸ ਦੀ ਗਹਿਰਾਈ `ਚ ਜਾਓ ਤਾਂ ਦੋ ਗੱਲਾਂ ਉਘੜ ਕੇ ਸਾਹਮਣੇ ਆਉਂਦੀਆਂ ਹਨ।

ਪਹਿਲਾ-ਸੰਗਤਾਂ ਗੁਰਬਾਣੀ ਜੀਵਨ ਤੋਂ ਇਤਨੀਆਂ ਦੂਰ ਜਾ ਚੁੱਕੀਆਂ ਹਨ ਕਿ ਗੁਰਬਾਣੀ ਦੇ ਪਰਦੇ `ਚ ਅੱਜ ਜੇਕਰ ਕੋਈ, ਗੁਰਬਾਣੀ ਦੀ ਜਿਤਨੀ ਚਾਹੇ ਬੇਅਦਬੀ ਕਰ ਲਵੇ ਤਾਂ ਵੀ ਸੰਗਤਾਂ ਨੂੰ ਇਸਦਾ ਉੱਕਾ ਫ਼ਰਕ ਨਹੀਂ ਪੈਂਦਾ ਅਤੇ ਨਾ ਹੀ ਬਹੁਤਿਆਂ ਨੂੰ ਇਸਦੀ ਸਮਝ ਹੀ ਆਉਂਦੀ ਹੈ। ਵਿਚਾਰੋ, ਤਾਂ ਸਚਾਈ ਉਘੜਦੇ ਦੇਰ ਨਹੀਂ ਲਗਦੀ, ਇਹੀ ਕਾਰਨ ਹੈ (ੳ) ਇੱਕ ਪਾਸੇ ਤਾਂ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ `ਚ ਜੇ ਗੁਰੂ ਪ੍ਰਵਾਰਾਂ `ਚੋਂ ਸ੍ਰੀਚੰਦ, ਦਾਤੂ-ਦਾਸੂ ਜੀ, ਪ੍ਰਿਥੀਚੰਦ, ਰਾਮਰਾਇ, ਮੇਹਰਬਾਨ, ਧੀਰਮਲ ਆਦਿ ਨੇ ਦੁਕਾਨਾਂ ਖੋਲੀਆਂ ਤਾਂ ਉਹ ਪੂਰੀ ਤਰ੍ਹਾਂ ਅਸਫ਼ਲ (Fail) ਹੋਈਆਂ। ਦੂਜੇ ਪਾਸੇ, ਅੱਜ ਜੇ ਕੋਈ ਬਿਹਾਰੀ ਆਸ਼ੂਤੋਸ਼, ਪੰਜਾਬ `ਚ ਆ ਕੇ, ਨਹੀਂ ਤਾਂ ਪੰਜਾਬ `ਚੋਂ ਹੀ ਕੋਈ ਪਿਆਰਾ ਸਿੰਘ ‘ਭਨਿਆਰੇ’ ਦੇ ਨਾਮ ਹੇਠ, ਜਾਂ ਕੋਈ ਗੁਰ ਇਤਿਹਾਸ `ਚੋਂ ‘ਸਚਾ ਸੌਦਾ’ ਆਦਿ ਕੋਈ ਸਤਿਕਾਰਤ ਲਫ਼ਜ਼ ਹੀ ਵਰਤ ਲਵੇ, ਤਾਂ ਉਸਦੀ ਦੁਕਾਨ ਵੀ ਚਲ ਨਿਕਲਦੀ ਹੈ। ਉਥੇ ਵੀ ਸੰਗਤਾਂ ਦੀਆਂ ਕਤਾਰਾ ਲਗ ਜਾਂਦੀਆਂ ਹਨ ਅਤੇ ਗੁਰਦੁਆਰੇ ਖਾਲੀ ਪਏ ਹਨ। ਸਿੱਖੀ ਭੇਸ `ਚ ਸ਼ਰਾਬ ਦੇ ਪ੍ਰਸਾਦਿ ਵੰਡਣ ਵਾਲੇ, ਆਪਣੇ ਆਪ ਨੂੰ ਗੁੱਗੇ ਦਾ ਅਵਤਾਰ ਕਹਿਕੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ `ਚ ਫ਼ੁੰਕਾਰੇ ਮਾਰਨ ਵਾਲੇ, ਗੁਰਬਾਣੀ ਨੂੰ ਆਧਾਰ ਬਣਾਕੇ ਧਾਗੇ ਤਬੀਤ ਅਤੇ ਗੁਰਬਾਣੀ ਦਾ ਵਪਾਰ ਕਰਨ ਵਾਲੇ ਵੀ ਪੰਜਾਬ `ਚ ਪਰ ਸੰਗਤਾਂ ਫ਼ਿਰ ਵੀ ਕਤਾਰਾਂ ਲਾਈ ਖੜੀਆਂ ਹਨ ਅਤੇ ਬਹੁਤੇ ਸਿੱਖੀ ਸਰੂਪ `ਚ (ਅ) ਪੰਜਾਬ `ਚ ਡੇਰਿਆਂ ਦੀ ਭਰਮਾਰ ਦਾ ਮੁੱਖ ਕਾਰਨ ਵੀ ਇਹੀ ਹੈ। ਇਹੀ ਕੁੱਝ ਰਾਧਾਸੁਆਮੀਆਂ, ਨਿਰੰਕਾਰੀਆਂ ਬਾਰੇ ਵੀ ਦੇਖਿਆ ਜਾ ਸਕਦਾ ਹੈ। ਜੇਕਰ ਇਸੇ ਵਿਸ਼ੇ ਨੂੰ ਉਥੇ ਜਾਣ ਵਾਲੀਆਂ ਸੰਗਤਾਂ ਦੀ ਬੋਲੀ `ਚ ਲਵੋ ਤਾਂ ਉਤਰ ਮਿਲਦਾ ਹੈ “ਦੇਖੋ ਜੀ ਉਥੇ ਵੀ ਤਾਂ ਗੁਰਬਾਣੀ ਹੀ ਪੜ੍ਹੀ ਜਾਂਦੀ ਹੈ”। ਕਾਸ਼ ਉਨ੍ਹਾਂ ਡੇਰਿਆ ਆਦਿ `ਤੇ ਜਾਣ ਵਾਲੀਆਂ ਸੰਗਤਾਂ ਨੂੰ ਇਹ ਸੋਝੀ ਵੀ ਹੁੰਦੀ ਕਿ ਉਹ ਲੋਕ ਬਾਣੀ ਪੜ੍ਹ ਕੇ, ਬਾਣੀ ਦੀ ਬੇਅਦਬੀ ਕਰ ਰਹੇ ਹਨ ਜਾਂ ਅਦਬ-ਸਤਿਕਾਰ। ਸੰਗਤਾਂ ਨੂੰ ਗੁਰਬਾਣੀ ਨਾਲੋਂ ਤੋੜ ਰਹੇ ਹਨ ਜਾਂ ਬੜੀ ਕੁਟਲਨੀਤੀ ਨਾਲ ਗੁਰਬਾਣੀ ਤੋਂ ਤੋੜ ਕੇ, ਆਪਣੇ ਨਾਲ ਜੋੜ ਰਹੇ ਹਨ।

ਦੂਜਾ- ਕੇਵਲ ਕੀਰਤਨ ਦਰਬਾਰ, ਚੇਤਨਾ ਮਾਰਚ, ਸ਼ਤਾਬਦੀਆਂ, ਸੋਨੇ ਦੀਆਂ ਪਾਲਕੀਆਂ ਲੈ ਕੇ ਵੱਡੀਆਂ-ਵੱਡੀਆਂ ਯਾਤ੍ਰਾਂਵਾਂ ਜਿਵੇਂ ਅੱਜ ‘ਗੁਰੂ ਮਾਨਿਯੋ ਗ੍ਰੰਥ’ - ‘ਜਾਗ੍ਰਤੀ ਯਾਤਰਾ’ ਆਦਿ ਦਾ ਉਚਾ ਸੁਚਾ ਬੋਲਾ ਵਰਤ ਕੇ ਕੌਮ ਨੂੰ ਭਾਵੇਂ ਕੋਈ ਜਿੰਨਾ ਚਾਹੇ ਗੁਮਰਾਹ ਕਰ ਲਵੇ; ਸੰਗਤਾਂ ਦੇ ਤਨ-ਮਨ-ਧਨ-ਤਾਕਤ ਤੇ ਸੰਗਤਾਂ ਵਿਚਾਲੇ ਗੁਰੂ ਅਤੇ ਗੁਰਬਾਣੀ ਲਈ ਬੇਅੰਤ ਸ਼ਰਧਾ ਸ਼ਕਤੀ ਦੀ ਜਿਤਨੀ ਚਾਹੇ ਕੁਵਰਤੋਂ ਕਰ ਲਵੋ, ਆਮ ਸੰਗਤਾਂ ਨੂੰ ਉਸਦਾ ਅੰਦਾਜ਼ਾ ਤੀਕ ਨਹੀਂ ਆ ਰਿਹਾ। ਸ਼ੁਕਰ ਹੈ ਅਕਾਲਪੁਰਖ ਦਾ ਜੋ ਗੁਰਬਾਣੀ ਗਿਆਨ ਅਤੇ ਗੁਰਬਾਣੀ ਜੀਵਨ ਤੋਂ ਸੰਗਤਾਂ ਦਾ ਇੰਨਾ ਫ਼ਾਸਲਾ ਵੱਧ ਜਾਣ ਦੇ ਬਾਵਜੂਦ, ਗੁਰੂ ਕੀਆਂ ਸੰਗਤਾਂ ਵਿਚਕਾਰ, ਗੁਰੂ-ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ `ਤੇ ਅਜੇ ਵੀ ਜੋਸ਼ ਤੇ ਸ਼ਰਧਾ ਬੇਅੰਤ ਹੈ। ਸਚਾਈ ਇਹ ਹੈ ਕਿ, ਗੁਰੂ ਕੀਆਂ ਸੰਗਤਾਂ ਵਿਚਕਾਰ, ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ `ਤੇ ਇਹ ਜੋਸ਼-ਸ਼ਰਧਾ ਵੀ ਤਾਂ ਹੀ ਬਹੁਤੀ ਦੇਰ ਕਾਇਮ ਰਹਿ ਸਕੇਗੀ ਜੇ ਕਰ ਇਸਦੀ ਜੜ੍ਹ `ਚ ਸੰਗਤਾਂ ਵਿਚਕਾਰ ‘ਗੁਰਬਾਣੀ ਗਿਆਨ’ ਅਤੇ ‘ਗੁਰਬਾਣੀ ਜੀਵਨ ਜਾਚ’ ਵੀ ਜਾਗ੍ਰਿਤ ਹੋ ਸਕੇ, ਨਹੀਂ ਤਾਂ… ਸਿੱਖ ਕੌਮ ਦੇ ਅਜੋਕੇ ਹਾਲਾਤ ਕਿਸੇ ਤੋਂ ਛੁਪੇ ਹੋਏ ਨਹੀਂ। ਇਸਨੂੰ ਸਮਝਣ ਲਈ ਇਸੇ ਲੜੀ `ਚ ਗੁਰਮਤਿ ਪਾਠ 157 “ਕੀ ਤੁਸੀ ਮਨ ਕਰਕੇ ਸੱਚ ਕਹਿੰਦੇ ਹੋ-ਤਿੰਨ ਸੌ ਸਾਲ ਗੁਰੂ ਦੇ ਨਾਲ? ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ? `ਚ ਸਪਸ਼ਟ ਕਰ ਚੁਕੇ ਹਾਂ ਅਤੇ ਇਸਤੋਂ ਪਹਿਲਾਂ ਹੋਰ ਵੀ ਕਈ ਗੁਰਮਤਿ ਪਾਠਾਂ `ਚ ਨਿਭਾਅ ਚੁਕੇ ਹਾਂ।

“ਗਲੀਂ ਅਸੀ ਚੰਗੀਆ. .”-ਫ਼ੁਰਮਾਨ ਹੈ “ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ” (ਪੰ: ੮੫) ਸ਼ਕ ਨਹੀਂ, ਇਸ ਯਾਤਰਾ ਲਈ, ਇਹ ਨਾਰ੍ਹਾ ਅਥਵਾ ਲੋਗੋ ਤਾਂ ਬਹੁਤ ਦਿਲ-ਖਿਚਵਾਂ ਅਤੇ ਪ੍ਰਭਾਵਸ਼ਾਲੀ ਵੀ ਹੈ ਪਰ ਲਾਹੇਵੰਦ ਤਾਂ ਹੀ ਹੈ, ਜੇ ਕਰ ਇਸ `ਚ ਕੁੱਝ ਸਚਾਈ ਵੀ ਹੋਵੇ ਤਾਂ। ਅੱਜ ਗੁਰੂ ਕੀਆਂ ਸੰਗਤਾਂ ਗੁਰਬਾਣੀ ਜੀਵਨ ਤੋਂ ਦੁਰੇਡੇ ਖੜੀਆਂ ਹਨ, ਜੇਕਰ ਅਜੇਹਾ ਨਾ ਹੁੰਦਾ ਤਾਂ ਸਿੱਖਾਂ ਦੀ ਜਨਮ-ਭੂਮੀ ਪੰਜਾਬ ਹੀ ਨਹੀਂ ਬਲਕਿ ਸੰਸਾਰ ਭਰ `ਚ ਅੱਜ ਸਿੱਖਾਂ ਅਤੇ ਦੂਜਿਆਂ ਲਈ ਵੀ ਸਿੱਖ ਧਰਮ ਦੀ ਖਿੱਚ ਹੀ ਕੁੱਝ ਹੋਰ ਅਤੇ ਨਿਵੇਕਲੀ ਹੁੰਦੀ। ਗੁਰਬਾਣੀ `ਚ ਤਾਂ ਸਿੱਖ ਧਰਮ ਅਤੇ ਸਿੱਖ ਦੀ ਉਹ ਸਰਦਾਰੀ ਮੋਜੂਦ ਹੈ, ਜਿਸਤੋਂ ਬਿਨਾ ਦੁਨੀਆਂ ਦੀ ਹਰੇਕ ਵਸੋਂ ਪ੍ਰੇਸ਼ਾਨ ਹੈ। ਇਸ ਲਈ ਸਾਰੇ ਸੰਸਾਰ ਨੂੰ, ਗੁਰਬਾਣੀ ਤੋਂ ਪ੍ਰਾਪਤ ਸਿੱਖ ਕੋਲੋਂ ਉਸ ਸਰਦਾਰੀ ਦੀ ਹਰ ਸਮੇਂ ਲੋੜ ਹੀ ਲੋੜ ਹੈ। ਕਾਸ਼, ਗੁਰਬਾਣੀ ਦੀ ਰੋਸ਼ਨੀ `ਚ ਜੀਅ ਕੇ, ਸਿੱਖ ਸੰਸਾਰ ਦੀ ਇਸ ਵੱਡੀ ਲੋੜ ਨੂੰ ਪੂਰਾ ਕਰ ਸਕਣ।

ਇਸਦੇ ਉਲਟ, ਜਿਵੇਂ ਕਿ ਅੱਜ ਅਸੀਂ ਉਚੀ ਉਚੀ ਸ਼ੋਰ ਮਚਾ ਕੇ ਇਸ ਯਾਤਰਾ ਸਮੇਂ ਢਿੰਡੋਰੇ ਪਿੱਟ ਰਹੇ ਹਾਂ “ਹਰ ਵੇਲੇ, ਹਰ ਦਮ ਗੁਰੂ ਦੇ ਨਾਲ” ਜੇਕਰ ਸਚਮੁਚ ਅਸੀਂ ਗੁਰੂ ਦੇ ਨਾਲ ਹੋ ਕੇ ਭਾਵ ਗੁਰਬਾਣੀ ਗੁਰੂ ਦੀ ਸਿਖਿਆ-ਆਗਿਆ-ਸੇਧ `ਚ ਚਲ ਰਹੇ ਹੁੰਦੇ ਅਤੇ ਜੇਕਰ ਇਸ `ਚ ਰਤੀ ਭਰ ਵੀ ਸਚਾਈ ਹੁੰਦੀ ਤਾਂ (੧) ਅੱਜ ਸੰਸਾਰ ਵਿਚੋਂ ਜਹਾਲਤਾਂ, ਲੁੱਟ-ਖੋਹ, ਹੇਰਾ-ਫ਼ੇਰੀਆਂ, ਠਗੀਆਂ, ਵੱਡੇ ਵੱਡੇ ਜੁਰਮ ਖੰਬ ਲਾ ਕੇ ਉੱਡ ਚੁਕੇ ਹੁੰਦੇ। (੨) ਸੰਸਾਰ ਵਿਚੋਂ ਊਚ-ਨੀਚ, ਕਾਲੇ-ਗੋਰੇ, ਜਾਤ-ਵਰਣ, ਬ੍ਰਾਹਮਣ-ਸ਼ੂਦਰ ਦੇ ਵਿਤਕਰੇ ਮੁੱਕ ਚੁਕੇ ਹੁੰਦੇ। (੩) ਸੰਸਾਰ ਭਰ `ਚ ਨਸ਼ਿਆਂ ਦੀ ਭਰਮਾਰ ਜੋ ਕਿ ਅੱਜ ਅਫ਼ੀਮ, ਸ਼ਰਾਬ, ਸਮੈਕ, ਬਰਾਉਣ-ਸ਼ੂਗਰ, ਭੁਕੀ, ਨਸ਼ੀਲੀਆਂ ਦਵਾਈਆਂ ਆਦਿ ਆਪਣੇ ਬੇਅੰਤ ਰੂਪ ਵਟਾ ਕੇ ਮਨੁੱਖਾ ਨਸਲ ਦੀ ਤਬਾਹੀ ਦਾ ਕਾਰਨ ਬਣੀ ਦੀਆਂ ਹਨ, ਇਹ ਲਾਹਨਤਾਂ ਮਨੁੱਖ ਦੇ ਗਲੋਂ ਲੱਥ ਚੁਕੀਆਂ ਹੁੰਦੀਆਂ; ਇਨ੍ਹਾਂ ਦਾ ਨਾਮੋ-ਨਿਸ਼ਾਨ ਵੀ ਬਾਕੀ ਨਾ ਰਿਹਾ ਹੁੰਦਾ। (੪) ਵਿਭਚਾਰ, ਤਲਾਕ, ਜੁਆਨ ਸੁੰਦਰ ਬੱਚੀਆਂ `ਤੇ ਬੇਅੰਤ ਜ਼ੁਲਮ ਜਾਂ ਉਨ੍ਹਾਂ ਨੂੰ ਸਾੜ ਕੇ ਮਾਰਣਾ, ਦਹੇਜ ਪ੍ਰਥਾ, ਦੇਵਦਾਸੀ-ਰਾਮਜ਼ਨੀ ਪ੍ਰਥਾ, ਸਤੀ-ਪ੍ਰਥਾ, ਘੁੰਡ ਪ੍ਰਥਾ, ਬੱਚੀਆਂ ਦੀ ਜਨਮ ਤੋਂ ਪਹਿਲਾਂ ਹੀ ਭਰੂਨ ਹਤਿਆ ਤਾਂ ਦੂਰ, ਹਰੇਕ ਪ੍ਰਵਾਰ ਅਤੇ ਹਰੇਕ ਰਿਸ਼ਤੇ `ਚ ਇਸਤ੍ਰੀ ਵਰਗ ਦਾ ਸਨਮਾਨ ਕਾਇਮ ਹੋ ਚੁੱਕਾ ਹੁੰਦਾ। (੫) ਨਰ-ਨਾਰੀ ਵਿਚਕਾਰ ਇੱਕ ਦੂਜੇ ਵਰਗ ਦਾ ਸਨਮਾਨ, ਕਰਤਾਪੁਰਖ ਦੀਆਂ ਅਦੁਤੀਆਂ ਦਾਤਾਂ ਮੰਨ ਕੇ ਕੀਤਾ ਜਾ ਰਿਹਾ ਹੁੰਦਾ। ਜਿਸ ਦਾ ਨਤੀਜਾ, ਮਨੁੱਖ ਸਮਾਜ ਤਰੱਕੀ ਦੀਆਂ ਬੇਅੰਤ ਮੰਜ਼ਿਲਾ ਤੈਅ ਕਰਕੇ ਇੱਕ ਸੁਆਦਲਾ ਅਤੇ ਆਨੰਦ-ਮਈ ਜੀਵਨ ਬਤੀਤ ਕਰ ਰਿਹਾ ਹੁੰਦਾ। (੬) ਭੋਲੀ ਭਾਲੀ ਲੋਕਾਈ ਦੀ ਲੁੱਟ-ਖੋਹ ਲਈ ਧਰਮਾਂ, ਡੇਰਿਆਂ ਦੇ ਨਾਮ ਹੇਠ ਨਿੱਤ ਦੁਕਾਨਾ `ਚ ਵਾਧਾ ਨਾ ਹੋ ਰਿਹਾ ਹੁੰਦਾ ਬਲਕਿ ਸਮੂਚੇ ਮਨੁੱਖ ਮਾਤ੍ਰ ਲਈ ਗੁਰਬਾਣੀ ਰਾਹੀਂ ਪ੍ਰਗਟ ਇਕੋਇਕ ਇਲਾਹੀ ਅਤੇ ਮਨੁੱਖੀ ਧਰਮ ਦਾ ਪ੍ਰਗਾਸ ਹੋਇਆ ਹੁੰਦਾ। “ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ: ੬੭) ਅਨੁਸਾਰ ਸਾਰੇ ਪਾਸੇ ਠੰਡ ਵਰਤ ਰਹੀ ਹੁੰਦੀ। (੭) ਅਜੋਕੇ ਪਖੰਡੀ ਡੰਮੀ ਗੁਰੂਆਂ ਦੀਆਂ ਢਾਣੀਆਂ ਦੀ ਬਜਾਏ ਸਾਰੇ ਮਨੁੱਖ ਮਾਤ੍ਰ ਲਈ ‘ਇਕੋ ਇੱਕ ਇਲਾਹੀ ਗੁਰੂ’ ਅਤੇ “ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ” (ਪੰ: ੧੩੪੯) ਅਨੁਸਾਰ ਇਕੋ ਮਨੁੱਖੀ ਭਾਈਚਾਰੇ ਦੀ ਸਮਝ ਆ ਚੁਕੀ ਹੁੰਦੀ (੮) ਸੰਸਾਰ ਪਧਰ ਤੇ ਮਾਸੂਮ ਲੋਕਾਂ ਦੇ ਜਿਵੇਂ ਕਿ ਭਾਰਤ-ਪਾਕ ਦੀ ਵੰਡ ਸਮੇਂ ਸੰਨ ੧੯੪੭, ਉਪ੍ਰੰਤ ਨਵੰਬਰ ੧੯੮੪ ਭਾਰਤ ਭਰ `ਚ ਸਿੱਖਾਂ ਦਾ ਕਤਲੇਆਮ ਤੇ ਨਸਲ-ਕੁਸ਼ੀ, ਗੁਜਰਾਤ ਨਿਰਦੋਸ਼ ਮੁਸਲਮਾਨਾਂ ਦੀ ਧਾਰਮਿਕ ਜਨੂੰਨ `ਚ ਕਤਲੋਗ਼ਾਰਤ ਵਾਲੇ ਕਾਂਡ ਕਦੇ ਨਾ ਵਾਪਰਦੇ; ਜਦਕਿ ਇੱਕ ਜਾਂ ਦੂਜੇ ਪਾਸੇ ਸੰਸਾਰ ਭਰ `ਚ ਅਜੇਹੇ ਕਾਂਡ ਨਿੱਤ ਹੋ ਰਹੇ ਹਨ।

ਇਥੇ ਹੀ ਬੱਸ ਨਹੀਂ (੯) ਇਸ ਸਚਾਈ ਦੀ ਮਨੁੱਖ ਨੂੰ ਸਮਝ ਆ ਚੁਕੀ ਹੁੰਦੀ ਕਿ ਇੱਕ ਅਕਾਲਪੁਰਖ ਵਾਲੀ ਜੋਤ ਹੀ ਸਾਰੇ ਪਾਸੇ ਜਗਮਗਾ ਰਹੀ ਹੈ। (੧੦) ਅਰਬਾਂ-ਖਰਬਾਂ ਪੈਦਾ ਕੀਤੇ ਗਏ ਕਾਲ-ਮਹਾਕਾਲ ਵਰਗੇ ਦੇਵੀ-ਦੇਵਤੇ ਜਾਂ ਫ਼ਰਜ਼ੀ ਰੱਬ-ਭਗਵਾਨ, ਕਿਧਰੇ ਨਾ ਪੂਜੇ ਜਾ ਰਹੇ ਹੁੰਦੇ। (੧੧) ਦੇਵੀ-ਦੇਵ ਆਦਿ ਜਾਂ ਆਪ ਮਿਥੇ ਭਗਵਾਨਾਂ ਦੀ ਪੂਜਾ ਰਸਤੇ ਪੈਦਾ ਹੋਈਆਂ ਬੇਅੰਤ ਜਹਾਲਤਾਂ, ਥਿਤ-ਵਾਰ, ਸਗਨ-ਅਪਸਗਨ, ਰੀਤਾਂ-ਅਪਰੀਤਾਂ, ਜਨਮਪਤ੍ਰੀਆਂ-ਟੇਵੇ-ਮਹੂਰਤ-ਰਾਸ਼ੀਫਲ, ਸੂਤਕ-ਪਾਤਕ ਵਾਲੇ ਵਹਿਮ-ਸਹਿਮ, ਟੂਣੇ-ਪ੍ਰਛਾਵੇਂ, ਭੂਤ-ਪ੍ਰੇਤ-ਬਦਰੂਹਾਂ ਦੇ ਭਰਮ-ਜਾਲੇ, ਸੁਰਗ-ਨਰਕ, ਧਰਮਰਾਜ-ਜਮਰਾਜ, ਪਿਤ੍ਰ ਲੋਕ-ਸੂਰਜ ਲੋਕ-ਇੰਦਰ ਲੋਕ, ਸਰਾਧ-ਨੌਰਾਤੇ ਸੂਰਜ-ਗ੍ਰਿਹਣ, ਚੰਦ੍ਰ ਗ੍ਰਿਹਣ ਵਾਲੇ ਅੰਧ ਵਿਸ਼ਵਾਸ ਆਦਿ ਬਹੁਤ ਪਹਿਲਾਂ ਤੋਂ ਆਪਣਾ ਅਸਰ ਗੁਆ ਚੁੱਕੇ ਹੁੰਦੇ (੧੨) ਜ਼ਿਆਦਾ ਨਹੀਂ ਤਾਂ ਘਟੋਘਟ ਗੁਰਦੁਆਰਿਆਂ ਵਿਚੋਂ ਸੰਗ੍ਰਾਂਦਾ, ਪੂਰਨਮਾਸ਼ੀਆਂ, ਮਸਿਆਵਾਂ, ਮੰਗਲਾਂ-ਸਨੀਚਰਾਂ ਤੋਂ ਤਾਂ ਸਾਡਾ ਖੈੜਾ ਛੁੱਟ ਹੀ ਚੁੱਕਾ ਹੁੰਦਾ। (੧੩) ਹੋਰ ਤਾਂ ਹੋਰ ਮਹੀਨੇ ਦੇ ਤੀਹ ਦਿਨ “ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ (ਸਾਧਸੰਗਤ) ਨਾਵੈ” (ਪੰ: ੩੦੫) ਵਾਲੀ ਸਾਡੇ ਜੀਵਨ ਦੀ ਅਵਸਥਾ ਬਣ ਚੁਕੀ ਹੁੰਦੀ। ਇਥੇ ਤਾਂ “ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ, ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ, ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ, ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ” (ਪੰ: ੩੦੫)। ਇਸ ਤਰ੍ਹਾਂ ਜਿਵੇਂ ਅੱਜ ਅਸੀਂ ਲਾਊਡਸਪੀਕਰਾਂ ਦੇ ਉਛਲ ਉਛਲ ਕੇ ਨਾਹਰੇ ਲਗਾ ਰਹੇ ਅਤੇ ਦਾਅਵੇ ਕਰ ਰਹੇ ਹਾਂ ਕਿ ‘ਤਿੰਨ ਸੌ ਸਾਲ ਗੁਰੂ ਦੇ ਨਾਲ’ ਫ਼ਿਰ ਇੰਨਾ ਹੀ ਨਹੀਂ ਬਲਕਿ “ਹਰ ਵੇਲੇ ਹਰ ਦਮ ਗੁਰੂ ਦੇ ਨਾਲ” ਵਾਲੇ ਝੂਠ ਦੀ ਸਾਨੂੰ ਲੋੜ ਹੀ ਨਾ ਪੈਂਦੀ। ਜੇ ਸਚਮੁਚ ਹੀ ਅਸੀਂ ਅੱਜ ਗੁਰੂ ਦੇ ਨਾਲ ਹੋ ਕੇ ਚਲ ਰਹੇ ਹੁੰਦੇ ਤਾਂ ਸਾਡੀ ਜੀਵਨ ਅਵਸਥਾ “ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ, ਜੋ ਆਪਿ ਜਪੈ ਅਵਰਹ ਨਾਮੁ ਜਪਾਵੈ” (ਪੰ: ੩੦੫) ਵਾਲੀ ਬਣ ਚੁਕੀ ਹੁੰਦੀ ਅਤੇ ਦੁਨੀਆਂ ਵੀ ਸਾਡੇ ਤੋਂ ਵਾਰੇ ਵਾਰੇ ਜਾ ਰਹੀ ਹੁੰਦੀ। ਇਸ ਤਰ੍ਹਾਂ ਸੰਸਾਰ `ਚ ਠੰਡ ਵਰਤ ਚੁਕੀ ਹੁੰਦੀ।

ਇਹ ਤਾਂ ਕੇਵਲ ਇਸ਼ਾਰੇ ਹੀ ਹਨ, ਜੇ ਸਚਮੁਚ ਹੀ ਅੱਜ ਸਾਡਾ ਜੀਵਨ ‘ਗੁਰੂ ਮਾਨਿਯੋ ਗ੍ਰੰਥ’ ਜਾਂ ‘ਗੁਰੂ ਦੇ ਨਾਲ ਵਾਲਾ ਹੁੰਦਾ’ ਤਾਂ ਇਥੇ ਉਚ ਜਾਤੀਏ ਸਿੱਖ ਜਾ ਦੂਜੇ ਰਵੀਦਾਸੀਏ, ਬ੍ਰਾਹਮਣੀ, ਖਤ੍ਰੀ ਟਾਂਕ, ਮਜ਼੍ਹਬੀ, ਜੱਟ, ਭਾਪੇ ਅਦਿ ਸਿੱਖਾਂ ਦੀਆਂ ਵੰਡੀਆਂ ਨਾ ਹੁੰਦੀਆਂ। ਇਸ ਤੋਂ ਇਲਾਵਾ ਕੋਈ ਸੰਤ ਜੀ ਦੇ, ਭਾਈ ਸਾਹਿਬ ਦੇ, ਬਾਬਿਆਂ ਦੇ, ਟਕਸਾਲੀ ਸਿੱਖ ਜਾਂ ਅਖੌਤੀ ਦਸਮ ਗ੍ਰੰਥ ਦੇ ਸਿੱਖ ਕਦੇ ਨਾ ਹੁੰਦੇ ਬਲਕਿ ਸਾਰੇ ਹੀ ਲੋਗੋ ਅਨੁਸਾਰ ‘ਗੁਰੂ ਮਾਨਿਯੋ ਗ੍ਰੰਥ’ ਭਾਵ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਹੀ ਸਿੱਖ ਹੁੰਦੇ। ਇਸ ਸਾਰੇ ਦੇ ਉਲਟ ਹੁਣ ਤਾਂ ਉਹ ਵੀ ਨਜ਼ਰ ਆ ਰਹੇ ਹਨ ਜੋ ਆਪਣੇ ਆਪ ਨੂੰ ਬੜੀ ਬੇਸ਼ਰਮੀ ਨਾਲ ਦੇਵੀ-ਭਗਤ ਸਿੱਖ, ਸ਼ਿਵ ਭਗਤ ਸਿੱਖ, ਕਲੀਨ ਸ਼ੇਵਨ ਸਿੱਖ, ਟੋਪੀ ਧਾਰੀ-ਹੈਲਮੈਟੀਏ ਤੇ ਪਤਾ ਨਹੀਂ ਕੀ ਕੀ ਅਖਵਾਉਣ ਵਾਲੇ ਸਿੱਖ ਮਿਲ ਰਹੇ ਹਨ ਅਤੇ ਇਸ ਸਾਰੇ `ਚ ਉਨ੍ਹਾਂ ਨੂੰ ਸ਼ਰਮ ਤੀਕ ਮਹਿਸੂਸ ਨਹੀਂ ਹੁੰਦੀ। ਜਦਕਿ ਸਿੱਖ ਦਾ ਮਤਲਬ ਇਕੋ ਹੀ ਹੈ-ਸਾਬਤ ਸੂਰਤ, ਇਲਾਹੀ ਮਨੁੱਖੀ ਸ਼ਕਲ-ਸੂਰਤ `ਚ ਵਿਚਰ ਰਿਹਾ, ਦਸਤਾਰ ਧਾਰੀ ਅਤੇ ਵਾਹਿਦ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ ਦਾ ਅਨੁਸਾਰੀ ਮਨੁੱਖ।

ਜੇਕਰ ਸਚਮੁਚ ਹੀ ਅੱਜ ਸਾਡਾ ਜੀਵਨ ‘ਗੁਰੂ ਮਾਨਿਯੋ ਗ੍ਰੰਥ’ ਜਾਂ ਗੁਰੂ ਦੇ ਨਾਲ ਵਾਲਾ ਹੁੰਦਾ’ ਤਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਪ੍ਰਗਟ ‘ਭਾਣੇ-ਰਜ਼ਾ’ ਵਾਲੇ ਜੀਵਨ ਦੀ ਸਾਨੂੰ ਸਮਝ ਆ ਚੁਕੀ ਹੁੰਦੀ। ਸਾਡੇ ਪ੍ਰਵਾਰਾਂ `ਚ ਜੰਮਨੇ-ਮਰਨੇ, ਖੁਸ਼ੀਆਂ-ਗ਼ਮੀਆਂ ਬ੍ਰਾਹਮਣੀ ਲਕੀਰਾਂ `ਤੇ ਆਧਾਰਿਤ ਨਾ ਹੁੰਦੀਆਂ। ਜੇਕਰ “ਸੰਗਤ-ਪੰਗਤ-ਸਰੋਵਰ” ਵਾਲੀ ‘ਗੁਰਬਾਣੀ’ - ‘ਗੁਰੂ ਗ੍ਰੰਥ ਸਾਹਿਬ’ ਆਧਾਰਤ ਸੰਸਥਾ ਦੇ ਅਰਥ, ਸਾਡੀ ਅਮਲੀ ਜ਼ਿੰਦਗੀ ਦਾ ਹਿੱਸਾ ਹੁੰਦੇ ਤਾਂ ਬ੍ਰਾਹਮਣੀ ਸੁੱਚਾ-ਭਿਟਾਂ, ਛੂਆ-ਛੂਤ, ਟੂਣੇ-ਪ੍ਰਛਾਵੇਂ, ਮਜ਼ਹਬੀ-ਰਵੀਦਾਸੀਏ-ਰਾਮਗੜ੍ਹੀਏ ਵਾਲੇ ਢੋਂਗ ਸਾਡੇ ਜੀਵਨ ਚੋਂ ਦੂਰ ਹੋ ਚੁਕੇ ਹੁੰਦੇ। “ਨਾਮ ਜਪੋ-ਕਿਰਤ ਕਰੋ-ਵੰਡ ਛਕੋ’ ਵਾਲਾ ਉਚਤਮ ਗੁਰਬਾਣੀ ਆਧਾਰਤ ਜੀਵਨ, ਸਾਡੇ ਅਮਲੀ ਜੀਵਨ `ਚੋਂ ਪ੍ਰਗਟ ਹੋ ਰਿਹਾ ਹੁੰਦਾ ਤਾਂ ਸਾਡੀ ਅਜੇਹੀ ਉਭਰ ਚੁਕੀ ਸੋਚਣੀ ਦਾ ਨਤੀਜਾ, ਸੋਨੇ ਦੇ ਕਲਸਾਂ-ਪਾਲਕੀਆਂ, ਸੰਗਮਰਮਰ ਦੀਆਂ ਗੁਰਦੁਆਰਾ ਇਮਾਰਤਾਂ, ਬੇ-ਜ਼ਰੂਰਤ ਸਰੋਵਰਾਂ, ਬੇਲੋੜੇ ਭਾਂਤ-ਸੁਭਾਂਤੇ ਲੰਗਰਾਂ ਜਾਂ ਸੜਕਾਂ `ਤੇ ਰੂਹ-ਅਫ਼ਜ਼ਾ ਦੀਆਂ ਛਬੀਲਾਂ ਲਈ ਕੌਮ ਦਾ ਦਸਵੰਧ ਬਰਬਾਦ ਨਾ ਕਰ ਰਹੇ ਹੁੰਦੇ। ਸਿੱਖ ਦੀ ਜੁਆਨੀ ਆਪਣੀ ਰੋਟੀ-ਰੋਜ਼ੀ-ਪੜ੍ਹਾਈ (ਤਾਲੀਮ), ਰਿਸ਼ਤੇਆਂ ਆਦਿ ਲਈ ਅਨਮਤੀਆਂ ਦੀ ਗੋਦੀ `ਚ ਡਿੱਗਣ ਜਾਂ ਪਤਿਤ ਹੋਣ ਤੇ ਇਲਾਹੀ ਸਰੂਪ ਨੂੰ ਤਿਆਗਣ ਲਈ ਮਜਬੂਰ ਨਾ ਹੁੰਦੀ। ਗੁਰਦੁਆਰਿਆਂ ਦੀ ਚੌਧਰ ਲਈ, ਜਾਤ ਭਾਈਆਂ ਦੀਆਂ ਦਸਤਾਰਾਂ ਨਾ ਉਤਰ ਰਹੀਆਂ ਹੁੰਦੀਆਂ। ਇਨ੍ਹਾਂ ਚੌਧਰਾਂ ਦੀਆ ਭੁਖਾਂ ਲਈ ਆਪਣੇ ਹੀ ਜਾਤ ਭਾਈਆਂ ਨੂੰ ਕੋਰਟਾਂ-ਕਚਿਹਰੀਆਂ `ਚ ਨਾ ਘਸੀਟਿਆ ਜਾ ਰਿਹਾ ਹੁੰਦਾ। ਗੁਰਦੁਆਰਾ ਚੌਧਰਾਂ ਲਈ ਇੱਕ ਦੂਜੇ ਦੀਆਂ ਗਰਦਨਾਂ `ਤੇ ਤਲਵਾਰਾਂ ਨਾ ਚਲ ਰਹੀਆਂ ਹੁੰਦੀਆਂ; ਇੱਕ ਦੂਜੇ ਸਿੱਖ ਭਾਈ ਦੇ ਨਿਜੀ ਜੀਵਨ `ਤੇ ਚਿੱਕੜ ਨਾ ਉਛਾਲੇ ਜਾ ਰਹੇ ਹੁੰਦੇ, ਮੈਂਬਰਾਂ ਦੀ ਜ਼ਮੀਰ ਦੇ ਮੁਲ ਨਾ ਪਾਏ ਜਾ ਰਹੇ ਹੁੰਦੇ ਅਤੇ ਉਨ੍ਹਾਂ ਦੀ ਖਰੀਦ-ਵੇਚ ਵੀ ਨਾ ਹੋ ਰਹੀ ਹੁੰਦੀ। ਇਸੇ ਤਰ੍ਹਾਂ ਹੋਰ ਬਹੁਤ ਕੁੱਝ ਹੈ, ਜਿਸਦਾ ਕਿ ਬਿਆਨ ਕਰਨਾ ਹੀ ਇਥੇ ਸੌਖਾ ਤੇ ਸਭਯ ਨਹੀਂ।

“ਹੋਇ ਇਕਤ੍ਰ ਮਿਲਹੁ ਮੇਰੇ ਭਾਈ” -ਹੁਣ ਗੱਲ ਕਰਦੇ ਹਾਂ ਉਨ੍ਹਾਂ ਸਜਨਾਂ ਦੀ ਜਿਨ੍ਹਾਂ ਨੇ ਕੌਮ ਨੂੰ ਤਿੰਨ ਸੌ ਸਾਲ, ਗੁਰੂ ਦੇ ਨਾਲ’ ‘ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ਵਾਲਾ ਨਾਰ੍ਹਾਂ ਅਥਵਾ ਲੋਗੋ (Logo) ਦਿੱਤਾ ਅਤੇ “ਗੁਰੂ ਗ੍ਰੰਥ-ਜਾਗ੍ਰਿਤੀ ਯਾਤ੍ਰਾ” ਦਾ ਆਯੋਜਨ ਕੀਤਾ। ਉਨ੍ਹਾਂ ਦੀ ਸੇਵਾ `ਚ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਤਿਕਾਰਜੋਗ ਸਜਨੋਂ! ਜੇ ਸਚਮੁਚ ਹੀ “ਗੁਰੂ ਗ੍ਰੰਥ-ਜਾਗ੍ਰਿਤੀ ਯਾਤ੍ਰਾ” ਲਈ ਤੁਹਾਡਾ ਮਕਸਦ ਸਾਫ਼ ਹੈ ਕਿ ਤੁਹਾਡੇ ਇਸ ਬਹੁਤ ਵੱਡੇ ਉੱਦਮ ਨਾਲ ਸੰਗਤਾਂ ਵਿਚਕਾਰ ‘ਗੁਰੂ ਗ੍ਰੰਥ’ ਅਤੇ ‘ਗੁਰਬਾਣੀ ਜੀਵਨ’ ਬਾਰੇ ਜਾਗ੍ਰਿਤੀ ਆਵੇ ਤਾਂ ਲੋੜ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਅਤਿ ਸਤਿਕਾਰਜੋਗ ਕਾਰਜ ਨੂੰ ਅਬਚਲ ਨਗਰ ਤੋਂ ਹੀ ਆਰੰਭ ਕਰ ਦੇਵੋ-ਕਿਉਂਕਿ ਇਹ ਉਹ ਪਵਿਤ੍ਰ ਸਥਾਨ ਹੈ, ਜਿਸ ਸਥਾਨ ਤੇ ਕਲਗੀਧਰ ਜੀ ਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਸੰਪੂਰਣਤਾ ਦਾ ਐਲਾਨ ਕਰਦੇ ਹੋਏ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਨੂੰ ਗੁਰਗਦੀ ਬਖਸ਼ੀ, ਅਤੇ ‘ਗੁਰੂ ਮਾਣਿਯੋ ਗ੍ਰੰਥ’ ਵਾਲਾ ਪੰਥ ਨੂੰ ਆਦੇਸ਼ ਦਿੱਤਾ। ਇਸ ਤੋਂ ਬਾਅਦ ਜਾਣੇ-ਅਣਜਾਣੇ ਜਾਂ ਕਿਸੇ ਮਜਬੂਰੀ ਅਧੀਨ ਇਸ ਸੰਬੰਧ `ਚ ਜੋ ਤੁਹਾਡੇ ਕੋਲੋਂ ਬਜਰ ਅਪਰਾਧ ਹੋ ਰਹੇ ਹਨ, ਉਨ੍ਹਾਂ ਦੀ ਸਮਾਪਤੀ ਲਈ ਤੁਸੀਂ ਸਮਾਂ ਰਹਿੰਦੇ ਕਮਰ-ਕਸੇ ਕਰੋ ਅਤੇ ਉਨ੍ਹਾਂ ਤੋਂ ਪੰਥ ਨੂੰ ਨਿਜਾਤ ਦੁਆਓ। ਅਜੇਹੀ ਹਾਲਤ `ਚ ਤੁਹਾਡੀ ਇਛਾ ਅਨੁਸਾਰ, ਸੰਗਤਾਂ ਦਾ ਵਾਹੋ-ਦਾਹੀ ਉਥੇ ਪੁਜਣਾ ਵੀ ਸੁਕਾਰਤਾ ਹੋਵੇਗਾ ਅਤੇ ਤੁਸੀਂ ਵੀ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤ੍ਰ ਬਨੋਗੇ।

ਬੇਸ਼ਕ ਗੁਰਬਾਣੀ ਅਥਵਾ ਗੁਰਮਤਿ ਅਨੁਸਾਰ, ਉਹ ਸਾਰੇ ਬਜਰ ਗੁਨਾਹ ਜਗ ਜ਼ਾਹਿਰ ਹਨ ਜੋ ਉਥੇ ਹੋ ਰਹੇ ਹਨ। ਫ਼ਿਰ ਵੀ “ਆਇ ਮਿਲੁ ਗੁਰਸਿਖ ਆਇ ਮਿਲੁ, ਤੂ ਮੇਰੇ ਗੁਰੂ ਕੇ ਪਿਆਰੇ” (ਪੰ: ੭੨੫) ਦੇ ਮਹਾਨ ਗੁਰ ਉਪਦੇਸ਼ `ਤੇ ਪਹਿਰਾ ਦੇਂਦੇ ਹੋਏ “ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫) ਵਾਲੇ ਗੁਰਬਾਣੀ ਪ੍ਰਮਾਣਾਂ ਦੀ ਸੇਧ `ਚ ਅਸੀਂ ਆਪਸ `ਚ ਇਨ੍ਹਾਂ ਗੁਰਮਤਿ ਵਿਰੋਧੀ ਉਥੇ ਹੋ ਰਹੀਆਂ ਊਣਤਾਈਆਂ ਬਾਰੇ ਸੁਚੇਤ ਹੋਵੀਏ। ਹੋ ਸਕਦਾ ਹੈ ਕਿ ਇਸ ਤਰ੍ਹਾਂ ਅਸੀਂ ਸਾਰੇ ਮਿਲਕੇ, ਇੱਕ ਦੂਜੇ ਦੀ ਮਦਦ ਨਾਲ ਇਸ ਗੁੰਝਲ ਚੋਂ ਸੌਖੇ ਸੁਰਖਰੂ ਹੋ ਸਕੀਏ। (੧) ਕਲਗੀਧਰ ਜੀ ਨੇ ਸਾਰੇ ਪੰਥ ਨੂੰ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਲੜ ਲਾਇਆ ਹੈ ਕਿਸੇ ਹੋਰ ਗ੍ਰੰਥ ਦੇ ਉੱਕਾ ਨਹੀਂ। ਉਂਝ ਵੀ ਗੁਰਬਾਣੀ ਦੇ ਇਸ ਸਮੁੰਦਰ `ਚ ਜਿੰਨੀਆਂ ਚੁਭੀਆਂ ਮਾਰੋਗੇ, ਸਮਝਦੇ ਦੇਰ ਨਹੀਂ ਲਗੇਗੀ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਸਾਡੇ ਪੂਰਣ ਗੁਰੂ ਹਨ, ਅਧੂਰੇ ਨਹੀਂ। ਨਾ ਇਥੋਂ ਕੋਈ ਪੰਕਤੀ ਬਾਹਿਰ ਛੁੱਟੀ ਹੈ ਤੇ ਨਾ ਫ਼ਾਲਤੂ ਚੜ੍ਹੀ ਹੈ। ਇਸਦੇ ਬਾਵਜੂਦ ਗੁਰੂ ਪਾਤਸ਼ਾਹ ਦੀ ਮਹਾਨ ਅਵਗਿਆ ਕਰਦੇ ਹੋਏ ਉਥੇ ਜੋ ਆਪ ਨੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਰਾਬਰੀ `ਚ ‘ਅਖੌਤੀ ਦਸਮ ਗ੍ਰੰਥ’ ਦਾ ਪ੍ਰਕਾਸ਼ ਕਰ ਰਖਿਆ ਹੈ, ਉਸਨੂੰ ਬਿਨਾ ਢਿੱਲ ਹਟਾਉਣਾ ਜ਼ਰੂਰੀ ਹੈ। (੨) ਆਪ ਵੀ ਜਾਣਦੇ ਹੋ ਕਿ ਜਦੋਂ ਦਸਮੇਸ਼ ਜੀ ਨੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਸੌਂਪੀ ਤਾਂ ਉਸ ਸਮੇਂ ਨਾ ਹੀ ਤਾਂ ਕਿਸੇ ਵੀ ਹੋਰ ਰਚਨਾ ਨੂੰ ਬਰਾਬਰੀ ਦਿੱਤੀ ਅਤੇ ਨਾ ਹੀ ਉਸ ਸਮੇਂ ਅਜੋਕਾ ਦਸਮ ਗ੍ਰੰਥ ਮੋਜੂਦ ਹੀ ਸੀ। ਦਸਮੇਸ਼ ਜੀ ਦੇ ਜੋਤੀ-ਜੋਤ ਸਮਾਉਣ ਤੋਂ ਲਗਭਗ ੨੮-੩੦ ਸਾਲਾਂ ਬਾਅਦ ਵਿਰੋਧੀਆਂ-ਸ਼ਰਾਰਤੀਆਂ ਵਲੋਂ ‘ਬਚਿਤ੍ਰ ਨਾਟਕ’ ਨਾਮ ਦੀ ਰਚਨਾ ਪ੍ਰਗਟ ਕੀਤੀ ਗਈ। ਉਪ੍ਰੰਤ ਵਿਰੋਧੀਆਂ ਨੇ ਉਸੇ ‘ਬਚਿਤ੍ਰ ਨਾਟਕ’ ਦੇ ਰੂਪ ਬਦਲ-ਬਦਲ ਕੇ ਲਗਭਗ ਸੰਨ ੧੮੭੦ `ਚ ਉਸਨੂੰ ਮੋਜੂਦਾ ‘ਦਸਮ ਗ੍ਰੰਥ’ ਦਾ ਨਾਮ ਦਿੱਤਾ। (੩) ਜੇਕਰ ੧੪੨੮ ਪੰਨਿਆਂ ਦੇ ਇਸ ਅਖੌਤੀ ਦਸਮ ਗ੍ਰੰਥ `ਚੋਂ ਕੇਵਲ ੧੮-੨੦ਪੰਨੇ ਹਨ (ਹੋਰ ੧੫੭੫ ਪੰਨੇ ਸਰਬਲੋਹ ਗ੍ਰੰਥ) ਜਿਹੜੇ ‘ਸਿੱਖ ਰਹਿਤ ਮਰਿਆਦਾ ੧੯੪੫’ ਅਨੁਸਾਰ ਪੰਥਕ ਨਿੱਤਨੇਮ ਦਾ ਅੰਗ ਹਨ ਤਾਂ ਵੀ ਉਹ ਇੱਕ ਵੱਖਰਾ ਵਿਸ਼ਾ ਹੈ। ਉਪ੍ਰੰਤ ਉਸੇ ‘ਸਿੱਖ ਰਹਿਤ ਮਰਿਆਦਾ ੧੯੪੫’ ਅਨੁਸਾਰ ਇਹ ਵੀ ਆਦੇਸ਼ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਾਕਰ (ਤੁਲ ਜਾਂ ਬਰਾਬਰੀ `ਤੇ) ਕਿਸੇ ਵੀ ਰਚਨਾ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤਾਂ ਇਥੇ ਕਿਉਂ?

(੪) ਸਿੱਖ ਲਈ ਗੁਰਬਾਣੀ ਦੀ ਅਗਿਆ `ਚ ਚਲਣਾ ਹੀ ਸਰਵੋਪਰੀ ਹੈ। ਤਾਂ ਤੇ ਫ਼ੈਸਲਾ ਹੈ “ਦੁਬਿਧਾ ਨ ਪੜਉ, ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ’ (ਪੰ: ੬੩੪) ਹੋਰ “ਜਿਨਿ ਜੀਉ ਪਿੰਡੁ ਦਿਤਾ, ਤਿਸੁ ਚੇਤਹਿ ਨਾਹਿ॥ ਮੜੀ ਮਸਾਣੀ ਮੂੜੇ ਜੋਗੁ ਨਾਹਿ” (ਪੰ: ੧੧੯੦) ਇਸਦੇ ਨਾਲ ਦਸਮ ਪਾਤਸ਼ਾਹ ਦੇ ਸਵੇਯਾ ਅਨੁਸਾਰ ਵੀ “ਬ੍ਰਤ, ਗੋੜ ਮੜ੍ਹੀ, ਮਠ ਭੂਲ ਨ ਮਾਨੈ” ਦਾ ਆਦੇਸ਼ ਹੈ। ਪਰ ਹਜ਼ੂਰ ਸਾਹਿਬ ਵਿਖੇ ਹੀ ਦਸਮੇਸ਼ ਜੀ ਦੇ ਪੰਜ ਭੂਤਕ ਸਰੀਰ ਦੇ ਸਸਕਾਰ ਸਥਾਨ `ਤੇ ਅੰਗੀਠਾ ਕਾਇਮ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਉਸਦੀ ਪੂਜਾ ਹੋ ਰਹੀ ਹੈ। ਇਥੋਂ ਤੀਕ ਕਿ ਕੜਾਹ ਪ੍ਰਸ਼ਾਦਿ ਵਰਤਾਉਣ ਤੋਂ ਪਹਿਲਾਂ ਥਾਲ `ਚ ਪਾ ਕੇ, ਪ੍ਰਕ੍ਰਮਾ ਵਾਲੇ ਤਿੰਨਾਂ ਦਰਵਾਜ਼ਿਆਂ ਤੋ ਇਲਾਵਾ, ਪ੍ਰਕਾਸ਼ ਸਥਾਨ ਵਾਲੇ ਪਾਸੇ ਖੁਲਣ ਵਾਲਾ ਪਰਦਾ ਤੀਕ ਕਰਕੇ, ਭੋਗ (ਪ੍ਰਵਾਨਗੀ) ਲੁਆਉਣ ਦੀ ਰਸਮ ਕੀਤੀ ਜਾਂਦੀ ਹੈ। ਇਸ ਤਰ੍ਹਾਂ ਉਥੇ ਦੀ ਮਰਿਆਦਾ `ਚ ਦੇਖਿਆ ਜਾਵੇ ਤਾਂ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਤਿਕਾਰ ਅੰਗੀਠਾ ਸਾਹਿਬ ਤੋਂ ਬਾਅਦ ਹੀ ਸਾਬਤ ਹੋਵੇਗਾ, ਜੋ ਕਿ ਗੁਰਮਤਿ ਦੀ ਪ੍ਰਤਖ ਨਿਰਾਦਰੀ ਹੈ। (੫) ਇਸੇ ਤਰ੍ਹਾਂ “ਗੁਰ ਕੇ ਚਰਨ ਰਿਦੈ ਪਰਵੇਸਾ” (ਪੰ: ੫੩੧) ਜਾਂ “ਗੁਰ ਕੇ ਚਰਨ ਬਸੇ ਰਿਦ ਭੀਤਰਿ” (ਪੰ: ੬੧੮) ਹੋਰ “ਗੁਰ ਕੇ ਚਰਨ ਰਿਦੈ ਉਰਿ ਧਾਰੇ॥ ਅਗਨਿ ਸਾਗਰ ਤੇ ਉਤਰੇ ਪਾਰੇ” (ਪੰ: ੮੬੫) ਅਦਿ ਗੁਰਬਾਣੀ `ਚ ਅਜੇਹੇ ਅਨੇਕਾਂ ਪ੍ਰਮਾਣ ਹਨ, ਇਸਦੇ ਨਾਲ ਇਥੇ ਅਨੇਕਾਂ ਆਦੇਸ਼ ਵੀ ਹਨ ਜਿੱਥੇ ਮੂਰਤੀ ਅਤੇ ਮੂਰਤੀਆਂ ਦੀ ਪੂਜਾ ਦਾ ਭਰਵਾਂ ਵਿਰੋਧ-ਖੰਡਣ ਕੀਤਾ ਗਿਆ ਹੈ। ਇਸ ਦੇ ਬਾਵਜੂਦ ਹਜ਼ੂਰ ਸਾਹਿਬ ਅੰਗੀਠਾ ਸਾਹਿਬ ਦੇ ਸਥਾਨ `ਤੇ ਦਸਮੇਸ਼ ਜੀ ਦੀ ਮੂਰਤੀ ਸਮੇਤ ਹੋਰ ਮੂਰਤੀਆਂ ਵੀ ਰਖੀਆਂ ਹਨ ਤੇ ਉਨ੍ਹਾਂ ਦੀ ਚੰਦਨ ਘਸ ਕੇ ਅਤੇ ਤਿਲਕ ਲਗਾ ਕੇ ਪੂਜਾ ਕੀਤੀ ਜਾਂਦੀ ਹੈ ਕਿਉਂ? (੬) ਗੁਰਬਾਣੀ `ਚ ‘ਤਿਲਕ’ ਵਾਲੇ ਕਰਮ ਦਾ ਵੀ ਭਰਵਾਂ ਵਿਰੋਧ ਹੈ ਜਿਵੇਂ “ਪੂਜਾ ਵਰਤ ਤਿਲਕ ਇਸਨਾਨਾ, ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ, ਬੋਲਹਿ ਮੀਠੇ ਬੈਨ” (ਪੰ: ੬੭੪) ਹੋਰ ਲਵੋ! “ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥ ਨਾਮੁ ਤੇਰਾ ਅੰਭੁਲਾ, ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ” (ਪੰ: ੬੯੪) ਪੁਨਾ ਬਾਣੀ `ਚ ਹੀ ਰਾਮਾਨੰਦ ਜੀ “ਏਕ ਦਿਵਸ ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥ ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ” (ਪੰ: ੧੧੯੫) ਬਲਕਿ “ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ” (ਪੰ: ੧੧੫੮ ਕਬੀਰ) ਫ਼ਿਰ ਇਹ ਕਾਰਾ ਉਥੇ ਕਿਉਂ? ਇਸਦੇ ਨਾਲ ਸ਼ਸਤ੍ਰਾ ਦੀ ਪੂਜਾ ਵੀ ਹੋ ਰਹੀ ਹੈ, ਜੋ ਕਿ ਗੁਰਮਤਿ ਵਿਰੁਧ ਕਰਮ ਹੈ ਅਤੇ ਉਹ ਵੀ ਕਿਉਂ?

(੭) ਗੁਰਦੇਵ ਤਾਂ “ਗਗਨ ਮੈ ਥਾਲੁ ਰਵਿ ਚੰਦੁ ਦੀਪਕ. .” ਵਾਲੇ ਸ਼ਬਦ `ਚ ਉਚੇਚੇ ਤੌਰ `ਤੇ ਫ਼ੁਰਮਾਅ ਰਹੇ ਹਨ “ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ” ਭਾਵ ਕਰਤੇ ਦੀ ਆਰਤੀ ਤਾਂ ਉਸਦੀ ਬੇਅੰਤ ਰਚਨਾ `ਚ ਹਰ ਸਮੇਂ, ਆਪ ਮੁਹਾਰੇ ਹੋ ਰਹੀ ਹੈ। ਗੁਰੂ ਸਾਹਿਬ ਤਾਂ ਇਥੇ ਬ੍ਰਾਹਮਣੀ ਆਰਤੀ ਦੇ ਕੇਂਦਰੀ ਸਥਾਨ ਜਗਨਨਾਥ ਪੁਰੀ ਪੁੱਜ ਕੇ ਵੱਡੇ ਇਕੱਠ ਸਮੇਂ, ਗੁਰਬਾਣੀ ਰਾਹੀਂ ਇਨ੍ਹਾਂ ਬਨਾਵਟੀ ਆਰਤੀਆਂ ਦਾ ਖੰਡਣ ਕਰ ਰਹੇ ਹਾਂ। ਦੂਜੇ ਪਾਸੇ-ਤਖਤ ਸਾਹਿਬ `ਤੇ ਹੀ ਧੂਪ ਦੀਵੇ ਮਚਾ ਕੇ, ਬ੍ਰਾਹਮਣੀ ਢੰਗ ਦੇ ਟੱਲ ਖੜਕਾ ਕੇ ਅਤੇ ਸੰਖ ਪੂਰ ਕੇ, ਪੰਥ ਨੂੰ ਕਿਹੜੀ ਗੁਰਮਤਿ ਦੀ ਸੇਧ ਦਿੱਤੀ ਜਾ ਰਹੀ ਹੈ? (੮) ਗੁਰਬਾਣੀ ਦੇ ਨਾਲ-ਨਾਲ ‘ਸਿੱਖ ਰਹਿਤ ਮਰਿਆਦਾ ੧੯੪੫’ ਅਨੁਸਾਰ ਵੀ ਪੰਥ ਨੂੰ ਸੇਧ ਦਿੱਤੀ ਗਈ ਹੈ ਕਿ ਗੁਰਦੁਆਰੇ `ਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ। ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣੇ, ਜੋਤਾਂ ਜਗਾਉਣੀਆਂ, ਟੱਲ ਖੜਕਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਗੁਰਦੁਆਰਿਆਂ `ਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ’। ਜਦਕਿ ਹਜ਼ੂਰ ਸਾਹਿਬ ਵਿਖੇ ਇਹ ਸਾਰੇ ਹੀ ਵਿਪਰਵਾਦੀ ਕਰਮ ਧੜੱਲੇ ਨਾਲ ਕੀਤੇ ਜਾ ਰਹੇ ਹਨ, ਮਾਨੋ ਉਥੇ ਪੁੱਜਣ ਵਾਲੀਆਂ ਸੰਗਤਾਂ ਨੂੰ ਅਜੇਹੇ ਮਨਮਤੀ ਅਤੇ ਬ੍ਰਾਹਮਣੀ ਕਰਮਾਂ ਲਈ ਪ੍ਰੇਰਣਾ ਕੀਤੀ ਜਾ ਰਹੀ ਹੈ। (੯) ਦੇਖ ਚੁੱਕੇ ਹਾਂ ਕਿ ਉਥੇ ਅੰਗੀਠਾ ਸਾਹਿਬ ਜੋ ਪੂਜਾ-ਪ੍ਰਤਿਸ਼ਠਾ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਵੀ ਵੱਧ ਹੈ। ਇਸ ਤੋਂ ਵੱਡੀ ਦੁਖਦਾਈ ਗੱਲ ਇੱਕ ਪਾਸੇ ਤਾਂ ਉਥੇ ਅੰਗੀਠਾ ਸਾਹਿਬ ਦੀ ਪੂਜਾ-ਅਰਚਾ ‘ਗੁਰੂ ਗ੍ਰੰਥ ਸਹਿਬ ਜੀ’ ਤੋਂ ਵੱਧ ਹੈ, ਨਾਲ ਹੀ ਨਾਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਜੀ ਦੇ ਅਖੰਡ ਪਾਠ ਦੀ ਭੇਟਾ ਘੱਟ ਹੈ ਜਦਕਿ ‘ਦਸਮ ਗ੍ਰੰਥ’ ਦੇ ਅਖੰਡ ਪਾਠ ਦੀ ਭੇਟਾ ਵੱਧ ਹੈ। ਸੋਚਣ ਦਾ ਵਿਸ਼ਾ ਹੈ ਕਿ ਉੱਥੋਂ ਦੇ ਪ੍ਰਬੰਧਕ, ਆਪਣੀ ਇਸ ਕਰਣੀ ਨਾਲ, ਉਥੇ ਜਾਣ ਵਾਲੀਆਂ ਸੰਗਤਾਂ ਨੂੰ ਕੀ ਸਮਝਾਉਣਾ ਚਾਹੁੰਦੇ ਹਨ? (੧੦) ਕੀ ਅਜੇਹੀ ਅਵਗਿਆ ਨਾਲ ਇਹ ਮੰਨ ਲਿਆ ਜਾਵੇ ਕਿ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਅਨੁਸਾਰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਤਿਕਾਰ, ਅੰਗੀਠਾ ਸਾਹਿਬ (ਮੜ੍ਹੀ) ਅਤੇ ਅਖੌਤੀ ‘ਦਸਮ ਗ੍ਰੰਥ’ ਤੋਂ ਵੀ ਬਾਅਦ ਭਾਵ ਤੀਜੇ ਸਥਾਨ `ਤੇ ਹੈ? (੧੧) ਪੰਥਕ ਫ਼ੈਸਲੇ ਅਨੁਸਾਰ ਪੰਥ ਆਪਣਾ, ‘ਨਾਨਕ ਸ਼ਾਹੀ’ ਕੈਲੰਡਰ ਲਾਗੂ ਕਰ ਚੁੱਕਾ ਹੋਇਆ ਹੈ ਜਿਸ ਅਨੁਸਾਰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਗੁਰਗੱਦੀ ਦਿਵਸ ੨੦ ਅਕਤੂਬਰ ੨੦੦੮ ਨੂੰ ਹੈ। ਪੰਥ ਦੇ ਇਸ ਫ਼ੈਸਲੇ ਦੇ ਬਾਵਜੂਦ ਹਜ਼ੂਰ ਸਾਹਿਬ ਦੇ ਪ੍ਰਬੰਧਕ ਇਹੀ ਗੁਰਗਦੀ ਦਿਵਸ ਬਦੋਬਦੀ ਬ੍ਰਾਹਮਣੀ ਕੈਲੰਡਰ ਮੁਤਾਬਕ ੩੦ ਅਕਤੂਬਰ ੨੦੦੮ ਨੂੰ ਮਨਾਉਣ ਲਈ ਬ-ਜ਼ਿਦ ਹਨ ਤਾਂ ਕਿਉਂ? (੧੨) ਸਵੇਰੇ-ਸ਼ਾਮ ਜਦੋਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੋਇਆ ਹੁੰਦਾ ਹੈ, ਗੁਰਬਾਣੀ ਕੀਰਤਨ ਪਾਠ ਦੋਰਾਨ ਜਦੋਂ ਮੋਨੀ ਜੀ (ਮੁੱਖ ਸੇਵਾਦਾਰ) ਉਥੇ ਪੁੱਜਦੇ ਹਨ ਤਾਂ ਗੁਰਬਾਣੀ ਸਤਿਕਾਰ ਨੂੰ ਪਿਛੇ ਪਾ ਕੇ, ਉਨ੍ਹਾਂ ਦੇ ਚਰਣ ਛੂਹਣ ਲਈ ਸੰਗਤਾਂ `ਚ ਹਲ-ਚਲ ਮਚ ਜਾਂਦੀ ਹੈ। (੧੩) ਤਖਤ ਸਾਹਿਬ ਦੇ ਫ਼ਰਸ਼ਾਂ ਨੂੰ ਧੋਣ ਲਈ, ਗਾਗਰਾਂ ਨਾਲ ਉਚੇਚਾ ਗੋਦਾਵਰੀ ਤੋਂ ਜਲ ਲਿਆਉਣ ਦੀ ਹੋੜ ਮਚੀ ਹੁੰਦੀ ਹੈ ਜਦਕਿ ਗੁਰਮਤਿ ਅਜੇਹੇ ਕਰਮਕਾਂਡਾਂ ਦੀ ਇਜਾਜ਼ਤ ਨਹੀਂ ਦੇਂਦੀ ਅਤੇ ਹੋਰ ਬਹੁਤ ਕੁਝ।

“ਸੋ ਸਿਖੁ ਸਦਾ ਬੰਧਪੁ ਹੈ ਭਾਈ” - ਤਾਂ ਤੇ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ-ਸੇਵਕਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਸਮਾਂ ਰਹਿੰਦੇ ਅਜੇਹੀਆਂ ਸਾਰੀਆਂ ਗੁਰਮਤਿ ਵਿਰੋਧੀ ਕਰਣੀਆਂ -ਕੁਰੀਤੀਆਂ `ਤੇ ਕਾਬੂ ਪਾਉਣ। ਗੁਰਦੇਵ ਦਾ ਫ਼ੁਰਮਾਨ ਹੈ “ਸੋ ਸਿਖੁ ਸਦਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ” (ਪੰ: ੬੦੧) ਅਤੇ ਖਾਸਤੌਰ `ਤੇ ਜ਼ਰੂਰੀ ਹੈ ਸੰਗਤਾਂ ਦੇ ਉਥੇ ਪਹੁੰਚਣ ਅਤੇ ਸਮਗਮਾਂ ਦਾ ਸੰਚਾਲਣ ਕਰਣ ਤੋਂ ਇੱਕ ਦਮ ਪਹਿਲਾਂ ਉਥੋਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਕੀਤੀ ਜਾ ਰਹੀ ਦਿਨ ਦੀਵੀਂ ਬੇਅਦਬੀ ਭਾਵ ਅਖੌਤੀ ‘ਦਸਮ ਗ੍ਰੰਥ’ ਨੂੰ ਉਥੋਂ ਹਟਾਉਣ `ਚ ਢਿੱਲ ਨਾ ਕਰਨ। ਨਹੀਂ ਤਾਂ ਗੁਰਦੇਵ ਦੀ ਤਾੜਣਾ ਵੀ ਹੈ ਕਿ “ਆਪਣੈ ਭਾਣੈ ਜੋ ਚਲੈ ਭਾਈ, ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ, ਫਿਰਿ ਫਿਰਿ ਪਛੋਤਾਵੈ” (ਪੰ: ੬੦੧) ਇਸ ਲਈ ਜੇ ਕਰ ਸਚਮੁਚ ਅਸੀਂ ਤਨੋ-ਮਨੋ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿੱਖ ਹਾਂ ਤਾਂ ਜ਼ਰੂਰ ਸੰਭਲਾਂਗੇ। ਨਹੀਂ ਤਾਂ ਇਸ ਵਿਸ਼ੇ `ਤੇ ਅੱਜ ਜੋ ਪੰਥ `ਚ ਚਰਚਾ ਚਲ ਰਹੀ ਹੈ ਕਿ “ਹਜ਼ੂਰ ਸਾਹਿਬ ਵਾਲੇ’, ਇਨ੍ਹਾਂ ਪ੍ਰੋਗਰਾਮਾਂ ਦੀ ਆੜ `ਚ, ਧੋਖੇ ਨਾਲ ਵੱਧ ਤੋਂ ਵੱਧ ਸੰਗਤਾਂ ਦੇ ਵਿਸ਼ਵਾਸ ਨਾਲ ਵਿਸ਼ਵਾਸਘਾਤ ਕਰ ਰਹੇ ਹਨ। ਅਸਲ `ਚ ਇਹ ਸਾਰੇ ਪ੍ਰੋਗਰਾਮ, ਉਨ੍ਹਾਂ ਵਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਨਾਲ ਨਾਲ ‘ਦਸਮ ਗ੍ਰੰਥ’ ਨੂੰ ਮੱਥੇ ਟਿਕਵਾਉਣ ਦੀ ਚਾਣਕਯ ਨੀਤੀ ਹੈ”।

ਜੇ ਕਰ ਸਚਮੁਚ ਉਥੋਂ ਦੇ ਪ੍ਰਬੰਧਕ, ਅਜੇਹੀ ਸੰਭਾਲ `ਚ ਸਹਾਈ ਹੋ ਜਾਣ ਤਾਂ ਯਕੀਨਣ ਸਾਰਾ ਪੰਥ ਉਨ੍ਹਾਂ ਦਾ ਧੰਨਵਾਦੀ ਹੋਵੇਗਾ। ਬਲਕਿ ਉਨ੍ਹਾਂ ਰਾਹੀਂ ਕੀਤੇ ਜਾ ਰਹੇ ਇਸ ਵੱਡੇ ਉਦੱਮ ਦੇ ਪੱਜ ਕੌਮ ਦੀ ਵਿਗੜੀ `ਚ ਵੀ ਕੁੱਝ ਸੁਧਾਰ ਆ ਸਕੇਗਾ। ਜੇਕਰ ਇਹ ਸਭ ਨਹੀਂ ਤਾਂ ਮੰਨਣਾ ਪਵੇਗਾ ਕਿ ਅਜੋਕੇ ਸਮੇਂ ਗੁਰਬਾਣੀ ਜੀਵਨ ਤੋਂ ਦੂਰ ਅਤੇ ਕੁਰਾਹੇ ਪਈ ਸਿੱਖ ਕੌਮ ਨਾਲ ਸ਼ਾਇਦ ਇਸ ਤੋਂ ਵੱਡਾ ਕੋਈ ਹੋਰ ਧੋਖਾ ਤੇ ਮਜ਼ਾਕ ਨਹੀਂ ਹੋ ਸਕਦਾ। ਸਚਾਈ ਹੈ ਕਿ 6 ਅਕਤੂਬਰ 2008 ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਨੇੜੇ ਆ ਰਿਹਾ ਹੈ। 6 ਅਕਤੂਬਰ ਸੰਨ 1708 ਇਸੇ ਦਿਨ, ਸ੍ਰੀ ਹਜ਼ੂਰ ਸਾਹਿਬ ਦੇ ਸਥਾਨ `ਤੇ ਕਲਗੀਧਰ ਜੀ ਨੇ ‘ਪਾਹੁਲਧਾਰੀ’ ਪੰਜ ਪਿਆਰਿਆ ਨੂੰ ਤਾਬਿਆ ਖੜਾ ਕਰਕੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਗੇ ਮਥਾ ਟੇਕ ਦਿੱਤਾ। ਇਸ ਤਰੀਕੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪੂਰਣਤਾ ਦਾ ਐਲਾਨ ਕਰਦੇ ਹੋਏ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਵੀ ਸੌਂਪ ਦਿੱਤੀ। ਲੋੜ ਹੈ ਕਿ ਇਹ ਮੁਬਾਰਕ ਦਿਨ, ਹਜ਼ੂਰ ਸਾਹਿਬ ਦੇ ਉਸੇ ਇਤਿਹਾਸਕ ਸਥਾਨ `ਤੇ ਪੰਥਕ ਪੱਧਰ `ਤੇ ਮਨਇਆ ਜਾਵੇ। ਇਸ ਤਰ੍ਹਾਂ ਉਸ ਸੰਬੰਧ `ਚ ਉਥੋਂ ਦੇ ਪ੍ਰਬੰਧਕਾਂ ਨੇ ਜੋ ਭਾਰਤ ਯਾਤ੍ਰਾ ਦਾ ਅਰੰਭ ਕੀਤਾ ਤੇ ਜਿਸ ਨੂੰ ‘ਗੁਰੂ ਮਾਨਿਯੋ ਗ੍ਰੰਥ’ - ‘ਜਾਗ੍ਰਤੀ ਯਾਤਰਾ’ ਨਾਮ ਦਿੱਤਾ। ਸਚਮੁਚ ਇਹ ਉਨ੍ਹਾਂ ਦਾ ਬਹੁਤ ਵਧੀਆ ਉੱਦਮ ਸਾਬਤ ਹੋਵੇਗਾ, ਬਸ਼ਰਤੇ, ਤਨ-ਮਨ-ਧਨ ਕਰਕੇ ਇਸਦਾ ਮਕਸਦ ਸੰਗਤਾਂ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅਦਬ-ਸਤਿਕਾਰ ਬਾਰੇ ਜਾਗ੍ਰਿਤ ਕਰਨਾ ਹੀ ਰਹੇ ਤਾਂ।

ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ -ਸਾਰੇ ਦੇ ਬਾਵਜੂਦ ਜਿਨ੍ਹਾਂ ਨੇ ਸੰਗਤਾਂ ਨੂੰ ਇਹ ਨਾਹਰਾ “ਤਿੰਨ ਸੌ ਸਾਲ ਗੁਰੂ ਦੇ ਨਾਲ? ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ਵਾਲਾ ਦਿੱਤਾ ਹੈ ਤੇ ਬੜੇ ਜ਼ੋਰ-ਸ਼ੋਰ ਨਾਲ ਲਗਵਾ ਵੀ ਰਹੇ ਹਨ, ਜੇਕਰ ਦਿੱਤੇ ਵੇਰਵੇ ਅਨੁਸਾਰ ਆਪਣੇ ਆਪ ਨੂੰ ਸੰਭਲਣ ਦਾ ਜਤਨ ਵੀ ਨਾ ਕਰਣ ਤਾਂ ਇਹ ਸਮਝਦੇ ਵੀ ਦੇਰ ਨਹੀਂ ਲਗੇਗੀ ਕਿ ਉਨ੍ਹਾਂ ਰਾਹੀਂ ਦਿੱਤੇ ਇਸ ਨਾਰ੍ਹੇ “ਤਿੰਨ ਸੌ ਸਾਲ ਗੁਰੂ ਦੇ ਨਾਲ? ਹਰ ਵੇਲੇ ਹਰ ਦੱਮ ਗੁਰੂ ਦੇ ਨਾਲ’ ਵਿਚਾਲੇ ਉਨ੍ਹਾਂ ਦੀ ਕਿਹੜੀ ਸੋਚ ਉਭਰ ਕੇ ਸਾਹਮਣੇ ਆ ਰਹੀ ਹੈ। ਉਲਟਾ ਗਹਿਰਾਈ `ਚ ਜਾਵੋ ਤਾਂ ਇਸ ਦੇ ਲਈ ਗੁਰਬਾਣੀ ਦੀਆਂ ਉਹ ਪੰਕਤੀਆਂ ਚੇਤੇ ਆਉਂਦੀਆਂ ਹਨ ਜਿਨ੍ਹਾਂ `ਚ ਗੁਰਦੇਵ ਨੇ ਫ਼ੁਰਮਾਇਆ ਹੈ “ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ” (ਪੰ: ੪੮੮) ਭਾਵ ਐ ਮਨੁੱਖ! ਜਦੋਂ ਤੇਰੇ ਮਨ `ਚ ਤਾਂ ਕੁੱਝ ਹੋਰ ਹੈ ਅਤੇ ਕਰਨੀ ਤੋਂ ਤੂੰ ਆਪਣੇ ਆਪ ਨੂੰ ਕੁੱਝ ਹੋਰ ਸਾਬਿਤ ਕਰ ਰਿਹਾਂ ਹੈ, ਚੇਤੇ ਰਖ! ਅਜੇਹੇ ਮਨੁੱਖ ਜਿਤਨੇ ਚਾਹੁਣ ਦਿਖਾਵੇ ਦੇ ਧਰਮ-ਕਰਮ ਤੇ ਲੋਕ ਭਲਾਈ ਦੇ ਕੰਮ ਕਰਦੇ ਰਹਿਣ, ਪਰ ਪ੍ਰਭੂ ਦੀ ਦਰਗਾਹ `ਚ ਉਹ ਕੱਚੇ ਦੇ ਕੱਚੇ ਹੀ ਹੁੰਦੇ ਹਨ। ਆਸਾ ਕੀ ਵਾਰ `ਚ ਗੁਰਦੇਵ ਫ਼ੁਰਮਾਉਂਦੇ ਹਨ “ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ॥ ਬੀਜੇ ਬਿਖੁ, ਮੰਗੈ ਅੰਮ੍ਰਿਤੁ, ਵੇਖਹੁ ਏਹੁ ਨਿਆਉ” (ਪੰ: ੪੭੪) ਭਾਵ ਐ ਮਨੁੱਖ! ਚੇਤੇ ਰਖ, ਜੇ ਤੂੰ ਬੀਜਦਾ ਤਾਂ ਜ਼ਹਿਰ ਹੈਂ ਅਤੇ ਬਦਲੇ `ਚ ਅੰਮ੍ਰਿਤ ਲੋਚਦਾ ਹੈਂ ਤਾਂ ਇਹ ਬਿਲਕੁਲ ਅਨਹੋਣੀ ਗੱਲ ਹੈ। ਗੁਰਦੇਵ ਫ਼ੁਰਮਾਉਂਦੇ ਹਨ, ਤੇਰੇ ਲਈ, ਪ੍ਰਭੂ ਦੇ ਨਿਆਂ `ਚੋਂ ਵੀ ਉਹੀ ਪ੍ਰਗਟ ਹੋਣਾ ਹੈ ਜੋ ਤੂੰ ਬੀਜਿਆ ਹੈ। ਹੋਰ ਲਵੋ! “ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ, ਹਾਥਿ ਦੀਪੁ ਕੂਏ ਪਰੈ” (ਪੰ: ੧੩੭੬)।

ਨਹੀਂ, ਤਾਂ ਉਹ ਕੀ ਕਾਰਣ ਹਨ ਕਿ ਉਥੋਂ ਦੇ ਪ੍ਰਬੰਧਕਾਂ ਰਾਹੀਂ ‘ਜਾਗ੍ਰਿਤੀ ਯਾਤ੍ਰਾ’ ਵਾਲਾ ਇਤਨਾ ਵੱਡਾ, ਮੇਹਨਤ-ਮੁਸ਼ਕਤ ਵਾਲਾ ਉੱਦਮ, ਜਿਹੜਾ ਕਿ ਹਰ ਕਿਸੇ ਦੇ ਵੱਸ ਦਾ ਹੈ ਵੀ ਨਹੀਂ। ਜਿਸਦੇ ਬਦਲੇ, ਪ੍ਰਬੰਧਕਾਂ ਨੂੰ ਬਹੁਤ ਸ਼ੋਭਾ ਮਿਲਣੀ ਚਾਹੀਦੀ ਸੀ ਇਸਦੇ ਉਲਟ ਪੰਥ ਦਰਦੀਆਂ ਦੇ ਮਨ `ਚ ਤੌਖਲੇ ਤੋਂ ਬਾਅਦ ਤੌਖਲੇ ਹੀ ਉਭਰ ਰਹੇ ਹਨ ਤੇ ਡਰ ਵੀ ਹੈ ਕਿ ਇਸ ਯਾਤ੍ਰਾ ਤੋਂ ਸ਼ਾਇਦ ਕਦੇ ਨਾ ਪੂਰਾ ਹੋ ਸਕਣ ਵਾਲਾ ਕੌਮ ਨੂੰ ਨੁਕਸਾਨ ਹੀ ਪੁੱਜੇਗਾ, ਫ਼ਾਇਦਾ ਨਹੀਂ, ਤਾਂ ਫ਼ਿਰ ਅਜੇਹਾ ਕਿਉਂ? #158s7.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 158

ਕਾਸ਼! ਇਹੀ ਸੱਚ ਹੁੰਦਾ ਕਿ:

ਤਿੰਨ ਸੌ ਸਾਲ ਗੁਰੂ ਦੇ ਨਾਲ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.