.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 28)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਮਾਨ ਸਿੰਘ ਪਿਹੋਵਾ ਵਾਲਾ

ਇਸਦੇ ਬਾਰੇ ਪਹਿਲਾਂ ਵੀ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ ਇਸਦੇ ਨਾਮ ਨਾਲ ੫-੬ ਡਿਗਰੀਆਂ ਲੱਗੀਆਂ ਹੋਈਆਂ ਹਨ। ਇਕੋਤਰੀਆਂ ਅਖੰਡ ਪਾਠਾਂ ਦੀਆਂ ਕਿਸੇ ਸਿੱਖ ਮਰਯਾਦਾ ਵਿੱਚ ਨਹੀਂ ਹਨ ਪਰ ਇਹ ਸਾਧ ਆਪਣੀ ਮਸ਼ਹੂਰੀ ਕਰਾਉਣ ਵਾਸਤੇ ਨਿੱਤ ਦਿਨ ਗੁਰਮਤਿ ਸਿਧਾਂਤਾਂ ਦੇ ਉਲਟ ਕਾਰਵਾਈਆਂ ਕਰ ਰਹੇ ਹਨ। ਇਹਨਾਂ ਨੇ ਸੰਤ ਬਾਬਾ ਮੋਹਨ ਸਿੰਘ ਦੇ ਕਹੇ ਤੇ ਪਿਹੋਵਾ ਵਿਖੇ ੧੩੧੩ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਹੈ ਅੰਦਾਜ਼ਾ ਲਾਉ ਇਹ ਕਿਹੜੀ ਗੁਰਮਤਿ ਹੈ। ੧੩੧੩ ਅਖੰਡ ਪਾਠਾਂ ਵਾਸਤੇ ਕਿੰਨੇ ਅਖੰਡ ਪਾਠੀ ਚਾਹੀਦੇ ਹਨ ਕੀ ਇਹ ਪਾਠੀ ਸੰਥਿਆ ਪ੍ਰਾਪਤ ਹੋਣਗੇ। ਇਹ ਕਿਹੋ ਜਿਹੇ ਅਖੰਡ ਪਾਠ ਕਰ ਰਹੇ ਹਨ ਬਹੁਤੇ ਪਾਠੀ ਵਿਚੇ ਸੁੱਤੇ ਰਹਿਣਗੇ। ਇਹਨਾਂ ਬ੍ਰਹਮ ਗਿਆਨੀਆਂ ਨੂੰ ਕੌਣ ਸਮਝਾਵੇ ਕਿ ਗੁਰਬਾਣੀ ਪੜ੍ਹਨ, ਵਿਚਾਰਨ, ਸਮਝਣ, ਮੰਨਣ, ਜੀਵਨ ਵਿੱਚ ਢਾਲਣ ਵਾਸਤੇ ਹੈ ਇਹ ਇਕੋਤਰੀਆਂ, ਪ੍ਰਦਰਸ਼ਨੀ, ਦਿਖਾਵੇ ਕਰਨ ਵਾਸਤੇ ਨਹੀਂ ਹੈ। ਨਾਲ ਹੋਰ ਵੀ ਸੰਤ ਸ਼ਾਮਲ ਹੋਏ ਸੰਤ ਅਵਤਾਰ ਸਿੰਘ ਧੂਲਕੋਟ, ਸੰਤ ਅਮਰੀਕ ਸਿੰਘ ਪੰਜ ਭੈਣੀਆਂ, ਸੰਤ ਬਾਬਾ ਦਰਬਾਰਾ ਸਿੰਘ, ਸੰਤ ਕਸ਼ਮੀਰਾ ਸਿੰਘ, ਸੰਤ ਜਗਦੀਪ ਸਿੰਘ ਜਗਾਧਰੀ, ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਵੀ ਹਾਜ਼ਰ, ਦੇਖੋ ਕਿਵੇਂ ਲਾਈਨਾ ਲੱਗੀਆਂ ਇਹਨਾਂ ਸਾਧਾਂ ਦੀਆਂ।

ਕੁੱਝ ਹੱਡ ਬੀਤੀਆਂ

ਸੰਤ ਘੋਲਾ ਸਿੰਘ ਕਾਰ ਸੇਵਾ ਸਰਹਾਲੀ।

ਪੜ੍ਹਾਈ ਪੱਖੋਂ ਜ਼ੀਰੋ ਅਤੇ ਗੱਲਬਾਤ ਕਰਨ ਵਿੱਚ ਬਹੁਤ ਹੁਸ਼ਿਆਰ ਹੈ। ਇਹਨਾਂ ਬਾਰੇ ਪਹਿਲੀਆਂ ਕਿਤਾਬਾਂ ਵਿੱਚ ਵੀ ਕਾਫੀ ਕੁੱਝ ਲਿਖ ਚੁੱਕਾ ਹਾਂ। ਜਦੋਂ ਵੱਡੇ ਸੰਤ ਬਿਮਾਰ ਹੁੰਦੇ ਤਾਂ ਬਾਜ਼ਾਰ ਵਿਚੋਂ ਇੱਕ ਨਾਰੀਅਲ ਲਿਆ ਕੇ ਵੱਡੇ ਬਾਬਿਆਂ ਨੂੰ ਘੋਲਾ ਸਿੰਘ ਨੇ ਕਹਿਣਾ ਕਿ ਲਉ ਬਾਬਾ ਜੀ ਇਹਨੂੰ ਹੱਥ ਲਾ ਦਿਉ ਬਾਬਿਆਂ ਨੇ ਹੱਥ ਲਾ ਦੇਣਾ ਅਤੇ ਬਾਬਿਆਂ ਦੀ ਬਿਮਾਰੀ ਨਾਰੀਅਲ ਨੂੰ ਚਿੰਬੜ ਗਈ ਸਮਝ ਕੇ ਨਾਰੀਅਲ ਨਹਿਰ ਜਾਂ ਦਰਿਆ ਵਿੱਚ ਰੋੜ ਆਉਣਾ। ਪਰ ਬਾਬਿਆਂ ਦੀਆਂ ਦੁਵਾਈਆਂ ਟੀਕੇ ਉਸੇ ਤਰ੍ਹਾਂ ਜਾਰੀ ਰਹਿਣੇ। ਆਖਰ ਇਹ ਕਹਿ ਕੇ ਦਿਲ ਨੂੰ ਧਰਵਾਸ ਦੇਦੇ ਰਹੇ ਕਿ ਬਾਬਿਆਂ ਨੇ ਆਪਣੇ ਆਪ ਨੂੰ ਆਪ ਹੀ ਬਿਮਾਰ ਕੀਤਾ ਹੈ ਇਹ ਆਪ ਹੀ ਭਾਣਾ ਵਰਤਾ ਰਹੇ ਹਨ। ਹੋਰ ਕਰਦੇ ਵੀ ਕੀ?

ਇਕ ਵਾਰੀ ਮੈਂ ਪਾਰਲੇ ਸਭਰਾ ਸ਼ਹੀਦ ਸ਼ਾਮ ਸਿੰਘ ਅਟਾਰੀ ਦੇ ਮੇਲੇ ਤੇ ਗਿਆ ਦੋ ਵੀਰ ਜੋ ਜਥੇਬੰਦੀ ਨਾਲ ਸੰਬੰਧਤ ਹਨ ਨਾਲ ਸਨ। ਬੜੇ ਚਿਰ ਬਾਅਦ ਬਾਬਾ ਘੋਲਾ ਸਿੰਘ ਨੂੰ ਮਿਲਣ ਵਾਸਤੇ ਕਮਰੇ ਵਿੱਚ ਨੇੜੇ ਬੈਠ ਗਏ। ਮੇਰੇ ਬਾਰੇ ਮੇਰੇ ਪਿੰਡ ਦੇ ਜੋ ਬਾਬੇ ਦੇ ਸੇਵਾਦਾਰ (ਕੱਲ੍ਹ ਜੰਮੀ ਭੂਤਨੀ ਸਿਵਿਆਂ ਚ ਅੱਧ) ਹਨ ਉਹਨਾਂ ਨੇ ਮੇਰੇ ਖਿਲਾਫ ਪਹਿਲਾ ਹੀ ਬਾਬੇ ਦੇ ਕੰਨ ਭਰੇ ਹੋਏ ਸਨ ਅਸੀ ਫਤਹਿ ਬੁਲਾ ਕੇ ਬੈਠ ਗਏ ਮੈਨੂੰ ਦੇਖ ਕੇ ਬਾਬੇ ਨੇ ਆਪਣੇ ਭਾਸ਼ਨ ਨੂੰ ਕੁੱਝ ਹੋਰ ਰੂਪ ਦਿੰਦਿਆ ਤੇਜ ਕੀਤਾ, ਕਿ ਕਈ ਕਹਿੰਦੇ ਅਸੀ ਖ਼ਾਦੇ ਹਾਂ ਪਰ ਅਸੀ ਤਾਂ ਅਗਲੇ ਨੂੰ ਕਹਿੰਦੇ ਤੂੰ ਜਾ ਕੇ ਪੈਟਰੋਲ ਪੰਪ ਤੇ ਸਾਡੇ ਤੇਲ ਦੇ ਪੈਸੇ ਦੇ ਆ। ਫਲਾਨੇ ਨੇ ਸਾਨੂੰ ਬੁਰਾ ਭਲਾ ਆਖਿਆ ਉਹਦਾ ਮੁੰਡਾ ਮਰ ਗਿਆ। ਫਲਾਨੇ ਨੇ ਸਾਨੂੰ ਮੰਨਿਆ ਉਹਦੇ ਚਾਰ ਮੁੰਡੇ ਹੋ ਗਏ, ਉਹਦੀ ਜ਼ਮੀਨ ਬਣ ਗਈ, ਉਹਦਾ ਵਿਆਹ ਹੋ ਗਿਆ, ਬਾਬਾ ਜੀ ਕਹਿੰਦੇ ਸਨ ਅਸੀ ਗੁਰਦਵਾਰਿਆਂ ਦੀਆਂ ਪੌੜੀਆਂ ਲਾ ਕੇ ਸੱਚਖੰਡ ਜਾਣਾ ਹੈ, ਸੱਚਖੰਡ ਤੱਕ ਉਹਨਾਂ ਦੇ ਬਣਾਏ ਗੁਰਦਵਾਰਿਆਂ ਦੀ ਲਾਈਨ ਥੋੜੀ ਉਰੇ ਰਹਿ ਗਈ ਸੀ ਕੇਵਲ ਇਕ-ਦੋ ਗੁਰਦਵਾਰੇ ਹੀ ਘੱਟ ਸਨ ਉਹ ਅਸੀ ਪੂਰੀ ਕਰ ਦਿੱਤੀ ਹੈ।

ਮੈ ਸੁਣੀ ਗਿਆ ਕੋਈ ਜਵਾਬ ਨਾ ਦਿੱਤਾ ਅਤੇ ਉਠ ਕੇ ਕਮਰੇ ਤੋਂ ਬਾਹਰ ਆ ਗਿਆ ਸ਼ਿੰਦਰ ਸਿੰਘ ਨੇ ਕਿਹਾ ਕਿ ਫਲਾਨੇ ਕਮਰੇ ਵਿੱਚ ਚਲੇ ਜਾਉ ਉਥੇ ਆਪਣਾ ਸਾਮਾਨ ਆਦਿ ਰੱਖ ਲਉ ਅਸੀ ਉਥੇ ਚਲੇ ਗਏ। ਰਾਤ ਦੀਵਾਨ ਲੱਗਣਾ ਸੀ ਅਸੀ ਦੀਵਾਨ ਵਿੱਚ ਬੈਠ ਕੇ ਦੀਵਾਨ ਸੁਣਦੇ ਰਹੇ। ਪਰ ਗੁਰਦਵਾਰਿਆਂ ਦੀਆਂ ਪਾਉੜੀਆਂ ਲਾ ਕੇ ਸੱਚਖੰਡ ਅਪੜਨ ਵਾਲੇ ਉਸ ਦੀਵਾਨ ਵਿੱਚ ਘੱਟ ਹੀ ਨਜ਼ਰ ਆਏ। ਬਾਕੀ ਬਚਦੀ ਰਾਤ ਆਰਾਮ ਕੀਤਾ ਸਵੇਰੇ ਉੱਠੇ ਇਸ਼ਨਾਨ ਨਿੱਤਨੇਮ ਤੋਂ ਵਿਹਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿੱਚ ਜਾ ਕੇ ਕਥਾ ਕੀਰਤਨ ਸੁਣਿਆ ਭੋਗ ਪੈਣ ਉਪਰੰਤ ਕਮਰੇ ਵੱਲ ਨੂੰ ਜਾ ਰਹੇ ਸੀ ਤਾਂ ਬਾਬਾ ਘੋਲਾ ਸਿੰਘ ਰਸਤੇ ਵਿੱਚ ਮਿਲਿਆ ਮੈਨੂੰ ਕਹਿੰਦਾ ਤੂੰ ਜਦੋਂ ਸਾਡੇ ਕੋਲ ਆਇਆ ਤੇਰਾ ਕੇਸ ਦਾਹੜਾ ਨਹੀਂ ਸੀ ਮੈ ਕਿਹਾ ਕੇਸ ਮੈਂ ਰੱਖੇ ਸਨ ਦਾਹੜੀ ਤਾਂ ਆਈ ਹੀ ਨਹੀਂ ਸੀ। ਬਾਬਾ ਕਹਿੰਦਾ ਜੇ ਬਾਬਾ ਤਾਰਾ ਸਿੰਘ ਨਾ ਹੁੰਦਾ ਤਾਂ ਤੂੰ ਕੁੱਝ ਵੀ ਨਾ ਹੁੰਦੋਂ, ਮੈ ਕਿਹਾ ਜੇ ‘ਗੁਰੂ ਗ੍ਰੰਥ ਸਾਹਿਬ’ ਨਾ ਹੁੰਦਾ ਤਾਂ ਬਾਬਾ ਤਾਰਾ ਸਿੰਘ ਵੀ ਨਾ ਹੁੰਦੇ। ਬਾਬਾ ਕਹਿੰਦਾ ਤੂੰ ਬਾਬਿਆਂ ਨੂੰ ਨਹੀਂ ਮੰਨਦਾ? ਮੈ ਕਿਹਾ ਤੁਸੀ ਕੀ ਮੰਨਿਆ? ਕੀ ਤੁਹਾਡੀ ਪੱਗਾਂ ਤੋਂ ਜੁੱਤੀ ਨਹੀਂ ਖੜਕੀ ਪੱਗ ਕਿਹਨੂੰ ਮਿਲੀ? ਕਿਵੇ ਝਗੜੇ ਪਏ? ਕੀ ਹੋਇਆ? ਮੇਰੀਆਂ ਖਰੀਆ ਖਰੀਆ ਸੁਣ ਕੇ ਬਾਬਾ ਢਿੱਲਾ ਪੈ ਗਿਆ ਆਖਰ ਬਾਬੇ ਨੇ ਸੋਚਿਆ ਕਿ ਇਹ ਕੋਈ ਠਠਿਆਰਾਂ ਦੇ ਕਬੂਤਰ ਨਹੀਂ ਜੋ ਉਡ ਜਾਣਗੇ। ਲਾਗਿਉ ਹੋਰ ਸੱਜਣ ਬਾਬੇ ਨੂੰ ਕਹਿੰਦੇ ਆਉ ਜੀ ਆਉ ਆਪਾਂ ਕਮਰੇ ਵਿੱਚ ਬੈਠੀਏ ਅਸੀਂ ਵੀ ਆਪਣੇ ਕਮਰੇ ਵਿੱਚ ਆ ਗਏ ਸਾਰੇ ਕੀ ਹੋਇਆ ਕੀ ਹੋਇਆ ਕਹਿਣ ਲੱਗ ਪਏ।

ਹੁਣ ਮੈਂ ਇਹਨਾਂ ਲਿਖਤਾਂ ਰਾਹੀ ਇਹਨਾਂ ਨੂੰ ਪੁੱਛਦਾ ਹਾਂ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ (ਸ਼ਾਹਿਬਜ਼ਾਦੇ) ਸ਼ਹੀਦ ਹੋ ਗਏ। ਤੁਹਾਡੇ ਵਿਚੋਂ ਕਿਹੜਾ ਸਾਧ ਸਰਾਪ ਦੇਣ ਗਿਆ ਸੀ ਉਥੇ? ਬੇਬੇ ਨਾਨਕੀ, ਭਾਈ ਗੁਰਦਾਸ ਜੀ ਦੇ ਕੋਈ ਔਲਾਦ ਨਹੀਂ ਸੀ ਤੁਹਾਡੇ ਕਿਹੜੇ ਸਾਧ ਦਾ ਸਰਾਪ ਸੀ? ਭਾਈ ਲਾਲੋ ਜੀ ਗੁਰੂ ਦੇ ਸਿੱਖ ਹੁੰਦੇ ਹੋਏ ਵੀ ਗਰੀਬ ਸੀ ਕਿਹੜੇ ਸਾਧ ਦਾ ਸਰਾਪ ਸੀ। ਕਈ ਵੱਡੇ ਵੱਡੇ ਧਨਾਡ ਬੰਦੇ ਕਿਸੇ ਸਾਧ ਦਾ ਨਾ ਸੁਣਨ ਨੂੰ ਵੀ ਤਿਆਰ ਨਹੀਂ ਕਿਹੜੇ ਸਾਧ ਦਾ ਵਰ ਉਥੇ। ਇੱਕ ਪਾਸੇ ਗੁਰਦਵਾਰਿਆਂ ਨੂੰ ਸੱਚਖੰਡ ਆਖੀ ਜਾਂਦੇ ਇਹ ਕਿਥੋਂ ਸਿੱਖੀ ਥਿਊਰੀ ਇਹ? ਮੈਂ ਇਹਨਾਂ ਨੂੰ ਕਹਿੰਦਾ ਹਾਂ ਕਿ ਜੇ ਸੱਚਖੰਡ ਦੇ ਦਰਸ਼ਨ ਕਰਨੇ, ਕੇਵਲ ਗੁਰਬਾਣੀ ਵਿਚੋਂ ਹੋ ਸਕਦੇ ਹਨ ਹੋਰ ਕਿਤੋਂ ਵੀ ਨਹੀਂ।

ਇਸ ਤੋਂ ਬਾਅਦ ਬਾਬੇ ਨੇ ਕੋਲ ਬਿਠਾ ਕੇ ਲੰਗਰ ਵੀ ਛਕਾਉਣ ਦੀ ਕੋਸ਼ਿਸ ਕੀਤੀ ਫਿਰ ਅਸੀ ਦੀਵਾਨ ਵਿੱਚ ਚਲੇ ਗਏ ੩-੪ ਘੰਟੇ ਦੀਵਾਨ ਵਿੱਚ ਬੈਠੇ ਰਹੇ। ਇਹ ਸਾਧ ਸਰਕਾਰੀ ਵਜ਼ੀਰਾਂ ਨੂੰ ਸਟੇਜ਼ ਤੇ ਸਿਰੋਪੇ ਦੇਂਦੇ ਰਹੇ। ਜਦੋਂ ਅਸੀ ਵਾਪਸ ਪਿੰਡ ਸਭਰਾ ਆ ਗਏ ਤਾਂ ਪਿੰਡ ਵਿੱਚ ਇਹਦੇ ਬਾਬੇ ਦੇ ਸ਼ਰਧਾਲੂ ਨੇ ਇੱਕ ਗੱਲ ਧੁੰਮਾਈ ਕਿ ਜੇ ਸੁਖਵਿੰਦਰ ਸਿੰਘ ਸਭਰਾ ਉਥੇ ਦੀਵਾਨ ਵਿੱਚ ਇੱਕ ਘੰਟਾ ਹੋਰ ਠਹਿਰ ਜਾਂਦਾ ਤਾਂ ਅਸੀ ਇਹਦੇ ਗਲ ਪੈ ਜਾਂਦੇ। ਮੈਂ ਕਿਹਾ ਕਿ ੩-੪ ਘੰਟੇ ਮੈਂ ਦੀਵਾਨ ਵਿੱਚ ਰਿਹਾ ਇਹ ਗਲ ਨਾ ਪਏ? ਕੀ ਪੰਡਤ ਤੋਂ ਪੱਤਰੀ ਖੁਲਵਾਈ ਸੀ ਕਿ ਇਹਨਾਂ ਚੌਥੇ ਘੰਟੇ ਵਿੱਚ ਹੀ ਗਲ ਪੈਣਾ ਸੀ। ਪਰ ਇਹਨਾਂ ਦੇ ਵੱਸ ਦੀ ਬਾਤ ਨਹੀਂ ਹੈ ਇਹ ਉਸੇ ਟਾਹਣ ਤੇ ਬੈਠੇ ਉਸੇ ਨੂੰ ਆਰੀ ਫੇਰੀ ਜਾ ਰਹੇ ਹਨ। ਕਾਰ ਸੇਵਾ ਸਰਹਾਲੀ ਨਾਲ ਸੰਬੰਧਿਤ ਡੇਰਿਆਂ ਵਿੱਚ ਮੇਰੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹਨੂੰ ਬਾਬਿਆਂ ਨੇ ਪੜ੍ਹਾਇਆਂ ਪਰ ਸੱਚ ਇਹ ਹੈ ਕਿ ਤਿੰਨ ਸਾਲ ਇਹਨਾਂ ਮੈਥੋਂ ਟੋਕਰੀ ਢੁਆਈ। ਕੇਵਲ ਇੱਕ ਸਾਲ ਪੜ੍ਹਾਇਆ। ਬਾਕੀ ਪੜ੍ਹਾਈ ਮੈ ਘਰੋਂ ਹੀ ਕਰਕੇ ਗਿਆ ਸੀ। ਫਿਰ ਇਹ ਕਹਿੰਦੇ ਇਹਨੂੰ ਬਾਬਿਆਂ ਨੇ ਨੌਕਰੀ ਤੇ ਲਵਾਇਆ। ਸੱਚ ਇਹ ਹੈ ਕਿ ਮੈਨੂੰ ਕਿਸੇ ਬਾਬੇ ਨੇ ਨੌਕਰੀ ਤੇ ਨਹੀ ਲਵਾਇਆ ਸੀ ਉਹ ਅੱਜ ਵੀ ਜਿਉਂਦੇ ਜਾਗਦੇ ਹਨ ਜਿਨ੍ਹਾਂ ਮੈਨੂੰ ਨੌਕਰੀ ਤੇ ਲਵਾਇਆ ਇਧਰ ਡੇਰਿਆਂ ਵਿੱਚ ਵੀ ਬੜੇ ਪੁਰਾਣੇ ਬੰਦੇ ਬੈਠੇ ਹਨ ਉਹ ਮੂੰਹ ਤੇ ਆ ਕੇ ਗੱਲ ਕਰਨ, ਮੇਰੇ ਹਾਣੀ ਬਾਬਿਆਂ ਦੇ ਭਣੇਵੇ ਬੁੱਢੇ ਹੋ ਗਏ ਹਨ ਉਹਨਾਂ ਨੂੰ ਕਿਉਂ ਨਾ ਇਹਨਾਂ ਨੌਕਰੀ ਤੇ ਲਵਾ ਲਿਆ। ਸੋ ਇਹ ਸਰਾਸਰ ਝੂਠ ਬੋਲ ਰਹੇ ਹਨ ਗੁਰ ਫੁਰਮਾਨ ਹੈ “ਕੂੜ ਨਿਖੁਟੇ ਨਾਨਕਾ ਓੜਕ ਸਚਿ ਰਹੀ”॥
.