.

ਤਿੰਨ ਸੌ ਸਾਲਾ ਗੁਰਗੱਦੀ ਦਿਵਸ `ਤੇ ਵਿਸ਼ੇਸ਼

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸੰਪਾਦਨਾ ਸਮੇਂ ਵਿਰੋਧੀ ਸ਼ਾਜ਼ਿਸ਼ਾਂ ਤੇ ਸ਼ਰਾਰਤਾਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸੰਪਾਦਨਾ ਸੰਬੰਧੀ ਪ੍ਰਚਲਤ ਕਹਾਣੀਆਂ-ਬਹੁਤੇ ਇਤਿਹਾਸਕਾਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਬੰਧੀ, ਬਹੁਤਾ ਕਰਕੇ ਸਾਖੀਆਂ ਦੇ ਨਾਮ `ਤੇ ਕੁੱਝ ਕਹਾਣੀਆਂ ਦਾ ਹੀ ਸਹਾਰਾ ਲਿਆ ਤੇ ਉਨ੍ਹਾਂ ਦਾ ਪ੍ਰਚਲਣ ਵੀ ਬਹੁਤ ਹੈ। ਇਨ੍ਹਾਂ `ਚ ਸਾਡੇ ਪ੍ਰਮੁਖ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਕਰਤਾ ‘ਤਵਾਰੀਖ ਗੁਰੂ ਖਾਲਸਾ’ ਅਤੇ ‘ਪੰਥ ਪ੍ਰਕਾਸ਼’ ਦੇ ਲੇਖਕ ਕਵੀ ਸੰਤੋਖ ਸਿੰਘ ਜੀ ਵੀ ਸ਼ਾਮਿਲ ਹਨ। ਖੋਜ ਵਲ ਟੁਰਾਂਗੇ ਤਾਂ ਸਮਝਦੇ ਦੇਰ ਨਹੀਂ ਲਗੇਗੀ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪਾਦਨਾ ਤੋਂ ਲੈ ਕੇ ਅੰਤ ਅਕਤੂਬਰ ਸੰਨ ੧੭੦੮, ਨਾਦੇੜ ਸਾਹਿਬ ਦੇ ਸਥਾਨ `ਤੇ ਦਸਮੇਸ਼ ਪਿਤਾ ਰਾਹੀਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਦਾ ਐਲਾਨ ਅਤੇ ਗੁਰੂ ਕੀਆਂ ਸੰਗਤਾਂ ਲਈ ਇਸ ਦੇ ਸਦੀਵੀ ‘ਗੁਰੂ ਸਰੂਪ’ ਹੋਣ ਦਾ ਐਲਾਨ -ਇਹ ਸਾਰਾ ਪ੍ਰੋਗ੍ਰਾਮ ਪਹਿਲੇ ਜਾਮੇ `ਚ ਹੀ ਉਲੀਕਿਆ ਜਾ ਚੁੱਕਾ ਸੀ।

ਸ੍ਰੀ ਅੰਮ੍ਰਿਤਸਰ ਦੀ ਧਰਤੀ ਦੀ ਖ਼ਰੀਦ-ਇਹੀ ਕਾਰਣ ਸੀ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਕਾਸ਼ ਅਤੇ ਸਿੱਖੀ ਦਾ ਕੇਂਦਰ ਸਥਾਪਤ ਕਰਣ ਲਈ ਮੋਜੂਦਾ ਸ੍ਰੀ ਅੰਮ੍ਰਿਤਸਰ ਵਾਲੀ ਜ਼ਮੀਨ ਤੀਜੇ ਪਾਤਸ਼ਾਹ ਨੇ ਖ਼ਰੀਦੀ ਸੀ। ਚੌਥੇ ਪਾਤਸ਼ਾਹ ਨੇ ਸਰੋਵਰ ਦੀ ਸੇਵਾ ਦਾ ਅਰੰਭ ਕਰਵਾਇਆ। ਪੰਜਵੇਂ ਸਤਿਗੁਰਾਂ ਸਰੋਵਰ ਨੂੰ ਮੁਕੰਮਲ ਕਰਵਾ ਕੇ, ਉਸ ਵਿਚਕਾਰ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਕਰਵਾਈ। ਇਸਦੇ ਨਾਲ ਨਾਲ ਇਹ ਗੱਲ ਵੀ ਭਲੀ ਭਾਂਤ ਸਮਝਣੀ ਹੈ ਕਿ ਆਦਿ ਬੀੜ ਦੀ ਸੰਪਾਦਨਾ ਲਈ, ਪੰਜਵੇਂ ਪਾਤਸ਼ਾਹ ਨੂੰ ਇਧਰੋਂ-ਓਧਰੋਂ, ਭਾਵ ਬਾਹਰੋਂ ਕਿਧਰੋਂ ਵੀ ਬਾਣੀ ਇਕਤ੍ਰ ਕਰਣ ਦੀ ਲੋੜ ਨਹੀੰ ਸੀ। ਕਿਉਂਕਿ ਇਹ ਕਾਰਜ ਵੀ ਪਹਿਲੇ ਪਾਤਸ਼ਾਹ ਨੇ ਆਪ ਹੀ ਅਰੰਭ ਕਰ ਦਿੱਤਾ ਸੀ ਜੋ ਦਰਜਾ-ਬ-ਦਰਜਾ ਬੜੇ ਨਿਯਮਬੱਧ ਤਰੀਕੇ ਪੰਜਵੇਂ ਨਾਨਕ ਤੀਕ ਪੁੱਜਾ ਸੀ। ਇਹ ਪੂਰਾ ਵਿਸ਼ਾ ਅਸੀਂ ਗੁਰਮਤਿ ਪਾਠ ਨੰ: ੧੪੭ “ਬਾਣੀ ਕਿਵੇਂ ਇਕਤ੍ਰ ਹੋਈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” `ਚ ਲੈ ਚੁਕੇ ਹਾਂ। ਹੱਥਲੇ ਗੁਰਮਤਿ ਪਾਠ `ਚ ਦੇਖਣਾ ਹੈ, ਆਖਿਰ ਬਹੁਤਾ ਕਰਕੇ ਉਹ ਕਹਾਣੀਆਂ ਬਨਾਮ ਸਾਖੀਆਂ ਕੀ ਹਨ ਤੇ ਉਨ੍ਹਾਂ ਕਹਾਣੀਆਂ ਪਿਛੇ ਉਨ੍ਹਾਂ ਦੇ ਰਚੇ ਜਾਣ ਦਾ ਕਾਰਣ ਅਤੇ ਆਧਾਰ ਕਿੱਥੇ ਹੈ?

ਦਰਅਸਲ ਬਹੁਤਾ ਕਰਕੇ ਇਸ ਗੁਰਮਤਿ ਪਾਠ ਦੇ ਲਿਖੇ ਜਾਣ ਦੀ ਵਧੇਰੇ ਲੋੜ ਵੀ ਇਸੇ ਕਾਰਣ ਪਈ ਕਿ ਅਜ ਤੀਕ ਵੀ ਸਾਡੇ ਕਈ ਅਣ-ਅਧਿਕਾਰੀ ਪ੍ਰਚਾਰਕਾਂ ਰਾਹੀਂ ਗੁਰੂ ਕੀਆਂ ਸੰਗਤਾਂ ਨੂੰ ਉਨ੍ਹਾਂ ਹੀ ਕਹਾਣੀਆਂ `ਚ ਹੀ ਉਲਝਾਇਆ ਜਾ ਰਿਹਾ ਹੈ। ਇਸ ਤੋਂ ਵੀ ਵਧੇਰੇ ਦੁਖ ਦੀ ਗੱਲ ਉਸ ਵੇਲੇ ਹੁੰਦੀ ਹੈ ਜਦੋਂ ਸਾਡੀਆਂ ਵੱਡੀਆਂ ਵੱਡੀਆਂ ਸਟੇਜਾਂ `ਤੇ ਵੀ ਸਾਡੇ ਬਹੁਤੇ ਪ੍ਰਚਾਰਕ ਇਹੀ ਕੁੱਝ ਕਹਿ ਰਹੇ ਹੁੰਦੇ ਹਨ ਪਰ ਉਨ੍ਹਾਂ ਨੂੰ ਵੀ ਕੋਈ ਪੁਛਣ-ਰੋਕਣ ਵਾਲਾ ਨਹੀਂ ਹੁੰਦਾ।

ਵਿਰੋਧੀਆਂ ਦੇ ਢਿੱਡਾਂ `ਚ ਸੂਲ-ਸਮਝਣ ਦੀ ਲੋੜ ਹੈ, ਇੱਕ ਤਾਂ ਪਹਿਲੇ ਪਾਤਸ਼ਾਹ ਤੋਂ ਆਰੰਭ ਹੋ ਕੇ ਜਿਉਂ ਜਿਉਂ ਗੁਰੂ ਸਾਹਿਬਾਨ ਵਲੋਂ ਗੁਰਬਾਣੀ ਦੇ ਪ੍ਰਕਾਸ਼ ਅਤੇ ਸੱਚੀ ਬਾਣੀ ਦੇ ਸੰਭਾਲ ਵਾਲੀ ਲੋੜ ਜਗ ਜ਼ਾਹਿਰ ਹੁੰਦੀ ਗਈ, ਤਿਉਂ ਤਿਉਂ ਵਿਰੋਧੀਆਂ-ਪਾਖੰਡੀਆਂ ਦੀਆਂ ਧਰਮ ਦੇ ਨਾਮ ਹੇਠ ਚਲ ਰਹੀਆਂ ਪਾਖੰਡ ਦੀਆਂ ਦੁਕਾਨਾਂ ਦੇ ਪਾਜ ਵੀ ਉਘੜਣੇ ਆਰੰਭ ਹੁੰਦੇ ਗਏ। ਉਨ੍ਹਾਂ ਵਲੋਂ ਭੋਲੀ-ਭਾਲੀ ਅਗਿਆਨਤਾ `ਚ ਫਸੀ ਅਤੇ ਨਿੱਤ ਫ਼ਸਾਈ ਜਾ ਰਹੀ ਲੋਕਾਈ ਦਾ ਕੀਤਾ ਜਾ ਰਿਹਾ ਸ਼ੋਸ਼ਣ ਵੀ ਉਘੜਣ ਲਗਾ। ਦਿਨੋਦਿਨ ਆਪਣੀਆਂ ਝੂਠ ਦੀਆਂ ਦੁਕਾਨਾਂ ਨੂੰ ਬੰਦ ਹੁੰਦੇ ਦੇਖ, ਇੱਕ ਤਾਂ ਵਿਰੋਧੀਆਂ-ਦੋਖੀਆਂ ਨੇ, ਇਸ ਦੇ ਲਈ ਕਦੇ ਸ੍ਰੀਚੰਦ ਜੀ ਨੂੰ, ਕਦੇ ਦਾਤੂ ਤੇ ਦਾਸੂ ਜੀ ਨੂੰ, ਕਦੇ ਪ੍ਰਿਥੀ ਚੰਦ ਜਾਂ ਉਸ ਦੀਆਂ ਔਲਾਦਾਂ ਨੂੰ ਵਰਤ ਕੇ, ਗੁਰੂ ਪ੍ਰਵਾਰਾਂ `ਚ ਘੁਸਪੈਠ ਵਾਲਾ ਕਾਰਜ ਅਰੰਭ ਕੀਤਾ। ਦੂਜਾ-ਗੁਰੂ ਕੀਆਂ ਸੰਗਤਾਂ ਨੂੰ ਧੋਖੇ `ਚ ਪਾਉਣ ਵਾਲੀ ਬਦਨੀਯਤੀ ਵਰਤ, ਇਲਾਹੀ ਬਾਣੀ ਦੇ ਮੁਕਾਬਲੇ ਗੁਰੂ ਨਾਨਕ ਪਾਤਸ਼ਾਹ ਦੇ ਅਤੇ ਪ੍ਰਵਾਣਤ ਭਗਤਾਂ ਦੇ ਨਾਵਾਂ ਨੂੰ ਵਰਤ-ਵਰਤ ਕੇ ਨਕਲੀ ਬਾਣੀ ਦਾ ਪ੍ਰਚਲਣ ਸ਼ੁਰੂ ਕਰ ਦਿੱਤਾ।

ਇਹੀ ਕਾਰਨ ਸੀ ਕਿ ਤੀਜੇ ਪਾਤਸ਼ਾਹ ਨੂੰ ਗੁਰਬਾਣੀ ਰਾਹੀਂ ਹੀ ਹਮੇਸ਼ਾਂ ਲਈ ਇਹ ਚੇਤਾਵਨੀ ਵੀ ਦੇਣੀ ਪਈ ਕਿ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ॥ ਕਹਦੇ ਕਚੇ, ਸੁਣਦੇ ਕਚੇ, ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ॥ ੨੪ ॥” (ਪ: ੯੨੦) ਭਾਵ, ਗੁਰੂ ਕੀਆਂ ਸੰਗਤਾਂ ਨੇ ਇਹ ਗੱਲ ਭਲੀ ਪ੍ਰਕਾਰ ਦ੍ਰਿੜ ਕਰ ਲੈਣੀ ਹੈ ਕਿ ਗੁਰੂ ਕੀਆਂ ਸੰਗਤਾਂ ਲਈ ਗੁਰੂ ਕੀ ਬਾਣੀ ਕੇਵਲ ਉਹੀ ਹੈ ਜਿਹੜੀ ਗੁਰੂ ਨੇ ਆਪ ਰਚੀ ਜਾਂ ਪ੍ਰਵਾਣ ਕੀਤੀ ਹੈ, ਉਸ ਤੋਂ ਇਲਾਵਾ ਜੋ ਵੀ ਬਾਣੀ ਇਧਰ -ਓਧਰ ਮਿਲੇ ਜਾਂ ਹੋਵੇ ਉਹ ਕੱਚੀ ਹੈ ਤੇ ਗੁਰੂ ਦੇ ਇਲਾਹੀ ਸੱਚ ਨਾਲੋਂ ਤੋੜਣ ਵਾਲੀ ਹੈ। ਇਸ ਲਈ ਉਸ ਨੂੰ ਰਚਨ ਵਾਲੇ ਕੱਚੇ ਤਾਂ ਹੈਣ ਹੀ ਬਲਕਿ ਉਸਨੂੰ ਗੁਰਬਾਣੀ ਸਮਝਣ ਜਾਂ ਗੁਰਬਾਣੀ ਦੀ ਬਰਾਬਰੀ ਤੇ ਪੜ੍ਹਣ-ਫ੍ਰਚਾਰਣ ਵਾਲੇ ਵੀ ਸਿੱਖ ਨਹੀਂ ਕੱਚੇ-ਪਿੱਲੇ ਹੀ ਹਨ।

ਇੰਨਾ ਹੀ ਨਹੀਂ, ਜਿਉਂ ਜਿਉਂ ਪੰਚਮ ਪਿਤਾ ਰਾਹੀਂ ‘ਆਦਿ ਬੀੜ’ ਦੀ ਸੰਪਾਦਨਾ ਦਾ ਕਾਰਜ ਸਿਰੇ ਚੜ੍ਹਦਾ ਗਿਆ, ਤਿਉਂ ਤਿਉਂ ਵਿਰੋਧੀਆਂ ਦੇ ਢਿੱਡਾ `ਚ ਸੂਲ ਵੀ ਤੇਜ਼ ਹੁੰਦੇ ਗਏ। ਸਰਕਾਰੀ ਸ਼ਹਿ `ਤੇ ਕਾਨ੍ਹਾਂ, ਛਜੂ, ਪੀਲੂ, ਸ਼ਾਹਹੁਸੈਨ ਵਰਗੇ ਫ਼ਰਜ਼ੀ ਭਗਤਾਂ ਨੂੰ ਉਕਸਾ ਕੇ ਵਰਤਿਆ ਤਾ ਕਿ ਇਲਾਹੀ ਬਾਣੀ ਦੇ ਖਜ਼ਾਨੇ `ਚ ਮਿਲਾਵਟ ਕਰਵਾਈ ਜਾ ਸਕੇ। ਸਰਕਾਰੀ ਦਰਬਾਰੇ ਵੀ ਸਾਰੇ ਹੱਥਕੰਡੇ ਵਰਤੇ ਜੋ ਕਿ ਗੁਰਦੇਵ ਦੀ ਤਸੀਹੇ ਭਰਪੂਰ ਸ਼ਹਾਦਤ ਦਾ ਕਾਰਣ ਬਨੇ। ਕਿਉਂਕਿ ਗੁਰਦੇਵ ਨੇ ਕਿਸੇ ਵੀ ਕੀਮਤ `ਤੇ ਗੁਰਬਾਣੀ `ਚ ਮਿਲਾਵਟ ਜਾਂ ਤਬਦੀਲੀ ਨੂੰ ਸਿਰੋਂ ਹੀ ਨਕਾਰ ਦਿੱਤਾ ਸੀ। ਵਿਰੋਧੀਆਂ-ਦੁਸ਼ਟਾਂ ਨੇ ਹੀ ਅਜੇਹੇ ਸਮੇਂ ਸਾਖੀਆਂ ਦੇ ਨਾਮ ਹੇਠ ਕਹਾਣੀਆਂ ਦਾ ਜਾਲ ਵਿਛਾਉਣਾ ਵੀ ਸ਼ੁਰੂ ਕਰ ਦਿੱਤਾ, ਜਿਥੋਂ ਭਰਮ ਆਵੇ-ਜਿਵੇਂ ਕਿ ਬਹੁਤ ਸਾਰੀ ਬਾਣੀ ‘ਆਦਿ ਬੀੜ’ ਤੋਂ ਬਾਹਿਰ ਛੁੱਟ ਗਈ ਹੈ ਤੇ ਬੀੜ `ਚ ਵਾਧੂ ਲਿਖਤਾਂ ਵੀ ਚੜ੍ਹ ਗਈਆਂ ਹਨ; ਜਦਕਿ ਇਹ ਸਭ ਨਿਰਮੂਲ ਪ੍ਰਚਾਰ ਹੀ ਸੀ। ਇਸ ਦੇ ਉਲਟ ਸਚਾਈ ਇਹੀ ਸੀ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” `ਚ ਨਾ ਹੀ ਇੱਕ ਵੀ ਪੰਕਤੀ ਵਾਧੂ ਚੜ੍ਹੀ ਤੇ ਨਾ ਹੀ ਕੋਈ ਪੰਕਤੀ ਬਾਹਿਰ ਰਹੀ ਹੈ। “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਾਡੇ ਪੂਰਣ ਗੁਰੂ ਹਨ ਅਤੇ ਇਨ੍ਹਾਂ ਦੀ ਸੰਪੂਰਣਤਾ ਦਾ ਐਲਾਨ ਵੀ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਕਲਗੀਧਰ ਜੀ ਨੇ ਆਪ ਕੀਤਾ। ਉਪ੍ਰੰਤ ਵਿਰੋਧੀ ਪ੍ਰਿਥੀਏ ਤਾਂ ਅੱਜ ਵੀ ਅਖੌਤੀ ਦਸਮ ਗ੍ਰੰਥ ਤੇ ਹੋਰ ਬਹੁਤ ਕੁੱਝ ਰਚ-ਰਚ ਕੇ ਸੰਗਤਾਂ ਨੂੰ ਉਲਝਾਉਣ ਲਈ ਕੇਵਲ ਆਪਣੇ ਰੂਪ ਵਟਾ ਕੇ ਛਾਏ ਹੋਏ ਹਨ। ਲੋੜ ਹੈ ਤਾਂ ਸੰਗਤਾਂ ਨੂੰ ਅਜੇਹੇ ਚਾਲਬਾਜ਼ਾਂ ਤੇ ਪੰਥ ਵੇਚੂਆਂ ਤੋਂ ਸੁਚੇਤ ਰਹਿਣ ਦੀ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਮੂਲ ਕਾਰਣ ਅਜੇਹੇ ਪੰਥਕ ਦੋਖੀ ਹੀ ਸਨ ਅਤੇ ਇਹ ਸਾਰਾ ਵਿਸ਼ਾ ਗੁਰਮਤਿ ਪਾਠ ਨੰ: ੭੦ “ਤੱਥ ਸ਼ਹੀਦੀ, ਗੁਰੂ ਅਰਜਨ ਪਾਤਸ਼ਾਹ’ `ਚ ਦੇ ਚੁੱਕੇ ਹਾਂ, ਸੰਗਤਾਂ ਉਸਦਾ ਲਾਭ ਲੈ ਸਕਦੀਆਂ ਹਨ।

“ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ” - ਸਾਰੇ ਤੋਂ ਛੁੱਟ ਇਥੇ ਇਸ ਵਿਚਾਰ ਦਾ ਇੱਕ ਪਹਿਲੂ ਹੋਰ ਵੀ ਹੈ ਜਿਸਨੂੰ ਨਜ਼ਰੋਂ ਉਹਲੇ ਨਹੀਂ ਕੀਤਾ ਜਾ ਸਕਦਾ। ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਤਾਂ ਜਿਵੇਂ ਵਿਰੋਧੀਆਂ ਦੀ ਲਾਟਰੀ ਹੀ ਖੁੱਲ ਗਈ ਹੋਵੇ। ਸੰਨ ੧੭੯੯ ਖਾਲਸਾ ਰਾਜ ਦੀ ਪ੍ਰਾਪਤੀ ਤੀਕ ਤਾਂ ਲਗਾਤਾਰ ਕਈ ਪੁਸ਼ਤਾਂ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ, ਖਾਲਸੇ ਦਾ ਵਾਸਾ ਜੰਗਲਾਂ-ਮਾਰੂਥਲਾਂ-ਪਹਾੜਾਂ `ਚ ਰਿਹਾ ਜਦਕਿ ਸ਼ਹਿਰਾਂ `ਚ ਵਸ ਰਹੇ ਵਿਰੋਧੀਆਂ ਨੇ ਨਿਯਮਬੱਧ ਤਰੀਕੇ, ਸਾਡੇ ਪੂਰੇ ਇਤਿਹਾਸ, ਰਹਿਣੀ ਤੇ ਜੀਵਨ ਜਾਚ ਦਾ ਮਲੀਆਮੇਟ ਕੀਤਾ। ਇਹੀ ਕਾਰਨ ਹੈ ਕਿ ਅੱਜ ਸਾਨੂੰ ਜੋ ਸਿੱਖ ਇਤਿਹਾਸ ਮਿਲ ਰਿਹਾ ਉਹ ਸਾਰਾ ਬ੍ਰਾਹਮਣੀ ਰੰਙਣ ਨਾਲ ਭਰਪੂਰ, ਬਲਕਿ ਵਿਰੋਧੀਆਂ ਰਾਹੀਂ ਸੰਨ ੧੭੧੬ ਤੋਂ ਬਾਅਦ ਦਾ ਲਿਖਿਆ, ਮਿਲਾਵਟੀ ਸਿੱਖ ਇਤਿਹਾਸ ਹੈ ਅਸਲੀ ਨਹੀਂ।

ਇਹ ਤਾਂ ਗੁਰਦੇਵ ਦੀ ਦੂਰਦਰਸ਼ਤਾ ਸੀ ਕਿ ਦੂਰ-ਨੇੜੇ ਸਭ ਪਾਸੇ “ਸਾਹਿਬ ਗੁਰੂ ਗ੍ਰੰਥ ਸਾਹਿਬ ਜੀ” ਦੀਆਂ ਬੀੜਾਂ ਤੇ ਉਨ੍ਹਾਂ ਦੇ ਪ੍ਰਕਾਸ਼ ਹੋ ਜਾਣ ਕਾਰਣ, ਉਥੇ ਵਿਰੋਧੀਆਂ ਦੀ ਪੇਸ਼ ਨਾ ਜਾ ਸਕੀ। ਫ਼ਿਰ ਵੀ ਉਨ੍ਹਾਂ ਨੇ ਇਹ ਕੀਤਾ ਕਿ ਸੰਪਾਦਨਾ ਸਮੇਂ ਪ੍ਰਚਲਤ ਕੀਤੀਆਂ ਜਾ ਚੁੱਕੀਆਂ ਸਾਖੀਆਂ ਬਨਾਮ ਬਨਾਵਟੀ ਕਹਾਣੀਆਂ ਨੂੰ ਭਾਰੀ ਹਵਾ ਦਿੱਤੀ ਗਈ। ਗੁਰਬਾਣੀ ਦੇ ਅਰਥਾਂ ਸਮੇਂ ਬ੍ਰਾਹਮਣੀ ਵਿਚਾਰਧਾਰਾ ਨੂੰ ਉਪਰ ਲਿਆਂਦਾ, ਗੁਰਬਾਣੀ ਨੂੰ ਬ੍ਰਾਹਮਣੀ ਲੀਹਾਂ `ਤੇ ਮੰਤ੍ਰ ਰਟਣ, ਕਾਮਨਾ ਪੂਰਤੀ ਜਾਂ ਰੋਗ ਨਿਵਾਰਣ ਦੇ ਆਧਾਰ `ਤੇ ਸ਼ਬਦਾਂ ਦੀ ਚੋਣਾਂ ਅਤੇ ਉਨ੍ਹਾਂ ਦੇ ਪਾਠ ਕਰਨ ਦੀਆਂ ਵਿਧੀਆਂ ਪ੍ਰਚਲਤ ਕੀਤੀਆਂ। ਇਸੇ ਦਾ ਨਤੀਜਾ, ਅੱਜ ਜੋ ਸਿੱਖ ਇਤਿਹਾਸ ਜਾਂ ਸਿੱਖ ਰਹਿਣੀ ਅਥਵਾ ਗੁਰਬਾਣੀ ਜੀਵਨ ਜਾਚ ਮਿਲ ਰਹੀ ਹੈ ਉਹ ਬਹੁਤਾ ਕਰਕੇ ਗੁਰਬਾਣੀ ਆਧਾਰਤ ਨਹੀਂ ਬਲਕਿ ਵਿਰੋਧੀਆਂ ਰਾਹੀਂ ਪ੍ਰਚਲਤ ਜਾਂ ਉਸ ਸਮੇਂ ਗੁਰਦੁਆਰਿਆਂ ਰਸਤੇ ਵੱਧ ਤੋਂ ਵੱਧ ਦ੍ਰਿੜ ਕਰਵਾਈ, ਗੁਰਬਾਣੀ ਦੀ ਕੇਵਲ ਪੜ੍ਹਤ-ਚਾਸ਼ਨੀ ਚੜ੍ਹਾਈ ਹੋਈ ਵਿਰੋਧੀ ਜਾਂ ਬ੍ਰਾਹਮਣੀ ਰੀਤੀਆਂ ਹੀ ਹਨ। ਇਹ ਸਭ ਰੀਤੀ, ਰਿਵਾਜ, ਤਿਉਹਾਰ-ਗੁਰਬਾਣੀ ਆਧਾਰਤ ਜਾਂ ਗੁਰੂ ਕਾਲ ਦੇ ਨਹੀਂ ਅਤੇ ਇਨ੍ਹਾਂ ਵਿਚੋਂ ਸਿੱਖ ਇਤਿਹਾਸ ਤੇ ਸਿੱਖ ਰਹਣੀ ਨੂੰ ਢੂੰਡਣਾ ਵੀ ਸੌਖੀ ਖੇਡ ਨਹੀਂ।

ਸਵੈ-ਵਿਰੋਧੀ ਕਹਾਣੀਆਂ-ਇਸ ਲਈ ਹੱਥਲੇ ਗੁਰਮਤਿ ਪਾਠ `ਚ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪਾਦਨਾ ਸਮੇਂ ਪ੍ਰਚਲਤ ਅਤੇ ਅੱਜ ਤੀਕ ਸੰਗਤਾਂ ਵਿਚਕਾਰ ਪ੍ਰਚਾਰੀਆਂ ਜਾ ਰਹੀਆਂ ਸਾਖੀਆਂ ਨੁਮਾ ਕਹਾਣੀਆਂ ਤੋਂ ਗੁਰੂ ਕੀਆਂ ਸੰਗਤਾਂ ਨੂੰ ਸੁਚੇਤ ਕਰਨਾ ਵਧੇਰੇ ਜ਼ਰੂਰੀ ਹੈ। ਪ੍ਰੰਪਰਾ ਅਨੁਸਾਰ ਅਸਲੀਅਤ ਤੋਂ ਕੋਹਾਂ ਦੂਰ, ਸੰਪਾਦਨਾ ਦੇ ਵਿਸ਼ੇ ਨੂੰ ਲੈ ਕੇ ਉਸ ਸਮੇਂ ਜੋ ਕਹਾਣੀਆਂ ਸੰਗਤਾਂ ਵਿਚਾਲੇ ਪ੍ਰਚਲਤ ਕੀਤੀਆਂ ਗਈਆਂ ਉਨ੍ਹਾਂ ਦਾ ਆਧਾਰ ਕੁੱਝ ਇਸ ਤਰ੍ਹਾਂ ਹੈਂ:-

੧. ਪੰਜਵੇਂ ਪਾਤਸ਼ਾਹ ਨੇ ਆਪ ਸੰਪਾਦਨਾ ਦੀ ਲੋੜ ਨੂੰ ਮਹਿਸੂਸ ਕੀਤਾ।

੨. ਬਾਹਰ ਪ੍ਰਿਥੀ ਚੰਦ ਆਦਿ ਰਾਹੀਂ ਕੱਚੀ ਬਾਣੀ ਦੀ ਰਚਨਾ ਦਾ ਆਰੰਭ ਹੋ ਜਾਣ ਕਰਕੇ, ਸਿੱਖ-ਸੰਗਤਾਂ ਵਲੋਂ ਗੁਰਬਾਣੀ ਇਕਤ੍ਰ ਕਰਣ ਦੀ ਮੰਗ ਹੋਈ।

੩. ਸੰਪਾਦਨਾ ਦੀ ਲੋੜ ਹਾਲਾਤ ਦੀ ਮਜਬੂਰੀ ਸੀ ਆਦਿ …

ਇਸੇ ਤਰ੍ਹਾਂ ਬਾਣੀ ਨੂੰ ਇਕਤ੍ਰ ਕਰਣ ਬਾਰੇ ਵੀ ਵੱਖ ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਢੰਗ ਤੇ ਸਵੈ-ਵਿਰੋਧੀ ਗੱਲਾਂ ਹੀ ਲਿਖੀਆਂ ਹਨ ਜਿਵੇਂ:- ੧. ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਦੀ ਲੋੜ ਨੂੰ ਮਹਿਸੂਸ ਕੀਤਾ ਤਾਂ ਆਪ ਨੇ (ੳ) ਦੇਸ਼ਾਂ-ਦਿਸ਼ਾਂਤਰਾਂ `ਚ ਸਿੱਖਾਂ ਨੂੰ ਹੁਕਮਨਾਮੇ ਲਿਖ ਭੇਜੇ ਕਿ ਜਿਸ ਕਿਸੇ ਪਾਸ ਕੋਈ ਗੁਰੂ ਕਾ ਸ਼ਬਦ ਹੈ ਸੋ ਸਭ ਲੈ ਆਵੇ। ਇਹ ਹੁਕਮ ਸੁਣ ਕੇ ਜੋ ਗੁਰੂ ਨਾਨਕ ਜੀ ਦੇ ਸਮੇਂ ਦੇ ਸ਼ਬਦ ਸਿੱਖਾਂ ਨੇ ਕੰਠ ਕਰ ਰਖੇ ਜਾ ਲਿਖ ਰਖੇ ਸਨ, ਉਹ ਸਭ ਲੈ ਆਏ ਅਤੇ ਗੁਰੂ ਜੀ ਨੂੰ ਲਿਖਾ ਦਿੱਤੇ। ਇਸ ਤਰ੍ਹਾਂ ਬਹੁਤ ਸਾਰੀ ਬਾਣੀ ਇਕੱਠੀ ਹੋ ਗਈ। (ਅ) ਦੋ ਪੋਥੀਆਂ ਬਾਬਾ ਮੋਹਨ ਜੀ ਦੇ ਚੁਬਾਰੇ ਤੋਂ ਗੁਰਦੇਵ ਨੇ ਆਪ ਇਕਤ੍ਰ ਕੀਤੀਆਂ। ਸਾਖੀ ਨੁਮਾ ਕਹਾਣੀ ਹੈ ਕਿ ਬਾਣੀ ਦੀਆਂ ਸੈਂਚੀਆਂ ਜਿਹੜੀਆਂ ਤੀਜੇ ਪਾਤਸ਼ਾਹ ਦੇ ਸਪੁਤ੍ਰ ਬਾਬਾ ਮੋਹਨ ਜੀ ਪਾਸ ਸਨ। ਉਨ੍ਹਾਂ ਨੂੰ ਲਿਆਉਣ ਲਈ ਗੁਰਦੇਵ ਨੇ ਭਾਈ ਗੁਰਦਾਸ ਆਦਿ ਮੁਖੀ ਸਿੱਖਾਂ ਨੂੰ ਭੇਜਿਆ ਪਰ ਮੋਹਨ ਜੀ ਨੇ ਉਨ੍ਹਾਂ ਨੂੰ ਸੈਂਚੀਆਂ ਨਾ ਦਿੱਤੀਆਂ। ਉਪ੍ਰੰਤ ਗੁਰੂ ਸਾਹਿਬ ਆਪ ਨੰਗੀਂ ਪੈਰੀ ਚਲ ਕੇ ਸੈਚੀਆਂ ਲੈਣ ਲਈ ਉਨ੍ਹਾਂ ਕੋਲ ਗਏ। ਆਪ ਨੇ ਹੇਠਾਂ ਬੈਠ ਕੇ ਬਾਬਾ ਮੋਹਨ ਜੀ ਦੀ ਉਸਤਤ `ਚ ਗਉੜੀ ਮਹਲਾ ੫ ਪੰਨਾਂ ੨੪੮ ਵਾਲੇ ਸ਼ਬਦ “ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ” ਦਾ ਗਾਇਣ ਕੀਤਾ, ਤਾਂ ਇਸਨੂੰ ਬਾਬਾ ਮੋਹਨ ਜੀ ਨੇ ਆਪਣੀ ਉਸਤਤ ਸਮਝ ਕੇ, ਆਪ ਨੂੰ ਸੈਚੀਆਂ ਸੌਂਪ ਦਿਤੀਆਂ।

ਮਗਰੋਂ ਜਦ ਸਚਾਈ ਪ੍ਰਗਟ ਹੋਈ ਕਿ ਇਸ ਸ਼ਬਦ `ਚ ‘ਮੋਹਨ’ ਲਫ਼ਜ਼ ਕਿਸੇ ਤਰ੍ਹਾਂ ਵੀ ਕਿਸੇ ਮਨੁੱਖ ਲਈ ਨਹੀਂ ਤਾਂ ਕੁੱਝ ਲਿਖਾਰੀਆਂ ਨੇ ਇਸ ਵਿਸ਼ੇ `ਤੇ ਆਪਣੀ ਕਲਮ ਨੂੰ ਇਸ ਪਾਸੇ ਮੋੜ ਲਿਆ ਕਿ ‘ਸ਼ਬਦ’ ਤਾਂ ਅਕਾਲਪੁਰਖ ਦੀ ਉਸਤਤ `ਚ ਹੈ ਪਰ ਸਮੇਂ ਦੀ ਲੋੜ ਅਨੁਸਾਰ ਕੇਵਲ ਪੋਥੀਆਂ ਹਾਸਿਲ ਕਰਣ ਲਈ ਗੁਰਦੇਵ ਨੇ ਸ਼ਬਦ ਨੂੰ ਬਾਬਾ ਮੋਹਨ ਜੀ ਦੀ ਉਸਤਤ `ਚ ਉਚਾਰੇ ਜਾਣ ਦਾ ਪ੍ਰਭਾਵ ਦਿੱਤਾ। ਜਿਸ ਤੋਂ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ ਗਈ ਅਤੇ ਉਨ੍ਹਾਂ ਨੇ ਵੀ ਇਸਨੂੰ ਆਪਣੀ ਉਸਤਤ ਸਮਝ ਕੇ ਸੈਂਚੀਆਂ ਗੁਰਦੇਵ ਨੂੰ ਸੌਂਪ ਦਿੱਤੀਆਂ।

ਬਲਕਿ ਇਥੋਂ ਤਾਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਅੱਜ ਸਾਡੀ ਸੋਚ ਦਾ ਪੱਧਰ ਕਿੰਨਾ ਨੀਵਾਂ ਜਾ ਚੁੱਕਾ ਹੈ। ਆਪਣੀ ਦੇਣ ਨੂੰ ਠੀਕ ਸਾਬਤ ਕਰਣ ਲਈ ਅਸੀਂ ਇਤਨੇ ਨੀਵੇਂ ਜਾ ਚੁਕੇ ਹਾਂ ਕਿ ਇਸਦੇ ਲਈ ਸਾਨੂੰ ਭਾਵੇਂ ਗੁਰੂ ਨੂੰ ਹੀ ਦੋਗਲਾ ਕਿਉਂ ਨਾ ਕਹਿਣਾ ਪਵੇ, ਉਸ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਤੋਂ ਵੱਧ-ਸ਼ਾਇਦ ਅਜੇਹੀਆਂ ਬੇ ਸਿਰਪੈਰ ਕਹਾਣੀਆਂ ਦਾ ਹੀ ਸਿੱਟਾ ਹੈ ਕਿ ਅਜੋਕੇ ਬਹੁਤੇ ਅਨ-ਅਧਿਕਾਰੀ ਕੀਰਤਨੀ ਸਿੰਘ, ਕਥਾ ਵਾਚਕ, ਢਾਡੀ ਅਤੇ ਕੁੱਝ ਲਿਖਾਰੀ ਵੀ, ਅਨੇਕਾਂ ਵਾਰੀ ਗੁਰਬਾਣੀ ਅਰਥਾਂ ਅਤੇ ਸ਼ਬਦਾਂ ਤੋਂ ਉਤਪਨ ਓਪਰੇ ਪ੍ਰਭਾਵ ਦੀ ਅਜੇਹੀ ਤੋੜ ਮਰੋੜ ਕਰ ਲੈਂਦੇ ਹਨ ਜਿਥੋਂ ਉਨ੍ਹਾਂ ਦੀ ਆਪਣੀ ਵਾਹ! ਵਾਹ, ਭੱਲ ਜਾਂ ਹਲਵਾ ਮਾਂਡਾ ਬਣਦਾ ਹੋਵੇ; ਉਨ੍ਹਾਂ ਸਾਹਮਣੇ ਪੌਂਡਾਂ, ਡਾਲਰਾਂ, ਨੋਟਾਂ ਦੀ ਵੱਡੇ ਢੇਰ ਲਗਦੇ ਹੋਣ, ਵਧ ਭੇਟਾ ਮਿਲਦੀ ਹੋਵੇ।

ਖੈਰ! ਸਚਾਈ ਦੀ ਤਹਿ ਤੀਕ ਜਾਣ ਲਈ ਅਸੀਂ “ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ” ਵਾਲਾ ਪੂਰਾ ਸ਼ਬਦ ਦੇਣਾ ਵੀ ਜ਼ਰੂਰੀ ਸਮਝਦੇ ਹਾਂ ਤਾਕਿ ਕੋਈ ਗੱਲ ਭੁਲੇਖੇ `ਚ ਨਾ ਰਹਿ ਜਾਵੇ। ਸ਼ਬਦ ਹੈ “ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ॥ ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥ ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥ ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕਿ੍ਰਪਾਰਾ॥ ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥ ੧ ॥ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ॥ ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ॥ ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ॥ ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ॥ ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ॥ ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ॥ ੨ ॥ ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ॥ ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ॥ ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇੱਕ ਮਨਿ ਧਿਆਵਹੇ॥ ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ॥ ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ॥ ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਪੁਰਖ ਭਗਵਾਨਾ॥ ੩ ॥ ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ॥ ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ॥ ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ॥ ਜਿਨੀ ਤੁਧ ਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ॥ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ॥ ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ॥ ੪ ॥ ੨ ॥” (੨੪੮) ਕੇਵਲ ਇਥੇ ਹੀ ਨਹੀਂ, ਬਲਕਿ ਗੁਰਬਾਣੀ `ਚ ਹੀ ‘ਮੋਹਨ’ ਲਫ਼ਜ਼ ਹੋਰ ਵੀ ਬਹੁਤ ਵਾਰੀ ਆਇਆ ਹੈ ਪਰ ਅਕਾਲਪੁਰਲ ਲਈ ਹੀ।

ਸੰਗਲਾਦੀਪ (ਲੰਕਾ) ਤੋਂ ਪ੍ਰਾਣ ਸੰਗਲੀ ਨਾਮਕ ਲਿਖਿਤ ਨੂੰ ਮੰਗਵਾਇਆ ਗਿਆ। ਘੋਖਣ `ਤੇ ਗੁਰਦੇਵ ਨੇ ਉਸਦੇ ਨਕਲੀ ਹੋਣ ਦਾ ਐਲਾਨ ਕਰਕੇ ਉਸਨੂੰ ਦਰਿਆ `ਚ ਸੁਟਵਾ ਦਿੱਤਾ, ਅਸਲੀ ਪ੍ਰਾਣਸੰਗਲੀ ਪ੍ਰਾਪਤ ਨਾ ਹੋ ਸਕੀ। ਸੁਆਲ ਪੈਦਾ ਹੁੰਦਾ ਹੈ ਕਿ ਜਦੋਂ ਅਸਲੀ ਪ੍ਰਾਣ ਸੰਗਲੀ ਪ੍ਰਾਪਤ ਹੀ ਨਾ ਹੋ ਸਕੀ ਤਾਂ ਇਸਦੇ ਬਾਵਜੂਦ ਜੋ ਪ੍ਰਾਣਸੰਗਲੀ ਅੱਜ ਵੀ ਦੁਕਾਨਦਾਰਾਂ ਪਾਸੋਂ ਮਿਲ ਰਹੀ ਤੇ ਅਣਜਾਣ ਸੰਗਤਾਂ ਉਸਨੂੰ ਖਰੀਦ ਰਹੀਆਂ ਹਨ, ਤਾਂ ਉਹ ਕਿਥੋਂ ਆਈ? ਦੂਜਾ- ਅਜੇਹਾ ਭਰਮ ਪਾਉਣਾ ਕਿ ‘ਅਸਲੀ ਪ੍ਰਾਣਸੰਗਲੀ ਪ੍ਰਾਪਤ ਨਾ ਹੋ ਸਕੀ’ ਸੰਗਤਾ ਵਿਚਾਲੇ ਕੇਵਲ ਭਰਮ ਪੈਦਾ ਕਰਣ ਲਈ ਹੀ ਹੈ ਕਿ ‘ਬਾਣੀ ਬਾਹਰ ਵੀ ਛੁਟ ਗਈ ਹੈ’।

੪. ਬਾਣੀ ਇਕੱਠੀ ਕਰਣ ਸਮੇਂ ਜਲਾਲਪੁਰੀ ਪਰਗਨੇ ਹਸਨਅਬਦਾਲ ਦਾ ਨਿਵਾਸੀ ਇੱਕ ਸਿੱਖ ਭਾਈ ਬਖਤਾ ਅਰੋਰਾ, ਇੱਕ ਵੱਡਾ ਸਾਰਾ ਗ੍ਰੰਥ ਚੁਕ ਲਿਆਇਆ। ਇਸ ਗ੍ਰੰਥ `ਚ ਚਾਰ ਪਾਤਸ਼ਾਹੀਆਂ ਤੀਕ ਦੀ ਬਾਣੀ ਮੋਜੂਦ ਸੀ। ਭਾਈ ਬਖਤੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਚਾਰਾਂ ਗੁਰੂ ਸਰੂਪਾਂ ਤੀਕ ਨਾਲ, ਨਾਲ ਬੈਠ ਕੇ ਬਾਣੀ ਲਿਖਦਾ ਰਿਹਾ। ਉਪ੍ਰੰਤ ਉਸ ਗ੍ਰੰਥ ਵਿਚੋਂ ਜਿਹੜੀ ਬਾਣੀ ਗੁਰਦੇਵ ਦੀ ਇਛਾ ਹੋਈ, ਸੰਭਾਲ ਲਈ ਬਾਕੀ ਵਾਪਿਸ ਕਰ ਦਿੱਤੀ। ਪਾਕਿਸਤਾਨ ਬਨਣ ਤੀਕ, ਰਾਵਲਪਿੰਡੀ ਵਿਖੇ ਭਾਈ ਬਖਤੇ ਦੇ ਵੰਸ਼ਜ, ਭਾਈ ਬੂਟਾ ਸਿੰਘ ਪੰਸਾਰੀ ਕੋਲ ਇਹ ਗ੍ਰੰਥ ਸੁਰਖਿਅਤ ਦਸਿਆ ਜਾਂਦਾ ਸੀ। ਇਥੋਂ ਵੀ ਇਹੀ ਸ਼ੰਕਾ ਪੈਦਾ ਹੁੰਦਾ ਹੈ (ੳ) ਜੇ ਕਰ ਬਾਣੀ ਗੁਰੂ ਸਾਹਿਬਾਨ ਦੇ ਨਾਲ, ਨਾਲ ਭੈਠ ਕੇ ਲਿਖੀ ਗਈ ਤਾਂ ਉਸ ਵਿਚੋਂ ਛੱਡੀ ਕਿਉਂ ਗਈ? (ਅ) ਦੂਜਾ ਭਾਈ ਬਖਤੇ ਦੀ ਕੁਲ ਕਿਤਨੀ ਉਮਰ ਸੀ ਜੋ ਇਸਨੇ ਚੌਥੇ ਪਾਤਸ਼ਾਹ ਤੀਕ ਇਤਨੀ ਵੱਡੀ ਸੇਵਾ ਨਿਭਾਈ।

੫. ਉਪ੍ਰੰਤ, ਜੇ ਕਰ ਭਾਈ ਬਖਤੇ ਕੋਲ ਸਾਰੀ ਬਾਣੀ ਸੁਰਖਿਅਤ ਸੀ ਤਾਂ ਪੰਜਵੇਂ ਪਾਤਸ਼ਾਹ ਨੂੰ ਦੂਰ-ਨੇੜੇ ਹੁਕਮਨਾਮੇ ਭੇਜ ਕੇ ਬਾਣੀ ਨੂੰ ਇਕਤ੍ਰ ਕਰਵਾਉਣ ਦੀ ਕੀ ਲੋੜ ਸੀ?

੬. ਜਿਹੜਾ ਭਾਈ ਬਖ਼ਤਾ ਚੌਥੇ ਪਾਤਸ਼ਾਹ ਤੀਕ ਹਰ ਸਮੇਂ, ਸਤਿਗੁਰਾਂ ਦੀ ਸ਼ਰਣ `ਚ ਰਿਹਾ, ਇਤਿਹਾਸ `ਚ ਕਿਧਰੇ ਵੀ ਕਿਉਂ ਨਹੀਂ ਉਘੜਿਆ? ਜਦਕਿ ਭਾਈ ਗੁਰਦਾਸ ਤਾਂ ਪਹਿਲੇ ਪਾਤਸ਼ਾਹ ਦੀ ਸਦੀਵੀ ਸੰਗਤ `ਚ “ਇਕੁ ਬਾਬਾ ਅਕਾਲ ਰੂਪੁ, ਦੂਜਾ ਰਬਾਬੀ ਮਰਦਾਨਾ” (ਭਾ: ਗੁ: ੧/੩੫) ਭਾਈ ਮਰਦਾਨੇ ਦਾ ਹੀ ਜ਼ਿਕਰ ਕਰ ਰਹੇ ਹਨ, ਬਖ਼ਤੇ ਦਾ ਨਹੀਂ। ਫ਼ਿਰ ਕੁੱਝ ਸਾਖੀਆਂ ਜਿਵੇਂ ਸੁਮੇਰ ਪਰਬਤ ਦੀ ਸਾਖੀ, ਕੋੜ੍ਹੀ ਫ਼ਕੀਰ ਦੀ ਸਾਖੀ-ਜਿਨ੍ਹਾਂ ਬਾਰੇ ਸਾਰੇ ਸਾਖੀਕਾਰਾਂ ਨੇ ਗੁਰਦੇਵ ਦੇ ਨਾਲ ਇਕੱਲੇ ਭਾਈ ਮਰਦਾਨੇ ਦਾ ਹੀ ਜ਼ਿਕਰ ਕੀਤਾ ਹੈ, ਭਾਈ ਬਖਤੇ ਜਾਂ ਕਿਸੇ ਹੋਰ ਦਾ ਨਹੀਂ, ਵੇਈ ਨਦੀ ਦੇ ਪ੍ਰਸੰਗ `ਚ ਤਾਂ ਪਹਿਲੇ ਪਾਤਸ਼ਾਹ ਇਕੱਲੇ ਹੀ ਸਨ। ਲੰਮੀਆਂ ਬਾਣੀਆਂ ਜਿਵੇਂ “ਬਾਣੀ ਜਪੁ, ਬਾਣੀ ‘ਓਅੰਕਾਰੁ’ ਮ: ੧, ਸਿਧਗੋਸ਼ਟ ਮ: ੧, ਬਾਣੀ ਪਟੀ ਮ: ੧, ਪਟੀ ਮ: ੩, ਬਾਣੀ ‘ਅਨੰਦ’ ਆਦਿ ਰਚਨਾਵਾਂ ਗੁਰਦੇਵ ਨੇ ਭਾਈ ਬਖਤੇ ਨੂੰ ਕਦੋਂ ਲਿਖਵਾਈਆਂ?

੭. ਇਸੇ ਤਰ੍ਹਾਂ ਭਗਤਾਂ ਦੀ ਬਾਣੀ ਇਕਤ੍ਰ ਕਰਾਉਣ ਬਾਰੇ ਵੀ ਕੁੱਝ ਨੇ ਲਿਖ ਦਿੱਤਾ ਕਿ ਭਗਤਾਂ ਨੇ ਖੁਦ ਬੈਕੁੰਠ `ਚੋਂ ਆ ਕੇ, ਰਾਮਸਰ ਦੇ ਸਥਾਨ `ਤੇ, ਆਪਣੀ-ਆਪਣੀ ਬਾਣੀ ਦਰਜ ਕਰਵਾਈ। ਇਥੋਂ ਤੀਕ ਵੀ ਲਿਖਿਆ ਮਿਲਦਾ ਹੈ ਕਿ ਭਾਈ ਗੁਰਦਾਸ ਜੀ ਦੀ ਤਸੱਲੀ ਕਰਵਾਉਣ ਲਈ ਗੁਰਦੇਵ ਨੇ ਉਨ੍ਹਾਂ ਭਗਤਾਂ ਦੇ ਭਾਈ ਸਾਹਿਬ ਨੂੰ ਦਰਸ਼ਨ ਵੀ ਕਰਵਾਏ। ਜਦਕਿ ਗੁਰਮਤਿ ਕਿਸੇ ਬੈਕੁੰਠ ਦੀ ਹੋਂਦ ਤੋਂ ਹੀ ਇਨਕਾਰੀ ਹੈ। ਫ਼ਿਰ ਕੁੱਝ ਨੇ ਲਿਖਿਆ, ਪੰਜਵੇਂ ਪਾਤਸ਼ਾਹ ਨੇ ਆਪ ਭਗਤਾਂ ਦੇ ਸਥਾਨਾ `ਤੇ ਜਾ-ਜਾ ਕੇ, ਉਨ੍ਹਾ ਦੀਆਂ ਬਾਣੀਆ `ਚੋਂ ਲੋੜ ਅਨੁਸਾਰ ਬਾਣੀ ਦੀ ਆਪ ਚੌਣ ਕੀਤੀ। ਇਸਦੇ ਨਾਲ ਹੀ ਇਹ ਲਿਖਾਰੀ ਜਦੋਂ ਬਾਬਾ ਮੋਹਨ ਜੀ ਦੇ ਚੁਬਾਰੇ ਤੋਂ ਸੈਂਚੀਆਂ ਦਾ ਜ਼ਿਕਰ ਕਰਦੇ ਹਨ ਤਾਂ ਭਗਤਾਂ ਦੀ ਬਾਣੀ ਉਨ੍ਹਾਂ ਸੈਂਚੀਆ `ਚ ਵੀ ਹੈ, ਤਾਂ ਇਹ ਵਿਰੋਧਾਭਾਸ ਕਿਉਂ?

ਇਸ ਵਿਸਤਾਰ ਤੋਂ ਭਾਵ ਹੈ ਕਿ ਸਾਨੂੰ ਪੂਰੀ ਤਰ੍ਹਾਂ ਸਮਝ `ਚ ਆ ਸਕੇ ਇਨ੍ਹਾਂ ਸਾਰੀਆਂ ਸਵੈ-ਵਿਰੋਧੀ ਸਾਖੀਆਂ ਨੁਮਾ ਕਹਾਣੀਆਂ ਦਾ ਇਕੋ ਹੀ ਮਕਸਦ ਹੈ ਕਿ ਸ਼ਰਧਾਲੂ ਸੰਗਤਾਂ ਦੇ ਦਿਲੋ-ਦਿਮਾਗ਼ `ਤੇ ਸਦਾ ਲਈ ਭਰਮ ਬਣਿਆ ਰਵੇ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ। ਕਹਾਣੀਆ ਅਨੁਸਾਰ ਸੰਗਤਾਂ ਵਿਚਾਲੇ ਇਹ ਭਰਮ ਬਣਿਆ ਹੀ ਰਵੇ ਕਿ ‘ਹੋ ਸਕਦਾ ਹੈ ਵਾਧੂ ਬਾਣੀ ਵੀ ਚੜ੍ਹ ਗਈ ਹੋਵੇ ਜਾਂ ਬਾਹਿਰ ਵੀ ਛੁੱਟ ਗਈ ਹੋਵੇ ਪਰ ਇਹ ਸਭ ਤਿੰਨ ਕਾਲ ਵੀ ਸੰਭਵ ਨਹੀਂ। ਇਸ ਦੇ ਉਲਟ ਸਚਾਈ ਇਹੀ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” `ਚ ਨਾ ਹੀ ਤਾਂ ਕੋਈ ਰਚਨਾ ਵਾਧੂ ਚੜ੍ਹੀ ਹੈ ਤੇ ਨਾ ਹੀ ਕੋਈ ਪੰਕਤੀ ਬਾਹਿਰ ਰਹੀ ਹੈ। “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਾਡੇ ਪੂਰਣ ਗੁਰੂ ਹਨ ਅਤੇ ਇਨ੍ਹਾਂ ਦੀ ਸੰਪੂਰਣਤਾ ਦਾ ਐਲਾਨ ਵੀ ਕਿਸੇ ਹੋਰ ਨੇ ਨਹੀਂ ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਆਪਣੇ ਦਸਵੇਂ ਸਰੂਪ `ਚ ਆਪ ਕੀਤਾ। ਦੂਜਾ, ਅਸਾਂ ਇਹ ਵੀ ਭਲੀ ਭਾਂਤ ਸਮਝਣਾ ਹੈ ਕਿ ਆਦਿ ਬੀੜ ਦੀ ਸੰਪਾਦਨਾ ਲਈ ਪੰਜਵੇਂ ਪਾਤਸ਼ਾਹ ਨੂੰ ਇਧਰੋਂ-ਓਧਰੋਂ, ਭਾਵ ਬਾਹਰੋਂ ਕਿਧਰੋਂ ਵੀ ਬਾਣੀ ਇਕਤ੍ਰ ਕਰਣ ਦੀ ਲੋੜ ਹੀ ਨਹੀੰ ਸੀ। ਕਿਉਂਕਿ ਇਹ ਕਾਰਜ ਵੀ ਪਹਿਲੇ ਪਾਤਸ਼ਾਹ ਨੇ ਆਪ ਹੀ ਅਰੰਭ ਕਰ ਦਿੱਤਾ ਸੀ ਜੋ ਦਰਜਾ-ਬ-ਦਰਜਾ ਬੜੇ ਨਿਯਮਬੱਧ ਤਰੀਕੇ, ਪੰਜਵੇਂ ਨਾਨਕ ਤੀਕ ਪੁੱਜਾ। ਇਹ ਪੂਰਾ ਵਿਸ਼ਾ ਅਸੀਂ ਗੁਰਮਤਿ ਪਾਠ ੧੪੭ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਣੀ ਕਿਵੇਂ ਇਕਤ੍ਰ ਹੋਈ” `ਚ ਦੇ ਚੁਕੇ ਹਾਂ। ਸਾਨੂੰ ਇਸ ਸੰਬੰਧ `ਚ ਵਿਰੋਧੀਆਂ-ਦੋਖੀਆਂ ਰਾਹੀਂ ਸਾਖੀਆਂ ਕਹਿ ਕੇ ਪ੍ਰਚਾਰੀਆਂ ਜਾ ਰਹੀਆਂ ਮਨ-ਘੜੰਤ ਅਤੇ ਗੁਮਰਾਹਕੁਣ ਕਹਾਣੀਆਂ ਪਿਛੇ ਜਾਣ ਦੀ ਲੋੜ ਨਹੀਂ।

ਪ੍ਰਕਰਣ ਅਨੁਸਾਰ ਗੁਰਬਾਣੀ ਖਜ਼ਾਨੇ ਵਿਚੋਂ ਅਸੀਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਵੀ ਲੈਣਾ ਚਾਹਾਂਗੇ, ਸ਼ਬਦ ਹੈ “ਬਿਲਾਵਲੁ ਗੋਂਡ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ॥ ਰਹਾਉ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥ ੧ ॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥ ੨ ॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥ ੩ ॥ ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ ੪ ॥” (ਪੰ: ੮੭੪) ਸੰਖੇਪ ਅਰਥ ਹਨ ਐ ਪਾਂਡੇ! ਤੂੰ ਤਾਂ ਸਦਾ ਤੋਂ ਆਪਣੇ ਸ਼ਰਧਾਲੂਆਂ ਲਈ ਪ੍ਰਭੂ ਦਾ ਮਿਲਾਵਾ ਅਤੇ ਧਰਮ ਦੇਣ ਦਾ ਦਾਅਵੇਦਾਰ ਬਣਿਆ ਆ ਰਿਹਾਂ ਹੈਂ। ਪਰ ਐ ਅਗਿਆਨਤਾ `ਚ ਫ਼ਸੇ ਹੋਏ (ਮੂਰਖ) ਇਨਸਾਨ! ਤੈਨੂੰ ਮੈਂ ਦਸਦਾ ਹਾਂ ਕਿ ਉਸ ਸਰਵ-ਵਿਆਪਕ, ਮਾਇਆ ਤੋਂ ਨਿਰਲੇਪ ਪ੍ਰਭੂ ਦੇ ਦਰਸ਼ਨ ਕੀ ਹਨ। ਕਿਉਂਕਿ ਧਰਮ ਦਾ ਠੇਕੇਦਾਰ ਕਹਿਲਵਾ ਕੇ ਤੇ ਪ੍ਰਭੂ ਮਿਲਾਵਾ ਬਣ ਕੇ ਵੀ ਤੂੰ ਆਪਣੇ ਸ਼ਰਧਾਲੂਆਂ ਨੂੰ ਜਨਮਾਂ-ਜਨਮਾਂਤ੍ਰਾਂ ਤੋਂ, ਪ੍ਰਭੂ ਨਾਲ ਨਹੀਂ ਮਿਲਾ ਸਕਿਆ। ਜਦਕਿ ਪ੍ਰਭੂ ਨੂੰ ਤਾਂ ਮੈਂ ਆਜ ਭਾਵ ਇਸੇ ਜਨਮ `ਚ ਪਾ ਵੀ ਲਿਆ ਹੈ। ਸ਼ਬਦ `ਚ ਇਸਤੋਂ ਅੱਗੇ ਬ੍ਰਾਹਮਣ ਦੀਆਂ ਹੀ ਪੁਸਤਕਾਂ ਵਿਚੋਂ ਹਵਾਲੇ ਦੇ ਕੇ ਭਗਤ ਜੀ ਕਹਿੰਦੇ ਹਨ:-

“ਐ ਭਾਈ! ਆਪਣੇ ਸ਼ਰਧਾਲੂਆਂ ਲਈ ਪ੍ਰਭੂ ਮਿਲਾਵਾ, ਧਰਮ ਦਾ ਠੇਕੇਦਾਰ ਤਾਂ ਤੂੰ ਆਪ ਬਣ ਬੈਠਾ। ਉਪ੍ਰੰਤ, ਆਪਣੇ ਸ਼ਰਧਾਲੂਆਂ ਨੂੰ ਪ੍ਰਭੂ ਮਿਲਾਪ ਦੇ ਤੂੰ ਜੋ ਤਿੰਨ ਢੰਗ ਦਿੱਤੇ ਉਹ ਹਨ, ਪਹਿਲਾ-ਮੰਤ੍ਰ ਰਟਣ, ਦੂਜਾ- ਦੇਵੀ-ਦੇਵ ਪੂਜਾ, ਤੀਜਾ- ਅਵਤਾਰ ਪੂਜਾ। ਦੂਜੇ ਪਾਸੇ ਤੂੰ ਆਪ ਹੀ ਪ੍ਰਭੂ ਮਿਲਾਪ ਦੇ ਇਨ੍ਹਾਂ ਤਿੰਨਾਂ ਰਸਤਿਆਂ ਨੂੰ ਅਧੂਰੇ ਵੀ ਦਸ ਰਿਹਾਂ ਹੈ। ਜਿਵੇਂ ਮੰਤ੍ਰਾਂ `ਚੋਂ ਤੂੰ ਗਾਇਤ੍ਰੀ ਮੰਤ੍ਰ ਨੂੰ ਸਿਰਮੋਰ ਦਸਿਆ ਹੈ; ਨਾਲ ਆਪਣੀਆਂ ਹੀ ਰਚਨਾਵਾਂ `ਚ ਤੂੰ ‘ਗਾਇਤ੍ਰੀ ਮੰਤ੍ਰ’ ਨੂੰ ਲੰਗੜਾ, ਤ੍ਰੈਪਾਲ, ਤਿੰਨ ਟੰਗਾਂ ਵਾਲਾ ਕਹਿ ਕੇ ਪ੍ਰਚਾਰ ਰਿਹਾ ਹੈਂ ਕਿ ਇਹ ਮੰਤ੍ਰ ਸਰਵ-ਸਮ੍ਰਥ ਨਹੀਂ। ਇਸੇ ਤਰ੍ਹਾਂ ਦੂਜਾ ਤੂੰ ਆਪਣੇ ਸ਼ਰਧਾਲੂਆਂ ਨੂੰ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਵਾਲਾ ਢੰਗ ਦਿੱਤਾ। ਉਥੇ ਵੀ ਸ਼ਿਵਜੀ ਦੀ ਮਿਸਾਲ ਦੇ ਕੇ, ਤੂੰ ਉਨ੍ਹਾਂ ਦੇ ਮਨਾਂ `ਚ ਡਰ ਪਾ ਰਿਹਾਂ ਹੈਂ ਕਿ ਜੇ ਕਿਤੇ ਕਿਸੇ ਕਾਰਨ ਕਿਸੇ ਦੇਵੀ-ਦੇਵਤੇ ਦੀ ਕ੍ਰੋਪੀ ਹੋ ਜਾਵੇ ਤਾਂ ਸ਼ਰਧਾਲੂ ਦਾ ਵੱਡਾ ਨੁਕਸਾਨ ਵੀ ਕਰ ਦੇਂਦੇ ਹਨ, ਪ੍ਰਕਰਣ ਅਨੁਸਾਰ ਸ਼ਿਵਜੀ ਨੇ ਆਪਣੇ ਹੀ ਸ਼ਰਧਾਲੂ ਮੋਦੀ ਦੇ ਲੜਕੇ ਨੂੰ ਹੀ ਮਾਰ ਦਿੱਤਾ। ਉਪ੍ਰੰਤ ਤੂੰ ਆਪਣੇ ਸ਼੍ਰਧਾਲੂਆਂ ਪ੍ਰਭੂ ਮਿਲਾਪ ਦਾ ਤੀਜਾ ਢੰਗ ਦਿੱਤਾ ਹੈ ਅਵਤਾਰ ਪੂਜਾ ਵਾਲਾ। ਉਥੇ ਵੀ ਤੂੰ ਕੀ ਕੀਤਾ? ਇੱਕ ਪਾਸੇ ਤਾਂ ਸ਼੍ਰਧਾਲੂ ਨੂੰ ਕਹਿੰਦਾ ਹੈਂ ਕਿ ਇਹ ਅਵਤਾਰ ਤੇਰੀ ਰਖਿਆ ਕਰਣਗੇ। ਨਾਲ ਹੀ ਸ਼ਰਧਾਲੁਆਂ ਦੇ ਦਿਮਾਗ਼ `ਚ ਇਹ ਭਰਮ ਵੀ ਪਾ ਰਿਹਾ ਹੈਂ ਕਿ ਜੋ ਅਵਤਾਰ ਸ੍ਰੀ ਰਾਮਚੰਦ੍ਰ ਸਾਰੀ ਉਮਰ ਆਪਣੀ ਇਸਤ੍ਰੀ ਨੂੰ ਨਾ ਸੰਭਾਲ ਸਕੇ, ਉਹ ਤੇਰੀ ਰਖਿਆ ਕਿਵੇਂ ਕਰਣਗੇ?

ਅੰਤ `ਚ ਭਗਤ ਜੀ ਕਹਿੰਦੇ ਹਨ “ਹਿੰਦੂ ਅੰਨ੍ਹ੍ਹਾ, ਤੁਰਕੂ ਕਾਣਾ” ਭਾਵ ਹਿੰਦੂ (ਬ੍ਰਾਹਮਣ ਭਗਤ) ਤਾਂ ਆਪਣੀਆਂ ਗਿਆਨ ਦੀਆਂ ਦੋਨਾਂ ਅਖਾਂ ਹੀ ਗਵਾਈ ਬੈਠਾ ਹੈ। ਗਿਆਨ ਦੀ ਪਹਿਲੀ ਅੱਖ ਹੈ ਪ੍ਰਭੂ ਪ੍ਰਾਪਤੀ ਦਾ ਮਾਰਗ। ਇਸਦੇ ਲਈ ਬ੍ਰਾਹਮਣ ਨੇ ਆਪਣੇ ਸ਼ਰਧਾਲੂ ਨੂੰ ਜੋ ਤਿੰਨ ਢੰਗ (੧) ਮੰਤ੍ਰ ਰਟਣ (੨) ਦੇਵੀ-ਦੇਵ ਪੂਜਾ (੩) ਅਵਤਾਰ ਪੂਜਾ ਦਿੱਤੇ ਹਨ। ਫ਼ਿਰ ਉਹ ਆਪ ਹੀ ਹਰੇਕ ਢੰਗ ਨੂੰ ਕਮਜ਼ੋਰ ਤੇ ਅਧੂਰਾ ਵੀ ਦੱਸ ਰਿਹਾ ਹੈ। ਉਪ੍ਰੰਤ ਗਿਆਨ ਦੀ ਦੂਜੀ ਅੱਖ ਹੈ ਕਰਤੇ ਪ੍ਰਭੂ ਬਾਰੇ ਸਪਸ਼ਟ ਹੋਣਾ। ਉਥੇ ਵੀ ਪ੍ਰਭੂ ਅਤੇ ਸ਼੍ਰਧਾਲੂ ਵਿਚਕਾਰ ਤੂੰ ਆਪ ਦਿਵਾਰ ਬਣ ਕੇ ਖੜਾ ਹੋ ਗਿਆ ਹੈਂ। ਇਸ ਲਈ ਤੇਰੇ ਸ਼੍ਰਧਾਲੂ ਨੂੰ ਸਰਵ-ਵਿਆਪਕ, ਰੂਪ-ਰੰਗ ਤੋਂ ਨਿਆਰੇ ਪ੍ਰਭੂ ਦੀ ਪਹਿਚਾਣ ਹੀ ਨਹੀਂ ਆ ਸਕੀ। ਦੂਜੇ ਪਾਸੇ ਹਨ, ਮੁਸਲਮਾਨ-ਜਿਹੜੇ ਗਿਆਨ ਦੀ ਪਹਿਲੀ ਅੱਖ, ਭਾਵ ਇਸ ਬਾਰੇ ਤਾਂ ਸਪਸ਼ਟ ਹਨ ਕਿ ਅਲ੍ਹਾ ਦਾ ਨਾ ਕੋਈ ਸਾਨੀ ਹੈ ਤੇ ਨਾ ਹੀ ਉਸਦਾ ਕੋਈ ਰੰਗ ਰੂਪ। ਪਰ ਅਲ੍ਹਾ ਦੀ ਪ੍ਰਾਪਤੀ ਭਾਵ ਗਿਆਨ ਦੀ ਦੂਜੀ ਅੱਖ, ਉਥੇ ਉਹ ਵੀ ਉਖੜੇ ਪਏ ਹਨ ਤੇ ਉਸ ਸਰਵ-ਵਿਆਪਕ ਨੂੰ ਕੇਵਲ ਮੱਕੇ `ਚ ਹੀ ਬੰਨ੍ਹ ਕੇ ਬੈਠ ਗਏ ਹਨ। ਅੰਤ, ਭਗਤ ਜੀ ਫ਼ੁਰਮਾਉਂਦੇ ਹਨ ਕਿ ਮੈਂ ਤਾਂ ਉਸ ਪ੍ਰਭੂ ਦਾ ਉਪਾਸ਼ਕ ਹਾਂ ਜਿਸਨੂੰ ਮੰਦਿਰਾਂ ਅਥਵਾ ਮਸਜਿਦਾ ਦੀਆਂ ਸੀਮਾਵਾਂ `ਚ ਨਹੀਂ ਬਨ੍ਹਿਆ ਜਾ ਸਕਦਾ ਅਤੇ ਜੋ ਜ਼ਰੇ-ਜ਼ਰੇ `ਚ ਵਿਆਪਕ ਹੈ।

ਉਚੇਚੇ ਇਸ ਸ਼ਬਦ ਨੂੰ ਦੇਣ ਦਾ ਮਕਸਦ- ਜਦੋਂ ਸ਼ਰਾਰਤੀ ਲੋਕਾਂ ਵਲੋਂ ਇਹੋ ਜਹੇ ਹੀ ਭਰਮ-ਭੁਲੇਖੇ ਪਾਏ ਗਏ ਹੋਣ, ਸਾਖੀਆਂ ਦੇ ਨਾਮ `ਤੇ ਮਨ-ਘੜੰਤ ਕਹਾਣੀਆਂ ਪ੍ਰਚਲਤ ਕੀਤੀਆਂ ਗਈਆ ਹੋਣ, ਜਿਥੋਂ ਪ੍ਰਭਾਵ ਪਵੇ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਧੂਰੇ ਹਨ ਤੇ ਇਥੋਂ ਕੁੱਝ ਬਾਣੀ ਬਾਹਿਰ ਛੁੱਟ ਗਈ ਜਾਂ ਵਾਧੂ ਚੜ੍ਹ ਗਈ ਹੈ ਤਾਂ ਸ਼ਰਧਾਲੂ ਉਸ ਦਾਤ ਨੂੰ ਪ੍ਰਾਪਤ ਕਿਵੇਂ ਕਰੇਗਾ? ਜੋ ਦਾਤ ਸਾਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰਹੇ ਹਨ। ਜਦਕਿ ਇਥੇ ਤਾਂ ਅਕਾਲਪੁਰਖ ਬਾਰੇ ਬਹੁਪੱਖੀ ਵਿਆਖਿਆ ਵੀ ਹੈ ਅਤੇ ਉਸਨੂੰ ਪ੍ਰਾਪਤੀ ਲਈ ਸੰਸਾਰ ਦੇ ਇਕੋ ਇੱਕ ਸਦੀਵੀ ਗੁਰੂ, ਰੱਬੀ ਗਿਆਨ ਦੀ ਗੱਲ ਵੀ ਠੋਕ ਵਜਾ ਕੇ ਸਮਝਾਈ ਗਈ ਹੈ। ਤਾਂ ਤੇ ਲੋੜ ਹੈ ਸੰਬੰਧਤ ਵਿਸ਼ੇ `ਤੇ ਵਿਰੋਧੀਆਂ-ਦੋਖੀਆਂ ਰਾਹੀਂ ਪ੍ਰਚਲਤ ਸਵੈ ਵਿਰੋਧੀ ਕਹਾਣੀਆਂ ਤੋਂ ਸੁਚੇਤ ਹੋ ਕੇ ਦ੍ਰਿੜ ਕਰਣ ਦੀ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਸਾਡੇ ਪੂਰਨ ਗੁਰੂ ਹਨ ਇਸ ਲਈ ਗੁਰੂ ਗਿਆਨ ਨੂੰ ਲੈਣ ਲਈ ਸਾਨੂੰ ਬਾਹਰੋਂ ਕਿਸੇ ਇੱਕ ਪੰਕਤੀ ਨੂੰ ਵੀ ਢੂੰਡਣ ਦੀ ਲੋੜ ਨਹੀਂ।

‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ -ਬਾਰੇ ਗੱਲ ਕਰਣ ਸਮੇਂ ਕੁੱਝ ਮੂਲ਼ ਗੱਲਾਂ ਵਲ ਧਿਆਣ ਕਰ ਲੈਣਾ ਜ਼ਰੂਰੀ ਹੈ। ਪਹਿਲਾ-ਤੋਂ “ਤਨੁ ਮਨੁ ਥੀਵੈ ਹਰਿਆ” ਤੀਕ ਭਾਵ ਇਕੋ ਇੱਕ ਅਕਾਲਪੁਰਖ ਦਾ ਹੀ ਪ੍ਰਗਟਾਵਾ ਅਤੇ ਉਸੇ ਦੀ ਹੀ ਵਿਆਖਿਆ ਹਨ। ਦੂਜਾ- ਪਹਿਲੇ ਤੋਂ ਪੰਜਵੇਂ ਉਪ੍ਰੰਤ ਨੌਵੇਂ ਪਾਤਸ਼ਾਹ ਨੇ ਜੋ ਗੁਰਬਾਣੀ ਦੀ ਰਚਨਾ ਕੀਤੀ ਜਾਂ ਜਿਨ੍ਹਾਂ ਰਚਨਾਵਾਂ ਨੂੰ ਗੁਰਦੇਵ ਨੇ ਗੁਰਬਾਣੀ ਤੁੱਲ ਪ੍ਰਵਾਣਗੀ ਦਿੱਤੀ, ਉਹ ਸਾਰਾ ਗੁਰਬਾਣੀ ਦਾ ਖਜ਼ਾਨਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਦਰਜ ਹੈ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਪੂਰਣ ਗੁਰੂ ਹਨ। ਸਮਝਣਾ ਇਹ ਹੈ ਕਿ ਪੰਕਤੀ ਤਾਂ ਬੜੀ ਵੱਡੀ ਗੱਲ ਹੈ, ਬਲਕਿ ਇੱਕ ਲਫ਼ਜ਼ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਿਰ ਨਹੀਂ ਛੁਟਿਆ ਅਤੇ ਨਾ ਹੀ ਫ਼ਾਲਤੂ ਦਰਜ ਹੋਇਆ ਹੈ। ਇਸ ਤਰ੍ਹਾਂ ਨਾਨਕ ਪਦ ਨਾਲ ਜਿਵੇਂ ਪ੍ਰਾਣ ਸੰਗਲੀ, ਪੈਂਤੀ ਅੱਖਰੀ, ਵੱਡਾ ਦਖਣੀ ਓਂਕਾਰ ਆਦਿ ਰਚਨਾਵਾਂ, ਉਪ੍ਰੰਤ ਕਬੀਰ ਆਦਿ ਪ੍ਰਵਾਣਤ ਭਗਤਾਂ ਦੇ ਨਾਮ ਹੇਠ ਜੋ ਰਚਨਾਵਾਂ ਬਾਹਿਰ ਮਿਲਦੀਆਂ ਹਨ; ਉਹ ਗੁਰਬਾਣੀ ਨਹੀਂ ਹਨ। ਉਹ ਗੁਰੂ ਕੀਆਂ ਸੰਗਤਾਂ ਨਾਲ ਕੇਵਲ ਧੋਖਾ, ਸੰਗਤਾਂ ਨੂੰ ਕੁਰਾਹੇ ਪਾਉਣ ਤੇ ਭੁਲੇਖਾ ਦੇਣ ਲਈ ਹੀ ਹਨ। ਇਹ ਸਭ ਵਿਰੋਧੀਆਂ-ਦੋਖੀਆਂ ਦੀਆਂ ਸ਼ਰਾਰਤਾਂ ਹਨ ਜਿਸਤੋਂ ਸੰਗਤਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਤੀਜਾ-ਗੁਰਬਾਣੀ ਦਾ ਸਿਧਾਂਤ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ” (ਪੰ: ੬੪੬) ਗੁਰਬਾਣੀ ਦੇ ਅੰਦਰ ਹੀ ਦਿੱਤਾ ਹੋਇਆ ਹੈ। ਜਿਸ ਦੇ ਅਰਥ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਭਾਵੇਂ ਛੇ ਗੁਰੂ ਪਾਤਸ਼ਾਹੀਆਂ ਸਮੇਤ ੩੫ ਲਿਖਾਰੀ ਹਨ ਪਰ ਇਹ ਸਾਰੀ ਰਚਨਾ ਇਕੋ ਵਿਚਾਰ ਧੁਰੇ ਨਾਲ ਜੁੜੀ ਹੋਈ, ਇਕੋ ਹੀ ਗੁਰੂ-ਅਕਾਲਪੁਰਖ ਦੀ ਮਿਲਾਵਾ ਅਤੇ ਸੰਪੂਰਣ ਰਚਨਾ `ਚ ਕਿਧਰੇ ਵੀ ਵਿਚਾਰ-ਅੰਤਰ ਜਾਂ ਸਵੈ-ਵਿਰੋਧ ਨਹੀਂ। ਇਸ ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਕਿਸੇ ਵੀ ਸ਼ਬਦ ਦੇ, ਗੁਰਮਤਿ ਸਿਧਾਂਤ ਵਿਰੁਧ ਜਾਂ ਇੱਕ ਤੋਂ ਵੱਧ ਅਰਥ ਨਹੀਂ ਹੋ ਸਕਦੇ।

ਇਸ ਤੋਂ ਇਲਾਵਾ, ਜਿਉਂ ਜਿਊਂ ਗੁਰਬਾਣੀ ਵਿਚਾਰ ਵਲ ਵਧਾਂਗੇ ਸਾਰੀ ਗੱਲ ਆਪਣੇ ਆਪ ਸਮਝ ਆਉਂਦੀ ਜਾਵੇਗੀ ਕਿ ਗੁਰਬਾਣੀ ਅੰਦਰਲੇ ੧੫ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ ਤੇ ਆਪਣੀ ਬਾਣੀ ਦੀ ਸੰਭਾਲ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪ ਕੀਤੀ। ਉਪ੍ਰੰਤ ਗੁਰਗੱਦੀ ਸੌਪਣਾ ਸਮੇਂ ਬਾਣੀ ਦਾ ਇਹ ਸਾਰਾ ਖਜ਼ਾਨਾ ਦੂਜੇ ਪਾਤਸ਼ਾਹ ਨੂੰ ਸੌਂਪ ਦਿੱਤਾ। ਦੂਜੇ ਪਾਤਸ਼ਾਹ ਨੇ ਆਪਣੀ ਰਚਨਾ ਸਮੇਤ ਗੁਰਬਾਣੀ ਦਾ ਖਜ਼ਾਨਾ ਤੀਜੇ ਪਾਤਸ਼ਾਹ ਨੂੰ ਸੋਂਪਿਆ। ਇਸੇ ਤਰ੍ਹਾਂ ਦਰਜਾ-ਬ-ਦਰਜਾ, ਸਮੇਂ ਸਮੇਂ ਦੇ ਵਾਧਿਆਂ ਨਾਲ ਗੁਰਬਾਣੀ ਦਾ ਖਜ਼ਾਨਾ ਪੰਜਵੇਂ ਪਾਤਸ਼ਾਹ ਤੀਕ ਪੁੱਜਾ ਅੰਤ ਆਦਿ ਬੀੜ ਦੀ ਸੰਪਾਦਨਾ ਸਮੇਂ, ਆਪਣੀਆਂ ਰਚਨਾਵਾਂ ਨੂੰ ਨਾਲ ਜੋੜ ਕੇ ਅਜੋਕੇ ਕ੍ਰਮ ਅਨੁਸਾਰ, ਗੁਰਬਾਣੀ ਨੂੰ ਤਰਤੀਬ ਵੀ ਪੰਜਵੇਂ ਪਾਤਸ਼ਾਹ ਨੇ ਆਪ ਦਿੱਤੀ। ਇਸਤੋਂ ਬਾਅਦ ਇਸ `ਚ ਕੇਵਲ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਹੋਈ ਅਤੇ ਅਕਤੂਬਰ ਸੰਨ ੧੭੦੮ ਨੂੰ ਦਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ, ਸਰੂਪ ਦੀ ਸੰਪੂਰਣਤਾ ਅਤੇ ਇਸਦੇ ਜੁਗੋ ਜੁਗ ਅਟੱਲ ਗੁਰੂ ਹੋਣ ਵਾਲਾ ਐਲਾਣ ਵੀ ਦਸਵੇਂ ਨਾਨਕ ਨੇ ਆਪ ਹੀ ਕੀਤਾ। #146s7.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵ ‘ਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 146

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸੰਪਾਦਨਾ ਸਮੇਂ ਵਿਰੋਧੀ ਸ਼ਾਜ਼ਿਸ਼ਾਂ ਤੇ ਸ਼ਰਾਰਤਾਂ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.