ਇਕੋ ਬਾਟਾ?
ਬਾਬਾ ਜੀ ਬੜੇ ਵਜੂਦ ਵਿੱਚ ਆਕੇ ਗੁਰੁ ਕੀਆਂ ਸਾਖੀਆਂ ਸੁਣਾ ਰਹੇ ਸਨ ਕਿ
ਕਿਵੇਂ ਗੁਰੁ ਸਾਹਿਬਾਨਾ ਨੇ ਉਚ-ਨੀਚ ਦਾ ਭਿੰਨ-ਭੇਦ ਮਿਟਾ ਕੇ ਸਾਰੀ ਮਨੁੱਖਤਾ ਨੂੰ ਇਕੇ ਧਾਗੇ ਵਿੱਚ
ਪਰੋਇਆ। ਫਿਰ ਬਾਬਾ ਜੀ ਨੇ ਹਰਿਮੰਦਰ ਸਾਹਬ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਥੇ ਦੇ ਚਾਰ ਦਰਵਾਜਿਆਂ
ਦਾ ਮੱਤਲਬ, ਕਿਸੇ ਵੀ ਜਾਤ ਮ੍ਹਜਹਬ ਦਾ ਕੋਈ ਵੀ ਮਨੁੱਖ ਆ ਸਕਦਾ ਹੈ ਸਭ ਲਈ ਹਮੇਸ਼ਾਂ ਲਈ ਦਰਵਾਜੇ
ਖੁਲ੍ਹੇ ਹਨ। ਉਸ ਤੋਂ ਬਾਅਦ ਉਹਨੀਂ ਗੁਰੁ ਕੇ ਲੜ ਲਗਣ ਦੀ ਪ੍ਰੇਰਨਾ ਕੀਤੀ ਅਤੇ ਅਗਲੇ ਭਲਕ ਅੰਮ੍ਰਤਿ
ਦੀ ਇਲਾਹੀ ਦਾਤ ਵੰਡੇ ਜਾਣ ਦਾ ਐਲਾਨ ਕੀਤਾ ਅਤੇ ਸਭ ਮਾਈ-ਭਾਈ ਨੂੰ ਕੇਸਾਂ ਸਮੇਤ ਇਸ਼ਨਾਨ ਕਰਕੇ ਵਕਤ
ਸਿਰ ਆਉਂਣ ਦੀ ਅਪੀਲ ਕੀਤੀ।
ਅਗਲੇ ਦਿਨ ਅੰਮ੍ਰਤਿ ਛਕਾਇਆ ਜਾਣਾ ਸੀ ਪੰਜ ਪਿਆਰੇ ਬਰਦੀਆਂ ਵਿੱਚ ਤਿਆਰ ਸੋਭ
ਰਹੇ ਸਨ। ਬਾਬਿਆਂ ਦੀ ਪ੍ਰੇਰਨਾ ਸਦਕਾ ਵਿਹੜੇ ਵਾਲਿਆਂ ਦੀ ਸ਼ੀਬੋ ਵੀ ਆਪਦੇ ਬੱਚਿਆਂ ਨੂੰ ਤਿਆਰ ਕਰਕੇ
ਸਵੇਰ ਦੀ ਹੀ ਗੁਰੂ ਦਰਬਾਰ ਆਣ ਹਾਜਰ ਹੋਈ। ਉਸ ਦੇ ਮਨ ਅੰਦਰ ਬੜਾ ਚਾਅ ਸੀ ਕਿ ਮੈਂ ਵੀ ਗੁਰੂ ਵਾਲੀ
ਬਣ ਕੇ ਅਪਣਾ ਜਨਮ ਸਵਾਰ ਲਵਾਂਗੀ।
ਅੰਮ੍ਰਤਿ ਤਿਆਰ ਹੋਇਆ। ਬਾਬਾ ਜੀ ਖੁਦ ਅਗੇ ਲੱਗ ਕੇ ਇਹ ਸੇਵਾ ਨਿਭਾ ਰਹੇ
ਸਨ। ਜਦ ਸ਼ੀਬੋ ਦੀ ਵਾਰੀ ਆਈ ਤਾਂ ਬਾਬਿਆਂ ਉਸਨੂੰ ਬੱਚਿਆਂ ਸਮੇਤ ਪਿੱਛੇ ਹੋ ਕੇ ਬੈਠਣ ਦਾ ਹੁਕਮ ਦੇ
ਦਿੱਤਾ। ਪਰ ਲਾਗੇ ਬੈਠੇ ਇੱਕ ਹੋਰ ਗੁਰੁ ਕੇ ਸਿੱਖ ਨੇ ਦੱਸਿਆ ਕਿ ਬਾਬਾ ਜੀ ਇਹ ਬੀਬੀ ਬਹੁਤ ਸਵੇਰੇ
ਦੀ ਹੀ ਆਈ ਬੈਠੀ ਹੈ ਇਸ ਦੀ ਵਾਰੀ ਵੀ ਪਹਿਲਾਂ ਹੈ। ਬਾਬੇ ਇੱਕ ਦਮ ਅੱਗ-ਬਗੋਲਾ ਹੋ ਗਏ’
“ਹੱਦ ਹੋ ਗਈ ਫਿਰ ਪੁੱਛਦੇ ਬਾਬਾ ਜੀ ਕਲਯੁੱਗ ਕੀ ਹੁੰਦਾ! ਇਹੀ ਕਲਯੁੱਗ ਹੈ
ਹੋਰ ਕੱਲਯੁਗ ਦੇ ਸਿੰਗ ਲਗੇ ਹੁੰਦੇ? ਇਹਨਾ ਚੂਹੜਿਆਂ-ਚੱਪੜਿਆਂ ਨੂੰ ਬਾਕੀਆਂ ਨਾਲ ਕਿਵੇਂ ਛਕਾ
ਦਿਆਂ? ਆ ਗਿਆ ਵ੍ਹਡਾ ਸਿਆਣਾ”?
ਰੋਣ ਹਾਕੀ ਹੋਈ ਸ਼ੀਬੋ ਬਾਬਿਆਂ ਵਲ ਦੇਖਦੀ ਬਾਬਿਆਂ ਦੇ ਹਰਿਮੰਦਰ ਸਾਹਿਬ ਦੇ
ਚਾਰ ਦਰਵਾਜਿਆਂ ਵਾਲੀ ਕਹਾਣੀ ਯਾਦ ਕਰਦੀ ਵਿਚੋਂ ਹੀ ਉਠ ਕੇ ਚਲੀ ਗਈ। ਬਾਬਾ ਫੋਜਾ ਸਿੰਘ ਪਿੰਡ ਦੀ
ਫਿਰਨੀ ਤੇ ਨਵੇਂ ਬਣੇ ਗਿਰਜੇ ਵਲ ਵੇਖ ਬਾਬਿਆਂ ਨੂੰ ਲਾਹਨਤਾਂ ਪਾ ਰਿਹਾ ਸੀ।
ਖੂਨ ਦਾਨ
ਬਾਬਾ ਫੋਜਾ ਸਿੰਘ ਦਾ ਇੱਕ ਮਿੱਤਰ ਬੀਮਾਰ ਹੋ ਗਿਆ ਬਾਬਾ ਉਸਦਾ ਪਤਾ ਲੈਣ
ਹਸਪਤਾਲ ਗਿਆ। ਹੁਣ ਉਸ ਨੂੰ ਐਮਰਜੈਂਸੀਂ ਵਿਚੋਂ ਕੱਢ ਕੇ ਜਰਨਲ ਵਾਰਡ ਵਿੱਚ ਲਿਜਾਇਆ ਜਾ ਚੁੱਕਾ ਸੀ।
ਬਾਬੇ ਨੇ ਹਾਲ ਹਵਾਲ ਪੁੱਛਿਆ, ਉਸ ਨੇ ਦੱਸਿਆ ਕਿ ਹੁਣ ਦਰਦ ਬਗੈਰਾ ਤੇ ਬਾਕੀ ਸਭ ਤਾਂ ਠੀਕ ਹੈ ਪਰ
ਮੇਰੇ ਨਾਲ ਵਾਲੇ ਗੁਆਂਢੀ ਨੇ ਮੇਰੀ ਜਾਨ ਬੜੀ ਔਖੀ ਕੀਤੀ ਪਈ ਆ।
ਬਾਬੇ ਕਾਰਨ ਪੁੱਛਿਆ ਤਾਂ ਉਸ ਦੱਸਿਆ ਕਿ ਇਸ ਨੁੰ ਪਤਾ ਨਹੀ ਕੀ ਦੌਰਾ ਜਿਹਾ
ਪੈਂਦਾ ਇਹ ਮੁੜ ਮੁੜ ਪਾਏ ਗਾਉਂਨ ਦੀਆਂ ਬਾਹਾਂ ਟੰਗੀ ਜਾਂਦਾ ਤੇ ਹਰੇਕ ਪਤਾ ਲੈਣ ਆਏ ਜਾਂ ਨਰਸਾਂ
ਨਾਲ ਆਕੜੀ ਜਾਂਦਾ। ਹਰੇਕ ਆਏ ਵਲ ਬੜੀਆਂ ਸ਼ੱਕੀ ਜਿਹੀ ਨਿਗਾਹਾਂ ਨਾਲ ਦੇਖਦਾ ਜਿਵੇਂ ਇਸ ਖਿਲਾਫ ਕੋਈ
ਸਾਜਸ਼ ਘੜਨ ਆਇਆ ਹੋਵੇ। ਇੱਕ ਦਿਨ ਕੋਈ ਨਾਲ ਵਾਲੇ ਬੈੱਡ ਵਾਲੇ ਦਾ ਪਤਾ ਲੈਣ ਆਇਆ ਜਾ ਕੇ ਉਸ ਨਾਲ ਲੜ
ਪਿਆ ਅਖੇ ਤੂੰ ਇਥੇ ਇਸ ਨਾਲ ਕੀ ਸਾਜਸ਼ ਘੜ ਰਿਹਾਂ। ਜਾਂ ਇਹ ਬੈੱਡ ਤੋਂ ਉਠਕੇ ਕੁਰਸੀ ਤੇ ਬੈਠ ਜਾਂਦਾ
ਤੇ ਸਾਰੀ-ਸਾਰੀ ਰਾਤ ਪਤਾ ਨਹੀ ਕੀ ਬੁੜ ਬੁੜ ਜਿਹੀ ਕਰੀ ਜਾਂਦਾ। ਇੱਕ ਦਿਨ ਕਈ ਵਕੀਲਾਂ ਦੇ ਨਾਂ
ਜਿਹੇ ਲੈ ਕੇ ਕੋਟ ਦੀਆਂ ਗੱਲਾਂ ਕਰੀ ਜਾਵੇ। ਨਰਸ ਜਦ ਕਹਿੰਦੀ ਕਿ ਉਠ ਕੇ ਬੈੱਡ ਤੇ ਚਲਿਆ ਜਾਹ ਤੇਰੀ
ਹਾਲਤ ਗੰਭੀਰ ਏ ਤੂੰ ਏਨੀ ਦੇਰ ਲਗਾਤਾਰ ਬੈਠ ਨਹੀ ਸਕਦਾ ਤਾਂ ਉਸ ਨੂੰ ਅੱਗੋਂ ਆਹਦਾ ਤੂੰ ਵਿਰੋਧੀਆਂ
ਨਾਲ ਰਲੀ ਹੋਈਂ ਏਂ। ਤੂੰ ਚਾਹੁੰਦੀ ਮੈਂ ਕੁਰਸੀ ਛੱਡਾਂ ਤੇ ਵਿਰੋਧੀ ਕੋਈ ਲੈ ਕੇ ਅਗਾਂਹ ਜਾਵੇ!
ਬਾਬਾ ਬੜਾ ਹੈਰਾਨ ਕਿ ਇਹ ਕੁਰਸੀ ਦੀ ਬੀਮਾਰੀ ਜਾਂ ਤਾਂ ਹਿੰਦੋਸਤਾਨ ਦੇ
ਲੀਡਰਾਂ ਨੂੰ ਹੁੰਦੀ ਜਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਹ ਗੋਰਿਆਂ ਵਿੱਚ ਕਿਵੇਂ ਆ ਗਈ? ਬਾਬੇ
ਦੀ ਉਤਸੁਕਤਾ ਹੋਰ ਵਧ ਗਈ ਉਹ ਨਰਸ ਆਉਂਣ ਤੇ ਪੁੱਛਣ ਲੱਗਾ ਕਿ ਮੈਮ ਇਸ ਗੋਰੇ ਬਜੁੱਰਗ ਨੂੰ ਕੀ
ਬੀਮਾਰੀ ਏ ਕਿਉਂਕਿ ਇਸ ਦੇ ਕਾਰਨ ਮੇਰਾ ਮਿੱਤਰ ਬਹੁਤ ਪ੍ਰੇਸ਼ਾਨ ਹੈ। ਉਹ ਕਹਿਣ ਲੱਗੀ ਕਿ ਪਹਿਲਾਂ
ਤਾਂ ਕਦੇ ਇਸ ਇੰਝ ਨਹੀ ਸੀ ਕੀਤਾ ਪਰ ਆਹ ਪਿਛਲੇ ਹਫਤੇ ਇਸ ਨੂੰ ਬਲੱਡ ਦੀ ਲੋੜ ਪਈ ਸੀ ਉਸ ਤੋਂ ਬਾਅਦ
ਹੀ ਇੰਝ ਕਰਨ ਲੱਗਾ ਹੈ!
ਬਾਬਾ ਫੱਟ ਸਮਝ ਗਿਆ ਕਿ ਇਹ ਬਲੱਡ ਸਾਡੇ ਹੀ ਕਿਸੇ ਗੁਰਦੁਆਰੇ ਦੇ ਪ੍ਰਧਾਨ
ਦਾ ਚੜ੍ਹ ਗਿਆ ਜਾਪਦਾ ਜਿਹੜਾ ਅੰਦਰ ਜਾ ਕੇ ਅਪਣੇ ਰੰਗ ਜਮਾ ਰਿਹਾ ਹੈ ਤੇ ਇਸ ਵਿਚਾਰੇ ਨੂੰ ਵੱਖਤ
ਪਾਇਆ ਹੋਇਆ ਜਿਸ ਕਦੇ ਕੁਰਸੀ ਤੇ ਬੈਠ ਸੋਚਿਆ ਵੀ ਨਹੀ ਹੋਣਾ ਕਿ ਮੇਰੇ ਹੇਠੋਂ ਨਿਕਲ ਜਾਵੇਗੀ।
ਤਾਂਬੇ ਦੀ ਗੜਵੀ
ਬਾਬਾ ਫੋਜਾ ਸਿੰਘ ਸਟੋਰ ਤੇ ਗਰੌਸਰੀ ਕਰ ਰਿਹਾ ਸੀ ਕਿ ਉਸਦਾ ਇੱਕ ਜਾਣੂੰ ਵੀ
ਗਰੌਸਰੀ ਕਰਦਾ ਮਿਲ ਪਿਆ ਉਸਦੇ ਹੱਥ ਵਿੱਚ ਤਾਂਬੇ ਦੀ ਗੜਵੀ ਫੜੀ ਹੋਈ ਸੀ ਜਿਹੜੀ ਉਸ ਸਟੋਰ ਵਿਚੋਂ
ਖਰੀਦਣੀ ਸੀ। ਬਾਬੇ ਨੇ ਹਾਲ ਚਾਲ ਪੁੱਛਣ ਤੋਂ ਕੁਦਰਤੀਂ ਗੜਵੀ ਬਾਰੇ ਪੁੱਛ ਲਿਆ ਕਿ ਇਹ ਕੀ ਸਵੇਰੇ
ਉੱਠ ਕੇ ਠੰਡਾ ਪਾਣੀ ਪੀਣ ਲਈ ਹੈ ਤਾਂ ਉਸ ਸਿਰ ਮਾਰਦਿਆਂ ਕਿਹਾ ਕਿ ਨਹੀ ਇਹ ਤਾਂ ਬਾਬਾ ਜੀ ਨੇ ਕਿਹਾ
ਸੀ ਸ਼ਬਦ ਕਰਕੇ ਦੇਣ ਨੂੰ!
ਬਾਬਾ ਬੜਾ ਹੈਰਾਨ ਕਿ ਤਾਂਬੇ ਦੀ ਗੜਵੀ ਚ’ ਸਬਦ? ਕੀ ਤਾਂਬੇ ਦੀ ਗੜਵੀ `ਚ
ਸਬਦ ਜਿਆਦਾ ਘੁੱਲਦਾ? ਪਰ ਦਸਣ ਵਾਲੇ ਨੇ ਜਵਾਬ ਦਿੱਤਾ ਕਿ ਦੇਖੋ ਜੀ! ਬਾਬਿਆਂ ਦੀ ਰਜਾ ਹੁੰਦੀ
ਸਾਨੂੰ ਇਹਨਾ ਗੱਲਾਂ ਦਾ ਕੀ ਪਤਾ।
ਪਰ ਤੇਰੀ ਕੀ ਵੇਲਣੇ `ਚ ਬਾਂਹ ਫਸੀ ਜਿਹੜੀ ਹੁਣ ਇਹ ਤਾਂਬੇ ਦੀ ਗੜਵੀ
ਕਢੇਗੀ?
ਵੇਲਣਾ `ਚ ਤਾਂ ਕੀ ਫਸੀ ਵਈ ਆ ਯਾਰ ਮੁੰਡਾ ਛੋਟਾ ਰਾਤ ਨੂੰ ਡਰਦਾ ਬਹੁਤ ਤੇ
ਉੱਠ ਕੇ ਰੋਣ ਲੱਗ ਜਾਂਦਾ ਘਰਵਾਲੀ ਬਾਬਾ ਜੀ ਕੋਲੇ ਪੁੱਛਣ ਗਈ ਤਾਂ ਉਹਨੀ ਸ਼ਬਦ ਕਰਕੇ ਦੇਣ ਨੂੰ ਕਿਹਾ
ਪਰ ਉਹਨੀ ਕਿਹਾ ਕਿ ਤਾਂਬੇ ਦੀ ਗੜਵੀ…
ਇਹ ਕਿਹੜੇ ਨਵੇਂ ‘ਮਹਾਂਪੁਰਖ’ ਉੱਠ ਖੜੇ ਹੋਏ ਬਈ ਜਿਹੜੇ ਤਾਂਬੇ ਦੀ ਗੜਵੀ
`ਚ ਸਬਦ ਦਿੰਦੇ ਨੇ।
ਬਾਬੇ ਦਾ ਮੂੰਹ ਅੱਡਿਆ ਰਹਿ ਗਿਆ ਜਦ ਉਸ ਦਸਿਆ ਕਿ ਅਪਣੇ ਉਹ ਮਾਲਟਨ ਵਾਲੇ
‘ਮਹਾਂਪੁਰਖ’ ਨੇ ਬੜੀ ਬਾਬਾ ਜੀ ਦੀ ਕ੍ਰਿਪਾ ਹੋਈ ਉਹਨਾ ਤੇ। ਪੰਜਾਬ ਤੋਂ ਆਏ ਇੱਕ ਬਾਬਾ ਜੀ ਕਹਿ ਗਏ
ਸਨ ਕਿ ਕਮਲਿਉ ਤੁਹਾਡੇ ਤਾਂ ਘਰ `ਚ ਗੰਗਾ, ਕੋਈ ਮੁੱਸ਼ਕਲ ਹੋਏ ਇਹਨਾ ‘ਮਹਾਂਪੁਰਖਾਂ’ ਨੂੰ ਪੁੱਛ ਲਿਆ
ਕਰੋ! ਇਹ ਬਿੱਲਕੁਲ ਰੱਬ ਨਾਲ ਇੱਕਮਿੱਕ ਨੇ ਸਿੱਧੀਆਂ ਬਾਤਾਂ ਇਹਨਾ ਦੀਆਂ ਰੱਬ ਨਾਲ।
ਬਾਬੇ ਨੂੰ ਜਾਪਿਆ ਕਿ ਵਾਕਿਆ ਹੀ ਸਿੱਧੀਆਂ ਬਾਤਾਂ ਨੇ ਨਹੀ ਤਾਂ ਕੋਈ ਚਲਦਾ
ਬਿੱਜਨੈਸ ਛੱਡਕੇ ਏਸ ਰੱਬ ਵਾਲੇ ‘ਬਿੱਜਨੈਸ’ ਵਿੱਚ ਕਾਹਨੂੰ ਪੈਂਦਾ ਭਲਾ!
ਗਧੇ
ਬਾਬੇ ਫੋਜਾ ਸਿੰਘ ਨੂੰ ਗਧਿਆਂ ਦੀ ਕਹਾਣੀ ਸੁਣਾਉਂਦੇ ਇੱਕ ਮਿੱਤਰ ਨੇ
ਚੁੱਟਕਲਾ ਸੁਣਾਇਆ ਕਿ ਇੱਕ ਵਾਰ ਦਰਬਾਰ ਸਾਹਿਬ ਦਾ ਗਰੰਥੀ ਸਿੰਘ ਟੌਹੜੇ ਨੂੰ ਜਾ ਕੇ ਕਹਿਣ ਲੱਗਾ ਕਿ
ਟੌਹੜਾ ਸਾਹਬ ਮੈਂ ਜਦ ਲਾਚੀ ਬੇਰ ਲਾਗੇ ਜਾ ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ
ਮੈਂਨੂੰ ਆਵਾਜ ਆਈ ਕਿ ਸਿੰਘਾ ਸਾਨੂੰ ਇੱਕ ਘੋੜਾ ਚਾਹੀਦਾ ਸਾਡੇ ਲਈ ਘੋੜਾ ਲੈ ਕੇ ਆ!
ਟੋਹੜੇ ਨੇ ਕੋਈ ਗੱਲ ਨਾ ਗੌਲੀ ਸਗੋਂ ਮਖੌਲ ਜਿਹੇ ਵਿੱਚ ਕਹਿਣ ਲੱਗਾ ਕਿ
ਸਿੰਘਾ ਕੰਮ ਲੱਗਦਾ ਕੁੱਝ ਜਿਆਦਾ ਪੈਂਦਾ ਤੈਨੂੰ, ਥੋੜਾ ਅਰਾਮ ਕਰਿਆ ਕਰ। ਟੋਹੜੇ ਨੂੰ ਜਾਪਿਆ ਕਿ
ਬੰਦਾ ਸ਼ਾਇਦ ਹਿੱਲ ਗਿਆ ਹੈ।
ਉਹ ਦੂਜੇ ਚੌਥੇ ਫਿਰ ਆ ਕੇ ਕਹਿੰਦਾ ਕਿ ਪ੍ਰਧਾਨ ਸਾਹਬ ਗੁਰੂ ਸਾਹਿਬ ਅੱਜ
ਫਿਰ ਮੇਰੇ ਤੋਂ ਘੋੜਾ ਮੰਗਦੇ ਸਨ ਕ੍ਰਿਪਾ ਕਰਕੇ ਮੈਨੂੰ ਇੱਕ ਘੋੜਾ ਤਾਂ ਲੇ ਦਿਉ। ਮੈਂ ਗਰੀਬ ਬੰਦਾ
ਇਨੇ ਜੋਗਾ ਨਹੀ।
ਟੌਹੜੇ ਨੇ ਗੱਲ ਫਿਰ ਆਈ ਗਈ ਕਰ ਦਿੱਤੀ ਪਰ ਸਿੰਘ ਜਦ ਫਿਰ ਦੂਜੇ ਚੌਥੇ ਆ ਕੇ
ਕਹਿਣ ਲਗਿਆ ਤਾਂ ਟੌਹੜਾ ਕਹਿਣ ਲੱਗਾ ਕਿ ਠੀਕ ਏ ਸਿੰਘ ਜੀ ਘੋੜਾ ਆਪਾਂ ਗੁਰੂ ਸਾਹਿਬ ਨੂੰ ਜਰੂਰ ਭੇਟ
ਕਰਾਂਗੇ ਪਰ ਪਹਿਲਾਂ ਮੈਨੂੰ ਵੀ ਉਹ ਅਵਾਜ ਸੁਣਾ ਕੇ ਲਿਆਉ ਜਦ ਗੁਰੂ ਸਾਹਿਬ ਘੋੜਾ ਮੰਗਦੇ ਹਨ ਪਰ
ਅੱਜ ਮੈ ਕਿਤੇ ਜਾਣਾ ਪਰਸੋਂ ਮੇਰੇ ਦਫਤਰ ਆ ਜਿਉ ਆਪਾਂ ਇਥੋਂ ਇਕੱਠੇ ਚਲਾਂਗੇ।
ਮਿਥੇ ਹੋਏ ਦਿਨ ਤੇ ਜਦ ਗਰੰਥੀ ਸਿੰਘ ਗਿਆ ਤਾਂ ਦਫਤਰ ਵਿੱਚ ਸਾਰੇ ਲੀਡਰਾਂ
ਦੀ ਮੀਟਿੰਗ ਚਲ ਰਹੀ ਸੀ ਜਿਸ ਵਿੱਚ ਬਾਦਲ, ਟੌਹੜਾ, ਬਰਨਾਲਾ, ਬਲਵੰਤ ਤੇ ਹੋਰ ਸਾਰੇ ਲੀਡਰ ਹਾਜਰ
ਸਨ। ਜਦ ਗਰੰਥੀ ਸਿੰਘ ਨੇ ਟੌਹੜੇ ਨੂੰ ਕਿਹਾ ਚਲੋ ਚਲੀਏ ਗੁਰੂ ਸਾਹਿਬ ਦੀ ਅਵਾਜ ਸੁਣਨ ਤਾਂ ਨਾਲ
ਵਾਲੇ ਲੀਡਰਾਂ ਵਿੱਚ ਵੀ ਉਤਸੁਕਤਾ ਵਧ ਗਈ। ਉਹ ਵੀ ਸਾਰੇ ਜਾਣ ਨੂੰ ਤਿਆਰ ਹੋ ਪਏ।
ਜਦ ਲਾਚੀ ਬੇਰ ਲਾਗੇ ਪਹੁੰਚੇ ਤਾਂ ਗਰੰਥੀ ਸਿੰਘ ਨੇ ਗੁਰੂ ਜੀ ਦੀ ਅਵਾਜ ਲਈ
ਬੇਨਤੀ ਕੀਤੀ ਤਾਂ ਅੱਗੋਂ ਅਵਾਜ ਆਈ,
ਸਿੰਘਾ! ਮੈਂ ਤੈਨੂੰ ਇੱਕ ਘੋੜਾ ਲਿਆਉਣ ਨੂੰ ਕਿਹਾ ਸੀ ਤੇ ਤੂੰ ਆਹ ਇੰਨੇ
ਗਧੇ ਕਿਥੋਂ ਇੱਕਠੇ ਕਰ ਲਿਆਇਆਂ?
ਬਾਬਾ ਜੀ ਦੀ ਕਲਯੁੱਗ ਨਾਲ ਮੀਟਿੰਗ!
ਬਾਬਾ ਜੀ ਕਲਯੁੱਗ ਦੀਆਂ ਕਹਾਣੀਆਂ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ।
ਉਹ ਦਸ ਰਹੇ ਸਨ ਕਿ ਕਿਵੇਂ ਕਲਯੁਗ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਬੜਾ ਵਿਕਰਾਲ ਰੂਪ, ਹੱਥ ਵਿੱਚ
ਸੜਦਾ ਚੌਅ ਫੜਿਆ, ਸਿਰ ਉਪਰ ਸਿੰਗ, ਤੇ ਭਾਈ ਮਰਦਾਨਾ ਡਰ ਗਿਆ। ਗੁਰੁ ਸਾਹਬ ਦੇ ਪਿੱਛੇ ਲੁੱਕਦਾ
ਜਾਵੇ।
ਅਗੋਂ ਫਿਰ ਸਾਰੀ ਹੋਈ ਵਾਰਤਾ ਬਾਬਿਆਂ ਬੜੇ ਪ੍ਰੇਮ ਨਾਲ ਸੰਗਤਾਂ ਨੂੰ ਸੁਣਾਈ
ਤੇ ਆਖਰ ਕਲਯੁਗ ਨੂੰ ਭਜਾਉਣ ਦਾ ਤਰੀਕਾ ਉਹਨੀ ‘ਕਲਯੁੱਗ ਮਹਿ ਕੀਰਤਨ ਪਰਧਾਨਾ’ ਦਾ ਦਸਦਿਆਂ ‘ਕੱਲਯੁਗ
ਨਹੀ ਆਉਦਾ ਨੇੜੇ, ਨਾਮ ਜਿਹੜੇ ਜੱਪਦੇ, ਨਾਮ ਜਿਹੜੇ ਜੱਪਦੇ’ ਦਾ ‘ਕੀਰਤਨ’ ਸ਼ੁਰੂ ਕਰ ਦਿੱਤਾ।
ਸਮਾਪਤੀ ਤੋਂ ਬਾਅਦ ਬਾਬੇ ਅਪਣੇ ਏਅਰਕੰਡੀਸ਼ਨ ਭੋਰੇ ਵਿੱਚ ਜਾ ਵੜੇ ਮਗਰੇ ਇੱਕ
ਧੁਤ ਜਿਹਾ ਬੰਦਾ ਆਣ ਵੜਿਆ ਉਸ ਦੇ ਸਿਰ ਉਪਰ ਸੱਚੀਂ ਕੌਡੇ ਰਾਖਸ਼ ਵਰਗੇ ਸਿੰਗ। ਬਾਬੇ ਡਰ ਗਏ।
ਕੌਣ ਏਂ ਤੂੰ? ਬਾਬਿਆਂ ਦੀ ਅਵਾਜ ਕੰਬ ਰਹੀ ਸੀ।
ਪਛਾਣਿਆਂ ਨਹੀ? ਉਹੀ ਜਿਹਦੇ ਹੁਣੇ ਗੁਣ ਗਾਉਂਦਾ ਆਇਆਂ!
ਕਲਯੁੱਗ ਜੀ ਮਹਾਰਾਜ ਤੁਸੀਂ ਇਥੇ ਕਿਵੇਂ? ਬਾਬਿਉ ਬਹੁਤ ਡਰਾਉਂਣਾ ਰੂਪ ਏ
ਤੁਹਾਡਾ?
ਜਿਵੇਂ ਦਾ ਤੂੰ ਦਸ ਰਿਹਾ ਸੀ ਉਵੇਂ ਦਾ ਹੀ ਹੋਣਾ ਸੀ!
ਦਸੋ ਕੀ ਸੇਵਾ ਕਰਾਂ?
ਸੇਵਾ ਬਅਸ ਤੁੰ ਕਰੀ ਜਾ ਰਿਹਾਂ, ਲੋਕਾਂ ਨੂੰ ਢੋਲਕੀਆਂ ਤੇ ਲਾਈ ਰੱਖ, ਕਿਸੇ
ਗਿਆਨ ਦੀ ਗਲ ਨਹੀ ਪਲੇ ਪੈਂਣ ਦੇਣੀ ਨਹੀ ਤਾਂ ਅਪਣੀ ਦੋਹਾਂ ਦੀ ਹੱਟੀ ਬੰਦ ਸਮਝ। ਇਹ
ਚਿਮਟਿਆਂ-ਚੁਟਕਲਿਆਂ ਵਿੱਚ ਖੁਸ਼ ਰਹਿੰਦੇ, ਇਹਨਾ ਦੀ ਖੁਸ਼ੀ ਸਮਝ ਅਪਣੀ ਖੁਸ਼ੀ। ਜਿਸ ਦਿਨ ਕਿਤੇ ਬਾਬਾ
ਨਾਨਕ ਇਹਨਾ ਦੀ ਸਮਝ ਪੈ ਗਿਆ ਤੇਰੀਆਂ ਢੋਲਕੀਆਂ ਨਹੀ ਲੱਭਣੀਆਂ ਤੇ ਮੇਰੇ ਸਿਰ ਦੇ ਸਿੰਗ। ਇਸੇ ਲਈ
ਮੈਂ ਤੈਨੂੰ ਸ਼ਾਬਾਸ਼ੇ ਹੀ ਦੇਣ ਅਇਆਂ। ਤੇ ਆਹ ਲੈ ਮੇਰੇ ਵਲੋਂ ਗਿਫਟ, ਇਹ ਮੁੰਡੇ ਵੰਡਣ ਵਾਲੀ ਸੁਆਹ
ਹੈ, ਇਸਦਾ ਵੀ ਅੱਜ-ਕੱਲ ਬਿਜ਼ਨੈਸ ਬਹੁਤ ਹੈ, ਨਾਲ ਚੁਟਕੀ ਇਹ ਵੀ ਦੇ ਦਿੱਤੀ। ਚੰਗਾ ਮੈਂ ਚਲਦਾਂ
ਮੇਰੀਆਂ ਤੇਰੇ ਵਰਗੇ ਹੋਰ ਵੀ ਭਾਈਬੰਦਾਂ ਨਾਲ ਅਪਇੰਟਮਿੰਟਾ ਹਨ! ! ਗੁੱਡ ਬਾਏ!
ਮੂਰਤੀ
ਨਵੇਂ ਘਰ ਦੀ ਖੁਸ਼ੀ ਵਿੱਚ ਸ਼ਰਧਾਲੂ ਨੇ ਬਾਬਿਆਂ ਨੂੰ ਚਰਨ ਪਾਉਣ ਲਈ ਸੱਦਿਆ
ਹੋਇਆ ਸੀ। ਸੇਵਕ, ਸਮੇਤ ਪ੍ਰਵਾਰ ਦੇ ਖੁਸ਼ੀ ਵਿੱਚ ਖੀਵਾ ਹੋਇਆ ਅੱਗੇ-ਪਿੱਛੇ ਫਿਰ ਰਿਹਾ ਸੀ।
ਤਰ੍ਹਾਂ-ਤਰ੍ਹਾਂ ਦੇ ਪਕਵਾਨਾ ਦੀ ਮਹਿਕ ਘਰ ਦੀਆਂ ਤਿੱਖੀਆਂ ਲਾਇਟਾਂ ਵਿੱਚ ਘੁਲ ਕੇ ਕਿਸੇ ਸਵਰਗ
ਵਰਗਾ ਨਜਾਰਾ ਪੇਸ਼ ਕਰ ਰਹੀ ਸੀ। ਬਾਬਾ ਜੀ ਦੀ ਰੱਜਵੀਂ ਸੇਵਾ ਕੀਤੀ ਸੇਵਕ ਪ੍ਰਵਾਰ ਨੇ। ਬਾਬਾ ਜੀ
ਕਿਉਂਕਿ ਪ੍ਰਗਟ ਮਾਇਆ ਨੂੰ ਹੱਥ ਨਹੀ ਸਨ ਲਾਉਂਦੇ ਇਸ ਲਈ ਸੇਵਕ ਨੇ ਇਸ ਨਾਗਣੀ ਨੂੰ ਚਿੱਟੇ ਦੁੱਧੀਆ
ਲਫਾਫੇ ਵਿੱਚ ਗੁਪਤ ਕਰਕੇ ਬਾਬਿਆਂ ਦੇ ਗੋਡੇ ਹੇਠ ਰੱਖ ਦਿੱਤਾ।
ਬਾਬਾ ਜੀ ਨਿਹਾਲੋ-ਨਿਹਾਲ ਹੋਏ ਖੁਸ਼ੀਆਂ ਬਖਸ਼ ਰਹੇ ਸਨ ਤੇ ਸੇਵਕ ਨੂੰ ਸਮੇਤ
ਪਤਨੀ ਥਾਪੜੇ ਦੇ ਰਹੇ ਸਨ। ਆਖਰ ਸੇਵਕ ਨੇ ਸਾਰਾ ਘਰ ਦਿਖਾਇਆ। ਵਾਸ਼ਰੂਮਾਂ ਵਿੱਚ ਵੀ ਬਾਬਿਆਂ ਦੇ ਚਰਨ
ਪਵਾ ਕੇ ‘ਪਵਿਤੱਰ’ ਕੀਤੇ, ਹੋ ਸਕਦਾ ਮਾੜੀਆਂ ਚੀਜਾਂ ਵਾਸ਼ਰੂਮਾਂ ਵਿੱਚ ਹੀ ਡੇਰੇ ਜਮਾ ਲੈਣ ਸੋ ਸੇਵਕ
ਨੇ ਵਾਸ਼ਰੂਮ ਵੀ ‘ਪਵਿਤੱਰ’ ਕਰਾ ਲਏ। ਘਰ ਦੇਖਦਿਆਂ ਬਾਬਾ ਜੀ ਕੁੱਝ ਪ੍ਰੇਸ਼ਾਨ ਜਿਹੇ ਲਗ ਰਹੇ ਸਨ।
ਆਖਰ ਉਹਨੀਂ ਸੇਵਕ ਨੂੰ ਕੋਲੇ ਸੱਦਿਆ ਅਤੇ ਬੱਚਨ ਕੀਤਾ,
“ਦੇਖ ਬਈ ਗੁਰਮੱਖਾ, ਤੇਰਾ ਘਰ ਬਹੁਤ ਸੋਹਣਾ ਪਰ ਤੂੰ ਸਭ ਪਾਸੇ ਗੁਰਬਾਣੀ
ਟੰਗੀ ਫਿਰਦਾਂ ਗੁਰੁ ਮਹਾਰਾਜ ਦੇ ਸਰੂਪ ਦੇ ਦਰਸ਼ਨ ਹੀ ਨਹੀ ਹੋਏ। ਤੈਨੂੰ ਪਤਾ ਜਿਥੇ ਗੁਰੂ ਨਾ ਹੋਵੇ
ਉਹ ਘਰ ਭੁਤ ਘਰਾਂ ਵਰਗੇ ਹੁੰਦੇ। ਹਾਂਅ!
ਬਾਬਾ ਜੀ ਨੇ ਸ਼ਰਧਾਲੂ ਵਲੋਂ ਖਾਸ-ਖਾਸ ਥਾਵਾਂ ਤੇ ਗੁਰਬਾਣੀ ਫਰੇਮ ਕਰਕੇ
ਟੰਗੀ ਵਲ ਇਸ਼ਾਰਾ ਕਰਦਿਆਂ ਕਿਹਾ।
“ਨਾਲੇ ਹੋਰ ਸੁਣ! ਛੱਤੀ ਚੀਜਾਂ ਘਰ ਵਿੱਚ ਬਣਦੀਆਂ, ਤੁੜਕੇ ਲਗਦੇ, ਪ੍ਰਸ਼ਾਦੇ
ਪੱਕਦੇ, ਇੰਝ ਧੂੰਏਂ ਨਾਲ ਗੁਰਬਾਣੀ ਦੀ ਬੇਅਦਬੀ ਹੁੰਦੀ, ਸਮਝੇ?
ਸੇਵਕ ਨੇ ਸੱਤ ਬੱਚਨ ਕਰਦਿਆਂ ਹੁਕਮ ਮੰਨਣ ਦਾ ਵਚਨ ਦਿੱਤਾ।
ਬਾਅਦ ਵਿੱਚ ਬਾਬੇ ਦਾ ਇੱਕ ਖਾਸ ਚੇਲਾ ਬਾਬਿਆਂ ਨੂੰ ਸਹਿਜ ਜਿਹੇ ਪੁੱਛਦਾ
ਹੈ, “ਬਾਬਿਉ ਗੁਰਬਾਣੀ ਵੀ ਤਾਂ ਗੁਰੂ ਹੀ ਹੈ, ਨਾਲੇ ਬਾਬੇ ਨਾਨਕ ਨੂੰ ਨਾ ਧੂੰਏਂ ਜਾਂ ਤੜਕਿਆਂ ਦੀ
ਸਮੈਲ ਆਵੇਗੀ” ?
“ਤੂੰ ਗਧਾ ਹੀ ਰਿਹਾ! ਸਮਝ ਮੈ ਕੀ ਕਹਿ ਰਿਹਾਂ? ਉਹ ਤੇਰੀ ਲਗਦੀ ਕੋਈ ਪੰਗਤੀ
ਜੇ ਉਹਨਾ ਚੋਂ ਕਿਸੇ ਦੀ ਸਮਝ ਆ ਗਈ ਤਾਂ ਤੈਨੂੰ ਮੈਂਨੂੰ ਘਰੇ ਕੋਈ ਕਿਉਂ ਵਾੜੂ? ਮੂਰਤੀ ਨੇ ਕਿਹੜਾ
ਬੋਲਣਾ ਭਾਵੇਂ ਸਦੀਆਂ ਟੰਗੀ ਰਹੇ! ਅਪਣਾ ‘ਵੱਡਾ ਭਾਈ’ ਮੂਰਖ ਸੀ ਜਿਸ ਪੱਥਰਾਂ ਦੇ ਗੁੰਗ ਵੱਟੇ
ਹਜਾਰਾਂ ਸਾਲਾਂ ਤੋਂ ਲੋਕਾਂ ਨੂੰ ਖੇਡਣ ਨੂੰ ਦੇ ਛੱਡੇ ਤੇ ਮੌਜਾਂ ਕੀਤੀਆਂ?
ਚੇਲਾ ਧੰਨ ਬਾਬਾ ਜੀ-ਧੰਨ ਬਾਬਾ ਜੀ ਕਰਦਾ ਪੈਂਰੀ ਡਿੱਗ ਪਿਆ ਤੇ ਬਾਬਾ ਫੌਜਾ
ਸਿੰਘ ਸ਼ਰਧਾਲੂ ਵਲੋਂ ਗੁਰਬਾਣੀ ਲਾਹਕੇ ਮੂਰਤੀਆਂ ਟੰਗਦਿਆਂ ਦੇਖ ਹਉਕੇ ਭਰਨ ਲਗਿਆ।
ਗੁਰਦੇਵ ਸਿੰਘ ਸੱਧੇਵਾਲੀਆ