.

ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ: ਸੰਬੰਧੀ ਕੁੱਝ ਭਰਮ ਭੁਲੇਖੇ

ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮਨੁੱਖ ਨੂੰ ਹਰੇਕ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਛੁਟਕਾਰਾ ਦਿਵਾ, ਹੁਕਮ ਰਜ਼ਾਈ ਚਲਣ ਦੀ ਜੁਗਤੀ ਸਮਝਾ, ਕੂੜ ਦੀ ਕੰਧ ਨੂੰ ਢਾਹ ਕੇ ਪ੍ਰਾਣੀ ਨੂੰ ਸਚਿਆਰ ਬਣਾਉਣ ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਇਸ ਗਿਆਨ ਦੇ ਭੰਡਾਰ ਅੱਗੇ ਸੀਸ ਝੁਕਾਉਣ ਵਾਲੇ ਹੀ ਜੇਕਰ ਅੰਧ ਵਿਸ਼ਵਾਸ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸੇ ਹੋਣ ਤਾਂ ਇਸ ਨਾਲੋਂ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਦੀ ਹੋਰ ਬਦ ਕਿਸਮਤੀ ਕੀ ਹੋ ਸਕਦੀ ਹੈ? ਜਿਸ ਗੁਰੁ ਗਿਆਨ ਰਾਂਹੀ ਸਿੱਖ ਨੇ ਵਹਿਮਾਂ ਭਰਮਾਂ ਤੋਂ ਉੱਪਰ ਉਠਣਾ ਹੈ ਜੇਕਰ ਸਿੱਖ ਉਸ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਿਚਾਰਨ ਦੇ ਮਾਮਲੇ ਨੂੰ ਹੀ ਲੈ ਕੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਵੇ ਤਾਂ ਫਿਰ ਇਸ ਨਾਮ ਧਾਰੀਕ ਖ਼ਾਲਸੇ ਬਾਰੇ ਕੀ ਆਖਿਆ ਜਾਂ ਸਮਝਿਆ ਜਾਵੇ: ਅਭਾਗਾ, ਅਗਿਆਨੀ, ਮੂੜ੍ਹ ਜਾਂ ਕੁਛ ਹੋਰ। ਗੁਰੂ ਗਰੰਥ ਸਾਹਿਬ ਨੂੰ ਪੜ੍ਹਨ ਵਿਚਾਰਨ ਦੇ ਮਾਮਲੇ ਵਿੱਚ ਪ੍ਰਚਲੱਤ ਅਨੇਕਾਂ ਵਹਿਮਾਂ ਭਰਮਾਂ ਵਿੱਚੋਂ ਇੱਥੇ ਕੇਵਲ ‘ਹੁਕਮਨਾਮੇ ‘ਸਬੰਧੀ ਹੀ ਕੁਛ ਕੁ ਭਰਮ ਭੁਲੇਖਿਆਂ ਦੀ ਚਰਚਾ ਕਰ ਰਿਹਾ ਹਾਂ।

ਦੀਵਾਨ ਦੀ ਸਮਾਪਤੀ ਜਾਂ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਆਦਿ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਵਿੱਚੋਂ ਜੋ ਪਹਿਲਾ ਇੱਕ ਸ਼ਬਦ ਪੜ੍ਹੀ ਦਾ ਹੈ ਉਸ ਨੂੰ ਹੁਕਮਨਾਮਾ, ਮੁੱਖਵਾਕ, ਵਾਕ ਜਾਂ ਅਵਾਜਾ ਕਿਹਾ ਜਾਂਦਾ ਹੈ, ਪਰੰਤੂ ਵਧੇਰੇ ਹੁਕਮਨਾਮਾ ਸ਼ਬਦ ਹੀ ਪ੍ਰਚਲੱਤ ਹੈ। ਹਰੇਕ ਕਾਰਜ ਦੀ ਸਮਾਪਤੀ ਤੇ ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਂਦਾ ਹੈ। ਆਮ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਭਾਵ ਦੀ ਸਮਝ ਨਾ ਹੋਣ ਕਾਰਨ ਹੁਕਮਨਾਮੇ ਸਬੰਧੀ ਕਈ ਤਰ੍ਹਾਂ ਭਰਮ ਭੁਲੇਖੇ ਪਏ ਹੋਏ ਹਨ। ਅਨੇਕਾਂ ਭਰਮ ਭੁਲੇਖਿਆਂ ਵਿੱਚੋਂ ਕੁੱਝ ਕੇ ਇਸ ਤਰ੍ਹਾਂ ਹਨ:-

(Order of the day) “ਅੱਜ ਦਾ ਹੁਕਮਨਾਮਾ”

ਕਈ ਸੱਜਣ ਹੁਕਮਨਾਮੇ ਬਾਰੇ ਇਹ ਆਖਦੇ ਹਨ ਕਿ ਇਹ ਅੱਜ ਲਈ ਹੀ ਵਿਸ਼ੇਸ਼ ਤੌਰ `ਤੇ ਸਤਿਗੁਰੂ ਜੀ ਨੇ ਹੁਕਮ ਬਖ਼ਸ਼ਿਸ਼ ਕੀਤਾ ਹੈ। ਇਸ ਕਾਰਣ ਹੀ ਕਈ ਵੀਰ ਇਸ ਹੁਕਮਨਾਮੇ ਨੂੰ ਅੱਜ ਦਾ ਮੁੱਖ ਵਾਕ ਜਾਂ Order of the day ਆਖਦੇ ਹਨ। ਪਰ ਹੁਕਮਨਾਮੇ ਬਾਰੇ ਇਹ ਆਖਣਾ ਜਾਂ ਸਮਝਣਾ ਕਿ ਇਹ ਹੁਕਮਨਾਮਾ ਉਸੇ ਦਿਨ ਲਈ ਹੀ ਹਜ਼ੂਰ ਨੇ ਬਖ਼ਸ਼ਿਸ਼ ਕੀਤਾ ਹੈ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ।। ਜੇਕਰ ਇਹ ਮੰਨ ਲਿਆ ਜਾਏ ਤਾਂ ਹਰੇਕ ਗੁਰਦੁਆਰੇ ਵਿਖੇ ਬੋਰਡ ਉੱਤੇ ਲਿੱਖਿਆ ਹੋਇਆ ਹੁਕਮਨਾਮਾ ਇੱਕੋ ਨਹੀਂ ਹੁੰਦਾ। ਕੀ ਇਹ ਸਮਝਿਆ ਜਾਵੇ ਕਿ ਸਤਿਗੁਰੂ ਜੀ ਦਾ ਵੱਖੋ ਵੱਖ ਗੁਰਦੁਆਰਿਆਂ ਵਿੱਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਲਈ ਅੱਜ ਲਈ ਵੱਖੋ ਵੱਖਰਾ ਹੁਕਮ ਹੈ। (ਨੋਟ: ਇੱਥੇ ਹੁਕਮਨਾਮੇ ਸਬੰਧੀ ਅਜੇਹੀ ਧਾਰਨਾ ਰੱਖਣ ਵਾਲੇ ਵੀਰਾਂ ਦੇ ਦ੍ਰਿਸ਼ਟੀਕੋਨ ਤੋਂ ਹੀ ਹੁਕਮਨਾਮੇ ਬਾਰੇ ਅਜੇਹਾ ਆਖ ਰਿਹਾ ਹਾਂ। ਉਂਝ ਵੱਖੋ ਵੱਖਰੇ ਹੁਕਮਨਾਮਿਆਂ ਵਿੱਚ ਵੀ ਸੁਨੇਹਾ ਤਾਂ ਮੁੱਖ ਰੂਪ ਵਿੱਚ ਇੱਕੋ ਹੀ ਹੈ।) ਨਹੀਂ, ਨਹੀਂ, ਹਜ਼ੂਰ ਦਾ ਉਪਦੇਸ਼ ਸਾਰੀ ਹੀ ਮਨੁੱਖਤਾ ਲਈ ਹਮੇਸ਼ਾਂ ਹੀ ਇਕੋ ਰਿਹਾ ਹੈ, ਹੈ, ਅਤੇ ਰਹੇ ਗਾ, ਭਾਵੇਂ ਉਹ ਕਿਸੇ ਵੀ ਧਰਮ ਫ਼ਿਰਕੇ ਨਸਲ ਆਦਿ ਨਾਲ ਸਬੰਧ ਰੱਖਦਾ ਹੈ।

ਜਦ ਅਸੀਂ ਹੁਕਮਨਾਮੇ ਸਬੰਧੀ ਇੰਝ ਆਖਦੇ ਹਾਂ ਕਿ ਇਹ ਅੱਜ ਦਾ ਹੁਕਮਨਾਮਾ ਹੈ ਤਾਂ ਇਸ ਦਾ ਭਾਵ ਇੱਨਾ ਹੀ ਸਮਝਣਾ ਚਾਹੀਦਾ ਹੈ ਕਿ ਅੱਜ ਸੁਬ੍ਹਾ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰਨ ਸਮੇਂ ਜੋ ਪਹਿਲਾ ਸ਼ਬਦ ਪੜ੍ਹਿਆ ਅਥਵਾ ਹੁਕਮਨਾਮਾ ਲਿਆ ਗਿਆ ਹੈ। ਇਸ ਸ਼ਬਦ ਨੂੰ ਹੀ ਗੁਰਦੁਆਰਾ ਸਾਹਿਬ ਵਿੱਚ ਬੋਰਡ ਉੱਤੇ ਲਿੱਖਿਆ ਗਿਆ ਹੈ। ਗੁਰੂ ਦਾ ਸੰਦੇਸ਼ ਜੋ ਅੱਜ ਹੈ ਕੱਲ੍ਹ ਵੀ ਇਹੀ ਸੀ ਅਤੇ ਭਲਕੇ ਵੀ ਇਹੀ ਹੋਵੇ ਗਾ। ਸੋ, ਭਾਵੇਂ ਇਹ ਸ਼ਬਦ ਆਮ ਹੀ ਵਰਤਿਆ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਹਰੇਕ ਸ਼ਬਦ ਹਮੇਸ਼ਾਂ ਹੀ ਮਨੂੱਖਤਾ ਨੂੰ ਅਗਵਾਈ ਬਖ਼ਸ਼ਿਸ਼ ਕਰਨ ਵਾਲਾ ਹੈ, ਕੇਵਲ ਅੱਜ, ਭਲਕ ਜਾਂ ਕੱਲ੍ਹ ਤੱਕ ਹੀ ਸੀਮਤ ਨਹੀਂ ਹੈ।

ਨਵੇਂ ਸਾਲ ਦਾ ਹੁਕਮਨਾਮਾ:

ਕਈ ਗੁਰਦੁਆਰਿਆਂ ਵਿੱਚ ਪਹਿਲੀ ਜਨਵਰੀ ਨੂੰ ਆਏ ਮੁੱਖ ਵਾਕ ਨੂੰ ਛਪਵਾ ਕੇ ਸੰਗਤਾਂ ਵਿੱਚ ਵੰਡਿਆ ਜਾਂਦਾ ਹੈ। ਪਰਵਾਰ ਉਸ ਹੁਕਮਨਾਮੇ ਨੂੰ ਕੰਧ ਆਦਿ ਤੇ ਲਗਾ ਲੈਂਦੇ ਹਨ। ਦੂਜੇ ਸਾਲ ਨਵਾਂ ਹੁਕਮਨਾਮਾ ਆਉਣ ਉੱਤੇ ਅਕਸਰ ਹੀ ਪੁੱਛਦੇ ਹਨ ਕਿ ਜੀ ਪਹਿਲੇ ਸਾਲ ਵਾਲੇ ਹੁਕਮਨਾਮੇ ਦਾ ਹੁਣ ਕੀ ਕਰੀਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਸਾ ਪੁੱਛਣ ਵਾਲੇ ਵੀਰਾਂ ਭੈਣਾਂ ਦੇ ਮਨ ਵਿੱਚ ਗੁਰੂ ਗਰੰਥ ਸਾਹਿਬ ਪ੍ਰਤੀ ਸ਼ਰਧਾ ਹੈ; ਸ਼ਰਧਾ ਕਾਰਣ ਹੀ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਨਵਾਂ ਹੁਕਮਨਾਮਾ ਆਉਣ ਤੇ ਪੁਰਾਣੇ ਹੁਕਮਨਾਮੇ ਦਾ ਹੁਣ ਕੀ ਕੀਤਾ ਜਾਏ। ਇਹ ਤਾਂ ਗ੍ਰੰਥੀ ਅਤੇ ਪ੍ਰਬੰਧਕ ਸੱਜਣਾਂ ਦੀ ਜ਼ੁਮੇਵਾਰੀ ਹੈ ਕਿ ਉਹ ਆਮ ਸੰਗਤਾਂ ਨੂੰ ਗੁਰਮਤ ਦੀ ਸਹੀ ਜਾਣਕਾਰੀ ਦੇਣ। ਜੇਕਰ ਸਾਲ ਦੇ ਪਹਿਲੇ ਦਿਨ ਆਏ ਮੁੱਖਵਾਕ ਦੀ ਅਣਜਾਣ ਪੁਣੇ ਵਿੱਚ ਕੋਈ ਮੰਗ ਕਰਦਾ ਹੈ ਤਾਂ ਉਸ ਨੂੰ ਦੱਸਿਆ ਜਾਏ ਕਿ ਸਤਿਗੁਰੂ ਜੀ ਦਾ ਹਰੇਕ ਸਮੇਂ ਦਾ ਹੁਕਮ ਇੱਕੋ ਜਿਹੀ ਮਹੱਤਤਾ ਰਖਦਾ ਹੈ; ਅਤੇ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਸਮੇਂ ਵੀ ਆਇਆ ਹੁਕਮ ਨਵਾਂ ਜਾਂ ਪੁਰਾਣਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹਮੇਸ਼ਾਂ ਲਈ ਇੱਕੋ ਜਿਹਾ ਹੈ। ਜੇਕਰ ਅਸੀਂ ਸੰਗਤਾਂ ਤੱਕ ਗੁਰਦੇਵ ਦਾ ਇਹ ਸੁਨੇਹਾ ਪਹੁੰਚਾਵਾਂ ਗੇ ਤਾਂ ਨਵੇਂ ਸਾਲ ਵਾਲੇ ਦਿਨ ਦੇ ਹੁਕਮਨਾਮੇ ਨੂੰ ਹੀ ਉਚੇਚੇ ਤੌਰ ਤੇ ਛਪਵਾ ਕੇ ਵੰਡਣ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਸੰਗਤਾਂ ਨੂੰ ਅਗਲੇ ਸਾਲ ਇਹ ਪੁੱਛਣ ਦੀ ਜ਼ਰੂਰਤ ਪਵੇ ਗੀ ਕਿ ਹੁਣ ਪੁਰਾਣੇ ਹੁਕਮਨਾਮੇ ਦਾ ਕੀ ਕਰੀਏ।

ਕੁਝ ਚੋਣਵੇਂ ਸ਼ਬਦਾਂ ਦੇ ਹੀ ਹੁਕਮਨਾਮਾ ਲੈਣ ਸਬੰਧੀ:

ਕਈ ਵੀਰ ਇਹ ਸਮਝਦੇ ਹਨ ਕਿ ਕੁਛ ਰਾਗਾਂ ਵਿਚਲੀ ਬਾਣੀ ਵਿੱਚੋਂ ਹੀ ਹੁਕਮਨਾਮਾ ਲੈਣਾ ਚਾਹੀਦਾ ਹੈ। ਪਰ ਉਨ੍ਹਾਂ ਵੀਰਾਂ ਦੀ ਇਹ ਧਾਰਣਾ ਠੀਕ ਨਹੀਂ ਹੈ। “ੴ” ਤੋਂ ਲੈ ਕੇ “ਤੇਰਾ ਕੀਤਾ ਜਾਤੋ ਨਾਹੀ” ਦੇ ਸ਼ਲੋਕ ਤੱਕ ਹਰੇਕ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਜੇਕਰ ਆਮ ਤੌਰ ਤੇ ਕੁਛ ਰਾਗਾਂ ਵਿੱਚਲੀ ਬਾਣੀ ਵਿੱਚੋਂ ਹੀ ਹੁਕਮਨਾਮਾ ਲਿਆ ਜਾਂਦਾ ਹੈ ਤਾਂ ਇਸ ਦਾ ਕਾਰਣ ਇਤਨਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਕਰਨ ਸਮੇਂ ਅੱਧ ਵਿਚਾਲਿਓਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਖੋਲੀ ਦਾ ਹੈ, ਜਿੱਥੋ ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ , ਸੂਹੀ ਅਤੇ ਬਿਲਾਬਲ ਰਾਗ ਵਿੱਚ ਬਾਣੀ ਦਰਜ ਹੈ। ਇਸ ਕਰਕੇ ਆਮ ਤੌਰ ਤੇ ਸੋਰਠਿ ਰਾਗ ਤੋਂ ਬਿਲਾਬਲ ਰਾਗ ਤੱਕ ਵਿਚਲੀ ਬਾਣੀ ਵਿਚੋਂ ਹੀ ਹੁਕਮਨਾਮਾ ਲੈ ਲਿਆ ਜਾਂਦਾ ਹੈ। ਇਸ ਦਾ ਇਹ ਬਿਲਕੁਲ ਅਰਥ ਨਹੀਂ ਕਿ ਕੇਵਲ ਇਹਨਾਂ ਰਾਗਾਂ ਵਿਚਲੀ ਬਾਣੀ ਵਿੱਚੋਂ ਹੀ ਹੁਕਮਨਾਮਾ ਲਿਆ ਜਾ ਸਕਦਾ ਹੈ ਜਾਂ ਇਨ੍ਹਾਂ ਰਾਗਾਂ ਵਿਚਲੀ ਬਾਣੀ ਦੇ ਸ਼ਬਦ ਹੀ ਹੁਕਮਨਾਮਾ ਹਨ, ਬਾਕੀ ਰਾਗਾਂ ਵਿੱਚ ਉਚਾਰਣ ਬਾਣੀ ਨਹੀਂ । ਇਹ ਹੁਕਮਨਾਮਾ ਕਿਸੇ ਵੀ ਹੋਰ ਪੰਨੇ ਤੋਂ ਲਿਆ ਜਾ ਸਕਦਾ ਹੈ

ਹੁਕਮਨਾਮਾ ਲੈਣ ਦੀ ਧਾਰਣਾ ਬਾਰੇ:

ਅਸੀਂ ਆਮ ਹੀ ਜਦੋਂ ਕੋਈ ਕਾਰਜ ਆਦਿ ਸ਼ੁਰੂ ਕਰਨਾ ਹੋਵੇ ਤਾਂ ਅਰਦਾਸ ਕਰ ਕੇ ਹੁਕਮਨਾਮਾ ਲੈਂਦੇ ਹਾਂ । ਆਮ ਤੌਰ ਤੇ ਅਜੇਹੇ ਸਮੇਂ ਲਏ ਗਏ ਹੁਕਮਨਾਮੇ ਨੂੰ ਪਰੀਛਾ ਫਲ ਵਾਂਗ ਹੀ ਸਮਝਿਆ ਜਾਂਦਾ ਹੈ। ਅਜੇਹੀ ਧਾਰਣਾ ਕਾਰਨ ਹੀ ਅਕਸਰ ਹੀ ਕਈ ਵੀਰ ਭੈਣ ਪੁੱਛਣ ਲੱਗ ਪੈਂਦੇ ਹਨ ਕਿ ਮਹਾਰਾਜ ਨੇ ਇਸ ਵਾਕ ਰਾਂਹੀ ਕੀ ਆਖਿਆ ਹੈ; ਸਾਡਾ ਕੰਮ ਬਣੇ ਗਾ ਕਿ ਨਹੀ ਜਾਂ ਸਾਡੀ ਕਾਮਨਾ ਪੂਰੀ ਹੋਵੇ ਗੀ ਕਿ ਨਹੀਂ, ਆਦਿ ਆਦਿ। ਪਰੰਤੂ ਹੁਕਮਨਾਮਾ ਇਸ ਕਰ ਕੇ ਨਹੀਂ ਲਿਆ ਜਾਂਦਾ ਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਸਕੇ ਕੇ ਇਸ ਕੰਮ ਵਿੱਚ ਸਾਨੂੰ ਕਾਮਯਾਬੀ ਮਿਲੇ ਗੀ ਜਾਂ ਨਹੀਂ। ਹੁਕਮਨਾਮਾ ਲੈਣ ਦਾ ਤਾਂ ਇਹ ਭਾਵ ਹੈ ਕਿ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆ ਗੁਰੂ ਦੁਆਰਾ ਦਰਸਾਈ ਜੀਵਨ ਜਾਚ ਨੂੰ ਸਮਝੀਏ ਤਾਂ ਕਿ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਵਿਚਰਦਿਆਂ ਕਾਮਯਾਬ ਹੋਣ ਲਈ ਸੱਚ ਦੀਆਂ ਕਦਰਾਂ ਕੀਮਤਾਂ ਤੋਂ ਮੂੰਹ ਮੋੜ ਕੇ ਝੂਠ, ਬੇਈਮਾਨੀ, ਫਰੇਬ ਆਦਿ ਦਾ ਸਹਾਰਾ ਨਾ ਲਈਏ। ਜੇਕਰ ਸਾਨੂੰ ਸਫਲਤਾ ਨਹੀਂ ਮਿਲਦੀ ਤਾਂ ਵੀ ਮਾਯੂਸ ਹੋਣ ਦੀ ਬਜਾਏ ਵਾਹਿਗੁਰੂ ਦੀ ਰਜ਼ਾ ਵਿੱਚ ਵਿਚਰਦਿਆਂ ਹੋਇਆਂ ਚੜ੍ਹਦੀ ਕਲਾ ਵਿੱਚ ਵਿਚਰ ਸਕੀਏ। ਭਾਈ ਕਾਨ੍ਹ ਸਿੰਘ ਨਾਭਾ ਹੁਰਾਂ ਨੇ ਇਸ ਸਬੰਧ ਵਿੱਚ ਲਿੱਖਿਆ ਹੈ:- “ਇਸ ਸ਼ਬਦ ਨੂੰ ਪਰੀਛਾ ਫਾਲ ਵਾਕਰ ਫਾਲ ਸਮਝਣਾ ਅਗਿਆਨ ਹੈ।” (ਗੁਰੁਮਤ ਮਾਰਤੰਡ)

ਮਨਮਰਜ਼ੀ ਦਾ ਹੁਕਮਨਾਮਾ:

ਇਹ ਆਮ ਹੀ ਸੁਣਨ ਅਤੇ ਵੇਖਣ ਵਿੱਚ ਆਉਂਦਾ ਹੈ ਕਿ ਹੁਕਮਨਾਮਾ ਲੈਣ ਵਾਲੇ ਸੱਜਣ ਖ਼ਾਸ ਤੌਰ ਪਾਠੀ ਅਤੇ ਗ੍ਰੰਥੀ ਸਾਹਿਬਾਨ ਪਰਵਾਰ ਨੂੰ ਖ਼ੁਸ਼ ਕਰਨ ਲਈ ਕੁੱਝ ਚੋਣਵੇਂ ਸ਼ਬਦਾਂ ਦਾ ਹੀ ਹੁਕਮਨਾਮਾ ਲੈਂਦੇ ਹਨ। ਦੂਜੇ ਪਾਸੇ ਪਰਵਾਰ ਵੀ ਸ਼ਬਦ ਸੁਣ ਕੇ ਇੰਝ ਮਹਿਸੂਸ ਕਰਦਾ ਹੈ ਜਿਵੇਂ ਹਜ਼ੂਰ ਨੇ ਇਸ ਸ਼ਬਦ ਰਾਂਹੀ ਉਨ੍ਹਾਂ ਦੇ ਭਾਵਾਂ ਦੀ ਹੀ ਤਰਜਮਾਨੀ ਕੀਤੀ ਹੈ। ਕਈ ਵਾਰੀ ਤਾਂ ਇਹ ਦੇਖਣ ਨੂੰ ਵੀ ਆਉਂਦਾ ਹੈ ਕਿ ਕਈ ਗਰੰਥੀ ਸਾਹਿਬਾਨ ਜਾਂ ਸਬੰਧੀ ਆਦਿ ਜੇਕਰ ਖ਼ੁਸ਼ੀ ਆਦਿ ਦੇ ਮੌਕੇ “ਗੁਰਿ ਪੂਰੈ ਕਿਰਪਾ ਧਾਰੀ॥ ਤਾ ਪੂਰੀ ਲੋਚ ਹਮਾਰੀ॥” ਜਾਂ “ਅਉਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮ੍ਹਾਲੇ” ਆਦਿ ਹੁਕਮਨਾਮਾ ਆਵੇ ਤਾਂ ਪਾਰਵਾਰ ਨੂੰ ਵਧਾਈ ਦੇਣ ਲੱਗ ਪੈਂਦੇ ਹਨ ਕਿ ਗੁਰੁ ਮਹਾਰਾਜ ਨੇ ਬੜਾ ਵਧੀਆ ਹੁਕਮਨਾਮਾ ਬਖ਼ਸ਼ਿਆ ਹੈ। ਪਰਵਾਰ ਦੀ ਰੁਚੀ ਅਨੁਸਾਰ ਹੁਕਮਨਾਮਾ ਲੈਣਾ ਜਾਂ ਪਰਵਾਰ ਦਾ ਇਹ ਸਮਝਣਾ ਕਿ ਇਸ ਸ਼ਬਦ ਵਿੱਚ ਉਨ੍ਹਾਂ ਦੀ ਕਥਿਤ ਕਾਮਨਾ ਆਦਿ ਦੀ ਪੂਰਤੀ ਵਲ ਇਸ਼ਾਰਾ ਹੈ, ਤਾਂ ਐਸਾ ਸਮਝਣ ਵਾਲੇ ਵੀਰਾਂ ਭੈਣਾਂ ਦੀ ਇਹੋ ਜਿਹੀ ਸੋਚ ਉਨ੍ਹਾਂ ਦੀ ਗੁਰਬਾਣੀ ਪ੍ਰਤੀ ਅਗਿਆਨਤਾ ਦੀ ਹੀ ਲਖਾਇਕ ਹੈ। ਗੁਰੂ ਸਾਹਿਬ ਦਾ ਉਪਦੇਸ਼ ਸਾਰੇ ਹੀ ਪ੍ਰਾਣੀਆਂ ਲਈ ਇੱਕੋ ਜਿਹਾ ਹੈ। ਇਸ ਉਪਦੇਸ਼ ਨੂੰ ਜੋ ਵੀ ਧਾਰਣ ਕਰੇ ਗਾ ਉਸ ਦਾ ਆਤਮਕ ਕਾਰਜ ਅਵੱਸ਼ ਸਵਰੇ ਗਾ। ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸ਼ਬਦ, ਕਿਸੇ ਵੀ ਪ੍ਰਾਣੀ ਦੇ, ਕਿਸੇ ਵੀ ਅਜੇਹੇ ਕਰਮ ਦੀ ਪ੍ਰੋੜਤਾ ਨਹੀਂ ਕਰਦਾ ਜੇਹੜਾ ਮਨੁੱਖ ਨੂੰ ਇਨਸਾਨੀਅਤ ਤੋਂ ਡੇਗਣ ਵਾਲਾ ਹੋਵੇ। ਕਿਸੇ ਵੀ ਸ਼ਬਦ ਵਿੱਚ ਮਨੁੱਖ ਦੀ ਬੇਈਮਾਨੀ ਨੂੰ, ਚੋਰੀ ਯਾਰੀ ਨੂੰ, ਬੇਇਨਸਾਫੀ ਆਦਿ ਨੂੰ ਜਾਇਜ਼ ਨਹੀਂ ਠਹਰਾਇਆ ਗਿਆ ਹੈ। ਹਰੇਕ ਸ਼ਬਦ ਵਿੱਚ ਹੀ ਇਨਸਾਨੀ ਉਚ ਕਦਰਾਂ ਕੀਮਤਾਂ ਦਾ ਜ਼ਿਕਰ ਕਰਦਿਆਂ ਮਨੁੱਖ ਨੂੰ ਉਨ੍ਹਾਂ ਨੂੰ ਅਪਣਾਉਣ ਦੀ ਪ੍ਰੇਰਨਾ ਹੀ ਦਿੱਤੀ ਗਈ ਹੈ। ਸੋ, ਭਾਵੇਂ ਹੁਕਮਨਾਮਾ ਲੈਣ ਵਾਲਾ ਸੱਜਣ ਕਿਤੋਂ ਵੀ ਹੁਕਮਨਾਮਾ ਲੈ ਲਵੇ ਸੰਦੇਸ਼ ਇਕੋ ਹੀ ਹੈ ਕਿ ਹੇ ਭਾਈ! ਵਾਹਿਗੁਰੂ ਜੀ ਦਾ ਨਾਮ ਜਪ, ਸੱਚੀ ਸੁੱਚੀ ਕਿਰਤ ਕਰ ਅਤੇ ਉਸ ਦਸਾਂ ਨੌਹਾਂ ਦੀ ਕਿਰਤ ਕਮਾਈ ਨੂੰ ਵੰਡ ਕੇ ਛਕ; ਵਾਹਿਗੁਰੂ ਦੀ ਰਜ਼ਾ ਨੂੰ ਬਾਣੀ ਰਾਂਹੀ ਸਮਝ ਕੇ ਉਸ ਪ੍ਰਭੂ ਦਾ ਹੁਕਮੀ ਬੰਦਾ ਬਣ। ਕਿਸੇ ਵੀ ਸ਼ਬਦ ਵਿੱਚ ਇਹ ਸੰਦੇਸ਼ ਨਹੀਂ ਮਿਲੇ ਗਾ ਕਿ, ਹੇ ਮਨੁੱਖ! ਤੈਨੂੰ ਨਾਮ ਜਪਨ ਦੀ, ਕਿਰਤ ਕਰਨ ਦੀ, ਵੰਡ ਕੇ ਛੱਕਣ ਦੀ, ਪ੍ਰਭੂ ਦਾ ਭਾਣਾ ਮੰਣਨ ਦੀ ਜ਼ਰੂਰਤ ਨਹੀਂ; ਕੇਵਲ ਪਾਠ ਕਰਾਉਣ ਨਾਲ ਜਾਂ ਲੰਗਰ ਆਦਿ ਦੀ ਸੇਵਾ ਅਤੇ ਦਾਨ ਪੁੰਨ ਕਰਨ ਨਾਲ ਤੇਰੀ ਕਲਿਆਣ ਹੋ ਜਾਵੇ ਗੀ।

ਕਰੜਾ ਹੁਕਮਨਾਮਾ:

ਕਈ ਸੱਜਣ ਸੰਗਤਾਂ ਨੂੰ ਇਹ ਪ੍ਰੇਰਨਾ ਦੇਂਦੇ ਹਨ ਕਿ ਜੇਕਰ ਹੁਕਮਨਾਮਾ ਸਮੇਂ ਦੇ ਅਥਵਾ ਤੁਹਾਡੇ ਅਨੁਕੂਲ ਅਰਥਾਤ ਕਰੜਾ ਹੁਕਮਨਾਮਾ ਆ ਜਾਏ ਤਾਂ ਉਹ ਹਜ਼ੂਰ ਨੂੰ ਵਾਪਸ ਮੋੜ ਦੇਵੋ। ਵਾਪਸ ਮੋੜਨ ਤੋਂ ਉਨ੍ਹਾਂ ਦਾ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਰੁਮਾਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਲਵੋ। ਜੇਕਰ ਫਿਰ ਵੀ ਅਨੁਕੂਲ ਹੁਕਮਨਾਮਾ ਨਾ ਆਵੇ ਤਾਂ ਫਿਰ ਰੁਮਾਲਾ ਪਾ ਕੇ ਅਰਦਾਸ ਕਰਕੇ ਹੁਕਮਨਾਮਾ ਲਵੋ। ਦੂਜੀ ਵਾਰ ਵੀ ਆਪਣੇ ਅਨੁਕੂਲ ਹੁਕਮਨਾਮਾ ਨਾ ਆਉਣ ਦੀ ਸੂਰਤ ਵਿੱਚ ਤੀਜੀ ਵਾਰ ਫਿਰ ਅਰਦਾਸ ਕਰਕੇ ਹੁਕਮਨਾਮਾ ਲਿਆ ਜਾਵੇ। ਤੀਜੀ ਵਾਰ ਵੀ ਜੇਕਰ ਅਨੁਕੂਲ਼ ਹੁਕਮਨਾਮਾ ਨਾ ਆਵੇ ਤਾਂ ਫਿਰ ਰੁਮਾਲਾ ਪਾ ਕੇ ਉਠ ਜਾਵੋ, ਇਹ ਸੋਚ ਕੇ ਕਿ ਅੱਜ ਹਜ਼ੂਰ ਮਿਹਰਵਾਨ ਨਹੀਂ ਹਨ। ਐਸੇ ਸੱਜਣਾਂ ਅਨੁਸਾਰ “ਜੋ ਨਰ ਦੁਖ ਮੈ ਦੁਖ ਨਹੀ ਮਾਨੈ” ਅਤੇ ਹੋਰ ਅਜੇਹੇ ਭਾਵ ਵਾਲੇ ਸ਼ਬਦ ਕਰੜੇ ਹੁਕਮਨਾਮੇ ਹਨ ਅਸਲ ਵਿੱਚ ਗੁਰਬਾਣੀ ਦੇ ਅਰਥ ਭਾਵ ਦੀ ਸਮਝ ਨਾ ਹੋਣ ਕਾਰਣ ਹੀ ਅਜੇਹਾ ਆਖਿਆ ਜਾ ਰਿਹਾ ਹੈ। ਜੇਕਰ ਬਾਣੀ ਦੇ ਸਿਧਾਂਤ ਦੀ ਸਮਝ ਹੋਵੇ ਤਾਂ ਕਿਸੇ ਵੀ ਸ਼ਬਦ ਬਾਰੇ ਇੰਝ ਆਖਣ ਦਾ ਕਿਸੇ ਨੂੰ ਵੀ ਹੀਆ ਨਾ ਪਵੇ। ਗੁਰਬਾਣੀ ਦੇ ਸਿਧਾਂਤ ਨੂੰ ਸਮਝਿਆਂ ਪਤਾ ਲੱਗ ਜਾਵੇ ਗਾ ਕਿ ਸਤਿਗੁਰੂ ਮਨੁੱਖ ਨੂੰ ਵਾਹਿਗੁਰੂ ਜੀ ਦੀ ਹੁਕਮੀ ਖੇਡ ਦੀ ਸੋਝੀ ਬਖ਼ਸ਼ਿਸ਼ ਕਰ ਇਸ ਨੂੰ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜੁਗਤੀ ਸਮਝਾਂਦੇ ਹਨ ਨਾ ਕਿ ਪਰਮਾਤਮਾ ਦੇ ਹੁਕਮ ਨੂੰ ਬਦਲਣ ਦੀ। ਸੋ, ਕੋਈ ਵੀ ਹੁਕਮਨਾਮਾ ਨਾ ਕਰੜਾ ਹੈ ਅਤੇ ਨਾ ਹੀ ਕੋਮਲ ਹੈ; ਹਰੇਕ ਹੁਕਮਨਾਮਾ ਵਾਹਿਗੁਰੂ ਦਾ ਸਿਮਰਨ ਕਰਨ ਅਤੇ ਪ੍ਰਭੂ ਦਾ ਭਾਣਾ ਮੰਣਨ ਦੀ ਪ੍ਰਰੇਨਾ ਕਰਨ ਦੇ ਨਾਲ ਨਾਲ ਸ਼ੁਭ ਕਰਮ ਕਰਨ ਲਈ ਹੀ ਆਖਦਿਆਂ ਹੋਇਆਂ ਸਪਸ਼ਟ ਕਰਦਾ ਹੈ ਕਿ “ਕਰਣੀ ਬਾਝਹੁ ਤਰੈ ਨ ਕੋਇ।”।

ਚੰਗਾ ਜਾਂ ਮਾੜਾ ਹੁਕਮਨਾਮਾ:

ਗੁਰੂ ਗ੍ਰੰਥ ਸਾਹਿਬ ਦਾ ਹਰੇਕ ਸ਼ਬਦ ਮਨੁੱਖਤਾ ਲਈ ਕਲਿਆਣਕਾਰੀ ਹੈ। ਇਸ ਲਈ ਕਿਸੇ ਵੀ ਸ਼ਬਦ ਬਾਰੇ ਐਸਾ ਆਖਣਾ ਜਾਂ ਸਮਝਣਾ ਸਾਡੀ ਘੋਰ ਅਗਿਆਨਤਾ ਦਾ ਹੀ ਪ੍ਰਤੀਕ ਹੈ। ਅਸਲ ਵਿੱਚ ਬਾਣੀ ਦੇ ਅਰਥ ਭਾਵ ਦੀ ਸਮਝ ਨਾ ਹੋਣ ਕਾਰਨ ਅਸੀਂ ਅਜੇਹਾ ਆਖਣ ਜਾਂ ਸੋਚਣ ਲੱਗ ਪੈਂਦੇ ਹਾਂ। ਜੇ ਕਰ ਬਾਣੀ ਦੇ ਅਰਥ ਭਾਵ ਦੀ ਸਾਨੂੰ ਸਮਝ ਆ ਜਾਏ ਤਾਂ ਅਜੇਹੇ ਭਰਮ ਭੁਲੇਖੇ ਆਪਣੇ ਆਪ ਦੂਰ ਹੋ ਜਾਣ ਗੇ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਇਆ ਹੁਕਮਨਾਮਾ:

ਕਈ ਵੀਰ ਭੈਣ ਦਰਬਾਰ ਸਾਹਿਬ ਤੋਂ ਆਏ ਹੁਕਮਨਾਮਾ ਨੂੰ ਸਥਾਨਕ ਗੁਰਦੁਆਰੇ `ਚ ਆਏ ਹੁਕਮਨਾਮੇ ਤੋਂ ਵਿਸ਼ੇਸ਼ ਸਮਝਦੇ ਹਨ ਪਰੰਤੂ ਅਜੇਹੀ ਸਮਝ ਅਥਵਾ ਸੋਚ ਸਾਡੀ ਗੁਰਮਤ ਤੋਂ ਅਣਜਾਣ ਪੁਣਾ ਹੀ ਪ੍ਰਗਟ ਕਰਦੀ ਹੈ। ਕਿਉਂਕਿ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਲਿਆ ਜਾਂਦਾ ਹੈ, ਭਾਂਵੇ ਉਹ ਦਰਬਾਰ ਸਾਹਿਬ ਹੈ ਜਾਂ ਕੋਈ ਹੋਰ ਗੁਰ ਅਸਥਾਨ ਆਦਿ। ਸੋ, ਹੁਕਮਨਾਮਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਗੁਰੂ ਗ੍ਰੰਥ ਸਾਹਿਬ ਵਿਚੋਂ ਲਿਆ ਗਿਆ ਹੁਕਮਨਾਮਾ ਇੱਕੋ ਹੀ ਦਰਜਾ ਰੱਖਦਾ ਹੈ; ਭਾਂਵੇ ਉਹ ਕਿਸੇ ਇਤਿਹਾਸਕ ਸਥਾਨ ਉੱਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਵਿੱਚੋ ਲਿਆ ਗਿਆ ਹੈ ਜਾਂ ਉਹ ਕਿਸੇ ਪਿੰਡ ਜਾਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਤੋਂ।

ਹੁਕਮਨਾਮਾ ਲੈਣ ਦੀ ਕੀ ਮਰਯਾਦਾ:

ਉਂਝ ਤਾਂ ੴ ਤੋਂ ਲੈ ਕੇ “ਤੇਰਾ ਕੀਤਾ ਜਾਤੋ ਨਾਹੀ” ਦੇ ਸ਼ਲੋਕ ਤੱਕ ਹਰੇਕ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ; ਪਰੰਤੂ ਪੰਥ ਵਿੱਚ ਇੱਕ ਸਾਰਤਾ ਦਾ ਭਾਵ ਬਣਾਈ ਰੱਖਣ ਲਈ ਹੁਕਮਨਾਮਾ ਲੈਣ ਦੀ ਇੱਕ ਵਿਸ਼ੇਸ਼ ਮਰਯਾਦਾ ਕਾਇਮ ਕੀਤੀ ਗਈ ਹੈ। ਸਿੱਖ ਰਹਿਤ ਮਰਯਾਦਾ ਵਿੱਚ ਹੁਕਮਨਾਮਾ ਲੈਣ ਦੀ ਵਿਧੀ ਇਸ ਤਰ੍ਹਾਂ ਵਰਣਨ ਕੀਤੀ ਗਈ ਹੈ:- “ਹੁਕਮ ਲੈਣ ਲੱਗਿਆਂ ਖੱਬੇ ਪੰਨੇ ਦੇ ਉੱਤਲੇ
ਪਾਸਿਓਂ ਜੋ ਪਹਿਲਾ ਸ਼ਬਦ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ ਜੇ ਉਸ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪਤੱਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸ਼ਲੋਕ ਤੇ ਪਉੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿਥੇ ਨਾਨਕ’ ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ।ਕਈ ਸੱਜਣ ਦੋਪਹਿਰ ਵੇਲੇ ਪੰਨੇ ਦੇ ਮਧ ਦਾ ਸ਼ਬਦ ਅਤੇ ਸ਼ਾਮ ਵੇਲੇ ਪੰਨੇ ਦੇ ਅੰਤ ਦਾ ਸ਼ਬਦ ਪੜ੍ਹਦੇ ਹਨ, ਇਹ ਉਨ੍ਹਾਂ ਵੀਰਾਂ ਭੈਣਾਂ ਦੀ ਆਪਣੀ ਸੋਚ ਅਥਵਾ ਧਾਰਣਾ ਹੈ। ਜੇਕਰ ਸਾਨੂੰ ਇਹ ਸਮਝ ਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹਰੇਕ ਸ਼ਬਦ ਵਿੱਚ
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥” ਦੀ ਹੀ ਜੁਗਤੀ ਸਮਝਾ ਰਹੇ ਹਨ ਤਾਂ ਸ਼ਾਇਦ ਫਿਰ ਇਸ ਤਰ੍ਹਾਂ ਆਖਣ ਜਾਂ ਲਿੱਖਣ ਦੀ ਲੋੜ ਹੀ ਨਾ ਪਵੇ ਕਿ ਕੋਈ ਸ਼ਬਦ ਚੰਗਾ ਹੈ ਜਾਂ ਮਾੜਾ ਹੈ, ਇਹ ਸ਼ਬਦ ਹੁਕਮਨਾਮਾ ਹੈ ਇਹ ਸ਼ਬਦ ਹੁਕਮਨਾਮਾ ਨਹੀਂ ਹੈ, ਸਵੇਰ ਵੇਲੇ ਇੱਥੋਂ ਹੁਕਮਨਾਮਾ ਲੈਣਾ ਹੈ, ਦੁਪਹਿਰ ਸਮੇਂ ਇੱਥੋਂ ਅਤੇ ਸ਼ਾਮ ਸਮੇਂ ਇੱਥੋਂ ਹੁਕਮਨਾਮਾ ਲੈਣਾ ਹੈ। ਕੇਵਲ ਇਤਨਾ ਹੀ ਨਹੀਂ ਬਲਕਿ ਫਿਰ ਤਾਂ ਉਚੇਚੇ ਤੌਰ ਤੇ ਕੋਈ ਵਿਸ਼ੇਸ਼ ਸ਼ਬਦ ਲੱਭ ਕੇ ਭੀ ਪੜ੍ਹਨ ਦੀ ਲੋੜ ਹੀ ਨਹੀਂ ਪੈਣ ਲੱਗੀ। ਜੀ ਹਾਂ, ਫਿਰ ਜਿਹੜਾ ਵੀ ਕੋਈ ਸ਼ਬਦ ਕਿਸੇ ਵੀ ਪੰਨੇ ਤੋਂ, ਕਿਸੇ ਵੀ ਰਾਗ ਵਿੱਚ ਦਰਜ ਬਾਣੀ ਨੂੰ, ਪੰਨੇ ਦੇ ਸ਼ੁਰੂ ਤੋਂ, ਮੱਧ `ਚ ਜਾਂ ਪੰਨੇ ਦੇ ਅੰਤ ਵਿੱਚੋਂ ਪੜ੍ਹੇ ਗਾ ਅਸੀਂ ਉਸ ਨੂੰ ਹੀ ਹੁਕਮਨਾਮੇ ਦੇ ਰੂਪ ਵਿੱਚ ਸਵੀਕਾਰ ਕਰ ਕੇ ਉਸ ਅੱਗੇ ਸੀਸ ਨਿਵਾਵਾਂ ਗੇ॥

ਨੋਟ: ਕਿਆ ਚੰਗਾ ਹੋਵੇ ਜੇਕਰ ਗੁਰਦੁਆਰਿਆਂ ਵਿੱਚ ਬੋਰਡ ਉੱਤੇ ਜੋ ਹੁਕਮਨਾਮਾ ਲਿੱਖਿਆ ਜਾਂਦਾ ਹੈ ਉਸ ਸ਼ਬਦ ਦੇ ਅਰਥ ਵੀ ਨਾਲ ਲਿੱਖ ਦਿੱਤੇ ਜਾਣ; ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਜਾਂ ਹੋਰ ਅਜੇਹੀ ਭਾਸ਼ਾ ਵਿੱਚ, ਜੇਹੜੀ ਭਾਸ਼ਾ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਆਮ ਸੰਗਤਾਂ ਪੜ੍ਹਨ ਦੇ ਸਮਰਥ ਹੋਣ।

ਜਸਬੀਰ ਸਿੰਘ ਵੈਨਕੂਵਰ (ਅਕਾਲੀ ਸਿੰਘ ਗੁਰਦੁਆਰਾ)
.