.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 26)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਬਾਬਾ ਗੁਰਬਚਨ ਸਿੰਘ ਦਸਮੇਸ਼ ਪ੍ਰਵਾਰ ਅੰਮ੍ਰਿਤਸਰ ਵਾਲਾ

ਇਹ ਸਾਧ ਕਿੱਤੇ ਵਜੋਂ ਵੈਟਨਰੀ ਡਾਕਟਰ ਹੈ ਇਹ ਸ਼ੁਰੂ ਸ਼ੁਰੂ ਵਿੱਚ ਅਮਰਕੋਟ (ਤਹਿਸੀਲ ਪੱਟੀ) ਵਿਖੇ ਆਇਆ ਤਾਂ ਇਸ ਨੇ ਇਥੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਣਾਈ ਅਤੇ ਘਰਾਂ ਵਿੱਚ ਸੁਖਮਨੀ ਸਾਹਿਬ ਪਾਠ ਸ਼ੁਰੂ ਕੀਤੇ। ਫਿਰ ਹੌਲੀ ਹੌਲੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕਰ ਦਿਤੀ, ਅਤੇ ਸੰਗਤਾਂ ਨੂੰ ਹੌਲੀ ਹੌਲੀ ਮਗਰ ਲਾਉਣ ਲਈ ਉਪਰਾਲੇ ਸ਼ੁਰੂ ਕਰ ਦਿਤੇ। ਇਥੇ ਪੂਰੀ ਕਾਮਯਾਬੀ ਨਾ ਹੁੰਦੀ ਵੇਖ ਕੇ ਇਹ ਅੰਮ੍ਰਿਤਸਰ ਕਰਾਏ ਤੇ ਮਕਾਨ ਲੈ ਕੇ ਰਹਿਣ ਲੱਗ ਪਿਆ। ਉਥੇ ਵੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਅਰੰਭ ਕਰ ਦਿਤੀ ਅਤੇ ਕਿਹਾ ਕਿ ਇਹ ਸਰਬੱਤ ਦੇ ਭਲੇ ਲਈ ਹਨ। ਇਥੇ ਰਹਿੰਦਿਆਂ ਇਹ ਗਿਰਵਾਲੀ ਵਾਲੇ ਇੱਕ ਸਾਧ ਕੋਲ ਜਾਣ ਲੱਗ ਪਿਆ ਜਿਸ ਕੋਲੋਂ ਇਸ ਨੇ ਕੁੱਝ ਢੰਗ ਤਰੀਕੇ ਸਿੱਖ ਲਏ ਸੰਗਤਾਂ ਨੂੰ ਮਗਰ ਲਾਉਣ ਦੇ। ਫਿਰ ਇਸ ਨੇ ਆਪਣਾ ਮਕਾਨ ਬਣਾ ਲਿਆ ਬਾਬੇ ਸ਼ਹੀਦਾਂ ਵਿਖੇ ਅੱਜ ਵੀ ਉਥੇ ਹੀ ਰਹਿੰਦਾ ਹੈ ਇਸ ਨੇ ਘਰ ਵਿੱਚ “ਗੁਰੂ ਗ੍ਰੰਥ ਸਾਹਿਬ” ਜੀ ਦਾ ਪ੍ਰਕਾਸ਼ ਕਰ ਲਿਆ, ਅਤੇ ਅਖੰਡ ਪਾਠਾਂ ਦੀ ਲੜੀ ਅਰੰਭ ਕਰ ਦਿਤੀ, ਅਤੇ ਸੰਗਤਾਂ ਨੂੰ ਕਿਹਾ ਕਿ ਇਹ ਲੜੀ ਸਰਬੱਤ ਦੇ ਭਲੇ ਲਈ ਹੈ ਇਸ ਕਰਕੇ ਆਪਣਾ ਯੋਗਦਾਨ ਪਾਓ। ਇਥੇ ਇਸਨੂੰ ਕਾਫੀ ਸ਼ਰਧਾਲੂ ਮਿਲ ਗਏ ਜਿਹੜੇ ਫਰੀ ਪਾਠ ਕਰਦੇ ਸਨ ਕੁੱਝ ਪਾਠੀ ਪੈਸੇ ਵੀ ਲੈਂਦੇ ਸੀ ਤੇ ਕਈਆਂ ਨੂੰ ਇਸ ਨੇ ਇਸ ਲਾਲਚ ਤੇ ਰੱਖਿਆ ਸੀ ਕੇ ਮੈਂ ਤੁਹਾਨੂੰ ਸ਼੍ਰੋਮਣੀ ਕਮੇਟੀ ਵਿੱਚ ਲਵਾ ਦੇਵਾਂਗਾ ਕਿਉਂਕਿ ਇਸ ਦਾ ਕੁੜਮ ਸ਼੍ਰੋਮਣੀ ਕਮੇਟੀ ਵਿੱਚ ਚੰਗੀ ਪੋਸਟ ਤੇ ਸੀ।

ਅਖੰਡ ਪਾਠ ਲਈ ਸ਼ਰਧਾਲੂ ਪੈਸੇ ਜਮ੍ਹਾ ਕਰਵਾਉਂਦੇ ਰਹੇ ਪਰ ਪਤਾ ਲੱਗਾ ਹੈ ਕਿ ਉਹ ਅਖੰਡ ਪਾਠ ਇਹ ਨਾਨਕਸਰ ਤੋਂ ਲੈ ਕੇ ਆਉਂਦਾ ਸੀ ਉਨ੍ਹਾਂ ਕੋਲੋਂ ਵੀ ਭੇਟਾ ਲੈਂਦਾ ਸੀ। ਰਲ ਕੇ ਕਮਾਈ ਕਰਦੇ ਸਨ। ਪੂਰੀ ਜਾਣਕਾਰੀ ਪੁਸਤਕ ਦੇ ਚੌਥੇ ਭਾਗ ਵਿੱਚ ਦੇਵਾਂਗੇ। ਫਿਰ ਇਸ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਸ਼ੁਰੂ ਕੀਤੀ ਘਰ-ਘਰ ਜਾ ਕੇ ਬੇਨਤੀ ਕਰਨੀ ਕਿ ਭਾਈ ਗੁਰੂ ਵਾਲੇ ਬਣੋ ਕਈ ਥਾਂਈਂ ਧੱਕੇ ਨਾਲ ਵੀ ਸੰਗਤਾਂ ਨੂੰ ਤਿਆਰ ਕਰਦੇ ਰਹੇ ਸਨ। ਇੱਕ ਅੰਮ੍ਰਿਤ ਸੰਚਾਰ ਅਜਨਾਲਾ ਤਹਿਸੀਲ ਵਿੱਚ ਹੋਇਆ ਸੀ। ਇਸ ਦੀ ਡਾਕਟਰ ਰਤਨ ਸਿੰਘ ਅਜਨਾਲਾ ਨਾਲ ਵੀ ਲਗਦੀ ਸੀ। ਇਸਦੇ ਮਨ ਵਿੱਚ ਸੀ ਕਿ ਮੈਂ ਮੁੱਖ ਮੰਤਰੀ ਬਾਦਲ ਨੂੰ ਆਪਣੇ ਘਰ ਵਿੱਚ ਸੱਦਣਾ ਹੈ ਪਰ ਤਰੀਕਾ ਇਹੋ ਜਿਹਾ ਹੋਏ ਕਿ ਬਾਦਲ ਆਪ ਚੱਲ ਕੇ ਆਵੇ ਤਾਂ ਇਸ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਰਾਹੀਂ ਸੰਗਤਾਂ ਤੱਕ ਪਹੁੰਚ ਕੀਤੀ ਆਖਰ ਇਸ ਦਾ ਪਾਜ ਉਦੋਂ ਉਘੜਿਆ ਜਦੋਂ ਇਸ ਨੇ ਪੰਜ ਪਿਆਰਿਆਂ ਦੇ ਮੁਖੀ ਨੂੰ ਕਿਹਾ ਕੇ ਭਾਈ ਉਹ ਦਿਨ ਦੂਰ ਨਹੀਂ ਜਿਸ ਦਿਨ ਆਪਾ ਅਜਨਾਲਾ ਤਹਿਸੀਲ ਦੇ ਸਾਰੇ ਪਿੰਡਾਂ ਵਿੱਚ ਪਹੁੰਚ ਕਰ ਲਈ ਤਾਂ ਮੁੱਖ ਮੰਤਰੀ ਬਾਦਲ ਆਪਣੇ ਘਰ ਆਪ ਚੱਲ ਕੇ ਆਏਗਾ। ਇਸ ਨੂੰ ਕਹਿੰਦੇ ਹਨ (ਮਨ ਹੋਰ ਮੁਖ ਹੋਰ) ਇਹ ਸਾਧ ਬਾਹਰੋਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਸਿੱਖੀ ਦਾ ਬੜਾ ਦਰਦ ਰੱਖਦਾ ਹੋਵੇ ਪਰ ਅੰਦਰ ਤਾਂ ਰਾਜਨੀਤਕ ਲੋਕਾਂ ਦੀ ਖੁਸ਼ੀ ਲੈਣ ਲਈ ਮਨ ਉਬਾਲੇ ਖਾ ਰਿਹਾ ਹੈ। ਕੀ ਇਹ ਸਾਧ ਅੰਮ੍ਰਿਤ ਸੰਚਾਰ ਰਾਹੀਂ ਸੰਗਤਾਂ ਨੂੰ ਗੁਰੂ ਦੇ ਲੜ ਲਾ ਕੇ ਗੁਰੂ ਦੀ ਖੁਸ਼ੀ ਚਾਹੁੰਦਾ ਸੀ ਜਾਂ ਝੂਠੇ ਮੰਤਰੀਆਂ ਦੀ? ਇਥੋਂ ਪਾਠਕ ਆਪ ਅੰਦਾਜ਼ਾ ਲਾ ਸਕਦੇ ਹਨ ਇਹਨਾਂ ਸਾਧਾਂ ਦੇ ਧਾਰਮਿਕ ਕੰਮਾ ਦਾ।

ਇਹ ਸਾਧ ਤੇ ਇਸ ਦੇ ਚੇਲੇ ਇੱਕ ਪਿੰਡ ਵਿੱਚ ਅੰਮ੍ਰਿਤ ਬਾਰੇ ਕਹਿਣ ਗਏ ਇਹ ਆਪ ਤਾਂ ਇੱਕ ਕੋਠੀ ਵਿੱਚ ਠਹਿਰ ਗਿਆ ਬਾਕੀਆਂ ਨੂੰ ਘਰ ਘਰ ਭੇਜ ਦਿਤਾ ਜਦੋਂ ਇਸਦੇ ਚੇਲੇ ਵਾਪਸ ਆਏ ਤਾਂ ਇਹ ਸਾਧ ਕਹਿਣ ਲੱਗਾ ਅੱਜ ਅਜੀਬ ਹੀ ਕੌਤਕ ਵਰਤਿਆਂ ਹੈ? ਤਾ ਇਸ ਦੇ ਚੇਲੇ ਕਹਿਣ ਲੱਗੇ ਦੱਸੋ ਜੀ ਕੀ ਕੌਤਕ ਵਰਤਿਆ ਹੈ ਤਾਂ ਸਾਧ ਕਹਿੰਦਾ ਇਸ ਘਰ ਦੇ ਇੱਕ ਛੋਟੇ ਜਹੇ ਬੱਚੇ ਨੂੰ ਕੋਠੀ ਦੇ ਆਲੇ ਦੁਆਲੇ ਪੁਲੀਸ ਨਜ਼ਰ ਅਈ ਹੈ ਜਿਸ ਨੇ ਘਰ ਜਾ ਕੇ ਪਰਵਾਰ ਨੂੰ ਦੱਸਿਆ ਤਾਂ ਇੱਕ ਮਾਤਾ ਆਣ ਕੇ ਕਹਿਣ ਲੱਗੀ ਬਾਬਾ ਜੀ ਇਹ ਬੱਚਾ ਕਹਿੰਦਾ ਹੈ ਕੇ ਕੋਠੀ ਦੇ ਆਲੇ ਦੁਆਲੇ ਬੜੀ ਪੁਲੀਸ ਆਈ ਹੈ, ਪਰ ਮੈਨੂੰ ਤਾਂ ਨਜ਼ਰ ਨਹੀਂ ਆ ਰਹੀ, ਤੁਸੀਂ ਦੱਸੋ ਇਹ ਕੀ ਕੌਤਕ ਹੈ? ਹੁਣ ਸਾਧ ਕਹਿੰਦਾ ਮੈਂ ਉਸ ਮਾਤਾ ਨੂੰ ਕਿਹਾ ਮਾਤਾ ਜੀ ਇਹ ਪੁਲੀਸ ਨਹੀਂ ਸੀ ਇਹ ਦਸਵੇਂ ਪਾਤਸ਼ਾਹ ਦੇ ਸ਼ਹੀਦ ਸਿੰਘ ਸਨ ਜੋ ਪੁਲੀਸ ਦੀ ਵਰਦੀ ਵਿੱਚ ਆਏ ਤੇ ਉਹ ਚਲੇ ਗਏ ਹਨ। ਵੈਸੇ ਸਾਡੇ ਨਾਲ ਪੰਜ ਸੱਤ ਸ਼ਹੀਦ ਰਹਿੰਦੇ ਹਨ। ਇਹ ਗੱਲ ਸੁਣ ਕੇ ਚੇਲੇ ਕਹਿਣ ਲੱਗੇ ਧੰਨ ਹੋ ਧੰਨ ਹੋ। ਪਰ ਇਹਨਾਂ ਸ਼ਰਧਾਲੂਆ ਵਿਚੋਂ ਇੱਕ ਸਿੰਘ ਉਹ ਸੀ ਜੋ ਇਹਨਾਂ ਗੱਲਾਂ ਵਿੱਚ ਵਿਸ਼ਵਾਸ਼ ਨਹੀਂ ਸੀ ਰੱਖਦਾ ਉਸ ਨੇ ਬਾਹਰ ਆ ਕੇ ਨਾਲ ਦੇ ਸਾਥੀਆਂ ਨੂੰ ਕਿਹਾ ਕਿ ਮੈਨੂੰ ਤਾਂ ਇਹ ਕਹਾਣੀ ਸਾਰੀ ਝੂਠੀ ਲੱਗਦੀ ਹੈ ਕਿਉਂਕਿ ਦਰਬਾਰ ਸਾਹਿਬ ਦੇ ਅਟੈਕ ਵੇਲੇ ਇਹ ਅਖੌਤੀ ਸ਼ਹੀਦ ਕਿਥੇ ਸੀ? ਜਦੋ ਸਿੰਘਾਂ ਦੇ ਘਰ ਘਾਟ ਜਾਲਮ ਹਾਕਮਾਂ ਨੇ ਤਬਾਹ ਰਕ ਦਿਤੇ ਤਾਂ ਇਹ ਸ਼ਹੀਦ ਕਿਥੇ ਸੁੱਤੇ ਰਹੇ ਕੌਮ ਦੀ ਖਾਤਰ ਇਹ ਆਖੌਤੀ ਸ਼ਹੀਦਾਂ ਵਿੱਚ ਇੱਕ ਨੇ ਵੀ ਕੋਈ ਚਮਤਕਾਰ ਨਹੀਂ ਵਿਖਾਇਆ ਜਿਸ ਨਾਲ ਕੋਈ ਕੌਮ ਦਾ ਭਲਾ ਹੋਇਆ ਹੋਵੇ ਕੀ ਇਹ ਬਾਦਲ ਨੂੰ ਘਰ ਸੱਦਣ ਲਈ ਸ਼ਹੀਦਾਂ ਦੀਆਂ ਫੌਜਾਂ ਇਕੱਠੀਆਂ ਨਹੀਂ ਸੀ ਕਰ ਸਕਦਾ? ਕਿਉਂ ਘਰ ੨ ਜਾਕੇ ਪਾਖੰਡ ਕੀਤਾ ਹੈ? ਹੁਣ ਪਾਠਕ ਸੋਚਣ ਕੇ ਇਹ ਸਾਧ ਹਰ ਗੱਲ ਨਾਲ ਧੋਖਾ ਕਰ ਰਹੇ ਹਨ। ਭੋਲੀ ਭਾਲੀ ਸੰਗਤਾ ਨੂੰ ਲੁੱਟਣ ਲਈ ਇਹ ਸਾਧ ਹਰ ਤਰੀਕਾ ਵਰਤ ਰਹੇ ਹਨ। ਇਸ ਬਾਰੇ ਇਹ ਵੀ ਪਤਾ ਲੱਗਾ ਹੈ ਕਿ ਇਸ ਨੇ ਸਿੱਖ ਰਹਿਤ ਮਰਿਆਦਾ ਬਾਰੇ ਕਿਹਾ ਕਿ ਇਹ ਤਾਂ ੪-੫ ਬੰਦਿਆ ਦੀ ਬਣਾਈ ਹੋਈ ਹੈ ਅਸਲ ਮਰਯਾਦਾ ਤਾਂ ਟਕਸਾਲ ਦੀ ਹੈ। ਪਰ ਇਹ ਟਕਸਾਲ ਦੀ ਮਰਯਾਦਾ ਵੀ ਨਹੀਂ ਮੰਨਦਾ ਕਿਉਂਕਿ ਹਰ ਸਾਧ ਦੀ ਆਪਣੀ ਆਪਣੀ ਮਰਯਾਦਾ ਬਣਾਈ ਹੋਈ ਹੈ। ਕਦੀ ਇਹ ਕਹਿ ਦੇਂਦਾ ਹੈ ਕੇ ਮੇਰੇ ਘਰ ਦਸਵੇਂ ਪਾਤਸ਼ਾਹ ਦਾ ਬਾਜ ਆਉਂਦਾ ਹੈ। ਕਦੀ ਕਹਿੰਦਾ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਹੈ। ਕਦੀ ਇਹ ਅਕਾਲ ਤਖ਼ਤ ਦਾ ਜਥੇਦਾਰ ਬਨਣ ਲਈ ਤਰਲੋ ਮੱਛੀ ਹੁੰਦਾ ਹੈ ਇਹ ਸਾਧ ਗਿਰਗਟ ਵਾਂਗੂ ਰੰਗ ਬੜੇ ਬਦਲਦਾ ਹੈ ਇਹ ਕਦੀ ਵੀ ਸੱਚ ਨਹੀਂ ਬੋਲਦਾ। ਹਰ ਬੰਦੇ ਨੂੰ ਵੱਖਰੀ ਵੱਖਰੀ ਬੋਲੀ ਬੋਲਦਾ ਹੈ। ਅਸਲ ਵਿੱਚ ਮੈਂ ਸਮਝਦਾ ਹਾਂ ਕਿ ਸਾਧ ਸੰਤ ਉਹ ਬਣ ਸਕਦਾ ਹੈ ਜਿਸ ਦੀ ਜਮੀਰ ਮਰੀ ਹੋਵੇ ਜਾ ਗਹਿਣੇ ਰੱਖੀ ਹੋਵੇ। ਅਜੋਕੇ ਸਮੇਂ ਵਿੱਚ ਜਿਊਂਦੀ ਜਮੀਰ ਵਾਲਾ ਸੰਤ ਨਹੀਂ ਬਣ ਸਕਦਾ ਉਹ ਤਾਂ ਭਾਈ ਬਣ ਕੇ ਰਹੇਗਾ। ਇਸ ਸਾਧ ਬਾਰੇ ਹੋਰ ਜਾਣਕਾਰੀ ਇੱਕਤਰ ਕਰ ਰਹੇ ਹਾਂ। ਉਹ ਪੁਸਤਕ ਦੇ ਚੌਥੇ ਭਾਗ ਵਿੱਚ ਆਪ ਜੀ ਦੀ ਭੇਂਟ ਕਰਾਂਗੇ ਅਖੀਰ ਵਿੱਚ ਇਹੀ ਕਹਾਂਗੇ ਕਿ ਇਹਨਾਂ ਅਖੌਤੀ ਸਾਧਾਂ ਤੋਂ ਪਿੱਛਾ ਛੁਡਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਓ ਤੇ ਸੁਖੀ ਜੀਵਨ ਜੀਵੋ। ਇਸ ਸਾਧ ਬਾਰੇ ਸਾਨੂੰ ਜਾਣਕਾਰੀ ਅਜਨਾਲਾ ਹਲਕੇ ਅਤੇ ਅਮਰਕੋਟ ਤੋਂ ਮਿਲੀ ਸੀ ਅਜੇ ਹੋਰ ਬਹੁਤ ਕੁੱਝ ਇਸ ਬਾਰੇ ਮਿਲ ਰਿਹਾ ਹੈ ਜੋ ਪੁਸਤਕ ਦੇ ਚੌਥੇ ਭਾਗ ਵਿੱਚ ਦੇਵਾਂਗੇ।
.