.

ਬਰਲਿਨ ਦੀ ਮੇਰੀ ਪਹਿਲੀ ਯਾਤਰਾ

ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ

ਆਪਣੀ ੨੦੦੪ ਵਾਲ਼ੀ ਯੂਰਪ ਦੀ ਫੇਰੀ ਦੌਰਾਨ ਜਦੋਂ ਮੈ ਘੁੰਮਦਾ ਘੁੰਮਾਉਂਦਾ ਬਰਲਿਨ ਪਹੁੰਚਿਆ ਤਾਂ ਦੋਹਾਂ ਬਰਲਿਨਾਂ ਦੇ ਫਰਕ ਨੂੰ ਵੇਖ ਕੇ ਮੈਨੂੰ ੧੯੬੭ ਦਾ ਵਾਕਿਆ ਯਾਦ ਆ ਗਿਆ। ਠੀਕ ਹੀ ਸਿਆਣੇ ਆਖਦੇ ਨੇ ਕਿ ਸਿਆਣੇ ਦਾ ਆਖਿਆ ਤੇ ਔਲ਼ੇ ਦਾ ਖਾਧਾ ਪਿਛੋਂ ਹੀ ਅਨੰਦ ਬਖ਼ਸ਼ਦਾ ਹੈ। ਵੈਸੇ ਤਾਂ ਮੈ ਪਹਿਲਾਂ ਵੀ ਤਿਨ ਚੱਕਰ ਜਰਮਨੀ ਦੇ ਲਾ ਚੁੱਕਾ ਸਾਂ ਪਰ ਉਹ ਪੱਛਮੀ ਜਰਮਨੀ ਦੇ ਸਹਿਰ ਫ਼ਰੈਂਕਫ਼ਰਟ ਤੱਕ ਹੀ ਸੀਮਤ ਸਨ। ਇਸ ਵਾਰੀਂ ਡੈਨਮਾਰਕ ਦੇ ਸ਼ਹਿਰ, ਕੋਪਨਹੈਗਨ, ਤੋਂ ਬੱਸ ਰਾਹੀਂ ਜਰਮਨੀ ਦੇ ਸਹਿਰ, ਹੈਮਬਰਗ, ਵਿੱਚ ਪਰਵੇਸ਼ ਕਰਨ ਦਾ ਸਮਾ ਪ੍ਰਾਪਤ ਹੋ ਗਿਆ। ਸੱਠਵਿਆਂ ਤੋਂ ਬਰਲਿਨ ਦੀ ਕੰਧ ਤੇ ਸੋਵੀਅਤ ਯੂਨੀਅਨ ਦੇ ਪ੍ਰਧਾਨ ਮੰਤਰੀ ਦੀਆਂ ਅਖ਼ਬਾਰੀ ਘੁਰਕੀਆਂ ਵੀ ਸਿਰ ਦੀ ਸੋਚ ਦੇ ਕਿਸੇ ਖਾਨੇ ਵਿੱਚ ਅਟਕੀਆਂ ਹੋਈਆਂ ਸਨ। ਪਾਠਕਾਂ ਵਿਚੋਂ ਕੁੱਝ ਨੂੰ ਸ਼ਾਇਦ ਯਾਦ ਹੋਵੇਗਾ ਕਿ ਦੂਜੀ ਸੰਸਾਰ ਜੰਗ ਦੇ ਅੰਤ ਵਿਚ, ਸਾਰਿਆਂ ਨਾਲ਼ ਪੰਗਾ ਪਾ ਬੈਠਣ ਨਾਲ਼, ਹਿਟਲਰ ਦੇ ਪੁੱਠੇ ਦਿਨ ਆ ਗਏ ਸਨ। “ਊਚਾ ਚੜੈ ਸੁ ਜਾਇ ਪਇਆਲਾ॥” ਦੇ ਹੁਕਮ ਅਨੁਸਾਰ ਉਸ ਵੱਡੇ ਡਿਕਟੇਟਰ ਤੇ ਮਹਾਂ ਕਾਤਲ ਦਾ ਵੀ ਅੰਤ ਆ ਹੀ ਗਿਆ। ਰੂਸ, ਬਰਤਾਨੀਆ, ਅਮ੍ਰੀਕਾ ਆਦਿ ਦੀਆਂ ਸਾਂਝੀਆਂ ਫੌਜਾਂ ਦੇ ਮੁਕਾਬਲੇ ਵਿੱਚ ਉਸਦੀ ਹਾਰ ਹੋ ਗਈ। ਹਿਟਲਰ, ਉਸਦੀ ਪ੍ਰੇਮਕਾ ਇਵਾ ਤੇ ਕੁੱਤੇ ਦੀਆਂ ਲਾਸ਼ਾਂ ਉਸਦੇ ਤਹਿਖਾਨੇ ਵਿਚੋਂ ਮਿਲ਼ ਜਾਣ ਦੀਆਂ ਖ਼ਬਰਾਂ ਪ੍ਰਕਾਸ਼ਤ ਹੋ ਗਈਆਂ। ਜਰਮਨੀ ਤਿੰਨਾਂ ਜੇਤੂ ਤਾਕਤਾਂ ਦਾ ਗ਼ੁਲਾਮ ਹੋ ਗਿਆ। ਇਹਨਾਂ ਦਾ ਜਰਮਨੀ ਦੇ ਜਿੰਨੇ ਹਿੱਸੇ ਉਪਰ ਕਬਜ਼ਾ ਹੋ ਗਿਆ ਓਥੇ ਕਾਇਮ ਰਿਹਾ। ਜਰਮਨ ਦੀ ਰਾਜਧਾਨੀ ਵਾਲ਼ਾ ਸ਼ਹਿਰ, ਬਰਲਿਨ, ਵੀ ਤਕਰੀਬਨ. “ਅਰਧੋ ਅਰਧ ਸੁਆਹਾ” ਵਾਂਗ ਦੋਹਾਂ ਧਿਰਾਂ ਦਰਮਿਆਨ ਅਧੋ ਅਧ ਵੰਡਿਆ ਗਿਆ। ਇੱਕ ਭਾਗ ਤੇ ਰੂਸ ਅਤੇ ਦੂਜੇ ਭਾਗ ਤੇ ਬਾਕੀ ਤਿੰਨਾਂ ਤਾਕਤਾਂ ਦਾ ਕਬਜ਼ਾ ਪੱਕਾ ਹੋ ਗਿਆ। ਇਸ ਤਰ੍ਹਾਂ ਦੇਸ਼ ਦੀ ਰਾਜਧਾਨੀ ਵੀ ਦੋ ਵੱਖ ਵੱਖ ਮੁਲਕਾਂ ਦੇ ਰੂਪ ਵਿੱਚ ਵੱਖ ਵੱਖ ਤਾਕਤਾਂ ਦੀ ਗੁਲਾਮ ਹੋ ਗਈ। ਰੂਸ ਦੇ ਕਬਜ਼ੇ ਵਾਲ਼ਾ ਬਰਲਿਨ, ਅਮ੍ਰੀਕਨ ਪਾਸੇ ਦੇ ਕਬਜ਼ੇ ਹੇਠਲੇ ਜਰਮਨੀ ਇਲਾਕੇ ਵਿੱਚ ਘਿਰਿਆ ਹੋਇਆ ਸੀ। ਰੂਸੀ ਇਲਾਕੇ ਦੇ ਵਸਨੀਕ ਦੌੜ ਦੌੜ ਕੇ ਦੂਜੇ ਪਾਸੇ ਵੱਲ ਜਾਂਦੇ ਸਨ। ਉਹਨਾਂ ਨੂੰ ਰੋਕਣ ਲਈ ਪਹਿਲਾਂ ਪੁਲ਼ਸੀ ਤੇ ਫੌਜੀ ਪਹਿਰੇ, ਫਿਰ ਕੰਡਿਆਲੀ ਤਾਰ ਲਾ ਕੇ ਰੋਕਣ ਦਾ ਨਿਸਫਲ ਯਤਨ ਕੀਤਾ ਗਿਆ। ਹਥਿਆਰਬੰਦ ਪਹਿਰੇਦਾਰਾਂ ਨੂੰ ਵੀ ਸਰਹੱਦ ਪਾਰ ਕਰ ਰਹੇ ਨੂੰ ਗੋਲ਼ੀ ਮਾਰ ਕੇ ਮਾਰ ਦੇਣ ਦਾ ਹੁਕਮ ਸੀ। ਜੇਹੜਾ ਵੀ ਹੱਦ ਪਾਰ ਕਰਨ ਦਾ ਯਤਨ ਕਰਦਾ ਗੋਲ਼ੀ ਮਾਰ ਦਿਤੀ ਜਾਂਦੀ। ਜਾਨ ਦਾ ਖ਼ਤਰਾ ਮੁੱਲ ਲੈ ਕੇ ਵੀ ਲੋਕ ਕਮਿਊਨਿਸਟਾਂ ਦੇ ਕਬਜ਼ੇ ਵਿਚੋਂ ਨਿਕਲਣ ਦਾ ਯਤਨ ਕਰਦੇ। ਕਈ ਕਿਸੇ ਵਾਹਨ ਵਿੱਚ ਬੈਠ ਕੇ ਸਾਰੇ ਜੋਰ ਨਾਲ਼ ਤਾਰ ਦੀ ਵਾੜ ਵਿੱਚ ਆ ਕੇ ਟਕਰ ਮਾਰਦੇ। ਕੁੱਝ ਵਿਰਲੇ ਪਾਰ ਵੀ ਲੱਗ ਜਾਂਦੇ ਪਰ ਬਹੁਤੇ ਮਾਰੇ ਹੀ ਜਾਂਦੇ। ਹਾਰ ਕੇ ਸੋਵੀਅਤ ਯੂਨੀਅਨ ਦੇ ਪ੍ਰਧਾਨ ਮੰਤਰੀ ਖ਼ਰੁਸ਼ਚਵ ਨੇ, ਹੁਕਮ ਦੇ ਕੇ, ਬਹੁਤ ਉਚੀ ਤੇ ਮੋਟੀ ਕੰਕ੍ਰੀਟ ਦੀ ਕੰਧ ਦੋਹਾਂ ਬਰਲਿਨਾਂ ਵਿਚਕਾਰ ਉਸਰਵਾ ਦਿਤੀ ਤੇ ਪਹਿਰੇ ਵੀ ਹੋਰ ਸਖ਼ਤ ਤੇ ਹੁਕਮ ਵੀ ਹੋਰ ਸਖ਼ਤ ਕਰ ਦਿਤੇ। ਲੋਕ ਫਿਰ ਵੀ ਜਾਨ ਜੋਖ਼ਮ ਵਾਲੇ ਦੁਰਸਾਹਸ ਪੂਰਣ ਕਰਤਵਾਂ ਤੋਂ ਬਾਜ ਨਾ ਆਏ ਤੇ ਆਏ ਦਿਨ ਹੀ ਕੋਈ ਨਾ ਕੋਈ ਕਾਰਾ ਵਰਤ ਜਾਂਦਾ। ਕਈ ਆਪਣੇ ਘਰਾਂ ਦੀਆਂ ਉਪਰਲੀਆਂ ਮਨਜ਼ਲਾਂ ਤੋਂ ਦੂਜੇ ਪਾਸੇ ਹੇਠਾਂ ਪੱਕੇ ਥਾਵਾਂ ਤੇ ਛਾਲ਼ਾਂ ਮਾਰ ਦਿੰਦੇ। ਕੋਈ ਵਿਰਲਾ ਵਾਂਝਾ ਅਪਾਹਜ ਹੋ ਕੇ ਬਚ ਵੀ ਰਹਿੰਦਾ ਪਰ ਬਹੁਤੇ ਮਰ ਹੀ ਜਾਂਦੇ। ਕੋਈ ਸੁਰੰਗ ਕੱਢ ਕੇ ਵੀ ਦੂਸਰੇ ਪਾਸੇ ਜਾਣ ਦਾ ਯਤਨ ਕਰਦਾ। ਵਿਰਲੇ ਵਾਂਝੇ ਸਫ਼ਲ ਵੀ ਹੋ ਜਾਂਦੇ। ਖ਼ਰੁਸ਼ਚਵ ਨੇ ਇੱਕ ਵਾਰੀ ਖਿਝ ਕੇ ਆਖਿਆ ਵੀ ਕਿ ਬਰਲਿਨ ਉਸ ਦੇ ਸੰਘ ਵਿੱਚ ਹੱਡੀ ਫਸ਼ੀ ਹੋਈ ਹੈ ਤੇ ਇਸਨੂੰ ਇੱਕ ਨਾ ਇੱਕ ਦਿਨ ਕਢਣਾ ਹੀ ਪੈਣਾ ਹੈ।

“ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ।” ਜਦੋਂ ੧੯੮੯ ਵਿੱਚ ਰੂਸ ਖੱਖੜੀਆਂ ਹੋਇਆ ਤੇ ਉਸ ਦੇ ਟੈਂਕਾਂ ਦੇ ਚੁੰਗਲ਼ ਵਿਚੋਂ ਬਾਕੀ ਦੇ ਪੂਰਬੀ ਯੂਰਪ ਦੇ ਮੁਲਕਾਂ ਨੇ ਵੀ ਆਜ਼ਾਦ ਫ਼ਿਜ਼ਾ ਵਿੱਚ ਸਾਹ ਲਿਆ ਤਾਂ ਉਹਨਾਂ ਬਾਕੀ ਸਾਰਿਆਂ ਨਾਲ਼ ਜਰਮਨ ਵੀ ਆਜ਼ਾਦ ਹੋ ਗਿਆ। ਸ਼ਾਇਦ ਇਹ ਗੱਲ ਵੀ ਪਾਠਕਾਂ ਨੂੰ ਦਿਲਚਸਪ ਲੱਗੇ ਕਿ ਪ੍ਰਸਿਧ ਹਿੰਦੀ ਸਪਤਾਹਿਕ ‘ਧਰਮਯੁਗ’ ਵਿੱਚ ਸਾਢੇ ਕੁ ਚਾਰ ਦਹਾਕੇ ਪਹਿਲਾਂ ਕਿਸੇ ਵਿਦਵਾਨ ਦਾ ਇੱਕ ਲੇਖ ਛਪਿਆ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਜਾਹਾਂ ਸਾਲਾਂ ਨੂੰ ਇੱਕ ਰੂਸ ਦੇ ਪੰਦਰਾਂ ਰੂਸ ਬਣ ਜਾਣਗੇ। ਮੈ ਪੜ੍ਹਿਆ ਤੇ ਪੜ੍ਹ ਕੇ ਭੁਲਾ ਦਿਤਾ ਪਰ ਉਸ ਵਿਦਵਾਨ ਦੀ ਭਵਿਖਬਾਣੀ ਨੇ ਪੰਜਾਹ ਸਾਲ ਵੀ ਉਡੀਕਣਾ ਮੁਨਾਸਬ ਨਾ ਸਮਝਿਆ ਤੇ ਤੀਹਾਂ ਸਾਲਾਂ ਵਿੱਚ ਹੀ ਸੋਵੀਅਤ ਯੂਨੀਅਨ ਦੇ ਟੁਕੜੇ ਟੁਕੜੇ ਹੋ ਕੇ, ੧੫ ਆਜ਼ਾਦ ਦੇਸ਼ਾਂ ਵਿੱਚ ਵੰਡਿਆ ਗਿਆ। ਕੀ ਤੇ ਕਿਵੇਂ ਹੋਇਆ, ਇਹ ਇੱਕ ਵੱਡਾ ਸਬਜੈਕਟ ਹੈ ਜੋ ਕਿ ਬਹੁਤ ਸਮੇ ਤੇ ਸਥਾਨ ਦੀ ਮੰਗ ਕਰਦਾ ਹੈ।

ਲੋਕਾਂ ਨੇ ਜੋ ਹਥਿਆਰ ਹੱਥ ਆਇਆ, ਫੜ ਕੇ ਕੰਧ ਢਾਹੁਣੀ ਸ਼ੁਰੂ ਕਰ ਦਿਤੀ ਤੇ ਦੁਨੀਆ ਦੇ ਵੇਖਦਿਆਂ ਵੇਖਦਿਆਂ ਹੀ ਕੁੱਝ ਦਿਨਾਂ ਵਿੱਚ ਢਾਹ ਕੇ ਅਹੁ ਮਾਰੀ। ਲੋਕਾਂ ਵਿੱਚ ਅਜਿਹਾ ਉਤਸ਼ਾਹ ਟੈਲੀਵੀਯਨ ਤੇ ਰੋਜ਼ ਵੇਖ ਵੇਖ ਕੇ, ਮੈਨੂੰ, ੨੬ ਜਨਵਰੀ, ੧੯੮੬ ਨੂੰ. ਆਪਣੀ ਮੌਜੂਦਗੀ ਵਿੱਚ ਆਪਣੇ ਸਾਹਮਣੇ ਵਰਤਦਾ ਵੇਖਿਆ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਦਾ ਦ੍ਰਿਸ਼, ਚੇਤੇ ਆਈ ਜਾਵੇ। ਪਾਠਕਾਂ ਨੂੰ ਯਾਦ ਹੀ ਹੋਵੇਗਾ ਕਿ ਜੂਨ ੧੯੮੪ ਵਿੱਚ ਬਾਕੀ ਸਾਰੇ ਪੰਜਾਬ ਦੇ ਗੁਰਦੁਆਰਿਆਂ ਦੇ ਨਾਲ਼ ਹੀ, ਸ੍ਰੀ ਦਰਬਾਰ ਸਾਹਿਬ ਉਪਰ ਇੰਦਰਾ ਦੀਆਂ ਫੌਜਾਂ ਨੇ ਹਮਲਾ ਕੀਤਾ ਸੀ ਤੇ ਹੋਰ ਬੇਅੰਤ ਜਾਨੀ ਤੇ ਮਾਲ਼ੀ ਨੁਕਸਾਨ ਦੇ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਗਲਾ ਹਿੱਸਾ ਵੀ ਟੈਂਕਾਂ ਦੀ ਫਾਇਰਿੰਗ ਨਾਲ਼ ਢਾਹ ਦਿਤਾ ਸੀ। ਫਿਰ ਨਿਹੰਗ ਸੰਤਾ ਸਿੰਘ ਨੂੰ ਨਾਂ ਮਾਤਰ ਅੱਗੇ ਲਾ ਕੇ, ਸਰਕਾਰੀ ਵਸੀਲਿਆਂ ਨਾਲ਼ ਮੁੜ ਉਸਦੀ ਮੁਰੰਮਤ ਕਰਵਾ ਕੇ ਪਹਿਲੀ ਸ਼ਕਲ ਵਿੱਚ ਹੀ ਬਣਾ ਦਿਤਾ ਸੀ ਤਾਂ ਕਿ ਸੰਸਾਰ ਭਰ ਦੇ ਸਿੱਖਾਂ ਨੂੰ ਧੋਖਾ ਦਿਤਾ ਜਾਵੇ ਕਿ ਕੁੱਝ ਵੀ ਵਿਗੜਿਆ ਨਹੀ; ਅਕਾਲੀ ਐਵੇਂ ਸਰਕਾਰ ਦੇ ਖ਼ਿਲਾਫ਼ ਝੂਠਾ ਰੌਲ਼ਾ ਪਾ ਕੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ।

ਸਿਆਸੀ ਆਦਮੀ ਹੋਣ ਕਰਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸ. ਗੁਰਚਰਨ ਸਿੰਘ ਟੌਹੜਾ ਨੇ, ਇੱਕ ਸਿਆਸੀ ਬਿਆਨ ਦੇ ਦਿਤਾ ਕਿ ਅਸੀਂ ਸਰਕਾਰ ਦਾ ਬਣਾਇਆ ਅਕਾਲ ਤਖ਼ਤ ਢਾਹ ਕੇ ਮੁੜ ਇਸ ਨੂੰ ਸਿੱਖਾਂ ਦੀ ਕਿਰਤ ਕਮਾਈ ਨਾਲ਼ ਉਸਾਰਾਂਗੇ। ਉਸ ਦਾ ਬਿਆਨ ਤਾਂ ਭਾਵੇਂ ਸਿਆਸੀ ਹੀ ਸੀ ਪਰ ਨੌਜਵਾਨਾਂ ਨੇ ਇਹ ਗੱਲ ਫੜ ਲਈ ਤੇ ੨੬ ਜਨਵਰੀ ੧੯੮੬ ਵਾਲ਼ੇ ਦਿਨ, ਦਮਦਮੀ ਟਕਸਾਲ ਤੇ ਸਿੱਖ ਸਟੂਡੈਂਟਸ ਫ਼ੈਡ੍ਰੇਸ਼ਨ ਵੱਲੋਂ ਕੀਤੇ ਗਏ ਸਰਬੱਤ ਖ਼ਾਲਸੇ ਦੀ ਸਮਾਪਤੀ ਸਮੇ, ਹਾਜਰ ਲੋਕੀਂ “ਲਾਲਾ, ਲਾਲਾ” ਕਰਕੇ ਪੈ ਗਏ ਅਕਾਲ ਤਖ਼ਤ ਦੀ ਬਿਲਡਿੰਗ ਨੂੰ। ਜੋ ਕੁੱਝ ਕਿਸੇ ਦੇ ਹੱਥ ਆਇਆ: ਕਹੀ, ਰੰਬਾ, ਕਿਰਪਾਨ, ਬਰਛਾ, ਗੈਂਤੀ, ਡਾਂਗ, ਖੂੰਡਾ, ਦਾਤੀ, ਸੱਬਲ਼, ਸੋਟਾ ਆਦਿ ਪੂਰੇ ਜੋਸ਼ ਨਾਲ਼ ਵਰਤਣਾ ਆਰੰਭ ਕਰ ਦਿਤਾ। ਵੇਖਦਿਆਂ ਹੀ ਵੇਖਦਿਆਂ ਦਿਨਾਂ ਵਿੱਚ ਹੀ ਉਸ ਇਮਾਰਤ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿਤਾ। ਇੰਦਰਾ ਨੇ ਤਾਂ ਮੱਥਾ ਹੀ ਢਾਹ ਕੇ ਮੁੜ ਉਸਾਰਿਆ ਸੀ ਪਰ ਜੋਸ਼ੀਲੇ ਸਿੰਘਾਂ ਨੇ ਸਾਰੇ ਅਕਾਲ ਤਖ਼ਤ ਨੂੰ ਜੜ੍ਹਾਂ ਤੋਂ ਪੁੱਟ ਕੇ ਅਹੁ ਮਾਰਿਆ!

ਗੱਲ ਤਾਂ ਮੈ ਹੋਰ ਕਰਨ ਲੱਗਾ ਸਾਂ ਪਰ ਚਲਿਆ ਹੋਰ ਪਾਸੇ ਗਿਆ। ਪੰਜਾਬ ਦੇ ਪੇਂਡੂ ਸਿੱਖ ਸਮਾਜ ਦੇ ਬਾਕੀ ਉਹਨਾਂ ਨੌਜਵਾਨਾਂ ਵਾਂਗ ਹੀ ਮੇਰੇ ਤੇ ਵੀ ਮਾਰਕਸਵਾਦ ਦਾ ਓਵੇਂ ਹੀ ਅਸਰ ਹੋ ਗਿਆ, ਜੋ ਗੁਰਮੁਖੀ ਅੱਖਰਾਂ ਵਿੱਚ ਲਿਖੇ ਪੰਜਾਬੀ ਪੱਤਰਕਾਰੀ ਤੇ ਸਾਹਿਤ ਨੂੰ ਪੜ੍ਹਨ ਵਾਲ਼ਿਆਂ ਉਤੇ, ਓਹਨੀਂ ਦਿਨੀਂ ਹੋ ਜਾਂਦਾ ਸੀ। ਅਰਥਾਤ ਪੰਜਾਹਵੇਂ ਤੇ ਸੱਠਵੇਂ ਦਹਾਕੇ ਦੌਰਾਨ ਕਮਿਊਨਿਜ਼ਮ ਦੇ ਪ੍ਰਚਾਰ ਦਾ ਬੜਾ ਹੀ ਜੋਰ ਸੀ। ਸਿੱਖ ਤੇ ਪੇਂਡੂ ਪਿਛੋਕੜ ਵਾਲ਼ੇ ਲਿਖਾਰੀ ਤਕਰੀਬਨ ਸਾਰੇ ਹੀ ਖੁਲ੍ਹਮਖੁਲ੍ਹਾ ਕਮਊਨਿਜ਼ਮ ਦਾ ਪ੍ਰਚਾਰ ਕਰਦੇ ਸਨ। ਜੇਹੜਾ ਨਹੀ ਸੀ ਇਸ ਵਹਿਣ ਵਿੱਚ ਵਹਿੰਦਾ ਉਸਨੂੰ ਪਿਛਾਂਹ ਖਿੱਚੂ ਗਰਦਾਨ ਕੇ ਦੁਰਕਾਰਿਆ ਜਾਂਦਾ ਸੀ। ਇਹ ਸਾਨੂੰ ਵੇਖ ਕੇ ਹੈਰਾਨੀ ਸ਼ਾਇਦ ਹੋਵੇਗੀ ਕਿ ਇਸ ਕਮਿਊਨਿਜ਼ਮ ਦੇ ਪ੍ਰਚਾਰ ਦੇ ਹੜ੍ਹ ਵਿੱਚ ਨਾ ਰੁੜ੍ਹਨ ਵਾਲ਼ੇ ਜੇਹੜੇ ਪੰਜਾਬੀ ਦੇ ਕੁੱਝ ਲਿਖਾਰੀ ਬਚੇ ਸਨ ਉਹ ਆਮ ਤੌਰ ਤੇ ਗ਼ੈਰ ਜੱਟ ਪਿਛੋਕੜ ਵਾਲ਼ੇ ਹੀ ਸਨ; ਭਾਵੇਂ ਕਿ ਗ਼ੈਰ ਜੱਟ ਪਿਛੋਕੜ ਵਾਲ਼ੇ ਲੇਖਕਾਂ ਵਿੱਚ ਵੀ, ਗਿ. ਹੀਰਾ ਸਿੰਘ ਦਰਦ, ਗਿ. ਕੇਸਰ ਸਿੰਘ ਵਰਗੇ, ਆਪਣੀਆਂ ਲਿਖਤਾਂ ਰਾਹੀਂ, ਕਮਿਊਨਿਜ਼ਮ ਦੇ ਵੱਡੇ ਪ੍ਰਚਾਰਕ ਰਹੇ। ਮੈ ਵਿਚਰਦਾ ਤੇ ਸਿੱਖ ਧਾਰਮਿਕ ਖੇਤਰ ਵਿੱਚ ਸਾਂ ਪਰ ਪੰਜਾਬੀ ਦੇ ਪੱਤਰ ਤੇ ਕਿਤਾਬਾਂ ਪੜ੍ਹਨ ਦੀ ਆਦਤ ਕਰਕੇ ਮੇਰੇ ਉਪਰ ਵੀ ਇਸ ਅਖੌਤੀ ਅਗਾਂਹ ਵਧੂ ਵਿਚਾਰਧਾਰਾ ਦਾ ਬੜੀ ਬੁਰੀ ਤਰ੍ਹਾਂ ਅਸਰ ਸੀ। ਮੈ ਸਦਾ ਹੀ ਸੋਚਿਆ ਕਰਦਾ ਸਾਂ ਕਿ ਮੈ ਵੀ ਕਿਸੇ ਅਜਿਹੀ ਅਗੇ ਵਧੂ ਲਹਿਰ ਵਿੱਚ ਸ਼ਾਮਲ ਹੋ ਕੇ ਕੋਈ ‘ਮਾਅਰਕਾ’ ਮਾਰਾਂ ਪਰ ਆਰਥਿਕ ਤੇ ਮਾਨਸਿਕ ਕਮਜੋਰੀ ਕਰਕੇ, ਇਸ ਪਾਸੇ ਅਮਲੀ ਕਦਮ ਪੁੱਟਣ ਵਿੱਚ ਝਿਜਕ ਸੀ। ਇਸ ਮਕਸਦ ਲਈ ਕੁੱਝ ਤੱਤੇ ਸਮਝੇ ਜਾਂਦੇ ਕਮਿਊਨਿਸਟ ਆਗੂਆਂ ਨਾਲ਼ ਮੇਲ਼ ਮੁਲਾਕਾਤਾਂ ਵੀ ਕੀਤੀਆਂ ਪਰ ਗੱਲ ਕੋਈ ਸਮਝ ਦੀ ਵਲਗਣ ਵਿੱਚ ਆ ਨਾ ਸਕੀ। ਜੇਕਰ ਮੈ ਪੰਥਕ ਦਾਇਰਾ ਛੱਡ ਕੇ ਦੂਜੇ ਮਨਚਾਹੇ ਪਾਸੇ ਤੁਰ ਵੀ ਪੈਂਦਾ ਤਾਂ ਮੈਨੂੰ ਆਪਣੀ ਦਾਦੀ ਮਾਂ ਜੀ, ਬੀਬੀ ਜੀ, ਭਾਈਆ ਜੀ, ਬਾਕੀ ਸਾਰੀ ਸਾਕਾਦਾਰੀ ਤੇ ਸੱਜਣਾਂ ਮਿਤਰਾਂ ਤੋਂ ਵਿਛੋੜਾ ਪੈ ਜਾਣ ਦਾ ਖ਼ਤਰਾ ਵੀ ਸੀ ਜਿਸ ਨੂੰ ਮੈ ਕੁਰਬਾਨ ਕਰ ਸਕਣ ਦਾ ਹੌਸਲਾ ਨਾ ਕਰ ਸਕਿਆ। ਇਹ ਸਭ ਤੋਂ ਵੱਡਾ ਕਾਰਨ ਸੀ ਜੋ ਮੈਨੂੰ ਇਸ ਪਾਸੇ ਛਾਲ ਮਾਰਨ ਤੋਂ ਰੋਕਦਾ ਸੀ। ਭਾਵੇਂ ਆਰਥਿਕਤਾ ਵੀ ਇਸ ਦਾ ਇੱਕ ਕਾਰਨ ਸੀ ਪਰ ਉਹ ਤਾਂ ਸ਼ਾਇਦ ਰੋਟੀ ਹੋਰ ਪਾਸਿਉਂ ਮਿਲ਼ ਜਾਣ ਕਰਕੇ ਹੱਲ ਹੋ ਹੀ ਸਕਦਾ ਸੀ, ਪਰ ਪਿਛੋਕੜ ਨਾਲ਼ੋਂ ਟੁੱਟ ਜਾਣ ਦਾ ਸੰਕਟ ਸਭ ਤੋਂ ਭਾਰੂ ਸੀ। ਉਪਜੀਵਕਾ ਧਾਰਮਿਕ ਡਿਊਟੀ ਕਰਕੇ ਪ੍ਰਾਪਤ ਹੁੰਦੀ ਸੀ ਪਰ, “ਆਂਡੇ ਕਿਤੇ ਤੇ ਕੁੜ ਕੁੜ ਕਿਤੇ।” ਵਾਲ਼ੀ ਲੋਕੋਕਤੀ ਅਨਸਾਰ ਸੋਚ ਕਿਤੇ ਉਲ਼ਟ ਪਾਸੇ ਹੁੰਦੀ ਸੀ। ਵੇਹਲ਼ੇ ਵੇਲ਼ੇ ਲਾਇਬ੍ਰੇਰੀਆਂ, ਸਾਹਿਤ ਸਭਾਵਾਂ ਆਦਿ ਸੰਸਥਾਵਾਂ ਵਿੱਚ ਫਿਰਦਿਆਂ ਹੋਇਆਂ ਜ਼ਿਹਨੀ ਅਯਾਸ਼ੀ ਦੇ ਰੂਪ ਵਿਚ, ਵੱਖਰੇ ਹੀ ਸੰਸਾਰ ਵਿੱਚ ਵਿਚਰਦਾ ਸਾਂ। ਓਹਨੀਂ ਦਿਨੀਂ ਹੀ ਨਕਸਲਬਾੜੀ ਲਹਿਰ ਦਾ ਬੜਾ ਜੋਰ ਸ਼ੋਰ ਸੀ। ਉਹਨਾਂ ਵਿੱਚ ਸ਼ਾਮਲ ਤਾਂ ਨਾ ਹੋ ਸਕਿਆ ਪਰ ਹਮਦਰਦੀ ਜਰੂਰ ਉਹਨਾਂ ਨਾਲ਼ ਸੀ। ਇਸ ਗੱਲ ਦਾ ਲੋਕਾਂ ਉਤੇ ਏਨਾ ਅਸਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਕੁੱਝ ਉਚ ਅਧਿਕਾਰੀ ਸਾਡੇ ਟੋਲੇ ਨੂੰ ਨਕਸਲਬਾੜੀਆਂ ਦਾ ਗਰੁਪ ਆਖਣ ਲੱਗ ਪਏ। ਹੋਰ ਤਾਂ ਹੋਰ, ੧੯੯੯ ਦੇ ਮਾਰਚ ਮਹੀਨੇ ਵਿੱਚ ਹੋਏ ਇੱਕ ਘਰੇਲੂ ਧਾਰਮਿਕ ਸਮਾਗਮ ਵਿੱਚ ਸਟੇਜ ਉਪਰ ਬੋਲਣ ਲਈ ਮੇਰੇ ਚਾਚੇ ਦੇ ਪੁਤ, ਸ. ਸੁਖਵਿੰਦਰ ਸਿੰਘ, ਸਟੇਜ ਸੈਕਟਰੀ ਨੇ, ਮੇਰਾ ਨਾਂ ਬੋਲਣ ਸਮੇ, ਸੰਗਤਾਂ ਨਾਲ਼ ਮੇਰੀ ਜਾਣਕਾਰੀ ਵੀ ਇਹ ਸ਼ਬਦ. “ਇਹਨਾਂ ਦਾ ਸਬੰਧ ਨਕਸਲਬਾੜੀਆਂ ਨਾਲ਼ ਵੀ ਰਿਹਾ ਹੈ” ਆਖ ਕੇ ਕਰਵਾਈ। “ਵਾਹ ਓਇ ਕਰਮਾਂ ਦਿਆ ਬਲੀਆ! ਰਿਧੀ ਖੀਰ ਤੇ ਬਣ ਗਿਆ ਦਲੀਆ!” ਦੀਵਾਨ ਦੀ ਸਮਾਪਤੀ ਉਪ੍ਰੰਤ ਮੈ ਜਰਾ ਠਰੰਮੇ ਨਾਲ਼ ਉਸਨੂੰ ਆਖਿਆ, “ਤੈਨੂੰ ਮੇਰੇ ਬਾਰੇ ਹੋਰ ਕੁੱਝ ਦੱਸਣ ਲਈ ਨਹੀ ਸੀ ਲਭਾ! ਜਰੂਰ ਹੀ ਅਜਿਹੀ ਅਣਸੰਬੰਧਕ ਗੱਲ ਹੀ ਤੂੰ ਕਰਨੀ ਸੀ!” ਸ਼ੁਕਰ ਹੈ ਰੱਬ ਦਾ ਕਿ ਉਸ ਨੇ ਮੇਰੇ ਨਾਲ਼ ਲੜਨ ਦੀ ਬਜਾਇ ਆਪਣੀ ਗ਼ਲਤੀ ਸਵੀਕਾਰ ਲਈ ਤੇ ਅੱਗੋਂ ਤੋਂ ਇਸ ਗੱਲ ਦਾ ਧਿਆਨ ਰੱਖਣ ਦਾ ਭਰੋਸਾ ਦਿਵਾ ਦਿਤਾ।

ਸੱਠਵੇਂ ਦਹਾਕੇ ਦੌਰਾਨ ਮੈ ਅਜਿਹੀ ਮਾਨਸਿਕ ਉਧੇੜ ਬੁਣ ਵਿੱਚ ਹੀ ਵਿਚਰਦਾ ਸਾਂ ਕਿ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਿਆ। ਮਾਸਟਰ ਤਾਰਾ ਸਿੰਘ ਜੀ ਦੀ ਚਿਰਕਾਲੀ ਤੇ ਰਵਾਇਤੀ ਲੀਡਰਸ਼ਿਪ ਤੋਂ ਵੱਖ ਹੋ ਕੇ, ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਵਿਚ, ਦਲ ਦਾ ਇੱਕ ਵੱਖਰਾ ਧੜਾ ਵਜੂਦ ਵਿੱਚ ਆ ਗਿਆ। ਇਹ ਬਾਅਦ ਵਿੱਚ ਭਾਰੂ ਵੀ ਹੋ ਗਿਆ। ਇਹਨਾਂ ਦਾ ਰਾਜਸੀ ਪ੍ਰੋਗਰਾਮ ਜਦੋਂ ਮੈ ਪੜ੍ਹਿਆ ਤਾਂ ਵਿਚਾਰ ਆਇਆ ਕਿ ਕਮਿਊਨਿਸਟ ਬਣ ਕੇ ਵੀ ਮੈ ਇਹੋ ਕੁੱਝ ਹੀ ਚਾਹੁੰਦਾ ਹਾਂ ਤੇ ਇਹੋ ਕੁੱਝ ਅਕਾਲੀ ਰਹਿ ਕੇ ਵੀ ਕੀਤਾ ਜਾ ਸਕਦਾ ਹੈ। ਇਸ ਨਾਲ਼ ਦੋਵੇਂ ਪਾਸੇ ਕਾਇਮ ਰਹਿ ਸਕਦੇ ਹਨ। ਗੱਲ ਕੁੱਝ ਇਸ ਤਰ੍ਹਾਂ ਦੀ ਹੀ ਬਣਦੀ ਹੈ:

ਸ਼ਾਮ ਕੋ ਪੀ। ਸੁਭਾ ਤੋਬਾ ਕਰ ਲੀ।

ਰਿੰਦ ਕੇ ਰਿੰਦ ਰਹੇ, ਹਾਥ ਸੇ ਜੱਨਤ ਨਾ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਜੀ, ਪਤਾ ਨਹੀ ਕਿਉਂ? ਸ਼ਾਇਦ ਮੇਰੀ ਦਿਲਚਸਪੀ ਕਰਕੇ, ਜਾਂ ਮੇਰੀ ਇਸ ਪਾਸੇ ਦੂਜਿਆਂ ਵਾਲ਼ੋਂ ਵਧ ਜਾਣਕਾਰੀ ਕਰਕੇ, ਜਾਂ ਮੇਰੀ ਨਿਜ ਸਵਾਰਥ ਤੋਂ ਉਪਰ ਵਿਚਰਦੇ ਹੋਣ ਵਾਲ਼ੀ ਅਵਸਥਾ ਕਰਕੇ ਜਾਂ ਫਿਰ ਹੋਰ ਕੋਈ ਉਹਨਾਂ ਦੀ ਗੱਲ ਏਨੀ ਦਿਲਚਸਪੀ ਨਾਲ਼ ਸੁਣਨ ਵਾਲ਼ਾ ਨਾ ਹੋਣ ਕਰਕੇ, ਮੇਰੇ ਨਾਲ਼ ਅਜਿਹੀਆਂ ਕੁੱਝ ਜਨਤਕ ਤੌਰ ਤੇ ਨਾ ਕਰਨਯੋਗ ਗੱਲਾਂ ਵੀ ਕਰ ਲਿਆ ਕਰਦੇ ਸਨ। ਕਈ ਵਾਰ ਸਵਾਰਥੀ ਸਿਆਸਤਦਾਨਾਂ ਦੇ ਹੱਦੋਂ ਵਧੇ ਹੋਏ ਸਵਾਰਥ ਤੋਂ, ਉਹਨਾਂ ਦੇ ਆਪਣੇ ਅੰਦਰ ਪੈਦਾ ਹੋਈ ਮਾਯੂਸੀ ਦੇ ਆਲਮ ਵਿੱਚ ਵੀ ਮੇਰੇ ਨਾਲ਼ ਆਪਣੇ ਦਿਲ ਦੀ ਵੇਦਨਾ ਖੋਹਲ ਲੈਂਦੇ ਸਨ। ਏਥੋਂ ਤੱਕ ਕਿ ਕਦੀ ਕਦੀ ਅਜਿਹੀ ਗੱਲ ਵੀ ਕਰ ਲਿਆ ਕਰਦੇ ਸਨ ਜਿਸ ਉਪਰ ਅਮਲ ਕਰਨ ਨਾਲ਼ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਲਾਭ ਹੋ ਸਕਦਾ ਹੈ ਪਰ ਕਿਸੇ ਖਾਸ ਵਜਾਹ ਕਰਕੇ ਉਹ ਕੰਮ ਉਹ ਨਹੀ ਕਰ ਸਕਦੇ ਤੇ ਉਸ ਤੋਂ ਉਲ਼ਟ ਕਰਨਾ ਪੈ ਰਿਹਾ ਹੈ। ਇੱਕ ਦਿਨ ਮੈ ਇੱਕ ਸ਼ਾਮ ਨੂੰ ਸਰਾਂ ਵਿੱਚ ਸੰਤ ਜੀ ਦੀ ਰਿਹਾਇਸ਼ ਤੇ, ਉਹਨਾਂ ਨਾਲ ਇਕਾਂਤ ਵਿੱਚ ਵਿਚਾਰਾਂ ਕਰਦਿਆਂ ਉਹਨਾਂ ਦੇ ਸਾਹਮਣੇ ਆਪਣੀ ਇਸ ਸਥਿਤੀ ਨੂੰ ਪਰਗਟ ਕਰ ਦਿਤਾ। ਰਿਹਾਇਸ਼ ਵੀ ਉਸ ਸਮੇ ਦੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੀ ਸੀ, ਸ਼ਾਇਦ ਅੱਜ ਦੇ ਸਿੱਖ ਨੌਜਵਾਨਾਂ ਦੇ ਮੰਨਣ ਵਿੱਚ ਨਾ ਆਵੇ! ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਦੇ ਨਾਲ਼ ਸਰਾਂ ਦਾ ਇਹ ਹਿੱਸਾ ਹੁੰਦਾ ਸੀ। ਉਸ ਵਿੱਚ ਦੋ ਕਮਰੇ, ਇੱਕ ਬਰਾਂਡਾ ਤੇ ਛੋਟਾ ਜਿਹਾ ਉਸ ਦਾ ਵੇਹੜਾ ਸੀ। ਇਸ ਸਾਰੇ ਕੁੱਝ ਨੂੰ ਇੱਕ ਕੰਧ ਨਾਲ਼ ਵਗਲ਼ਿਆ ਹੋਇਆ ਸੀ। ਇੱਕ ਕਮਰੇ ਵਿੱਚ ਸੰਤ ਜੀ ਸੌਂਦੇ ਸਨ ਤੇ ਦੂਜੇ ਕਮਰੇ ਵਿੱਚ ਉਹਨਾਂ ਦੀਆਂ ਕਿਤਾਬਾਂ ਹੁੰਦੀਆਂ ਸਨ। ਉਹਨਾਂ ਦੇ ਸੇਵਾਦਾਰ ਲੰਗਰ ਵਿਚੋਂ ਰੋਟੀ ਖਾਇਆ ਕਰਦੇ ਸਨ ਪਰ ਸ਼ੂਗਰ ਤੇ ਕਈ ਹੋਰ ਬੀਮਾਰੀਆਂ ਦੇ ਮਰੀਜ਼ ਹੋਣ ਕਰਕੇ, ਸੰਤ ਜੀ ਦਾ ਭੋਜਨ ਉਚੇਚੇ ਤੌਰ ਤੇ, ਡਾ. ਭਗਤ ਸਿੰਘ ਜੀ ਦੇ ਘਰੋਂ ਬਣ ਕੇ ਆਇਆ ਕਰਦਾ ਸੀ। ਬਾਅਦ ਵਿੱਚ ਸ. ਗੁਰਚਰਨ ਸਿੰਘ ਟੌਹੜਾ ਵੀ ਆਪਣੇ ਕਮੇਟੀ ਦੇ ਪ੍ਰਧਾਨਗੀ ਦੇ ਸਮੇ ਦੌਰਾਨ ਏਥੇ ਹੀ ਰਿਹਾ ਕਰਦੇ ਸਨ। ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੰਤ ਚੰਨਣ ਸਿੰਘ ਜੀ, ਦਫ਼ਤਰ ਦੇ ਹੀ ਇੱਕ ਕਮਰੇ ਵਿੱਚ ਸੌਂ ਰਿਹਾ ਕਰਦੇ ਸਨ। ਜਦੋਂ ਮੁਖ ਮੰਤਰੀ ਲਛਮਣ ਸਿੰਘ ਗਿੱਲ ਨੇ ਉਹਨਾਂ ਦੇ ਖ਼ਿਲਾਫ਼ ਮੁੱਕਦਮੇ ਬਣਾ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਕੀਤੀਆਂ ਤਾਂ ਫਿਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲੱਗਵੇਂ ਮਕਾਨ ਵਿੱਚ ਚਲੇ ਗਏ ਸਨ। ਇਹ ਮਕਾਨ ਵੀ, ਜਿਸ ਦੇ ਹੇਠਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦਫ਼ਤਰ ਹੁੰਦਾ ਸੀ, ੧੯੮੪ ਵਿੱਚ ਇੰਦਰਾ ਦੀ ਕਿਰਪਾ ਨਾਲ਼ ਸਮਾਪਤ ਹੋ ਗਿਆ ਹੋਇਆ ਹੈ। ਸਮਾ ਬਹੁਤ ਬਦਲ ਗਿਆ ਹੈ। ਸਮੇ ਨਾਲ਼ ਪ੍ਰਾਪਤ ਹੋਈ ਰਾਜਸੀ ਤੇ ਆਰਥਿਕ ਸ਼ਕਤੀ ਸਦਕਾ ਆ ਗਈ ਤਬਦੀਲੀ ਅੱਜ ਦੇ ਪ੍ਰਧਾਨਾਂ ਦਾ ਰਹਿਣ ਸਹਿਣ ਵੇਖ ਕੇ, ਸ਼ਾਇਦ ਚਾਰ ਦਹਾਕੇ ਪਹਿਲਾਂ ਦੇ ਪ੍ਰਧਾਨਾਂ ਦੀ ਰਿਹਾਇਸ਼ ਦੀ ਹਾਲਤ ਨਾ ਮੰਨਣਯੋਗ ਹੀ ਲੱਗੇ। ਮੈ ਸਮੇ ਨਾਲ਼ ਬਦਲੀ ਦਾ ਵਿਰੋਧੀ ਨਹੀ; ਕੌਮੀ ਵਸੀਲਿਆਂ ਨੂੰ ਸੰਜਮ ਨਾਲ਼ ਵਰਤਣ ਦਾ ਹਾਮੀ ਜ਼ਰੂਰ ਹਾਂ।

ਜਦੋਂ ਮੈ ਸੰਤ ਜੀ ਨੂੰ ਇਹ ਦੱਸਿਆ ਕਿ ਮੈ ਤਾਂ ਕਮਿਊਨਿਸਟ ਹੋ ਜਾਣਾ ਸੀ ਪਰ ਤੁਹਾਡਾ ਰਾਜਸੀ ਪ੍ਰੋਗਰਾਮ ਪੜ੍ਹ ਕੇ ਮੈਨੂੰ ਤਸੱਲੀ ਹੋ ਗਈ ਤੇ ਮੈ ਅਕਾਲੀ ਵਲ਼ਗਣ ਦੇ ਅੰਦਰ ਹੀ ਟਿਕਿਆ ਰਹਿ ਗਿਆ। ਗੱਲ ਇਸ ਤਰ੍ਹਾਂ ਸੀ ਕਿ ਸ. ਗੁਰਬਖ਼ਸ਼ ਸਿੰਘ ਦੀ ‘ਪ੍ਰੀਤਲੜੀ’ ਪੜ੍ਹ ਪੜ੍ਹ ਕੇ ਇਉਂ ਭਾਸਦਾ ਸੀ ਕਿ ਰੂਸ ਤੇ ਚੀਨ ਤਾਂ ਦੁਨੀਆਂ ਤੇ ਸਵੱਰਗ ਹਨ ਤੇ ਹਿੰਦੁਸਤਾਨ ਨਰਕ। ਅਮ੍ਰੀਕਾ ਪੱਖੀ ਸੰਸਾਰ ਸਾਰਾ ਬੁਰਾਈਆਂ ਨਾਲ਼ ਹੀ ਭਰਿਆ ਹੋਇਆ ਹੈ ਤੇ ਰੂਸ ਪੱਖੀ ਬਲਾਕ ਸਭ ਭਲਾਈਆਂ ਦਾ ਸੋਮਾ। ਸਰਦਾਰ ਜੀ ਦੀ ਲੱਛੇਦਾਰ ਪੰਜਾਬੀ ਭਾਸ਼ਾ ਸਿੱਖ ਨੌਜਵਾਨਾ ਨੂੰ, ਜਿਨ੍ਹਾਂ ਨੇ ਕਾਲਜ ਦਾ ਮੂਹ ਵੇਖ ਲਿਆ ਹੋਵੇ, ਬੜੀ ਪ੍ਰਭਾਵਤ ਕਰਦੀ ਸੀ ਤੇ ਹਰੇਕ ਪਾਠਕ ਉਸਦੀਆਂ ਲਿਖਤਾਂ ਦੇ ਵਹਿਣ ਵਿਚ, ਨਾਲ਼ ਨਾਲ਼ ਹੀ ਵਹਿ ਜਾਂਦਾ ਸੀ। ਇਸ ਤਰ੍ਹਾਂ ਸਿੱਖਾਂ ਦੀਆਂ ਦੋ ਪੀਹੜੀਆਂ ਨੂੰ ਉਹਨਾਂ ਨੇ ਆਪਣੀ ਕਲਮ ਦੇ ਜਾਦੂ ਨਾਲ ਇਸ ਪਾਸੇ ਤੋਰੀ ਰਖਿਆ। ਸਿੱਖਾਂ ਦਾ ਨਾਂ ਮੈ ਇਸ ਲਈ ਲੈ ਰਿਹਾ ਹਾਂ ਕਿ ਬਾਕੀ ਦੇ ਬਹੁਗਿਣਤੀ ਪੰਜਾਬੀਆਂ ਦੇ ਇੱਕ ਧੜੇ ਨੇ ਉਰਦੂ ਨੂੰ ਅਪਣਾ ਕੇ ਪੰਜਾਬੀ ਮਾਂ ਬੋਲੀ ਤੋਂ ਮੂਹ ਮੋੜ ਲਿਆ ਸੀ ਤੇ ਦੂਜੇ ਵੱਡੇ ਗਰੁਪ ਨੇ ਹਿੰਦੀ ਦੇ ਹੇਜ ਕਰਕੇ ਪੰਜਾਬੀ ਵਿਚਾਰੀ ਨੂੰ ਬੇਦਾਵਾ ਦੇ ਦਿਤਾ ਸੀ। ਅੰਦਰ ਅੰਦਰ ਤਾਂ ਭਾਵੇਂ ਇਹ ਅੱਗ ਸਦੀਆਂ ਤੋਂ ਸੁਲਗਦੀ ਆ ਰਹੀ ਹੋਵੇ ਪਰ ੧੯੫੧ ਦੀ ਮਰਦਮ ਸ਼ੁਮਾਰੀ ਸਮੇ ਤਾਂ ਪੂਰੀ ਤਰ੍ਹਾਂ ਹੀ ਬਿੱਲੀ ਥੈਲਿਉਂ ਬਾਹਰ ਆ ਗਈ। ਓਦੋਂ ਪੰਜਾਬ ਦੇ ਆਰੀਆ ਸਮਾਜੀ ਪ੍ਰੈਸ ਤੇ ਵਿਦਿਅਕ ਸੰਸ਼ਥਾਵਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਦੇ ਖਾਨੇ ਵਿੱਚ ਹਿੰਦੀ ਲਿਖਵਾਉਣ ਲਈ ਪ੍ਰੇਰਤ ਕੀਤਾ। ਏਥੋਂ ਤੱਕ ਕਿ ਲਾਲਾ ਜਗਤ ਨਰਾਇਣ ਦੇ ਕਬਜੇ ਵਾਲ਼ੇ ਕਾਂਗਰਸ ਦੇ ਦਫ਼ਤਰ ਦੀ ਵੀ ਇਸ ਮਾਂ ਬੋਲੀ ਦੇ ਖ਼ਿਲਾਫ਼ ਘਿਣਾਉਣੇ ਜ਼ੁਰਮ ਵਾਸਤੇ ਵਰਤੋਂ ਕਰਕੇ, ਨਾ ਕੇਵਲ ਹਿੰਦੂਆਂ ਨੂੰ ਹੀ ਬਲਕਿ ਪਛੜੀਆਂ ਸ਼ਰੇਣੀਆਂ ਦੇ ਵਰਗਾਂ ਨੂੰ ਵੀ ਪੰਜਾਬੀ ਤੋਂ ਮੁਨਕਰ ਹੋਣ ਲਈ ਪ੍ਰੇਰਤ ਕਰਨ ਲਈ ਪੂਰਾ ਜੋਰ ਲਾਇਆ ਗਿਆ। ਪੰਜਾਬ ਵਿਚਲੀ ੧੯੫੧ ਦੀ ਮਰਦਮ ਸ਼ੁਮਾਰੀ ਦੀ ਗਿਣਤੀ ਨੂੰ, ਉਸ ਸਮੇ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਵੀ ਨਾ ਮੰਨਣਯੋਗ ਠਹਿਰਾ ਦਿਤਾ। ਪੁਰਾਣੇ ਇਤਿਹਾਸ ਵੱਲ ਨਿਗਾਹ ਮਾਰੀ ਜਾਵੇ ਤਾਂ ਸਦਾ ਹੀ ਜੇਤੂਆਂ ਨੇ ਹਾਰਿਆਂ ਦਾ ਇਤਿਹਾਸ, ਸਭਿਅਤਾ, ਸਭਿਆਚਾਰ, ਰਿਵਾਇਤਾਂ, ਬੋਲੀ, ਲਿੱਪੀ ਆਦਿ ਨੂੰ ਮਿਟਾਉਣ ਦਾ ਯਤਨ ਕੀਤਾ ਹੈ। ਆਰੀਆਂ ਨੇ ਦਰਾਵੜਾਂ ਦਾ, ਹਿੰਦੂਆਂ ਨੇ ਬੋਧੀਆਂ ਦਾ ਤੇ ਅਠਾਰਵੀ ਸਦੀ ਵਿੱਚ ਪੰਜਾਬ ਦੇ ਦੀਵਾਨ ਲੱਖਪਤ ਰਾਇ (ਲੱਖੂ) ਨੇ ਵੀ ਇਹੋ ਕੁੱਝ ਗੁਰਮੁਖੀ ਅੱਖਰਾਂ, ਪੰਜਾਬੀ ਬੋਲੀ, ਤੇ ਸਿੱਖ ਧਰਮ ਨਾਲ਼ ਕਰਨ ਦਾ ਕੁਯਤਨ ਕੀਤਾ। ਭਾਵੇਂ ਅੰਤ ਵਿੱਚ ਉਹ ਆਪਣੇ ਇਸ ਜ਼ੁਲਮ ਦੀ, ਦੀਵਾਨ ਕੌੜਾ ਮੱਲ ਦੀ ਦੂਰ ਦਰਸ਼ਤਾ ਤੇ ਸਹਾਇਤਾ ਨਾਲ਼, ਖ਼ਾਲਸੇ ਦੇ ਹੱਥੋਂ, ਪੂਰੀ ਸਜਾ ਭੁਗਤ ਕੇ ਜਹੰਨਮ ਨੂੰ ਗਿਆ।

ਦੁਨੀਆ ਨੂੰ ਤਾਂ ਰੂਸ ਦੀ ਅਸਲੀਅਤ ਦਾ ਪਤਾ ਓਦੋਂ ਹੀ ਲਗਾ ਜਦੋਂ ਗਰਵਾਚਵ ਦੀ ਉਦਾਰਤਾ ਵਾਲ਼ੀ ਪਾਲਸੀ ਨਾਲ਼, ਪੜਾ ਵਾਰ ਸਾਰਾ ਕੁੱਝ ਲੋਕਾਂ ਦੇ ਸਾਹਮਣੇ ਆਇਆ। ਇਹ ਇੱਕ ਲੰਮਾ ਇਤਿਹਾਸ ਹੈ ਤੇ ਏਥੇ ਵਿਸਥਾਰ ਸਹਿਤ ਇਸ ਸਾਰੇ ਕੁੱਝ ਦਾ ਵਰਨਣ ਨਹੀ ਹੋ ਸਕਦਾ।

ਮੇਰੀ ਅਕਾਲੀ ਦਲ ਦੇ ਦਾਇਰੇ ਅੰਦਰ ਰਹਿ ਜਾਣ ਦੀ ਗੱਲ ਸੁਣ ਕੇ ਸੰਤ ਜੀ ਨੇ ਅਜਿਹਾ ਸਿਆਸੀ ਪ੍ਰੋਗਰਾਮ ਅਪਣਾਉਣ ਦੇ ਪਿਛੋਕੜ ਤੇ ਮੇਰੀ ਝਾਤ ਪੁਆਈ। ਉਹਨਾਂ ਦੇ ਬਚਨਾਂ ਦਾ ਸਾਰ ਕੁੱਝ ਇਉਂ ਸੀ:

ਮੈ ਜਦੋਂ ੧੯੬੬ ਦੇ ਅਖੀਰ ਵਿੱਚ ਵਲੈਤੀ ਸਿੱਖਾਂ ਦੇ ਸੱਦੇ ਤੇ ਗਿਆ ਤਾਂ ਜਰਮਨੀ ਜਾਣ ਦਾ ਮੌਕਾ ਵੀ ਮਿਲ਼ਿਆ। ਦੋਹਾਂ ਜਰਮਨਾਂ ਵਿੱਚ ਜਮੀਨ ਆਸਮਾਨ ਦਾ ਫਰਕ ਦਿਸਿਆ। ਇੱਕ ਪਾਸੇ ਤਾਂ ਵੈਸਾਖੀ ਦੇ ਮੇਲੇ ਵਾਂਗ ਚਹਿਲ ਪਹਿਲ; ਲ਼ੋਕੀਂ ਅਠਖੇਲੀਆਂ ਕਰਦੇ ਫਿਰਨ, ਰਾਗ ਰੰਗਾਂ ਦਾ ਦੌਰ ਦੌਰਾ, ਮੁਕੰਮਲ ਆਜ਼ਾਦੀ ਦਾ ਅਹਿਸਾਸ, ਲੋਕੀਂ ਰੱਜੇ ਪੁੱਜੇ ਦਿਸਣ। ਦੂਜੇ ਪਾਸੇ ਜਿਧਰ ਕਮਿਊਨਿਸਟਾਂ ਦਾ ਕਬਜ਼ਾ ਸੀ ਓਧਰ ਜਿਵੇਂ ਮਾਤਮ ਛਾਇਆ ਹੋਇਆ ਹੋਵੇ। ਲੋਕ ਘੁੱਟੇ ਵੱਟੇ, ਭੁੱਖੇ ਨੰਗੇ ਜਾਪਣ। ਕੋਈ ਕਿਸੇ ਨਾਲ਼ ਖੁਲ੍ਹ ਕੇ ਗੱਲ ਨਾ ਕਰੇ; ਨਾ ਹੀ ਕਿਸੇ ਦੇ ਚੇਹਰੇ ਤੇ ਰੌਣਕ ਦਿਸੇ। ਇਕੋ ਮੁਲਕ ਦੇ ਦੋਹਾਂ ਹਿੱਸਿਆਂ ਵਿੱਚ ਏਨਾ ਫਰਕ! ਮੈ ਉਸ ਵੇਲ਼ੇ ਰੱਬ ਅੱਗੇ ਬੇਨਤੀ ਕੀਤੀ ਕਿ ਜਾ ਰੱਬਾ ਸਿੱਖ ਕੌਮ ਨੂੰ ਤੇ ਮੇਰੇ ਪੰਜਾਬ ਨੂੰ ਬਚਾਈਂ ਇਸ ਬਲਾ ਤੋਂ! ਕਿਤੇ ਮੇਰੇ ਗੁਰੂਆਂ ਦੀ ਧਰਤੀ ਉਪਰ ਅਜਿਹੇ ਰਾਜ ਪ੍ਰਬੰਧ ਦਾ ਪਰਛਾਵਾਂ ਨਾ ਪੈ ਜਾਵੇ! ਫਿਰ ਮੈ ਸੋਚਿਆ ਕਿ ਸਿਖ ਨੌਜਵਾਨੀ ਇਸ ਪਾਸੇ ਕਿਉਂ ਭੱਜਦੀ ਹੈ। ਇਸ ਦੇ ਕੁੱਝ ਕਾਰਨਾਂ ਵਿਚੋਂ ਮੈਨੂੰ ਇੱਕ ਕਮਿਊਨਸਿਟ ਪਾਰਟੀ ਦਾ ਚੋਣ ਮੈਨੀਫ਼ੈਸਟੋ ਵੀ ਜਾਪਿਆ। ਮੈ ਸਿੱਖ ਨੌਜਵਾਨਾਂ ਨੂੰ ਇਹਨਾਂ ਦੇ ਚੁੰਗਲ਼ ਵਿਚੋਂ ਬਚਾਉਣ ਲਈ, ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫ਼ੈਸਟੋ ਵਿੱਚ ਵੀ ਉਹ ਗੱਲਾਂ ਸ਼ਾਮਲ ਕਰ ਲਈਆਂ ਜੋ ਸਿੱਖ ਜਵਾਨੀ ਨੂੰ ਖਿੱਚ ਪਾ ਕੇ ਇਉਂ ਕਮਿਊਨਿਸਟ ਗ਼ੁਲਾਮੀ ਵੱਲ਼ ਖਿੱਚਣ ਦਾ ਕਾਰਨ ਬਣ ਰਹੀਆਂ ਸਨ।

ਪਾਠਕ ਕਿਤੇ ਇਹ ਨਾ ਸਮਝਣ ਕਿ ਮੈ ਕਿਸੇ ਖਾਸ ਰਾਜ ਪ੍ਰਬੰਧ ਦੇ ਖਾਸ ਤੌਰ ਤੇ ਖ਼ਿਲਾਫ਼ ਹਾਂ ਜਾਂ ਕਿਸੇ ਦਾ ਉਚੇਚਾ ਹਿਮਾਇਤੀ। “ਮੁੱਲਾਂ ਦੀ ਦੌੜ ਮਸੀਤ ਤੱਕ ਤੇ ਗਿਆਨੀ ਦੀ ਦੌੜ ਗੁਰਦੁਆਰੇ ਤੱਕ।” ਦੀ ਲੋਕੋਕਤੀ ਅਨੁਸਾਰ, ਮੇਰੀ ਸੀਮਤ ਜਿਹੀ ਸੋਚ ਤਾਂ ਅਕਾਲੀ ਦਲ ਦੀ ਸੋਚ ਵਾਲ਼ੀ ਵਲ਼ਗਣ ਤੋਂ ਅੱਗੇ ਜਾਂਦੀ ਹੀ ਨਹੀ। ਧਰਮ ਦੇ ਨਾਂ ਤੇ ਮੈ ਸਿੱਖੀ ਤੋਂ ਅੱਗੇ ਨਹੀ ਵੇਖ ਸਕਦਾ; ਹਰੇਕ ਧਰਮ ਦਾ ਪੂਰਾ ਪੂਰਾ ਸਤਿਕਾਰ ਕਰਦਾ ਹੋਇਆ ਵੀ। ਬਚਪਨ ਤੋਂ ਮੇਰੀ ਸੋਚ ਵਿੱਚ ਇੱਕ ਗੱਲ ਬੈਠ ਗਈ ਹੋਈ ਹੈ ਜੋ ਕਿ ਬਾਹਰ ਕਢਣੀ ਔਖੀ ਹੈ; ਉਹ ਹੈ ਕਿ ਬਾਵਜੂਦ ਆਪਣੀਆਂ ਬਹੁਤ ਸਾਰੀਆਂ ਖਾਮੀਆਂ ਦੇ ਵੀ, ਪੰਜਾਬ ਦਾ ਭਲਾ ਜੋ ਅਕਾਲੀ ਕਰ ਸਕਦੇ ਹਨ ਉਹ ਹੋਰ ਕੋਈ ਪਾਰਟੀ ਨਹੀ ਕਰ ਸਕਦੀ। ਹੋ ਸਕਦਾ ਹੈ ਪਿਛਲੇ ਸਾਢੇ ਕੁ ਤਿੰਨ ਦਹਾਕਿਆਂ ਦੌਰਾਨ ਇਹ ਗੱਲ ਪੂਰੀ ਠੀਕ ਨਾ ਰਹੀ ਹੋਵੇ ਪਰ ਮੇਰੀ ਇਮਾਨਦਾਰਾਨਾ ਸੋਚ ਅਜੇ ਇਸ ਤੋਂ ਅੱਗੇ ਨਹੀ ਜਾ ਰਹੀ। ਭਾਵੇਂ ਕਿਸੇ ਵੀ ਤਰ੍ਹਾਂ ਦਾ ਰਾਜ ਪ੍ਰਬੰਧ ਹੋਵੇ, ਉਹ ਹੋਵੇ ਜਨਤਾ ਦੀ ਭਲਾਈ ਵਾਲ਼ਾ। ਗੁਰਬਾਣੀ ਦੇ ਉਪਦੇਸ਼ ਅਨੁਸਾਰ, “ਤਖਤ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥” ਸਾਰੀ ਜਨਤਾ ਨਾਲ਼ ਬਿਨਾ ਵਿਤਕਰੇ ਇਨਸਾਫ਼ ਕਰਨ ਵਾਲ਼ਾ ਹਾਕਮ ਭਾਵੇਂ ਉਹ ਨਿਰੰਕੁਸ਼ ਰਾਜਾ ਹੋਵੇ ਜਾਂ ਡਿਕਟੇਟਰ ਹੋਵੇ ਜਾਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੋਵੇ. ਜੇ ਉਸ ਦੇ ਸਾਹਮਣੇ ਜਨਤਾ ਦੀ ਭਲਾਈ ਮੁਖ ਹੈ ਤਾਂ ਉਹ ਠੀਕ ਹੈ; ਨਹੀ ਤਾਂ ਨਹੀ। ਭਾਵੇਂ ਕਿ ਨਿਜੀ ਤੌਰ ਤੇ ਮੈ ਸ. ਬਲਵੰਤ ਸਿੰਘ ਰਾਮੂਵਾਲੀਏ ਦਾ ਪ੍ਰਸੰਸਕ ਹਾਂ ਪਰ ਉਸਨੂੰ ਠੀਕ ਸਮਝਦਾ ਹੋਇਆ ਵੀ ਮੈ ਸਮਝਦਾ ਹਾਂ ਕਿ ਪੰਜਾਬੀ ਅਜੇ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਤੋਂ ਅੱਗੇ ਕਿਸੇ ਹੋਰ ਪਾਰਟੀ ਨੂੰ ਪੰਜਾਬ ਦੀ ਹਕੂਮਤ ਸੌਂਪਣ ਲਈ ਤਿਆਰ ਨਹੀ। ਕਰਾਮਾਤ ਹੋ ਵੀ ਸਕਦੀ ਹੈ ਕਦੀ! ਅੱਗੇ ਰੱਬ ਦੀਆਂ ਰੱਬ ਜਾਣੇ! ਭਾਣੇ ਦਾ ਮਾਲਕ ਉਹ ਆਪ ਹੈ ਜੀ! !

ਇਸ ਬਰਲਿਨ ਦੇ ਮੈ ਦੋਹਾਂ ਪਾਸਿਆਂ ਨੂੰ ਫਿਰ ਤੁਰ ਕੇ ਵੇਖਿਆ। ਬਾਵਜੂਦ ਪੰਦਰਾਂ ਸਾਲਾਂ ਤੋਂ ਸਾਂਝੇ ਜਰਮਨੀ ਦੀ ਸਰਕਾਰ ਵੱਲੋਂ ਸਿਰਤੋੜ ਯਤਨਾਂ ਦੇ, ਦੋਹਾਂ ਬਰਲਿਨਾਂ ਵਿਚਲਾ ਫਰਕ ਨਹੀ ਸੀ ਮਿਟ ਰਿਹਾ ਤੇ ਇਹ ਫਰਕ ਸਾਫ ਦਿਸਦਾ ਪਿਆ ਸੀ। ਪੂਰਬੀ ਨੂੰ ਪੱਛਮੀ ਦੇ ਬਰਾਬਰ ਲਿਆਉਣ ਲਈ ਪਛਮੀ ਜਰਮਨੀ ਦੇ ਬਜਟ ਦਾ ਖਾਸਾ ਹਿੱਸਾ ਖਰਚਿਆ ਜਾਂਦਾ ਹੈ। ਏਨਾ ਕਮਿਊਨਿਸਟਾਂ ਨੇ ਆਪਣੇ ਕਬਜ਼ੇ ਵਾਲ਼ੇ ਜਰਮਨੀ ਨੂੰ ਥੱਲੇ ਲਾ ਦਿਤਾ ਹੋਇਆ ਸੀ ਕਿ ਬਰਾਬਰ ਆਉਣ ਲਈ ਸ਼ਾਇਦ ਹੋਰ ਵਾਹਵਾ ਹੀ ਸਮਾ ਲੱਗੇ! ਕੰਧ ਤਾਂ ਭਾਵੇਂ ਢਾਹ ਦਿਤੀ ਗਈ ਸੀ ਪਰ ਉਸਦਾ ਕੁੱਝ ਹਿੱਸਾ ਯਾਦਗਾਰ ਵਜੋਂ ਸਾਂਭ ਕੇ ਰੱਖਿਆ ਹੋਇਆ ਹੈ। ਫਿਰ ਉਸ ਸਮੇ ਨਾਲ਼ ਸਬੰਧਤ ਇਤਿਹਾਸਕ ਯਾਦਾਂ ਨੂੰ ਸੰਭਾਲਣ ਦਾ ਵੀ ਪੂਰਾ ਯਤਨ ਕੀਤਾ ਹੋਇਆ ਹੈ। ਇੱਕ ਅਜਾਇਬਘਰ ਵਾਂਗੂੰ ਸਥਾਨ ਬਣਾਇਆ ਹੋਇਆ ਹੈ ਜਿਥੇ ਕਿਤਾਬਾਂ, ਫੋਟੋਆ ਤੇ ਫਿਲਮਾਂ ਰਾਹੀਂ ਉਸ ਸਮੇ ਬਾਰੇ ਚਾਨਣਾ ਪਾਇਆ ਗਿਆ ਹੈ। ਰੱਬ ਦਾ ਸ਼ੁਕਰ ਹੈ ਕਿ ਓਥੇ ਕਾਰ ਸੇਵਾ ਵਾਲ਼ੇ ਬਾਬੇ ਨਹੀ ਪਹੁੰਚੇ; ਨਹੀ ਤਾਂ ਉਹਨਾਂ ਨੇ ਸਿੱਖ ਇਤਿਹਾਸਕ ਸਥਾਨਾਂ ਵਾਂਗ ਹੀ ਜਰਮਨਾਂ ਦੇ ਇਸ ਇਤਿਹਾਸ ਨੂੰ ਵੀ ਮਿੱਟੀ ਵਿੱਚ ਮਿਲਾ ਕੇ ਰੱਖ ਦੇਣਾ ਸੀ।




.