ਪਿਛਲੇ ਦਿਨੀ ਇੱਕ ਲਾਟਰੀ ਵਾਲਾ ਬਾਬਾ ਬੜਾ ਮਕਬੂਲ ਰਿਹਾ, ਜੋ ਲੱਖਾਂ ਡਾਲਰ
ਲੁਕਾਈ ਦੇ ਮਿਲੀਅਨਜ਼ ਡਾਲਰ ਦੀ ਲਾਟਰੀ ਕੱਢਣ ਦੇ ਨਾਂ ਤੇ ਠੱਗ ਗਿਆ। ਇਸ ਮਹਿੰਗੇ ਮੁੱਲਖ ਵਿਚ, ਜਿਥੇ
ਤੁਹਾਨੂੰ ਸਾਹ ਲੈਣ ਦੇ ਵੀ ਪੈਸੇ ਦੇਣੇ ਪੈਂਦੇ ਹੋਣ, ਲੱਖ ਜਾਂ ਥੋੜਾ ਵੱਧ-ਘੱਟ ਡਾਲਰ ਠੱਗਿਆ ਜਾਂਣਾ
ਬੰਦੇ ਨੂੰ ਪਾਗਲ ਕਰ ਦਿੰਦਾ ਹੈ। ਇਸ ਤਸਵੀਰ ਦੇ ਤਿੰਨ ਪਾਸੇ ਹਨ। ਠੱਗੇ ਜਾਣ ਵਾਲੇ, ਠੱਗਣ ਵਾਲੇ
ਅਤੇ ਠੱਗਣ ਲਈ ਪ੍ਰੇਰਨ ਵਾਲੇ। ਤਿੰਨਾ ਵਿਚਲੇ ਦੋਸ਼ ਨੂੰ ਜੇ ਕੋਈ ਮਾਪਣ ਵਲ ਤੁਰੇ ਤਾਂ ਕੋਈ ਫੈਸਲਾ
ਨਹੀ ਹੋ ਪਾਏਗਾ ਕਿ ਕਿਹੜਾ ਵੱਧ ਅਤੇ ਕਿਹੜਾ ਘੱਟ ਜਿੰਮੇਵਾਰ ਹੈ ਇਸ ਲਈ ਤਿੰਨੋ ਨੂੰ ਇੱਕੇ ਹੀ
ਪੈਮਾਨੇ ਤੇ ਰੱਖਣਾ ਬਣਦਾ ਹੈ। ਉਂਝ ਜੇ ਤਿੰਨਾ ਪਿੱਛੇ ਕਾਰਨ ਦੇਖਣਾ ਹੋਵੇ ਤਾਂ ਲੋਭ ਹੀ ਨਜਰੀ
ਪਵੇਗਾ। ਠੱਗਿਆ ਜਾਣ ਵਾਲਾ ਵੀ ਥੋੜੇ ਦੇ ਕੇ ਬਹੁਤੇ ਕਰਨ ਦੇ ਲੋਭ ਵਿੱਚ ਫਸਿਆ, ਠੱਗਣ ਵਾਲਾ ਤਾਂ ਹੈ
ਹੀ ਲੋਭੀ ਸੀ ਪਰ ਜਿਹੜਾ ਮੀਡੀਆ ਇਹਨਾ ਦੇ ਲੋਭ ਨੂੰ ਹਵਾ ਦਿੰਦਾ ਹੈ ਉਸ ਪਿਛੇ ਵੀ ਕਾਰਨ ਲੋਭ ਹੈ।
ਅਗੇ ਤੁਰਨ ਤੋਂ ਪਹਿਲਾਂ ਸਾਨੂੰ ਗੁਰਬਾਣੀ ਤੋਂ ਲੋਭ ਬਾਰੇ ਜਰੂਰ ਪੁੱਛ ਲੈਣਾ
ਚਾਹੀਦਾ ਹੈ। ਤਾਂ ਕਿ ਬਾਕੀ ਬੱਚਦਿਆਂ ਦਾ ਬਚਾ ਹੋ ਸਕੇ। ਉਂਝ ਜੇ ਮੂਰਤੀਆਂ ਦੀ ਬਜਾਇ ਅਸੀਂ ਅਪਣੇ
ਘਰਾਂ ਵਿੱਚ ਗੁਰਬਾਣੀ ਦਾ ਸੱਚ ਲਿਖ ਕੇ ਲਾ ਲਈਏ ਤਾਂ ਸ਼ਾਇਦ ਸਾਨੂੰ ਫਸਣ ਲੱਗਿਆਂ ਕਿਤੇ ਯਾਦ ਕਰਾ
ਦੇਵੇ ਕਿ ਮੁੜ ਆ। ਗੁਰੂ ਅਰਜਨ ਸਾਹਿਬ ਜੀ ਨੇ ਸੰਸਕ੍ਰਿਤ ਦੇ ਇੱਕ ਸਲੋਕ ਵਿੱਚ ਲੋਭ ਦਾ ਨਕਸ਼ਾ ਖਿਚਿਆ
ਹੈ,
ਅਰਥ-ਹੇ ਲੋਭ! ਮੁੱਖੀ ਬੰਦੇ ਬੀ ਤੇਰੀ ਸੰਗਤਿ ਵਿੱਚ ਰਹਿ ਕੇ ਵਿਕਾਰਾਂ ਵਿੱਚ
ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿੱਚ ਫਸ ਕੇ ਅਨੇਕਾਂ ਕਲੋਲ ਕਰਦੇ ਹਨ।
-ਤੇਰੇ ਵਸ ਵਿੱਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ
ਤਰੀਕਿਆਂ ਨਾਲ ਡੋਲਦੇ ਹਨ।
-ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਕਿਸੇ
ਗੁਰੂ ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਸ਼ਰਮ ਰਹਿੰਦੀ ਹੈ।
-ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿੱਚ ਉਹ ਕੰਮ ਕਰਦਾ ਹੈ
ਜੋ ਨਹੀ ਕਰਨੇ ਚਾਹੀਦੇ, ਉਹ ਚੀਜਾਂ ਖਾਦਾਂ ਹੈ ਜੋ ਨਹੀ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ
ਦਿੰਦਾ ਹੈ ਜੋ ਨਹੀ ਕਰਨੀਆਂ ਚਾਹੀਦੀਆਂ।
-ਹੇ ਨਾਨਕ! ਲ਼ੋਭ ਤੋਂ ਬਚਣ ਲਈ ਇਉਂ ਅਰਦਾਸ ਕਰ-ਹੇ ਪ੍ਰਭੂ! ਹੇ ਸੁਆਮੀ!
ਤੇਰੀ ਸ਼ਰਨ ਆਇਆਂ ਹਾ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ।
ਇਸ ਪਾਵਨ ਵਾਕ ਨੇ ਤਿੰਨਾ ਦਾ ਹੀ ਘਰ ਪੂਰਾ ਕਰ ਦਿਤਾ। ਠੱਗਿਆ ਜਾਣ ਵਾਲਿਆਂ
ਵਿੱਚ ਪੱਗਾਂ ਵਾਲੇ, ਦੇਖਣ ਨੂੰ ਜਾਪਦੇ ‘ਗੁਰੂ ਕੇ ਸਿੱਖ’ ਵੱਡੀ ਗਿਣਤੀ ਵਿੱਚ ਸ਼ਾਮਲ ਹਨ ਇਥੋਂ ਤੱਕ
ਕੇ ਕਈ ‘ਅੰਮ੍ਰਤਿਧਾਰੀ’ ਵੀ। ਉਹ ਉਥੇ ਜਾਣ ਲੱਗੇ ਅਪਣੇ ਗੁਰੂ ਪੀਰ ਦੀ ਵੀ ਸ਼ਰਮ ਨਹੀ ਕਰਦੇ ਕਿ ਗੁਰੂ
ਕਹਿ ਰਿਹਾ ਕਿ.’ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ’ ਪਰ ਮੈ ਇਹਨਾ ਪੀਰਾਂ, ਸ਼ੇਖਾਂ ਜਾਂ
ਪੰਡਤਾਂ ਦੇ ਪੈਰਾਂ ਵਿੱਚ ਡਿੱਗਦਿਆਂ ਕਿਉਂ ਨਹੀ ਸ਼ਰਮ ਨਾਲ ਮਰ ਰਿਹਾ।
ਦੂਜੇ ਠੱਗਣ ਵਾਲੇ ਨੂੰ ਤਾਂ ਕਿਸੇ ਦੀ ਸ਼ਰਮ ਜਾਂ ਲਾਜ ਹੋ ਕੀ ਸਕਦੀ ਹੈ ਪਰ
ਜਿਹੜੇ ਵੱਡੇ ਵੱਡੇ ਇਸ਼ਤਿਹਾਰਾਂ ਨਾਲ ਲੁਕਾਈ ਨੂੰ ਠੱਗਣ ਦਾ ਸਮ੍ਹਾਨ ਮੁਹਈਆ ਕਰ ਰਹੇ ਹਨ ਉਹਨਾ ਨੂੰ
ਵੀ ਕੋਈ ਸ਼ਰਮ ਨਹੀ ਕਿ ਇਹਨਾ ਠੱਗੇ ਜਾਣ ਵਾਲਿਆ ਵਿੱਚ ਮੇਰੇ ਮਿੱਤਰ-ਦੋਸਤ ਸਨਬੰਧੀ ਵੀ ਹੋ ਸਕਦੇ ਹਨ।
ਇਹ ਉਹ ਸਮਾਜ ਹੈ ਜਿਸ ਵਿੱਚ ਮੈ ਰਹਿ ਰਿਹਾ ਹਾਂ, ਇਹ ਉਹ ਟਾਹਣ ਹੈ ਜਿਸ ਉਪਰ ਬੈਠਾ ਮੈਂ ਇਸ ਨੂੰ
ਵੱਢ ਰਿਹਾ ਹਾਂ। ਇਹ ਮੇਰੇ ਅਪਣੇ ਲੋਕ ਨੇ, ਭੋਲੇ ਲੋਕ! ਜਿਹੜੇ ਪਹਿਲਾਂ ਹੀ ਮੁਸ਼ਕਲਾਂ ਵਿੱਚ ਹਨ
ਇਹਨਾ ਨੂੰ ਹੋਰ ਮੁਸ਼ਕਲਾਂ ਦੀਆਂ ਖੱਡਾਂ ਵਿੱਚ ਨਾ ਸੁੱਟਾਂ। ਤੁਸੀਂ ਕਦੇ ਤੁਰੇ ਜਾਂਦੇ ਹੈਂਡੀ ਮਨੁੱਖ
ਬਾਰੇ ਸੋਚ ਕੇ ਦੇਖੋ ਜਿਹੜਾ ਪਹਿਲਾਂ ਹੀ ਫਹੁੜੀਆਂ ਤੇ ਹੋਵੇ ਪਰ ਮਗਰੋਂ ਦੂਜਾ ਚੰਗਾ ਭਲਾ ਲੱਤਾਂ
ਵਾਲਾ ਆ ਕੇ ਉਸ ਨੂੰ ਧੱਕਾ ਮਾਰ ਕੇ ਸੁੱਟ ਜਾਂਦਾ ਹੈ! ਕੀ ਤੁਸੀਂ ਕਦੇ ਅਜਿਹੇ ਮਨੁੱਖ ਨੂੰ ਮਾਫ
ਕਰੋਂਗੇ? ਮਾਨਸਿਕ ਤੌਰ ਤੇ ਪਹਿਲਾਂ ਹੀ ਉਖੜੇ, ਅਪਣੇ ਹੀ ਲੋਕਾਂ ਨੂੰ ਜਿਹੜੇ ਲੋਕ ਧੱਕੇ ਮਾਰ-ਮਾਰ
ਇਹਨਾ ਸੇਖਾਂ, ਪੀਰਾਂ, ਪੰਡਤਾਂ ਜੋਸ਼ਤੀਆਂ ਦੇ ਲੁਟੇਰੇ ਨਿਜਾਮ ਅੱਗੇ ਸੁੱਟ ਰਹੇ ਹਨ ਉਹਨਾ ਨੂੰ
ਕਿੰਨਾ ਕੁ ਇਨਸਾਨੀਅਤ ਦੇ ਨੇੜੇ ਜਾਂ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਸਮਝੋਂਗੇ।
ਬਿੱਜਨੈਸ ਦੇ ਨਾਂ ਹੇਠ ਇਹ ਲੋਭ ਕਲੋਲਾਂ ਕਰ ਰਿਹਾ ਹੈ ਤੇ ਗੁਰੂ ਸਾਹਿਬ
ਸਪੱਸ਼ਟ ਕਹਿ ਰਹੇ ਹਨ ਕਿ ਲੋਭੀ ਮੱਨੁਖ ਨੂੰ ਸਮਾਜ ਦੀ, ਮਾਂ-ਪਿਉ ਦੀ, ਸਨਬੰਧੀਆਂ ਦੀ ਕੋਈ ਸ਼ਰਮ ਨਹੀ
ਰਹਿ ਜਾਂਦੀ ਉਹ ਖੁਲ੍ਹੇਆਮ ਉਹ ਕੰਮ ਕਰਦਾ ਹੈ ਜੋ ਨਹੀ ਕਰਨੇ ਚਾਹੀਦੇ। ਮੂੰਗਫਲੀ ਵੇਚ ਕੇ ਰੋਟੀ ਖਾਣ
ਵਾਲਾ ਮਨੁੱਖ ਉਹਨਾ ਨਾਲੋਂ ਕਈ ਗੁਣਾ ਚੰਗਾ ਹੈ ਜੋ ਲੁਕਾਈ ਨੂੰ ਘੱਟੀਆ ਦਰਜੇ ਦਾ ਸਮ੍ਹਾਨ ਮਹੱਈਆ
ਕਰਕੇ, ਉਹਨਾ ਵਿੱਚ ਮਾਨਸਿਕ ਬੀਮਾਰੀਆਂ ਫੈਲਾਉਂਣ ਦਾ ਕਾਰਨ ਬਣ ਰਹੇ ਹਨ। ਸਾਨੂੰ ਕਦੇ ਨਹੀ ਭੁਲਣਾ
ਚਾਹੀਦਾ ਕਿ ਬਿੱਜਨੈਸ ਦੇ ਨਾਂ ਤੇ ਜੇ ਸਭ ਕੁੱਝ ਜਾਇਜ ਹੁੰਦਾ ਤਾਂ ਕੋਠੇ ਉਪਰ ਬੈਠੀ ਕੰਜਰੀ ਕਦੇ
ਸਮਾਜ ਦੀਆਂ ਨਜਰਾਂ ਵਿੱਚ ਮਾੜੀ ਨਾ ਹੁੰਦੀ, ਬੇਸ਼ਕ ਉਹ ਵੀ ਬਿੱਜਨੈਸ ਹੀ ਕਰ ਰਹੀ ਹੈ। ਲੁਕਾਈ ਨੂੰ
ਮੂਰਖ ਬਣਾਉਣ ਵਾਲੇ ਕਦੇ ਲੁਕਾਈ ਦੇ ਮਿੱਤਰ ਨਹੀ ਹੋ ਸਕਦੇ ਜੇ ਉਹ ਧਾਗੇ ਟੂਣਿਆਂ ਵਾਲੇ ਬਾਬਿਆਂ ਦੇ
ਵੱਗ ਲੋਕਾਂ ਸਾਂਹਵੇਂ ਲਿਆ ਕੇ ਲੁਕਾਈ ਦੀ ਲੁੱਟ ਵਿਚੋਂ ਹਿੱਸਾ ਲੈ ਰਹੇ ਹਨ ਜਦ ਕਿ ਉਹਨਾ ਨੂੰ ਪਤੈ
ਕਿ ਇਹ ਫਰਾਡ ਹੈ। ਭੋਲੀ ਲੁਕਾਈ ਲਈ ਇਹ ਦੂਹਰੀ ਖਤਰਨਾਕ ਖੇਡ ਹੈ ਜਦ ਉਹ ਧਾਰਮਿਕਤਾ ਪ੍ਰਚਾਰਨ ਦੇ
ਨਾਂ ਤੇ ਲੋਕਾਂ ਨੂੰ ਅੰਧੇਰਿਆਂ ਵਿੱਚ ਧੱਕ ਰਹੇ ਹਨ।
ਹੇ ਭਾਈ!
ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ, (ਲਾਲਚੀ ਮਨੁੱਖ) ਆਖ਼ਰ
ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ
ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ)
ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ। ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ (ਬਦਨਾਮੀ ਦੀ
ਕਾਲਖ ਨਾਲ) ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ (ਜਗਤ ਤੋਂ) ਜਾਂਦੇ ਹਨ।
ਹੇ ਪ੍ਰਭੂ! (ਆਪਣੀ) ਸਾਧ ਸੰਗਤਿ ਵਿੱਚ ਮਿਲਾਈ ਰੱਖ (ਸਾਧ ਸੰਗਤਿ ਵਿੱਚ
ਰਿਹਾਂ ਹੀ) ਹਰਿ-ਨਾਮ ਧਨ ਵਿੱਚ ਵੱਸ ਸਕਦਾ ਹੈ, ਅਤੇ, ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ
ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ। 40.
ਸਾਨੂੰ ਇੱਕ ਪੱਖ ਹੋਰ ਵੀ ਕਦੇ ਅੱਖੋਂ ਉਹਲੇ ਨਹੀ ਕਰਨ ਚਾਹੀਦਾ ਉਹ ਹੇ ਸਾਡੇ
ਧਾਰਮਿਕ ਅਸਥਾਨਾ ਦੇ ਚੌਧਰੀਆਂ ਦਾ। ਜਿਹੜੇ ਅਪਣੀਆਂ ਨਿਜੀ ਕਿੜਾਂ ਕੱਢਣ ਲਈ ਅਜਿਹੇ ਲੋਕਾਂ ਨੂੰ
ਅਪਣੀ ਬਿਆਨ ਬਾਜੀ ਲਈ ਵਰਤਦੇ ਹਨ ਅਤੇ ਇਸ ਲੁੱਟ ਖਿਲਾਫ ਬੋਲਣ ਦੀ ਅਪਣੀ ਜੁਅਰਤ ਗੁਆ ਚੁੱਕੇ ਹਨ।
ਜਿਹੜੇ ਗੁਰੂ ਸਾਹਿਬਾਨ ਅਪਣੇ ਸਾਰੇ ਜੀਵਨ ਵਿੱਚ ਲੁੱਟੀ ਜਾਂਦੀ ਲੁਕਾਈ ਦੇ ਹੱਕ ਵਿੱਚ ਅਪਣੇ ਸੀਸ,
ਪਰਿਵਾਰ, ਘਰ-ਬਾਰ ਸਭ ਕੁੱਝ ਵਾਰ ਦਿੰਦੇ ਰਹੇ ਹਨ ਉਸੇ ਗੁਰੂ ਦੇ ਦਰ ਦੇ ਚੌਧਰੀ ਲੁੱਟੀ ਜਾਂਦੀ
ਲੁਕਾਈ ਦਾ ਤਮਾਸ਼ਾ ਅੱਖੀ ਦੇਖ ਹੀ ਨਹੀ ਰਹੇ ਸਗੋਂ ਲੁੱਟ ਦੀ ‘ਕੁੰਡੀ’ ਬਣਨ ਵਾਲਿਆਂ ਨੂੰ ਸਨਮਾਨਤ ਕਰ
ਰਹੇ ਹਨ ਤੇ ਖੇਖਨ ਕਰ ਰਹੇ ਹਨ ਉਸ ਗੁਰੂ ਦਾ ਪੁਰਬ ਮਨਾਉਣ ਦਾ ਜਿਸ ਲੋਕਾਂ ਲਈ ਅਪਣਾ ਸਭ ਕੁੱਝ ਹੀ
ਵਾਰ ਦਿੱਤਾ? ਅਸੀਂ ਕਦੇ ਕੋਈ ਉਪਰਾਲਾ ਨਹੀ ਕੀਤਾ ਕਿ ਧਾਰਮਿਕ ਅਸਥਾਨਾ ਤੇ ਆਉਂਣ ਵਾਲੇ ਲੋਕਾਂ ਨੂੰ
ਕੋਈ ਸਕੂਲਿੰਗ ਦਿੱਤੀ ਜਾਵੇ, ਕੋਈ ਅਜਿਹਾ ਲਿਟਰੇਚਰ ਵੰਡਿਆ ਜਾਵੇ ਜਿਸ ਵਿੱਚ ਇੰਨ੍ਹਾ ਅਖੌਤੀ
ਭੁਤਾਂ, ਅਤੇ ਧਾਗੇ ਤਵੀਤਾਂ ਵਾਲਿਆ ਦੇ ਪਰਦੇ ਫਾਸ਼ ਕੀਤੇ ਹੋਣ। ਕਦੇ ਨਹੀ ਦਸਿਆ ਕਿ ਗੁਰਬਾਣੀ
ਭੁਤ-ਪ੍ਰੇਤ ਕੀਹਨੂੰ ਕਹਿੰਦੀ ਹੈ। ਸਗੋਂ ਸਾਡੀਆਂ ਸਟੇਜਾਂ ਵਰਤ ਰਹੇ ਸਾਧ-ਬਾਬੇ ਜਾਂ ਵਪਾਰੀ ਕਿਸਮ
ਦੇ ਪ੍ਰਚਾਰਕ ਲੋਕਾਂ ਨੂੰ ਕੱਚੀਆਂ-ਪਿੱਲੀਆਂ ਕਹਾਣੀਆਂ ਸੁਣਾ ਕੇ ਹੋਰ ਭੁਤਨੇ ਉਹਨਾ ਮਗਰ ਲਾ ਜਾਂਦੇ
ਹਨ। ਉਹ ਮਾਂ ਦੇ ਪੁੱਤ ਤਾਂ ਗੁਰੂਆਂ ਨੂੰ ਵੀ ਨਹੀ ਬਖਸ਼ਦੇ। ਭਾਈ ਮਰਦਾਨੇ ਵਰਗੇ ਮਹਾਂਪੁਰਖ ਨੂੰ ਵੀ
ਧਾਗੇ ਤਵੀਤਾਂ ਨਾਲ ਭੇਡੂ ਬਣਾ ਕੇ ਰੱਖ ਦਿੰਦੇ ਹਨ, ਗੁਰੂ ਤੇਗ ਬਹਾਦਰ ਸਾਹਬ ਨੂੰ ਭੁਤਾਂ ਕੋਲੋਂ
ਗੰਨੇ ਚੂਪਾ ਦਿੰਦੇ ਹਨ, ਹੋਰ ਕਿਸੇ ਦਾ ਉਹ ਕੀ ਲਿਹਾਜ ਕਰਨਗੇ।
ਹੱਲ-ਹੱਲ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਕੋਲੇ ਬੈਠਕੇ ਹੋਣਾ ਹੈ,
ਭੋਲਿਓ ਲੋਕੋ! ਤੁਹਾਡਾ ਕੋਈ ਨਹੀ, ਸਭ ਉਪਰੋਂ ਥੱਲੇ ਤੁਹਾਡੀ ਛਿੱਲ ਲਾਹੁਣ ਤੇ ਤੁਰੇ ਹਨ, ਕੌੜਾ ਸੱਚ
ਇਹ ਹੈ ਕਿ ਮਾਣਸ ਖਾਣੇ ਲੋਕ ਤੁਹਾਨੂੰ ਭੇਡਾਂ-ਬੱਕਰੀਆਂ ਸਮਝਦੇ ਹਨ ਜਦ ਕਿ ਗੁਰੂ ਨੇ ਤੁਹਾਨੂੰ ਅਪਣੇ
ਪੁੱਤਰ ਅਤੇ ਸ਼ੇਰ ਬਣਾਇਆ ਸੀ। ਆਓ! ਰਲ ਕੇ ਉਸੇ ਕੋਲੇ ਬੈਠਣਾ ਸਿੱਖ ਲਈਏ ਜੇ ਜੀਵਨ ਵਿੱਚ ਆਉਦੀਆਂ
ਘੁੰਮਣਘੇਰੀਆਂ ਤੋਂ ਬੱਚਣਾ ਹੈ।
ਗੁਰਦੇਵ ਸਿੰਘ ਸੱਧੇਵਾਲੀਆ