.

ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕਿਵੇਂ ਹੋ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਅਤੇ ਕੌਮੀ ਫੈਸਲਿਆਂ ਦਾ ਅਪਮਾਨ?

ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਦੇੜ) ਖ਼ਾਲਸਾ ਪੰਥ ਵਲੋਂ ਪ੍ਰਵਾਨ ਕੀਤੇ ਪੰਜਾਂ ਤਖ਼ਤਾਂ ਵਿਚੋਂ ਇੱਕ ਪ੍ਰਮੱਖ ਤਖ਼ਤ ਹੈ। ਨਾਨਕਸ਼ਾਹੀ ਕਲੰਡਰ ਮੁਤਾਬਿਕ 20 ਅਕਤੂਬਰ ਸੰਨ 1708 ਨੂੰ ਖ਼ਾਲਸੇ ਦੇ ਸੁਆਮੀ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੋਤੀ-ਜੋਤਿ (ਸਰੀਰਕ ਜਾਮਾ ਤਿਆਗਣ) ਸਮੇਂ ਇਸ ਸਥਾਨ ਤੇ ਹੀ ਆਪਣੀ ਥਾਂ ਜੁਗੋ-ਜੁਗ ਅਟੱਲ ਜਾਗਤ-ਜੋਤਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਸੀ। ਇਹੀ ਕਾਰਣ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿੰਨ ਸੌ ਸਾਲਾ ਗੁਰਗੱਦੀ ਪੁਰਬ ਵਿਸ਼ੇਸ਼ ਤੌਰ `ਤੇ ਇਸ ਅਸਥਾਨ ਵਿਖੇ ਮਨਾਇਆ ਜਾ ਰਿਹਾ ਹੈ। ਪਰ, ਦੁੱਖ ਤੇ ਅਫਸੋਸ ਭਰੀ ਪਹਿਲੀ ਗੱਲ ਤਾਂ ਇਹ ਹੈ ਕਿ ਨਾਨਕ ਸ਼ਾਹੀ ਕੈਲੰਡਰ ਦੇ ਕੌਮੀ ਫੈਸਲੇ ਦੇ ਵਿਪਰੀਤ ਇਹ ਸ਼ਤਾਬਦੀ ਪੁਰਬ ਏਥੇ ਬਿਪਰਵਾਦੀ ਕੈਲੰਡਰ ਮੁਤਾਬਿਕ 30 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਦੂਜੀ ਵਿਸ਼ੇਸ਼ ਤੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਸੌ ਸਾਲ ਬੀਤਣ ਉਪਰੰਤ ਵਿਸ਼ਵ-ਭਰ ਵਿੱਚ ਏਹੀ ਇੱਕ ਸਥਾਨ ਹੈ, ਜਿਥੇ ਗੁਰੂ ਹੁਕਮਾਂ ਦੀ ਉਲੰਘਣਾਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਵੀ ਸਭ ਤੋਂ ਵਧੇਰੇ ਏਥੇ ਹੀ ਹੋ ਰਿਹਾ ਹੈ। ਕਿਉਂਕਿ, ਇੱਕ ਤਾਂ ਸਪਸ਼ਟ ਤੌਰ `ਤੇ ਓਥੋਂ ਦੀ ਪੂਜਾ ਪੱਧਤੀ ਦੀ ਸਾਰੀ ਮਰਯਾਦਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੂਜੇ ਨੰਬਰ `ਤੇ ਹਨ ਅਤੇ ਦੂਜੇ, ਗੁਰਬਾਣੀ ਵਿੱਚ ਦਰਜ਼ ਗੁਰਮਤਿ ਸਿਧਾਂਤਾਂ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਤਿਆਰ ਕੀਤੇ ਗਏ ਖ਼ਾਲਸਈ ਵਿਧਾਨ ਸਿੱਖ ਰਹਿਤ ਮਰਯਾਦਾ ਦੀ ਉਲੰਘਣਾਂ ਕਰਦਿਆਂ ਬਿਪਰਵਾਦੀ ਰਸਮਾਂ ਵੀ ਸਭ ਤੋਂ ਵਧੇਰੇ ਏਥੇ ਹੀ ਹੋ ਰਹੀਆਂ ਹਨ।

ਜਿਹੜੇ ਗੁਰਸਿੱਖ ਸਜਣਾਂ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦਾ ਸੁਭਾਗ ਹੋਇਆ ਹੈ, ਉਹ ਇਸ ਅਸਥਾਨ ਦੀ ਬਣਤਰ ਬਾਰੇ ਜਾਣਦੇ ਹਨ ਕਿ ਤਖ਼ਤ ਸਾਹਿਬ ਦੇ ਪਿਛੇ ਇੱਕ ਕਮਰਾ ਹੈ, ਜਿਸ ਦਾ ਇੱਕ ਦਰਵਾਜਾ ਤਖ਼ਤ ਸਾਹਿਬ ਦੇ ਉਪਰ ਖੁਲਦਾ ਹੈ ਅਤੇ ਤਿੰਨ ਪਰਕਰਮਾਂ ਵਿੱਚ ਖੁੱਲਦੇ ਹਨ। ਇਸ ਕਮਰੇ ਅੰਦਰ ਇੱਕ ਥੜੇ ਉਪਰ ਕੁੱਝ ਸ਼ਸ਼ਤਰ ਸਜਾ ਕੇ ਰੱਖੇ ਹੋਏ ਹਨ। ਥੜ੍ਹੇ ਦੇ ਚੌਹੀਂ ਪਾਸੀਂ ਮੈਟਲ (Metal) ਵਿੱਚ ਉਭਰੀਆਂ ਹੋਈਆਂ ਮੂਰਤਾਂ ਰੱਖੀਆਂ ਹੋਈਆਂ ਹਨ ਅਤੇ ਉਪਰ ਇੱਕ ਪਲੇਟ ‘ਗੁਰੂ ਗੋਬਿੰਦ ਸਿੰਘ ਜੀ’ ਦੇ ਨਾਮ ਦੀ ਰੱਖੀ ਹੋਈ ਹੈ। ਦਸਿਆ ਜਾਂਦਾ ਹੈ ਕਿ ਇਹ ਉਹ ਸਥਾਨ ਹੈ, ਜਿਥੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ ਸੀ। ਇਸੇ ਕਰਕੇ ਇਸ ਸਥਾਨ ਨੂੰ ਆਦਰ ਸਹਿਤ ਅੰਗੀਠਾ ਸਾਹਿਬ ਆਖਿਆ ਜਾਂਦਾ ਹੈ।

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਕਮਰੇ ਤੋਂ ਬਾਹਰ ਤਖ਼ਤ ਸਾਹਿਬ ਉਪਰ ਇਸ ਦੇ ਇੱਕ ਸਿਰੇ ਸੁਨਹਿਰੀ ਪਾਲਕੀ ਵਿੱਚ ਹੁੰਦਾ ਹੈ। ਏਥੇ ਹੀ ਦੂਜੇ ਸਿਰੇ ਕਥਿਤ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਵੀ ਹੁੰਦਾ ਹੈ। ਗੁਰਦੁਆਰੇ ਦੀ ਸਾਰੀ ਮਰਯਾਦਾ ਕੀਰਤਨ, ਪਾਠ, ਪ੍ਰਸਾਦ ਭੇਟ ਤੇ ਅਰਦਾਸ ਆਦਿ ਤਖ਼ਤ ਸਾਹਿਬ ਉੱਪਰ ਅੰਗੀਠਾ ਸਾਹਿਬ ਵਾਲੇ ਕਮਰੇ ਦੇ ਦਰਵਾਜ਼ੇ ਦੇ ਮੂਹਰੇ ਕੀਤੇ ਜਾਂਦੇ ਹਨ। ਕੜਾਹ ਪ੍ਰਸ਼ਾਦ ਦੀ ਦੇਗ ਦਾ ਪਹਿਲਾ ਥਾਲ ਜੋ ਭੋਗ (ਪ੍ਰਵਾਨਗੀ) ਲਾਉਣ ਵਾਸਤੇ ਕਢਿਆ ਜਾਂਦਾ ਹੈ, ਉਹ ਵੀ ਅੰਗੀਠਾ ਸਾਹਿਬ ਤੇ ਹੀ ਭੇਟ ਹੁੰਦਾ ਹੈ। ਉਸ ਸਮੇਂ ਕਮਰੇ ਦੇ ਮੂਹਰਲੇ ਦਰ ਉਪਰ ਪਰਦਾ ਲਟਕਿਆ ਹੁੰਦਾ ਹੈ ਤੇ ਬਾਕੀ ਦਰ ਬੰਦ ਰਹਿੰਦੇ ਹਨ। ਇਸ ਪ੍ਰਕ੍ਰਿਆ ਤੋਂ ਦਰਸ਼ਕ ਸੱਜਣ ਸਹਿਜੇ ਹੀ ਅਨੁਮਾਨ ਲਗਾ ਲੈਂਦੇ ਹਨ ਕਿ ਤਖ਼ਤ ਸਾਹਿਬ `ਤੇ ਹੁੰਦੀ ਸਾਰੀ ਮਰਯਾਦਾ ਵਿੱਚ ਵਿੱਚ ਅੰਗੀਠਾ ਸਾਹਿਬ ਨੂੰ ਹੀ ਪ੍ਰਮੁਖ ਸਥਾਨ ਪ੍ਰਾਪਤ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੂਜਾ ਸਥਾਨ। ਪਰ, ਗਹਿਰਾਈ ਵਿੱਚ ਵਿਚਾਰਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਦੂਜਾ ਨਹੀ, ਤੀਜਾ ਹੈ। ਕਿਉਂਕਿ, ਦਸਮ ਗ੍ਰੰਥ ਦੇ ਪਾਠ ਦੀ ਭੇਟਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਜ਼ਿਆਦਾ ਹੈ।

ਸਿੱਖ ਰਹਿਤ ਮਰਯਾਦਾ ਵਿੱਚ ਭਾਵੇਂ ਸਪਸ਼ਟ ਲਿਖਿਆ ਹੈ ਕਿ ‘ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਰ ਬਣਾਉਣੀ ਮਨ੍ਹਾ ਹੈ’। ਪਰ, ਫਿਰ ਵੀ ਅਸੀਂ ਦੇਖਦੇ ਹਾਂ ਇਸ ਪੰਥਕ ਫੈਸਲੇ ਤੋਂ ਪਹਿਲਾਂ ਦੇ ਅੰਗੀਠਿਆਂ ਵਾਲੇ ਅਸਥਾਨ, (ਜਿਵੇਂ, ਗੁਰਦੁਆਰਾ ਰਕਾਬਗੰਜ ਦਿੱਲੀ, ਜੋਤੀ ਸਰੂਪ ਸਰਹੰਦ ਤੇ ਮੁਕਤਸਰ ਆਦਿ) ਜਿਹੜੇ ਕੇਵਲ ਇਤਿਹਾਸਕ ਯਾਦਾਂ ਹੋਣ ਕਰਕੇ ਕਾਇਮ ਰੱਖੇ ਗਏ ਹਨ, ਉਨ੍ਹੀਂ ਸਾਰੇ ਥਾਂਈਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਕਿਉਂਕਿ, ਕਿਸੇ ਵੀ ਥਾਂ ਦੀ ਮਾਨ ਪ੍ਰਤਿਸ਼ਠਤਾ ਅੰਗੀਠਾ (ਅੰਤਮ ਸੰਸਕਾਰ ਦੀ ਥਾਂ) ਹੋਣ ਨਾਤੇ ਨਹੀ ਹੈ ਅਤੇ ਨਾ ਹੀ ਹੋਣੀ ਚਾਹਦੀ ਹੈ। ਕਾਰਨ ਇਹ ਹੈ ਕਿ ਗੁਰਸਿਖਾਂ ਲਈ ਗੋਰ, ਮੜ੍ਹੀ ਤੇ ਮੱਠ ਦੀ ਪੂਜਾ ਵਰਜਤ ਹੈ। ਮੇਰੀ ਜਾਣਕਾਰੀ ਮੁਤਾਬਿਕ ਸਚਖੰਡ ਸ੍ਰੀ ਹਜ਼ੂਰ ਸਾਹਿਬ ਹੀ ਇੱਕ ਐਸਾ ਸਥਾਨ ਹੈ, ਜਿਥੇ ਗੁਰੂ ਕੇ ਅੰਗੀਠੇ ਵਾਲੇ ਸਥਾਨ ਤੇ ਪ੍ਰਕਾਸ਼ ਨਹੀ ਹੁੰਦਾ ਅਤੇ ਇਸ ਨੂੰ ਪ੍ਰਤੱਖ ਤੌਰ `ਤੇ ਅੰਗੀਠਾ ਸਾਹਿਬ ਕਰਕੇ ਪੂਜਿਆ ਜਾਂਦਾ ਹੈ, ਜੋ ਗੁਰਮਤਿ ਦੇ ਬਿਲਕੁਲ ਪ੍ਰਤਿਕੂਲ ਹੈ, ਉੱਲਟ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ: ‘ਦੁਬਿਧਾ ਨ ਪੜਉ, ਹਰਿ ਬਿਨ ਹੋਰ ਨ ਪੂਜਉ, ਮੜੇ ਮਸਾਨ ਨ ਜਾਈ’। ਅਥਵਾ ‘ਮੜੀ ਮਸਾਣੀ ਮੂੜੇ ਜੋਗ ਨਾਹੀ’।

ਸਿੱਖ ਰਹਿਤ ਮਰਯਾਦਾ ਵਿਖੇ ਗੁਰਦੁਆਰੇ ਦੇ ਸਿਰਲੇਖ ਹੇਠ ਖ਼ਾਲਸਈ ਆਦੇਸ਼ ਅੰਕਤ ਹੈ ਕਿ ‘ਸ੍ਰੀ ਗੁਰੂ ਗ੍ਰੰਥ ਜੀ ਦੇ ਵਾਕਰ ਕਿਸੇ ਪੁਸਤਕ ਨੂੰ ਅਸਥਾਪਨ ਨਹੀ ਕਰਨਾ’। ਕਿਉਂਕਿ, ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਪੰਥ ਅੰਦਰ ਵਿਅਕਤੀ ਗੁਰੂ ਦਾ ਸਿਲਸਲਾ ਸਦਾ ਲਈ ਬੰਦ ਕਰਦਿਆਂ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸਿਸ਼ ਕੀਤੀ ਸੀ। ਇਸ ਲਈ ਤਖ਼ਤ ਸਾਹਿਬ ਉੱਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ, ਸੂਝਵਾਨਾਂ ਦੀ ਦ੍ਰਿਸ਼ਟੀ `ਚ ਗੁਰੁ ਹੁਕਮਾਂ ਅਤੇ ਖ਼ਾਲਸਈ ਵਿਧਾਨ ਦੀ ਉਲੰਘਣਾ ਹੈ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ।

ਮਰਯਾਦਾ ਵਿੱਚ ਇਹ ਵੀ ਆਦੇਸ਼ ਹੈ ਕਿ ‘ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ। ਧੁਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀ। ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ’। ਕਿਉਂਕਿ, ਗੁਰਮਤਿ ਮੂਰਤੀ ਤੇ ਬੁੱਤ ਪੂਜਾ ਦੀ ਹਰਗਿਜ਼ ਆਗਿਆ ਨਹੀ ਦਿੰਦੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਵਲੋਂ ਗੁਰਸਿਖਾਂ ਲਈ ‘ੴ ਤੋਂ ਗੁਰਪ੍ਰਸਾਦਿ’ ਤੱਕ ਦੇ ਸ੍ਰੀ ਮੁਖਵਾਕ ਵਿੱਚ ਰੱਬ ਜੀ ਦੇ ਨਿਰੂਪਣ ਕੀਤੇ ਨਿਰਗੁਣ ਨਿਰੰਕਾਰੀ ਸਰੂਪ ਵਿੱਚ ‘ਅਕਾਲਮੂਰਤਿ ਅਜੂਨੀ ਸੈਭੰ’ ਸ਼ਬਦ ਇਸ ਹਕੀਕਤ ਦੇ ਲਖਾਇਕ ਹਨ ਕਿ ਰੱਬੀ ਹੋਂਦ ਕਾਲ ਜਾਂ ਸਮੇਂ ਦੀ ਬੰਦਸ਼ ਅੰਦਰ ਨਹੀ। ਜਨਮ ਮਰਨ ਤੋਂ ਰਹਿਤ ਹੈ ਅਤੇ ਉਸ ਨੂੰ ਕਿਸੇ ਹੋਰ ਵਲੋਂ ਘੜਿਆ, ਥਾਪਿਆ ਜਾਂ ਬਣਾਇਆ ਨਹੀ ਜਾ ਸਕਦਾ।

ਗੁਰੂ ਸਾਹਿਬਾਨ ਦੀਆਂ ਜਿਹੜੀਆਂ ਪ੍ਰਚਲਿਤ ਤਸਵੀਰਾਂ ਅਸੀਂ ਦੇਖਦੇ ਹਾਂ, ਇਨ੍ਹਾਂ ਵਿਚੋਂ ਕੋਈ ਵੀ ਮੁਸਤਨਿਦ ਤਸਵੀਰ ਨਹੀ ਹੈ, ਇਹ ਸਭ ਚਿਤਰਕਾਰਾਂ ਦੇ ਤਸੱਵਰ ਅਨੁਸਾਰ ਬਣੀਆਂ ਹੋਈਆਂ ਹਨ। ਇਹੋ ਕਾਰਨ ਹੈ ਕਿ ਕੋਈ ਦੋ ਤਸਵੀਰਾਂ ਇੱਕ ਸਮਾਨ ਨਹੀ ਹਨ। ਭਾਈ ਗੁਰਦਾਸ ਜੀ ਦਾ ਸਪਸ਼ਟ ਨਿਰਣਾ ਹੈ ਕਿ ‘ਗੁਰ ਮੂਰਤਿ ਗੁਰਸ਼ਬਦ ਹੈ’। ਪਰ, ਇਸ ਸਭ ਕਾਸੇ ਦੇ ਬਾਵਜੂਦ ਤਖ਼ਤ ਸਾਹਿਬ ਦੇ ਨਾਲ ਗੁਰੂ ਜੀ ਦੇ ਅੰਗੀਠੇ ਉੱਪਰ ਗੁਰੁ ਸਾਹਿਬ ਜੀ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਹਰ ਰੋਜ਼ ਅੰਮ੍ਰਿਤ ਵੇਲੇ ਚੰਦਨ ਦੀ ਲਕੜੀ ਨੂੰ ਪੱਥਰ ਨਾਲ ਰਗੜ ਕੇ ਅੰਗੀਠੇ `ਤੇ ਰਖੀਆਂ ਮੂਰਤਾਂ ਅਤੇ ਸ਼ਾਸ਼ਤਰਾਂ ਨੂੰ ਤਿਲਕ ਲਗਾਏ ਜਾਂਦੇ ਹਨ। ਧੂਪ ਦਿੱਤੀ ਜਾਂਦੀ ਹੈ, ਪਰਦੇ ਪਿਛੇ ਕੜਾਹ ਪ੍ਰਸ਼ਾਦ ਨੂੰ ਟੱਲੀਆਂ ਖੜਕਾ ਕੇ ਅਤੇ ਨਗਾਰੇ ਵਜਾ ਕੇ ਭੋਗ ਲਗਾਏ ਜਾਂਦੇ ਹਨ। ਸੋਦਰ ਦੀ ਚੌਕੀ ਅਤੇ ਪਾਠ ਉਪਰੰਤ ਬੱਤੀਆਂ ਵਾਲਾ ਥਾਲ ਘੁਮਾ ਘੁਮਾ ਕੇ ਆਰਤੀ ਉਤਾਰੀ ਜਾਂਦੀ ਹੈ ਅਤੇ ਉਥੇ ਹਾਜ਼ਰ ਸੰਗਤਾਂ ਆਰਤੀ ਦੀਆਂ ਬੱਤੀਆਂ ਨੂੰ ਸਤਿਕਾਰ ਭੇਟ ਕਰਦੀਆਂ ਹਨ। ਅਖੰਡ ਪਾਠਾਂ ਸਮੇਂ ਕੁੰਭ ਤੇ ਨਾਰੀਅਲ ਰੱਖੇ ਜਾਂਦੇ ਹਨ। ਇਹ ਸਾਰੀ ਨਿਰੋਲ ਬ੍ਰਾਹਮਣੀ ਕ੍ਰਿਆਵਾਂ ਹਨ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ:

ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੇਨ॥ ਕਹੂ ਨ ਭੀਜੈ ਸੰਜਮ ਸੁਆਮੀ ਬੋਲੈ ਮੀਠੇ ਬੈਨ॥

“ਸਿੱਖ ਜਗਤ ਦੇ ਪ੍ਰਸਿੱਧ ਬਜ਼ੁਰਗ ਵਿਦਵਾਨ ਸ੍ਰ: ਨਰੈਣ ਸਿੰਘ ਐਮ. ਏ. ਜੁਲਾਈ 1976 ਦੇ ਸਿੰਘ ਸਭਾ ਪਤ੍ਰਕਾ ਵਿੱਚ ਲਿਖਦੇ ਹਨ ਕਿ ਐਸਾ ਕਰਨਾ ਤਾਂ ਗੁਰੁ ਕੇ ਸਿਖਾਂ ਨੂੰ ਬੁੱਤ-ਪੂਜ ਬਨਾਉਣ ਦੀ ਪ੍ਰੇਰਨਾ ਦੇਣ ਵਲ ਇੱਕ ਕਦਮ ਹੈ, ਜੋ ਸਿੱਖ-ਧਰਮ ਦੇ ਨਾਮ ਪਰ ਇੱਕ ਵੱਡਾ ਕਲੰਕ ਹੈ। ਅੰਗੀਠੇ ਉੱਪਰ ਜਾਂ ਤਖ਼ਤ ਸਾਹਿਬ ਜੀ ਦੀ ਦੀਵਾਰ ਜਾਂ ਕਿਸੇ ਭੀ ਗੁਰੂ ਅਸਥਾਨ ਤੇ ਅਜਿਹੀ ਮਨੋਕਲਪਿਤ ਤਸਵੀਰ ਦਾ ਰਖਣਾ, ਸਿੰਗਾਰਨਾ, ਧੁਪ ਦੇਣਾ ਤੇ ਆਰਤੀ ਉਤਾਰਨੀ ਸਿੱਖੀ ਸਿਧਾਂਤਾਂ ਤੇ ਉੱਲਟ ਹੈ ਅਤੇ ਤਖ਼ਤ ਸਾਹਿਬ ਪਰ ਬਿਰਾਜਮਾਨ ਜਾਗਤ-ਜੋਤਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਵੱਡਾ ਨਿਰਾਦਰ ਹੈ”। ਜਾਗਤ-ਜੋਤਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਐਸਾ ਹੀ ਏਥੇ ਇੱਕ ਹੋਰ ਨਿਰਾਦਰ ਸਚਖੰਡ ਦਰਬਾਰ ਅੰਦਰ ਰੋਜ਼ਾਨਾ ਸਵੇਰੇ ਸ਼ਾਮ ਉਸ ਸਮੇਂ ਹੁੰਦਾ ਹੈ, ਜਦੋਂ ਤਖ਼ਤ ਸਾਹਿਬ ਉਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪ੍ਰਕਾਸ਼ਮਾਨ ਹੁੰਦੇ ਹਨ, ਗੁਰਬਾਣੀ ਦਾ ਕੀਰਤਨ ਤਥਾ ਪਾਠ ਹੋ ਰਿਹਾ ਹੁੰਦਾ ਹੈ, ਪਰ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਸੰਗਤ ਵਿੱਚ ਵਿੱਚ ਬੈਠੇ ਮਾਈ ਭਾਈ ਉੱਠ ਕੇ ਮੁਨੀ ਅਥਵਾ ਹੈੱਡ ਪੁਜਾਰੀ ਦੇ ਚਰਨ ਪਰਸਨ ਲਈ ਇੱਕ ਦੂਜੇ ਤੋਂ ਅੱਗੇ ਵਧਦੇ ਹਨ ਅਤੇ ਸਾਰੇ ਦਰਬਾਰ ਵਿੱਚ ਹਲਚਲ ਮੱਚ ਜਾਂਦੀ ਹੈ। ਜੇ ਕਿਸੇ ਪਾਤਸ਼ਾਹ ਦੀ ਹਾਜ਼ਰੀ ਵਿੱਚ ਉਸ ਦੀ ਰਿਆਇਆ ਪਾਤਸ਼ਾਹ ਵਲ ਕੰਡ ਕਰਕੇ ਉਸ ਦੇ ਅਹਿਦੀਏ ਦੀ ਪੈਰੀਂ ਡਿੱਗੇ ਤਾਂ ਇਸ ਕਾੲਵਾਈ ਨੂੰ ਪਾਤਸ਼ਾਹ ਦਾ ਆਦਰ ਸਮਝਿਆ ਜਾਏਗਾ ਕਿ ਨਿਰਾਦਰ? ਐਸੀ ਰਿਆਇਆ ਨੂੰ ਪਾਤਸ਼ਾਹ ਪਾਸੋਂ ਕੀ ਪ੍ਰਾਪਤ ਹੋਏਗਾ? ਅਜਿਹੀ ਹਾਲਤ ਹੀ ਉਨ੍ਹਾਂ ਲੋਕਾਂ ਦੀ ਹੋਵੇਗੀ, ਜੋ ਗੁਰੁ ਕੀ ਸੰਗਤ ਚੋਂ ਉੱਠ ਕੇ ਪੁਜਾਰੀ ਦੇ ਪੈਰੀਂ ਪੈਣਗੇ। ਸਤਿਗੁਰੂ ਜੀ ਦਾ ਫੁਰਮਾਨ ਹੈ: ‘ਮੂਲ ਛੋਡਿ ਡਾਲੀ ਲਗੈ ਕਿਆ ਪਾਵਹਿ ਛਾਈ’ ? ਅਰਥਾਤ ਜੋ ਲੋਕ ਮੁੱਢ ਨੂੰ ਛੱਡ ਕੇ ਟਹਿਣੀ ਨੂੰ ਹੱਥ ਪਾਉਣਗੇ, ਉਹ ਕੀ ਲੈਗਣਗੇ? ਸੁਆਹ?

ਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਸਿਵਾਏ ਇਸ ਗਲ ਦੇ ਤਖ਼ਤ ਉੱਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਬਾਕੀ ਸਾਰੀ ਰਹੁਰੀਤ ਬ੍ਰਾਹਮਣੀ ਭਾਂਤ ਦੀ ਹੈ। ਗੁਰੂ ਹੁਕਮਾਂ ਤੇ ਪੰਥਕ ਫੈਸਲੇ ਦੀ ਸਭ ਤੋਂ ਵੱਡੀ ਉਲੰਘਣਾ ਹੈ ਤਖ਼ਤ ਸਾਹਿਬ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਕਥਿਤ ਦਸਮ ਗ੍ਰੰਥ ਦਾ ਪ੍ਰਕਾਸ਼। ਸਭ ਤੋਂ ਮੁਖ ਗੁਰਮਤਿ ਵਿਰੋਧੀ ਕਾਰਵਾਈ ਹੈ ਗੁਰੁ ਕੇ ਅੰਗੀਠੇ ਦੀ ਪੂਜਾ। ਸ੍ਰ: ਨਰੈਣ ਸਿੰਘ ਜੀ ਲਿਖਦੇ ਹਨ ਕਿ ਜਦੋਂ ਗੁਰੁ ਗੋਬਿੰਦ ਸਿਘ ਜੀ ਨੇ ਸੰਤ ਦਾਦੂ ਦੀ ਸਮਾਧ ਨੂੰ (ਕੇਵਲ ਤੀਰ ਨਾਲ ਸਲਾਮੀ ਦੇ ਕੇ) ਸਤਿਕਾਰ ਭੇਟਾ ਕੀਤਾ ਸੀ ਤਾਂ ਗੁਰੁ ਕੇ ਸਿੱਖਾਂ ਆਪ ਜੀ ਨੂੰ ਤਨਖਾਹ ਲਗਾਈ, ਜਿਸ ਨੂੰ ਗੁਰੁ ਜੀ ਨੇ ਸਵੀਕਾਰ ਕੀਤਾ ਸੀ। ਤਾਂ ਕੀ ਉਹ ਲੋਗ ਜੋ ਤਖ਼ਤ ਸਾਹਿਬ ਉੱਪਰ ਪੂਜਾ ਦੀ ਸਾਰੀ ਕ੍ਰਿਆ (ਇਸ਼ਨਾਨ, ਤਿਲਕ, ਧੂਪ ਦੀਪ, ਪ੍ਰਸ਼ਾਦ ਭੇਟ ਤੇ ਅਰਦਾਸ ਆਦਿ) ਅੰਗੀਠਾ ਸਾਹਿਬ ਦੇ ਸਨਮੁਖ ਕਰਦੇ ਹਨ, ਕੀ ਉਨ੍ਹਾਂ ਨੂੰ ਤਨਖਾਹ ਨਹੀ ਲਗਣੀ ਚਾਹੀਦੀ? ਭਾਂਵੇਂ ਇਸ ਥਾਂ ਨੂੰ ਗੁਰੂ ਕੇ ਸਤਿਕਾਰ ਵਜੋਂ ਅੰਗੀਠਾ ਸਾਹਿਬ ਹੀ ਕਿਹਾ ਜਾਂਦਾ ਹੈ, ਪਰ ਵਾਸਤਵਿਕ ਤੇ ਸਾਰਥਕ ਗੱਲ ਤਾਂ ਇਹੋ ਹੈ ਕਿ ਇਥੇ ਗੁਰੁ ਜੀ ਦੇ ਸਰੀਰ ਦੀ ਅੰਤਮ ਕ੍ਰਿਆ ਕੀਤੀ ਗਈ ਹੈ। ਐਸੀ ਕ੍ਰਿਆ ਵਾਲੇ ਥਾਂ ਦੀ ਪੂਜਾ ਕਰਨ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਖੁਦ ‘ਗੋਰ ਮੜ੍ਹੀ ਮਠ ਭੂਲ ਨ ਮਾਨੈ’ ਦੇ ਫ਼ੁਰਮਾਨ ਦੁਆਰਾ ਵਰਜਦੇ ਹਨ ਤਾਂ ਇਸ ਅੰਗੀਠਾ ਸਾਹਿਬ ਦੀ ਮੌਜੂਦਾ ਰੂਪ ਵਿੱਚ ਪੂਜਾ ਨੂੰ ਗੁਰਮਤਿ ਅਨੁਕੂਲ ਕਿਵੇਂ ਕਿਹਾ ਜਾਏਗਾ?”

ਸੋ ਹੁਣ ਸਾਨੂੰ ਸਾਰਿਆਂ ਨੂੰ ਅਤਿ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਜੇਕਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਪ੍ਰਬੰਧਕੀ ਤੇ ਪੁਜਾਰੀ ਸੇਵਾਦਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਤੋਂ ਪਹਿਲਾਂ ਉਥੋਂ ਦੀ ਮਰਯਾਦਾ ਵਿੱਚ ਤਬਦੀਲੀ ਨਾ ਕੀਤੀ ਤਾਂ ਜਦੋਂ ਗੁਰਗੱਦੀ ਪੁਰਬ ਦੇ ਚਾਅ ਤੇ ਉਮਾਹ ਵਿੱਚ ਭਰੀਆਂ ਸ਼ਰਧਾਲੂ ਸਿੱਖ ਸੰਗਤਾਂ ਸ੍ਰੀ ਹਜ਼ੂਰ ਸਾਹਿਬ ਪਹੁੰਚਣਗੀਆਂ ਤਾਂ ਉਨ੍ਹਾਂ ਨੂੰ ਕੀ ਪ੍ਰੇਰਨਾ ਮਿਲੇਗੀ? ਇਸ ਲਈ ਵਿਸ਼ਵ ਭਰ ਦੀ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਦਾ ਮੁੱਖ ਫਰਜ਼ ਹੈ ਕਿ ਉਹ ਤਖ਼ਤ ਸਾਹਿਬਾਨਾਂ ਦੇ ਮੁਖੀਆਂ ਨੂੰ ਇਸ ਬ੍ਰਾਹਮਣੀ ਮਰਯਾਦਾ ਨੂੰ ਬਦਲਣ ਲਈ ਮਜ਼ਬੂਰ ਕਰਨ। ਯਾਦ ਰੱਖੋ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੁੰਦਾ ਕਥਿਤ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਏ ਜਾਣ ਅਤੇ ਬਿਪਰਵਾਦੀ ਮਰਯਾਦਾ ਨੂੰ ਬਦਲੇ ਬਗੈਰ ਸ਼ਤਾਬਦੀ ਸਮਾਰੋਹ ਸਾਰਥਿਕ ਸਿੱਧ ਨਹੀ ਹੋਣਗੇ। ਕੌਮੀ ਸਰਮਾਇਆ ਤੇ ਹੋਰ ਬਹੁਪੱਖੀ ਸ਼ਕਤੀ ਅਜਾਂਈ ਜਾਏਗੀ। ਭੁਲ-ਚੁੱਕ ਮੁਆਫ਼।

ਜਗਤਾਰ ਸਿੰਘ ਜਾਚਕ (ਨਿਊਯਾਰਕ) 631. 592. 4335




.