.

ਤਿਨ ਸੌ ਸਾਲਾ ਗੁਰਗੱਦੀ ਦਿਵਸ `ਤੇ ਵਿਸ਼ੇਸ਼

ਕੁਝ ਅੰਦਰਲੀ ਝਾਤ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਆਰੰਭ ਮੰਗਲਾਚਰਣ ਤੋਂ ਹੁੰਦਾ ਹੈ। ਜਿਸਦਾ ਸੰਪੂਰਣ ਸਰੂਪ “ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ” ਹੈ। ਇਸ ਤਰ੍ਹਾਂ ਇਸ ਸੰਪੂਰਣ ਸਰੂਪ `ਚ ਮੰਗਲਾਚਰਣ ਸੰਪੂਰਣ ਬੀੜ `ਚ ੩੩ ਵਾਰੀ ਦਰਜ ਹੋਇਆ ਹੈ। ਉਪ੍ਰੰਤ ਇਸੇ ਮੰਗਲਾਚਰਣ ਦੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਤਿੰਨ ਹੋਰ ਸੰਖੇਪ ਸਰੂਪ ਵੀ ਆਏ ਹਨ। ਜੋ ਇਸ ਤਰ੍ਹਾਂ ਹਨ “ੴਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ”. . ੮ ਵਾਰੀ, “ੴ ਸਤਿਨਾਮੁ ਗੁਰਪ੍ਰਸਾਦਿ”. . ੨ ਵਾਰੀ ਅੰਤ “ੴ ਸਤਿ ਗੁਰਪ੍ਰਸਾਦਿ”. . ੫੨੪ ਵਾਰੀ ਤੇ ਕੁਲ ੫੬੭ ਵਾਰੀ।

ਇਸੇ ਮੰਗਲਾਚਰਣ ਨੂੰ ‘ਸਿੱਖ ਰਹਿਤ ਮਰਿਯਾਦਾ’ ਸੰਨ ੧੯੪੫ `ਚ ‘ਮੂਲ ਮੰਤ੍ਰ’ ਦਾ ਨਾਮ ਵੀ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਅਜੋਕੇ ਸਮੇਂ ਪੂਰੇ ਪੰਥ `ਚ ਇਸ ਨੂੰ ‘ਮੂਲ ਮੰਤ੍ਰ’ ਕਰਕੇ ਹੀ ਜਾਣਿਆ ਜਾਂਦਾ ਹੈ ਜਦਕਿ ਗੁਰਬਾਣੀ ਸਿਧਾਂਤ ਅਨੁਸਾਰ ਇਹ ਮੰਗਲਾਚਰਣ ਹੀ ਹੈ। ਧਿਆਨ ਦੇਣ ਦੀ ਗੱਲ ਹੈ ਕਿ ਮੰਗਲਾਚਰਣ “ੴ” ਤੋਂ ਅਰੰਭ ਹੋਕੇ ਆਪਣੇ ਹਰੇਕ ਸਰੂਪ `ਚ ‘ਗੁਰ ਪ੍ਰਸਾਦਿ’ `ਤੇ ਹੀ ਸਮਾਪਤ ਹੋਇਆ ਹੈ। ਇਸ ਤਰਹਾ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ਸਭ ਤੋਂ ਪਹਿਲੀ ਰਚਨਾ ਬਾਣੀ ‘ਜਪੁ’ ਹੀ ਹੈ, ਜਿਸਦੇ ਕਿ ਅਰੰਭ `ਚ ਪਹਿਲਾਂ ਇਹ ਮੰਗਲਾਚਰਣ ਹੀ ਹੈ। ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਣ ਕੀਤੀ ਹੋਈ ਹੈ। ਇਸ ਬਾਣੀ `ਚ ਪਹਿਲਾਂ ਇਹ ਮੰਗਲਾਚਰਣ ਉਪ੍ਰੰਤ ਇੱਕ ਸਲੋਕ “ਆਦਿ ਸਚੁ, ਜੁਗਾਦਿ ਸਚੁ. .” ਅਤੇ ਉਸਤੋਂ ਬਾਅਦ ਬਾਣੀ ਜਪੁ ਦੀਆਂ ੩੮ ਪਉੜੀਆਂ ਦਾ ਅਰੰਭ ਹੈ। ਇਸ ਤਰ੍ਹਾਂ ਬਾਣੀ ਜਪੁ `ਚ ਮੰਗਲਾਚਰਣ ੩੮ ਪਉੜੀਆਂ ਤੇ ਦੋ ਸਲੋਕ ਹਨ; ਇੱਕ ਸ਼ੁਰੂ `ਚ ਤੇ ਦੂਜਾ ਅਖ਼ੀਰ `ਚ। ਸੰਗਤਾਂ ਨੂੰ ਰੋਜ਼ ਸਵੇਰੇ ਇਸ ਬਾਣੀ ਦਾ ਪਾਠ ਕਰਨ ਦੀ ਹਿਦਾਇਤ ਹੈ।

ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ- ‘ਸੋਦਰੁ’ ਅਤੇ ‘ਸੋਪੁਰਖੁ’। ‘ਸੋਦਰੁ’ `ਚ ਸ਼ਬਦ ਹਨ ਤੇ ‘ਸੋਪੁਰਖੁ’ ਚ ਸ਼ਬਦ। ਸਿੱਖ ਸੰਗਤਾਂ ਲਈ ਨਿਯਤ ਨਿਤਨੇਮ ਅਨੁਸਾਰ ਇਹ ਬਾਣੀ ਸ਼ਾਮਾਂ ਵੇਲੇ ਦੀ ਹੈ, ਇਸ ਨੂੰ ‘ਰਹਿਰਾਸ’ ਦੀ ਬਾਣੀ ਵੀ ਆਖਦੇ ਹਨ। ਇਸ ਤੋਂ ਅੱਗੇ ਬਾਣੀ ‘ਸੋਹਿਲਾ’ ਹੈ ਜਿਸ `ਚ ਕੁਲ ਸ਼ਬਦ ਹਨ ਅਤੇ ਰਾਤ ਨੂੰ ਸੌਣ ਸਮੇਂ ਇਸ ਦਾ ਪਾਠ ਕਰਨ ਲਈ ਹਿਦਾਇਤ ਹੈ। ਇਸ ਤੋਂ ਅੱਗੇ ਹੇਠ ਦਿੱਤੇ ੩੧ ਰਾਗਾਂ ਅਨੁਸਾਰ ਬਾਣੀ ਦਰਜ ਹੈ।

ਇਹ ੩੧ ਰਾਗ ਹਨ-ਸਿਰੀਰਾਗੁ, ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ।

ਰਾਗਾਂ ਦੀ ਸਮਾਪਤੀ ਉਪ੍ਰੰਤ ਨੰਬਰਵਾਰ ਹੇਠ ਲਿਖੀਆਂ ਬਾਣੀਆਂ ਹਨ- ਸਲੋਕ ਸਹਸ ਕ੍ਰਿਤੀ ਮਹਲਾ ੧ ( ਸਲੋਕ) ਪੰਨਾ ੧੩੫੩, ਸਲੋਕ ਸਹਸਕ੍ਰਿਤੀ ਮਹਲਾ ੫ (੬੭ ਸਲੋਕ) ਪੰਨਾ ੧੩੫੩, ਗਾਥਾ ਮਹਲਾ ੫ ਪੰਨਾ ੧੩੬੦, ਫੁਨਹੇ ਮਹਲਾ ੫ ਪੰਨਾ ੧੩੬੧, ਚਉਬੋਲੇ ਮਹਲਾ ੫ ਪੰਨਾ ੧੩੬੩, ਸਲੋਕ ਭਗਤ ਕਬੀਰ ਜੀ (੨੪੩ ਸਲੋਕ) ਪੰਨਾ ੧੩੬੪, ਸਲੋਕ ਸ਼ੇਖ਼ ਫ਼ਰੀਦ ਕੇ (੧੩੦ ਸਲੋਕ) ਪੰਨਾ ੧੩੭੭, ਸਵਯੇ ਸ੍ਰੀ ਮੁਖ ਬਾਕ੍ਹ ਮ: ੫ (੨੦ ਸਵਯੇ) ਪੰਨਾ ੧੩੮੫, ਸਵਯੇ ਭੱਟਾਂ ਦੇ (੧੨੩ ਸਵਯੇ) ਸਲੋਕ ਵਾਰਾਂ ਤੇ ਵਧੀਕ (੧੫੨ਸਲੋਕ) ਪੰਨਾ ੧੪੧੦, ਜਿਨ੍ਹਾਂ `ਚ (ਮ: ੧-੩੩) (ਮ: ੩-੬੭) (ਮ: ੪-੩੦) (ਮ: ੫-੨੨) ਸਲੋਕ ਮਹਲਾ ੯ (੫੭ ਸਲੋਕ) ਪੰਨਾ ੧੪੨੬, ਮੁੰਦਾਵਣੀ ਮ: ੫ ਪੰਨਾ ੧੪੨੯, ਉਪ੍ਰੰਤ ਰਾਗਮਾਲਾ (ਰਾਗ ਮਾਲਾ ਬਾਣੀ ਹੈ ਵੀ ਜਾਂ ਨਹੀਂ, ਇਸ ਬਾਰੇ ਪੰਥ ਇੱਕ ਮੱਤ ਨਹੀਂ। ਇਹ ਵੱਖਰੀ ਗੱਲ ਹੈ ਕਿ ਰਾਗਮਾਲਾ ਬਾਰੇ ‘ਰਹਿਤ ਮਰਿਯਾਦਾ’ `ਚ ਸੇਧ ਹੈ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ (ਇਸ ਗੱਲ ਬਾਰੇ ਪੰਥ ਵਿੱਚ ਅਜੇ ਤੱਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ……)”।)

ਰਾਗਾਂ `ਚ ਬਾਣੀ ਦੀ ਤਰਤੀਬ-ਹਰੇਕ ਰਾਗ `ਚ ਬਾਣੀ ਦੀ ਤਰਤੀਬ ਦਾ ਵੇਰਵਾ ਆਮ ਤੌਰ `ਤੇ ਇਉਂ ਹੈ-ਸ਼ਬਦ, ਅਸ਼ਟਪਦੀਆਂ, ਛੰਤ, ਵਾਰ ਤੇ ਭਗਤਾਂ ਦੇ ਸ਼ਬਦ। ਇਹ ਸ਼ਬਦ, ਅਸ਼ਟਪਦੀਆਂ, ਛੰਤ ਆਦਿਕ ਭੀ ਖ਼ਾਸ ਕ੍ਰਮ `ਚ ਹਨ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਅਖ਼ੀਰ ਗੁਰੂ ਅਰਜਨ ਸਾਹਿਬ ਦੇ। ਸ੍ਰੀ ਗੁਰੂ ਅੰਗਦ ਸਾਹਿਬ ਦੀ ਬਾਣੀ `ਚ ਸ਼ਬਦ’ ਨਹੀਂ ਹਨ, ਕੇਵਲ ‘ਸਲੋਕ’ ਹੀ ਹਨ, ਜੋ ਭਿੰਨ ਭਿੰਨ ‘ਵਾਰਾਂ’ ਦੀਆਂ ਪਉੜੀਆਂ ਨਾਲ ਦਰਜ ਹੋਏ ਹਨ। ਨੌਂਵੇਂ ਪਾਤਸ਼ਾਹ ਦੇ ‘ਸ਼ਬਦ’ ਜਿਸ-ਜਿਸ ‘ਰਾਗ’ `ਚ ਵੀ ਹਨ, ਕ੍ਰਮ ਅਨੁਸਾਰ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਤੋਂ ਬਾਅਦ ਦਰਜ ਹੋਏ ਹਨ। ਸਾਰੇ ‘ਸ਼ਬਦਾਂ’ ਦੇ ਸਮਾਪਤ ਹੋ ਜਾਣ `ਤੇ ਇਸੇ ਤਰਤੀਬ `ਚ ਅਸ਼ਟਪਦੀਆਂ ਵੀ ਦਰਜ ਹਨ। ਨੌਂਵੇਂ ਪਾਤਸ਼ਾਹ ਦੀ ਕੋਈ ਅਸ਼ਟਪਦੀ ਹੈ ਹੀ ਨਹੀਂ, ਅੰਤ ਇਹੀ ਤਰਤੀਬ ‘ਛੰਦਾਂ’ ਲਈ ਵੀ ਹੈ।

ਗੁਰਬਾਣੀ ਅੰਕਾਂ ਦੀ ਤਰਤੀਬ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹ ਕੇ ਦੇਖੋ! ਥਾਂ ਥਾਂ `ਤੇ ਅੰਕ ਨੰਬਰ, ਦਿੱਸਣਗੇ। ਇਨ੍ਹਾਂ ਅੰਕਾਂ ਦੀ ਖ਼ਾਸ ਮਹੱਤਤਾ ਹੈ ਅਤੇ ਅੰਕ ਵੀ ਦੋ ਪ੍ਰਕਾਰ ਦੇ ਹਨ। ਹਰੇਕ ਸ਼ਬਦ, ਅਸ਼ਟਪਦੀ ਤੇ ਛੰਤ ‘ਬੰਦਾਂ’ `ਚ ਵੰਡਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ `ਚ ਇਨ੍ਹਾਂ ‘ਬੰਦਾਂ’ ਲਈ ਲਫ਼ਜ਼ ‘ਪਦੇ’ ਆਇਆ ਹੈ। ਬਹੁਤਾ ਕਰਕੇ ਹਰੇਕ ‘ਬੰਦ’ ਦੀਆਂ ਦੋ ਦੋ ਤੁਕਾਂ ਹੁੰਦੀਆਂ ਹਨ, ਕਿਤੇ ਕਿਤੇ ਤਿੰਨ ਤੇ ਕਈ ਥਾਂ ਚਾਰ ਤੁਕਾਂ ਵਾਲੇ ‘ਬੰਦ’ ਵੀ ਹਨ।

ਇਕ ਤਾਂ ਉਹ ‘ਅੰਕ’ ਹਨ ਜੋ ਸ਼ਬਦਾਂ `ਚ ‘ਬੰਦਾਂ’ ਦੀ ਗਿਣਤੀ ਦੱਸਣ ਲਈ ਹਨ; ਜਿਵੇਂ “ਆਸਾ ਮਹਲਾ ੫॥ ਜਾ ਤੂੰ ਸਾਹਿਬੁ ਤਾ ਭਉ ਕੇਹਾ, ਹਉ ਤੁਧੁ ਬਿਨੁ ਕਿਸੁ ਸਾਲਾਹੀ॥ ਏਕ ਤੂੰ ਤਾ ਸਭ ਕਿਛੁ ਹੈ, ਮੈ ਤੁਧੁ ਬਿਨੁ ਦੂਜਾ ਨਾਹੀ॥ ੧॥ ਬਾਬਾ ਬਿਖੁ ਦੇਖਿਆ ਸੰਸਾਰੁ॥ ਰਖਿਆ ਕਰਹੁ ਗੁਸਾਈ ਮੇਰੇ, ਮੈ ਨਾਮੁ ਤੇਰਾ ਆਧਾਰੁ॥ ੧॥ ਰਹਾਉ॥ ਜਾਣਹਿ ਬਿਰਥਾ ਸਭਾ ਮਨ ਕੀ, ਹੋਰ ਕਿਸੁ ਪਹਿ ਆਖਿ ਸੁਣਾਈਐ॥ ਵਿਣੁ ਨਾਵੈ ਸਭੁ ਜਗੁ ਬਉਰਾਇਆ, ਨਾਮੁ ਮਿਲੈ ਸੁਖੁ ਪਾਈਐ। ੨॥ ਕਿਆ ਕਰੀਐ ਕਿਸੁ ਆਖਿ ਸੁਣਾਈਐ, ਜਿ ਕਹਣਾ ਸੁ ਪ੍ਰਭ ਜੀ ਪਾਸਿ॥ ਸਭੁ ਕਿਛੁ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ॥ ੩॥ ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤੁ ਉਤੁ ਤੁਝਹਿ ਧਿਆਉ॥ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈ ਤਾਣੁ ਤੇਰਾ ਇਕੁ ਨਾਉ॥ ੪॥ ੭॥ ੪੬॥ (ਪੰ: ੩੮੨) ਇਸ ਸ਼ਬਦ ਦੇ ੪ ‘ਬੰਦ’ ਹਨ। ਹਰੇਕ ‘ਬੰਦ’ ਦੇ ਅਖ਼ੀਰ `ਤੇ ਉਸ ਦੀ ਗਿਣਤੀ ਦਾ ਅੰਕ ਹੈ ਅਤੇ ਇਸੇ ਤਰ੍ਹਾਂ ਸ਼ਬਦ ਦੀ ਸਮਾਪਤੀ `ਤੇ ਪਹਿਲਾਂ ਅੰਕ ੪ ਦਿੱਤਾ ਗਿਆ ਹੈ। ਇਹ ‘ਅੰਕ’ ਸ਼ਬਦ ਦੀ ਅੰਦਰਲੀ ਬਣਤਰ ਵਾਸਤੇ ਹੈ। ਦੂਜੇ ਅੰਕ ਹਨ, ਜੋ ਸ਼ਬਦਾਂ ਅਸ਼ਟਪਦੀਆਂ ਆਦਿਕ ਦੀ ਗਿਣਤੀ ਦਸਣ ਲਈ ਹੁੰਦੇ ਹਨ, ਜਿਵੇਂ ਇਸ ਸ਼ਬਦ `ਚ ਅੰਕ ੭ ਤੇ ੪੬। ਇਸ ਦਾ ਅਰਥ ਹੈ ਕਿ ਆਸਾ ਰਾਗ `ਚ ਇਥੋਂ ਤੀਕ ਗੁਰੂ ਅਰਜਨ ਸਾਹਿਬ ਦੇ ਕੁੱਲ ੪੬ ਸ਼ਬਦ ਆ ਚੁੱਕੇ ਹਨ। ਪਰ ਇਹ ਸ਼ਬਦ ਵਖ ਵਖ ‘ਘਰ’ `ਚ ਗਾਏ ਜਾਣ ਵਾਲੇ ਹਨ, ਇਸ ਲਈ ਇਨ੍ਹਾਂ ਦੇ ਸਿਰਲੇਖ `ਚ ਵੀ ਆਸਾ ਮਹਲਾ ੫ ਘਰੁ ੨, ਆਸਾ ਮਹਲਾ ੫ ਘਰੁ ੩, ਆਸਾ ਮਹਲਾ ੫ ਘਰੁ ੫, ਆਸਾ ਮਹਲਾ ੫ ਘਰੁ ੬। ਇਸ ਤਰ੍ਹਾਂ ਇਹ ਵੀ ਸੇਧ ਦਿੱਤੀ ਹੈ ਕਿ ਸਾਜ਼ਾਂ ਰਾਹੀਂ ਗਾਉਣ ਸਮੇਂ ਕਿਸ ਸ਼ਬਦ ਨੂੰ ਕਿਤਨੇ ਤਾਲਾਂ `ਤੇ ਗਾਉਣਾ ਹੈ।

ਹਰੇਕ ਗੁਰੂ ਵਿਅਕਤੀ ਦੀ ਅਸ਼ਟਪਦੀਆਂ ਆਦਿ ਦੀ ਗਿਣਤੀ ਵੱਖਰੀ ਭੀ ਦਿਤੀ ਹੈ। ਤੇ ਸਾਰੇ ਗੁਰੂ ਸਾਹਿਬਾਨ ਦੇ ਸ਼ਬਦ ਰਲਾ ਕੇ ਇਕੱਠਾ ਜੋੜ ਦੇਣ ਦਾ ਨਿਯਮ ਵੀ ਵਰਤਿਆ ਹੈ; ਜਿਵੇਂ ਸੋਰਠਿ ਮਹਲਾ ੧- (੧੨ ਸ਼ਬਦ), ਸੋਰਠਿ ਮਹਲਾ ੩ (੧੨ ਸ਼ਬਦ), ਸੋਰਠਿ ਮਹਲਾ ੪ (੯ ਸ਼ਬਦ), ਸੋਰਠਿ ਮਹਲਾ ੫ (੯੪ ਸ਼ਬਦ), ਸੋਰਠਿ ਮਹਲਾ ੯ (੧੨ ਸ਼ਬਦ) -ਇਸ ਤਰ੍ਹਾਂ ਅੰਤ `ਚ ਇਨ੍ਹਾਂ ਸਾਰੇ ਹੀ ਸ਼ਬਦਾਂ ਦਾ ਕੁਲ ਜੋੜ ੧੩੯ ਦਿੱਤਾ ਗਿਆ ਹੈ।

ਇਕ ਹੋਰ ਵਿਸ਼ੇਸ਼ ਗੱਲ ਕਿ ਕਿਤੇ ਕਿਤੇ ਪੰਚਮ ਪਾਤਸ਼ਾਹ ਨੇ ਆਪ ਹੀ ਇਨ੍ਹਾਂ ‘ਅੰਕਾਂ’ ਦਾ ਮਤਲਬ ਵੀ ਸਮਝਾ ਕੇ ਸੇਧ ਦਿੱਤੀ ਹੈ ਕਿ ਇਸੇ ਹਦਾਇਤ ਹਰ ਥਾਂ ਵਰਤ ਲਿਆ ਜਾਵੇ। ਮਿਸਾਲ ਵਜੋਂ (੧) ੧੪੩੦ ਪੰਨਿਆਂ ਵਾਲੀ ‘ਬੀੜ’ ਦਾ ਪੰਨਾ ੬੪, ਮਹਲੇ ਪਹਿਲੇ ਦੀਆਂ ੧੭ ਅਸ਼ਟਪਦੀਆਂ ਮੁੱਕਣ `ਤੇ ਅੰਕ ੧੭ ਵਰਤਣ ਤੋਂ ਬਾਅਦ ਇਹ ਵੀ ਲਿਖਿਆ ਹੈ- ‘ਮਹਲੇ ਪਹਿਲੇ ਸਤਾਰਹ ਅਸ਼ਟਪਦੀਆਂ’, (੨) ਪੰਨਾ ੯੬, ਰਾਗ ਮਾਝ, ਚਉਪਦੇ ਮ: ੪ ਮੁੱਕਣ `ਤੇ ਅੰਕ ੭ ਲਿਖ ਕੇ ਅੱਗੇ ਲਿਖਿਆ ਹੈ, ‘ਸਤ ਚਉਪਦੇ ਮਹਲੇ ਚਉਥੇ ਕੇ’, (੩) ਪੰਨਾ ੨੨੮ ਰਾਗ ਗਉੜੀ, ੧੬ ਅਸ਼ਟਪਦੀਆਂ ਦੇ ਅਖ਼ੀਰ `ਤੇ ਅੰਕ ੧੬ ਦੇ ਕੇ ਲਿਖਿਆ ਹੈ, ‘ਸੋਲਹ ਅਸ਼ਟਪਦੀਆਂ ਗੁਆਰੇਰੀ ਗਉੜੀ ਕੀਆਂ’, (੪) ਪੰਨਾ ੩੩੦ ਰਾਗ ਗਉੜੀ; ਕਬੀਰ ਜੀ ਦੇ ਸ਼ਬਦਾਂ ਦੇ ਅਖ਼ੀਰ `ਤੇ ਅੰਕ ੩੫ ਲਿਖ ਕੇ, ‘ਗਉੜੀ ਗੁਆਰੇਰੀ ਕੇ ਪਦੇ ਪੈਤੀਸ।’ ਇਸ ਦੇਣ ਦਾ ਵੱਡਾ ਲਾਭ ਹੈ ਕਿ ਕਿਸੇ ਸ਼ਬਦ ਨੂੰ ਢੂੰਡਣ `ਚ ਸਹੂਲਿਅਤ ਤਾਂ ਹੁੰਦੀ ਹੀ ਹੈ ਇਸਦੇ ਨਾਲ ਹੀ ਇਨ੍ਹਾਂ ‘ਅੰਕਾਂ’ ਦਾ ਲਾਭ ਇਹ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਕੋਈ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਲੋਕਾਂ ਨੇ ਲਿਖਤੀ ਬੀੜਾਂ `ਚ ਕੋਈ ਵਾਧਾ ਕੀਤਾ ਵੀ ਹੈ ਤਾਂ ਉਹ ਮੁੰਦਾਵਣੀ ਮਹਲਾ ੫ ਅਤੇ ਸਲੋਕ ਮਹਲਾ ੫ ਤੋਂ ਅਗਾਂਹ ਹੀ ਕਰ ਸਕੇ ਹਨ, ਓਦੋਂ ਪਹਿਲਾਂ ਨਹੀਂ।

ਰਾਗਾਂ ਵਿਚਕਾਰ ਹੀ ਹੋਰ ਖ਼ਾਸ ਖ਼ਾਸ ਬਾਣੀਆਂ- ਆਮ ਤੌਰ `ਤੇ ਤਾਂ ਹਰੇਕ ਰਾਗ ਵਿੱਚ ਸ਼ਬਦ, ਅਸ਼ਟਪਦੀਆਂ ਤੇ ਛੰਤ ਹੀ ਹਨ, ਪਰ ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਕੁੱਝ ਹੋਰ ਖ਼ਾਸ ਬਾਣੀਆਂ ਵੀ ਹਨ ਜਿਵੇਂ ਸਿਰੀ ਰਾਗ `ਚ- (੧) ਪਹਰੇ- (ਪੰ: ੭੪-੭੮) ਇਨ੍ਹਾਂ ਦੀ ਗਿਣਤੀ ਮ: ੧ ਦੇ ੨; ਮ: ੪ ਦਾ ੧; ਮ: ੫ ਦਾ ੧ ਕੁਲ ਜੋੜ-੪ ਹੈ। ਉਪ੍ਰੰਤ ਇਸੇ ਰਾਗ `ਚ ਦੂਜੀ ਵਿਸ਼ੇਸ਼ ਬਾਣੀ ਹੈ ‘ਵਣਜਾਰਾ’ ਮ: ੪ (ਪੰ: ੮੧) ਇਸੇ ਤਰ੍ਹਾਂ ਰਾਗ ਮਾਝ `ਚ- (੧) ਬਾਰਹ ਮਾਹ ਮ: ੫ (ਪੰ: ੧੩੩) (੨) ਦਿਨ ਰੈਣਿ ਮ: ੫ (ਪੰ: ੧੩੬)। ਗਉੜੀ ਰਾਗ `ਚ- (੧) ਕਰਹਲੇ ਮ: ੪ (ਪੰ: ੨੩੪), (ਨੋਟ-ਗਿਣਤੀ ਸਮੇਂ ਇਹ ‘ਕਰਹਲੇ’ ਅਸ਼ਟਪਦੀਆਂ `ਚ ਹੀ ਗਿਣੇ ਗਏ ਹਨ) (੨) ਬਾਵਨ ਅਖਰੀ ਮ: ੫ (ਪੰ: ੨੫੦) ਇਸ `ਚ ੫੫ ਪਉੜੀਆਂ ਅਤੇ ੧੫੭ ਸਲੋਕ ਹਨ। (੩) ਸੁਖਮਨੀ ਮ: ੫ (ਪੰ: ੨੬੨) - ਇਸ ਬਾਣੀ `ਚ ੨੪ ਸਲੋਕ ਤੇ ੨੪ ਅਸ਼ਟਪਦੀਆਂ ਹਨ। (੪) ਥਿਤੀ ਮ: ੫ (ਪੰ: ੨੯੬)।

ਇਸੇ ਤਰ੍ਹਾਂ ਆਸਾ ਰਾਗ `ਚ- (੧) ਬਿਰਹੜੇ ਮ: ੫ (ਪੰ: ੪੩੧); ਨੋਟ-ਇਹ ਤਿੰਨੇ ‘ਬਿਰਹੜੇ’ ਅਸ਼ਟਪਦੀਆਂ ਦੀ ਹੀ ਗਿਣਤੀ `ਚ ਹਨ, ਪਰ ਇਨ੍ਹਾਂ ਦੀ ਚਾਲ ‘ਛੰਤਾਂ’ ਵਾਲੀ ਹੈ। (੨) ਪਟੀ ਮਹਲਾ ੧ (ਪੰ: ੪੩੨) - ੩੫ ਪਉੜੀਆਂ (੩) ਪਟੀ ਮਹਲਾ ੩ (ਪੰ: ੪੩੨) -੧੮ ਪਉੜੀਆਂ। ਉਪ੍ਰੰਤ ਵਡਹੰਸ ਰਾਗ `ਚ- (੧) ਘੋੜੀਆਂ ਮ: ੪ (ਪੰ: ੫੭੫) ਨੋਟ- ਬਾਣੀ ਘੋੜੀਆਂ ਦੀ ਗਿਣਤੀ ਵੀ ‘ਛੰਤਾਂ’ `ਚ ਹੀ ਹੈ। (੨) ਅਲਾਹਣੀਆਂ ਮ: ੧ (ਪੰ: ੫੭੮)। (੩) ਅਲਾਹਣੀਆਂ ਮ: ੩ (ਪੰ: ੫੮੨)। ਧਨਾਸਰੀ ਰਾਗ `ਚ- (੧) ਆਰਤੀ ਮ: ੧ (ਪੰ: ੬੬੩) ਨੋਟ-ਇਹ ਬਾਣੀ ਪਹਿਲੇ ਮਹਲੇ ਦੇ ‘ਸ਼ਬਦਾਂ’ ਦੀ ਗਿਣਤੀ `ਚ ਹੈ।

ਸੂਹੀ ਰਾਗ `ਚ- (੧) ਕੁਚਜੀ ਮ: ੧ (ਪੰ: ੭੬੨) (੨) ਸੁਚਜੀ ਮ: ੧ (ਪੰ: ੭੬੨) (੩) ਗੁਣਵੰਤੀ ਮ: ੫ (ਪੰ: ੭੬੩) ਨੋਟ-ਇਹ ਤਿੰਨੇ ਬਾਣੀਆਂ ਅਸ਼ਟਪਦੀਆਂ ਤੇ ਛੰਤਾਂ ਦੇ ਵਿਚਕਾਰ ਹਨ। ਬਿਲਾਵਲ ਰਾਗ `ਚ- (੧) ਥਿਤੀ ਮ: ੧ (ਪੰ: ੮੩੮) (੨) ਵਾਰ ਸਤ ਮ: ੩ (ਪੰ: ੮੪੧) ਅਸ਼ਟਪਦੀਆਂ ਤੋਂ ਪਿਛੋਂ। ਰਾਮਕਲੀ ਰਾਗ `ਚ- (੧) ਅਨੰਦ ਮ: ੩ (ਪੰ: ੯੧੭) ੪੦ ਪਉੜੀਆਂ (੨) ‘ਸਦੁ’ ਬਾਬਾ ਸੁੰਦਰ ਜੀ (ਪੰ: ੯੨੩) (੩) ਓਅੰਕਾਰੁ ਮ: ੧ (ਪੰ: ੯੨੯) ੫੪ ਪਉੜੀਆਂ (੪) ਸਿਧ ਗੋਸਟਿ ਮ: ੧ (ਪੰ: ੯੩੮) ੭੩ ਪਉੜੀਆਂ ਰਾਗ ਮਾਰੂ `ਚ- (੧) ਅੰਜੁਲੀਆ ਮ: ੫ (ਪੰ: ੧੦੧੯) (੨) ਸੋਲਹੇ ਮ: ੧ (ਪੰ: ੧੦੨੦) (੨੨) ਸੋਲਹੇ ਮ: ੩ (ਪੰ: ੧੦੪੩) (੨੪) ਸੋਲਹੇ ਮ: ੪ (ਪੰ: ੧੦੬੯) (੨) ਸੋਲਹੇ ਮ: ੫ (ਪੰ: ੧੦੭੧) (੧੪) ਤੁਖਾਰੀ ਰਾਗ `ਚ- ਬਾਰਹ ਮਾਹ ਮ: ੧ (ਪੰ: ੧੧੦੭) ਨੋਟ-ਇਹ ਬਾਣੀ ‘ਛੰਤਾਂ’ `ਚ ਹੀ ਗਿਣੀ ਗਈ ਹੈ।

ਗੁਰਬਾਣੀ `ਚ ਮਿਲਵੇਂ ਰਾਗ- ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਚ ਕੁੱਲ ੩੧ ਰਾਗਾਂ `ਚ ਬਾਣੀ ਦਰਜ ਹੈ। ਫ਼ਿਰ ਵੀ ਕਈ ਰਾਗਾਂ `ਚ ਕੁੱਝ ਅਜੇਹੇ ਸ਼ਬਦ ਹਨ, ਜੋ ਦੋ ਦੋ ਮਿਲਵੇਂ ਰਾਗਾਂ `ਚ ਗਾਏ ਹਨ। ਇਸ ਤੋਂ ਇਲਾਵਾ ਕਈ ਰਾਗਾਂ ਦੀਆਂ ਅਗੇ ਹੋਰ-ਹੋਰ ਕਿਸਮਾਂ ਵੀ ਦਿੱਤੀਆਂ ਹੋਈਆਂ ਹਨ। ਇਸ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ `ਚ ਦਿੱਤੇ ਰਾਗਾਂ ਸੰਬੰਧੀ ਇਹ ਦੋਵੇਂ ਗੱਲਾਂ ਜਾਣਨੀਆਂ ਜ਼ਰੂਰੀ ਹਨ।

ਰਾਗਾਂ ਦੀਆਂ ਵੱਖ-ਵੱਖ ਕਿਸਮਾਂ ਇਸ ਤਰ੍ਹਾਂ ਹਨ ਜਿਵੇਂ ਗਉੜੀ ਰਾਗ ਦੀਆਂ ਗੁਆਰੇਰੀ, ਚੇਤੀ, ਬੈਰਾਗਣਿ, ਪੂਰਬੀ, ਮਾਲਵਾ ਅਤੇ ਦੱਖਣੀ। ਇਸੇ ਤਰ੍ਹਾਂ ਰਾਗ ਵਡਹੰਸ ਦੱਖਣੀ, ਬਿਲਾਵਲ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ, ਰਾਮਕਲੀ ਦੱਖਣੀ। ਦੇਖਣ ਦੀ ਗੱਲ਼ ਹੈ ਕਿ ਰਾਗ ਗਉੜੀ, ਵਡਹੰਸ, ਬਿਲਾਵਲ, ਮਾਰੂ ਅਤੇ ਪ੍ਰਭਾਤੀ `ਚ ਤਾਂ ਸਿਰਫ ਕੁੱਝ ਸ਼ਬਦ, ਅਸ਼ਟਪਦੀਆਂ ਅਤੇ ਛੰਤ ਹੀ ਐਸੇ ਹਨ ਜਿਹੜੇ ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਪੂਰਬੀ, ਗਉੜੀ ਮਾਲਵਾ, ਵਡਹੰਸ ਦੱਖਣੀ, ਮਾਰੂ ਦੱਖਣੀ ਆਦਿ ਰਾਗਾਂ `ਚ ਮਿਲਦੇ ਹਨ।

ਪਰ ‘ਰਾਮਕਲੀ ਦੱਖਣੀ’ `ਚ ਇੱਕ ਲੰਮੀ ਬਾਣੀ ਵੀ ਹੈ ਜਿਸ ਦਾ ਨਾਮ ਹੈ ‘ਓਅੰਕਾਰੁ’। ਸਿੱਖ ਜਨਤਾ ਵਿਚਕਾਰ ਇਸ ਦਾ ਨਾਮ ‘ਦੱਖਣੀ ਓਅੰਕਾਰੁ’ ਕਰਕੇ ਪ੍ਰਸਿੱਧ ਹੋ ਚੁਕਾ ਹੈ। ਲਫ਼ਜ਼ ‘ਦੱਖਣੀ’ ਨੂੰ ‘ਰਾਮਕਲੀ’ ਨਾਲੋਂ ਹਟਾ ਕੇ ਲਫ਼ਜ਼ ‘ਓਅੰਕਾਰੁ’ ਨਾਲ ਵਰਤਿਆ ਜਾ ਰਿਹਾ ਹੈ ਜੋਕਿ ਗ਼ਲਤ ਹੈ ਤੇ ਜਿਵੇਂ ਅਸੀਂ ਅਜੇਹੇ ਬਾਕੀ ਸੰਬੰਧਤ ਰਾਗਾਂ `ਚ ਵੀ ਦੇਖ ਚੁਕੇ ਹਾਂ ਇਥੇ ਰਾਗ ਦਾ ਨਾਮ ਹੈ ‘ਰਾਮਕਲੀ ਦੱਖਣੀ’ ਅਤੇ ਬਾਣੀ ਦਾ ਨਾਮ ਹੈ ਕੇਵਲ ‘ਓਅੰਕਾਰੁ’ ਨਾ ਕਿ ‘ਦੱਖਣੀ ਓਅੰਕਾਰੁ’।

ਇਥੇ ਇਸ ਭੁਲੇਖੇ ਦਾ ਨਿਰਨਾ ਕਰਨ ਲਈ, ਦੇਖਣ ਦੀ ਲੋੜ ਹੈ ਠੀਕ ਇਨ੍ਹਾਂ ਹੀ ਲੀਹਾਂ `ਤੇ ਜਿਵੇਂ ਕਿ (1) ‘ਗਉੜੀ ਮਹਲਾ 1 ਦੱਖਣੀ’ -ਸ਼ਬਦ ਨੰ: 5, ਪੰਨਾ 152. ਜਿਵੇਂ ਰਾਗ ਗਉੜੀ ਦੀਆਂ ਹੀ ਹੋਰ ਕਿਸਮਾਂ `ਚ ਗਉੜੀ ਚੇਤੀ ਮ: 1, ਗਉੜੀ ਗੁਆਰੇਰੀ ਮ: 3, ਗਉੜੀ ਮ: 3 ਗੁਆਰੇਰੀ, ਮ: 3 ਗਉੜੀ ਬੈਰਾਗਣਿ ਜਾਂ (੍ਹ੍ਹ2) ਵਡਹੰਸ ਮਹਲਾ 1 ਦੱਖਣੀ (ਅਲਾਹਣੀਆਂ ਨੰ: 3 ਪੰਨਾ 580) (3) ਬਿਲਾਵਲ ਮਹਲਾ 1 ਛੰਤ ਦੱਖਣੀ-ਛੰਤ ਨੰ: 1, ਪੰਨਾ 843, (੪) ਮਾਰੂ ਮ: ੧ ਦੱਖਣੀ-ਸੋਲਹੇ ਨੰ: ੧੩, ਪੰਨਾ ੧੦੩੩, (੫) ਪ੍ਰਭਾਤੀ ਮ: ੧ ਦੱਖਣੀ-ਅਸ਼ਟਪਦੀ ਨੰ: ੪, ਪੰਨਾ ੧੩੪੩, (੬) ਰਾਮਕਲੀ ਮ: ੧ ਦੱਖਣੀ-ਓਅੰਕਾਰੁ, ਪੰਨਾ ੯੨੯

ਦੱਖਣੀ ਬਾਰੇ ਵਿਸ਼ੇਸ਼ ਨੁੱਕਤੇ-ਦੱਖਣੀ ਬਾਰੇ ਕੁੱਝ ਖਾਸ ਧਿਆਣਯੋਗ ਨੁੱਕਤੇ ਹਨ ਜਿਵੇਂ (੧) ਸਿਰਫ਼ ਗੁਰੂ ਨਾਨਕ ਸਾਹਿਬ ਨੇ ‘ਦੱਖਣੀ’ ਵਾਲਾ ਢੰਗ ਵਰਤਿਆ ਹੈ, ਦੂਜੇ ਗੁਰੂ ਸਰੂਪਾਂ ਨੇ ਨਹੀਂ। (੨) ਪੰਨਾ ੧੫੨ ਉੱਤੇ ‘ਗਉੜੀ ਮਹਲਾ ੧ ਦਖਣੀ’ ਦਾ ਇਹ ਭਾਵ ਨਹੀਂ ਕਿ ਸ਼ਬਦ ਨੰ: ੫ ‘ਦੱਖਣੀ’ ਕਿਸਮ ਦਾ ਹੈ। (੩) ਪੰਨਾ ਨੰ: ੫੮੦ ਉੱਤੇ ‘ਵਡਹੰਸ ਮਹਲਾ ੧ ਦੱਖਣੀ’ ਦਾ ਭਾਵ ਵੀ ਇਹ ਨਹੀਂ ਕਿ ‘ਅਲਾਹਣੀਆਂ’ ਨੰ: ੩ ‘ਦੱਖਣੀ’ ਕਿਸਮ ਦੀ ਹੈ। (੪) ਪੰਨਾ ਨੰ: ੮੪੩ ਉੱਤੇ ‘ਬਿਲਾਵਲ ਮਹਲਾ ੧ ਛੰਤ ਦਖਣੀ’ ਦਾ ਇਹ ਭਾਵ ਨਹੀਂ ਕਿ ਇਹ ‘ਛੰਤ’ ਨੰ: ੧ ‘ਦੱਖਣੀ’ ਕਿਸਮ ਦਾ ਹੈ। (੫) ਪੰਨਾ ਨੰ: ੧੦੩੩ ਉੱਤੇ ‘ਮਾਰੂ ਮਹਲਾ ੧ ਦਖਣੀ’ ਤੋਂ ਇਹ ਮਤਲਬ ਨਹੀਂ ਨਿਕਲਦਾ ਕਿ ‘ਸੋਲਹਾ’ ਨੰ: ੧੩ ‘ਦੱਖਣੀ’ ਕਿਸਮ ਦਾ ਹੈ। (੬) ਪੰਨਾ ੧੩੪੩ ਉੱਤੇ ‘ਪ੍ਰਭਾਤੀ ਮਹਲਾ ੧ ਦਖਣੀ’ ਦਾ ਵੀ ਇਹ ਭਾਵ ਨਹੀਂ ਕਿ ‘ਅਸ਼ਟਪਦੀ’ ਨੰ: ੪ ‘ਦੱਖਣੀ’ ਕਿਸਮ ਦੀ ਹੈ। ਇਸੇ ਤਰ੍ਹਾਂ- (੭) ਪੰਨਾ ੯੨੯ ਉੱਤੇ ‘ਰਾਮਕਲੀ ਮਹਲਾ ੧ ਦਖਣੀ ਓਅੰਕਾਰ’ ਦਾ ਭਾਵ ਇਹ ਨਹੀਂ ਹੈ ਕਿ ਬਾਣੀ ‘ਓਅੰਕਾਰੁ’ ‘ਦੱਖਣੀ’ ਕਿਸਮ ਦੀ ਹੈ। ਦੂਜੀ ਗੱਲ-ਜਿਵੇਂ ‘ਗਉੜੀ’ ਵਿੱਚ ਅਸੀਂ ਦੇਖ ਚੁਕੇ ਹਾਂ ਕਿ ‘ਗਉੜੀ ਗੁਆਰੇਰੀ ਮਹਲਾ ੩’ ਤੇ ‘ਗਉੜੀ ਮਹਲਾ ੩ ਗੁਆਰੇਰੀ’ ਦਾ ਇਕੋ ਹੀ ਭਾਵ ਹੈ, ਇਸੇ ਤਰ੍ਹਾਂ ਇਨ੍ਹਾਂ ਉਪਰਲੇ ਸਿਰ-ਲੇਖਾਂ ਦਾ ਭਾਵ ਭੀ ਇਉਂ ਹੈ, ਗਉੜੀ ਦਖਣੀ ਮਹਲਾ ੧, ਵਡਹੰਸ ਦਖਣੀ ਮਹਲਾ ੧, ਬਿਲਾਵਲ ਦਖਣੀ ਮਹਲਾ ੧, ਮਾਰੂ ਦਖਣੀ ਮਹਲਾ ੧, ਬਿਲਾਵਲ ਦਖਣੀ ਮਹਲਾ ੧, ਪ੍ਰਭਾਤੀ ਦਖਣੀ ਮਹਲਾ ੧ ਅਤੇ ਰਾਮਕਲੀ ਦਖਣੀ ਮਹਲਾ ੧ ‘ਓਅੰਕਾਰ’ ਇਸ ਲਈ ਬਾਣੀ ਦਾ ਨਾਮ ‘ਓਅੰਕਾਰੁ’ ਹੈ। ‘ਦਖਣੀ ਓਅੰਕਾਰੁ’ ਨਹੀਂ। ਇਸ ਬਾਣੀ ਦੀ ਪਹਿਲੀ ਪਾਉੜੀ `ਚ ਵੀ ਬਾਣੀ ਦਾ ਨਾਮ ‘ਓਅੰਕਾਰੁ’ ਦਿੱਤਾ ਹੈ। ‘ਦਖਣੀ ਓਅੰਕਾਰੁ’ ਨਹੀਂ। ਇਸ ਲਈ ਬਾਣੀ ਦੀ ਪਹਿਲੀ ਪਾਉੜੀ ਪੜ੍ਹੋ ਤਾਂ ਗੱਲ ਆਪਣੇ ਆਪ ਹੀ ਸਾਫ਼ ਹੋ ਜਾਂਦੀ ਹੈ, ਪਉੜੀ ਹੈ- “ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰ ਬੇਦ ਨਿਰਮਏ॥ ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖ ਤਰੇ॥ ੧॥” ਸੰਪੂਰਨ ਰਚਨਾ `ਚ ਕਿਧਰੇ ਵੀ ਲਫ਼ਜ਼ ‘ਦੱਖਣੀ ਓਅੰਕਾਰਿ’ ਨਹੀਂ ਹੈ, ਸਿਰਫ਼ ‘ਓਅੰਕਾਰੁ’ ਹੈ। ਸਪਸ਼ਟ ਹੈ, ਪਾਤਸ਼ਾਹ ਨੇ ‘ਬਾਣੀ’ ਦਾ ਨਾਮ ਵੀ ‘ਬਾਣੀ’ ਤੋਂ ਹੀ ਲਿਆ ਹੈ।

ਗੁਰਬਾਣੀ `ਚ ਦੋ ਦੋ ਮਿਲਵੇਂ ਰਾਗ- ਗੁਰਬਾਣੀ `ਚ ਦੋ ਦੋ ਮਿਲਵੇਂ ਰਾਗ ਵੀ ਹਨ ਜਿਵੇਂ- ਗਉੜੀ ਮਾਝ, (੨) ਆਸਾ ਕਾਫੀ, (੩) ਤਿਲੰਗ ਕਾਫੀ, (੪) ਸੂਹੀ ਕਾਫੀ, (੫) ਸੂਹੀ ਲਲਿਤ, (੬) ਬਿਲਾਵਲ ਗੌਂਡ, (੭) ਮਾਰੂ ਕਾਫੀ, (੮) ਬਸੰਤ ਹਿੰਡੋਲ, (੯) ਕਲਿਆਣ ਭੋਪਾਲੀ, (੧੦) ਪ੍ਰਭਾਤੀ ਬਿਭਾਸ, (੧੧) ਰਾਗ ਆਸਾ `ਚ ‘ਆਸਾਵਰੀ’ ਭੀ ਦਿੱਤਾ ਗਿਆ ਹੈ।

ਗੁਰਬਾਣੀ `ਚ ਹੀ ਛੇ ਹੋਰ ਰਾਗ- ਇਸ ਤਰ੍ਹਾਂ ੩੧ ਰਾਗਾਂ ਤੋਂ ਇਲਾਵਾ ਹੇਠ ਲਿਖੇ ੬ ਹੋਰ ਰਾਗ ਵੀ ਵਰਤੇ ਹਨ-ਲਲਿਤ, ਆਸਾਵਰੀ, ਹਿੰਡੋਲ, ਭੋਪਾਲੀ, ਬਿਭਾਸ ਤੇ ਕਾਫੀ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਵਾਰਾਂ ਦਾ ਵੇਰਵਾ- ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਕੁਲ ੨੨ ਵਾਰਾਂ ਹਨ। ਜਿਨ੍ਹਾਂ `ਚੋਂ ਗੁਰੂ ਨਾਨਕ ਸਾਹਿਬ ਦੀਆਂ-ਮਾਝ, ਆਸਾ, ਮਲਾਰ ਰਾਗ `ਚ ਤਿੰਨ (੩) ਵਾਰਾਂ। ਗੁਰੂ ਅਮਰਦਾਸ ਜੀ ਦੀਆਂ-ਗੂਜਰੀ, ਸੂਹੀ, ਰਾਮਕਲੀ, ਮਾਰੂ ਰਾਗ `ਚ ਚਾਰ (੪) ਵਾਰਾਂ। ਗੁਰੂ ਰਾਮਦਾਸ ਜੀ ਦੀਆਂ-ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ, ਕਾਨੜਾ ਰਾਗ `ਚ ਅੱਠ (੮) ਵਾਰਾਂ। ਗੁਰੂ ਅਰਜਨ ਸਾਹਿਬ ਦੀਆਂ-ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤ `ਚ ਕੁਲ ਛੇ (੬) ਵਾਰਾਂ। ਸੱਤੇ ਬਲਵੰਡ ਦੀ-ਰਾਮਕਲੀ ਰਾਗ `ਚ ਇੱਕ (੧) ਵਾਰ-ਕੁਲ ਜੋੜ ੨੨ ਵਾਰਾਂ

‘ਵਾਰਾਂ’ ਦਾ ਰਾਗਾਂ ਅਨੁਸਾਰ ਵੇਰਵਾ- ਗਉੜੀ -੨, ਗੂਜਰੀ -੨, ਰਾਮਕਲੀ-੩, ਮਾਰੂ -੨ ਜੋੜ ੯-ਬਾਕੀ ਤੇਰ੍ਹਾਂ (੧੩) ਸਿਰੀ ਰਾਗ, ਮਾਝ, ਆਸਾ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ, ਸੂਹੀ, ਬਿਲਾਵਲ, ਬਸੰਤ, ਸਾਰੰਗ, ਮਲਾਰ ਤੇ ਕਾਨੜਾ-ਇਕ ਇੱਕ ਵਾਰ ਦੀ ਗਿਣਤੀ `ਚ। ਚੇਤੇ ਰਹੇ! ਸੱਤੇ ਬਲਵੰਡ ਦੀ ‘ਵਾਰ’ ਤੇ ਰਾਗ-ਬਸੰਤ ਦੀ ‘ਵਾਰ’ ਤੋਂ ਛੁੱਟ ਬਾਕੀ ਹਰੇਕ ‘ਵਾਰ’ ਦੀਆਂ ਪਉੜੀਆਂ ਨਾਲ ਪਹਿਲੇ ਪੰਜ ਗੁਰੂ ਪਾਤਸ਼ਾਹੀਆਂ ਦੇ ਸਲੋਕ ਭੀ ਦਰਜ ਹਨ।

ਭਗਤਾਂ ਦੀ ਬਾਣੀ ਦਾ ਵੇਰਵਾ- ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ੩੧ ਰਾਗਾਂ ਵਿਚੋਂ ੨੨ ਰਾਗਾਂ `ਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦਾਂ ਦਾ ਜੋੜ ੩੪੯ ਹੈ, ਅਤੇ ਭਗਤ-ਬਾਣੀ `ਚ ਹੀ ੩ (ਤਿੰਨ) ਸ਼ਬਦ ਗੁਰੂ ਅਰਜਨ ਸਾਹਿਬ ਦੇ ਵੀ ਹਨ। ਇਸ ਤਰ੍ਹਾਂ ਭਗਤ ਬਾਣੀ ਦੇ ਸ਼ਬਦਾਂ ਦਾ ਜੋੜ ੩੫੨ ਹੈ ਜਿਨ੍ਹਾਂ ਦਾ ਵੇਰਵਾ ਕਬੀਰ ਜੀ (੨੨੪), ਨਾਮਦੇਵ ਜੀ (੬੧) ਰਵਿਦਾਸ ਜੀ (੪੦), ਤ੍ਰਿਲੋਚਨ ਜੀ (੪), ਫਰੀਦ ਜੀ (੪), ਬੈਣੀ ਜੀ (੩), ਧੰਨਾ ਜੀ (੩), ਜੈਦੇਵ ਜੀ (੨) ਭੀਖਨ ਜੀ (੨), ਸੂਰਦਾਸ (ਕੇਵਲ ੧ ਤੁਕ), ਪਰਮਾਨੰਦ (੧), ਸੈਣ ਜੀ (੧), ਪੀਪਾ ਜੀ (੧), ਸਧਨਾ ਜੀ (੧), ਰਾਮਾਨੰਦ ਜੀ (੧), ਗੁਰੂ ਅਰਜਨ ਸਾਹਿਬ ਦੇ ਆਪਣੇ (੩) -ਕੁਲ਼ ਜੋੜ ੩੫੨ ਉਪ੍ਰੰਤ ਸ਼ਬਦਾਂ ਤੋਂ ਇਲਾਵਾ ਗਉੜੀ ਰਾਗ `ਚ ਕਬੀਰ ਜੀ ਦੀਆਂ ੩ ਹੋਰ ਬਾਣੀਆਂ ਹਨ- ਬਾਵਨ ਅਖਰੀ (ਪੰ: ੩੪੦), ਪੰਦ੍ਰਹ ਥਿੰਤੀ (ਪੰ: ੩੪੩), ਸਤ ਵਾਰ (ਪੰ: ੩੪੪)। ਇਨ੍ਹਾਂ ਤੋਂ ਇਲਾਵਾ ਕਬੀਰ ਜੀ ਦੇ -੨੪੩ ਅਤੇ ਫ਼ਰੀਦ ਸਾਹਿਬ ਦੇ ੧੩੦ਸਲੋਕਾਂ ਦੇ ਦੋ ਵੱਖ-ਵੱਖ ਸੰਗ੍ਰਹ ਵੀ ਹਨ। ਜਦਕਿ ਫ਼ਰੀਦ ਸਾਹਿਬ ਅਤੇ ਕਬੀਰ ਸਾਹਿਬ ਦੇ ਸਲੋਕਾਂ ਵਿਚਕਾਰ ਬਾ-ਕਾਇਦਾ ਮਹਲਾ ਨੰਬਰ ਦੇ ਕੇ ਕੁੱਝ ਸਲੋਕ ਗੁਰੂ-ਵਿਅਕਤੀਆਂ ਦੇ ਭੀ ਦਰਜ ਹਨ।

ਭਗਤ ਸੁੰਦਰ ਜੀ ਦੀ ਬਾਣੀ- ਭਗਤ ਸੁੰਦਰ ਜੀ ਦੀ ਬਾਣੀ ਜੋ ੬ ਪਉੜੀਆਂ ਹੀ ਹੈ ‘ਸਦੁ’ ਬਾਣੀ ਦੇ ਸਿਰਲੇਖ ਹੇਠ, ਰਾਮਕਲੀ ਰਾਗ `ਚ ਪੰਨਾ ੯੨੩ `ਤੇ ਦਰਜ ਹੈ।

ਭੱਟਾਂ ਦੇ ਸਵਯੇ- ਭੱਟਾਂ ਦੀ ਕੁਲ ਗਿਣਤੀ ੧੧ ਹੈ ਅਤੇ ਉਨ੍ਹਾਂ ਦੇ ਸਵਯਾਂ ਦੀ ਗਿਣਤੀ ੧੨੩ ਹੈ। ਸਵਯਾਂ ਵਾਲੀ ਇਹ ਬਾਣੀ ਦਾ ਆਰੰਭ “ਸ੍ਰੀ ਮੁਖਬਾਕ੍ਹ ਮ: ੫ ਭਾਵ ਪੰਜਵੇ ਪਾਤਸ਼ਾਹ ਦੇ ੨੦ (੧੧+੯) ਸਵਯੇ ਪੰਨਾ ੧੩੮੯-੧੩੯੫ `ਤੇ ਦਰਜ ਹਨ। ਇਸ ਤੋਂ ਬਾਅਦ ਭੱਟਾਂ ਦੇ ਸਵਯੇ ਪੰਨਾਂ ੧੩੯੫ ਤੋਂ ੧੪੧੦ `ਤੇ ਦਰਜ ਹਨ ਜਿਨ੍ਹਾਂ ਦੀ ਕੁਲ ੧੨੩ ਹੈ।

ਇਸ ਲੜੀ ਦੇ ਆਰੰਭ `ਚ ਸਵਯੇ ਮਹਲੇ ਪਹਿਲੇ ਕੇ-ਇਹ ੧੦ ਸਵਈਏ ਭੱਟ ਕਲਸਹਾਰ ਦੇ ਹਨ। ਫ਼ਿਰ ਸਵਯੇ ਮਹਲੇ ਦੂਜੇ ਕੇ-ਇਹ ੧੦ ਸਵਈਏ ਵੀ ਭੱਟ ਕਲਸਹਾਰ ਦੇ ਹਨ। ਇਥੇ ‘ਕਲBਸਹਾਰ’ ਦੇ ਦੂਜੇ ਨਾਮ ‘ਕਲB’ ਤੇ ‘ਟਲB’ ਵੀ ਆਏ ਹਨ। ਇਸਤੋਂ ਬਾਅਦ ਸਵਯੇ ਮਹਲੇ ਤੀਜੇ ਕੇ- ਗਿਣਤੀ `ਚ ੨੨ ਸਵਯੇ ਹਨ ਤੇ ਵੇਰਵਾ (ਕਲBਸਹਾਰ/੯-ਜਾਲਪ/੫-ਕੀਰਤ/੪-ਭਿਖਾ/੨-ਸਲB/੧- ਭਲB/੧-ਜੋੜ=੨੨), ਉਪ੍ਰੰਤ ਸਵਯੇ ਮਹਲੇ ਚੌਥੇ ਕੇ ਹਨ, ਇਨ੍ਹਾਂ ਦੀ ਗਿਣਤੀ ੬੦ ਤੇ ਵੇਰਵਾ (ਕਲBਸਹਾਰ/੧੩-ਨਲB/੧੬-ਗਯੰਦ/੧੩-ਮਥੁਰਾ/੭-ਬਲB/੫-ਕੀਰਤ/੪-ਸਲB/੨-ਜੋੜ ੬੦)। ਅੰਤ `ਚ ਸਵਯੇ ਮਹਲੇ ਪੰਜਵੇਂ ਕੇ ਹਨ ਜਿਨ੍ਹਾਂ ਦੀ ਗਿਣਤੀ ੨੧ ਅਤੇ ਵੇਰਵਾ (ਕਲBਹਸਾਰ/੧੨-ਮਥੁਰਾ /੭-ਹਰਿਬੰਸ/੨-ਜੋੜ ੨੧)। ਇਸ ਤਰ੍ਹਾਂ ਭੱਟਾਂ ਦੇ ਸਵਯਾਂ ਦੀ ਕੁਲ ਗਿਣਤੀ ੧੦+੧੦+੨੨+੬੦+੨੧ ਅਤੇ ਕੁਲ ਜੋੜ ੧੨੩ ਹੈ।

ਵੇਰਵਾ, ਭੱਟਾਂ ਅਨੁਸਾਰ- ਹੋਰ ਸੰਖੇਪ `ਚ ਸਮਝਣ ਲਈ- ਭਟਾਂ ਵਲੋਂ ਉਚਾਰਣ ਕੀਤੇ ਮਹਲੇ ਪਹਿਲੇ ਕੇ-੧੦, ਮਹਲੇ ਦੂਜੇ ਕੇ -੧੦, ਮਹਲੇ ਤੀਜੇ ਕੇ-੨੨, ਮਹਲੇ ਚੌਥੇ ਕੇ, ੬੦ ਅਤੇ ਕੁਲ ਜੋੜ, ੧੨੩ ਸਵਯੇ। ਜਿਨ੍ਹਾਂ ਚੋਂ ਕਲBਸਹਾਰ ਦੇ (੧੦+੧੦+੯+੧੩+੧੨) ੫੪, ਜਾਲਪ-੫, ਕੀਰਤ (੪+੪) ੮, ਭਿਖਾ-੨, ਸਲB- (੧+੨) ੩, ਭਲB-੧, ਨਲB-੧੬, ਗਯੰਦ ੧੩, ਮਥੁਰਾ- (੭+੭) ੧੪, ਬਲB-੫, ਹਰਿਬੰਸ -੨ ਤੇ ਕੁਲ ਜੋੜ ੧੨੩ ਹੈ।

ਬਾਣੀ `ਚ ਕਾਫੀ ਛੰਦ ਨਹੀਂ ਬਲਕਿ ਰਾਗ ਹੈ- ਸਾਡੇ ਕੁੱਝ ਵਿਦਵਾਨ ਜਿਵੇ ਬਾਣੀ ‘ਓਅੰਕਾਰੁ’ ਨੂੰ ‘ਦਖਣੀ ਓਅੰਕਾਰੁ’ ਲਿਖਣ ਦਾ ਟੱਪਲਾ ਖਾ ਗਏ ਹਨ, ਤਿਵੇਂ ਹੀ ‘ਕਾਫੀ’ ਨੂੰ ਇੱਕ ‘ਰਾਗ’ ਸਮਝਣ ਦੇ ਥਾਂ ‘ਛੰਦ’ ਦੀ ਕਿਸਮ ਸਮਝ ਰਹੇ ਹਨ। ਉਹ ਆਖਦੇ ਹਨ ‘ਪੰਜਾਬੀ `ਚ ਸਭ ਤੋਂ ਪਹਿਲਾਂ ‘ਕਾਫੀਆਂ’ ਗੁਰੂ ਨਾਨਕ ਸਾਹਿਬ ਨੇ ਹੀ ਲਿਖੀਆਂ ਸਨ”। ਆਪਣੇ ਇਸ ਖ਼ਿਆਲ ਦੀ ਪ੍ਰੋੜ੍ਹਤਾ ਲਈ ਉਹ ਸੱਜਣ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿਚੋਂ ਸ਼ਬਦ ਭੀ ਪੇਸ਼ ਕਰਦੇ ਹਨ। ਪਰ ਇਸ ਬਾਰੇ ਨਿਰਣਾ ਵੀ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦੇ ਹਿੱਸੇ ਹੀ ਆਇਆ ਹੈ। ਊਂਝ ਤਾਂ ਇਸ ਤੋਂ ਪਹਿਲਾਂ ੩੧ ਰਾਗਾਂ ਤੋਂ ਬਾਅਦ ਛੇ ਉਪ ਰਾਗਾਂ ਦਾ ਵੇਰਵਾ ਦੇਣ ਸਮੇਂ ਕਾਫ਼ੀ ਰਾਗ ਦਾ ਜ਼ਿਕਰ ਆ ਜਾ ਚੁੱਕਾ ਹੈ। ਫ਼ਿਰ ਵੀ ਵਿਚਾਰ ਕਰੀਏ ਤਾਂ ਵੀ ਸਾਬਤ ਹੋ ਜਾਂਦਾ ਹੈ ਕਿ ਬਾਣੀ `ਚ ਕਾਫ਼ੀ ਛੰਦ ਵਜੋਂ ਨਹੀਂ ਬਲਕਿ ਰਾਗ ਹੀ ਹੈ।

‘ਕਾਫੀ’, ਛੰਦ ਕਿ ਰਾਗ? ਹੇਠ ਲਿਖੇ ਅਨੁਸਾਰ ਲਫ਼ਜ਼ ‘ਕਾਫੀ’ ਇਨ੍ਹਾਂ ਸਿਰ-ਲੇਖਾਂ `ਚ ਮਿਲਦਾ ਹੈ ਜਿਵੇਂ (੧) ਰਾਗ ਆਸਾ ਘਰੁ ੮ ਕੇ ਕਾਫੀ ਮਹਲਾ ੪-ਸਿਰ-ਲੇਖ ਹੇਠ ੨ ਸ਼ਬਦ ਹਨ। ਸਿਰ-ਲੇਖ ਦਾ ਲਫ਼ਜ਼ ‘ਕੇ’ ਵਿਆਕਰਨ ਅਨੁਸਾਰ ‘ਪੁਲਿੰਗ, ਬਹੁ-ਵਚਨ’ ਹੈ; ‘ਛੰਦ’ ਦਾ ਲਫ਼ਜ਼ ‘ਕਾਫੀ’ ਇਸਤ੍ਰੀ ਲਿੰਗ ਇਕ-ਵਚਨ ਹੁੰਦਾ ਹੈ। ਲਫ਼ਜ਼ ‘ਕਾਫੀ’ ਦਾ ਹੇਠਲਾ ਅੰਕ ੨ ਦਸਦਾ ਹੈ ਕਿ ਇਸ ਸਿਰ-ਲੇਖ ਹੇਠ ਦੋ ਸ਼ਬਦ ਹਨ। ਜੇ ਇਹ ‘ਕਾਫੀਆਂ’ ਹੁੰਦੀਆਂ ਤਾਂ ਸਿਰ-ਲੇਖ `ਚ ‘ਕੇ’ ਦੇ ਥਾਂ ‘ਕੀਆਂ’ ਹੁੰਦਾ ਤੇ ‘ਕਾਫੀ’ ਦੇ ਥਾਂ ‘ਕਾਫ਼ੀਆਂ’ ਹੁੰਦਾ। (ਵੇਖੋ ਪੰਨਾ ੩੬੯)।

(੨) ਆਸਾ ਘਰੁ ੮ ਕਾਫੀ ਮਹਲਾ ੫- ਇਸ ਸਿਰ-ਲੇਖ ਦੇ ਹੇਠ ੧੮ ਸ਼ਬਦ ਦਰਜ ਹਨ (ਪੰਨਾ ੩੯੬ ਤੋਂ ੪੦੧)। ਜੇ ਲਫ਼ਜ਼ ‘ਕਾਫੀ’ ਕਿਸੇ ਛੰਦ ਦਾ ਨਾਮ ਹੁੰਦਾ, ਤਾਂ ‘ਕਾਫੀ’ ਤੋਂ ਬਹੁ-ਵਚਨ ‘ਕਾਫੀਆਂ’ ਹੁੰਦਾ, ਜਿਵੇਂ ‘ਅਸ਼ਟਪਦੀ’ ਤੋਂ ‘ਅਸ਼ਟਪਦੀਆਂ’ ਹੈ। ਸੋ, ਇਸ ਸਿਰ-ਲੇਖ ਦਾ ਭਾਵ ਇਉਂ ਹੈ-ਆਸਾ ਕਾਫੀ ਮਹਲਾ ੫ ਘਰੁ ੮।

(੩) ‘ਆਸਾ ਕਾਫੀ ਮਹਲਾ ੧ ਘਰੁ ੮ ਅਸ਼ਟਪਦੀਆਂ’। ਇਥੇ ਤਾਂ ਕਿਸੇ ਸ਼ੱਕ ਦੀ ਲੋੜ ਹੀ ਨਹੀਂ ਹੈ। ‘ਆਸਾ-ਕਾਫੀ’ ਮਿਲਵਾਂ ਰਾਗ ਹੈ।

(੪) ‘ਤਿਲੰਗ ਮਹਲਾ ੯ ਕਾਫੀ’ ਦੇ ਥਾਂ ‘ਕਾਫੀਆਂ’ ਹੁੰਦਾ। ਇਹ ਹੈ ਤਿਲੰਗ-ਕਾਫੀ ਮ: ੯

(੫) ‘ਸੂਹੀ ਮਹਲਾ ੯ ਕਾਫੀ ਘਰੁ ੧੦’। ਇਸ ਸਿਰ-ਲੇਖ ਹੇਠ ੩ ‘ਅਸ਼ਟਪਦੀਆਂ’ ਹਨ। ਅੰਕ ਨੰ: ੩ ਵਾਂਗ ਇਸ ਦਾ ਭਾਵ ਹੈ ‘ਸੂਹੀ-ਕਾਫੀ ਮਹਲਾ ੧ ਘਰੁ ੧੦’।

(੬) ‘ਰਾਗੁ ਸੂਹੀ ਮਹਲਾ ੫ ਅਸ਼ਟਪਦੀਆਂ ਘਰੁ ੧੦ ਕਾਫੀ’ ਇਥੇ ਦੋ ਅਸ਼ਟਪਦੀਆਂ ਹਨ, ਪਰ ਲਫ਼ਜ਼ ‘ਕਾਫੀ’ ਇਕ-ਵਚਨ ਹੈ। ਸੋ, ਇਹ ਵੀ ‘ਸੂਹੀ-ਕਾਫੀ’ ਮਿਲਵਾਂ ਰਾਗ ਹੀ ਹੈ।

(੭) ‘ਮਾਰੂ ਕਾਫੀ ਮਹਲਾ ੧ ਘਰ ੨ (ਪੰਨਾ ੧੦੧੪)। ੩ ਅਸਟਪਦੀਆਂ ਹਨ। ਲਫ਼ਜ਼ ‘ਕਾਫੀ’ ਇਕ-ਵਚਨ ਹੈ। ਪੰਨਾ ੧੦੧੯ ਉੱਤੇ ਸਿਰ-ਲੇਖ ਹੈ ‘ਮਾਰੂ ਮਹਲਾ ੫ ਘਰੁ ੮ ਅੰਜੁਲੀਆ’। ‘ਅੰਜੁਲੀ’ ਇਕ-ਵਚਨ ਹੈ, ‘ਅੰਜੁਲੀਆ’ ਬਹੁ-ਵਚਨ। ਤਿਵੇਂ ਹੀ ਪੰ: ੧੦੧੪ `ਤੇ ਲਫ਼ਜ਼ ‘ਕਾਫੀ’ ਤੋਂ ਬਹੁ ਵਚਨ ‘ਕਾਫੀਆਂ’ ਹੁੰਦਾ ਹੈ, ਜਿਵੇਂ ‘ਅੰਜੁਲੀ’ ਤੋਂ ‘ਅੰਜੁਲੀਆ’ ਬਣਿਆ ਹੋਇਆ ਹੈ। ਇਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’ `ਚ ਲਫ਼ਜ਼ ‘ਕਾਫੀ’ ਰਾਗ ਕਾਫੀ ਲਈ ਹੈ, ਛੰਤ ਲਈ ਨਹੀਂ

ਬਾਣੀ ਦਾ ਵੇਰਵਾ (31 ਰਾਗਾਂ `ਚ) -

     ਸ਼ਬਦ –ਅਸ਼ਟਪਦੀਆਂ- ਛੰਤ- ਜੋੜ

ਮਹਲਾ ੧- ੨੦੯ ੧੨੩ ੨੫ ੩੫੭

ਮਹਲਾ ੩- ੧੭੨ ੭੯ ੧੯ ੨੭੦

ਮਹਲਾ ੪- ੨੬੪ ੫੮ ੩੮ ੩੬੦

ਮਹਲਾ ੫- ੧੩੨੨ ੪੫ ੬੩ ੧੪੩੦

ਮਹਲਾ ੯- ੫੯ ੫੯

ਜੋੜ ੨੦੨੬ ੩੦੫ ੧੪੫ ੨੪੭੬

ਅੰਤਕਾ-ਦੁਨੀਆਂ ਭਰ ਦਾ ਇਕੋ-ਇਕ ਗ੍ਰੰਥ ਜਿਸ `ਚ 6 ਗੁਰੂ ਸਰੂਪਾਂ ਸਮੇਤ 35 ਲਿਖਾਰੀ ਹਨ, ਅਤੇ 1430 ਪੰਨਿਆਂ ਦੇ ਇੰਨੇ ਵੱਡੇ ਆਕਾਰ ਦੇ ਬਾਵਜੂਦ, ਕਿਧਰੇ ਵੀ ਵਿਚਾਰ ਜਾਂ ਸਿਧਾਂਤ ਵਿਰੋਧ ਨਹੀਂ। ਇਥੇ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨ ਭਰ ਭੰਡਾਰ” (ਪੰਨਾ 646) ਦਾ ਅਟੱਲ ਨਿਯਮ ਕੰਮ ਕਰ ਰਿਹਾ ਹੈ।

ਇਥੋਂ ਤੀਕ ਕਿ ਲਿਖਾਰੀਆਂ ਨੂੰ ਨਾਲ ਲੈਣ ਸਮੇਂ ਉਨ੍ਹਾਂ ਦੀ ਜਨਮ-ਜਾਤ ਨੂੰ ਮੁੱਖ ਨਹੀਂ ਰਖਿਆ। ਬਿਨਾਂ ਵਿਤਕਰਾ ਅਖੌਤੀ ਸ਼ੂਦਰਾਂ, ਕਹੇ ਜਾਂਦੇ ਉੱਚ ਜਾਤੀ ਬ੍ਰਾਹਮਣਾਂ, ਮੁਸਲਮਾਨਾਂ ਚੋਂ ਵੀ ਹਨ। ਕੇਵਲ ਮਨੁੱਖਤਾ ਅਤੇ ਇਲਾਹੀ ਸੱਚ ਦੇ ਸਿਧਾਂਤ ਨੂੰ ਹੀ ਮੁੱਖ ਰਖਿਆ ਗਿਆ ਹੈ।

ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਨੇ ਆਪ ਕੀਤੀ, ਬੀੜ ਭਾਈ ਗੁਰਦਾਸ ਜੀ ਤੋਂ ਲਿੱਖਵਾਈ। ਸੰਪਾਦਨਾ ਦਾ ਕੰਮ ਭਾਦੋਂ ਵਦੀ ਏਕਮ ਸੰਮਤ 1661 (ਸੰਨ 1604) ਨੂੰ ਮੁਕੰਮਲ ਹੋਇਆ ਅਤੇ ਭਾਦੋਂ ਸੁਦੀ ਏਕਮ (15 ਦਿਨ ਬਾਅਦ) ਤੱਤਕਰਾ ਮੁਕੰਮਲ ਕਰਨ ਉਪ੍ਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰੱਥਮ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਨੂੰ ਗੁਰਬਾਣੀ ਦੇ ਪ੍ਰਥਮ ਸੰਪੂਰਨ ਪਾਠ ਤੇ ਆਦਿ ਬੀੜ ਦੇ ਮੁੱਖ ਸੇਵਾਦਾਰ ਦੀ ਸੇਵਾ ਸੌਂਪੀ ਗਈ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੁਨੀਆਂ ਦੇ ਕਿਸੇ ਵੀ ਦੇਸ਼-ਕੋਨੇ `ਚ ਕਰ ਦਿਓ। ਬਿਨਾਂ ਵਿਤਕਰਾ ਰੰਗ-ਨਸਲ, ਇਸਤ੍ਰੀ-ਪੁਰਖ, ਬੱਚਾ-ਬਿਰਧ, ਸਥਾਨ-ਦਿਸ਼ਾ, ਸਮਾਂ-ਵਾਰ, ਊਚ-ਨੀਚ, ਬੋਲੀ-ਭਾਸ਼ਾ-ਧਰਮ ਗੁਰਬਾਣੀ ਦੇ ਸਿਧਾਂਤ; ਸਰਬ ਸੰਸਾਰ ਦੀ ਇਕੋ ਜਿਹੀ ਸਦੀਵੀ ਲੋੜ ਅਤੇ ਅਗਵਾਹੀ ਕਰਣ ਦੇ ਸਮਰੱਥ ਹਨ। ਇਥੋਂ ਤਾਂ ਸੁਚੱਜਾ-ਸ਼ਾਂਤ ਤੇ ਮਨੁੱਖੀ ਪਿਆਰ ਨਾਲ ਭਰਪੂਰ ਜੀਵਨ ਪ੍ਰਾਪਤ ਹੁੰਦਾ ਹੈ। (ਅਤੀ ਧੰਨਵਾਦਿ ਸਹਿਤ, ਹੱਥਲਾ ਗੁਰਮਤਿ ਪਾਠ ਨੰ: ੧੪੮, ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਲਿਖਤ ‘ਗੁਰੂ ਗ੍ਰੰਥ ਸਾਹਿਬ ਦਰਪਣ `ਤੇ ਆਧਾਰਿਤ ਹੈ ਜੀ) #148s6.01s08#s

Including this Self Learning Gurmat Lesson No 148

ਕੁਝ ਅੰਦਰਲੀ ਝਾਤ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.