.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 20

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਭੁੱਲਿਆਂ ਭੱਟਕਿਆਂ ਨੂੰ ਆਪਣੇ ਗਲ਼ ਨਾਲ ਲਾਉਂਦਾ ਹੈ, ਭਾਈ ਬਿਧੀਚੰਦ, ਭਾਈ ਬਹਿਲੋ, ਭਾਈ ਮੰਝ, ਚੌਧਰੀ ਡੱਲ ਸਿੰਘ ਵਰਗੇ ਗੁਰੂ ਜੀ ਦੀ ਸਰਨ ਵਿੱਚ ਆਏ ਤੇ ਉਹਨਾਂ ਨੇ ਆਪਣੇ ਪਹਿਲੇ ਸੁਭਾਅ ਦਾ ਤਿਆਗ ਕਰਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ। ਅੱਜ ਵੀ ਉਹ ਲੋਕ ਜੋ ਭਰਮਾਂ ਵਹਿਮਾਂ ਜਾਂ ਭੇਖੀ ਸਾਧਾਂ ਸੰਤਾਂ ਦੇ ਪਿੱਛੇ ਲੱਗ ਕੇ ਆਪਣੀ ਕਿਰਤ-ਕਮਾਈ ਨੂੰ ਸਾਧਾਂ ਦੇ ਭੋਰਿਆਂ ਦੀ ਐਸ਼ ਦਾ ਹਿੱਸਾ ਬਣਾ ਰਹੇ ਹਨ ਉਹਨਾਂ ਨੂੰ ਸੁਚੇਤ ਹੋ ਕਿ ਗੁਰੂ-ਗਿਆਨ ਨੂੰ ਸਮਝਣਾ ਚਾਹੀਦਾ ਹੈ:---

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ॥

ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ॥

ਜ਼ਿੰਦਗੀ ਕੋਈ ਬਹੁਤ ਲੰਬਾ ਜਿਉਣ ਦਾ ਸਬੰਧ ਨਹੀਂ ਹੈ, ਸੁਆਲ ਤਾਂ ਇਹ ਹੈ ਕਿ ਜ਼ਿੰਦਗੀ ਨੂੰ ਸਫਲ ਕਿਵੇਂ ਬਣਾਇਆ ਜਾਏ। ਵੱਖ ਵੱਖ ਧਰਮਾਂ ਨੇ ਕਈ ਪਰਕਾਰ ਦੀਆਂ ਸਫਲ ਜੀਵਨ ਦੀਆਂ ਜੁਗਤੀਆਂ ਦੱਸੀਆਂ ਜੋ ਸਮੇਂ ਅਨੁਸਾਰ ਸਾਰੀ ਮਨੁੱਖਤਾ ਲਈ ਫਿੱਟ ਨਾ ਬੈਠੀਆਂ। ਸਰਰਿਕ ਤਲ `ਤੇ ਮਨੁੱਖ ਨੇ ਬਹੁਤ ਸੁੱਖ ਪ੍ਰਾਪਤ ਕਰ ਲਏ ਹਨ ਪਰ ਆਤਮਿਕ ਤਲ਼ `ਤੇ ਇਹ ਅੱਜ ਵੀ ਅਸ਼ਾਂਤ ਹੀ ਨਜ਼ਰ ਆਉਂਦਾ ਹੈ ਤੇ ਇਸ ਦੀ ਅਸ਼ਾਂਤੀ ਕਰਕੇ ਚਲਾਕ ਪੁਜਾਰੀ ਨੇ ਕਈ ਪ੍ਰਕਾਰ ਦੇ ਆਤਮਿਕ ਬੰਧਨਾਂ ਵਿੱਚ ਇਸਨੂੰ ਪਾ ਦਿੱਤਾ। ਸਮਾਧੀਆਂ, ਤੀਰਥ ਯਤਰਾਵਾਂ, ਮਾਲ਼ਾ ਘਮਾਉਣੀਆਂ, ਗਿਣਤੀ ਦੇ ਜਾਪ, ਜਾਦੂ ਟੂਣੇ, ਕੀਤੇ ਕਤਰੇ ਵਿੱਚ ਐਸਾ ਉਲ਼ਝਾਇਆ ਹੋਇਆ ਹੈ ਕਿ ਇਕਵੀਂ ਸਦੀ ਦਾ ਵਾਸੀ ਹੋਣ ਦੇ ਨਾਤੇ ਵੀ ਇਹ ਖ਼ੁਦਾ ਦਾ ਬੇਟਾ ਭਗਵੰਤ ਪ੍ਰੀਤ ਤੋਂ ਸੱਖਣਾ ਹੈ। ਅੱਜ ਦੇ ਨਵੀਨ ਬ੍ਰਹਮ ਗਿਆਨੀਆਂ ਨੇ ਮਹਿੰਗੇ ਸੰਪਟ-ਪਾਠਾਂ ਤੇ ਉਹਨਾਂ ਦੀਆਂ ਲੜੀਆਂ ਵਿੱਚ ਮਨੁੱਖ ਦੀ ਮਾਨਸਿਕਤਾ ਦੇ ਵਿਕਾਸ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜੱਕੜ ਦਿੱਤਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਿਆਰਾ ਪੈਗ਼ਾਮ ਹੈ:--

ਪਰੈ ਸਰਨਿ ਆਨ ਸਭ ਤਿਆਗਿ॥ ਅੰਤਰਿ ਪ੍ਰਗਾਸ ਅਨਦਿਨੁ ਲਿਵਾਲਗਿ॥

ਸਰਨ ਵਿੱਚ ਆਉਣ ਨਾਲ ਗੁਰੂ ਜੀ ਦੀ ਨਿਰਮਲ ਮੱਤ ਮਿਲਦੀ ਹੈ।

ਸੇਵਕ ਕੀ ਮਨਸਾ ਪੂਰੀ ਭਈ॥ ਸਤਿਗੁਰ ਤੇ ਨਿਰਮਲ ਮਤਿ ਲਈ॥

ਅਤੇ

ਬੰਧਨ ਕਾਟਿ ਮੁਕਤਿ ਜਨੁ ਭਇਆ॥ ਜਨਮ ਮਰਨ ਦੂਖ ਭਰਮੁ ਗਇਆ॥

ਮੱਨੁਖ ਲਾਲਚ ਜਾਂ ਡਰ ਕਰਕੇ ਰਬ ਦੀ ਬੰਦਗੀ ਕਰਦਾ ਹੈ। ਅਗਾਂਹ ਜਾ ਕੇ ਏਹੀ ਡਰ ਤੇ ਲਾਲਚ ਨਰਕ ਸਵਰਗ ਵਿੱਚ ਬਦਲ ਜਾਂਦਾ ਹੈ। ਸਾਧਾਂ ਸੰਤਾਂ ਨੇ ਨਰਕ ਸਵਰਗ ਦੇ ਨਕਸ਼ਿਆਂ ਨੂੰ ਆਪਣੇ ਮਨ ਦੀ ਜੁਗਤੀ ਨਾਲ ਦੱਸਿਆ ਹੈ। ਹੁਣ ਤਾਂ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਫਲਾਣੇ ਬਾਬੇ ਦੇ ਪਾਸੋਂ ਨਾਮ ਲੈ ਲਈਏ ਤਾਂ ਉਹ ਸਵਰਗ ਵਿੱਚ ਸਿੱਧੀ ਸੀਟ ਵੀ ਦਿਵਾ ਦੇਂਦਾ ਹੈ। ਕਈਆਂ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਸਾਡੇ ਮਰ ਚੁੱਕੇ ਮਹਾਂਰਾਜ ਜੀ ਮਰੇ ਆਦਮੀ ਨੂੰ ਖ਼ੁਦ ਲੈਣ ਲਈ ਆਪ ਆਉਂਦੇ ਹਨ। ਪਰ ਗੁਰਬਾਣੀ ਤਾਂ ਭੰਬਲ਼ ਭੁਸਿਆਂ ਵਿਚੋਂ ਬਾਹਰ ਕੱਢ ਰਹੀ ਹੈ:--

ਸਰਬ ਬੈਕੁੰਠ ਮੁਕਤਿ ਮੋਖ ਪਾਇ॥ ਏਕ ਨਿਮਖ ਹਰਿ ਕੇ ਗੁਨ ਗਾਏ॥

ਸੁਖਮਨੀ ਸਾਹਿਬ ਦੀ ਬਾਣੀ ਮਨੁੱਖ ਨੂੰ ਕਹਿ ਰਹੀ ਹੈ ਕਿ ਭਾਈ ਇਸ ਜੀਵਨ ਕਾਲ ਅੰਦਰ ਹੀ ਪ੍ਰਭੂ ਜੀ ਦੇ ਸ਼ੁਭ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈ ਤਾਂ ਕਿ ਤੈਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਸਕੇ। ਇਹ ਸਾਰੀ ਸਮਝ ਗੁਰ-ਗਿਆਨ ਵਿਚੋਂ ਹੀ ਆਉਣੀ ਹੈ।

ਭਲੀ ਸੋ ਕਰਨੀ ਸੋਭਾ ਧਨਵੰਤ॥ ਹਿਰਦੈ ਬਸੇ ਪੂਰਨ ਗੁਰਮੰਤ॥

ਸਾਧ ਸੰਗਿ ਪ੍ਰਭ ਦੇਹੁ ਨਿਵਾਸ॥ ਸਰਬ ਸੂਖ ਨਾਨਕ ਪਰਗਾਸ॥
.