.

ਗੁਰਬਾਣੀ ਵਿੱਚ ਵੇਦਾਂ ਦੀ ਗੱਲ

ਅੱਜ ਤੋਂ ਕੋਈ ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਅਸੀਂ ਕਨੇਡਾ ਵੈਨਕੂਵਰ ਦੇ ਸਭ ਤੋਂ ਪਹਿਲੇ ਅਤੇ ਵੱਡੇ ਗੁਰਦੁਆਰੇ, ਰੌਸ ਸਟਰੀਟ ਤੇ ਅਨੰਦ ਕਾਰਜ ਤੇ ਗਏ ਸੀ। ਉਸ ਵੇਲੇ ਉਥੇ ਵਿਸ਼ਵ ਸਿੱਖ ਸੰਸਥਾ ਦਾ ਕੰਟਰੋਲ ਸੀ ਅਤੇ ਵਿਸ਼ਵ ਸਿੱਖ ਸੰਸਥਾ ਦੇ ਇੱਕ ਲੀਡਰ ਜੀ ਪ੍ਰਧਾਨ ਸਨ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਇੱਕ ਸਿਆਣੇ ਜਿਹੇ ਬਜ਼ੁਰਗ ਨੇ ਬੋਲਣ ਲਈ ਸਮਾ ਮੰਗਿਆ। ਸਮਾ ਮਿਲਣ ਤੇ ਉਸ ਨੇ ਮੱਥਾ ਟੇਕ ਕੇ ਬੋਲਣਾ ਸ਼ੁਰੂ ਕੀਤਾ ਤਾਂ ਗੁਰਬਾਣੀ ਦੀ ਪੰਗਤੀ ਵੀ ਉਸ ਨੇ ਲਾਵਾਂ ਵਾਲੇ ਪਾਠ ਵਿਚੋਂ ਹੀ ਲਈ। ਉਹ ਪੰਗਤੀ ਸੀ: ਬਾਣੀ, ਬ੍ਰਹਮਾ ਵੇਦੁ, ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਇਸ ਦੀ ਵਿਆਖਿਆ ਕਰਦਿਆਂ ਉਸ ਨੇ ਕਿਹਾ ਕਿ ਜੋ ਬ੍ਰਹਮਾ ਦੇ ਵੇਦ ਹਨ ਉਹਨਾ ਨੂੰ ਗੁਰਬਾਣੀ ਦੇ ਤੁਲ ਹੀ ਜਾਨਣਾ ਹੈ ਅਤੇ ਹੋਰ ਵੀ ਕਈ ਕੁੱਝ ਵੇਦਾਂ ਦੀ ਉਸਤਤੀ ਵਿੱਚ ਕਿਹਾ। ਭਾਵੇਂ ਕਿ ਉਸ ਨੇ ਇਸ ਦੇ ਅਰਥ ਗੁਰਮਤਿ ਸਿਧਾਂਤ ਤੋਂ ਬਿਲਕੁੱਲ ਉਲਟ ਕੀਤੇ ਸਨ ਪਰ ਪ੍ਰਧਾਨ ਜੀ ਨੇ ਉਸ ਦੇ ਬੋਲਣ ਤੋਂ ਬਾਅਦ ਉਸ ਦੀ ਖੂਬ ਵਡਿਆਈ ਕੀਤੀ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੈਂ ਪ੍ਰਧਾਨ ਜੀ ਨੂੰ ਪੁੱਛਿਆ ਕਿ ਉਸ ਨੇ ਤਾਂ ਅਰਥ ਹੀ ਗੁਰਮਤਿ ਤੋਂ ਉਲਟ ਕੀਤੇ ਹਨ ਅਤੇ ਤੁਸੀਂ ਉਸ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੱਤੇ। ਪ੍ਰਧਾਨ ਜੀ ਨੇ ਜਵਾਬ ਦਿੱਤਾ ਕਿ ਉਸ ਨੇ ਬੋਲਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਬਹੁਤ ਹੀ ਅਦਬ ਸਤਿਕਾਰ ਨਾਲ ਟੇਕਿਆ ਸੀ। ਇਹ ਬਜ਼ੁਰਗ ਜੀ ਇੱਕ ਦੇਹਧਾਰੀ ਗੁਰੂ ਡੰਮ ਨੂੰ ਮੰਨਣ ਵਾਲੇ ਸਨ ਅਤੇ ਰਾਧਾ ਸੁਆਮੀਆਂ ਦੇ ਡੇਰੇ ਨਾਲ ਸੰਬੰਧਤ ਸਨ।

ਸਾਡੀ ਸੋਚਣੀ ਮੁਤਾਬਕ ਗੁਰੂ ਜੀ ਨੇ ਬੇਦਾਂ ਦੋ ਜੋ ਜ਼ਿਕਰ ਗੁਰਬਾਣੀ ਵਿੱਚ ਕੀਤਾ ਹੈ ਉਸ ਨੂੰ ਉਸੇ ਹੀ ਸੰਧਰਵ ਵਿੱਚ ਲਿਆ ਹੈ ਜਿਸ ਤਰ੍ਹਾਂ ਕਿ ਇਹਨਾ ਵੇਦਾਂ ਨੂੰ ਮੰਨਣ ਵਾਲੇ ਕਹਿੰਦੇ ਸਨ। ਜਿਵੇਂ ਕਿ ਆਸਾ ਕੀ ਵਾਰ ਦੀ ਛੇਵੀਂ ਪਉੜੀ ਤੋਂ ਪਹਿਲਾਂ ਵਾਲੇ ਜੋ ਸਲੋਕ ਹਨ। ਇਹਨਾ ਸਲੋਕਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਧਰਮਾ ਨੂੰ ਮੰਨਣ ਵਾਲੇ ਜੋ ਆਪਣੇ ਧਰਮ ਬਾਰੇ ਕਹਿੰਦੇ ਹਨ ਉਸੇ ਨੂੰ ਹੀ ਦੁਹਰਾਇਆ ਹੈ ਅਤੇ ਆਪਣੀ ਗੱਲ ਅਖੀਰਲੀ ਪੰਗਤੀ ਵਿੱਚ ਕਹਿੰਦੇ ਹਨ। ਇਹ ਸਲੋਕ ਹਨ:

ਸਲੋਕ ਮਃ 1॥ ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰਵਾਸੁ ਬਹਕਾਰੁ॥ ਜੋਗੀ ਸੁੰਨਿ ਧਿਆਵਨਿ ਜੇਤੇ ਅਲਖ ਨਾਮੁ ਕਰਤਾਰੁ॥ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ॥ ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ॥ ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ॥ ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ॥ ਓਇ ਜਿ ਆਖਹਿ ਸੁ ਤੂੰ ਹੈ ਜਾਣਹਿ ਤਿਨਾ ਭਿ ਤੇਰੀ ਸਾਰ॥ ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ॥ 1॥ {ਪੰਨਾ 465-466}

ਪ੍ਰੋ: ਸਾਹਿਬ ਸਿੰਘ ਜੀ ਨੇ ਜੋ ਨੋਟ ਇਹਨਾ ਸਲੋਕਾਂ ਬਾਰੇ ਲਿਖਿਆ ਹੈ ਉਹ ਇਸ ਤਰ੍ਹਾਂ ਹੈ:

{ਨੋਟ : —ਗੁਰਬਾਣੀ ਨੂੰ ਗਹੁ ਨਾਲ ਪੜ੍ਹ ਕੇ ਵਿਚਾਰਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਸਤਿਗੁਰੂ ਜੀ ਕਿਸੇ ਇੱਕ ਜਾਂ ਕਈ ਮਤਾਂ ਤੇ ਕੋਈ ਵਿਚਾਰ ਕਰਦੇ ਹਨ, ਤਾਂ ਪਹਿਲਾਂ ਆਪ ਉਹਨਾਂ ਮਤਾਂ ਦੇ ਖ਼ਿਆਲ ਲਿਖਦੇ ਹਨ, ਅੰਤ ਵਿੱਚ ਆਪਣਾ ਮਤ ਪੇਸ਼ ਕਰਦੇ ਹਨ। ਇਸ ਸਲੋਕ ਦੀਆਂ ਜੇ ਦੋ ਦੋ ਤੁਕਾਂ ਨੂੰ ਗਹੁ ਨਾਲ ਵੇਖਿਆ ਜਾਵੇ, ਤਾਂ ਸਾਫ਼ ਪਰਗਟ ਹੁੰਦਾ ਹੈ ਕਿ ਇਸਲਾਮ, ਹਿੰਦੂ ਮਤ, ਜੋਗ ਮਤ, ਦਾਨੀ ਅਤੇ ਵਿਕਾਰੀ ਆਦਿਕਾਂ ਸੰਬੰਧੀ ਗੁਰੂ ਸਾਹਿਬ ਖ਼ਿਆਲ ਦੱਸ ਰਹੇ ਹਨ। ਸੁਤੇ ਹੀ ਯੋਗ ਇਹੀ ਦਿੱਸਦਾ ਹੈ ਕਿ ਇਹਨਾਂ ਸਭਨਾਂ ਦਾ ਜ਼ਿਕਰ ਕਰ ਕੇ ਗੁਰੂ ਸਾਹਿਬ ਆਪਣਾ ਸਾਂਝਾ ਖ਼ਿਆਲ ਅਖ਼ੀਰ ਤੇ ਦੱਸਦੇ। ਤਾਂ ਤੇ ਉਪਰਲੀਆਂ ਦੋ ਤੁਕਾਂ ਵਿਚੋਂ ਪਹਿਲੀ ਨੂੰ ਇਸਲਾਮ ਸੰਬੰਧੀ ਵਰਤ ਕੇ ਦੂਜੀ ਨੂੰ ਗੁਰਮਤ ਦਾ ਸਿੱਧਾਂਤ ਦੱਸਣਾ ਭੁੱਲ ਹੈ, ਕਿਉਂਕਿ ਇਹ ਨਿਯਮ ਅਗਲੀਆਂ ਤੁਕਾਂ ਵਿੱਚ ਕਿਤੇ ਨਹੀਂ ਵਰਤਿਆ ਗਿਆ। ਅਸਲ ‘ਵਾਰ’ ਨਿਰੀਆਂ ਪਉੜੀਆਂ ਤੋਂ ਬਣੀ ਹੋਈ ਹੈ। ਹਰੇਕ ਪਉੜੀ ਨਾਲ ਢੁਕਵੇਂ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਲਿਖੇ ਹੋਏ ਹਨ। ਜਦੋਂ ਇਸ ਪਉੜੀ ਦੇ ਭਾਵ ਨੂੰ ਗਹੁ ਨਾਲ ਵਿਚਾਰੀਏ, ਤਾਂ ਭੀ—

"ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤ ਲਾਇਆ॥ ਜਗ ਜੀਵਨੁ ਦਾਤਾ ਪਾਇਆ॥ "

ਵਾਲਾ ਸਿੱਧਾਂਤ ਸਲੋਕ ਦੀਆਂ ਅੰਤਲੀਆਂ ਤੁਕਾਂ "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" ਵਿਚੋਂ ਮਿਲਦਾ ਹੈ।}

ਵੇਦਾਂ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਅਸੀਂ ਅਮਤਿ ਕੁਮਾਰ ਲਾਡੀ ਦੇ ਉਸ ਲੇਖ ਦੀ ਵੀ ਗੱਲ ਕਰ ਲੈਂਦੇ ਹਾਂ ਜਿਸ ਵਿੱਚ ਕਿ ਉਸ ਨੇ ਕਿਹਾ ਸੀ ਕਿ ਵੈਦਿਕ ਕਾਲ ਵਿੱਚ ਇਸਤ੍ਰੀ ਦੀ ਹਾਲਤ ਬਹੁਤ ਅੱਛੀ ਸੀ। ਇਸ ਲੇਖ ਵਿੱਚ ਉਸ ਨੇ ਗੁਰੂ ਨਾਨਕ ਦੇ ਧਰਮ ਦੀ ਹੀ ਵਡਿਆਈ ਕੀਤੀ ਸੀ ਨਾ ਕਿ ਵੇਦਾਂ ਦੀ। ਸਿਰਫ ਇੱਕ ਹਵਾਲਾ ਹੀ ਵੇਦਾਂ ਦਾ ਦਿੱਤਾ ਸੀ। ਇਸ ਨਾਲ ਹੀ ਬਹੁਤਿਆਂ ਨੂੰ ‘ਸਿੱਖ ਮਾਰਗ’ ਤੇ ਘੁੱਟਣ ਮਹਿਸੂਸ ਹੋਣ ਲੱਗ ਪਈ। ਅਸੀਂ ਪਤਾ ਨਹੀਂ ਇਤਨੇ ਤੰਗ ਦਿਲ ਕਿਉਂ ਹੁੰਦੇ ਜਾ ਰਹੇ ਹਾਂ ਕਿ ਇੱਕ ਗੈਰ ਸਿੱਖ ਦਾ ਕੋਈ ਲੇਖ ਛਪਣ ਨਾਲ ਹੀ ਸਾਡੇ ਧਰਮ ਨੂੰ ਕੋਈ ਖ਼ਤਰਾ ਮਹਿਸੂਸ ਹੋਣ ਲੱਗ ਪੈਂਦਾ ਹੈ। ਗੁਰੂ ਨਾਨਕ ਸਾਹਿਬ ਤਾਂ ਆਪ ਦੂਜੇ ਧਰਮਾਂ ਦੇ ਅਸਥਾਨਾਂ ਤੇ ਜਾ ਕੇ ਦਲੀਲ ਨਾਲ ਗੱਲ ਕਰ ਕੇ ਕਾਇਲ ਕਰ ਲੈਂਦੇ ਸਨ ਪਰ ਅਸੀਂ ਤਾਂ ਜੇ ਕਰ ਕੋਈ ਸਾਡੇ ਕੋਲ ਕੋਈ ਆਪ ਚੱਲ ਕੇ ਵੀ ਆਵੇ ਤਾਂ ਦੁਰ-ਦੁਰ ਕਰਕੇ ਛੇਤੀਂ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹੀ ਸਾਡਾ ਸਿੱਖੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਜੇਕਰ ਅਸੀਂ ਆਪਸ ਵਿੱਚ ਅਤੇ ਇੱਕ ਆਮ ਬੰਦੇ ਨਾਲ ਸਹਿਜ ਨਾਲ ਅਤੇ ਦਲੀਲ ਨਾਲ ਗੱਲ ਨਹੀਂ ਕਰ ਸਕਦੇ ਤਾਂ ਦੱਸੋ ਫਿਰ ਗੌਰਮਿੰਟ ਲੈਵਲ ਤੇ ਅਤੇ ਦੁਨੀਆ ਦੇ ਲੈਵਲ ਤੇ ਕਿਵੇਂ ਕਰ ਸਕਦੇ ਹਾਂ? ਸੱਚ ਜਾਣਿਉਂ, ਸਾਡੀ ਇੰਡੀਆ ਦੇ ਵਿੱਚ ਤਦ ਹੀ ਇਹ ਹਾਲਤ ਹੈ ਅਤੇ ਹਰ ਪਾਸਿਉਂ ਮਾਰ ਪੈ ਰਹੀ ਹੈ ਕਿ ਅਸੀਂ ਸਿਰ ਵਰਤਣ ਨਾਲੋਂ ਡੰਡਾ ਵਰਤਣ ਨੂੰ ਜ਼ਿਆਦਾ ਪਹਿਲ ਦਿੰਦੇ ਹਾਂ। ਡੰਡਾ ਮਾਰ ਕੇ ਗੋਲੀ ਖਾਣਾ ਸਾਨੂੰ ਚੰਗਾ ਲਗਦਾ ਹੈ। ਅਸੀਂ ਆਪਣੀ ਅਕਲ ਰਾਜਨੀਤਕਾਂ, ਤਖ਼ਤਾਂ ਦੇ ਪੁਜਾਰੀਆਂ ਅਤੇ ਡੇਰੇਦਾਰ ਸਾਧਾਂ ਕੋਲ ਗਿਰਵੀ ਰੱਖੀ ਹੋਈ ਹੈ ਅਤੇ ਉਹ ਆਪਣੀ ਗੱਦੀ ਦੀ ਖਾਤਰ, ਧਰਮ ਦੇ ਨਾਮ ਤੇ ਜੋ ਮਰਜ਼ੀ ਝੂਠ ਬੋਲੀ ਜਾਣ ਸਾਨੂੰ ਮਨਜ਼ੂਰ ਹੈ। ਸਾਨੂੰ ਤਾਂ ਇਹ ਵੀ ਮਨਜ਼ੂਰ ਹੈ ਕਿ ਉਹ ਭਾਵੇਂ ਦਸਮ ਗ੍ਰੰਥ ਦੇ ਅਧਾਰ ਤੇ ਸਾਡੇ ਗੁਰੂਆਂ ਨੂੰ ਪਿਛਲੇ ਜਨਮ ਵਿੱਚ ਵੀ ਵੇਦਾਂ ਦੇ ਪੜ੍ਹਨ ਸੁਣਨ ਵਾਲੇ ਪੱਕੇ ਸ਼ਰਧਾਲੂ ਦੱਸੀ ਜਾਣ ਅਤੇ ਅਸੀਂ ਇਸ ਨੂੰ ਸਦੀਆਂ ਤੋਂ ਮੰਨੀ ਤੁਰੇ ਜਾ ਰਹੇ ਹਾਂ ਅਤੇ ਸਾਡੀ ਜ਼ਬਾਨ ਜਾਂ ਕਲਮ ਕੋਈ ਬਹੁਤਾ ਹਿੱਲਜੁੱਲ ਵੀ ਨਹੀਂ ਕਰਦੀ ਪਰ ਇੱਕ ਗੈਰ ਸਿੱਖ ਦੇ ਮਾੜਾ ਜਿਹਾ ਲਿਖਣ ਤੇ ਹੀ ਹਰਕਤ ਵਿੱਚ ਆ ਜਾਂਦੇ ਹਾਂ। ਇਹ ਕੋਈ ਮਾੜੀ ਗੱਲ ਨਹੀਂ ਪਰ ਸਲੂਕ ਸਾਰਿਆਂ ਨਾਲ ਇਕੋ ਜਿਹਾ ਹੋਣਾ ਚਾਹੀਦਾ ਹੈ। ਅਸੀਂ ਹਰ ਇੱਕ ਨੂੰ ਮੌਕਾ ਦੇ ਕੇ ਪਰਖਣਾ ਚਾਹੁੰਦੇ ਹਾਂ ਕਿ ਉਹ ‘ਸਿੱਖ ਮਾਰਗ’ ਤੇ ਸਿੱਖੀ ਦੀ ਕੋਈ ਗੱਲ ਕਰਨ ਲਈ ਚੰਗੀ ਨੀਅਤ ਨਾਲ ਆਇਆ ਹੈ ਜਾਂ ਮਾੜੀ ਨਾਲ। ਜੇ ਕਰ ਚੰਗੀ ਨੀਅਤ ਨਾਲ ਆਇਆ ਹੈ ਤਾਂ ਉਹ ਪਾਠਕਾਂ ਵਲੋਂ ਉਠਾਏ ਸ਼ੰਕਿਆਂ ਦੇ ਉਤਰ ਦੇਣ ਦੀ ਕੋਸ਼ਿਸ਼ ਕਰੇਗਾ। ਨਹੀਂ ਤਾਂ ਆਪੇ ਹੀ ਮੁੜ ਕੇ ਨਹੀਂ ਲਿਖੇਗਾ ਅਤੇ ਨਾ ਹੀ ਅਸੀਂ ਉਸ ਦੀਆਂ ਲਿਖਤਾਂ ਨੂੰ ਪਾਵਾਂਗੇ। ਇਹੀ ਗੱਲ ਅਮਤਿ ਕੁਮਾਰ ਲਾਡੀ ਤੇ ਵੀ ਢੁਕਦੀ ਹੈ। ਅਸੀਂ ਉਸਦਾ ਪਿਛਲੇ ਹਫਤੇ ਉਸ ਦਾ ਦੂਸਰਾ ਲੇਖ ਪਉਣੋਂ ਰੋਕ ਲਿਆ ਸੀ। ਇਸ ਹਫਤੇ ਪਾ ਦਿੱਤਾ ਹੈ ਕਿਉਂਕਿ ਉਸ ਨੇ ਇੱਕ ਗੱਲ ਦਾ ਜਵਾਬ ਦੇ ਦਿੱਤਾ ਸੀ ਅਤੇ ਜੇ ਕਰ ਉਹ ਹੋਰ ਗੱਲਾਂ ਦੇ ਜਵਾਬ ਵੀ ਦੇਵੇਗਾ ਤਾਂ ਉਸ ਦੀਆਂ ਹੋਰ ਲਿਖਤਾਂ ਵੀ ਪਾਈਆਂ ਜਾ ਸਕਦੀਆਂ ਹਨ ਨਹੀਂ ਤਾਂ ਨਹੀਂ।

ਆਓ ਹੁਣ ਗੁਰਬਾਣੀ ਵਿੱਚ ਵੇਦਾਂ ਦੇ ਜ਼ਿਕਰ ਬਾਰੇ ਮੁੜ ਵਿਚਾਰ ਸ਼ੁਰੂ ਕਰੀਏ। ਗੁਰਬਾਣੀ ਵਿੱਚ ਵੇਦਾਂ ਨੂੰ ਬਹੁਤੀ ਵਾਰੀ ਬੱਬੇ (ਬ) ਨਾਲ ਲਿਖਿਆ ਹੈ ‘ਬੇਦ’ ਅਤੇ ਘੱਟ ਵਾਰੀ ਵਾਵੇ (ਵ) ਨਾਲ ਲਿਖਿਆ ਹੈ ‘ਵੇਦ’। ਹੇਠਾਂ ਅਸੀਂ ਉਹ ਗੁਰਬਾਣੀ ਦੀਆਂ ਪੰਗਤੀਆਂ ਅਰਥਾਂ ਸਮੇਤ ਦੇ ਰਹੇ ਹਾਂ ਜਿਹਨਾ ਵਿੱਚ ਬੱਬੇ ਨਾਲ ਬੇਦਾਂ ਦਾ ਜ਼ਿਕਰ ਆਇਆ ਹੈ। ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ।

ਪੂਛਹੁ ਬ੍ਰਹਮੈ ਨਾਰਦੈ ਬੇਦ ਬਿਆਸੈ ਕੋਇ॥ 1॥ ਰਹਾਉ॥ {ਪੰਨਾ 59}

ਅਰਥ: —ਹੇ ਭਾਈ! (ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ, ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ। 1. ਰਹਾਉ।

ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰੁ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ 5॥ {ਪੰਨਾ 62}

ਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ), ਅਨੇਕਾਂ ਹੀ ਲੋਕ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ), ਇਹੋ ਜਿਹੇ ਹੋਰ ਭੀ ਅਨੇਕਾਂ ਕਰਮ ਹਨ ਜੋ ਜਿੰਦ ਵਾਸਤੇ ਫਾਹੀ-ਰੂਪ ਬਣ ਜਾਂਦੇ ਹਨ, (ਪਰ ਹਉਮੈ ਆਦਿਕ ਬੰਧਨਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ (ਕਿਉਂਕਿ ਗੁਰੂ ਪ੍ਰਭੂ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ)। 5.

ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਾਰੇ॥ ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ॥ ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ॥ ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ॥ 5॥ {ਪੰਨਾ 70}

ਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ, ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ, ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ; ਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿੱਚ ਹੀ ਜਾਂਦਾ ਹੈ। 5.

ਸਲੋਕ ਮ: 3॥ ਪੜਿ ਪੜਿ ਪੰਡਿਤ ਬੇਦ ਵਖਾਣਹਿ, ਮਾਇਆ ਮੋਹ ਸੁਆਇ॥ ਦੂਜੈ ਭਾਇ ਹਰਿ ਨਾਮੁ ਵਿਸਾਰਿਆ, ਮਨ ਮੂਰਖ ਮਿਲੈ ਸਜਾਇ॥ ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ॥ ਜਮ ਕਾ ਫਾਹਾ ਗਲਹੁ ਨ ਕਟੀਐ, ਫਿਰਿ ਫਿਰਿ ਆਵੈ ਜਾਇ॥ {ਪੰਨਾ 85}

(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿੱਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ। (ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿੱਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ, (ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ, ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।

ਸਿਮ੍ਰਿਤਿ ਸਾਸਤ ਬੇਦ ਵਖਾਣੈ॥ ਭਰਮੇ ਭੂਲਾ ਤਤੁ ਨ ਜਾਣੈ॥ ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ॥ 7॥ ਆਪਿ ਕਰੇ ਕਿਸੁ ਆਖੈ ਕੋਈ॥ ਆਖਣ ਜਾਈਐ ਜੇ ਭੂਲਾ ਹੋਈ॥ ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ॥ 8॥ 7॥ 8॥ {ਪੰਨਾ 113-114}

(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ, ਪਰ ਆਪ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ। ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ। 7.

(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਸਭ ਜੀਵਾਂ ਵਿੱਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ) ? ਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ। ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿੱਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿੱਚ ਹੀ ਲੀਨ ਹੋ ਸਕਦਾ ਹੈ। 8. 7. 8.

ਗਉੜੀ ਮਹਲਾ 1॥ ਜਨਮਿ ਮਰੈ ਤ੍ਰੈ ਗੁਣ ਹਿਤਕਾਰੁ॥ ਚਾਰੇ ਬੇਦ ਕਥਹਿ ਆਕਾਰੁ॥ ਤੀਨਿ ਅਵਸਥਾ ਕਹਹਿ ਵਖਿਆਨੁ॥ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ॥ 1॥ ਰਾਮ ਭਗਤਿ ਗੁਰ ਸੇਵਾ ਤਰਣਾ॥ ਬਾਹੁੜਿ ਜਨਮੁ ਨ ਹੋਇ ਹੈ ਮਰਣਾ॥ 1॥ ਰਹਾਉ॥ {ਪੰਨਾ 154}

(ਜਨਮ ਮਰਨ ਦਾ ਗੇੜ, ਮਾਨੋ, ਇੱਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ, (ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ)। 1. ਰਹਾਉ।

ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿੱਚ ਪਿਆ ਰਹਿੰਦਾ ਹੈ)। (ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ। (ਜਿਸ ਅਵਸਥਾ ਵਿੱਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ)। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ—ਇਹ ਹੈ ਤੁਰੀਆ ਅਵਸਥਾ। 1.

ਸਿੰਮ੍ਰਿਤਿ ਸਾਸਤ ਬੇਦ ਬਖਾਨੇ॥ ਜੋਗ ਗਿਆਨ ਸਿਧ ਸੁਖ ਜਾਨੇ॥ ਨਾਮੁ ਜਪਤ ਪ੍ਰਭ ਸਿਉ ਮਨ ਮਾਨੇ॥ 3॥ ਅਗਾਧਿ ਬੋਧਿ ਹਰਿ ਅਗਮ ਅਪਾਰੇ॥ ਨਾਮੁ ਜਪਤ ਨਾਮੁ ਰਿਦੇ ਬੀਚਾਰੇ॥ ਨਾਨਕ ਕਉ ਪ੍ਰਭ ਕਿਰਪਾ ਧਾਰੇ॥ 4॥ 111॥ {ਪੰਨਾ 202}

(ਹੇ ਭਾਈ !) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਉਸ ਨੇ (ਮਾਨੋ) ਸਿਮ੍ਰਿਤੀਆਂ ਸ਼ਾਸਤ੍ਰਾਂ ਵੇਦਾਂ ਦੇ ਉਚਾਰਨ ਕਰ ਲਏ, ਉਸ ਨੇ (ਮਾਨੋ) ਜੋਗ (ਦੀਆਂ ਗੁੰਝਲਾਂ) ਦੀ ਸੂਝ ਪ੍ਰਾਪਤ ਕਰ ਲਈ, ਉਸ ਨੇ (ਮਾਨੋ) ਸਿੱਧਾਂ ਨੂੰ ਮਿਲੇ ਸੁਖਾਂ ਨਾਲ ਸਾਂਝ ਪਾ ਲਈ। 3.

(ਹੇ ਭਾਈ ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ) ਉਸ ਅਥਾਹ ਹਸਤੀ ਵਾਲੇ ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਂਦਾ ਹੈ।

(ਹੇ ਨਾਨਕ ! ਤੂੰ ਭੀ ਅਰਦਾਸ ਕਰ ਤੇ ਆਖ—) ਹੇ ਪ੍ਰਭੂ ! ਮੈਂ ਨਾਨਕ ਉਤੇ ਕਿਰਪਾ ਕਰ (ਤਾ ਕਿ ਮੈਂ ਤੇਰਾ ਨਾਮ ਜਪ ਸਕਾਂ)। 4. 111.

ਗਉੜੀ ਮਹਲਾ 5॥ ਹਰਿ ਹਰਿ ਹਰਿ ਆਰਾਧੀਐ॥ ਸੰਤ ਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ॥ 1॥ ਰਹਾਉ॥ ਬੇਦ ਪੁਰਾਣ ਸਿਮ੍ਰਿਤਿ ਭਨੇ॥ ਸਭ ਊਚ ਬਿਰਾਜਿਤ ਜਨ ਸੁਨੇ॥ 1॥ {ਪੰਨਾ 211}

(ਹੇ ਭਾਈ !) ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਸੰਤਾਂ ਦੀ ਸੰਗਤਿ ਵਿੱਚ (ਹੀ) ਪਰਮਾਤਮਾ (ਮਨੁੱਖ ਦੇ) ਮਨ ਵਿੱਚ ਵੱਸ ਸਕਦਾ ਹੈ, ਭਟਕਣਾ ਨੂੰ, ਮੋਹ ਨੂੰ ਤੇ ਡਰ-ਸਹਮ ਨੂੰ ਕਾਬੂ ਕੀਤਾ ਜਾ ਸਕਦਾ ਹੈ। 1. ਰਹਾਉ।

(ਹੇ ਭਾਈ ! ਪੰਡਤ ਲੋਕ ਭਾਵੇਂ) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ ਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ। 1.

ਗਉੜੀ ਮਹਲਾ 5॥ ਗਰਬੁ ਬਡੋ ਮੂਲੁ ਇਤਨੋ॥ ਰਹਨੁ ਨਹੀ ਗਹੁ ਕਿਤਨੋ॥ 1॥ ਰਹਾਉ॥ ਬੇਬਰਜਤ ਬੇਦ ਸੰਤਨਾ ਉਆ ਹੂ ਸਿਉ ਰੇ ਹਿਤਨੋ॥ ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ॥ 1॥ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ॥ ਨਾਨਕ ਉਧਰੇ ਸਾਧ ਸੰਗਿ ਕਿਰਪਾ ਨਿਧਿ ਮੈ ਦਿਤਨੋ॥ 2॥ 10॥ 148॥ {ਪੰਨਾ 212}

ਹੇ ਜੀਵ ! ਤੈਨੂੰ (ਆਪਣੇ ਆਪ ਦਾ) ਅਹੰਕਾਰ ਤਾਂ ਬਹੁਤ ਹੈ, ਪਰ (ਇਸ ਅਹੰਕਾਰ ਦਾ) ਮੂਲ (ਤੇਰਾ ਆਪਣਾ ਵਿਤ) ਥੋੜਾ ਜਿਹਾ ਹੀ ਹੈ। (ਇਸ ਸੰਸਾਰ ਵਿੱਚ ਤੇਰਾ ਸਦਾ ਲਈ) ਟਿਕਾਣਾ ਨਹੀਂ ਹੈ, ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ। 1. ਰਹਾਉ।

ਹੇ ਜੀਵ ! (ਜਿਸ ਮਾਇਆ ਦੇ ਮੋਹ ਵਲੋਂ) ਵੇਦ ਆਦਿਕ ਧਰਮ-ਪੁਸਤਕ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ, ਤੂੰ ਜੀਵਨ-ਬਾਜ਼ੀ ਹਾਰ ਰਿਹਾ ਹੈਂ ਜਿਵੇਂ ਜੂਏ ਵਿੱਚ ਜੁਆਰੀਆ ਹਾਰਦਾ ਹੈ। ਇੰਦ੍ਰੀ (ਕਾਮ-ਵਾਸਨਾ) ਨੇ ਆਪਣੇ ਵੱਸ ਵਿੱਚ ਲੈ ਕੇ ਤੈਨੂੰ ਜਿੱਤ ਰੱਖਿਆ ਹੈ। 1.

ਹੇ ਜੀਵ ! ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿੱਚ (ਟਿਕਣ) ਤੋਂ ਤੂੰ ਸੱਖਣਾ ਹੈਂ।

ਹੇ ਨਾਨਕ ! (ਆਖ—ਜੇਹੜੇ ਮਨੁੱਖ) ਸਾਧ ਸੰਗਤਿ ਵਿੱਚ (ਜੁੜਦੇ ਹਨ, ਉਹ ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ। ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ (ਆਪਣੀ ਕਿਰਪਾ ਕਰ ਕੇ) ਮੈਨੂੰ (ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤਿ) ਦਿੱਤੀ ਹੈ। 2. 10. 148.

ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ॥ ਨਾਨਕਾ ਭਗਤਿ ਪ੍ਰਿਅ ਹੋ॥ 3॥ 2॥ 155॥ {ਪੰਨਾ 213}

ਹੇ ਭਾਈ ! ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ, ਕਿਸੇ ਨੂੰ ਤੀਰਥ-ਇਸ਼ਨਾਨ, ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ। ਪਰ, ਹੇ ਨਾਨਕ ! ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ। 3. 2. 155.

ਗਉੜੀ ਮਾਲਾ ਮਹਲਾ 5॥ ਉਬਰਤ ਰਾਜਾ ਰਾਮ ਕੀ ਸਰਣੀ॥ ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ॥ 1॥ ਰਹਾਉ॥ ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ॥ ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ॥ 1॥ {ਪੰਨਾ 215}

(ਹੇ ਭਾਈ !) ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ। ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ—ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿੱਚ ਹੀ ਫਸੇ ਪਏ ਹਨ, (ਮਾਇਆ ਦੇ ਪ੍ਰਭਾਵ ਦੇ ਕਾਰਨ ਜੀਵ ਉੱਚੇ ਆਤਮਕ ਟਿਕਾਣੇ ਤੋਂ) ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿੱਚ ਆ ਪੈਂਦੇ ਹਨ। 1. ਰਹਾਉ।

(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮ੍ਰਿਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ। ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ (ਮਾਇਆ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ, (ਸਿਮਰਨ ਤੋਂ ਬਿਨਾ) ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ। 1.

ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ॥ ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥ 3॥ ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ॥ ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ॥ 4॥ 6॥ 164॥ {ਪੰਨਾ 216}

(ਹੇ ਭਾਈ ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਨਹੀਂ ਮਿਲਦਾ। ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ। 3.

(ਹੇ ਭਾਈ !) ਨਾਨਕ ਇਹ ਇੱਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ (ਉਹ ਵਿਚਾਰ ਇਹ ਹੈ—ਹੇ ਭਾਈ !) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ। 4. 6. 164.

ਪੋਥੀ ਪੰਡਿਤ ਬੇਦ ਖੋਜੰਤਾ ਜੀਉ॥ ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ॥ ਗੀਤ ਨਾਦ ਕੀਰਤਨੁ ਗਾਵੰਤਾ ਜੀਉ॥ ਹਰਿ ਨਿਰਭਉ ਨਾਮੁ ਧਿਆਈ ਜੀਉ॥ 3॥ {ਪੰਨਾ 216}

(ਹੇ ਭਾਈ !) ਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ, ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ, ਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ, ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ। 3.

ਗਉੜੀ ਮਹਲਾ 9॥ ਕੋਊ ਮਾਈ ਭੂਲਿਓ ਮਨੁ ਸਮਝਾਵੈ॥ ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ॥ 1॥ ਰਹਾਉ॥ {ਪੰਨਾ 220}

ਹੇ (ਮੇਰੀ) ਮਾਂ ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿੱਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ। (ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ। 1. ਰਹਾਉ।

ਗਉੜੀ ਮਹਲਾ 9॥ ਸਾਧੋ ਰਾਮ ਸਰਨਿ ਬਿਸਰਾਮਾ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ॥ 1॥ ਰਹਾਉ॥ {ਪੰਨਾ 220}

ਹੇ ਸੰਤ ਜਨੋ ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿੱਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ। ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ। 1. ਰਹਾਉ।

ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ॥ ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ॥ 1॥ {ਪੰਨਾ 220}

(ਹੇ ਗ਼ਾਫ਼ਿਲ ਮਨੁੱਖ !) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿੱਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ। (ਹੇ ਗ਼ਾਫ਼ਲ ਮਨੁੱਖ ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿੱਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ।

ਗਉੜੀ ਮਹਲਾ 1॥ ਬ੍ਰਹਮੈ ਗਰਬੁ ਕੀਆ ਨਹੀ ਜਾਨਿਆ॥ ਬੇਦ ਕੀ ਬਿਪਤਿ ਪੜੀ ਪਛੁਤਾਨਿਆ॥ ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ॥ 1॥ ਐਸਾ ਗਰਬੁ ਬੁਰਾ ਸੰਸਾਰੈ॥ ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ॥ 1॥ ਰਹਾਉ॥ {ਪੰਨਾ 224}

ਜਗਤ ਵਿੱਚ ਅਹੰਕਾਰ ਇੱਕ ਐਸਾ ਵਿਕਾਰ ਹੈ, ਜੋ ਬਹੁਤ ਭੈੜਾ ਹੈ, (ਵੱਡੇ ਵੱਡੇ ਅਖਵਾਣ ਵਾਲੇ ਭੀ ਜਦੋਂ ਅਹੰਕਾਰ ਦੇ ਢਹੇ ਚੜ੍ਹੇ ਤਾਂ ਬਹੁਤ ਖ਼ੁਆਰ ਹੋਏ)। ਜਿਸ (ਭਾਗਾਂ ਵਾਲੇ ਮਨੁੱਖ) ਨੂੰ ਗੁਰੂ ਮਿਲ ਪੈਂਦਾ ਹੈ (ਗੁਰੂ) ਉਸ ਦਾ ਅਹੰਕਾਰ ਦੂਰ ਕਰ ਦੇਂਦਾ ਹੈ। 1. ਰਹਾਉ।

ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ। (ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ)। ਜਦੋਂ (ਉਸ ਬਿਪਤਾ ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ)। 1.

ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ॥ ਬੇਦ ਪੁਰਾਣ ਪੜੈ ਸੁਣਿ ਥਾਟਾ॥ ਬਿਨੁ ਰਸ ਰਾਤੇ ਮਨੁ ਬਹੁ ਨਾਟਾ॥ 7॥ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ॥ ਜਿਉ ਮੀਨਾ ਜਲ ਮਾਹਿ ਉਲਾਸਾ॥ ਨਾਨਕ ਹਰਿ ਰਸੁ ਪੀ ਤ੍ਰਿਪਤਾਸਾ॥ 8॥ 11॥ {ਪੰਨਾ 225-226}

(ਵਿਦਵਾਨ ਪੰਡਿਤ) ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ ਪੁਸਤਕਾਂ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ (ਕਾਵਿ-) ਰਚਨਾ ਮੁੜ ਮੁੜ ਸੁਣਦਾ ਹੈ, ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ (ਮਾਇਆ ਦੇ ਹੱਥਾਂ ਤੇ ਹੀ) ਨਾਚ ਕਰਦਾ ਹੈ। 7.

ਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ, ਜਿਵੇਂ ਮੱਛੀ ਪਾਣੀ ਵਿੱਚ ਬੜੀ ਪ੍ਰਸੰਨ ਰਹਿੰਦੀ ਹੈ, ਤਿਵੇਂ, ਹੇ ਨਾਨਕ ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ-ਰਸ ਪੀ ਕੇ ਤਿ੍ਰਪਤ ਹੋ ਜਾਂਦਾ ਹੈ। 8. 11.

ਸਲੋਕੁ॥ ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ॥ ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ॥ 1॥ {ਪੰਨਾ 254}

ਸਾਰੇ ਵੇਦ ਸ਼ਾਸਤ੍ਰ ਵਿਚਾਰ ਵੇਖੇ ਹਨ, ਇਹਨਾਂ ਵਿਚੋਂ ਕੋਈ ਭੀ ਇਹ ਨਹੀਂ ਆਖਦਾ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਭੀ ਸਦਾ-ਥਿਰ ਰਹਿਣ ਵਾਲਾ ਹੈ। ਹੇ ਨਾਨਕ ! ਇੱਕ ਪਰਮਾਤਮਾ ਹੀ ਹੈ ਜੋ ਜਗਤ ਦੇ ਸ਼ੁਰੂ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ ਤੇ ਅਗਾਂਹ ਨੂੰ ਭੀ ਰਹੇਗਾ। 1.

ਪਉੜੀ॥ ਸਸਾ ਸਰਨਿ ਪਰੇ ਅਬ ਹਾਰੇ॥ ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ॥ ਸੋਧਤ ਸੋਧਤ ਸੋਧਿ ਬੀਚਾਰਾ॥ ਬਿਨੁ ਹਰਿ ਭਜਨ ਨਹੀ ਛੁਟਕਾਰਾ॥ ਸਾਸਿ ਸਾਸਿ ਹਮ ਭੂਲਨਹਾਰੇ॥ ਤੁਮ ਸਮਰਥ ਅਗਨਤ ਅਪਾਰੇ॥ ਸਰਨਿ ਪਰੇ ਕੀ ਰਾਖੁ ਦਇਆਲਾ॥ ਨਾਨਕ ਤੁਮਰੇ ਬਾਲ ਗੁਪਾਲਾ॥ 48॥ {ਪੰਨਾ 260}

ਹੇ ਧਰਤੀ ਦੇ ਸਾਈਂ ! (ਹਉਮੈ ਦੀ ਚੋਭ ਤੋਂ ਬਚਣ ਲਈ ਅਨੇਕਾਂ ਚਤੁਰਾਈਆਂ ਸਿਆਣਪਾਂ ਕੀਤੀਆਂ, ਪਰ ਕੁੱਝ ਨ ਬਣਿਆ, ਹੁਣ) ਹਾਰ ਕੇ ਤੇਰੀ ਸਰਨ ਪਏ ਹਾਂ। (ਪੰਡਿਤ ਲੋਕ) ਸਿਮ੍ਰਤੀਆਂ ਸ਼ਾਸਤ੍ਰ ਵੇਦ (ਆਦਿਕ ਧਰਮ-ਪੁਸਤਕ) ਉੱਚੀ ਉੱਚੀ ਪੜ੍ਹਦੇ ਹਨ। ਪਰ ਬਹੁਤ ਵਿਚਾਰ ਵਿਚਾਰ ਕੇ ਇਸੇ ਨਤੀਜੇ ਤੇ ਅਪੜੀਦਾ ਹੈ ਕਿ ਹਰੀ-ਨਾਮ ਦੇ ਸਿਮਰਨ ਤੋਂ ਬਿਨਾ (ਹਉਮੈ ਦੀ ਚੋਭ ਤੋਂ) ਖ਼ਲਾਸੀ ਨਹੀਂ ਹੋ ਸਕਦੀ।

ਹੇ ਗੁਪਾਲ ! ਅਸੀ ਜੀਵ ਸੁਆਸ ਸੁਆਸ ਭੁੱਲਾਂ ਕਰਦੇ ਹਾਂ। ਤੂੰ ਸਾਡੀਆਂ ਭੁੱਲਾਂ ਨੂੰ ਬਖ਼ਸ਼ਣ-ਜੋਗ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।

ਹੇ ਨਾਨਕ ! (ਪ੍ਰਭੂ ਅੱਗੇ ਅਰਦਾਸ ਕਰ, ਤੇ ਆਖ—) ਹੇ ਗੋਪਾਲ ! ਅਸੀ ਤੇਰੇ ਬੱਚੇ ਹਾਂ, ਹੇ ਦਿਆਲ ! ਸਰਨ ਪਿਆਂ ਦੀ ਲਾਜ ਰੱਖ (ਤੇ ਸਾਨੂੰ ਹਉਮੈ ਦੇ ਕੰਡੇ ਦੀ ਚੋਭ ਤੋਂ ਬਚਾਈ ਰੱਖ)। 48.

ਪਉੜੀ॥ ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ॥ ਅਖਰ ਕਰਿ ਕਰਿ ਬੇਦ ਬੀਚਾਰੇ॥ ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ॥ ਅਖਰ ਨਾਦ ਕਥਨ ਵਖ੍ਹਾਨਾ॥ ਅਖਰ ਮੁਕਤਿ ਜੁਗਤਿ ਭੈ ਭਰਮਾ॥ ਅਖਰ ਕਰਮ ਕਿਰਤਿ ਸੁਚ ਧਰਮਾ॥ ਦ੍ਰਿਸਟਿਮਾਨ ਅਖਰ ਹੈ ਜੇਤਾ॥ ਨਾਨਕ ਪਾਰਬ੍ਰਹਮ ਨਿਰਲੇਪਾ॥ 54॥ {ਪੰਨਾ 261}

ਇਹ ਤਿੰਨੇ ਭਵਨ (ਸਾਰਾ ਹੀ ਜਗਤ) ਪ੍ਰਭੂ ਨੇ ਆਪਣਾ ਹੁਕਮ ਵਿੱਚ ਹੀ ਰਚੇ ਹਨ। ਪ੍ਰਭੂ ਦੇ ਹੁਕਮ ਅਨੁਸਾਰ ਹੀ ਵੇਦ ਰਚੇ ਗਏ, ਤੇ ਵਿਚਾਰੇ ਗਏ। ਸਾਰੇ ਸ਼ਾਸਤ੍ਰ ਸਿਮ੍ਰਿਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵ ਹਨ। ਇਹਨਾਂ ਪੁਰਾਣਾਂ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦੇ ਕੀਰਤਨ ਕਥਾ ਤੇ ਵਿਆਖਿਆ ਭੀ ਪ੍ਰਭੂ ਦੇ ਹੁਕਮ ਦਾ ਹੀ ਜ਼ਹੂਰ ਹਨ।

ਦੁਨੀਆ ਦੇ ਡਰਾਂ ਭਰਮਾਂ ਤੋਂ ਖ਼ਲਾਸੀ ਲੱਭਣੀ ਭੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ। (ਮਨੁੱਖਾ ਜਨਮ ਵਿਚ) ਕਰਨਯੋਗ ਕਰਮਾਂ ਦੀ ਪਛਾਣ ਕਰਨੀ ਆਤਮਕ ਪਵਿਤ੍ਰਤਾ ਦੇ ਨਿਯਮਾਂ ਦੀ ਭਾਲ—ਇਹ ਭੀ ਪ੍ਰਭੂ ਦੇ ਹੁਕਮ ਦਾ ਹੀ ਦਿ੍ਰੱਸ਼ ਹੈ।

ਹੇ ਨਾਨਕ ! ਜਿਤਨਾ ਭੀ ਇਹ ਦਿੱਸ ਰਿਹਾ ਸੰਸਾਰ ਹੈ, ਇਹ ਸਾਰਾ ਹੀ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ, ਪਰ (ਹੁਕਮ ਦਾ ਮਾਲਕ) ਪ੍ਰਭੂ ਆਪ (ਇਸ ਸਾਰੇ ਪਸਾਰੇ ਦੇ) ਪ੍ਰਭਾਵ ਤੋਂ ਪਰੇ ਹੈ। 54.

ਬੇਦ ਪੁਰਾਨ ਸਿੰਮ੍ਰਿਤਿ ਸੁਧਾਖBਰ॥ ਕੀਨੇ ਰਾਮ ਨਾਮ ਇੱਕ ਆਖBਰ॥ {ਪੰਨਾ 262}

ਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ।

ਹਰਿ ਸਿਮਰਨਿ ਲਗਿ ਬੇਦ ਉਪਾਏ॥ {ਪੰਨਾ 263}

ਸਿਮਰਨ ਵਿੱਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ।

ਸਾਧ ਕੀ ਮਹਿਮਾ ਬੇਦ ਨ ਜਾਨਹਿ॥ ਜੇਤਾ ਸੁਨਹਿ ਤੇਤਾ ਬਖਿਆਨਹਿ॥ {ਪੰਨਾ 272}

ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ, ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।

ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ॥ ਸੂਖਮ ਮਹਿ ਜਾਨੈ ਅਸਥੂਲੁ॥ ਚਹੁ ਵਰਨਾ ਕਉ ਦੇ ਉਪਦੇਸੁ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ॥ 4॥ {ਪੰਨਾ 274}

ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦਿ੍ਰਸ਼ਟ ਪ੍ਰਭੂ ਦੇ ਹੀ ਆਸਰੇ ਹੈ;

ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ, ਹੇ ਨਾਨਕ ! (ਆਖ) ਉਸ ਪੰਡਿਤ ਅੱਗੇ ਅਸੀ ਸਦਾ ਸਿਰ ਨਿਵਾਉਂਦੇ ਹਾਂ। 4.

ਕਈ ਕੋਟਿ ਬੇਦ ਕੇ ਸ੍ਰੋਤੇ॥ {ਪੰਨਾ 275}

ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ।

ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ॥ ਪੰਨਾ 276}

ਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ।

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥ {ਪੰਨਾ 284}

ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤਿ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।

ਅਨਿਕ ਉਪਾਵ ਨ ਛੂਟਨਹਾਰੇ॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ॥ {ਪੰਨਾ 288}

ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਤੇ ਇਹੋ ਜਿਹੇ) ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ।

ਜਹ ਸਰਬ ਕਲਾ ਆਪਹਿ ਪਰਬੀਨ॥ ਤਹ ਬੇਦ ਕਤੇਬ ਕਹਾ ਕੋਊ ਚੀਨ੍ਹ੍ਹ॥ {ਪੰਨਾ 291}

ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ, ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ ?

ਬੇਦ ਪੁਰਾਨੁ ਸਿੰਮ੍ਰਿਤਿ ਮਹਿ ਦੇਖੁ॥ ਸਸੀਅਰ ਸੂਰ ਨਖBਤ੍ਰ ਮਹਿ ਏਕੁ॥ {ਪੰਨਾ 294}

ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿੱਚ (ਓਸੇ ਪ੍ਰਭੂ ਨੂੰ) ਤੱਕੋ; ਚੰਦ੍ਰਮਾ, ਸੂਰਜ, ਤਾਰਿਆਂ ਵਿੱਚ ਭੀ ਇੱਕ ਉਹੀ ਹੈ।

ਗੁਣ ਗੋਬਿੰਦ ਨਾਮ ਧੁਨਿ ਬਾਣੀ॥ ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ॥ {ਪੰਨਾ 296}

ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ, ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ।

ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ॥ ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ॥ {ਪੰਨਾ 296}

(ਹੇ ਭਾਈ!) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਸੁਣ ਕੇ ਮੈਂ (ਹੋਰ ਭੀ) ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ (ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ) ਅਕਾਰ-ਰਹਿਤ ਪਰਮਾਤਮਾ ਹੀ (ਵਿਕਾਰਾਂ ਵਿਚ) ਡਿੱਗੇ ਹੋਏ ਜੀਵਾਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ (ਜੀਵਾਂ ਦੇ) ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ।

ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ॥ ਸਰਬ ਖੇਮ ਕਲਿਆਣ ਨਿਧਿ ਰਾਮਨਾਮੁ ਜਪਿ ਸਾਰੁ॥ {ਪੰਨਾ 297}

ਚਾਰੇ ਹੀ ਵੇਦ ਸੁਣ ਕੇ (ਅਸਾਂ ਤਾਂ ਇਹ) ਨਿਰਨਾ ਕੀਤਾ ਹੈ, (ਇਹੀ) ਅਸਲ ਵਿਚਾਰ (ਦੀ ਗੱਲ ਲੱਭੀ) ਹੈ ਕਿ ਪਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁਖ ਮਿਲ ਜਾਂਦੇ ਹਨ, ਸੁਖਾਂ ਦਾ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ।

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰੁ, ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ 1॥ ਰਹਾਉ॥ ਕਟੀ ਨ ਕਟੈ ਤੂਟਿ, ਨਹ ਜਾਈ॥ ਸਾ ਸਾਪਨਿ ਹੋਇ, ਜਗ ਕਉ ਖਾਈ॥ 2॥ ਹਮ ਦੇਖਤ, ਜਿਨਿ ਸਭੁ ਜਗੁ ਲੂਟਿਆ॥ ਕਹੁ ਕਬੀਰ, ਮੈ ਰਾਮ ਕਹਿ ਛੂਟਿਆ॥ 3॥ 30॥ {ਪੰਨਾ 329}

ਹੇ ਵੀਰ ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ। 1.

(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, (ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿੱਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ। 1. ਰਹਾਉ।

(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ। (ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ)। 2.

ਹੇ ਕਬੀਰ ! ਆਖ—ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ। 3. 30.

ਕਹਤ ਕਬੀਰ ਭਲੇ ਅਸਵਾਰਾ॥ ਬੇਦ ਕਤੇਬ ਤੇ ਰਹਹਿ ਨਿਰਾਰਾ॥ 3॥ 31॥ {ਪੰਨਾ 329}

ਕਬੀਰ ਆਖਦਾ ਹੈ— (ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ) ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ। 3. 31.

ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥ ਮਨ ਸਮਝਾਵਨ ਕਾਰਨੇ ਕਛੂਅ ਕ ਪੜੀਐ ਗਿਆਨ॥ 5॥ {ਪੰਨਾ 340}

(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿੱਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ; ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿੱਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ। 5.

ਕਰਮ ਅਕਰਮ ਬੀਚਾਰੀਐ, ਸੰਕਾ ਸੁਨਿ ਬੇਦ ਪੁਰਾਨ॥ ਸੰਸਾ ਸਦ ਹਿਰਦੈ ਬਸੈ, ਕਉਨੁ ਹਿਰੈ ਅਭਿਮਾਨੁ॥ 3॥ {ਪੰਨਾ 346}

ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ। (ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿੱਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ ? । 3.

ਨੋਟ:- ਮੈਂ ਚਾਹੁੰਦਾ ਸੀ ਕਿ ਉਹ ਸਾਰੀਆਂ ਪੰਗਤੀਆਂ ਜਿਹਨਾ ਵਿੱਚ ਵੇਦਾਂ ਦਾ ਜ਼ਿਕਰ ਆਇਆ ਹੈ ਇਸ ਲੇਖ ਵਿੱਚ ਪਾ ਦੇਵਾਂ ਪਰ ਸਮੇਂ ਦੀ ਮਜ਼ਬੂਰੀ ਕਰਕੇ ਨਹੀਂ ਪਾ ਸਕਿਆ। ਸਿਰਫ 20% ਮਸਾਂ ਹੀ ਪਾ ਸਕਿਆ ਹਾਂ ਇਸ ਲਈ ਖਿਮਾ ਦਾ ਜਾਚਕ ਹਾਂ।

ਮੱਖਣ ਸਿੰਘ ਪੁਰੇਵਾਲ

ਜੂਨ 22, 2008.
.