.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 19

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਸਿੱਖੀ ਵਿੱਚ ਕਿਰਤ, ਨਾਮ ਤੇ ਵੰਡ ਕੇ ਛੱਕਣ ਦੇ ਤਿੰਨ ਸਿਧਾਂਤਾਂ ਦੀ ਬੜੀ ਪ੍ਰਪੱਕਤਾ ਨਾਲ ਵੀਚਾਰ ਕੀਤੀ ਗਈ ਹੈ। ਕਿਰਤ--ਆਰਥਿਕਤਾ, ਨਾਮ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ ਤੇ ਵੰਡ ਕੇ ਛੱਕਣ ਨੂੰ ਸਮਾਜਿਕ ਬਰਾਬਰੀ ਵਜੋਂ ਲਿਆ ਗਿਆ ਹੈ ਪਰ ਸਿੱਖੀ ਵਿੱਚ ਆਏ ਪਾਖੰਡੀ ਸਾਧਾਂ ਨੇ ਸੰਗਤ ਨੂੰ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਭਾਈ ਮਰਨ ਸਮੇਂ ਤੁਹਡੇ ਨਾਲ ਤਾਂ ਕੁੱਝ ਵੀ ਨਹੀਂ ਜਾਣਾ ਇਸ ਲਈ ਜਿਹੜੀ ਤੁਸੀਂ ਕਿਰਤ ਕਰ ਰਹੇ ਹੋ ਉਹ ਸਾਰੀ ਸਾਨੂੰ ਦੇ ਦਿਓ, ਕਿਉਂ ਕਿ ਅਸੀਂ ਤੁਹਾਡੇ ਲਈ ਨਾਮ ਜੱਪ ਰਹੇ ਹਾਂ, ਭਾਈ ਬੜੇ ਮਹਾਂਰਾਜ ਜੀ ਵੀ ਏਹੀ ਕਹਿੰਦੇ ਤੀ। ਗੁਰਬਾਣੀ ਦੇ ਭਾਵ ਅਰਥ ਨੂੰ ਨਾ ਸਮਝਦਿਆਂ ਹੋਇਆਂ ਇਸ ਸਲੋਕ ਨੂੰ ਪੜ੍ਹਕੇ ਸੁਣਾਂ ਦੇਂਦੇ ਹਨ:----

ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰ॥

ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ॥

ਸਲੋਕ ਸਾਨੂੰ ਇਹ ਉਪਦੇਸ਼ ਦੇ ਰਿਹਾ ਹੈ, ਕਿ ਐ ਮਨੁੱਖ! ਤੇਰੇ ਨਾਲ ਤੇਰੇ ਜੀਵਨ ਵਿੱਚ ਤੇਰੇ ਕੀਤੇ ਹੋਏ ਨੇਕ ਕਰਮ ਹੀ ਜਾਣੇ ਹਨ। ‘ਹਰਿ ਹਰਿ ਨਾਮ ਕਮਾਵਨਾ’ ਆਪਣੀ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਬਾਹੁੰਣ ਦੀ ਪ੍ਰਕਿਰਿਆ ਹੈ। ਇੱਕ ਵਿਦਿਆਰਥੀ ਨੇ ‘ਹਰਿ ਹਰਿ ਨਾਮ ਕਮਾਉਣ’ ਦੇ ਅਦਰਸ਼ ਨੂੰ ਮੁੱਖ ਰੱਖ ਕੇ ਮਨ ਮਾਰ ਕੇ ਸਕੂਲੀ ਪੜ੍ਹਾਈ ਦੀ ਮਿਹਨਤ ਕਰਨੀ ਹੈ ਪਰ ਜੇ ਉਹੀ ਵਿਦਿਆਰਥੀ ਸਕੂਲ ਦਾ ਕੰਮ ਛੱਡ ਕੇ ਵਿਕਾਰਾਂ ਵਲ ਨੂੰ ਪੈ ਜਾਏ ਤਾਂ ‘ਬਿਖਿਆ ਸਗਲੀ ਛਾਰੁ’ ਹੈ ਹੀ ਇਕੱਠੀ ਕਰੇਗਾ। ਇਸ ਸਲੋਕ ਵਿੱਚ ਜ਼ਿੰਦਗੀ ਦਾ ਤੱਤ ਹੈ ਕਿ ਐ ਮਨੁੱਖ! ਸੰਸਾਰ ਵਿਚੋਂ ਤੇਰੇ ਨਾਲ ਤਾਂ ਕੁੱਝ ਵੀ ਨਹੀਂ ਜਾਣਾ ਹੈ ਫਿਰ ਹੇਰਾ ਫੇਰੀ ਕਿਉਂ ਮਾਰ ਰਿਹਾਂ ਏਂ ਨੇਕ ਨੀਅਤ ਨਾਲ ਆਪਣੇ ਫ਼ਰਜ਼ਾਂ ਦੀ ਪੂਰਤੀ ਕਰ।

ਅਰੰਭ ਵਿੱਚ ਵਿਚਾਰ ਕਰ ਚੁੱਕੇ ਹਾਂ ਕਿ ਸਾਰੀ ਗੁਰਬਾਣੀ ਨੂੰ ਸਮਝਣ ਲਈ ਹਰ ਥਾਂ `ਤੇ ‘ਸਚਿਆਰ’ ਤੇ ‘ਇਕ ਪਰਮਾਤਮਾ’ ਨੂੰ ਸਾਹਮਣੇ ਰੱਖ ਕੇ ਗੁਰਬਾਣੀ ਦੀ ਵੀਚਾਰ ਕੀਤੀ ਜਾਏ ਤਾਂ ਗੁਰਬਾਣੀ ਗਿਆਨ ਦੀ ਸਮਝ ਆ ਸਕਦੀ ਹੈ। ਗੁਰੂ ਸਾਹਿਬ ਜੀ ਇਹ ਸਮਝਾ ਰਹੇ ਹਨ ਕਿ ਵਿਚਾਰ ਵਾਲਾ ਵਿਸ਼ਾ ਹੈ, ਕਿ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਡੇਰੇ, ਕਿਸੇ ਸਾਧ, ਜਾਂ ਉਹਨਾਂ ਦੁਆਰਾ ਦੱਸੀਆਂ ਕਰਮ-ਕਾਂਡਾਂ ਦੀਆਂ ਵਿਧੀਆਂ ਤੇਰੇ ਜੀਵਨ ਵਿੱਚ ਤਾਜ਼ਗੀ ਨਹੀਂ ਰਹਿਣ ਦੇਣਗੀਆਂ, ਸਗੋਂ ਤੇਰਾ ਜੀਵਨ ਇੱਕ ਡਰ ਦੇ ਸਾਏ ਥੱਲੇ ਗ਼ੁਜ਼ਰੇਗਾ।

ਸੰਤ ਜਨਾ ਮਿਲਿ ਕਰਹੁ ਬੀਚਾਰੁ॥ ਏਕੁ ਸਿਮਰਿ ਨਾਮ ਆਧਾਰੁ॥

ਅਵਰਿ ਉਪਾਵ ਸਭਿ ਮੀਤ ਬਿਸਰਾਹੁ॥ ਚਰਨ ਕਮਲ ਰਿਦ ਮਹਿ ਉਰਿਧਾਰਹੁ॥

ਸੂਈ ਵਿੱਚ ਧਾਗਾ ਪਾਉਣਾ ਹੋਵੇ ਤਾਂ, ਅਪਣੀ ਨਿਗਾਹ ਨੂੰ ਇੱਕ ਕਰਨਾ ਪੈਂਦਾ ਹੈ, ਸਾਹਮਣਿਓਂ ਕੋਈ ਆਦਮੀ ਆਉਂਦਾ ਹੋਵੇ ਤਾਂ ਅਸੀਂ ਨਾਲ ਖੜੇ ਆਦਮੀ ਨੂੰ ਕਹਿੰਦੇ ਹਾਂ, ਕਿ ਔਹ ਦੇਖ ਆਦਮੀ ਆ ਰਿਹਾ ਹੈ, ਉਹ ਕਹੇਗਾ ਮੈਨੂੰ ਤੇ ਦਿਸਦਾ ਨਹੀਂ ਹੈ, ਅਸੀਂ ਕਹਾਂਗੇ ਆਪਣੀ ਸੁਰਤੀ ਤੇ ਨਿਗ੍ਹਾ ਨੂੰ ਇੱਕ ਕਰ। ਇੰਜ ਹੀ ਕਦੇ ਕਿਸੇ ਪਾਸੋਂ ਆਪਣੀ ਹੋਣੀ ਸਬੰਧੀ ਪੁੱਛੀ ਜਾਣਾ, ਕਦੇ ਕਿਸੇ ਨੂੰ ਹੱਥ ਦਿਖਾਈ ਜਾਣਾ ਮਨੁੱਖ ਨੂੰ ਆਤਮਿਕ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਐ ਮਨੁੱਖ ਜੇ ਤੂੰ ‘ਸਚਿਆਰ’ ਬਣਨਾ ਚਾਹੁੰਦੇ ਏਂ ਤਾਂ ਇੱਕ ਪਰਮਾਤਮਾ `ਤੇ ਭਰੋਸਾ ਰੱਖ ਅੰਦਰਲੇ ਰੋਗ ਵਿਕਾਰ ਆਦਿ ਸਾਰੇ ਖਤਮ ਹੋ ਜਾਣਗੇ।

ਏਕ ਆਸ ਰਾਖਹੁ ਮਨ ਮਾਹਿ॥ ਸਰਬ ਰੋਗ ਨਾਨਕ ਮਿਲਿ ਜਾਹਿ॥

ਨਾਮ ਧਨ ਭਾਵ ਸ਼ੁਭ ਗੁਣਾਂ ਦੀ ਪੂੰਜੀ ਲੈਣ ਲਈ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਇਹ ਸਾਰੀਆਂ ਵਸਤੂਆਂ ਤੇਰੇ ਅੰਦਰ ਹੀ ਪਈਆਂ ਹੋਈਆਂ ਹਨ ਸਿਰਫ ਗੁਰੂ ਨਾਲ ਸਾਂਝ ਪਾਉਣ ਦੀ ਲੋੜ ਹੈ।

ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ॥ ਸੋ ਧਨੁ ਹਰਿ ਸੇਵਾ ਤੇ ਪਾਵਹਿ॥

ਭੇਖੀ ਲੋਕਾਂ ਨੇ ਆਮ ਮਨੁੱਖ ਦੀਆਂ ਕੰਮਜ਼ੋਰੀਆਂ ਨੂੰ ਬੜੀ ਬਰੀਕੀ ਨਾਲ ਪਕੜਿਆ ਤੇ ਉਹਨਾਂ ਨੇ ਗ੍ਰਹਿਸਤੀਆਂ ਦੀਆਂ ਇਹਨਾਂ ਕੰਮਜ਼ੋਰੀਆਂ ਦਾ ਬਹੁਤ ਫਾਇਦਾ ਉਠਾਇਆ ਹੈ। ਸਾਡੀ ਗ਼ਲਤ ਸੋਚ ਜਾਂ ਗ਼ਲਤ ਧਾਰਨਾ ਕਰਕੇ ਘਰਾਂ ਵਿੱਚ ਲੜਾਈ ਝੱਗੜੇ ਚਲਦੇ ਹੀ ਰਹਿੰਦੇ ਹਨ ਤੇ ਕਈ ਕਹਿੰਦੇ ਹਨ ਕਿ ਅਸੀਂ ਬਾਣੀ ਤਾਂ ਬਹੁਤ ਪੜ੍ਹਦੇ ਹਾਂ ਪਰ ਸਾਡਾ ਮਨ ਗੁਰਬਾਣੀ ਵਿੱਚ ਨਹੀਂ ਲੱਗਦਾ। ਸਾਧ ਜਾਂ ਤਾਂ ਆਪਣੀ ਫੋਟੋ ਦੇ ਦੇਣਗੇ ਜਾਂ ਫਿਰ ਕੋਈ ਸ਼ਬਦ ਦੇ ਦੇਣਗੇ ਤੇ ਕਹਿਣਗੇ ਇਸ ਦਾ ਇਤਨੀ ਵਾਰੀ ਜਾਪ ਕਰਿਆ ਜੇ ਤੁਹਡੇ ਵਿਗੜੇ-ਤਿਗੜੇ ਸਾਰੇ ਕੰਮ ਸੂਤਰ ਹੋ ਜਾਣਗੇ।

ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨਜ਼ਰੀਆ ਕੀ ਹੈ:---

ਅਨਿਕ ਉਪਾਵੀ ਰੋਗੁ ਨ ਜਾਇ॥ ਰੋਗ ਮਿਟੈ ਹਰਿ ਅਵਖਧ ਲਾਇ॥

ਪਰਮਾਤਮਾ ਦੇ ਨਾਮ ਦੁਆਰਾ ਬਾਹਰ ਵਲ ਭੱਜ ਰਹੇ ਮਨ ਨੂੰ ਆਪਣੇ ਅਸਲੀ ਘਰ ਵਿੱਚ ਟਿਕਾਉਣਾ ਹੈ। ਸਾਡੇ ਮਨ ਵਿੱਚ ਅਵਗੁਣ ਤੇ ਸ਼ੁਭ ਗੁਣ ਦੋ ਸੁਭਾਅ ਤਾਂ ਹਰ ਵੇਲੇ ਚੱਲਦੇ ਰਹਿੰਦੇ ਹਨ ਜਿਹੜੀ ਵੀ ਸੰਗਤ ਮਿਲ ਗਈ ਉਹ ਹੀ ਗੁਣ ਪ੍ਰਗਟ ਹੋ ਜਾਣਗੇ। ਗੁਰੂ ਸਾਹਿਬ ਜੀ ਇੱਕ ਨੁਕਤਾ ਦੱਸ ਰਹੇ ਹਨ:---

ਮਨੁ ਪਰਬੋਧਹੁ ਹਰਿ ਕੈ ਨਾਇ॥ ਦਹਦਿਸਿ ਧਾਵਤ ਆਵੈ ਠਾਇ॥

ਤਾ ਕਉ ਬਿਘਨੁ ਲਾਗੈ ਕੋਇ॥ ਜਾ ਕੈ ਰਿਦੈ ਬਸੈ ਹਰਿ ਸੋਇ॥

‘ਹਰਿ ਕੈ ਨਾਇ’ ਸ਼ੁਭ ਗੁਣਾਂ ਨਾਲ ਸਾਂਝ ਕਾਇਮ ਕਰਨੀ, ਰੱਬੀ ਹੁਕਮ ਦੀਆਂ ਪਰਤਾਂ ਨੂੰ ਸਮਝਣਾਂ ਤੇ ਕੁਦਰਤੀ ਨਿਯਮਾਵਲੀ ਨੂੰ ਮਨ ਵਿੱਚ ਵਸਾਉਣਾ। ‘ਦਹਦਿਸਿ ਧਾਵਤ’ ਅਵਗੁਣਾਂ ਵਲ ਨੂੰ ਪ੍ਰੇਰਤ ਨਹੀਂ ਹੋਏਗਾ।

ਭਗਤ ਮਾਲਾ ਪੜ੍ਹ ਕੇ ਬਣੇ ਕੱਚ-ਘਰੜ ਪਰਚਾਰਕਾਂ ਤੇ ਝੂਠ ਦੀ ਚੂਰੀ ਖਾਣ ਵਾਲੇ ਸਾਧੜਿਆਂ ਨੇ ਆਵਾਗਵਣ ਦਾ ਅਜੇਹਾ ਨਕਸ਼ਾ ਖਿੱਚਿਆ ਹੈ ਜਿਵੇਂ ਇਹ ਦੇਖ ਆਏ ਹੋਣ ਜਾਂ ਫਿਰ ਧਰਮਰਾਜ ਦਾ ਘਰ ਬਣਾਉਣ ਲਈ, ਇਹ ਧਰਮਰਾਜ ਨੂੰ ਇੱਟਾਂ ਫੜਾਉਂਦੇ ਰਹੇ ਹੋਣ। ਸੁਖਮਨੀ ਸਾਹਿਬ ਜੀ ਦੀ ਬਾਣੀ ਨੇ ਆਵਾਗਵਣ ਦਾ ਫਾਹਾ ਵੱਢਦਿਆਂ ਸਮਝਾ ਦਿੱਤਾ ਹੈ ਕਿ ਉਹ ਮਨੁੱਖ ਸਦਾ ਲਈ ਹੀ ਆਵਾਗਵਣ ਤੋਂ ਮੁਕਤ ਹੋ ਸਕਦਾ ਹੈ ਪਰ ਉਸ ਨੂੰ ਸਿਰਫ ਰੱਬ ਦੀ ਰਜ਼ਾ ਵਿੱਚ ਆਉਣ ਦੀ ਜ਼ਰੂਰਤ ਹੈ:--

ਆਵਾਗਵਨੁ ਮਿਟੈ ਪ੍ਰਭ ਸੇਵ॥ ਆਪਿ ਤਿਆਗਿ ਸਰਨਿ ਗੁਰਦੇਵ॥

ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸਿਧਾਂਤਕ ਪੱਖ ਸਮਝਦਿਆਂ ਇੱਕ ਗੱਲ ਤਾਂ ਸਮਝ ਵਿੱਚ ਜ਼ਰੂਰ ਆਉਂਦੀ ਹੈ ਕਿ ਜੇ ਸੰਤ, ਮਹਾਤਮਾ, ਮਹਾਂਰਾਜ , ਵੱਡੇ-ਮਹਾਂਰਾਜ, ਬ੍ਰਹਮ ਗਿਆਨੀ, ਸਾਧਾਂ ਦੀ ਲੋੜ ਮਹਿਸੂਸ ਹੁੰਦੀ ਤਾਂ ਗੁਰੂ ਸਾਹਿਬਾਂ ਦੇ ਸਮੇਂ ਵੀ ਕੋਈ ਨਾ ਕੋਈ ਜ਼ਰੂਰ ਸੱਜਰੇ ਪਿੰਜੇ ਰੂੰ ਵਰਗਾ ਸਾਧ ਹੁੰਦਾ। ਸੁਖਮਨੀ ਸਾਹਿਬ ਦੀ ਬਾਣੀ ਤਾਂ ਕਹਿ ਰਹੀ ਹੈ ਕਿ:----

ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥

ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾਰੋ ਚੀਤ॥

ਗੁਰੂ ਸਾਹਿਬ ਜੀ ਇੱਕ ਸਲਾਹ ਦੇ ਰਹੇ ਹਨ ਕਿ ਹੇ ਮੇਰੇ ਮਨ ਤੂੰ ਇੱਕ ਪਰਮਾਤਮਾ ਦੇ ਗੁਣਾਂ ਨੂੰ ਹੀ ਹਿਰਦੇ ਵਿੱਚ ਰੱਖ ਜੋ ਨਿਰਵੈਰਤਾ, ਸਹਿਣਸ਼ੀਲਤਾ, ਪਿਆਰ, ਆਪਸੀ ਭਾਈ ਚਾਰਾ, ਮਿਲਵਰਣ, ਸੰਤੋਖ ਦੇ ਰੂਪ ਵਿੱਚ ਦੇਖੇ ਜਾ ਸਕਦੇ ਹਨ। ਇਹ ਵੱਖਰੀ ਗੱਲ ਹੈ ਕਿ ਅਸੀਂ ਇਹਨਾਂ ਗੁਣਾਂ ਵਲ ਧਿਆਨ ਨਾ ਦਈਏ ਤੇ ਉਂਝ ਭਾਵੇਂ ਪੱਟੇ ਚੜ੍ਹੇ ਵਾਲਾ ਜਾਪ ਕਰਦੇ ਰਹੀਏ।

ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥

ਏਕਸ ਕੇ ਗੁਨ ਗਾਉ ਅਨੰਤ॥ ਮਨਿ ਤਨਿ ਜਾਪਿ ਏਕ ਭਗਵੰਤ॥

-----------------------------------------

ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ॥ ਗੁਰਪਰਸਾਦਿ ਨਾਨਕ ਇਕੁ ਜਾਤਾ॥
.