.

‘ਸਿੱਖ ਮਾਰਗ’ ਤੇ ਛਪਣ ਯੋਗ ਸਮੱਗਰੀ ਲਈ ਪੈਮਾਨਾ ਅਤੇ ਹੋਰ ਜਾਣਕਾਰੀ

ਅਸੀਂ ਜਦੋਂ ‘ਸਿੱਖ ਮਾਰਗ’ ਵੈੱਬ ਸਾਈਟ ਪੰਜਾਬੀ ਵਿੱਚ ਸ਼ੁਰੂ ਕੀਤੀ ਸੀ ਤਾਂ ਇਸ ਦੇ ਸੰਬੰਧ ਵਿੱਚ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਸਾਡਾ ਮਨੋਰਥ ਕੀ ਹੈ। ਜਿਹੜੇ ਲੇਖਕ ਅਤੇ ਪਾਠਕ ਉਦੋਂ ਦੇ ਹੀ ਇਸ ਸਾਈਟ ਨਾਲ ਜੁੜੇ ਹੋਏ ਹਨ ਉਹਨਾ ਨੂੰ ਤਾਂ ਪਤਾ ਹੈ ਪਰ ਕਈ ਨਵੇਂ ਲੇਖਕ ਅਤੇ ਪਾਠਕ ਲਿਖਦੇ ਅਤੇ ਪੁੱਛਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਲਿਖਤਾਂ ਛਾਪਦੇ ਹੋ ਅਤੇ ਤੁਹਾਡਾ ਪੈਮਾਨਾ ਕੀ ਹੈ। ਫੌਂਟ ਕਿਹੜੇ ਵਿੱਚ ਲਿਖੀਏ ਅਤੇ ਕਿਸ ਤਰ੍ਹਾਂ ਭੇਜੀਏ। ਕਈ ਹੱਥ ਨਾਲ ਲਿਖ ਕੇ ਸਕੈਨ ਕਰਕੇ ਭੇਜਦੇ ਹਨ ਅਤੇ ਕਈ ਫੈਕਸ ਨੰਬਰ ਪੁੱਛਦੇ ਹਨ। ਇਹਨਾ ਸਾਰੀਆਂ ਗੱਲਾਂ ਦੀ ਜਾਣਕਾਰੀ ਅਸੀਂ ਇਕੱਠੀ ਹੀ ਲਿਖ ਰਹੇ ਹਾਂ ਤਾਂ ਕਿ ਸਾਨੂੰ ਬਾਰ-ਬਾਰ ਇਸ ਬਾਰੇ ਨਾ ਦੱਸਣਾ ਪਵੇ।

ਲਿਖਤਾਂ ਲਈ ਪੈਮਾਨਾ:- ਕਿਉਂਕਿ ‘ਸਿੱਖ ਮਾਰਗ’ ਇੱਕ ਨਿਰੋਲ ਧਾਰਮਿਕ ਸਾਈਟ ਹੈ ਇਸ ਲਈ ਸਭ ਤੋਂ ਵੱਡਾ ਪੈਮਾਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ। ਜਿਹੜੀ ਗੱਲ ਗੁਰਬਾਣੀ ਦੇ ਅਨੁਕੂਲ ਹੋਵੇ, ਸਮੁੱਚੀ ਮਨੁੱਖਤਾ ਦੀ ਭਲਾਈ ਵਾਲੀ ਹੋਵੇ ਅਤੇ ਜਾਂ ਫਿਰ ਆਮ ਜੀਵਨ ਵਿੱਚ ਕੋਈ ਕੰਮ ਆਉਣ ਵਾਲੀ ਹੋਵੇ। ਅਸੀਂ ਕੋਈ ਵੀ ਰਾਜਨੀਤਕ ਲੇਖ ਛਾਪਣ ਤੋਂ ਗੁਰੇਜ਼ ਕਰਦੇ ਹਾਂ ਅਤੇ ਨਾ ਹੀ ਸਾਡਾ ਕਿਸੇ ਪੁਲਿਟੀਕਲ ਪਾਰਟੀ ਨਾਲ ਕੋਈ ਸੰਬੰਧ ਹੈ। ਕਿਸੇ ਵੀ ਡੇਰੇਵਾਲੇ ਸਾਧ ਨੂੰ ਅਸੀਂ ਕੋਈ ਵੀ ਮਹਾਨਤਾ ਨਹੀਂ ਦਿੰਦੇ। ਹਾਂ ਇਹਨਾ ਦੇ ਪਖੰਡ ਜ਼ਰੂਰ ਨੰਗੇ ਕਰਦੇ ਹਾਂ। ਅਸੀਂ ਕਿਸੇ ਖਾਸ ਵਿਦਵਾਨ ਨਾਲ ਬੱਝੇ ਹੋਏ ਨਹੀਂ ਅਤੇ ਨਾ ਹੀ ਕਿਸੇ ਖਾਸ ਵਿਦਵਾਨ ਦਾ ਸਾਡੇ ਤੇ ਕੋਈ ਪ੍ਰਭਾਵ ਹੈ। ਅਸੀਂ ਉਹਨਾ ਸਾਰਿਆਂ ਨੂੰ ਇਕੋ ਜਿਹਾ ਸਤਿਕਾਰ ਦਿੰਦੇ ਹਾਂ ਜੋ ਤਨੋਂ ਮਨੋਂ ਸਹੀ ਗੁਰਬਾਣੀ ਦੀ ਗੱਲ ਕਰਦੇ ਹਨ ਅਤੇ ਗੁਰੂ ਤਾ ਅਪਮਾਨ ਕਰਨ ਵਾਲੀਆਂ ਲਿਖਤਾਂ ਤੋਂ ਸੁਚੇਤ ਕਰਦੇ ਹਨ। ਲੇਖਕ ਆਪਣੀ ਲਿਖਤ ਲਈ ਆਪ ਜ਼ੁੰਮੇਵਾਰ ਹਨ ਅਤੇ ਜੇ ਕਰ ਕਿਸੇ ਦੀ ਲਿਖਤ ਬਾਰੇ ਪਾਠਕਾਂ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਬੇਖੌਫ ਹੋ ਕੇ ਕਰ ਸਕਦੇ ਹਨ ਅਤੇ ਲੇਖਕਾਂ ਨੂੰ ਉਹਨਾ ਦਾ ਜਵਾਬ ਦੇਣਾ ਬਣਦਾ ਹੈ। ਅਸੀਂ ਆਪਣੇ ਪਾਠਕਾਂ ਦੇ ਖਿਆਲਾਂ ਨੂੰ ਬਿਨਾ ਪੱਖਪਾਤ ਦੇ ਜੀ ਆਇਆਂ ਕਹਿੰਦੇ ਹਾਂ ਪਰ ਨਾਲ ਹੀ ਬੇਨਤੀ ਵੀ ਕਰਦੇ ਹਾਂ ਕਿ ਸ਼ਬਦਾਵਲੀ ਜ਼ਰੂਰ ਚੰਗੀ ਵਰਤਣ। ਲੇਖਕਾਂ ਨੂੰ ਇਕ ਹੋਰ ਵੀ ਬੇਨਤੀ ਹੈ ਕਿ ਉਹ ਪਹਿਲਾਂ ਹੋਰ ਥਾਵਾਂ ਤੇ ਛਪ ਚੁੱਕੀਆਂ ਲਿਖਤਾਂ ਨੂੰ ਭੇਜਣ ਸਮੇਂ ਜਾਂ ਇਕੱਠੀਆਂ ਛਪਣ ਲਈ ਭੇਜੀਆਂ ਲਿਖਤਾਂ ਬਾਰੇ ਜਿਕਰ ਜ਼ਰੂਰ ਕਰਨ ਤਾਂ ਕਿ ਉਹਨਾ ਦੀਆਂ ਲਿਖਤਾਂ ਠੀਕ ਥਾਂ ਤੇ ਛਪ ਸਕਣ। ਇਸ ਦਾ ਭਾਵ ਇਹ ਹੈ ਕਿ ਮੁੱਖ ਪੰਨੇ ਤੇ ਅਸੀਂ ਅਣਛਪੀਆਂ ਲਿਖਤਾਂ ਨੂੰ ਪਹਿਲ ਦਿੰਦੇ ਹਾਂ ਅਤੇ ਬਾਕੀ ਲਿਖਤਾਂ ਪਾਠਕਾਂ ਦੇ ਪੰਨੇ ਤੇ ਪਾਈਆਂ ਜਾਂਦੀਆਂ ਹਨ। ਜੇ ਕਰ ਕੋਈ ਖਾਸ ਜਾਣਕਾਰੀ ਵਾਲਾ ਲੇਖ ਹੋਵੇ ਤਾਂ ਉਹ ਪਹਿਲਾਂ ਛਪਿਆ ਵੀ ਮੁੱਖ ਪੰਨੇ ਤੇ ਪਾਇਆ ਜਾ ਸਕਦਾ ਹੈ। ਇਹ ਗੱਲ 100% ਕੋਰੀ ਝੂਠ ਹੈ ਕਿ ਜਿਸ ਨੇ 'ਸਿੱਖ ਮਾਰਗ' ਤੇ ਲਿਖਤਾਂ ਭੇਜਣੀਆਂ ਹਨ ਉਹ ਹੋਰ ਕਿਤੇ ਨਹੀਂ ਭੇਜ ਸਕਦਾ। ਇਸ ਤਰ੍ਹਾਂ ਦੀ ਗੱਲ ਅੱਜ ਤੱਕ ਅਸੀਂ ਕਸੇ ਨੂੰ ਵੀ ਨਹੀਂ ਕਹੀ। ਅਸੀਂ ਸਿਰਫ ਮੁੱਖ ਪੰਨੇ ਛਪਣ ਵਾਲੀਆਂ ਲਿਖਤਾਂ ਬਾਰੇ ਨਵੇਂ ਪਾਠਕਾਂ ਨੂੰ ਜਾਣਕਾਰੀ ਦਿੰਦੇ ਹਾਂ। ਹਰ ਇਕ ਪਾਠਕ/ਲੇਖਕ ਦਾ ਹੱਕ ਹੈ ਉਹ ਆਪਣੀਆਂ ਲਿਖਤਾਂ ਜਿਥੇ ਮਰਜੀ ਭੇਜੇ। ਕੋਈ ਵੀ ਲੇਖਕ ਜਦੋਂ ਚਾਹੇ ਆਪਣੀਆਂ ਲਿਖਤਾਂ ਇੱਥੋਂ ‘ਸਿੱਖ ਮਾਰਗ’ ਤੋਂ ਹਟਾ ਸਕਦਾ ਹੈ।

ਫੌਂਟਸ ਅਤੇ ਲਿਖਤਾਂ ਭੇਜਣ ਬਾਰੇ:- ਆਪਣੀ ਲਿਖਤ ਭੇਜਣ ਲਈ ਤੁਸੀਂ ਕੋਈ ਵੀ ਫੌਂਟਸ ਵਰਤ ਸਕਦੇ ਹੋ ਜਿਹੜੇ ਕੇ ਆਮ ਹੀ ਇੰਟਰਨੈੱਟ ਤੇ ਉਪਲਵੱਧ ਹਨ। ਲਿਖਤ ਨੂੰ ਟਾਈਪ ਕਰਕੇ ਵਰਡ ਡਾਕੂਮਿੰਟਸ ਵਿੱਚ ਭੇਜੋਂ ਤਾਂ ਚੰਗੀ ਗੱਲ ਹੈ। ਉਂਜ ਵੀ ਈ-ਮੇਲ ਰਾਹੀਂ ਭੇਜ ਸਕਦੇ ਹੋ। ਨਾਲ ਫੌਂਟਸ ਭੇਜਣ ਦੀ ਲੋੜ ਨਹੀਂ ਅਤੇ ਜੇ ਕਰ ਸਾਨੂੰ ਲੋੜ ਪਵੇ ਤਾਂ ਅਸੀਂ ਆਪ ਹੀ ਦੱਸ ਦੇਵਾਂਗੇ। ਹੱਥ ਲਿਖਤ ਸਕੈਨ ਕੀਤੀਆਂ ਹੋਈਆਂ ਲਿਖਤਾਂ ਜਾਂ ਫੈਕਸ ਰਾਹੀਂ ਭੇਜੀਆਂ ਹੋਈਆਂ ਲਿਖਤਾਂ ਨੂੰ ਅਸੀਂ ਪਉਣ ਤੋਂ ਅਸਮਰੱਥ ਹਾਂ ਕਿਉਂਕਿ ਨਾ ਤਾਂ ਸਾਡੇ ਕੋਲ ਕੋਈ ਸਟਾਫ ਹੈ ਅਤੇ ਨਾ ਹੀ ਸਾਡੇ ਕੋਲ ਆਪ ਟਾਈਪ ਕਰਨ ਲਈ ਸਮਾਂ ਹੈ। ਅਸੀਂ ਤਾਂ ਆਪ ਮਜ਼ਦੂਰੀ ਕਰਨ ਵਾਲੇ ਬੰਦੇ ਹਾਂ।

ਫੋਟੋਆਂ ਬਾਰੇ:- ਅਸੀਂ ਅੱਜ ਤੱਕ ਨਾ ਤਾਂ ਦਸ ਗੁਰੂਆਂ ਦੀਆਂ ਨਕਲੀ ਫੋਟੋਆਂ ਛਾਪੀਆਂ ਹਨ ਅਤੇ ਨਾ ਹੀ ਛਾਪਣੀਆਂ ਹਨ। ਇਸ ਲਈ ਬੇਨਤੀ ਹੈ ਕਿ ਸਾਨੂੰ ਕਿਸੇ ਵੀ ਗੁਰੂ ਦੀ ਕੋਈ ਵੀ ਫੋਟੋ ਭੇਜਣ ਦੀ ਖੇਚਲ ਨਾ ਕਰੇ।

ਲੇਖਕ ਭਾਵੇ ਕੋਈ ਗੁਰੂ ਨਾਨਕ ਦੇ ਧਰਮ ਦਾ ਸਿੱਖ ਹੈ ਅਤੇ ਭਾਵੇਂ ਕੋਈ ਸ਼ਰਧਾਲੂ ਜੇ ਕਰ ਉਹ ਕੇਸਾ ਧਾਰੀ ਸਾਬਤ ਸੂਰਤ ਹੈ ਤਾਂ ਅਸੀਂ ਉਸ ਦੀ ਫੋਟੋ ਉਸ ਦੇ ਲੇਖ ਨਾਲ ਪਾ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਕੇਸਾਂ ਦੀ ਬੇਅਦਬੀ ਕਰਨ ਵਾਲੇ ਦੀ ਫੋਟੋ ਅਸੀਂ ਨਹੀਂ ਪਾ ਸਕਦੇ ਅਤੇ ਨਾ ਹੀ ਕਦੀਂ ਪਾਈ ਹੈ। ਇਸ ਬਾਰੇ ਕੋਈ ਛੋਟ ਨਹੀਂ ਹੋ ਸਕਦੀ। ਇੱਥੇ ਸਾਡਾ ਇਹ ਮਤਲਬ ਬਿੱਲਕੁੱਲ ਨਹੀਂ ਕਿ ਕੇਸਾਧਾਰੀ ਦੁਜਿਆਂ ਨਾਲੋਂ ਚੰਗੇ ਹਨ ਪਰ ਕੇਸਾਂ ਨੂੰ ਗੁਰੂ ਨਾਨਕ ਦੇ ਧਰਮ ਦੀ ਮੁਢਲੀ ਨਿਸ਼ਾਨੀ ਜ਼ਰੂਰ ਸਮਝਦੇ ਹਾਂ।

ਈ-ਮੇਲ ਬਾਰੇ:- ਅਸੀਂ ਕਿਸੇ ਵੀ ਲੇਖਕ ਦੀ ਈ-ਮੇਲ ਉਸ ਦੀ ਲਿਖਤ ਨਾਲ ਛਾਪਣ ਤੋਂ ਗੁਰੇਜ਼ ਕਰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਕਈ ਵਾਰੀ ਗਲਤ ਮਲਤ ਈ-ਮੇਲ ਬਹੁਤ ਆਉਣ ਲੱਗ ਪੈਂਦੇ ਹਨ ਅਤੇ ਜੇ ਕਰ ਕੋਈ ਬਾਅਦ ਵਿੱਚ ਸਾਨੂੰ ਕੱਢਣ ਲਈ ਕਹੇ ਤਾਂ ਇਹ ਮੁਸ਼ਕਲ ਕੰਮ ਹੈ। ਹਾਂ, ਜੇ ਕਰ ਕੋਈ ਕਹੇ ਕਿ ਮੇਰੀ ਈ-ਮੇਲ ਜ਼ਰੂਰ ਨਾਲ ਛਾਪੋ ਅਤੇ ਮੈਂ ਕੱਢਣ ਲਈ ਬਿੱਲਕੁੱਲ ਨਹੀਂ ਕਹਿੰਦਾ/ਕਹਿੰਦੀ। ਤਾਂ ਅਸੀਂ ਉਸ ਦਾ ਈ-ਮੇਲ ਪਾ ਦਿੰਦੇ ਹਾਂ। ਅਸੀਂ ‘ਸਿੱਖ ਮਾਰਗ’ ਦੀ ਈ-ਮੇਲ ਵੀ ਸਿਰਫ ਮੁੱਖ ਪੰਨੇ ਤੇ ਹੀ ਪਾਈ ਹੈ। ਉਸ ਦਾ ਕਾਰਨ ਵੀ ਇਹੀ ਹੈ ਕਿ ਜੇ ਕਰ ਬਦਲਣੀ ਪਵੇ ਤਾਂ ਸੌਖੀ ਹੈ ਕਿਉਂਕਿ ਪਹਿਲਾਂ ਵੀ ਸਾਨੂੰ ਕਈ ਵਾਰ ਬਦਲਣੀ ਪਈ ਸੀ।

ਅੰਗ੍ਰੇਜ਼ੀ ਦੇ ਲੇਖਾਂ ਬਾਰੇ:- ਜਿਹੜੇ ਲੇਖਕ ਪੰਜਾਬੀ ਵਿੱਚ ਲਿਖ ਸਕਦੇ ਹਨ ਉਹ ਕਿਰਪਾ ਕਰਕੇ ਪੰਜਾਬੀ ਵਿੱਚ ਹੀ ਲੇਖ ਭੇਜਣ। ਅੰਗ੍ਰੇਜ਼ੀ ਦੇ ਲੇਖ ਪਉਂਣ ਤੋਂ ਅਸੀਂ ਸੰਕੋਚ ਕਰਦੇ ਹਾਂ ਇਸ ਦਾ ਕਾਰਣ ਸਮੇਂ ਦੀ ਘਾਟ ਅਤੇ ਅੰਗ੍ਰੇਜ਼ੀ ਵਲੋਂ ਹੱਥ ਤੰਗ ਹੋਣਾ ਹੈ। ਉਂਜ ਵੀ ਹੁਣ ਬਹੁਤ ਸਾਰੇ ਡਿਸਕਸ਼ਨ ਗਰੁੱਪ ਫੇਸ-ਬੁੱਕ ਅਤੇ ਟਵਿੱਟਰ ਆਦਿਕ ਬਣ ਚੁੱਕੇ ਹਨ ਅਤੇ ਬਹੁਤ ਸਾਰੀਆਂ ਅੰਗ੍ਰੇਜ਼ੀ ਸਾਈਟਾਂ ਬਣ ਚੁੱਕੀਆਂ ਹਨ। ਲੇਖਕ ਆਪਣੇ ਵਿਚਾਰ ਉਥੇ ਸਾਂਝੇ ਕਰ ਸਕਦੇ ਹਨ। ਅਸੀਂ ਜਦੋਂ ਪਹਿਲਾਂ ਪਹਿਲ ਆਪਣੀ ਵੈੱਬ ਸਾਈਟ ਸ਼ੁਰੂ ਕੀਤੀ ਸੀ ਤਾਂ ਇਹ ਸਿਰਫ ਅੰਗ੍ਰੇਜ਼ੀ ਵਿੱਚ ਹੀ ਸੀ। ਉਸ ਵੇਲੇ ਕੋਈ ਦਰਜ਼ਨ ਕੁ ਹੀ ਸਿੱਖ ਧਰਮ ਨਾਲ ਸੰਬੰਧਤ ਵੈੱਬ ਸਾਈਟਾਂ ਸਨ। ਉਦੋਂ ਅਸੀਂ ਹਾਲੇ ‘ਸਿੱਖ ਮਾਰਗ’ ਦਾ ਨਾਮ ਵੀ ਰਿਜ਼ਿਸਟਰੇਸ਼ਨ ਨਹੀਂ ਸੀ ਕਰਵਾਇਆ ਅਤੇ ਸਾਈਟ ਆਈ ਐੱਸ ਪੀ ਸਰਵਿਸ ਪਰੋਵਾਈਡਰ ਦੇ ਨਾਮ ਮਗਰ ਆਪਣਾ ਨਾਮ ਜੋੜ ਕੇ ਚਲਦੀ ਸੀ ਜਿਵੇਂ ਹੁਣ ਫੇਸ-ਬੁੱਕ ਤੇ ਹੁੰਦਾ ਹੈ। ਉਸ ਵੇਲੇ ਇਹ ਯਾਹੂ ਦੀ ਡਾਇਰੈਕਟਰੀ ਵਿੱਚ ਮੋਸਟ ਪਪੂਲਰ ਸੀ ਅਤੇ ਸਾਨੂੰ ਬਹੁਤ ਸਾਰੇ ਸਵਾਲ ਗੈਰ ਸਿੱਖਾਂ ਵਲੋਂ ਪੁੱਛੇ ਜਾਂਦੇ ਸਨ। ਅਸੀਂ ਆਪਣੀ ਸੂਝ ਮੁਤਾਬਕ ਅਤੇ ਹੋਰ ਜਾਣ ਪਛਾਣ ਵਾਲਿਆਂ ਨੂੰ ਪੁੱਛ ਕੇ ਜਵਾਬ ਦੇ ਦਿੰਦੇ ਸੀ। ਹੁਣ ਇਹ ਗੱਲ ਨਹੀਂ ਹੈ।

ਪਾਠਕਾਂ ਦੇ ਪੰਨੇ ਬਾਰੇ:- ਇਹ ਅਸੀਂ ਚਲਦੇ ਹਫਤੇ ਵਿੱਚ ਵੀ ਅੱਪਡੇਟ ਕਰਦੇ ਹਾਂ ਅਤੇ ਕਈ ਵਾਰੀ ਜੇ ਕਰ ਕੋਈ ਘਰ ਦਾ ਜਰੂਰੀ ਕੰਮ ਕਰਨੇ ਵਾਲਾ ਹੋਵੇ ਜਾਂ ਕੋਈ ਦੰਦਾ ਵਾਲੇ ਡਾਕਟਰ ਦੀ ਅਪੁਆਇੰਟਮੈਂਟ ਹੋਵੇ ਤਾਂ ਕਈ ਵਾਰੀ ਨਹੀਂ ਵੀ ਹੁੰਦਾ। ਗਰਮੀਆਂ ਵਿੱਚ ਛਨਿੱਚਰਵਾਰ ਨੂੰ ਬਾਹਰ ਘਾਹ ਕੱਟਣਾ, ਗਾਰਡਨ ਵਿੱਚ ਕੰਮ ਕਰਨਾ ਅਤੇ ਘਰ ਦਾ ਹੋਰ ਕੋਈ ਕੰਮ ਕਰਨਾ ਹੁੰਦਾ ਹੈ ਇਸ ਲਈ ਵੀ ਕਈ ਵਾਰੀ ਅੱਪਡੇਟ ਨਹੀਂ ਹੁੰਦਾ। ਸਾਡੀ ਪਹਿਲਾਂ 2 ਹਫਤਿਆਂ ਬਾਅਦ ਸ਼ਿਫਟ ਦੀ ਤਬਦੀਲੀ ਹੁੰਦੀ ਸੀ ਇਸ ਲਈ ਉਸ ਸਮੇਂ ਮੁਤਾਬਕ ਹੀ ਅੱਪਡੇਟ ਕਰਦੇ ਸੀ। ਪਰ ਹੁਣ ਕੁੱਝ ਸਾਲਾਂ ਤੋਂ ਅਸੀਂ ਰਾਤ ਦੀ ਸ਼ਿਫਟ ਹੀ ਕੰਮ ਕਰਦੇ ਹਾਂ ਇਸ ਲਈ ਸ਼ਾਂਮ ਦੇ ਪੰਜ ਕੁ ਵਜੇ (ਕਨੇਡਾ ਪੈਸਿਫਕ ਟਾਈਮ) ਅੱਪਡੇਟ ਕਰਦੇ ਹਾਂ। ਕਈ ਵਾਰੀ ਰੁਝੇਵੇਂ ਦੇ ਕਾਰਨ ਕੁੱਝ ਸਮਾਂ ਪਹਿਲਾਂ ਜਾਂ ਬਾਅਦ ਵਿਚ ਵੀ ਕਰਨਾ ਪੈਂਦਾ ਹੈ। ਤੁਹਾਡਾ ਪੱਤਰ ਕੁੱਝ ਮਿੰਟਾਂ ਵਿੱਚ ਵੀ ਛਪ ਸਕਦਾ ਹੈ ਅਤੇ ਕੁੱਝ ਦਿਨ ਵੀ ਲੱਗ ਸਕਦੇ ਹਨ। (ਨੋਟ:- ਇਹ ਪਾਠਕਾਂ ਦਾ ਪੰਨਾ ਵੀ ਹੁਣ ਕੁੱਝ ਸਮੇਂ ਤੋਂ ਹਫਤੇ ਬਾਅਦ ਐਤਵਾਰ ਨੂੰ ਹੀ ਅੱਪਡੇਟ ਕੀਤਾ ਜਾਂਦਾ ਹੈ। ਪਰ ਤੁਸੀਂ ਹੁਣ ਖੁਦ ਹੀ ਤੁਹਾਡੇ ਆਪਣੇ ਪੰਨੇ ਤੇ ਆਪਣੀ ਲਿਖਤ ਜਦੋਂ ਮਰਜ਼ੀ ਪਾ ਸਕਦੇ ਹੋ।)

ਦਸਮ ਗ੍ਰੰਥ, ਰਾਗਮਾਲਾ ਅਤੇ ਸਾਧਾਂ ਬਾਰੇ:- ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਅਸੀਂ ਗੁਰੂ ਕਿਰਤ ਨਹੀਂ ਮੰਨਦੇ। ਸਾਧ ਇਹਨਾ ਬਿਨਾ ਰਹਿ ਨਹੀਂ ਸਕਦੇ। ਇਸ ਲਈ ਇਹਨਾ ਤਿੰਨਾ ਦੇ ਹੱਕ ਵਿੱਚ ਲਿਖੀਆਂ ਲਿਖਤਾਂ ਅਸੀਂ ‘ਸਿੱਖ ਮਾਰਗ’ ਤੇ ਨਹੀਂ ਛਾਪ ਸਕਦੇ।

ਆਪ ਸਭ ਦੇ ਸਹਿਯੋਗ ਲਈ ਸ਼ੁਕਰੀਆ।

ਮੱਖਣ ਸਿੰਘ ਪੁਰੇਵਾਲ,

ਜੂਨ 15, 2008.
ਵਾਧਾ ਕੀਤਾ ਜੂਨ 10, 2014.
ਵਾਧਾ ਕੀਤਾ ਅਕਤੂਬਰ 22, 2015.
ਵਾਧਾ ਕੀਤਾ ਜੁਲਾਈ 04, 2017.

(ਨੋਟ:- ਜੇ ਕਰ ਲੇਖਕਾਂ ਅਤੇ ਪਾਠਕਾਂ ਵਲੋਂ ਹੋਰ ਕੋਈ ਪੁੱਛ-ਪੜਤਾਲ ਹੋਈ ਜਾਂ ਹੋਰ ਕੋਈ ਗੱਲ ਜਿਹੜੀ ਚੇਤੇ ਵਿੱਚ ਆਈ ਤਾਂ ਉਹ ਇਥੇ ਐਡ ਕਰ ਦਿੱਤੀ ਜਾਵੇਗੀ)
.