.

“ਜੀਆ ਕਾ ਆਹਾਰੁ ਜੀਅ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕਿਥਹੁ ਮਾਸੁ ਉਪੰਨਾ-ਸਦੀਆਂ ਪਹਿਲੇ ਗੁਰਬਾਣੀ ਆਪਣਾ ਫ਼ੈਸਲਾ ਦੇ ਚੁੱਕੀ ਹੈ ਅਤੇ ਅੱਜ ਜੀਵ-ਵਗਿਆਨ (Biology) ਵੀ ਸਾਬਿਤ ਕਰ ਚੁੱਕਾ ਹੈ ਕਿ ਮਨੁੱਖ ਸਮੇਤ ਸੰਸਾਰ ਦੀ ਹਰੇਕ ਜੀਵ ਸ਼੍ਰੇਣੀ, ਦੂਜੀਆਂ ਜੀਵ-ਸ਼੍ਰੇਣੀਆਂ `ਤੇ ਆਸ਼੍ਰਿਤ ਹੈ। ਇਸਦਾ ਅਰਥ ਹੈ ਕਿ ਕਾਦਿਰ ਨੇ ਰੋਜ਼ੀ ਅਥਵਾ ਭੋਜਨਾਂ ਦੀ ਗਿਣਤੀ `ਚ ਮਾਸਾਹਾਰੀ-ਸ਼ਾਕਾਹਾਰੀ ਵਾਲਾ ਕੋਈ ਰੇੜਕਾ ਨਹੀਂ ਪਾਇਆ। ਜੇਕਰ ਇਹ ਰੇੜਕਾ ਹੈ ਤਾਂ ਮਨੁੱਖ ਦਾ ਆਪਣਾ ਪੈਦਾ ਕੀਤਾ ਹੋਇਆ ਹੈ। ਉਹ ਵੀ ਸੰਸਾਰ ਭਰ ਦੀ ਕੇਵਲ ਇੱਕ ਪ੍ਰਤੀਸ਼ਤ ਆਬਾਦੀ ਵਲੋਂ ਜਦਕਿ ਬਾਕੀ 99% ਆਬਾਦੀ ਵਲੋਂ ਵੀ ਇਹ ਝਗੜਾ ਨਿਰਮੂਲ ਹੈ। ਖੂਬੀ ਇਹ ਕਿ ਇਸ ਮਾਸਾਹਾਰੀ-ਸ਼ਾਕਾਹਾਰੀ ਵਾਲੇ ਰੇੜਕੇ ਨੂੰ ਪੈਦਾ ਕਰਣ ਵਾਲੇ ਆਪ ਵੀ ਸਿੱਧੇ ਅਸਿਧੇ ਮਾਸ ਦਾ ਹੀ ਭੋਜਨ ਕਰਦੇ ਹਨ ਅਤੇ ਵੱਖ ਨਹੀਂ ਹਨ। ਮੂਲ਼ ਰੂਪ `ਚ ਇਹ ਝਗੜਾ ਜਿਸ ਬ੍ਰਾਹਮਣ ਵਲੋਂ ਪੈਦਾ ਕੀਤਾ ਗਿਆ ਉਸੇ ਨੂੰ ਸੰਬੋਧਨ ਕਰਕੇ ਗੁਰਦੇਵ ਫ਼ੁਰਮਾਉਂਦੇ ਹਨ “ਪਾਂਡੇ ਤੂ ਜਾਣੈ ਹੀ ਨਾਹੀ, ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ” (ਪੰ: 1289) ਭਾਵ ਐ ਪੰਡਿਤ! ਤੈਨੂੰ ਸਮਝ ਹੀ ਨਹੀਂ, ਜਿਸਨੂੰ ਤੂੰ ਮਾਸ ਕਹਿੰਦਾ ਹੈਂ, ਆਖਿਰ ਉਸਦੀ ਉਤਪਤੀ ਕਿਥੋਂ ਹੈ। ਸਚਾਈ ਇਹ ਹੈ ਕਿ ਜਿਸ ਪਾਣੀ ਤੋਂ ਕਮਾਦ, ਕਪਾਹ, ਗੰਨਾਂ ਆਦਿ ਫ਼ਸਲਾਂ ਹੁੰਦੀਆਂ ਹਨ ਉਸੇ ਪਾਣੀ ਤੋਂ, ਜਿਸਨੂੰ ਤੂੰ ਮਾਸ ਕਹਿੰਦਾ ਹੈਂ, ਉਸਦੀ ਵੀ ਪੈਦਾਇਸ਼ ਹੈ। ਇਸ ਲਈ “ਕਉਣੁ ਮਾਸੁ, ਕਉਣੁ ਸਾਗੁ ਕਹਾਵੈ, ਕਿਸੁ ਮਹਿ ਪਾਪ ਸਮਾਣੇ” (ਪੰ: 1289) ਭਾਵ ਮਾਸ ਕਹੋ ਜਾਂ ਸਾਗ, ਇਹ ਨਾਮ ਤਾਂ ਮਨੁੱਖ ਨੇ ਦਿੱਤੇ ਹਨ, ਦੋਨਾਂ ਦੀ ਉਪਜ ਪਾਣੀ ਤੋਂ ਹੀ ਹੈ ਤੇ ਇਸ `ਚ ਪਾਪ-ਪੁੰਨ ਵਾਲਾ ਕੋਈ ਰੇੜਕਾ ਹੈ ਹੀ ਨਹੀਂ।

“ਮਾਸੁ ਮਾਸੁ ਕਰਿ ਮੂਰਖੁ ਝਗੜੇ, ਗਿਆਨੁ ਧਿਆਨੁ ਨਹੀ ਜਾਣੈ” (ਪੰ: 1289) ਅਨੁਸਾਰ ਮਾਸ ਵਾਲਾ ਝਗੜਾ ਨਿਰਮੂਲ ਹੈ ਜੋ ਅਜ ਪੰਥ ਅੰਦਰ ਵੀ ਭਰਾ-ਮਾਰੂ ਤੇ ਖਿੱਚਾਤਾਣੀ ਦਾ ਕਾਰਣ ਬਣਿਆ ਹੋਇਆ ਹੈ। ਆਓ! ਸਿਦਕਦਿਲੀ ਨਾਲ ਵਿਚਾਰੀਏ, ਪਤਾ ਲਗ ਜਾਵੇਗਾ ਕਿ ਇਹ ਕੇਵਲ ਮਨ ਦਾ ਭਰਮ ਹੀ ਹੈ ਜੋ ਅਸਾਂ ਆਪਣੇ ਘਰ `ਚ ਵੀ ਪਾਲ ਲਿਆ ਹੈ। ਨਹੀਂ ਤਾਂ ਸੰਸਾਰ `ਚ ਇੱਕ ਵੀ ਅਜੇਹਾ ਮਨੁੱਖ ਨਹੀਂ ਜੋ ਦਾਅਵਾ ਕਰ ਸਕੇ ਕਿ ਉਹ ਮਾਸ ਨਹੀਂ ਖਾਂਦਾ। ਤਾਂ ਤੇ ਆਓੁ! ਲੜੀਵਾਰ ਇਸ ਰੱਬੀ ਸਚਾਈ ਨੂੰ ਘੋਖੀਏ।

1. ਸਬਜ਼ੀਆਂ ਫ਼ਲ ਆਦਿ ਤੇ ਕੀੜੇ ਮਾਰ ਦਵਾਈਆਂ- ਸਬਜ਼ੀਆਂ, ਅੰਨ, ਫਲ ਆਦਿ ਸਾਰੇ ਹੀ ਛਕਦੇ ਹਨ। ਇਹ ਵਸਤਾਂ ਕਦੇ ਵੀ ਸਾਡੇ ਤੀਕ ਨਾ ਪੱਜਣ ਜੇਕਰ ਪਹਿਲਾਂ ਇੰਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਰੋੜਾਂ-ਅਰਬਾਂ ਰੁਪਏ ਦੀਆਂ ਇਨ੍ਹਾਂ `ਤੇ ਕੀੜੇ ਮਾਰ ਦਵਾਈਆਂ ਨਾ ਛਿੜਕੀਆਂ ਜਾਣ। ਆਪਣੀ ਲੋੜ ਲਈ ਅਸੀਂ ਪਹਿਲਾਂ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੱਖਾਂ ਕੀੜੇ ਮਾਰਦੇ ਹਾਂ ਤਾਂ ਇਹ ਸਬਜ਼ੀਆਂ ਸਾਡੇ ਤੀਕ ਪੁੱਜਦੀਆਂ ਹਨ। ਜਦਕਿ ਇਹ ਸਾਰੀਆਂ ਵਸਤਾਂ ਮਾਸ ਵਿਰੋਧੀ ਸੱਜਣ ਵੀ ਬਰਾਬਰ ਛਕਦੇ ਹਨ, ਜਿਸ ਤਰ੍ਹਾਂ ਦੂਜੇ।

2. ਅਨੇਕਾਂ ਕੀੜੇ, ਲੁੜ੍ਹੀਆਂ ਜੋ ਫ਼ਲ-ਸਬਜ਼ੀਆਂ ਕੱਟਣ ਸਮੇਂ ਅਮਰੂਦ, ਗੋਭੀ ਆਦਿ `ਚੋਂ ਨਿਕਲਦੀਆਂ ਹਨ। ਦਰਅਸਲ ਇਹ ਸਬਜ਼ੀਆਂ-ਫਲ ਆਦਿ ਹੀ ਇਨ੍ਹਾਂ ਜੀਵਾਂ ਦਾ ਜੀਵਨ ਵੀ ਹੁੰਦੇ ਹਨ। ਇਹ ਜੀਵ ਸਾਡੇ ਸਾਹਮਣੇ ਤੜਫ਼-ਤੜਢ ਕੇ ਮਰ ਜਾਂਦੇ ਹਨ, ਉਸ ਸਮੇਂ ਮਾਸ ਵਿਰੋਧੀ ਵੀ ਇਸ ਜੀਵ ਹੱਤਿਆ ਲਈ ਬਰਾਬਰ ਦੇ ਭਾਗੀ ਹੁੰਦੇ ਹਨ। ਪਰ ਕਦੇ ਕੋਈ ਵੀ ਸੱਜਨ ਇੰਨ੍ਹਾਂ ਨੂੰ ਵਾਪਿਸ ਖੇਤਾਂ `ਚ ਛੱਡਣ ਨਹੀਂ ਜਾਂਦਾ, ਕੀ ਉਸ ਤਰੀਕੇ ਇਹ ਜੀਅ ਹਤਿਆ ਨਹੀਂ?

3. ਪਾਣੀ ਤੋਂ ਬਿਨਾ ਆਮਰਣ-ਵਰਤ `ਤੇ ਬੈਠਾ ਵੀ ਨਹੀਂ ਰਹਿ ਸਕਦਾ। ਜੇਕਰ ਇੱਕ ਗਿਲਾਸ ਪਾਣੀ ਲੈਣ ਤੋਂ ਪਹਿਲਾਂ, ਖ਼ੁਰਦਬੀਨ ਲੈ ਕੇ ਉਸ `ਚ ਝਾਤੀ ਮਾਰ ਲਈ ਜਾਵੇ ਤਾਂ ਉਥੇ ਕਰੋੜਾਂ ਹੀ ਜੀਵ ਕੁਰਬੁਲ ਕਰਦੇ ਨਜ਼ਰ ਆਉਣਗੇ। ਸੂਤਕਾਂ ਦੇ ਬ੍ਰਾਹਮਣੀ ਭਰਮ ਨੂੰ ਤੋੜਣ ਸਮੇਂ ਗੁਰਦੇਵ ਨੇ ਇੰਨ੍ਹਾਂ ਜੀਵਾਂ ਦੀ ਬਰਾਬਰੀ ਵੀ ਮਨੁੱਖ ਦੇ ਜਨਮ-ਮਰਣ ਨਾਲ ਕੀਤੀ ਹੈ। ਅਸਲ `ਚ ਪਾਣੀ ਅੰਦਰਲੇ ਇਹੀ ਜੀਵ ਸਾਡੀ ਪਿਆਸ ਬੁਝਾਉਣ ਦਾ ਵੀ ਕਾਰਣ ਹੁੰਦੇ ਹਨ। ਇੰਨ੍ਹਾਂ ਜੀਵਾਂ ਦੀ ਨਸਲ ਤੇ ਗੁਣਵਤਾ (Quality) ਕਾਰਣ ਹੀ ਪਾਣੀ ਫੋਕਾ ਹੁੰਦਾ ਹੈ ਜਾਂ ਤਸੱਲੀ ਬਖਸ਼। ਪਾਣੀ `ਚ ਇੰਨ੍ਹਾਂ ਜੀਵਾਂ ਦੀ ਹੋਂਦ ਤੇ ਹਰ ਸਮੇਂ ਜਨਮ-ਮਰਣ ਹੀ ਸਾਰੇ ਸੰਸਾਰ ਦੀ ਹਰਿਆਵਲ ਤੇ ਸਾਡੀ ਜ਼ਿੰਦਗੀ ਦਾ ਆਧਾਰ ਵੀ ਹਨ। ਜਦਕਿ ਪਾਣੀ ਤਾਂ ਮਾਸ ਵਿਰੋਧੀ ਵੀ ਜ਼ਰੂਰ ਛਕਦੇ ਹਨ।

4. ਵਿਆਹ-ਸ਼ਾਦੀਆਂ ਅਨੰਦ-ਕਾਰਜਾਂ ਸਮੇਂ ਸਾਰੇ ਭਾਰਤ, ਖਾਸਕਰ ਪੰਜਾਬ `ਚ ਅਜ ਵੀ ਬੀਬੀਆਂ ਲਈ ਰੇਸ਼ਮੀ ਕੱਪੜੇ ਸਗਨਾਂ-ਰੀਤਾਂ ਵੱਜੋਂ ਜ਼ਰੂਰੀ ਹਨ। ਬਲਕਿ ਜਦੋਂ ਮਾਸ ਵਾਲੇ ਇਸ ਝਗੜੇ ਨੇ ਪੰਥ ਅੰਦਰ ਪ੍ਰਵੇਸ਼ ਕੀਤਾ, ਉਦੋਂ ਤਾਂ 100% ਰੇਸ਼ਮੀ ਕਪੜੇ ਹੀ ਵਰਤੇ ਜਾਂਦੇ ਸਨ। ਅਜ ਵੀ ਸ਼ਾਇਦ ਹੀ ਕੋਈ ਮਾਸ ਵਿਰੋਧੀ ਸੱਜਨ ਮਿਲੇ ਜਿਸਦੇ ਗ੍ਰਹਿ ਵਿਖੇ ਰੇਸ਼ਮੀ ਕਪੜੇ ਨਾ ਹੋਣ। ਜ਼ਰਾ ਵਿਚਾਰੋ! ਆਖਿਰ ਇਹ ਰੇਸ਼ਮੀ ਕਪੜੇ ਬਣਦੇ ਕਿਵੇਂ ਹਨ? ਪਹਿਲਾਂ ਜੀਊਂਦੇ ਲੱਖਾਂ ਰੇਸ਼ਮ ਦੇ ਕੀੜਿਆਂ ਨੂੰ ਬਾਇਲਰਾਂ `ਚ ਪਾ ਕੇ, ਉਨ੍ਹਾਂ ਦਾ ਸਾਹ ਘੁੱਟਿਆ-ਤੜਫਾਇਆ ਤੇ ਮਾਰਿਆ ਜਾਂਦਾ ਹੈ ਤਾਂ ਇਹ ਕਪੜੇ ਸਾਡੇ ਤੀਕ ਪੁੱਜਦੇ ਹਨ। ਤਾਂ ਦੱਸੋ! ਮਾਸ ਵਿਰੋਧੀ ਸੱਜਨ, ਇਸਨੂੰ ਕਿਸ ਜੀਅ-ਦਇਆ ਦਾ ਨਾਮ ਦੇਣਗੇ? ਰੇਸ਼ਮੀ ਕਪੜੇ ਤਾਂ ਉਹ ਵੀ ਵਰਤਦੇ ਹਨ।

5. ਜਿਹੜੇ ਵਾਇਰਸ, ਇਨਫਲੰਜ਼ਾਂ (In-flu-enza) ਆਦਿ ਬੁਖਾਰ ਫੈਲਦੇ ਹਨ ਉਨ੍ਹਾਂ ਦਾ ਕਾਰਣ ਅਰਬਾਂ-ਖਰਬਾਂ ਉਹ ਕਿਟਾਣੂ (ਜੀਵ) ਹੁੰਦੇ ਹਨ ਜੋ ਸਾਡੇ ਮਨੁੱਖਾ ਸਰੀਰ ਲਈ ਹਾਨੀਕਾਰਕ ਹੁੰਦੇ ਹਨ। ਉਪ੍ਰੰਤ ਦਵਾਈਆਂ ਦੇ ਜ਼ੋਰ ਉਹ ਜੀਵ ਮਾਰੇ ਜਾਂਦੇ ਹਨ, ਜਿਸ ਤੋਂ ਸਾਡਾ ਬੁਖਾਰ ਤੋਂ ਖਹਿੜਾ ਛੁਟਦਾ ਹੈ। ਇਸਦੇ ਬਾਵਜੂਦ, ਇੱਕ ਵੀ ਮਾਸ ਵਿਰੋਧੀ ਸੱਜਨ ਨਹੀਂ ਮਿਲੇਗਾ ਜੋ ਇਹ ਕਹੇ ਕਿ ਇਸ ਨਾਲ ਜੀਵ ਹੱਤਿਆ ਹੁੰਦੀ ਹੈ ਤੇ ਮੈਂ ਇਲਾਜ ਨਹੀਂ ਕਰਵਾਵਾਂਗਾ। ਸਿੱਧਾ ਭੋਜਨ ਨਾ ਸਹੀ, ਕੀ ਅਸਿਧੇ ਆਪਣੀ ਰੱਖਿਆ ਲਈ ਇਹ ਜੀਵ ਹੱਤਿਆ ਕਰਨਾ ਨਹੀਂ ਹੈ?

6. ਜ਼ਖਮ ਵਿਗੜ ਕੇ ਸੈਪਟਿਕ ਹੋ ਜਾਣ ਦਾ ਡਰ ਹੁੰਦਾ ਹੈ। ਕਈ ਵਾਰੀ ਸਮੇਂ ਸਿਰ ਸੰਭਾਲ ਨਾ ਹੋਣ ਕਾਰਣ- ਲੱਤ, ਬਾਂਹ, ਹੱਥ ਤੀਕ ਵੀ ਕਟਵਾਉਣਾ ਪੈ ਜਾਂਦਾ ਹੈ। ਕਈ ਵਾਰੀ ਇਸੇ ਸੈਪਟਿਕ ਭਾਵ ਪਾਂ ਕਾਰਣ ਕੀੜੇ ਇੰਨੇਂ ਵੱਡੇ ਹੋ ਜਾਂਦੇ ਹਨ ਕਿ ਜ਼ਖਮਾਂ `ਤੇ ਚਲਦੇ ਨਜ਼ਰ ਆਉਂਦੇ ਹਨ। ਉਸ ਸਮੇਂ ਡਾਕਟਰ, ਸਾਡੇ ਸਾਹਮਣੇ ਉਨ੍ਹਾਂ ਕੀੜਿਆਂ ਨੂੰ ਕੱਢ ਕੇ ਸੁੱਟਦੇ ਜਾਂ ਉਨ੍ਹਾਂ ਉਪਰ ਐਂਟੀਸੈਪਟਿਕ ਪਾ ਕੇ ਸਾੜ ਦੇਂਦੇ ਹਨ। ਆਪਣੇ ਬਚਾਅ ਜਾਂ ਮਤਲਬ ਲਈ ਉਸ ਸਮੇਂ ਕੋਈ ਮਾਸ ਵਿਰੋਧੀ ਸੱਜਨ ਵੀ ਇਸ ਦਾ ਵਿਰੋਧ ਨਹੀਂ ਕਰਦਾ, ਕਿਉਂ?

7. ਹੋਰ ਤਾਂ ਹੋਰ, ਮਨੁੱਖ ਦਾ ਬਹੁਤ ਵਾਰੀ ਪੇਟ ਖਰਾਬ ਹੁੰਦਾ ਹੈ। ਇਸ ਨੂੰ ‘ਫੂਡ ਪਾਇਜ਼ਨ’ ਦਾ ਨਾਮ ਦੇ ਦੇਵੋ ਜਾਂ ਕੋਈ ਹੋਰ। ਇਹ ਹੈ ਕੀ? ਇਹ ਹੈ, ਜਦੋਂ ਕਿਸੇ ਪਦਾਰਥ ਕਾਰਣ ਸਾਡੇ ਅੰਦਰ ਲੱਖਾਂ ਦੀ ਗਿਣਤੀ `ਚ ਵਿਰੋਧੀ ਬੈਕਟੀਰੀਆ (ਜੀਵ) ਪੈਦਾ ਹੋ ਜਾਂਦਾ ਹੈ। ਦਵਾਈਆਂ ਦੇ ਜ਼ੋਰ ਅਸੀਂ ਵਿਰੋਧੀ ਬੈਕਟੀਰੀਆ ਦੀ ਹੱਤਿਆ ਕਰਦੇ ਹਾਂ ਤੇ ਆਪਣੀ ਲੋੜ ਵਾਲਾ ਸੱਜਨ ਬੈਕਟੀਰੀਆ ਪੈਦਾ ਕਰਦੇ ਹਾਂ। ਜੇ ਨਹੀਂ ਕਰਦੇ ਤਾਂ ਇਹ ਪੇਟ ਦੀ ਖਰਾਬੀ, ਸਾਡੀ ਮੌਤ ਦਾ ਸਬੱਬ ਵੀ ਬਣ ਸਕਦੀ ਹੈ। ਅਜੇਹੀ ਅਵਸਥਾ `ਚ ਇੱਕ ਵੀ ਮਾਸ ਵਿਰੋਧੀ ਨਹੀਂ ਮਿਲੇਗਾ, ਜੋ ਇਸ ਜੀਵ ਹੱਤਿਆ ਲਈ ਸਾਥ ਨਾ ਦੇਵੇ ਅਤੇ ਆਪਣਾ ਜਾਂ ਹਿਤੈਸ਼ੀਆਂ ਦਾ ਇਲਾਜ ਨਾ ਕਰੇ।

8. ਫ਼ਸਲਾਂ `ਤੇ ਟਿੱਡੀ ਦਲਾਂ ਦੇ ਭਾਰੀ ਹਮਲੇ ਹੁੰਦੇ ਰਹਿੰਦੇ ਹਨ। ਭਾਰਤ `ਚ ਇੱਕ ਅਜੇਹਾ ਹਮਲਾ ਸੰਨ 1951 `ਚ ਹੋਇਆ। ਹਮਲਾ ਇੰਨਾਂ ਭਿਅੰਕਰ ਸੀ ਕਿ ਯੂ: ਪੀ, ਰਾਜਸਥਾਨ, ਪੰਜਾਬ `ਚ ਵੀ ਦੂਰ ਦੂਰ ਤੀਕ ਨੁਕਸਾਨ ਹੋਇਆ। ਅਜੇਹੇ ਸਮੇਂ ਜਦੋਂ ਦੇਸ਼ `ਚ ਮਿੱਟੀ ਦੇ ਤੇਲ ਦੀ ਬੜੀ ਘਾਟ ਸੀ, ਕਾਬੂ ਕੀਤੀਆਂ ਜੀਉਂਦੀਆਂ ਟਿੱਡੀਆਂ ਨੂੰ ਬੋਰੀਆਂ `ਚ ਭਰ ਭਰ ਕੇ, ਉਨ੍ਹਾਂ `ਤੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਕਿਸਾਨਾਂ `ਚ, ਮਾਸ ਵਿਰੋਧੀ ਕਿਸਾਨ ਵੀ ਸਨ, ਜਿੰਨ੍ਹਾਂ ਨੇ ਆਪਣੀ ਖੇਤੀ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਾਉਣ ਲਈ ਇਹ ਸਭ ਕੀਤਾ। ਬਲਕਿ ਬਾਹਰੋਂ ਵੀ ਕਿਸੇ ਮਾਸ ਵਿਰੋਧੀ ਵੱਲੋਂ ਆਵਾਜ਼ ਨਹੀਂ ਸੀ ਕਿ ਇਹ ਜ਼ੁਲਮ ਕਿਉਂ? ਇੰਨਾਂ ਹੀ ਨਹੀਂ, ਟਿੱਡੀ ਦਲ ਦੇ ਹਮਲੇ ਤੋਂ ਬਚਾਈ ਹੋਈ ਫ਼ਸਲ ਹਰੇਕ ਮਾਸ ਵਿਰੋਧੀ ਪ੍ਰਵਾਰ ਨੇ ਵੀ ਵਰਤੀ ਕੀ ਇਹ ਆਪਣੀਆ ਲੋੜਾਂ ਲਈ ਜੀਵ ਹੱਤਿਆ ਜਾਂ ਅਸਿੱਧੇ ਮਾਸ ਖਾਣਾ ਨਹੀਂ ਤਾਂ ਹੋਰ ਕੀ ਹੈ? ਟਿੱਡੀ ਦਲਾਂ ਤੋਂ ਬਚਾਉਣ ਲਈ ਛੋਟੇ ਹਮਲੇ ਤਾਂ ਕਿਸਾਨ ਨਿੱਤ ਹੀ ਪਛਾੜਦੇ ਰਹਿੰਦੇ ਹਨ।

9. ਅਨੇਕਾਂ ਵਾਰੀ ਚੂਹਿਆਂ ਤੋਂ ਪਲੇਗ ਅਤੇ ਕੁੱਤਿਆਂ ਤੋਂ ਕਈ ਛੂਤ ਦੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ। ਲੋਕਾਂ ਨੂੰ ਉਨ੍ਹਾਂ ਤੋਂ ਬਚਾਉਣ ਲਈ ਸਰਕਾਰੀ ਪੱਧਰ `ਤੇ ਵੱਡੇ-ਵੱਡੇ ਪ੍ਰਬੰਧ ਕੀਤੇ ਜਾਂਦੇ ਹਨ। ਵੱਡੀ ਗਿਣਤੀ `ਚ ਕੁੱਤੇ-ਚੂਹੇ ਸਾੜੇ ਤੇ ਮਾਰੇ ਜਾਂਦੇ ਹਨ। ਅਜ ਤੀਕ ਕਿਸੇ ਮਾਸ ਵਿਰੋਧੀ ਨੇ ਵੀ ਅਜੇਹੇ ਸਮੇਂ ਇਸਦਾ ਵਿਰੋਧ ਨਹੀਂ ਕੀਤਾ ਤਾਂ ਕਿਉਂ? ਕੀ ਮਾਸ ਵਿਰੋਧੀ ਸੱਜਨਾਂ ਅਨੁਸਾਰ ਆਪਣੀ ਹਿਫ਼ਾਜ਼ਤ ਲਈ ਇਹ ਜੀਵ ਹੱਤਿਆ ਜਾਂ ਅਸਿਧੇ ਮਾਸ ਛਕਣਾ ਨਹੀਂ?

10. ਭਾਦੋਂ ਮਹੀਨੇ `ਚ ਖਾਸ ਕਰ, ਅਨੇਕਾਂ ਵਾਰੀ ਕਣਕ, ਚਾਵਲ ਆਦਿ ਨੂੰ ਘੁਣ, ਸੁਸਰੀ, ਖਪਰਾ, ਢੋਰਾ ਆਦਿ ਲਗ ਜਾਂਦਾ ਹੈ। ਉਸ ਸਮੇਂ ਇਹ ਵਸਤਾਂ ਕੜਕਦੀ ਧੁੱਪ `ਚ ਰੱਖ ਕੇ ਕਰੋੜਾਂ ਜੀਵਾਂ ਨੂੰ ਤੜਫਾ-ਤੜਫਾ ਕੇ ਮਾਰਿਆ ਜਾਂਦਾ ਹੈ। ਇਹ ਕਾਰੇ ਮਾਸ ਵਿਰੋਧੀ ਪ੍ਰਵਾਰਾਂ `ਚ ਵੀ ਹੁੰਦੇ ਹਨ, ਕੇਵਲ ਇਸ ਲਈ ਕਿ ਸਾਡੀ ਵਸਤ ਬਚ ਜਾਵੇ ਤੇ ਉਹ ਜੀਵ ਭਾਵੇਂ ਤੜਫਦੇ ਮਰਣ। ਤਾਂ ਕੀ ਆਪਣੀ ਲੋੜ ਲਈ ਇਹ ਜੀਵ ਹੱਤਿਆ ਨਹੀਂ ਤਾਂ ਇਸਨੂੰ ਕੀ ਕਹੋਗੇ?

11. ਹਰੇਕ ਮਾਸ ਵਿਰੋਧੀ ਸੱਜਨ, ਦਹੀਂ, ਦਹੀਂ-ਪਨੀਰ ਤੋਂ ਬਣੇ ਅਨੇਕਾਂ ਪਦਾਰਥ, ਮਠਿਆਈਆਂ ਵੀ ਦੂਜਿਆਂ ਵਾਂਙ ਹੀ ਵਰਤਦਾ ਹੈ। ਇਹ ਸਾਰੀ ਖੇਡ ਵੀ ਜੀਵਾਂ (ਬੈਕਟੀਰੀਆ) ਦੇ ਜਨਮ-ਮਰਣ ਤੋਂ ਹੀ ਹੈ। ਕੀ ਕੋਈ ਮਾਸ ਵਿਰੋਧੀ ਸੱਜਨ ਦਾਅਵਾ ਕਰ ਸਕਦਾ ਹੈ ਕਿ ਉਹ ਆਪਣੀ ਲੋੜ ਜਾਂ ਲੋੜਾਂ ਲਈ ਇਸ ਜੀਵ ਹੱਤਿਆ ਦਾ ਜ਼ਿੰਮੇਂਵਾਰ ਨਹੀਂ?

12. ਪਿੰਡਾਂ `ਚ ਤਾਂ ਆਮ, ਜੇ ਕਿਧਰੋਂ ਹਲਕਾ ਕੁੱਤਾ ਆ ਟਪਕੇ, ਘਰ `ਚ ਸੱਪ, ਬਿਛੂ (ਠੂਆਂ), ਕਣਖਜੂਰਾ ਜਾਂ ਕੋਈ ਜ਼ਹਰੀਲਾ ਜੀਵ, ਜਿਸ ਤੋਂ ਪ੍ਰਵਾਰ ਨੂੰ ਖਤਰਾ ਹੋਵੇ ਤਾਂ ਕੀ ਪ੍ਰਵਾਰ ਦੀ ਹਿਫ਼ਾਜ਼ਤ ਲਈ ਅਸੀਂ ਉਸ ਨੂੰ ਮਾਰਦੇ ਨਹੀਂ? ਜੇ ਮਾਰਦੇ ਹਾਂ, ਤਾਂ ਕੀ ਆਪਣੇ ਜਾਂ ਪ੍ਰਵਾਰ ਦੀ ਰਾਖੀ ਲਈ ਜੀਵ ਹੱਤਿਆ ਨਹੀੰ? ਜਾਂ ਫ਼ਿਰ ਇਸਦੇ ਉਲਟ ਕੀ ਉਨ੍ਹਾਂ ਕੁੱਤਿਆਂ, ਸੱਪਾਂ, ਬਿਛੂਆਂ ਆਦਿ ਨੂੰ ਆਪਣਾ ਕੰਮ ਕਰਣ ਲਈ ਖੁੱਲ਼੍ਹੀ ਛੁੱਟੀ ਦੇ ਦੇਣੀ ਚਾਹੀਦੀ ਹੈ?

13. ਜਦੋਂ ਕਿਸੇ ਕਾਰਣ ਕੋਈ ਮਨੁੱਖ ਦੂਜੇ ਉਪਰ ਹਮਲਾਵਰ ਹੁੰਦਾ ਹੈ, ਤਾਂ ਇਹ ਕਦੇ ਨਹੀਂ ਹੋਇਆ ਕਿ ਜਿਸ ਉਪਰ ਹਮਲਾ ਹੋਇਆ ਹੈ, ਉਹ ਕੇਵਲ ਇਸ ਲਈ ਆਪਣਾ ਸਿਰ ਅੱਗੇ ਕਰ ਕੇ ਵਿਰੋਧੀ ਵਾਰ ਸਹਿ ਲਵੇ ਤਾਕਿ ਹਮਲਾਵਰ ਦਾ ਮੁਕਾਬਲਾ ਕਰਣ ਤੇ ਹਮਲਾਵਰ ਦਾ ਕਤਲ ਹੋ ਜਾਵੇਗਾ, ਜਿਸ ਤੋਂ ਜੀਵ ਹੱਤਿਆ ਹੋਵੇਗੀ। ਛੋਟੇ-ਮੋਟੇ ਜਾਨਵਰਾਂ-ਪੰਛੀਆਂ ਦੀ ਗੱਲ ਤਾਂ ਪਿੱਛੇ ਰਹਿ ਜਾਂਦੀ ਹੈ, ਅਜੇਹੇ ਸਮੇਂ ਵਿਰੋਧੀ ਮਨੁੱਖ ਜਾਂ ਮਨੁੱਖਾਂ ਦੀ ਹੱਤਿਆ ਇਸ ਲਈ ਕਰ ਦਿੱਤੀ ਜਾਂਦੀ ਹੈ ਕਿਉਂਕਿ ਉਸ ਤੋਂ ਆਪਣੀ, ਆਪਣੇ ਪ੍ਰਵਾਰ ਦੀ ਜਾਨ ਵੱਧ ਪਿਆਰੀ ਤੇ ਕੀਮਤੀ ਹੁੰਦੀ ਹੈ। ਤਾਂ ੳੇੁਥੇ ਇਹ ਜੀਅ ਦਇਆ ਵਾਲਾ ਸਿਧਾਂਤ ਪਿੱਛੇ ਕਿਉਂ ਚਲਾ ਜਾਂਦਾ ਹੈ।

14. ਸੰਨ 1965, 1972 `ਚ ਪਾਕਿਸਤਾਨ ਵੱਲੋਂ ਜਦੋਂ ਭਾਰਤ `ਤੇ ਹਮਲੇ ਹੋਏ, ਉਦੋਂ ਅਜੇ ਟੀ: ਵੀ ਦਾ ਵੀ ਵਿਕਾਸ ਨਹੀਂ ਸੀ ਹੋਇਆ। ਭੀੜਾਂ ਲਾ ਕੇ ਕੰਨ ਰੇਡੀਓ, ਟਰਾਂਜ਼ਿਸਟਰਾਂ `ਤੇ ਲੱਗੇ ਹੁੰਦੇ ਸਨ। ਜੇ ਖਬਰ ਆਉਂਦੀ, ਦੁਸ਼ਮਣ ਦੇ ਇੰਨੇਂ ਫੌਜੀ ਮਾਰੇ ਗਏ ਤਾਂ ਸਾਰੇ ਕਿਲਕਾਰੀਆਂ ਮਾਰਦੇ, ਖੁਸ਼ ਹੁੰਦੇ, ਨਚਦੇ। ਦੂਜੇ ਪਾਸੇ ਜਦੋਂ ਖਬਰ ਆਉਂਦੀ, ਭਾਰਤ ਦੇ ਇੰਨੇ ਮਾਰੇ ਗਏ, ਤਾਂ ਢਿੱਲੇ ਪੈ ਜਾਂਦੇ। ਜਦਕਿ ਅਜੇਹੇ ਇਕੱਠਾਂ `ਚ ਮਾਸ ਵਿਰੋਧੀ ਵੀ ਸ਼ਾਮਲ ਹੁੰਦੇ ਸਨ।

15. ਹਿੰਦ-ਪਾਕ ਜੰਗ ਸਮੇਂ ਵੀ ਕਦੇ ਕਿਸੇ ਨੂੰ ਕਹਿੰਦੇ ਨਹੀਂ ਸੀ ਸੁਣਿਆ ਕਿ ਵੈਰੀ ਦੇ ਮਰਣ ਵਾਲੇ ਵੀ ਮਾਵਾਂ ਦੇ ਲਾਲ, ਸੁਹਾਗਨਾਂ ਦੇ ਪਤੀ, ਕਿਸੇ ਦੇ ਜਿਗਰ ਦੇ ਟੋਟੇ, ਬੱਚਿਆਂ ਦੇ ਪਿਤਾ ਸਨ, ਇਸ ਲਈ ੳੇੁਨ੍ਹਾਂ ਨੂੰ ਕਿਉਂ ਮਾਰ ਮੁਕਾਇਆ। ਕੇਵਲ ਇਸ ਲਈ ਕਿ ਉਨ੍ਹਾਂ ਨੂੰ ਨਾ ਮਾਰਿਆ ਜਾਂਦਾ ਤਾਂ ਉਹ ਸਾਡੇ ਇਲਾਕੇ, ਪ੍ਰਵਾਰਾਂ ਤੇ ਬਹੂ-ਬੇਟੀਆਂ `ਤੇ ਹਾਵੀ ਹੋ ਜਾਂਦੇ।

16. ਹਰੇਕ ਘਰ `ਚ ਕਾਕਰੋਚ, ਮੱਛਰ, ਕੀੜੀਆ ਦੇ ਝੁੰਡ ਨਿਕਲਦੇ ਹਨ। ਅਜੇਹੇ ਸਮੇਂ ਪ੍ਰਵਾਰ ਨੂੰ ਬਿਮਾਰੀਆਂ ਤੋਂ ਬਚਾਉਣ ਤਰ੍ਹਾਂ-ਤਰ੍ਹਾਂ ਦੀਆਂ ਕੀੜੇ ਮਾਰ ਦੁਆਈਆਂ ਪਾਈਆਂ-ਛਿੜਕੀਆਂ ਜਾਂਦੀਆਂ ਹਨ। ਕਈ ਵਾਰੀ ਕਾਕਰੋਚ ਆਦਿ, ਅੱਖਾਂ ਸਾਹਮਣੇ ਤੜਫਦੇ-ਮਰਦੇ ਹਨ। ਅਜੇਹੇ ਸਮੇਂ ਗੁਰਬਾਣੀ ਵਿਚੋਂ ਜੀਅ-ਦਇਆ, ਜੀਅ-ਹੱਤਿਆ ਦੇ ਗੁਰਮਤਿ ਵਿਰੋਧੀ ਅਰਥ ਲੈ ਰਹੇ, ਮਾਸ ਵਿਰੋਧੀ ਸੱਜਨ ਵੀ ਇਸੇ ਦੌੜ `ਚ ਸ਼ਾਮਲ ਹੁੰਦੇ ਹਨ, ਕਿਉਂ?

17. ਅਜ, ਸ਼ਹਿਰਾਂ `ਚ ਦੁੱਧ, ਪਾਲੀਪੈਕਾਂ `ਚ ਆ ਰਿਹਾ ਹੈ ਇਸ ਲਈ ਪਨੀਰੀ ਨੂੰ ਇਸ ਬਾਰੇ ਬਹੁਤਾ ਪਤਾ ਨਹੀਂ। ਸਚਾਈ ਇਹੀ ਹੈ ਜਦੋਂ ਮੱਝਾਂ-ਗਾਵਾਂ ਦਾ ਦੁੱਧ ਚੋਇਆ ਜਾਂਦਾ ਹੈ ਤਾਂ ਪਹਿਲਾਂ ਗਊ-ਮੱਝ ਦਾ ਥਨ, ਉਸਦੇ ਬਛੜੇ ਦੇ ਮੂੰਹ `ਚ ਪਾਇਆ ਜਾਂਦਾ ਹੈ। ਜਿਉਂ ਹੀ ਜਾਨਵਰ ਆਪਣੇ ਬਛੜੇ ਲਈ ਦੁੱਧ ਦੇਣਾ ਸ਼ੁਰੂ ਕਰਦਾ ਹੈ ਤਾਂ ਇਕਦਮ ਬਛੜੇ ਨੂੰ ਭੁੱਖਾ-ਤੜਫ਼ਦਾ ਇੱਕ ਪਾਸੇ ਬੰਨ੍ਹ, ਦੁੱਧ ਚੋ ਕੇ ਆਪਣੇ ਬੱਚਿਆਂ ਨੂੰ ਪਿਲਾਂਦੇ ਜਾਂ ਵੇਚ-ਛਕ ਲੈਂਦੇ ਹਨ। ਅਜੇਹੇ ਸਮੇਂ ਮਾਸ ਵਿਰੋਧੀ ਨੂੰ ਵੀ ਆਪਣੇ ਸਾਹਮਣੇ ਬਛੜੇ ਨੂੰ ਭੁੱਖਾ ਤੜਫਦਾ ਦੇਖ, ਜੀਵ ਜਾਂ ਜੀਅ-ਦਇਆ ਦੀ ਗੱਲ ਨਹੀਂ ਸੁੱਝਦੀ ਤਾਂ ਕਿਉਂ? ਉਂਝ ਵੀ ਦੁੱਧ ਤਾਂ ਤਰਲ ਖੂਨ ਹੀ ਹੁੰਦਾ ਹੈ।

18. ਗਰਮ ਕਪੜਿਆਂ ਦੀ ਵਰਤੋਂ ਪ੍ਰਵਾਰਾਂ ਦੀ ਕੁਦਰਤੀ ਲੋੜ ਹੈ। ਮੌਸਮ ਬਦਲਣ `ਤੇ ਕਪੜਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਇੰਨ੍ਹਾਂ `ਚ ਫ਼ਰਨੈਲ ਦੀਆਂ ਗੋਲੀਆਂ ਪਾਂਦੇ ਹਨ। ਕਈ ਵਾਰੀ ਗੋਲੀਆਂ ਪਾਉਣੀਆਂ ਭੁੱਲ ਜਾਂਦੇ ਹਾਂ ਤੇ ਕਪੜਿਆਂ ਨੂੰ ਕੀੜਾ ਲਗ ਜਾਂਦਾ ਹੈ। ਅਜੇਹੀ ਹਾਲਤ `ਚ ਕੀਮਤੀ ਕੱਪੜਿਆਂ ਨੂੰ ਬਚਾਉਣ ਲਈ, ਨੂੰ ਕੜਕਦੀ ਧੁੱਪ `ਚ ਰੱਖ ਦੇਂਦੇ ਹਨ। ਉਸ ਸਮੇਂ ਮਾਸ ਵਿਰੋਧੀਆਂ ਨੂੰ ਵੀ ਇਸ `ਚ ਜੀਵ ਹੱਤਿਆ ਨਜ਼ਰ ਨਹੀਂ ਆਉਂਦੀ। ਕਾਰਣ ਹੁੰਦਾ ਹੈ, ਜੀਵਨ ਦੀ ਖੇਡ `ਚ ਉਸ ਸਮੇਂ ਸਾਡੀ ਸੋਚ ਸਾਡੇ ਅਸਲ ਜੀਵਨ ਦੇ ਨੇੜੇ ਵੱਧ ਹੁੰਦੀ ਹੈ।

19. ਮਾਸ ਵਿਰੋਧੀ ਸੱਜਣ ਵੀ, ਉਨ੍ਹਾਂ ਸੈਂਕੜੇ ਵਸਤਾਂ ਦੀ ਨਿਸ਼ਚਿੰਤ ਵਰਤਦੇ ਹਨ ਜਿੰਨ੍ਹਾਂ ਦੀ ਬਨਾਵਟ ਹੀ ਉਨ੍ਹਾਂ ਜੀਵਾਂ ਦੇ ਸਰੀਰਾਂ ਤੋਂ ਹੁੰਦੀ ਹੈ, ਜਿੰਨ੍ਹਾਂ ਤੋਂ ‘ਮਾਸ ਦਾ ਭੋਜਨ’ ਤਿਆਰ ਹੁੰਦਾ ਹੈ। ਸੋਚਣ ਦੀ ਗੱਲ ਹੈ, ਜੇਕਰ ਅਕਾਲ ਪੁਰਖ ਦੀ ਰਚਨਾ `ਚ ਜੀਵ ਵਿਗਿਆਨ (Biology) ਵਾਲਾ ਕੁਦਰਤੀ ਨਿਯਮ ਨਾ ਹੋਵੇ ਤਾਂ ਉਨ੍ਹਾਂ ਸੈਂਕੜੇ ਵਸਤਾਂ ਤੋਂ ਤਾਂ ਰਾਤੋ ਰਾਤ ਵਾਂਝੇ ਹੋ ਜਾਈਏ। ਮਿਸਾਲ ਵੱਜੋਂ ਗੁਰਦੁਆਰਿਆਂ `ਚ ਜੋੜੀਆਂ, ਢੋਲਕੀਆਂ, ਨਗਾਰੇ ਦੇ ਪੁੜ ਇੰਨ੍ਹਾਂ ਜਾਨਵਰਾਂ ਦੀ ਖੱਲੜੀ ਤੋਂ ਹੀ ਬਣਦੇ ਹਨ। ਇਸੇ ਤਰ੍ਹਾਂ ਤੰਤੀ ਸਾਜ਼ ਜਿਵੇਂ ਰਬਾਬ, ਮ੍ਰਿਦੰਗ ਆਦਿ, ਜਿੰਨ੍ਹਾਂ ਲਈੇ ਤੰਦੀ ਵੀ ਉਨ੍ਹਾਂ ਜਾਨਵਰਾਂ ਦੇ ਸਰੀਰ ਤੋਂ ਹੀ ਬਣਦੀ ਹੈ, ਕਿਤੋਂ ਹੋਰੋਂ ਨਹੀਂ।

20. ਹੋਰ ਲਵੋ! ਅਨੇਕਾਂ ਬੈਗ, ਬਰੀਫ਼ਕੇਸ, ਅਟੈਚੀਆਂ ਆਦਿ ਹੀ ਨਹੀਂ ਬਲਕਿ ਭਾਰੀ ਸਰਦੀ ਤੋਂ ਸਰੀਰ ਨੂੰ ਬਚਾਉਣ ਲਈ ਚਮੜੇ ਦੇ ਦਸਤਾਨੇ, ਕੋਟੀਆਂ ਇਥੋਂ ਤੀਕ ਕਿ ਉਂਨ ਦੇ ਸਵੈਟਰ, ਜੁਰਾਬਾਂ, ਪੁਲ-ਉਵਰ, ਸ਼ਾਲ, ਦੁਸ਼ਾਲੇ ਆਦਿ; ਸਭ ਭੇਡਾਂ ਤੇ ਦੂਜੇ ਜਾਨਵਰਾਂ ਤੋਂ ਹੀ ਬਣਦੇ ਹਨ। ਹੁਣ ਮਾਸ ਵਿਰੋਧੀ ਸੱਜਨ ਵਿਚਾਰਣ ਕਿ ਕੀ ਇਹ ਉਸੇ ਮਾਸ ਛਕਣ ਦਾ ਨਤੀਜਾ ਤਾਂ ਨਹੀਂ ਜਿਸ ਨੂੰ ਉਹ ਗੁਰਮਤਿ ਵਿਰੁਧ ਸੋਚਦੇ ਅਤੇ ਜੀਅ-ਹੱਤਿਆ ਮੰਨ ਰਹੇ ਹੁੰਦੇ ਹਨ।

ਸਾਬਤ ਹੋਇਆ ਕਿ ਸੁਆਲ ਕੇਵਲ ਮੂੰਹ ਰਾਹੀਂ ਮਾਸ ਦੇ ਭੋਜਨ ਦਾ ਨਹੀਂ। ਮੂੰਹ ਰਾਹੀਂ ਭੋਜਨ ਛਕਣਾ ਤਾਂ ਮਾਸ ਭੋਜਨ ਦਾ ਕੇਵਲ ਇੱਕ ਢੰਗ ਹੈ। ਬਲਕਿ ਆਪਣੇ ਉਸੇ ਸਰੀਰ ਦੀ ਸੰਭਾਲ, ਬਚਾਅ ਤੇ ਜ਼ਰੂਰਤਾਂ ਲਈ ਅਸੀਂ ਹੋਰ ਕਈ ਢੰਗਾਂ ਨਾਲ ਬੇਅੰਤ ਜੀਵਾਂ ਦੀ ਹੱਤਿਆ ਲਈ ਬਰਾਬਰ ਦੇ ਜ਼ਿੰਮੇਂਵਾਰ ਹੁੰਦੇ ਹਾਂ। ਉਹ ਵੀ ਉਦੋਂ, ਜਦੋਂ ‘ਜੀਅ ਦਇਆ’ ਜਾਂ ‘ਜੀਅ ਹੱਤਿਆ ਦਾ ਅਰਥ ਅਸੀਂ ਗੁਰਬਾਣੀ ਤੋਂ ਨਹੀਂ ਬਲਕਿ ਅਨਮਤੀਆਂ ਤੋਂ ਲੈਂਦੇ ਹਾਂ। ਨਹੀਂ ਤਾਂ ਸਿੱਧੇ ਭਾਵੇਂ ਅਸਿੱਧੇ ਇਹ ਸਭ ‘ਜੀਅ ਹੱਤਿਆ’ ਹੈ ਹੀ ਨਹੀਂ, ਜਿਸ ਨੂੰ ਕਿ ਅਸੀਂ ਜੀਅ ਹੱਤਿਆ ਦਾ ਨਾਂ ਦੇ ਰਹੇ ਹਾਂ। ਦੂਜੇ ਲਫ਼ਜ਼ਾਂ `ਚ ਇਹ ਸਭ ਤਾਂ ਰੱਬੀ ਨਿਯਮ ਦੇ ਅੰਦਰ ਹੈ। ਤਾਂਤੇ ਮੰਨਣਾ ਪਵੇਗਾ ਕਿ ਕੋਈ ਮਾਸ ਵਿਰੋਧੀ ਸੱਜਣ ਵੀ ਪੂਰਾ ਜ਼ੋਰ ਲਾ ਕੇ ਇਸ ਜੀਅ ਹੱਤਿਆ ਤੋਂ ਨਹੀਂ ਬਚ ਸਕਦਾ ਬਲਕਿ ਪ੍ਰਭੂ ਵਲੋਂ ਹੀ ਹਰੇਕ ਜੀਵ ਸ਼੍ਰੇਣੀ ਦੀ ਜ਼ਿੰਦਗੀ ਦੂਜੀਆਂ ਜੀਵ ਸ਼੍ਰੇਣੀਆ `ਤੇ ਆਸ਼੍ਰਿਤ ਹੈ।

ਜਲ ਤੇ ਤ੍ਰਿਭਵਣੁ ਸਾਜਿਆ- ਗੁਰਬਾਣੀ ਦਾ ਫ਼ੈਸਲਾ ਹੈ ਕਿ ਕਰਤੇ ਨੇ ਸਾਰੀ ਰਚਨਾ ਦਾ ਆਧਾਰ ਪਵਣ ਨੂੰ ਬਨਾਇਆ। ਉਪ੍ਰੰਤ ਇਸੇ ਪਵਣ ਤੋਂ ਪਾਣੀ ਦੀ ਉਤਪਤੀ ਕਰਕੇ, ਰਚਨਾ ਦੀ ਉਤਪਤੀ ਕੀਤੀ ਜਿਵੇਂ “ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ” (ਪੰ: 19)। ਹੋਰ ਤਾਂ ਹੋਰ, ਗੁਰਦੇਵ ਨੇ ਤਾਂ ਇਹ ਰੱਬੀ ਸਚਾਈ ਸਦੀਆਂ ਪਹਿਲਾਂ ਹੀ ਪ੍ਰਗਟ ਕਰ ਦਿੱਤੀ ਸੀ, ਉਪ੍ਰੰਤ ਅੱਜ ਵਿਗਿਆਨੀ ਚਾਹੇ ਚੰਦ੍ਰਮਾਂ `ਤੇ ਪੁੱਜਣ, ਮੰਗਲ ਜਾਂ ਕਿਸੇ ਵੀ ਗ੍ਰਿਹ `ਤੇ, ਸਭਤੋਂ ਪਹਿਲਾਂ ਉਥੇ ਜ਼ਿੰਦਗੀ ਦੀ ਹੋਂਦ ਨੂੰ ਪਰਖਣ ਲਈ, ਪਾਣੀ ਦੀ ਹੀ ਭਾਲ ਕਰਦੇ ਹਨ। ਇਸ ਪਿਛੇ ਧਾਰਣਾ ਇਹੀ ਹੁੰਦੀ ਹੈ, ਜੇਕਰ ਅਮੁਕੇ ਗ੍ਰਿਹ `ਤੇ ਪਾਣੀ ਹੈ ਤਾਂ ਉੱਥੇ ਜ਼ਿੰਦਗੀ ਵੀ ਜ਼ਰੂਰ ਹੋਵੇਗੀ, ਨਹੀਂ ਤਾਂ ਵਾਧੂ ਮੇਹਨਤਾਂ ਦੀ ਕੀ ਲੋੜ। ਖੈਰ! ਇਹ ਗੱਲ ਤਾਂ ਹੈ ਅਜੋਕੇ ਯੁਗ ਦੀ, ਜਦੋਂ ਵਿਗਿਆਨੀਆਂ ਦੀਆਂ ਖੋਜਾਂ ਇਥੇ ਤੀਕ ਪੁੱਜੀਆਂ। ਜਦਕਿ ਸਦੀਆਂ ਪਹਿਲਾਂ ਗੁਰਦੇਵ ਤਾਂ ਇਸਤੋਂ ਵੀ ਬਹੁਤ ਅੱਗੇ ਦਾ ਫ਼ੈਸਲਾ ਦੇ ਦਿੱਤਾ ਕਿ ਕਰਤਾਰ ਨੇ ਕੇਵਲ ਰਚਨਾ ਦੀ ਸਿਰਜਣਾ ਹੀ ਨਹੀਂ ਕੀਤੀ ਬਲਕਿ “ਘਟਿ ਘਟਿ ਜੋਤਿ ਸਮੋਇ” ਅਨੁਸਾਰ ਪ੍ਰਭੂ ਆਪ, ਜ਼ਿੰਦਗੀ ਰੂਪ ਹੋ ਕੇ ਰਚਨਾ ਦੇ ਜ਼ਰੇ-ਜ਼ਰੇ `ਚ ਵਿਆਪਕ ਵੀ ਹੈ।

ਪਹਿਲਾ ਪਾਣੀ ਜੀਉ ਹੈ” -ਜਦੋਂ ਅਜ ਵਿਗਿਆਨੀ ਵੀ ਮੰਨ ਚੁੱਕਾ ਹੈ ਕਿ ਜ਼ਿੰਦਗੀ ਦੀ ਹੋਂਦ ਨੂੰ ਢੂੰਡਣ ਲਈ ਪਾਣੀ ਦੀ ਹੋਂਦ ਜ਼ਰੂਰੀ ਹੈ। ਉਪ੍ਰੰਤ ਇਥੇ ਵੀ ਗੁਰਬਾਣੀ ਹੀ ਅਗਵਾਈ ਕਰਦੀ ਹੈ “ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ” (ਪੰ: 472) ਭਾਵ ਜ਼ਰੇ ਜ਼ਰੇ `ਚ ਪ੍ਰਭੂ ਦਾ ਪ੍ਰਗਟਾਵਾ, ਪ੍ਰਭੂ ਆਪ ਹੀ ਜੀਵਨ ਰੂਪ ਹੋ ਕੇ ਵਿਆਪਕ ਹੈ। ਇਸੇ ਲਈ ਬਾਣੀ `ਚ ਸੈਂਕਤੇ ਵਾਰੀ ਪ੍ਰਭੂ ਨੂੰ, ਜਗਜੀਵਨ ਦਾਤਾ ਵੀ ਕਿਹਾ ਹੈ ਜਿਵੇਂ “ਜਗਜੀਵਨੁ ਦਾਤਾ, ਪੁਰਖੁ ਬਿਧਾਤਾ” (ਪੰ: 1112) ਜਾਂ “ਜਗਜੀਵਨੁ ਦਾਤਾ ਪਾਇਆ” (ਪੰ: 466) ਆਦਿ। ਤਾਂ ਫ਼ਿਰ ਉਹ ਜਗਜੀਵਨ ਦਾ ਪ੍ਰਗਟਾਵਾ ਕੀ ਹੈ? ਉਹ ਹੈ ਰਚਨਾ `ਚ ਜ਼ਿੰਦਗੀ ਦੀ ਹੋਂਦ। ਇਹੀ ਕਾਰਣ ਹੈ ਜਦੋਂ ਸਾਡੇ ਸਰੀਰ `ਚੋਂ ਸਾਡੇ ਪ੍ਰਾਣ ਅੱਡ ਹੋ ਜਾਂਦੇ ਹਨ ਤਾਂ ਸਰੀਰ ਵੀ ਮਿੱਟੀ ਦਾ ਹੀ ਢੇਰ ਹੋ ਜਾਂਦਾ ਹੈ। ਬਾਣੀ `ਚ ਗੁਰਦੇਵ ਇਸਨੂੰ ਬਿਆਨਦੇ ਹਨ “ਹੋਇ ਭਸਮੜਿ, ਭਉਰੁ ਸਿਧਾਇਆ” (ਪੰ: 464) ਭਾਵ ਆਤਮਾ, ਜੀਵਨ ਜੋਤ ਜਾਂ ਪ੍ਰਭੁ ਦਾ ਨੂਰ ਅੱਡ ਹੋਣ ਤੋਂ ਬਾਅਦ ਇਹ ਸਰੀਰ “ਹੋਇ ਭਸਮੜਿ” ਮਿੱਟੀ ਦਾ ਢੇਰ ਹੀ ਹੋ ਕੇ ਰਹਿ ਜਾਂਦਾ ਹੈ।

“ਪਹਿਲੋ ਦੇ ਤੈ؈ ਰਿਜਕੁ ਸਮਾਹਾ” - ਇਹ ਹੈ ਰਿਜ਼ਕ, ਜਿਥੇ ਆ ਕੇ ਮਾਸਾਹਾਰੀ-ਸ਼ਾਕਾਹਾਰੀ ਦਾ ਇੱਕ ਭਰਮ ਪਾਲ ਲੈਂਦੇ ਹਾਂ। ਜਦਕਿ ਅਸੀਂ ਕਿਸੇ ਵੀ ਜੀਵ ਦਾ ਜੀਵਨ ਨਹੀਂ ਬਲਕਿ ਮਿੱਟੀ ਹੀ ਵਰਤਦੇ ਹਾਂ ਜਿਵੇਂ “ਪਕਰਿ ਜੀਉ ਆਨਿਆ, ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ” ਕਿਉਂਕਿ “ਜੋਤਿ ਸਰੂਪ ਅਨਾਹਤ ਲਾਗੀ” (ਪੰ: 1350) ਜਾਂ “ਨਾ ਜੀਉ ਮਰੈ ਨ ਮਾਰਿਆ ਜਾਈ, ਕਰਿ ਦੇਖੈ ਸਬਦਿ ਰਜਾਈ ਹੇ” (ਪੰ: 1026)। ਇਸ ਤਰ੍ਹਾਂ ਨਸਲ-ਨਸਲ ਮੁਤਾਬਕ ਭਾਂਤ-ਭਾਂਤ ਦੀ ਮਿੱਟੀ `ਤੇ ਹੀ, ਮਨੁੱਖ ਸਮੇਤ ਹਰੇਕ ਜੀਵਧਾਰੀ ਦਾ ਜੀਵਨ ਚਲਦਾ ਹੈ। ਇਹ ਵੀ ਗੁਰਬਾਣੀ ਦਾ ਫ਼ੈਸਲਾ ਹੈ, ਪ੍ਰਭੂ ਜੀਵ ਨੂੰ ਜਨਮ ਬਾਅਦ `ਚ ਦੇਂਦਾ ਹੈ ਪਹਿਲਾਂ ਜਦਕਿ ਉਸਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੁੰਦਾ ਹੈ। ਫ਼ੁਰਮਾਣ ਹੈ “ਪਹਿਲੋ ਦੇ ਤੈ ਰਿਜਕੁ ਸਮਾਹਾ॥ ਪਿਛੋ ਦੇ ਤੈ ਜੰਤੁ ਉਪਾਹਾ” (ਪੰ: 130) ਦੇਖ ਰਹੇ ਹਾਂ, ਬੱਚਾ ਜਨਮ ਬਾਅਦ `ਚ ਲੈਂਦਾ ਹੈ ਜਦਕਿ ਮਾਤਾ ਦੀ ਛਾਤੀ `ਚ ਬੱਚੇ ਲਈ ਦੁੱਧ ਪਹਿਲਾਂ ਆ ਜਾਂਦਾ ਹੈ। ਇਸੇ ਤਰ੍ਹਾਂ ਪਸ਼ੂ-ਪੰਛੀਆਂ ਸਮੇਤ ਹਰੇਕ ਸ਼੍ਰੇਣੀ `ਚ ਪ੍ਰਭੂ ਦਾ ਇਹੀ ਨਿਯਮ ਚਲ ਰਿਹਾ ਹੈ। ਗੁਰਦੇਵ ਫ਼ੁਰਮਾਉਂਦੇ ਹਨ “ਸੈਲ ਪਥਰ ਮਹਿ ਜੰਤ ਉਪਾਏ, ਤਾ ਕਾ ਰਿਜਕੁ ਆਗੈ ਕਰਿ ਧਰਿਆ” (ਪੰ: ੧੦) ਭਾਵ ਪੱਥਰਾਂ-ਚੱਟਾਨਾ `ਚ ਵੀ ਜੋ ਜੀਵ ਪੈਦਾ ਹੁੰਦੇ ਹਨ ਉਨ੍ਹਾਂ ਦਾ ਰਿਜ਼ਕ ਵੀ ਪ੍ਰਭੂ ਉਨ੍ਹਾਂ ਦੇ ਜਨਮ ਤੋਂ ਪਹਿਲਾਂ, ਉਥੇ ਹੀ ਅਪੜਾਉਂਦਾ ਹੈ। “ਰਿਜਕੁ ਸਮਾਹੇ ਜਲਿ ਥਲਿ ਮੀਤ” (ਪੰ: 1337) ਵਾਲੀ ਇਸੇ ਰੱਬੀ ਸਚਾਈ ਦੀ ਨੂੰ ਸਮਝਣ ਲਈ “ਜਲ ਮਹਿ ਜੰਤ ਉਪਾਇਅਨੁ, ਤਿਨਾ ਭਿ ਰੋਜੀ ਦੇਇ” (ਪੰ: 955)।

ਦੂਰ ਕਿਉਂ ਜਾਈਏ, ਇਕ-ਇਕ ਮਨੁੱਖ ਦੇ ਸਰੀਰ `ਚ ਉਸ ਦੇ ਜੀਵਨ ਨੂੰ ਚਲਾਉਣ ਲਈ ਇਕੋ ਸਮੇਂ ਕਰੋੜਾਂ ਜੀਵ ਲਗੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਦੁਸ਼ਮਣ ਤੇ ਸੱਜਨ ਬੈਕਟੀਰੀਆ ਵਾਲੇ ਨਾਮ ਦੇਂਦੇ ਹਾਂ। ਇਸ ਤਰ੍ਹਾਂ ਜੋ ਬੈਕਟੀਰੀਆ (ਜੀਵ) ਸਾਡੀ ਬਿਮਾਰੀਆਂ ਦਾ ਕਾਰਨ ਬਣਦੇ ਹਨ, ਉਨ੍ਹਾਂ ਨੂੰ ਦਵਾਈਆਂ ਆਦਿ ਨਾਲ ਮਾਰਦੇ-ਖਤਮ ਕਰਦੇ ਹਾਂ। ਦੂਜੇ, ਜੋ ਸੇਹਤ ਲਈ ਲੋੜੀਂਦੇ ਹੁੰਦੇ ਹਨ ਉਨ੍ਹਾਂ ਨੂੰ ਸੱਜਨ ਬੈਕਟੀਰੀਆ ਕਹਿੰਦੇ ਹਾਂ। ਮੁੱਕਦੀ ਗੱਲ, ਸਾਡੇ ਇੱਕ-ਇੱਕ ਸਰੀਰ ਨੂੰ ਚਲਾਉਣ ਲਈ ਹੀ ਪ੍ਰਭੂ ਦੀ ਖੇਡ `ਚ ਹਰ ਸਮੇਂ ਕਰੋੜਾਂ-ਅਰਬਾਂ ਜ਼ਿੰਦਗੀਆਂ ਦਾ ਜਨਮ-ਮਰਣ ਚਲ ਰਿਹਾ ਹੁੰਦਾ ਹੈ ਜਿਸਤੋਂ ਬਿਨਾਂ ਸਾਡੀ ਜ਼ਿੰਦਗੀ ਅੱਗੇ ਟੁਰ ਹੀ ਨਹੀਂ ਸਕਦੀ।

“ਪੰਚ ਤਤੁ ਕਰਿ. .”- ਜੈਨ ਤੇ ਬ੍ਰਾਹਮਣ ਮੱਤ ਰਾਹੀਂ ਇਹ ਵਿਸ਼ਵਾਸ ਵੀ ਦਿੱਤੇ ਹਨ ਕਿ ਜੀਵ-ਜੀਵ ਵਿਚਾਲੇ ਤੱਤ ਵਖ੍ਰੇਂਵਾਂ ਹੁੰਦਾ ਹੈ। ਇਸ ਤਰ੍ਹਾਂ ਕੁੱਝ ਜੀਵ ਦੋ ਤੱਤਾ ਵਾਲੇ ਹੁੰਦੇ ਹਨ ਤੇ ਉਨ੍ਹਾਂ ਨ੍ਹਾਂ ਨੂੰ ਮਾਰਣ ਦਾ ਮਨੁੱਖ `ਤੇ ਦੋਸ਼ ਆਉਂਦਾ ਹੀ ਨਹੀਂ। ਉਪ੍ਰੰਤ ਤਿੰਨ, ਚਾਰ ਤੇ ਕੁੱਝ ਪੰਜ ਤੱਤਾਂ ਵਾਲੇ ਜਿਵੇਂ ਮਨੁੱਖ। ਇਸ ਦੇ ਉਲਟ ਗੁਰਬਾਣੀ ਦੇ ਸਿੱਖ ਨੇ ਇਹ ਗੱਲ ਭਲੀ ਭਾਂਤ ਸਮਝ ਲੈਣੀ ਹੈ ਕਿ ਗੁਰਬਾਣੀ ਅਜੇਹੇ ਤੱਤ ਵਖ੍ਰ੍ਰਵੇਂ ਵਾਲੀ ਸੋਚਣੀ ਨੂੰ ਪੂਰੀ ਤਰ੍ਹਾਂ ਨਕਾਰਦੀ ਹੈ। ਫ਼ੈਸਲਾ ਹੈ “ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ” (ਪੰ: 1030) ਭਾਵ ਸਾਰੀ ਹੀ ਰਚਨਾ ਪ੍ਰਭੂ ਨੇ ਪੰਜ ਤੱਤਾਂ ਨਾਲ ਘੜੀ ਹੈ ਤੇ ਸੰਪੂਰਣ ਰਚਨਾ `ਚ ਹੀ ਪ੍ਰਭੂ ਨੇ ਆਪਣੇ ਆਪ ਨੂੰ ਵੀ ਟਿਕਾਇਆ ਹੋਇਆ ਹੈ। ਇਥੇ ਤਾਂ “ਏਕਲ ਮਾਟੀ, ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ” (ਪੰ: 988) ਜਾਂ “ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ” (ਪੰ: 473)।

ਮਾਸਾਹਾਰੀ ਅਤੇ ਸ਼ਾਕਾਹਾਰੀ- ਸਮਝਣ ਦੀ ਗੱਲ ਹੈ, ਕਰਤਾਰ ਦੀ ਰਚਨਾ `ਚ ਜਿਸ-ਜਿਸ ਵਸਤ ਨੂੰ ਵੀ ਭੋਜਨ ਦਾ ਰੂਪ ਦਿੱਤਾ ਗਿਆ ਹੈ ਉਹ ਮਨੁੱਖ ਨੇ ਨਹੀਂ ਬਲਕਿ ਸਾਰੇ ਭੋਜਨ ਪ੍ਰਭੂ ਨੇ ਆਪ ਹੀ ਘੜੇ ਹਨ। ਮਨੁੱਖ ਨੇ ਤਾਂ “ਮਾਸਾਹਾਰੀ-ਸ਼ਾਕਾਹਾਰੀ” ਵਾਲੀ ਵੰਡ ਕੇਵਲ ਆਪਣੇ ਹਿਸਾਬ ਨਾਲ ਕੀਤੀ ਹੈ, ਪ੍ਰਭੂ ਦੇ ਭੋਜਨ ਵਾਲੇ ਨਿਯਮ `ਚ ਇਸ ਦਾ ਕੌਡੀ ਮੁੱਲ ਨਹੀਂ। ਮਨੁੱਖ ਦੀ ਇਸ ਬਨਾਵਟੀ ਵੰਡ ਅਨੁਸਾਰ ਸ਼ੇਰ, ਬਘਿਆੜ, ਚੀਤੇ ਆਦਿ ਮਾਸਾਹਾਰੀ ਜਾਨਵਰ ਹਨ। ਜਦਕਿ ਦਰਿਆਈ ਘੋੜਾ, ਬਕਰੀ, ਹਾਥੀ, ਘੋੇੜੇ ਆਦਿ ਸ਼ਾਕਾਹਾਰੀ ਹਨ। ਜੇਕਰ ਸਚਮੁਚ ਹੀ ਇਹ ਦੋਵੇਂ ਵੱਖ-ਵੱਖ ਸ਼੍ਰੇਣੀਆਂ ਹਨ ਤਾਂ ਪ੍ਰਭੂ ਨੇ ਕੁੱਤਾ, ਬਿੱਲੀ ਆਦਿ ਕਿਉਂ ਬਣਾਏ ਜੋ ਮਾਸਾਹਾਰੀ ਤੇ ਸ਼ਾਕਾਹਾਰੀ ਦੋਵੇਂ ਤਰ੍ਹਾਂ ਦੇ ਭੋਜਨ ਖਾਂਦੇ ਹਨ। ਵਿਚਾਰਨ ਦੀ ਗੱਲ ਹੈ ਕਿ ਸਾਰਿਆਂ ਜੀਵਾਂ ਨੂੰ ਪੈਦਾ ਕਰਣ ਵਾਲਾ ਅਤੇ ਉਨ੍ਹਾਂ ਦੇ ਭੋਜਨ ਨਿਯਤ ਕਰਣ ਵਾਲਾ ਪ੍ਰਭੂ ਆਪ ਹੀ ਹੈ। ਜਦੋਂ ਕਾਦਿਰ ਹੈ ਹੀ ਇਕੋ ਤਾਂ ਫ਼ਿਰ ਜਿਸ ਨੂੰ ਮਾਸ ਦੇ ਭੋਜਨ ਕਹਿ ਕੇ ਅਸੀਂ ਨਿੰਦ ਰਹੇ ਹਾਂ, ਜੇਕਰ ਸਚਮੁਚ ਹੀ ਉਹ ਭੋਜਨ ਨਿੰਦਣ ਯੋਗ ਹਨ ਤਾਂ ਪ੍ਰਭੂ ਨੇ ਉਨ੍ਹਾਂ ਨੂੰ ਭੋਜਨ ਨਿਯਤ ਹੀ ਕਿਉਂ ਕੀਤਾ? ਇਸ ਦੇ ਉਲਟ ਗੁਰਦੇਵ ਦਾ ਤਾਂ ਫ਼ੈਸਲਾ ਹੈ “ਪਾਂਡੇ ਤੂ ਜਾਣੈ ਹੀ ਨਾਹੀ, ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ” (ਪੰ: 1289) ਨਾਲ ਹੀ “ਕਉਣੁ ਮਾਸੁ ਕਉਣੁ ਸਾਗੁ ਕਹਾਵੈ, ਕਿਸੁ ਮਹਿ ਪਾਪ ਸਮਾਣੇ” (ਪੰ: 1289)

ਇੰਨਾਂ ਹੀ ਨਹੀਂ, ਹੋਰ ਲਵੋ! ਦਿਵਾਰਾਂ `ਤੇ ਕੋੜ੍ਹਕਿਰਲੀ ਕੀ ਖਾ ਰਹੀ ਹੈ? ਉਤਰ ਮਿਲੇਗਾ, ਕੇਵਲ ਮੱਛਰ-ਪਤੰਗੇ ਆਦਿ। ਜੇਕਰ ਜ਼ਮੀਨ `ਤੇ ਕੋਈ ਕੀੜਾ-ਮਕੌੜਾ-ਤਿੱਲਚੱਟਾ ਮਰਿਆ ਪਿਆ ਹੋਵੇ ਤਾਂ ਹਜ਼ਾਰਾਂ ਕੀੜੀਆਂ ਦਾ ਭੋਜਨ ਬਣ ਰਿਹਾ ਹੁੰਦਾ ਹੈ, ਕਿਉਂ? ਪਾਣੀ ਵਿਚਲੇ ਡੱਡੀਆਂ ਮਛੀਆਂ ਆਦਿ ਬੇਅੰਤ ਜੀਵ ਦੇਖੋ ਤਾਂ ਉਨ੍ਹਾਂ ਦਾ ਭੋਜਨ ਵੀ ਜੀਵ ਹੀ ਹਨ। ਖੂਬੀ ਇਹ, ਬ੍ਰਾਹਮਣ ਨੇ ਤਾਂ ਆਪ ਹੀ ਪਾਣੀ ਦੇ ਜੀਵਾਂ ਦੀ ਗਿਣਤੀ ਵੀ ਬਿਆਲੀ ਲਖ ਦਸੀ ਹੈ? ਇਹ ਵੱਖਰੀ ਗੱਲ ਹੈ ਕਿ ਪ੍ਰਭੂ ਰਚਨਾ ਲਈ ਅਜੇਹੀਆਂ ਗਿਣਤੀਆ-ਮਿਣਤੀਆਂ ਦੇਣ ਵਾਲਿਆਂ ਨੂੰ ਗੁਰਦੇਵ ਨੇ ਧਾਰਮਿਕ ਆਗੂ ਨਹੀਂ ਬਲਕਿ “ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ” (ਬਾਣੀ ਜਪੁ) ਮੂਰਖਾਂ ਤੋਂ ਵੱਡਾ ਮੂਰਖ ਹੀ ਕਿਹਾ ਹੈ। ਕਿਉਂਕਿ ਪ੍ਰਭੂ ਰਚਨਾ ਦੇ ਕਿਸੇ ਅੰਗ `ਤੇ ਵੀ ਗਿਣਤੀਆਂ-ਮਿਣਤੀਆਂ ਜਾਂ ਅੰਤ ਦੀਆਂ ਅਜੇਹੀਆਂ ਲਕੀਰਾਂ ਲਗ ਹੀ ਨਹੀਂ ਸਕਦੀਆਂ। ਫ਼ਿਰ ਵੀ ਸਚਾਈ ਹੈ ਕਿ ਵੱਡੀ ਮਛਲੀ ਰਾਹੀਂ, ਛੋਟੀਆਂ ਮਛੀਆਂ ਨੂੰ ਖਾਣ ਵਾਲੀ ਖੇਡ ਵੀ ਕਰਤਾਰ ਨੇ ਹੀ ਰਚੀ ਹੈ, ਮਨੁੱਖ ਨੇ ਨਹੀਂ। ਸਪਨੀ ਆਪਣੇ ਹੀ ਬਚਿਆਂ ਨੂੰ ਖਾ ਜਾਂਦੀ ਹੈ ਤਾਂ ਉਹ ਭੋਜਨ ਕੀ ਹੈ? ਪਾਣੀ ਕਿਨਾਰੇ ਖਲੋਤੇ ਬਗ਼ੁਲੇ ਤੇ ਪਾਣੀ `ਤੇ ਤਰ ਰਹੀ ਆੜ ਦਾ ਭੋਜਨ ਕੀ ਹੈ? ਇਨ੍ਹਾਂ ਦਾ ਇਹ ਭੋਜਨ ਕਿਸ ਨੇ ਘੜਿਆ? ਉਤਰ ਮਿਲੇਗਾ, ਕੇਵਲ ਉਸੇ ਕਾਦਿਰ ਨੇ, ਜਿਸਨੇ ਸਾਰਿਆਂ ਦਾ ਰਿਜ਼ਕ ਨਿਯਤ ਕੀਤਾ ਹੋਇਆ ਹੈ। ਉਪ੍ਰੰਤ ਆਕਾਸ਼ `ਚ ਉਡਾਰੀਆਂ ਮਾਰਣ ਵਾਲਾ ਬਾਜ਼ ਜਿਹੜਾ ਜੀਵਾਂ ਨੂੰ ਤੜਫ਼ਾ-ਤੜਫਾ ਕੇ ਮਾਰਦਾ ਤੇ ਖਾਂਦਾ ਹੈ, ਇਸੇ ਤਰ੍ਹਾਂ ਚੀਲਾਂ-ਗਿੱਧਾਂ ਦਾ ਭੋਜਨ ਵੀ ਜੀਵ ਜਾਂ ਮੁਰਦਾ ਸਰੀਰ ਹੀ ਹਨ। ਜੇਕਰ ਸਚਮੁਚ ਮਾਸ, ਭੋਜਨ ਦੀ ਗਿਣਤੀ `ਚ ਨਾ ਹੁੰਦਾ ਤਾਂ ਘਟੋਘਟ ਕਾਦਿਰ ਉਹ ਜੀਵ ਹੀ ਨਾ ਬਨਣਉਂਦਾ ਜਿਹੜੇ ਖਾਂਦੇ ਹੀ ਮਾਸ ਜਾਂ ਕੀੜੇ ਮਕੌੜੇ ਆਦਿ ਜੀਵਾਂ ਨੂੰ ਹਨ। ਫ਼ਿਰ ਜੇ ਪ੍ਰਭੂ ਵਲੋਂ ਮਾਸ, ਭੋਜਨ ਦਾ ਹਿੱਸਾ ਨਾ ਹੁੰਦਾ ਤਾਂ ਪ੍ਰਭੂ ਨੇ ਇਹ ਜੀਵ ਵੀ ਉਸੇ ਸ਼੍ਰੇਣੀ `ਚ ਹੀ ਰਖਣੇ ਸਨ ਜਿਸ `ਚ ਘੋੜੇ, ਹਾਥੀ, ਦਰਿਆਈ ਘੋੜੇ, ਬਕਰੀ ਆਦਿ।

ਕਰਤਾਰ ਦੀ ਰਚਨਾ `ਚ ਦੰਦਾਂ ਦਾੜ੍ਹਾ ਵਾਲੀ ਦੇਣ- ਅਜੇਹੇ ਵੱਖ ਵੱਖ ਤਰ੍ਹਾਂ ਦੇ ਭੋਜਨਾ ਲਈ ਜਦੋਂ ਕਰਤੇ ਦੀ ਦੰਦਾ-ਦਾਹੜਾਂ ਵਾਲੀ ਦੇਣ ਨੂੰ ਪਛਾਣ ਲਿਆ ਜਾਵੇ ਤਾਂ ਗੱਲ ਆਪਣੇ ਆਪ ਸਮਝ `ਚ ਆ ਜਾਂਦੀ ਹੈ। ਮਿਸਾਲ ਵਜੋਂ ਜੋ ਜੀਵ ਮਾਸ ਛਕਣ ਵਾਲੇ ਹਨ ਉਨ੍ਹਾਂ ਨੂੰ ਕਰਤਾਰ ਵਲੋਂ ਕੇਵਲ ਦਾਹੜਾਂ-ਜਬਾੜੇ ਹੀ ਮਿਲੇ ਹਨ। ਦੂਜੇ ਜੋ ਕੇਵਲ ਘਾਸ, ਫੁਸ, ਪੱਤੇ ਖਾਣ ਵਾਲੇ ਹਨ ਉਨ੍ਹਾਂ ਨੂੰ ਕੇਵਲ ਦੰਦ ਮਿਲੇ ਹਨ। ਉਪ੍ਰੰਤ ਜੋ ਜੀਵ ਮਾਸ, ਸਬਜ਼ੀਆਂ ਦੋਵੇਂ ਖਾਣ ਵਾਲੇ ਹਨ ਉਨ੍ਹਾਂ ਨੂੰ ਦੰਦ ਵੀ ਮਿਲੇ ਹਨ ਤੇ ਦਾਹੜਾਂ ਵੀ। ਫ਼ਰਕ ਹੈ ਤਾਂ ਕੇਵਲ ਉਨ੍ਹਾਂ ਦੇ ਸਰੀਰਕ ਤਾਪਮਾਨ ਦਾ।

ਮਾਸ ਦੇ ਭੋਜਨ ਵਾਲਾ ਨਿਰਮੂਲ ਝਗੜਾ- ਦਰਅਸਲ ਸੰਸਾਰ ਦਾ ਇੱਕ ਵੀ ਮਨੁੱਖ ਅਜੇਹਾ ਨਹੀਂ, ਜਿਹੜਾ ਸਾਬਤ ਕਰ ਸਕੇ ਕਿ ਕਿਸੇ ਇੱਕ ਜੀਵ ਸ਼੍ਰੇਣੀ ਦਾ ਜੀਵਨ ਦੂਜੀਆਂ ਜੀਵ-ਸ਼੍ਰੇਣੀਆਂ `ਤੇ ਆਸ਼੍ਰਿਤ ਨਹੀਂ ਹੈ। ਫ਼ਿਰ ਵੀ ਸੰਸਾਰ ਪੱਧਰ `ਤੇ ਬਹੁਤੇ ਨਹੀਂ, ਲਗਭਗ ਇੱਕ ਪ੍ਰਤੀਸ਼ਤ ਲੋਕ ਅਜੇਹੇ ਹਨ ਜੋ ਹੱਠ ਕਰਦੇ ਹਨ ਕਿ ਉਹ ਮਾਸ ਦਾ ਸੇਵਨ ਨਹੀਂ ਕਰਦੇ। ਹੱਥਲੇ ਗੁਰਮਤਿ ਪਾਠ ਦਾ ਮਕਸਦ ਕੇਵਲ ਇਸੇ ਰੱਬੀ ਸੱਚਾਈ ਨੂੰ ਪ੍ਰਗਟ ਕਰਨਾ ਹੈ ਕਿ ਮੂਲ ਰੂਪ `ਚ ਮਾਸਾਹਾਰੀ ਅਤੇ ਸ਼ਾਕਾਹਾਰੀ ਵਾਲਾ ਝਗੜਾ ਹੈ ਹੀ ਨਿਰਮੂਲ ਅਤੇ ਅਗਿਆਨਤਾ ਆਧਾਰਤ। ਲੋੜ ਹੈ ਤਾਂ ਸਾਨੂੰ ਇਸ ਵਾਧੂ ਦੀ ਖਿੱਚਾਤਾਣੀ ਚੋਂ ਨਿਕਲ ਕੇ ਸੰਸਾਰ `ਚ ਸੱਚੇ ਭਰਾਤ੍ਰੀ ਭਾਵ ਨੂੰ ਉਜਾਗ੍ਰ ਕਰਨ ਦੀ। ਹੱਥਲੇ ਗੁਰਮਤਿ ਪਾਠ ਦੀ ਲੋੜ ਤਾਂ ਇਸ ਲਈ ਵੀ ਵਧੇਰੇ ਹੈ, ਚੂੰਕਿ ਇਸ ਬਿਮਾਰੀ ਦੇ ਕਿਟਾਣੂ, ਲਗਭਗ ਵੀਹਵੀਂ ਸਦੀ ਦੇ ਆਰੰਭ `ਚ ਗੁਰੂ ਨਾਨਕ ਦੇ ਨਿਰਮਲ-ਨਿਵੇਕਲੇ ਪੰਥ `ਚ ਵੀ ਪ੍ਰਵੇਸ਼ ਕਰ ਚੁਕੇ ਹਨ ਜਿਸਦਾ ਕਿ ਪੰਥ ਨੂੰ ਭਾਰੀ ਮੁਲ ਚੁਕਾਣਾ ਪੈ ਰਿਹਾ ਹੈ। ਨਤੀਜੇ ਵਜੋਂ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦਾ ਦੂਲਾ ਪੰਥ ਜਿਸ ਦੀ ਜੜ੍ਹ `ਚ “ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: 1185) ਵਰਗੇ ਸਰਬ-ਉੱਚ ਦਰਜੇ ਦੇ ਗੁਰ-ਉਪਦੇਸ਼ ਵੀ ਮੌਜੂਦ ਹਨ। ਗੁਰੂ ਪਾਤਸ਼ਾਹ ਨੇ ਜਿਸ ਪੰਥ ਦੇ ਪਾਂਧੀਆਂ ਨੂੰ ਨਿਰਮਾਣਤਾ ਦਿੱਤੀ “ਮੇਰੀ ਮਤਿ ਬਉਰੀ, ਮੈ ਰਾਮੁ ਬਿਸਾਰਿਓ” (ਪੰ: 482) ਅਤੇ “ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (ਪੰ: 728)। ਜਿਸ ਪੰਥ ਦੇ ਹੀਰਿਆਂ ਨੂੰ ਚੰਗੀ ਤਰ੍ਹਾਂ ਇਹ ਸਮਝਾਇਆ ਹੋਇਆ ਹੋਵੇ ਕਿ “ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ” (ਪੰ: 61) ਜਾਂ “ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ ਆਪਿ ਨ ਭੁਲੈ” (ਪੰ: 1344) ਤਾਂਤੇ ਜ਼ਰੂਰੀ ਹੈ, ਕੇਵਲ ਮਾਸਾਹਾਰੀ-ਸ਼ਾਕਾਹਾਰੀ ਵਾਲਾ ਮਸਲਾ ਹੀ ਨਹੀਂ ਬਲਕਿ ਆਪਸੀ ਦੁਬਿਧਾ ਵਾਲੇ ਹਰੇਕ ਵਿਸ਼ੇ ਨੂੰ ਗੁਰਬਾਣੀ ਉਪਦੇਸ਼ਾਂ `ਤੇ ਕੇਂਦ੍ਰਿਤ ਹੋ ਕੇ ਪੰਥ ਆਪਣੀ ਸੰਭਾਲ ਕਰੇ।

ਮਨੁੱਖ ਸਮੇਤ ਹਰੇਕ ਜੀਵ ਮਾਸਾਹਾਰੀ ਹੈ- ਇਹ ਸਚਾਈ ਹੈ ਕਿ ਕਾਦਿਰ ਦੀ ਰਚਨਾ ਦੇ ਅਟੱਲ਼ ਨਿਯਮ `ਚ ਮਨੁੱਖ ਸਮੇਤ ਸੰਸਾਰ `ਚ ਇੱਕ ਵੀ ਅਜੇਹਾ ਜੀਵ ਨਹੀਂ ਜੋ ਸਿੱਧੇ-ਅਸਿਧੇ ਮਾਸ ਦਾ ਭੋਜਨ ਨਹੀਂ ਛਕਦਾ। ਤਾਂ ਤੇ ਮਾਸਾਹਾਰੀ-ਸ਼ਾਕਾਹਾਰੀ ਵਾਲਾ ਨਿਰਮੂਲ਼ ਝਗੜਾ ਅੱਜ ਸਿੱਖਾਂ ਵਿਚਕਾਰ ਵੀ ਕਿਉਂ? ਫ਼ਿਰ ਉਨ੍ਹਾਂ ਸਿੱਖਾਂ ਵਿਚਕਾਰ ਜਿਨ੍ਹਾਂ ਨੂੰ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗਾ ਰਹਿਬਰ ਵੀ ਪ੍ਰਾਪਤ ਹੈ। ਚੇਤੇ ਰਹੇ! ਗੁਰਬਾਣੀ `ਚ ਜੇਕਰ ਖਾਣ-ਪਾਣ ਸੰਬੰਧੀ ਵਿਰੋਧ ਹੈ ਤਾਂ ਸ਼ਰਾਬ ਆਦਿ ਨਸ਼ਿਆਂ ਵਾਲੇ ਪਦਾਰਥਾਂ ਦਾ ਜੋ ਮਨੁੱਖ ਦੀ ਮੱਤ ਅਤੇ ਸਰੀਰ ਦੋਨਾਂ ਨੂੰ ਵਿਗਾੜਦੇ ਤੇ ਜੀਵਨ ਨੂੰ ਗੰਦਲਾ ਕਰਦੇ ਹਨ। #159s06.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵ ‘ਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 159

“ਜੀਆ ਕਾ ਆਹਾਰੁ ਜੀਅ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.