.

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਪਿਤਾ ਪੁਰਖੀ ਮਰਦ ਪ੍ਰਧਾਨ ਸਮਾਜ ਵਿੱਚ ਇਸਤਰੀ ਦਾ ਸਥਾਨ

- ਅਮਿਤ ਕੁਮਾਰ ਲਾਡੀ, ਫ਼ਰੀਦਕੋਟ

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਉਪਰੋਕਤ ਸ਼ਬਦ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰੇ ਗਏ ਹਨ, ਜਿਨ੍ਹਾਂ ਦਾ ਭਾਵ ਹੈ ਕਿ ਜਿਸ ਇਸਤਰੀ ਨੇ ਰਾਜਿਆਂ, ਯੋਧਿਆਂ, ਸੰਤਾਂ ਅਤੇ ਅਵਤਾਰਾਂ ਨੂੰ ਜਨਮ ਦਿੱਤਾ ਹੈ ਉਸ ਨੂੰ ਕਿਉਂ ਅਪਮਾਣਿਤ ਕੀਤਾ ਜਾਂਦਾ ਹੈ। ਗੌਰਤਲਬ ਹੈ ਕਿ ਗੁਰੂ ਸਾਹਿਬ ਪਹਿਲੇ ਅਵਤਾਰੀ ਪੁਰਸ਼ ਸਨ ਜਿਨ੍ਹਾਂ ਨੇ ਇਸਤਰੀ ਆਜ਼ਾਦੀ ਲਈ ਕ੍ਰਾਂਤੀਕਾਰੀ ਆਵਾਜ਼ ਉਠਾਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਸੇ ਵੀ ਦੇਸ਼ ਦੀ ਸੱਭਿਅਤਾ ਦੇ ਗੁਣ-ਪੱਧਰ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਸ ਸੱਭਿਅਤਾ ਵਿੱਚ ਇਸਤਰੀ ਨੂੰ ਕੀ ਸਥਾਨ ਪ੍ਰਾਪਤ ਹੈ। ਆਓ, ਇਸਤਰੀ ਦੇ ਸਥਾਨ ਦੀ ਗੱਲ ਕਰਦੇ ਹਾਂ।

ਇਤਿਹਾਸ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਵੈਦਿਕ ਕਾਲ ਵਿੱਚ ਇਸਤਰੀ ਦੀ ਹਾਲਤ ਬਹੁਤ ਅੱਛੀ ਸੀ। ਉਸਨੂੰ ਮਰਦ ਦੇ ਬਰਾਬਰ ਅਧਿਕਾਰ ਪ੍ਰਾਪਤ ਸਨ। ਵੇਦਾਂ ਦੇ ਅਨੇਕਾਂ ਮੰਤਰਾਂ ਦੀ ਸਿਰਜਨਾ ਰਿਸ਼ੀ-ਇਸਤਰੀਆਂ ਨੇ ਕੀਤੀ ਹੈ। ਉਸ ਸਮੇਂ ਦੀਆਂ ਉਪਨਿਸ਼ਦ ਸਾਹਿਤ ਦੀਆਂ ਇਸਤਰੀਆਂ ਵਿਚੋਂ ‘ਗਾਰਗੀ’ ਨੂੰ ਬਹੁਤ ਮਾਣ ਪ੍ਰਾਪਤ ਹੋਇਆ ਹੈ।

ਵੈਦਿਕ ਕਾਲ ਤੋਂ ਬਾਅਦ ਹੌਲੀ-ਹੌਲੀ ਸਥਿਤੀ ਬਦਲਦੀ ਗਈ। ‘ਮਨੂੰ’ ਦੇ ਸਮੇਂ ਤੱਕ ਇਸਤਰੀ ਨੂੰ ਪਰਾਧੀਨ, ਅਪਮਾਨ-ਜਨਕ ਹਾਲਤ ਤੱਕ ਪਹੁੰਚਾ ਦਿੱਤਾ ਗਿਆ ਸੀ। ਇਸਤਰੀ ਬਚਪਨ ਵਿੱਚ ਪਿਤਾ ਦੀ ਨਿਗਰਾਨੀ ਹੇਠ, ਪਿਤਾ ਦੀ ਮੌਤ ਤੋਂ ਬਾਅਦ ਵੱਡੇ ਭਰਾ, ਵਿਆਹੇ ਜਾਣ ਤੋਂ ਮਗਰੋਂ ਪਤੀ ਅਤੇ ਪਤੀ ਤੋਂ ਬਾਅਦ ਲੜਕੇ ਦੀ ਨਿਗਰਾਨੀ ਥੱਲੇ ਰਹਿੰਦੀ ਸੀ।

ਗਿਆਰਵੀਂ ਸਦੀ ਦੇ ਸ਼ੁਰੂ ਤੋਂ ਮੁਸਲਮਾਨਾਂ ਦੇ ਭਾਰਤ ਉੱਤੇ ਹਮਲੇ ਕਾਰਨ ਦੇਸ਼ ਦੀ ਧਾਰਮਿਕ ਅਤੇ ਆਰਥਿਕ ਹਾਲਤ ਨੇ ਇੱਕ ਨਵਾਂ ਮੌੜ ਲਿਆ ਜਿਸ ਦਾ ਸਭ ਤੋਂ ਭੈੜਾ ਅਸਰ ਇਸਤਰੀ ਜਾਤੀ ਉੱਪਰ ਪਿਆ। ਲੜਕੀ ਦੇ ਜਨਮ ਨੂੰ ਭੈੜਾ ਜਾਣ ਕੇ ਪੈਦਾ ਹੁੰਦੇ ਹੀ ਮਾਰ ਦੇਣ ਦੀ ਪ੍ਰਥਾ ਵੀ ਪ੍ਰਚਲਿਤ ਹੋ ਗਈ। ਪਰਦਾ ਅਤੇ ਸਤੀ ਵਰਗੇ ਸਮਾਜਿਕ ਬੰਧਨ ਜ਼ੋਰ ਪਕੜ ਗਏ। ਔਰਤ ਦੀ ਗਵਾਰ, ਸ਼ੂਦਰ ਅਤੇ ਪਸ਼ੂਆਂ ਆਦਿ ਨਾਲ ਤੁਲਨਾ ਹੋਣੀ ਸ਼ੁਰੂ ਹੋ ਗਈ। ਇਸਤਰੀ ਦਾ ਘਰੇਲੂ ਜੀਵਨ ਸੁਖਾਵਾਂ ਨਾ ਰਿਹਾ। ਹੋਰ ਤਾਂ ਹੋਰ, ਇਸਲਾਮ ਧਰਮ ਵਿੱਚ ਤਾਂ ਇਸਤਰੀ ਮਸਜਿਦ ਜਾ ਕੇ ਇਬਾਦਤ ਵੀ ਨਹੀਂ ਸੀ ਕਰ ਸਕਦੀ।

ਗੌਰਤਲਬ ਹੈ ਕਿ ਇਸ ਪ੍ਰਕਾਰ ਦੇ ਸਮਾਜ ਵਿੱਚ ਇਸਤਰੀ ਨੂੰ ਬਰਾਬਰੀ ਦਾ ਦਰਜਾ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਕ੍ਰਾਂਤੀ ਭਰੇ ਸ਼ਬਦਾਂ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦੁਆਰਾ ਦਿੱਤਾ। ਸਭ ਤੋਂ ਪਹਿਲਾਂ ਇਸਤਰੀ ਜਾਤੀ ਲਈ ਆਵਾਜ਼ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੁਰਸ਼, ਇਸਤਰੀ ਦੇ ਗਰਭ ਤੋਂ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਮੰਗਣੀ ਤੇ ਵਿਆਹ ਹੁੰਦਾ ਹੈ। ਇਸਤਰੀ ਨਾਲ ਹੀ ਦੋਸਤੀ ਹੁੰਦੀ ਹੈ ਤੇ ਮਨੁੱਖ ਜਾਤੀ ਦਾ ਸਿਲਸਿਲਾ ਜ਼ਾਰੀ ਰਹਿੰਦਾ ਹੈ। ਇਸਤਰੀ ਦੀ ਮੌਤ ਹੋ ਜਾਵੇ ਤਾਂ ਪੁਰਸ਼ ਦੂਸਰਾ ਵਿਆਹ ਕਰ ਲੈਂਦਾ ਹੈ ਅਤੇ ਸੰਸਾਰ ਦਾ ਇਸ ਤਰ੍ਹਾਂ ਸਿਲਸਿਲਾ ਚਲਦਾ ਰਹਿੰਦਾ ਹੈ। ਫਿਰ ਕਿਉਂ ਇਸਤਰੀ ਦਾ ਅਪਮਾਨ ਕੀਤਾ ਜਾਂਦਾ ਹੈ, ਜਿਸ ਨੇ ਵੱਡੇ-ਵੱਡੇ ਯੋਧੇ, ਰਾਜੇ, ਪੀਰ, ਪੈਗੰਬਰਾਂ ਆਦਿ ਨੂੰ ਜਨਮ ਦਿੱਤਾ ਹੈ।

ਗੁਰੂ ਸਾਹਿਬਾਨ ਨੇ ਨਾ ਹੀ ਸਿਰਫ ਇਸਤਰੀ ਨੂੰ ਅਮਲੀ ਜੀਵਨ ਜੀਊਣ ਦੀ ਜਾਚ ਦੱਸੀ, ਸਗੋਂ ਉਨ੍ਹਾਂ ਨੇ ਇਸਤਰੀ ਜਾਤੀ ਨੂੰ ਸਤਿਕਾਰ ਯੋਗ ਸਥਾਨ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਤੀ-ਪਤਨੀ ਦਾ ਰਿਸ਼ਤਾ ਕੇਵਲ ਆਤਮ-ਵਿਰੋਧੀ ਵਿਅਕਤੀਆਂ ਵਿੱਚ ਸਮਝੌਤਾ ਕਰਨਾ ਨਹੀਂ, ਸਗੋਂ ਪਤੀ-ਪਤਨੀ ਦਾ ਅਧਿਆਤਮਕ ਮਿਲਾਪ ਹੈ। ਉਨ੍ਹਾਂ ਅਜਿਹੇ ਰਿਸ਼ਤਿਆਂ ਨੂੰ ਸਹੀ ਸੇਧ ਦਿੱਤੀ:

ਧਨੁ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥

ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥

ਸਿੱਖ ਇਤਿਹਾਸ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਸ਼੍ਰੀ ਗੁਰੂ ਅਮਰਦਾਸ ਜੀ ਨੇ ਵੀ ਸਮਾਜ ਸੁਧਾਰ ਲਈ ਪੂਰੇ ਜ਼ੋਰ ਨਾਲ ਆਵਾਜ਼ ਉਠਾਈ। ਇਸਤਰੀ ਨੂੰ ਰੂੜੀਵਾਦ ਤੋਂ ਮੁਕਤ ਕੀਤਾ। ਸਤੀ ਪ੍ਰਥਾ ਵਿਰੁਧ ਆਵਾਜ਼ ਉਠਾਈ ਅਤੇ ਸਤੀ ਦੀ ਸਹੀ ਪਰਿਭਾਸ਼ਾ ਵੀ ਦਿੱਤੀ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥

ਨਾਨਕ ਸਤੀਆ ਜਾਣਅਨਿ ਜਿ ਬਿਰਹੇ ਚੋਟ ਮਰੰਨਿ॥

ਇੱਥੇ ਬੀਬੀ ਭਾਨੀ ਜੀ ਦਾ ਜ਼ਿਕਰ ਕਰਨਾ ਵੀ ਮੁਨਾਸਿਬ ਰਹੇਗਾ। ਬੀਬੀ ਭਾਨੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਛੋਟੀ ਬੇਟੀ ਸੀ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰਕੇ ਇਹ ਪੂਰਨ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਬੀਬੀ ਜੀ ਬਚਪਨ ਤੋਂ ਹੀ ਪ੍ਰਭੁ-ਭਗਤੀ ਵਿੱਚ ਲੱਗ ਗਏ ਸਨ। ਆਪ ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ ਅਤੇ ਨਿੰਮ੍ਰਤਾ ਵਾਲੇ ਸਨ, ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਬੀਬੀ ਭਾਨੀ ਜੀ ਨੇ ਜੀਵਨ ਵਿੱਚ ਇਸਤਰੀ ਲਈ ਤਿੰਨ ‘ਭੱਬੇ’ (ਭ) ਦਿੱਤੇ - ਭਲਾ ਕਰਨਾ, ਭਾਣਾ ਮੰਨਣਾ ਅਤੇ ਭੁੱਲ ਸਵੀਕਾਰ ਕਰਨੀ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਭਾਨੀ ਜੀ ਹੀ ਹਨ ਜੋ ਗੁਰ ਬੇਟੀ ਵੀ ਹਨ, ਗੁਰ ਪਤਨੀ ਵੀ ਅਤੇ ਗੁਰ ਜਨਣੀ ਵੀ ਹਨ।

1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਹੋਈ, ਇਸ ਉਪਰੰਤ ਨਾਰੀ ਜੀਵਨ ਵਿੱਚ ਕੁੱਝ ਹੋਰ ਸੁਧਾਰ ਹੋਇਆ। ਮਰਦ ਨੂੰ ਸਿੰਘ ਦੀ ਪਦਵੀ ਮਿਲੀ, ਭਾਵ ਮਰਦ ਸ਼ੇਰ ਅਤੇ ਇਸਤਰੀ ਨੂੰ ਕੌਰ (ਭਾਵ ਸ਼ੇਰਨੀ) ਦੀ ਪਦਵੀ ਮਿਲੀ। ਪਰ ਹੁਣ ਅਜੋਕਾ ਸਮਾਂ ਬਿਲਕੁਲ ਹੀ ਬਦਲ ਗਿਆ ਹੈ। ਅੱਜ ਸਮਾਜ `ਚ ਹਰੇਕ ਪਾਸੇ ਲਚਰਤਾ ਅਤੇ ਅਸ਼ਲੀਲਤਾ ਦੀ ਹਨੇਰੀ ਵਗਦੀ ਨਜ਼ਰ ਆ ਰਹੀ ਹੈ। ਇਸ ਸਭ ਲਈ ਅਜੋਕੀ ਇਸਤਰੀ ਕਾਫੀ ਹੱਦ ਤੱਕ ਜ਼ਿਮੇਵਾਰ ਹੈ। ਟੀ. ਵੀ. ਦਾ ਕੋਈ ਵੀ ਚੈਨਲ ਲਾਈਏ ਤਾਂ ਘਟੀਆ ਗੀਤਾਂ ਦੀਆਂ ਧੁਨਾਂ ਹੀ ਕੰਨੀਂ ਪੈਂਦੀਆਂ ਹਨ ਅਤੇ ਇਨ੍ਹਾਂ ਗੀਤਾਂ ਦਾ ਫਿਲਮਾਂਕਣ (ਲੜਕੀਆਂ ਦਾ ਨਗਨ ਫਿਲਮਾਂਕਣ) ਵੇਖ ਕੇ ਤਾਂ ਬੰਦੇ ਨੂੰ ਪਰਿਵਾਰ ਨਾਲ ਬੈਠਣਾ ਦੁੱਭਰ ਹੋ ਜਾਂਦਾ ਹੈ। ਬੱਸ ਅੱਡਿਆਂ ਅਤੇ ਜ਼ਿਆਦਾਤਰ ਬੱਸਾਂ `ਚ ਚਲਦੀਆਂ ਟੇਪਾਂ `ਚ ਵੱਜਦੇ ਗਾਣੇ ਵੀ ਇਸ ਵੰਨਗੀ `ਚ ਹੀ ਸ਼ੁਮਾਰ ਕੀਤੇ ਜਾ ਸਕਦੇ ਹਨ। ਹੋਰ ਤਾਂ ਹੋਰ ਮੋਬਾਇਲ ਫੋਨਾਂ ਰਾਹੀਂ ਅਸ਼ਲੀਲ ਐੱਸ. ਐੱਮ. ਐੱਸ. ਅਤੇ ਗੰਦੇ ਤਸਵੀਰ ਸੰਦੇਸ਼ ਵੀ ਸਮਾਜ `ਚ ਪਸਰ ਰਹੀ ਲਚਰਤਾ ਦੀ ਸ਼ਾਹਦੀ ਭਰਦੇ ਹਨ। ਇਸ ਤੋਂ ਇਲਾਵਾ ਗੰਦੀਆਂ ਫ਼ਿਲਮਾਂ ਅਤੇ ਘਟੀਆ ਸਾਹਿਤ ਵੀ ਰਹਿੰਦੀ ਕਸਰ ਪੂਰੀ ਕਰ ਰਹੇ ਹਨ।

ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਹਾਕਮਾਂ ਦੀ ਇਸ ਸਾਰੇ ਵਰਤਾਰੇ ਨੂੰ ਭਰਵੀਂ ਹਮਾਇਤ ਸਪੱਸ਼ਟ ਨਜ਼ਰੀ ਪੈਂਦੀ ਹੈ ਕਿਉਂਕਿ ਇਸ ਦੇ ਖਿਲਾਫ ਕੁੱਝ ਨਾ ਕੁੱਝ ਚੁੱਪ, ਸਰਪ੍ਰਸਤੀ ਹੀ ਹੁੰਦੀ ਹੈ। ਦਰਅਸਲ, ਨੌਜਵਾਨ ਵਰਗ ਦੀ ਸੋਚ ਨੂੰ ਖੁੰਢਾ ਕਰਨ ਲਈ ਸਮੇਂ ਦੇ ਹਾਕਮ ਸਮਾਜ ਦੀ ਅਜਿਹੀ ਗੰਦਗੀ ਦਾ ਪਸਾਰਾ ਗਿਣੀ-ਮਿਥੀ ਸਾਜਿਸ਼ ਤਹਿਤ ਖਿਲਾਰਦੇ ਹਨ ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ। ਅੱਜ ਦਾ ਯੁਵਾ ਵਰਗ (ਲੜਕੇ ਅਤੇ ਲੜਕੀਆਂ) ਬੇਰੁਜ਼ਗਾਰੀ ਦੀ ਚੱਕੀ ਵਿੱਚ ਲਗਾਤਾਰ ਪਿਸ ਰਿਹਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਲਈ ਬੇਕਾਰ ਘੁੰਮ ਰਹੇ ਨੌਜਵਾਨਾਂ `ਤੇ ਇਸ ਅਸ਼ਲੀਲਤਾ ਰੂਪੀ ਗੰਦਗੀ ਦਾ ਪ੍ਰਭਾਵ ਜਲਦੀ ਪੈਂਦਾ ਹੈ। ਇਸ ਅਸ਼ਲੀਲਤਾ ਦੀ ਹਨੇਰੀ ਕਾਰਨ ਹੀ ਮੁੰਡੇ-ਕੁੜੀਆਂ (ਪ੍ਰੇਮੀ ਜੋੜਿਆਂ) ਦੇ ਫਰਾਰ ਹੋਣ ਦੀ ਦਰ `ਚ ਲਗਾਤਾਰ ਤੇਜੀ ਨਾਲ ਵਾਧਾ ਹੋ ਰਿਹਾ ਹੈ, ਨਤੀਜੇ ਵਜੋਂ ਅਜਿਹੇ ਅਪ੍ਰਵਾਨਤ ਰਿਸ਼ਤੇ ਜਲਦੀ ਹੀ ਟੁੱਟ ਜਾਂਦੇ ਹਨ ਅਤੇ ਪ੍ਰੇਮੀ ਜੋੜਿਆਂ ਦਾ ਬਾਕੀ ਸਾਰਾ ਜੀਵਨ ਦੁੱਖਾਂ ਦੀ ਖਾਨ ਬਣ ਜਾਂਦਾ ਹੈ। ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਰਾਜਿਆਂ, ਯੋਧਿਆਂ, ਸੰਤਾਂ ਅਤੇ ਅਵਤਾਰਾਂ ਨੂੰ ਜਨਮ ਦੇਣ ਵਾਲੀ ਇਸਤਰੀ ਅੱਜ ਆਪਣੇ ਆਪ ਨੂੰ ਖੁਦ ਹੀ ਅਪਮਾਣਿਤ ਕਰ ਰਹੀ ਹੈ।

ਦੂਜੇ ਪਾਸੇ ਸਿਤਮਜ਼ਰੀਫੀ ਇਹ ਹੈ ਕਿ ਅੱਜਕੱਲ੍ਹ ਸਾਡੇ ਪੰਜਾਬ ਵਿੱਚ ਮਾਦਾ ਭਰੂਣ ਹਤਿਆਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਨਾਲ ਹੀ ਅਸ਼ਲੀਲਤਾ ਵੀ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਇਨ੍ਹਾਂ ਬਿਮਾਰੀਆਂ ਦੀ ਲਪੇਟ ਵਿੱਚ ਹਰੇਕ ਵਰਗ ਆ ਰਿਹਾ ਹੈ। ਭਾਰਤ ਵਿੱਚ ਘੱਟ ਰਹੀ ਲੜਕੀਆਂ ਦੀ ਪ੍ਰਤੀਸ਼ਤ ਨੂੰ ਵੇਖ ਕੇ ਸਾਡੀ ਭਾਰਤ ਸਰਕਾਰ ਨੇ ਇਸ ਨੂੰ ਰੋਕਣ ਲਈ ਕਾਫੀ ਜ਼ੋਰ ਲਗਾਇਆ ਹੈ, ਪਰ ਸਰਕਾਰ ਨਾ-ਕਾਮਯਾਬ ਰਹੀ। ਮਾਦਾ ਭਰੂਣ ਹੱਤਿਆ ਸ਼ਰੇਆਮ ਹੋ ਰਹੀ ਹੈ। ਸਕੈਨ ਕਰਨ ਵਾਲਿਆਂ ਨੇ ਇਸ ਦੇ ਰੇਟ ਵਧਾ ਕੇ ਅੰਦਰ ਖਾਤੇ ਟੈਸਟ ਕਰਕੇ, ਗਰਭਪਾਤ ਕਰਕੇ ਚੰਗਾ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦਾ ਲਗਾਇਆ ਜ਼ੋਰ ਵਿਅਰਥ ਹੀ ਗਿਆ ਹੈ।

ਦਰਅਸਲ, ਸਾਡਾ ਸਮਾਜ ਪਿਤਾ ਪੁਰਖੀ ਮਰਦ ਪ੍ਰਧਾਨ ਸਮਾਜ ਹੈ। ਇਸ ਸਮਾਜ ਦੇ ਪ੍ਰਭਾਵ ਅਧੀਨ ਪੁੱਤਰ ਪ੍ਰਾਪਤੀ ਦੀ ਚਾਹ ਮਰਦ ਵਾਂਗੂੰ ਔਰਤ ਅੰਦਰ ਵੀ ਧੱਸ ਚੁੱਕੀ ਹੈ ਅਤੇ ਅਜੋਕੀ ਔਰਤ ਵੀ ਇਸ ਪਿਤਾ ਪੁਰਖੀ ਮਰਦ ਪ੍ਰਧਾਨ ਸਮਾਜ ਦੀ ਇੱਕ ਵੱਡੀ ਵਾਹਕ ਬਣ ਗਈ ਹੈ। ਖ਼ੈਰ! ਇਹ ਸਭ ਕੁੱਝ ਉਨਾ ਚਿਰ ਇਸੇ ਤਰ੍ਹਾਂ ਹੀ ਚਲਦਾ ਰਹੇਗਾ ਜਿੰਨਾ ਚਿਰ ਅਸੀਂ ਸਾਰੇ ਰਲ ਕੇ ਕੋਈ ਠੋਸ ਕਦਮ ਨਹੀਂ ਚੁੱਕਦੇ। ਜਿੰਨਾ ਚਿਰ ਅਸੀਂ ਸਾਡੇ ਸਮਾਜ ਵਿੱਚ ਅਮਲੀ ਰੂਪ `ਚ ਧੀਅ ਨੂੰ ਪੂਰਾ ਹੱਕ ਨਹੀਂ ਦਿਵਾਉਂਦੇ ਅਤੇ ਇਹ ਨਹੀਂ ਸਮਝ ਲੈਂਦੇ ਕਿ ਔਰਤ ਭਗਤ ਸਰਾਭੇ ਜਾਂ ਗੁਰੂ ਨਾਨਕ ਜੀ ਵਰਗੇ ਮਹਾਂਪੁਰਸ਼ਾਂ ਦੀ ਜਨਣੀ ਹੈ ਅਤੇ ਇਸ ਵਿੱਚ ਵਿਸ਼ਵਾਸ਼ ਪੈਦਾ ਨਹੀਂ ਕਰ ਦਿੰਦੇ ਕਿ ਇਹ ਵੀ ਸਚਮੁਚ ਇਨਸਾਨ ਹੈ ਅਤੇ ਇਸ ਨੂੰ ਵੀ ਜਿਉਣ ਦਾ ਪੂਰਾ ਹੱਕ ਹੈ, ਉਨਾ ਚਿਰ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹਨ।

ਅਖੀਰ ਵਿੱਚ ਮੈਂ ਸਾਡੇ ਸਮਾਜ, ਸਰਕਾਰ, ਬੁੱਧੀਜੀਵੀਆਂ ਅਤੇ ਹੋਰ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਸਭ ਨੂੰ ਰਲ ਕੇ ਮਾਦਾ ਭਰੂਣ ਹੱਤਿਆ ਅਤੇ ਅਸ਼ਲੀਲਤਾ ਵਰਗੀ ਨਾਮੁਰਾਦ ਬਿਮਾਰੀ ਦੀ ਰੋਕਥਾਮ ਲਈ ਹਰ ਪਾਸਿਉਂ ਵੱਡੀ ਪੱਧਰ `ਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਸਾਰੇ ਵਰਗਾਂ ਦੇ ਸਾਂਝੇ ਯਤਨਾਂ ਨਾਲ ਹੀ ਇਨ੍ਹਾਂ ਖ਼ਤਰਨਾਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਉਪਰੰਤ ਹੀ ਸਮਾਜ ਵਿੱਚ ਇਸਤਰੀ ਦੇ ਸਥਾਨ `ਚ ਕੁੱਝ ਹੱਦ ਤੱਕ ਸੁਧਾਰ ਆ ਸਕਦਾ ਹੈ।

ਅਮਿਤ ਕੁਮਾਰ ਲਾਡੀ

ਪ੍ਰਧਾਨ “ਆਲਰਾਊਂਡ ਸਾਹਿਤ ਸਭਾ”

ਆਲਰਾਊਂਡ ਭਵਨ, ਡੋਡਾਂ ਸਟਰੀਟ, ਫਰੀਦਕੋਟ

ਮੋਬਾ: 98157-75626




.