.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 22)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਰਣਜੀਤ ਸਿੰਘ ਢੱਡਰੀਆ ਵਾਲਾ

ਇਸ ਸਾਧ ਬਾਰੇ ਪਹਿਲੀਆਂ ਦੋਵੇਂ ਕਿਤਾਬਾਂ ਵਿੱਚ ਕਾਫੀ ਕੁੱਝ ਲਿਖਿਆ ਹੈ ਇਹ ੨੨ ਕੁ ਸਾਲ ਦਾ ਛੋਕਰਾ, ਮਹਾਰਾਜ ਕਹਾਉਂਦਾ ਹੈ। ਇੱਕ ਕੈਸਿਟ ਵਿੱਚ ਇਸਨੇ ਸੰਤ ਕਰਮ ਸਿੰਘ ਦੇ ਅਕਾਲ ਚਲਾਣੇ ਦੀ ਗੱਲ ਕੀਤੀ ਹੈ ਅਤੇ ਇਹ ਆਪ ਵੀ ਰੋਇਆ ਅਤੇ ਹੋਰਨਾਂ ਨੂੰ ਵੀ ਰੁਵਾ ਰਿਹਾ ਹੈ ਜਨਾਨੀਆਂ ਵਾਂਗ ਰੋ ਕੇ ਸੱਚਾ ਹੋ ਰਿਹਾ ਹੈ। ਕਹਿ ਰਿਹਾ ਹੈ ਕਿ ਸੰਤ ਜੀ ਮਾਲਕੋ, ਤੁਸੀਂ ਕਿਧਰ ਚਲੇ ਗਏ ਸਾਨੂੰ ਯਤੀਮ ਕਰ ਗਏ ਸਾਡਾ ਕੌਣ ਵਾਰਿਸ ਹੈ ਇਤਿ ਆਦਿ। ਪਰ ਇਸਨੂੰ ਅਸੀਂ ਪੁੱਛਦੇ ਹਾਂ ਕਿ ਜੁੱਗੋ ਜੁੱਗ ਅਟੱਲ ਸਤਿਗੁਰੂ ਗ੍ਰੰਥ ਸਾਹਿਬ ਜੀ ਸਾਡੇ ਮਾਲਕ ਹਨ ਅਸੀਂ ਤਾਂ ਕਦੇ ਵੀ ਯਤੀਮ ਹੋ ਹੀ ਨਹੀਂ ਸਕਦੇ। ਕੀ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਵੀ ਇਸ ਨੂੰ ਗੁਰੂ ਤੇ ਸ਼ੱਕ ਹੈ? ਇਹ ਗੁਰੂ ਤਾਂ ਕਦੇ ਵੀ ਮਰ ਨਹੀਂ ਸਕਦਾ। ਇਹਨੇ ਕੀ ਸਮਝਿਆ ਗੁਰੂ ਨੂੰ? ਕੀ ਵਿਸ਼ਵਾਸ਼ ਹੈ ਇਸਨੂੰ ਗੁਰੂ ਤੇ? ਕਈ ਕਹਿੰਦੇ ਇਹ ਤਾਂ ਅੰਮ੍ਰਿਤ ਬਹੁਤ ਛਕਾ ਰਿਹਾ ਹੈ। ਇਸਨੂੰ ਤਾਂ ਗੁਰੂ ਤੇ ਉਂਝ ਹੀ ਵਿਸ਼ਵਾਸ਼ ਨਹੀਂ ਇਹਨੇ ਬੰਦੇ ਨੂੰ ਮਾਲਕ ਸਮਝ ਲਿਆ ਪਰ ਗੁਰੂ ਇਸਨੂੰ ਦਿੱਸਿਆ ਹੀ ਨਹੀਂ ਕੀ ਇਹ ਸੰਤ ਕਰਮ ਸਿੰਘ ਦਾ ਅੰਮ੍ਰਿਤ ਛਕਾ ਰਿਹਾ ਹੈ? ਸੰਤ ਕਰਮ ਸਿੰਘ ਬਾਰੇ ਉਪਰ ਲਿਖ ਆਇਆ ਹਾਂ ਕਿਵੇਂ ਧੱਜੀਆਂ ਉਡਾਈਆ ਗੁਰਮਤਿ ਦੀਆਂ ਇਹਨਾਂ ਰਲ ਮਿਲ ਕੇ। ਇਹ ਢੱਡਰੀਆਂ ਵਾਲਾ ਸਾਧ ਜਿਹਨਾਂ ਨੂੰ ਅੰਮ੍ਰਿਤ ਛਕਾਉਂਦਾ ਹੈ ਉਹਨਾਂ ਨੂੰ ਕਹਿੰਦਾ ਹੈ ਕਿ ਗਾਤਰਿਆਂ ਦਾ ਰੰਗ ਕੇਵਲ ਨੀਲਾ ਹੋਵੇ ਕਿਉਂਕਿ ਪਤਾ ਲੱਗੇ ਕਿ ਇਹ ਗੁਰੂ ਦਾ ਸਿੱਖ ਬਣਨ ਦੀ ਬਜਾਏ ਢੱਡਰੀਆਂ ਵਾਲੇ ਦਾ ਸਿੱਖ ਬਣ ਗਿਆ ਹੈ। ਅੱਗੇ ਵੀ ਕਈ ਸਾਧਾਂ ਨੇ ਇਥੇ ਨਵੇਂ ਨਵੇਂ ਕਈ ਪੰਥ ਅਤੇ ਕਈ ਮਰਯਾਦਾ ਬਣਾਈਆਂ ਹੋਈਆਂ ਹਨ। ਇਹ ਵੀ ਉਹੀ ਕੁੱਝ ਕਰ ਰਿਹਾ ਹੈ। ਗੁਰੂ ਫੁਰਮਾਨ ਹੈ “ਦੁਨੀਆਂ ਦੀ ਸੋਭਾ ਚਾਰ ਦਿਹਾੜੇ ਇਸ ਜਾਦੀ ਬਿਲਮ ਨ ਹੋਇ॥” ਇਹ ਦੁਨੀਆਂ ਦੀ ਸੋਭਾ ਕੇਵਲ ੪ ਦਿਨ ਦੀ ਹੁੰਦੀ ਹੈ ਇਹਨੂੰ ਖਤਮ ਹੁੰਦਿਆਂ ਕੋਈ ਦੇਰ ਨਹੀਂ ਲਗਦੀ। ਫਿਰ ਕਈ ਕਹਿੰਦੇ ਇਹਦੇ ਦੀਵਾਨਾਂ ਵਿੱਚ ਲੋਕ ਬਹੁਤ ਹੁੰਦੇ ਹਨ। ਕੀ ਸਿਨੇਮੇ ਹਾਲਾਂ ਵਿੱਚ ਲੋਕ ਨਹੀਂ ਹੁੰਦੇ? ਕੀ ਬਿਆਸਾ ਵਾਲਿਆਂ ਦੇ ਡੇਰੇ ਲੋਕ ਨਹੀਂ ਹੁੰਦੇ? ਹੰਸ ਰਾਜ ਹੰਸ ਜਿਥੇ ਗਾਉਂਦਾ, ਗਾਉਣ ਵਾਲੀਆਂ ਲੱਗਦੀਆਂ ਹਨ ਉਥੇ ਲੋਕ ਨਹੀਂ ਹੁੰਦੇ? ਅੱਜ ਕੱਲ੍ਹ ਨਿਰੰਕਾਰੀ ਵੀ ਬੜੇ ਵੱਡੇ ਸਮਾਗਮ ਕਰਦੇ ਹਨ ਕੀ ਉਥੋਂ ਲੋਕ ਨਹੀਂ ਹੁੰਦੇ? ਜਿਥੇ ਰਾਜਨੀਤਕ ਲੀਡਰ ਭਾਸ਼ਨ ਦਿੰਦੇ ਹਨ ਕੀ ਉਥੇ ਲੋਕ ਨਹੀਂ ਹੁੰਦੇ? ਨੰਗੇ ਨਾਚ ਅਖਾੜੇ ਰੰਗ ਤਮਾਸ਼ੇ ਜਿਥੇ ਲੱਗਦੇ ਕੀ ਉਥੇ ਲੋਕ ਨਹੀਂ ਹੁੰਦੇ? ਕਈ ਤਾਂ ਢੱਡਰੀਆਂ ਵਾਲੇ ਦੀ ਸ਼ਕਲ ਵੇਖਣ ਹੀ ਜਾਂਦੇ ਹਨ, ਮਾਈਆਂ ਬੀਬੀਆਂ ਕਹਿੰਦੀਆਂ ਦੇਖੋ ਨੀ ਭੈਣੋ, ਕਿੱਡਾ ਸੋਹਣਾ ਨਿੱਕਾ ਜਿਹਾ ਬਾਬਾ, ਵੇਖੋ ਇਹਦੀ ਪੱਗ ਕਿੱਡੀ ਸੋਹਣੀ, ਇਹਦਾ ਚੋਲ੍ਹਾ ਕਿੱਡਾ ਸੋਹਣਾ, ਇਹਦਾ ਵਾਜਾ ਕਿੱਡਾ ਸੋਹਣਾ, ਇਹਦੇ ਹੱਥਾਂ ਦਾ ਰੰਗ ਕਿੱਡਾ ਚਿੱਟਾ, ਇਹਦੇ ਨਾਲ ਢੋਲਕੀਆਂ ਦੋ ਨੀ, ਕਈ ਥਾਂਈ ਤਾਂ ਇਕੋ ਢੋਲਕੀ ਲਈ ਫਿਰਦੇ ਹਨ, ਇਹਦੇ ਚਿਮਟੇ ਕਿੱਡੇ ਸੋਹਣੇ, ਵਜਾਉਣ ਵਾਲੇ ਵੀ ੧੦-੧੨ ਅਤੇ ਵਜਾਉਣ ਦਾ ਸਟਾਈਲ ਵੀ ਕਿੱਡਾ ਸੋਹਣਾ, ਫਿਰ ਕਮਾਲ ਦੀ ਗੱਲ ਬਾਬੇ ਦੀ ਆਵਾਜ ਕਿੱਡੀ ਸੋਹਣੀ, ਹੱਸਦਾ ਕਿੱਡਾ ਸੋਹਣਾ, ਰੋਂਦਾ ਕਿੰਨਾ ਸੋਹਣਾ। ਇਹੀ ਦੇਖਦੇ ਲੋਕ, ਟੀ ਸੀਰੀਜ਼ ਵਰਗੀਆਂ ਕੰਪਨੀਆਂ ਜੋ ਗੁਰਮਤਿ ਦੇ ਵਿਰੁੱਧ ਸਭ ਕੈਸਿਟਾਂ ਭਰਕੇ ਸਿੱਖਾਂ ਨੂੰ ਗੁਰਮਤਿ ਸਿਧਾਂਤ ਤੋਂ ਵਿਹੂਣੇ ਕਰਨ ਵਾਸਤੇ, ਗੁਰੂ ਨਾਲੋਂ ਤੋੜਨ ਵਾਸਤੇ ਧੜਾ ਧੜ ਵੇਚ ਕੇ ਬਹੁਤ ਕਮਾਈ ਕਰ ਰਹੀਆਂ ਹਨ। ਐਸੀਆਂ ਕੰਪਨੀਆਂ ਹੀ ਇਹਨਾਂ ਬਾਬਿਆ ਨੂੰ ਵਿਦੇਸ਼ੀ ਕਾਰਾਂ ਦਿੰਦੀਆ ਹਨ। ਕਿਉਂਕਿ ਇਹਨਾਂ ਦਾ ਖਿਆਲ ਹੈ ਜਿਹੜੇ ਗੁੜ ਦਿੱਤਿਆਂ ਮਰਦੇ ਹਨ ਇਹਨਾਂ ਨੂੰ ਜ਼ਹਿਰ ਦੇਣ ਦੀ ਕੀ ਲੋੜ? ਇਹ ਬਾਬਾ ਨਿਰਵੈਰ ਖਾਲਸਾ ਕਹਾਉਂਦਾ ਹੈ ਇਹਨੂੰ ਇਹ ਵੀ ਨਹੀਂ ਪਤਾ ਕਿ ਖਾਲਸਾ ਦੇ ਨਾਲ ਨਿਰਵੈਰ ਅੱਖਰ ਦੀ ਲੋੜ ਨਹੀਂ ਹੈ। ਮੈਂ ਪੁੱਛਿਆ ਸੀ ਕਿ ਇਤਨਾ ਹੀ ਦੱਸ ਦੇਹ ਕਿ ਖਾਲਸਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਪਰ ਕੋਈ ਜਵਾਬ ਨਹੀਂ ਆਇਆ।

ਕਨੇਡਾ ਵਿਖੇ ਪੰਜਾਬ ਰੇਡੀਉ ਤੇ ਹੋਈ ਇਸ ਸਾਧ ਦੀ ਗੱਲਬਾਤ ਜੋ ਕਿ ਪ੍ਰੋ: ਦਰਸ਼ਨ ਸਿੰਘ ਨਾਲ ਹੋਈ ਹੈ ਕੈਸਿਟ ਮੇਰੇ ਕੋਲ ਹੈ ਇਹਨੇ ਖੁਦ ਮੰਨਿਆ ਹੈ ਕਿ ਜਿਸ ਵੀਡੀਉ ਵਿੱਚ ਸ਼ਰੇਆਮ ਇਹ ਪੈਰਾਂ ਤੇ ਮੱਥਾ ਟਿਕਾ ਰਿਹਾ ਹੈ ਉਹ ਇਸੇ ਦੀ ਹੈ। ਕਈ ਇਹਦੇ ਸ਼ਰਧਾਲੂ ਇਹ ਵੀ ਝੂਠ ਬੋਲ ਰਹੇ ਹਨ ਕਿ ਇਹ ਵੀਡੀਉ ਕੰਪਿਊਟਰ ਨਾਲ ਬਣਾਈ ਹੈ, ਬਾਬੇ ਨੂੰ ਬਦਨਾਮ ਕਰਨ ਵਾਸਤੇ। ਜਦੋਂ ਕਿ ਬਾਬਾ ਖੁਦ ਮੰਨ ਰਿਹਾ ਹੈ ਕਿ ਮੇਰੀ ਹੈ, ਮੈਂ ਹੀ ਬਣਾਈ ਹੈ। ਇਹਨਾਂ ਸ਼ਰਧਾਲੂਆਂ ਨੂੰ ਮੈਂ ਕਹਿੰਨਾ ਕਿਤੇ ਇਹ ਨਾ ਕਹਿ ਦਿਉ ਕਿ ਗੁਰੂ ਗ੍ਰੰਥ ਸਾਹਿਬ ਵੀ ਕੰਪਿਊਟਰ ਨਾਲ ਬਣਾਏ ਗਏ ਹਨ। ਤੁਸੀਂ ਇਹਨਾਂ ਬਾਬਿਆ ਨੂੰ ਹੀ ਖੁਦਾ ਮੰਨੀ ਜਾ ਰਹੇ ਹੋ ਗੁਰੂ ਨੇ ਤਾਂ ਕਿਹਾ ਗੁਰੂ ਮਾਨਿਉਂ ਗ੍ਰੰਥ। ਕੀ ਇਹ ਕਦੇ ਵੀ ਤੁਹਾਡੇ ਧਿਆਨ ਵਿੱਚ ਨਹੀਂ ਆਇਆ ਸਿੱਖ ਕੌਮ ਅੰਦਰ ੩੭੫ ਸਾਲ ਤਾਂ ਇੱਕ ਵੀ ਬੰਦੇ ਨੇ ਸਾਧ ਸੰਤ ਬਾਬਾ ਨਹੀਂ ਕਹਾਇਆ ਸਾਰੇ ਭਾਈ ਸਨ। ਭਾਈ ਦਾ ਅਰਥ ਭਰਾ। ਇਹ ਸੰਤ ਕਿਥੋਂ ਜੰਮ ਪਏ? ਕੀ ਉਦੋਂ ਸਿੰਘ ਕੀਰਤਨ ਨਹੀਂ ਸੀ ਕਰਦੇ? ਸੋ ਪ੍ਰੋ: ਦਰਸ਼ਨ ਸਿੰਘ ਨੇ ਰੇਡੀਉ ਤੇ ਇਸ ਸਾਧ ਨੂੰ ਕਿਹਾ ਕਿ ਕੋਈ ਵੀ ਸੰਤ ਨਹੀਂ ਕਹਾ ਸਕਦਾ।

ਇਹ ਕਹਿੰਦਾ ਮੈਂ ਕਿਨੂੰ ਕਿਹਾ ਮੈਨੂੰ ਸੰਤ ਆਖੋ। ਕੀ ਇਹਦੇ ਡੇਰੇ ਲੱਗੇ ਬੋਰਡਾਂ ਤੇ ਇਹਨੇ ਸੰਤ ਨਹੀਂ ਲਿਖਵਾਇਆ? ਕੀ ਇਹਦੀਆਂ ਵਿਕਦੀਆਂ ਕੈਸਿਟਾਂ ਤੇ ਸੰਤ ਨਹੀਂ ਲਿਖਿਆ? ਕੀ ਦੀਵਾਨਾ ਵਿੱਚ ਇਹ ਆਪਣੇ ਆਪ ਨੂੰ ਸੰਤ ਨਹੀਂ ਸ਼ੋਅ ਕਰਦਾ? ਹੋਰ ਇਹਨੇ ਚੁਬਾਰੇ ਤੇ ਚੜ੍ਹਕੇ ਕਹਿਣਾ ਮੈਂ ਸੰਤ ਹਾਂ। ਜਿਹੜੇ ਬੰਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਸੀ ਸ਼ਰਾਬ ਵੇਚਦੇ ਹਨ ਕੀ ਉਹਨਾਂ ਲਿਖਕੇ ਲਾਇਆ ਹੈ ਕਿ ਇਥੇ ਸ਼ਰਾਬ ਮਿਲਦੀ ਹੈ। ਉਹ ਸ਼ਰਾਬ ਨਾਂ ਪੁਲਿਸ ਫੜਦੀ ਹੈ ਲੋਕ ਉਥੇ ਆਪਣੇ ਆਪ ਟਿਕਾਣੇ ਤੇ ਸ਼ਰਾਬ ਲੈਣ ਜਾਂਦੇ ਹਨ। ਜਿਸਨੇ ਵੀ ਖੰਡ ਚਾਹ ਦੀ ਦੁਕਾਨ ਪਾਈ ਹੈ ਉਸੇ ਕੋਲ ਲੋਕ ਸੌਦਾ ਲੈਣ ਜਾਂਦੇ ਹਨ, ਜਿਹੋ ਜਿਹਾ ਸੌਦਾ ਉਹੋ ਜਿਹੀ ਦੁਕਾਨ। ਇਸੇ ਤਰ੍ਹਾਂ ਸੰਤ ਪੁਣੇ ਦੀਆਂ ਵੀ ਦੁਕਾਨਾਂ ਚੱਲ ਰਹੀਆਂ ਹਨ ਉਹੋ ਦਿਖਾਵਾ ਲੋਕਾਂ ਸਾਹਮਣੇ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਪਤਾ ਹੈ ਲੋਕ ਭੋਲੇ ਹਨ, ਦੁਕਾਨਾਂ ਚੱਲਦੀਆਂ ਹਨ ਲੋਕਾਂ ਨੂੰ ਅੰਧ ਵਿਸ਼ਵਾਸ਼ੀ ਬਣਾ ਕੇ, ਇਹ ਸਾਧ ਆਪਣਾ ਸੰਤਪੁਣਾ ਚਮਕਾ ਰਹੇ ਹਨ। ਹੋਰ ਕੋਈ ਮੁਨਾਦੀ ਕਰਾਉਣੀ ਹੈ ਕਿ ਮੈਂ ਸੰਤ ਹਾਂ। ਭੇਖ ਆਦਿ ਸਭ ਕੁੱਝ ਉਹੋ ਜਿਹਾ ਬਣਾਇਆ ਹੈ। ਕੁੱਝ ਐਸੇ ਨੁਕਤੇ ਹੁੰਦੇ ਹਨ ਜੋ ਬਿਨ ਬੋਲਿਆਂ ਹੀ ਸਮਝੇ ਅਤੇ ਸਮਝਾਏ ਜਾਂਦੇ ਹਨ। ਵੱਢ੍ਹੀਆਂ ਟੱਕੀਆਂ ਰਿਸ਼ਵਤਾਂ ਬੋਲ ਕੇ ਨਹੀਂ ਚੁੱਪ ਚੁਪੀਤੇ ਹੀ ਅਗਲੇ ਜੇਬਾਂ ਭਰ ਦਿੰਦੇ ਹਨ। ਕੀ ਕਦੇ ਰਿਸ਼ਵਤ ਦੀ ਕਿਸੇ ਨੇ ਰਸੀਦ ਦਿੱਤੀ ਜਾਂ ਲਈ ਹੈ? ਇਸੇ ਤਰ੍ਹਾਂ ਸੰਤਪੁਣਾ ਵੀ ਅੰਨਿਆਂ ਵਿੱਚ ਕਾਣਾ ਰਾਜਾ ਦੀ ਕਹਾਵਤ ਅਨੁਸਾਰ ਚੱਲ ਰਿਹਾ ਹੈ। ਪ੍ਰੋ: ਦਰਸ਼ਨ ਸਿੰਘ ਕਹਿੰਦੇ ਰਣਜੀਤ ਸਿੰਘ ਤੁਸੀਂ ਅੱਜ ਹੀ ਦੀਵਾਨ ਵਿੱਚ ਜਾ ਕੇ ਕਹੋਗੇ ਕਿ ਅੱਜ ਤੋਂ ਮੈਂ ਕੋਈ ਸੰਤ ਨਹੀਂ ਹਾਂ ਮੈਂ ਰਣਜੀਤ ਸਿੰਘ ਹਾਂ ਜਿਥੇ ਕੋਈ ਮੈਨੂੰ ਸੰਤ ਰਣਜੀਤ ਸਿੰਘ ਕਹੇਗਾ ਮੈਂ ਉਥੇ ਦੀਵਾਨ ਤੇ ਨਹੀਂ ਜਾਵਾਂਗਾ। ਜੋ ਵੀਰ ਦੋਹਾਂ ਦੇ ਵਿਚਕਾਰ ਇੰਟਰਵਿਊ ਕਰਵਾ ਰਹੇ ਸੀ ਉਹਨਾਂ ਵੀ ਇਹੀ ਕਿਹਾ ਪਰ ਇਹ ਸਾਧ ਉਸ ਗੱਲ ਵੱਲ ਨਹੀਂ ਆਇਆ। ਸਵਾਲ ਉਹ ਕੋਈ ਕਰਦੇ ਸੀ ਜਵਾਬ ਇਹ ਹੋਰ ਦਿੰਦਾ ਸੀ। ਸੋ ਮੇਰਾ ਕਹਿਣ ਤੋਂ ਭਾਵ ਇਹਨਾਂ ਦੀਆਂ ਨੀਅਤਾਂ ਦੇਹਧਾਰੀ ਗੁਰੂ ਬਣਨ ਦੀਆਂ ਹਨ। ਇਸਦਾ ਬਹੁਤ ਵੱਡਾ ਸਬੂਤ ਇਸਦੇ ਪਟਿਆਲੇ ਡੇਰੇ ਜਨਮ ਦਿਨ ਤੇ ਬਣੀ ਹੋਈ ਵੀਡੀਉ ਕੈਸਿਟ ਤੇ ਕੁੱਝ ਅੰਸ਼ ਤੁਹਾਡੇ ਸਨਮੁਖ ਪੇਸ਼ ਕਰ ਰਿਹਾ ਹਾਂ। ਪੂਰੀ ਕੈਸਿਟ ਸਾਡੇ ਕੋਲ ਹੈ ਹਜ਼ਾਰਾਂ ਕੈਸਿਟਾਂ ਅਸੀਂ ਲੋਕਾਂ ਵਿੱਚ ਵੰਡ ਚੁੱਕੇ ਹਾਂ।

ਓਹਿ ਹਰਿ ਕੇ ਸੰਤ ਨਾ ਆਖੀਅਹਿ ਬਾਨਾਰਸਿ ਕੇ ਠਗ॥

ਢੱਡਰੀਆਂ ਵਾਲੇ ਸਾਧ ਰਣਜੀਤ ਸਿੰਘ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ

ਸਰੀ (ਚੜ੍ਹਦੀ ਕਲਾ ਬਿਊਰੋ) ਦੇਸ ਵਿਦੇਸ਼ ਵਿੱਚ ਆਪਣੇ ਦੀਵਾਨਾਂ ਅੰਦਰ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਕਰਨ ਦੇ ਸਮਰੱਥ ਹੋਣ ਕਾਰਨ ਦਿਨਾਂ ਵਿੱਚ ਹੀ ਮਸ਼ਹੂਰ ਹੋਏ ਨੌਜਵਾਨ ਸਾਧ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਇੱਕ ਵੀਡੀਓ ਅੱਜ ਕਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਸ ਵੀਡੀਓ ਵਿੱਚ ਸਾਧ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਆਪਣੇ ਸਿਰ ਤੇ ਕਲਗੀ ਸਜਾ ਰੱਖੀ ਹੈ ਅਤੇ ਰੇਸ਼ਮੀ ਪੁਸ਼ਾਕ ਪਾ ਕੇ ਸੂਰਵੰਸ਼ੀ ਗੱਦੀ ਤੇ ਬੈਠਾ ਆਪਣਾ ਜਨਮ ਦਿਨ ਮਨਾ ਰਿਹਾ ਹੈ।

ਸਟੇਜ ਤੇ ਵੱਡੇ ਵੱਡੇ ਉਪਦੇਸ਼ ਦੇਣ ਵਾਲਾ ਇਹ ਸਾਧ ਆਪਣੇ ਮੂਹਰੇ ਗੋਲਕ ਦੀ ਜਗ੍ਹਾ ਟੋਕਰੀ ਰੱਖ ਕੇ ਬੈਠਾ ਹੈ। ਵੱਡੀ ਗਿਣਤੀ ਵਿੱਚ ਸੰਗਤ ਲਾਈਨਾਂ ਬਣਾ ਕੇ ਮੱਥਾ ਟੇਕਣ ਲਈ ਵਾਰੀ ਦੀ ਉਡੀਕ ਵਿੱਚ ਖੜ੍ਹੀ ਹੈ। ਹਾਲਾਂ ਕਿ ਗੁਰੂ ਦਾ ਸਿੱਖ ਮੱਥਾ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟੇਕਦਾ ਹੈ ਪਰ ਇਸ ਵੀਡੀਓ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਆਮ ਲੋਕਾਂ ਤੋਂ ਇਲਾਵਾ ਅੰਮ੍ਰਿਤਧਾਰੀ ਬੀਬੀਆਂ ਅਤੇ ਭਰਾ ਪੂਰੀ ਤਰ੍ਹਾਂ ਬਾਬੇ ਦੇ ਚਰਨਾਂ ਤੇ ਝੁਕ ਕੇ ਮੱਥਾ ਟੇਕਦੇ ਹਨ। ਮੱਥਾ ਟੇਕ ਰਹੀਆਂ ਬੀਬੀਆਂ ਦੇ ਸਿਰਾਂ ਤੇ ਇਹ ਸਾਧ ਹੱਥ ਵੀ ਫੇਰਦਾ ਹੈ ਅਤੇ ਕਦੇ ਨਾਲ ਨਾਲ ਆਪਣੀਆਂ ਮੁੱਛਾਂ ਤੇ ਵੀ ਹੱਥ ਫੇਰਦਾ ਹੈ।

ਮੱਥਾ ਟੇਕਣ ਆਏ ਲੋਕ ਲਿਫਾਫਿਆਂ ਵਿੱਚ ਸਾਧ ਵਾਸਤੇ ਲਿਆਂਦੇ ਤੋਹਫੇ ਉਸ ਨੂੰ ਫੜਾ ਰਹੇ ਹਨ ਅਤੇ ਸਾਧ ਇਹ ਤੋਹਫੇ ਫੜ ਫੜ ਰੱਖੀ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਸ਼ਨ ਇਸ ਵੀਡੀਓ ਵਿੱਚ ਬੰਦ ਹਨ, ਜਿਨ੍ਹਾਂ ਨੂੰ ਵੇਖ ਕੇ ਮਾੜੀ-ਮੋਟੀ ਸੂਝ ਬੂਝ ਰੱਖਣ ਵਾਲੇ ਹਰ ਸਿੱਖ ਦਾ ਸਿਰ ਸ਼ਰਮ ਨਾਲ ਝੁਕਦਾ ਹੈ।

ਨਾਲ ਦਿੱਤੀਆਂ ਤਸਵੀਰਾਂ ਇਸ ਵੀਡੀਓ ਵਿਚੋਂ ਲਈਆਂ ਗਈਆਂ ਹਨ, ਜਿਨ੍ਹਾਂ ਦੀ ਕੁਆਲਿਟੀ ਬਹੁਤੀ ਵਧੀਆ ਨਹੀਂ ਹੈ। ਇਸ ਸਮਾਗਮ ਦੀ ਪੂਰੀ ਵੀਡੀਓ ਦੀਆਂ ਸੀਡੀਆਂ ਵੰਡੀਆਂ ਹਨ ਤਾਂ ਕਿ ਸੰਗਤਾਂ ਨੂੰ ਭੇਡਾਂ ਸਮਝਕੇ ਠੱਗਣ ਵਾਲੇ ਅਜਿਹੇ ਬਨਾਰਸ ਦੇ ਠੱਗਾਂ ਨੂੰ ਬੇਨਕਾਬ ਕੀਤਾ ਜਾ ਸਕੇ।

ਟਰਾਟੋ ਅਤੇ ਕੈਲਗਿਰੀ ਦੇ ਉੱਦਮੀ ਸਿੱਖ ਇਸ ਵੀਡੀਓ ਨੂੰ ਗੁਰੂ ਘਰਾਂ ‘ਚ ਦਿਖਾ ਕੇ ਸੰਗਤਾਂ ਨੂੰ ਜਾਗਰਕ ਕਰਨ ਲਈ ਹੰਭਲੇ ਮਾਰ ਰਹੇ ਹਨ। ਉਮੀਦ ਹੈ ਕਿ ਯੂ ਕੇ ਦੇ ਸਥਾਨਕ ਗੁਰੂ ਘਰ ਵੀ ਢੱਡਰੀਆਂ ਵਾਲੇ ਸਾਧ ਨੂੰ ਬੇਨਕਾਬ ਕਰਦੀ ਇਹ ਵੀਡੀਓ ਸੰਗਤਾਂ ਨੂੰ ਵਿਖਾਉਣ ਲਈ ਅੱਗੇ ਆਉਣਗੇ। ਇੰਟਰਨੈਟ ‘ਤੇ ਇਸ ਵੀਡੀਓ ਦਾ ਕੁੱਝ ਹਿੱਸਾ ਵੇਖਣ ਲਈ ਲਿੰਕ ਹੈ -------

ਇਸ ਇੰਟਰਨੈਟ ਐਡਰੈੱਸ ਤੇ ਜਾ ਕੇ ਰਣਜੀਤ ਸਿੰਘ ਨਾਂ ਦੀ ਫਾਈਲ ਡਾਊਨ ਲੋਡ ਕਰ ਲਵੋ। ਵਿੰਡੋਜ ਮੀਡੀਆ ਪਲੇਅਰ ਦੀ ਮਦਦ ਨਾਲ ਇਹ ਫਿਲਮ ਕੰਪਿਊਟਰ ਤੇ ਵੇਖੀ ਜਾ ਸਕਦੀ ਹੈ। ਇਕ ਕੈਸਿਟ ਵਿੱਚ ਇਹ ਸਾਧ ਕਥਾ ਕਰ ਰਿਹਾ ਹੈ, ਲੋਕੀਂ ਸਾਨੂੰ ਕੜਾਹ ਖਾਣੇ ਕਹਿੰਦੇ ਹਨ, ਕੀ ਕਰੀਏ ਸੰਗਤ ਪ੍ਰੇਮ ਨਾਲ ਬਣਾ ਕੇ ਲਿਆਉਂਦੀ ਹੈ ਅਸੀਂ ਖਾਂਦੇ ਹਾਂ। ਇਹ ਜੋ ਪਹਿਲੀ ਕਾਰ ਸਾਨੂੰ ਸੰਗਤਿ ਨੇ ਦਿੱਤੀ ਸੀ, ਹੁਣ ਸੰਗਤਾਂ ਕਹਿਣ ਲੱਗੀਆਂ ਇਹ ਕਾਰ ਪੁਰਾਣੀ ਹੋ ਗਈ ਹੈ, ਇੱਕ ਹੋਰ ਬੜੀ ਮਹਿੰਗੀ ਕਾਰ ਸੰਗਤਾਂ ਨੇ ਦਿੱਤੀ, ਅਸੀਂ ਚੜੇ ਫਿਰਦੇ ਹਾਂ। ਕੋਈ ਸੇਵਕ ਆਪਣੇ ਬੱਚੇ ਬੱਚੀਆਂ ਵੀ ਪ੍ਰੇਮ ਨਾਲ ਸਾਡੇ ਸੇਵਕ ਬਣਾ ਦਿੰਦਾ ਹੈ। ਅਸੀਂ ਕਿਸੇ ਦਾ ਦਿਲ ਤਾਂ ਨਹੀਂ ਦੁਖਾ ਸਕਦੇ।

ਵਿਚਾਰ- ਮੈਂ ਇਹਨੂੰ ਸਾਧ ਨੂੰ ਪੁੱਛਦਾ ਹਾਂ ਕਿ ਕੀ ਮਲਕ ਭਾਗੋ ਦਾ ਦਿਲ ਦੁਖਾਇਆ ਸੀ ਗੁਰੂ ਨਾਨਕ ਸਾਹਿਬ ਜੀ ਨੇ? ਜਿਨ੍ਹਾਂ ਕਾਰਾਂ ਚੜ੍ਹਾਈਆਂ ਬੜੀ ਹੱਕ ਦੀ ਕਮਾਈ ਹੋਣੀ ਉਹਨਾਂ ਦੀ, ਤੁਸੀਂ ਜਹਿਰ ਨੂੰ ਮਿੱਠਾ ਕਰਕੇ ਖਾ ਰਹੇ ਹੋ ਨਤੀਜਾ ਠੀਕ ਨਹੀਂ ਹੋਵੇਗਾ? ਮਲਕ ਭਾਗੋ ਦੀ ਕਮਾਈ ਠੀਕ ਨਹੀਂ ਸੀ। ਗੁਰੂ ਨੇ ਜ਼ਹਿਰ ਸਮਝ ਕੇ ਮਾਲ ਪੂੜੇ ਨਹੀਂ ਸੀ ਖਾਧੇ। ਭਾਈ ਲਾਲੋ ਦਾ ਰੁੱਖਾ ਮਿੱਸਾ ਪਰਛਾਦਾ ਛਕਿਆ ਸੀ। ਆਪਣੀ ਜ਼ਮੀਰ ਤੋਂ ਪੁੱਛ ਕੇ ਉਤਰ ਦਿਉ। ਅਜੀਤ ਅਖਬਾਰ ਦੀ ੧੦-੯-੦੫ ਦੀ ਖਬਰ ਦੀ ਟੂਕ ਇਥੇ ਦੇ ਰਿਹਾ ਹਾਂ। ਮਾਨ ਹਾਈਮ-“ਸ੍ਰੀ ਗੁਰੂ ਗਰੰਥ ਸਾਹਿਬ” ਦਾ ਓਟ ਆਸਰਾ ਲੈ ਕੇ ਅੱਜ ਕੱਲ੍ਹ ਅਖੌਤੀ ਸਿੱਖ ਬਾਬੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਗੁਰਬਾਣੀ ਦੇ ਅਰਥ ਆਪਣੇ ਆਪਣੇ ਢੰਗ ਅਨੁਸਾਰ ਕਰਕੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਜੋੜਨ ਦੀ ਥਾਂ ਆਪਣੇ ਡੇਰਿਆਂ ਦੀ ਮਰਯਾਦਾ ਨਾਲ ਜੋੜ ਰਹੇ ਹਨ। ਗੁਰਦਵਾਰਾ ਸਿੰਘ ਸਭਾ ਪੈਰਿਸ (ਫਰਾਂਸ) ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਭਾਈ ਚੈਨ ਸਿੰਘ, ਭਾਈ ਰਘਬੀਰ ਸਿੰਘ ਕੁਹਾੜ, ਭਾਈ ਗੁਰਦਿਆਲ ਸਿੰਘ, ਭਾਈ ਸ਼ਿੰਗਾਰਾ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਦਵਿੰਦਰ ਸਿੰਘ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਨੂੰ ਲਿਖੇ ਪੱਤਰ ‘ਚ ਉਕਤ ਸ਼ਬਦ ਆਖੇ। ਪ੍ਰਬੰਧਕਾਂ ਨੇ ਵਿਸ਼ੇਸ਼ ਕਰਕੇ ਪਟਿਆਲਾ ਨੇੜੇ ਦੇ ਇੱਕ ਬਾਬੇ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਸਨੇ (ਢੱਡਰੀਆਂ ਵਾਲੇ) ਆਪਣਾ ਜਨਮ ਦਿਨ ਮਨਾਉਂਦਿਆਂ ਅੰਮ੍ਰਿਤਧਾਰੀ ਸਿੱਖਾਂ ਤੋਂ ਮੱਥੇ ਟਿਕਵਾਏ। ਅਸ਼ੀਰਵਾਦਾਂ ਦਿੱਤੀਆਂ। ਪੰਜਾਂ ਪਿਆਰਿਆ ਤੋਂ ਵੀ ਮੱਥਾ ਟਿਕਵਾਇਆ ਇਸ ਵੀਡੀਉ ਫਿਲਮ ਵਿੱਚ ਦੇਖੇ ਜਾ ਸਕਦੇ ਹਨ। ਪ੍ਰਬੰਧਕ ਕਮੇਟੀ ਨੇ ਜਥੇਦਾਰ ਨੂੰ ਸਨਿਮਰ ਬੇਨਤੀ ਕਰਦਿਆਂ ਅਜਿਹੀਆਂ ਸਿੱਖ ਸਿਧਾਂਤ ਵਿਰੋਧੀ ਕਾਰਵਾਈਆਂ ਰੋਕਣ ਲਈ ਕਿਹਾ।

ਅਜੀਤ ਵਿਚੋਂ ਧੰਨਵਾਦ ਸਾਹਿਤ।

ਸੋ ਜਦੋਂ ਇਹ ਕੈਸਿਟ ਵੀਡੀਉ ਅਸੀਂ ਲੋਕਾਂ ਵਿੱਚ ਵੰਡੀ ਤਾਂ ਸਾਰੇ --- ਨੰਬਰਾਂ ਤੇ ਫੋਨ ਆਏ ਕਿ ਇਹ ਕੀ ਪਾਖੰਡ ਕਰ ਰਿਹਾ ਹੈ ਸਾਧ? ਇਹ ਤਾਂ ਗੁਰੂ ਬਣ ਬੈਠਾ। ਅਸੀਂ ਇਹਦੀਆਂ ਕੀਰਤਨ ਦੀਆਂ ਕੈਸਿਟਾਂ ਭੰਨ ਦਿਤੀਆਂ ਹਨ ਅਤੇ ਇਹਦੇ ਦੀਵਾਨਾਂ ਵਿੱਚ ਕਦੇ ਨਾ ਜਾਣ ਦਾ ਫੈਸਲਾ ਕੀਤਾ ਹੈ। ਸੋ ਇਸ ਬਹੁਤ ਚਲਾਕ ਬਣਨ ਵਾਲੇ ਸਾਧ ਦਾ ਜਲਦੀ ਹੀ ਪਾਜ ਉਘੜ ਗਿਆ। ਗੁਰ ਫੁਰਮਾਨ ਹੈ “ਉਘੜ ਗਇਆ ਜੈਸੇ ਖੋਟਾ ਢਬੂਆ ਜਬ ਨਦਰਿ ਸਰਾਫਾ ਆਇਆ॥”

ਇਥੇ ਮੈਨੂੰ ਇੱਕ ਘਟਨਾ ਯਾਦ ਆ ਗਈ ਚੋਹਲੇ ਇੱਕ ਸਾਧ ਨੇ ਕਿਹਾ ਹੋਇਆ ਸੀ ਕਿ ਉਹ ਕੁੱਝ ਵੀ ਖਾਂਦਾ ਨਹੀਂ ਹੈ ਤਿਆਗੀ ਹੈ। ਪਰ ਅੰਦਰ ਵੜ੍ਹ ਕੇ ਚੋਰੀ ਰੋਟੀਆਂ ਦਾ ਥੱਬਾ ਖਾਂਦਾ ਸੀ ਅਤੇ ਜੰਗਲ ਪਾਣੀ ਵੀ ਚੋਰੀ ਹੀ ਇੱਕ ਪਾਣੀ ਨਾਲ ਭਰੇ ਛੱਪੜ ਵਿੱਚ ਜਾ ਆਉਂਦਾ ਇੱਕ ਦਿਨ ਕਿਸੇ ਨੇ ਰੌਲਾ ਪਾ ਦਿੱਤਾ ਕਿ ਸਾਧ ਦੀ ਨੇਨੀ ਛੱਪੜ ਵਿੱਚ ਤਰ ਰਹੀ ਹੈ ਇਹ ਤਾਂ ਰੋਟੀਆਂ ਖਾਂਦਾ ਹੈ ਅਜੇ ਤੱਕ ਉਥੇ ਇਹ ਗੱਲ ਮਸ਼ਹੂਰ ਹੈ ਕਿ ਚੋਹਲੇ ਵਾਲੇ ਸਾਧ ਦੀ ਨੇਨੀ ਤਰ ਗਈ। ਸੋ ਐਸ ਤਰ੍ਹਾਂ ਤਰਦੀਆਂ ਹਨ ਨੇਨੀਆਂ ਇਹਨਾਂ ਸਾਧਾਂ ਦੀਆਂ। ਹੰਸ ਬਿਰਤੀ ਵਾਲੇ ਗੁਰੂ ਦੇ ਸਿੱਖ ਝੂਠ ਸੱਚ ਨਿਤਾਰ ਦਿੰਦੇ ਹਨ ਉਹ ਜਾਣਦੇ ਹਨ ਕਿ ਧਰਮ ਦੇ ਨਾਂ ਤੇ ਪਾਖੰਡ ਠੱਗੀ ਇਹ ਸੰਤ ਕਿਵੇਂ ਚਲਾ ਰਹੇ ਹਨ।

ਇਸ ਚਰਚਿਤ ਵੀਡੀਉ ਵਿੱਚ ਇਸ ਸਾਧ ਨੇ ਸੋਨੇ ਦੀਆਂ ਚੈਨੀਆਂ ਅਤੇ ਛਾਪਾਂ ਪੁਆਈਆਂ ਅਤੇ ਚੈਨੀਆਂ ਨੂੰ ਹੱਥਾਂ ਵਿੱਚ ਬਾਰ ਬਾਰ ਫੜ ਕੇ ਦੇਖ ਰਿਹਾ ਹੈ ਸਟੇਜਾਂ ਤੇ “ਕੂੜ ਸੋਇਨਾ ਕੂੜ ਰੂਪਾ” ਸੁਣਾਉਂਦਾ ਹੈ। ਛੋਟੇ ਸਾਹਿਬਜ਼ਾਦੇ ਜੋ ੭-੮ ਸਾਲ ਦੇ ਸਨ। ਉਹਨਾਂ ਦੀ ਸ਼ਹਾਦਤ ਇਹ ਸਟੇਜ ਤੇ ਸੁਣਾਉਂਦਾ ਹੈ ਪਰ ਇਸ ਤੇ ਉਸ ਸ਼ਹਦਾਤ ਦਾ ਰਤਾ ਵੀ ਅਸਰ ਨਹੀਂ ਹੈ ਉਹਨਾਂ ਸਾਹਿਬਜ਼ਾਦਿਆਂ ਨੂੰ ੭-੮ ਸਾਲ ਦੀ ਉਮਰ ਵਿੱਚ ਮੌਤ ਯਾਦ ਆ ਗਈ ਇਹਨੂੰ ੨੨-੨੩ ਸਾਲ ਦੀ ਉਮਰ ਵਿੱਚ ਵੀ ਜਨਮ ਦਿਨ ਚੇਤੇ ਆ ਰਿਹਾ ਹੈ ਇਥੋਂ ਸਿੱਧ ਹੁੰਦਾ ਜੋ ਇਹ ਲੋਕਾਂ ਨੂੰ ਸੁਣਾਉਂਦਾ ਹੈ ਇਸਦੇ ਜੀਵਨ ਵਿੱਚ ਕੋਈ ਅਸਰ ਨਹੀਂ ਹੈ ਕੇਵਲ ਚੁੰਚ ਗਿਆਨੀ ਹੈ।

ਇਸਦੇ ਇੱਕ ਚੇਲੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਇਹ ਤਾਂ ਪੁੱਜਿਆ ਸੰਤ ਹੈ ਇਹਨੇ ਤਾਂ ਪਹਿਲਾਂ ਹੀ ਭਵਿੱਖ ਵਾਕ ਕਹਿ ਦਿੱਤੇ ਹਨ ਕਿ ਮੇਰੀ (ਢੱਡਰੀਆਂ ਵਾਲੇ ਦੀ) ੨੦੦੭ ਵਿੱਚ ਮੌਤ ਹੋ ਜਾਣੀ ਹੈ। ਮੈਂ ਕਿਹਾ ਹੁਣ ਭੱਜਦਾ ਕਿਧਰ ਹੈਂ ਇਸਨੂੰ ਕਹੋ ਮੈਦਾਨ ਵਿੱਚ ਰਹਿ। ਦੂਸਰੀ ਗੱਲ ਇਹ ਇੱਕ ਸ਼ੋਸ਼ਾ ਹੈ ੨੦੦੭ ਵਿੱਚ ਇੱਕ ਸ਼ੋਸ਼ਾ ਹੋਰ ਛੱਡਣਾ ਪਵੇਗਾ ਕਿ ਕਿਸੇ ਗੈਬੀ ਸ਼ਕਤੀ ਨੇ ਇਹਨੂੰ ਕਿਹਾ ਹੈ ਕਿ ਤੈਥੋਂ ਬਿਨਾ ਇਥੇ ਕੰਮ ਨਹੀਂ ਚੱਲਣਾ ਤੇਰੀ ਉਮਰ ਵੱਧ ਗਈ ਹੈ। ਇਸ ਤਰ੍ਹਾ ਸਾਧ ਵਾਦ ਦੀ ਦੁਨੀਆਂ ਵਿੱਚ ਇਹ ਸ਼ੋਸ਼ੇਬਾਜੀ ਆਮ ਚਲਦੀ ਹੈ। ਕਨੇਡਾ ਵਿੱਚ ਜੋ ਇਸਦੀ ਪ੍ਰੋ: ਦਰਸ਼ਨ ਸਿੰਘ ਨਾਲ ਪੰਜਾਬ ਰੇਡੀਉ ਤੇ ਗੱਲ ਬਾਤ ਹੋਈ। ਰਣਜੀਤ ਸਿੰਘ ਕਹਿੰਦਾ ਦੂਜੇ ਕੀਰਤਨੀਆਂ ਨੇ ਜਾਇਦਾਦ ਬਣਾਈ ਹੈ ਮੈਂ ਕਿਹੜੀ ਜਾਇਦਾਦ ਬਣਾਈ ਹੈ? ਪਰ ਮੈਂ ਇਹਨੂੰ ਪੁੱਛਦਾਂ ਜੋ ਤੇਰੇ ਕੋਲ ਗੱਡੀਆਂ ਹਨ ਕੀ ਇਹ ਤੇਰੇ ਨਾਮ ਨਹੀਂ? ਜੋ ਗੁਰਦੁਆਰੇ ਦੀ ਜ਼ਮੀਨ, ਡੇਰਾ, ਡੇਰੇ ਵਿੱਚ ਉਹ ਕੋਠੀ ਜਿਥੇ ਤੇਰੀ ਰਿਹਾਇਸ਼ ਹੈ ਕੀ ਉਹ ਤੇਰੇ ਨਾਮ ਨਹੀਂ? ਕੀ ਇਹ ਤੇਰੀ ਜਾਇਦਾਦ ਨਹੀਂ? ਹੁਣ ਤਾਂ ਰੋਜ ਅਖਬਾਰਾਂ ਵਿੱਚ ਆ ਰਿਹਾ ਹੈ ਕਿ ੧੭੮ ਡੇਰੇ ਸ਼ੱਕ ਦੇ ਘੇਰੇ ਵਿਚ, ਆਈ ਬੀ ਵੱਲੋਂ ਜਾਂਚ ਹੋਵੇਗੀ ਕਿ ਇਹ ਪੈਸਾ ਕਿਥੋਂ ਆਇਆ? ਇਹਨਾਂ ਡੇਰਿਆਂ ਵਿੱਚ ਨਸ਼ੱਈ ਅਤੇ ਅਪਰਾਧੀ ਲੋਕ ਰਹਿੰਦੇ ਹਨ ਇਹਨਾਂ ਨੂੰ ਡੇਰਿਆਂ ਵਿਚੋਂ ਕੱਢ ਕੇ ਇਹਨਾਂ ਤੇ ਮੁਕੱਦਮੇ ਚਲਾਏ ਜਾਣਗੇ। ਡੇਰੇਦਾਰ ਸਾਧਾਂ ਦੇ ਕਾਲੇ ਧਨ ਦੀ ਜਾਂਚ ਹੋਵੇਗੀ। ਹੁਣ ਤਾਂ ਸਾਧ ਆਪਣੇ ਜਿਉਂਦਿਆਂ ਹੀ ਆਪਣੇ ਪੁੱਤਰਾਂ ਦੇ ਨਾਂ ਵਸੀਅਤ ਕਰ ਦਿੰਦੇ ਹਨ ਇਸਦੇ ਸਬੂਤ ਸਾਡੇ ਕੋਲ ਹਨ ਜਿਸ ਤਰ੍ਹਾਂ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਅਤੇ ਹੋਰ ਕਈ ਸਾਧ ਐਸਾ ਕਰ ਰਹੇ ਹਨ। ਯਾਦ ਰਖੋ ਜਿਹੜੀ ਵੀ ਜਾਇਦਾਦ ਗੁਰੂ ਗ੍ਰੰਥ ਸਾਹਿਬ ਜਾਂ ਲੋਹ ਲੰਗਰ ਦੇ ਨਾਂ ਨਾਂਹ ਹੋਵੇ ਉਹ ਸਾਧ ਦੀ ਆਪਣੀ ਜਾਇਦਾਦ ਹੈ ਉਸ ਡੇਰੇ ਨੂੰ ਗੁਰੂ ਘਰ ਕਹਿਣਾ ਪਾਪ ਹੈ ਅਤੇ ਉਸ ਸਾਧ ਨੂੰ ਸੰਤ ਕਹਿਣਾ ਪਾਖੰਡ ਹੈ? ਡੇਰੇ ਬਣਾ ਕੇ ਗੇਟ ਤੇ ਵੱਡੇ ਵੱਡੇ ਬੋਰਡ ਲਾਉਣੇ (ਸੰਤ ਬਾਬਾ ਰਣਜੀਤ ਸਿੰਘ ਮਹਾਰਾਜ ਢੱਡਰੀਆਂ ਵਾਲੇ) ਕੀ ਇਹ ਅਡਵਰਟੀਈਜ਼ਮੈਂਟ ਨਹੀਂ? ਕੀ ਇਹ ਪਾਖੰਡ ਨਹੀਂ, ਗੁਰਮਤਿ ਤੋਂ ਉਲਟ ਮਨਮੱਤੀ ਕਹਾਣੀਆਂ ਸੁਣਾ ਕੇ ਸੰਗਤ ਦਾ ਧਿਆਨ ਆਪਣੇ ਵੱਲ ਖਿੱਚਣਾ, ਇਹ ਪਾਖੰਡ ਨਹੀਂ, ਵਾਜੇ, ੨-੨ ਢੋਲਕੀਆਂ ੮-੧੦ ਚਿਮਟੇ ਇਹ ਕੀ ਹੈ? ਇੱਕ ਵਾਜਾ ਇੱਕ ਢੋਲਕੀ ੨ ਚਿਮਟੇ ਨਾਲ ਕੀਰਤਨ ਨਹੀਂ ਹੋ ਸਕਦਾ? ਕਦੇ ਕਾਲਾ ਚੋਲਾ, ਕਾਲੀ ਪੱਗ, ਕਦੇ ਗੋਟੇ ਵਾਲਾ ਚੋਲਾ, ਕਦੇ ਗੋਟੇ ਵਾਲੀ ਪੱਗ, ਧਾਰੀਆਂ ਵੰਨ ਸੁਵੰਨੇ ਇਹ ਭੇਖ ਕੀ ਇਹ ਪਾਖੰਡ ਨਹੀਂ? ਜਦੋਂ ਕਿ ੮ ਲੱਖ ਦੀ ਕਾਰ ਵਿੱਚ ਵੀ ਸਫਰ ਹੋ ਸਕਦਾ ਹੈ ਪਰ ੫੦ ਲੱਖ ਕਾਰ ਇਹ ਪ੍ਰਦਰਸ਼ਨੀ ਕਿਸ ਵਾਸਤੇ? ਕੀ ਦਿਮਾਗ ਕੰਮ ਨਹੀਂ ਕਰਦਾ। ਐਸੇ ਵੀ ਗੁਰੂ ਦੇ ਸਿੱਖ ਹਨ ਪੰਜਾਬ ਵਿੱਚ ਰਹਿੰਦੇ ਜਿੰਨਾ ਕੋਲ ਕਛਿਹਰੇ ਵਾਸਤੇ ਪੈਸੇ ਨਹੀ ਹਨ ਤੁਸੀਂ ਇਹ ੫੦-੫੦ ਲੱਖ ਦੀਆਂ ਕਾਰਾਂ ਕਿਸ ਨੂੰ ਦਿਖਾਉਂਦੇ ਹੋ? ਦੁਕਾਨਾਂ ਤੇ “ਗੁਰੂ ਗ੍ਰੰਥ ਸਾਹਿਬ” ਦੇ ਸੌਦੇ ਹੋ ਰਹੇ ਹਨ ਇਹ ੫੦੦ ਦਾ, ਇਹ ੧੦੦੦ ਦਾ, ਇਹ ੨੦੦੦ ਦਾ ਸ਼ਰਮ ਨਾਲ ਡੁੱਬ ਕੇ ਮਰਨ ਦੀ ਬਜਾਏ ਤੁਸੀਂ ੫੦-੫੦ ਲੱਖ ਦੀਆਂ ਕਾਰਾਂ ਕਿਸ ਨੂੰ ਦਿਖਾਉਂਦੇ ਹੋ? ਕੀ ਇਹ ਪਾਖੰਡ ਨਹੀਂ? ਇਹ ਪ੍ਰਦਰਸ਼ਨੀ ਨਹੀਂ? ਇੱਕ ਥਾਂ ਦੀਵਾਨ ਵਿੱਚ ਢੱਡਰੀਆਂ ਵਾਲਾ ਸਾਧ ਕਹਿੰਦਾ ਮੇਰੀਆਂ ਕਾਰਾਂ ਦੇਖ ਕੇ ਜਰਦੇ ਨਹੀਂ, ਕਹਿੰਦਾ ਰਿਕਸ਼ੇ ਲੈ ਦਿਉ। ਤੂੰ ਰਿਕਸ਼ਿਆਂ ਦੀ ਗੱਲ ਕਰਦਾ ਹੈਂ ਯਾਦ ਰੱਖ ਸਮਾਂ ਕਿਸੇ ਦਾ ਲਿਹਾਜ ਨਹੀਂ ਕਰਦਾ ਸਮਾਂ ਨੇੜੇ ਆ ਰਿਹਾ ਹੈ ਤੁਹਾਨੂੰ ਸਾਈਕਲ ਵੀ ਨਹੀਂ ਮਿਲਣਾ ਤੁਸੀਂ ਰਿਕਸ਼ਿਆਂ ਦੀਆਂ ਗੱਲਾਂ ਕਰਦੇ ਹੋ? ਇਹ ਭਾਦਰੋਂ ਦੀਆਂ ਖੁੰਬਾਂ ਵਾਂਗ ਜਲਦੀ ਜਲਦੀ ਉੱਗੇ ਸਾਧ ਬਹੁਤੀ ਦੇਰ ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਣਗੇ। ਭਾਦਰੋਂ ਦੀਆਂ ਖੁੰਬਾਂ ਰੂਪੀ ਸਾਧਵਾਦ ਉਪਰ ਗੁਰਬਾਣੀ ਗੁਰਮਤਿ ਪ੍ਰਚਾਰ ਪਾਸਾਰ ਰੂਪੀ ਸਪਰੇਅ ਕਰਕੇ ਹੇਠਾਂ ਬਿਠਾ ਰਹੇ ਹਾਂ। ਸਿੱਖਾਂ ਨੂੰ ਜਾਗਰਿਤ ਕਰਨ ਵਾਸਤੇ ਇਹ ਲਿਖਤਾਂ ਇਹ ਤਹਿਰੀਰ ਦਾ ਗੁਲੂਕੋਜ਼ ਲਾ ਰਹੇ ਹਾਂ। ਇਹ ਕਹਿੰਦਾ ਮੈਂ ਅੰਮ੍ਰਿਤ ਛਕਾਉਨਾ। ਕਈ ਸ਼ਰਾਬੀ ਬੰਦਿਆਂ ਨੇ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਹੋਵੇ ਉਹ ਰਾਤੋ ਰਾਤ ਅੰਮ੍ਰਿਤ ਛਕ ਲੈਂਦੇ ਹਨ, ਕੇਵਲ ਦਿਖਾਵੇ ਵਾਸਤੇ, ਮਤਲਬ ਵਾਸਤੇ, ਲਾਲਚ ਵਾਸਤੇ ਅੰਮ੍ਰਿਤ ਛਕੇ ਛਕਾਏ ਜਾ ਰਹੇ ਹਨ ਬਹੁਤ ਥਾਂਈ ਅੰਮ੍ਰਿਤ ਦਾ ਮਾਖੌਲ ਉਡਾਇਆ ਜਾ ਰਿਹਾ ਹੈ। ਸਿੱਖਾਂ ਦੇ ਭੇਖ ਵਿੱਚ (ਆਰ ਐਸ ਐਸ) ਵੀ ਅੰਮ੍ਰਿਤ ਛਕ-ਛਕਾ ਰਹੀ ਹੈ। ਜੋ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵੇਖਣਾ ਚਾਹੁੰਦੀ ਹੈ। ਇਹ ਸਾਧ ਵੀ ਬਹੁਤੇ ਬੁੱਢਿਆਂ ਨੂੰ ਅੰਮ੍ਰਿਤ ਛਕਾਉਂਦੇ ਹਨ। ਗੁਰੂ ਦਾ ਅੰਮ੍ਰਿਤ ਪਾਸੇ ਕਰਕੇ ਇਹਨਾਂ ਸਾਧਾਂ ਨੇ ਆਪਣੇ ਹੀ ਅੰਮ੍ਰਿਤ, ਆਪਣੇ ਹੀ ਪੰਥ, ਆਪਣੀਆਂ ਵੱਖਰੀਆਂ ਵੱਖਰੀਆਂ ਹਜ਼ਾਰਾਂ ਮਰਯਾਦਾ ਬਣਾ ਕੇ ਸਿੱਖਾਂ ਨੂੰ ਵੱਖ ਵੱਖ ਧੜਿਆਂ ਵਿੱਚ ਵੰਡਣ, ਸਿੱਖਾਂ ਦੀ ਏਕਤਾ ਨੂੰ ਖੇਰੂੰ-ਖੇਰੂੰ ਕਰਨ ਵਾਸਤੇ ਵੱਡਾ ਰੋਲ ਨਿਭਾਇਆ ਹੈ ਇਹਨਾਂ ਸਾਧਾਂ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਪੰਥ ਦਾ ਅੰਗ ਨਹੀਂ ਮੰਨਿਆਂ ਹਰ ਸਾਧ ਆਪਣੀ ਢਾਈ ਪਾ ਖਿਚੜੀ ਵੱਖ-ਵੱਖ ਥਾਂ ਪਕਾਈ ਬੈਠਾ ਹੈ। ਕੋਈ ਕਹਿੰਦਾ ਟਕਸਾਲ ਦਾ ਸਿੰਘ ਹਾਂ ਕੋਈ ਕਹਿੰਦਾ ਮੈਂ ਰਣਧੀਰ ਸਿੰਘ ਦਾ ਸਿੰਘ ਹਾਂ ਕੋਈ ਕਹਿੰਦਾ ਮੈਂ ਕਰਮ ਸਿੰਘ ਹੋਤੀ ਮਰਦਾਨ ਦਾ ਚੇਲਾ ਹਾਂ ਕੋਈ ਕਹਿੰਦਾ ਮੈਂ ਬਿਆਸ ਵਾਲਿਆਂ ਦਾ ਹਾਂ, ਕੋਈ ਕਹਿੰਦਾ ਮੈਂ ਨੂਰਮਹਿਲੀਆਂ ਦਾ ਸਿੰਘ ਹਾਂ, ਕੋਈ ਨਿਰੰਕਾਰੀਆਂ ਦਾ ਕੋਈ ਭਨਿਆਰੀਆਂ ਦਾ ਕੋਈ ਕਹਿੰਦਾ ਹੈ ਬਾਬਾ ਢੱਡਰੀਆਂ ਵਾਲੇ ਦਾ ਅੰਮ੍ਰਿਤ ਛਕਿਆ ਮੈਂ ਉਸਦਾ ਸਿੰਘ ਹਾਂ, ਕੋਈ ਹੰਨੇ ਦੀ ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੰਕਾ ਸਰਵਰ ਦਾ। ਪਰ ਮੈਂ ਪੁੱਛਦਾ ਹਾਂ ਗੁਰੂ ਦਾ ਸਿੰਘ ਕੌਣ ਹੋਇਆ? ਗੁਰੂ ਦਾ ਅੰਮ੍ਰਿਤ ਕਿਸ ਨੇ ਛਕਿਆ ਹੈ? ਸਾਧਾਂ ਦੇ ਡੇਰਿਆਂ ਵਿੱਚ ਬੋਰਡਾਂ ਤੇ ਗਿਣਤੀਆਂ ਲਿਖੀਆਂ ਹਨ ਇਸ ਸਾਧ ਨੇ ੨ ਲੱਖ ਨੂੰ ਅੰਮ੍ਰਿਤ ਛਕਾਇਆ। ਇਸ ਸਾਧ ਨੇ ਤਿੰਨ ਲੱਖ ਨੂੰ ਅੰਮ੍ਰਿਤ ਛਕਾਇਆ, ਇਹਨਾਂ ਸਾਰਿਆਂ ਦਾ ਟੋਟਲ ਕਰੀਏ ਤਾਂ ਇਤਨੀ ਸਿੱਖ ਕੌਮ ਦੀ ਗਿਣਤੀ ਵੀ ਨਹੀਂ ਬਣਦੀ ਜਿੰਨਿਆਂ ਨੂੰ ਇਹਨਾਂ ਅੰਮ੍ਰਿਤ ਛਕਾ ਦਿੱਤਾ ਹੈ। ਪਰ ਮੈਂ ਪੁੱਛਦਾ ਹਾਂ ਉਹ ਅੰਮ੍ਰਿਤਧਾਰੀ ਕਿਥੇ ਹਨ? ਕੀ ਉਹ ਧਰਤੀ ਦੇ ਥੱਲੇ ਗਿਠ ਮੁਠੀਆਂ ਕੋਲ ਰਹਿੰਦੇ ਹਨ? ਸੋ ਅੰਮ੍ਰਿਤ ਛਕਾਉਣਾ, ਲੜਕੀਆਂ ਦੇ ਵਿਆਹ ਕਰਨੇ ਵੀ ਗੁਰਸਿੱਖੀ ਨੂੰ ਮੁੱਖ ਰੱਖਕੇ ਨਹੀਂ ਕੇਵਲ ਇਹਨਾਂ ਸਾਧਾਂ ਦੀ ਅਡਵਰਟਾਈਜ਼ਮੈਂਟ ਹੀ ਹੈ। ਹਰ ਸਾਧ, ਗੁਰੂ ਦਾ ਸਿੱਖ ਬਣਨ ਦੀ ਬਜਾਏ ਜਗਤ ਦਾ ਮਸੀਹਾ ਬਣਨਾ ਚਾਹੁੰਦਾ ਹੈ। ਇਹਨਾਂ ਦੇ ਸਾਰੇ ਕੰਮ ਦੇਹਧਾਰੀ ਗੁਰੂ ਵਾਲੇ ਹੀ ਹਨ। ਜਿਸ ਵੀਡੀਊ ਕੈਸਿਟ ਨੂੰ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਵੰਡਿਆ ਉਸ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਾ ਸ਼ਰੇ ਆਮ ਸੂਰਜਵੰਸ਼ੀ ਗੱਦੀ ਲਾ ਕੇ ਅੰਮ੍ਰਿਤਧਾਰੀਆਂ ਤੋਂ ਮੱਥੇ ਟਿਕਾ ਕੇ ਸਿਰ ਤੇ ਹੱਥ ਧਰ ਕੇ ਅਸ਼ੀਰਵਾਦਾਂ ਦੇ ਰਿਹਾ ਹੈ ਇਹ ਪਾਖੰਡ ਨਹੀਂ ਹੈ? ਨੌਜਵਾਨ ਬੱਚੇ ਬੱਚੀਆਂ ਨੂੰ ਬੇਨਤੀ ਕਰਦਾ ਤੁਹਾਡੇ ਸਾਧ ਸੰਤ ਬੇਈਮਾਨ ਹੋ ਗਏ ਹਨ ਤੁਸੀਂ ਆਪ ਗੁਰਬਾਣੀ ਪੜ੍ਹੋ, ਵਿਚਾਰੋ, ਸਮਝੋ, ਮੰਨੋ ਤੁਹਾਡਾ ਹਲਤ ਪਲਤ ਆਪਣੇ ਆਪ ਸਵਰ ਜਾਵੇਗਾ। ਇਹਨਾਂ ਭੇਖੀਆਂ ਨੂੰ ਮੂੰਹ ਨਾ ਲਾਉ।

ਅੱਜ-ਨਾਮਾ

ਸੁੱਚਾ ਸਿੰਘ ਨੇ ਉੱਠ ਕੇ ਮੂੰਹ ਸੁੱਚੇ,

ਸੱਚੇ ਦਿਲੋਂ ਸੀ ਯਾਦ ਭਗਵਾਨ ਕੀਤਾ।

ਕੌਲਾ ਦਹੀਂ ਦਾ ਪਲਟ ਕੇ ਸਿਰ ਉਤੇ,

ਸਣੇ ਕੇਸੀਂ ਸੀ ਫੇਰ ਇਸ਼ਨਾਨ ਕੀਤਾ।

ਤੁਰਿਆ ਉਧਰ ਨੂੰ ਜਿਥੇ ਸੀ ਸੰਤ ਆਉਣੇ,

ਪਿਛਲੀ ਵਾਰ ਸੀ ਜਿਥੇ ਦੀਵਾਨ ਕੀਤਾ।

ਲ} ਗੇ ਹੋਏ ਤਾਂ ਉਥੇ ਸੀ ਸ਼ਾਮਿਆਨੇ,

ਉਦਾਂ ਜਾਪਦਾ ਸੀ ਸੁੰਨ ਸਾਨ ਕੀਤਾ।

ਪੁਛਿਆ ਕਿਸੇ ਤੋਂ ਦਸਿਆ ਉਸ ਅੱਗੋਂ,

ਥਾਣੇ ਰਾਤ ਦੇ ਸੰਤ ਜੀ ਤੜੇ ਪਏ ਨੇ।

ਕੀਤੀ ਸੰਤ ਨੇ ਰਾਤੀਂ ਕਰਤੂਤਿ ਐਸੀ,

ਚੇਲੇ ਸ਼ਰਮ ਨਾਲ ਅੰਦਰੀਂ ਵੜੇ ਪਏ ਨੇ।

ਚੇਲੇ ਸ਼ਰਮ ਨਾਲ ਅੰਦਰੀਂ ਵੜੇ ਪਏ ਨੇ।

ਤੀਸ ਮਾਰ ਖਾਂ

ਪਿਆਰੇ ਬੀਬੀਉ, ਭੈਣੋ, ਮਾਤਾਉ, ਸੁਣ ਲਉ, ਜੀਵਨ ਜੇਕਰ ਆਪਣਾ ਸੰਵਾਰਨਾ ਹੈ। ਭੇਖੀ ਸਾਧੂਆਂ ਵਿਹਲੜ ਪਾਖੰਡੀਆਂ ਨੂੰ, ਵਾਹ ਲੱਗਦੀ ਤੁਸੀਂ ਦੁਰਕਾਰਨਾ ਹੈ। ਕਦੇ ਭੁੱਲ ਕੇ ਇਹਨਾਂ ਨੂੰ ਪੂਜਣਾ ਨਹੀਂ, ਸ਼ਬਦ ਗੁਰੂ ਹੀ ਹਿਰਦੇ ਵਿੱਚ ਧਾਰਨਾ ਹੈ। ਕੌਮ ਵਿਚੋਂ ਇਹ ਭਰਮ ਪਾਖੰਡ ਕੱਢਣੇ, ਮਿਲਕੇ ਤੁਸਾਂ ਇਹ ਹੰਭਲਾ ਮਾਰਨਾ ਹੈ। ਗੁਰੂ ਬੀਬੀਆਂ ਦਾ ਭੁੱਖਾ ਨਹੀਂ ਮਰਦਾ, ਏਸ ਬਾਤ ਨੂੰ ਤੁਸੀਂ ਝੁਠਲਾ ਦਿਉ ਹੁਣ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ, ਨਕਲੀ ਗੁਰੂਆਂ ਦੀ ਅਲਖ ਮੁਕਾ ਦਿਉ ਹੁਣ।

ਅਨੂਪ ਸਿੰਘ ਨੂਰੀ
.