ਦੋ ਪੈਸਿਆਂ ਦੀ ਕਰਾਮਾਤ
ਇੱਕ ਸਾਧੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੇ ਮਿਲਣ ਆਉਂਦਾ ਹੈ, ਉਹ
ਦੱਸਦਾ ਹੈ ਕਿ ਗੁਰੂ ਜੀ ਮੈਂ ਇੱਕ ਬੜੀ ਕਰਾਮਾਤ ਉਹਾਨੂੰ ਦਿਖਾ ਸਕਦਾ ਹਾਂ। ਗੁਰੂ ਜੀ ਪੁੱਛਦੇ ਹਨ
ਕੀ? ਤਾਂ ਉਹ ਜਵਾਬ ਦਿੰਦਾ ਹੈ ਕਿ ਗੁਰੂ ਜੀ ਮੈਂ ੨੦ ਸਾਲ ਦੇ ਅਭਿਆਸ ਨਾਲ ਇਹ ਕਰਾਮਾਤ ਕਰ ਦਿਖਾਈ
ਹੈ ਕਿ ਮੈਂ ਪਾਣੀ ਉਪਰ ਤੁਰ ਸਕਦਾ ਹਾਂ। ਗੁਰੂ ਜੀ ਕੁੱਝ ਨਹੀ ਬੋਲੇ, ਕੇਵਲ ਮੁਸਕਰਾਏ। ਉਹ ਸਾਧੂ ਕਈ
ਦਿਨ ਤਰਲੇ ਜਿਹੇ ਲੈਦਾ ਰਿਹਾ ਕਿ ਗੁਰੂ ਜੀ ਮੇਰੀ ਕਰਾਮਾਤ ਜਰੂਰ ਦੇਖੋ, ਮੇਰੀ ਇਹ ੨੦ ਸਾਲ ਦੀ
ਘਾਲਣਾ ਹੈ। ਗੁਰੂ ਜੀ ਟਾਲਦੇ ਰਹੇ ਕਿ ਕੋਈ ਨਾ ਜਦ ਵਿਹਲ ਹੋਵੇਗਾ ਦੇਖ ਲਵਾਂਗੇ। ਸਾਧੂ ਸੋਚ ਕੇ ਆਇਆ
ਸੀ ਕਿ ਇਸ ਮੇਰੀ ਕਰਾਮਾਤ ਨਾਲ ਗੁਰੂ ਜੀ ਅਤੇ ਸਿੱਖ ਬੜੇ ਪ੍ਰਭਾਵਤ ਹੋਣਗੇ ਪਰ ਇਥੇ ਕੋਈ ਉਸ ਦੀ
ਇੰਨੀ ਕੀਤੀ ਹੋਈ ਮਿਹਨਤ ਵਲ ਧਿਆਨ ਹੀ ਨਹੀ ਸੀ ਦੇ ਰਿਹਾ। ਆਖਰ ਗੁਰੂ ਜੀ ਇੱਕ ਦਿਨ ਸੈਰ ਨੂੰ ਨਿਕਲੇ
ਤੇ ਉਸ ਸਾਧੂ ਨੂੰ ਨਾਲ ਲੈ ਗਏ। ਗੁਰੂ ਜੀ ਕਿਸ਼ਤੀ ਤੇ ਦਰਿਆ ਪਾਰ ਗਏ, ਕਿਸ਼ਤੀ ਵਾਲੇ ਨੂੰ ਦੋ ਪੈਸੇ
ਦਿੱਤੇ ਤੇ ਲੰਘ ਗਏ। ਮੁੜਦੇ ਹੋਏ ਫਿਰ ਕਿਸ਼ਤੀ ਵਾਲੇ ਨੂੰ ਦੋ ਪੈਸੇ ਦਿਤੇ ਉਰਲੇ ਪਾਰ ਆ ਗਏ। ਦਰਿਆ
ਪਾਰ ਜਾਣ ਤੋਂ ਲੈਕੇ ਹੁਣ ਤੱਕ ਸਾਧੂ ਸੋਚ ਰਿਹਾ ਸੀ ਕਿ ਗੁਰੂ ਜੀ ਮੇਰੀ ਕਰਾਮਾਤ ਦੇਖਣਗੇ ਅਤੇ
ਹੈਰਾਨ ਹੋਣਗੇ ਪਰ ਗੁਰੂ ਜੀ ਨੇ ਹਾਲੇ ਵੀ ਉਸ ਵਲ ਕੋਈ ਧਿਆਨ ਨਹੀ ਦਿਤਾ। ਆਖਰ ਉਹ ਫਿਰ ਬੋਲ ਪਿਆ ਕਿ
ਗੁਰੂ ਜੀ ਤੁਸੀਂ ਮੇਰੀ ਕਰਾਮਾਤ ਦੇਖੀ ਹੀ ਨਹੀ ਮੈਂ ੨੦ ਸਾਲ ਦੇ ਅਭਿਆਸ ਨਾਲ ਇਹ ਕੀਤੀ ਹੈ। ਤਾਂ
ਗੁਰੂ ਜੀ ਇਸ ਵਾਰੀ ਬੋਲੇ ਕਿ ਭਾਈ ਤੇਰੇ ਵਰਗਾ ਮੁਰਖ ਬੰਦਾ ਕੋਈ ਨਹੀ! ਸਾਧੂ ਹੋਰ ਪ੍ਰੇਸ਼ਾਨ ਹੋ ਗਿਆ
ਕਿ ਗੁਰੂ ਜੀ ਤਾਂ ਉਲਟਾ ਮੈਨੂੰ ਮੁਰਖ ਕਹਿ ਰਹੇ ਹਨ। ਉਸਨੇ ਦੁਬਾਰਾ ਪੁਛਿਆ ਕਿ ਗੁਰੂ ਜੀ ਮੈਂ ੨੦
ਸਾਲ ਘਾਲਣਾ ਘਾਲੀ ਹੈ ਤੁਸੀਂ ਮੈਨੂੰ ਮੂਰਖ ਕਹਿ ਰਹੇ ਹੋ? ਗੁਰੂ ਜੀ ਬੋਲੇ ਭਾਈ ਹੋਰ ਦਸ ਤੈਨੂੰ ਕੀ
ਕਹਾਂ, ਜਿਹੜਾ ਕੰਮ ਦੋ ਪੈਸਿਆਂ ਨਾਲ ਹੋ ਸਕਦਾ ਹੋਵੇ ਉਸ ਵਾਸਤੇ ਜਿੰਦਗੀ ਦੇ ੨੦ ਸਾਲ ਬਰਬਾਦ ਕਰਕੇ
ਕੋਈ ਕਿਵੇਂ ਸਿਆਣਾ ਕਿਹਾ ਜਾ ਸਕਦਾ ਹੈ! ਆਹ ਦੇਖ! ਤੇਰੇ ਸਾਹਮਣੇ ਅਸੀਂ ਕਿਸ਼ਤੀ ਵਾਲੇ ਨੂੰ ਦੋ ਪੈਸੇ
ਦਿਤੇ ਹਨ ਤੇ ਦਰਿਆ ਤੋਂ ਪਾਰ ਹੋ ਗਏ ਹਾਂ ਦੋ ਪੈਸਿਆਂ ਦੇ ਕੰਮ ਲਈ ਤੂੰ ੨੦ ਸਾਲ ਟੱਕਰਾਂ ਮਾਰੀਆਂ
ਹਨ ਇਹ ਮੂਰਖਤਾ ਨਹੀ ਤਾਂ ਹੋਰ ਕੀ ਹੈ?
ਸਿੱਖਾਂ ਦੇ ਬਾਰਾਂ?
ਸਕੂਲ ਵਿੱਚ ਜਦ ਵੀ ਅੱਧੀ ਛੁਟੀ ਹੁੰਦੀ ਤਾਂ ਮਾਸਟਰ-ਭੈਣਜੀਆਂ ਇਕੱਠੇ ਚਾਹ
ਪੀਣ ਤੇ ਗੱਪ ਸ਼ੱਪ ਮਾਰਨ ਬੈਠ ਜਾਂਦੇ। ਮਾਸਟਰ ਰਾਮ ਪ੍ਰਸਾਦ ਚੁੱਟਕਲਿਆਂ ਦੀ ਲੜੀ ਨਹੀ ਸੀ ਟੁਟਣ
ਦਿੰਦਾ, ਹਸਾ ਹਸਾ ਕੇ ਢਿੱਢੀਂ ਪੀੜਾ ਪਾ ਦਿੰਦਾ ਸੀ। ਉਹ ਹਰ ਦੂਜੇ ਚੌਥੇ ਸਿੱਖਾਂ ਦੇ ਬਾਰਾਂ ਵੱਜਣ
ਵਾਲਾ ਚੁਟਕਲਾ ਜਾਂ ਸਿੱਖਾਂ ਨਾਲ ਸਬੰਧਤ ਕੋਈ ਚੁਟਕਲਾ ਸੁਣਾਉਣਾ ਨਹੀ ਸੀ ਭੁੱਲਦਾ। ਬੇਸ਼ਕ ਉਥੇ
ਜਿਆਦਾ ਸਿੱਖ ਮਾਸਟਰ ਹੀ ਸਨ ਪਰ ਉਹ ਬਿਨਾ ਸਮਝੇ ਰਾਮ ਪ੍ਰਸਾਦ ਦੇ ਨਾਲ ਹੀ ਹੀ ਕਰੀ ਜਾਂਦੇ।
ਸਾਹਮਣੇ ਪਿੰਡ ਤੋਂ ਬਦਲ ਕੇ ਆਇਆ ਮਾਸਟਰ ਗੁਰਭੇਜ ਹਾਲੇ ਨਵਾ ਸੀ ਪਹਿਲਾਂ
ਤਾਂ ਉਹ ਕਈ ਦਿਨ ਇਹ ਚੁਟਕਲੇ ਬਾਜੀ ਸੁਣਦਾ ਰਿਹਾ ਪਰ ਮਾਸਟਰ ਰਾਮ ਪ੍ਰਸਾਦ ਦਾ ਸਿੱਖਾਂ ਦੇ ਬਾਰਾਂ
ਵੱਜਣ ਵਾਲਾ ਚੁਟਕਲਾ ਉਸਨੂੰ ਬੜਾ ਚੁਭਵਾਂ ਲੱਗਦਾ। ਉਹਨੂੰ ਨਾਲ ਵਾਲਿਆਂ ਤੇ ਵੀ ਖਿਝ ਚੜਦੀ ਜਿਹੜੇ
ਟੋਕਣ ਦੀ ਥਾਂ ਸਗੋਂ ਨਾਲ ਉਸਦੇ ਦੰਦ ਕੱਢਣ ਲੱਗ ਜਾਂਦੇ ਸਨ। ਰਾਮ ਪ੍ਰਸਾਦ ਸਿੱਖਾਂ ਦੇ ਬਾਰਾਂ ਵੱਜੇ
ਵਾਲਾ ਚੁਟਕਲਾ ਸੁਣਾ ਕੇ ਇੱਕ ਦਿਨ ਹੱਟਿਆ ਹੀ ਸੀ ਕਿ ਮਾਸਟਰ ਗੁਰਭੇਜ ਵੀ ਬੋਲ ਪਿਆ,
“ਸੁਣੋ ਮੈਨੂੰ ਵੀ ਇੱਕ ਚੁਟਕਲਾ ਯਾਦ ਆਇਆ! ਕਹਿੰਦੇ ਇੱਕ ਚੂਹਾ ਸੀ ਉਹ ਲਾਣ
ਵਿੱਚ ਡਿੱਗ ਪਿਆ ਥੋੜੇ ਨਸ਼ੇ ਦੇ ਲੋਰ ਵਿੱਚ ਜਾਕੇ ਨਦੀ ਵਿੱਚ ਨਹਾਉਂਦੇ ਹਾਥੀ ਨੂੰ ਵੰਗਾਰਨ ਲੱਗਾ ਕਿ
ਬਾਹਰ ਨਿਕਲ ਮੈ ਤੈਨੂੰ ਵੇਖਣਾ। ਹਾਥੀ ਬਾਹਰ ਆਇਆ ਤਾਂ ਕਹਿੰਦਾ ਜਾਹ ਮੈਂ ਸਿਰਫ ਇਹੀ ਵੇਖਣਾ ਸੀ ਕਿ
ਤੂੰ ਕਿਤੇ ਮੇਰਾ ਕੱਛਾ ਤਾਂ ਨਹੀ ਪਾਇਆ”।
ਸਾਰੇ ਹੱਸ ਪਏ ਪਰ ਰਾਮ ਪ੍ਰਸਾਦ ਬੋਲ ਪਿਆ “ਇਹ ਤਾਂ ਛੱਤੀ ਵਾਰ ਸੁਣਿਆ ਕੋਈ
ਨਵੀ ਗੱਲ ਸੁਣਾ”।
ਰਾਮਪ੍ਰਸਾਦ ਜੀ ਸਿੱਖਾਂ ਦੇ ਬਾਰਾਂ ਵਾਲਾ ਵੀ ਛੱਤੀ ਵਾਰ ਸੁਣਿਆ ਪਰ ਕਾਹਲੇ
ਕਿਉਂ ਪੈਦੇ ਹੋ ਅੱਗੇ ਸੁਣੋਂ। ਇਹ ਬਿੱਲਕੁਲ ਉਸਦੇ ਉਲਟ ਹੈ।
“ਕੱਲ ਮੈਂ ਚੂਹੇ ਉਪਰ ਹਾਥੀ ਚੜਿਆ ਜਾਂਦਾ ਦੇਖਿਆ”!
ਰਾਮਪ੍ਰਸਾਦ ਤੋਂ ਫਿਰ ਨਾ ਰਹਿ ਹੋਇਆ ਉਹ ਫਿਰ ਬੋਲ ਪਿਆ, “ਵਾਕਿਆ ਹੀ ਸਰਦਾਰ
ਜੀ ਤੁਹਾਡੇ ਬਾਰਾਂ ਵੱਜ ਗਏ ਨੇ, ਕਦੇ ਚੂਹੇ ਤੇ ਹਾਥੀ ਚੜਿਆ ਦੇਖਿਆ”?
“ਨਹੀ ਰਾਮਪ੍ਰਸਾਦ ਜੀ ਇੰਝ ਨਹੀ, ਕੱਲ ਮੈ ਸ਼ਹਿਰ ਗਿਆ, ਸ੍ਰੀ ਗਣੇਸ਼ ਜੀ ਦਾ
ਤਿਉਹਾਰ ਸੀ ਤੁਹਾਡੇ ਪੰਡੀਏ ਪਾਲਕੀ ਬਣਾ ਕੇ ਸ੍ਰੀ ਗਨੇਸ਼ ਜੀ ਨੂੰ ਚੂਹੇ ਉਪਰ ਚੜਾਈ ਜਾਂਦੇ ਸਨ!
ਰਾਮਪ੍ਰਸਾਦ ਨੂੰ ਸਮਝ ਨਹੀ ਸੀ ਆ ਰਹੀ ਕਿ ਕੀ ਕਹੇ ਕਿਉਂਕਿ ਉਸ ਨੂੰ ਪਤਾ ਸੀ
ਕਿ ਸ੍ਰੀ ਗਣੇਸ਼ ਦੀ ਸਵਾਰੀ ਪੁਰਾਣਾਂ ਮੁਤਾਬਕ ਚੂਹਾ ਹੈ। ਉਹ ਬੌਂਦਲਿਆ ਜਿਹਾ ਹੋਰ ਪਾਸੇ ਤੁਰ ਪਿਆ,
“ਦੇਖ ਬਈ ਮਾਸਟਰ, ਇਹ ਧਰਮ ਦਾ ਮਾਮਲਾ ਹੈ ਇਸ ਵਿੱਚ ਚੁੱਟਕਲੇ ਬਾਜੀ ਕਾਹਦੀ?
ਇਸ ਵਾਰੀ ਗੁਰਭੇਜ ਦੀ ਥਾਂ ਮਾਸਟਰ ਸਰਮੁੱਖ ਬੋਲ ਪਿਆ,
ਰਾਮਪ੍ਰਸਾਦ ਜੀ ਵੈਸੇ ਤੁਹਾਨੂੰ ਗੁੱਸਾ ਨਹੀ ਕਰਨਾ ਚਾਹੀਦਾ ਕਿਉਕਿ ਹੁਣ ਤੀਕ
ਜਿੰਨੇ ਚੁੱਟਕਲੇ ਤੁਸੀਂ ਸੁਣਾਏ ਬਾਹਲੇ ਇੰਝ ਦੇ ਹੀ ਸੀ।
ਮਾਸਟਰ ਸਰਮੁੱਖ ਦੇ ਬੋਲਣ ਨਾਲ ਗੁਰਭੇਜ ਦਾ ਹੌਸਲਾ ਹੋਰ ਵੱਧ ਗਿਆ ਉਹ ਕਹਿਣ
ਲੱਗਾ, ਰਾਮਪ੍ਰਸਾਦ ਜੀ, ਵੈਸੇ ਇੰਝ ਦੇ ਚੁੱਟਕੁਲੇ ਮੇਰੇ ਕੋਲੇ ਬਹੁਤ ਹਨ। ਕੋਈ ਉੱਲੂ ਤੇ ਚੜਿਆ ਜਾ
ਰਿਹਾ, ਕੋਈ ਗਰੁੜ ਤੇ (ਛੋਟੀ ਜਿਹੀ ਗਟਾਰ ਵਰਗਾ ਪੰਛੀ) ਕੋਈ ਬਲਦ ਤੇ, ਕੋਈ ਕੰਨਖਜੂਰੇ ਤੇ ਕੋਈ
ਗੱਧੇ ਤੇ, ਅਗਲੀ ਵਾਰੀ ਆਪਾਂ ਹੋਰ ਚੁੱਟਕਲੇਬਾਜੀ ਕਰਿਆ ਕਰਾਂਗੇ ਨਾਲੇ ਦੇਖਾਂਗੇ ਬਾਰਾਂ ਕਿਸਦੇ
ਵੱਜੇ ਹਨ?
ਪਰ ਉਸ ਤੋਂ ਬਾਅਦ ਮਾਸਟਰ ਰਾਮਪ੍ਰਸਾਦ ਉਸ ਮਹਿਫਲ ਵਿੱਚ ਆਇਆ ਹੀ ਨਹੀ।
ਸ਼ੇਰ
ਦਾਦੀ ਮਾਂ ਭਗਤ ਮਾਲਾ ਵਿਚੋਂ ਬੜੇ ਪ੍ਰੇਮ ਨਾਲ ਸਾਖੀਆਂ ਪੜ ਰਹੀ ਸੀ।
ਖੇਡਦੇ-ਖੇਡਦੇ ਪੋਤੇ ਦੋ ਉਸਦੇ ਕੋਲ ਆਕੇ ਬੈਠ ਗਏ।
ਦਾਦੀ ਮਾਂ ਅਸੀਂ ਵੀ ਸਾਖੀ ਸੁਣਨੀ ਹੈ।
ਤੇ ਦਾਦੀ ਮਾਂ ਉਹੀ ਸਾਖੀ ਜਿਹੜੀ ਉਹ ਪਹਿਲਾਂ ਪੜ ਰਹੀ ਸੀ ਸ਼ੁਰੂ ਤੋਂ
ਸੁਣਾਉਣ ਲੱਗਦੀ ਹੈ।
ਸਾਖੀ ਭਗਤ ਪੀਪਾ ਜੀ ਦੀ ਸੀ ਕਿ ਇੱਕ ਵਾਰ ਭਗਤ ਪੀਪਾ ਜੀ ਅਤੇ ਉਹਨਾ ਦੀ
ਪਤਨੀ ਸੀਤਾ ਜੀ ਜੰਗਲ ਵਿੱਚ ਜਾ ਰਹੇ ਸਨ ਕਿ ਤੁਰਦਿਆਂ ਤੁਰਦਿਆਂ ਭਗਤ ਜੀ ਅਤੇ ਉਹਨਾ ਦੀ ਪਤਨੀ ਵਿੱਚ
ਕਾਫੀ ਵਿਥ ਪੈ ਗਈ। ਸੀਤਾ ਜੀ ਨੂੰ ਪਿਆਸ ਲੱਗੀ ਤਾਂ ਉਹ ਰੁਕ ਕੇ ਪਾਣੀ ਪੀਣ ਲਗ ਗਏ ਕਿ ਅਚਾਨਕ
ਪਿੱਛੋਂ ਤੋਂ ਤਾੜਦੇ ਆਉਂਦੇ ਇੱਕ ਪਠਾਣ ਨੇ ਸੀਤਾ ਜੀ ਨੂੰ ਆਣ ਦਬੋਚਿਆ ਅਤੇ ਧੁਹ ਕੇ ਜੰਗਲ ਵਿੱਚ ਲੈ
ਗਿਆ।
ਭਗਤ ਜੀ ਦੀ ਪਤਨੀ ਸੀਤਾ ਜੀ ਨੇ ਹੋਰ ਕੋਈ ਵਾਹ ਨਾ ਲੱਗਦੀ ਦੇਖ ਪ੍ਰਭੂ ਨੂੰ
ਯਾਦ ਕੀਤਾ, ਉਸ ਅੱਗੇ ਅਰਦਾਸ ਕੀਤੀ ਤਾਂ ਪ੍ਰਭੂ ਸ਼ੇਰ ਦਾ ਰੂਪ ਧਾਰਕੇ ਪਠਾਣ ਉਪਰ ਝੱਪਟ ਪਿਆ ਅਤੇ
ਉਸਨੂੰ ਅਪਣੀਆਂ ਨੌਹਦਰਾਂ ਨਾਲ ਪਾੜ ਸੁੱਟਿਆ ਤੇ ਸੀਤਾ ਜੀ ਦੀ ਰੱਖਿਆ ਕੀਤੀ।
ਬੱਚੇ ਬੜੇ ਧਿਆਨ ਨਾਲ ਸੁਣ ਰਹੇ ਸਨ ਖਾਸ ਕਰ ਸ਼ੇਰ ਵਾਲਾ ਜ਼ਿਕਰ ਉਹਨਾ ਨੂੰ
ਚੰਗਾ ਲੱਗ ਰਿਹਾ ਸੀ ਪਰ ਅਚਾਨਕ ਛੋਟਾ ਪੋਤਾ ਪੁੱਛਦਾ ਹੈ,
ਦਾਦੀ ਮਾਂ ਸ਼ੇਰ ਕਿੱਡਾ ਕੁ ਸੀ?
ਬਹੁਤ ਵੱਡਾ ਸੀ ਸ਼ੇਰ ਹਾਂਅ।
ਦਾਦੀ ਮਾਂ ਸ਼ੇਰ ਦੇ ਪੂਛ ਵੀ ਲਗੀ ਹੋਈ ਸੀ?
ਦਾਦੀ ਨੂੰ ਜਾਪਿਆ ਛੋਟਾ ਜਿਹਾ ਬੱਚਾ ਇਕਦਮ ਬਹੁਤ ਵੱਡਾ ਹੋਕੇ ਨਾਸਤਿਕ ਬਣ
ਗਿਆ ਹੈ। ਦਾਦੀ ਮਾਂ ਨੂੰ ਕੋਈ ਵਾਜਬ ਜਵਾਬ ਨਾ ਅਹੁੜਿਆ ਅਤੇ ਉਹ ਝਿੱੜਕ ਕੇ ਬੱਚੇ ਨੂੰ ਪਈ।
`ਚਲ ਦੌੜ ਇਥੋਂ ਬਕਵਾਸ ਕਰਦਾ ਹੈ` ਪੁੱਛਣ ਵਾਲਾ ਦੌੜ ਗਿਆ ਪਰ ਦੂਜਾ ਬੱਚਾ
ਹੈਰਾਨ ਜਿਹਾ ਹੋਇਆ ਬੈਠਾ ਰਿਹਾ ਅਤੇ ਪੁੱਛਦਾ ਹੈ,
ਦਾਦੀ ਮਾਂ ਤੂੰ ਗੁੱਸੇ ਕਿਉ ਹੋਈ ਹੈਂ?
ਤੇਰਾ ਸਿਰ ਗੁੱਸੇ ਹੋਈ ਹਾਂ, ਚਲ ਦੌੜ ਇਥੋਂ ਤੂੰ ਵੀ ਬਦਮਾਸ਼।
ਦਾਦੀ ਮਾਂ ਬੱਚਿਆਂ ਨੂੰ ਦੁੜਾ ਕੇ ਖੁਦ ਪ੍ਰੇਸ਼ਾਨ ਸੀ ਕਿ ਉਹ ਗੁੱਸੇ ਵਿੱਚ
ਕਿਉਂ ਆਈ ਹੈ। ਇਸ ਵਿੱਚ ਉਹਨਾ ਦਾ ਕੀ ਕਸੂਰ ਜੇ ਸ਼ੇਰ ਹੈ ਤਾਂ ਪੂਛ ਵੀ ਹੋਵੇਗੀ ਹੀ। ਪਰ ਪੂਛ
ਵਾਲਾ……? ਉਹ ਭਗਤਮਾਲਾ ਰੱਖ ਦਿੰਦੀ ਹੈ ਤੇ ਬੱਚਿਆਂ ਨੂੰ ਆਕੇ ਪਲੋਸਨ ਲੱਗਦੀ ਹੈ ਜਿਹੜੇ ਉਥੋਂ ਦੌੜ
ਕੇ ਟੀ. ਵੀ. ਅੱਗੇ ਬੈਠ ਜਾਂਦੇ ਹਨ।
ਲੰਗਰ ਛੱਕੋ ਚੁਰਾਸੀ ਕੱਟੋ।
ਗੁਰਦੁਆਰਾ ਸਾਹਬ ਇੱਕ ਪ੍ਰਚਾਰਕ ਜੀ ਬੱਚਿਆਂ ਦੀ ਗੁਰਮਤਿ ਕਲਾਸ ਲਗਾ ਰਹੇ
ਸਨ। ਉਹ ਅੱਗਲੇ ਜਨਮ ਦੇ ਹੋਣ ਬਾਰੇ ਬੱਚਿਆਂ ਨੂੰ ਸਮਝਾ ਰਹੇ ਸਨ। ਉਹਨਾ ਉਸ ਬੱਚੇ ਦੀ ਮਿਸਾਲ ਦਿੱਤੀ
ਜਿਸਨੂੰ ਅਪਣਾ ਪਿੱਛਲਾ ਜਨਮ ਯਾਦ ਸੀ ਅਤੇ ਉਸ ਨੇ ਅਪਣੇ ਪਿੱਛਲੇ ਮਾ ਪਿਉ ਦਾ ਪਤਾ ਵੀ ਦੱਸਿਆ, ਨਾਲ
ਨਿਸ਼ਾਨੀਆਂ ਦੱਸੀਆਂ ਜਿਹੜੀਆਂ ਜਦ ਜਾਕੇ ਦੇਖੀਆਂ ਗਈਆਂ ਤਾਂ ਉਹੀ ਇੰਨ-ਬਿੰਨ ਨਿਕਲੀਆਂ ਜਿਵੇਂ
ਕਿਤਾਬਾਂ ਖਿਡੌਣੇ ਅਤੇ ਉਸਦਾ ਇੱਕ ਕਮੀਜ ਜਿਸ ਨਾਲ ਡਿੱਗਣ ਕਰਕੇ ਲਹੂ ਲੱਗਿਆ ਹੋਇਆ ਸੀ! !
ਇੱਕ ਬੱਚਾ ਵਿਚੋਂ ਸਵਾਲ ਕਰਦਾ ਹੈ,
ਤੁਸੀਂ ਪਰ ਕਹਿੰਦੇ ਸੀ ਕਿ ਮਾਨਸ ਜਨਮ ਬੜਾ ਦੁਰਲੱਭ ਹੈ ਇਹ ੮੪ ਲੱਖ ਜੂਨ
ਤੋਂ ਬਾਅਦ ਮਿਲਦਾ ਹੈ ਤਾਂ ਫਿਰ ਉਹ ਅਗਲੇ ਹੀ ਜਨਮ ਵਿੱਚ ਮਨੁੱਖ ਬਣਕੇ ਕਿਵੇਂ ਆ ਗਿਆ?
ਦੇਖੋ ਇੰਝ ਨਹੀ ਹੁੰਦਾ, ਦਰਅਸਲ ਜੂਨਾ ਕੱਟੀਆਂ ਵੀ ਜਾਂਦੀਆਂ ਹਨ। ਜਿਵੇਂ
ਤੁਸੀਂ ਇਥੇ ਮੈਨੂੰ ਸੁਣਨ ਆਉਦੇ ਹੋ, ਇਸ ਨਾਲ ਵੀ ਤੁਹਾਡੀਆਂ ਜੂਨਾ ਕੱਟੀਆਂ ਗਈਆਂ, ਫਿਰ ਤੁਸੀਂ
ਪ੍ਰਸਾਦ ਲੈਦੇ ਹੋ, ਇੰਝ ਵੀ ਤੁਹਾਡੀਆਂ ਕੁੱਝ ਜੂਨਾ ਕੱਟੀਆਂ ਗਈਆਂ, ਤੁਸੀਂ ਫਿਰ ਲੰਗਰ ਛੱਕਦੇ ਹੋ,
ਇਹਦੇ ਨਾਲ ਵੀ ਤੁਹਾਡੀਆਂ ਜੂਨਾ ਕਟ ਹੋ ਜਾਦੀਆਂ ਹਨ, ਇਥੋਂ ਤੀਕ ਕਿ ਤੁਸੀਂ ਗੁਰਦੁਆਰੇ ਆਕੇ ਚਾਹ ਵੀ
ਪੀਦੇ ਹੋ ਤਾਂ ਤੁਹਾਡੀਆਂ ਜੂਨਾ ਕੱਟੀਆਂ ਜਾਂਦੀਆਂ ਹਨ!
ਬਾਬਾ ਫੋਜਾ ਸਿੰਘ ਜਿਹੜਾ ਪਹਿਲਾਂ ਕਦੇ ਕਿਤੇ ਇੱਕ ਅੱਧਾ ਗੁਰੁ ਕਾ ਲੰਗਰ
ਸਮਝ ਕੇ ਪ੍ਰਸਾਦਾ ਛੱਕ ਲੈਦਾ ਸੀ, ਸੋਚਦਾ ਸੀ ਬੇੜਾ ਤਰਜੇ ਇਹ ਤਾਂ ਬੜਾ ਘਾਟਾ ਖਾਧਾ ਹੁਣ ਤਿੰਨੇ
ਵਕਤ ਪ੍ਰਸਾਦਾ ਤੇ ਜਿੰਨੀ ਵਾਰੀ ਹੋ ਸਕਿਆ ਚਾਹ ਪੀਤੀ ਜਾਇਆ ਕਰੇਗੀ ਇਹ ਤਾਂ ਕੰਮ ਹੀ ਬੜਾ ਸੌਖਾ, ਘਰ
ਦਾ ਆਟਾ ਬੱਚਿਆ ਨਾਲੇ ਜੂਨਾਂ ਬੰਨੇ। ਪਰ ਫਿਰ ਬਾਬਾ ਦਰਬਾਰ ਸਾਹਬ ਦੇ ਭਾਈਆਂ ਦਾ ਸੋਚਣ ਲੱਗ ਗਿਆ
ਜਿਹਨਾਂ ਵਿਚੋਂ ਬਹੁਤੇ ਹਾਰਟ ਦੇ ਮਰੀਜ ਹਨ?
ਅਕਲ
ਕਹਿੰਦੇ ਮੁੱਲਾਂ ਜੀ ਇੱਕ ਗਧੇ ਤੇ ਚ੍ਹੜ ਕੇ ਬੱਚਿਆਂ ਨੂੰ ਪੜਾਉਣ ਮੱਦਰਸੇ ਜਾਇਆ ਕਰਦੇ ਸਨ। ਇੱਕ
ਦਿਨ ਗਧੇ ਨੇ ਪੁੱਛਿਆ,
ਮੁੱਲਾਂ ਜੀ ਰੋਜ ਤੁਸੀਂ ਇਥੇ ਕੀ ਕਰਨ ਆਉਂਦੇ ਹੋ?
ਇਥੇ ਮੈਂ ਬੱਚੇ ਪੜਾਉਣ ਆਉਂਦਾ ਹਾਂ।
ਪੜਨ ਨਾਲ ਕੀ ਹੁੰਦਾ ਹੈ?
ਪੜਨ ਨਾਲ ਅਕਲ ਆਉਂਦੀ ਹੈ।
ਅਕਲ ਨਾਲ ਕੀ ਹੁੰਦਾ ਹੈ?
ਅਕਲ ਨਾਲ ਇਹ ਹੁੰਦਾ ਹੈ ਕਿ ਤੂੰ ਮੇਰੇ ਹੇਠਾਂ ਹੈਂ, ਮੈਂ ਤੇਰੇ ਤੇ ਸਵਾਰੀ ਕਰ ਰਿਹਾ ਹਾਂ।
ਹੱਛਾ! ਤਾਂ ਫਿਰ ਥੋੜੀ ਅਕਲ ਮੈਂਨੂੰ ਵੀ ਦੇ ਦਿਉ!
ਚੁੱਪ ਕਰਕੇ ਤੁਰਿਆ ਚਲ, ਮੇਰਾ ਕੋਈ ਇਰਾਦਾ ਨਹੀ ਤੈਂਨੂੰ ਮੋਢਿਆਂ ਤੇ ਚੁੱਕਣ ਦਾ ਸਮਝੇ?
ਗਿਆਨ
ਮੋਟੀਆਂ ਪਿੰਝੀਆਂ ਘੁਟਦਿਆਂ ਇੱਕ ਨਵਾਂ ਸੱਜਿਆਂ ਚੇਲਾ ਬਾਬਾ ਜੀ ਨੁੰ ਪੁੱਛਦਾ ਹੈ,
ਭਲਾ ਬਾਬਾ ਜੀ ਗੁਰੂ ਗਰੰਥ ਸਾਹਿਬ ਅਪਣੇ ਗੁਰੂ ਕਿਵੇਂ ਹੋਏ?
ਮੂਰਖਾ, ਉਸ ਵਿੱਚ ਕਿਉਕਿ ਗਿਆਨ ਹੈ, ਅਕਲ ਆਉਦੀੰ ਹੈ ਉਸ ਨੂੰ ਜਾਣਕੇ।
ਤਾਂ ਫਿਰ ਬਾਬਾ ਜੀ, ਆਪਾਂ ਲੋਕਾਂ ਵਿੱਚ ਇਹ ਅਕਲ ਕਿਉਂ ਨਹੀ ਵੰਡਦੇ?
ਗਲ ਸੁਣ ਉਏ! ਬਦਾਮਾ - ਪਿਸਤਿਆਂ ਵਾਲੀਆਂ ਖੀਰਾਂ ਤੇਰਾ ਪਿਉ ਲਿਆਉਗਾ? ਏਅਰਕੰਡੀਸ਼ਨ ਕਾਰਾਂ ਪਾਣੀ
ਨਾਲ ਚਲਣਗੀਆਂ? ਸੜਦੀਆਂ ਧੁੱਪਾਂ ਵਿੱਚ ਸੜ ਲਏਗਾਂ ਜੀਰੀ ਲਾਉਂਦਾ? ਚੁੱਪ ਕਰਕੇ ਦੂਜੀ ਪਿੰਨੀ ਘੁੱਟ,
ਆਇਆ ਵ੍ਹਡਾ ਅਕਲਾਂ ਵੰਡਣ ਵਾਲਾ?
ਦੁੱਖ ਕੀਆਂ ਪੰਡਾਂ ਖੁੱਲ੍ਹੀਆਂ……
ਇੱਕ ਕਹਾਣੀ ਹੈ-ਕਹਿੰਦੇ ਨੇ ਇੱਕ ਗਰੀਬ ਜਿਹਾ ਬੰਦਾ ਗੁਆਂਢ ਰਹਿੰਦੇ ਅਮੀਰ
ਵਲ ਬੜੇ ਹਉਕੇ ਲੈ-ਲੈ ਵੇਖਦਾ ਹੈ, ਜਿਹੜਾ ਰੋਜ ਸਵੇਰੇ ਕਾਰ ਤੇ ਜਾਂਦਾ ਹੈ, ਨੌਕਰ ਦਰਵਾਜਾ ਖ੍ਹੋਲਦਾ
ਹੈ, ਘਰ ਵਿਚੋਂ ਵੰਨ-ਸਵੰਨੇ ਪਕਵਾਨਾ ਦੀ ਮਹਿਕ ਆਉਂਦੀ ਹੈ, ਪਤਨੀ ਉਸਦੀ ਲਿਸ਼ਕ-ਪੁਸ਼ਕ ਕੇ ਨਿਕਲਦੀ
ਹੋਈ ਮਹਿੰਗੇ ਸਟੋਰਾਂ `ਚ ਸ਼ਾਪਿੰਗ ਕਰਨ ਜਾਂਦੀ ਹੈ, ਬੱਚੇ ਉਸਦਿਆਂ ਨੂੰ ਕਾਰ ਸਕੂਲੇ ਛੱਡ ਕੇ ਆਉਂਦੀ
ਹੈ ਜਦ ਕਿ ਗਰੀਬ ਦੇ ਘਰ ਜੇ ਦਿਨੇ ਮਿਲਜੇ ਤਾਂ ਰਾਤ ਦੀ ਰੋਟੀ ਦਾ ਫਿਕਰ ਲੱਗਾ ਹੁੰਦਾ ਹੈ, ਪਤਨੀ
ਉਸਦੀ ਪਾਟੀਆਂ ਲੀਰਾਂ ਪਾਈ ਫਿਰਦੀ ਅਤੇ ਲੋਕਾਂ ਦੇ ਘਰਾਂ ਦੇ ਝੂਠੇ ਭਾਡੇ ਮਾਂਜਕੇ ਗੁਜਾਰਾ ਕਰਦੀ,
ਬੱਚਿਆਂ ਲਈ ਕੋਈ ਸਕੂਲ ਨਹੀ ਨਾ ਸਕੂਲ ਦੀ ਫੀਸ ਜੋਗੇ ਪੈਸੇ।
ਇਹਨਾ ਹਾਲਾਤਾਂ ਵਿੱਚ ਗਰੀਬ ਬੜਾ ਪੀੜਤ ਹੈ। ਉਹ ਰੱਬ ਨੂੰ ਰੋਜਾਨਾ ਕੋਸਦਾ
ਹੈ, ਕਿ ਰੱਬਾ ਇਹ ਦੁੱਖ ਅਤੇ ਗੁਰਬਤ ਭਰੀ ਜਿੰਦਗੀ ਕਾਸ਼ ਕਿਸੇ ਨਾਲ ਵਟਾਈ ਜਾ ਸਕਦੀ ਹੋਵੇ ਜਾਂ
ਘੱਟੋ-ਘੱਟ ਦੁਖ ਹੀ ਥੋੜੇ ਚਿਰ ਲਈ ਬਦਲੇ ਜਾ ਸਕਦੇ ਹੋਣ ਬੰਦਾ ਦਮ ਤਾਂ ਲੈ ਲਵੇ। ਕਹਾਣੀ ਮੁਤਾਬਕ ਉਹ
ਇਸੇ ਪੀੜਾ ਵਿੱਚ ਸੌਂ ਜਾਂਦਾ ਹੈ। ਉਸਨੂੰ ਸੁਪਨਾ ਆਉਂਦਾ ਹੈ। ਇੱਕ ਅਵਾਜ ਆਉਂਦੀ ਹੈ ਕਿ ਜੀਹਨੇ
ਅਪਣੇ ਦੁੱਖ ਬਦਲਣੇ ਹੋਣ ਉਹ ਮਿੱਥੀ ਗਈ ਜਗ੍ਹਾ ਤੇ ਆ ਕੇ ਇੱਕ ਦੂਜੇ ਨਾਲ ਅਪਣੇ ਦੁੱਖ ਬਦਲ ਸਕਦੇ ਹਨ
ਪਰ ਸ਼ਰਤ ਇਹ ਹੈ ਕਿ ਦੁੱਖ ਪੰਡ ਬੰਨਕੇ ਲਿਆਉਂਣੇ ਹਨ ਲੁਕਾ ਕੇ ਕੋਈ ਨਹੀ ਲਿਆ ਸਕਦਾ ਲੁਕਵੇਂ ਦੁੱਖਾਂ
ਵਾਲਿਆਂ ਨੂੰ ਮੋੜ ਦਿੱਤਾ ਜਾਵੇਗਾ। ਗਰੀਬ ਬੰਦਾ ਵੀ ਅਪਣੇ ਦੁੱਖਾਂ ਦੀਆਂ ਪੰਡਾਂ ਬੰਨੀਆਂ ਤੇ ਘਰੋਂ
ਨਿਕਲਿਆ। ਉਹ ਹੈਰਾਨ ਰਹਿ ਗਿਆ ਜਦ ਉਸ ਦੇਖਿਆ ਕਿ ਬੇਹੱਦ ਸੁੱਖੀ ਦਿਸਣ ਵਾਲਾ ਉਸਦਾ ਅਮੀਰ ਗੁਆਂਢੀ
ਵੀ ਆਪਣੀ ਪੰਡ ਬੰਨੀ ਉਸ ਤੋਂ ਅੱਗੇ ਜਾ ਰਿਹਾ ਸੀ ਅਤੇ ਉਸਦੀ ਪੰਡ ਗਰੀਬ ਨਾਲੋਂ ਕਿਤੇ ਵੱਡੀ ਸੀ ਜਦ
ਕਿ ਗਰੀਬ ਹੁਣ ਤੱਕ ਇਹੀ ਸੋਚਦਾ ਸੀ ਕਿ ਇਸ ਨੂੰ ਕਾਹਦਾ ਦੁੱਖ ਹੋ ਸਕਦਾ ਹੈ।
ਮਿੱਥੀ ਥਾਂ ਜਦ ਲੋਕ ਪਹੁੰਚੇ ਤਾਂ ਅਵਾਜ ਆਈ ਕਿ ਅਪਣੀਆਂ-ਅਪਣੀਆਂ ਪੰਡਾਂ ਔਹ
ਦਿੱਸ ਰਹੀਆਂ ਕਿੱਲੀਆਂ ਨਾਲ ਟੰਗ ਦਿਉ। ਥੋੜੇ ਚਿਰ ਬਾਅਦ ਅਵਾਜ ਆਈ ਕਿ ਜਿਸਦੇ ਜਿਹੜੀ ਪੰਡ ਹੱਥ
ਆਉਂਦੀ ਲੈ ਜਾਉ। ਲੋਕ ਦੌੜ ਪਏ ਉਹ ਗਰੀਬ ਵੀ ਦੌੜ ਪਿਆ ਤੇ ਸਿੱਧਾ ਅਪਣੀ ਪੰਡ ਵਲ ਗਿਆ ਮਤੇ ਮੇਰੀ
ਪੰਡ ਮੇਰਾ ਗੁਆਂਢੀ ਲੈ ਜਾਵੇ।
ਵਰਤ
ਸੁਣਾ ਬਈ ਚਾਹ ਕਿ ਕਾਫੀ?
ਨਹੀ ਕੁੱਝ ਨਹੀ!
ਨਹੀ ਬਈ ਕੁੱਝ ਤਾਂ ਲੈ ਟਿਮ ਹੌਰਟਨ ਵਾਲਿਆਂ ਦੀ ਕਾਫੀ ਬੜੀ ਮਸ਼ਹੂਰ ਏ।
ਨਹੀ ਮੈ ਅੱਜ ਨਹੀ ਪੀਣੀ!
ਚਲ ਕੁੱਝ ਖਾ ਲੈ, ਡੋਨਿਟ ਬਗੈਰਾ ਜਾਂ ਬੈਗਲ?
ਨਹੀ ਕੋਈ ਲੋੜ ਨਹੀ ਦਰਅਸਲ ਮੇਰਾ ਅੱਜ ਵਰਤ ਹੈ।
ਵਰਤ? ਤੇਰਾ? ਕਾਹਦੀ ਖੁਸ਼ੀ `ਚ ਭੁੱਖੇ ਰਿਹਾ ਜਾ ਰਿਹਾ ਬਈ?
ਓ ਯਾਰ ਦਰਅਸਲ ਅੱਜ ਕਰਵਾ ਚੌਥ ਦਾ ਵਰਤ ਸੀ ਤੈਨੂੰ ਤੇ ਪਤੈ ਕਿ ਮੇਰੀ ਪਤਨੀ
ਜਿੰਦਗੀ ਨੂੰ ਬਹੁਤ ਪਿਆਰ ਕਰਦੀ ਤੇ ਉਹ ਭੋਗਣੀ ਚਾਹੁੰਦੀ ਲੰਮੀ ਉਮਰ। ਉਹ ਕਹਿੰਦੀ ਬਈ ਜੇ ਨਾਲ
ਰਹਿਣਾ ਤਾਂ ਇੱਕ ਵਾਰੀ ਤੇਰੀ ਲੰਮੀ ਉਮਰ ਦਾ ਵਰਤ ਮੈ ਰੱਖਾਗੀ ਤੇ ਇੱਕ ਵਾਰੀ ਤੂੰ!
ਵੈਸੇ ਠੀਕ ਹੀ ਤਾਂ ਕਹਿ ਰਹੀ! ਇਥੇ ਬਰਾਬਰ ਹੱਕ ਨੇ ਤੇ ਬਰਾਬਰ ਤਾਂ ਚਲਣਾ
ਹੀ ਪਵੇਗਾ। ਹਾਂਅ!
ਗੁਰਦੇਵ ਸਿੰਘ ਸੱਧੇਵਾਲੀਆ