.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 21)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਬਾਬਾ ਆਇਆ ਸਿੰਘ ਹੋਤੀ ਮਰਦਾਨ

ਸੰਤ ਆਇਆ ਸਿੰਘ ਦਾ ਜਨਮ --- ਵਿੱਚ ਪਿੰਡ ਸ਼ਾਮੇ ਜ਼ਈ ਜਿਲਾ ਪਿਸ਼ਾਵਰ ਵਿੱਚ ਪਿਤਾ ਰਾਮੇ ਸ਼ਾਹ ਅਤੇ ਮਾਤਾ ਚਤਰ ਕੌਰ ਦੇ ਘਰ ਹੋਇਆ, ਮਾਤਾ ਪਿਤਾ ਜਲਦੀ ਹੀ ਚੜ੍ਹਾਈ ਕਰ ਗਏ ਸਨ।

ਲਿਖਿਆ ਹੈ ਕਿ ਗੱਦੀ ਪਰ ਬੈਠਣ ਤੋਂ ਪਹਿਲਾਂ ਹੀ ਅੰਮ੍ਰਿਤਪਾਨ ਕਰ ਚੁੱਕੇ ਸਨ। ਰਾਤ ਨਦੀ ਵਿੱਚ ਖੜੋ ਕੇ ਭਜਨ ਪਾਠ ਕਰਦੇ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਗੁਫਾ ਵਿੱਚ ਆ ਕੇ ਧਿਆਨ ਮਗਨ ਹੋ ਜਾਂਦੇ ਸਨ। ਦਿਨ ਚੜੇ ਪਾਲਕੀ ਵਿੱਚ ਬੈਠ ਕੇ ਡੇਰੇ ਆ ਕੇ ਖੂਹ ਤੇ --- ਗਾਗਰਾਂ ਨਾਲ ਇਸ਼ਨਾਨ ਕਰਦੇ ਸਨ ਅਤੇ ਉਹ ਜਲ ਚਰਣਾਮ੍ਰਿਤ ਵਜੋਂ ਲੈਣ ਵਾਸਤੇ ਸੰਗਤਾਂ ਤਿਆਰ ਖੜੀਆਂ ਹੁੰਦੀਆਂ ਸਨ। ਜਾਚਕਾਂ ਦੀਆਂ ਮੰਗਾਂ ਪੂਰੀਆਂ ਕਰਦੇ। ਕਈ ਨਾਮਦਾਨ ਲਈ ਵੀ ਆ ਦਰਸ਼ਨ ਕਰਦੇ ਸਨ। ਉਹ ਵੀ ਨਾਮ ਦਾਨ ਲੈ ਕੇ ਮਿਹਰ ਦੇ ਪਾਤਰ ਬਣਦੇ। ਇਹਨਾਂ ਤੋ ਵਰੋਸਾਏ ਕਈ ਉਘੇ ਸੰਤ ਬਣੇ ਅਤੇ ਕਈ ਉਚ ਜੀਵਨ ਵਾਲੇ ਬਣੇ। ਆਪ ਵੱਡੇ ਬਾਬੇ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਵਾਂਗ ਗੁਰਦਵਾਰੇ ਵਿੱਚ ਗੱਦੀ ਲਾ ਕੇ ਨਹੀ ਸਨ ਬੈਠਦੇ।

ਸੁੱਚੇ ਮੋਤੀ ਪੰਨਾ ---

ਵਿਚਾਰ—ਗੱਦੀ ਤਾਂ “ਗੁਰੂ ਗ੍ਰੰਥ ਸਾਹਿਬ” ਕੋਲ ਹੈ ਪਰ ਇਹ ਸਾਧ ਕਿਹੜੀਆਂ ਗੱਦੀਆਂ ਦੇਂਦੇ ਰਹੇ ਲੈਂਦੇ ਰਹੇ। ਗੁਰੂ ਫੁਰਮਾਨ ਹੈ “ਕੁਲਹਾ ਦੇਦੇ ਬਾਵਲੇ ਲੈਂਦੇ ਵਡੇ ਨਿਲਜ”॥ ਚੂਹਾ ਖਡ ਨ ਮਾਵਈ ਤਿਕਲ ਬੰਨੇ ਛਜ”॥ ਸਤਿਗੁਰੂ ਕਹਿੰਦੇ ਗੱਦੀਆਂ ਲੈਣ ਵਾਲੇ ਦੇਣ ਵਾਲੇ ਸਾਧ ਸਭ ਬੇਸ਼ਰਮ ਹਨ। ਜਿਸ ਤਰ੍ਹਾਂ ਚੂਹੇ ਦੇ ਲੱਕ ਨਾਲ ਕੋਈ ਛੱਜ ਬੰਨ ਦੇਵੇ ਉਹ ਖੁੱਡ ਵਿੱਚ ਨਹੀ ਵੜ ਸਕਦਾ। ਇਹਨਾਂ ਸਾਧਾਂ ਦੇ ਲੱਕ ਨਾਲ ਜੋ ਇਹ ਗੱਦੀ ਦਾ ਛੱਜ ਬੱਧਾ ਰਿਹਾ ਇਹ ਕਦੇ ਵੀ ਗੁਰਮਤਿ ਵਾਲੇ ਪਾਸੇ ਨਾ ਆਏ। ਇਹ ਪਾਣੀ ਵਿੱਚ ਖੜੋ ਕੇ ਕਿਹੜਾ ਨਾਮ ਜਪਦੇ ਰਹੇ? ਐਸੇ ਨਾਮ ਨੂੰ ਹਠ ਨੂੰ ਕਰਮ ਕਾਂਡ ਨੂੰ ਦਿਖਾਵੇ ਨੂੰ ਕਦੇ ਵੀ ਗੁਰਬਾਣੀ ਅੰਦਰ ਥਾਂ ਨਹੀ ਦਿੱਤੀ ਗਈ। ਇਹ ਕਿਹੜੀ ਗੁਫਾ ਵਿੱਚ ਬੈਠਣ ਦੀਆਂ ਗੱਲਾਂ ਕਰਦੇ ਹਨ ਗੁਰੂ ਅਤੇ ਗੁਰੂ ਕੇ ਸਿੰਘ ਕਦੇ ਵੀ ਗੁਫਾਵਾਂ ਵਿੱਚ ਵੜ ਕੇ ਨਾ ਬੈਠੇ। ਲਿਖਿਆ ਹੈ ਕਿ ਇਹਨਾਂ ਸਾਧਾਂ ਕੋਲ ਗੁਫਾ ਵਿੱਚ ਇੱਕ ਰੰਬੀ ਅਤੇ ਇੱਕ ਕੌਲਾ ਹੁੰਦਾ ਸੀ।

ਰੰਬੀ ਅਤੇ ਕੌਲੇ ਦਾ ਕੀ ਮਤਲਬ? ਇਹ ਸਾਧ ਧਰਮ ਦੇ ਨਾਂ ਤੇ ਪਾਖੰਡ ਹੀ ਕਰਦੇ ਰਹੇ ਹਨ। ਇਥੇ --- ਗਾਗਰਾਂ ਪਾਣੀ ਨਾਲ ਇਸ਼ਨਾਨ ਦੀ ਗੱਲ ਕੀਤੀ ਹੈ ਇਹ ਕਿਹੜਾ ਇਸ਼ਨਾਨ ਹੈ? ਇਸਦਾ ਮਤਲਬ ਤਾਂ ਸਰੀਰ ਨੂੰ ਦੁੱਖ ਦੇਣਾ ਹੀ ਹੈ ਜੋ ਗੁਰਬਾਣੀ ਵਿੱਚ ਮਨ੍ਹਾ ਹੈ। ਸੰਗਤਾਂ ਉਹ ਪਾਣੀ ਚਰਣਮ੍ਰਿਤ ਘਰਾਂ ਨੂੰ ਲੈ ਜਾਂਦੀਆਂ ਸਨ। ਦਸੋ ਤਾਂ ਸਹੀ ਕਿਹੜੇ ਗੁਰੂ ਨਾਲ ਜੋੜਦੇ ਰਹੇ ਸਨ, ਇਹ ਤਾਂ ਆਪ ਹੀ ਗੁਰੂ ਬਣ ਕੇ ਨਾਮ ਵੀ ਦੇਂਦੇ ਰਹੇ ਇਹਨਾਂ ਸਾਧਾਂ ਨੇ ਕਦੇ ਵੀ ਸੰਗਤ ਨੂੰ ਗੁਰੂ ਚੇਤੇ ਹੀ ਨਹੀ ਆਉਣ ਦਿੱਤਾ ਤਾਂ ਹੀ ਇਹ ਹਾਲਤ ਬਣੀ ਹੋਈ ਹੈ। ਨਾਮ ਦੇਣ ਵਾਲੇ ਦੇਹਧਾਰੀ ਵੀ ਇਹਨਾਂ ਵਿਚੋਂ ਹੀ ਪੈਂਦਾ ਹੋਏ ਹਨ। ਇਹ ਸਾਧ ਪ੍ਰਮਾਤਮਾ ਨੂੰ ਪਾਸੇ ਕਰਕੇ ਆਪ ਹੀ ਦਾਤੇ ਬਣੇ ਹੋਏ ਹਨ। ਇਹ ਗੁਰੂ ਦੇ ਪਿਆਰੇ ਨਹੀ ਹਨ ਇਹ ਤਾਂ ਸ਼ਰੀਕ ਹਨ। ਇਹਨਾ ਸਾਧਾਂ ਮੁਤਬਕ ਸੰਤ ਹੋਰ ਹੰਦਾ ਹੈ, ਉਚੇ ਜੀਵਨ ਵਾਲਾ ਹੋਰ ਹੁੰਦਾ ਹੈ।

ਅੱਗੇ ਲਿਖਦੇ ਹਨ ਕਿ ਰੋਗੀਆਂ ਨੂੰ ਪਹਿਲੇ ਵਾਂਗ ਹੀ ਨਦੀ ਵਿੱਚ ਜਾ ਕੇ ਇਸ਼ਨਾਨ ਕਰਨ ਦਾ ਹੁਕਮ ਮਿਲ ਜਾਂਦਾ ਸੀ ਅਤੇ ਉਹ ਅਰੋਗ ਹੋ ਜਾਂਦੇ ਸਨ।

ਸੁੱਚੇ ਮੋਤੀ ਪੰਨਾ ---

ਵਿਚਾਰ—ਅੰਮ੍ਰਿਤਸਰ ਸਰੋਵਰ ਤਾਂ ਕਹਿੰਦੇ ਗੁਰੂ ਨੇ ਬਣਾਇਆ ਪਰ ਇਹ ਨਦੀ ਕਿੰਨੇ ਬਣਾਈ ਜਿਥੇ ਇਹ ਸਾਧ ਰੋਗੀਆਂ ਨੂੰ ਇਸ਼ਨਾਨ ਕਰਵਾ ਕੇ ਠੀਕ ਕਰੀ ਗਿਆ। ਇਹ ਕਿਹੜੀ ਗੁਰਮਤਿ ਹੈ?

ਅੱਗੇ ਲਿਖਦੇ ਹਨ ਕਿ ਪਠਾਨਾਂ ਨੇ ਡੇਰਾ ਲੁੱਟਣ ਦੀ ਸਲਾਹ ਬਣਾਈ ਜਦੋਂ ਉਹ ਨੇੜੇ ਆਏ ਤਾਂ ਪੰਜ ਘੋੜ ਸਵਾਰ ਪਹਿਰਾ ਦੇ ਰਹੇ ਸਨ। ਇਹ ਪਠਾਨ ਵਾਪਸ ਚਲੇ ਗਏ। ਸੰਤ ਨੇ ਕਸ਼ਮੀਰ ਦੇ ਰਾਜੇ ਦੀ ਮਾਇਆਂ ਲੋਕਾਂ ਦਾ ਖੂਨ ਸਮਝ ਕੇ ਨਾ ਲਈ। ਘੋੜਾ ਲੈ ਲਿਆ ਉਹ ਘੋੜਾ ਖੁਲ੍ਹਾ ਚਰਦਾ ਰਹਿੰਦਾ ਸੀ ਪਠਾਨਾਂ ਨੇ ਘੋੜਾ ਪਕੜਨਾ ਚਾਹਿਆ ਜਦ ਨੇੜੇ ਆਏ ਤਾਂ ਦੇਖਿਆ ਘੋੜਾ ਦਿਸਣੋ ਹੀ ਹੱਟ ਗਿਆ।

ਸੁੱਚੇ ਮੋਤੀ ਪੰਨਾ ---

ਵਿਚਾਰ—ਇਹਨਾਂ ਗੱਲਾਂ ਦਾ ਨਾ ਕੋਈ ਗੁਰਮਤਿ ਨਾਲ ਸਬੰਧ ਹੈ ਅਤੇ ਨਾ ਇਹ ਵਾਪਰੀਆਂ। ਇਹ ਇਹਨਾਂ ਸਾਧਾਂ ਦੀ ਕੇਵਲ ਅਡਵਰਟਾਈਜ਼ ਮੈਂਟ ਹੈ। ਇਹਨਾਂ ਨੇ ਕਦੇ ਵੀ ਨਹੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਰਬੋਤਮ ਹਨ ਇਹਨਾਂ ਕੋਲ ਸੰਗਤ ਆਉਂਦੀ ਹੈ। ਇਹਨਾਂ ਸਦਾ ਇਹੀ ਕਿਹਾ ਕਿ ਸੰਤ ਕੋਲ ਹੀ ਸੰਗਤ ਆਉਂਦੀ ਹੈ ਉਹ ਹੀ ਸਭ ਕੁੱਝ ਹੈ।

ਗੁਰੂ ਨਾਲ ਜੋੜਨ ਦੀ ਬਜਾਏ ਇਹਨਾਂ ਨੇ ਮਨੁੱਖਾਂ ਨਾਲ ਜੋੜਿਆ ਹੈ। ਬਦਕਿਸਮਤੀ ਇਹੀ ਹੈ। ਇਹ ਹਮੇਸ਼ਾ ਸੰਤ ਦੇ ਦਰਸ਼ਨ ਦੀ ਗੱਲ ਕਰਦੇ ਹਨ, ਗੁਰੂ ਦੇ ਦਰਸ਼ਨ ਦੀ ਕਦੇ ਇਹਨਾਂ ਗੱਲ ਨਹੀਂ ਕੀਤੀ, ਅੱਗੇ ਲਿਖਦੇ ਹਨ ਇੱਕ ਮਾਈ ਜੰਗਲ ਵਿੱਚ ਜਾ ਰਹੀ ਸੀ ਉਸ ਕੋਲ ਸੋਨਾਂ ਚਾਂਦੀ ਸੀ ਇੱਕ ਪਠਾਨ ਨੇ ਲੁੱਟ ਲਿਆ ਉਹ ਮਾਈ ਉਦਾਸ ਹੋ ਗਈ ਅਤੇ ਪੁੱਛਦੀ ਪੁਛਾਂਦੀ ਸੰਤਾਂ ਦੀ ਗੁਫਾ ਤੱਕ ਪਹੁੰਚ ਗਈ ਅਤੇ ਜਾ ਕੇ ਸੰਤਾਂ ਨੂੰ ਮੱਥਾ ਟੇਕਿਆ, ਸਾਰੀ ਗੱਲ ਸੁਣਾਈ, ਉਧਰ ਪਠਾਨ ਜੋ ਗਹਿਣੇ ਲੁੱਟ ਕੇ ਗਿਆ ਸੀ ਉਹਦੇ ਪੇਟ ਵਿੱਚ ਸੂਲ ਉਠਿਆ, ਉਹ ਸੋਚਦਾ ਕਿ ਜਿਧਰ ਮਾਈ ਗਈ ਉਹ ਕਰਾਮਾਤੀ ਫਕੀਰ ਹੈ ਜਿਸ ਕਰਕੇ ਇਹ ਸੂਲ ਉਠਿਆ ਹੈ ਉਹ ਵੀ ਸੰਤਾਂ ਕੋਲ ਜਾ ਕੇ ਮੁਆਫੀ ਮੰਗ ਗਿਆ ਅਤੇ ਮਾਲ ਵਾਪਸ ਕੀਤਾ।

ਸੁੱਚੇ ਮੋਤੀ ਪੰਨਾ ---

ਵਿਚਾਰ—ਦੇਖੋ ਕਿਵੇਂ ਇਹਨਾਂ ਨੇ ਝੂਠੀਆਂ ਕਹਾਣੀਆਂ ਘੜ ਕੇ ਇਹਨਾਂ ਸਾਧਾਂ ਨੂੰ ਕਰਾਮਾਤੀ ਸਿੱਧ ਕਰਨ ਵਾਸਤੇ ਸਾਰਾ ਜੋਰ ਲਾ ਦਿੱਤਾ ਹੈ। ਹੁਣ ਤਾਂ ਧਰਮ ਦੇ ਨਾਂ ਤੇ ਥਾਂ ਥਾਂ ਠੱਗੀ ਹੋ ਰਹੀ ਹੈ, ਨਿਰੰਕਾਰੀਏ, ਭਨਿਆਰੀਏ, ਹੋਰ ਕੋਈ ਸੱਚੇ ਸੌਦੇ ਵਾਲੇ ਝੂਠੇ ਸੌਦੇ ਵਾਲੇ ਬਿਆਸ, ਢੇਸੀ, ਗੁਰੂ ਦੇ ਸ਼ਰੀਕ ਪੈਦਾ ਹੋ ਗਏ ਹਨ ਹੁਣ ਤਾਂ ਕਦੇ ਕਿਸੇ ਸਾਧ ਦੇ ਜਾਂ ਇਹਨਾਂ ਭੇਖੀਆਂ ਦੇ ਕਦੇ ਵੀ ਸੂਲ ਨਹੀ ਉਠਿਆ। ਇਹਨਾਂ ਸਾਧਾਂ ਦੀਆਂ ਕਰਾਮਾਤਾਂ ਕਿਹੜੇ ਖੂਹ ਵਿੱਚ ਪੈ ਗਈਆਂ। ਯਾਦ ਰੱਖੋ-ਝੂਠ ਦੇ ਪੈਰ ਨਹੀਂ ਹੁੰਦੇ।

ਅੱਗੇ ਲਿਖਦੇ ਹਨ ਲੋਕ ਬਾਬਾ ਜੀ ਤੋਂ ਨਾਮ ਲੈਣ ਉਪਦੇਸ਼ ਲੈਣ ਆਉਂਦੇ। ਇੱਕ ਫਕੀਰ ਆਇਆ ਨਾਮ ਲੈਣ, ਸੰਤ ਕਹਿੰਦੇ ਮਰਨਾ ਪੈਣਾ ਹੈ ਉਹ ਸੰਤ ਦੇ ਗੁਫਾ ਨੂੰ ਜਾਣ ਵਾਲੇ ਰਸਤੇ ਵਿੱਚ ੩-੪ ਦਿਨ ਲੰਮਾ ਪਿਆ ਰਿਹਾ ਨਾ ਕੁੱਝ ਖਾਧਾ, ਨਾ ਪੀਤਾ, ਅਖੀਰ ਬਾਬਾ ਜੀ ਨੇ ਉਸਦਾ ਹਠ ਦੇਖ ਕੇ ਕੋਲ ਬੁਲਾਇਆ ਮੰਤਰ ਦਿੱਤਾ ਅਤੇ ਹੁਕਮ ਕੀਤਾ ਕਿ ਹੁਣ ਤੂੰ ਦੂਰ ਪਹਾੜਾਂ ਵਿੱਚ ਜਾਹ ਅਤੇ ਕਿਸੇ ਗੁਫਾ ਵਿੱਚ ਬੈਠ ਕੇ ਬੰਦਗੀ ਕਰ।

ਸੁੱਚੇ ਮੋਤੀ ਪੰਨਾ ---

ਵਿਚਾਰ—ਜਿਹੜੇ ਕਹਿੰਦੇ ਇਹ ਸੰਤ ਤਾਂ ਗੁਰੂ ਨਾਲ ਹੀ ਜੋੜਦੇ ਹਨ ਦੇਖੋ ਤਾਂ ਸਹੀ ਕਿਵੇਂ ਮੰਤਰ ਦੇ ਰਹੇ ਹਨ? ਕਿਵੇ ਕਿਰਤ ਵੱਲੋਂ ਹਟਾ ਕੇ ਭੋਰਿਆਂ ਜੰਗਲਾਂ ਵਿੱਚ ਧੱਕ ਰਹੇ ਹਨ? ਗੁਰਮਤਿ ਦੇ ਉਲਟ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਦੀਆਂ ਗੱਲਾਂ ਕਰ ਰਹੇ ਹਨ, ਇਥੇ ਕਿਤੇ ਵੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਕੋਈ ਗੱਲ ਨਹੀ ਆ ਰਹੀ, ਬੁਰਬਾਣੀ ਨੂੰ ਵਿਚਾਰਨ ਮੰਨਣ ਦੀ ਕੋਈ ਗੱਲ ਨਹੀ ਆ ਰਹੀ ਕੇਵਲ ਇਹ ਸਾਧ ਨਾਮ ਦਾਨ ਮੰਤਰ ਦੇ ਰਹੇ ਹਨ ਭੋਰਿਆਂ ਵਿੱਚ ਵਾੜ ਕੇ ਭਗਤੀ ਕਰਵਾ ਰਹੇ ਹਨ ਇਹ ਕਿਹੜੀ ਸਿੱਖੀ ਦੀ ਸੇਵਾ ਹੈ? ਕਿਹੜੀ ਭਗਤੀ ਹੈ?

ਅੱਗੇ ਲਿਖਦੇ ਹਨ ਇੱਕ ਹਿੰਦੂ ਮਾਈ ਜੋ ਵਿਧਵਾਂ ਹੋ ਗਈ ਸੰਤ ਪਾਸ ਆਈ ਕਿ ਮੈ ਹੋਰ ਪਤੀ ਨਹੀ ਕਰਨਾ ਮੈਨੂੰ ਰੱਬ ਵੱਲ ਲਾਉ ਸੰਤ ਨੇ ਨਾਮ ਦਿੱਤਾ, ਮੰਤਰ ਦਿੱਤਾ ਅਤੇ ਗੁਫਾ ਵਿੱਚ ਵਾੜ ਦਿੱਤੀ। ਉਹ ਬੜੀ ਜਲਦੀ ਵਰ ਸਰਾਪ ਦੇਣ ਜੋਗੀ ਹੋ ਗਈ। ਕਰਾਮਾਤ ਦੇ ਪੱਧਰ ਤੱਕ ਪਹੁੰਚ ਗਈ, ਉਸ ਕੋਲ ਦੁਨੀਆਂ ਆਉਣ ਲੱਗ ਪਈ। ਇੱਕ ਫਕੀਰ ਉਥੇ ਆ ਗਿਆ। ਮਾਈ ਦੀ ਗੁਫਾ ਕੋਲ ਘੋੜਾ ਬੰਨਿਆ ਮਾਈ ਕਹਿੰਦੀ ਇਥੋਂ ਘੋੜਾ ਖੋਲ ਲੈ, ਤਾਂ ਫਕੀਰ ਕਹਿੰਦਾ ਮੈ ਇਸ ਘੋੜੇ ਨੂੰ ਨਹੀ ਖੋਲ੍ਹਾਗਾ। ਮਾਈ ਕਹਿੰਦੀ ਜੇ ਮੇਰੇ ਮੂੰਹੋਂ ਕੋਈ ਕੁਬਚਨ ਨਿਕਲ ਗਿਆ ਤਾਂ ਫੇਰ ਨਾਂ ਕਹੀਂ। ਫਕੀਰ ਵੀ ਕਰਾਮਾਤੀ ਸੀ ਉਹ ਕਹਿੰਦਾ ਤੂੰ ਜਿਹੜਾ ਵੀ ਬਚਨ ਕਰਨਾ ਕਰ ਲੈ। ਮਾਈ ਕਹਿੰਦੀ ਸਵੇਰ ਨੂੰ ਤੇਰਾ ਘੋੜਾ ਮਰ ਜਾਵੇਗਾ। ਫਕੀਰ ਨੇ ਵੀ ਅੱਗੋਂ ਸਰਾਪ ਦਿੱਤਾ ਕਿ ਤੂੰ ਵੀ ਇਸ ਘੋੜੇ ਦੇ ਨਾਲ ਹੀ ਮਰੇਂਗੀ।

ਸੁੱਚੇ ਮੋਤੀ ਪੰਨਾ ੧੪੩

ਵਿਚਾਰ—ਇਸ ਤਰ੍ਹਾਂ ਇਹ ਆਪਸ ਵਿੱਚ ਇੱਕ ਦੂਜੇ ਨੂੰ ਵਰ ਸਰਾਪ ਦਿੰਦੇ ਰਹੇ ਹਨ ਕੁੱਤੇ ਦਾ ਕੁੱਤਾ ਵੈਰੀ, ਸੰਢੇ ਦਾ ਸੰਢਾ ਵੈਰੀ। ਸਰਬੱਤ ਦੇ ਭਲੇ ਵੱਲ ਇਹਨਾਂ ਸਾਧਾਂ ਨੇ ਕਦੇ ਸੋਚਿਆ ਵੀ ਨਹੀਂ। ਇਹ ਸਾਧ ਹੀ ਦੁਨੀਆਂ ਨੂੰ ਲੈ ਡੁੱਬੇ।

ਅੱਗੇ ਲਿਖਦੇ ਹਨ ਇੱਕ ਸੱਜਣ ਪਿਛਾਵਰ ਤੋਂ, ਸੰਤ ਆਇਆ ਸਿੰਘ ਹੋਤੀ ਮਰਦਾਨ ਤੋਂ ਨਾਮ ਦਾਨ ਲੈਣ ਆਇਆ ਅਤੇ ਸੰਤਾਂ ਨੇ ਬਚਨ ਕੀਤਾ ਕਿ ਤੂੰ ਪੂਰੇ ਛੇ ਮਹੀਨੇ ਸੌਣਾ ਨਹੀਂ ਹੈ। ਇਸ ਸੱਜਣ ਨੇ ਪੱਥਰਾਂ, ਰੋੜਿਆਂ ਦੀ ਪੰਡ ਬੰਨ ਲਈ ਅਤੇ ਤੁਰਿਆ ਫਿਰਦਾ ਰਿਹਾ ਕਦੇ ਲੰਮੇ ਨਹੀਂ ਪਿਆ ਜੇ ਬੈਠਣਾ ਤਾਂ ਥੱਲੇ ਪੱਥਰ ਰੋੜੇ ਵਿਛਾ ਕੇ ਬੈਠ ਕੇ ਭਜਨ ਕਰਨਾ। ਇਹ ਛੇ ਮਹੀਨੇ ਇੱਕ ਮਿੰਟ ਵੀ ਨਹੀਂ ਸੁੱਤਾ, ਜਦ ਇੱਕ ਰਾਤ ਰਹਿ ਗਈ ਤਾਂ ਪੱਥਰ ਤੇ ਬੈਠੇ ਨੂੰ ਨੀਂਦ ਆਉਣ ਲੱਗ ਪਈ ਤਾਂ ਉਠ ਕੇ ਕਿਸੇ ਪਠਾਨ ਮੌਲਵੀ ਦੇ ਘਰ ਇੱਕ ਪੱਥਰ ਸੁੱਟ ਦਿਤਾ ਉਹ ਪਠਾਣ ਇਹਦੇ ਮਗਰ ਭੱਜੇ, ਜਦ ਜਾਨ ਨੂੰ ਬਣੀ ਤਾਂ ਨੀਂਦ ਭੁੱਲ ਗਈ ਉਹ ਰਾਤ ਵੀ ਜਾਗਦਿਆਂ ਨਿਕਲ ਗਈ, ਤਾਂ ਸੰਤ ਦਾ ਬਚਨ ਪੂਰਾ ਕੀਤਾ ਅਤੇ ਸੰਤ ਕੋਲ ਗਿਆ ਤਾਂ ਅਵਸਥਾ ਬਣ ਚੁੱਕੀ ਸੀ ਸੰਤ ਨੇ ਹੁਕਮ ਕੀਤਾ ਆਪਣੇ ਇਲਾਕੇ ਵਿੱਚ ਜਾ ਕੇ ਲੰਗਰ ਚਲਾਉ। ਜਾ ਕੇ ਲੰਗਰ ਚਲਾਇਆ ਬਹੁਤ ਪ੍ਰਸਿੱਧੀ ਹੋਈ, ਸੰਤ ਉਸਦੀ ਪਰਖ ਲੈਣ ਵਾਸਤੇ ਉਸਦੇ ਲੰਗਰ ਵਿੱਚ ਗਏ, ਆਟਾ, ਰੇਤ ਬਣਾ ਦਿੱਤਾ ਪਰ ਉਸ ਸੱਜਣ ਨੇ ਕਿਹਾ ਕਿ ਗੁਰੂ ਨਾਨਕ ਦੇ ਲੰਗਰ ਵਿੱਚ ਰੇਤ ਕਿਥੋਂ ਆ ਗਈ। ਸੰਤ ਉਸਦੀ ਦ੍ਰਿੜਤਾ ਦੇਖ ਕੇ ਖੁਸ਼ ਹੋਏ।

ਪੰਜ ਸੁੱਚੇ ਮੋਤੀ ਪੰਨਾ ੧੪੪

ਵਿਚਾਰ—ਉਪਰ ਲਿਖੀ ਇਹਨਾਂ ਸਾਧਾਂ ਦੀ ਵਾਰਤਾ ਵਿਚੋਂ ਇੱਕ ਅੱਖਰ ਵੀ ਗੁਰਮਤਿ ਦਾ ਲੱਭ ਕੇ ਦਿਖਾਉ ਇਹ ਸਾਧ ਕਿਹੜੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਦੱਸੋ ਤਾਂ ਸਹੀ?

ਅੱਗੇ ਲਿਖਦੇ ਹਨ ਕਿ ਇੱਕ ਮਿਸਤਰੀ ਉਥੇ ਵੱਡਾ ਹਾਲ ਬਣਾ ਰਿਹਾ ਸੀ ਤਾਂ ਸੰਤਾਂ ਨੂੰ ਬੇਨਤੀ ਕੀਤੀ ਉਹ ਧਨ ਕੀ ਹੈ ਮੈਨੂੰ ਦਿਖਾਉ। ਸੰਤ ਕਹਿੰਦੇ ਰਾਤ ਨੂੰ ੧੨ ਵਜੇ ਗੁਫਾ ਵਿੱਚ ਆਵੀਂ। ਉਹ ਰਾਤ ੧੨ ਵਜੇ ਗਿਆ ਤਾਂ ਸੰਤ ਨੇ ਕੰਨ ਵਿੱਚ ਨਾਮ ਦਿੱਤਾ, ਨਾਮ ਅੰਦਰ ਵੜਦਿਆਂ ਹੀ ਮਿਸਤਰੀ ਬੇਸੁਧ ਹੋ ਗਿਆ ਸੰਤਾਂ ਨੇ ਬਚਨ ਕੀਤਾ, ਉਠ ਤਕੜਾ ਹੋ, ਹੁਣ ਝੱਲ ਤਾਂ ਸਹੀ।

ਪੰਜ ਸੁੱਚੇ ਮੋਤੀ ਪੰਨਾ ੧੪੫

ਵਿਚਾਰ—ਕੋਈ ਦੱਸੇ ਇਹਨਾਂ ਸੰਤਾਂ ਦਾ ਦੇਹਧਾਰੀ ਗੁਰੂਆਂ ਨਾਲੋਂ ਕੀ ਘੱਟ ਹੈ? ਇਹ ਵੀ ਕੰਨਾਂ ਵਿੱਚ ਨਾਮ ਦੇ ਰਹੇ ਹਨ।

ਅੱਗੇ ਲਿਖਦੇ ਹਨ ਸੰਤ ਹਰਿਦੁਆਰ ਗਏ ਉਥੇ ਕਈਆਂ ਨੂੰ ਤਾਰਿਆ। ਹਰਿਦੁਆਰ ਡੇਰਾ ਬਣਾਇਆ ਉਥੇ ਇਹਨਾਂ ਦੇ ਚੇਲੇ ਰਹਿੰਦੇ ਹਨ। ਅੰਮ੍ਰਿਤਸਰ ਜਿਲੇ ਦੇ ਇੱਕ ਬੰਦੇ ਨੂੰ ਨਿੰਦਿਆ ਕਰਦੇ ਸੁਣ ਕੇ ਇੱਕ ਪ੍ਰੇਮੀ ਨੇ ਲੱਤ ਮਾਰੀ। ਉਹ ਬੰਦਾ ਮਰ ਗਿਆ। ਸੰਤ ਦਾ ਪ੍ਰੇਮੀ ਜੇਲ੍ਹ ਵਿੱਚ ਚਲੇ ਗਿਆ ਸੰਤਾਂ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਰਹਿਮ ਦੀ ਅਪੀਲ ਕਰਵਾਈ ਤਾਂ ਉਹ ਸੰਤ ਪ੍ਰੇਮੀ ਬਰੀ ਹੋ ਗਿਆ। ਅੱਗੇ ਹੋਰ ਲਿਖਿਆ ਹੈ ਇੱਕ ਦੁਕਾਨਦਾਰ ਸੌਦਾ ਘੱਟ ਤੋਲਦਾ ਸੀ ਉਸਨੇ ਘਸੇ ਵੱਟੇ ਰੱ ਖੇ ਹੋਏ ਸਨ ਜਿਨ੍ਹਾਂ ਲੋਕਾਂ ਨੂੰ ਸੌਦਾ ਘੱਟ ਮਿਲਿਆ ਉਹ ਇਕੱਠੇ ਹੋ ਕੇ ਦੁਕਾਨ ਤੇ ਗਏ। ਵੱਟੇ ਘੱਟ ਸਨ ਉਸ ਦੁਕਾਨਦਾਰ ਨੇ ਸੰਤਾਂ ਦਾ ਧਿਆਨ ਧਰਕੇ ਲਾਜ ਰੱਖਣ ਲਈ ਬੇਨਤੀ ਕੀਤੀ। ਉਸ ਵਕਤ ਸੰਤ ਗੁਫਾ ਵਿੱਚ ਬੈਠੇ ਸਨ ਇੱਕ ਪੱਥਰ ਦਾ ਟੁਕੜਾ ਚੁੱਕ ਲਿਆ ਜਦ ਲੋਕ ਦੁਕਾਨਦਾਰ ਦੇ ਤੱਕੜੀ ਪੱਲੜੇ ਬਦਲ ਬਦਲ ਕੇ ਦੇਖਣ ਤਾਂ ਸੰਤ ਵੀ ਪੱਥਰ ਨੂੰ ਹੱਥਾਂ ਵਿੱਚ ਬਦਲੇ। ਇਸ ਤਰ੍ਹਾਂ ਸੰਤਾਂ ਨੇ ਨਕਲੀ ਤੱਕੜੀ ਦਾ ਤੋਲ ਪੂਰਾ ਕੀਤਾ ਅਤੇ ਸੇਵਕ ਦੀ ਲਾਜ ਰੱਖੀ।

ਪੰਜ ਸੁੱਚੇ ਮੋਤੀ ਪੰਨਾ ੧੪੯

ਵਿਚਾਰ—ਦੇਖਿਆ ਕਿਵੇਂ ਇਹ ਸੰਤ ਠੱਗ ਪ੍ਰੇਮੀਆ ਦੀ ਲਾਜ ਰੱਖਦੇ ਹਨ। ਜਿਸ ਕੌਮ ਵਿੱਚ ਐਸੇ ਸੰਤ ਪੈਦਾ ਹੋ ਗਏ ਉਹ ਕਦੇ ਇੱਕ ਕਦਮ ਵੀ ਅਗਾਂਹ ਨਹੀਂ ਸੀ ਪੁੱਟ ਸਕਦੀ। ਇਥੇ ਇਹਨਾਂ ਨੇ ਹੋਰ ਵੀ ਕਈ ਮਨਘੜਤ ਝੂਠੀਆਂ ਕਹਾਣੀਆਂ ਗੁਰਮਤਿ ਦੇ ਵਿਰੁੱਧ ਲਿਖੀਆਂ ਹਨ ਸੰਖੇਪ ਕਰਦਾ ਜਾ ਰਿਹਾ ਹਾਂ।

ਅੱਗੇ ਲਿਖਦੇ ਹਨ ਕਿ ਸੇਵਕਾਂ ਨੇ ਸੰਤਾਂ ਤੋਂ ਪੁੱਛਿਆ ਕਿ ਆਪ ਹੁਣ ਇਹ ਗੱਦੀ ਕਿਸਨੂੰ ਬਖਸ਼ੋਗੇ? ਸੰਤ ਜੀ ਨੇ ਉੱਤਰ ਦਿੱਤਾ ਕਿ ਅੱਗੇ ਗੱਦੀ ਦੇਣ ਦਾ ਸਾਨੂੰ ਹੁਕਮ ਨਹੀਂ ਹੈ। ਕਈਆ ਨੇ ਭਾਈ ਰਾਮ ਸਿੰਘ ਨੂੰ ਗੱਦੀ ਦੇਣ ਦੀ ਸਿਫਾਰਸ਼ ਕੀਤੀ ਸੰਤਾਂ ਨੇ ਉਸਨੂੰ ਬੁਲਾਇਆ ਅਤੇ ਕਿਹਾ ਤੇਰੇ ਕੋਲ ਡੇਰੇ ਦੀ ਕਿੰਨੀ ਮਾਇਆ ਹੈ ਉਸਨੇ ੨੦੦ ਰੁਪਏ ਦੱਸੇ। ਉਨੇ ਚਿਰ ਨੂੰ ਕੁੱਝ ਫੌਜੀ ਮੱਥਾ ਟੇਕਣ ਆ ਗਏ ਸੰਤ ਕਹਿੰਦੇ ਇਸ ਰਾਮ ਸਿੰਘ ਦੇ ਚੇਲੇ ਨੂੰ ਬਾਹਰੋਂ ਫੜ ਕੇ ਲਿਆਉ ਤਾਂ ਫੌਜੀਆ ਨੇ ਉਸ ਨੂੰ ਫੜ ਲਿਆਂਦਾ, ਉਸ ਕੋਲੋਂ ੪੦੦ ਰੁਪਏ ਨਿਕਲੇ, ਜਿਹੜੇ ਰਾਮ ਸਿੰਘ ਨੇ ਉਸਨੂੰ ੪੦੦ ਰੁਪਏ ਦੇ ਕੇ ਬਾਹਰ ਭੇਜ ਦਿੱਤਾ ਸੀ, ਚੇਲੇ ਨੇ ਮੰਨਿਆ।

ਪੰਜ ਸੁੱਚੇ ਮੋਤੀ ਪੰਨਾ ---

ਵਿਚਾਰ—ਇਸ ਤਰ੍ਹਾਂ ਇਹਨਾਂ ਡੇਰਿਆਂ ਵਿੱਚ ਚੋਰ ਠੱਗ ਪੈਦਾ ਹੁੰਦੇ ਰਹੇ ਹੁਣ ਵੀ ਡੇਰਿਆਂ ਵਿੱਚ ਠੱਗ ਚੋਰ, ਭੰਗੀ ਪੋਸਤੀ ਅਫੀਮੀ ਪੈਦਾ ਹੋ ਗਏ ਹਨ।

ਅੰਤ ੨੮ ਅੱਸੂ ਸੰਨ ੧੯੧੮ ਨੂੰ ਇਹ ਸੰਤ ਸਦਾ ਦੀ ਨੀਂਦੇ ਸੌਂ ਗਏ। ਪੰਜ ਭੂਤਕ ਸਰੀਰ ਅੱਟਕ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ।

ਸੰਤ ਹਰਨਾਮ ਸਿੰਘ ਕਹਾਰਪੁਰ ਵਾਲੇ, ਸੰਤ ਹਰੀ ਸਿੰਘ ਰੁਮਾਲਾਂ ਵਾਲੇ, ਸੰਤ ਜਵੰਦ ਸਿੰਘ ਰਾਜਾਸਾਂਸੀ ਵਾਲੇ, ਸੰਤ ਠਾਕਰ ਸਿੰਘ ਜਲੰਧਰ ਵਾਲੇ, ਸੰਤ ਨੱਥਾ ਸਿੰਘ ਰੇਰੂ ਸਾਹਿਬ ਪਟਿਆਲਾ, ਸੰਤ ਥੰਮਣ ਸਿੰਘ ਅੰਮ੍ਰਿਤਸਰ ਵਾਲੇ।

ਇਹਨਾਂ ਸਾਰਿਆਂ ਸੰਤਾਂ ਨੇ ਸੰਤ ਆਇਆ ਸਿੰਘ ਹੋਤੀ ਮਰਦਾਨ ਤੋਂ ਨਾਮ ਦਾਨ ਲਿਆ ਸੀ।

ਵਿਚਾਰ—ਦੱਸੋ ਤਾਂ ਸਹੀ ਇਹਨਾਂ ਗੁਰੂ ਨਾਲ ਜੋੜਿਆ ਹੈ ਕਿ ਨਾਮ ਦਾਨ ਦੇ ਕੇ ਗੁਰਮਤਿ ਸਿਧਾਂਤ ਨੂੰ ਭੰਨਿਆ, ਸਿੱਖੀ ਨੂੰ ਢਾਹ ਲਾਈ, ਗੁਰੂ ਦੇ ਸ਼ਰੀਕ ਪੈਦਾ ਕੀਤੇ ਹਨ? ਆਤਮਾ ਦੀ ਆਵਾਜ ਨੂੰ ਪਹਿਚਾਣ ਕੇ ਉਤਰ ਦਿਉ? ਗੁਰੂ ਨੇ ਖੰਡੇ ਬਾਟੇ ਦੀ ਪਾਹੁਲ ਆਪ ਵੀ ਲਈ ਪਰ ਇਹ ਸਾਧ ਕਿਹੜੇ ਨਾਮ ਦਾਨ ਦੀ ਗੱਲ ਕਰਦੇ ਹਨ।
.