.

ਜਿਤੁ ਖਾਧੈ ਤਨੁ ਪੀੜੀਐ

ਮਨ ਮਹਿ ਚਲਹਿ ਵਿਕਾਰ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮਨੁੱਖੀ ਆਹਾਰ ਅਤੇ ਭੋਜਨ ਬਾਰੇ ਗੁਰਬਾਣੀ ਦੀ ਸੇਧ ਹੈ: “ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ” (ਮ: ੧ ਪੰ: 16)। ਗੁਰਦੇਵ ਫ਼ਰਮਾਉਂਦੇ ਹਨ “ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ `ਚ (ਕਈ ਤਰ੍ਹਾਂ ਦੇ) ਵਿਕਾਰ (ਮੰਦੇ ਖਿਆਲ) ਤੁਰ ਪੈਂਦੇ ਹਨ, ਉਨ੍ਹਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ”। ਧਿਆਨ ਦੇਣ ਦੀ ਗਲ ਹੈ ਕਿ ਇਥੇ ਗੁਰਦੇਵ ਨੇ ਭੋਜਨ ਦੇ ਛਕਣ ਬਾਰੇ ਸੇਧ ਅਤੇ ਸਿਧਾਂਤ ਤਾਂ ਬਖਸ਼ਿਆ ਹੈ ਪਰ ਕਿਸੇ ਵਸਤੂ ਵਿਸ਼ੇਸ਼ ਲਈ ਨਿਰਦੇਸ਼ ਜਾਂ ਨਿਸ਼ੇਧ ਨਹੀਂ। ਇਥੇ ਤਾਂ ਸਿਧਾਂਤ ਦੇ ਤੌਰ `ਤੇ ਜ਼ੋਰ ਦਿੱਤਾ ਗਿਆ ਹੈ ਕਿ ਅਜੇਹੇ ਭੋਜਨ ਨਹੀਂ ਕਰਨੇ ਜਿਨ੍ਹਾਂ ਦੀ ਵਰਤੋਂ ਨਾਲ ਮਨ `ਚ ਵਿਕਾਰ ਭਾਵ ਮੰਦੇ ਖਿਆਲ ਤੁਰ ਪੈਂਦੇ ਹਨ, ਕਿਉਂਕਿ ਅਜੇਹੇ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ ਅਤੇ ਸਹਿਜ ਅਵਸਥਾ ਨਹੀਂ ਬਣਦੀ”।

ਭੋਜਨ ਲਈ ਮਨੁੱਖ ਮਨੁੱਖ ਵਿਚਾਲੇ ਭਿੰਨਤਾ- ਠੀਕ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਸਰੀਰਕ ਰੋਗ ਦਾ ਸ਼ਿਕਾਰ ਹੁੰਦੇ ਹਾਂ ਤਾਂ ਡਾਕਟਰ ਵਲੋਂ ਕਦੇ ਵੀ ਹਰੇਕ ਬਿਮਾਰ ਲਈ ਖਾਣ-ਪਾਣ ਬਾਰੇ ਇਕੋ ਹਰੇਕ ਲਈ ਇਕੋ ਨਿਯਮ-ਚਾਰਟ ਨਹੀਂ ਹੁੰਦਾ। ਬਲਕਿ ਸਮੇਂ, ਸਿਹਤ, ਬਿਮਾਰੀ ਮੁਤਾਬਕ, ਡਾਕਟਰ ਵਲੋਂ ਹਰੇਕ ਲਈ ਭੋਜਨ ਬਾਰੇ ਸਲਾਹ ਵੀ ਭਿੰਨ ਭਿੰਨ ਹੀ ਹੁੰਦੀ ਹੈ। ਇਥੋਂ ਤੀਕ ਕਿ ਇਕੋ ਮਰੀਜ਼ ਅਤੇ ਇਕੋ ਹੀ ਬਿਮਾਰੀ ਦੌਰਾਨ ਵੀ ਕਈ ਵਾਰੀ, ਖੁਰਾਕ `ਚ ਤਬਦੀਲੀ ਕਰਨੀ ਪੈਂਦੀ ਹੈ। ਇਹ ਵੀ ਸੱਚ ਹੈ ਕਿ ਇਕੋ ਸਮੇਂ ਜੇਕਰ ਡਾਕਟਰ ਸਾਹਮਣੇ ਵੱਖ-ਵੱਖ ਮਰੀਜ਼ ਬੈਠੇ ਹੋਣ ਤਾਂ ਉਸੇ ਸਮੇਂ ਵੀ ਜ਼ਰੂਰੀ ਨਹੀਂ, ਕਿ ਡਾਕਟਰ ਸਭ ਨੂੰ ਇਕੋ ਤਰ੍ਹਾਂ ਦੇ ਭੋਜਨ ਲਈ ਹੀ ਰਾਇ ਦੇਵੇ। ਇੱਕ ਨੂੰ ਤਾਂ ਡਾਕਟਰ, ਸਲਾਹ ਦੇਂਦਾ ਹੈ ‘ਤੁਸਾਂ ਦੁੱਧ ਨਹੀਂ ਪੀਣਾ ਜਾਂ ਵੱਧ ਤੋਂ ਡਬਲ-ਸਪ੍ਰੇਟਾ (Double Tonned) ਦੁੱਧ ਹੀ ਲੈਣਾ ਹੈ” ਪਰ ਉਸੇ ਸਮੇਂ ਉਹੀ ਡਾਕਟਰ ਨਾਲ ਬੈਠੇ ਦੂਜੇ ਮਰੀਜ਼ ਨੂੰ ਸਲਾਹ ਦੇਂਦਾ ਹੈ “ਤੁਸਾਂ ਘੱਟ ਤੋਂ ਘੱਟ ਦਿਨ `ਚ ਦੋ ਵਾਰੀ ਦੁੱਧ, ਜ਼ਰੂਰ ਲੈਣਾ ਹੈ”। ਇੱਕ ਮਨੁੱਖ ਨੂੰ ਰਾਜਮਾ, ਚਾਵਲ, ਅਰਬੀ ਆਦਿ ਕੁੱਝ ਚੀਜ਼ਾਂ ਖਾਣ ਲਈ ਮਨ੍ਹਾਂ ਕੀਤਾ ਜਾਂਦਾ ਹੈ ਪਰ ਨਾਲ ਬੈਠੇ ਦੂਜੇ ਨੂੰ ਇਸ ਸਾਰੇ ਲਈ ਖੁੱਲ ਹੁੰਦੀ ਹੈ। ਅੱਜ ਹਸਪਤਾਲਾਂ `ਚ ਵੀ ਭੋਜਨ ਸੰਬੰਧੀ ਵੱਖਰੇ ਕਕਸ਼ (Cell) ਅਤੇ ਵੱਖਰੇ ਭੋਜਨ ਵਿਸ਼ੇਸ਼ਗਯ (Diet Specialist) ਹੁੰਦੇ ਹਨ ਅਤੇ ਉਨ੍ਹਾਂ ਦੇ ਇਸ ਕਾਰਜ `ਚ ਦੂਜੇ ਕਿੱਤੇ ਦੇ ਡਾਕਟਰ ਨੂੰ ਵੀ ਦਖ਼ਲ ਦੇਣ ਦਾ ਹੱਕ ਨਹੀਂ ਹੁੰਦਾ।

ਸਾਡਾ ‘ਡਾਕਟਰ-ਗੁਰੂ’ ਅਤੇ ਅਸੀਂ- ਇਥੇ ਤਾਂ ਗੁਰਦੇਵ ਦਾ ਇਸ ਬਾਰੇ ਫ਼ੈਸਲਾ ਇਸ ਤੋਂ ਵੀ ਬਹੁਤ ਅੱਗੇ ਦਾ ਹੈ। ਸਾਡੇ ‘ਡਾਕਟਰ-ਗੁਰੂ’ ਨੇ ਫ਼ਰਮਾਇਆ ਹੈ “ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ” (ਮ: ੧ਪੰ: 16) ਭਾਵ ‘ਡਾਕਟਰ-ਗੁਰੂ’ ਨੇ ਤਾਂ ਸਾਨੂੰ ਉਨ੍ਹਾਂ “ਆਤਮਕ ਤੇ ਸਰੀਰਕ” ਦੋਨਾਂ ਰੋਗਾਂ ਤੋਂ ਬਚਾਉਣਾ ਹੈ ਜਿੱਥੇ ਸੰਸਾਰਕ ਡਾਕਟਰ ਕਦੇ ਪੁੱਜ ਵੀ ਨਹੀਂ ਸਕਦੇ। ਇਸ ਲਈ ਕਿ ਇਹ ਕੰਮ, ਸੰਸਾਰਕ ਡਾਕਟਰਾਂ ਦੇ ਵੱਸ ਦਾ ਹੈ ਵੀ ਨਹੀਂ। ਹੋਰ ਤਾਂ ਹੋਰ, ਇਥੇ ਕਿਸੇ ਮਨੁੱਖ ਜਾਂ ਮਰੀਜ਼ ਵਿਸ਼ੇਸ਼ ਦੀ ਗਲ ਵੀ ਨਹੀਂ। ਇਥੇ ਤਾਂ ਸਮੇਂ, ਸਥਾਨ, ਲੁਕਾਈ ਜਾਂ ਮਨੁੱਖ-ਮਨੁੱਖ ਦੀ ਮਰਜ਼ ਅਨੁਸਾਰ ਜੀਵਨ ਭਰ ਹੋਣ ਵਾਲੀਆਂ ਤਬਦੀਲੀਆਂ ਲਈ ਵੀ ‘ਡਾਕਟਰ-ਗੁਰੂ’ ਵਲੋਂ ਸੇਧ ਦੀ ਲੋੜ ਹੁੰਦੀ ਹੈ ਅਤੇ ਇਥੇ ਉਹ ਵੀ ਪ੍ਰਾਪਤ ਹੈ। ਉਪਰੰਤ ਮਨੁੱਖ-ਮਨੁੱਖ ਦੇ ਸੁਭਾਅ ਵਾਲਾ ਫ਼ਰਕ ਵੀ ਆਪਣੇ ਅਰਥ ਰਖਦਾ ਹੈ। ਤਾਂ ਤੇ ਗੁਰਦੇਵ ਨੇ ਇਥੇ ਸਾਨੂੰ ਉਹੀ ਸਿਧਾਂਤ ਬਖਸ਼ਿਆ ਜੋ ਮੂਲ, ਸਦੀਵੀ, ਸਰਬਪੱਖੀ ਅਤੇ ਸਿਧਾਂਤਕ ਸੰਸਾਰ ਪੱਧਰ ਦਾ ਹੈ, ਨਾ ਕਿ ਕੁੱਝ ਬੰਦਿਆਂ ਜਾਂ ਕਿਸੇ ਇਲਾਕੇ ਵਿਸ਼ੇਸ਼ ਦੇ ਲੋਕਾਂ ਲਈ। ਉਂਝ ਵੀ ਗੁਰਬਾਣੀ ਹੈ ਹੀ ਸੰਸਾਰ ਭਰ ਲਈ ਅਤੇ “ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਇ ਉਧਾਰੋ” (ਪ: 1429) ਅਨੁਸਾਰ ਸਮੁਚੇ ਮਨੁੱਖ ਮਾਤਰ ਲਈ ਖੁਰਾਕ ਤੇ ਜੀਵਨ ਸੇਧ ਵੀ ਹੈ, ਫਿਰ ਵੀ ਉਸ ਲਈ ਜੇ ਕੋ” ਭਾਵ ਹਿੜੜਾ ਮਨੁੱਖ ਇਸ ਦਾ ਲਾਭ ਲੈ ਲਵੇ ਤਾਂ। ਮੂਲ ਰੂਪ `ਚ ਦੁਨਿਆਵੀ ਤੌਰ `ਤੇ ਵੀ ਇਲਾਜ ਉਸੇ ਮਰੀਜ਼ ਦਾ ਹੀ ਹੋ ਸਕਦਾ ਹੈ ਜੋ ਡਾਕਟਰ ਦੇ ਕਹੇ ਅਨੁਸਾਰ ਦਵਾਈ ਲਵੇ ਅਤੇ ਪਰਹੇਜ਼ ਵੀ ਕਰੇ ਤਾਂ। ਇਥੇ ਵੀ “ਕਬੀਰ ਸਾਚਾ ਸਤਿਗੁਰੁ ਕਿਆ ਕਰੈ, ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ, ਜਿਉ ਬਾਂਸੁ ਬਜਾਈਐ ਫੂਕ” (ਪ: 1372) ਅਨੁਸਾਰ ਗੁਰਬਾਣੀ ਦਾ ਫ਼ੈਸਲਾ ਹੈ ਕਿ ਗੁਰ-ਉਪਦੇਸ਼ ਦਾ ਲਾਭ ਵੀ ਉਹੀ ਮਨੁੱਖ ਲੈ ਸਕਦਾ ਹੈ, ਜਿਹੜਾ ਗੁਰੂ-ਗੁਰਬਾਣੀ ਦੀ ਸਿਖਿਆ `ਤੇ ਚਲੇ। ਦਰਅਸਲ ਇਥੇ ਇਸ ਸ਼ਬਦ ਨੂੰ ਦੇਣ ਪਿਛੇ ਵੀ ਮੱਸਲਾ ਇਹੀ ਹੈ ਕਿ ਗੁਰਬਾਣੀ ਦੀ ਸਿਖਿਆ `ਤੇ ਅਮਲ ਕਰਦੇ-ਕਰਦੇ ਸਾਡੇ ਵਿਚੋਂ ਕੁੱਝ ਸਜਨਾਂ ਨੇ “ਵਿਕਾਰ” ਦੇ ਅਰਥ ਵੀ ਗੁਰੂ-ਗੁਰਬਾਣੀ ਤੋਂ ਲੈਣ ਦੀ ਬਜਾਏ ਜਾਣੇ-ਅਨਜਾਣੇ ਆਪਣੇ ਵਲੋਂ ਹੀ ਘੜ ਕੇ ਪ੍ਰਚਲਤ ਕਰ ਲਏ ਤੇ ਨੁਕਸਾਨ ਹੋ ਰਿਹਾ ਹੈ।

“ਖੰਡਿਤ ਨਿਦ੍ਰਾ ਅਲਪ ਅਹਾਰੰ” -ਗੁਰਬਾਣੀ `ਚ ਸਾਡੇ ਸਰੀਰ ਦੇ ਭੋਜਨ-ਆਰਾਮ ਆਦਿ ਲਈ ਬਹੁਤ ਵਾਰੀ ਸੇਧ ਦਿੱਤੀ ਹੈ ਅਤੇ ਵੱਖ ਵੱਖ ਪੱਖਾਂ ਤੋਂ ਨਿਰਦੇਸ਼ ਵੀ ਜਿਵੇਂ “ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ” (ਵਾਰ ਅਸਾ) ਅਤੇ “ਖੰਡਿਤ ਨਿਦ੍ਰਾ, ਅਲਪ ਅਹਾਰੰ, ਨਾਨਕ ਤਤੁ ਬੀਚਾਰੋ” (ਪੰ: 939) ਭਾਵ ਪ੍ਰਭੂ ਪਿਆਰੇ ਹਮੇਸ਼ਾਂ ਬਹੁਤੀ ਨੀਂਦ ਜਾਂ ਬਹੁਤਾ ਖਾਣ-ਪੀਣ ਦੇ ਸੁਭਾਅ ਵਲ ਖਚਿਤ ਨਹੀਂ ਹੁੰਦੇ। ਕਿਉਂਕਿ ਅਜੇਹਾ ਸੁਭਾਅ ਉਨ੍ਹਾਂ ਦੇ ਜੀਵਨ ਦੀ ਸੰਭਾਲ ਵਾਲੇ ਪਾਸਿਓਂ ਰੁਕਾਵਟ ਹੁੰਦਾ ਹੈ। ਮੂਲ ਰੂਪ `ਚ ਇਸ ਵਿਸ਼ੇ `ਤੇ ਗੁਰਬਾਣੀ ਦੀ ਸੇਧ ਤਾਂ ਸਾਰਿਆਂ ਲਈ ਹੀ ਹੈ ਪਰ ਲਾਭ ਉਨ੍ਹਾਂ ਨੂੰ ਹੀ ਹੋਣਾ ਹੈ, ਜਿਹੜੇ ਇਸ ਤੇ ਅਮਲ ਕਰਨ।

“ਬਾਬਾ ਹੋਰੁ ਖਾਣਾ ਖੁਸੀ ਖੁਆਰੁ” - ਵਿਚਾਰ ਅਧੀਨ ਸ਼ਬਦ ਨੂੰ ਹੀ ਲੈ ਲਵੋ! ਸ਼ਬਦ ਦੇ ਰਹਾਓ ਵਾਲੇ ਬੰਦ `ਚ ਗਲ ਵਿਕਾਰਾਂ ਦੀ ਕੀਤੀ ਗਈ ਹੈ। ਪੂਰੇ ਸ਼ਬਦ `ਚ ਕੇਵਲ ਸਰੀਰਕ ਭੋਜਨ ਦੀ ਹੀ ਗਲ ਨਹੀਂ, ਬਲਕਿ ਮਾਨਸਕ ਭੋਜਨ ਲਈ ਵੀ ਸੇਧ ਹੈ। ਫਿਰ ਇਸੇ ਹੀ ਸ਼ਬਦ ਰਾਹੀਂ ਅਮੁੱਲੇ ਮਨੁੱਖਾ ਜੀਵਨ ਨੂੰ ਵਿਕਾਰਾਂ ਤੋਂ ਬਚਾਉਣ ਲਈ ਸਰੀਰ ਦੇ ਪਹਿਰਾਵੇ, ਸੁਆਰੀ, ਸ਼ਸਤਰਾਂ ਦੀ ਵਰਤੋਂ ਲਈ ਸੇਧ ਵੀ ਦਿੱਤੀ ਹੈ ਜਿਵੇਂ “ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ …” ਅਤੇ “ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ…” ਜਾਂ “ਬਾਬਾ ਹੋਰੁ ਸਉਣਾ ਖੁਸੀ ਖੁਆਰੁ॥ ਜਿਤੁ ਸੁਤੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ” (ਪੰ: 16)। ਇਸ ਲਈ ਇਸ ਸ਼ਬਦ `ਚ ਇਸ ਪੱਖੋਂ ਪਰਵਾਰਕ ਜ਼ਿੰਮੇਵਾਰੀਆਂ, ਸਰੀਰਕ ਆਰਾਮ, ਨਿੱਦਰਾ, ਸੁਆਰੀ ਆਦਿ ਦੇ ਪੱਖੋਂ ਵੀ ਗਲ ਉਹੀ ਹੈ ਕਿ “ਮਨ ਮਹਿ ਚਲਹਿ ਵਿਕਾਰ”। ਕਿਉਂਕਿ ਮਾਨਸਿਕ ਵਿਕਾਰਾਂ ਦਾ ਤੁਅਲਕ ਕੇਵਲ ਭੋਜਨ ਨਾਲ ਹੀ ਨਹੀਂ ਹੁੰਦਾ ਬਲਕਿ ਜੀਵਨ ਦੇ ਅਨੇਕਾਂ ਪੱਖਾਂ ਨਾਲ ਹੁੰਦਾ ਹੈ। ਇਸ ਸ਼ਬਦ ਰਾਹੀਂ ਤਾਂ ਮਨੁੱਖ ਨੂੰ ਸਮੁੱਚੇ ਤੌਰ ਤੇ ਸੁਚੇਤ ਕੀਤਾ ਗਿਆ ਹੈ ਨਾ ਕਿ ਕੇਵਲ ਭੋਜਨਾਂ ਵਲੋਂ ਹੀ। ਮਨੁੱਖਾ ਜੀਵਨ ਦੀ ਤਬਾਹੀ ਤੇ ਅਸਫਲਤਾ ਦਾ ਮੁੱਖ ਕਾਰਨ, ਮਨੁੱਖ ਦਾ ਆਪਣੇ ਜੀਵਨ ਦੀਆਂ ਸਰਬਪੱਖੀ ਮੌਲਿਕ ਲੋੜਾਂ ਬਾਰੇ ਨਾਸਮਝ ਰਹਿਣਾ ਹੀ ਹੁੰਦਾ ਹੈ। ਇਹ ਲੋੜਾਂ ਭੋਜਨ ਦੀਆਂ ਵੀ ਹਨ, ਪਹਿਰਾਵੇ ਦੀਆਂ, ਸੁਆਰੀ ਦੀਆਂ ਅਤੇ ਹੋਰ ਵੀ ਬੇਅੰਤ। ਇਸੇ ਮਾਨਵੀ ਘਾਟ ਅਤੇ ਨਾਸਮਝੀ ਦਾ ਨਤੀਜਾ ਹੁੰਦਾ ਹੈ, ਜਦੋਂ ਕੋਈ ਚੰਗਾ ਭਲਾ ਮਨੁੱਖ ਵੀ-ਲੋਭ, ਮੋਹ, ਹਉਮੈਂ, ਕਾਮ, ਕ੍ਰੋਧ ਆਦਿ ਵਿਕਾਰਾਂ ਦੀ ਪੱਕੜ `ਚ ਵੱਡਾ ਚੋਰ, ਡਾਕੂ, ਕਾਤਿਲ, ਵਿਭਚਾਰੀ, ਠੱਗ, ਜ਼ਾਲਮ, ਸਮਗਲਰ, ਕਿਡਨੈਪਰ, ਧੋਖੇਬਾਜ਼ ਇਥੋਂ ਤੀਕ ਕਿ ਧਰਮ ਦੇ ਹੀ ਪੜਦੇ `ਚ ਵੱਡਾ ਜਾਲ੍ਹਸਾਜ਼-ਪਾਖੰਡੀ ਹੋ ਨਿਬੜਦਾ ਹੈ। ਅਜੇਹਾ ਚੰਗਾ-ਭਲਾ ਪਰ-ਉਪਕਾਰੀ ਸਾਬਤ ਹੋ ਸਕਣ ਵਾਲਾ ਮਨੁੱਖ ਅਨਜਾਣੇ ਹੀ ਇਨ੍ਹਾਂ ਵਿਕਾਰਾਂ ਕਾਰਨ ਬੇਅੰਤ ਮਾਨਸਕ-ਸਰੀਰਕ ਰੋਗਾਂ `ਚ ਗ੍ਰਸਿਆ ਰਹਿ ਕੇ, ਅਪਣਾ ਅਮੁੱਲਾ ਜੀਵਨ ਤਬਾਹ ਕਰ, ਸੰਸਾਰ ਤੋਂ ਕੂਚ ਕਰ ਜਾਂਦਾ ਹੈ।

“ਸਭਿ ਰਸ ਮਿਠੇ ਮੰਨਿਐ” -ਉਚੇਚੇ ਇਸ ਸ਼ਬਦ ਬਾਰੇ ਵੇਰਵਾ ਦੇਣ ਦੀ ਲੋੜ ਇਸ ਲਈ ਪਈ ਕਿ ਜਾਣੇ-ਅਨਜਾਣੇ ਸ਼ਬਦ ਨੂੰ ਮਾਸ ਭੋਜਨ ਵਿਰੁਧ ਪ੍ਰਚਾਰਿਆ ਤੇ ਗੁਰਬਾਣੀ ਸੋਝੀ ਤੋਂ ਦੂਰ ਆਮ ਸੰਗਤਾਂ ਵੀ ਇਸੇ ਭਰਮ ਜਾਲ `ਚ ਫਸ, ਦੁਚਿੱਤੀ ਦਾ ਸ਼ਿਕਾਰ ਹੋ ਗਈਆਂ। ਖੂਬੀ ਇਹ ਕਿ ਪੂਰੇ ਸ਼ਬਦ `ਚ ਮਾਸ ਦਾ ਇਸ਼ਾਰੇ ਮਾਤਰ ਵੀ ਜ਼ਿਕਰ ਨਹੀਂ ਬਲਕਿ ਇਥੇ ਤਾਂ ਗਲ ਹੀ ਨਿਰੋਲ ਸਿਧਾਂਤਕ ਅਤੇ ਮਾਨਸਿਕ ਵਿਕਾਰਾਂ ਦੀ ਹੈ। ਇਥੋਂ ਤੀਕ ਕਿ ਜਦੋਂ ਇਸ ਸ਼ਬਦ `ਚ ਗੁਰਦੇਵ ਨੇ ਮਨੁੱਖ ਭੋਜਨਾਂ ਦਾ ਜ਼ਿਕਰ ਕੀਤਾ ਤਾਂ ਵੀ ਫ਼ਰਮਾਇਆ “ਸਭਿ ਰਸ ਮਿਠੇ ਮੰਨਿਐ, ਸੁਣਿਐ ਸਾਲੋਣੇ॥ ਖਟ ਤੁਰਸੀ, ਮੁਖਿ ਬੋਲਣਾ, ਮਾਰਣ ਨਾਦ ਕੀਏ॥ ਛਤੀਹ ਅੰਮ੍ਰਿਤ, ਭਾਉ ਏਕੁ ਜਾ ਕਉ ਨਦਰਿ ਕਰੇਇ” ਅਰਥ ਹਨ “ਜੇ ਮਨ ਪ੍ਰਭੂ ਦੀ ਯਾਦ `ਚ ਪਰਚ ਜਾਏ, ਤਾਂ ਇਸ ਨੂੰ ਦੁਨੀਆ ਭਰ ਦੇ ਸਾਰੇ ਮਿੱਠੇ ਸੁਆਦੀ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ `ਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣੇ ਪਦਾਰਥ ਜਾਣੋ। ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਹੀ, ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਕੀਰਤਨ, ਇਸ ਨੂੰ ਆਪਣੇ ਭੋਜਨਾਂ ਲਈ ਮਸਾਲੇ ਜਾਣੋ। ਇਸ ਲਈ ਪ੍ਰਭੂ ਨਾਲ ਇੱਕ-ਮਿੱਕ ਹੋ ਕੇ ਜੀਊਣਾ ਹੀ, ਜੀਵ ਲਈ ਛੱਤੀ ਪ੍ਰਕਾਰ ਦੇ ਸੁਆਦਲੇ ਭੋਜਨ ਹਨ। ਫਿਰ ਵੀ ਉੱਚੇ ਜੀਵਨ ਵਾਲੀ ਇਹ ਦਾਤਿ ਉਸੇ ਨੂੰ ਮਿਲਦੀ ਹੈ ਜਿਸ `ਤੇ ਪ੍ਰਭੂ ਹੀ ਮਿਹਰ ਦੀ ਨਜ਼ਰ ਕਰਦਾ ਹੈ”। ਪੂਰਾ ਸ਼ਬਦ ਹੈ ਇਸ ਤਰ੍ਹਾਂ “ਸਭਿ ਰਸ ਮਿਠੇ ਮੰਨਿਐ, ਸੁਣਿਐ ਸਾਲੋਣੇ॥ ਖਟ ਤੁਰਸੀ ਮੁਖਿ ਬੋਲਣਾ, ਮਾਰਣ ਨਾਦ ਕੀਏ॥ ਛਤੀਹ ਅੰਮ੍ਰਿਤ ਭਾਉ ਏਕੁ, ਜਾ ਕਉ ਨਦਰਿ ਕਰੇਇ॥ ੧ ॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ॥ ੧ ॥ ਰਹਾਉ॥ ਰਤਾ ਪੈਨਣੁ ਮਨੁ ਰਤਾ, ਸੁਪੇਦੀ ਸਤੁ ਦਾਨੁ॥ ਨੀਲੀ ਸਿਆਹੀ ਕਦਾ ਕਰਣੀ, ਪਹਿਰਣੁ ਪੈਰ ਧਿਆਨੁ॥ ਕਮਰਬੰਦੁ ਸੰਤੋਖ ਕਾ, ਧਨੁ ਜੋਬਨੁ ਤੇਰਾ ਨਾਮੁ॥ ੨ ॥ ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ॥ ੧ ॥ ਰਹਾਉ॥ ਘੋੜੇ ਪਾਖਰ ਸੁਇਨੇ, ਸਾਖਤਿ ਬੂਝਣੁ ਤੇਰੀ ਵਾਟ॥ ਤਰਕਸ ਤੀਰ ਕਮਾਣ ਸਾਂਗ, ਤੇਗਬੰਦ ਗੁਣ ਧਾਤੁ॥ ਵਾਜਾ ਨੇਜਾ ਪਤਿ ਸਿਉ, ਪਰਗਟੁ ਕਰਮੁ ਤੇਰਾ, ਮੇਰੀ ਜਾਤਿ॥ ੩ ॥ ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ॥ ੧ ॥ ਰਹਾਉ॥ ਘਰ ਮੰਦਰ ਖੁਸੀ ਨਾਮ ਕੀ, ਨਦਰਿ ਤੇਰੀ ਪਰਵਾਰੁ” (ਮ: ੧ਪੰ: 16)

ਦੁਖ ਦੀ ਗੱਲ ਤਾਂ ਇਹ ਹੈ ਕਿ ਪੂਰਾ ਸ਼ਬਦ ਨਹੀਂ ਬਲਕਿ ਸ਼ਬਦ `ਚੋਂ ਕੇਵਲ ਇੱਕ ਪੰਕਤੀ ਲੈ ਕੇ ਹੀ ਜਾਣੇ-ਅਨਜਾਣੇ, ਇਸ ਨੂੰ ਮਾਸ ਦੇ ਭੋਜਨ ਵਿਰੁਧ ਵਰਤ ਲਿਆ ਜਾਂਦਾ ਹੈ। ਜਦਕਿ ਇਥੇ, ਇਸ ਸ਼ਬਦ `ਚ ਤਾਂ ਭੋਜਨਾਂ ਦੀ ਵੀ ਨਹੀਂ, ਭੋਜਨ ਦੇ ਸੁਆਦਾਂ ਨੂੰ ਹੀ ‘ਰੂਪਕ ਅਲੰਕਾਰ’ ਦੇ ਕੇ ਪ੍ਰਭੂ ਮਿਲਾਪ ਲਈ ਵਰਤਿਆ ਹੈ। ਇਥੇ ਸਾਰੀ ਗਲ ਹੀ ਮਾਨਸਿਕ ਵਿਕਾਰਾਂ ਤੇ ਉਨ੍ਹਾਂ ਦੇ ਨਿਵਾਰਣ ਲਈ ਹੋ ਰਹੀ ਹੈ, ਫਿਰ ਇਹ ਵਿਕਾਰ ਭਾਵੇਂ ਭੋਜਨ ਕਾਰਨ ਹਨ, ਪਹਿਰਾਵੇ ਕਾਰਨ, ਜ਼ਿਆਦਾ ਨੀਂਦ ਜਾਂ ਸੁਆਰੀ ਕਾਰਨ। ਇਸ ਸ਼ਬਦ ਤੋਂ ਤਾਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਸਾਡੇ ਸਰੀਰਕ ਤੇ ਮਾਨਸਕ ਰੋਗਾਂ ਦਾ ਕਾਰਨ, ਸਾਡੇ ਮਾਨਸਿਕ ਵਿਕਾਰ ਹੀ ਹੁੰਦੇ ਹਨ। ਇਸ ਤਰ੍ਹਾਂ ਸਾਡੇ ਜੀਵਨ ਅੰਦਰ ਇਹ ਵਿਕਾਰ ਵੀ ਉਸ ਸਮੇਂ ਹੀ ਆਪਣੀ ਜਗ੍ਹਾ ਬਣਾਉਂਦੇ ਹਨ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ, ਕੁਰਾਹੇ ਪੈ ਕੇ ਜੀਵਨ ਬਿਤਾ ਰਹੇ ਹੁੰਦੇ ਹਾਂ। ਦੂਜਾ, ਸਾਡੇ ਜੀਵਨ `ਚ ਇਨ੍ਹਾਂ ਵਿਕਾਰਾਂ ਦੇ ਵਾਧੇ ਲਈ, ਕੇਵਲ ਭੋਜਨ ਹੀ ਨਹੀਂ, ਇਸ ਦੇ ਹੋਰ ਵੀ ਕਈ ਪਹਿਲੂ ਹਨ।

ਗੁਰਬਾਣੀ ਅਨੁਸਾਰ ‘ਵਿਕਾਰ’ ਕੀ ਹਨ? - ਗੁਰਬਾਣੀ `ਚ ਪਾਤਸ਼ਾਹ ਨੇ ਜਿੱਥੇ-ਕਿੱਥੇ ਵੀ ਵਿਕਾਰਾਂ ਦੀ ਗਲ ਕੀਤੀ ਤਾਂ ਵਿਕਾਰਾਂ ਦੀ ਗਿਣਤੀ ਪੰਜ ਹੀ ਦਸੀ ਹੈ। ਇਹ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਫ਼ਰਮਾਨ ਹੈ “ਬਾਹਰੁ ਉਦਕਿ ਪਖਾਰੀਐ, ਘਟ ਭੀਤਰਿ ਬਿਬਿਧਿ ਬਿਕਾਰ॥ ਸੁਧ ਕਵਨ ਪਰ ਹੋਇਬੋ, ਸੁਚ ਕੁੰਚਰ ਬਿਧਿ ਬਿਉਹਾਰ” (ਪੰ: 346) ਇਥੇ ਭਗਤ ਰਵਿਦਾਸ ਜੀ ਕਹਿ ਰਹੇ ਹਨ ਕਿ ਐ ਭਾਈ! ਬਾਹਰੋਂ ਤਾਂ ਤੂੰ ਕਈ ਤਰ੍ਹਾਂ ਦੇ ਧਾਰਮਿਕ ਦਿਖਾਵੇ ਕਰਦਾ ਹੈ ਪਰ ਤੇਰਾ ਮਨ, ਜਿਸ ਤੋਂ ਤੇਰੇ ਜੀਵਨ ਦੀ ਸੰਭਾਲ ਹੋਣੀ ਹੈ ਉਹ ਤਾਂ ਵਿਕਾਰਾਂ ਨਾਲ ਭਰਿਆ ਪਿਆ ਹੈ। ਇਹ ਸਭ ਇਉਂ ਹੈ ਜਿਵੇਂ ਹਾਥੀ ਇਸ਼ਨਾਨ ਤਾਂ ਕਰਦਾ ਹੈ ਪਰ ਆਪਣੇ ਮਨ ਦੇ ਸੁਭਾਓ ਕਾਰਨ ਲੇਟੀਆਂ ਫਿਰ ਵੀ ਮਿੱਟੀ `ਚ ਹੀ ਲੈ ਕੇ ਸਭ ਬਰਾਬਰ ਕਰ ਦੇਂਦਾ ਹੈ। ਇਸੇ ਤਰ੍ਹਾਂ ਵਿਕਾਰਾਂ ਲਈ ਹੀ “ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ, ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ, ਕੋਇ ਨ ਸੁਣੈ ਪੂਕਾਰਾ” (ਪੰ: 500)। ਉਪ੍ਰੰਤ ਮਨ ਦੇ ਇਨ੍ਹਾਂ ਵਿਕਾਰਾਂ ਲਈ ਹੀ ਪ੍ਰੇਰਣਾ ਵੀ ਹੈ “ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ, ਇਨ ਸੰਗਤਿ ਤੇ ਤੂ ਰਹੁ ਰੇ” (ਪੰ: 1118) ਬਲਕਿ ਵਿਕਾਰਾਂ ਦਾ ਵਰਣਨ ਕਰਦੇ ਇਥੋਂ ਤੀਕ ਫ਼ੁਰਮਾਇਆ “ਪਰ ਦਾਰਾ, ਪਰ ਧਨੁ, ਪਰ ਲੋਭਾ, ਹਉਮੈ ਬਿਖੈ ਬਿਕਾਰ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ” (ਪੰ: 1255) ਭਾਵ ਐ ਭਾਈ! ਤੂੰ “ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧੰਨ, ਪਰਾਈ ਵਸਤੂ ਦਾ ਲੋਭ, ਹਉਮੈ, ਵਿਸ਼ਿਆਂ ਵਾਲਾ ਸੁਭਾਓ, ਮੰਦੇ ਕੰਮ, ਦੂਜਿਆਂ ਦੀ ਨਿੰਦਾ-ਬਖ਼ੀਲੀ ਅਤੇ ਕਾਮ-ਕ੍ਰੋਧ ਵਾਲੇ ਚੰਡਾਲ ਨੂੰ ਤਿਆਗਣ ਵਾਲੀ ਗਲ ਕਰ”। ਇਸ ਤਰ੍ਹਾਂ ਵਿਕਾਰਾਂ ਬਾਰੇ ਗੁਰਬਾਣੀ `ਚ ਇਸ ਸ਼ਬਦ ਸਮੇਤ ਸੰਪੂਰਣ ਗੁਰਬਾਣੀ `ਚ ‘ਵਿਕਾਰਾਂ’ ਦੇ ਲਫ਼ਜ਼ ਨੂੰ ‘ਮਾਸ’ ਜਾਂ ‘ਮਾਸ ਦੇ ਭੋਜਨ’ ਦੇ ਅਰਥਾਂ `ਚ ਕਿਧਰੇ ਵੀ ਨਹੀਂ ਵਰਤਿਆ, ਜਿਵੇਂ ਕਿ ਅੱਜ ਪ੍ਰਚਲਤ ਕੀਤਾ ਜਾ ਚੁੱਕਾ ਹੈ।

ਹੋਰ ਤਾਂ ਹੋਰ, ਗੁਰਬਾਣੀ `ਚ ਇਨ੍ਹਾਂ ਵਿਕਾਰਾਂ ਲਈ ਪੰਜ ਚੋਰ, ਪੰਜ ਤਸਕਰ, ਪੰਜ ਚੰਡਾਲ ਆਦਿ ਕਈ ਕਰੜੇ ਲਫ਼ਜ਼ ਵਰਤੇ ਹਨ। ਮਨੁੱਖ ਨੂੰ ਇਨ੍ਹਾਂ ਕੋਲੋਂ ਜੀਵਨ ਦੀ ਸੰਭਾਲ ਲਈ ਬੇਅੰਤ ਵਾਰੀ ਸੁਚੇਤ ਵੀ ਕੀਤਾ ਹੈ। ਫਿਰ ਇਹ ਵੀ ਪੱਕਾ ਕੀਤਾ ਹੈ ਕਿ ਮਨੁੱਖਾ ਜੀਵਨ `ਤੇ ਇਹ ਵਿਕਾਰ ਉਦੋਂ ਹੀ ਪ੍ਰਭਾਵੀ ਹੁੰਦੇ ਹਨ ਜਦੋਂ ਮਨੁੱਖ ਸੰਸਾਰ ਦੇ ਹੋਛੇ ਰਸਾਂ `ਚ ਫਸਿਆ ਹੁੰਦਾ ਹੈ। ਇਸ ਤਰ੍ਹਾਂ ਗੁਰਬਾਣੀ `ਚ ਇਨ੍ਹਾਂ ਹੋਛੇ ਰਸਾਂ ਲਈ ਵੀ ਕੇਵਲ ਵਿਕਾਰ ਹੀ ਨਹੀਂ ਬਲਕਿ ਕੂੜ, ਬਿਖਿਆ ਫ਼ਲ, ਬਿਖ ਆਦਿ ਸ਼ਬਦਾਵਲੀ ਵੀ ਕਈ ਵਾਰੀ ਵਰਤੀ ਹੈ। ਇਸਦੇ ਨਾਲ ਇਹ ਵੀ ਪੱਕਾ ਕੀਤਾ ਹੈ ਕਿ ਜਦੋਂ ਸਾਡਾ ਜੀਵਨ ਨਾਮ ਰੰਗ `ਚ ਰੰਗਿਆ ਜਾਂਦਾ ਹੈ ਤਾਂ ਅਜੇਹੇ ਜੀਵਨ `ਤੇ ਵਿਕਾਰ ਜਾਂ ‘ਹੋਛੇ ਰਸ’ ਆਪਣਾ ਮਾੜਾ ਅਸਰ ਨਹੀਂ ਪਾ ਸਕਦੇ। ਜਿਵੇਂ “ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥ ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ, ਬਿਖਿਆ ਸਿਉ ਉਰਝਾਇਓ” (ਪੰ: 1017) ਜਾਂ “ਤੂੰ ਸੁਣਿ ਹਰਣਾ ਕਾਲਿਆ, ਕੀ ਵਾੜੀਐ ਰਾਤਾ ਰਾਮ॥ ਬਿਖੁ ਫਲੁ ਮੀਠਾ ਚਾਰਿ ਦਿਨ, ਫਿਰਿ ਹੋਵੈ ਤਾਤਾ ਰਾਮ” (ਪੰ: 438) ਇਸੇ ਤਰ੍ਹਾਂ “ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ, ਬਿਨੁ ਹਰਿ ਕਹਾ ਅਘਾਈ” (ਪੰ: 672) ਜਾਂ “ਬਿਖਈ, ਦਿਨੁ ਰੈਨਿ ਇਵ ਹੀ ਗੁਦਾਰੈ॥ ਗੋਬਿੰਦੁ ਨ ਭਜੈ ਅਹੰਬੁਧਿ ਮਾਤਾ, ਜਨਮੁ ਜੂਐ ਜਿਉ ਹਾਰੈ” (ਪੰ: 1205) ਜਾਂ “ਛੋਡਿ ਛੋਡਿ ਰੇ ਬਿਖਿਆ ਕੇ ਰਸੂਆ॥ ਉਰਝਿ ਰਹਿਓ ਰੇ ਬਾਵਰ ਗਾਵਰ, ਜਿਉ ਕਿਰਖੈ ਹਰਿਆਇਓ ਪਸੂਆ” (ਪੰ: 206) ਇਤਿਆਦ

ਗੁਰਬਾਣੀ `ਚ ਨਾਮ ਰੰਗ ਨੂੰ ‘ਨਾਮ, ਅੰਮ੍ਰਿਤ, ਜਲਨਿਧਿ ਆਦਿ ਕਈ ਲਫ਼ਜ਼ਾਂ ਨਾਲ ਵੀ ਸੰਬੋਧਨ ਕੀਤਾ ਹੈ। ਖੂਬੀ ਇਹ ਕਿ ਸਮੂਚੀ ਗੁਰਬਾਣੀ `ਚ ਗੁਰਦੇਵ ਨੇ ਕਿਸੇ ਇੱਕ ਸ਼ਬਦ `ਚ ਵੀ ਮਾਸ ਨੂੰ ਵਿਕਾਰੀ ਭੋਜਨ ਨਹੀਂ ਕਿਹਾ ਅਤੇ ਨਾ ਹੀ ਸੰਸਾਰ ਦੇ ਹੋਛੇ ਰਸਾਂ ਤੋਂ ਸੁਚੇਤ ਕਰਦੇ ਸਮੇਂ ਮਾਸ ਲਈ ਬਿਖ ਜਾਂ ਬਿਖਿਆ ਫ਼ਲ ਆਦਿ ਸ਼ਬਦਾਵਲੀ ਹੀ ਵਰਤੀ ਹੈ। ਅਜੇਹੀ ਸ਼ਬਦਾਵਲੀ ਸਮੇਂ ਰੱਤੀ ਭਰ ਕਿਧਰੇ ਵੀ ਮਾਸ ਦੇ ਭੋਜਨ ਦੀ ਗੱਲ ਨਹੀਂ ਅਤੇ ਨਾ ਹੀ ਮਾਸ ਦੇ ਭੋਜਨ ਤੋਂ ਵਰਜਿਆ ਹੈ। ਵਰਜਿਆ ਜਾਂ ਗ਼ਲਤ ਕਿਹਾ ਹੈ ਤਾਂ “ਕਰਤਾਰ ਨੂੰ ਵਿਸਾਰ ਕੇ, ਸੰਸਾਰ ਦੀ ਮੋਹ ਮਾਇਆ `ਚ ਖਚਿਤ ਹੋਣ ਨੂੰ ਅਤੇ ਇਸੇ ਨੂੰ ਹੀ ‘ਵਿਕਾਰੀ ਜੀਵਨ’ ਜਾਂ ‘ਹੋਛੈ ਰਸਿ’ ‘ਬਿਖਿਆ’ ‘ਬਿਖੁ ਫਲ’, ‘ਬਿਖਿਆ ਕੇ ਰਸੂਆ’ ‘ਬਿਖਈ’ ਆਦਿ ਕਿਹਾ ਹੈ। ਫ਼ਿਰ ਵੀ ਪਤਾ ਨਹੀਂ ਕਿਵੇਂ ਜਾਣੇ-ਅਨਜਾਣੇ ਗੁਰਬਾਣੀ ਦੀ ਪੰਕਤੀ “ਮਨ ਮਹਿ ਚਲਹਿ ਵਿਕਾਰ” ਲਈ ਅਜੇਹਾ ਭੁਲੇਖਾ ਬਣ ਗਿਆ ਜਾਂ ਬਣਾ ਦਿੱਤਾ ਗਿਆ।

“ਫਿਟੁ ਇਵੇਹਾ ਜੀਵਿਆ” - ਇਥੇ ਹੀ ਬਸ ਨਹੀਂ, ਗੁਰਬਾਣੀ `ਚ ਸਾਡੇ ਭੋਜਨਾਂ ਅਤੇ ਪ੍ਰਭੂ ਵਲੋਂ ਪ੍ਰਾਪਤ ਬੇਅੰਤ ਦਾਤਾਂ ਬਾਰੇ ਇਹੀ ਸਿਧਾਂਤ ਹੋਰ ਵੀ ਅਨੇਕਾਂ ਥਾਵੇਂ ਵਰਤਿਆ ਹੈ। ਪਕਿਆਈ ਵੀ ਕੀਤੀ ਹੈ ਜਿਵੇਂ “ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ, ਤਿਸੁ ਠਾਕੁਰ ਕਉ ਰਖੁ ਮਨ ਮਾਹਿ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ॥ ਤਿਸਹਿ ਧਿਆਇ ਸਦਾ ਮਨ ਅੰਦਰਿ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ॥ ਆਠ ਪਹਰ ਸਿਮਰਹੁ ਤਿਸੁ ਰਸਨਾ॥ ਜਿਹ ਪ੍ਰਸਾਦਿ ਰੰਗ ਰਸ ਭੋਗ॥ ਨਾਨਕ ਸਦਾ ਧਿਆਈਐ ਧਿਆਵਨ ਜੋਗ॥ ੧ ॥ ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ॥ ਜਿਹ ਪ੍ਰਸਾਦਿ ਸੁਖ ਸੇਜ ਸੋਈਜੈ॥ ਮਨ ਆਠ ਪਹਰ ਤਾ ਕਾ ਜਸੁ ਗਾਵੀਜੈ….” (ਪੰ: 269) ਭਾਵ ਇਸ ਤਰ੍ਹਾਂ ‘ਸੁਖਮਨੀ ਸਾਹਿਬ’ ਦੀ ਇਸ ਸੰਪੂਰਨ ਅਸ਼ਟਪਦੀ `ਚ ਗੁਰਦੇਵ ਨੇ, ਅਕਾਲਪੁਰਖ ਦੀਆਂ ਬੇਅੰਤ ਦਾਤਾਂ ਨੂੰ “ਜਿਹ ਪ੍ਰਸਾਦਿ” ਦੀ ਸ਼ਬਦਾਵਲੀ ਨਾਲ ਹੀ ਗਿਣਵਾਇਆ ਅਤੇ ਉਸ ਕਰਤਾਰ ਦੇ ਸ਼ੁਕਰਾਣੇ `ਚ ਹੀ ਰਹਿਣ ਦੀ ਜਾਚ ਸਿਖਾਈ ਹੈ।

“ਸੇ ਮੁਏ ਮਰਿ ਜੰਮੇ ਕੋੜ੍ਹੇ” - ਵਿਸ਼ੇ ਅਨੁਸਾਰ ਇਸੇ ਸਿਲਸਲੇ `ਚ ਹੀ ਆਦੇਸ਼ ਹੈ “ਸੋ ਕਿਉ ਮਨਹੁ ਵਿਸਾਰੀਐ, ਜਾ ਕੇ ਜੀਅ ਪਰਾਣ॥ ਤਿਸੁ ਵਿਣੁ ਸਭੁ ਅਪਵਿਤ੍ਰ ਹੈ, ਜੇਤਾ ਪੈਨਣੁ ਖਾਣੁ” (ਪੰ: 16) ਅਤੇ “ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ, ਸੇ ਮੁਏ ਮਰਿ ਜੰਮੇ ਕੋੜ੍ਹੇ” (ਪੰ: 306) ਭਾਵ ਮਨੁੱਖਾ ਜਨਮ ਲੈ ਕੇ ਪਰ ਪ੍ਰਭੂ ਨੂੰ ਵਿਸਾਰ ਕੇ ਜੀਵਨ ਜੀਉਣ ਵਾਲੇ ਲੋਕ, ਆਪਣੇ ਇਸ ਦਿਮਾਗ਼ੀ ਕੋੜ੍ਹ ਕਾਰਨ ਆਤਮਕ ਪਖੋਂ ਮੁਰਦਾ ਹੀ ਹੁੰਦੇ ਹਨ। ਤਾਂ ਤੇ “ਜਿਤੁ ਮੁਖਿ ਨਾਮੁ ਨ ਊਚਰਹਿ, ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ, ਤਿਤੁ ਮੁਖਿ ਥੁਕਾ ਪਾਹਿ” (ਪੰ: 473) ਇਸ ਪੂਰੇ ਸਲੋਕ `ਚ ਦਰਸ਼ਨ ਕਰੋ, ਗੁਰਦੇਵ ਦਸਦੇ ਹਨ ਕਿ ਮਨੁੱਖ ਪ੍ਰਭੂ ਦੀਆਂ ਦਾਤਾਂ ਦੀ ਹੀ ਟੇਕ ਲੈ ਕੇ ਸੁੱਚਮਾਂ-ਭਿਟਾਂ, ਚੌਂਕੇ-ਕਾਰਾਂ ਦੇ ਧਰਮ ਦੇ ਪੜਦੇ `ਚ ਬਥੇਰੇ ਪਾਖੰਡ ਕਰਦਾ ਤੇ ਆਪਣੇ ਸ਼ਰਧਾਲੁਆਂ ਨੂੰ ਵੀ ਉਸੇ ਪਾਖੰਡ ਜਾਲ `ਚ ਉਲਝਾਂਦਾ ਹੈ। ਸਚਾਈ ਇਹ ਹੈ ਕਿ ਬਾਹਰੋਂ ਧਰਮੀ, ਮੂਲੋਂ ਪਾਖੰਡੀ, ਪ੍ਰਭੂ ਦੀ ਦਰਗਾਹ `ਚ ਅਜੇਹੇ ਧਾਰਮਿਕ ਆਗੂਆਂ ਦੀ ਹਾਲਤ ਇਹ ਹੁੰਦੀ ਹੈ ਜਿਵੇਂ ਕਿ ਉਹ ਕਰਤਾਰ ਵਲੋਂ ਦੁਰਕਾਰੇ ਜਾ ਚੁੱਕੇ ਹੋਣ ਤੇ ਉਨ੍ਹਾਂ ਦੇ ਮੂੰਹ `ਤੇ ਪ੍ਰਭੂ ਵਲੋਂ ਥੁੱਕਾਂ ਹੀ ਪੈ ਰਹੀਆਂ ਹੋਣ। ਇਸ ਲਈ “ਫਿਟੁ ਇਵੇਹਾ ਜੀਵਿਆ, ਜਿਤੁ ਖਾਇ ਵਧਾਇਆ ਪੇਟੁ॥ ਨਾਨਕ ਸਚੇ ਨਾਮ ਵਿਣੁ, ਸਭੋ ਦੁਸਮਨੁ ਹੇਤੁ” (ਪੰ: 790) ਵਿਚਾਰਣ ਦੀ ਗੱਲ ਹੈ ਕਿ ਗੁਰਬਾਣੀ ਅੰਦਰ ਅਨੇਕਾਂ ਥਾਵੇਂ ਨਿਰੋਲ ਭੋਜਨ ਬਾਰੇ ਵੀ ਸੇਧ ਦਿੱਤੀ ਹੈ। ਪਰ ਭੋਜਨ ਸੰਬੰਧੀ ਕਿਹੜੇ ਪਦਾਰਥ ਪ੍ਰਵਾਣ ਹਨ ਅਤੇ ਕਿਹੜੇ ਨਹੀਂ, ਨਾਵਾਂ ਦਾ ਜ਼ਿਕਰ ਕਿੱਧਰੇ ਵੀ ਨਹੀਂ, ਸਿਧਾਂਤ ਹੀ ਬਖਸ਼ਿਆ ਹੈ। ਵਰਜੇ ਹਨ ਤਾਂ ਨਸ਼ੇ, ਸ਼ਰਾਬ ਆਦਿ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥ ਅਤੇ ਉਹ ਵੀ ਖੁਲੇ ਲਫ਼ਜ਼ਾਂ `ਚ।

“ਖਾਇਆ ਮੈਲੁ ਵਧਾਇਆ” - ਇਥੋਂ ਤੀਕ ਕਿ ਜਦੋਂ ਸਰੀਰ ਅਤੇ ਮਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਭੋਜਨਾਂ ਦੀ ਵੀ ਗਲ ਕੀਤੀ ਤਾਂ ਉਥੇ ਵੀ “ਖਾਇਆ ਮੈਲੁ ਵਧਾਇਆ, ਪੈਧੈ ਘਰ ਕੀ ਹਾਣਿ॥ ਬਕਿ ਬਕਿ ਵਾਦੁ ਚਲਾਇਆ, ਬਿਨੁ ਨਾਵੈ ਬਿਖੁ ਜਾਣਿ” (ਪੰ: 1331) ਇਹੀ ਸਮਝਾਇਆ ਕਿ ਜੀਵਨ ਅੰਦਰ ਮੈਲ ਵਧਾਉਣਾ ਹੈ ਕੀ? ਇਸ ਬਾਰੇ ਵੀ ਕੁੱਝ ਨਿਗਾਹ ਮਾਰ ਲੈਣੀ ਜ਼ਰੂਰੀ ਹੈ ਕਿਉਂਕਿ ਇਥੇ ਵੀ ਇਸ ਮੈਲੇ ਦੇ ਕਈ ਵਾਰੀ ਕੁੱਝ ਸੱਜਨ ਗੁਰਬਾਣੀ ਤੋਂ ਨਹੀਂ ਬਲਕਿ ਆਪਣੀ-ਆਪਣੀ ਸੋਚ ਅਨੁਸਾਰ ਵੱਖ-ਵੱਖ ਅਰਥ ਘੜ ਲੈਂਦੇ ਹਨ ਜੋ ਯੋਗ ਨਹੀਂ। ਦਰਅਸਲ ਗੁਰਬਾਣੀ ਦੇ ਅਰਥ ਕਿਧਰੇ ਵੀ ਸਾਡੀ ਮਰਜ਼ੀ ਨਾਲ ਨਹੀਂ ਹੋਣੇ। ਗੁਰਬਾਣੀ ਦੀ ਇਕ-ਇਕ ਪੰਕਤੀ ਸਾਡੇ ਲਈ ਜੀਵਨ ਜਾਚ ਤੇ ਗੁਰੂ ਵਲੋਂ ਸਾਡੇ ਲਈ ਆਦੇਸ਼-ਨਿਰਦੇਸ਼ ਅਥਵਾ ਹੁਕਮਨਾਮੇ ਵਜੋਂ ਹੈ। ਇਸ ਲਈ ਗੁਰਬਾਣੀ ਦੇ ਕਿਸੇ ਵੀ ਅੰਗ ਦੇ ਅਰਥ, ਗੁਰਬਾਣੀ ਸਿਧਾਂਤ ਅਨੁਸਾਰ ਅਤੇ ਗੁਰਬਾਣੀ ਵਿਚੋਂ ਹੀ ਲੈਣੇ ਹਨ। ਇਥੇ ਮੈਲੇ ਦੇ ਅਰਥ ਹਨ “ਮਨੁ ਮੈਲਾ ਹੈ, ਦੂਜੈ ਭਾਇ॥ ਮੈਲਾ ਚਉਕਾ, ਮੈਲੈ ਥਾਇ” (ਪੰ: 121) ਭਾਵ ਇਥੇ ਵੀ ਗਲ ਉਹੀ ਹੈ ਕਿ ਪ੍ਰਭੂ ਨੂੰ ਵਿਸਾਰ ਕੇ ਸਾਡੇ ਜੀਵਨ ਦੀ ਕੋਈ ਵੀ ਕਿਰਤ ਫ਼ਿਰ ਚਾਹੇ ਖਾਣਾ, ਪਹਿਨਣਾ, ਸੁਆਰੀ, ਵਿਚਾਰ, ਵਰਤਣ-ਵਿਹਾਰ ਜਾਂ ਕੁੱਝ ਵੀ ਹੋਵੇ ਉਹ ਸਾਡੇ ਮੰਨ ਨੂੰ ਮੈਲਾ ਹੀ ਕਰਦੀ ਹੈ। ਫ਼ੁਰਮਾਣ ਹੈ “ਮਨਿ ਮੈਲੈ, ਸਭੁ ਕਿਛੁ ਮੈਲਾ, ਤਨਿ ਧੋਤੈ ਮਨੁ ਹਛਾ ਨ ਹੋਇ॥ ਇਹੁ ਜਗਤੁ ਭਰਮਿ ਭੁਲਾਇਆ, ਵਿਰਲਾ ਬੂਝੈ ਕੋਇ” (ਪੰ: 558) ਉਪ੍ਰੰਤ ਮਨ ਮੈਲਾ ਹੁੰਦਾ ਕਿਵੇਂ ਹੈ? ਵਿਕਾਰਾਂ ਜਾਂ ਹੋਛੇ ਰਸਾਂ `ਚ ਜਾਂਦਾ ਕਿਵੇਂ ਹੈ? ਫ਼ੁਰਮਾਣ ਹੈ “ਮਨੁ ਮੈਲਾ ਵੇਕਾਰੁ, ਹੋਵੈ ਸੰਗਿ ਪਾਕੁ॥ ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ” (ਪੰ: 959) ਭਾਵ ਸਾਡਾ ਇਹ ਮਨ ਵਿਕਾਰਾਂ ਦੀ ਭਾਵੇਂ ਕਿੰਨੀ ਵੀ ਮੈਲ ਨਾਲ ਕਿਉਂ ਨਾ ਭਰਿਆ ਹੋਵੇ, ਪਰ ਪ੍ਰਭੂ ਪਿਆਰਿਆਂ ਦੀ ਸੰਗਤ ਚ ਇਹ ਵੀ ਪਾਕ-ਪਵਿਤ੍ਰ ਹੋ ਸਕਦਾ ਹੈ। ਸਮਝਣ ਦੀ ਗਲ ਤਾਂ ਇਹ ਹੈ ਕਿ ਗੁਰਬਾਣੀ ਅਨੁਸਾਰ “ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ” (ਪੰ: 470) ਅਨੁਸਾਰ ਇਥੇ ਵੀ ਗਲ ਉਹੀ ਹੈ ਕਿ ਪ੍ਰਭੂ ਨੂੰ ਵਿਸਾਰ ਕੇ ਹੀ ਜੀਵਨ ਦੀ ਤੱਬਾਹੀ ਹੁੰਦੀ ਹੈ। ਲੋੜ ਹੈ ਕਿ ਜੀਵਨ ਨੂੰ ਸਦਾ ਕਰਤਾਰ ਦੇ ਨਿਰਮਲ ਭਉ ਅਤੇ ਉਸਦੀ ਯਾਦ-ਸਿਮਰਨ `ਚ ਹੀ ਚਲਾਇਆ ਜਾਵੇ।

“ਬਹੁ ਸਾਦਹੁ ਦੂਖੁ ਪਰਾਪਤਿ ਹੋਵੈ” - ਵਿਸ਼ਾ ਭਾਵੇਂ ਭੋਜਨ ਦਾ ਹੋਵੇ ਜਾਂ ਦੂਜੇ ਰਸ, ਜਦੋਂ ਮਨੁੱਖ ਦੇਣਹਾਰ ਪ੍ਰਭੂ ਨੂੰ ਭੁੱਲਾ ਕੇ ਇਨ੍ਹਾਂ ਦਾਤਾਂ ਨੂੰ ਕੇਵਲ ਸੁਆਦਾਂ-ਚਸਕਿਆਂ ਲਈ ਹੀ ਵਰਤਦਾ ਹੈ, ਉਨ੍ਹਾਂ ਨੂੰ ਕੇਵਲ ਆਪਣੇ ਜੀਵਨ-ਵਿਹਾਰ ਦੀ ਸੀਮਾਂ ਤੀਕ ਹੀ ਲੈਂਦਾ ਹੈ ਤਾਂ ਸਾਰੇ ਰਸ-ਕਸ, ਰੰਗ ਤਮਾਸ਼ੇ, ਪ੍ਰਾਪਤੀਆਂ ਜੀਵਨ ਦੇ ਟਿਕਾਅ (ਸਹਿਜ ਅਵਸਥਾ) ਨੂੰ ਵਿਗਾੜਣ ਦਾ ਹੀ ਕਾਰਨ ਬਣਦੀਆਂ ਹਨ। ਹੋਰ ਤਾਂ ਹੋਰ, ਇਨ੍ਹਾਂ ਨਾਲ ਸਰੀਰ `ਚ ਕਈ ਤਰ੍ਹਾਂ ਦੇ ਵਿਗਾੜ `ਤੇ ਰੋਗ ਵੀ ਪੈਦਾ ਹੋ ਜਾਂਦੇ ਹਨ। ਫ਼ੁਰਮਾਨ ਹੈ “ਅਧਿਕ ਸੁਆਦ ਰੋਗ ਧਿਕਾਈ, ਬਿਨੁ ਗੁਰ ਸਹਜੁ ਨ ਪਾਇਆ” (ਪੰ: 1255) ਜਾਂ “ਬਹੁ ਸਾਦਹੁ ਦੂਖੁ ਪਰਾਪਤਿ ਹੋਵੈ” (ਪੰ: 1034) ਅਤੇ “ਹਰਿ ਚੇਤਿ ਖਾਹਿ ਤਿਨਾ ਸਫਲੁ ਹੈ, ਅਚੇਤਾ ਹਥ ਤਡਾਇਆ” (ਪੰ: 85)। ਹੁਣ ਇਨ੍ਹਾਂ ਤਿੰਨਾ ਹੀ ਪ੍ਰਮਾਣਾਂ `ਚ ਦੇਖੋ, ਪਾਤਸ਼ਾਹ ਸਾਨੂੰ ਕੀ ਸਿੱਖਿਆ ਦੇ ਰਹੇ ਹਨ। ਤਿੰਨਾਂ ਹੀ ਪ੍ਰਮਾਣਾਂ `ਚ ਸ਼ਬਦਾਵਲੀ ਵੱਖ ਵੱਖ ਹੈ ਪਰ ਜੀਵਨ ਲਈ ਸੇਧ ਇਕੋ ਹੀ ਹੈ। ਪਹਿਲਾ ਪ੍ਰਮਾਣ ਹੈ, ਪ੍ਰਭੂ ਨੂੰ ਵਿਸਾਰ ਕੇ ਸੁਆਦਾਂ-ਚਸਕਿਆਂ ਲਈ ਵਰਤੇ ਜਾਂਦੇ ਸਾਰੇ ਪਦਾਰਥ-ਮਾਨਸਿਕ ਤੇ ਸਰੀਰਕ ਰੋਗਾਂ ਦਾ ਹੀ ਕਾਰਨ ਬਣਦੇ ਹਨ। ਦੂਜੇ ਪ੍ਰਮਾਣ `ਚ ਗੁਰਦੇਵ ਦਸਦੇ ਹਨ, ਐ ਮਨੁੱਖ! ਜੇਕਰ ਤੂੰ ਇਨ੍ਹਾਂ ਸੰਸਾਰਕ ਚਸਕਿਆਂ-ਸੁਆਦਾਂ `ਚ ਹੀ ਰਹਿ ਗਿਉਂ ਤਾਂ ਸਿਵਾਏ ਦੁਖਾਂ ਦੇ ਤੇਰੇ ਹੱਥ ਕੁੱਝ ਵੀ ਨਹੀਂ ਆਵੇਗਾ। ਇਹ ਦੁਖ ਹਨ ਤ੍ਰਿਸ਼ਨਾ, ਭਟਕਣਾ, ਨਿਰਾਸ਼ਾ, ਵਿਕਾਰ, ਅਸ਼ਾਂਤੀ ਆਦਿ ਜੋਕਿ ਸਾਡੇ ਜੀਵਨ ਦਾ ਟਿਕਾਅ ਖਤਮ ਕਰਦੇ ਹਨ। ਸੱਚਾਈ ਹੈ ਕਿ 99% ਸਾਡੇ ਮਾਨਸਿਕ- ਸਰੀਰਕ ਰੋਗਾਂ ਦਾ ਕਾਰਨ, ਸਾਡੇ ਜੀਵਨ `ਚ ਇਹ ਵਿਕਾਰ ਹੀ ਹੁੰਦੇ ਹਨ। ਉਪ੍ਰੰਤ ਤੀਜੇ ਪ੍ਰਮਾਣ `ਚ ਗੁਰਦੇਵ ਸਮਝਾਉਂਦੇ ਹਨ ਐ ਮਨੁੱਖ! ਜੇ ਕਰ ਤੂੰ ਦੇਣ ਵਾਲੇ ਦਾਤੇ ਦੇ ਸ਼ੁਕਰਾਣੇ `ਚ ਰਹਿ ਕੇ ਪਦਾਰਥਾਂ ਦਾ ਭੋਗ ਕਰੇਂਗਾ, ਤਾਂ ਤੇ ਤੇਰਾ ਜੀਵਨ ਸਫ਼ਲ ਹੋਵੇਗਾ, ਨਹੀਂ ਤਾਂ ਸਾਰਾ ਜੀਵਨ ਬਿਤਾਅ ਕੇ ਵੀ ਤੇਰੇ ਪਲੇ ਕੁੱਝ ਨਹੀਂ ਪਵੇਗਾ ਭਾਵ ਜਨਮ ਬਿਰਥਾ ਗੁਆ ਕੇ ਹੀ ਸੰਸਾਰ ਤੋਂ ਚਲਾ ਜਾਵੇਂਗਾ।

“ਮਨ ਮਹਿ ਚਲਹਿ ਵਿਕਾਰ” - ਹੱਥਲੇ ਸ਼ਬਦ ਸੰਬੰਧੀ ਉਚੇਚੀ ਵਿਚਾਰ ਦਾ ਕਾਰਨ ਹੀ ਇਹੀ ਹੈ, ਜਦੋਂ ਕਿ ਸਿੱਖਾਂ `ਚੋਂ ਹੀ ਕੁੱਝ ਸੱਜਣ ਮੰਨੀ ਬੈਠੇ ਹਨ ਕਿ “ਮਨ ਮਹਿ ਚਲਹਿ ਵਿਕਾਰ” ਵਾਲੀ ਪੰਕਤੀ `ਚ ਲਫ਼ਜ਼ ਵਿਕਾਰ ਆਇਆ ਹੀ ਮਾਸ ਦੇ ਭੋਜਨ ਲਈ ਹੈ। ਇਸ ਲਈ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਸੀ ਕਿ ਗੁਰਬਾਣੀ `ਚ ਲਫ਼ਜ਼ ਵਿਕਾਰ ਆਇਆ ਕਿਸ ਲਈ ਹੈ। ਇਸ ਤੋਂ ਬਾਅਦ ਕੁੱਝ ਸੱਜਣ ਇਸ ਵਿਚਾਰ ਦੇ ਵੀ ਹਨ ਕਿ ‘ਮਾਸ ਹੈ ਹੀ ਵਿਕਾਰੀ ਅਥਵਾ ਤਾਮਸਿਕ ਭੋਜਨ, ਪਰ ਇਹ ਵੀ ਸੱਚ ਨਹੀਂ। ਸਾਨੂੰ ਨਿਰੋਲ ਗੁਰਬਾਣੀ ਆਧਾਰ `ਤੇ ਅਤੇ ਖੁੱਲੇ ਮਨੋ, ਗਹਿਰਾਈ ਨਾਲ ਇਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ। ਇਹ ਵੱਖਰੀ ਗੱਲ ਹੈ ਕਿ ਕੋਈ ਮਾਸ ਛੱਕੇ ਜਾਂ ਨਾ ਛੱਕੇ ਜਿਵੇਂ ਕਿ ਹੋਰ ਵੀ ਕਈ ਵਸਤਾਂ ਹਨ ਜਿਨ੍ਹਾਂ ਬਾਰੇ ਕਿਸੇ ਦੀ ਪਸੰਦ, ਲੋੜ ਤੇ ਇਛਾ ਵੱਖ ਵੱਖ ਹੁੰਦੀ ਹੈ। ਇਸ ਲਈ ਇਸ ਵਿਸ਼ੇ `ਤੇ ਸਾਨੂੰ ਆਪਸੀ ਬਹਿਸ `ਚ ਪੈ ਕੇ, ਇੱਕ ਜਾਂ ਦੂਜੇ ਨੂੰ ਗ਼ਲਤ ਜਾਂ ਠੀਕ ਕਹਿਕੇ ਆਪਸੀ ਪਿਆਰ `ਚ ਵਿਘਨ ਪੈਦਾ ਨਹੀਂ ਕਰਣਾ ਚਾਹੀਦਾ। ਸਾਨੂੰ ਵੱਡੇ ਪੰਥਕ ਹਿਤਾਂ `ਚ ਪੂਰੀ ਤਰ੍ਹਾਂ ਅਜੇਹੇ ਬਹਿਸ-ਮੁਬਹਿਸਿਆਂ ਤੋਂ ਬਚਣ ਦੀ ਲੋੜ ਹੈ। ਇਥੇ ਤਾਂ ਕੇਵਲ ਸਮਝਣ ਦੀ ਗੱਲ ਇਹ ਹੈ ਕਿ ਗੁਰਬਾਣੀ ਅਨੁਸਾਰ ‘ਮਾਸ ਉੱਕਾ ਹੀ ਵਿਕਾਰੀ ਭੋਜਨ ਨਹੀਂ। ਉਂਝ ਵੀ ਅਸੀਂ ਇਹ ਵਿਸ਼ਾ ਹਰੇਕ ਪਖੋਂ ਅਤੇ ਬੜੇ ਖੁੱਲੇ-ਸੁਲਝੇ ਢੰਗ ਨਾਲ ਆਪਣੀ ਪੁਸਤਕ “ਕਉਣ ਮਾਸ ਕਉਣ ਸਾਗ ਕਹਾਵੈ?” `ਚ ਖੁੱਲ੍ਹ ਕੇ ਲੈ ਚੁੱਕੇ ਹਾਂ ਅਤੇ ਉਥੋਂ ਪੜਿਆ ਜਾ ਸਕਦਾ ਹੈ। ਫ਼ਿਰ ਵੀ ਇਥੇ ਇਸ ਬਾਰੇ ਕੇਵਲ ਇੰਨਾਂ ਕਹਿਣਾ ਹੀ ਕਾਫ਼ੀ ਹੈ ਕਿ ਮਾਸ ਨਾ ਹੀ ਤਾਂ ਵਿਕਾਰੀ ਭੋਜਨ ਹੈ ਅਤੇ ਨਾ ਹੀ ਤਾਮਸਿਕ। ਵੈਸੇ ਵੀ ਜਿਹੜੇ ਸੱਜਨ ਇਸਨੂੰ ਵਿਕਾਰੀ ਜਾਂ ਤਾਮਸਿਕ ਭੋਜਨ ਸਮਝਦੇ ਜਾਂ ਕਹਿੰਦੇ ਹਨ ਉਨ੍ਹਾਂ ਦਾ ਭਾਵ ਹੁੰਦਾ ਹੈ ਕਿ ਮਾਸ ਮਨੁੱਖ ਅੰਦਰ ਕਾਮ ਵਾਸਨਾ ਨੂੰ ਵਧਾਉਣ ਵਾਲਾ ਭੋਜਨ ਹੈ। ਚਲਦੇ ਪ੍ਰਕਰਣ ਅਨੁਸਾਰ ਅਸੀਂ ਇਥੇ ਕੇਵਲ ਕੁੱਝ ਮਿਸਾਲਾਂ ਦੇ ਕੇ ਹੀ ਵਿਸ਼ੇ ਨੂੰ ਸਮਾਪਤ ਕਰਾਂਗੇ, ਜਿਸ ਤੋਂ ਘਟੋਘਟ ਇਸ ਬਾਰੇ ਸੱਚਾਈ ਉਘੜ ਕੇ ਸਾਹਮਣੇ ਆ ਜਾਵੇ ਅਤੇ ਉਨ੍ਹਾਂ ਦੀ ਤਸੱਲੀ ਵੀ ਹੋ ਜਾਵੇ। ਇਹ ਵੀ ਪਤਾ ਲਗ ਜਾਵੇ ਕਿ ਮਾਸ ਵਿਕਾਰੀ ਅਥਵਾ ਕਾਮ ਵਾਸ਼ਨਾਵਾਂ ਨੂੰ ਭੜਕਾਉਣ ਵਾਲਾ ਭੋਜਨ, ਉੱਕਾ ਹੀ ਨਹੀਂ ਹੈ।

“ਕਾਲਬੂਤ ਕੀ ਹਸਤਨੀ ਮਨ ਬਉਰਾ ਰੇ” -ਕਰਤੇ ਦੀ ਰਚਨਾ `ਚ ਸੰਸਾਰ ਪੱਧਰ `ਤੇ ਹਾਥੀ ਨੂੰ ਸਭ ਤੋਂ ਵੱਧ ਕਾਮੀ ਮੰਨਿਆ ਜਾਂਦਾ ਹੈ ਅਤੇ ਗੁਰਬਾਣੀ ਨੇ ਵੀ ਇਸਦੀ ਹਾਮੀ ਭਰੀ ਹੈ। ਇਥੋਂ ਤੀਕ ਕਿ ਹਾਥੀ ਦੀ ਇਸੇ ਕਮਜ਼ੋਰੀ ਦੇ ਆਧਾਰ `ਤੇ ਕਾਨਿਆਂ ਦੀ ਹੱਥਨੀ ਰਾਹੀਂ ਉਸਨੂੰ ਭੁਲੇਖੇ `ਚ ਪਾ ਕੇ ਉਸਦਾ ਸ਼ਿਕਾਰ ਕਰਕੇ ਉਸਨੂੰ ਪੱਕੜਿਆ ਵੀ ਜਾਂਦਾ ਹੈ, ਫ਼ੁਰਮਾਣ ਹੈ, “ਕਾਲਬੂਤ ਕੀ ਹਸਤਨੀ ਮਨ ਬਉਰਾ ਰੇ, ਚਲਤੁ ਰਚਿਓ ਜਗਦੀਸ॥ ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ, ਅੰਕਸੁ ਸਹਿਓ ਸੀਸ” (ਪੰ: 335) ਹੋਰ ਲਵੋ, ਫ਼ੁਰਮਾਨ ਹੈ “ਕਾਮ ਰੋਗਿ ਮੈਗਲੁ ਬਸਿ ਲੀਨਾ” (ਪੰ: 1140) ਜਾਂ “ਕਾਮ ਮਾਇਆ ਕੁੰਚਰ ਕਉ ਬਿਆਪੈ” (ਪੰ: 1160) ਫ਼ਿਰ ਇਹ ਵੀ ਜਗ ਜ਼ਾਹਿਰ ਹੈ ਕਿ ਹਾਥੀ ਵਿਚਾਰਾ ਤਾਂ ਕੇਵਲ ਘਾਸ-ਪਤੇ ਹੀ ਖਾਂਦਾ ਹੈ। ਇਸ ਤਰ੍ਹਾਂ ਜੇਕਰ ਘਾਸ -ਪਤੇ ਸਾਤਵਿਕ ਭੋਜਨ ਹੈ ਤਾਂ ਤੇ ਉਸਦੇ ਮੰਨੇ-ਪ੍ਰਮੰਨੇ ਸੁਭਾਅ ਵਿਰੁਧ ਹਾਥੀ ਨੂੰ ਤਾਂ ਕਾਮ ਪਖੋਂ ਸਭ ਤੋਂ ਵੱਧ ਸ਼ਾਂਤ ਸੁਭਾਅ ਹੋਣਾ ਚਾਹੀਦਾ ਸੀ, ਜਦਕਿ ਇਹ ਸੱਚਾਈ ਇਸਦੇ ਉਲਟ ਹੈ ਅਤੇ ਹਾਥੀ ਮਾਸਾਹਾਰੀ ਹੈ ਹੀ ਨਹੀਂ।

ਇਸੇ ਤਰ੍ਹਾਂ ਪਿੰਡਾਂ `ਚ ਲੋਕਾਂ ਨੇ ਸਾਂਢ ਛੱਡੇ ਹੁੰਦੇ ਹਨ ਅਤੇ ਇਕੋ ਸਾਂਢ ਕੋਲ ਇਕ-ਇਕ ਦਿਨ `ਚ 12-12, 14-14 ਗਾਈਆਂ ਆਉਂਦੀਆਂ ਹਨ, ਜਦਕਿ ਸਾਂਢ ਵੀ ਮਾਸਾਹਾਰੀ ਪਸ਼ੂ ਨਹੀਂ, ਕੇਵਲ ਹਰੇ ਪਤੇ-ਸਬਜ਼ੀਆਂ ਆਦਿ ਹੀ ਖਾਂਦਾ ਹੈ। ਹੋਰ ਲਵੋ, ਪਿੰਡਾ ਅੰਦਰ ਬਕਰੀਆਂ ਦੇ ਇੱਜੜ ਆਉਂਦੇ ਹਨ ਪਰ ਸਾਰੇ ਇੱਜੜ `ਚ ਬਕਰਾ ਕੇਵਲ ਇਕੋ ਹੁੰਦਾ ਹੈ। ਜਦਕਿ ਬਕਰੇ ਦਾ ਭੋਜਨ ਵੀ ਕਿੱਕਰ, ਅੱਕ, ਬੇਰੀਆਂ ਦੇ ਕੰਡੇ ਹੀ ਹਨ, ਮਾਸ ਨਹੀਂ। ਉਪ੍ਰੰਤ ਵੀਰਜ ਦੀ ਉਤਪਤੀ ਪਖੋਂ ਘੋੜਾ ਸਭ ਤੋਂ ਉਪਰ ਮੰਨਿਆ ਗਿਆ ਹੈ ਪਰ ਇਸ ਦਾ ਖਾਜ ਵੀ ਮਾਸ ਨਹੀਂ ਬਲਕਿ ਛੋਲੇ, ਵਡੇਵੇਂ, ਹਰੇ ਪਤੇ, ਘਾਹ ਆਦਿ ਹੀ ਹਨ। ਹੋਰ ਦੇਖੋ! ਕਾਮ ਭੁੱਖ ਨੂੰ ਵਧਾਉਣ `ਚ ਦੁੱਧ ਦਾ ਨੰਬਰ ਤਾਂ ਹੈ ਹੀ ਸੰਸਾਰ ਪੱਧਰ `ਤੇ ਸਭ ਤੋਂ ਉਪਰ, ਇਥੋਂ ਤੀਕ ਕਿ ਨਵੀਂ ਜੋੜੀ ਦੀ ਸੁਹਾਗ ਰਾਤ ਲਈ ਇਸੇ ਕਾਰਣ ਉਥੇ ਉਚੇਚੇ ਉਨ੍ਹਾਂ ਦੀ ਦੁੱਧ ਰਾਹੀਂ ਹੀ ਸੇਵਾ ਕੀਤੀ ਜਾਂਦੀ ਹੈ। ਫ਼ਿਰ ਮਾਸ ਦੀ ਬਜਾਏ ਅਜੇਹਾ ਦੋਸ਼ ਦੁੱਧ ਉਪਰ ਕਿਉਂ ਨਹੀਂ?

ਇਸੇ ਹੀ ਪੱਖ ਤੇ ਚਲਦੇ ਇਸ ਸੰਬੰਧ `ਚ ਅਸੀਂ ਸ਼ੇਰ ਦੀ ਮਿਸਾਲ ਲੈਂਦੇ ਹਾਂ। ਸ਼ੇਰ ਨਿਰੋਲ ਮਾਸਾਹਾਰੀ ਜਾਨਵਰ ਹੈ। ਸੰਸਾਰ ਵਿਦਤ ਹੈ ਕਿ ਉਹ ਆਪਣੀ ਸਾਰੀ ਉਮਰ `ਚ ਕੇਵਲ ਇੱਕ ਵਾਰੀ ਭੋਗ ਕਰਦਾ ਹੈ ਅਤੇ ਉਹ ਵੀ ਔਲਾਦ ਦੀ ਇੱਛਾ ਨਾਲ। ਇਸੇ ਲਈ ਸ਼ੇਰ ਬਾਰੇ ਕਿਹਾ ਹੈ, “ਸਿੰਘ ਸਪਰਸ਼, ਸਪਰਸ਼ ਬਚ, ਕਦਲੀ ਫਲ ਇੱਕ ਵਾਰ”। ਤਾਂ ਤੇ ਸਾਫ਼ ਹੋਇਆ ਕਿ ਮਾਸ ਨਾ ਹੀ ਤਾਮਸਿਕ ਭੋਜਨ ਹੈ ਨਾ ਵਿਕਾਰੀ ਅਤੇ ਨਾ ਹੀ ਕਾਮ ਭੁੱਖ ਨੂੰ ਵਧਾਉਣ ਵਾਲਾ। ਸਪਸ਼ਟ ਹੈ ਕਿ “ਮਨ ਮਹਿ ਚਲਹਿ ਵਿਕਾਰ” ਦੇ ਉਹ ਅਰਥ ਨਹੀਂ ਹਨ ਜਿਹੜੇ ਅਰਥ ਲੈ ਕੇ ਅਣਜਾਣੇ `ਚ ਅਸੀਂ ਗੁਰਬਾਣੀ ਦੀ ਬੇਅਦਬੀ ਦਾ ਕਾਰਨ ਬਣਦੇ ਜਾ ਰਹੇ ਹਾਂ। #145s04.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 145

“ਜਿਤੁ ਖਾਧੈ ਤਨੁ ਪੀੜੀਐ

ਮਨ ਮਹਿ ਚਲਹਿ ਵਿਕਾਰ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.