.

ਪਿਛਲਾ ਜਨਮ-ਅਗਲਾ ਜਨਮ

ਗੁਰੂ ਨਾਨਕ ਸਾਹਿਬ ਸ੍ਰੀ ਲੰਕਾ ਜਾ ਰਹੇ ਸਨ ਤਾਂ ਭਾਈ ਬਾਲੇ ਨੇ ਪੁੱਛਿਆ ਕਿ ਗੁਰੂ ਜੀ ਮਰਦਾਨਾ ਅਪਣੇ ਨਾਲ ਰਹਿ ਰਿਹਾ ਪਰ ਇਹ ਮਰਾਸੀਆਂ ਦੇ ਘਰ, ਯਾਨੀ ਨੀਵ ਜਾਤ ਦੇ ਕਿਉਂ ਪੈਦਾ ਹੋਇਆ? ਤਾਂ ਗੁਰੂ ਜੀ ਕਹਿਣ ਲੱਗੇ ਕਿ ਇਹ ਪਿਛਲੇ ਜਨਮ ਵਿੱਚ ਜਨਕ ਰਾਜੇ ਦਾ ਸਿਰੰਦਾ ਸੀ ਤੇ ਇੱਕ ਦਿਨ ਸੁਰਾ ਪਾਨ ਕਰਕੇ ਭਾਵ ਸ਼ਰਾਬ ਪੀ ਕੇ ਰਾਜੇ ਦੇ ਦਰਬਾਰ ਵਿੱਚ ਆ ਗਿਆ ਤਾਂ ਰਾਜੇ ਨੇ ਸਰਾਪ ਦੇ ਦਿੱਤਾ ਕਿ ਜਾਹ ਨੀਚਾ, ਨੀਚਾਂ ਵਾਲਾ ਕੰਮ ਕੀਤਾ ਕਿਸੇ ਨੀਚ ਦੇ ਘਰ ਜਨਮ ਲਵੇਂ ਤੇ ਭਾਈ ਮਰਦਾਨਾ ਜੀ ਜਨਕ ਦੇ ਪੈਰੀਂ ਡਿੱਗ ਪਏ ਤੇ ਰਾਜੇ ਕਿਹਾ ਕਿ ਕੱਲਯੁਗ ਵਿੱਚ ਗੁਰੂ ਨਾਨਕ ਅਵਤਾਰ ਆਉਂਣਗੇ ਤੂੰ ਕੀਰਤਨ ਕਰੇਂਗਾ ਤੇ ਤੇਰਾ ਭਲਾ ਹੋਵੇਗਾ। ਪਿਛਲੇ ਜਨਮ ਦਾ ਮਾਰੂ ਹਥਿਆਰ ਵਰਤਕੇ ਬ੍ਰਹਾਮਣ ਨੇ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਰਹਿਣ ਵਾਲੇ ਮਹਾਂਪੁਰਖ ਭਾਈ ਮਰਦਾਨਾ ਜੀ ਨੂੰ ਸ਼ਰਾਬੀ ਸਾਬਤ ਕਰ ਦਿੱਤਾ।

-ਗੁਰੂ ਨਾਨਕ ਸਾਹਿਬ ਨੇ ਸਦੀਆਂ ਤੋਂ ਪੂਜੇ ਜਾਂਦੇ ਵੇਦਾਂ ਦੀ ਅਸਲੀਅਤ ਲੁਕਾਈ ਅੱਗੇ ਰੱਖ ਦਿੱਤੀ ਕਿ ਰੇਤਾ ਨਾ ਫਰੋਲੋ ਇਸ ਵਿਚੋਂ ਕੁੱਝ ਨਹੀ ਨਿਕਲਣਾ। ਪਰ ਬ੍ਰਹਾਮਣ ਨੇ ਉਸੇ ਗੁਰੂ ਨੂੰ ਪਿਛਲਾ ਜਨਮ ਵਰਤਕੇ ਦਸਮ ਗਰੰਥ ਵਿੱਚ ਵੇਦਾਂ ਦਾ ਪਾਠੀ ਹੋਣਾ ਸਾਬਤ ਕਰ ਦਿੱਤਾ। ਉਸੇ ਗਰੂ ਦੇ ਚੌਥੇ ਰੂਪ, ਗੁਰੂ ਰਾਮਦਾਸ ਜੀ ਦੇ ਉਹਨਾ ਹੀ ਵੇਦਾਂ ਦੇ ਸੁਣਨ ਨਾਲ ਪਿਛਲੇ ਜਨਮ ਵਿੱਚ ਉਦੋਂ ਵੀ ਪਿਛਲੇ ਜਨਮ ਦੇ ਉਗਰ ਪਾਪ ਨਾਸ ਕਰਾ ਦਿੱਤੇ?

-ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਥੇ ਮੁਗਲ ਹਕੂਮਤ ਦੇ ਜੁੱਲਮ ਵਿਰੁਧ ਲੜੇ ਉਥੇ ਬ੍ਰਹਾਮਣ ਨੂੰ ਵੀ ਖੁਲ੍ਹਾ ਚੈਲਿੰਜ ਦਿੰਦੇ ਰਹੇ। ਇੱਕੋ ਪੰਗਤ ਤੋਂ ਗੱਲ ਹੁਣ ਇੱਕੋ ਬਾਟੇ ਤੱਕ ਆ ਗਈ ਸੀ ਜੋ ਬ੍ਰਹਾਮਣ ਦੇ ਸਦੀਆਂ ਦੇ ਜਾਤ-ਪਾਤ ਦੇ ਕੋਹੜ ਦਾ ਮੂਲੋਂ ਹੀ ਫਸਤਾ ਵੱਢਦੀ ਸੀ। ਪਰ ਬ੍ਰਹਾਮਣ ਨੇ ਗੁਰੂ ਲਈ ਪਿਛਲੇ ਜਨਮ ਦਾ ‘ਟੂਲ’ ਵਰਤਦਿਆਂ ਉਹਨਾ ਨੂੰ ਹੇਮਕੁੰਟ ਜਾ ਬੈਠਾਇਆ ਤੇ ਪੈਦਾ ਕੀਤਾ ਬ੍ਰਹਾਮਣ ਹੇਠ ਵਿਛੀ ਸ਼ੇਰ ਦੀ ਖੱਲ ਚੋਂ, ਅਸ਼ੀਰਵਾਦ ਦਿਵਾ ਦਿਤੀ ਦੈਤਾਂ ਤੋਂ ਡਰ ਕੇ ਲੁੱਕੀ ਹੋਈ ਦੇਵੀ ਮਾਤਾ ਤੋਂ। ਇਹ ਸੀ ਕਰਾਮਾਤ ਪਿਛਲੇ ਜਨਮ ਦੀ।

-ਭਗਤ ਰਵਿਦਾਸ ਜੀ ਬ੍ਰਹਾਮਣ ਦੇ ਕਾਬੂ ਨਹੀ ਆਏ ਉਹਨਾ ਨੇ ਬ੍ਰਹਾਮਣ ਦੀ ਜਾਤ ਪ੍ਰਨਾਲੀ ਨੂੰ ਵੰਗਾਰਿਆ ਤੇ ਬ੍ਰਹਾਮਣ ਦੇ ਵੱਟਿਆਂ-ਪੱਥਰਾਂ ਨੂੰ ਰੱਬ ਨਹੀ ਮੰਨਿਆ, ਇਹ ਗੱਲ ਉਹਨਾ ਦੀ ਬਾਣੀ ਵਿਚੋਂ ਸਾਫ ਦੇਖੀ ਜਾ ਸਕਦੀ ਹੈ ਪਰ ਬ੍ਰਹਾਮਣ ਨੇ ਬੜੀ ਚਲਾਕੀ ਨਾਲ ਅਗਲੇ-ਪਿਛਲੇ ਜਨਮ ਦੀ ਕਹਾਣੀ ਵਰਤਕੇ ਉਹਨਾ ਨੂੰ ਵੱਟੇ ਪੂਜ ਵੀ ਸਾਬਤ ਕਰ ਦਿਤਾ ਤੇ ਅਖੌਤੀ ਨੀਵੀ ਜਾਤ ਦੀ ਮਾਂ ਦਾ ਦੁੱਧ ਨਾ ਪੀ ਕੇ ਉਹਨਾ ਨੂੰ ਉਸੇ ਵਲਗਣ ਵਿੱਚ ਵੀ ਵਲ ਦਿੱਤਾ।

ਜਿਹੜਾ-ਜਿਹੜਾ ਵੀ ਮਹਾਂਪੁਰਖ, ਭਗਤ ਜਾਂ ਗੁਰੂ ਸਾਹਿਬਾਨ ਬ੍ਰਹਾਮਣ ਦੇ ਜਾਲ ਵਿੱਚ ਨਹੀ ਫਸੇ ਤੇ ਸਾਰੀ ਉਮਰ ਬ੍ਰਹਾਮਣ ਦੇ ਜਾਲ ਨੂੰ ਤਾਰ-ਤਾਰ ਕਰਦੇ ਰਹੇ, ਬ੍ਰਹਾਮਣ ਨੇ ਪਿੱਛਲੇ ਜਨਮ ਦੀ ਕਹਾਣੀ ਜੋੜ ਕੇ ਉਥੇ ਹੀ ਲਿਆ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਿਥੋਂ ਉਹ ਬਹੁਤ ਦੂਰ ਨਿਕਲ ਗਏ ਸਨ। ਬੁੱਧ ਉਹ ਮਹਾਂਪੁਰਖ ਸੀ ਜਿਹੜਾ ਐਲਾਨੀਆਂ ਕਹਿੰਦਾ ਸੀ ਕਿ ਜੇ ਮਨੁੱਖਤਾ ਨੂੰ ਬਚਾਉਂਣਾ ਹੈ ਤਾਂ ਵੇਦ ਸਿਮਰਤੀਆਂ ਫੁਕ ਦਿਉ। ਪਰ ਬ੍ਰਹਾਮਣ ਨੇ ਪਿਛਲੇ ਜਨਮ ਵਾਲਾ ਹਥਿਆਰ ਵਰਤਕੇ ਉਸ ਨੂੰ ਅਵਤਾਰ ਬਣਾ ਕੇ ਅਪਣੇ ਕਲਾਵੇ ਵਿੱਚ ਵੀ ਲੈ ਲਿਆ ਤੇ ਉਸ ਨੂੰ ਰਾਖਸ਼ ਵੀ ਸਿੱਧ ਕਰ ਦਿਤਾ ਕਿ ਉਹ ਵਿਸ਼ਨੂੰ ਭਗਵਾਨ ਸਨ ਜਿਹੜੇ ਰਾਖਸ਼ਾਂ ਨੂੰ ਖਤਮ ਕਰਨ ਲਈ ਵੇਦਾਂ ਦੀ ਨਿੰਦਿਆਂ ਕਰਨ ਆਏ ਸਨ। ਇਥੋਂ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਜੇ ਵੇਦਾਂ ਦੀ ਨਿੰਦਿਆ ਵਾਲਾ ਬੁੱਧ ਬ੍ਰਹਾਮਣ ਦੀ ਨਿਗਾਹ ਵਿੱਚ ਰਾਖਸ਼ ਹੋ ਸਕਦਾ ਤਾਂ ਗੁਰੂ ਕੀ ਹੋਵੇਗਾ!

ਪਿਛਲੇ ਜਨਮ ਦੇ ਨਾਂ ਤੇ ਜੋ ਮਰਜੀ ਝੂਠ ਬੋਲਿਆ ਜਾ ਸਕਦਾ ਪਰ ਫੜੇ ਜਾਣ ਦੀ ਕੋਈ ਸੰਭਾਵਨਾ ਹੀ ਨਹੀ। ਇਸ ਜਨਮ ਦੀਆਂ ਮੇਰੀਆਂ ਕੀਤੀਆਂ ਕਰਤੂਤਾਂ ਤਾਂ ਕੋਈ ਫੜ ਸਕਦਾ ਹੈ ਹਰੇਕ ਬੰਦੇ ਦੀ ਹਿਸਟਰੀ ਹੁਣ ਕੰਪਿਊਟਰ ਵਿੱਚ ਸਾਂਭੀ ਪਈ ਹੈ ਪਰ ਪਿਛਲਾ ਜਨਮ ਕੌਣ ਦੇਖਣ ਜਾਵੇਗਾ। ਪਿਛਲੇ ਜਨਮਾ ਦੇ ਨਾਂ ਤੇ ਸਾਡੇ ਵਿੱਚ ਵੀ ਕਈ ‘ਬ੍ਰਹਮਗਿਆਨੀ’ ਹੋ ਨਿਬੜੇ ਹਨ `ਤੇ ਉਹਨਾ ਦੇ ਨਾਂ ਤੇ ਠੱਗੀ-ਠੋਰੀ ਬੜੇ ਅਰਾਮ ਨਾਲ ਹਾਲੇ ਤੱਕ ਚਲ ਰਹੀ ਹੈ। ਕਈ ਬਾਬੇ ਤਾਂ ਪਿਛਲੇ ਜਨਮ ਵਿੱਚ ਗੁਰੂ ਨਾਨਕ ਸਾਹਬ `ਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਵੀ ਡੇਰਦਾਰਾਂ ਪ੍ਰਚਾਰ ਦਿੱਤੇ ਹਨ। ਇਸ ਪਿਛਲੇ ਅਗਲੇ ਜਨਮ ਦੇ ਨਾਂ ਤੇ ਅਜਿਹਾ ਗੋਰਖ-ਧੰਦਾ ਸਦੀਆਂ ਤੋਂ ਚਲਿਆ ਆ ਰਿਹਾ ਹੈ ਜਿਸ ਨਾਲ ਲੁੱਟ ਕਰਨੀ ਇੰਨੀ ਸੌਖੀ ਹੈ ਕਿ ਲੁਕਾਈ ਬੜੇ ਸ਼ੋਕ ਨਾਲ ਲੁੱਟੇ ਜਾਣਾ ਪਸੰਦ ਕਰ ਰਹੀ ਹੈ।

ਜਿਥੇ ਗੁਰੂ ਸਾਹਿਬਾਨਾ ਜਾਂ ਭਗਤਾਂ ਨਾਲ ਕਹਾਣੀਆਂ ਜੋੜੀਆਂ ਗਈਆਂ ਉਥੇ ਬਾਬਿਆਂ ਵੀ ਘਟ ਨਹੀ ਕੀਤੀ। ਉਹ ਧੱਕੇ ਨਾਲ ਹੀ ਕਿਸੇ ਦੀ ਔਰਤ ਨੂੰ ਅਪਣੀ ਬਣਾ ਲੈਂਦੇ ਹਨ ਕਿ ਇਹ ਤਾਂ ਪਿਛਲੇ ਜਨਮ ਵਿੱਚ ਮੇਰੀ ਪਤਨੀ ਸੀ। ਇਸ ਦੀ ਮਿਸਾਲ ਟਰੰਟੋ ਵਿਖੇ ਨਰਿੰਦਰ ਗਰੇਵਾਲ ਨਾਂ ਦੇ ਬਾਬੇ ਤੋਂ ਦਿੱਤੀ ਜਾ ਸਕਦੀ ਹੈ ਜਿਸਦਾ ਘਰਵਾਲਾ ਬਾਹਰ ਪਹਿਰਾ ਦਿੰਦਾ ਸੀ ਤੇ ਬਾਬਾ ਜੀ…ਮਜੀਠੇ ਦੇ ਜੇਠੂਨੰਗਲ ਪਿੰਡ ਵਿੱਚ ਇੱਕ ਬਾਪ ਨੇ ਸਕੀ ਧੀ ਪਿਛਲੇ ਜਨਮ ਦੀ ਕਹਾਣੀ ਘੜ ਕੇ ਅਪਣੇ ਘਰੇ ਹੀ ਰੱਖੀ ਹੋਈ ਹੈ ਇਸ ਦੇ ਬਾਵਜੂਦ ਵੀ ਲੋਕ ਉਥੇ ਮੱਥੇ ਰਗੜਨ ਜਾਂਦੇ ਹਨ। ਜੇਠੂਵਾਲੀਆਂ ਦਾ ‘ਨੇਹਕੰਲਕੀ’ ਪਿਛਲੇ ਜਨਮ ਵਿੱਚ ਗੁਰੂ ਸਾਹਿਬ ਦੇ ਸਰਸਾ ਵਿੱਚ ਰੁੜੇ ਗਰੰਥ ਕੱਢਦਾ ਦੱਸ ਰਿਹਾ ਹੈ।

ਪਿਛਲੇ-ਅਗਲੇ ਜਨਮ ਦੇ ਪ੍ਰਚਾਰ ਦੀ ਹੀ ਮੇਹਰਬਾਨੀ ਹੈ ਕਿ ਸਾਡੇ ਬਜੁਰਗ ਜਿਹੜੇ ਵਿਹਲੇ ਹੋ ਚੁੱਕੇ ਨੇ, ਕੌਮ ਦੇ ਭਲੇ ਲਈ ਕੋਈ ਉਦਮ ਕਰਦੇ, ਉਹ ਅਪਣਾ ਅਗਲਾ ਜਨਮ ਸਵਾਰਨ ਲਈ ਘਰਾਂ `ਚ ਹੀ ਬੰਦ ਹੋ ਕੇ ਰਹਿ ਗਏ ਹਨ ਜਾਂ ਬੱਤੀਆਂ ਬੰਦ ਕਰਕੇ ਸਿਮਰਨਾ ਤੇ ਜੋਰ ਦਿੱਤਾ ਹੋਇਆ ਹੈ। ਅਗਲਾ ਤੇ ਪਿਛਲਾ ਜਨਮ ਇੱਕ ਅਜਿਹੀ ਭੁਲ-ਭੁਲਈ ਹੈ ਕਿ ਇਸ ਵਿੱਚ ਜਿਸਨੂੰ ਮਰਜੀ ਫਸਾਇਆ ਜਾ ਸਕਦਾ ਹੈ। ਬ੍ਰਹਾਮਣ ਨੇ ਅਗਲੇ ਜਨਮ ਦੇ ਲਾਲਚ ਦੇ ਕੇ ਲੁਕਾਈ ਨੂੰ ਆਰਿਆਂ ਨਾਲ ਚੀਰ ਸੁੱਟਿਆ। ਪੁੰਨ-ਦਾਨ ਦੇ ਨਾਂ ਤੇ ਇਹ ਲੁੱਟ ਕਦੇ ਨਾ ਹੋ ਸਕਦੀ ਹੁੰਦੀ ਜੇ ਅਗਲੇ ਜਨਮ ਦਾ ਸਿਆਪਾ ਬ੍ਰਹਾਮਣ ਨਾਂ ਖੜਾ ਕਰਦਾ। ਕੁੱਝ ਨੂੰ ਉਸ ਨੇ ਸਵਰਗ ਦੇ ਲਾਲਚ ਨਾਲ ਲੁੱਟਿਆ ਤੇ ਬਾਕੀਆਂ ਨੂੰ ਜਮਦੂਤਾਂ ਤੋਂ ਡਰਾ ਲਿਆ। ਜਦ ਕਿ ਉਹ ਖੁਦ ਹੀ ਵੱਡਾ ਜਮਦੂਤ ਸੀ ਜਿਹੜਾ ਲੁਕਾਈ ਨੂੰ ਜਾਤਾਂ, ਵਰਨਾਂ ਦੀ ਵੰਡ ਵਿੱਚ ਪੀਸ ਰਿਹਾ ਸੀ ਤੇ ਹਾਲੇ ਤੱਕ ਗਲੋਂ ਨਹੀ ਲੱਥਿਆ।

ਰੋਜ ਮਨੁੱਖ ਦੇ ਮਰਨ ਤੇ ਜੀਣ ਵਾਲੀ ਕਹਾਣੀ ਇੰਨੀ ਸਪੱਸ਼ਟ ਹੈ ਕਿ ਬੜੀ ਸੌਖਿਆਂ ਸਮਝ ਆ ਸਕਦੀ ਹੈ। ਜੂਨਾ ਵਿੱਚ ਭਟਕਣ ਵਾਲੇ ਗੁਰੂ ਦੇ ਬੱਚਨ ਇੰਨੇ ਵੱਡਮੁਲੇ ਤੇ ਸੌਖੇ ਹਨ ਕਿ ਮਨੁੱਖ ਹਰੇਕ ਦਿਨ ਅਪਣੀ ਤਸਵੀਰ ਕਈ ਜੂਨਾ ਵਾਲੀ ਸਪੱਸ਼ਟ ਦੇਖ ਸਕਦਾ ਹੈ। ਤੇ ਹਰੇਕ ਦਿਨ ਅਪਣਾ ਜਮਣ-ਮਰਨ ਬੜਾ ਸੌਖਿਆਂ ਸਮਝ ਆ ਸਕਦਾ ਹੈ। ਜਮੀਰ ਫਰੋਸ਼ ਨੂੰ ਅਸੀਂ ਕਿਉਂ ਕਹਿੰਨੇ ਕਿ ਫਲਾਣਾਂ ਤਾਂ ਮਰ ਗਿਆ। ਮਨੁੱਖ ਕਿੰਨੀ ਵਾਰ ਮਰਦਾ ਹੈ, ਕਿੰਨੀ ਵਾਰ ਅਪਣੀ ਜਮੀਰ ਦੇ ਸਮਝੌਤੇ ਕਰਦਾ ਹੈ ਤੇ ਵੇਚਦਾ ਹੈ। ਵੇਦਾਂਤੀ ਵਰਗੇ ਬਾਦਲ ਅੱਗੇ ਰੋਜ ਨਹੀ ਮਰਦੇ? ਤੇ ਅੱਗੋਂ ਬਾਦਲਕੇ ਅਡਵਾਨੀਆਂ ਬਾਜਪਾਈਆਂ ਅੱਗੇ ਰੋਜ ਜਮੀਰ ਵੇਚਦੇ ਹਨ, ਤੁਸੀਂ ਕੀ ਇਹਨਾ ਨੂੰ ਜਿਉਂਦੇ ਸਮਝਦੇ ਹੋ? ਸਾਡੇ ਪੁਜਾਰੀ ਪ੍ਰਧਾਨਾ-ਸੈਕਟਰੀਆਂ ਅਗੇ ਹੱਥ ਬੰਨੀ ਖੜੇ ਕੀ ਜਿਉਂਦੇ ਹਨ? ਤੇ ਪ੍ਰਧਾਨ-ਸੈਕਟਰੀ ਅਗੋਂ ਗੁਰੂ ਨੂੰ ਛੱਡ ਲੱਖਾਂ ਡਾਲਰ ਖਰਚ ਜੱਜਾਂ ਅੱਗੇ ਧੌਣਾਂ ਨੀਵੀਆਂ ਪਾਈ ਤੇ ਸਰ, ਸਰ ਕਰਦੇ ਜਿਉਂਦੇ ਹਨ? ਇਹੀ ਜੰਮਣ ਹੈ ਤੇ ਇਹੀ ਮਰਨ ਹੈ। ਇਹੀ ਗੇੜ ਹੈ ਜਿਹੜਾ ਗੁਰੂ ਨਿਬੇੜਨਾ ਚਾਹੂੰਦਾ ਹੈ ਤੇ ਮੜਕ ਨਾਲ ਜਿਉਂਣਾ ਸਿਖਾਉਂਦਾ ਹੈ। ਇਸੇ ਨੂੰ ਕਹਿੰਦੇ ਮੁਕਤੀ, ਇਹੀ ਹੈ ਮਨੁੱਖ ਦੀ ਗਤੀ।

ਅਸੀਂ ਕਿਉਂ ਕਿਸੇ ਨੂੰ ਕਹਿੰਨੇ ਕਿ ‘ਬੰਦਿਆਂ ਵਾਲਾ ਕੰਮ ਕਰ’। ਇਸ ਦਾ ਮੱਤਲਬ ਹੈ ਕਿ ਉਸ ਵਕਤ ਉਹ ਬੰਦਾ ਨਹੀ ਹੁੰਦਾ। ਏਸ ਆਮ ਵਰਤੇ ਜਾਂਦੇ ਛੋਟੇ ਜਿਹੇ ਨੁਕਤੇ ਤੋਂ ਹੀ ਇਹ ਗੱਲ ਸਾਡੀ ਸਮਝ ਆ ਜਾਣ ਵਰਗੀ ਹੈ। ਹਰੇਕ ਵੀਕਐਂਡ ਤੇ ਅਸੀਂ ਰਾਤ ਉੱਲੂਆਂ ਵਾਂਗ ਜਾਗਦੇ ਹਾਂ, ਸਵੇਰੇ ਗੱਧਿਆਂ ਵਾਂਗ ਸੌਂਦੇ ਹਾਂ, ਕਰੋਧ `ਚ ਆਏ ਸੱਪ ਵਾਂਗ ਵਿਹੁ ਘੋਲਦੇ ਹਾਂ ਤੇ ਬਿੱਛੂ ਵਾਂਗ ਡੰਗ ਮਾਰਦੇ ਹਾਂ। ਕਾਂ ਵਾਂਗੂ ਹਰੇਕ ਥਾਂ ਚੁੰਝਾਂ ਮਾਰਦੇ ਤੇ ਸੂਰ ਵਾਂਗ ਗੰਦ `ਚ ਮੂੰਹ ਪਾਉਣ ਲੱਗੇ ਭੋਰਾ ਨਹੀ ਸੋਚਦੇ। ਕੁੱਤੇ ਵਾਂਗ ਲੋਭ ਕਰਦੇ ਹਾਂ ਤੇ ਹਾਥੀ ਵਾਂਗ ਕਾਮੀ ਹੁੰਦੇ ਹਾਂ। ਇੱਲਾਂ ਵਾਂਗ ਪਰਾਏ ਧਨ ਦੇ ਮੁਰਦਿਆਂ ਤੇ ਗੇੜੀਆਂ ਦਿੰਦੇ ਹਾਂ ਤੇ ਪਤੰਗੇ ਵਾਂਗ ਪਰਾਇਆ ਰੂਪ ਦੇਖ ਸੜ-ਮਰਦੇ ਹਾਂ। ਕਿੰਨੀਆਂ ਜੂਨਾ ਨੇ ਜਿਹੜੀਆਂ ਅਸੀਂ ਦਿਹਾੜੀ ਵਿੱਚ ਪਤਾ ਨਹੀ ਕਿੰਨੀ ਵਾਰੀ ਭੋਗਦੇ ਹਾਂ ਪਰ ਬੰਦੇ ਦੀ ਜੂਨ ਸ਼ਾਇਦ ਹੀ ਕਿਤੇ ਆਉਂਦੇ ਹਾਂ। ਇਹ ‘ਕਈ ਜਨਮ ਭਏ ਕੀਟ ਪਤੰਗਾ’ ਨਹੀ? ਇਹੀ ਕਈ ਜਨਮ ਵਿਛੜਨਾ ਨਹੀ? ਪਰ ਅਖੀਰ ਤੇ ਗੁਰੂ ਜੀ ਯਾਦ ਕਰਾਉਂਦੇ ਹਨ ਕਿ ਇਹ ਦੇਹ ਮਨੁੱਖਾਂ ਵਾਲੀ ਹੈ ਜਦ ਚਿਰਾਂ ਬਾਅਦ ਇਸ ਅਸਲੀ ਜਾਮੇ ਭੁੱਲਿਆ-ਭੱਟਕਿਆ ਆ ਹੀ ਜਾਵੇਂ ਤਾਂ ਇਸ ਨੂੰ ਜਗਦੀਸ਼ ਨੂੰ ਮਿਲਣ ਦਾ ਕੋਈ ਸਾਧਨ ਬਣਾ ਲੈ ਭਾਵ ਬੰਦਿਆਂ ਵਾਲੇ ਕੰਮ ਕਰ ਲੈ ਹੋਰ ਰੱਬ ਨੇ ਤੇਰੇ ਕੋਈ ਸਰ੍ਹਾਣੇ ਨਹੀ ਬੈਠਾ ਰਹਿਣਾ ਆਣਕੇ ਕਿ ਤੂੰ ਕਹੇਂ ਮੈਨੂੰ ਰੱਬ ਮਿਲ ਗਿਆ ਹੈ। ਮਿਲਦਾ ਉਹ ਹੈ ਜੋ ਦੂਰ ਹੋਵੇ ਜਿਹੜਾ ਹੈ ਹੀ ਵਿੱਚ ਉਹ ਕਿਸੇ ਸਤਵੇ-ਅੱਠਵੇਂ ਜਾਂ ਚੌਧਵੇਂ ਅਕਾਸ਼ ਵਿਚੋਂ ਨਹੀ ਆਉਂਣ ਵਾਲਾ। ਜਿਸ ਦਿਨ ਤੈਨੂੰ ਅਪਣੇ ਆਪ ਵਿੱਚ ਬੰਦਾ ਹੋਣਾ ਦਿਸ ਪਿਆ, ਜਿਸ ਦਿਨ ਤੈਨੂੰ ਸਾਰੀ ਮਨੁੱਖਤਾ ਅਪਣੀ ਜਾਪਣ ਲੱਗ ਪਈ ਸਮਝ ਤੈਨੂੰ ਰੱਬ ਮਿਲ ਪਿਆ। ਹਾਲੇ ਤਾਂ ਤੂੰ ਨਿੱਤ ਜੂਨਾਂ ਵਿੱਚ ਭਟਕ ਰਿਹਾ ਹੈਂ।

ਗੁਰੂ ਸਾਹਿਬ ਨੇ ਕੋਈ ਲਾਰਾ ਨਹੀ ਲਾਇਆ ਕਿ ਤੂੰ ਦਾਨ ਪੁੰਨ ਜਾਂ ਚੰਗਾ ਕੰਮ ਇਥੇ ਕਰ ਤੇ ਸਵਰਗ ਤੈਨੂੰ ਅਗਲੇ ਜਨਮ ਵਿੱਚ ਦੇਵਾਂਗੇ। ਭਗਤ ਸਧਨਾ ਜੀ ਸਪੱਸ਼ਟ ਕਹਿ ਰਹੇ ਨੇ ਕਿ ਉਹ ਕਿਸ਼ਤੀ ਕਿਸ ਕੰਮ ਜਿਹੜੀ ਡੁੱਬ ਜਾਣ ਤੋਂ ਬਾਅਦ ਮਿਲੇ, ਤੇ ਇਹੋ ਜਿਹੀ ਮੁਕਤੀ ਕਿਸ ਕੰਮ ਜਿਹੜੀ ਮਰਨ ਤੋਂ ਬਾਅਦ ਮਿਲੇ। ਜੇ ਹੁਣ ਵਾਲੇ ਜੀਵਨ ਵਿੱਚ ਹੀ ਮੈ ਜੂਨਾ ਵਿੱਚ ਪਿਆ ਰਿਹਾ, ਜੇ ਜਿਉਂਦੇ ਹੀ ਮੈਨੂੰ ਕਾਮ, ਕ੍ਰੋਧ, ਲੋਭ, ਹੰਕਾਰ ਵਰਗੇ ਜਮਦੂਤਾਂ ਘੇਰਾ ਪਾਈ ਰੱਖਿਆ ਤਾਂ ਮੈਂ ਮਰਨ ਤੋਂ ਬਾਅਦ ਵਾਲੀ ਮੁਕਤੀ ਤੋਂ ਕੀ ਕਰਾਉਂਣਾ। ਮੈ ਜੋ ਲੈਣਾ ਹੁਣੇ, ਇਸੇ ਜਨਮ ਵਿੱਚ ਤੇ ਇਥੇ ਹੀ।

ਭਗਤ ਕਬੀਰ ਜੀ ਨੇ ਤਾਂ ਮਰਨ ਤੋਂ ਬਾਅਦ ਵਾਲੇ ਸਵਰਗ ਜਾਂ ਨਰਕ ਨੂੰ ਉਂਝ ਹੀ ਰੱਦੀ ਵਿੱਚ ਸੁੱਟ ਦਿਤਾ ਜਦ ਉਹ ਕਹਿਣ ਲੱਗੇ ਕਿ,

ਕਿਆ ਨਰਕ ਕਿਆ ਸੁਰਗ ਵੀਚਾਰਾ, ਸੰਤਨ ਦੋਊ ਰਾਦੇ॥ ਹਮ ਕਾਹੂੰ ਕੀ ਕਾਨ ਨ ਕਢਤੇ ਅਪਣੇ ਗੁਰ ਪ੍ਰਸਾਦੇ॥

ਇਸ ਨੂੰ ਕਹਿੰਦੇ ਸੰਤ, ਇਹ ਹੈ ਜੁਅਰਤ ਸੰਤ ਦੀ ਕਿ ਸਦੀਆਂ ਤੋਂ ਜਿਸ ਸਵਰਗ ਦੇ ਲਾਲਚ ਤੇ ਨਰਕ ਦੇ ਡਰ ਨੇ ਦੁਨੀਆਂ ਕਮਲੀ ਕੀਤੀ ਪਈ ਸੀ ਕਬੀਰ ਵਰਗੇ ਸੰਤ ਨੇ ਰੱਦੀ ਦੀ ਟੋਕਰੀ ਵਿੱਚ ਵਗਾਹ ਮਾਰੇ। ਪਰ ਅੱਜ ਦਾ ਸੰਤ ਕਿਸੇ ਅਗਲੇ ਨਰਕ ਤੋਂ ਡਰਦਾ ਤੇ ਸਵਰਗ ਦਾ ਲਾਲਚੀ ਭੋਰਿਆਂ ਵਿੱਚ ਦੜਿਆ, ਕਿੱਲੀਆਂ ਨਾਲ ਕੇਸ ਬੰਨ-ਬੰਨ ਰਾਤਾਂ ਨੂੰ ਜਾਗਦਾ ਤੇ ਠਰਿਆਂ ਪਾਣੀਆਂ ਵਿੱਚ ਖੜੋ ਕੇ ਜੋਗੀਆਂ ਵਾਂਗ ਤੱਪ ਕਰਨ ਨੂੰ ਹੀ ਪੁੰਨ ਦਾ ਕੰਮ ਸਮਝੀ ਬੈਠਾ ਹੈ ਪਰ ਜਿਸ ਧਰਤੀ ਉਪਰ ਸਾਹ ਲੈ ਰਿਹਾ, ਜਿਥੇ ਬੈਠ ਕੇ ਖਾ ਰਿਹਾ, ਜਿਸ ਨੂੰ ਧਰਮਸਾਲ ਬਣਾ ਕੇ ਜੀਣਾ ਸੀ ਉਹ ਨਰਕ ਬਣੀ ਪਈ ਹੈ। ਹੈਰਾਨਗੀ ਉਪਰੋਂ ਇਹ ਕਿ ਲੁਕਾਈ ਅਜਿਹੇ ਕਿਰਤ ਤੋਂ ਭਗੌੜਿਆਂ ਨੂੰ ਹੀ ਰੱਬ ਤੇ ਬ੍ਰਹਮਗਿਆਨੀ ਮੰਨਣ ਦਾ ਭਰਮ ਪਾਲੀ ਜਾ ਰਹੀ ਗੁਰੂ ਤੋਂ ਮੁਨਕਰ ਹੋਈ ਬੈਠੀ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਨਹੀ ਕਿਹਾ ਕਿ ਤੁਸੀਂ ਹਥਿਆਰ ਤੇ ਘੋੜੇ ਹੁਣ ਲਿਅਉ ਤੇ ਤੁਹਾਡੀਆਂ ਫਾਹੀਆਂ ਮੈਂ ਕਿਸੇ ਅਗਲੇ ਜਨਮ ਵਿੱਚ ਕਟਾਂਗਾ। ਤੁਸੀਂ ਸਿਰ ਹੁਣ ਦਿਉ ਤੇ ਅਜਾਦੀ ਤੁਹਾਨੂੰ ਅਗਲੇ ਜਨਮ ਮਿਲੇਗੀ। ਹੁਣੇ, ਇਸੇ ਜਨਮ ਵਿੱਚ ਦੇਖੋ ਤੁਹਾਡੀ ਕਾਂਇਆ ਪਲਟਦੀ ਕਿ ਨਹੀ। ਕੋਈ ਸੋਚ ਸਕਦਾ ਸੀ ਕਿ ਸਦੀਆਂ ਤੋਂ ਗੁਲਾਮ ਤੇ ਲਿਤਾੜੇ ਲੋਕ ਘੋੜੇ ਦੀ ਰਕਾਬ ਤੇ ਪੈਰ ਧਰਕੇ ਦੁਸ਼ਮਣ ਨੂੰ ਵੰਗਾਰਨਗੇ ਤੇ ਰਾਜ ਕਰਨਗੇ। ਪਰ ਇਹ ਹੋਇਆ, ਕੀ ਕਿਸੇ ਅਗਲੇ ਜਨਮ ਵਿਚ? ਅਗਲੇ ਜਨਮਾ ਦੇ ਲਾਰੇ ਤੇ ਪਿਛਲੇ ਜਨਮਾ ਦੀਆਂ ਕਹਾਣੀਆਂ ਉਹਨਾ ਲੋਕਾਂ ਲਈ ਹਨ ਜਿਹੜੇ ਨਿਖੱਟੂ ਵਿਹਲੜ ਤੇ ਡਰਪੋਕ ਹੋਣ। ਗੁਰੂ ਸੂਰਮਾ ਬਲੀ ਤੇ ਕਿਰਤ ਤੇ ਵਿਸਵਾਸ਼ ਰੱਖਣ ਵਾਲਾ ਸੀ ਉਹਨੂੰ ਕਿਸੇ ਲਾਰੇ ਜਾਂ ਕਹਾਣੀਆਂ ਘੜਨ ਦੀ ਲੋੜ ਨਹੀ ਸੀ ਜਿਵੇਂ ਬ੍ਰਹਾਮਣ ਨੇ ਘੜੀਆਂ ਜਾਂ ਜਿਵੇਂ ਅੱਜ ਦੇ ਸੋ ਕਾਲ ਬ੍ਰਹਮਗਿਆਨੀ ਘੜ ਰਹੇ ਨੇ। ਗੁਰੂ ਮੌਤ ਦਾ ਖੌਫ ਦੂਰ ਕਰਦਾ ਹੈ, ਮੌਤ ਨੂੰ ਫੇਸ ਕਰਨ ਦੀ ਜੁਅਰਤ ਪੈਦਾ ਕਰਦਾ ਹੈ ਨਾਂ ਕਿ ਮਰਨ ਤੋਂ ਬਾਅਦ ਦੇ ਫਿਕਰਾਂ ਨਾਲ ਲਹੂ ਸੁਕਾਉਂਦਾ ਹੈ। ਸ਼ੇਰ ਦੀ ਸਰਨ ਆਉਂਣ ਦਾ ਹੀ ਕੀ ਫਾਇਦਾ ਕਿ ਗਿਦੜਾਂ ਤੋਂ ਡਰੀ ਜਾਣਾ। ਕੀ ਫਾਇਦਾ ਨਿਕਲਿਆ ਪੂਰੇ ਗੁਰੂ ਦਾ ਜੇ ਅਗਲੇ ਜਨਮਾ ਦੇ ਭੈਅ ਨੇ ਹੱਥਾਂ `ਚ ਮਾਲਾ ਫੜਾ ਕੇ ਕੌਮ ਨੂੰ ਨਿਪੁਸੰਕ ਹੀ ਕਰ ਦੇਣਾ ਹੈ। ਗੁਰੂ ਰੱਬ ਨੂੰ ਕਿਰਤ ਵਿਚੋਂ, ਕੁਦਰਤ ਵਿਚੋਂ ਲੱਭਣ ਦਾ ਰਾਹ ਦੱਸਦਾ ਹੈ ਪਰ ਅਸੀਂ ਉਹਨਾ ਮਗਰ ਹੋ ਤੁਰੇ ਜਿਹੜੇ ਕਿਰਤੋਂ ਵੀ ਭਗੌੜੇ ਤੇ ਕੁਦਰਤ ਤੋਂ ਵੀ ਦੂਰ ਲੁੱਕ ਕੇ ਭੋਰਿਆਂ ਵਿੱਚ ਜਾ ਵੜੇ।

ਜੇ ਗੁਰੂ ਨੇ ਵੀ ਭੋਰਿਆਂ ਵਿੱਚ ਹੀ ਵਾੜਨਾ ਸੀ ਪਹਾੜਾਂ ਤੇ ਬੈਠੇ ਜੋਗੀਆਂ ਨੂੰ ਗੁਰੂ ਨੇ ਕਿਉਂ ਨਕਾਰ ਦਿੱਤਾ। ਉਹ ਵੀ ਤਾਂ ਉਥੇ ਰੱਬ ਨੂੰ ਮਿਲਣ `ਤੇ ਅਗਲੇ ਜਨਮ ਦੇ ਸਵਰਗ ਲਈ ਸਰੀਰ ਤਾਈ ਫਿਰਦੇ ਸਿਰ ਵਿੱਚ ਸਵਾਹਾਂ ਪਾਈ ਬੈਠੇ ਸਨ! ਪਰ ਗੁਰੂ ਮਾਲਾ ਫੇਰਨੇ ਮਜਨੂੰਆਂ ਦਾ ਕਦੇ ਯਾਰ ਨਹੀ ਬਣਿਆ। ਗਰੂ ਉਦੋਂ ਦੇ ਸਾਰੇ ਆਖੇ ਜਾਂਦੇ ਬ੍ਰਹਮਗਿਆਨੀ ਨਿਕਾਰ ਕੇ ਕਿਰਤੀ ਭਾਈ ਲਾਲੋ ਕੋਲੇ ਗਿਆ। ਗੁਰੂ ਨੇ ਕੇਵਲ ਪੂਜਾ-ਪਾਠ ਕਰਨ ਵਾਲੇ ਤੇ ਵੱਡੀਆਂ ਸਾਧਨਾ ਵਾਲਿਆ ਨੂੰ ਆੜੇ ਹੱਥੀਂ ਲਿਆ ਪਰ ਕਿਰਤੀਆਂ ਦੇ ਮੂੰਹ ਚੁੱਮੇ, ਉਹਨਾ ਨੂੰ ਹਿੱਕ ਨਾਲ ਲਾਇਆ ਤੇ ਉਹਨਾ ਦੀ ਅਜਾਦੀ ਖਾਤਰ ਅਪਣੇ ਚਾਰ ਪੁੱਤਰਾਂ ਦੀ ਵੀ ਪ੍ਰਵਾਹ ਨਹੀ ਕੀਤੀ। ਪਰ ਗੁਰੂ ਨੇ ਜੋ ਕੀਤਾ ਹੁਣੇ ਕੀਤਾ, ਇਸੇ ਧਰਤੀ ਤੇ ਕੀਤਾ, ਇਸੇ ਜਨਮ ਵਿੱਚ ਕੀਤਾ ਤੇ ਇਸੇ ਜਨਮ ਵਿੱਚ ਹੀ ਸਵਰਗ ਬਣਾਉਂਣ ਤੇ ਭੋਗਣ ਦੀ ਹਦਾਇਤ ਕੀਤੀ। ਗੁਰੂ ਨੇ ਪਿਛਲੇ-ਅਗਲੇ ਜਨਮਾ ਦਾ, ਸਵਰਗਾਂ-ਨਰਕਾਂ ਦਾ ਫਸਤਾ ਹੀ ਵੱਢ ਦਿੱਤਾ ਤਾਂ ਕਿ ਲੁਕਾਈ ਮੜਕ ਨਾਲ ਜੀਉ ਸਕੇ ਤੇ ਆਈ ਮੌਤ ਦਾ ਖਿੜੇ ਮੱਥੇ ਸਵਾਗਤ ਕਰ ਸਕੇ।

ਗੁਰਦੇਵ ਸਿੰਘ ਸੱਧੇਵਾਲੀਆ




.