.

ਰਲ ਮਿਲਕੇ ਅਬ ਪੰਥ ਬਚਾਓ!

ਪੰਥ ਦਰਦੀ ਸਿੱਖ ਚਿੰਤਕਾਂ ਨੂੰ ਦੁੱਖ ਭਰੀ ਹੈਰਾਨੀ ਹੋ ਰਹੀ ਹੈ ਕਿ ਇੰਡੀਆ ਤੋਂ ਬਾਹਰ ਬਿਦੇਸ਼ਾਂ ਵਿੱਚ ਕਈ ਕਿਸਮ ਦੀਆਂ ਸਮਾਜਿਕ, ਧਾਰਮਿਕ ਤੇ ਸੰਵਧਾਨਿਕ ਸਮਸਿਆਵਾਂ ਨਾਲ ਜੂਝਦਾ ਹੋਇਆ ਵੀ ਖ਼ਾਲਸਾ ਪੰਥ ਚੜ੍ਹਦੀ ਕਲਾ ਵਿੱਚ ਵਿਚਰ ਰਿਹਾ ਹੈ। ਨੌਜੁਆਨਾਂ ਅੰਦਰ ਖ਼ਾਲਸਈ ਸੋਚ ਉਭਰ ਰਹੀ ਹੈ। ਉਹ ਸਾਬਤ-ਸੂਰਤ ਤੇ ਜਥੇਬੰਦ ਹੋ ਕੇ ਮਾਨਵੀ ਹੱਕਾਂ ਅਤੇ ਪੰਥਕ ਹਿੱਤਾਂ ਲਈ ਸਘੰਰਸ਼ ਕਰਦੇ ਹੋਏ ਖ਼ਾਲਸਈ ਹੋਂਦ ਨੂੰ ਪ੍ਰਗਟ ਕਰ ਰਹੇ ਹਨ। ਪਰ, ਖ਼ਾਲਸੇ ਦੀ ਜਨਮ ਭੂਮੀ ਪੰਜਾਬ ਵਿੱਚ ਖ਼ਾਲਸਈ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਹੈ। ਸਿਰਾਂ ਤੇ ਦਸਤਾਰਾਂ ਤਾਂ ਕੁੱਝ ਦਿਸਦੀਆਂ ਹਨ, ਪਰ, ਉਹ ਵੀ ਇਉਂ ਹਨ, ਜਿਵੇਂ ਪਤੀਲੇ ਆਦਿਕ ਭਾਂਡਿਆਂ `ਤੇ ਢੱਕਣ ਤਾਂ ਹੋਣ, ਪਰ ਹੋਣ ਵਿਚੋਂ ਖ਼ਾਲੀ। ਸਿੱਖੀ ਦੀ ਅਜਿਹੀ ਨਿਘਾਰਮਈ ਅਵਸਥਾ ਲਈ ਭਾਵੇਂ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ, ਜਿਹੜੇ ਚੁੱਪ ਕਰਕੇ ‘ਕੋਈ ਮਏ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ` ਦੀ ਪੰਜਾਬੀ ਕਹਾਵਤ ਮੁਤਾਬਿਕ ਨਿਜੀ ਸੁਖਾਂ ਵਾਸਤੇ ਲਾਸ਼ਾਂ ਦੀ ਤਰ੍ਹਾਂ ਜੀ ਰਹੇ ਹਾਂ। ਪਰ, ਇਸ ਦਾ ਮੁਖ ਕਾਰਨ ਹਨ ਸਿਕਦਾਰਾਂ ਤੇ ਚਉਧਰੀਆਂ ਦੇ ਰੂਪ ਵਿੱਚ ਵਿਚਰਨ ਵਾਲੇ ਕੁੱਝ ਭੇਖੀ ਕਿਸਮ ਦੇ ਸਿੱਖ, ਜਿਹੜੇ ਸ਼ਿਕਾਰੀਆਂ ਦੇ ਪੜ੍ਹਾਏ ਹੋਏ ਹਿਰਣਾਂ, ਬਾਜ਼ਾਂ ਤੇ ਬਟੇਰਿਆਂ ਵਾਂਗ ਸ਼ਿਕਾਰੀ ਦੀ ਬੋਲੀ ਬੋਲ ਕੇ ਆਪਣੇ ਜ਼ਾਤੀ ਭੈਣ ਭਰਾਵਾਂ ਨੂੰ ਹੀ ਸ਼ਿਕਾਰੀ ਦੇ ਜਾਲ ਵਿੱਚ ਫਸਾਉਣ ਦਾ ਕਾਰਨ ਬਣ ਰਹੇ ਹਨ।

ਕਿਉਂਕਿ, ਉਹ ਬੇਝਿਝਕ ਤੇ ਬੇਸ਼ਰਮ ਹੋ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਨ ਦੀ ਥਾਂ ਸ਼ਰੇਆਮ ਹਵਨ ਕਰਾ ਰਹੇ ਹਨ। ਹਿੰਦੂ ਤਾਂਤਰਿਕਾਂ ਅੱਗੇ ਲਿਲਕੜੀਆਂ ਕੱਢ ਰਹੇ ਹਨ। ਮੰਦਰਾਂ ਵਿੱਚ ਮਥੇ ਟੇਕਣ, ਟਿੱਕੇ ਲਵਾਣ ਤੇ ਜਗਰਾਤਿਆਂ ਵਿੱਚ ਸ਼ਮੂਲੀਅਤ ਕਰਨ ਦੀ ਇਸ਼ਤਿਹਾਰਬਾਜ਼ੀ ਕਰ ਰਹੇ ਹਨ। ਆਪਣੇ ਕੇਂਦਰੀ ਧਰਮ ਅਸਥਾਨ ਸ਼੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਦੇ ਨਾਲ, ਸਿੱਖੀ ਸਿਧਾਂਤਾਂ ਦੇ ਉੱਲਟ ਦੇਵੀ ਦੇਵਤਿਆਂ ਦੀ ਪੂਜਾ ਵਾਲੇ ਉਸ ਦੁਰਗਿਆਣਾ ਮੰਦਰ ਵਲ ਵੀ ਆਪਣੀਆਂ ਜੁੰਡਲੀਆਂ ਲੈ ਕੇ ਵਹੀਰਾਂ ਘੱਤ ਤੁਰੇ ਹਨ, ਜਿਹੜਾ ਬਿਪਰਵਾਦੀ ਸ਼ਕਤੀਆਂ ਵਲੋਂ ਸੰਨ ੧੯੨੪ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਮੁਕਾਬਲੇ ਵਿੱਚ ਖੜਾ ਕੀਤਾ ਗਿਆ ਹੈ। ਸਿੱਖੀ ਦੇ ਨਿਘਾਰ ਦੀ ਸ਼ਰਮਸਾਰ ਅਵਸਥਾ ਇਹ ਹੈ ਕਿ ਸਾਡੇ ਧਰਮ-ਸਥਾਨਾਂ ਤੋਂ ਐਸੇ ਸਿਧਾਂਤਹੀਣ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਖ਼ਾਲਸਈ ਆਨ-ਸ਼ਾਨ ਲਈ ਮਰ ਮਿਟਣ ਵਾਲੇ ਜੋਧੇ ਪੈਦਾ ਕਰਨ ਵਾਲੀਆਂ ਸੰਸਥਾਵਾਂ ਦੇ ਮੁੱਖੀ ਜਥੇਦਾਰੀਆਂ ਦੀ ਲਾਲਸਾ ਹਿੱਤ ਬੜੀ ਬੇਸ਼ਰਮੀ ਨਾਲ ਅੱਗੇ ਵਧ ਵਧ ਕੇ ਉਨ੍ਹਾਂ ਦੇ ਗਲੀਂ ਸਿਰਪਾਓ ਪਾ ਰਹੇ ਹਨ। ਕਾਵਾਂ ਦੀ ਤਰ੍ਹਾਂ ਚਲਾਕ ਸਤਾਧਾਰੀ ਲੋਕ ਤਾਂ ਭਾਵੇਂ ਇਹੀ ਸੋਚੀ ਬੈਠੇ ਹਨ ਕਿ ‘ਇਹ ਜੱਗ ਮਿੱਠਾ, ਅਗਲਾ ਕਿਨ੍ਹੇ ਡਿੱਠਾ`। ਪਰ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ ਕਿ ਅਜਿਹੇ ਲੋਕਾਂ ਨੂੰ ਮਾਲਕ ਪ੍ਰਭੂ ਦੇ ਦਰ ਢੋਈ ਨਹੀ ਮਿਲਦੀ: :

ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜਿ੍ਹ੍ਹਆ ਨਾਉ।। ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।। (ਪੰਨਾ: ੧੨੮੮)

ਪਤਿਤਪੁਣੇ ਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਬੱਚੇ ਬਚੀਆਂ ਨੂੰ ਜਦੋਂ ਉਨ੍ਹਾਂ ਦੇ ਮਾਪੇ ਮਮਤਾ ਭਰੀ ਨਜ਼ਰ ਨਾਲ ਦੇਖਦੇ ਹਨ ਤਾਂ ਉਨ੍ਹਾਂ ਦੇ ਕਾਲਜੇ ਚੀਸ ਪੈਦੀ ਹੈ ਸੋਚਕੇ ਕੇ ਕਿ ਇਨ੍ਹਾਂ ਬੰਚੂਗੜਿਆਂ ਦਾ ਭਵਿੱਖ ਕੀ ਹੋਵੇਗਾ। ਗੁਰਇਤਿਹਾਸ ਤੇ ਖ਼ਾਲਸਈ ਰਾਜ-ਭਾਗ ਨਾਲ ਸਬੰਧਤ ਯਾਦਗਿਰੀ ਅਸਥਾਨਾਂ ਨੂੰ ਮਲੀਆ ਮੇਟ ਕੀਤਾ ਜਾ ਰਿਹਾ ਹੈ। ਜੇ ਕੋਈ ਖ਼ਾਲਸਈ ਵਿਚਾਰਧਾਰਾ ਨੂੰ ਉਭਾਰਨ ਵਾਲਾ ਲੇਖਕ, ਪਤਰਕਾਰ ਤੇ ਅਖ਼ਬਾਰ ਕੌਮ ਨੂੰ ਇਸ ਨਿਘਾਰਸ਼ੀਲ ਅਵਸਥਾ ਵਿਚੋਂ ਉਭਾਰਨ ਦਾ ਯਤਨ ਕਰਦਾ ਹੈ ਤਾਂ ਚਾਣਕੀਏ ਦੀ ਕੁਟਲਤਾ ਭਰਪੂਰ ਰਾਜਨੀਤੀ ਤੇ ਬਿਪਰਵਾਦੀ ਸੰਪਰਦਾਇਕਤਾ ਦੀ ਸੁਆਰਥੀ ਤੇ ਸੌੜੀ ਸੋਚ, ਉਸ ਨੂੰ ਭੰਡਣ ਤੇ ਪੰਥ ਵਿਚੋਂ ਛੇਕਣ ਦੀਆਂ ਧਮਕੀਆਂ ਦੇਣ ਲਗਦੀ ਹੈ। ਕਿਉਂਕਿ, ਪੰਥ ਵਿਰੋਧੀ ਸ਼ਕਤੀਆਂ ਯਤਨਸ਼ੀਲ ਹਨ ਕਿ ਇਹ ਗੱਲ ਸੁਪਨਾ ਬਣ ਜਾਏ ਕਿ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਹੈ ਜਾਂ ਇਹ ਖ਼ਾਲਸੇ ਦੀ ਜਨਮ ਭੂਮੀ ਹੈ ਅਤੇ ਕਦੀ ਇਥੇ ਖ਼ਾਲਸਈ ਰਾਜ ਦੇ ਝੰਡੇ ਵੀ ਝੁੱਲੇ ਸਨ। ਖ਼ਾਲਸਾ ਜੀ ਦੇ ਬੋਲ-ਬਾਲੇ ਵੀ ਹੋਏ ਸਨ।

ਸਾਰੇ ਪੰਜਾਬ ਦੀਆਂ ਸ਼ੜਕਾਂ ਸ਼ਹਿਰ ਤੇ ਪਿੰਡ ਕਬਰਾਂ, ਸਮਾਧਾਂ ਤੇ ਮੱਠਾਂ ਨਾਲ ਭਰ ਗਏ ਹਨ ਅਤੇ ਉਹ ਨਸ਼ਿਆਂ ਦੇ ਅੱਡੇ ਬਣ ਚੁੱਕੇ ਹਨ। ਜਿਹੜੇ ਧਾਰਮਿਕ ਅਸਥਾਨਾਂ ਤੋਂ ਮਾਨਵਤਾ ਨੂੰ ਜੀਵਨ ਦੀ ਸਹੀ ਸੇਧ ਮਿਲਣੀ ਸੀ, ਉਹ ਰਾਜਨੀਤਕ ਤੇ ਧਾਰਮਿਕ ਵਪਾਰੀਆਂ ਦੇ ਕਬਜ਼ੇ ਹੇਠ ਹੋਣ ਕਰਕੇ ਬੁਰੀ ਤਰ੍ਹਾਂ ਭਰਿਸ਼ਟ ਹੋ ਚੁੱਕੇ ਹਨ। ਸਮੁੱਚਾ ਪੰਜਾਬ ਵਿਅਕਤੀਵਾਦ, ਗੁਰੂ-ਡੰਭ, ਜੜ੍ਹ ਪੂਜਾ ਅਤੇ ਸ਼ਰਾਬ ਆਦਿਕ ਨਸ਼ਿਆਂ ਦੇ ਗਧੀ-ਗੇੜ ਅਤੇ ਗ੍ਰਹਿ ਨਛਤਰਾਂ ਤੇ ਭੂਤ-ਪ੍ਰੇਤਾਂ ਦੇ ਭਰਮ-ਜਾਲ ਵਿੱਚ ਬੁਰੀ ਤਰਾਂ ਫਸ ਕੇ ਪਤਿਤਪੁਣੇ ਦਾ ਸ਼ਿਕਾਰ ਹੋ ਚੁੱਕਾ ਹੈ। ਇਹੀ ਤਾਂ ਹਨ ਮਾਨਵੀ ਸਮਾਜ ਦੇ ਡੁੱਬਣ ਦੀਆਂ ਨਿਸ਼ਾਨੀਆਂ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ:

ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ।। ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ।। (ਪੰਨਾ: ੬੬੨)

ਇਹ ਸੋਚ ਕੇ ਦੁੱਖ ਹੁੰਦਾ ਹੈ ਕਿ ਜੇ ਸਿਆਣੇ ਬੁੱਧੀਜੀਵੀ ਲੋਕ ਅਤੇ ‘ਖ਼ਾਲਸਾ ਜੀ ਕੇ ਬੋਲ-ਬਾਲੇ` ਤੇ ‘ਸਰਬੱਤ ਦੇ ਭਲੇ` ਦੀ ਤਾਂਘ ਰਖਕੇ ਨਿੱਤ ਅਰਦਾਸਾਂ ਕਰਨ ਵਾਲੇ ਲੋਕ ਇਸ ਮੰਦ ਪ੍ਰਵਿਰਤੀ ਤੇ ਪਤਿਤ ਪ੍ਰਕ੍ਰਿਆ ਨੂੰ ਡੱਕਾ ਨਹੀ ਲਾ ਸਕਦੇ ਤਾਂ ਹੋਰ ਕੌਣ ਲਾਏਗਾ, ਅੱਜ ਦੇ ਸੱਤਾਧਾਰੀ? ਬਲਦੀ `ਤੇ ਆਪਣੀਆਂ ਰੋਟੀਆਂ ਸੇਕਣ ਵਾਲੇ। ਕੀ ਇਹ ਕੰਮ ਅਸੀਂ ਉਨ੍ਹਾਂ ਦੇ ਜ਼ਿੰਮੇ ਹੀ ਛੱਡ ਰਹੇ ਹਾਂ, ਜਿਨ੍ਹਾਂ ਨੇ ਇਹ ਸਾਰਾ ਮਕੜ-ਜਾਲ ਆਪਣੇ ਹੱਥੀਂ ਬੁਣਿਆ ਹੈ? ਜੇ ਪੰਜਾਬ ਦੀ ਸਥਿੱਤੀ ਨੂੰ ਗੰਭੀਰਤਾ ਨਾਲ ਸੋਚੀਏ ਤਾਂ ਸਿੱਖ ਕੌਮ ਲਈ ਹੁਣ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਪਿਆ ਹੈ। ਸਾਨੂੰ ਤਾਂ ਹੁਣ ਬਿਨ੍ਹਾਂ ਕੁੱਝ ਸੋਚਿਆਂ ਇੱਕ-ਦਮ ਕੌਮੀ ਪਿੜ ਵਿੱਚ ਕੁਦਣਾ ਪੈਣਾ ਹੈ ਅਤੇ ਨਵੀਂ ਪੀੜ੍ਹੀ ਨੂੰ ਦਸਣਾ ਪੈਣਾ ਹੈ ਕਿ ਭਵਿਖ ਸਿਰਫ ਤਦ ਹੀ ਬਦਲ ਸਕਦਾ ਹੈ, ਜੇ ਉਹ ਉਸ ਤਰ੍ਹਾਂ ਨਾ ਜਿਊਣ, ਜਿਵੇਂ ਅਸੀਂ ਜ਼ਿੰਦਾ ਰਹੇ ਹਾਂ।

ਇਸ ਲਈ ਅਤਿਅੰਤ ਲੋੜ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਗੁਰਤਾਗੱਦੀ ਪੁਰਬ ਸਮੇਂ ਉਨ੍ਹਾ ਦੇ ਸਰਬਪੱਖੀ ਸਤਿਕਾਰ ਤੇ ਖ਼ਾਲਸਈ ਨਿਸ਼ਾਨ ਦੀ ਅਰਥ ਭਰਪੂਰ ਸ਼ਾਨ ਬਹਾਲੀ ਲਈ ਸਿੱਖ ਕੌਮ ਨੂੰ ਜਾਗਰੂਕ ਕਰਦਿਆਂ ਸਮੁੱਚੇ ਪੰਜਾਬ ਨੂੰ ਵਿਅਕਤੀਵਾਦ, ਗੁਰੂ-ਡੰਭ, ਜੜ੍ਹ ਪੂਜਾ ਅਤੇ ਸ਼ਰਾਬ ਆਦਿਕ ਨਸ਼ਿਆਂ ਦੇ ਗੇੜ ਤੋਂ ਭੂਤ-ਪ੍ਰੇਤਾਂ ਦੇ ਭਰਮ-ਜਾਲ ਤੋਂ ਮੁਕਤ ਕਰਨ ਹਿੱਤ ਆਪ ਸਾਰਿਆਂ ਦੇ ਸਹਿਜੋਗ ਸਦਕਾ ਇੱਕ ਜਥੇਬੰਦਕ ਪ੍ਰਚਾਰ ਵਹੀਰ ਸ਼ੁਰੂ ਕਰੀਏ। ਖ਼ਾਲਸਾ ਜੀ ਕੇ ਬੋਲ-ਬਾਲੇ ਲਈ ਲੋੜੀਂਦਾ ਦੇਸ਼ ਕਾਲ ਘੜਣ ਵਾਸਤੇ ਨਿੱਕੇ ਮੋਟੇ ਮੱਤ ਭੇਦ ਭੁਲਾ ਕੇ ਗੁਰੂ ਆਸਰੇ ਇੱਕ ਸਾਂਝਾ ਹੰਭਲਾ ਮਾਰੀਏ। ਵੱਡੇ ਘਲੂਘਾਰੇ ਦੇ ਸੰਕਟ ਸਮੇਂ ਦੌਰਾਨ ਮਰਜੀਵੜੇ ਸਿੱਖ ਆਗੂਆਂ ਵਲੋਂ ਅਪਣਾਈ ਗਈ ਪਹੁੰਚ ਅੱਜ ਵੀ ਸਾਡੀ ਅਗਵਾਈ ਕਰ ਰਹੀ ਹੈ: ‘ਮਿਸਲ ਵੰਡ ਅਬ ਕਬਹੂੰ ਨਾ ਪਾਓ। ਰਲ ਮਿਲਕੇ ਇਹ ਪੰਥ ਬਚਾਓ। `

ਖ਼ਾਲਸੇ ਦੇ ਜਥੇਬੰਦਕ ਸੇਵਾਦਾਰਾਂ ਨੂੰ ਪੂਰਨ ਭਰੋਸਾ ਹੈ ਕਿ ਖ਼ਾਲਸੇ ਦੇ ਸੁਆਮੀ ਗੁਰੂ ਕਲਗੀਧਰ ਆਪ ਬਹੁੜੀ ਕਰਨਗੇ ਅਤੇ ਸਮੂੰਹ ਪੰਥ ਦਰਦੀ ਸਜਣ ਤੇ ਦੇਸ਼ ਬਿਦੇਸ਼ ਦੀਆਂ ਸਿੱਖ ਜਥੇਬੰਦੀਆਂ 26 ਅਪ੍ਰੈਲ ਨੂੰ ਲੁਧਿਆਣੇ ਵਿੱਚ ਹੋਈ ਪੰਥਕ ਇਕੱਤ੍ਰਤਾ ਦੇ ਸਰਬਸੰਮਤੀ ਨਾਲ ਲਏ ਗਏ ਫੈਸਲੇ ਮੁਤਾਬਿਕ ਪਹਿਲੀ ਅਗਸਤ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਇੱਕ ਜਥੇਬੰਦਕ ਖ਼ਾਲਸਾ ਪ੍ਰਚਾਰ ਵਹੀਰ ਸ਼ੁਰੂ ਕਰਨਗੀਆਂ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਹੁੰਦੀਆਂ ਹੋਈਆਂ ਸ੍ਰੀ ਹਜੂਰ ਸਾਹਿਬ (ਨਦੇੜ) ਤਕ ਪਹੁੰਚਣਗੀਆਂ।

ਕਿਉਂਕਿ, ਇੱਕ ਤਾਂ ਦਸਮੇਸ਼ ਪਿਤਾ ਜੀ ਨੇ ਸਾਨੂੰ ਪਿਆਰ ਭਰਿਆ ਭਰੋਸਾ ਦਿੱਤਾ ਹੋਇਆ ਹੈ ਕਿ ‘ਪੰਥ ਖ਼ਾਲਸਾ ਖੇਤੀ ਮੇਰੀ। ਹਉਂ ਸੰਭਾਲ ਕਰੋਂ ਤਿਸ ਕੇਰੀ। ` ਦੂਜੇ, ਅਸੀਂ ਸਾਰੇ ਹੀ ਚਹੁੰਦੇ ਹਾਂ ਕਿ ਜਿਥੇ ਖਾਲਸਈ ਨਿਸ਼ਾਨ ਝੁਲ ਰਿਹਾ ਹੋਵੇ, ਓਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਥਿਤ ਦਸਮ ਗ੍ਰੰਥ ਵਰਗਾ ਕੋਈ ਹੋਰ ਗ੍ਰੰਥ ਜਾਂ ਵਿਅਕਤੀ, ਗੁਰੂ ਵਾਂਗ ਅਤੇ ਹੋਰ ਵੰਨ ਸੁਵੰਨੇ ਭੇਖਾਂ ਵਿੱਚ ਨਾ ਪੂਜਿਆ ਜਾ ਰਿਹਾ ਹੋਵੇ। ਕਬਰਾਂ, ਸਮਾਧਾਂ, ਮੜੀਆਂ ਮੱਠਾਂ ਤੇ ਮੂਰਤੀਆਂ ਦੇ ਰੂਪ ਵਿੱਚ ਜੜ੍ਹ ਪੂਜਾ ਨਾ ਹੋ ਰਹੀ ਹੋਵੇ। ਕੋਈ ਪਾਖੰਡੀ ਪੁੱਛਣਾਂ ਦੱਸਣ ਅਤੇ ਭੂਤ ਪ੍ਰੇਤ ਕੱਢਣ ਦਾ ਢੌਂਗ ਨਾ ਰਚਾ ਰਿਹਾ ਹੋਵੇ। ਗੁਰਾਂ ਦੇ ਨਾਮ `ਤੇ ਵਸਣ ਵਾਲੇ ਪੰਜਾਬ ਦੇ ਹਰੇਕ ਖੇਤਰ ਵਿਚੋਂ ਗੁਰੁ ਨਾਨਕ ਸਾਹਿਬ ਜੀ ਨਿਰਮਲ ਤੇ ਨਿਆਰੀ ਖ਼ਾਲਸਈ ਸੋਚ ਦਾ ਜਲਵਾ ਪ੍ਰਗਟ ਹੋਵੇ।

ਦਰਸ਼ਨ ਅਭਿਲਾਖੀ

ਖ਼ਾਲਸਾ ਪੰਥ ਦਾ ਜਥੇਬੰਦਕ ਤੇ ਪਰਚਾਰਕ ਸੇਵਾਦਾਰ,

ਜਗਤਾਰ ਸਿੰਘ ਜਾਚਕ ਨਿਊਯਾਰਕ, ਫੋਨ 516-761-1853




.