.

ਗਿ: ਜਾਚਕ ਜੀ ਦੀਆਂ ਕ੍ਰਾਂਤੀਕਾਰੀ ਪ੍ਰਚਾਰ ਸਰਗਰਮੀਆਂ ਤੇ ਮਾਣਯੋਗ ਪ੍ਰਾਪਤੀਆਂ

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਤਿਕਾਰਯੋਗ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਗੁਰਸਿੱਖ ਪ੍ਰਚਾਰਕਾਂ ਦੀ ਦੁਨੀਆਂ ਵਿੱਚ ਇੱਕੋ ਇੱਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਜਿਥੇ ਪੰਥ ਦੀ ਪ੍ਰਤੀਨਿਧ ਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਅੰਦਰਲੀ ਗੁਰਬਾਣੀ ਦੀ ਸੂਝ, ਗੁਰਮਤਿ ਸਿਧਾਂਤਾਂ ਦੀ ਸਪਸ਼ਟਤਾ, ਰਹਿਤ ਮਰਯਾਦਾ ਦੀ ਦ੍ਰਿੜਤਾ ਤੇ ਪ੍ਰਚਾਰ ਦੀ ਲਗਨ ਨੂੰ ਧਿਆਨ ਵਿੱਚ ਰੱਖ ਕੇ ਸੰਨ 1994 ਤੋਂ ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਦੇ ਸਨਮਾਨਿਤ ਅਹੁਦੇ ਨਾਲ ਨਿਵਾਜਿਆ ਹੋਇਆ ਹੈ। ਉਥੇ, ਨਵੰਬਰ 2007 ਵਿੱਚ ਉਨ੍ਹਾਂ ਦੀਆਂ ਗੁਰੂ ਨਾਨਕ ਫ਼ਲਸਫ਼ੇ ਦੀ ਰੌਸ਼ਨੀ `ਚ ਅਮਰੀਕਾ ਵਿਚਲੀਆਂ ਵਿਸ਼ਵ-ਸ਼ਾਂਤੀ ਤੇ ਮਾਨਵ ਏਕਤਾ ਨੂੰ ਸਮਰਪਤ ਪ੍ਰਚਾਰ ਸਰਗਰਮੀਆਂ ਨੂੰ ਮੁੱਖ ਰੱਖ ਕੇ ਯੂ. ਐਨ. ਓ. ਨਾਲ ਸਬੰਧਤ ਸੰਸਥਾ ਵਰਡ ਪੀਸ ਫੈਡਰੇਸ਼ਨ ਨਿਊਯਾਰਕ ਵਲੋਂ ‘ਸ਼ਾਂਤੀ ਦੂਤ` (ਅੰਬੈਸਡਰ ਫਾਰ ਪੀਸ) ਦੇ ਮਾਣ-ਮੱਤੇ ਐਵਾਰਡ ਨਾਲ ਸਤਿਕਾਰਿਆ ਗਿਆ ਹੈ।

ਸਿੱਖ ਫੋਰਮ ਇੰਕ ਨਿਊਯਾਰਕ ਵਲੋਂ ਚਲਾਏ ਜਾ ਰਹੇ ਗੁਰਦੁਆਰਾ ਸਾਹਿਬ ਗਲੈਨਕੋਵ ਵਿਖੇ ਜਾਚਕ ਜੀ ਨੇ ਹੈਡ ਗ੍ਰੰਥੀ ਵਜੋਂ ੧੦ ਸਾਲ ਦੀ ਸਫਲ ਸੇਵਾ ਉਪਰੰਤ ਅੱਜ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ 27 ਜਨਵਰੀ 2008 ਨੂੰ ਨਿਊਯਾਰਕ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ ਜਦੋਂ ਪਿਆਰ ਭਰੀ ਨਿਘੀ ਵਿਦਾਇਗੀ ਦਿੱਤੀ ਗਈ ਤੇ ਪੰਜਾਬ ਨੂੰ ਤੋਰਿਆ ਗਿਆ ਸੀ। ਤਦੋਂ ਉਨ੍ਹਾਂ ਨੇ ਸੰਗਤ ਨਾਲ ਮਿਲ ਕੇ ਆਪ ਸ਼ੁਕਰਾਨੇ ਭਰੀ ਅਰਦਾਸ ਕੀਤੀ ਸੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾਸਰੇ ਨੂੰ ਹੋਰ ਬਲ ਤੇ ਬੁੱਧੀ ਬਖ਼ਸ਼ੋ, ਤਾਂ ਜੋ ਗੁਰੂ ਨਾਨਕ ਮਿਸ਼ਨ ਨੂੰ ਨਿਰਭੈਤਾ ਤੇ ਦ੍ਰਿੜਤਾ ਨਾਲ ਵਿਸ਼ਵ ਭਰ ਵਿੱਚ ਪ੍ਰਚਾਰਦਿਆਂ ਸਿੱਖ ਕੌਮ ਅੰਦਰ ਖ਼ਾਲਸਈ ਸੋਚ ਨੂੰ ਉਭਾਰਿਆ ਜਾ ਸਕੇ। ਅਕਾਲ ਪੁਰਖ ਵਾਹਿਗੁਰੂ ਜੀ ਨੇ ਉਨ੍ਹਾਂ ਨੂੰ ਉਦਮ, ਪ੍ਰੇਰਨਾ ਤੇ ਬਲ ਬਖ਼ਸ਼ ਕੇ ਇੰਡੀਆ ਵਿੱਚ ਪਿਛਲੇ ਤਿੰਨ ਮਹੀਨਿਆਂ ਅੰਦਰ ਬੰਬੇ (ਮੁੰਬਈ) ਤੇ ਪੰਜਾਬ ਵਿੱਚ ਜੋ ਪੰਥਕ ਪਧਰ ਦੀਆਂ ਸੇਵਾਵਾਂ ਲਈਆਂ ਹਨ ਅਤੇ ਇਸ ਦਰਿਮਿਆਨ ਜੋ ਕ੍ਰਾਂਤੀਕਾਰੀ ਘਟਨਾਵਾਂ ਘਟੀਆਂ ਹਨ, ਇਸ ਬਾਰੇ ਜਦੋਂ ਜਾਚਕ ਜੀ ਨੂੰ ਪੁਛਿਆ ਤਾਂ ਉੱਤਰ ਵਿੱਚ ਉਨ੍ਹਾਂ ਇਹੀ ਕਿਹਾ ਕਿ “ਇਹ ਸਭ ਕੁੱਝ ਸੰਗਤੀ ਅਰਦਾਸ ਤੇ ਸੰਗਤੀ ਸ਼ਕਤੀ ਦੀ ਹੀ ਕਰਾਮਾਤ ਹੈ। ਇਹ ਮੇਰੀ ਕਿਸੇ ਵਿਅਕਤੀਗਤ ਸਮਰਥਾ ਦਾ ਸਿੱਟਾ ਨਹੀ। ਇਹ ਸਰਬਤ ਖ਼ਾਲਸੇ ਦੀ ਸ਼ਕਤੀ ਦਾ ਪ੍ਰਤਾਪ ਹੈ। ਦਾਸ ਤਾਂ ਹਰ ਵੇਲੇ ਇਹੀ ਅਰਦਾਸ ਕਰਦਾ ਰਹਿੰਦਾ ਹੈ: ‘ਹਰਿ! ਤੇਰੀ ਵਡੀ ਕਾਰ, ਮੈ ਮੂਰਖ ਲਾਈਐ।। ਹਉ ਗੋਲਾ ਲਾਲਾ ਤੁਧੁ, ਮੈ ਹੁਕਮੁ ਫੁਰਮਾਈਐ।। ਹਉ ਗੁਰਮੁਖਿ ਕਾਰ ਕਮਾਵਾ, ਜਿ ਗੁਰਿ ਸਮਝਾਈਐ।।`

ਜਾਚਕ ਜੀ ਨੇ ਆਪਣੇ ਇਸ ਸਫਲ ਪ੍ਰਚਾਰ ਦੌਰੇ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ “ਫਰਵਰੀ ਦਾ ਮਹੀਨਾ ਤਾਂ ਪੂਰਾ ਬੰਬੇ ਵਿੱਚ ਸਫਲ ਹੋਇਆ, ਜਿਥੇ ਭਾਈ ਹਰਿਮੰਦਰ ਸਿੰਘ ਵਰਗੇ ਸਫਲ ਵਾਪਾਰੀ ਤੇ ਨਿਸ਼ਕਾਮ ਪ੍ਰਚਾਰਕ ਦੇ ਉਦਮ ਦੁਆਰਾ ਸੁਖਦਾਇਕ ਸੁਸਾਇਟੀ ਦੇ ਸਹਿਜੋਗ ਨਾਲ ਕਰਵਾਏ ਗੁਰਬਾਣੀ ਪਾਠ ਬੋਧ ਤੇ ਵੀਚਾਰ ਸਮਗਾਮ ਦਰਿਮਿਆਨ ਹੋਰਨਾਂ ਵਿਦਵਾਨਾਂ ਨਾਲ ਮਿਲ ਕੇ ਗੁਰਬਾਣੀ ਸੰਥਿਆ ਦਿਤੀ ਤੇ ਗੁਰਮਤਿ ਵੀਚਾਰਾਂ ਕੀਤੀਆਂ। ਸਿੱਟੇ ਵਜੋਂ ਬਿਅੰਤ ਪ੍ਰਾਣੀ ਅੰਮ੍ਰਿਤਧਾਰੀ ਹੋਏ ਤੇ ਉਨ੍ਹਾਂ ਨੇ ਸਿੱਖ ਰਹਿਤ ਮਰਯਾਦਾ ਅਨੁਸਾਰ ਜੀਊਣ ਦਾ ਪ੍ਰਣ ਕੀਤਾ।”

ਪਰ, ਜਦੋਂ ਪੰਜਾਬ ਪਹੁੰਚਾ ਤੇ ਉਥੋਂ ਦੇ ਧਾਰਮਿਕ, ਭਾਈਚਾਰਕ ਤੇ ਰਾਜਨੀਤਕ ਹਾਲਾਤ ਦੇਖੇ ਤਾਂ ਨਿਸ਼ਚੇ ਹੋਇਆ ਕਿ ਇੱਕ ਪਾਸੇ ਤਾਂ ਭਾਵੇਂ ਅਸੀਂ ਖ਼ਾਲਸਈ ਰਾਜ ਦੇ ਸੁਪਨੇ ਲੈ ਰਹੇ ਹਾਂ, ਜੋ ‘ਰਾਜ ਕਰੇਗਾ ਖ਼ਾਲਸਾ` ਦੇ ਕੌਮੀ ਨਿਸ਼ਾਨੇ ਦੀ ਜੋਤ ਜਗਾਈ ਰੱਖਣ ਲਈ ਅਤਿ ਲੋੜੀਂਦੇ ਵੀ ਹਨ। ਪ੍ਰੰਤੂ, ਖ਼ਾਲਸੇ ਦੀ ਜਨਮ ਭੂਮੀ ਪੰਜਾਬ ਦੀ ਹਾਲਤ ਇਹ ਹੈ ਕਿ ਸਾਡੇ ਕੌਮੀ ਆਗੂਆਂ ਦੀ ਧੜੇਬੰਦਕ ਤੇ ਸੁਆਰਥੀ ਸੋਚ ਕਾਰਨ ਉਥੇ ਖ਼ਾਲਸਈ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਹੈ। ਗੰਭੀਰਤਾ ਨਾਲ ਸੋਚਿਆ ਜਾਏ ਤਾਂ ਸਿੱਖ ਕੌਮ ਲਈ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ। ਪੰਥ ਦਰਦੀਆਂ ਨੂੰ ਹੁਣ ਬਿਨ੍ਹਾਂ ਕੁੱਝ ਸੋਚਿਆਂ ਇੱਕ-ਦਮ ਕੌਮੀ ਪਿੜ ਵਿੱਚ ਕੁਦਣ ਦੀ ਲੋੜ ਹੈ। ਉਨ੍ਹਾਂ ਨੂੰ ਨਵੀਂ ਪੀੜ੍ਹੀ ਨੂੰ ਦਸਣਾ ਪੈਣਾ ਹੈ ਕਿ ਭਵਿਖ ਸਿਰਫ ਤਦ ਹੀ ਬਦਲ ਸਕਦਾ ਹੈ, ਜੇ ਉਹ ਉਸ ਤਰ੍ਹਾਂ ਨਾ ਜਿਊਣ, ਜਿਵੇਂ ਹੁਣ ਤਕ ਅਸੀਂ ਜ਼ਿੰਦਾ ਰਹੇ ਹਾਂ।

ਇਸ ਲਈ ਹੁਣ ਅਤਿਅੰਤ ਲੋੜ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਗੁਰਤਾਗੱਦੀ ਪੁਰਬ ਸਮੇਂ ਉਨ੍ਹਾ ਦੇ ਸਰਬਪੱਖੀ ਸਤਿਕਾਰ ਤੇ ਖ਼ਾਲਸਈ ਨਿਸ਼ਾਨ ਦੀ ਅਰਥ ਭਰਪੂਰ ਸ਼ਾਨ ਬਹਾਲੀ ਲਈ ਸਿੱਖ ਕੌਮ ਨੂੰ ਜਾਗਰੂਕ ਕਰਦਿਆਂ ਸਮੁੱਚੇ ਪੰਜਾਬ ਨੂੰ ਵਿਅਕਤੀਵਾਦ, ਗੁਰੂ-ਡੰਭ, ਜੜ੍ਹ ਪੂਜਾ ਅਤੇ ਸ਼ਰਾਬ ਆਦਿਕ ਨਸ਼ਿਆਂ ਦੇ ਗੇੜ ਤੋਂ ਭੂਤ-ਪ੍ਰੇਤਾਂ ਦੇ ਭਰਮ-ਜਾਲ ਤੋਂ ਮੁਕਤ ਕਰਨ ਹਿੱਤ ਆਪ ਸਾਰਿਆਂ ਦੇ ਸਹਿਜੋਗ ਸਦਕਾ ਇੱਕ ਜਥੇਬੰਦਕ ਪ੍ਰਚਾਰ ਵਹੀਰ ਸ਼ੁਰੂ ਕੀਤਾ ਜਾਵੇ। ਕਿਉਂਕਿ, ਸਾਰੇ ਪੰਜਾਬ ਦੀਆਂ ਸ਼ੜਕਾਂ ਸ਼ਹਿਰ ਤੇ ਪਿੰਡ ਕਬਰਾਂ, ਸਮਾਧਾਂ ਤੇ ਮੱਠਾਂ ਨਾਲ ਭਰ ਗਏ ਹਨ ਅਤੇ ਉਹ ਨਸ਼ਿਆਂ ਦੇ ਅੱਡੇ ਬਣ ਚੁੱਕੇ ਹਨ। ਗੁਰਇਤਿਹਾਸ ਤੇ ਖ਼ਾਲਸਈ ਰਾਜ-ਭਾਗ ਨਾਲ ਸਬੰਧਤ ਯਾਦਗਿਰੀ ਅਸਥਾਨਾਂ ਨੂੰ ਮਲੀਆ ਮੇਟ ਕੀਤਾ ਜਾ ਰਿਹਾ ਹੈ। ਕਿਉਂਕਿ ਪੰਥ ਵਿਰੋਧੀ ਸਕਤੀਆਂ ਯਤਨਸ਼ੀਲ ਹਨ ਕਿ ਇਹ ਹਕੀਕਤ ਸੁਪਨਾ ਬਣ ਜਾਵੇ ਕਿ ਪੰਜਾਬ ਗੁਰਾਂ ਦੇ ਨਾਮ `ਤੇ ਵਸਿਆ ਹੈ ਅਤੇ ਇਥੇ ਕਦੀ ਖ਼ਾਲਸਾ ਜੀ ਦੇ ਬੋਲ-ਬਾਲੇ ਵੀ ਹੋਏ ਸਨ।

ਮੈਂ ਕੁੱਝ ਦਿਨਾਂ ਤੋਂ ਅਜਿਹੀਆਂ ਸੋਚਾਂ ਵਿੱਚ ਡੁੱਬਾ ਹੋਇਆ ਆਪਣੇ ਹਿਰਦੇ ਅੰਦਰ ਵਾਹਿਗੁਰੂ ਜੀ ਅੱਗੇ ਤਰਲੇ ਮਾਰਦਾ ਹੋਇਆ ਵਿਉਂਤਬੰਦੀ ਕਰ ਰਿਹਾ ਸਾਂ ਕਿ ਅਚਾਨਕ 23 ਮਾਰਚ ਸ਼ਾਮ ਵੇਲੇ ਗੁਰੂ ਨਾਨਕ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਗੁਰਸ਼ਰਨਜੀਤ ਸਿੰਘ ਦਾ ਫੋਨ ਆਇਆ ਤੇ ਉਸ ਨੇ ਰੋਣਹਾਕੇ ਹੋ ਕੇ ਆਖਿਆ ਕਿ “ਗਿਆਨੀ ਜੀ ਅੱਜ ਤਾਂ ਇਸ ਪਿੰਡ ਵਿੱਚ ਮੈਂ ਸਿੱਖੀ ਦੀ ਲਾਸ਼ ਦੇਖ ਰਿਹਾਂ ਹਾਂ।” ਸ੍ਰੀ ਅਕਾਲ ਤਖਤ ਸਾਹਿਬ ਤੋਂ ਕੇਵਲ 28 ਕਿਲੋਮੀਟਰ ਦੀ ਦੂਰੀ ਉੱਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਰਹਿ ਚੁੱਕੇ ਇੱਕ ਪ੍ਰਸਿੱਧ ਤੇ ਖਾੜਕੂ ਆਗੂ ਭਾਈ ਮਨਜੀਤ ਸਿੰਘ ਭੋਮੇ ਦੇ ਪਿੰਡ ਭੋਮੇ ਤੋਂ ਬੋਲ ਰਿਹਾਂ ਹਾਂ। ਰੋਡੇ ਸ਼ਾਹ ਦੀ ਕਬਰ ਉਤੇ ਖਾਲਸਈ ਨਿਸ਼ਾਨ ਝੁਲ ਰਿਹਾ ਹੈ। ਪਾਲਕੀ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਅੱਜ ਇਥੇ ਸਲਾਨਾ ਮੇਲਾ ਹੈ। ਸ਼ਰਾਬ ਦੀਆਂ ਪੇਟੀਆਂ ਚੜ੍ਹ ਰਹੀਆਂ ਹਨ। ਸ਼ਰਾਬ ਦਾ ਲੰਗਰ ਰੂਪ ਵਿੱਚ ਪ੍ਰਸ਼ਾਦ ਵਰਤ ਰਿਹਾ ਹੈ। ਦੇਸ਼ ਵਿਦੇਸ਼ ਦੇ ਟੀ. ਵੀ ਚੈਨਲ ਇਹ ਸਭ ਕੁੱਝ ਲੋਕਾਂ ਨੂੰ ਦਿਖਾ ਰਹੇ ਹਨ। ਮੇਲਾ ਤਾਂ ਇਸ ਪ੍ਰਕਾਰ ਭਾਵੇਂ ਹਰ ਸਾਲ ਲਗਦਾ ਹੈ, ਪਰ ਐਤਕੀ ਤਾਂ ਸਿੱਖ ਸੂਰਮਿਆਂ ਤੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਕੌਮ ਨੂੰ ਜਗੌਣ ਵਾਲੇ ਢਾਡੀ ਤੇ ਕਵੀਸ਼ਰ ਸਿੰਘ ਹੁਣ ਅਜਿਹੇ ਅਗਿਆਨੀ ਅਤੇ ਸ਼ਰਾਬੀ ਸ਼ਰਧਾਲੂਆਂ ਵਲੋਂ ਮਿਲੇ ਸੌ ਦੇ ਨੋਟ ਬਦਲੇ ਅਰਦਾਸਾਂ ਕਰਦੇ ਕਹਿ ਰਹੇ ਹਨ ਕਿ “ਦੇਖ ਭਾਈ ਮਿਤਰਾ! ਬਾਬੇ ਰੋਡੇ ਸ਼ਾਹ ਨੇ ਤੇਰਾ ਕਾਰੋਬਾਰ ਚਲਾ ਦਿੱਤਾ ਹੈ। ਇਸ ਲਈ ਤੇਰਾ ਹੁਣ ਧਰਮ ਹੈ ਕਿ ਤੂੰ ਆਪਣੇ ਕੰਮ ਵਿੱਚ ਇਮਾਨਦਾਰੀ ਵਰਤੇਂ। ਭਾਵ ਕਿ ਸ਼ਰਾਬ ਵਿੱਚ ਪਾਣੀ ਨਾ ਮਿਲਾਵੇਂ”।

ਦਾਸ (ਜਾਚਕ) ਦੀ ਤਾਂ ਉਸ ਦਿਨ ਤੋਂ ਨੀਂਦ ਹਰਾਮ ਹੋ ਗਈ ਅਤੇ ਮੈਂ ਉਸ ਪਿੰਡ ਦੀ ਪੰਚਾਇਤ ਤੇ ਇਲਾਕੇ ਦੇ ਆਗੂ ਸਜਣਾ ਨਾਲ ਰਾਬਤਾ ਕਾਇਮ ਕਰਨ ਉਪਰੰਤ ਆਖ਼ਿਰ 7 ਅਪ੍ਰੈਲ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਅਖ਼ਬਾਰਾਂ ਰਾਹੀਂ ਅਪੀਲ ਕਰ ਦਿੱਤੀ ਕਿ ਸਮੂਹ ਸਿੱਖ ਜਥੇਬੰਦੀਆਂ ਨੂੰ ਹੀ ਨਹੀਂ, ਸਗੋਂ ਇਲਾਕਾ ਨਿਵਾਸੀ ਤੇ ਪੰਜਾਬੀ ਵੀਰਾਂ ਨੂੰ ਹਾਰਦਿਕ ਅਪੀਲ ਹੈ ਕਿ ਆਓ! ਆਪਾਂ ਸਾਰੇ 9 ਅਪ੍ਰੈਲ ਬੁਧਵਾਰ ਨੂੰ ਦੁਪਹਿਰੇ 12 ਵਜੇ ਸ੍ਰੀ ਅੰਮ੍ਰਿਤਸਰ ਦੇ ਪਿੰਡ ਭੋਮੇ ਵਿੱਚ ਪੀਰ ਰੋਡੇਸ਼ਾਹ ਦੀ ਸਮਾਧ `ਤੇ ਇਕੱਠੇ ਹੋਈਏ ਤੇ ਵਿਚਾਰੀਏ ਕਿ ਸਿੱਖੀ ਅਤੇ ਪੰਜਾਬੀਆਂ ਉੱਤੇ ਲੱਗੇ ਇਸ ਕਲੰਕ ਨੂੰ ਕਿਵੇਂ ਧੋਇਆ ਜਾਏ। ਸਤਿਗੁਰੂ ਜੀ ਦੀ ਕਿਰਪਾ ਹੋਈ ਕਿ ਪਿਆਰ ਭਰੀ ਪ੍ਰੇਰਨਾ ਤੇ ਜਥੇਬੰਦਕ ਸ਼ਕਤੀ ਦੇ ਹੜ ਅੱਗੇ ਇਹ ਮੰਦ ਵਰਤਾਰਾ ਅੱਟਕ ਨਾ ਸਕਿਆ। ਅਸੀਂ ਅਦਬ ਸਹਿਤ ਮਹਾਰਾਜ ਦੀ ਪਾਲਕੀ ਤੇ ਨਿਸ਼ਾਨ ਸਾਹਿਬ ਉਥੋਂ ਚੁੱਕ ਕੇ ਲੈ ਆਏ।

ਇਸੇ ਤਰ੍ਹਾਂ ਕੁੱਝ ਦਿਨ ਠਹਿਰ ਕੇ 21 ਅਪ੍ਰੈਲ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਕੱਟੜ ਵਿਰੋਧੀ ਅਤੇ ਮਾਝੇ ਦੇ ਇਲਾਕੇ ਵਿੱਚਲੇ ਇਸਲਾਮ ਦੇ ਮੁਖ ਪ੍ਰਚਾਰਕ ਸ਼ੇਖ ਫੱਤੇ ਦੀ ਕਬਰ ਤੋਂ ਨਿਸ਼ਾਨ ਸਾਹਿਬ ਉਤਾਰਨ ਦੀ ਅਪੀਲ ਕਰ ਦਿੱਤੀ। ਕਿਉਂਕਿ, ਨਿਸ਼ਾਨ ਸਾਹਿਬ ਸਿੱਖਾਂ ਨੂੰ ਭੁਲੇਖਾ ਪਾ ਰਿਹਾ ਸੀ ਕਿ ਇਹ ਗੁਰ ਅਸਥਾਨ ਹੈ। ਜਦ ਕਿ ਸ਼ੇਖ ਫੱਤੇ ਨੇ ਹਾਕਮ ਨੂਰਦੀਨ ਕਹਿ ਕੇ ਸਰੋਵਰ ਦੀ ਇੱਟਾਂ ਵੀ ਚੁਕਾਈਆਂ ਤੇ ਸਤਿਗੁਰਾਂ ਨੂੰ ਸ਼ਹੀਦ ਕਰਵਾਉਣ ਵਿੱਚ ਵੀ ਹਿੱਸਾ ਪਾਇਆ ਸੀ। ਸੰਗਤੀ ਸ਼ਕਤੀ ਦੀ ਐਸੀ ਕਰਾਮਾਤ ਵਰਤੀ ਕਿ ਉਸੇ ਹੀ ਦਿਨ ਡੇਢ ਸੌ ਫੁੱਟ ਉੱਚਾ ਨਿਸ਼ਾਨ ਸਾਹਿਬ ਅਦਬ ਸੇਤੀ ਉਥੋਂ ਪੁੱਟ ਕੇ ਪੱਖੋ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਾ ਦਿੱਤਾ ਗਿਆ।

ਪਰ, ਇਨ੍ਹਾਂ ਘਟਨਾਵਾਂ ਵਿੱਚ ਸਭ ਤੋਂ ਮਹਤਵ ਪੂਰਨ ਤੇ ਕੌਮੀ ਹਿੱਤ ਦੀ ਗੱਲ ਇਹ ਹੋਈ ਹੈ ਕਿ ਗੁਰੂ-ਡੰਭ, ਜੜ੍ਹ ਪੂਜਾ ਅਤੇ ਸ਼ਰਾਬ ਆਦਿਕ ਨਸ਼ਿਆਂ ਦੇ ਗੇੜ ਤੇ ਭੂਤ-ਪ੍ਰੇਤਾਂ ਦੇ ਭਰਮ-ਜਾਲ ਤੋਂ ਪੰਜਾਬ ਨੂੰ ਮੁਕਤ ਕਰਨ ਦੇ ਮੁਦਿਆਂ ਤੇ ਸਾਰਾ ਪੰਥ ਇੱਕਠਾ ਹੋ ਗਿਆ ਹੈ। ਕਿਉਂਕਿ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਤਾਂ ਭਾਵੇਂ ਹਰ ਕਦਮ `ਤੇ ਸਾਥ ਨਿਭਾਇਆ। ਪਰ, ਸ਼੍ਰੋਮਣੀ ਕਮੇਟੀ ਦੀ ਟੀਮ ਤੋਂ ਇਲਾਵਾ ਭਾਈ ਰਾਮ ਸਿੰਘ ਦਮਦਮੀ ਟਕਸਾਲ, ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ, ਖ਼ਾਲਸਾ ਪੰਚਾਇਤ ਦੇ ਭਾਈ ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਸਭਰਾ, ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਬਿਟੂ ਦਲ ਦੇ ਸੁਲਤਾਨ ਸਿੰਘ, ਇੰਟਰਨੈਸ਼ਨਲ ਸਿੱਖ ਕੌਂਸਲ ਦੇ ਭਾਈ ਨਰਾਇਣ ਸਿੰਘ, ਸ੍ਰੀ ਗੁਰੁ ਗ੍ਰੰਥ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ, ਸ਼੍ਰੋਮਣੀ ਤਤ ਖ਼ਾਲਸਾ ਦੇ ਭਾਈ ਜਰਨੈਲ ਸਿੰਘ, ਅਵਾਜ਼ਿ ਖ਼ਾਲਸਾ ਦੇ ਭਾਈ ਬਿਅੰਤ ਸਿੰਘ, ਸ਼੍ਰੋਮਣੀ ਖ਼ਾਲਸਾ ਦਲ ਗੋਇੰਦਵਾਲ ਦੇ ਭਾਈ ਤ੍ਰਿਲੋਚਨ ਸਿੰਘ ਅਤੇ ਸ਼੍ਰੀ ਤਰਨਤਾਰਨ, ਅੰਮ੍ਰਿਤਸਰ ਅਤੇ ਲੁਧਿਆਣੇ ਦੇ ਸਾਰੇ ਮਿਸ਼ਨਰੀ ਸਰਕਲ ਆਪਣੇ ਆਪਣੇ ਜਥੇ ਲੈ ਕੇ ਹਰ ਮੋਰਚੇ ਉੱਤੇ ਹਾਜ਼ਰ ਹੁੰਦੇ ਰਹੇ।

ਸਿੱਟੇ ਵਜੋਂ 26 ਅਪ੍ਰੈਲ ਨੂੰ ਲੁਧਿਆਣੇ ਵਿੱਚ ‘ਰਲ ਮਿਲ ਕੇ ਅਬ ਪੰਥ ਬਚਾਓ` ਦੇ ਮੁੱਦੇ ਤੇ ਹੋਈ ਪੰਥਕ ਇਕੱਤ੍ਰਤਾ ਵਿੱਚ, ਜਿਥੇ, ਕੋਈ ਇੱਕ ਸਾਂਝੀ ਪੰਥਕ ਜਥੇਬੰਦੀ ਕਾਇਮ ਕਰਨ ਪ੍ਰਤੀ ਵਿਚਾਰਾਂ ਹੋਈਆਂ ਤੇ ਦਾਸਰੇ ਨੂੰ ਉਸਦਾ ਸੰਵਿਧਾਨਕ ਖਰੜਾ ਲਿਖਣ ਲਈ ਕਿਹਾ ਗਿਆ ਹੈ। ਓਥੇ, ਸਰਬ ਸੰਮਤੀ ਨਾਲ ਗੁਰਮਤਾ ਪਾਸ ਹੋਇਆ ਕਿ ਪਹਿਲੀ ਅਗਸਤ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਬਕਾਇਦਾ ਤੌਰ ਤੇ ਗੁਰਸ਼ਬਦ ਵਿਚਾਰ ਤੇ ਸੰਗਤੀ ਸ਼ਕਤੀ ਦੇ ਬਲਬੋਤੇ ਪੰਜਾਬ ਨੂੰ ਸਵਾਰਨ, ਸੁਧਾਰਨ ਤੇ ਸਮਾਜ ਅੰਦਰ ਖ਼ਾਲਸਈ ਸੋਚ ਨੂੰ ਉਭਾਰਨ ਲਈ ਲਈ ‘ਖ਼ਾਲਸਾ ਪ੍ਰਚਾਰ ਵਹੀਰ` ਸ਼ੁਰੂ ਕੀਤਾ ਜਾਵੇ”।

ਇਸ ਲਈ ਲੋੜ ਤਾਂ ਹੁਣ ਇਹ ਹੈ ਕਿ ਜਾਚਕ ਜੀ ਵਲੋਂ ਖ਼ਾਲਸਈ ਸੋਚ ਨੂੰ ਉਭਾਰਨ ਵਾਲੀ ਚਲਾਈ ਇਸ ਲਹਿਰ ਨੂੰ ਭਵਿਖ ਵਿੱਚ ਨਿਰੰਤਰ ਜਾਰੀ ਰਖਣ ਤੇ ਹੋਰ ਮਜ਼ਬੂਤ ਕਰਨ ਲਈ ਵਿਦੇਸ਼ੀ ਸਿੱਖ ਸੰਗਤਾਂ ਦਾ ਸਹਿਜੋਗ ਹਾਸਲ ਕਰਨ ਵਾਸਤੇ 24 ਮਈ ਸ਼ਾਮ ਨੂੰ ਤਿੰਨ ਤੋਂ ਪੰਜ ਵਜੇ ਤੱਕ ਗੁਰਦੁਆਰਾ ਭਾਈ ਮਖਣ ਸ਼ਾਹ ਲੁਬਾਣਾ ਰਿਚਮੰਡ ਵਿਖੇ ਸਿੱਖ ਜਥੇਬੰਦੀਆਂ ਦੀ ਬੁਲਾਈ ਮੀਟਿੰਗ ਵਿੱਚ ਜਥੇਬੰਦਕ ਮੁਖੀ ਤੇ ਹੋਰ ਪੰਥ ਦਰਦੀ ਪਹੁੰਚਣ। ਅਤੇ ਉਨ੍ਹਾਂ ਦੀਆਂ ਸੰਗਤੀ ਰੂਪ ਵਿੱਚ ਕੀਤੀਆਂ ਮਾਣਯੋਗ ਪ੍ਰਾਪਤੀਆਂ ਦਾ ਵੇਰਵਾ ਤੇ ਭਵਿਖ ਦੀ ਵਿਉਂਤਬੰਦੀ ਸੁਣਨ ਅਤੇ ਇਸ ਪੱਖੋਂ ਆਪਣੇ ਸੁਚੱਜੇ ਸੁਝਾਅ ਦਿੰਦੇ ਹੋਏ ਸਰਬਪੱਖੀ ਸਹਿਯੋਗ ਬਖ਼ਸ਼ਣ। ਜਾਚਕ ਜੀ ਗੁਰੁ ਜੀ ਦੇ ਸਾਜੇ ਤੇ ਨਿਵਾਜੇ ਖ਼ਾਲਸੇ ਦੇ ਬਿਰਦ ਨੂੰ ਮੁੱਖ ਰੱਖ ਕੇ ਆਸਵੰਦ ਹਨ ਕਿ ਸਿੱਖ ਸੰਗਤਾਂ ਦਾ ਭਰਵਾਂ ਸਹਿਜੋਗ ਮਿਲੇਗਾ। ਕਿਉਂਕਿ, ਮਸਲਾ ਖ਼ਾਲਸੇ ਦੀ ਜਨਮ ਭੂਮੀ ਪੰਜਾਬ ਵਿੱਚ ਖ਼ਾਲਸਈ ਹੋਂਦ ਨੂੰ ਬਚਾਉਣ ਤੇ ਖ਼ਾਲਸਈ ਸੋਚ ਨੂੰ ਪ੍ਰਚੰਡ ਕਰਨ ਦਾ ਹੈ। ਉਨ੍ਹਾਂ ਨਾਲ ਨਿਊਯਾਰਕ ਵਿਖੇ 516. 761. 1853 ਫੋਨ ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੰਥਕ ਹਿਤੂ: ਅਰਵਿੰਦਰ ਸਿੰਘ ਐਮ. ਏ. ਨਿਊਯਾਰਕ। ਫੋਨ: 516. 513. 9187




.