.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉਚਤਾ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬਉਚਤਾ ਬਾਰੇ ਗਲ ਕਰਣੀ ਇਉਂ ਹੈ ਜਿਵੇਂ ਸੂਰਜ ਨੂੰ ਦੀਵਾ ਦਿਖਾਉਣਾ। ਫ਼ਿਰ ਵੀ ਜਦੋਂ ਸਿੱਖ ਪ੍ਰਚਾਰਕ-ਪ੍ਰਬੰਧਕ-ਲਿਖਾਰੀ ਹੀ ਇਸ ਵਿਸ਼ੇ `ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਦੇ ਹੋਣ ਤਾਂ ਜ਼ਰੂਰੀ ਹੈ ਕਿ ਘਟੋ-ਘਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਮਹਨਤਾ ਬਾਰੇ ਕੁੱਝ ਪੱਖ ਸੰਗਤਾਂ ਸਾਹਮਣੇ ਖੁੱਲ ਕੇ ਆਉਣ। ਵਿਸ਼ੇ ਵਲ ਵੱਧਣ ਤੋਂ ਪਹਿਲਾਂ ਹੇਠ ਦਿੱਤੇ ਤਿੰਨ ਵਿਸ਼ੇਸ਼ ਨੁਕਤਿਆਂ ਨੂੰ ਧਿਆਨ `ਚ ਰਖਣਾ ਅਤਿ ਜ਼ਰੂਰੀ ਹੈ।

(੧) “ਗੁਰਬਾਣੀ ਇਸੁ ਜਗ ਮਹਿ ਚਾਨਣੁ” -ਪਾਤਸ਼ਾਹ ਸਪਸ਼ਟ ਲਫ਼ਜ਼ਾਂ `ਚ ਫ਼ੁਰਮਾਂਦੇ ਹਨ ਜੇਕਰ ਮਨੁੱਖ ਨੇ ਗਿਆਨ ਦੀ ਰੋਸ਼ਨੀ `ਚ ਰਹਿ ਕੇ ਜੀਊਣਾ ਹੈ ਤਾਂ ਉਸ ਦਾ ਜੀਵਨ ਢੰਗ ਨੂੰ ਗੁਰਬਾਣੀ ਗਿਆਨ ਦੀ ਰੋਸ਼ਨੀ `ਚ ਲਿਆਉਣਾ ਹੀ ਹੈ, ਦੂਜਾ ਕੋਈ ਰਾਹ ਨਹੀਂ। ਤਾਂ ਫ਼ਿਰ ਇਹ ਰੋਸ਼ਨੀ ਕਿਹੜੀ ਹੈ? ਇਹ ਫ਼ੈਸਲਾ ਵੀ ਗੁਰਬਾਣੀ ਤੋਂ ਹੀ ਲੈਣਾ ਹੈ ਜਿਵੇਂ ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ, ਗੁਰ ਬਿਨੁ ਘੋਰ ਅੰਧਾਰ” (ਪ: 463) ਭਾਵ ਇਹ ਅਜੇਹਾ ਹਨੇਰਾ ਹੈ ਜਿਸਨੂੰ ਸੰਸਾਰ ਦੇ ਸੈਂਕੜੇ ਚੰਦ੍ਰਮਾਂ ਤੇ ਹਜ਼ਾਰ ਸੂਰਜ ਵੀ ਨਹੀਂ ਕੱਟ ਸਕਦੇ। ਇਹ ਹਨੇਰਾ ਹੈ ਮਨੁੱਖਾ ਮਨ `ਚ ਅਗਿਆਨਤਾ ਦਾ ਹਨੇਰਾ। ਉਂਝ ਇਥੇ ਸੂਰਜਾਂ ਦਾ ਮਤਲਬ ਹੈ ‘ਸੰਸਾਰਕ ਗਿਆਨ’ ਅਤੇ ਚੰਦ੍ਰਮਾਂ ਦਾ ਮਤਲਬ ਹੈ, ਸੰਸਾਰਕ ਗਿਆਨਾ ਬਦਲੇ ਮਿਲਣ ਵਾਲੀਆਂ ਮਾਨਸਕ ਸ਼ਾਂਤੀਆਂ। ਗਲ ਇਥੇ ਵੀ ਉਹੀ ਹੈ, ਹਜ਼ਾਰਾਂ ਸੰਸਾਰਕ ਗਿਆਨ ਅਤੇ ਉਨ੍ਹਾਂ ਤੋਂ ਪ੍ਰਾਪਤ ਮਾਨਸਕ ਠੰਡਕਾਂ ਵੀ, ਮਨੁੱਖ ਦੇ ਮਨ ਅੰਦਰ ਵਸ ਰਹੇ ਅਗਿਆਨਤਾ ਦੇ ਹਨੇਰੇ ਦਾ ਹੱਲ ਨਹੀਂ ਹਨ। ਇਹ ਹਨੇਰਾ ਹੈ ਜਾਤ ਪਾਤ, ਛੂਆ-ਛੂਤ, ਸੁੱਚ ਬਿਟ, ਬ੍ਰਾਹਮਣੀ ਕਰਮ-ਕਾਂਡ, ਸੰਸਾਰਕ ਭੁੱਖਾਂ, ਵਿਤਕਰੇ, ਨਫ਼ਰਤ, ਚਿੰਤਾਂਵਾਂ, ਨਿਰਸ਼ਾ, ਭਟਕਣਾ, ਤ੍ਰਿਸ਼ਨਾ ਤੇ ਹੋਰ ਬਹੁਤ ਕੁਝ। ਫ਼ਿਰ ਸੁਆਲ ਪੈਦਾ ਹੁੰਦਾ ਹੈ ਕਿ ‘ਗੁਰੂ ਗਿਆਨ’ ਮਿਲੇ ਕਿਵੇਂ? ਇਸਦਾ ਉੱਤਰ ਹੈ ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ” (ਪ: 67) ਤਾਂ ਫ਼ਿਰ ਇਹ ਕਰਮ (ਬਖਸ਼ਿਸ਼) “ਜਿਸਤੋਂ ਬਿਨਾ ਜੀਵਨ `ਚ ਗੁਰੂ ਗਿਆਨ ਦੀ ਰੋਸ਼ਨੀ ਹੋ ਹੀ ਨਹੀਂ ਸਕਦੀ, ਉਹ ਕਿਵੇਂ ਪ੍ਰਾਪਤ ਹੋਵੇ? ਉੱਤਰ ਹੈ ਕਿ ਉਹ ਵੀ ਗੁਰਬਾਣੀ ਨੂੰ ਖੋਜ ਕੇ ਹੀ ਸਮਝ `ਚ ਆ ਸਕੇਗੀ, ਬਾਹਰੋਂ ਨਹੀਂ।

(੨) ਹਉ ਆਪਹੁ ਬੋਲਿ ਨ ਜਾਣਦਾ- ਗੁਰਬਾਣੀ ਇਲਾਹੀ ਸੱਚ ਇਸ ਲਈ ਵੀ ਹੈ ਕਿ ਇਹ ਸਿਧੇ ਤੌਰ `ਤੇ ਅਕਾਲਪੁਰਖ ਵਲੋਂ ਸੰਸਾਰ `ਚ ਪ੍ਰਗਟ ਹੋਈ, ਜਿਸਨੂੰ ਮਨੁੱਖ ਮਾਤ੍ਰ ਦੀ ਭਲਾਈ ਤੇ ਸੰਭਾਲ ਲਈ ਗੁਰਦੇਵ ਨੇ ਲਗ ਮਾਤ੍ਰਾ ਦੀ ਪਕਿਆਈ ਦੇ ਕੇ ਆਪ ਸੰਭਾਲਿਆ ਅਤੇ ਸਾਹਿਬ ਸ੍ਰੀ ਗਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ ਇਸ ਦੀ ਸੰਪਾਦਨ ਅਤੇ ਸੰਪੂਰਣਤਾ ਵੀ ਆਪ ਕੀਤੀ। ਗੁਰਬਾਣੀ ਆਪਣੇ ਆਪ `ਚ ਹੀ ਇਲਾਹੀ ਸੱਚ ਦਾ ਅਜੇਹਾ ਪ੍ਰਗਟਾਵਾ ਹੈ ਜਿਸ `ਚ ਰਤੀ ਭਰ ਵੀ ਮਿਲਾਵਟ ਨਹੀਂ ਅਤੇ ਇਸਦੀ ਗਵਾਹੀ ਗੁਰਦੇਵ ਨੇ ਆਪ ਗੁਰਬਾਣੀ `ਚ ਬਹੁਤ ਵਾਰੀ ਭਰੀ ਹੈ ਜਿਵੇਂ “ਹਉ ਆਪਹੁ ਬੋਲਿ ਨ ਜਾਣਦਾ, ਮੈ ਕਹਿਆ ਸਭੁ ਹੁਕਮਾਉ ਜੀਉ” (ਪੰ: 763) ਜਾਂ ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: 722) ਬਲਕਿ ਗੁਰਦੇਵ, ਗੁਰਬਾਣੀ ਬਾਰੇ ਇਥੋਂ ਤੀਕ ਫ਼ੈਸਲਾ ਦੇਂਦੇ ਹਨ “ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ” (ਪੰ: 515) ਇਹ ਗੁਰਬਾਣੀ ਹੈ ਹੀ ਸਿਧੇ ਤੌਰ ਤੇ ਅਕਾਲਪੁਰਖ ਦਾ ਪ੍ਰਗਟਾਵਾ।

(੩) “ਬੇਦ ਕਤੇਬ ਇਫਤਰਾ ਭਾਈ. .”- ਗੁਰਬਾਣੀ ਦਾ ਇਹ ਫ਼ੈਸਲਾ ਹੈ ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰੁ ਨ ਜਾਇ” (ਪੰ: 727) ਭਾਵ ਸੰਸਾਰ ਦੀਆਂ ਹੋਰ ਜਿੰਨੀਆਂ ਵੀ ਧਰਮ ਪੁਸਤਕਾਂ ਹਨ, ਚੂੰਕਿ ਉਨ੍ਹਾਂ ਨਾਲ ਵੀ ਸੰਬੰਧਤ ਲੋਕਾਈ ਦੇ ਕੋਮਲ ਜਜ਼ਬਾਤ ਜੁੜੇ ਹਨ, ਇਸ ਲਈ ਉਨ੍ਹਾਂ ਨੂੰ ਮੁਬਾਰਕ। ਇਸਦੇ ਬਾਵਜੂਦ ਸਚਾਈ ਹੈ ਕਿ ਪੂਰਣ ਅਤੇ ਨਿਰੋਲ ਇਲਾਹੀ ਸੱਚ ਦਾ ਪ੍ਰਗਟਾਵਾ ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਹਨ। ਨਹੀਂ ਤਾਂ ਹੋਰ ਸਭ ਪਾਸੇ ਬੇਦ ਕਤੇਬ ਇਫਤਰਾ” ਅਤੇ ਇਨ੍ਹਾਂ `ਚ ਝੂਠ ਦੀ ਮਿਲਾਵਟ ਵੀ ਹੈ। ਇਹ “ਦਿਲ ਕਾ ਫਿਕਰੁ ਨ ਜਾਇ” ਅਨੁਸਾਰ ਦਿਲ ਚੋਂ ਭਰਮਾ ਦਾ ਨਾਸ ਨਹੀਂ ਕਰ ਸਕਦੇ, ਮਨ ਨੂੰ ਟਿਕਾਅ ਤੇ ਸ਼ਾਂਤੀ ਨਹੀਂ ਦੇ ਸਕਦੇ। ਫ਼ਿਰ ਵੀ ਜੇ ਕਿਸੇ ਸਿੱਖ ਜਾਂ ਅਨਮਤੀ ਨੂੰ ਇਨ੍ਹਾਂ ਚੋਂ ਕਿਸੇ ਸਚਾਈ `ਤੇ ਰਤਾ ਵੀ ਭਰਮ ਹੋਵੇ ਤਾਂ ਆਪ ਗੁਰਬਾਣੀ ਦੀ ਡੁੰਗਾਈਆਂ ਜਾ ਕੇ ਦੇਖ ਲਵੇ। ਉਪ੍ਰੰਤ ਵਿਸ਼ਾ ਅਰੰਭ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬ-ਉਚਤਾ’ ਵਾਲਾ।

“ਗੁਰਮੁਖਿ ਲਾਧਾ, ਮਨਮੁਖਿ ਗਵਾਇਆ” (ਪ: 11) - ਸੰਸਾਰ ਭਰ ਦੇ ਇਤਿਹਾਸ `ਚ ਦੇਖਿਆ ਜਾਵੇ ਤਾਂ ਇਹ ਸਚਾਈ ਕੇਵਲ ਪਹਿਲੀ ਵਾਰੀ ਉਭਰ ਕੇ ਸਾਹਮਣੇ ਆਈ ਕਿ ਸੰਸਾਰ ਭਰ ਦੇ ਹਜ਼ਾਰਾਂ-ਲੱਖਾਂ ਧਰਮ ਕੇਵਲ ਵਿਚਾਰਧਾਰਾਵਾਂ ਦੇ ਅੰਤਰ ਹਨ। ਇਹ ਵੀ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੇ ਹੀ ਸੰਸਾਰ ਸਾਹਮਣੇ ਪ੍ਰਗਟ ਕੀਤਾ ਕਿ ਪ੍ਰਭੂ ਨੇ ਸਾਰੇ ਮਨੁੱਖ ਮਾਤ੍ਰ ਨੂੰ ਕੇਵਲ ਇਕੋ ਹੀ ਇਲਾਹੀ ਧਰਮ ਬਖਸ਼ਿਆ ਹੈ, ਭਿੰਨ ਭਿੰਨ ਨਹੀਂ। ਇਹ ਵੱਖਰੀ ਗਲ ਹੈ ਮਨੁੱਖ ਨੇ ਆਪਣੀ ਠੀਕ-ਗ਼ਲਤ ਰਹਿਣੀ ਦੇ ਆਧਾਰ `ਤੇ ਇਸ ਇੱਕੋ ਇਲਾਹੀ ਧਰਮ ਦੇ ਵੀ ਦੋ ਰੂਪ ਪ੍ਰਗਟ ਕਰ ਲਏ ਹਨ, ਇੱਕ ਗੁਰਮੁਖਿ’, ਦੂਜਾ ਮਨਮੁਖ’। ਇਸ ਤੋਂ ਵੱਡੀ ਗਲ, ਚੂੰਕਿ ਮਨੁੱਖ ਦੇ ਜੀਵਨ ਦੇ ਇਹ ਦੋਵੇਂ ਰਾਹ ਕਰਤੇ ਵਲੋਂ ਨਹੀਂ ਹਨ ਇਸ ਲਈ ਕਿਸੇ ਜੀਵਨ ਰਹਿਣੀ ਬਦਲਣ ਦੇ ਨਾਲ ਹੀ ਮਨੁੱਖ ਦੇ ਜੀਵਨ ਦਾ ਰਾਹ ਵੀ ਆਪਣੇ ਆਪ ਹੀ ਬਦਲ ਜਾਂਦਾ ਹੈ। ਤਾਂ ਫ਼ਿਰ ਇਹ ਦੋਵੇਂ ਜੀਵਨ ਰਾਹ ਕੀ ਹਨ? ਇੱਕ ਹੈ ਗੁਰੂ ਦੀ ਆਗਿਆ ਸੇਧ `ਚ ਜੀਵਨ ਨੂੰ ਗੁਰਮੁਖੀ ਜੀਵਨ ਬਨਾਉਣਾ’ ਜਿਸ ਰਾਹੀ ਜੀਵਨ `ਚ ਕੇਵਲ ਰੱਬੀ ਗੁਣ ਹੀ ਪੈਦਾ ਹੁੰਦੇ ਤੇ ਵਧਦੇ ਹਨ।

ਦੂਜਾ ਜੀਵਨ ਰਾਹ ਹੈ ਗੁਰੂ ਵਲੋਂ ਬੇਮੁਖ ਰਹਿ ਕੇ ਜੀਵਨ ਅੰਦਰ ਆਸ਼ਾਵਾਂ-ਮੰਗਾਂ-ਤ੍ਰਿਸ਼ਨਾ ਦਾ ਨਿੱਤ ਵਾਧਾ ਹੁੰਦੇ ਜਾਣਾ; ਲੋਭ-ਮੋਹ-ਹਉਮੈ ਆਦਿ ਵਿਕਾਰਾਂ ਦਾ ਜ਼ੋਰ ਪੈਣਾ; ਮਨਮੱਤ ਦਾ ਨਤੀਜਾ, ਮਨੁੱਖ ਅੰਦਰ ਅਨਮੱਤ, ਹੂੜਮੱਤ, ਦੁਰਮੱਤ ਆਦਿ ਦਾ ਪ੍ਰਵੇਸ਼ ਕਰਦੇ ਜਾਣਾ; ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਸੰਸਾਰਕ-ਸਮਾਜਿਕ ਅਉਗਣਾਂ ਦਾ ਜੀਵਨ ਅੰਦਰ ਵਾਧਾ, ਅੰਤ ਇਨ੍ਹਾਂ ਹੀ ਮਨਮੱਤਾਂ ਦੇ ਬੇ-ਲਗ਼ਾਮ ਹੋਣ ਕਾਰਣ, ਇੱਕ ਦਿਨ ਇਸ ਸੁੰਦਰ ਸੋਹਣੇ ਪਰ-ਉਪਕਾਰੀ, ਸੰਤੋਖੀ ਬਨ ਸਕਣ ਵਾਲੇ ਸਰੀਰ ਦਾ ਹੀ ਜੁਰਮਾਂ, ਝੂਠ, ਫ਼ਰੇਬ, ਠੱਗੀਆਂ, ਵਿਭਚਾਰਾਂ ਦੀ ਖਾਣ ਬਣ ਕੇ ਮਿੱਟੀ ਦਾ ਢੇਰ ਹੋ ਜਾਣਾ ਤੇ ਮੁੜ ਜਨਮਾਂ ਦੇ ਗੇੜ `ਚ ਪੈ ਜਾਣਾ। ਇਹੀ ਕਾਰਣ ਹੈ ਕਿ ਗੁਰਮੁਖਿ ਜ਼ਿੰਦਗੀ ਰਹਿੰਦੇ, ਰੱਬੀ ਗੁਣਾਂ ਦੀ ਖਾਣ ਬਣ ਕੇ ਰੰਹਿਦਾ ਹੈ ਜਦਕਿ ਮਨਮੁੱਖ ਆਪਣੇ ਮਨੁੱਖਾ ਜਨਮ ਨੂੰ ਅਸਫ਼ਲ ਕਰਕੇ ਸੰਸਾਰ ਤੋਂ ਚਲਾ ਜਾਂਦਾ ਹੈ। ਗੁਰਬਾਣੀ ਦਾ ਫ਼ੈਸਲਾ ਹੈ “ਗੁਰਮੁਖਿ ਲਾਧਾ, ਮਨਮੁਖਿ ਗਵਾਇਆ” (ਪੰ: 11) ਗੁਰਬਾਣੀ ਦੀ ਇਸ ਮੂਲ ਸਚਾਈ ਨੂੰ ਸਮਝਣ ਤੋਂ ਬਾਅਦ ਗੁਰਬਾਣੀ ਦੇ ਜਿਸ ਅੰਗ ਤੋਂ ਵੀ ਦਰਸ਼ਨ ਕਰੋ, ਸੰਪੂਰਣ ਗੁਰਬਾਣੀ ਰਾਹੀਂ ਮਨੁੱਖਾ ਜੀਵਨ ਕੇਵਲ ਦੋ ਹੀ ਹਿਸਿਆਂ `ਚ ਵੰਡਿਆ ਮਿਲੇਗਾ “ਗੁਰਮੁਖਿ ਜਨਮੁ ਸਫਲੁ ਹੈ, ਜਿਸ ਨੋ ਆਪੇ ਲਏ ਮਿਲਾਇ” (ਪ: 850) ਦੂਜੇ ਪਾਸੇ “ਮਨਮੁਖ ਕਰਮ ਕਮਾਵਣੇ, ਦਰਗਹ ਮਿਲੈ ਸਜਾਇ” (ਪੰ: 33) ਨਾਲ ਨਾਲ ਸੇਧ ਮਿਲਦੀ ਜਾਵੇਗੀ “ਐ ਭਾਈ! ਤੂੰ ਆਪਣੀਆਂ ਸਾਰੀਆਂ ਸਿਆਣਪਾਂ ਨੂੰ ਛੱਡ ਕੇ, ਸਾਧਸੰਗਤ `ਚ ਆ ਅਤੇ ਗੁਰੂ ਤੋਂ ਮੱਤ ਲੈ ਕੇ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਬਣਾ ਲੈ। ਤਾ ਕਿ ਤੈਨੂੰ ਫ਼ਿਰ ਤੋਂ ਜਨਮ ਨਾ ਭੋਗਣੇ ਪੈਣ”। ਖੂਬੀ ਇਹ ਕਿ ਇਥੇ ‘ਗੁਰੂ’ ਦੇ ਅਰਥ ਉਹ ਨਹੀਂ, ਜੋ ਸੰਸਾਰ ਲੈ ਰਿਹਾ ਹੈ, ਇਸੇ ਤਰ੍ਹਾਂ ਸਾਧਸੰਗਤ ਜਾਂ ਗੁਣਾਂ-ਅਵਗੁਣਾਂ ਦੇ ਅਰਥ ਵੀ ਉਹ ਨਹੀਂ ਜੋ ਦੁਨੀਆਂ ਆਪਣੇ ਢੰਗ ਲੈਂਦੀ ਹੈ। ਇਥੇ ਇਸ ਸ਼ਬਦਾਵਲੀ ਦੇ ਅਰਥ ਸਮਝਣ ਲਈ ਵੀ ਸਾਨੂੰ ਗੁਰਬਾਣੀ ਦੇ ਦਰ `ਤੇ ਹੀ ਆਉਣਾ ਪਵੇਗਾ ਤਾਂ ਹੀ ਸਮਝ ਆ ਸਕੇਗੀ।

“ਸਾਹਿਬੁ ਮੇਰਾ ਏਕੋ ਹੈ” - ਕਹਿਣ ਮਾਤ੍ਰ ਹੀ ਨਹੀਂ ਬਲਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਸੰਪੂਰਣ ਗੁਰਬਾਣੀ ਦੀ ਰਚਨਾ ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ’ ਤੀਕ ਜਿਥੋਂ ਵੀ ਦਰਸ਼ਨ ਕਰੋ, ਜਗਿਆਸੂ ਨੂੰ ਕੇਵਲ ਇੱਕ ਕਰਤਾਰ ਨਾਲ ਹੀ ਜੋੜੇ ਗੀ ਅਤੇ ਇਧਰ ਓਧਰ ਭਟਕਣ ਤੋਂ ਬਚਾਏਗੀ। ਇਥੇ ਇੱਕ ਕਰਤੇ ਬਾਰੇ ਇੰਨਾ ਵਿਰਾਟ ਤੇ ਸਰਬਪੱਖੀ ਵਰਨਣ ਮਿਲੇਗਾ ਕਿ ਭੁਲੇਖਾ ਰਹਿ ਹੀ ਨਹੀਂ ਜਾਂਦਾ। ਸ਼ੱਕ ਨਹੀਂ, ਇੱਕ ਪ੍ਰਮਾਤਮਾ, ਅਲਾਹ ਤਾਲਾ ਜਾਂ ਇੱਕ ਬ੍ਰਹਮ ਦੀ ਗਲ ਆਦਿ ਕਾਲ ਤੋਂ ਮਿਲਦੀ ਹੈ ਪਰ ਇੰਨੀ ਸਪਸ਼ਟ ਤੇ ਸਰਬਪੱਖੀ ਨਹੀਂ, ਜਿੰਨੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੇ ਪ੍ਰਗਟ ਕੀਤੀ, ਸਮਝਾਈ ਤੇ ਦ੍ਰਿੜ ਕਰਵਾਈ ਹੈ। ਇੱਕ ਅਕਾਲਪੁਰਖ ਬਾਰੇ ਸਪਸ਼ਟਤਾ ਨਾ ਹੋਣ ਦਾ ਹੀ ਨਤੀਜਾ ਹੈ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਪਹਿਲਾਂ ਰੱਬ-ਅਲਾਹ-ਗਾਡ ਵਲ ਵਧਣ ਵਾਲਾ ਮਨੁੱਖ ਵੀ, ਪ੍ਰਮਾਤਮਾ ਨੂੰ ਆਪਣੇ-ਆਪਣੇ ਵਿਸ਼ਵਾਸਾਂ ਦੀ ਸੀਮਾਂ `ਚ ਹੀ ਬੰਦ ਕਰਕੇ ਰੁਕਿਆ ਪਿਆ ਸੀ। ਇਸੇ ਦਾ ਨਤੀਜਾ, ਮਨੁੱਖ ਸਾਰੇ ਸੰਸਾਰ ਦੇ ਸੱਚੇ ਇਕੋ-ਇਕ ਪਿਤਾ ਪ੍ਰਮੇਸ਼ਵਰ ਦੀ ਪਛਾਣ ਹੀ ਨਾ ਕਰ ਸਕਿਆ, ਪ੍ਰਭੂ ਵਲੋਂ ਬਖਸ਼ੇ ਮਨੁੱਖੀ ਭਾਈਚਾਰੇ ਨੂੰ ਸਮਝ ਨਾ ਸਕਿਆ। ਮਨੁੱਖ-ਮਨੁੱਖ ਵਿਚਾਲੇ ਦੀਵਾਰਾਂ ਫ਼ਿਰ ਵੀ ਬਣੀਆ ਰਹੀਆਂ। ਇਹ ਮਾਣ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਹੀ ਜਾਂਦਾ ਹੈ ਜਿਨ੍ਹਾਂ ਨੇ ਏਕੁ ਪਿਤਾ ਏਕਸ ਕੇ ਹਮ ਬਾਰਿਕ” (ਪ: 611) ਵਾਲਾ ਸਿਧਾਂਤ ਸੰਸਾਰ ਸਾਹਮਣੇ ਕੇਵਲ ਪ੍ਰਗਟ ਹੀ ਨਹੀਂ ਕੀਤਾ ਬਲਕਿ ਗੁਰਦੇਵ ਨੇ ਆਪਣੇ ਦਸਾਂ ਜਾਮਿਆਂ `ਚ ਹੰਢਾ ਕੇ ਵੀ ਦਿਖਾਇਆ ਅਤੇ ਫ਼ੁਰਮਾਇਆ “ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ” (ਪੰ: 398) ਹੋਰ “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ” (ਪੰ: 350) ਇਤਿਆਦ, ਗੁਰਬਾਣੀ `ਚ ਹੀ ਹਜ਼ਾਰਾਂ ਵਾਰੀ।

“ਪਰਮੇਸਰ ਤੇ ਭੁਲਿਆਂ” -ਗੁਰਬਾਣੀ ਦਾ ਫ਼ੈਸਲਾ ਹੈ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ” (ਪ: 135) ਇੱਕ ਅਕਾਲਪੁਰਖ ਦੀ ਸਮਝ ਨਾ ਆਉਣ ਕਰਕੇ ਮਨੁੱਖ ਹਜ਼ਾਰਾਂ ਹੀ ਮਾਨਵੀ-ਮਾਨਸਿਕ ਰੋਗਾਂ ਦਾ ਸ਼ਿਕਾਰ ਹੁੰਦਾ ਗਿਆ। ਮਿਸਾਲ ਵਜੋਂ (1) ਮਨੁੱਖਾ ਜਨਮ ਲੈ ਕੇ ਵੀ ਮਨੁੱਖ-ਮਨੁੱਖ `ਚ ਵੰਡੀਆਂ ਸਦਾ ਤੋਂ ਉਭਰਦੀਆਂ ਰਹੀਆ ਤੇ ਅੱਜ ਤੀਕ ਉਭਰ ਰਹੀਆਂ ਹਨ। ਮਨੁੱਖ ਆਪਸੀ ਖੂਨ-ਖਰਾਬੇ, ਕਤਲੋ ਗ਼ਾਰਤ, ‘ਤੋਂ ਨਾ ਬਚ ਸਕਿਆ। (2) ਪ੍ਰਭੂ ਬਾਰੇ ਅਗਿਆਨਤਾ ਦਾ ਹੀ ਸਿੱਟਾ ਸੀ ਕਿ ਇੱਕ ਕਰਤੇ ਦਾ ਪਤਾ ਨਾ ਹੋਣ ਕਾਰਨ, ਮਨੁੱਖ ਲੱਖਾਂ-ਕਰੋੜਾਂ ਦੇਵੀ ਦੇਵਤਿਆਂ, ਆਪ ਮਿੱਥੇ ਭਗਵਾਨਾਂ-ਪੀਰਾਂ-ਮੜ੍ਹੀਆਂ, ਅਖੌਤੀ ਸੰਤਾਂ-ਸਾਧਾਂ-ਭੇਖੀਆਂ ਇਥੋਂ ਤੀਕ ਕਿ ਨਦੀਆਂ, ਪੌਦਿਆਂ, ਪਸ਼ੂਆਂ, ਸਪਾਂ, ਹਵਾ, ਪਾਣੀ, ਅੱਗ, ਅੰਨ ਤੀਕ ਨੂੰ ਦੇਵਤੇ ਮੰਨ, ਇਨ੍ਹਾਂ ਦੀ ਪੂਜਾ `ਚ ਭਟਕਿਆ ਕੁਰਾਹੇ ਪਿਆ ਜੀਵਨ ਬਰਬਾਦ ਕਰਕੇ ਚਲਾ ਜਾਂਦਾ ਹੈ। ਇਸੇ ਦਾ ਨਤੀਜਾ, ਹੁੰਦਾ ਹੈ ਸ਼ਾਤਰ ਲੋਕਾਂ ਰਾਹੀਂ ਵਿਛਾਇਆ ਜਾਂਦਾ ਮਾਇਆ ਜਾਲ। (3) ਇੱਕ ਪ੍ਰਭੂ ਬਾਰੇ ਅਗਿਆਣਤਾ ਕਾਰਣ, ਅੰਨ ਪੂਜਾਵਾਂ-ਵਿਸ਼ਵਾਸਾਂ ਦਾ ਅਗਲਾ ਘਿਨਾਉਣਾ ਪੱਖ ਹੈ ਮੰਗਾਂ-ਕਾਮਨਾਵਾਂ, ਵਰ-ਸਰਾਪ, ਸਗਨ-ਅਪਸਗਨ-ਰੀਤਾਂ, ਟੇਵੇ-ਮਹੂਰਤ-ਰਾਸ਼ੀਫਲ-ਜਨਮਪਤ੍ਰੀਆਂ, ਜਿੰਨ-ਭੂਤ, ਪ੍ਰੇਤ ਆਤਮਾਵਾਂ, ਪ੍ਰਛਾਵੇਂ, ਸੁਰਗ-ਨਰਕ, ਧਰਮਰਾਜ-ਜਮਰਾਜ ਆਦਿ ਦੇ ਅਣਗਿਣਤ ਭਰਮ-ਭੁਲੇਖੇ ਅਤੇ ਉਨ੍ਹਾਂ `ਚ ਫ਼ਸਿਆ ਮਨੁੱਖ ਦਾ ਅਮੁਲਾ ਜਨਮ। (4) ਮੂਲ ਰੂਪ `ਚ ਪ੍ਰਭੂ ਨਾਲ ਜੁੜ ਕੇ ਨਿਰਭੈ-ਮਜ਼ਬੂਤ ਹੋਣ ਵਾਲਾ ਮਨੁੱਖੀ ਮਨ; ਪ੍ਰਭੂ ਨੂੰ ਭੁਲੇ ਰਹਿਣ ਕਰਕੇ ਅਜੇਹੇ ਵਿਸ਼ਵਾਸਾਂ ਦੇ ਖੋਖਲੇਪਣ ਦਹੀ ਸਿੱਟਾ, ਉਲਟਾ ਕਮਜ਼ੋਰ ਅਤੇ ਹਰ ਸਮੇਂ ਵਹਿਮਾ-ਸਹਿਮਾ `ਚ ਹੀ ਦਬਿਆ ਰਹਿੰਦਾ ਹੈ। ਇਹ ਪਰਉਪਕਾਰੀ ਤਾਂ ਬਣ ਨਹੀਂ ਸਕਦਾ ਉਲਟਾ ਸੁਆਰਥੀ ਬਣ ਕੇ ਰਹਿ ਜਾਂਦਾ ਹੈ। (5) ਜੀਵਨ ਅੰਦਰ ਇੱਕ ਪ੍ਰਭੂ ਪਿਤਾ ਦਾ ਨਿਰਮਲ ਭਉ ਨਾ ਉਪਜਣ ਸਦਕਾ, ਮਨੁੱਖ ਅੰਦਰ ਇਕ-ਇਕ ਕਰਕੇ ਅਨੇਕਾਂ ਗੁਣਾਹਾਂ-ਬੁਰਾਈਆਂ ਆਪਣੀ ਜਗ੍ਹਾ ਬਣਾਂਦੀਆਂ ਜਾਂਦੀਆਂ ਹਨ। ਜਿਸ ਮਨੁੱਖ ਨੇ ਦੈਵੀ ਗੁਣਾਂ ਦਾ ਮਾਲਿਕ ਬਨਣਾ ਹੁੰਦਾ ਹੈ ਉਹੀ ਇੱਕ ਦਿਨ ਬਣ ਜਾਂਦਾ ਹੈ ਸ਼ੈਤਾਨ-ਹੈਵਾਨ। (6) ਨਾਸਤਿਕਤਾ, ਅਸਮਾਨ ਤੋਂ ਨਹੀਂ ਡਿੱਗਦੀ ਬਲਕਿ “ਪਰਮੇਸਰ ਤੇ ਭੁਲਿਆਂ” ਹੋਣ ਕਰਕੇ ਹੀ, ਨਕਲੀ ਤੇ ਬਨਾਵਟੀ ਧਰਮਾਂ ਦੇ ਖੋਖਲੇਪਣ ਅਤੇ ਆਪ ਘੜੇ ਧਰਮਾਂ ਇਸ਼ਟਾਂ-ਭਗਵਾਨਾਂ ਤੇ ਕਰਮਕਾਂਡਾ ਤੋਂ ਬਗ਼ਾਵਤ ਦਾ ਹੀ ਦੂਜਾ ਨਾਮ ਹੁੰਦਾ ਹੈ ਨਾਸਤਿਕਤਾ ਜਾਂ ਕਮਿਊਨਿਜ਼ਮ।

ਇਹ ਕੇਵਲ ਇਸ਼ਾਰੇ ਹਨ, ਸਾਰਿਆਂ ਦਾ ਕੇਵਲ ਇਕੋ ਹੀ ਹਲ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬਉਚਤਾ ਨੂੰ ਪਛਾਨਣਾ, ਸਮਝਣਾ, ਮਾਨਣਾ, ਇਸ ਤੋਂ ਇਲਾਵਾ ਹੋਰ ਦੂਜਾ ਕੋਈ ਹੱਲ ਹੈ ਹੀ ਨਹੀਂ। ਮਨੁੱਖਾ ਜੀਵਨ ਅੰਦਰ ਇੱਕ ਪਰਮ ਪਿਤਾ ਬਾਰੇ ਅਗਿਆਣਤਾ ਕਾਰਨ ਅਰੁੱਕ ਵੱਧ ਰਹੀਆਂ ਸੰਸਾਰਕ ਭੁਖਾਂ ਦਾ ਹੀ ਨਤੀਜਾ ਹੁੰਦੀ ਹੈ ਸਾਡੇ ਜੀਵਨ `ਚ ਭਟਕਣਾ, ਨਿਰਾਸ਼ਾ, ਬੇ-ਵਿਸ਼ਵਾਸੀ, ਸੁਭਾਅ `ਚ ਬੇਅੰਤ ਖ਼ਰਾਬੀਆਂ, ਚਿੰਤਾਵਾਂ, ਮਾਨਸਿਕ ਤਨਾਵ, ਡਰੱਗ-ਨਸ਼ੇ। ਇਸੇ ਤੋਂ ਪੈਦਾ ਹੁੰਦੇ ਹਨ ਲਗਭਗ 99% ਸਰੀਰਕ ਤੇ ਮਾਨਸਿਕ ਰੋਗ, ਮੁਕਦਮੇਬਾਜ਼ੀਆਂ, ਐਕਸੀਡੈਂਟ, ਆਪਸੀ ਲੜਾਈਆਂ-ਝਗੜੇ-ਫ਼ਸਾਦ, ਭੁਖ-ਮਰੀਆਂ, ਆਤਮ ਹਤਿਆਵਾਂ ਆਦਿ।

ਰਾਜੁ ਜੋਗੁ ਜਿਨਿ ਮਾਣਿਓ” - (ਪੰ: 1389) ਇਹ ਮਾਣ ਵੀ ਇਕੱਲੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਪ੍ਰਾਪਤ ਹੈ, ਜਿਨ੍ਹਾਂ ਨੇ ਮਨੁੱਖ ਨੂੰ ਸਭ ਤੋਂ ਪਹਿਲੀ ਵਾਰੀ ਸਹੀ ਅਰਥਾਂ `ਚ ਆਤਮਕ ਅਤੇ ਸੰਸਾਰਕ ਪੱਖੋਂ ਜੀਵਨ ਨੂੰ ਅਨੁਪਾਤਕ (Balanced) ਕਰਕੇ ਜੀਉਣ ਦਾ ਢੰਗ ਸਿਖਾਇਆ। ਸਾਬਤ ਕੀਤਾ ਕਿ ਜ਼ਿੰਦਗੀ ਲਈ, ਦੁਨੀਆਦਾਰੀ ਤੇ ਆਤਮਕ ਜੀਵਨ, ਦੋ ਵੱਖ ਵੱਖ ਵਿਸ਼ੇ ਨਹੀਂ ਹਨ ਬਲਕਿ ਇਕੋ ਤੱਕੜੀ ਦੇ ਦੋ ਪੱਲੇ ਹਨ, ਜਿਨ੍ਹਾਂ ਨੂੰ ਸਾਂਵਾਂ ਰਖਣਾ ਜ਼ਰੂਰੀ ਹੈ। ਸਚਾਈ ਹੈ ਕਿ ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਮਨੁੱਖ ਇਹੀ ਮੰਨਦਾ ਆ ਰਿਹਾ ਸੀ ਕਿ ਦੁਨੀਆਦਾਰ ਹੋਰ ਹੈ ਅਤੇ ਧਰਮੀ ਹੋਣਾ ਦੂਜੀ ਗੱਲ। ਇਸੇ ਦਾ ਨਤੀਜਾ ਸੀ ਕਿ ਆਪਣੇ ਆਪ ਨੂੰ ਦੁਨੀਆਦਾਰ ਜਾਂ ਗ੍ਰਿਹਸਥੀ ਤਾਂ ਭੇਖੀ ਧਰਮੀਆਂ ਹਥੋਂ ਸਦਾ ਤੋਂ ਲੁਟੀਂਦੇ ਆਏ, ਨਾਲ ਹੀ ਇਹ ਵੀ ਤਸੱਲੀ ਕਰ ਲੈਂਦੇ ਕਿ “ਅਸੀਂ ਹੋਏ ਜੁ ਦੁਨੀਆ ਦਾਰ”। ਦੂਜੇ ਪਾਸੇ ਜੇ ਕੋਈ ਧਰਮ ਪਾਸੇ ਚਲਣਾ ਚਾਹੁੰਦਾ ਤਾਂ ਚੰਗੇ-ਭਲੇ ਆਪਣੇ ਗ੍ਰਿਹਸਥ ਤੀਕ ਨੂੰ ਉਜਾੜ ਲੈਂਦਾ ਪਰ ‘ਵਿਹਲਾ ਦਿਮਾਗ਼, ਸ਼ੈਤਾਨ ਦਾ ਘਰ’ ਅਨੁਸਾਰ ਗੁਣਾਹਾਂ ਤੋਂ ਨਾ ਉਹ ਨਾ ਬੱਚ ਪਾਂਦਾ, ਅਖੌਤੀ ਦੁਨੀਆਦਾਰ ਜਿਸ `ਤੇ ਕਿ ਕੋਈ ਅੰਕੁਸ਼ ਰਿਹਾ ਹੀ ਨਹੀਂ ਸੀ। ਇਸੇ ਗ਼ਲਤ ਧਾਰਣਾ ਕਾਰਨ ਸਮਾਜ ਸਦਾ ਤੋਂ ਦੋ ਹਿਸਿਆਂ `ਚ ਵੰਡਿਆ ਚਲਾ ਆ ਰਿਹਾ ਸੀ, ਨਾਲ ਦੋਵੇਂ ਪਾਸੇ ਗੁਣਾਹਾਂ ਨੂੰ ਖੁਲੀ ਛੁੱਟੀ ਮਿਲੀ ਹੋਈ ਸੀ।

ਭੱਟਾਂ ਦੇ ਸਵੈਯਾਂ `ਚ ਭੱਟ ਜਿਹੜੇ ਕਿ ਬ੍ਰਾਹਮਣ ਮੱਤ ਦੇ ਵਿਦਵਾਨ ਮੰਨੇ ਜਾਂਦੇ ਹਨ। ਜਦੋਂ ਇਨ੍ਹਾਂ `ਚੋਂ ਹੀ ਗਿਆਰਾਂ ਭੱਟ, ਗੁਰੂ ਦਰ `ਤੇ ਆਏ ਅਤੇ ਉਨ੍ਹਾਂ ਦਾ ਰਿਸ਼ਤਾ ਸੱਚ ਧਰਮ ਭਾਵ ਗੁਰਬਣੀ ਨਾਲ ਜੁੜਿਆ ਤਾਂ ਉਨ੍ਹਾਂ ਦੀ ਜੀਵਨ ਅਵਸਥਾ ਵੀ ਤਬਦੀਲ ਹੋ ਗਈ। ਅਜੇਹੀ ਬਣ ਚੁੱਕੀ ਆਪਣੀ ਉੱਚੀ ਆਤਮਕ ਅਵਸਥਾ `ਚ ਉਨ੍ਹਾਂ ਨੇ ਕੁੱਝ ਸਵਯੈ ਵੀ ਰਚੇ। ਇਹ ਸਵੇਯੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪੰਨਾ 1389 ਤੋਂ1410 ਤੀਕ ਦਰਜ ਹਨ। ਭੱਟਾਂ ਨੇ ਆਪਣੇ ਸਵੇਯਾਂ `ਚ ਦਾਅਵਾ ਕੀਤਾ ਕਿ ‘ਅੱਜ ਤੀਕ ਗੁਰੂ ਨਾਨਕ ਪਾਤਸ਼ਾਹ ਤੋਂ ਵੱਡਾ ਕੋਈ ਰਹਿਬਰ ਹੋਇਆ ਹੀ ਨਹੀਂ’। ਉਨ੍ਹਾਂ, ਸਵੈਯਾਂ `ਚ ਗੁਰੂ ਨਾਨਕ ਪਾਤਸ਼ਾਹ ਨੂੰ ‘ਪਰਮ ਗੁਰੂ’ ਗੁਰੂ ਕਰਕੇ ਬਿਆਨਿਆ ਅਤੇ ਉਨ੍ਹਾਂ ਦੀ ਜੀਵਨ ਰਹਿਣੀ ਦੀ ਉੱਚਤਾ ਲਈ “ਰਾਜੁ ਜੋਗੁ ਜਿਨਿ ਮਾਣਿਓ” ਕਿਹਾ ਹੈ। ਦਿਨ-ਦੀਵੀਂ ਸਚਾਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਵਾਸਤੇ ਕੋਈ ਵੀ ਅਜੇਹਾ ਵਰਨਣ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਹੀ ਸਰਬਉਚਤਾ ਦਾ ਪ੍ਰਗਟਾਵਾ ਹੈ। ਭੱਟਾਂ ਨੇ ਸਤਿਜੁਗ ਤੋਂ ਲੈ ਕੇ ਅੱਜ ਤੀਕ ਦੀਆਂ ਸਾਰੀਆਂ ਇਤਹਾਸਕ-ਮਿਥਹਾਸਕ ਹਸਤੀਆਂ ਲਈ ਸਪਸ਼ਟ ਕਿਹਾ ਕਿ ਉਹ ਸਾਰੇ ‘ਗੁਰੂ ਨਾਨਕ ਪਾਤਸ਼ਾਹ ਵਾਲੇ ਜੀਵਨ ਤੋਂ ਨੀਵੇਂ ਸਨ ਅਤੇ ਉਨ੍ਹਾਂ ਚੋਂ ਕੋਈ ਵੀ ‘ਗੁਰੂ ਨਾਨਕ ਪਾਤਸ਼ਾਹ ਵਾਲੀ ਜੀਵਨ ਅਵਸਥਾ ਨੂੰ ਪ੍ਰਪਤ ਨਹੀਂ ਹੋ ਸਕਿਆ’। ‘ਗੁਰੂ ਨਾਨਕ ਪਾਤਸ਼ਾਹ ਭਾਵ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਸਰਬਉਚਤਾ’ ਦੀ ਹੀ ਵਿਲਖਣਤਾ ਹੈ ਕਿ ਉਨ੍ਹਾਂ ਨੇ ਦੁਨੀਆਦਾਰੀ ਤੇ ਆਤਮਕ ਜੀਵਨ ਨੂੰ ਸਮ ਕਰਕੇ ਕੇਵਲ ਮਾਣਿਆ ਹੀ ਨਹੀਂ ਬਲਕਿ ਸੰਸਾਰ ਨੂੰ ਇਸ ਤਰ੍ਹਾਂ ਜੀਊਣਾ ਵੀ ਸਿਖਾਇਆ। ਮਨੁੱਖਾ ਜੀਵਨ ਦੀ ਇਹ ਉਪਲਭਦੀ ਵੀ ਕੇਵਲ ਪਹਿਲੀ ਵਾਰੀ ਹੋਈ। ਸ਼ੱਕ ਨਹੀਂ, ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ `ਚ ਦੁਨੀਆਦਾਰੀ ਜਾਂ ਧਰਮੀ ਹੋਣਾ ਜੀਵਨ ਦੇ ਦੋ ਵੱਖ-ਵੱਖ ਵਿਸ਼ੇ ਸਨ। ਭੱਟ ਕਹਿੰਦੇ ਹਨ ਕਿ ਇਸੇ ਕਰਕੇ ਪੁਰਾਤਨ ਤੋਂ ਅੱਜ ਤੀਕ ਦੇ ਸਾਰੇ ਰਿਸ਼ੀ, ਮੁਨੀ ਅਵਤਾਰ, ਭਗਤ, ਤਪਸਵੀ ਭਾਵ ਸਾਰਾ ਸੰਸਾਰ ਹੀ ਦੋ ਹਿੱਸਿਆਂ `ਚ ਵੰਡਿਆ ਦਾ ਸੀ ਅਤੇ ਗੁਰਬਾਣੀ ਜੀਵਨ ਤੋਂ ਬਿਨਾ ਜੀਊਣ ਵਾਲਾ ਮਨੁੱਖ ਅੱਜ ਵੀ ਉਥੇ ਹੀ ਖੜਾ ਹੈ। ‘ “

ਭੱਟ ਕਹਿੰਦੇ ਹਨ ਕਿ ਜੀਵਨ ਦੀ ਇਹ ਅਵਸਥਾ ਤਾਂ ਅਵਤਾਰੀ ਰਾਮ ਤੇ ਕ੍ਰਿਸ਼ਨ ਜੀ ਨੂੰ ਵੀ ਪ੍ਰਾਪਤ ਨਹੀਂ ਸੀ ਹੋਈ ਜਿਵੇਂ “ਸਤਜੁਗਿ ਤੈ ਮਾਣਿਓ, ਛਲਿਓ ਬਲਿ, ਬਾਵਨ ਭਾਇਓ॥ ਤ੍ਰੇਤੈ ਤੈ ਮਾਣਿਓ, ਰਾਮੁ ਰਘੁਵੰਸੁ ਕਹਾਇਓ॥ … ਦੁਆਪੁਰਿ ਕਿ੍ਰਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ॥ ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ॥ … ਕਲਿਜੁਗਿ ਪ੍ਰਮਾਣੁ, ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ, ਆਦਿ ਪੁਰਖਿ ਫੁਰਮਾਇਓ॥ ੭॥ (ਪੰ: 1390) ਭਾਵ ਐ ਗੁਰੂ ਨਾਨਕ! ਮੇਰੇ ਲਈ ਸਤਿਜੁਗ ਦੇ ਬਾਵਨ, ਤ੍ਰੇਤੇ ਦੇ ਰਾਮ, ਦੁਆਪਰ ਦੇ ਕ੍ਰਿਸ਼ਨ, ਸਭ ਤੁਸੀਂ ਹੀ ਹੋ ਤੇ ਮੈਂ (ਭੱਟ ਕਲ) ਹੋਰ ਕਿਸੇ ਨੂੰ ਨਹੀਂ ਮੰਨਦਾ। ਹੇ ਗੁਰੂ ਨਾਨਕ! ਸੰਸਾਰ `ਚ ਜੇ ਕਰ ਕਿਸੇ ਨੇ ਸਹੀ ਅਰਥਾਂ `ਚ ਜੀਵਨ ਨੂੰ ਸਮਝਿਆ-ਮਾਣਿਆ ਤੇ ਸੰਸਾਰ ਨੂੰ ਦਿੱਤਾ ਤਾਂ ਉਹ ਕੇਵਲ ਤੁਹਾਡੇ ਹਿੱਸੇ ਹੀ ਆਇਆ। ਹੋਰ ਤਾਂ ਹੋਰ, ਗੁਰਬਾਣੀ ਰਾਹੀਂ ਨਿਵੇਕਲੀਆਂ ਸਚਾਈਆਂ ਦੇ ਉਘੜਣ ਕਰਕੇ ਹੀ ਪੰਜਵੇਂ ਨਾਨਕ ਸਵੈਯੇ ਸ੍ਰੀ ਮੁਖਵਾਕ ਪਾ: ੫ `ਚ, ਵੱਜਦ `ਚ ਆ ਕੇ ਬਾਰ-ਬਾਰ ਫ਼ੁਰਮਾਂਦੇ ਹਨ “ਜਨੁ ਨਾਨਕੁ ਭਗਤੁ, ਦਰਿ ਤੁਲਿ, ਬ੍ਰਹਮ ਸਮਸਰਿ, ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ, ਬਲਿ ਬਲਿ ਸਦ ਬਲਿਹਾਰਿ” (ਪੰ: 1385), ਅਤੇ ਹੋਰ ਵੀ ਬਹੁਤ ਥਾਵੇਂ।

“ਸਬਦੁ ਗੁਰੂ ਪਰਕਾਸਿਓ” - ਗੁਰੂ ਦੀ ਲੋੜ ਅਤੇ ਮਹੱਤਵ ਬਾਰੇ ਵੀ ਆਦਿ ਕਾਲ ਤੋਂ ਜ਼ੋਰ ਦਿੱਤਾ ਗਿਆ ਹੈ ਪਰ ਗੁਰੂ ਹੈ ਕੌਣ? ਗੁਰੂ ਕਹਿੰਦੇ ਕਿਸਨੂੰ ਹਨ? ਇਸ ਬਾਰੇ ਸੰਸਾਰ ਭਰ ਦੇ ਧਰਮ ਤੇ ਵਿਦਵਾਨ ਕਦੇ ਵੀ ਸਪਸ਼ਟ ਨਹੀਂ ਸਨ। ਇਸੇ ਦਾ ਨਤੀਜਾ ਕਿ ਹਰੇਕ ਹੁੱਨਰ ਜਾਂ ਵਿੱਦਿਆ ਦੇ ਮਾਹਿਰ ਤੋਂ ਲੈ ਕੇ ਸਕੂਲ ਦੇ ਮਾਸਟਰ ਤੀਕ ਵੀ ‘ਗੁਰੂ’ ਅਖਵਾਉਣ ਲਗ ਪਏ। ਇਸੇ ਅਗਿਆਨਤਾ ਦਾ ਨਤੀਜਾ, ਕਿ ਪਾਖੰਡੀ ਗੁਰੂਆਂ ਦੀਆਂ ਸਦਾ ਡਾਰਾਂ ਹੀ ਲਗੀਆ ਰਹਿੰਦੀਆਂ ਹਨ। ਇਹ ਸਰਬ ਉੱਚਤਾ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਹਿੱਸੇ ਹੀ ਆਉਂਦੀ ਹੈ ਜਿਨ੍ਹਾਂ ਨੇ ਸਾਬਤ ਕੀਤਾ ਕਿ ਗੁਰੂ ਕਿਸੇ ਸਰੀਰ ਦਾ ਨਾਮ ਨਹੀਂ ਅਤੇ ਸਰੀਰ ਨੂੰ ਗੁਰੂ ਸਮਝ ਲੈਣਾ ਹੀ ਮਨੁਖਤਾ ਨਾਲ ਸਭਤੋਂ ਵੱਡਾ ਧੋਖਾ ਹੈ ਜਿਥੋਂ ਕਿ ਇਨਸਾਨ ਨਿੱਤ ਕੁਰਾਹੇ ਪੈ ਰਿਹਾ ਹੈ। ਕੇਵਲ ਇੱਕ -ਦੋ ਬਲਕਿ “ੴ ਤੋਂ ਤਨੁ ਮਨੁ ਥੀਵੈ ਹਰਿਆ” ਤੀਕ ਗੁਰੂ ਬਾਰੇ ਓਤ-ਪ੍ਰਰੋਤ ਅਤੇ ਸਰਬਪੱਖੀ ਵਿਆਖਿਆ ਤੇ ਗੁਰੂ ਦੀ ਲੋੜ ਨੂੰ ਸਮਝਾਇਆ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ; ਨੇ ਨਾਲ ਨਾਲ ਪਖੰਡੀ ਗੁਰੂਆਂ ਅਤੇ ਗੁਰੂ ਪਦ ਦੇ ਪ੍ਰਚਲਤ ਅਰਥਾਂ ਵਲੋਂ ਵੀ ਲੋਕਾਈ ਨੂੰ ਸੁਚੇਤ ਕੀਤਾ ਹੈ।

ਗੁਰਬਾਣੀ ਨੇ ਸਪਸ਼ਟ ਕੀਤਾ- ‘ਗੁਰੂ’ ਅਕਾਲਪੁਰਖ ਦੇ ਹੀ ਅਨੰਤ ਗੁਣਾਂ ਵਿਚੋਂ ਵਿਸ਼ੇਸ਼ ਗੁਣ ਹੈ ਜਿਸਤੋਂ ਬਿਨਾ ਮਨੁੱਖਾ ਜਨਮ ਦੀ ਸੰਭਾਲ ਹੀ ਸੰਭਵ ਨਹੀਂ। ‘ਗੁਰੂ’ ਤਾਂ “ਪਾਰਬ੍ਰਹਮ ਗੁਰ ਨਾਹੀ ਭੇਦ” (ਪੰ: 1142) ਅਨੁਸਾਰ ਪ੍ਰਭੂ ਆਪ ਹੀ ਗੁਰੂ ਵੀ ਹੈ ਤੇ ਪ੍ਰਭੂ ਤੋਂ ਭਿੰਨ ਨਹੀਂ। ਇਸੇ ਤਰ੍ਹਾਂ “ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: 442) ਚੇਤੇ ਰਹੇ, ਗੁਰਬਾਣੀ ਰਾਹੀ ਪ੍ਰਗਟ ਗੁਰੂ ਸਦੀਵੀ ਹੈ, ਸਤਿ ਹੈ ਅਤੇ ਸਦਾ ਥਿਰ ਹੈ, ਜਨਮ-ਮਰਣ `ਚ ਨਹੀਂ ਆਉਂਦਾ। ਇਸੇ ‘ਇਲਾਹੀ ਗਿਆਨ’ ਨੂੰ ਗੁਰਬਾਣੀ `ਚ ‘ਸਤਿਗੁਰੂ’ - ‘ਸ਼ਬਦ ਗੁਰੂ’ ਵੀ ਕਿਹਾ ਹੈ। ਫ਼ੁਰਮਾਨ ਹੈ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ” (ਪੰ: 920) ਤਾਂ ਤੇ ਕੋਈ ਵੀ ਸਰੀਰਧਾਰੀ ‘ਗੁਰੂ’ ਹੋ ਹੀ ਨਹੀਂ ਸਕਦਾ ਜਿਹੜਾ ਕਿ ਜੀਵ ਦੀ ਮੁੱਕਤੀ ਲਈ ਸਦਾ ਥਿਰ ਰਵੇ ਅਤੇ ਜੀਵ ਰਾਹੀਂ ਅਨੇਕਾਂ ਜੂਨਾ ਭੁਗਤਣ ਤੋਂ ਬਾਅਦ, ਫ਼ਿਰ ਜਦੋਂ ਅਕਾਲਪੁਰਖ ਦੀ ਬਖਸ਼ਿਸ਼ ਨਾਲ ਉਸ ਨੂੰ ਮਨੁੱਖਾ ਜਨਮ ਮਿਲੇ ਤਾਂ ਪ੍ਰਭੂ `ਚ ਅਭੇਦ ਹੋਣ ਲਈ ਉਸਨੂੰ ਉਸੇ ਹੀ ਗੁਰੂ ਦੀ ਪ੍ਰਾਪਤੀ ਵੀ ਹੋਵੇ।

ਇਹੀ ਕਾਰਣ ਹੈ, ਗੁਰੂ ਨਾਨਕ ਸਾਹਿਬ ਜੋ ਆਪ ਹੀ ‘ਸ਼ਬਦ-ਗੁਰੂ’ ਦਾ ਪ੍ਰਗਟਾਵਾ- ਅਵਤਾਰ ਤੇ ਜੰਮਾਂਦਰੂ ਗੁਰੂ ਹਨ: ਜਦੋਂ ਆਪ ਵੀ ਆਪਣੇ ਗੁਰੂ ਦੀ ਪਛਾਣ ਦੇਂਦੇ ਹਨ ਤਾਂ “ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: 599) ਇਸੇ ਤਰ੍ਹਾਂ ਸਿਧ ਗੋਸ਼ਟਿ `ਚ ਵੀ ਦਸਦੇ ਹਨ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ: 942)। ਹੋਰ ਤਾਂ ਹੋਰ ਗੁਰਬਾਣੀ ਰਾਹੀ ਪਾਤਸ਼ਾਹ ਨੇ ਸਾਬਤ ਕੀਤਾ “ਸਬਦੁ ਗੁਰੂ ਪਰਕਾਸਿਓ, ਹਰਿ ਰਸਨ ਬਸਾਯਉ” (ਪੰ: 1407) ਅਥਵਾ “ਸਬਦੁ ਗੁਰ ਦਾਤਾ, ਜਿਤੁ ਮਨੁ ਰਾਤਾ, ਹਰਿ ਸਿਉ ਰਹਿਆ ਸਮਾਈ” (ਪੰ: 601) ਜਾਂ “ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ” (ਪੰ: 635) ਇਸੇ ਤਰ੍ਹਾਂ ਸਵੈਯਾਂ `ਚ ਭੱਟ ਭਿਖਾ ਜੀ ਤੀਜੇ ਪਾਤਸ਼ਾਹ ਨੂੰ ਸੰਬੋਧਨ ਕਰਕੇ ਕਹਿੰਦੇ ਹਨ “ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ” (ਪੰ: 1395) ਭਾਵ ਨਿਰੰਕਾਰ ਨੇ ਆਪਣੇ ਸ਼ਬਦ ਅਥਵਾ ਨਾਮ ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, ਗੁਰੂ ਅਮਰਦਾਸ-ਰੂਪ ਦੀਵੇ ਰਾਹੀਂ ਪ੍ਰਗਟਾਇਆ ਹੈ। ਉਪ੍ਰੰਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਉਸੇ ‘ਸ਼ਬਦ ਗੁਰੂ’ ‘ਗੁਰੂ’ ਅਥਵਾ ਗੁਰਬਾਣੀ-ਗੁਰੂ ਦਾ ਹੀ ਪ੍ਰਗਟਾਵਾ ਹਨ ਜਦਕਿ ‘ਸ਼ਬੲ ਗੁਰੂ’ ਜਾਂ ‘ਸ਼ਬਦ’ ਨੂੰ ਆਪਣੀ ਹੋਂਦ ਲਈ ਅੱਖਰਾਂ ਦੀ ਵੀ ਲੋੜ ਨਹੀਂ।

ਗੁਰਬਾਣੀ ਨੇ ਇਸਨੂੰ ਹੋਰ ਸਪਸ਼ਟ ਕੀਤਾ ਹੈ ਜਿਵੇਂ “ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ” (ਪੰ: 463) (ਅਰਥ ਅਰੰਭ `ਚ ਦਿੱਤੇ ਜਾ ਚੁੱਕੇ ਹਨ) ਗੁਰਦੇਵ ਹੋਰ ਸਪਸ਼ਟ ਕਰਦੇ ਹਨ “ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ” (ਪੰ: 469) ਭਾਵ ਇਹ ਉਹ ਗੁਰੂ ਹੈ ਜੋ ਸਾਡੇ ਮਨ ਨੂੰ ਰੱਬੀ ਗਿਆਨ `ਚ ਬਨ੍ਹ ਕੇ ਸਤਿਗੁਰ ਵਿਟਹੁ ਵਾਰਿਆ, ਜਿਤੁ ਮਿਲਿਐ ਖਸਮੁ ਸਮਾਲਿਆ” (ਪੰ: 470) ਜਾਂ ਸਤਿਗੁਰਿ ਮਿਲਿਐ ਸਚੁ ਪਾਇਆ, ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ” (ਪੰ: 467) ਸਿਧਾ ਪ੍ਰਭੂ ਨਾਲ ਜੋੜਦਾ ਤੇ ਅਗਿਆਨਤਾ ਦਾ ਹਨੇਰਾ ਕੱਢ ਕੇ ਸਾਨੂੰ ਸਚਾ ਸੁਚਾ ਜੀਵਨ ਬਖਸ਼ਦਾ ਹੈ। ਭਾਵ ਇਹ ਕਿ ਗੁਰੂ ਸਿਧਾ ਅਕਾਲਪਰਖ ਨਾਲ ਜੋੜਦਾ ਹੈ ਆਪਣੇ ਨਾਲ ਨਹੀਂ। ਇਹ ਇਲਾਹੀ ਗੁਰੂ ਮਨੁੱਖ ਨੂੰ ਸਰੀਰਕ ਮੰਗਾਂ-ਤ੍ਰਿਸ਼ਨਾ ਚੋਂ ਕੱਢਦਾ ਹੈ ਨਾ ਕਿ ਸਰੀਰਕ ਮੰਗਾਂ ਦੀ ਦਲ-ਦਲ `ਚ ਫ਼ਸਾ ਕੇ ਆਪਣੀਆਂ ਰੋਟੀਆਂ ਸੇਕਦਾ ਹੈ ਜਿਵੇਂ ਕਿ ਪਖੰਡੀ ਗੁਰੂ ਅਤੇ ਉਨ੍ਹਾਂ ਦੇ ਏਜੰਟ। ਉਂਝ ਇਹ ਸਾਰਾ ਵਿਸ਼ਾ ਅਸੀਂ ਗੁਰਮਤਿ ਪਾਠ ਨੰ: 109 “ਗੁਰਬਾਣੀ ਅਨੁਸਾਰ ‘ਗੁਰੂ’ ‘ਸਤਿਗੁਰੂ, ਸ਼ਬਦ-ਸ਼ਬਦ ਗੁਰੂ” `ਚ ਲੈ ਚੁੱਕੇ ਹਾਂ, ਇਥੇ ਤਾਂ ਦਸਣਾ ਹੈ ਕਿ ਇਹ ਵੀ ਗੁਰਬਾਣੀ ਦੀ ਹੀ ਸਰਬਉੱਚਤਾ ਹੈ ਜਿਸ ਨੇ ਮਨੁੱਖਾ ਜੀਵਨ ਲਈ ਗੁਰੂ ਵਾਲੀ ਅਸਲ ਲੋੜ ਨੂੰ ਨਿਖਾਰ ਕੇ ਉਸਦੇ ਅਸਲ ਅਰਥਾਂ `ਚ ਪੇਸ਼ ਕੀਤਾ ਹੈ।

‘ਬਖਸ਼ਿਸ਼’, ਗੁਰਬਾਣੀ ਦੀ ਸਰਬਉੱਚਤਾ ਦਾ ਇੱਕ ਹੋਰ ਪ੍ਰਗਟਾਵਾ - ਕੇਵਲ ‘ਬਖਸ਼ਿਸ਼’ ਹੀ ਮਨੁੱਖ ਕੋਲ, ਕਰਤੇ ਦੀ ਇੰਨੀ ਵੱਡੀ ਤੇ ਅਮੁਲੀ ਦਾਤ ਹੈ, ਜਿਸਦਾ ਅੰਦਾਜ਼ਾ ਗੁਰਬਾਣੀ ਸੋਝੀ ਤੋਂ ਬਿਨਾ ਸੰਭਵ ਹੀ ਨਹੀਂ। ਇਸ ‘ਬਖਸ਼ਿਸ਼’ ਨੂੰ ਮਹਿਸੂਸ ਵੀ ਉਹੀ ਕਰ ਸਕਦਾ ਹੈ ਜਿਸ ਕੋਲ ਪ੍ਰਭੂ ਦੀ ਨੇੜਤਾ ਤੇ ਨਿਰਮਲ-ਭਉ ਹੈ। ਸਗਨ-ਅਪਸਗਨ ਰੀਤਾਂ, ਚਾਲੀਹੇ-ਸੁਖਣਾ ਆਦਿ ਵਰਗੀ ਹੂੜਮੱਤ, ਵਿਪਰਨ ਰੀਤਾਂ, ਮਨਮਤ, ਅਨਮਤ, ਦੁਰਮੱਤ ਆਦਿ ਦੇ ਪ੍ਰਭਾਵ; ਇਸੇ ਤਰ੍ਹਾਂ ਸਮਾਜ ਅੰਦਰ ਲਿੰਗ-ਰੰਗ ਨਸਲ ਦੇ ਵਿਤਕਰੇ, ਦਗ਼ਾ- ਫਰੇਬ, ਲੁਟ-ਖੋਹ, ਡਰਗ-ਨਸ਼ਿਆਂ -ਜੁਰਮਾਂ ਦੀ ਭਰਮਾਰ, ਹਥਿਆਰਾਂ ਦੀ ਦੌੜ, ਧਰਮ ਦੇ ਪੜਦੇ ਹੇਠ ਅਧਰਮ ਦਾ ਬੋਲ ਬਾਲਾ, ਮਜ਼ਲੂਮਾਂ ਕਮਜ਼ੋਰਾਂ ਦਾ ਸ਼ੋਸ਼ਨ-ਇਹ ਸਭ ਪ੍ਰਭੂ ਦੀ ਬਖਸ਼ਿਸ਼ ਤੋਂ ਵਿਹੂਣੇ ਹੋਣ ਦੇ ਪ੍ਰਗਟਾਵੇ ਹਨ। ਇੱਕ ਜਾਂ ਦੂਜੇ ਢੰਗ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਧੀਨ ਚਲਣਾ ਵੀ ਇਹੀ ਹੈ। ਇਥੋਂ ਤੀਕ ਕਿ ਅਜੋਕੇ ਵਿਗਿਆਨ, ਡਾਕਟਰੀ, ਖੇਤੀ ਅਤੇ ਹੋਰ ਗਿਆਨਾਂ `ਚ ਮਨੁੱਖ ਦੀਆਂ ਪ੍ਰਾਪਤੀਆਂ ਵੀ ਕਰਤੇ ਦੀ ਬਖਸ਼ਿਸ਼ ਦਾ ਹੀ ਨਤੀਜਾ ਹਨ ਅਤੇ ਉਸਤੋਂ ਬਿਨਾ ਇਨ੍ਹਾਂ `ਚੋਂ ਕਿਸੇ ਇੱਕ ਦਾ ਵੀ ਕੋਈ ਵਜੂਦ ਨਹੀਂ। ਇਹ ‘ਬਖਸ਼ਿਸ਼’ ਵਾਲੀ ਪ੍ਰਭੂ ਦੀ ਦਾਤ ਵੀ, ਇੱਕ ਤਰੀਕੇ ਗੁਰਬਾਣੀ ਦੀ ਸਰਬਉੱਚਤਾ ਕਾਰਨ ਹੀ ਸਮਝ `ਚ ਆਉਂਦੀ ਹੈ ਜਿਸਤੋਂ ਅਣਜਾਣ ਮਨੁੱਖ ਸਦਾ ਕੁਰਾਹੇ ਹੀ ਪਿਆ ਰਹਿੰਦਾ ਹੈ।

“ਲੇਖਾ ਹੋਇ ਤ ਲਿਖੀਐ” - ਮਨੁੱਖ ਆਫਰਿਆ ਫ਼ਿਰਦਾ ਹੈ ਕਿ ਉਸਨੇ ਵਿਗਿਆਨ `ਚ ਬਹੁਤ ਉਂਨਤੀ ਕਰ ਲਈ ਹੈ। ਦੇਖਣਾ ਹੈ ਕਿ ਮਨੁੱਖ ਵਿਗਿਆਨਕ ਖੋਜਾਂ ਕਰਕੇ ਜਿਥੇ ਅਪੜਦਾ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਉਸ ਤੋਂ ਵੀ ਅਨੰਤ ਗੁਣਾ ਅੱਗੇ ਸਾਬਤ ਹੋ ਜਾਂਦੇ ਹਨ। ਵਿਗਿਆਨ ਫ਼ਿਰ ਵੀ ਗੁਰਬਾਣੀ ਦੇ ਸੱਚ ਤੋਂ ਪਿਛੇ ਦਾ ਪਿਛੇ ਹੀ ਰਹਿੰਦਾ ਹੈ ਅਤੇ ਰਵੇਗਾ ਵੀ। ਕਿਉਂਕਿ ਵਿਗਿਆਨ ਤਾਂ ਕਰਤਾਰ ਦੀ ਬਣਾਈ ਹੋਈ ਕੁਦਰਤ ਵਿਚੋਂ ਕੇਵਲ ਖੋਜਾਂ ਹਨ ਜਦਕਿ ਗੁਰਬਾਣੀ-ਗੁਰੂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤਾਂ ਕੁਦਰਤ ਨੂੰ ਬਣਾਉਣ ਵਾਲੇ ਕਾਦਿਰ ਦਾ ਸਿਧਾ ਪ੍ਰਗਟਾਵਾ ਹਨ। ਇਹੀ ਨਹੀਂ ਮਨੁੱਖ ਤਾਂ ਅੱਜ ਵੀ ਸੱਤ ਆਕਾਸ਼ਾਂ-ਸੱਤ ਪਾਤਾਲਾਂ ਜਾਂ ਤਿੰਨ ਲੋਕਾਂ ਦੇ ਵਿਸ਼ਵਾਸਾਂ `ਚ ਹੀ ਬਝਾ ਹੋਇਆ ਹੈ ਜਦਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਫ਼ੈਸਲਾ ਹੈ ਕਿ ਬੰਦਿਆਂ ਤੂੰ ਕਿਥੇ ਭੁੱਲਾ ਪਿਆਂ ਹੈ ਉਸ ਕਰਤਾਰ ਦੀ ਰਚਨਾ ਬਾਰੇ ਤਾਂ “ਲੇਖਾ ਹੋਇ ਤ ਲਿਖੀਐ, ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ, ਆਪੇ ਜਾਣੈ ਆਪੁ”।

ਇਸ ਤੋਂ ਇਲਾਵਾ ਜਿਨ੍ਹਾਂ ਨੇ ‘ਤਿੰਨ ਲੋਕਾਂ ਵਾਲੀਆਂ ਕਹਾਣੀਆਂ `ਚ ਲੋਕਾਈ ਨੂੰ ਉਲਝਾਇਆ ਉਨ੍ਹਾਂ ਨੇ, ਇਨ੍ਹਾਂ ਹੀ ਤਿੰਨ ਲੋਕਾਂ ਵਿਚੋਂ ਇੱਕ ‘ਆਕਾਸ਼’ ਵੀ ਮਿਥਿਆ ਹੈ। ਫ਼ਿਰ ਇਸ ਆਕਾਸ਼ ਦੇ ਆਧਾਰ `ਤੇ ਉਥੇ ਕੋਈ ਸੁਰਗ-ਨਰਕ, ਜਮਲੋਕ, ਧਰਮ ਰਾਜ, ਇੰਦ੍ਰਪੁਰੀ, ਦੇਵਲੋਕ, ਬ੍ਰਹਮ ਲੋਕ, ਸ਼ਿਵ ਪੁਰੀ, ਬਿਸ਼ਨ ਲੋਕ, ਪਿਤ੍ਰ ਲੋਕ, ਕਾਮਧੇਨੂੰ, ਕਲਪ ਬਿਰਖ, ਅਪਸ੍ਰਾਵਾਂ ਤੇ ਪਤਾ ਨਹੀਂ ਕੀ ਕੀ ਜਾਲ ਵਿਛਾਏ। ਜਦਕਿ ਅੱਜ ਤਾਂ ਮਨੁੱਖ ਖੁਦ ਵੀ ਆਕਾਸ਼ ਨੂੰ ਹੇਠਾਂ ਛਡਕੇ ਉਸਤੋਂ ਵੀ ਉਪਰ ਸਪੇਸ ਨੂੰ ਪਾਰ ਕਰਕੇ ਚੰਦ੍ਰਮਾ-ਮੰਗਲ ਤੀਕ ਜਾ ਚੁੱਕਾ ਹੈ ਤਾਂ ਵੀ ਉਸਨੂੰ ਰਸਤੇ ਕੋਈ ਅਜੇਹਾ ਸੁਰਗ-ਨਰਕ, ਦੇਵ ਲੋਕ ਆਦਿ ਕਿਧਰੇ ਨਹੀਂ ਮਿਲੇ। ਇਸ ਤਰ੍ਹਾਂ ਜੋ ਹੈ ਹੀ ਕਪੋਲ ਕਲਪਣਾ ਤਾਂ ਮਿਲੇਗਾ ਕਿਥੋਂ? ਇਥੋਂ ਤੀਕ ਕਿ ਮੌਤ ਤੋਂ ਬਾਅਦ ਲੰਮੇਂ ਚੌੜੇ ਪੈਂਡੇ ਵੀ ਦਸ ਕੇ ਲੋਕਾਈ ਦੀ ਨਾਸਮਝੀ ਦਾ ਪੂਰਾ ਪੂਰਾ ਲਾਭ ਲਿਆ, ਜਦਕਿ ਇਸ ਬਾਰੇ ਵੀ ਗੁਰਬਾਣੀ ਦਾ ਫ਼ੈਸਲਾ ਹੈ “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” ਭਾਵ ਇਹੋ ਜਹੀਆਂ ਗਲਾਂ ਹੀ ਨਿਰਮੂਲ ਹਨ।

ਇਹ ਮਾਣ ਵੀ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਜਾਂਦਾ ਹੈ ਕਿ ਇਸ ਸਭ ਨੂੰ ਕਪੋਲ ਕਲਪਣਾ ਸਾਬਤ ਕੀਤਾ ਅਤੇ ਚਿਰਾਂ ਤੋਂ ਹੋ ਰਹੇ ਲੋਕਾਈ ਦੇ ਇਸ ਸ਼ੋਸ਼ਨ ਤੋਂ ਬਚਾਇਆ। ਹਜ਼ਾਰਾਂ ਸਾਲਾਂ ਤੋਂ ਪ੍ਰਚਲਤ ਮਨੌਤਾਂ ਜਿਵੇਂ “ਬ੍ਰਹਮਾਂ, ਵਿਸ਼ਨੂੰ, ਮਹੇਸ਼ ਆਦਿ ਉਤਪਤੀ, ਪਾਲਨਾ, ਸੰਘਾਰ ਦੇ ਵੱਖ ਵੱਖ ਦੇਵਤੇ ਹਨ ਜਾਂ ਇਸ ਧਰਤੀ ਨੂੰ ਸ਼ੇਸ਼ਨਾਗ ਨੇ ਆਪਣੇ ਫਨਾਂ `ਤੇ/ ਬਲਦ ਨੇ ਆਪਣੇ ਸਿੰਙ `ਤੇ ਚੁੱਕਿਆ ਦਾ ਹੈ, ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੇ ਅਜੇਹੇ ਪ੍ਰਚਲਣਾ ਨੂੰ ਸਖਤੀ ਨਾਲ ਨਕਾਰਿਆ ਤੇ ਫ਼ਰਮਾਇਆ “ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ” ਜਾਂ “ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ”। ਇਸ ਤਰ੍ਹਾਂ ਲੰਮੇਂ ਸਮੇਂ ਤੋਂ ਹੁੰਦੀ ਆਈ ਮਨੁੱਖ ਦੀ ਲੁੱਟ-ਖਸੁਟ ਨੂੰ ਬੜੀ ਸੂਰਮਤਾਈ ਨਾਲ ਠੱਲ ਪਾਈ।

ਇਸੇ ਤਰ੍ਹਾਂ ਨਿਰਗੁਣ-ਸਰਗੁਣ ਵਾਲਾ ਬਖੇੜਾ ਚਲਦਾ ਆ ਰਿਹਾ ਸੀ ਜਿਸ ਤੋਂ ਸੰਸਾਰ ਦੋ ਵਰਗਾਂ `ਚ ਵੰਡਿਆ ਪਿਆ ਸੀ, ਉਸਨੂੰ ਮੁਕਾਇਆ *** ਵਰਣ ਵੰਡ, ੲਸਤ੍ਰੀ -ਪੁਰਖ ਜਾਂ ਕਾਲੇ-ਗੋਰਿਆਂ ਵਿਚਾਲੇ ਕੀਤੇ ਜਾ ਰਹੇ ਵਿੱਤਕਰਿਆਂ ਨੂੰ ਵੰਗਾਰਿਆ *** ਵਿਧਵਾ ਪ੍ਰਥਾ, ਸਤੀ ਪ੍ਰਥਾ, ਦਹੇਜ ਪ੍ਰਥਾ, ਰਾਮ ਜ਼ਨੀ, ਦੇਵਦਾਸੀ ਪ੍ਰਥਾ ਨੂੰ ਸਮਾਜਿਕ ਕੋੜ੍ਹ ਦਸਿਆ *** ਜਨਮ ਸਮੇਂ ਬੱਚੀ -ਬੱਚੇ ਵਿਚਾਲੇ ਕੀਤੇ ਜਾ ਰਹੇ ਫ਼ਰਕ ਨੂੰ ਕੇਵਲ ਨਕਾਰਿਆ ਹੀ ਨਹੀਂ ਬਲਕਿ ਕੁੜੀ ਮਾਰ ਦਾ ਨਿਸ਼ੇਧ ਵੀ ਕੀਤਾ *** ਦਾਨ-ਪੁੰਨ, ਜਪ-ਤਪ, ਤੀਰਥ ਰਟਣ ਤੇ ਤੀਰਥਾਂ ਦੇ ਇਸ਼ਨਾਨਾਂ ਤੋਂ ਵਰਜਿਆ *** ਸਮਾਜ ਦਾ ਕੋੜ੍ਹ ਸ਼ਰਾਬ, ਵਿਭਚਾਰ ਅਤੇ ਹਰੇਕ ਨਸ਼ੇ ਦਾ ਡੱਟ ਕੇ ਵਿਰੋਧ ਕੀਤਾ *** ਕੋੜ੍ਹ ਦੇ ਰੋਗ ਬਾਰੇ ਸਮਾਜ ਨੂੰ ਪਹਿਲੀ ਵਾਰੀ ਪਤਾ ਲਗਾ ਕਿ ਕੋੜ੍ਹ ਛੂਤ ਦੀ ਬਿਮਾਰੀ ਨਹੀਂ, ਮਰੀਜ਼ ਨੂੰ ਹਮਦਰਦੀ ਪਿਆਰ ਦੀ ਲੋੜ ਹੈ ***ਸਭ ਤੋਂ ਪਹਿਲਾਂ ਗੁਰਬਾਣੀ ਹੀ ਸਪਸ਼ਟ ਕਰ ਪਾਈ ਕਿ ਸੀਤਲਾ (ਚੀਚਕ) ਦੇਵੀ ਜਾਂ ਮਾਤਾ ਨਹੀਂ ਬਲਕਿ ਮੌਸਮੀ ਬਿਮਾਰੀ ਹੈ ਤੇ ਇਲਾਜ ਦੀ ਲੋੜ ਹੈ *** “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: 97) ਵਰਗੇ ਸਿਧਾਂਤ ਕੇਵਲ ਪੇਸ਼ ਹੀ ਨਹੀਂ ਕੀਤੇ ਬਲਕਿ ਸਾਂਝੀ ਸੰਗਤ-ਪੰਗਤ-ਸਰੋਵਰ ਦੇ ਨਿਯਮ ਵੀ ਦ੍ਰਿੜ ਕਰਵਾਏ *** ਨਾਮ ਜਪੋ, ਕਿਰਤ ਕਰੋ, ਵੰਡ ਛਕੋ ਵਰਗੀਆਂ ਬੇਜੋੜ ਸਮਾਜਿਕ ਨਿਯਮ ਗੁਰਬਾਣੀ ਸਿਖਿਆ ਉਪਰ ਹੀ ਆਧਾਰਤ ਸਨ *** ਇਸੇ ਤਰ੍ਹਾਂ ਹੋਰ ਹਜ਼ਾਰਾਂ ਜੀਵਨ ਸੇਧਾਂ ਜਿਨ੍ਹਾਂ ਦਾ ਆਧਾਰ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਤੋਂ ਪਹਿਲਾਂ ਕਿਧਰੇ ਨਹੀਂ ਮਿਲਦਾ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਦੇਣ ਹੀ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬਉੱਚਤਾ ਦੀਆਂ ਹੀ ਲਖਾਇਕ ਹਨ। #144s04.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 144

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉਚਤਾ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.