.

ਗੁਰਬਾਣੀ `ਚ ਰੂਪਕ ਅਲੰਕਾਰਾਂ ਦੀ ਵਰਤੋਂ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕਾਵਿ ਰਚਨਾ ਅਤੇ ਰੂਪਕ ਅਲੰਕਾਰ- ਰੂਪਕ ਅੰਲਕਾਰ ਕਿਸੇ ਵੀ ਕਾਵਿ ਰਚਨਾ ਦਾ ਉਹ ਜ਼ਰੂਰੀ ਅਤੇ ਸੁਆਦਲਾ ਅੰਗ ਹੈ, ਜਦੋਂ ਕਵੀ ਆਪਣੀ ਕਿਸੇ ਗੱਲ ਨੂੰ, ਦੂਜੇ ਦੇ ਚਲਦੇ ਆ ਰਹੇ ਰੰਗ `ਚ ਰੰਗ ਕੇ ਗਲ ਕਹਿੰਦਾ ਜਾਂ ਸਪਸ਼ਟ ਕਰਦਾ ਹੈ। ਇਥੋਂ ਤੀਕ ਕਿ ਕਿਸੇ ਚਲਦੀ ਆ ਰਹੀ ਕਿਰਿਆ ਦੇ ਕਰਣ ਵਾਲੇ ਦੀ ਹੀ ਸ਼ਬਦਾਵਲੀ ਵਰਤ ਕੇ, ਕਵੀ ਆਪਣੀ ਗੱਲ ਜਾਂ ਵਿਚਾਰ ਨੂੰ ਪ੍ਰਗਟ ਕਰਦਾ ਹੈ। ਗੁਰਬਾਣੀ ਅੰਦਰ ਗੁਰੂ ਸਹਿਬਾਨ ਦੇ ਨਾਲ ਭਗਤਾਂ-ਸਿੱਖਾਂ-ਭਟਾਂ ਦੀਆਂ ਰਚਨਾਵਾਂ `ਚ ਵੀ ਰੂਪਕ ਅਲੰਕਾਰ ਬਹੁਤ ਥਾਈਂ ਵਰਤਿਆ ਹੈ ਜਿਸਨੂੰ ਪਛਾਨਣ ਦੀ ਲੋੜ ਹੈ।

ਇਸਦੇ ਨਾਲ ਨਾਲ ‘ਰੂਪਕ ਅੰਲਕਾਰ’ ਚੂੰਕਿ ਕਿਸੇ ਵੀ ਕਾਵ ਰਚਨਾ ਲਈ ਖਾਸ ਢੰਗ ਹੈ, ਇਸ ਲਈ ਕਿਸੇ ਵੀ ਅਜੇਹੀ ਰਚਨਾ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਕਾਵਿ ਤੇ ਵਾਰਤਕ ਦੇ ਮੁਢਲੇ ਫ਼ਰਕ ਨੂੰ ਸਮਝਣਾ ਅਤਿ ਜ਼ਰੂਰੀ ਹੈ। ਇੱਕ ਪਾਸੇ, ਵਾਰਤਕ `ਚ ਤਾਂ ਸਿਵਾਇ ਇਸਦੇ ਕਿ ਰਚਨਾ `ਚ ਜੇ ਕੁੱਝ ਔਖੇ ਲਫ਼ਜ਼ ਆ ਜਾਣ ਜਾਂ ਕਿਸੇ ਗੱਲ ਨੂੰ ਸਮਝਾਉਣ/ਕਹਿਣ ਲਈ ਦੂਜੀਆਂ ਭਾਸ਼ਾਵਾਂ-ਰਹਿਣੀਆਂ ਦੇ ਲਫ਼ਜ਼ ਵਰਤੇ ਹੋਣ ਤਾਂ ਉਨ੍ਹਾਂ ਲਫ਼ਜ਼ਾਂ ਦੇ ਅਰਥ ਸਮਝਣੇ ਹੁੰਦੇ ਹਨ। ਪਤਾ ਲਗ ਜਾਂਦਾ ਹੈ ਕਿ ਅਮੁੱਕੀ ਲਿਖਿਤ `ਚ ਕਿਹੜੀ ਗਲ ਕਹੀ ਹੈ, ਤੇ ਕਹਿਣ ਵਾਲਾ ਕੀ ਕਹਿ ਰਿਹਾ ਹੈ।

ਦੂਜੇ ਪਾਸੇ, ਕਾਵਿ ਰਚਨਾ ਲਈ ਇੰਨੀ ਗੱਲ ਕਾਫ਼ੀ ਨਹੀਂ। ਕਿਸੇ ਵੀ ਕਾਵਿ ਨੂੰ ਸਮਝਣ/ਸਮਝਾਉਣ ਲਈ ਉਸਦੇ ਤਿੰਨ ਹੋਰ ਪੱਖ ਵੀ ਜ਼ਰੂਰੀ ਹੁੰਦੇ ਹਨ। ਪਹਿਲਾ- ਕਾਵ ਰਚਨਾ ਦਾ ਕੇਂਦਰੀ ਭਾਵ ਅਥਵਾ ਨਿਚੋੜ (gist)ਦੂਜਾ- ਉਸਦੇ ਸ਼ਾਬਦਿਕ ਅਰਥ। ਤੀਜਾ-ਕਵੀ ਰਾਹੀਂ ਕਹੀ ਗਲ ਦੀ ਵਿਆਖਿਆ ਜਿਹੜੀ ਕਿ ਲੋੜ ਅਨੁਸਾਰ ਲੰਮੀਂ-ਛੋਟੀ ਵੀ ਹੋ ਸਕਦੀ ਹੈ। ਜਦਕਿ ਗੁਰਬਾਣੀ ਲਈ ਇੰਨਾਂ ਤਿੰਨਾਂ ਤੋਂ ਇਲਾਵਾ ਇੱਕ ਚੌਥੀ ਗਲ ਵੀ ਲਾਗੂ ਹੁੰਦੀ ਹੈ ਉਹ ਕਿ ਗੁਰਬਾਣੀ ਕੇਵਲ ਕਵਿਤਾ ਹੀ ਨਹੀਂ, ਰੱਬੀ ਜੀਵਨ ਗਿਆਨ ਵੀ ਹੈ ਜਿਸ ਨਾਲ ਸਾਡੇ ਪਲ-ਪਲ ਦੇ ਜੀਵਨ ਤੇ ਸੁਆਸਾਂ ਦਾ ਸਿੱਧਾ ਸੰਬੰਧ ਹੈ। ਇਹੀ ਕਾਰਨ ਹੈ ਕਿ ਜਦੋਂ ਗੁਰਬਾਣੀ ਨੂੰ ਸਮਝਣ ਲਈ ਵੀ ਅਸੀਂ ਉਪਰਲੀਆਂ ਤਿੰਨਾਂ ਗਲਾਂ ਤੀਕ ਹੀ ਅਟਕੇ ਰਹਿ ਜਾਂਦੇ ਹਾਂ ਤਾਂ ਗੁਰਬਾਣੀ ਵਾਲੀ ਲੋੜ ਸਾਡੇ ਜੀਵਨ `ਚ ਨਹੀਂ ਉਤਰਦੀ ਅਤੇ ਸਾਡਾ ਜੀਵਨ ਅਗੇ ਨਹੀਂ ਵਧਦਾ। ਅੱਜ ਬਹੁਤਾ ਕਰਕੇ ਸੰਗਤਾਂ ਬਲਕਿ ਕਥਾਵਾਚਕਾਂ ਤੀਕ ਦੀ ਪੱਧਰ `ਤੇ ਵੀ ਇਹੀ ਕੁੱਝ ਹੋ ਰਿਹਾ ਹੈ। ਦੂਜੇ ਪਾਸੇ ਗੁਰਬਾਣੀ ਪੜ੍ਹਣ-ਸੁਨਣ-ਸਮਝਣ ਵੇਲੇ ਜੇਕਰ ਇਸ ਦਾ ‘ਗਿਆਨ’ ਵਾਲਾ ਪੱਖ ਵੀ ਸਾਡੇ ਵਿਚਾਰ ਤੇ ਸੁਰਤ `ਚ ਹੋਵੇ ਤਾਂ ਜਿਨ੍ਹਾਂ ਵੀ ਗਹਿਰਾਈ ਵਲ ਵਧਾਂਗੇ ਇਹ ਗਹਿਰਾਈ ਅਥਾਹ ਨਜ਼ਰ ਆਵੇਗੀ। ਬਲਕਿ ਇਸ ਨਾਲ ਸਾਡੇ ਜੀਵਨ `ਚੋਂ ਤ੍ਰਿਸ਼ਨਾ, ਭਟਕਣਾ, ਨਿਰਾਸ਼ਾ, ਆਸਾ-ਮਨਸਾ, ਕਲੇਸ਼-ਖਿਚਾਤਾਣੀਆਂ ਦੀ ਦੌੜ ਖਤਮ ਹੁੰਦੀ ਜਾਵੇਗੀ ਅਤੇ ਜੀਵਨ `ਚ ਸਦੀਵੀ ਆਨੰਦ ਹੀ ਪੈਦਾ ਹੁੰਦਾ ਜਾਵੇਗਾ।

ਵਿਸ਼ੇ ਵਲ ਵੱਧਣ ਤੋਂ ਪਹਿਲਾਂ ਗੁਰਬਾਣੀ ਦੀ ਕਾਵ-ਰਚਨਾ ਵਿਚਲੇ ਰੂਪਕ ਅਲ਼ੰਕਾਰਾਂ ਨੂੰ ਸਮਝਣ ਲਈ ਮੋਟੇ ਤੌਰ `ਤੇ ਗੁਰਬਾਣੀ ਕਥਾ ਲਈ ਹੀ ਘਟੋ ਘਟ ਪੰਜ ਪੱਖਾਂ ਵਲ ਧਿਆਨ ਦੇਣ ਦੀ ਵੀ ਲੋੜ ਹੈ। ਇਹ ਪੱਖ ਹਨ (1)- ਗੁਰਬਾਣੀ ਵਿਚਲਾ ਬਹੁਤ ਸਾਰਾ ਹਿੱਸਾ, ਜਿੱਥੇ ਜੀਵ ਨੂੰ ਮੈਂ-ਮੇਰਾ ਅਤੇ ਕਿਉਂ ਕਿੰਤੂ ਤੋਂ ਉਪਰ ਉਠ ਕੇ ਪ੍ਰਭੂ ਦੇ ਚਰਨਾਂ `ਚ ਅਰਦਾਸ ਕਰਣ ਦਾ ਵਲ ਸਿਖਾਇਆ ਹੈ ਅਤੇ ਜੀਵਨ ਦੀ ਅਜੇਹੀ ਅਵਸਥਾ `ਚ ਪੁੱਜੇ ਲਈ ਹੀ “ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ” (ਪੰ: 819)। (2)- ਬੇਸ਼ਕ ਸੰਪੂਰਣ ਗੁਰਬਾਣੀ ਹੀ ਪ੍ਰਭੂ ਦੀ ਗੁਣ-ਵਾਚਕ ਹੈ ਫ਼ਿਰ ਵੀ ਗੁਰਬਾਣੀ ਦਾ ਵੱਡਾ ਹਿੱਸਾ ਅਜੇਹਾ ਹੈ ਜਿੱਥੇ ਕਰਤਾਰ ਦੇ ਗੁਣਾਂ ਨੂੰ ਹੀ ਬਿਆਨਿਆ ਹੈ। (3)- ਤੀਜਾ ਪੱਖ ਹੈ ਸਿਧਾਂਤ ਵਾਚਕ ਭਾਵ ਜਿਨ੍ਹਾਂ ਰਚਨਾਵਾਂ `ਚ ਨਿਰਾ ਗੁਰਮਤਿ ਸਿਧਾਂਤਾਂ ਨੂੰ ਹੀ ਪ੍ਰਗਟ ਕੀਤਾ ਹੈ। (4)- ਚੌਥਾ ਸਾਡੇ ਜੀਵਨ ਦੇ ਕੁੱਝ ਵਿਸ਼ੇਸ਼ ਰਸ ਹੁੰਦੇ ਹਨ ਜਿਵੇਂ ਆਨੰਦ ਕਾਰਜ ਸਮੇਂ ਮਨੁੱਖੀ ਮਨ ਦੀ ਅਵਸਥਾ ਹੋਰ ਹੁੰਦੀ ਹੈ, ਜਦੋਂ ਕੋਈ ਜੀਵ ਵਿੱਛੜ ਜਾਵੇ ਤਾਂ ਅਵਸਥਾ ਹੋਰ; ਇਸੇ ਤਰ੍ਹਾਂ ਪ੍ਰਵਾਰਕ ਵਾਧਾ ਹੋਵੇ ਤਾਂ ਹੋਰ, ਕੋਈ ਪ੍ਰਾਪਤੀ ਹੋਵੇ ਤਾਂ ਹੋਰ, ਜੇਕਰ ਕੋਈ ਹਾਨੀ-ਨੁਕਸਾਨ-ਘਾਟਾ ਹੋਵੇ ਤਾਂ ਹੋਰ। ਇਹੀ ਕਾਰਨ ਹਨ ਕਿ ਸੰਸਾਰੀ ਮਨੁੱਖ ਦੀ ਮਾਨਸਕ ਅਵਸਥਾ ਸਮੇਂ-ਸਮੇਂ ਨਾਲ ਭਿੰਨ-ਭਿੰਨ ਹੁੰਦੀ ਹੈ। ਉਥੇ ਵੀ ਗੁਰਬਾਣੀ ਦੇ ਮੂਲ ਅਰਥ-ਸਿਧਾਂਤ-ਸੇਧ `ਚ ਬਿਲਕੁਲ ਫ਼ਰਕ ਨਹੀਂ ਆਵੇਗਾ ਫ਼ਿਰ ਵੀ ਗੁਰਬਾਣੀ ਦੇ ਸ਼ਾਬਦਿਕ ਪ੍ਰਭਾਵ ਭਿੰਨ-ਭਿੰਨ ਹੋਣਗੇ। (5)- ਜਦੋਂ ਕੁੱਝ ਪੌਰਣਿਕ ਪ੍ਰਚਲਣ, ਰੱਬੀ ਸੱਚ (ਗੁਰਬਾਣੀ) ਦੀ ਕਸਵਟੀ `ਤੇ ਪੂਰੇ ਨਾ ਉਤਰਣ ਤਾਂ ਜਗਿਆਸੂ ਨੂੰ ਉਨ੍ਹਾਂ ਤੋਂ ਸੁਚੇਤ ਕੀਤਾ ਹੁੰਦਾ ਹੈ ਜਾਂ ਫ਼ਿਰ ਕੁੱਝ ਪ੍ਰਚਲਣਾਂ ਨੂੰ ਕੇਵਲ ਮਿਸਾਲ ਵਜੋਂ ਹੀ ਵਰਤਿਆ ਹੁੰਦਾ ਹੈ। ਅਜੇਹੀਆਂ ਵੰਨਗੀਆਂ ਵਲ ਜਾਵੀਏ ਤਾਂ ਬੇਅੰਤ ਹਨ, ਪਰ ਮੌਟੇ ਤੌਰ `ਤੇ ਗੁਰਬਾਣੀ ਅਰਥਾਂ ਨੂੰ ਸਮਝਣ-ਸਮਝਾਉਣ ਜਾਂ ਕਥਾ-ਵਾਰਤਾ ਸਮੇਂ ਇਹ ਪੰਜ ਵੰਨਗੀਆਂ ਦੀ ਜਾਣਕਾਰੀ ਜ਼ਰੂਰੀ ਹੁੰਦੀ ਹੈ। ਇਹੀ ਕਾਰਨ ਹੈ ਕਿ ਅੱਜ ਜਦੋਂ ਗੁਰਬਾਣੀ ਦੇ ਬਹੁਤੇ ਕਥਾਕਾਰ ਹੀ ਗੁਰਬਾਣੀ ਵਿਚਲੇ ਇਨ੍ਹਾਂ ਪੱਖਾਂ ਤੋਂ ਅਣਜਾਣ ਹੁੰਦੇ ਹਨ ਤਾਂ ਕਥਾ ਅਤੇ ਗੁਰਮਤਿ ਵਿਚਾਰਾਂ ਸੁਣ-ਸੁਣ ਕੇ ਵੀ ਸਂਗਤਾਂ ਦੀ ਗੁਰਮਤਿ ਪਖੋਂ ਕੁੱਝ ਵੀ ਤਿਆਰੀ ਨਹੀਂ ਹੋ ਪਾਂਦੀ।

ਦਰਅਸਲ ਗੁਰਬਾਣੀ ਵਿਚਲੇ ਅਜੇਹੇ ਰੂਪਕ ਅਲ਼ੰਕਾਰਾਂ ਵਾਲੇ ਸ਼ਬਦਾਂ ਦੇ ਅਰਥਾਂ ਅਤੇ ਗੁਰਬਾਣੀ ਸੇਧ ਨੂੰ ਪ੍ਰਾਪਤ ਕਰਣ `ਚ ਵੀ ਜਦੋਂ ਸਾਨੂੰ ਅਸਲੀਅਤ ਦਾ ਪਤਾ ਨਹੀੰ ਹੁੰਦਾ ਤਾਂ ਸਾਡੀ ਸੋਝੀ ਅੰਦਰ ਵੀ ਇਹੀ ਰੁਕਾਵਟ ਬਣੀ ਹੁੰਦੀ ਹੈ। ਫ਼ਿਰ ਵੀ ਅਸੀਂ ਰੱਬੀ ਸਚਾਈ ਨੂੰ ਘੋਖਣ ਦੀ ਬਜਾਏ ਗੁਰਬਾਣੀ ਦੇ ਹੀ ਉਲਟ-ਪੁਲਟ ਤੇ ਮਨ ਮਰਜ਼ੀ ਅਰਥ ਕਰਣ ਦੇ ਦੋਸ਼ੀ ਹੁੰਦੇ ਹਾਂ। ਭਾਵੇਂ ਕਿ ਗੁਰਬਾਣੀ ਵਿਚਲੇ ਰੂਪਕ ਅਲੰਕਾਰਾਂ ਵਾਲਾ ਹੱਥਲਾ ਵਿਸ਼ਾ ਬਹੁਤ ਲੰਮਾਂ ਹੈ ਫ਼ਿਰ ਵੀ ਗੱਲ ਨੂੰ ਸਮਝਣ ਲਈ ਇਥੇ ਅਸੀਂ ਗੁਰਬਾਣੀ `ਚੋਂ ਹੀ ਕੁੱਝ ਰੂਪਕ ਅਲੰਕਾਰਾਂ ਦੇ ਦਰਸ਼ਨ ਕਰਨੇ ਚਾਹਾਂਗੇ।

(1) ਗੁਰਮੁਖਿ ਨਾਦੰ ਗੁਰਮੁਖਿ ਵੇਦੰ- ਆਪਣੇ ਆਪ ਨੂੰ ਧਰਮੀ ਮੰਨ ਰਹੇ ਤੇ ਬੜੇ ਸ਼ੁਧ ਹਿਰਦੇ, ਬੜੀ ਇਮਾਨਦਾਰੀ ਨਾਲ ਮਨੁੱਖ ਕਿਧਰੇ ਬ੍ਰਹਮਾਂ-ਵਿਸ਼ਨੂੰ-ਮਹੇਸ਼, ਪਾਰਬਾਤੀ ਆਦਿ ਦੇਵੀਆਂ ਦੇਵਤਿਆਂ ਦੀ ਪੂਜਾ `ਚ ਉਲਝਿਆ ਹੁੰਦਾ ਹੈ, ਵੇਦਾਂ ਨੂੰ ਹੀ ਬ੍ਰਹਮ ਗਿਆਨ ਮੰਨ ਕੇ ਆਪਣਾ ਜੀਵਨ ਉਸੇ ਪਾਸੇ ਲਗਾ ਰਿਹਾ ਹੈ। ਇਸੇਤਰ੍ਹਾਂ ਉਹ ਵੀ ਹਨ ਜੋ ਜੋਗ-ਸਾਧਨਾਵਾਂ ਤੇ ਰਿਧੀਆਂ-ਸਿਧੀਆਂ ਦੀ ਦੌੜ `ਚ ਫਸੇ ਹਨ। ਗੁਰਦੇਵ ਸਮਝਾਉਂਦੇ ਹਨ, ਐ ਭਾਈ! ਜੇਕਰ ਤੂੰ ਆਪਣੇ ਮਨੁੱਖਾ ਜਨਮ ਦੀ ਸੰਭਾਲ ਕਰਣੀ ਹੈ ਤਾਂ “ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ, ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ” (ਬਾਣੀ ਜਪੁ) ਭਾਵ ਉਹ ਸਾਰੇ ਪਾਸੇ ਛੱਡ ਕੇ ਗੁਰੂ (ਗੁਰਬਾਣੀ) ਦੀ ਆਗਿਆ `ਤੇ ਹੀ ਚਲ ਤਾਂ ਇਸ ਨਾਲ ਤੈਨੂੰ “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ” (ਬਾਣੀ ਜਪੁ) ਵਾਲੀ ਸਚਾਈ ਸਮਝ `ਚ ਆ ਜਾਏਗੀ, ਇਨ੍ਹਾਂ ਆਪ ਮਿਥੇ ਰਸਤਿਆਂ ਤੋਂ ਨਹੀਂ।

(2) “ਸੰਬਤਿ ਸਾਹਾ ਲਿਖਿਆ” -ਬ੍ਰਾਹਮਣੀ ਸ਼ਾਦੀਆਂ ਬਾਰੇ ਦੋ ਗੱਲਾਂ (੧) ਕਨਿਆਂ-ਦਾਨ ਲਈ ਮਹੂਰਤ ਬ੍ਰਾਹਮਣ ਤੋਂ ਹੀ ਘਢਵਾਇਆ ਜਾਂਦਾ ਹੈ ਤੇ ਮਹੂਰਤ ਦੇ ਸਮੇਂ ਨੂੰ ਅੱਗੇ ਪਿਛੇ ਨਹੀਂ ਕੀਤਾ ਜਾਂਦਾ। (੨) -ਉਥੇ ਬੱਚੀ ਦੀ ਸ਼ਾਦੀ ਨਹੀਂ ਬਲਕਿ ‘ਕਨਿਆਂ ਦਾਨ’ ਹੁੰਦਾ ਹੈ। ਚੂੰਕਿ ਦਾਨ ਦਿੱਤੀ ਵਸਤ ਵਾਪਿਸ ਨਹੀਂ ਲਈ ਜਾਂਦੀ, ਇਸ ਲਈ ਪ੍ਰਚਲਣ ਹੈ ‘ਜਨਮ ਪਿਤਾ ਦੇ ਘਰ, ਅਰਥੀ ਪਤੀ ਦੇ ਘਰ’। ਉਪ੍ਰੰਤ, ਪਹਿਲਾਂ ਬੱਚੀ ਨੂੰ ਮਾਂਈਏਂ ਪਾਇਆ ਜਾਂਦਾ ਹੈ। ਜਿਸ `ਚ ਚਾਚੀਆਂ, ਤਾਈਆਂ, ਭਰਜਾਈਆਂ, ਸਹੇਲੀਆਂ ਵਿਆਹ ਵਾਲੀ ਕੁੜੀ ਦੇ ਸਿਰ `ਚ ਤੇਲ ਪਾਂਦੀਆਂ, ਵੱਟਣਾ ਮਲਦੀਆਂ ਤੇ ਇਸ਼ਨਾਨ ਕਰਵਾਂਦੀਆਂ ਤੇ ਨਾਲ ਨਾਲ ਖੁਸ਼ੀ-ਵੈਰਾਗ-ਅਸੀਸਾਂ ਦੇ ਮਿਲਵੇਂ ਗੀਤ ਗਾਂਦੀਆਂ ਹਨ। ਖੁਸ਼ੀ ਤੇ ਅਸੀਸਾਂ ਇਸ ਲਈ ਕਿ ਬੱਚੀ ਆਪਣੇ ਪਤੀ ਦੇ ਘਰ ਜਾ ਕੇ ਸੁਖੀ ਵੱਸੇ। ; ਦੂਜੇ ਪਾਸੇ ਵੈਰਾਗ- ਮਾਪਿਆਂ, ਪ੍ਰਵਾਰ, ਸਹੇਲੀਆਂ ਆਦਿ ਕੋਲੋਂ ਵਿਛੋੜੇ ਦਾ।

ਇਸ ਤਰ੍ਹਾਂ ਜਿਵੇਂ ਵਿਆਹ ਲਈ ਸਮਾਂ-ਮੁਹੂਰਤ ਮਿਥਿਆ ਹੁੰਦਾ ਹੈ। ਜਦਕਿ ਸੰਸਾਰਕ ਸਮਾਂ ਤਾਂ ਫ਼ਿਰ ਵੀ ਵਧ-ਘਟ ਹੋ ਜਾਂਦਾ ਹੈ। ਪਰ ਜਦੋਂ ਜੀਵ ਨੇ ਸਾਕਾਂ ਸੰਬੰਧੀਆਂ ਤੋਂ ਵਿਛੁੜ ਕੇ, ਸੰਸਾਰ-ਪੇਕੇ ਨੂੰ ਛੱਡ ਕੇ, ਪਤੀ ਪ੍ਰਮੇਸ਼ਵਰ ਦੇ ਘਰ ਜਾਣਾ ਹੈ ਤਾਂ ਇਹ ਸਮਾਂ ਪਹਿਲਾਂ ਤੋਂ ਮਿਥਿਆ ਤੇ ਅਟੱਲ ਹੁੰਦਾ ਹੈ। ਗੁਰਦੇਵ ਇਥੇ “…ਸੰਬਤਿ ਸਾਹਾ ਲਿਖਿਆ, ਮਿਲਿ ਕਰਿ ਪਾਵਹੁ ਤੇਲੁ॥ ਦੇਹੁ ਸਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲੁ॥ ੩ ॥ ਘਰਿ ਘਰਿ ਏਹੋ ਪਾਹੁਚਾ, ਸਦੜੇ ਨਿਤ ਪਵੰਨਿ॥ ਸਦਣਹਾਰਾ ਸਿਮਰੀਐ, ਨਾਨਕ ਸੇ ਦਿਹ ਆਵੰਨਿ” (ਸੋਹਿਲਾ) ਉਸੇ ਬ੍ਰਾਹਮਣੀ ਰੀਤ ਦਾ ਰੂਪਕ ਅਲ਼ੰਕਾਰ ਬੰਨ੍ਹ ਕੇ ਜੀਵ ਇਸਤ੍ਰੀ ਨੂੰ ਸਮਝਾਂਦੇ ਹਨ, ਐ ਜੀਵ ਇਸਤ੍ਰੀ! ਤੂੰ ਆਪਣੇ ਮਨੁੱਖਾ ਜਨਮ ਨੂੰ ਕੇਵਲ ਇਨ੍ਹਾਂ ਰਸਮਾਂ ਰਿਵਾਜਾਂ ਦੀ ਜੱਕੜ `ਚ ਰਹਿ ਕੇ ਬਰਬਾਦ ਨਾ ਕਰ। ਸਤਿਸੰਗ `ਚ ਬੈਠ ਕੇ ਸੁਹਾਗ (ਪ੍ਰਭੂ ਮਿਲਾਪ) ਦੇ ਗੀਤ ਗਾਇਆ ਤੇ ਸੁਣਿਆ ਕਰ। ਸਤਿ-ਸੰਗ ਹੀ ਤੇਰੇ ਲਈ ਅਸਲ ਮਾਂਈਏਂ ਪੈਣਾ ਹੈ। ਤਾਂ ਤੇ ਐ ਜੀਵ-ਇਸਤ੍ਰੀਓ! ਤੁਸੀਂ ਇੱਕ ਦੂਜੀ ਨੂੰ ਅਸੀਸਾਂ ਦੇਵੋ ਤੇ ਅਰਦਾਸਾਂ ਕਰੋ ਕਿ ਪ੍ਰਲੋਕ ਜਾਣ ਵਾਲੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਵੇ। ਦੇਖਣ ਦੀ ਗਲ ਹੈ ਕਿ ਕਿਵੇਂ ਇਥੇ ਕੇਵਲ ਇੱਕ ਸਮਾਜਿਕ ਰੀਤ ਨੂੰ ਗੁਰਦੇਵ ਨੇ ਪ੍ਰਭੂ ਮਿਲਾਪ ਲਈ ਵਰਤਿਆ ਹੈ, ਪਰ ਉਸ ਰੀਤੀ ਨੂੰ ਆਧਾਰ ਬਣਾਕੇ।

(3) ਖਿਮਾ ਧੀਰਜੁ ਕਰਿ ਗਊ ਲਵੇਰੀ- ਰਾਗ ਪ੍ਰਭਾਤੀ, ਪੰ: 1329 ਦੇ ਸ਼ਬਦ `ਚ ਗੁਰੂ ਨਾਨਕ ਪਾਤਸ਼ਾਹ ਗੁਰ ਪਰਸਾਦੀ ਵਿਦਿਆ ਵੀਚਾਰੈ, ਪੜਿ ਪੜਿ ਪਾਵੈ ਮਾਨੁ॥ ਆਪਾ ਮਧੇ ਆਪੁ ਪਰਗਾਸਿਆ, ਪਾਇਆ ਅੰਮ੍ਰਿਤੁ ਨਾਮੁ॥ ੧॥ ਕਰਤਾ ਤੂ ਮੇਰਾ ਜਜਮਾਨੁ॥ ਇੱਕ ਦਖਿਣਾ ਹਉ ਤੈ ਪਹਿ ਮਾਗਉ, ਦੇਹਿ ਆਪਣਾ ਨਾਮੁ॥ ੧॥ ਰਹਾਉ॥ ……॥ ੨॥ ਜਤੁ ਸਤੁ ਚਾਵਲ ਦਇਆ ਕਣਕ ਕਰਿ, ਪ੍ਰਾਪਤਿ ਪਾਤੀ ਧਾਨੁ॥ ਦੂਧੁ ਕਰਮੁ ਸੰਤੋਖੁ ਘੀਉ, ……॥ ੩॥ ਖਿਮਾ ਧੀਰਜੁ ਕਰਿ ਗਊ ਲਵੇਰੀ, ਸਹਜੇ ਬਛਰਾ ਖੀਰੁ ਪੀਐ॥ ਸਿਫਤਿ ਸਰਮ ਕਾ ਕਪੜਾ ਮਾਂਗਉ, ਹਰਿ ਗੁਣ ਨਾਨਕ ਰਵਤੁ ਰਹੈ॥ ੪॥ ੭॥” ਬ੍ਰਾਹਮਣ ਅਤੇ ਉਸਦੇ ਜਜਮਾਨ ਵਿਚਲਾ ਰੂਪਕ ਅਲੰਕਾਰ ਵਰਤ ਕੇ ਫ਼ੁਰਮਾਉਂਦੇ ਹਨ “ਜਿਵੇਂ ਬ੍ਰਾਹਮਣ ਆਪਣੇ ਜਜਮਾਨ ਕੋਲੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਪਦਾਰਥ ਮੰਗ ਕੇ ਲੈਂਦਾ ਹੈ। ਹੇ ਪ੍ਰਭੂ! ਤੂੰ ਮੇਰਾ ਜਜਮਾਨ ਹੈਂ, ਮੈਂ ਤੇਰੇ ਨਾਮ ਦਾ ਜੱਗ ਰਚਾਇਆ ਹੈ, ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਤੂੰ ਮੈਨੂੰ ਚਾਵਲ ਰੂਪੀ ਜਤ-ਸਤ, ਭਾਵ ਸੁੱਚਾ ਆਚਰਨ ਦੇ ਤਾਕਿ ਮੈਂ ਗਿਆਨ-ਇੰਦਿ੍ਰਆਂ ਨੂੰ ਮੰਦੇ ਪਾਸੇ ਵਲੋਂ ਰੋਕ ਸਕਾਂ। ਕਣਕ ਰੂਪੀ ਮੇਰੇ ਹਿਰਦੇ ਘਰ `ਚ ਦਇਆ ਪੈਦਾ ਕਰ; ਮੈਨੂੰ ਅਜੇਹਾ ਆਪਣਾ ਨਾਮ ਰੂਪੀ ਧਨ ਦੇ ਕਿ ਮੈਂ ਤੇਰੇ ਚਰਨਾਂ `ਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ। ਸ਼ੁਭ ਕਰਮਾਂ ਨੂੰ ਕਰਨ ਦੀ ਮੈਂਨੂੰ ਸਮ੍ਰਥਾ ਬਖ਼ਸ਼, ਸੰਤੋਖ ਬਖ਼ਸ਼, ਇਹੀ ਹਨ ਤੇਰੇ ਵਲੋਂ ਮੇਰੇ ਲਈ-ਦੁੱਧ ਤੇ ਘਿਉ। ੩। ਗੁਰੂ ਸਾਹਿਬ ਕਹਿੰਦੇ ਹਨ ਹੇ ਪ੍ਰਭੂ! ਮੇਰੇ ਅੰਦਰ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਇਹੀ ਹੈ ਮੇਰੇ ਲਈ ਮਾਨੋ ਤੇਰੇ ਕੋਲੋਂ-ਲਵੇਰੀ ਗਾਂ, ਤਾ ਕਿ ਉਸ ਗਉ ਤੋਂ ਉਤਪੱਨ ਮੇਰਾ ਮਨ ਰੂਪੀ ਵੱਛਾ ਸ਼ਾਂਤ ਅਵਸਥਾ `ਚ ਟਿਕ ਕੇ ਅਨੰਦਤ ਜੀਵਨ ਵਾਲਾ ਦੁੱਧ ਪੀ ਸਕੇ। ਮੈਂ ਤਾਂ ਤੇਰੇ ਕੋਲੋਂ ਤੇਰੀ ਸਿਫ਼ਤਿ-ਸਾਲਾਹ ਵਾਲੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ, ਦੇਖਣ ਦੀ ਗਲ ਹੈ:

ਆਮਤੌਰ `ਤੇ ਮਨੁੱਖ, ਮਨੁੱਖ ਕੋਲੋਂ ਹੀ ਕੁੱਝ ਲੈਣ-ਖੋਹਣ-ਲੁੱਟਣ ਦੇ ਆਹਰ `ਚ ਸਾਰਾ ਜੀਵਨ ਖਤਮ ਕਰ ਦੇਂਦਾ ਹੈ ਤਾਂ ਵੀ ਜੀਵਨ ਮਨੋਰਥ ਤੋਂ ਭਟਕਿਆ ਹੀ ਰਹਿੰਦਾ ਹੈ। ਗੁਰਦੇਵ ਇਥੇ ਬ੍ਰਾਹਮਣ-ਜਜਮਾਨ ਵਾਲੀ ਸੰਸਾਰਿਕ ਮਿਸਾਲ ਦੇ ਕੇ ਸਮਝਾਂਦੇ ਹਨ ਕਿ ਮਨੁੱਖਾ ਜੀਵਨ ਦੀ ਮੰਗ ਕੀ ਹੋਣੀ ਚਾਹੀਦੀ ਹੈ? ਅਤੇ ਮੰਗ, ਮੰਗਣੀ ਵੀ ਕੇਵਲ ਪ੍ਰਭੂ ਕੋਲੋਂ ਹੀ ਹੈ ਕਿਸੇ ਹੋਰ ਕੋਲੋਂ ਨਹੀਂ।

(4) ‘ਦੀਵਾ ਮੇਰਾ ਏਕੁ ਨਾਮੁ’ -ਰਾਗ ਆਸਾ ਪੰ: 358 `ਤੇ “ਦੀਵਾ ਮੇਰਾ ਏਕੁ ਨਾਮੁ, ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ॥ ੧॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ, ਏਕ ਰਤੀ ਲੇ ਭਾਹਿ॥ ੧॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥ ੨॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥ ੩॥ ਇੱਕ ਲੋਕੀ ਹੋਰੁ ਛਮਿਛਰੀ, ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ, ਕਬਹੂੰ ਨਿਖੂਟਸਿ ਨਾਹਿ” ਇਥੇ ਗੁਰੂ ਨਾਨਕ ਸਾਹਿਬ ਨੇ -ਪ੍ਰਾਣੀ ਦੀ ਮੌਤ ਪਿੱਛੋਂ ਦੀਵਾ ਵੱਟੀ, ਪਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਹਰਦੁਆਰ, ਪਰਾਗ ਆਦਿ ਫੋਕਟ ਰਸਮਾਂ `ਚੋਂ ਮਨੁੱਖ ਨੂੰ ਸੁਚੇਤ ਕੀਤਾ ਹੈ। ਖੂਬੀ ਇਹ, ਮਨੁੱਖ ਰਾਹੀਂ ਕੀਤੇ ਜਾ ਰਹੇ ਕਰਮ-ਕਾਂਡਾਂ ਨੂੰ, ਪ੍ਰਭੂ ਦੇ ਨਾਮ ਸਿਮਰਨ ਵਾਲੇ ਅਰਥਾਂ `ਚ ਬਦਲ ਕੇ, ਭਰਮ ਜਾਲ ਨੂੰ ਪੂਰੀ ਤਰ੍ਹਾਂ ਤੋੜਿਆ ਹੈ।

(5) ਕੇਸੋ ਗੋਪਾਲ ਪੰਡਿਤ ਸਦਿਅਹੁ-ਬਾਣੀ ਰਾਮਕਲੀ ਸਦੁ’ ਪੰਨਾ 923 ਦੀ ਪੰਜਵੀਂ ਪਉੜੀ `ਚ ਰੂਪਕ ਅਲੰਕਾਰ ਵਰਤ ਕੇ ਤੀਜੇ ਪਾਤਸ਼ਾਹ ਨੇ, ਕਿਸੇ ਚਲਾਣੇ ਬਾਅਦ ਮਿਰਤਕ ਸੰਸਕਾਰਾਂ ਵਜੋਂ ਪੰਡਤਾਂ, ਅਚਾਰਜੀਆਂ ਤੇ ਗਰੁੜ ਪੁਰਾਨ ਦੀ ਕਥਾ ਆਦਿ ਤੋਂ ਮਨ੍ਹਾਂ ਕੀਤਾ ਅਤੇ ਬੇਬਾਣ ਕੱਢਣੇ, ਪਿੰਡ-ਪੱਤਲ-ਕਿਰਿਆ, ਦੀਵਾ, ਹਰਦੁਆਰ ਆਦਿ ਦੇ ਕਰਮਾਂ ਨੂੰ ਫ਼ੋਕਟ ਦੱਸਿਆ ਤੇ ਫ਼ੁਰਮਾਇਆ ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ. .” ਇਸ ਤਰ੍ਹਾਂ ਹੁਕਮ ਕੀਤਾ ਕਿ ਅਜੇਹੇ ਸਮੇਂ `ਤੇ ਕੇਵਲ ਸਾਧਸੰਗਤ ਕਰਣੀ ਅਤੇ ਗੁਰਬਾਣੀ ਦਾ ਹੀ ਕੀਰਤਨ, ਕਥਾ, ਵਿਚਾਰਾਂ ਕਰਣੀਆਂ ਤੇ ਗੁਰਬਾਣੀ ਤੋਂ ਹੀ ਸੇਧ ਲੈਣੀ ਹੈ।

(6) ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ-ਸੂਤਕ ਨਾਲ ਸੰਬੰਧਤ ਸਲੋਕਾਂ (ਪੰ: 472) `ਚ ਸੂਤਕਾਂ-ਪਾਤਕਾਂ ਦੇ ਵਹਿਮਾਂ `ਚ ਫਸੇ, ਪਰ ‘ਸੂਤਕ’ ਲਫ਼ਜ਼ ਦੇ ਸ਼ੈਦਾਈ ਨੂੰ ਗੁਰਦੇਵ ਰੂਪਕ ਅਲੰਕਾਰ ਵਰਤ ਕੇ ਸੂਤਕਾਂ ਵਲੀ ਸੋਚਣੀ ਨੂੰ ਜਨਮ ਦੇਣ ਵਾਲੇ ਬ੍ਰਾਹਮਣ ਦੀ ਬੋਲੀ `ਚ ਹੀ ਦਸਿਆ ‘ਐ ਭਾਈ! ਜੰਮਣ-ਮਰਣ ਨਾਲ ਸੂਤਕ-ਪਾਤਕ, ਕੇਵਲ ਮਨ ਦਾ ਭਰਮ ਹੁੰਦੇ ਹਨ ਜੋ ਪ੍ਰਭੂ ਤੋਂ ਦੂਜੇ ਪਾਸੇ ਲਗੇ ਹੋਣ ਕਰਕੇ ਪੈਦਾ ਹੁੰਦੇ ਹਨ’। ਇਥੇ ਪਾਤਸ਼ਾਹ, ਇਥੋਂ ਤੀਕ ਕਹਿੰਦੇ ਹਨ ਕਿ ‘ਸੂਤਕ’ ਕੱਢਣਾ ਜ਼ਰੂਰੀ ਹੈ ਪਰ ਅਸਲ ਸੂਤਕ ਉਹ ਨਹੀਂ ਜੋ ਬ੍ਰਾਹਮਣ ਪ੍ਰਚਾਰਦਾ ਹਂ। ਸੂਤਕ ਹਨ, ਨਿੰਦਾ-ਚੁਗਲੀ-ਵਿਭਚਾਰ ਆਦਿ ਮਨੁੱਖੀ ਕਮਜ਼ੋਰੀਆਂ ਅਤੇ ਅਉਗੁਣ ਜਿੰਨ੍ਹਾਂ ਤੋਂ ਬਚਣਾ ਜ਼ਰੂਰੀ ਹੈ। ਜੀਵਨ ਦੇ ਅਜੇਹੇ ਅਉਗੁਣਾਂ ਨੂੰ ਕੱਢੇ ਬਿਨਾ, ਮਨੁੱਖ-ਮਨੁੱਖ ਹੀ ਨਹੀਂ ਰਹਿ ਜਾਂਦਾ। ਫ਼ਿਰ ਵੀ ਜਿਸਨੂੰ ਭਾਈ! ਤੁੰ ਸੂਤਕ ਕਹਿ ਰਿਹਾ ਹੈ ਇਹ ਕੇਵਲ ਭਰਮ ਜਾਲ ਅਤੇ ਅਗਿਆਨਤਾ ਪੈਦਾ ਕਰਕੇ ਲੋਕਾਈ ਨੂੰ ਲੁਟੱਣ ਨੂੰ ਲੁਟੱਣ ਦੇ ਹੀ ਆਹਰ ਹਨ, ਇਨ੍ਹਾਂ ਦਾ ਆਪਣਾ ਕੋਈ ਵਜੂਦ ਨਹੀਂ।

(7) ਮੁੰਦਾ ਸੰਤੋਖੁ ਸਰਮੁ ਪਤੁ ਝੋਲੀ- ਮਨੁੱਖ ਚਾਹੇ ਕਿਸੇ ਵੀ ਧਰਮ ਦਾ ਧਾਰਣੀ ਹੋਵੇ ਪਰ ਬਹੁਤਾ ਕਰਕੇ ਧਰਮ ਦੇ ਦਿਖਾਵਿਆਂ `ਚ ਹੀ ਉਲਝਿਅ ਮੂਲੋਂ ਧਰਮ ਹੀਣਾ ਹੀ ਰਹਿ ਜਾਂਦਾ ਹੈ ਅਤੇ ਸਚਾ ਧਰਮੀ ਨਹੀਂ ਬਣ ਪਾਂਦਾ। ਇਹੀ ਗਲ ਗੁਰਦੇਵ ਨੇ ਬ੍ਰਾਹਮਣਾਂ, ਸਰੇਵੜਿਆਂ, ਜੋਗੀਆਂ, ਕਾਜ਼ੀਆਂ, ਭੇਖੀ-ਸੰਤਾਂ, ਸਾਧਾਂ, ਭਗਤਾਂ, ਸਨਿੰਆਸੀਆਂ, ਬੈਰਾਗੀਆਂ ਆਦਿ ਨੂੰ ਵੀ ਕਹੀ। ਜੇ ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਅੱਜ ਬਹੁਤੇ ਸਿੱਖ, ਜਿਨ੍ਹਾਂ ਕੋਲ ਨਿਰੋਲ ਇਲਾਹੀ ਧਰਮ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਮਹਾਨ ਦਾਤ ਵੀ ਮੌਜੂਦ ਹੈ, ਬਹੁਤਾ ਕਰਕੇ ਗੁਰਬਾਣੀ ਸੋਝੀ ਤੋਂ ਖਾਲੀ ਹਨ ਅਤੇ ਉਨ੍ਹਾਂ ਦੀ ਹਾਲਤ ਵੀ ਵੱਖਰੀ ਨਹੀਂ। ਬਾਣੀ ‘ਜਪੁ’ ਦੀ ਪਉੜੀ 28 ਤੋਂ 32 ਤੀਕ, ਰੂਪਕ ਅਲੰਕਾਰ ਵਰਤ ਕੇ ਜੋਗੀਆਂ ਨੂੰ ਉਨ੍ਹਾਂ ਨਾਲ ਸੰਬੰਧਤ ਕਰਮਕਾਂਡਾਂ ਦੀ ਜੱਕੜ `ਚੋਂ ਕੱਢਣ ਲਈ, ਪਾਤਸ਼ਾਹ ਨੇ ਉਨ੍ਹਾਂ ਦੇ ਹੀ ਪਿਆਰੇ ਸ਼ਬਦ-ਮੁੰਦ੍ਰਾਂ, ਝੋਲੀ, ਪੱਤ, ਡੰਡਾ, ਆਈ ਪੰਥੀ, ਭੁਗਤਿ, ਭੰਡਾਰਣ, ਅਨਹਦ ਨਾਦ, ਬਿਭੂਤ, ਲੰਮੀਆਂ ਸਮਾਧੀਆਂ ਆਦਿ ਨੂੰ ਵਰਤ ਕੇ ਉਨ੍ਹਾਂ ਸਮੇਤ ਸਾਰਿਆਂ ਨੂੰ ਇਕੋ ਇੱਕ ਇਲਾਹੀ ਧਰਮ ਦੀ ਗੱਲ ਸਮਝਾਈ ਹੈ।

(8) “ਦਇਆ ਕਪਾਹ ਸੰਤੋਖੁ ਸੂਤੁ. .”-ਜਨੇਊ ਵਾਲੇ ਬ੍ਰਾਹਮਣੀ ਵਿਸ਼ਵਾਸ ਲਈ, ਗੁਰੂ ਪਾਤਸ਼ਾਹ ਨੇ ਜਨੇਊ ਨਾਲ ਸੰਬੰਧਤ ਚਾਰ ਸਲੋਕਾਂ (ਪੰ: 471) ਰਾਹੀਂ ਜਿੱਥੇ ਜਨੇਊ ਨੂੰ ਨਿਰੋਲ ਬ੍ਰਾਹਮਣੀ ਚਾਲ ਸਾਬਤ ਕੀਤਾ, ਉਥੇ ਨਾਲ ਹੀ ਜਨੇਊ ਦੇ ਵਿਸ਼ਵਾਸ `ਚ ਫਸੇ ਮਨੁੱਖ ਨੂੰ ਵੀ ਰੂਪਕ ਅਲ਼ੰਕਾਰ ਵਰਤ ਕੇ ਦਇਆ, ਸੰਤੋਖ, ਜਤ, ਸਤ ਦੇ ਆਦਰਸ਼ਕ ਗੁਣਾਂ ਨੂੰ ਧਾਰਨ ਕਰਣ ਤੇ ਸੱਚਾ ਧਰਮੀ ਬਣਨ ਦੀ ਪ੍ਰੇਰਣਾ ਕੀਤੀ। ਹੈਰਾਨੀ ਹੁੰਦੀ ਹੈ, ਉਨ੍ਹਾਂ ਅਜੋਕੇ ਸਿੱਖ ਪ੍ਰਚਾਰਕਾਂ ਤੇ ਨੇਤਾਗਣ `ਤੇ ਜਿਹੜੇ ਬਿਨਾ ਸੋਚੇ ਅਜੇਹਾ ਗ਼ਲਤ ਪ੍ਰਚਾਰ ਕਰ ਰਹੇ ਹਨ, “ਨੌਂ ਸਾਲ ਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੈਂ ਜੰਜੂ ਪਾਉਣ ਨਹੀਂ ਦੇਣਾ ਅਤੇ ਨੋਵੇਂ ਪਾਤਸ਼ਾਹ ਨੇ ਕਿਹਾ ਕਿ ਮੈਂ ਜਨੇਊ ਲਾਹੁਣ ਨਹੀਂ ਦੇਣਾ” ਅਤੇ ਜਨੇਊ ਦੀ ਰਾਖੀ ਲਈ ਆਪਣੀ ਸ਼ਹੀਦੀ ਤੀਕ ਦੇ ਦਿੱਤੀ। ਜਦਕਿ ਪਹਿਲੇ ਜਾਮੇਂ `ਚ ਗੁਰਦੇਵ ਨੇ ਜੰਜੂ ਦੇ ਖੋਖਲੇਪਣ ਦੀ ਪ੍ਰਗਟ ਕੀਤੀ। ਦੂਜੇ ਪਾਸੇ ਨੌਵੇਂ ਜਾਮੇ `ਚ ਮਜ਼ਲੂਮਾਂ ਨੂੰ ਬਚਾਉਣ ਦੀ ਗਲ ਹੈ, ਦੋਨਾਂ ਗਲਾਂ ਦਾ ਆਪਸੀ ਜੋੜ ਉੱਕਾ ਹੀ ਨਹੀਂ।

(9) ਚਉਦਹ ਰਤਨ ਨਿਕਾਲਿਅਨੁ- ਸਮੁਦ੍ਰ ਮੰਥਨ ਦੀ ਪੁਰਾਤਨ ਅਤੇ ਅਜੀਬ ਜਹੀ ਕਥਾ ਆਉਂਦੀ ਹੈ। ਕਥਾ ਅਨੁਸਾਰ ਦੇਵਤਿਆਂ ਤੇ ਰਾਕਸ਼ਾਂ ਨੇ ਰਲ ਕੇ ਸਮੁੰਦ੍ਰ ਨੂੰ ਰਿੜਕਿਆ (ਮੰਥਨ) ਕੀਤਾ। ਇਸ ਕੰਮ ਲਈ ਸੁਮੇਰ ਪਰਬਤ ਨੂੰ ਮਾਧਾਨੀ ਬਣਾਇਆ, ਸ਼ੇਸ਼ ਨਾਗ ਨੂੰ ਨੇਤ੍ਰਾ (ਰਿੜਕਣ ਲਈ ਰੱਸਾ)। ਇਸ ਤਰ੍ਹਾਂ ਜਦੋਂ ਪਰਬਤ ਆਪਣੇ ਵਜ਼ਨ ਕਰਕੇ ਡੋਲਣ ਲਗਾ ਤਾਂ ਵਿਸ਼ਨੂੰ ਨੇ ਕਛੁਏ (ਰਾਸ਼ੀਆਂ `ਚੋਂ ਇੱਕ) ਦਾ ਅਵਤਾਰ ਧਾਰ ਕੇ ਪਰਬਤ (ਮਧਾਨੀ) ਨੂੰ ਸਹਾਰਾ ਦਿੱਤਾ। ਉਪ੍ਰੰਤ ਸਮੁੰਦ੍ਰ `ਚੋਂ ਸ਼ਰਾਬ, ਅਮ੍ਰਿਤ, ਧੰਨਵੰਤਰੀ ਵੈਦ, ਸ਼ੇਸ਼ ਨਾਗ ਤੇ ਬੈਠੇ ਹੋਏ ਵਿਸ਼ਨੂੰ-ਲਛਮੀ, ਪਾਰਜਾਤ ਬਿਰਖ ਆਦਿ 14 ਰਤਨ ਨਿਕਲੇ। ਖੈਰ! ਇਹ ਤਾਂ ਜਿੰਨ੍ਹਾਂ ਦੀਆਂ ਕਹਾਣੀਆਂ ਹਨ, ਸੱਚ-ਝੂਠ ਵੀ ਉਹੀ ਜਾਨਣ। ਇਥੇ ਤਾਂ ਸੁਆਲ ਹੈ ਕਿ ਸੱਤਾ ਜੀ ਆਪਣੀ ਵਾਰ `ਚ ਰੂਪਕ ਅਲੰਕਾਰ ਬੰਨ੍ਹ ਕੇ ਚੌਥੀ ਪਉੜੀ `ਚ ਪਹਿਲੇ ਪਾਤਸ਼ਾਹ ਬਾਰੇ ਅਤੇ ਛੇਵੀਂ ਪਉੜੀ `ਚ ਤੀਜੇ ਪਾਤਸ਼ਾਹ ਨੂੰ ਸੰਬੋਧਨ ਕਰਕੇ ਦਿਲ ਖਿੱਚਵਾਂ ਆਤਮਕ ਉਚਾਈਆਂ ਵਾਲਾ ਜ਼ਿਕਰ ਕਰਦੇ ਹਨ ਜਿਵੇਂ. . ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ, ਸਬਦਿ ਰਿੜਕਿਓਨੁ॥ ਚਉਦਹ ਰਤਨ ਨਿਕਾਲਿਅਨੁ, ਕਰਿ ਆਵਾ ਗਉਣੁ ਚਿਲਕਿਓਨੁ॥ ….” {ਪੰਨਾ 967} ਅਰਥ- ਗੁਰੂ ਨਾਨਕ ਪਾਤਸ਼ਾਹ ਨੇ ਉੱਚੀ ਸੁਰਤਿ ਨੂੰ ਮਧਾਣੀ ਬਣਾ ਕੇ, ਮਨ-ਰੂਪ ਬਾਸਕ (ਨਾਗ) ਨੂੰ ਨੇਤੇ੍ਰ `ਚ ਪਾ ਕੇ ਭਾਵ, ਮਨ ਨੂੰ ਕਾਬੂ ਕਰ ਕੇ ‘ਸ਼ਬਦ’ ਨੂੰ ਰਿੜਕਿਆ (ਵਿਚਾਰਿਆ)। ਇਸ ਤਰ੍ਹਾਂ ਗੁਰੂ ਨਾਨਕ ਜੀ ਨੇ ‘ਸ਼ਬਦ’ ਰੂਪੀ ਸਮੁੰਦਰ ਵਿਚੋਂ ‘ਰੱਬੀ ਗੁਣਾਂ’ ਰੂਪੀ ਚੌਦਾਂ ਰਤਨ ਕੱਢੇ ਤੇ ਇਸ ਉਦੱਮ ਨਾਲ ਸੰਸਾਰ ਨੂੰ ਸੋਹਣਾ ਬਣਾ ਦਿੱਤਾ। ਇਸ ਤੋਂ ਅਗੇ ਛੇਵੀਂ ਪਉੜੀ `ਚ ਤੀਜੇ ਪਾਤਸ਼ਾਹ ਨੂੰ ਸੰਬੋਧਨ ਕਰਦੇ ਹਨ “ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥ ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ॥ ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ …. .” ਭਾਵ ਪੋਤਰਾ (ਗੁਰੂ ਅਮਰਦਾਸ) ਵੀ ਮੰਨੇ-ਪ੍ਰਮੰਨੇ ਗੁਰੂ ਹਨ ਕਿਉਂਕਿ ਉਹ ਭੀ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗੇ ਹੀ ਹਨ; ਉਨ੍ਹਾਂ ਦੇ ਮੱਥੇ `ਤੇ ਵੀ ਉਹੀ ਰੱਬੀ ਨੂਰ ਹੈ … … ਗੁਰੂ ਅਮਰਦਾਸ ਜੀ ਨੇ ਵੀ ਆਤਮਕ ਬਲ ਨੂੰ ਨੇਹਣੀ ਬਣਾ ਕੇ ਮਨ ਰੂਪੀ ਨਾਗ ਨੂੰ ਨੇਤੇ੍ਰ `ਚ ਪਾਇਆ। ਉੱਚੀ ਸੁਰਤਿ ਰੂਪੀ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਗੁਰ-ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ। ਉਪ੍ਰੰਤ ਗੁਰਬਾਣੀ (ਸ਼ਬਦ) ਰੂਪੀ ਸਮੁੰਦਰ’ `ਚੋਂ ਰੱਬੀ ਗੁਣ ਰੂਪੀ ਚੌਦਾਂ ਰਤਨ ਕੱਢੇ ਜਿਨ੍ਹਾਂ ਨਾਲ ਜਗਤ `ਚ ਆਤਮਕ ਜੀਵਨ ਵਾਲਾ ਚਾਨਣ ਪੈਦਾ ਕੀਤਾ।

(10) ਧੌਲੁ ਧਰਮੁ ਦਇਆ ਕਾ ਪੂਤ- ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਧਰਤੀ ਨੂੰ ਸ਼ੇਸ਼ਨਾਗ ਨੇ ਆਪਣੇ ਫਨਾਂ `ਤੇ ਨਹੀਂ ਤਾਂ ਬਲਦ ਨੇ ਆਪਣੇ ਸਿੰਙ `ਤੇ ਚੁੱਕਿਆ ਦਾ ਹੈ। ਜਦੋਂ ਉਹ ਸਿੰਙ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ। ਸਦੀਆਂ ਪਹਿਲਾਂ ਗੁਰੂਨਾਨਕ ਪਾਤਸ਼ਾਹ ਨੇ ਅਜੇਹੇ ਪ੍ਰਚਲਣਾ ਨੂੰ ਨਕਾਰਿਆ। ਬਾਣੀ ‘ਜਪੁ ਪ: 16 `ਚ ਸੁਆਲ ਕੀਤਾ ਕਿ ਪਹਿਲਾਂ ਤਾਂ ਇਹ ਦਸੋ ਕਿ “ਧਵਲੈ ਉਪਰਿ ਕੇਤਾ ਭਾਰੁ” ਹੈ। ਦੂਜਾ “ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ”। ਫ਼ਿਰ ਪਉੜੀ ਦੇ ਆਰੰਭ `ਚ ਹੀ ਪਾਤਸ਼ਾਹ ਨੇ ਬੜਾ ਰੋਚਕ ਰੂਪਕ ਅਲੰਕਾਰ ਬੰਨ੍ਹ ਕੇ ਸਮਝਾਇਆ “ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ … “ ਕੇਵਲ ਧਰਤੀ ਹੀ ਨਹੀਂ ਬਲਕਿ ਸਾਰੀ ਰਚਨਾ ਨੂੰ ਚਿੱਟੇ (ਬਿਨਾ ਖੋਟ) ਧਰਮ ਰੂਪੀ (ਧੋਲ) ਬੈਲ, ਜਿਸਨੂੰ ਜਨਮ ਵੀ ਪ੍ਰਭੂ ਨੇ ਹੀ ਦਿੱਤਾ ਹੈ। ਉਸ ਬੈਲ ਨੇ ਚੁੱਕਿਆ ਦਾ ਹੈ ਪਰ ਬੈਲ ਉਹ ਨਹੀਂ ਜਿਹੜਾ ਤੁਸੀਂ ਕਹਿੰਦੇ ਹੋ। ਇਸ ਤਰ੍ਹਾਂ ਪ੍ਰਭੂ ਦੀ ਹੁਕਮ ਵਾਲੀ ਖੇਡ ਤੋਂ ਪੈਦਾ ਹੋਇਆ ਬਿਨਾ ਖੋਟ-ਧਰਮ (ਬੈਲ਼) ਸੰਤੋਖ ਦਾ ਧਾਗੇ `ਚ ਪਰੁਚਾ ਹੋਇਆ ਹੈ। ਇਸਤਰ੍ਹਾਂ ਸਾਰੀ ਰਚਨਾ ਹੀ ਕਰਤੇ ਦੇ ਹੁਕਮ `ਚ ਬਝੀ ਹੋਈ ਹੈ। ਦੇਖਣ ਦੀ ਗਲ ਹੈ ਕਿ ਅਜੇਹੀਆਂ ਬੇਸਿਰ ਪੈਰ ਮਨੌਤਾਂ ਨੂੰ ਕੱਟਣ ਲਈ ਗੁਰਦੇਵ ਨੇ ਉਹੀ ਸ਼ਬਦਾਵਲੀ ਪਰ ਬਦਲਵੇਂ ਅਰਥਾਂ `ਚ ਵਰਤੀ ਹੈ।

(12) “ਧਨਿ ਧੰਨਿ ਓ ਰਾਮ ਬੇਨੁ ਬਾਜੈ” (ਪੰ: 988) ਭਗਤ ਨਾਮਦੇਵ ਇਸ ਸ਼ਬਦ `ਚ ‘ਅਵਤਾਰ ਪੂਜਾ’ `ਚ ਉਲਝੇ ਮਨੁੱਖ ਨੂੰ ਰੂਪਕ ਅਲੰਕਾਰ ਵਰਤ ਕੇ ਉਸੇ ਦੇ ਬੋਲੀ `ਚ ਸਮਝਾਂਦੇ ਹਨ “ਹੇ ਭਾਈ! ਤੂੰ ਦੇਵਕੀ ਸੁੱਤ ਕ੍ਰਿਸ਼ਨ ਨੂੰ ਹੀ ਰੱਬ ਸਮਝ ਕੇ ਉਸਦੀ ਬੰਸਰੀ ਦਾ ਸ਼ੈਦਾਈ ਹੋ ਗਿਆ ਪਰ ਕਰਤੇ ਰਾਮ ਦੀ ਰਚਨਾ ਰੂਪੀ ਬੰਸਰੀ, ਜਿਹੜੀ ਕਿ ਹਰ ਸਮੇਂ ਆਪਣੇ ਆਪ ਵੱਜ ਰਹੀ ਹੈ, ਉਸਦੀ ਤੈਨੂੰ ਪਛਾਣ ਨਾ ਆਈ।। ਤੂੰ ਕ੍ਰਿਸ਼ਨ ਦੀ ਕੰਬਲੀ ਨੂੰ ਹੀ ਰੱਬ ਦੀ ਕੰਬਲੀ ਮੰਨ ਬੈਠਾ, ਪਰ ਪ੍ਰਭੂ ਦੀ ਹਰ ਸਮੇਂ ਓੜੀ ਹੋਈ ਬੱਦਲਾਂ ਰੂਪੀ ਕੰਬਲੀ ਦੀ ਤੈਨੂੰ ਸਮਝ ਨਾ ਆਈ। ਕਰਤੇ ਦੀ ਰਚਨਾ ਅੰਦਰ ਧਰਤੀ ਰੂਪੀ ਮਾਤਾ ਦੇਵਕੀ ਰੋਜ਼ਾਨਾ ਪਤਾ ਨਹੀਂ ਕਿੰਨੇ ਕ੍ਰਿਸ਼ਨਾਂ ਨੂੰ ਜਨਮ ਦੇ ਰਹੀ ਹੈ ਪਰ ਤੂੰ ਇੱਕ ਕ੍ਰਿਸ਼ਨ ਨੂੰ ਜਨਮ ਦੇਣ ਵਾਲੀ ਦੇਵਕੀ ਨੂੰ ਹੀ ਮਾਤਾ ਮੰਨ ਬੈਠਾ। ਲੋੜ ਹੈ, ਤੂੰ ਉਸ ਕਰਤਾਰ ਨੂੰ ਸਮਝ ਤੇ ਉਸੇ ਤੋਂ ਕੁਰਬਾਨ ਜਾ। ਦੇਖਣ ਦੀ ਗਲ ਹੈ ਕਿ ਇਥੇ ਨਾਮਦੇਵ ਜੀ ਨੇ ‘ਕ੍ਰਿਸ਼ਨ ਦੀ ਬੰਸਰੀ’ ਵਾਲੇ ਪ੍ਰਚਲਤ ਲ਼ਫ਼ਜ਼ ਨੂੰ ਵੀ ਆਪਣੇ ਢੰਗ ਨਾਲ ਵਰਤਿਆ ਹੈ।

(13) ਰਾਜੁ ਜੋਗੁ ਜਿਨਿ ਮਾਣਿਓ-ਭੱਟ, ਬ੍ਰਾਹਮਣ ਮੱਤ `ਚ ਵੱਡੇ ਵਿਦਵਾਨ ਮੰਨੇ ਜਾਂਦੇ ਹਨ। ਜਦੋਂ ਇਨ੍ਹਾਂ `ਚੋਂ ਹੀ ਗਿਆਰਾਂ ਭੱਟ, ਗੁਰੂ ਦਰ `ਤੇ ਆਏ ਤਾਂ ਉਨ੍ਹਾਂ ਦਾ ਰਿਸ਼ਤਾ ਵੀ ਸੱਚ ਧਰਮ ਨਾਲ ਬਣ ਆਇਆ। ਅਜੇਹੀ ਬਣ ਚੁੱਕੀ ਜੀਵਨ ਦੀ ਉੱਚੀ ਅਵਸਥਾ `ਚ ਉਨ੍ਹਾਂ ਨੇ ਕੁੱਝ ਸਵੇਯੈ ਰਚੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪੰਨਾ1389 ਤੋਂ1410 ਤੀਕ ਦਰਜ ਹਨ। ਭੱਟਾਂ ਨੇ ਦਾਵਾ ਕੀਤਾ ਕਿ ਅੱਜ ਤੀਕ ਗੁਰੂ ਨਾਨਕ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ ਹੋਇਆ’। ਉਨ੍ਹਾਂ ਆਪਣੇ ਸਵੈਯਾਂ `ਚ ਗੁਰੂ ਨਾਨਕ ਸਾਹਿਬ ਨੂੰ ਪਰਮ ਗੁਰੂ’ ਅਤੇ ਉਨ੍ਹਾਂ ਦੇ ਜੀਵਨ ਦੀ ਉੱਚਤਾ ਲਈ ਰਾਜੁ ਜੋਗੁ ਜਿਨਿ ਮਾਣਿਓ” ਕਿਹਾ ਹੈ। ਇਸ ਲਈ ਉਨ੍ਹਾਂ ਸਤਿਜੁਗ ਤੋਂ ਲੈ ਕੇ ਅੱਜ ਤੀਕ ਦੀਆਂ ਇਤਹਾਸਕ-ਮਿਥਹਾਸਕ ਹਸਤੀਆਂ ਲਈ ਕਿਹਾ ਕਿ ਉਹ ਸਾਰੇ ਗੁਰੂ ਨਾਨਕ ਪਾਤਸ਼ਾਹ ਵਾਲੀ ਜੀਵਨ ਅਵਸਥਾ ਨੂੰ ਪ੍ਰਪਤ ਨਹੀਂ ਕਰ ਸਕੇ’। ‘ਗੁਰੂ ਨਾਨਕ ਪਾਤਸ਼ਾਹ’ ਦੀ ਵਿਲਖਣਤਾ ਹੈ ਕਿ ਉਨ੍ਹਾਂ ਨੇ ਸੰਸਾਰਕ ਜੀਵਨ (ਦੁਨੀਆਦਾਰੀ) ਤੇ ਆਤਮਕ ਜੀਵਨ ਨੂੰ ਸਮ ਕਰਕੇ ਕੇਵਲ ਜੀਵਿਆ ਹੀ ਨਹੀਂ ਬਲਕਿ ਸੰਸਾਰ ਨੂੰ ਇਸ ਤਰੀਕੇ ਜੀਊਣਾ ਵੀ ਸਿਖਾਇਆ। ਇਸ ਤਰ੍ਹਾਂ ਇਹ ਉਪਲਭਦੀ ਮਨੁੱਖਾ ਇਤਿਹਾਸ `ਚ ਕੇਵਲ ਪਹਿਲੀ ਵਾਰੀ ਹੋਈ। ਜਦਕਿ ਇਸ ਤੋਂ ਪਹਿਲਾਂ ਸੰਸਾਰ `ਚ ਦੁਨੀਆਦਾਰੀ ਜਾਂ ਧਰਮੀ ਹੋਣਾ ਵੱਖ ਵੱਖ ਜੀਵਨ ਦੇ ਢੰਗ ਮੰਨੇ ਜਾਂਦੇ ਸਨ। ਭੱਟ ਕਹਿੰਦੇ ਹਨ ਕਿ ਇਸੇ ਕਰਕੇ ਪੁਰਾਤਨ ਤੋਂ ਅੱਜ ਤੀਕ ਦੇ ਸਾਰੇ ਰਿਸ਼ੀ, ਮੁਨੀ ਅਵਤਾਰ, ਭਗਤ, ਤਪਸਵੀ ਭਾਵ ਸਾਰਾ ਸੰਸਾਰ ਹੀ ਦੋ ਹਿੱਸਿਆਂ `ਚ ਵੰਡਿਆ ਚਲਾ ਆ ਰਿਹਾ ਸੀ ਤੇ ਗੁਰਬਾਣੀ ਜੀਵਨ ਤੋਂ ਬਿਨਾ ਜੀਊਣ ਵਾਲਾ ਮਨੁੱਖ ਅੱਜ ਵੀ ਉਥੇ ਹੀ ਖੜਾ ਹੈ।

ਭੱਟ ਕਹਿੰਦੇ ਹਨ ਕਿ ਜੀਵਨ ਦੀ ਇਹ ਅਵਸਥਾ ਤਾਂ ਅਵਤਾਰੀ ਰਾਮ ਤੇ ਕ੍ਰਿਸ਼ਨ ਜੀ ਨੂੰ ਵੀ ਪ੍ਰਾਪਤ ਨਹੀਂ ਹੋਈ ਤਾਂ ਤੇ ਸਤਜੁਗਿ ਤੈ ਮਾਣਿਓ, ਛਲਿਓ ਬਲਿ, ਬਾਵਨ ਭਾਇਓ॥ ਤ੍ਰੇਤੈ ਤੈ ਮਾਣਿਓ, ਰਾਮੁ ਰਘੁਵੰਸੁ ਕਹਾਇਓ॥ … ਦੁਆਪੁਰਿ ਕਿ੍ਰਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ॥ ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ॥ … ਕਲਿਜੁਗਿ ਪ੍ਰਮਾਣੁ, ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ, ਆਦਿ ਪੁਰਖਿ ਫੁਰਮਾਇਓ॥ ੭॥ (ਪੰ: 1390) ਐ ਗੁਰੂ ਨਾਨਕ ਪਾਤਸ਼ਾਹ! ਮੇਰੇ ਲਈ ਸਤਿਜੁਗ ਦੇ ਬਾਵਨ, ਤ੍ਰੇਤੇ ਦੇ ਰਾਮ, ਦੁਆਪਰ ਦੇ ਕ੍ਰਿਸ਼ਨ, ਸਭ ਤੁਸੀਂ ਹੀ ਹੋ ਅਤੇ ਮੈਂ (ਭੱਟ ਕਲ) ਹੋਰ ਕਿਸੇ ਨੂੰ ਨਹੀਂ ਮੰਨਦਾ। ਹੇ ਗੁਰੂ ਨਾਨਕ! ਸੰਸਾਰ `ਚ ਜੇ ਕਰ ਕਿਸੇ ਨੇ ਸਹੀ ਅਰਥਾਂ `ਚ ਜੀਵਨ ਨੂੰ ਸਮਝਿਆ-ਮਾਣਿਆ ਤੇ ਸੰਸਾਰ ਨੂੰ ਦਿੱਤਾ ਤਾਂ ਉਹ ਕੇਵਲ ਤੁਹਾਡੇ ਹਿੱਸੇ ਹੀ ਆਇਆ। ਖੂਬੀ ਇਹ ਕਿ ਭੱਟਾਂ ਨੇ ਸਾਰੇ ਸਵੈਯਾਂ `ਚ ਨਿਰੋਲ ਰੂਪਕ ਅਲੰਕਾਰ ਵਰਤਿਆ ਅਤੇ ਬਿਆਨਿਆ ਹੈ।

(14) ਮਨੁ ਹਾਲੀ ਕਿਰਸਾਣੀ ਕਰਣੀ- (ਪੰ: 595) ਕਿਰਸਾਨੀ, ਦੁਕਾਨਦਾਰੀ, ਸੌਦਾਗਰੀ, ਚਾਕਰੀ ਆਦਿ ਦੇ ਕਿੱਤਿਆਂ `ਚ ਲੱਗੇ ਪਰ ਉਨ੍ਹਾਂ ਚ ਖਚਤ ਹੋਏ ਲੋਕਾਂ ਦੇ ਜੀਵਨ ਨੂੰ ਪ੍ਰਭੂ ਵਾਲੇ ਪਾਸੇ ਮੋੜਣ ਲਈ, ਉਨ੍ਹਾਂ ਦੀ ਹੀ ਬੋਲੀ-ਰਹਿਣੀ ਦੇ ਲਫਜ਼-ਜਿਵੇਂ ਬੀਜ, ਹਲ, ਸੁਹਾਗਾ, ਹੱਟੀ, ਸੌਦਾਗਰੀ, ਘੋੜੇ, ਖਰਚ, ਚਾਕਰੀ ਆਦਿ ਨੂੰ ਰੂਪਕ ਅਲੰਕਾਰ ਰਾਹੀਂ ਬਦਲਵੇਂ ਅਰਥਾਂ ਦੇ ਕੇ ‘ਸਤੁ, ਸੰਤੋਖ, ਦਇਆ, ਸਿਫ਼ਤ ਸਲਾਹ ਆਦਿ ਰੱਬੀ ਗੁਣ ਅਪਨਾਉਣ ਦੀ ਪ੍ਰੇਰਨਾ ਕੀਤੀ ਹੈ।

(15) ਗਗਨ ਮੈ ਥਾਲੁ ਰਵਿ ਚੰਦੁ ਦੀਪਕ. . - (ਪ: 13) ਮਨੁੱਖ ਆਪ ਮੂਰਤੀਆਂ ਘੜਦਾ ਉਪ੍ਰੰਤ ਥਾਲ `ਚ ਦੀਵੇ ਮਚਾ ਕੇ, ਫੁਲ-ਸੁਗੰਧੀਆਂ-ਰੋਸ਼ਨੀਆਂ ਤੇ ਸ਼ੰਖ ਆਦਿ ਪੂਰ ਕੇ, ਫ਼ਿਰ ਉਨ੍ਹਾਂ ਹੀ ਮੂਰਤੀਆਂ ਦੀ ਆਰਤੀ ਉਤਾਰਦਾ ਹੈ। ਸਮਝਦਾ ਹੈ-ਭਗਵਾਨ ਦੀ ਆਰਤੀ ਉਤਾਰ ਰਿਹਾ ਹਾਂੈ। “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ” ਵਾਲਾ ਸ਼ਬਦ ਉਚਾਰ ਕੇ ਗੁਰਦੇਵ ਕਹਿੰਦੇ ਹਨ “ਐ ਭੁੱਲੇ ਮਨੁੱਖ। ਉਸ ਪ੍ਰਭੂ ਦੀ ਆਰਤੀ ਤਾਂ ਚੰਦ, ਸੂਰਜ, ਤਾਰੇ, ਫੁਲ, ਬਨਸਪਤੀ ਆਦਿ ਰਾਹੀਂ ਆਪਣੇ ਆਪ ਹਰ ਸਮੇਂ ਉਤਰ ਰਹੀ ਹੈ। ਇਸ ਤਰ੍ਹਾਂ ਉਸ ਸੱਚੀ ਆਰਤੀ ਸਾਹਮਣੇ, ਤੇਰੇ ਰਾਹੀਂ ਉਤਾਰੀ ਜਾ ਰਹੀ ਆਰਤੀ ਤੇ ਨਾਲ ਹੀ ਆਪ ਘੜੀਆਂ ਮੂਰਤੀਆਂ ਨੂੰ ‘ਜਗਤ ਦਾ ਨਾਥ’ (ਜਗਨ ਨਾਥ) ਮੰਨ ਲੈਣਾ, ਨਿਪਟ ਅਗਿਆਨਤਾ ਨਹੀਂ ਤਾਂ ਹੋਰ ਕੀ ਹੈ? ਖੂਬੀ ਇਹ ਕਿ ਇਥੇ ਵੀ ਗੁਰਦੇਵ ਨੇ ਫ਼ਰਜ਼ੀ ਆਰਤੀ ਵਾਲੇ ਸਾਰੇ ਲਫ਼ਜ਼ ਤੇ ਢੰਗ, ਰੂਪਕ ਅਲੰਕਾਰ ਵਰਤ ਕੇ ਪੂਰੀ ਤਰ੍ਹਾਂ ਬਦਲਵੇਂ ਅਰਥਾਂ `ਚ ਦਿੱਤੇ ਅਤੇ ਅਗਿਆਨੀ ਮਨੁੱਖ ਨੂੰ ਸੱਚੇ ਇਲਾਹੀ ਧਰਮ ਵਾਲੇ ਪਾਸੇ ਮੋੜਿਆ।

ਵਿਛੋੜਾ- (ਪੰ: 578-585)- ਸਮਾਜਿਕ ਰਿਵਾਜ ਹੈ, ਪਤੀ ਦੀ ਮੌਤ ਹੋ ਜਾਵੇ ਤਾਂ ਮਿਰਾਸਣ ਨੂੰ ਬੁਲਾ ਲਿਆ ਜਾਂਦਾ ਹੈ। ਮਿਰਾਸਣ ਮਰੇ ਪ੍ਰਾਣੀ ਦੀ ਸਿਫ਼ਤ `ਚ ਹਾੜੇ (ਵੈਣ) ਪਾਂਦੀ ਹੈ। ਉਸ ਸਮੇਂ ਭਾਈਚਾਰੇ ਦੀਆਂ ਜ਼ਨਾਨੀਆਂ ਮਿਲ ਕੇ ਰੋਂਦੀਆਂ ਤੇ ਉਸੇ ਸੁਰ-ਤਾਲ `ਚ ਰਲ ਕੇ ਉਸ ਦੇ ਪਿੱਛੇ-ਪਿੱਛੇ ਬੋਲਦੀਆਂ, ਛਾਤੀਆਂ ਪਿਟਦੀਆਂ ਹਨ। ਇਥੇ ਗੁਰਦੇਵ ਨੇ, ਰੋਣ ਪਿੱਟਣ ਵਾਲੇ ਕੱਚੇ ਰਿਵਾਜਾਂ ਵਲੋਂ ਵਰਜ ਕੇ ਪ੍ਰਭੂ ਦੀ ਰਜ਼ਾ `ਚ ਤੁਰਨ ਲਈ ਪ੍ਰਭੂ ਪਤੀ ਦੀ ਸਿਫ਼ਤਿ-ਸਾਲਾਹ ਵਾਲੀ ਗਲ ਸਮਝਾਈ ਹੈ। ਸਾਰੀ ਰਚਨਾ `ਚ ਗੁਰਦੇਵ ਨੇ ਰੂਪਕ ਅਲੰਕਾਰ ਹੀ ਵਰਤਿਆ ਹੈ। ਗੁਰਦੇਵ ਫ਼ੁਰਮਾਉਂਦੇ ਹਨ, ਅਜੇਹਾ ਜਮਨਾ-ਮਰਣਾ ਤਾਂ ਜਦ ਤੋਂ ਸੰਸਾਰ ਬਣਿਆ ਹੈ ਕਰਤਾਰ ਦੇ ਅਟੱਲ ਨਿਯਮ `ਚ ਅਰੁਕ ਹੈ। ਪਰ ਰਿਵਾਜਣ ਰੋਣੇ ਤੋਂ ਆਪਣੇ ਆਪ ਨੂੰ ਬਚਾ ਕੇ ਵੀ ਦੇਖ ਲਈਏ ਤਾਂ ਵੀ ਹਰੇਕ ਮਨੁੱਖ ਵਿਛੋੜੇ ਦਾ ਦੁਖ ਕੁੱਝ ਸਮੇਂ ਬਾਅਦ ਭੁੱਲ ਜਾਂਦਾ ਤੇ ਮੁੜ ਆਪਣੇ ਆਹਰਾਂ `ਚ ਖਚਿਤ ਹੋ ਜਾਂਦਾ ਹੈ। ਦੂਜੇ ਪਾਸੇ-ਮਨੁੱਖਾ ਜਨਮ ਮਿਲਣ ਤੋਂ ਬਾਅਦ ਵੀ, ਆਪਣੇ ਪਤੀ ਪ੍ਰਮੇਸ਼ਵਰ ਦੇ ਵਿਛੋੜੇ ਕਾਰਨ ਮਨੁੱਖ ਸਾਰੀ ਜ਼ਿੰਦਗੀ ਦਾ ਪਲ-ਪਲ ਤ੍ਰਿਸ਼ਨਾ, ਨਿਰਾਸ਼ਾ, ਵਿਕਾਰਾਂ, ਅਉਗਣਾਂ ਦੀ ਪੱਕੜ `ਚ ਰੋਂਦੇ-ਤੜਫ਼ਦੇ ਖਤਮ ਕਰ ਦੇਂਦਾ ਹੈ। ਉਮਰ ਮੁੱਕ ਜਾਂਦੀ ਪਰ ਪ੍ਰਭੂ ਪਤੀ ਵਾਲਾ ਇਹ ਵਿਛੋੜਾ ਹੋਰ ਵੀ ਲੰਮਾਂ ਹੁੰਦਾ ਜਾਂਦਾ ਹੈ। ਤਾਂ ਤੇ ਐ ਜੀਵ ਇਸਤ੍ਰਓਿ! ਪ੍ਰਭੂ ਪਤੀ ਵਾਲੇ ਇਸ ਵਿਛੋੜੇ ਨੂੰ ਪਛਾਣੋ। ਤਾ ਕਿ ਪ੍ਰਭੂ ਪਤੀ ਨਾਲ ਸੁਆਸ ਸੁਆਸ ਜੁੜਿਆਂ ਰਹਿ ਕੇ ਜ਼ਿੰਦਗੀ ਰਸਦਾਇਕ ਹੋ ਜਾਵੇ ਅਤੇ ਬਾਅਦ `ਚ ਵੀ ਵਿਛੋੜਾ ਨਾ ਬਣੇ।

ਇਸੇ ਤਰ੍ਹਾਂ ਗੁਰਬਾਣੀ `ਚ “ਘੜੀਆ ਸਭੇ ਗੋਪੀਆ ਪਹਰ ਕੰਨ੍ਹ੍ਹ ਗੋਪਾਲ” (ਪੰ: 465) ਵਾਲੇ ਸਲੋਕ ਰਾਹੀਂ ਗੁਰਦੇਵ ਰਾਸਾਂ-ਅਜੋਕੀਆਂ ਰਾਮ ਲੀਲਾਵਾਂ ਆਦਿ `ਚ ਉਲਝੇ, ਇਨ੍ਹਾਂ ਨੂੰ ਧਰਮ ਕਰਮ ਮੰਨ ਰਹੇ ਮਨੁੱਖ ਨੂੰ ਰੂਪਕ ਅਲੰਕਾਰ ਵਰਤ ਕੇ ਉਸੇ ਦੀ ਬੋਲੀ-ਕਰਨੀ `ਚ ਸਮਝਾਂਦੇ ਹਨ ਕਿ ਇਹ ਰਾਸਾਂ ਕੇਵਲ “ਨਚਣੁ ਕੁਦਣੁ ਮਨ ਕਾ ਚਾਉ” (ਪੰ: 465) ਹੀ ਹਨ। ਲੋੜ ਹੈ ਤਾਂ ਪ੍ਰਭੂ ਵੱਲੋਂ ਸਾਰੀ ਰਚਨਾ `ਚ ਆਪ ਮੁਹਾਰੇ, ਹਰ ਸਮੇਂ ਪੈ ਰਹੀ ਰਾਸ ਨੂੰ ਪਛਾਨਣ ਕੇ ਅਮੁਲੇ ਜਨਮ ਦੀ ਸੰਭਾਲ ਕਰਣ ਦੀ। ਇਹੀ ਢੰਗ ਨਾਮ ਦੇਵ ਜੀ ਦੀ ਰਚਨਾ “ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ” (ਪੰ: 973) ਅਤੇ ਸਮੁਚੇ ਤੌਰ `ਤੇ ਗੁਰਬਾਣੀ `ਚ ਹਜ਼ਾਰਾਂ ਵਾਰੀ ਮਿਲੇਗਾ। ਸਚਾਈ ਹੈ ਕਿ ਪ੍ਰਕਰਣ ਅਨੁਸਾਰ ਅਲੰਕਾਰਾਂ ਨੂੰ ਸਮਝੇ ਬਿਨਾ ਅਸੀਂ ਖੁਦ ਵੀ ਕੁਰਾਹੇ ਪੈਂਦੇ ਅਤੇ ਦੂਜਿਆਂ ਨੂੰ ਵੀ ਕੁਰਾਹੇ ਪਾਉਣ ਦੇ ਦੋਸ਼ੀ ਬਣਦੇ ਹਾਂ। #143s04.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਣਗੇ ਜੀ।

Including this Self Learning Gurmat Lesson No 134

ਗੁਰਬਾਣੀ `ਚ ਰੂਪਕ ਅਲੰਕਾਰਾਂ ਦੀ ਵਰਤੋਂ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾਂ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾਂ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾਂ- ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ
.