ਗੈਬੀ ਕਿਲਾ?
ਬਾਬਾ ਫੋਜਾ ਸਿੰਘ ਅੱਜ ਇੱਕ ਪੰਜਾਬੋਂ ਆਏ ਬਾਬਾ ਜੀ ਦਾ ਦੀਵਾਨ ਇੱਕ ਲੋਕਲ
ਗੁਰਦਾਆਰਾ ਸਾਹਬ ਸੁਣਨ ਗਿਆ, ਜਿਥੇ ‘ਮਹਾਂਪੁਰਖਾਂ` ਦੇ ਚਰਨ ਆਮ ਹੀ ਪੈਂਦੇ ਰਹਿੰਦੇ ਹਨ। ਉਸ
ਗੁਰਦੁਆਰਾ ਸਾਹਬ ਉਪਰ ਇਨੀ ਕ੍ਰਿਪਾ ਹੋਈ ‘ਮਹਾਂਪੁਰਖਾਂ` ਦੀ ਕਿ ਉਥੋਂ ਦੇ ਪ੍ਰਬੰਧਕ ਖੁਦ ਹੀ
‘ਮਹਾਂਪੁਰਖਾਂ` ਦਾ ਰੂਪ ਹੋ ਗਏ। ਉਹਨਾ ਵਾਂਗ ‘ਕਥਾ-ਕੀਰਤਨ`, ੳਹਨਾ ਦਾ ਹੀ ਢੋਕਲੀਆਂ-ਚਿਮਟਿਆਂ ਦਾ
ਮੌਡਰਨ ਸਟਾਈਲ, ਉਹੀ ਰੂਪ, ਉਹੀ ਬਾਣਾ, ਮੁੱਕਦੀ ਗਲ ਕਿ ਸੰਗਤ ਦਾ ਬੜਾ ਗਾਹੜਾ ਰੰਗ ਚੜਿਆ! ਬੜੀ
ਰੌਣਕ ਸੀ ਬਾਬਾ ਜੀ ਕਰਕੇ, ਬਾਬਾ ਫੋਜਾ ਸਿੰਘ ਵੀ ਜਾ ਕੇ ਸੰਗਤ ਵਿੱਚ ਬੈਠ ਗਿਆ। ਬਾਬਿਆਂ ਨੇ
‘ਕੀਰਤਨ` ਤੋਂ ਬਾਅਦ ‘ਕਥਾ` ਸ਼ੁਰੂ ਕਰ ਦਿਤੀ।
ਕਥਾ ਕਰਦਿਆਂ ਉਹ ਗੁਰਬਾਣੀ ਪੜਨ ਦਾ ਮਹਾਤਮ ਅਤੇ ਫਲ ਦਸਣ ਲਗ ਪਏ। ਅੱਡ-ਅੱਡ
ਬਾਣੀਆਂ ਦਾ ਅੱਡ-ਅੱਡ ਫਲ। ਮਹਾਂਪੁਰਖਾਂ ਦੀ ਸੰਗਤ ਦਾ ਫਲ। ਤੇ ਆਖਰ ਉਹਨੀ ਕੀਰਤਨ ਸੋਹਿਲੇ ਦਾ ਫਲ
ਦਸਦਿਆਂ ਕਿਹਾ ਕਿ:
ਸਾਧ ਸੰਗਤ ਜੀ ਰਾਤ ਨੂੰ ਸਾਉਂਣ ਲਗਿਆਂ ਕੀਰਤਨ ਸੋਹਿਲਾ ਪੜਿਆਂ, ਤੁਹਾਡੇ
ਦੁਆਲੇ ਇੱਕ ਗੈਬੀ ਕਿਲਾ ਬਣ ਜਾਂਦਾ ਹੈ ਜਿਸ ਵਿਚੋਂ ਕੋਈ ਦੁਸ਼ਮਣ-ਦੋਖੀ ਅੰਦਰ ਆਕੇ ਤੁਹਾਡਾ ਕੁੱਝ
ਨਹੀ ਵਿਗਾੜ ਸਕਦਾ। ਤੇ ਬਾਬਾ ਜੀ ਨੇ ਇਸ ਬਚਨ ਨੂੰ ਜਸਟੀਫਾਈ ਕਰਨ ਲਈ ਇੱਕ ਮਹਾਂਪੁਰਖਾਂ ਦੀ ਘਟਨਾ
ਦਸਦਿਆਂ ਫੁਰਮਾਇਆ ਕਿ, ਗੁਰੂ ਦੇ ਇੱਕ ਸਿੱਖ ਦੇ ਘੋੜੇ ਰੋਜ ਚੋਰੀ ਹੋ ਜਾਇਆ ਕਰਨ, ਉਹ ਬੜਾ
ਪ੍ਰੇਸ਼ਾਨ, ਹੋਣਾ ਹੀ ਸੀ ਤੇ ਆਖਰ ਉਹ ਇੱਕ ਮਹਾਂਪੁਰਖਾਂ ਕੋਲੇ ਗਿਆ ਤੇ ਜਾਕੇ ਅਪਣੀ ਦੁੱਖ ਭਰੀ
ਵਿਥਿਆ ਦਸੀ। ਮਹਾਂਪੁਰਖ ਤੇ ਸੰਗਤ ਜੀ ਹੁੰਦੇ ਹੀ ਪਰਉਪਕਾਰੀ ਹਨ ਉਹਨਾ ਨੂੰ ਉਸ ਗੁਰਸਿੱਖ ਤੇ ਦਇਆ
ਆਈ ਤੇ ਪੁੱਛਣ ਲਗੇ:
ਗੁਰਮੁੱਖਾ ਕੀਰਤਨ ਸੋਹਿਲੇ ਦਾ ਪਾਠ ਕਰਦਾਂ ਹੁੰਨਾ?
ਜੀ ਨਹੀ, ਕਦੇ ਕੀਤਾ ਨਹੀ। ਸਿੱਖ ਨੇ ਆਜ਼ਜ਼ੀ ਨਾਲ ਕਿਹਾ।
ਚਲ ਚੰਗਾ, ਕੀਰਤਨ ਸੋਹਿਲੇ ਦਾ ਪਾਠ ਕਰਕੇ ਸੌਇਆ ਕਰ ਗੁਰੁ ਭਲੀ ਕਰੇਗਾ।
ਸੰਗਤ ਜੀ ਜਿਸ ਦਿਨ ਦਾ ਕੀਰਤਨ ਸੋਹਿਲੇ ਦਾ ਪਾਠ ਕਰਨ ਲਗਿਆ ਘੋੜੇ ਚੋਰੀ ਹੋਣੇ ਹੱਟ ਗਏ। ਪਰ ਇੱਕ
ਦਿਨ ਅਚਾਨਕ ਹੀ ਘੋੜੇ ਫਿਰ ਚੋਰੀ ਹੋ ਗਏ। ਗੁਰਸਿੱਖ ਫਿਰ ਮਹਾਂਪੁਰਖਾਂ ਕੋਲੇ ਆਇਆ।
ਸੱਚੇ ਪਾਤਸ਼ਾਹ ਘੋੜੇ ਫਿਰ ਚੋਰੀ ਹੋ ਗਏ।
ਮਹਾਂਪੁਰਖ ਥੋੜਾ ਚਿਰ ਅੰਤਰਧਿਆਨ ਹੋਏ ਤੇ ਆਖਣ ਲਗੇ।
ਸਿੱਖਾ ਤੈਨੂੰ ਪਤੈ ਕੀਰਤਨ ਸੋਹਿਲਾ ਪੜਨ ਨਾਲ ਰਾਤ ਦੁਆਲੇ ਕਿਲਾ ਬਣ ਜਾਂਦਾ
ਹੈ ਜਿਹੜਾ ਸਵੇਰੇ ਜਪੁਜੀ ਪੜਨ ਨਾਲ ਹੱਟਦਾ ਹੈ। ਤੂੰ ਰਾਤੀਂ ਆਲਸ ਕਰ ਗਿਆ, ਪਾਠ ਕਰਦਾ ਊਂਘਣ ਲਗ
ਗਿਆ, ਤੇਰੇ ਇਸ ਊਂਘਣ ਕਰਕੇ ਕਿਲੇ ਵਿੱਚ ਛੇਕ ਰਹਿ ਗਏ ਉਹਨਾ ਮੋਰੀਆਂ ਰਾਹੀਂ ਹੀ ਚੋਰ ਤੇਰੇ ਘੋੜੇ
ਲੈ ਗਏ! ਆਖੋ ਜੀ ਵਾਹਿਗੁਰੂ। ਬਾਬਿਆਂ ਦੇ ਨਾਲ ਹੀ ਸੰਗਤ ਨੇ ਬੜੇ ਵਜੂਦ ਵਿੱਚ ਵਾਹਿਗੁਰੂ ਕਿਹਾ।
ਬਾਬਾ ਫੋਜਾ ਸਿੰਘ ਬੜਾ ਹੈਰਾਨ ਸੀ ਕਿ ਗੁਰਬਾਣੀ ਕੀ ਕਿਲੇ ਬਣਾਉਣ-ਢਾਹੁਣ ਲਈ
ਹੈ? ਫਿਰ ਤਾਂ ਜੀਵਨ ਲਈ ਕੋਈ ਸੇਧ ਲੈਣ ਦੀ ਥਾਵੇ ਮੁੰਡੇ ਦੇਣ ਵਾਲੀ ਵੀ ਕੋਈ ਬਾਣੀ ਹੋ ਸਕਦੀ! ਇਸ
ਨਾਲ ਭੂਤਾਂ ਭਜਾਉਣ ਵਾਲੇ ਵੀ ਗਲਤ ਨਹੀ ਹੋ ਸਕਦੇ। ਜੇ ਕਿਲੇ ਬਣ ਸਕਦੇ ਤਾਂ…… ਨਾਲੇ ਕੀ ਗੁਰੂ
ਗੋਬਿੰਦ ਸਿੰਘ ਜੀ ਨੂੰ, ਉਸ ਤੋਂ ਬਾਅਦ ਸਿੰਘਾਂ ਜਾਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਹੀ ਨਹੀ ਲਗਾ
ਕਿ ਕਿਲਾ ਇੰਝ ਵੀ ਬਣ ਜਾਂਦਾ ਹੈ ਉਹਨਾ ਐਂਵੇ ਕਿਧਰੇ ਲੋਹ ਗੜ, ਅਨੰਦ ਗੜ, ਰਾਮ ਗੜ ਤੇ ਪਤਾ ਨਹੀ
ਕਿੰਨੇ ਕੁ ਕਿਲੇ ਬਣਾ ਮਾਰੇ। ਕਾਸ਼! ਇਸ ਬਾਬਾ ਜੀ ਦੇ ਉਹ ਮਹਾਂਪੁਰਖ ਉਂਦੋ ਹੁੰਦੇ ਤੇ ਗੁਰੂ ਜੀ ਨੂੰ
ਜਾਂ ਸਿੰਘਾਂ ਨੂੰ ਇਹ ਇੱਟਾਂ ਪੱਥਰਾਂ ਨਾਲ ਮੱਥੇ ਮਾਰਨੋ ਰੋਕ ਕੇ ਇਹ ਸੌਖਾ ਤਰੀਕਾ ਦਸਦੇ। ਧੰਨ
ਬਾਬਾ ਜੀ ਧੰਨ ਬਾਬਾ ਜੀ ਕਰਦਾ ਬਾਬਾ ਫੋਜਾ ਸਿੰਘ ਬਾਹਰ ਆ ਗਿਆ।
ਜੋਤਸ਼ੀ।
ਪੰਡਤ ਜੀ ਬੜੇ ਸਿਆਣੇ ਜੋਤਸ਼ੀ ਹਨ। ਲੋਕਾਂ ਦੇ ਭਵਿੱਖ ਦਸਕੇ ਆਉਣ ਵਾਲੇ
ਖਤਰਿਆ ਤੋਂ ਜਾਣੂ ਕਰਉਂਦੇ ਅਤੇ ਬਚਣ ਦਾ ਉਪਾਅ ਦਸਦੇ ਹਨ। ਬੜੇ ਹੀ ਪਰਉਪਕਾਰੀ ਹਨ ਪੰਡਤ ਜੀ ਪਰ ਅੱਜ
ਉਹਨਾ ਵਿਚਾਰਿਆਂ ਤੇ ਖੁਦ ਤੇ ਮੁਸੀਬਤ ਆਣ ਬਣੀ ਹੈ ਕੋਈ ਸ਼ੁਕਰ ਕਿਸੇ ਸ਼ਨਿਚਰ ਨਾਲ ਪੇਚਾ ਪਾ ਬੈਠਾ ਹੈ
ਜਾਂ ਕੋਈ ਰਾਹੂ-ਕੇਤੂ ਪੰਡਤ ਜੀ ਦਾ ਰਾਹ ਮਲ ਖੜੋਤਾ ਹੈ ਕਿ ਪੰਡਤ ਜੀ ਦੀ ਧਰਮ ਪਤਨੀ ਸਮੇਤ ਕੀਮਤੀ
ਸਮ੍ਹਾਨ ਤੇ ਬੱਚੇ ਲੈਕੇ ਦੌੜ ਗਈ ਹੈ ਪੰਡਤ ਜੀ ਨੇ ਬੜੇ ਵਾਸਤੇ ਪਾਏ ਪਰ ਲਗਾ ਗ੍ਰਹਿ ਨਹੀ ਟਲਿਆ।
ਹੁਣ ਵਿਚਾਰੇ ਪੰਡਤ ਜੀ ਦਾ ਉਪਾਆ ਕੌਣ ਕਰੇ।
ਤੇ ਆਖਰ ਸੋਚ ਸਾਚ ਕੇ ਪੰਡਤ ਜੀ ਨੇ ਉਪਾਅ ਲਈ ਇੱਕ ਜਾਣੂ ਵਕੀਲ ਦਾ ਦਰਵਾਜਾ
ਜਾ ਖੜਕਾਇਆ। ਅਗੋਂ ਜੱਟ ਜਿਹਾ ਵਕੀਲ ਘੁੰਮਣ ਵਾਲੀ ਕੁਰਸੀ ਤੇ ਬੈਠਾ ਪੰਡਤ ਜੀ ਦੇ ਦਰਸ਼ਨ ਕਰ, ਚੋਰਾਂ
ਨੂੰ ਮੋਰ ਵਾਲੀ ਕਹਾਣੀ ਯਾਦ ਕਰਕੇ ਵੱਖੀਆਂ ਵਿੱਚ ਹੱਸ ਪਿਆ।
“ਆਉ ਪੰਡਤ ਜੀ ਮਹਾਰਾਜ ਕਿਵੇਂ ਚਰਨ ਪਾਏ?”
ਪੰਡਤ ਜੀ ਨੀਵੀ ਜਿਹੀ ਪਾਈ ਅਪਣੀ ਵਿਥਿਆ ਦੱਸਦੇ ਹਨ ਤੇ ਉਪਾਅ ਬਾਰੇ ਪੁੱਛਦੇ
ਹਨ। ਨਾਲ ਹੀ ਉਪਾਅ ਦੀ ਉਸ ਘੁੰਡੀ ਬਾਰੇ ਵੀ ਜਾਨਣਾ ਚਾਹੁੰਦੇ ਹਨ ਜਿਸ ਨਾਲ ਪਤਨੀ ਸਾਹਿਬਾਂ ਉਪਰ
ਅਜਿਹੇ ਸ਼ਨੀ ਜੀ ਭਾਰੂ ਹੋਣ ਕਿ ਉਹ ਅਪਣੇ ਸਰਾਧਾਂ ਤੱਕ ਕੜਿੱਕੀ ਵਿਚੋਂ ਨਿਕਲ ਨਾ ਸਕਣ!
ਵਕੀਲ ਸਾਹਬ ਹੱਸ ਪੈਂਦੇ ਹਨ। “ਪੰਡਤ ਜੀ ਕਲਯੁਗੀ ਜੀਵਾਂ ਤੇ ਇੰਨੇ ਕ੍ਰੋਧਤ
ਨਾ ਹੋਵੇ, ਆਹ ਛਾਪ ਬੜੀ ਸੁਹਣੀ ਪਾਈ ਤੁਸਾਂ? ਵਕੀਲ ਸਾਹਬ ਅਚਾਨਕ ਪੰਡਤ ਜੀ ਦੀ ਉਂਗਲ ਵਿੱਚ ਲਿਸ਼ਕ
ਰਹੀ ਨੀਲਮ ਦੀ ਅਗੂੰਠੀ ਵਲ ਇਸ਼ਾਰਾ ਕਰਦੇ ਹਨ।”
ਪੰਡਤ ਜੀ ਨੂੰ ਇੱਕ ਦਮ ਅਪਣੀ ਮੁਸੀਬਤ ਭੁੱਲ ਜਾਂਦੀ ਹੈ ਤੇ ਉਪਾਅ ਕਰਨ ਵਾਲਾ
‘ਉਪਕਾਰ` ਯਾਦ ਆ ਜਾਂਦਾ ਹੈ।
ਹਾਂ ਸੱਚ, ਤੁਹਾਡੇ ਨਾਲ ਵਕੀਲ ਸਾਹਬ ਮੈਂ ਇਸ ਅਗੂੰਠੀ ਦੀ ਵੀ ਗਲ ਕਰਨੀ ਸੀ।
ਇਹ ਬੜਾ ਕੀਮਤੀ ਨਗ ਜੇ ਇਹ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ, ਕਿਉਂਕਿ ਇਹ ਕਦਰਦਾਨ ਬੰਦੇ ਨੂੰ ਹੀ
ਦਿਤੀ ਜਾ ਸਕਦੀ ਹੈ, ਇਸ ਉਪਰ ਮੈਂ ਬਹੁਤ ਮੰਤਰ ਫੂਕੇ ਹਨ ਇਹ ਮੇਰੀ ਅਪਣੀ ਨਿਜੀ ਅਗੂੰਠੀ ਹੈ ਮੈਂ
ਜਦੋਂ ਦੀ ਪਾਈ ਜਿੰਦਗੀ ਵਿੱਚ ਕਦੇ ਕੋਈ ਮੁਸ਼ਕਲ ਨਹੀ ਆਈ ਹਾਂਅ! ! ਵਕੀਲ ਸਾਹਬ ਕੁਰਸੀ ਘੁੰਮਾਉਂਦੇ
ਫਿਰ ਹੱਸ ਪੈਂਦੇ ਹਨ ਤੇ ਪੰਡਤ ਜੀ ਦੀ ਫਾਇਲ ਦੇਖਣ ਲਗਦੇ ਹਨ।
ਘਰ ਦੀ ਅੱਗ, ਬਾਹਰ ਬੈਸੰਤਰ।
ਇੱਕ
ਕਵੀ ਜੀ ਸਟੇਜ
ਉਪਰ ਹੀਰ-ਰਾਂਝੇ ਦੀ ਕਵਿਤਾ ਬੜੇ ਜੋਸ਼ ਨਾਲ ਸੁਣਾ ਰਹੇ ਸਨ ਉਹ ਦਸ ਰਹੇ ਸਨ ਕਿ ਉਹਨਾਂ ਨੇ ਕਿਵੇਂ
ਸੱਚਾ-ਸੁੱਚਾ ਇਸ਼ਕ ਕੀਤਾ, ਨਿਭਾਇਆ ਅਤੇ ਜਾਨ ਦੇ ਦਿਤੀ ਪਰ ਇਸ਼ਕ ਨੂੰ ਆਂਚ ਨਹੀ ਆਉਣ ਦਿਤੀ। ਸਰੋਤੇ
ਵਾਹ-ਵਾਹ ਕਰ ਰਹੇ ਸਨ। ਕਵੀ ਜੀ ਸਾਹੋ ਸਾਹੀ ਹੋਏ ਜਦ ਸਟੇਜ ਤੋਂ ਹੇਠਾਂ ਆਏ ਤਾਂ ਉਹਨਾ ਦੇ ਇੱਕ
ਜਾਣੂੰ ਬਜੁਰਗ ਕਵੀ ਨੇ ਅਰਜ ਕੀਤੀ ਕਿ:
ਦੇਖੋ, ਇਹ ਸਾਡੇ ਸਮਾਜ ਦੇ ਵਿਗੜੇ ਹੋਏ ਪਾਤਰ ਸਨ ਇਹਨਾ ਨੂੰ ਬਾਹਲਾ ਉਭਾਰਨ
ਦੀ ਲੋੜ ਨਹੀ ਕਿਉਂਕਿ ਸਾਡੀ ਨੌਜਾਵਾਨ ਪੀਹੜੀ ਨੂੰ ਇਹ ਇਸ਼ਕ-ਮੁਸ਼ਕ ਕੋਈ ਸਾਰਥਕ ਸੇਧ ਦੇਣ ਵਾਲਾ ਨਹੀ।
ਹੀਰਾਂ ਰਾਝੇਂ ਤੇ ਪਹਿਲਾਂ ਹੀ ਬਥੇਰੇ ਤੁਰੇ ਫਿਰਦੇ ਹਨ।
ਉਹ ਕਵੀ ਜੀ ਅਗੋਂ ਬੜੇ ਤਪਾਕ ਨਾਲ ਬੋਲੇ।
ਇਹ ਜੀ ਤੁਹਾਡੀ ਬੜੀ ਸੌੜੀ ਸੋਚ ਹੈ, ਉਹਨਾ ਦਾ ਇਸ਼ਕ ਬੜਾ ਨਾਪਾਕ ਇਸ਼ਕ ਸੀ
ਜੀਹਨਾ ਇਸ਼ਕ ਖਾਤਰ ਅਪਣੀ ਜਾਨ ਤਕ ਵਾਰ ਦਿੱਤੀ। ਅਸੀਂ ਇੰਨੇ ਵੀ ਪਿਛਾਂਹ ਖਿੱਚੀ ਨਾ ਬਣੀਏ, ਹਾਂਅ!
ਬਜੁਰਗ ਕਵੀ ਜੀ ਚੁੱਪ ਹੋ ਗਏ। ਕਵੀ ਦਰਬਾਰ ਸਮਾਪਤ ਹੋਇਆ। ਤੇ ਕਵੀ ਜੀ ਅਪਣੇ
ਪਿੰਡ ਨੂੰ ਤੁਰ ਪਏ ਉਹ ਹਾਲੇ ਪਿੰਡ ਦੀ ਫਿਰਨੀ ਤੇ ਹੀ ਸਨ ਕਿ ਉਹਨਾ ਦੀ ਜਵਾਨ ਧੀ ਟਿਫਨ ਵਿੱਚ ਮਟਰ
ਮਨੀਰ, ਰੈਤਾ, ਖੀਰ ਅਤੇ ਸਲਾਦ ਸਮੇਤ ਕਈ ਤਰ੍ਹਾਂ ਦੇ ਖਾਣੇ ਪਾਈ ਖੇਤਾਂ ਨੂੰ ਲਈ ਜਾਂਦੀ ਮਿਲ ਪਈ।
ਕਵੀ ਜੀ ਪੁੱਛਣ ਲਗੇ:
ਬੇਟਾ ਜੀ ਕਿਧਰ ਜਾ ਰਹੇ ਹੋ?
ਖੇਤਾਂ ਵਿੱਚ ਕੰਮ ਕਰਦੇ ਭਈਏ ਲਈ ਲੰਚ ਲਿਜਾ ਰਹੀ ਹਾਂ! ਕੁੜੀ ਨੇ ਬੜੀ
ਬੇਪ੍ਰਵਾਹੀ ਨਾਲ ਉਤਰ ਦਿਤਾ ਅਤੇ ਅਗਾਂਹ ਤੁਰ ਗਈ।
ਗੁੱਸੇ ਵਿੱਚ ਕੰਬਦੇ ਕਵੀ ਜੀ ਦੇ ਹੱਥਾਂ ਵਿੱਚ ਹੀਰ-ਰਾਂਝੇ ਦਾ ਕਿੱਸਾ
ਲੀਰਾਂ ਹੋਕੇ ਹਵਾ ਵਿੱਚ ਉਡ ਗਿਆ।
ਸੋਧੀ।
ਸ਼ਰਧਾਲੂ ਪ੍ਰਵਾਰ ਨੇ ਬਾਬਾ ਜੀ ਨੁੰ ਘਰੇ ਸੱਦਿਆ ਪਰ ਬਾਬਾ ਜੀ ਨੇ ਕੁੱਝ
ਛਕਿਆ ਨਾ। ਪ੍ਰਵਾਰ ਦੇ ਬਹੁਤ ਜੋਰ ਦੇਣ ਤੇ ਬਾਬਾ ਜੀ ਨੇ ਆਪੇ ਦੁਧ ਗਰਮ ਕਰਕੇ ਛੱਕਣ ਦੀ ਇਛਾ ਜਾਹਰ
ਕੀਤੀ ਕਿਉਂਕਿ ਉਹ ਸੋਧੀ ਸਨ।
ਉਹਨਾ ਬੀਬੀਆਂ ਨੂੰ ਕਿਚਨ ਵਿਚੋਂ ਬਾਹਰ ਕੱਢ ਦਿੱਤਾ। ਸ਼ਾਇਦ ਸੋਧ ਵਿੱਚ ਇਹ
ਵੀ ਸ਼ਾਮਲ ਸੀ। ਉਹ ਕਿਚਨ ਵਿੱਚ ਗਏ ਆਪੇ ਪਤੀਲਾ ਦੁਬਾਰਾ ਮਾਂਝਿਆ, ਪਰਨੇ ਦੇ ਲੜ ਨਾਲ ਆਪੇ ਦੁੱਧ
ਫਰਿਜ ਵਿਚੋਂ ਪਾਇਆ, ਆਪੇ ਵਿੱਚ ਖੰਡ ਪਾਈ, ਆਪੇ ਸਟੀਲ ਦਾ ਗਲਾਸ ਧੋਤਾ ਤੇ ਆਕੇ ਛੱਕਣ ਬੈਠ ਗਏ।
ਬਾਬਾ ਫੋਜਾ ਸਿੰਘ ਬੈਠਾ ਦੇਖਦਾ ਰਿਹਾ ਜਦ ਬਾਬਿਆਂ ਦੁੱਧ ਛੱਕ ਲਿਆ ਤਾਂ ਬਾਬਾ ਬੋਲ ਪਿਆ।
“ਬਾਬਿਓ ਖੰਡ ਕਿਥੋਂ ਆਈ, ਬਾਬਿਓ ਦੁੱਧ ਕਿਥੋਂ ਆਇਆ, ਕਿਸ ਚੋਇਆ, ਕਿਸ
ਟੈਕਾਂ ਵਿੱਚ ਪਾਕੇ ਖੜਿਆ, ਕਿਸ ਇਸ ਵਿਚੋਂ ਲੋੜੀਦੇ ਤਤ ਕੱਢ ਕੇ ਦਵਾਈਆਂ ਲਾਕੇ ਸਟੋਰਾਂ ਨੂੰ
ਭੇਜਿਆ, ਕਿਵੇਂ ਵਿਕਿਆ, ਕਿਵੇਂ ਖਰੀਦਿਆ, ਫਰਿਜ ਵਿੱਚ ਪਹੁੰਚਣ ਤਕ ਦੁੱਧ ਵਿਚਾਰਾ ਕਿੰਨੀ ਥਾਈਂ
ਭਿੱਟਿਆ? ਖੰਡ ਕਿਵੇਂ ਗੰਨਿਆਂ ਤੋਂ ਲੈਕੇ ਮਿੱਲਾਂ ਦੇ ਪੈਰਾਂ ਵਿੱਚ ਰੁਲਣ ਤੱਕ ਦਾ ਸਫਰ ਕਰਦੀ ਇਸ
ਬਰਤਮਾਨ ਤੱਕ ਪਹੁੰਚੀ। ਆਪ ਤਾਂ ਜਰੂਰ ਭਿੱਟੇ ਗਏ ਹੋਵੋਂਗੇ। ਸੋਧੀ ਜੀ ਨੂੰ ਜਾਪਿਆ ਇਸ ਕੱਲਯੁਗ
ਵਿੱਚ ਨਾਸਤਿਕ ਲੋਕ ਹਰ ਥਾਂ ਸ਼ਹਿ ਲਾਈ ਬੈਠੇ ਹਨ! !
ਥਾਲੀ ਦੀ ਭਿੱਟ?
ਲੰਗਰ ਦੀ ਪੰਗਤ ਲਗੀ ਹੋਈ ਸੀ। ਗੁਰੁ ਕਾ ਲੰਗਰ ਵਰਤਾਇਆ ਜਾ ਰਿਹਾ ਸੀ।
ਸੰਗਤਾਂ ਪਿਆਰ ਨਾਲ ਬੈਠੀਆ ਹੋਈਆਂ ਸਨ। ਪਰ ਇਥੇ ਥਾਲੀਆਂ ਕਈ ਹੋਰ ਥਾਵਾਂ ਵਾਂਗ ਪਲਾਸਟ ਦੀਆਂ
ਖਾਨਿਆਂ ਵਾਲੀਆਂ ਰੱਖੀਆਂ ਜਾ ਰਹੀਆਂ ਸਨ। ਪੰਗਤ ਵਿੱਚ ਇੱਕ ਸਿੰਘ ਜੀ ਬੜੇ ਬੇਚੈਨ ਲਗ ਰਹੇ ਸਨ।
ਉਹਨੀ ਵਰਤਾਵੇ ਨੂੰ ਮੋੜ ਦਿਤਾ। ਦੂਜਾ ਸੇਵਾਦਾਰ ਫਿਰ ਆਇਆ ਕਿ ਸ਼ਾਇਦ ਭਾਈ ਸਾਹਬ ਨੂੰ ਥਾਲੀ ਨਹੀ
ਮਿਲੀ ਪਰ ਉਹਨੀ ਉਹਨੂੰ ਵੀ ਮੋੜ ਦਿਤਾ। ਆਖਰ ਉਹਨੀ ਲਾਗੇ ਬੈਠੀ ਅਪਣੀ ਬੇਟੀ ਨੂੰ ਕੰਨ ਵਿੱਚ ਲੰਗਰ
ਵਿਚੋਂ ਕੋਈ ਸਟੀਲ ਦੀ ਥਾਲੀ ਲਿਆਉਣ ਲਈ ਕਿਹਾ।
ਉਹ ਕਾਫੀ ਦੇਰ ਲੰਗਰ ਵਿੱਚ ਲੱਭਣ ਤੋਂ ਬਾਅਦ ਖਾਲੀ ਮੁੜ ਆਈ ਅਤੇ ਉਸ ਦੱਸਿਆ
ਕਿ ਉਥੇ ਕੋਈ ਸਟੀਲ ਦਾ ਬਰਤਨ ਨਹੀ ਹੈ। ਸਿੰਘ ਜੀ ਹੋਰ ਪ੍ਰੇਸ਼ਾਨ। ਇੱਕ ਸੇਵਾਦਾਰ ਹੋਰ ਆਇਆ ਉਹ ਦਾਲ,
ਸਬਜੀ, ਖੀਰ, ਰੈਤਾ ਸਭ ਕੁੱਝ ਪਲਾਸਟਕ ਦੀ ਹੀ ਥਾਲੀ ਵਿੱਚ ਪਾਕੇ ਰੱਖ ਗਿਆ। ਸਿੰਘ ਜੀ ਹੋਰ
ਪ੍ਰੇਸ਼ਾਨ। ਉਹਨਾ ਨੂੰ ਕੁੱਝ ਨਾ ਸੁਝਾ ਤਾਂ ਆਖਰ ਉਹਨੀ ਬੇਟੀ ਅਪਣੀ ਨੂੰ ਫਿਰ ਭੇਜਿਆ। ਇਸ ਵਾਰੀ
ਬੇਟੀ ਦੇ ਹੱਥ ਵਿੱਚ ਪ੍ਰਸਾਦ ਵਰਤਾਉਣ ਵਾਲਾ ਸਟੀਲ ਦਾ ਬਾਟਾ ਫੜਿਆ ਹੋਇਆ ਸੀ ਜੋ ਉਸ ਲਿਆਕੇ ਸਿੰਘ
ਜੀ ਨੂੰ ਦੇ ਦਿਤਾ!
ਸਿੰਘ ਜੀ ਹੁਰਾਂ ਪਲਾਸਟਕ ਦੀ ਥਾਲੀ ਵਾਲਾ ਸਭ ਸਮਾਨ ਬਾਟੇ ਵਿੱਚ ਉਲੱਦ ਲਿਆ
ਅਤੇ ਛੱਕਣ ਲਗ ਪਏ! ਇਸ ਸਾਰੇ ‘ਤਮਾਸ਼ੇ` ਨੂੰ ਲਾਗੇ ਬੈਠੇ ਪ੍ਰੋ: ਸਾਹਬ ਵੇਖ ਰਹੇ ਸਨ ਤੇ ਆਖਰ ਉਹਨਾ
ਕੋਲੋਂ ਰਿਹਾ ਨਾ ਗਿਆ।
“ਭਾਈ ਸਾਹਬ ਜੀ, ਜੋ ਕੁੱਝ ਇਸ ਪਦਾਰਥ ਨੂੰ ਲਗਣਾ ਸੀ ਥਾਲੀ ਨਾਲੋਂ ਉਹ ਤਾਂ
ਲਗ ਚੁਕਾ ਹੋਇਆ ਸੀ ਹੁਣ ਬਾਟੇ ਨਾਲ ਕੀ ਲਾਉਣ ਜਾ ਰਹੇ ਹੋ”?
ਸਿੰਘ ਜੀ ਮੂੰਹ ਵਲ ਵੇਖਣ ਲਗ ਪਏ ਪਰ ਕੋਈ ਜਵਾਬ ਨਾ ਦੇ ਹੋਇਆ। ਪਰ ਉਹਨਾ
ਨੂੰ ਜਾਪਿਆ ਕਿ ਇਹ ਪੜੇ-ਲਿਖੇ ‘ਨਾਸਤਿਕ` ਹੁੰਦੇ ਹਨ ਇਹਨਾ ਨਾਲ ਸਿਰ ਖਪਾਈ ਦੀ ਲੋੜ ਨਹੀ।
ਮਾਇਆ।
ਢੋਲਕੀਆਂ-ਚਿਮਟਿਆਂ ਦੇ ਸ਼ੋਰ ਵਿੱਚ ਕੋਈ ਤਿੰਨ ਘੰਟੇ ਬਾਬਿਆਂ ਨੇ ਮਾਇਆ ਨੂੰ
ਵਾਹਣੇ ਪਾਈ ਰੱਖਿਆ। ਮਾਇਆ ਅੱਗੇ-ਅੱਗੇ ਤੇ ਬਾਬੇ ਪਿੱਛੇ-ਪਿੱਛੇ।
ਬਾਬਾ ਜੀ ਦਸ ਰਹੇ ਸਨ ਕਿ ਕਿਵੇਂ ਮਾਇਆ ਨੇ ਜਗਤ ਸਾਰੇ ਨੂੰ ਡੱਸ ਲਿਆ ਹੈ।
ਮਾਇਆ ਕਿਵੇਂ ਮਨੁੱਖ ਦੇ ਅੰਦਰ ਕੁੰਡਲ ਮਾਰ ਕੇ ਬੈਠ ਗਈ ਹੈ। ਇਸਦਾ ਹੱਲ ਉਹ ਦਸ ਰਹੇ ਸਨ ਕਿ ਇਸ
ਨਾਗਣੀ ਨੂੰ ਮਹਾਂਪੁਰਖਾਂ ਦੀ ਸੰਗਤ ਨਾਲ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਮਹਾਂਪੁਰਖ ਨਾਮ ਭਜਨ ਦੀ
ਬੀਨ ਨਾਲ ਇਸ ਨਾਗਣੀ ਨੂੰ ਪਟਾਰੀ ਵਿੱਚ ਪਾ ਲੈਂਦੇ ਹਨ।
ਤੇ ਬਾਬਿਆਂ ਨੇ ਥੋੜਾ ਜਿਹਾ ਸਾਹ ਲੈਣ ਲਗ ਗਈ ਮਾਇਆ ਨੂੰ ਫਿਰ ਚਿਮਟਿਆਂ
ਮੁਹਰੇ ਲਾ ਲਿਆ। “ਉਏ ਹੋ ਗਈ ਮਾਇਆ ਨਾਗਣੀ, ਉਏ ਹੋ ਗਈ, ਜਗਤ ਨੂੰ ਇਹ ਡੱਸ ਚਲੀ ਜੇ, ਲੋਕੋ
ਓਓਓਓਓਓਓਓਓ-ਲੋਕੋਓਓ ਉ ਸੰਤਾਂ ਦੀ ਪੈ ਸ਼ਰਨੀ, ਇਹਨੂੰ ਰੋਕੋ! ! ! ! ! ! ! ! !
ਜਗੇ ਜੱਟ ਦੀ ਤਾਨ ਤੇ ਢੋਕਲੀਆਂ-ਚਿਮਟਿਆਂ ਦੀਆਂ ਗੂੰਜਾਂ ਵਿੱਚ ਬਾਬਿਆਂ ਦੀ
ਭਰਵੀਂ ਅਵਾਜ ਨੇ ਰੰਗ ਬੰਨ ਦਿੱਤਾ। ਲੁਕਾਈ ਝੂਮ ਉਠੀ। ਉਹਨਾ ਨੂੰ ਜੇਬਾਂ ਵਿੱਚ ਪਈ ਮਾਇਆ ਸੱਚਮੁੱਚ
ਨਾਗਣੀ ਭਾਸਣ ਲਗ ਪਈ ਜਿਹਨੇ ਹੁਣੇ ਡੰਗ ਮਾਰਿਆ ਕਿ ਮਾਰਿਆ। ਉਹ ਇਸ ਜਹਿਰੀਲੇ ਡੰਗ ਤੋਂ ਬਚਣ ਲਈ ਇੱਕ
ਦੂਜੇ ਤੋਂ ਅਗੇ ਹੋਕੇ ਇਸ ਨਾਗਣੀ ਨੂੰ ਬਾਬਿਆਂ ਅਗੇ ਸੁੱਟ ਕੇ ਅਪਣੀ ਜਾਨ ਬਚਾਉਣ ਲਗੇ।
ਹੁਣ ਫ਼ਨ ਚੁੱਕੀ ਮਾਇਆ, ਬਾਬਿਆਂ ਦੀ ਧੁੰਨੀ ਤੱਕ ਚੜ੍ਹ ਆਈ ਸੀ ਤੇ ਬਾਬੇ ਇਸ
ਵਲ ਦੇਖਕੇ ਖੁਸ਼ੀ `ਚ ਖੀਵੇ ਹੋਏ ਇਸਨੂੰ ‘ਕੀਲਣ` ਬਾਰੇ ਸੋਚ ਰਹੇ ਸਨ।
ਬਾਬਿਆਂ ਦੇ ਪ੍ਰਵਚਨ।
ਮੁੱਛ ਫੁੱਟ ਬਾਬਾ ਜੀ ਨੇ ‘ਯਾਰੀ ਪਰਖੀਏ ਯਾਰਾਂ ਦੀ ਜਦ ਮਾਰ ਪਵੇ ਤਲਵਾਰਾਂ
ਦੀ, ਦਾ ‘ਕੀਰਤਨ` ਕਰਕੇ ਪ੍ਰਵਚਨ ਕਰਨੇ ਸ਼ੁਰੂ ਕਰ ਦਿਤੇ। “ਸਾਧ-ਸੰਗਤ ਜੀ ਇੱਕ ਅਮਲੀ ਅਪਣੇ ਮਾਂ ਦੇ
ਫੁੱਲ ਪਾਉਂਣ ਗੰਗਾ ਗਿਆ। ਮਾਵੇ ਵਿੱਚ ਟੁੰਨ ਉਹ ਫੁੱਲ ਰਾਹ ਵਿੱਚ ਹੀ ਸੁੱਟ ਕੇ ਮੁੜ ਆਇਆ। ਭਰਾਵਾਂ
ਨੂੰ ਜਦ ਪਤਾ ਲਗਾ ਤਾਂ ਉਹ ਕਹਿਣ ਲਗੇ, ਅਮਲੀਆ ਰਾਤੀਂ ਮਾਂ ਸੁਪਨੇ ਵਿੱਚ ਆਕੇ ਰੋਂਦੀ ਸੀ ਕਿ ਤੁੰ
ਮਿੱਟੀ ਉਸਦੀ ਰਾਸਤੇ ਵਿੱਚ ਹੀ ਰੋਹੜ ਆਇਆਂ ਹੈਂ, ਇਹ ਤੂੰ ਚੰਗਾ ਨਹੀ ਕੀਤਾ। ਅਮਲੀ ਅਗੋਂ ਕਹਿਣ
ਲਗਾ, ਇੰਨੀ ਦੂਰ ਤੁਹਾਨੂੰ ਜੂ ਦਸਣ ਆਈ ਸੀ ਪਰ੍ਹੇ ਗੰਗਾ ਹੀ ਚਲੇ ਜਾਂਦੀ? ਆਖੋ ਜੀ ਵਾਹਿਗੁਰੂ।”
ਲੋਕ ਹੱਸ ਰਹੇ ਸਨ ਪਤਾ ਨਹੀ ਵਾਹਿਗੁਰੂ ਤੇ, ਅਮਲੀ ਤੇ ਜਾਂ ਬਾਬਿਆਂ ਦੀ ਅਕਲ ਤੇ।
ਧਰਮ ਦੇ ਅਰਥ।
ਇੱਕ ਪੰਡਤ ਜੀ ਕਿਸੇ ਵਕੀਲ ਸਾਹਬ ਦੇ ਘਰ ਕਿਸੇ ਕੰਮ ਉਸਨੂੰ ਮਿਲਣ ਗਏ। ਵਕੀਲ
ਸਾਹਬ ਕਿਸੇ ਰੁਝੇਵੇਂ ਵਿੱਚ ਸਨ। ਪੰਡਤ ਜੀ ਗੇਮ ਖੇਡਦੇ ਵਕੀਲ ਦੇ ਬੱਚੇ ਨਾਲ ਗਲੀਂ ਲਗ ਗਏ।
ਹੈਲੋ ਬੇਟੇ! ਬੇਟੇ ਭਲਾ ਕਦੀ ਰਾਮ ਦਾ ਨਾਮ ਲੈਂਦੇ ਹੋ?
ਨਹੀ! ਪਰ ਅੰਕਲ ਰਾਮ ਨਾਮ ਲੈਣ ਨਾਲ ਕੀ ਹੋਵੇਗਾ?
ਬੇਟੇ, ਰਾਮ ਨਾਮ ਜਪਣ ਨਾਲ ਸਵਰਗ ਵਿੱਚ ਥਾਂ ਮਿਲਦੀ ਹੈ?
ਹੱਛਾ! ਅੰਕਲ ਸਵਰਗ ਵਿੱਚ ਗੇਮ ਬੁਆਏ ਮਿਲੇਗਾ?
ਨਹੀ!
ਆਈਸ ਕਰੀਮ, ਕੋਕ ਬਗੈਰਾ ਮਿਲੇਗਾ?
ਨਹੀ!
ਉਥੇ ਟੀ. ਵੀ. ਫਰਿਜ਼, ਕੰਪਿਊਟਰ ਹੋਵੇਗਾ?
ਨਹੀ!
ਪੰਡਤ ਅੰਕਲ, ਮੇਰਾ ਸਿਰ ਨਾ ਖਾਉ ਮੈ ਨਹੀ ਜਾਣਾ ਕਿਤੇ ਇਥੋਂ?
ਮੁੱਲ ਦੀ ਅਰਦਾਸ।
“ਬਾਬਾ ਜੀ ਮੈਂ ਅਰਦਾਸ ਕਰਾਉਂਣੀ ਹੈ ਮੇਰਾ ਪਤੀ ਸ਼ਰਾਬ ਬਹੁਤ ਪੀਂਦਾ ਹੈ”।
ਭਾਈ ਜੀ ਅਰਦਾਸ ਕਰ ਦਿੰਦੇ ਹਨ ਪੰਜਾਹ ਡਾਲਰ ਜ੍ਹੇਬ `ਚ ਪਾਉਂਦੇ ਹਨ। ਘਰੇ
ਜਾਕੇ ਪਤਨੀ ਹੁਕਮ ਕਰਦੀ ਹੈ,
“ਅੱਜ ਤੋਂ ਸ਼ਰਾਬ ਬੰਦ! ਅਰਦਾਸ ਹੋ ਚੁਕੀ, ਹੋਰ ਨਹੀ ਚਲੇਗੀ।” ਬੋਤਲਾਂ ਰਾਕਟ
ਵਾਂਗ ਬੂਹਿਓਂ ਬਾਹਰ ਜਾਂਦੀਆਂ ਹਨ। ਇੱਕ ਦਮ ਸ਼ਰਾਬ ਛੱਡਣ ਕਾਰਨ ਪਤੀ ਦੀ ਸਰੀਰਕ ਦਸ਼ਾ ਚਿੰਤਾਜਨਕ ਹੋ
ਜਾਂਦੀ ਹੈ। ਪਤਨੀ ਫਿਰ ਭਾਈ ਜੀ ਕੋਲੇ ਜਾਂਦੀ ਹੈ,
“ਬਾਬਾ ਜੀ ਇੱਕ ਅਰਦਾਸ ਹੋਰ ਕਰੋ ਪਤੀ ਦੀ ਹਾਲਤ ਮਾੜੀ ਹੈ” ਭਾਈ ਜੀ ਅਗੋਂ
ਡਾਕਟਰ ਕੋਲੇ ਜਾਣ ਦੀ ਸਲਾਹ ਦਿੰਦੇ ਹਨ। ਡਾਕਟਰ ਦਸਦਾ ਹੈ ਕਿ ਬੌਡੀ ਅਲਕੂਹਲ ਹੋਣ ਕਰਕੇ ਥੋੜੀ-ਥੋੜੀ
ਕਰਕੇ ਛੱਡਣੀ ਪਵੇਗੀ ਨਹੀ ਤਾਂ ਇਹ ਮਰ ਵੀ ਸਕਦਾ। ਪਤਨੀ ਫਿਰ ਭਾਈ ਜੀ ਕੋਲ ਜਾਂਦੀ ਹੈ।
“ਬਾਬਾ ਜੀ, ਇੱਕ ਹੋਰ ਅਰਦਾਸ ਕਰਕੇ ਦੋ ਕੁ ਪੈਗ ਖੁਲਵਾ ਦਿਓ”
ਭਾਈ ਪੰਜਾਹ ਡਾਲਰ ਦੋ ਪੈਗ ਖੋਲ੍ਹਣ ਦੇ ਜ੍ਹੇਬ `ਚ ਹੋਰ ਪਾਉਂਦਾ ਹੈ ਤੇ
ਅਰਦਾਸ ਕਰਨ ਲਗਦਾ ਹੈ। ਜਦ ਉਹ ਦੋ ਪੈਗ ਤੇ ਪਹੁੰਚਦਾ ਹੈ ਤਾਂ ਮਗਰ ਖੜੋਤਾ ਪਤੀ ਬੋਲ ਪੈਂਦਾ ਹੈ,
“ਬਾਬਾ ਜੀ ਬੋਤਲ ਹੀ ਕਰ ਦਿਉ ਆਹ ਲਉ ਪੰਜਾਹ ਹੋਰ”! ! ਉਹ ਦੋ ਕੱਟ ਕੇ ਇੱਕ
ਕਰ ਦਿੰਦਾ ਹੈ ਤੇ ਨਾਲ ਬੋਤਲ ਜੋੜ ਦਿੰਦਾ ਹੈ।
ਚੰਗਾ ਕੌਣ?
ਮਾਲਕ ਰੋਟੀ ਖਾ ਰਿਹਾ ਹੈ ਉਸਦਾ ਪਾਲਤੂ ਕੁੱਤਾ ਵਿਹੜੇ ਵਿੱਚ ਬੈਠਾ ਲਗਾਤਾਰ
ਮਾਲਕ ਵਲ ਵੇਖ ਰਿਹਾ ਹੈ। ਮਾਲਕ ਬੁਰਕੀ ਤੋੜਦਾ ਹੈ, ਕੁੱਤਾ ਪੋਲੇ ਜਿਹੇ ਪੂਛ ਹਿਲਾਉਂਦਾ ਹੈ ਕਿ
ਸ਼ਾਇਦ ਤੋੜੀ ਗਈ ਬੁਰਕੀ ਮੇਰੇ ਲਈ ਹੈ ਪਰ ਮਾਲਕ ਅਪਣੇ ਮੂੰਹ ਵਿੱਚ ਪਾ ਲੈਂਦਾ ਹੈ, ਦੂਜੀ ਬੁਰਕੀ
ਮਾਲਕ ਫਿਰ ਤੋੜਦਾ ਹੈ ਕੁੱਤਾ ਫਿਰ ਪੋਲੇ ਜਿਹੇ ਪੂਛ ਹਿਲਾਉਂਦਾ ਹੈ ਪਰ ਮਾਲਕ ਇਸ ਵਾਰੀ ਵੀ ਤੋੜੀ ਗਈ
ਬੁਰਕੀ ਅਪਣੇ ਮੂੰਹ ਵਿੱਚ ਪਾ ਲੈਂਦਾ ਹੈ। ਇਸ ਤਰ੍ਹਾਂ ਮਾਲਕ ਲਗਾਤਾਰ ਬੁਰਕੀਆਂ ਤੋੜਦਾ ਅਪਣੇ ਮੂੰਹ
ਵਿੱਚ ਪਾਉਂਦਾ ਚਲਾ ਜਾ ਰਿਹਾ ਹੈ ਪਰ ਕੁੱਤਾ ਅਖੀਰ ਤੱਕ ਨਿਰਾਸ਼ ਨਹੀ ਹੁੰਦਾ, ਨਾ ਉਹ ਗੁੱਸੇ `ਚ ਆ
ਕੇ ਘਰ ਛੱਡ ਕੇ ਜਾਂਦਾ ਹੈ ਸਗੋਂ ਮਾਲਕ ਜਦ ਰੋਟੀ ਖਾ ਕੇ ਉੱਠਦਾ ਹੈ ਕੁੱਤਾ ਪੂਛ ਹਿਲਾਉਂਦਾ ਮਾਲਕ
ਦੇ ਪੈਰਾਂ ਵਿੱਚ ਆ ਜਾਂਦਾ ਹੈ ਅਤੇ ਉਸ ਨੂੰ ਪਿਆਰ ਕਰਨ ਲੱਗਦਾ ਹੈ।
ਬਾਬਾ ਫੋਜਾ ਵਿੱਚ ਸਿੰਘ ਦੇ ਦੂਰੋਂ ਰਿਸ਼ਤੇਦਾਰੀ ਵਿਚੋਂ ਕਿਸੇ ਦੇ ਕੁੜੀ ਹੋਈ
ਮੁੰਡਾ ਕੋਈ ਨਹੀ ਹੋਇਆ, ਉਹ ਅੰਖਡ ਪਾਠ ਕਰਾਉਂਦੇ ਹਨ, ਫਿਰ ਕੁੜੀ ਹੋ ਜਾਂਦੀ ਹੈ। ਫਿਰ ਕਿਸੇ ਬਾਬਾ
ਜੀ ਦੇ ਕਹੇ ਵੱਡਾ ਸੰਪਟ ਪਾਠ ਕਰਾਉਂਦੇ ਹਨ ਪਰ ਫਿਰ ਕੁੜੀ ਹੋ ਜਾਂਦੀ ਹੈ ਤੇ ਆਖਰ ਉਹ ਹੁਣ ਅਪਣੇ
ਮਾਲਕ ਤੋਂ ਨਿਰਾਸ ਹੋ ਕੇ ਲਾਲਾਂ ਵਾਲੇ ਦਾ ਭੰਡਾਰਾ ਕਰਨ ਲੱਗ ਪਏ ਹਨ, ਵਿਚੇ ਹੀ ਸਖੀ ਸਰਵਰ ਦੇ ਰੋਟ
ਵੀ ਪਕਾ ਲੈਂਦੇ ਹਨ, ਵੈਸ਼ਨੋ ਦੇਵੀ ਦੀ ਯਾਤਰਾ ਵੀ ਕਰ ਆਏ ਹਨ, ਕੜਿਆਂ ਵਾਲੇ ਬਾਬੇ ਤੋਂ ਕੜਾ ਵੀ ਪਵਾ
ਆਏ ਹਨ ਪਰ ਕੁੜੀ ਫਿਰ ਹੋ ਜਾਂਦੀ ਹੈ
ਸੱਚ ਕੀ?
ਬਾਬਾ ਫੋਜਾ ਸਿੰਘ ਕਿਸੇ ਰਿਸ਼ਤੇਦਾਰ ਦੀ ਲੜਕੀ ਦੇ ਵਿਆਹ ਤੇ ਗਿਆ। ਵਿਆਹ ਤੋਂ
ਬਾਅਦ ਡੋਲੀ ਤੁਰਨ ਵੇਲੇ ਮਾਂ ਕੁੜੀ ਦੀ ਜ਼ਾਰੋ-ਜ਼ਾਰ ਰੋ ਰਹੀ ਸੀ ਆਖਰ ਧੀ ਸੀ, ਘਰੇ ਪਲੀ, ਪੜੀ, ਖੇਡੀ
ਤੇ ਵੱਡੀ ਹੋਈ ਸੀ। ਬਾਬੇ ਦਾ ਧਿਆਨ ਬੀਤੇ ਵਲ ਗਿਆ ਜਦ ਇਹੀ ਧੀ ਜੰਮੀ ਸੀ ਤਾਂ ਮਾਂ ਉਦੋਂ ਵੀ
ਹਸਪਤਾਲ ਦੇ ਬੈੱਡ ਤੇ ਅੱਜ ਵਾਂਗ ਹੀ ਰੋ ਰਹੀ ਸੀ।
ਥੋੜੇ ਚਿਰ ਬਾਅਦ ਉਸੇ ਮਾਂ ਦੀ ਇੱਕ ਵੱਡੀ ਧੀ ਅਚਾਨਕ ਬੀਮਾਰ ਪੈ ਕੇ ਮਰ ਗਈ
ਸੀ ਬਾਬਾ ਜਦ ਫਿਉਨਰਲ ਤੇ ਗਿਆ ਤਾਂ ਉਦੋਂ ਵੀ ਮਾਂ ਦਾ ਰੋਣਾ ਝੱਲਿਆ ਨਹੀ ਸੀ ਜਾ ਰਿਹਾ। ਅੱਜ ਧੀ
ਤੁਰਨ ਵੇਲੇ ਵੀ ਮਾਂ ਰੋ ਰਹੀ ਹੈ, ਬਾਬਾ ਸੋਚ ਰਿਹਾ ਸੀ ਕਿ ਕਿਹੜਾ ਰੋਣਾ ਸੱਚ ਮੰਨਿਆ ਜਾਵੇ। ਧੀ
ਜੰਮਣ ਵੇਲੇ ਦਾ, ਧੀ ਮਰਨ ਵੇਲੇ ਦਾ ਜਾਂ ਧੀ ਤੁਰਨ ਵੇਲੇ ਦਾ?
ਦੇਹਧਾਰੀ ਗੁਰੂ
ਬਾਬਾ ਫੋਜਾ ਸਿੰਘ ਪੰਜਾਬ ਗਿਆ ਉਸ ਦਾ ਇੱਕ ਪੁਰਾਣਾ ਮਿੱਤਰ ਮਿਲਿਆ, ਜਿਹੜਾ
ਕੰਨ `ਚ ਮੰਤਰ ਦੇਣ ਵਾਲਿਆਂ ਦਾ ਸੇਵਕ ਬਣ ਚੁੱਕਾ ਸੀ। ਉਹ ਬਾਬਾ ਫੋਜਾ ਸਿੰਘ ਕੋਲੇ ਵੀ ਪ੍ਰਚਾਰ ਕਰਨ
ਲੱਗ ਪਿਆ। ਬਾਬਾ ਕਾਫੀ ਦੇਰ ਸੁਣਦਾ ਰਿਹਾ। ਉਸ ਪੁਰਾਣੇ ਮਿੱਤਰ ਦੀ ਦਲੀਲ ਸੀ ਕਿ ਉਹ ਵੀ ਸ਼ਬਦ ਹੀ
ਦਿੰਦੇ ਹਨ ਜਦ ਕਿ ਗੁਰਬਾਣੀ ਵੀ ਸ਼ਬਦ ਹੀ ਹੈ ਪਰ ਜਿਉਂਦੇ ਜਾਗਦੇ ਗੁਰੂ ਦੀ ਅਹਿਮੀਅਤ ਨੂੰ ਝੁਠਲਾਇਆ
ਨਹੀ ਜਾ ਸਕਦਾ ਆਖਰ ਕੋਈ ਸ਼ਬਦ ਬਾਰੇ ਦਸੇਗਾ ਤਾਂ ਈਂ ਏ।
ਬਾਬਾ ਪੁੱਛਣ ਲਗਾ ਕਿ ਤੈਨੂੰ ਜੇ ਕਈ ਗੁੰਝਲ ਪੈ ਜਾਏ ਪਰ ਸੁਆਮੀ ਜੀ ਦੀ ਦੇਹ
ਕਨੇਡਾ ਅਮਰੀਕਾ ਦੀਆਂ ਲੰਮੀਆਂ ਉਡਾਰੀਆਂ ਤੇ ਹੋਵੇ ਫੇਰ ਤੂੰ ਕੀ ਕਰੇਂ?
ਲੈ ਇਹ ਕੀ ਔਖਾ ਏ ਗੁਰੂ (ਸੁਆਮੀ) ਜੀ ਦੇ ਬੱਚਨ ਪੜ ਕੇ ਆਪੇ ਕੋਸ਼ਿਸ਼ ਕਰ
ਲਈਦੀ ਏ!
ਆਪ ਪੜਨ ਨਾਲ ਕੀ ਤੇਰਾ ਸੌਰ ਜਾਂਦਾ ਜਾਂ ਸੁਆਮੀ ਦੀ ਇੰਤਜਾਰ ਕਰਨੀ ਪੈਂਦੀ
ਹੈ।
ਆਖਰ ਬੰਦਾ ਇੰਨ੍ਹਾ ਗੱਧਾ ਵੀ ਨਹੀ ਹੁੰਦਾ ਕਿ ਉਹਨੂੰ ਆਪ ਨੂੰ ਪਤਾ ਹੀ ਕੁੱਝ
ਨਾ ਲੱਗੇ।
ਜੇ ਤੂੰ ਇੰਨਾ ਗੱਧਾ ਨਹੀ ਸੀ ਤਾਂ ਇਹੀ ਕੁੱਝ ਗੁਰੂ ਗਰੰਥ ਸਾਹਿਬ ਕੋਲੋਂ ਹੀ
ਆਪੇ ਪੜ ਕੇ ਸਮਝ ਲੈਂਦਾ, ਦੇਹਧਾਰੀ ਦੀ ਝੂਠੀ ਪ੍ਰਸਾਦੀ ਖਾਣ ਤੇ ਥੁੱਕ ਚੱਟਣ ਦੀ ਕੀ ਲੋੜ ਸੀ।
ਬਾਬੇ ਦਾ ਮਿੱਤਰ ਔਖਾ ਹੁੰਦਾ ਚਲਾ ਗਿਆ ਫਿਰ ਉਸ ਬਾਬੇ ਨੂੰ ਨਹੀ ਕਵਾਇਆ।
ਅਲਾਰਮ।
ਬੇਸਮਿੰਟ ਦਾ ਫਾਇਰ ਅਲਾਰਮ ਸਵੇਰੇ ਇੱਕ ਵਾਰ ਜਰੂਰ ਖੜਕਦਾ ਹੈ। ਹੁਣ ਇਹ ਆਮ
ਜਿਹੀ ਵਰਗੀ ਗੱਲ ਹੋ ਗਈ ਹੈ ਪਹਿਲਾਂ ਪਹਿਲ ਇਹ ਬਹੁਤ ਖਤਰਨਾਕ ਲਗਦਾ ਸੀ। ਪਰ ਹੇਠਾਂ ਵਾਲੀ ਅੰਟੀ ਨੇ
ਬਾਬਾ ਫੋਜਾ ਸਿੰਘ ਦੀ ਨੂੰਹ ਨੂੰ ਦੱਸ ਦਿੱਤਾ ਸੀ ਕਿ ਅੰਕਲ ਤੇਰਾ ਆਲੂਆਂ ਵਾਲੇ ਪਰੌਠਿਆਂ ਤੋਂ ਬਿਨਾ
ਨਹੀ ਰਹਿੰਦਾ ਇਸ ਲਈ ਧੂੰਏ ਕਰਕੇ ਇਹ ਖੜਕਦਾ ਹੈ ਤੁਸੀਂ ਫਿਕਰ ਨਹੀ ਕਰਨਾ। ਹਾਂਅ!
ਇੱਕ ਦਿਨ ਵੀਕਐਂਡ ਤੇ ਬਾਬੇ ਦੀ ਨੂੰਹ ਸਵੇਰੇ ਗਰੌਰਸੀ ਲੈਣ ਚਲੀ ਤਾਂ ਹੇਠਾਂ
ਵਾਲੇ ਅੰਟੀ-ਅੰਕਲ ਚਿੱਟੇ-ਚਿੱਟੇ ਜਿਹੇ ਬਣਕੇ ਪਤਾ ਨਹੀ ਕਿਹੜੀ ਮੁਹਿੰਮ ਤੇ ਚਲੇ ਸਨ ਕਿ ਕੁੜੀ ਨੇ
ਸੁਭਾਇਕੀਂ ਪੁੱਛ ਲਿਆ।
ਅੰਟੀ ਸਵੇਰੇ ਸਵੇਰ ਕਿਧਰ ਦੀ ਤਿਆਰੀ ਹੋ ਗਈ?
ਕਿਧਰ ਕੁਧਰ ਦੀ ਕਾਹਦੀ ਕੁੜੀਏ, ਕਈ ਦਿਨਾ ਦਾ ਸਿਰ ਨਹੀ ਦੁਖਣੋਂ ਹੱਟਦਾ
ਅੰਕਲ ਤੇਰੇ ਦਾ, ਮੈਂਨੂੰ ਕਿਸੇ ਦਸਿਆ ਕਿ ਇੱਕ ਬਾਬਾ ਜੀ ਆਏ ਹਨ ਇਕੋ ਪੁੜੀ ਦੇਕੇ ਭਲਾ ਕਰ ਦਿੰਦੇ।
ਕੋਈ ਸ਼ੈਅ-ਸ਼ੂਅ ਵੀ ਹੋਵੇ ਤਾਂ ਜਾਂਦੀ ਲੱਗਦੀ।
ਸੁਣਕੇ ਕੁੜੀ ਦਾ ਹਾਸਾ ਨਿਕਲ ਚਲਿਆ ਸੀ, ਉਸਨੂੰ ਇੱਕ ਦਮ ਅਲਾਰਮ ਦਾ ਸ਼ੋਰ
ਯਾਦ ਆ ਗਿਆ ਪਰ ਉਸ ਹਾਸਾ ਰੋਕਦਿਆਂ ਕਿਹਾ।
ਅੰਟੀ ਕਿਸੇ ਡਾਕਟਰ ਕੋਲੇ ਜਾਣਾ ਸੀ ਕਈ ਵਾਰੀ ਬਲੱਡ ਜਾਂ ਕਲੈਸਟਰ ਬਗੈਰਾ ਹੀ
ਵਧਿਆ ਹੁੰਦਾ।
ਡਾਕਟਰਾਂ ਨੂੰ ਸੁਆਹ ਪਤੈ, ਮੇਰੇ ਗੋਡੇ ਹਾਲੇ ਤੱਕ ਨਹੀ ਰੁੱਕ ਆਏ ਇਹਨਾ ਤੋ,
ਇੰਡੀਆ ਬਾਬਾ ਜੀ ਨੇ ਇਕੇ ਪੁੜੀ ਦਿੱਤੀ ਤੇ ਹੱਟਗੇ।
ਪਰ ਹੁਣ ਠੀਕ ਨੇ? ਕੁੜੀ ਨੇ ਅੰਟੀ ਦੇ ਢੀਚਕ ਵਲ ਧਿਆਨ ਦਿਵਾਉਂਦਿਆਂ
ਪੁੱਛਿਆ।
ਠੀਕ ਧੀਏ ਕਾਹਦੇ, ਬਾਬਾ ਜੀ ਨੇ ਕੁੱਝ ਉਪਾਅ ਕਹੇ ਸਨ ਉਹ ਕਰ ਨਹੀ ਹੋਏ ਇਸ
ਵਿੱਚ ਬਾਬਾ ਜੀ ਵਿਚਾਰਿਆਂ ਦਾ ਕੀ ਦੋਸ਼।
ਅੰਟੀ ਅੰਕਲ ਬੱਸੇ ਚੜਕੇ ਪਤਾ ਨਹੀ ਕਿਹੜੇ ਬਾਬਾ ਜੀ ਕੋਲੇ ਜਾ ਕੇ ਆਏ ਪਰ
ਅੰਕਲ ਦੀ ਹਾਲਤ ਉਂਝ ਹੀ ਸੀ। ਅਗਲੀ ਸਵੇਰ ਅਲਾਰਮ ਫਿਰ ਖੜਕਿਆ। ਅਗਲੀ ਸਵੇਰੇ ਅੰਟੀ ਅੰਕਲ ਫਿਰ ਤੁਰੇ
ਜਾਣ। ਕੁੜੀ ਨੇ ਫਿਰ ਪੁੱਛ ਲਿਆ।
ਅੰਕਲ ਸਿਰ ਹੱਟਿਆ ਨਹੀ? ਕੀ ਅੱਜ ਫਿਰ ਚਲੇਂ ਬਾਬਾ ਜੀ ਕੋਲੇ?
ਨਹੀ ਧੀਏ, ਸਾਰੀ ਰਾਤ ਸੌਂ ਨਹੀ ਸਕਿਆ ਅੰਕਲ ਤੇਰਾ, ਕੋਈ ਫਰਕ ਨਹੀ ਪਿਆ ਇਸ
ਵਾਰੀ ਪੁੜੀ ਨਾਲ, ਕੋਈ ਵ੍ਹਡੀ ਹੀ ਬਲਾਅ ਲਗੱਦੀ। ਅੱਜ ਤਾਂ ਡਾਕਟਰ ਦੇ ਲੈ ਕੇ ਚਲੀ ਆਂ। ਹਾਂਅ!
ਉਸ ਤੋਂ ਬਾਅਦ ਅਲਾਰਮ ਨਹੀ ਖੜਕਿਆ, ਹੁਣ ਅੰਕਲ ਦਾ ਸਿਰ ਠੀਕ ਸੀ ਪਰ
ਪੁੜੀ……! ! !
ਰੱਬ ਦੇ ਰੰਗ।
ਮਾਈ ਪ੍ਰਸਿੰਨੀ ਬਹੁਤ ਵ੍ਹਡੀ ਸ਼ਰਧਾਵਾਨ ਹੈ ਗੁਰੁ ਘਰ ਦੀ। ਉਹ ਹਰ ਰੋਜ ਨੇਮ
ਨਾਲ ਗੁਰਦੁਆਰੇ ਜਾਂਦੀ ਹੈ ਬੜੇ ਪ੍ਰੇਮ ਨਾਲ ਸੇਵਾ ਕਰਦੀ ਹੈ। ਝਾੜੂ ਪੋਚਾ ਤੋਂ ਲੈਕੇ ਜੂਠੇ ਬਰਤਨ
ਸਾਫ ਕਰਨ ਤਕ ਸੇਵਾ ਕਰਦੀ ਹੈ ਮਾਈ ਪ੍ਰਸਿੰਨੀ।
ਸੰਗਰਾਂਦ ਵਾਲੇ ਦਿਨ ਉਹ ਤੜਕਿਉਂ ਹੀ ਜੋੜਿਆਂ ਦੀ ਸੇਵਾ ਵਿੱਚ ਜੁੱਟ ਜਾਂਦੀ
ਹੈ। ਇੱਕ ਦਿਨ ਦੀ ਗਲ ਹੈ ਕਿ ਉਹ ਬੜੇ ਪ੍ਰੇਮ ਨਾਲ ਜੋੜਿਆਂ ਦੀ ਸੇਵਾ ਕਰ ਰਹੀ ਹੈ ਕਿ ਇੱਕ ਜੋੜਾ
ਹਾਲੇ ਸਾਫ ਕਰਕੇ ਉਸ ਰੱਖਿਆ ਹੀ ਸੀ ਕਿ ਅਚਾਨਕ ਅੰਦਰੋਂ ਮੱਥਾ ਟੇਕ ਕੇ ਨਿਕਲੀ ਉਹਨਾ ਦੀ ਗੋਹਾ
ਸੁੱਟਣ ਵਾਲੀ ਅੰਬੋਂ ਨੇ ਉਹੀ ਜੋੜਾ ਆਣ ਪਾਇਆ। ਮਾਈ ਪ੍ਰਸਿੰਨੀ ਪਤਾ ਲਗਦਿਆਂ ਸਾਰ ਹੀ ਕਿ ਇਹ ਜੋੜਾ
ਤਾਂ ‘ਮ੍ਹੱਜਬਣ` ਦਾ ਹੈ ਉਹ ਬਾਕੀ ਜੋੜੇ ਵਿਚੇ ਛੱਡ ਵਾਹਿਗੁਰੂ ਵਾਹਿਗੁਰੂ ਕਰਦੀ ਘਰ ਵਲ ਨੂੰ ਨੱਠ
ਉੱਠੀ।
ਸਮੇਤ ਕਪੜਿਆ, ਸਮੇਤ ਕੇਸੀਂ ਇਸ਼ਨਾਨ ਕੀਤਾ, ਨਵੇਂ ਕਪੜੇ ਪਾਏ, ਅਤੇ
ਗੁਰਦੁਆਰੇ ਆਕੇ ਭਿੱਟੇ ਜਾਣ ਦੀ ‘ਭੁੱਲ` ਬਖਸ਼ਵਾਈ ਤੇ ਫਿਰ ਸੇਵਾ ਵਿੱਚ ਜੁੱਟ ਗਈ।
ਹੁਣ ਮਾਈ ਪ੍ਰਸਿੰਨੀ ਬਹੁਤ ਬਿਰਦ ਹੋ ਗਈ ਹੈ, ਗੁਰਦੁਆਰੇ ਜਾਣਾ ਤਾਂ ਕੀ ਉਹ
ਘਰੇ ਅਪਣੀ ਕਿਰਿਆ ਵੀ ਸੋਧ ਨਹੀ ਸਕਦੀ। ਵਿਚੇ ਗੰਦ ਪੈ ਜਾਣ ਕਰਕੇ ਨੂੰਹ-ਪੁੱਤ ਲਾਗੇ ਲਗਣੋਂ ਹੱਟ ਗਏ
ਹਨ। ਤੇ ਆਖਰ ਮਾਈ ਦੀ ਸੇਵਾ ਅੰਬੋ ‘ਮ੍ਹੱਜਬਣ` ਦੇ ਹਿੱਸੇ ਆਈ ਹੈ। ਉਹੀ ਉਸਨੂੰ ਖਵਾਂਉਂਦੀ ਹੈ, ਉਹੀ
ਉਸ ਨੂੰ ਕਿਰਿਆ ਸੋਧਣ ਵਿੱਚ ਮਦਦ ਕਰਦੀ ਹੈ, ਉਹੀ ਉਸਨੂੰ ਚਾਹ ਜਾਂ ਪਾਣੀ ਪਿਲਾਉਂਦੀ ਹੈ, ਉਹੀ ਉਸਦੇ
ਗੰਦੇ ਕਪੜੇ ਬਦਲਦੀ ਹੈ ਤੇ ਮਾਈ ਪ੍ਰਸਿੰਨੀ ਅੰਬੋ ‘ਮ੍ਹੱਜਬਣ` ਦੀ ਸੇਵਾ ਤੇ ਖੁਸ਼ ਹੋਕੇ ਉਸਨੂੰ
ਲੱਖਾਂ ਅਸੀਸਾਂ ਦਿੰਦੀ ਹੁਣ ਭਿੱਟ ਤੋਂ ਬਚਣ ਦਾ ਕੋਈ ਉਪਾਅ ਨਹੀ ਕਰਦੀ ਹੈ, ਵਿਚਾਰੀ ਮਾਈ……
ਨੂੰਹ-ਧੀ-ਸੱਸ-ਮਾਂ।
ਨੂੰਹ ਕੰਮ ਤੋਂ ਆਉਂਦੀ ਹੈ ਤੇ ਸੱਸ ਜੀ ਬੜੇ ਅਹਿਸਾਨ ਨਾਲ ਆਖਦੀ ਹੈ।
ਆਹ ਸਾਂਭ ਬਈ ਆਪਦੇ ਜੁਆਕ ਸਿਰ ਖਪਾ ਮਾਰਦੇ, ਤੇ ਆਪ ਗੁਰਦੁਆਰੇ ਤੁਰ ਜਾਂਦੀ
ਹੈ।
ਅਗਲੇ ਦਿਨ ਧੀ ਆਉਂਦੀ ਤੇ ਆਪਦੇ ਤਿੰਨੇ ਨਿਆਣੇ ਮਾਂ ਕੋਲੇ ਸੁੱਟ ਜਾਂਦੀ ਹੈ।
ਸ਼ਾਮ ਨੂੰ ਜਦ ਉਹ ਬੱਚੇ ਲੈਣ ਆਉਂਦੀ ਤਾਂ ਮਾਂ ਧੀ ਨੂੰ ਬਿਠਾਉਂਦੀ ਹੈ, ਥੱਕੀ ਹੋਵੇਂਗੀ ਕਹਿਕੇ ਚਾਹ
ਧਰ ਦਿੰਦੀ ਹੈ। ਧੀ ਚਾਹ ਪੀ ਕੇ ਗੱਪ-ਸ਼ੱਪ ਕਰਕੇ ਬੱਚੇ ਲੈਕੇ ਤੁਰਨ ਲੱਗਦੀ ਹੈ ਤਾਂ ਮਾਂ ਡੂੰਗਾ ਇੱਕ
ਸਬਜੀ ਦਾ ਭਰ ਦਿੰਦੀ ਹੈ ਕਿ ਕਿਥੇ ਐਂਵੇ ਜਾਕੇ ਖਲਜਗਣ ਕਰਦੀ ਫਿਰੇਂਗੀ ਥੱਕੀ ਆਈਂ ਹੈਂ।
-ਸੱਸ ਗੁਰਦੁਆਰਿਉਂ ਤੁਰ ਕੇ ਆਉਂਦੀ ਹੈ। ਗੁਰਦੁਆਰਾ ਦੂਰ ਅਤੇ ਗਰਮੀ ਜਿਆਦਾ
ਹੋਣ ਕਰਕੇ ਸੱਸ ਜੀ ਦਾ ਬੁਰਾ ਹਾਲ ਹੈ ਤੇ ਉਹ ਆਉਂਦੀ ਸੋਫੇ ਤੇ ਡਿੱਗ ਪੈਂਦੀ ਹੈ। ਨੂੰਹ, ਉਸਦੀ ਧੀ
ਦਾ ਫੋਨ ਆਇਆ ਸੀ ਕਹਿਕੇ ਬੁੜ-ਬੁੜ ਕਰਦੀ ਉਪਰ ਚੜ ਜਾਂਦੀ ਹੈ।
ਥੋੜੇ ਚਿਰ ਬਾਅਦ ਅਚਾਨਕ ਨੂੰਹ ਦੀ ਮਾਂ ਆ ਜਾਂਦੀ ਹੈ, ਧੀ ਉਪਰੋਂ ਹੀ ਅਵਾਜ
ਸੁਣਕੇ ਹੇਠਾਂ ਦੌੜੀ ਆਉਂਦੀ ਹੈ। ਉਹ ਗੱਡੀ ਵਿੱਚ ਆਈ ਹੈ, ਉਸਦੇ ਦੇ ਨਾਂਹ ਨੁੱਕਰ ਕਰਦਿਆਂ ਵੀ ਧੀ
ਜੂਸ ਦਾ ਠੰਡਾ ਗਲਾਸ ਭਰ ਲਿਆਉਂਦੀ ਹੈ। ਉਸਦਾ ਹਾਲ-ਹਵਾਲ ਪੁੱਛਦੀ ਹੈ ਦੋਵੇਂ ਮਾਵਾਂ ਧੀਆਂ ਉਪਰ ਚੜ
ਜਾਂਦੀਆਂ ਹਨ ਧੀ ਦੀ ਕੀਤੀ ਸ਼ੋਪਿੰਗ ਦੇਖਣ। ਸੱਸ ਜੀ ਹਾਲੇ ਵੀ ਸੋਫੇ ਤੇ ਬੈਠੀ ਹੋਂਕ ਰਹੀ ਹੈ।
ਹਕੀਕਤ।
ਡਾਕਟਰ ਕਨੀਨਕ ਬੰਦ ਕਰਨ ਹੀ ਵਾਲੇ ਸਨ ਕਿ ਡਾਕਟਰ ਦੇ ਇੱਕ ਪੁਰਾਣੇ ਪੇਸ਼ਿੰਟ
ਦਾ ਫੋਨ ਆਇਆ। “ਡਾਕਟਰ ਸਾਹਬ ਪਲੀਜ ਹਾਲੇ ਜਾਇਆ ਜੇ ਨਾ, ਇੱਕ ਮਹਾਂਪੁਰਖ ਆਏ ਹਨ ਤੁਹਾਨੂੰ ਜਰੂਰ
ਉਹਨਾ ਨੂੰ ਮਿਲਾਉਂਣਾ ਹੈ। ਬਸ, ਮਿਲੋਂਗੇ ਤਾਂ ਜਾਣੋਗੇ। ਦੇਖਾ ਹੀ ਪਰਵਾਨ ਵਾਲੀ ਗੱਲ ਹੈ। ਨਾਲੇ
ਸਫਰ ਕਰਕੇ ਉਹਨਾ ਦੇ ਥੋੜਾ ਪੇਟ ਵਿੱਚ ਗੜਬੜ ਹੈ ਉਹ ਕਹਿੰਦੇ ਅੰਮ੍ਰਤਿਧਾਰੀ ਡਾਕਟਰ ਹੀ ਦੇਖਣਾ ਹੈ”।
ਡਾਕਟਰ ਦੀ ਸੈਕਟਰੀ ਜਾ ਚੁੱਕੀ ਸੀ ਪਰ ਉਹ ਮੂੰਹ-ਮੁਲਾਹਜੇ ਨੂੰ ਰੁੱਕ ਗਏ।
ਉSਝ ਉਹਨਾ ਦੇ ਮਨ ਵਿੱਚ ਅਜਿਹੇ ‘ਮਹਾਂਪੁਰਖ` ਨੂੰ ਮਿਲਣ ਦੀ ਕੋਈ ਇੱਛਾ ਨਹੀ ਸੀ ਜਿਹੜਾ ਡਾਕਟਰ ਵੀ
ਅੰਮ੍ਰਤਿਧਾਰੀ ਹੀ ਦੇਖਣਾ ਚਾਹੁੰਦਾ ਸੀ। ਉਹ ਸੋਚ ਰਹੇ ਸਨ ਕਿ ਡਾਕਟਰ ਤਾਂ ਅੰਮ੍ਰਤਿਧਾਰੀ ਹੋ ਗਿਆ
ਪਰ ਦਵਾਈਆਂ ਬਣਾਉਣ ਵਾਲੇ ਕੌਣ ਹੋ ਸਕਦੇ ਅਤੇ ਦਵਾਈਆਂ ਵਿੱਚਲਾ ਮਸਾਲਾ……
ਖੈਰ! ਕਲੀਨਕ ਅੱਗੇ ਆਕੇ ਇੱਕ ਵੈਨ ਰੁੱਕੀ, ਰੁੱਕਦਿਆਂ ਸਾਰ ਹੀ ਤਿੰਨ-ਚਾਰ
ਭਲਵਾਨਾ ਵਰਗੇ ਚੇਲੇ ਹੇਠਾਂ ਉੱਤਰ ਆਏ। ਇੱਕ ਦੇ ਹੱਥ ਵਿੱਚ ਪਰਨੇ ਦੇ ਦੋਂਹ ਲੜਾਂ ਨਾਲ ਦੋ ਬੋਤਲਾਂ
ਪਾਣੀ ਦੀਆਂ ਫੜੀਆਂ ਹੋਈਆਂ ਸਨ ਬਾਬਿਆਂ ਦੇ ਗੱਡੀ ਵਿਚੋਂ ਉੱਤਰਨ ਤੋਂ ਪਹਿਲਾਂ ਉਹਨੇ ਹੇਠਾਂ ਪਾਣੀ
ਛਿੜਿਕਿਆ ਬਾਬੇ ਉਸ ‘ਪਵਿੱਤਰ` ਹੋ ਗਈ ਥਾਂ ਤੇ ਉੱਤਰੇ ਤਾਂ ਚੇਲੇ ਨੇ ਦੂਜੀ ਬੋਤਲ ਨਾਲ ਬਾਬਾ ਜੀ ਦੇ
ਹੱਥ ‘ਸੁੱਚੇ` ਕਰਵਾਏ।
ਬਾਬਾ ਜੀ ਸਮੇਤ ਚੇਲਿਆਂ ਦੇ ਕਲੀਨਕ ਦੇ ਅੰਦਰ ਦਾਖਲ ਹੋਏ। ਡਾਕਟਰ ਨੇ ਉਹਨਾ
ਨੂੰ ਅੰਦਰ ਚੈਕਿੰਗ ਰੂਮ ਵਿੱਚ ਲਿਜਾ ਕੇ ਪੇਟ ਦੇਖਣ ਲਈ ਲਿਟਾ ਦਿੱਤਾ। ਜਦ ਡਾਕਟਰ ਸਾਹਬ ਬਾਬਿਆਂ ਦਾ
ਚੋਲਾ ਚੁੱਕ ਕੇ ਪੇਟ ਚੈੱਕ ਕਰਨ ਲੱਗੇ ਤਾਂ ਇੱਕ ਚੇਲੇ ਨੇ ਡਾਕਟਰ ਦਾ ਹੱਥ ਫੜ ਲਿਆ!
“ਡਾਕਟਰ ਸਾਹਬ ਚੋਲਾ ਚੁੱਕਕੇ ਸਰੀਰ ਨਹੀ ਛੁਹਣਾ, ਇੰਝ ਹੀ ਚੈੱਕ ਕਰ ਦਿਉ”!
ਡਾਕਟਰ ਦੀ ਡਾਕਟਰੀ, ਪੜਾਈ, ਸਾਰੀ ਉਮਰ ਦਾ ਤੁਰਜਬਾ ਅਤੇ ਸਿਰ ਖਪਾਈ ਇੱਕ
ਅਨ੍ਹਪੜ ਜਿਹੇ ਸਾਧ ਨੇ ਮਿੱਟੀ ਕਰ ਦਿੱਤੀ। ਡਾਕਟਰ ਹੈਰਾਨ ਸੀ ਕਿ ਜੇ ਮੇਰੇ ਹੱਥ ਇੰਨੇ ਹੀ ਭਿੱਟੇ
ਹਨ ਤਾਂ ਇਹਨੂੰ ਭੜੂਏ ਨੂੰ ਲੈਕੇ ਕੀ ਕਰਨ ਆਏ ਸੀ।
ਗੁਰਦੇਵ ਸਿੰਘ ਸੱਧੇਵਾਲੀਆ