.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 18)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਖਾਲਸਾ ਮੇਰੋ ਰੂਪ ਹੈ ਖਾਸ।

ਬਹੁਤ ਵੱਡੀਆਂ ਬਖਸ਼ਿਸ਼ਾਂ ਗੁਰੂ ਨੇ ਸਿੱਖਾਂ ਦੀ ਝੋਲੀ ਵਿੱਚ ਪਾਈਆਂ ਅਤੇ ਗੁਰਬਾਣੀ ਗੁਰੂ ਦੇ ਬਚਨਾਂ ਹੁਕਮਾਂ ਨੂੰ ਸਦਾ ਸਿਰ ਮੱਥੇ ਮੰਨਦੇ ਰਹਿਣ ਦੀ ਸਖ਼ਤ ਹਦਾਇਤ ਕਰਕੇ ਆਪ ਨਿਜ ਧਾਮ ਨੂੰ ਪਰਤ ਗਏ।

ਕਹਾਣੀਆਂ ਘੜੀ ਫਿਰਦੇ ਹਨ ਤੀਸਰੇ ਦਿਨ ਇੱਕ ਸਾਧ ਨੂੰ ਮਿਲੇ, ਫਲਾਨੇ ਥਾਂ ਸਾਧ ਬੈਠਾ ਸੀ ਘੋੜੇ ਸਮੇਤ ਉਥੇ ਦਸਵੇਂ ਪਾਤਸ਼ਾਹ ਆ ਗਏ। ਪਰ ਮੈਂ ਇਹਨਾਂ ਸਾਧਾਂ ਨੂੰ ਕਹਿਨਾ, ਨਹੀਂ! ਅਜੇ ਤੱਕ ਤੁਹਾਡੇ ਕੋਲ ਨਹੀਂ ਆਏ, ਨਾਂ ਹੀ ਆਉਣਗੇ। ਗੁਰੂ ਪੰਥ (ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੰਘ) ਤੁਹਾਨੂੰ ਜ਼ਰੂਰ ਮਿਲਣਗੇ। ਮਿਲਣਗੇ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਮਿਲਣ ਦਾ ਹੱਕ ਹੁੰਦਾ ਹੈ। ਸੋ ਮੈਂ ਗੱਲ ਕਰ ਰਿਹਾ ਸੀ "ਖਾਲਸਾ ਮੇਰੋ ਰੂਪ ਹੈ ਖਾਸ" ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਦੁਨੀਆਂ ਨੇ ਅੱਖੀਂ ਦੇਖਿਆ। ਖਾਲਸਾ ਰਾਜ ਕਾਇਮ ਕੀਤਾ ਹੱਕ ਸੱਚ ਵਾਸਤੇ ਜ਼ੁਲਮ ਦੇ ਖਿਲਾਫ ਜੂਝਦੇ ਨੂੰ ਅੰਤ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਾ ਪੈ ਗਿਆ। ਲੰਮਾ ਹੋ ਗਿਆ ਘੇਰਾ। ਮੁਗ਼ਲ ਹਕੂਮਤ ਆਗੂ ਸੋਚੀ ਬੈਠੇ ਸਨ ਕਿ ਇਹ ਬੰਦਾ ਸਿੰਘ ਰਿਧੀਆਂ ਸਿਧੀਆਂ ਦਾ ਮਾਲਕ ਰਿਹਾ ਹੈ ਉਡ ਕੇ ਨਾ ਚਲੇ ਜਾਵੇ। ਜੇ ਕੋਈ ਕੁੱਤਾ ਬਿੱਲਾ ਕਿਲੇ ਵਿਚੋਂ ਨਿਕਲਦਾ ਤਾਂ ਉਸ ਨੂੰ ਮਾਰ ਦਿੰਦੇ ਕਿਉਂਕਿ ਉਹਨਾਂ ਦਾ ਖਿਆਲ ਸੀ ਕਿ ਹੋਰ ਕੁੱਝ ਬਣਕੇ ਨਾ ਨਿਕਲ ਜਾਂਦਾ ਹੋਵੇ। ਕਿਲ੍ਹੇ ਦੇ ਬਾਹਰ ਮੰਤਰ ਪੜ੍ਹਨ ਵਾਲੇ ਮਾਂਦਰੀ ਬਿਠਾਏ ਹੋਏ ਸਨ। ਕਿਸੇ ਨੇ ਪੁੱਛਿਆ ਇਹ ਕੀ ਕਰਦੇ ਹਨ? ਜਵਾਬ ਮਿਲਿਆ ਇਹ ਮੰਤਰ ਪੜ੍ਹ ਰਹੇ ਹਨ ਤਾਂ ਕਿ ਕਿਲ੍ਹੇ ਦੇ ਅੰਦਰ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਖਤਮ ਹੋ ਜਾਵੇ। ਪਰ ਇਹਨ੍ਹਾਂ ਨੂੰ ਕੌਣ ਦੱਸੇ ਥੁੱਕਾਂ ਦੇ ਨਾਲ ਕਦੇ ਵੜੇ ਨਹੀਂ ਪੱਕਦੇ। ਇਥੇ ਇਕ ਬੜੀ ਵੱਡੀ ਗੱਲ ਦਾ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ। ਜਿਹੜੇ ਸਾਧ ਲੋਕਾਂ ਨੂੰ ਅੱਖਾਂ ਮੀਟ ਕੇ ਦਿਖਾਉਂਦੇ ਹਨ, ਗੈਬੀ ਸ਼ਕਤੀਆ ਦੇ ਦਾਅਵੇ ਕਰਕੇ ਭੋਲੇ ਭਾਲੇ ਸਮਾਜ ਦੇ ਲੋਕਾਂ ਨੂੰ ਲੁੱਟ ਰਹੇ ਹਨ। ਜੇ ਕੋਈ ਐਸੀ ਗੱਲ ਹੁੰਦੀ ਤਾਂ ਬੰਦਾ ਸਿੰਘ ਉਡ ਕੇ ਕਿਲ੍ਹੇ ਵਿਚੋਂ ਬਾਹਰ ਚਲੇ ਜਾਂਦੇ। ਇਹਨਾਂ ਸਾਧਾਂ ਦੇ ਚੇਲੇ ਝੂਠੋ ਝੂਠ ਕਹੀ ਜਾਂਦੇ ਹਨ ਕਿ ਫਲਾਨਾ ਬਾਬਾ ਉਸੇ ਟਾਈਮ ਬੰਬਈ ਵਿੱਚ ਸੀ ਅਤੇ ਉਸੇ ਵਕਤ ਜਲੰਧਰ ਬੈਠਾ ਸੀ। ਚੇਲਾ ਜਦੋਂ ਉਹੀ ਝੂਠ ਬਾਬੇ ਕੋਲ ਬੋਲਦਾ ਤਾਂ ਬਾਬਾ ਕਹਿੰਦਾ ਠੀਕ ਹੈ, ਗੱਲ ਇਹੀ ਹੈ, ਹੋਰ ਕਿਸੇ ਨੂੰ ਨਾ ਦੱਸੀਂ। ਇਹ ਕਹਾਣੀਆਂ ਇਹਨਾਂ ਨੇ ਕਈਆਂ ਸਾਧਾਂ ਨਾਲ ਜੋੜੀਆਂ ਹੋਈਆਂ ਹਨ ਇਹ ਜ਼ਿਕਰ ਅੱਗੇ ਚੱਲ ਕੇ ਕਰਾਂਗਾ। ਜਦੋਂ ਵੀ ਜੁਲਮ ਦਾ ਟਾਕਰਾ ਕੀਤਾ ਸਿੰਘਾਂ ਨੇ ਜਾਨ ਦੀ ਬਾਜ਼ੀ ਲਾ ਕੇ ਕੀਤਾ ਕਿਸੇ ਵੀ ਸਾਧ ਦੀ ਗੈਬੀ ਸ਼ਕਤੀ ਨੇ ਕਦੇ ਕੱਖ ਨਹੀਂ ਕੀਤਾ ਅਤੇ ਨਾ ਹੀ ਇਹਨਾਂ ਦੇ ਪੱਲੇ ਕੱਖ ਹੈ। ਇਹ ਸਾਧ ਧਰਮ ਦਾ ਬੁਰਕਾ ਪਾ ਕੇ ਬੜੇ ਤਰੀਕੇ ਨਾਲ ਦੁਨੀਆਂ ਨੂੰ ਲੁੱਟ ਰਹੇ ਹਨ। ਮੈਂ ਆਪ ਦੀ ਖ਼ਿਦਮਤ ਅਰਜ਼ ਕਰ ਰਿਹਾ ਹਾਂ ਖਾਸ ਰੂਪ ਖਾਲਸਾ ਜੀ ਦੀ ਦਾਸਤਾਨ। ਅੰਤ ਬੰਦਾ ਸਿੰਘ ਬਹਾਦਰ ਨੂੰ ੭੦੦ ਸਿੰਘਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਸਿਆਣੇ ਕਹਿੰਦੇ ਸ਼ੇਰਾਂ ਨੂੰ ਪਿੰਜਰੇ ਵਿੱਚ ਪੈਣਾ ਔਖਾ ਹੁੰਦਾ ਹੈ। ਜਦ ਲਿਜਾ ਰਹੇ ਸੀ ਦਿੱਲੀ ਨੂੰ, ਤਾਂ ਹਾਥੀ ਉਪਰ ਦੋ ਮੁਗਲ ਸਿਪਾਸਲਾਰ ਬੰਦਾ ਸਿੰਘ ਦੇ ਨਾਲ ਬੱਧੇ ਹੋਏ ਸੀ ਸਵਾਲ ਉਠਿਆ। ਇਹ ਕਿਉਂ? ਉੱਤਰ ਮਿਲਿਆ ਕਿ ਬੰਦਾ ਸਿੰਘ ਬਹਾਦਰ ਕਿਤੇ ਉਡ ਨਾ ਜਾਵੇ ਤੇ ਇਹ ਬੰਦੇ ਇਸ ਕਰਕੇ ਹਨ ਕਿ ਡਰਦੇ ਮਾਰੇ ਇਹ ਨੇੜੇ ਬਹਿਣ ਨੂੰ ਤਿਆਰ ਨਹੀਂ ਸਨ। ਖਾਲਸਾ ਮੇਰੋ ਰੂਪ ਹੈ ਖਾਸ। ਦਿੱਲੀ ਵਿਖੇ ਜੋ ਬੀਤਿਆ, ਇੱਕ ਵੀ ਸਿੰਘ ਨੇ ਧਰਮ ਨਾ ਹਾਰਿਆ। ਰੋਜ਼ ੧੦੦-੧੦੦ ਸਿੰਘ ਖਿੜੇ ਮੱਥੇ ਸ਼ਹਾਦਤ ਨੂੰ ਪ੍ਰਵਾਨ ਕਰਦੇ ਰਹੇ। ਬੰਦਾ ਸਿੰਘ ਬਹਾਦਰ ਨੂੰ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ। ਬੱਚੇ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ ਗਿਆ ਜੰਬੂਰਾਂ ਨਾਲ ਮਾਸ ਨੋਚਿਆ ਗਿਆ। ਅੰਤ ਮਹਾਨ ਸੂਰਬੀਰ ਜੋਧਾ ਸ਼ਹਾਦਤ ਦਾ ਜਾਮ ਪੀ ਗਿਆ। ਆਪਣੇ ਚੱਲ ਰਹੇ ਸਵਾਸ ਉਹ ਭਾਰਤ ਦੇ ਮੁਰਦੇ ਲੋਕਾਂ `ਚ ਪਾ ਗਿਆ। ਆਪਣੇ ਖੂਨ ਦਾ ਤੇਲ ਬਣਾ ਕੇ ਉਹ ਸਦੀਆਂ ਤੋਂ ਬੁਝੇ ਹੋਏ ਦੀਵਿਆਂ ਵਿੱਚ ਪਾ ਗਿਆ।

ਇਹ ਸਾਧ ਜਿਹੜੇ ਸਦਾ ਝੂਠ ਦਾ ਆਸਰਾ ਲਈ ਬੈਠੇ ਹਨ ਕਹਿੰਦੇ ਉਹ ਤਾਂ ਗੁਰੂ ਬਣ ਬੈਠਾ ਸੀ। ਉਸਨੇ ਵਿਆਹ ਕਰਵਾ ਲਿਆ ਸੀ ਤਾਂ ਇਹ ਹਾਲਤ ਹੋਈ। ਇਹ ਖੁਸਰੇ ਸਾਧ ਵਿਆਹ ਕਰਵਾਉਣ ਨੂੰ ਪਾਪ ਜੁ ਸਮਝਦੇ ਹੋਏ। ਇਹ ਸਾਧ ਸਦਾ ਯਾਦ ਰੱਖਣ। ਜੀਊਂਦੇ ਨੂੰ ਖਤਰਾ ਹੈ ਮਰੇ ਹੋਏ ਨੂੰ ਕੋਈ ਖਤਰਾ ਨਹੀਂ। ਫੁੱਲ ਹਮੇਸ਼ਾਂ ਖਤਰੇ ਵਿੱਚ ਹਨ। ਕੰਡੇ ਕਦੇ ਖਤਰੇ ਵਿੱਚ ਨਹੀਂ ਹੁੰਦੇ। ਫੁੱਲ ਦੀ ਉਮਰ ਬੜੀ ਥੋੜੀ ਹੁੰਦੀ ਹੈ ਕੰਡੇ ਦੀ ਉਮਰ ਲੰਮੀ ਹੁੰਦੀ ਹੈ। ਮਰਦ ਖਤਰੇ ਵਿੱਚ ਹਨ ਖੁਸਰਿਆ ਨੂੰ ਕੀ ਖਤਰਾ ਹੈ?

ਉਸ ਤੋਂ ਬਾਅਦ ਸਿੰਘਾਂ ਤੇ ਮੁਸੀਬਤਾਂ ਹੀ ਮੁਸੀਬਤਾਂ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਮੁਗਲ ਹਕੂਮਤ ਦੇ ਜ਼ੁਲਮ। ਹਿੰਦੋਸਤਾਨ ਦਾ ਸਾਰਾ ਕੁੱਝ ਖਤਰੇ ਵਿਚ, ਬਹੂ ਬੇਟੀਆਂ ਟਕੇ ਟਕੇ ਤੇ ਵਿਕੀਆਂ। ਹਰ ਮੈਦਾਨੇ ਡੱਟਦੇ ਰਹੇ ਖ਼ਾਲਸੇ, ਸੱਚ ਸ਼ਮਾਂ ਤੋਂ ਕੁਰਬਾਨ ਹੁੰਦੇ ਰਹੇ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਟਿਆ ਗਿਆ। ਦੇਖੋ ਵੱਡੀ ਤੋਂ ਵੱਡੀ ਕੁਰਬਾਨੀ ਵਾਲੇ ਵੀ ਕਿਸੇ ਦੇ ਨਾਮ ਨਾਲ ਸੰਤ ਬ੍ਰਹਮ ਗਿਆਨੀ ਨਹੀ ਲੱਗਾ। ਉਧਰ ਨਿਰਮਲਿਆ ਆਦਿ ਸਾਧਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ' ਦੀ ਸੇਵਾ ਸੰਭਾਲ ਵਾਸਤੇ ਲਾਇਆ। ਇਹ ਲੱਗੇ ਬਾਣੀ ਨੂੰ ਮੰਤਰ ਰੂਪ ਵਿੱਚ ਪੜ੍ਹਨ ਰਾਮਾਇਣ ਦੀ ਤਰਜ ਤੇ ਲੱਗੇ ਪਾਠ ਰਟਨ ਕਰਨ। ਇਕੋਤਰੀਆਂ, ਸੰਪਟ, ਜੋਤਾਂ, ਮੌਲੀਆਂ, ਨਾਰੀਅਲ, ਕੁੰਭ ਘੜੇ ਮਰਯਾਦਾ ਬਣਾ ਦਿਤੀਆਂ। ਚੋਰ ਮੋਰੀਆਂ ਰਾਹੀਂ ਅੱਗੇ ਆਏ ਇਹ ਸੰਤ, ਮਹੰਤਾਂ ਦੇ ਰੂਪ ਵਿੱਚ ਗੁਰਦੁਆਰਿਆਂ ਤੇ ਕਾਬਜ ਹੋ ਗਏ। ਬਾਹਮਣੀ ਰੀਤਾਂ ਮਨਮੱਤੀਆਂ ਮਰਯਾਦਾ ਬਣਾ ਕੇ ਬੈਠ ਗਏ। ਗੁਰਦੁਆਰਿਆਂ ਵਿੱਚ ਵੰਨ ਸਵੰਨੀਆਂ ਕੁਰੀਤੀਆਂ ਕਰਨ ਲੱਗ ਪਏ। ਇਹ ਉਹੀ ਸਨ ਜਿਨ੍ਹਾਂ ਮਸੰਦਾਂ ਨੂੰ ਦਸਵੇਂ ਪਾਤਸ਼ਾਹ ਨੇ ਸਜ਼ਾ ਦਿੱਤੀ ਸੀ।

ਦੋ ਸਿੰਘ ਉਠੇ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ। ਸਿੰਘ ਸਭਾ ਲਹਿਰ ਦਾ ਜਨਮ ਹੋਇਆ। ਕਿਵੇਂ ਮੋਰਚੇ ਲਾਏ? ਕਿਵੇਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ? ੧੨-੧੩ ਸਾਲ ਦੀ ਮਿਹਨਤ ਸਦਕਾ ਸਿੱਖ ਰਹਿਤ ਮਰਯਾਦਾ ਹੋਂਦ ਵਿੱਚ ਆਈ। ਕਿਵੇਂ ਸਾਧਾਂ ਨੇ ਆਪਣੀਆਂ ਆਪਣੀਆਂ ਮਰਯਾਦਾ ਬਣਾ ਕੇ ਇਸ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆ ਉਡਾਈਆਂ ਆਪ ਇਸ ਪੁਸਤਕ ਦੇ ਦੂਸਰੇ ਭਾਗ ਵਿੱਚ ਪੜ੍ਹ ਆਏ ਹੋ ਜਿਨ੍ਹਾਂ ਨਹੀਂ ਪੜਿਆ ਉਹ ਉਥੇ ਪੜ੍ਹੋ।

ਹੁਣ ਤੀਜੀ ਵਾਰ ਫਿਰ ਇਹ ਸੰਤ ਮਹੰਤ ਬਹੁਤ ਜਿਆਦਾ ਗਿਣਤੀ ਵਿੱਚ ਪੈਦਾ ਹੋ ਗਏ ਹਨ। ਗੁਰਬਾਣੀ ਸੱਚ ਦੇ ਉਲਟ ਇਹ ਰੋਜ਼ ਨਵੀਆਂ ਕਹਾਣੀਆਂ, ਨਵੇਂ ਸਿਧਾਂਤ, ਵਹਿਮ ਭਰਮ, ਕਰਮ ਕਾਂਡ, ਥਾਂ-ਥਾਂ ਭੁਲੇਖੇ, ਨਵੀਆਂ ਨਵੀਆਂ ਮਰਯਾਦਾ ਘੜ ਰਹੇ ਹਨ ਉਨਾਂ ਨੁਕਸਾਨ ਵੈਰੀ ਵੀ ਨਹੀਂ ਕਰ ਸਕੇ ਜਿੰਨਾਂ ਇਹਨਾਂ ਸਾਧਾਂ ਸੰਤਾਂ ਨੇ ਕੀਤਾ ਹੈ। ਸਿੱਖ ਕੌਮ ੧੦੦ ਧੜੇ ਵਿੱਚ ਵੰਡੀ ਹੋਈ ਹੈ ਹਜਾਰਾਂ ਮਰਯਾਦਾ ਇਹਨਾਂ ਕਿਵੇਂ ਬਣਾਈਆਂ? ਕਿਵੇਂ ਇਹਨਾਂ ਗੁਰਬਾਣੀ ਗੁਰੂ ਤੋਂ ਦੂਰ ਕੀਤਾ? ਇਹਨਾਂ ਆਪਣੇ ਪੈਰ ਪੂਜਾਏ। ਭੋਲੇ ਭਾਲੇ ਸਿੱਖਾਂ ਨੂੰ ਭੁਲੇਖੇ ਪਾ ਰਹੇ ਹਨ ਕਿ ਗੁਰੂ ਇਹੀ ਹਨ ਇਹ ਗੁਰੂ ਤੋਂ ਵੀ ਵੱਡੇ ਬਣ ਬਣ ਕੇ ਬੈਠ ਰਹੇ ਹਨ। ਨਕਲੀ ਦੇਹਧਾਰੀ ਗੁਰੂ ਅਤੇ ਇਹ ਸੰਤਾਂ ਮਹੰਤਾਂ ਦੇ ਕਦੇ ਕਿਤੇ ਉਂਗਲ ਨੂੰ ਵੀ ਖੂਨ ਨਹੀਂ ਲੱਗਾ। ਇਹਨਾਂ ਦੀਆਂ ਲਿਖੀਆਂ ਕਿਤਾਬਾਂ ਗੁਰਮਤਿ ਸਿਧਾਂਤ ਦਾ ਖੰਡਨ ਕਰ ਰਹੀਆਂ ਹਨ ਅਤੇ ਇਹਨਾਂ ਦੀਆਂ ਸੁਣਾਈਆਂ ਕਥਾ ਕਹਾਣੀਆਂ ਵੀ ਗੁਰਮਤਿ ਸਿਧਾਂਤਾਂ ਦਾ ਖੰਡਨ ਕਿਵੇਂ ਕਰ ਰਹੀਆਂ ਹਨ ਆਪ ਇਹਨਾਂ ਪੁਸਤਕਾਂ ਵਿੱਚ ਪੜ੍ਹ ਰਹੇ ਹੋ।
.