.

ਸਿੱਖ ਵੀ ਬ੍ਰਹਾਮਣ ਵਾਂਗ ਭਿੱਟੇ ਜਾਂਦੇ ਹਨ…! ! !

ਗੁਰੂ ਨਾਨਾਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਅੱਗ ਲਿਆਉਂਣ ਨੂੰ ਕਿਹਾ ਪਰ ਬ੍ਰਹਾਮਣ ਨੇ ਅੱਗ ਨਹੀ ਦਿੱਤੀ। ਭਾਈ ਸਾਹਬ ਫਿਰ ਗਏ ਫਿਰ ਮੋੜ ਦਿੱਤਾ। ਗੁਰੂ ਜੀ ਕਹਿਣ ਲੱਗੇ ਕਿ ਬਿਨਾ ਪੁੱਛੇ ਚੁੱਕ ਲਿਆ। ਭਾਈ ਸਾਹਬ ਗੁਰੂ ਜੀ ਦਾ ਬਚਨ ਮੰਨ ਕੇ ਅੱਗ ਚੁੱਕ ਲਿਆਏ ਪਰ ਪਾਂਡਾ ਮੱਚਦੀ ਅੱਗ ਦਾ ਚੌਅ ਲੈ ਕੇ ਮਗਰ ਦੌੜਿਆ। ਭਾਈ ਮਰਦਾਨਾ ਜੀ ਗੁਰੂ ਜੀ ਕੋਲੇ ਪਹੁੰਚ ਚੁੱਕੇ ਸਨ। ਪਰ ਮਰੂਆ ਜਿਹਾ ਪਾਂਡਾ ਇੱਕ ਤਗੜੇ ਜੁੱਸੇ ਵਾਲੇ ਭਰ ਜੁਆਨ ਖੜੇ ਬਾਬੇ ਨੂੰ ਵੇਖ ਠਠੰਬਰ ਗਿਆ। ਹਿੰਮਤ ਨਹੀ ਪਈ ਕਿ ਭਾਈ ਮਰਦਾਨੇ ਨੂੰ ਹੱਥ ਲਾ ਜੇ। ਪਰ ਕ੍ਰੋਧ ਵਿੱਚ ਸੜਿਆ ਮੁੰਹੋਂ ਝੱਗ ਸੁਟਣ ਲੱਗ ਪਿਆ। ਗੁਰੂ ਜੀ ਨੇ ਨਿਮਰਤਾ ਭਰੇ ਬੱਚਨਾ ਨਾਲ ਪਾਂਡੇ ਨੂੰ ਸ਼ਾਂਤ ਕੀਤਾ, ਕੋਲ ਬੈਠਾਇਆ। ਜਾਣਦੇ ਹੋਏ ਵੀ ਉਸਦਾ ਕ੍ਰੋਧ ਠੰਡਾ ਕਰਨ ਲਈ ਕਾਰਨ ਪੁੱਛਿਆ ਤਾਂ ਪਾਂਡੇ ਨੇ ਦੱਸਿਆ ਕਿ ਮੇਰੇ ਚੁੱਲੇ ਵਿਚੋਂ ਅੱਗ ਲੈ ਕੇ ਇਸ ਮੇਰਾ ਚੌਂਕਾ ਭਿੱਟ ਦਿੱਤਾ ਹੈ। ਪਰ ਕੀ ਗੁਰੂ ਜੀ ਨੇ ਮੰਨ ਲਿਆ ਕਿ ਚੌਂਕਾ ਭਿੱਟਿਆ ਗਿਆ? ਨਹੀ! ਗੁਰੂ ਜੀ ਨੇ ਪਾਂਡੇ ਨੂੰ ਦੱਸਿਆ ਕਿ ਇੰਝ ਕਦੇ ਕੋਈ ਨਹੀ ਭਿੱਟਿਆ ਜਾਂਦਾ, ਆ ਤੈਨੂੰ ਦੱਸਾਂ ਕਿ ਭਿੱਟ ਕਿੰਝ ਹੋਈਦਾ ਹੈ!

ਸਲੋਕ ਮ: 1॥ ਕੁਬੁਧਿ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲਿ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ॥ ਨਾਨਾਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ॥ 1॥ {ਪੰਨਾ 91}

ਪਾਂਡੇ ਨੂੰ ‘ਜੂਠਾ’ ਹੋਇਆ ਚੌਂਕਾ ਭੁੱਲ ਗਿਆ, ਅੱਗ ਦਾ ਚੌਅ ਮਾਰਿਆ ਚਲਾਕੇ ਤੇ ਗੁਰੂ ਜੀ ਦੇ ਚਰਨਾ ਤੇ ਡਿੱਗ ਪਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੇ ਰਾਜੇ ਆਏ, ਉਹ ਇਸੇ ਗੱਲੋਂ ਵਿਟਰ ਗਏ ਕਿ ਅਸੀਂ ‘ਜੱਟਾਂ-ਬੂਟਾਂ ਜਾਂ ਚੂਹੜੇ ਚਮਿਆਰਾਂ’ ਨਾਲ ਬੈਠ ਨਹੀ ਸਕਦੇ, ਸਾਡੀ ਪੰਗਤ ਅੱਡ ਕਰ ਦਿਉ ਸਾਡਾ ਅੰਮ੍ਰਤਿ ਵਾਲਾ ਬਾਟਾ ਅੱਡ ਕਰ ਦਿਉ ਅਸੀਂ ਤੁਹਾਡੇ ਨਾਲ ਹਾਂ। ਪਰ ਕੀ ਗੁਰੂ ਸਾਹਿਬ ਨੇ ਉਹਨਾ ਦੀ ਸ਼ਰਤ ਮੰਨ ਲਈ? ਜਦ ਕਿ ਉਸ ਸਮੇ ਬੰਦਿਆਂ ਦੀ ਸਖਤ ਜਰੂਰਤ ਸੀ। ਅੰਮ੍ਰਤਿਸਰ ਪ੍ਰਸ਼ਾਦ ਲੈ ਕੇ ਆਏ ਆਖੀਆਂ ਜਾਂਦੀਆਂ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਮੋੜ ਦਿਤਾ ਜਾਂਦਾ ਹੈ। ਪਰ ਕੀ ਸਿੱਖ ਕੌਮ ਨੇ ਇਹ ਮੋੜਿਆ ਜਾਣਾ ਮੰਨ ਲਿਆ? ਮੋਰਚਾ ਲੱਗਾ, ਲਹੂ ਡੁੱਲਿਆ, ਮਹੰਤ ਦੌੜੇ।

ਮਜੀਠੇ ਲਾਗੇ ਜੇਠੂਨੰਗਲ ਮੇਰੀ ਪਤਨੀ ਦੀ ਭੂਆ ਹੈ ਉਸ ਦੇ 13 ਕੁ ਸਾਲ ਦੇ ਪੋਤਰੇ ਨੇ ਇੱਕ ਸੰਪਰਦਾ ਕੋਲੋਂ ਅੰਮ੍ਰਤਿ ਛੱਕ ਲਿਆ। ਸਾਰੇ ਟੱਬਰ ਨੂੰ ਵੱਖਤ ਪੈ ਗਿਆ। ਭਾਂਡਾ ਜੂਠਾ, ਕੌਲੀ ਜੂਠੀ, ਚੁਮਚਾ ਕੱਢ ਕੇ ਦਾਲ ਦਾ ਲੂਣ ਵੇਖਣ ਨਾਲ ਦਾਲ ਜੂਠੀ, ਮਾਂ ਨੇ ਚੱਟਣੀ ਨੂੰ ਉਂਗਲ ਲਾਈ ਪਾਸੇ ਕਰਕੇ ਖੱਟੀ-ਮਿੱਠੀ ਵੇਖੀ, ਜੂਠੀ! ਰੋਟੀ ਪਕਾਉਦਿਆਂ ਸਿਰ ਤੋਂ ਅਨਜਾਣੇ ਲੀੜਾ ਲਹਿ ਗਿਆ, ਰਸੋਈ ਜੂਠੀ! ਬਾਹਰ ਸੁੱਕਣੇ ਪਾਏ ਕਪੱੜਿਆਂ ਨਾਲ ਕਿਸੇ ਦਾ ਜੇ ਕੱਪੜਾ ਲੱਗ ਗਿਆ, ਕੱਪੜਾ ਜੂਠਾ! ਚਾਹ ਪੀਂਦਿਆਂ ਇੱਕੇ ਪਲੇਟ ਵਿਚੋਂ ਜੇ ਕਿਸੇ ਹੋਰ ਨੇ ਬਿੱਸਕੁਟ ਲੈ ਲਿਆ, ਬਿੱਸਕੁਟ ਜੂਠੇ! ਪ੍ਰਵਾਰ ਸਾਂਝਾ ਹੈ, ਕਾਮਰੇਡਾਂ ਵਲੋਂ 84 ਵਿੱਚ ਉਸ ਪ੍ਰਵਾਰ ਨੇ ਸਿੱਖੀ ਵਲ ‘ਯੂ ਟਰਨ’ ਮਾਰੀ ਸੀ ਪਰ ਅੰਮ੍ਰਤਿ ਇਸ ਪਹਿਲੇ ਬੱਚੇ ਨੇ ਹੀ ਛਕਿਆ ਸੀ, ਉਸ ਵਲ ਵੇਖ ਬਾਕੀ ਬੱਚਿਆਂ ਪ੍ਰੇਰਨਾ ਲੈਣੀ ਸੀ ਕਿ ਗੁਰੂ ਕੇ ਬਣਦੇ, ਉਲਟਾ ਪਿਉ ਉਸਦਾ ਦੋਵੇ ਕੰਨ ਫੜਕੇ ਕਹਿ ਰਿਹਾ ਕਿ ਮੈਂ ਬਾਕੀ ਨਿਆਣੇ ਬ੍ਰਹਾਮਣ ਨਹੀ ਬਣਾਉਂਣੇ ਜੇ ਅੰਮ੍ਰਤਿ ਇਦਾਂ ਦਾ ਹੈ।

ਸਵੇਰੇ ਕੰਮ ਵਾਲਾ ਆਉਂਦਾ ਹੈ, ਉਸਦੇ ਸਿਰ ਵਿੱਚ ਗਤਾਵੇ ਵਾਲੀ ਤੂੜੀ ਹਾਲੇ ਵੀ ਦਿੱਸ ਰਹੀ ਹੈ, ਬਾਹਾਂ ਤੋਂ ਪਾਟੇ ਤੇ ਮੈਲੇ ਕੁੜਤੇ ਨਾਲ ਉਹ ਪਿੱਛੇ ਹੀ ਨਿੰਮੋਝੂਣਾ ਜਿਹਾ ਹੇਠਾਂ ਇੱਕ ਇੱਟ ਉਪਰ ਪੈਰਾਂ ਭਾਰ ਬੈਠਾ ਹੇ, ਮੁੰਡੇ ਦੀ ਦਾਦੀ ਅੰਦਰੋਂ ਆਉਂਦੀ ਹੈ, ਰਾਤ ਦੀ ਦਾਲ, ਸਾਡੇ ਲਈ ਬਣਾਇਆ ਰਾਤ ਦਾ ਵਧਿਆ ਜਰਦਾ (ਖੱਟੇ ਰੰਗ ਦੇ ਮਿੱਠੇ ਚੌਲ) ਤੇ 5-7 ਰੋਟੀਆਂ ਉਸਦੇ ਹੱਥਾਂ ਉਪਰ ਸੁੱਟ ਜਾਂਦੀ ਹੈ ਉਹ ਖਾਣ ਲੱਗਦਾ ਹੈ। ਉਸ ਵਲ ਵੇਖ ਮੈਨੂੰ ਕਿਰਤੀ ਭਾਈ ਲਾਲੋ ਯਾਦ ਆ ਜਾਂਦਾ ਹੈ। ਮੁੰਡਾ ਕੁਦਰਤੀ ਮੇਰੇ ਕੋਲੇ ਬੈਠਾ ਸੀ। ਮੈਂ ਉਸਨੂੰ ਪੁੱਛਦਾ ਹਾਂ ਕਿ ਦੱਸ ਇਸ ਬੰਦੇ ਲਾਗੇ ਤੈਨੂੰ ਕੋਈ ਬੈਠਾ ਦਿੱਸਦਾ ਹੈ? ਉਹ ਨਾਂਹ ਵਿੱਚ ਸਿਰ ਮਾਰਦਾ ਹੈ।

“ਪਰ ਮੈਨੂੰ ਜਾਪਦਾ ਜਿਵੇਂ ਗੁਰੂ ਨਾਨਕ ਇਸ ਮਨੁੱਖ ਦੇ ਨਾਲ ਬੈਠਾ ਹੋਵੇ ਕੀ ਤੈਨੂੰ ਨਹੀ ਦਿੱਸ ਰਿਹਾ ਹੈ” ? ਦੇਖ! ਇਸ ਮਨੁੱਖ ਦੇ ਸਾਂਭੇ ਪਸ਼ੂਆਂ ਦਾ ਤੂੰ ਹੁਣੇ ਆਲੂ ਵਾਲੇ ਪਰਾਂਉਠਿਆਂ ਨਾਲ ਕੌਲਾ ਦਹੀਂ ਦਾ ਖਾ ਕੇ ਹੱਟਿਆ ਹੈਂ, ਇਸ ਨੇ ਸਾਰੀ ਦਿਹਾੜੀ ਖੇਤਾਂ ਵਿੱਚ ਜਾਨ ਤੋੜਨੀ ਹੈ, ਤੇਰੀ ਇੱਕ-ਇੱਕ ਬੁਰਕੀ ਵਿੱਚ ਇਸ ਦੇ ਪਸੀਨੇ ਦੀ ਮਹਿਕ ਹੈ ਪਰ ਇਸ ਨਾਲ ਧੱਕਾ ਦੇਖ! ਇਹ ਤੇਰੀ ਵਾਲੀ ਕੁਰਸੀ ਤੇ ਹੋਣਾ ਚਾਹੀਦਾ ਸੀ ਤੇ ਤੂੰ ਉਥੇ, ਟੁੱਟੀ ਇੱਟ ਤੇ! ਨਹੀ? ਤੇ ਉਹ ਸੁੱਕੇ ਤੇ ਬਹੇ ਟੁੱਕਰ ਚੱਬ ਰਿਹਾ, ਪਰ ਤੂੰ? ਇਹ ਧੱਕਾ ਜੂਠ ਨਹੀ” ?

ਉਹ ਜਜਬਾਤੀ ਸੀ ਬੇਸ਼ਕ ਉਹ ਢਹੇ ਡੇਰੇਦਾਰਾਂ ਦੇ ਚ੍ਹੜ ਗਿਆ ਸੀ। ਉਸਦੀਆਂ ਅੱਖਾਂ ਵਿਚੋਂ ਪਾਣੀ ਸਿੰਮ ਆਇਆ, ਉਹ ਅੰਦਰ ਗਿਆ ਤੇ ਅੰਦਰੋਂ ਦਹੀਂ ਦੀ ਕੌਲੀ ਭਰ ਕੇ ਉਸ ਕਾਮੇ ਨੂੰ ਲਿਆ ਦਿੱਤੀ।

ਉਹਨੂੰ ਦੂਜੀ ਵਾਰ ਫਿਰ ਮੈਂ ਹਲੂਣਿਆਂ।

“ਹੌਸਲਾ ਹੈ ਕਿ ਇਸ ਨਾਲ ਬੈਠ ਕੇ ਜਾਂ ਇਸ ਦੇ ਹੱਥੋਂ ਲੈ ਕੇ ਖਾ ਸਕੇਂ” ? ਪਰ ਉਹ ਸੰਪਰਦਾਇਕ ਬ੍ਰਹਾਮਣੀ ਜਾਲ ਤੋੜਨ ਦੀ ਹਿੰਮਤ ਨਾ ਕਰ ਸਕਿਆ ਤੇ ਮੇਰੇ ਮੂੰਹ ਵਲ ਵੇਖ ਸਿਰ ਮਾਰ ਗਿਆ। ਮੈ ਉਠਿਆ ਉਸ ਕਾਮੇ ਹੱਥੋਂ ਇੱਕ ਰੋਟੀ ਲਈ ਤੋੜ ਕੇ ਮੂੰਹ ਵਿੱਚ ਪਾਈ ਤੇ ਉਸਨੂੰ ਪੁੱਛਿਆ ਕਿ ਦੱਸ ਸਿੰਘਾ ਮੇਰੇ ਵਿੱਚ ਕੁੱਝ ਭਿੱਟੇ ਜਾਣ ਵਾਲਾ ਤੈਨੂੰ ਦਿਸਿਆ? ਮੇਰਾ ਅੰਮ੍ਰਤਿ ਟੁੱਟ ਗਿਆ? ਗੁਰੂ ਮੇਰਾ ਸਾਰੀ ਉਮਰ ਆਖੇ ਜਾਂਦੇ ਨੀਵੇਂ ਮਿਰਾਸੀੇ ਨਾਲ ਬੈਠ ਕੇ ਖਾਂਦਾ ਰਿਹਾ ਉਹ ਤਾਂ ਭਿੱਟਿਆ ਨਾ ਗਿਆ।

…ਮੈਂ ਅਪਣੇ ਪਿੰਡ ਗਿਆ ਗਵਾਢੋਂ ਚਾਚਾ ਮੇਰਾ ਤੇ ਮੈ, ਬਾਹਰ ਸੂਏ ਵਲ ਸੈਰ ਕਰਨ ਨਿਕਲੇ, ਰਾਹ ਵਿੱਚ ਸਾਡੇ ਘਰੇ ਗੋਹੇ ਦਾ ਕੰਮ ਕਰਦੀ ਆਖੀ ਜਾਂਦੀ ਸਾਂਹਸਣ ਦਾ ਘਰ ਸੀ ਉਸਨੇ ਸਾਨੂੰ ਅਵਾਜ ਮਾਰ ਕੇ ਸਿਰਫ ਸੁਲ੍ਹਾ ਮਾਰਨ ਲਈ ਚਾਹ ਪਾਣੀ ਪੁੱਛਿਆ। ਮੈ ਕਿਹਾ ਬਣਾ ਅਸੀਂ ਆਏ। ਚਾਚਾ ਮੇਰਾ ਹੈਰਾਨ, ਜਿਵੇਂ ਮੈ ਕੋਈ ਗਜਬ ਦੀ ਗੱਲ ਕਰ ਦਿੱਤੀ ਹੋਵੇ। ਉਹ ਉਰੀ- ਪਰੀ ਜਿਹੀ ਕਰਨ ਲੱਗਾ ਕਿ ਆਪਾਂ ‘ਸਾਂਹਸਣ’ ਦੇ ਘਰੋਂ ਚਾਹ ਪੀਂਦੇ ਚੰਗੇ ਲਗਾਂਗੇ?

“ਪਰ ਜਦ ਤੂੰ ਇਸੇ ਸਾਂਹਸਣ ਦੇ ਘਰ ਵਾਲੇ ਹੱਥੋਂ ਸ਼ਰਾਬ ਦੇ ਘੜੇ ਕਢਾ-ਕਢਾ ਰੱਜਦਾ ਉਦੋਂ ਨਹੀ ਤੂੰ ਭਿੱਟਿਆ ਜਾਂਦਾ” ?

ਉਸਨੂੰ ਕੋਈ ਜਵਾਬ ਨਹੀ ਅਹੁੜਿਆ, ਉਸ ਮੇਰੇ ਨਾਲ ਬੈਠ ਚਾਹ ਪੀਤੀ ਪਰ ਚਾਹ ਪੀਂਦਿਆਂ ਉਹ ਆਲੇ ਦੁਆਲੇ ਚੋਰਾਂ ਵਾਂਗ ਦੇਖ ਰਿਹਾ ਸੀ ਕਿ ਕਿਤੇ ਕੋਈ ਪਿੰਡ ਵਾਲਾ ਦੇਖ ਤਾਂ ਨਹੀ ਰਿਹਾ?

ਅਸੀਂ ਇਹ ਨਹੀ ਕਹਿੰਦੇ ਕਿ ਇੰਝ ਕਰਨ ਨਾਲ ਹੀ ਸਿੱਖ ਹੋ ਸਕੀਦਾ ਪਰ ਅਸੀਂ ਗੁਰੂ ਸਾਹਿਬਾਨਾ ਦੇ ਜੀਵਨ ਤੋ ਸਿੱਖਿਆ ਕੀ ਲਈ? ਜੇ ਗੁਰੂ ਸਾਹਿਬਾਨ ਇੰਝ ਹੀ ਲੋਕਾਂ ਨਾਲ ਲੱਗ ਕੇ ਬਾਬਿਆਂ ਜਾਂ ਸੰਪਰਦਾਈਆਂ ਵਾਂਗ ਭਿੱਟਦੇ ਹੁੰਦੇ ਤਾਂ ਕਿਹੜਾ ਸਿੱਖ ਗੁਰੂ ਤੋਂ ਸਿਰ ਵਾਰਨ ਦਾ ਹੀਆ ਕਰਦਾ। ਗੁਰੂ ਨੇ ਲਿਤਾੜੇ ਜਾਂ ਆਖੇ ਜਾਂਦੇ ਨੀਵਿਆਂ ਨੂੰ ਜੱਫੀਆਂ `ਚ ਲਿਆ, ਉਹਨਾ ਦੇ ਪੁੱਤਰਾਂ ਵਾਂਗ ਮੂੰਹ ਚੁੰਮੇ, ਉਹਨਾ ਨਾਲ ਬੈਠ ਕੇ ਖਾਧਾ, ਕੀ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਤੋਂ ਦੂਰ ਬੈਠ ਕੇ ਖਾਦੇ ਸਨ? ਜਾਂ ਉਸ ਦਾ ਹੱਥ ਲਗੇ ਤੋਂ ਭਿੱਟ ਜਾਇਆ ਕਰਦੇ ਸਨ? 35 ਹਜਾਰ ਮੀਲ ਲੰਮਾ ਸਫਰ ਭਾਈ ਮਰਦਾਨਾ ਜੀ ਨਾਲ ਗੁਰੂ ਨਾਨਕ ਸਾਹਿਬ ਨੇ ਕੀਤਾ, ਉਹ ਨਹੀ ਭਿੱਟੇ, ਪਰ ਅੱਜ ਸੰਪਰਦਾਇਕ ਸਿੱਖ, ਸਿੱਖ ਦੇ ਘਰੇ ਪ੍ਰਸ਼ਾਦਾ ਛਕਣ ਲੱਗਾ ਵੀ ਭਿੱਟ ਜਾਂਦਾ ਹੈ, ਗੁਰੂ ਦੀ ਹਜੂਰੀ ਵਿਚੋਂ ਪ੍ਰਸ਼ਾਦ ਲੈਣ ਲੱਗਾ ਵੀ ਭਿੱਟ ਜਾਂਦਾ ਹੈ। ਇੱਕ ਅਜਿਹੇ ਸੰਪਰਦਾਇਕ ਬਜੁਰਗ ਦਾ ਜ਼ਿਕਰ ਕਰਨਾ ਕੁਥਾਂ ਨਹੀ ਹੋਵੇਗਾ ਜਿਹੜਾ ਅਖੌਤੀ ਮਜ੍ਹਬਣ ਵਲੋਂ ਧੋਤੇ ਕੱਪੜਿਆਂ ਨੂੰ ਫਿਰ ਪਾਣੀ ਵਿਚੋਂ ਕੱਢ ਕੇ ਖੁਦ ਅਪਣੇ ਹੱਥੀਂ ਸੁੱਕਣੇ ਪਾਉਂਦਾ ਸੀ। ਤੁਸੀਂ ਸਮਝ ਸਕਦੇ ਹੋ ਉਸ ਔਰਤ ਦੇ ਮਨ ਦੀ ਪੀੜਾ? ਕੀ ਉਹ ਜਿੰਦਗੀ ਵਿੱਚ ਕਦੇ ਸਿੱਖ ਬਣਨ ਬਾਰੇ ਸੋਚ ਵੀ ਜਾਵੇਗੀ?

ਗੁਰੂ ਅਰਜਨ ਸਾਹਿਬ ਜੀ ਤਰਨਤਾਰਨ ਵਾਲੇ ਸਰੋਵਰ ਦੀ ਸਾਰੀ ਥਾਂ ਤੇ ਪਿੰਗਲੇ ਤੇ ਕੋਹੜੀਆਂ ਦੀ ਹੱਥੀ ਸੇਵਾ ਕਰਦੇ ਤੇ ਉਹਨਾ ਨੂੰ ਗੋਦ ਵਿੱਚ ਲੈ ਕੇ ਮਲ੍ਹਮ ਪੱਟੀ ਕਰਦੇ, ਉਹਨਾ ਦੇ ਮੂੰਹ ਪੂੰਝਦੇ, ਉਹਨਾ ਨੂੰ ਹੱਥੀਂ ਖਵਾਉਂਦੇ, ਪਰ ਉਹ ਨਹੀ ਭਿੱਟੇ ਗਏ। ਲੁਕਾਈ ਐਵੇਂ ਨਹੀ ਸੀ ਸਿੱਖੀ ਮਗਰ ਟੁੱਟ ਕੇ ਪੈ ਗਈ, ਜੇ ਗੁਰੂ ਸਾਹਿਬਾਨ ਜਾਂ ਗੁਰੂ ਕੇ ਸਿੱਖ ਅੱਜ ਦੇ ਬ੍ਰਹਾਮਣਾ ਵਾਂਗ ਭਿੱਟੇ ਜਾਂਦੇ ਹੁੰਦੇ ਤਾਂ ਕੋਈ ਸਿੱਖ ਬਣਨ ਨੂੰ ਤਿਆਰ ਨਾ ਹੁੰਦਾ।

ਮੈਦਾਨੇ ਜੰਗ ਵਿੱਚ ਲੜਦਿਆਂ ਸੂਰਬੀਰਾਂ ਦੇ ਮੂੰਹ ਦੁਸ਼ਮਣ ਦੇ ਲਹੂ ਦੇ ਛਿੱਟਿਆਂ ਨਾਲ ਰੰਗੇ ਜਾਂਦੇ ਰਹੇ ਪਰ ਗੁਰੂ ਗੋਬਿੰਦ ਸਿੰਘ ਜੀ ਉਸੇ ਤਰ੍ਹਾਂ ਹੀ ਰੰਗੇ ਹੋਏ ਸਿੰਘਾਂ ਦੇ ਮੂੰਹ ਚੁੰਮਦੇ, ਉਹਨਾ ਨੂੰ ਅਸੀਸਾਂ ਦਿੰਦੇ, ਉਹਨਾ ਨੂੰ ਗਲਵੜੀਆਂ ਵਿੱਚ ਲੈਂਦੇ, ਪਰ ਉਹ ਭਿੱਟੇ ਨਹੀ ਗਏ। ਪਰ ਦੂਜੇ ਪਾਸੇ ਸੰਪਰਦਾਈਆਂ ਦੇ ਨਲਕੇ ਤੋਂ ਕੋਈ ਪਾਣੀ ਪੀ ਜਾਏ ਤਾਂ ਅੱਗ ਵਿੱਚ ਸਾੜ ਕੇ ਨਲਕਾ ‘ਪਵਿਤੱਰ’ ਕੀਤਾ ਜਾਂਦਾ ਹੈ, ਖੰਡੇ ਦੀ ਪਾਹੁਲ ਦੇਣ ਲੱਗਿਆਂ ਵੀ ਬਾਟਾ ਅੱਡ ਕੀਤਾ ਜਾਂਦਾ ਹੈ, ਪ੍ਰਸ਼ਾਦਾ ਉਪਰੋਂ ਕੁੱਤਿਆਂ ਵਾਂਗ ਸੁੱਟਿਆ ਜਾਂਦਾ ਹੈ ਕਿਉਂਕਿ ਇਹ ਸਾਡੇ ‘ਮਹਾਂਪੁਰਖ’ ਭਿੱਟੇ ਜਾਂਦੇ ਰਹੇ ਨੇ ਤੇ ਇਹੀ ਕਾਰਨ ਹੈ ਕਿ ਆਖੀਆਂ ਜਾਂਦੀਆਂ ਨੀਵੀਆਂ ਜਾਤਾਂ ਨੇ ਗਿਰਜਿਆਂ ਦਾ ਰਾਹ ਪੱਕੜ ਲਿਆ ਹੈ।

ਸਿੱਖੀ ਦੀ ਬਰਬਾਦੀ ਦਾ ਕਾਰਨ ਸਾਡੇ ਇਹ ਆਖੇ ਜਾਂਦੇ ਬ੍ਰਹਮਗਿਆਨੀ ਵੀ ਰਹੇ ਨੇ ਜੀਹਨਾ ਊਚ-ਨੀਚ, ਵੱਡਾ-ਛੋਟਾ, ਮਜ੍ਹਬੀ-ਚੂਹੜਾ, ਕੁੱਟ-ਕੁੱਟ ਕੇ ਸਾਡੇ ਹੱਡਾਂ ਵਿੱਚ ਭਰਿਆ ਤੇ ਅਸੀਂ ਉਹੀ ਵਿਵਹਾਰ ਉਹਨਾ ਨਾਲ ਕੀਤਾ ਜੋ ਬ੍ਰਹਾਮਣ ਆਖੇ ਜਾਂਦੇ ਸ਼ੂਦਰਾਂ ਨਾਲ ਕਰਦਾ ਸੀ। ਨਾਨਕਸਰੀਆਂ ਨੇ ਅਪਣੇ ਡੇਰੇ ਵਿਚੋਂ ਦੌੜੇ ਇੱਕ ‘ਮਜ੍ਹਬੀ’ ਨੂੰ ਹਜੂਰ ਸਾਹਬ ਸੰਗਲਾਂ ਨਾਲ ਜੂੜ ਕੇ ਕੁਟਾਇਆ ਸੀ ਕਿਉਂਕਿ ਉਹ ਉਥੋਂ ਦੌੜ ਕੇ ਹਜੂਰ ਸਾਹਬ ਅਪਣੇ ਆਪ ਨੂੰ ਮਹਿਰਾ ਦੱਸ ਕੇ ਲੰਗਰ ਵਿੱਚ ਸੇਵਾ ਕਰ ਰਿਹਾ ਸੀ ਜਦ ਕਿ ਉਹ ਅੰਮ੍ਰਤਿਧਾਰੀ ਸੀ। ਖਾਲਸੇ ਦੀ ਨਿਆਰੀ ਹੋਂਦ ਨੂੰ ਅੱਜ ਸਭ ਤੋਂ ਜਿਆਦਾ ਲੋੜ ਇਹਨਾ ਸੰਪਰਦਾਇਕ ‘ਉਚ ਜਾਤੀਆਂ’ ਤੋਂ ਬਚਾਉਂਣ ਦੀ ਹੈ ਜੀਹਨਾ ਹੋਰਾਂ ਨੂੰ ਸਿੱਖੀ ਵਲ ਆਉਂਣ ਦੇਣ ਦੇ ਰਾਹ ਪੱਕੇ ਤੌਰ ਤੇ ਬੰਦ ਕੀਤੇ ਹੋਏ ਹਨ।

ਗੁਰਦੇਵ ਸਿੰਘ ਸੱਧੇਵਾਲੀਆ




.