.

ਰੀ-ਵਿਊ

‘ਦਸਮ ਗ੍ਰੰਥ ਦਾ ਲਿਖਾਰੀ ਕੌਣ?’

(ਭਾਗ ਦੂਜਾ)

ਇਸ ਨਾਮ ਦੀ ਕੜੀ ਦੀਆਂ ਪੁਸਤਕਾਂ ਚੋਂ ਇਹ ਦੂਜੀ ਹੈ। ਲੇਖਕ ਤੇ ਛਾਪਕ ਜਸਬਿਂਦਰ ਸਿੰਘ ‘ਖਾਲਸਾ’ ਡੁਬਈ ਵਾਲੇ ਤੇ ਭਾਈ ਲਾਲੋ ਫਾਊਂਡੇਸ਼ਨ ਹਨ। ਦੂਜਾ ਸੰਸਕਰਣ (ਸਤੰਬਰ 2007)। ਮੁਲ 250 ਭਾਰਤੀ ਰੁਪਏ। ਸਾਈਜ਼ ਸਾਢੇ 22 x ਸਾਢੇ 14 ਸੈਂਟੀਮੀਟਰ।

(ਨੋਟ:- ਸਰਦਾਰ ਜਸਬਿੰਦਰ ਸਿੰਘਖਾਲਸਾਜੀ ਵਲੋਂ ਮਈ 2006 ਨੂੰ ਕੀਤਾ ਐਲਾਨ ਅਜੇ ਉਵੇਂ ਕਿਵੇਂ ਕਾਇਮ ਹੈ ਕਿ ਜਿਹੜਾ ਵਿਦਵਾਨ ਗੁਰਮਤਿ ਦੀ ਕਸਵੱਟੀ ਦੁਆਰਾਅਖੌਤੀ ਦਸਮ ਗ੍ਰੰਥ ਦਾ ਲੇਖਕ ਕੌਣ?’ ਦੇ ਨਿਰਨੇ `ਚ ਇਹ ਸਾਬਿਤ ਕਰ ਦੇਵੇ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਇਸ ਦੇ ਲਿਖਾਰੀ ਹਨ ਤਾਂ ਭਾਈ ਲਾਲੋ ਫਾਊਂਡੇਸ਼ਨ ਇੱਕ ਕ੍ਰੋੜ (ਦਸ ਮਿਲੀਅਨ) ਰੁਪਏ ਇਨਾਮ ਦੇਵੇਗੀ।)

ਕਿਤਾਬ, ਤਿੰਨ ਤਤਕਰਿਆਂ ਚੋਂ ਪਹਿਲੇ ਨਾਲ ਅਰੰਭ ਹੁੰਦੀ ਹੈ। ਇਹ ਅਖੌਤੀ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’, ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਲੋਂ ਛਾਪੇ ਦਸਮ ਗ੍ਰੰਥ ਦਾ ਤਤਕਰਾ ਹੈ। ਦੂਜਾ ਤਤਕਰਾ ‘ਕ੍ਰਿਸ਼ਨਾ ਅਵਤਾਰ’ ਦਾ ਵਿਸਥਾਰ ਪੂਰਬਕ ਹੈ ਜਿਹੜਾ ਹਿੰਦੂਆਂ ਦੀ ਧਰਮ ਪੁਸਤਕ ‘ਦਸਮ ਸਿਕੰਧ ਪੁਰਾਣ’ ਵਿਚਲੀ ‘ਕ੍ਰਿਸ਼ਨਾ ਅਵਤਾਰ’ ਕਹਾਣੀ ਤੇ ਅਖੌਤੀ ਦਸਮ ਗ੍ਰੰਥ ਦੇ ‘ਕ੍ਰਿਸ਼ਨਾ ਅਵਤਾਰ’ ਦੋਹਾਂ ਦਾ ਸਾਂਝਾ ਹੈ। ਅਖੌਤੀ ਦਸਮ ਗ੍ਰੰਥ ਦੀ ਇਸ ਕਹਾਣੀ ਨੂੰ ਕਵਿਤਾ ਵਿੱਚ ਰਚਣ ਵਾਲੇ ਦੋ ਕਵੀ “ਸਯਾਮ” ਤੇ “ਰਾਮ” ਹਨ। ਇਸ ਕਵਿਤਾ ਦੇ 2892 ਬੰਦ ਹਨ। ਤੀਜਾ ਤਤਕਰਾ, ਇਕੱਲੇ ‘ਦਸਮ ਸਿਕੰਧ ਪੁਰਾਣ’ ਦਾ ਹੈ ਜਿਸਦੇ 1192 ਬੰਦ ਹਨ।

ਮੇਰੀ ਜਾਚੇ, ‘ਖਾਲਸਾ’ ਜੀ ਨੇ ਪਾਠਕ ਦੀ ਸਹੂਲਤ ਨੂੰ ਮੁਖ ਰਖ ਕੇ ‘ਕੰਮਪੇਅਰ ਐਂਡ ਕੰਟਰਾਸਟ’ ਕਰਨ ਹਿਤ ਇਹ ਤਰਤੀਬ ਅਪਣਾਈ ਜਾਪਦੀ ਹੈ। ਸਾਰੀ ਕਿਤਾਬ ਇਸੇ ਤਰਤੀਬ ਵਿੱਚ ਬੱਧੀ ਚਲਦੀ ਹੈ। ਮਿਸਾਲ ਵਜੋਂ, ਜੇ ਮੈਂ ਸਫਾ 191 ਦੇਖਾਂ ਤਾਂ ਕ੍ਰਿਸ਼ਨਾਵਤਾਰ ਦੇ ਦੋ ਅਧਿਆਇ ਦੋਹਾਂ ਕਿਤਾਬਾਂ ਚੋਂ ਇਕੋ ਵੇਲੇ ਉਪਲਬਧ ਹਨ। ਜਿਵੇਂ 191 ਸਫੇ ਉਪਰ ‘ਅਥ ਪਰਦੁੰਮਨ ਸੰਬਰ ਕੋ ਬੱਧ, ਰੁਕਮਨ ਕੋ ਮਿਲੇ’ ਅਤੇ ‘ਅਥ ਸਤ੍ਰਾਜਿਤ ਸੂਰਜ ਤੇ ਮਨਿ ਲਿਆਏ, ਜਾਮਵੰਤ ਬੱਧ ਕਥਨੰ’ ਦੋਹਾਂ ਕਿਤਾਬਾਂ ਚੋਂ ਇਕੋ ਵੇਲੇ ਮੁਹੱਈਆ ਹਨ। ਅਖੌਤੀ ਦਸਮ ਗ੍ਰੰਥ ਚੋਂ ਟੂਕਾਂ ਬ-ਖੂਬੀ ਦਰਜ ਹਨ ਤਾਂ ਜੋ ਪਾਠਕ ਨੂੰ ਦੰਭੀ (ਪਖੰਡੀ) ਪੁਜਾਰੀਆਂ ਤੇ ਲੀਡਰਾਂ ਦੀ ਚਤੁਰ ਬੁਧੀ ਨਾਲ ਕੀਤੀ ਸਾਜਿਸ਼ ਜਾਹਰੀ ਨਜਰ ਪਵੇ।

‘ਕ੍ਰਿਸ਼ਨਾਵਤਾਰ’ ਕਵੀ ਸਯਾਮ ਦੀ ਨੌਵੀਂ ਰਚਨਾ ਹੈ। ਉਸ ਨੇ ਇਹ 1745 ਬਿ: ਨੂੰ ਪੂਰੀ ਕੀਤੀ ਜਦ ਕਿ ਰਾਮਾਵਤਾਰ 1755 ਬਿ: ਵਿੱਚ ਪੂਰਾ ਕੀਤਾ। ‘ਕ੍ਰਿਸ਼ਨਾਵਤਾਰ’ ਸ਼ੁਰੂ ਇਉਂ ਹੁੰਦਾ ਹੈ: ੴ ਵਾਹਿਗੁਰੂ ਜੀ ਕੀ ਫਤਹ॥ ਅਥ ਕ੍ਰਿਸ਼ਨਾਵਤਾਰ ਇੱਕੀਸਮੋ ਅਵਤਾਰ ਕਥਨੰ। ਇਸ ਰਚਨਾ ਵਿੱਚ ਕਿਤੇ ਵੀ ‘ਪਾਤਸ਼ਾਹੀ 10’ ਲਿਖਿਆ ਨਹੀਂ ਮਿਲਦਾ। ਪਰ ਦੋ ਨਾਮ ਸਾਰੀ ਰਚਨਾ ਵਿੱਚ ਵਾਰ ਵਾਰ ਓਤਪੋਤ ਨਜਰੀ ਪੈਂਦੇ ਹਨ। ਇਹ 21ਵਾਂ ਅਵਤਾਰ ਧਰਤੀ ਦੇ ‘ਕਾਲਪੁਰਖ’ ਜਾਂ ‘ਮਹਾਂਕਾਲ’ ਦੇਵਤੇ ਕੋਲ ਪੁਕਾਰ ਕਰਨ ਤੋਂ ਸ਼ੁਰੂ ਹੁੰਦਾ ਹੈ। ਇਹ ਦੇਵਤਾ ਉਥੇ ਬਿਰਾਜਮਾਨ ਹੈ ਜਿਥੇ ਬ੍ਰਹਮਾ ਨੇ ਦੁੱਧ ਦਾ ਸਮੁੰਦਰ ਰਿੜਕਿਆ ਸੀ। ਉਸਨੇ ਵਿਸ਼ਨੂੰ ਨੂੰ ਹੁਕਮ ਕੀਤਾ ਕਿ ਉਹ ‘ਕ੍ਰਿਸ਼ਨ’ ਬਣ ਕੇ ਧਰਤੀ ਤੇ ਅਵਤਾਰ ਧਾਰ ਕੇ ਪਰਗਟ ਹੋਵੇ। ਵਿਸ਼ਨੂੰ ਨੇ ‘ਕਾਲਪੁਰਖ’ ਦੇਵਤੇ ਦਾ ਕਿਹਾ ਮੰਨ ਕੇ ਮਥੁਰਾ `ਚ ਅਵਤਾਰ ਧਾਰਿਆ। ‘ਖਾਲਸਾ’ ਜੀ ਦਾ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਦਸਮ ਗ੍ਰੰਥ ਵਿੱਚ ਲਿਖੀਆਂ ਕਥਾ ਕਹਾਣੀਆਂ ਦੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ।

ਤਤਕਰਿਆਂ ਤੋਂ ਬਾਦ, ‘ਪੇਸ਼ਕਾਰੀ’ ਵਿੱਚ ਡਾ. ਦਿਲਗੀਰ, ‘ਖਾਲਸਾ’ ਜੀ ਦੁਆਰਾ ‘ਤ੍ਰਿਆ ਚਰਿਤ੍ਰ’ ਤੇ ‘ਕ੍ਰਿਸ਼ਨਾਵਤਾਰ’ ਵਰਗੀਆਂ ਰਚਨਾਵਾਂ ਦੀ ਅਸ਼ਲੀਲਤਾ (ਜਾਂ ਪੋਰਨੋਗਰਾਫੀ) ਨੂੰ ਹੌਸਲੇ ਨਾਲ ਬੇ-ਨਕਾਬ ਕਰਨ ਦੀ ਦਾਦ ਦਿੰਦਾ ਹੈ। ਡਾ. ਦਿਲਗੀਰ ਲਿਖਦਾ ਹੈ ਕਿ ਜਦ ਤਕ ਅਖੌਤੀ ਦਸਮ ਗ੍ਰੰਥ ਉਸ ਨੇ ਨਹੀਂ ਸੀ ਪੜ੍ਹਿਆ ਉਦੋਂ ਤਕ ਉਹ ਆਪ ਵੀ ਸਾਰੇ ਦੇ ਸਾਰੇ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਹੀ ਬਾਣੀ ਜਾਣ ਕੇ ਵਿਚੋਂ ਟੂਕਾਂ ਦਿਆ ਕਰਦਾ ਸੀ। (ਨੋਟ: ਜਦ ਤੂੰ ਭਾਈ! ਆਪ ਇਸ ਨੂੰ ਪੜ੍ਹਿਆ ਹੀ ਨਹੀਂ ਤਾਂ ਤੂੰ ਟੂਕਾਂ ਦੇਣ ਦਾ ਹੱਕ ਕਿਥੋਂ ਹਾਸਿਲ ਕੀਤਾ? ਇਥੋਂ ਸਰੀਂਣ ਸਾਬਿਤ ਹੈ ਕਿ ਇਹ ਵੀ ਮੱਖੀ ਤੇ ਮੱਖੀ ਮਾਰਨ ਵਾਲਿਆਂ ਵਿਦਵਾਨਾਂ ਚੋਂ ਹੀ ਸੀ ਪਹਿਲਾਂ)। ਉਹ ਦਾ ਦ੍ਰਿੜ੍ਹ ਮੱਤ ਹੈ ਕਿ ਇਸ ਗ੍ਰੰਥ ਵਿੱਚ ਸਿਰਫ 50 ਕੁ ਸਫੇ ਗੁਰਮਤਿ ਦੀ ਫਿਲਾਸਫੀ ਸੰਬੰਧੀ ਹਨ ਬਾਕੀ 1380 ਸਫੇ ਸਭ ਕੂੜ ਕਬਾੜ, ਤੇ ਸ਼ਾਕਿਤ ਮੱਤ ਦੀ ਫਿਲਾਸਫੀ ਹੈ ਤੇ ਗੁਰਮਤਿ-ਵਿਰੋਧੀ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਨਾ, ਗੁਰੂ ਜੀ ਦੇ ਪਾਕਿ ਨਾਮ ਦੀ ਅਤੀ ਹੱਤਕ-ਅਮੇਜ਼ ਤੌਹੀਨ ਅਤੇ ਗੁਰੂ ਨਿੰਦਾ ਹੈ। ਜਾਪ ਸਾਹਿਬ, ਸਵੱਈਏ ਆਦਿ ਨੂੰ ਉਹ ਇਸ ਅਖੌਤੀ ਗ੍ਰੰਥ ਦਾ ਹਿਸਾ ਨਹੀਂ ਮੰਨਦਾ। ਉਹ ਤਸਲੀਮ ਕਰਦਾ ਹੈ ਕਿ ਸਿੱਖ ਵਿਦਵਾਨਾਂ, ਜਿਵੇਂ ਪ੍ਰੋ: ਹਰਿੰਦਰ ਸਿੰਘ ਮਹਿਬੂਬ, ਭਾ: ਰਣਧੀਰ ਸਿੰਘ, ਭਾ: ਭਾਗ ਸਿੰਘ, ਡਾ: ਰਤਨ ਸਿੰਘ ਜੱਗੀ ਆਦਿ ਨੇ ਇਸਨੂੰ ਪਹਿਲਾਂ ਹੀ ਰੱਦ ਕੀਤਾ ਹੋਇਆ ਹੈ। ਆਰ ਐੱਸ ਐੱਸ ਤੋਂ ਤਨਖਾਹਾਂ ਲੈਣ ਵਾਲੇ ਸਿਖ ਪੁਜਾਰੀ ਤੇ ਲੀਡਰ ਵਰਗ, ਗੁਰਦੁਆਰਿਆਂ ਦੇ ਚੌਧਰੀ, ਚੋਰ ਉਚੱਕੇ ਕੇਸਾਧਾਰੀ ਗਦਾਰਾਂਨੇ ਇੱਕ ਵਾਰੀ ਫੇਰ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਇਸ ਨਾਮ-ਨਿਹਾਦ ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲਤਾ ਰਾਹੀਂ ਕਰਨ ਦਾ ਬੀੜਾ ਚੁੱਕ ਲਿਆ ਹੈ।

ਅਗਾਂਹ, ‘ਭੂਮਿਕਾ’ ਤੋਂ ਪਹਿਲਾਂ ‘ਕ੍ਰਿਸ਼ਨਾਵਤਾਰ: ਇੱਕ ਵਿਚਾਰ’ ਵਿੱਚ ਡਾ: ਕੁਲਵਿੰਦਰ ਸਿੰਘ ‘ਬਾਜਵਾ’, ਰੀਡਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਕਹਿਣਾ ਹੈ ਕਿ ‘ਕ੍ਰਿਸ਼ਨਾਵਤਾਰ’ ਦੀਆਂ ਅੰਦਰਲੀਆਂ ਗਵਾਹੀਆਂ ਕਿਸੇ ਤਰ੍ਹਾਂ ਵੀ ਸਯਾਮ ਕਵੀ ਦੀਆਂ ਦਿਤੀਆਂ ਤਰੀਖਾਂ ਤੇ ਥਾਵਾਂ ਦੀ ਵਾਕਫੀ ਨਾਲ ਕਿਤੇ ਵੀ ਮੇਲ ਨਹੀਂ ਖਾਂਦੀਆਂ। ਕਿਤੇ ਪਾਂਵਟੇ ਦਾ, ਕਿਤੇ ਮਾਲਵੇ ਦਾ, ਕਿਤੇ ਅਨੰਦ ਪੁਰ ਬਹਿ ਕੇ ਲਿਖਣ ਆਦਿ ਦਾ ਤੇ ਛੰਦਾਂ ਦੀ ਗਿਣਤੀ ਵਗੈਰਾ ਮੇਲ ਨਹੀਂ ਖਾਂਦੇ। ਤਿੰਨਾਂ ਭਾਗਾਂ ਚੋਂ ਕਿਸੇ ਇੱਕ ਹਿਸੇ ਦੇ ਵੀ 1192 ਛੰਦ ਨਹੀਂ ਹਨ। ਆਰ ਐੱਸ ਐੱਸ ਨੇ ਤਾਂ ਆਪੇ ਹੀ ਕਹਿਣਾਂ ਕਿ ਸਿਖ ਦਿਮਾਗ ਧੁੱਤ ਹਨ ਜਿਹੜੇ ਅਜਿਹੇ ਊਲ ਜਲੂਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨ ਕੇ ਰੁਮਾਲਿਆਂ ਚ ਲਪੇਟੀ ਮੱਥੇ ਟੇਕੀ ਜਾਂਦੇ ਹਨ ਤੇ ਧੂਫ ਧੁਖਾ ਛੱਡਦੇ ਹਨ ਸਵੇਰੇ ਤਿਕਾਲੀਂ। ਪੁਜਾਰੀ ਲੋਕਾਂ ਤੇ ਅਖੌਤੀ ਲੀਡਰਾਂ ਦੇ ਦੋਹੀਂ ਹੱਥੀਂ ਲੱਡੂ। ਕਈ ਸਿਖ ਸਾਧ, ਅਖੌਤੀ ਬ੍ਰਹਮਗਿਆਨੀ ਤੇ ਕੱਚੇ ਲਿਖਾਰੀ ਲੱਲ੍ਹੀਆਂ ਤੇ ਬੁਨ੍ਹੀਆਂ ਦਲੀਲਾਂ ਦਿੰਦੇ ਢੁੱਚਰ ਡਾਹੁੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਜੀ ਗੁਰੂ ਜੀ ਦਾ ਨਾਮ ਗੁਰੁ ਹਰਿਗੋਬਿੰਦ ਦਾਦੇ ਨਾਲ ਰਲ਼ਦਾ ਮਿਲ਼ਦਾ ਕਰਕੇ ਗੁਰੂ ਗੋਬਿੰਦ ਸਿੰਘ ਨੂੰ “ਸਯਾਮ” ਤੇ “ਰਾਮ” ਸੱਦਿਆ ਕਰਦੀ ਸੀ। ਪਰ ‘ਖਾਲਸਾ’ ਜੀ ਨੇ ਸਾਬਿਤ ਕਰ ਦਿਤਾ ਹੈ ਕਿ ਸਯਾਮ ਜਾਂ ਰਾਮ ਗੁਰੁ ਜੀ ਦੇ ਤਖੱਲਸ ਜਾਂ ਉਪਨਾਮ ਨਹੀਂ ਸਨ। ਡਾ: ਬਾਜਵਾ ਵੀ ਮੁਤਫਿਕ ਹਨ ਤੇ ਲਿਖਦੇ ਹਨ ਕਿ ਸਿਖ ਇਤਹਾਸਿਕ ਪਰੰਪਰਾ ਇਸ ਤਰਕ ਦੀ ਗਵਾਹੀ ਨਹੀਂ ਦਿੰਦੀ। ਦੂਜਾ, “ਰਾਮ” ਸ਼ਬਦ ਗੁਰੂ ਰਾਮਦਾਸ ਜੀ ਦੇ ਨਾਮ ਵਿੱਚ ਵੀ ਆਉਂਦਾ ਹੈ, ਜੋ ਮਾਤਾ ਗੁਜਰੀ ਦੇ ਵੱਡੇ ਤੋਂ ਵੱਡੇ ਪੂਰਬਜ ਸਨ। ਇਸ ਕਰਕੇ ਇਨ੍ਹਾਂ ਦਲੀਲਾਂ ਦੀ ਕੱਚੀ ਤੰਦ ਤਰਕ ਵਿ-ਤਰਕ ਦੇ ਮਾੜੇ ਜਿਹੇ ਝਟਕੇ ਨਾਲ ਟੁਟਦੀ ਨੂੰ ਦੇਰ ਨਹੀਂ ਲਗਦੀ। ਮੁਕਦੀ ਗੱਲ, ਸਯਾਮ ਕਵੀ ਗੁਰੁ ਜੀ ਦਾ ਦਰਬਾਰੀ ਕਵੀ ਸੀ ਜਦ ਕਿ ਰਾਮ ਕਵੀ ਰੋਪੜ ਦਾ ਵਸਨੀਕ ਸੀ। ਇਨ੍ਹਾਂ ਦੀ ਇਸ਼ਟ ਭਾਵਨਾ ਸ਼ਕਤੀ (ਦੇਵੀ) ਨੂੰ ਪੂਜਣ ਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਨਿਰੋਲ “ਅਕਾਲ ਪੁਰਖ” ਪੂਜਕ ਸਨ। ਇਸ ਰਚਨਾਂ ਵਿੱਚ 514 ਵਾਰ ਕਵੀ ਸਯਾਮ ਦਾ ਅਤੇ 27 ਵਾਰ ਕਵੀ ਰਾਮ ਦਾ ਨਾਮ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਦਾ ਨਾਮ ਇੱਕ ਵਾਰ ਵੀ ਨਹੀਂ ਆਉਂਦਾ। ਡਾ: ਬਾਜਵਾ ਕਹਿੰਦੇ ਹਨ ਕਿ ਇਨ੍ਹਾਂ ਦੋਹਾਂ ਕਵੀਆਂ ਨੂੰ ਇੱਕ ਕਵੀ ਦੇ ਦੋ ਤਖੱਲਸ ਮੰਨਣਾ ਅਤੇ “ਗੋਬਿੰਦ” ਸ਼ਬਦ ਦੇ ਪ੍ਰਯਾਯ ਕਿਆਸ ਕਰਨਾ ਇੱਕ ਵੱਡੀ ਭੁੱਲ ਹੈ ਅਤੇ ਇਤਹਾਸਿਕ ਗਵਾਹੀਆਂ ਤੋਂ ਉਲਟ ਹੈ।

‘ਖਾਲਸਾ’ ਜੀ ‘ਭੁਮਿਕਾ’ ਵਿੱਚ ਦਸਦੇ ਹਨ ਕਿ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਵਿੱਚ ਰੱਬੀ ਮਿਲਾਪ ਦਾ ਉਪਦੇਸ਼ ਨਹੀਂ ਹੈ। ਦੇਵੀ ਦੇਵਤਿਆਂ ਦੀ ਪੂਜਾ, ਅਜੀਬੋ-ਗਰੀਬ ਚਰਿਤ੍ਰ (ਔਰਤ ਦਾ ਕੋਝਾ ਨੰਗੇਜਵਾਦ), ਮਾਰਧਾੜ, ਕਤਲੋ-ਗਾਰਤ, ਝੂਠ ਫਰੇਬ ਅਤੇ ਅਣਹੋਣੀਆਂ ਗੱਲਾਂ (ਜਿਵੇਂ ਲੋਕਾਂ ਦੀਆਂ ਬਹੂ-ਬੇਟੀਆਂ ਨੂੰ ਧਿੰਗੋਜੋਰੀ ਆਪਣੀਆਂ ਔਰਤਾਂ ਬਣਾਉਣਾ ਆਦਿ) ਦੀ ਭਰਮਾਰ ਹੈ। ਭਾਈਵਾਦ, ਭਤੀਜਾਵਾਦ, ਪਰਾਏ ਹੱਕ ਖੋਹਣ ਆਦਿ ਨੂੰ ਧਰਮ ਕਰਮ ਦੱਸਣਾ। ਫਿਰ, ਇਹ ਰਚਨਾਵਾਂ ਅਜੀਬ ਕਿਸਮ ਦੀ ਕਾਮ ਉਤੇਜਨਾ ਕਰਦੀਆਂ ਹਨ। ਅਜਿਹਾ ਸਾਹਿਤ ‘ਖਾਲਸਾ’ ਜੀ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਉਪਦੇਸ਼ਾਂ ਦੀਆਂ ਧੱਜੀਆਂ ਉਡਾਉਂਦਾ ਹੈ।

ਪੁਜਾਰੀ ਵਰਗ ਦੀ ਨੁੰਮਾਇੰਦਾ ਜਮਾਤ 1947 ਤੋਂ ਪਹਿਲਾਂ ਵੀ ਤੇ ਬਾਦ ਵੀ ਬੜੀ ਇਕ-ਪਾਸੜ (ਇਕ-ਸੈਂਟਰਿਕ) ਸੋਚਣੀ ਅਧੀਨ ਮਨ-ਲਗੇ (ਸੈਲਫ-ਸਟਾਇਲਅਡ) ਅਰਥਾਂ ਦਾ ਆਲਿਮ (ਦੁਨੀਆਂ) ਸਿਰਜਣ ਲੱਗ ਪਈ। ਪੰਜਾਬੀ ਬੋਲੀ ਤੋ ਬਿਨਾਂ, ਹਿੰਦੀ ਤੇ ਉਰਦੂ ਆਦਿ ਬੋਲੀਆਂ ਨੂੰ ਇਸ ਜਮਾਤ ਨੇ ਅਤੇ ਸਿਖਾਂ ਨੇ ਪੜ੍ਹਨਾ ਛੱਡ ਦਿਤਾ ਜਿਸ ਵਜ੍ਹਾ ਕਰਕੇ ਇਨ੍ਹਾਂ ਦੀ ਸ਼ਬਦ ਕੋਸ਼ ਦੀ ਜਾਣਕਾਰੀ ਤੇ ਮੁਹਾਰਤ ਬਿਲਕੁਲ ਸੁੰਗੜ ਗਈ। ਜਿਸ ਦੇ ਮਾਰੂ ਅਸਰ ਸਿਖ ਕੌਮ ਦੀ ਅਜੋਕੀ ਅਤੇ ਭਵਿਖ ਦੀ ਹੋਣੀ (ਡੈਸਟਿਨੀ) ਉਪਰ ਅਵੱਸ਼ ਪਏ। ਉਨ੍ਹਾਂ ਚੋਂ ਇਕ, ਸਿਖ ਦਿਮਾਗ ਦਾ ਦਿਵਾਲ਼ਾ ਨਿਕਲਣਾ ਸੀ। ਭਾਵੇਂ ਸਿਖਾਂ ਵਿੱਚ ਵਿਦਿਆ 1947 ਤੋਂ ਪਹਿਲਾਂ ਦੀ ਨਿਸਬਤ 1947 ਤੋਂ ਬਾਦ ਵਿੱਚ ਕਿਤੇ ਵਧੇਰੇ ਸੀ ਪਰ ਇਸ ਸੁਆਰਥਵਾਦੀ ਰੁਚੀ ਤੇ ਇਕ-ਪਾਸੜ ਸੋਚਣੀ ਨੇ ਸਿਖ ਦਿਮਾਗ ਐਸੇ ਸੁੰਨ ਕਰ ਦਿਤੇ ਸਨ ਕਿ ਬਹੁਤੇ ਵਿਦਵਾਨ, ਅਜੋਕੀਆਂ ਯੂਨੀਵਰਸਿਟੀਆਂ ਦਾ ਸ਼ਿੰਗਾਰ ਹੋਣ ਦੇ ਬਾਵਜੂਦ, ਆਪਣੀ ਤੰਗ-ਸੋਚਣੀ, ਅਗਿਆਨਤਾ ਅਤੇ ਹੀਣੇਪਣ ਦੇ ਸੌੜੇ ਘੇਰੇ ਤੋਂ ਬਾਹਰ ਨਿਕਲਣ ਦੀ ਤੀਖਣ ਬੁਧੀ ਨਹੀਂ ਸਨ ਰਖਦੇ। ਗੁਰੂਆਂ ਦੀਆਂ ਸ਼ਤਾਬਦੀਆਂ ਦੇ ਖਲਜਗਣ ਤੇ ਦਿਖਾਵਾ ਇਨ੍ਹਾਂ `ਚ ਪਰਧਾਨ ਹੋ ਗਿਆ। ਅਸਲੀਅਤ ਇਨ੍ਹਾਂ `ਚੋਂ ਜਾਂਦੀ ਰਹੀ। 18ਵੀਂ ਸਦੀ ਦੇ ਸਿਖਾਂ ਵਾਲੀ ਕਰਣੀ ਕਰਤੂਤ ਤੋਂ ਇਹ ਖਾਲੀ ਤੇ ਕੋਰੇ ਸਨ।

ਇਨ੍ਹਾਂ ਸੁੰਨ ਹੋਏ ਸਿਰਾਂ ਚੋਂ ਸ਼ਤਾਬਦੀ ਸਾਹਿਤ ਵੀ ਨਿਰਜਿੰਦ ਅਤੇ ਦਿਸ਼ਾਹੀਣ ਹੀ ਨਿਕਲਿਆ। ਇਸ ਦੇ ਅਨੇਕਾਂ ਭੈੜੇ ਸਿਟਿਆਂ ਚੋਂ ਇੱਕ ਇਹ ਹੋਇਆ ਕਿ ਇਨ੍ਹਾਂ ਦੇਵੀ ਦੇ ਅਨੇਕਾਂ ਨਾਵਾਂ (ਮਿਸਾਲ ਵਜੋਂ “ਜਗਮਾਤ” (ਭਵਾਨੀ) ਤੇ “ਭਗਉਤੀ” (ਦੁਰਗਾ) ਆਦਿ) ਦੇ ਮਨ-ਲਗੇ ਅਰਥ ਕਰ ਮਾਰੇ, ਅਖੇ, ਇਨ੍ਹਾਂ ਦਾ ਅਰਥ “ਰੱਬ” “ਨਿਰੰਕਾਰ” ਹੈ ਅਤੇ ਅਰਦਾਸ ਵਿੱਚ “ਭਗਉਤੀ” (ਦੁਰਗਾ ਮਾਈ) ਨੂੰ ਸਿਮਰ ਕੇ ਫੇਰ ਗੁਰੂ ਨਾਨਕ ਨੂੰ ਸਿਮਰੋ (“ਪ੍ਰਿਥਮ ਭਗਉਤੀ ਸਿਮਰਿ ਕੈ, ਗੁਰ ਨਾਨਕ ਲਈ ਧਿਆਇ”॥) ਵਰਗੇ ਹੁਕਮ ਸਿਖ ਲੋਕਾਂ ਉਤੇ ਚਾੜ੍ਹ ਦਿਤੇ। ਭਾਵੇਂ ਕਵੀ ਸਯਾਮ ਜ਼ਾਹਰਾ ਕਹਿੰਦਾ ਹੈ ਕਿ “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ॥ 55॥” - ਚੰਡੀ ਦੀ ਵਾਰ। ਇਵੇਂ ਹੀ ਕਵੀ “ਸੂਮ” ਦੁਆਰਾ ਰਚੀ “ਕਬਿਯੋ ਬਾਚ॥ ਬੇਨਤੀ ਚੌਪਈ” ਵਿੱਚ ਆਉਂਦੇ “ਕਾਲ” ਜਾਂ “ਮਹਾਂਕਾਲ” ਜਿਸ ਦੇ ਦੂਜੇ ਨਾਵਾਂ, “ਸ੍ਰੀ ਅਸਿਕੇਤਿ” “ਸ੍ਰੀ ਅਸਿਧੁਜ” “ਖੜਗਕੇਤ” ਆਦਿ ਨੂੰ ਵੀ “ਸਿਖ ਰੱਬ” ਮੰਨ ਲਿਆ ਗਿਆ। ਕਵੀ “ਸੂਮ” ਇਸੇ ਚਾਰ ਹੱਥਾਂ ਵਾਲੇ ਦੇਵਤੇ ਨੂੰ “ਲੋਗਨ ਕੇ ਰਾਜਾ” “ਜਗਤ ਕੇ ਈਸਾ” ਨਾਲ਼ ਵੀ ਪੁਕਾਰਦਾ ਹੈ। ਇੰਨ੍ਹਾਂ ਦਾ ਅਰਥ ਹਰਗਿਜ਼ ਸਿਖ “ਅਕਾਲ-ਪੁਰਖ” ਨਹੀਂ, ਪਰ ਸਿਖ ਸਾਧ, ਪੁਜਾਰੀ, ਅਖੌਤੀ ਬ੍ਰਹਮਗਿਆਨੀ, ਅਖੌਤੀ ਟਕਸਾਲਾਂ ਦੇ ਮੋਹਰੀ, ਬਹੁਤੀਆਂ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਆਪਣੇ ਫੋਕੇ ਹੰਕਾਰ, ਬੇ-ਵਜਾਹ ਅਗਿਆਨਤਾ ਤੇ ਰੰਗੜਊਪੁਣੇ ਅਧੀਨ ਗ਼ਲਤ ਅਰਥ ਕਰੀ ਜਾਂਦੇ ਹਨ। ਦੂਜਾ, ਸਿਖਾਂ ਵਿੱਚ ਆਪ ਪਾਠ ਕਰਨ ਵਾਲੇ ਘੱਟ ਹਨ। ਗ੍ਰੰਥੀਆਂ, ਭਾਈਆਂ, ਆਪੂੰ-ਬਣੇ (ਸੈੱਲਫ-ਮੇਡ; ਅਨ-ਰੈਕੋਗਨਾਈਜ਼ਡ) ਕਥਾਕਾਰਾਂ, ਫਿਲਮੀ ਤਰਜ਼ਾਂ ਨਾਲ ਕਰਨ ਵਾਲੇ ਕੀਰਤਨੀਆਂ ਤੋਂ ਪਾਠ ਕਰਵਾ ਸਿਖ ਲੋਕ ਬੜੇ ਖੁਸ਼ ਹੁੰਦੇ ਹਨ। ਭਾਵੇਂ “ਥੱਬਾ” ਪਾਠ, “ਨੇਤ੍ਰੀਂ ਪਾਠ” ਜਾਂ “ਰੇਡੀ-ਮੇਡ” ਪਾਠ ਹੀ ਹੋਣ ਤੇ ਕਰਨ ਵਾਲੇ ਭਾਵੇਂ “ਪਤਿਤ” ਜਾਂ ਪਰ-ਇਸਤਰੀ / ਪਰ-ਪੁਰਸ਼ ਗਾਮੀ ਹੀ ਹੋਣ ਪਰ “ਬਾਣਾ” ਜ਼ਰੂਰ “ਡੇਰੇ ਦੀ ਮਸਨੂਈ ਵਰਦੀ” ਨਾਲ ਮਿਲ਼ਦਾ ਪਾਇਆ ਹੋਵੇ। ਦਾੜ੍ਹਾ ਲੰਮਾ ਸਾਰਾ ਲਮਕਦਾ ਹੋਵੇ। ਦੇਖਣ ਨੂੰ ਐਂ ਲੱਗੇ ਪਈ ਵੱਡਾ ਸੰਤ, ਬ੍ਰਹਮਗਿਆਨੀ, ਤੇ ਆਪਣੇ ਆਪ `ਚ ਸਿਖਾਂ ਦਾ ਅਚਾਰੀਆ ਜਾਂ ਪੋਪ ਜਾਂ ਸਿਖ ਮਨਿੱਸਟਰ ਹੈ। ਮੈਂ ਸਮਝਦਾਂ, ਗੱਲ ਸਿੱਖਾਂ ਦੀ ਵੀ ਸੱਚੀ ਹੈ ਅਲਾਹ ਵੀ ਖੁਸ਼, ਸ਼ੇਖ ਵੀ ਰਾਜ਼ੀ, ਤੇ ਸ਼ੈਤਾਨ ਵੀ ਬੇ-ਜ਼ਾਰ ਨਾ ਹੋਵੇ। ਲਫਜ਼ਾਂ ਦੇ ਗ਼ਲਤ ਅਰਥ ਅਜਿਹੇ ਪੁਜਾਰੀ ਵਰਗ ਦੇ ਕਾਫੀ ਰਾਸ ਬੈਠੇ ਕਿਉਂਕਿ ਬਿਪ੍ਰ ਦੀ “ਮੰਤ੍ਰ-ਰਟਨ” ਇਨ੍ਹਾਂ ਦੀ ਸਫਲ ਪਹੁੰਚ-ਵਿਧੀ ਹੈ ਤੇ ਇਹ ਆਪ “ਬਿਪ੍ਰ ਸੰਸਕਾਰ” ਦੇ ਅਵਤਾਰ ਤੇ ਜੀਂਦੇ ਮੁਜੱਸਮੇ ਹਨ।

ਇਹ ਦਸਮ ਗ੍ਰੰਥ ਦੀਆਂ ਕਵਿਤਾਵਾਂ ਦੇ ਮਨ-ਭਾਉਂਦੇ ਅਰਥ ਕਰਕੇ ਮਨ ਨੁੰ ਠੁੰਮਣਾ ਦੇ ਲੈਂਦੇ ਰਹੇ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਇਲਾਹੀ ਬਾਣੀ ਹੈ। ਬਾਵਜੂਦ ਹਿੰਦੁਸਤਾਨ ਚ ਰਹਿੰਦਿਆਂ, ਇਹ ਹਿੰਦੂਆਂ ਦੀ ਡੂੰਘੀ ਤੇ ਮੁੱਖ ਵਿਚਾਰਧਾਰਾ, ਹਿੰਦੂਤਵ ਤੋਂ ਆਪਣੀ ਅਲਹਿਦਗੀ ਵਾਲੀ ਅਪਸਾਰਵਾਦੀ ਰੁਚੀ ਤੇ ਇਕ-ਪਾਸੜ ਸੋਚਣੀ ਕਰਕੇ ਉਸਦੀ ਅਸਲੀਅਤ ਨੂੰ ਵੇਲੇ ਸਿਰ ਸਮਝਣ ਤੋਂ ਅ-ਸਮਰੱਥ ਰਹੇ। ਤਾਹੀਉਂ ਰਹਿਰਾਸ ਵਿੱਚ ਹਰ ਰੋਜ਼ ਨਿਤਨੇਮ ਕਰਦਿਆਂ ਇਨ੍ਹਾਂ ਨੂੰ “ਕਾਲਪੁਰਖ” ਜਾਂ “ਮਹਾਂਕਾਲ” (ਦੇਵਤਾ) ਆਦਿ ਦੇ ਸਹੀ ਅਰਥਾਂ ਤੋਂ ਟਪਲਾ ਲਗਦਾ ਰਿਹੈ। ਇਨ੍ਹਾਂ ਲਫਜ਼ਾਂ ਦੇ ਅਰਥ ਵੀ ਉਪਰੋਕਤ ਪਰਪਾਟੀ ਤਹਿਤ ਇਹ “ਅਕਾਲ ਪੁਰਖ” ਹੀ ਕਰਦੇ ਰਹੇ। ਨਾਲ ਨਾਲ, ਸਮੇਂ ਦੀਆਂ ਸਰਕਾਰਾਂ ਦੇ ਮੋਟੇ ਤੇ ਖੁਰਦਰੇ ਹੱਥ, ਪੁਜਾਰੀ ਵਰਗ ਤੇ ਕੁੱਝ ਸਿਖ ਲੀਡਰਾਂ ਦੀ ਮੋਟੀ ਤਹਿ ਵਾਲੀ ਪਸ਼ੂ-ਚਮੜੀ ਤੇ ਬੇ-ਢਬੀ ਖੋਪਰੀ ਉਪਰ, ਸਦਾ ਹੀ ਮਿਹਰ ਦੀ ਚੌਰ ਕਰਦੇ ਰਹੇ। ਗੁਟਕਿਆਂ ਵਿਚਲੀ ਪੁਰਾਣੀ ਰਹਿਰਾਸ ਵਿੱਚ ਕ੍ਰਿਸ਼ਨ ਤੇ ਰਾਮ ਦੀ, ਦੇਵਤਿਆਂ ਦੀ ਉਸਤਤੀ ਨੂੰ ਅਖੌਤੀ ਟਕਸਾਲਾਂ, ਤੇ ਘਰੋਂ ਬਣੇ ਬ੍ਰਹਮਗਿਆਨੀਆਂ ਅਤੇ ਆਮ ਲੋਕਾਂ ਨੇ ਬਿਨਾਂ ਅਰਥ ਵਿਚਾਰਨੇ ਤੋਂ ਪਾਠ ਕਰਨੇ ਨੂੰ ਪੁੰਨ ਕਰਮ ਜਾਣਿਆਂ ਅਤੇ ਆਪਣੇ ਧੰਨ ਭਾਗ ਸਮਝੇ। ਲਾਊਡ ਸਪੀਕਰਾਂ `ਚ ਤ੍ਰਿਕਾਲਾਂ ਨੂੰ “ਆਰਤੀ” `ਚ “ਯਾ ਤੇ ਪ੍ਰਸੰਨ ਭਏ ਹੈਂ ਮਹਾਂ ਮੁਨ ਦੇਵਨ ਕੇ ਤਪ ਮੈ ਸੁਖ ਪਾਵੈ॥ ਜਗ ਕਰੈ ਇੱਕ ਬੇਦ ਰਰੈ. . ॥” ਆਦਿ ਦੇ ਬੁਲੰਦ ਗੀਤ ਸੰਗੀਤ ਸਾਧ ਡੇਰਿਆਂ ਵਿਚੋਂ ਸੁਣੇ ਜਾ ਸਕਦੇ ਹਨ।

ਇਸ ਕਰਕੇ, ਸਿਖ ਸਾਧ ਤਾਂ ਪਹਿਲਾਂ ਹੀ ਹਾਲ-ਮਸਤ ਤੇ ਮਾਲ-ਮਸਤ ਸਨ, ਨਾਲ਼ ਸਿਖ ਵਿਦਵਾਨ, ਜਿਵੇਂ ਉਪਰ ਕਿਹਾ ਹੈ, ਕੁੱਝ ਇੱਕ ਨੂੰ ਛੱਡ ਕੇ ਸਾਰੇ ਦੇ ਸਾਰੇ ਸਾਧਾਂ ਵਾਂਗ ਚਿਰੋਕੇ ਹੀ ਖੱਸੀ ਹੋ ਚੁਕੇ ਸਨ। ਡੇਰਾਵਾਦ ਜ਼ੋਰ ਫੜ ਗਿਆ। ਜਿਨ੍ਹਾਂ ਚਾਹਿਆ, ਉਨ੍ਹਾਂ ਹੀ ਗੁਰੂ ਗ੍ਰੰਥ ਰਖ ਕੇ ਦੁਕਾਨ ਚਲਾਉਣ ਦੀ ਕੀਤੀ। ਦੇਸਾਂ ਪਰਦੇਸਾਂ `ਚ ਅਖੰਡ ਪਾਠਾਂ ਦੀਆਂ ਇਕੋਤਰੀਆਂ ਹੋਣ ਲੱਗ ਪਈਆਂ। ਅਣਪੁੱਤੀਆਂ ਮਾਵਾਂ ਨੂੰ ਪੁੱਤ ਮਿਲਣ ਲੱਗ ਪਏ। ਬੇ-ਰੁਜ਼ਗਾਰੀ ਨੇ ਹੇੜ੍ਹਾਂ ਦੀਆਂ ਹੇੜ੍ਹਾਂ ਪਾਠੀ ਮੁਹੱਈਆ ਕਰਾਏ। ਕੌਮ ਖੇਰੂੰ ਖੇਰੂੰ ਤਾਂ ਸੀ ਹੀ, ਰੋਜ਼ੀ ਰੋਟੀ ਨੇ ਹੋਰ ਵਧੇਰੇ ਬਖੇਰ ਦਿਤੇ। ਉਧਰੋਂ, ‘ਖਾਲਸਾ’ ਜੀ ਕਹਿੰਦੇ ਹਨ, ਕੁੱਤੀ ਪਹਿਲਾਂ ਹੀ ਚੋਰਾਂ ਨਾਲ ਰਲ਼ੀ ਹੋਈ ਸੀ। ਵਿਦਵਾਨਾਂ ਦਾ ਅਗਲਾ ਪੂਰ ਸਹੀ ਅਰਥ ਕਰਨ ਤੋਂ ਸ਼ਰਮਿੰਦਗੀ ਮਹਿਸੂਸ ਕਰਨ ਲੱਗਾ।। ਸੇਧ ਕਿਥੋਂ ਮਿਲਦੀ? ਫਲਸਰੂਪ, ਸਿਖ ਲੋਕ ਔਝੜੇ ਪਏ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ, ਕੁਰਬਾਨੀ, ਸਤ, ਸੰਤੋਖ, ਦਇਆ, ਧਰਮ, ਆਦਿ ਗੁਣ ਧਾਰਨ ਕਰਨੇ, ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਖੁਦਗਰਜ਼ੀ ਵਰਗੇ ਔਗੁਣਾਂ ਨੂੰ ਤਿਆਗਣਾਂ ਭੁਲ ਗਏ। ਗ਼ੁਲਾਮਾਂ ਦੇ ਦਰ ਗ਼ੁਲਾਮ ਤਾਂ ਇਹ 1947 ਦੇ ਹੀ ਚਲੇ ਆਉਂਦੇ ਹਨ। ਅਜਿਹੀ ਪਿਠ-ਭੁਮੀ ਲੈ ਕੇ ਵਿਚਰਦਿਆਂ ਅਜੋਕੇ ਸਮੇਂ ਵਿੱਚ ਦਸਮ ਗ੍ਰੰਥ, ਸਮੇਤ ਉਨ੍ਹਾਂ ਕਵਿਤਾਵਾਂ - ਜਿਨ੍ਹਾਂ ਦਾ ਸਿੱਧਾ ਨਾਮ “ਕਾਮ ਸ਼ਾਸਤਰ” ਹੋਣਾ ਚਾਹੀਦਾ ਸੀ, ਦੇ ਅਖੰਡ ਪਾਠ ਭੰਬਲ਼ਭੂਸੇ ਚ ਪਿਆਂ, ਗੁਰੂ ਗੋਬਿੰਦ ਸਿੰਘ ਦੀ ਬਾਣੀ ਜਾਣ ਕੇ ਕਰਨ ਲਗ ਪਏ। ਦੁਸ਼ਮਣ ਦਾ ਵੀ ਪੂਰਾ ਟਿੱਲ ਲੱਗਾ ਹੋਇਆ ਹੈ ਇਨ੍ਹਾਂ ਸਿੱਧੜ ਸਿਖਾਂ, ਪੁਜਾਰੀ ਵਰਗ, ਕੁੱਝ ਕੁ ਮੀਡੀਆ ਦੇ ਕਾਰਕੁਨ ਅਤੇ ਵਿਦਵਾਨਾਂ ਨੂੰ ਇਸ ਗ਼ਲਤ ਧਾਰਨਾ ਵਿੱਚ ਆਪਣੇ ਨਾਲ਼ ਰਲਾਈ ਰਖਣ ਦਾ। ਉਨ੍ਹਾਂ ਦੇ ਇਸ ਤਰੱਦਦ ਦਾ ਇੱਕ ਫਾਇਦਾ ਜ਼ਰੂਰ ਹੋਇਆ ਕਿ ਕਾਫੀ ਸਿਖ ਕੁੰਭ-ਕਰਨੀ ਨੀਂਦ ਤੋਂ ਜਾਗ ਪਏ ਹਨ। ਇਹ ‘ਖਾਲਸਾ’ ਜੀ ਉਨ੍ਹਾਂ ਜਾਗਿਆਂ ਚੋਂ ਇੱਕ ਹਨ, ਜਿਨ੍ਹਾਂ ਨੇ ਸੁ-ਚੱਜੀ ਤੇ ਗੁਣਵੰਤੀ ਮਾਂ ਵਾਂਗ ਹਰ ਕੁੱਝ ਸਫੇ ਬਾਦ ਪਾਠਕ ਨੂੰ ਕਹਿਆ ਹੈ - ਜਾਗਦੇ ਰਹਿਓ!

ਕਿਤਾਬ ਦੇ ਅਖੀਰਲੇ ਸਫਿਆਂ ਵਿੱਚ ਦਸਮ ਗ੍ਰੰਥ ਦੀਆਂ ਘੱਟ ਚਰਚਿਤ ਕਵਿਤਾਵਾਂ ਦਾ ਵੀ ਥੋੜ੍ਹਾ ਬਹੁਤਾ ਖੁਲਾਸਾ ਖੋਲਿਆ ਗਿਆ ਹੈ। ਜਿਵੇਂ ਸ਼ਸਤਰ ਨਾਮ ਮਾਲਾ ਪੁਰਾਣਨੂੰ ਸਫਾ 253-277 ਉਪਰ ਭਾ: ਕਾਨ੍ਹ ਸਿੰਘ ‘ਨਾਭਾ’ ਦੀ ਕੁੰਜੀ ਰਾਹੀਂ ਸਮਝਣ ਦਾ ਵਲ ਦਸਿਆ ਹੈ। ‘ਖਾਲਸਾ’ ਜੀ ਕੌਮ ਨੂੰ ਆਪਣੀ ਪੱਤ ਪਛਾਣ ਲੈਣ ਦੀ ਸੁ-ਮੱਤ ਦੇਂਦੇ ਹਨ, ਨਹੀਂ ਤਾਂ ਕੌਮ ਦੇ ਸੰਸਾਰ ਤੋਂ ਜਲਦੀ ਹੀ ਮਰ ਮਿਟ ਜਾਣ ਦੇ ਆਸਾਰ ਨਜ਼ਰੀ ਪੈਂਦੇ ਹਨ। ਬੁਧ ਅਤੇ ਜੈਨ ਧਰਮ ਭਾਰਤ ਚੋਂ ਲੱਭਿਆਂ ਨਹੀਂ ਲੱਭਦੇ ਭਾਵੇਂ ਪੈਦਾ ਭਾਰਤ ਵਿੱਚ ਹੀ ਹੋਏ ਸਨ। ਖੈਰ, ਇਸ ਰਚਨਾ ਵਿੱਚ ਕਵੀ, ਅਖੀਰ ਚ ਕਹਿੰਦਾ ਹੈ ਕਿ ਮੈਂ ਇਸ ‘ਨਾਮ ਮਾਲਾ ਪੁਰਾਣ’ ਵਿੱਚ ਸ੍ਰੀ ਭਗਉਤੀ (ਦੁਰਗਾ) ਦੀ ਉਸਤਤੀ ਕੀਤੀ ਹੈ। ਆਪਣੇ ਸਿੰਘ-ਨਾਦ ਨਾਲ਼ ‘ਖਾਲਸਾ’ ਜੀ ਸਿਖਾਂ ਨੂੰ ਜਗਾਉਂਦੇ ਹਨ ਕਿ ਸਿਖ ਧਰਮ ਦੇਵੀ-ਪੂਜ ਨਹੀਂ, ਰੱਬ, ਅਕਾਲ-ਪੁਰਖ ਪੂਜਕ ਹੈ। ਸ਼ਾਸਤਰਾਂ ਦੀ, ਪੱਥਰਾਂ ਜਾਂ ਲੋਹੇ ਦੀ ਪੂਜਾ ਕਰਨਾ ਗੁਰਮਤਿ ਵਿਰੁਧ ਹੈ। ਫੇਰ, ਪੁਸਤਕ ਵਿੱਚ ਆਏ ਪਾਤਰਾਂ ਬਾਰੇ ਸੰਖੇਪ ਨੋਟਚ (ਸਫਾ 278 - 301) ਹੋਰ ਵਾਕਫੀ ਪਰਦਾਨ ਕਰਦੇ ਹਨ। ਮਿਸਾਲ ਵਜੋਂ, ਸਵਰਗ ਦੀ ਅਪੱਛਰਾ, ਉਰਬਸੀ ਕਾਮ-ਦੇਵ ਦੇ ਪੱਟ ਚੋਂ ਨਿਕਲੀ ਸੀ, ਆਦਿ। ਦੂਜਾ, ‘ਭਗਵਤ’ ਦੀ ਕਥਾ ਵਿਚਲੇ ਕੁਬੇਰ ਦੇ ਪੁਤਰ ‘ਨਲ-ਕੂਬਰ’ ਤੇ ‘ਮਣਿਗ੍ਰੀਵ’ ਦੋਵੇਂ ਕੈਲਾਸ਼ ਪਰਬਤ ਕੋਲ, ਗੰਗਾ ਦੇ ਕਿਨਾਰੇ, ਨਿਰਲੱਜ ਹੋ ਕੇ ਇਸਤਰੀਆਂ ਨਾਲ਼ ਕਾਮ-ਕ੍ਰੀੜਾ (ਸੈਕਸ) ਕਰਦੇ ਹਨ। ਅਜਿਹੀ ਜਾਂ ਇਸ ਤੋਂ ਵੀ ਵਧੇਰੇ ਕਾਮ-ਕ੍ਰੀੜਾ (ਜਾਂ ਐਕਸ-ਪਲੱਸਿਟਿ (ਜ਼ਾਹਰਾ) ਸੈਕਸੂਅਲ ਐਕਟਸ (ਕਾਰਨਾਮੇ)) ਤਾਂ ‘ਕ੍ਰਿਸ਼ਨਾਵਤਾਰ’ ਜਾਂ ਦਸਮ ਗ੍ਰੰਥ ਦੀ ਕਵਿਤਾ ਦੀ ਰੀੜ੍ਹ ਦੀ ਹੱਡੀ ਹਨ।

ਮਸਲਨ, ਕੱਪੜੇ ਚੋਰੀ ਕਰਨ (“ਚੀਰ ਹਰਨ ਕਥਨੰ”) ਦੇ ਅਧਿਆਏ ਵਿੱਚ ਹੀ ਨਮੂਨੇ ਮਾਤਰ ਦੇਖ ਲਵੋ। ਕ੍ਰਿਸ਼ਨ, ਜਦ ਨਹਾਉਣ ਲਗੀਆਂ ਬ੍ਰਿਜ ਦੀਆਂ ਪਤਲੀਆਂ, ਭਾਰੀਆਂ, ਕਾਲ਼ੀਆਂ ਤੇ ਗੋਰੀਆਂ ਸੁੰਦਰ ਔਰਤਾਂ ਦੇ ਕਪੜੇ ਚੁਕ ਕੇ ਰੁੱਖ `ਤੇ ਚੜ੍ਹ ਗਿਆ ਤਾਂ ਉਹ ਕਹਿੰਦੀਆਂ ਤੂੰ ਸਾਡੇ ਕੱਪੜੇ ਧੋਖੇ ਨਾਲ਼ ਚੋਰੀ ਕੀਤੇ ਹਨ। ਤੂੰ ਵੱਡਾ ਠਗ ਹੈਂ, ਤੂੰ ਹੱਥਾਂ ਨਾਲ਼ ਸਾਡੀਆਂ ਸਾੜ੍ਹੀਆਂ ਚੋਰੀ ਕੀਤੀਆਂ ਹਨ ਤੇ ਅੱਖਾਂ ਨਾਲ਼ ਸਾਡਾ ਰੂਪ ਚੁਰਾ ਰਿਹੈਂ। ਰਾਜੇ ਕੰਸ ਨੂੰ ਅਜਿਹੀ ਹਰਕਤ ਪਤਾ ਲੱਗਣ ਤੇ ਤੈਨੂੰ ਮਾਰ ਦਵੇਗਾ। “ਕ੍ਰਿਸ਼ਨ ਕਹਿੰਦਾ ਜਿੰਨਾ ਚਿਰ ਤੁਸੀਂ ਪਾਣੀ ਚੋਂ ਬਾਹਰ ਨਹੀਂ ਆਉਂਦੀਆਂ ਮੈਂ ਕੱਪੜੇ ਨਹੀਂ ਦੇਵਾਂਗਾ। ਤੁਸੀਂ ਪਾਣੀ ਵਿੱਚ ਕਿਉਂ ਛੁਪੀਆਂ ਹੋ ਤੁਹਾਡੇ ਤਨ ਜੋਕਾਂ ਖਾ ਜਾਣਗੀਆਂ। ਜਿਸ ਰਾਜੇ ਦਾ ਨਾਉਂ ਦੱਸਦੀਆਂ ਹੋ ਉਸ ਤੋਂ ਮੈਨੂੰ ਭੋਰਾ ਡਰ ਨਹੀਂ, ਉਸ ਨੂੰ ਫੜ ਮੈਂ ਅੱਗ `ਚ ਝੋਕ ਦਿਆਂਗਾ। ਪੇੜ ਤੇ ਚੜ੍ਹਿਆ ਕ੍ਰਿਸ਼ਨ ਕਹਿੰਦਾ, ਤੁਸੀਂ ਭਾਵੇਂ ਆਪਣੇ ਮਾਂ ਬਾਪ ਨੂੰ ਜਾ ਕੇ ਦੱਸ ਦਿੳ ਮੈਂ ਆਪੇ ਹੀ ਨਿਪਟ ਲਵਾਂਗਾ। ਤੇ ਅਖੀਰ `ਚ ਜੋ ਕਿਹਾ, ਉਸ ਨੂੰ “ਸਯਾਮ” ਕਵੀ ਕਵਿਤਾ ਰਾਹੀਂ ਇਉਂ ਕਹਿੰਦਾ ਹੈ:-

ਸਵੈਯਾ॥ ਕਾਨ੍ਹ ਬਾਚ॥

ਦੇਉ ਬਿਨਾ ਨਿਕਰੇ ਨਾਹਿ ਚੀਰ, ਕਹਯੋ ਹਸਿ ਕਾਨ੍ਹ ਸੁਨੋ ਤੁਮ ਪਿਆਰੀ॥

ਸੀਤ ਸਹੋ ਜਲ ਮੈ ਤੁਮ ਨਾਹਿਕ, ਬਾਹਿਰ ਆਵਹੁ ਗੋਰੀ ਅਉ ਕਾਰੀ॥

ਦੇ ਅਪਨੈ ਅਗੂਆ ਪਿਛੂਆ ਕਰਿ, ਬਾਰ ਤਜੋ ਪਤਲੀ ਅਰੁ ਭਾਰੀ॥

ਯੌ ਨਹਿ ਦੇਉ ਕਹਯੋ ਹਰਿ ਜੀ, ਤਸਲੀਮ ਕਰੋ ਕਰਿ ਜੋਰਿ ਹਮਾਰੀ॥ 255॥

ਕ੍ਰਿਸ਼ਨ ਹੱਸ ਕੇ ਕਹਿੰਦਾ ਹੈ ਪਿਆਰੀਓ! ਪਾਣੀ ਤੋਂ ਬਾਹਰ ਆਉਣ ਤੋਂ ਬਿਨਾਂ ਮੈਂ ਤੁਹਾਡੇ ਕੱਪੜੇ ਨਹੀਂ ਦਵਾਂਗਾ। (ਤੁਸੀਂ) ਪਾਣੀ ਦੀ ਠੰਢ ਸਹਿੰਦੀਆਂ ਰਹੋ ਭਾਵੇਂ ਕੋਈ ਗੋਰੀ ਹੈ ਜਾਂ ਕਾਲ਼ੀ ਸਭ ਬਾਹਰ ਆਵੋ। ਤੁਸੀਂ ਆਪਣੇ ਅੱਗੇ ਤੇ ਪਿਛੇ ਹੱਥ ਰੱਖ ਕੇ ਆਪਣਾ (ਨੰਗ) ਢੱਕ ਸਕਦੀਆਂ ਹੋ। ਇਥੇ ਹੀ ਬੱਸ ਨਹੀਂ ਪਾਣੀ ਤੋਂ ਬਾਹਰ ਆ ਕੇ ਫਿਰ ਹੱਥ ਜੋੜ ਕੇ ਬੇਨਤੀ ਕਰੋ।

ਸਵੱਯਾ॥ ਫੇਰਿ ਕਹੀ ਹਰਿ ਜੀ ਤਿਨ ਸੋ ਰਿਝਕੈ, ਇਹ ਬਾਤ ਸੁਨੋ ਤੁਮ ਮੇਰੀ॥

ਜੋਰਿ ਪ੍ਰਨਾਮ ਕਰੋ ਹਮਰੋ ਕਰ, ਲਾਜ ਕੀ ਕਾਟ ਸਭੈ ਤੁਮ ਬੇਰੀ॥ 256॥

ਲੰਬੇ ਚੌੜੇ ਇਸ਼ਕ ਮਸ਼ੂਕੀ ਦੇ ਰੋਮਾਂਚਕ ਤੇ ਚੇਟਕ ਵਾਰਤਲਾਪ ਦਿਖਾਉਣ ਤੋਂ ਬਾਦ ਕਵੀ ਸਯਾਮ ਲਿਖਦਾ ਹੈ (ਦੇਖੋ ਸਫਾ 31; ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ):-

ਦੋਹਰਾ॥ ਮੰਤ੍ਰ ਸਭਨ ਮਿਲ ਇਹ ਕਰਯੋ, ਜਲ ਕੋ ਤਜ ਸਭ ਨਾਰ॥

ਕਾਨਰ ਕੀ ਬਿਨਤੀ ਕਰੋ, ਕੀਨੋ ਇਹੈ ਬੀਚਾਰ॥ 264॥

ਸਭਨਾਂ ਨੇ ਆਪਣੇ ਅੱਗੇ ਪਿਛੇ ਹੱਥ ਰੱਖੇ ਤੇ ਪਾਣੀ ਤੋਂ ਬਾਹਰ ਖੜੋ ਗਈਆਂ। ਉਹ ਬਾਰ ਬਾਰ ਕ੍ਰਿਸ਼ਨ ਦੇ ਪੈਰੀਂ ਪਈਆਂ ਅਤੇ ਆਪਣੇ ਕੱਪੜੇ ਵਾਪਸ ਕਰਨ ਦੀ ਬੇਨਤੀ ਕੀਤੀ ਤੇ ਆਖਿਆ ਕਿ ਸਾਨੂੰ ਠੰਢ ਸਤਾ ਰਹੀ ਹੈ।

ਸਵੱਯਾ॥ ਦੈ ਅਗੂਆ ਪਿਛੂਆ ਅਪਨੇ ਕਰ ਪੈ ਸਭਹੀ ਜਲ ਤਿਆਗ ਖਰੀ ਹੈ॥

ਕਾਨ੍ਹ ਕੈ ਪਾਇ ਪਰੀ ਬਹੁ ਬਾਰਨ ਅਉ ਬਿਨਤੀ ਬਹੁ ਭਾਂਤ ਕਰੀ ਹੈ॥ 265॥

ਕ੍ਰਿਸ਼ਨ ਕਹਿੰਦਾ ਜੋ ਮੈਂ ਤੁਹਾਨੂੰ ਕਹਾਂ ਉਹ ਮੰਨੋ। ਮੈਂ ਤੁਹਾਡਾ ਮੂੰਹ ਚੁੰਮਾਗਾ, ਤੁਸੀਂ ਕਹੋ ਚੁੰਮ ਲੈ। ਮੈਂ ਤੁਹਾਡੀ ਛਾਤੀ (ਮੰਮੇ) ਪੁੱਟਾਂਗਾ ਤੁਸੀਂ ਮਨ੍ਹਾਂ ਨਹੀਂ ਕਰਨਾਂ। ਇਹ ਸੱਚ ਜਾਣਨਾ ਬਈ ਇਸ ਤੋਂ ਬਿਨਾਂ ਤੁਹਾਡੇ ਮੈਂ ਕੱਪੜੇ ਨਹੀ ਦੇਣੇ:-

ਕਾਨ੍ਹ ਬਾਚ॥ ਸਵੱਯਾ॥ ਕਾਨ੍ਹ ਕਹੀ ਹਸ ਬਾਤ ਤਿਨੈ, ਕਹਿ ਹੈ ਹਮ ਜੋ ਤੁਮ ਸੋ ਮਨ ਹੋ॥

ਸਭ ਹੀ ਮੁਖਿ ਚੂਮਨ ਦੇਹੁ, ਕਹਯੋ ਚੁਮ ਹੈ ਹਮ ਹੂੰ ਤੁਮਹੂੰ ਗਨਿਹੋ॥

ਅਰੁ ਤੋਰਨ ਦੇਹੁ ਕਹਯੋ ਸਭਹੀ ਕੁਚ, ਨਾ ਤਰ ਹਉ ਤੁਮ ਕੌ ਹਨਿ ਹੌ॥

ਤਬ ਹੀ ਪਟ ਦੇਉ ਸਭੈ ਤੁਮਰੇ, ਇਹ ਝੂਠ ਨਹੀ ਸਤ ਕੈ ਜਾਨਿਹੋ॥ 266॥

ਫਿਰ ਕ੍ਰਿਸ਼ਨ ਕਹਿੰਦਾ ਕਿ ਸੁਨਿ ਰੀ! ਇੱਕ ਗੱਲ ਮੈਂ ਤੇਰੇ ਨਾਲ ਕਰਨ ਲੱਗਾ ਹਾਂ ਤੂੰ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰ, ਮੇਰੇ ਮਨ ਵਿੱਚ ਕਾਮ ਜਾਗ ਪਿਆ ਹੈ। ਜਦ ਇਕਾਂਤ `ਚ ਦਾਉ ਲੱਗਾ ਤਾਂ …। (ਦੇਖੋ, ਸਫਾ 32; ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ)

ਸਵੱਯਾ॥ ਫੇਰ ਕਹੀ ਮੁਖ ਤੇ ਹਰਿ ਜੀ, ਸੁਨਿ ਰੀ! ਇੱਕ ਬਾਤ ਕਹੋ ਸੰਗ ਤੇਰੇ॥

ਜੋਰ ਪ੍ਰਨਾਮ ਕਰੋ ਕਰਿ ਸੋ ਤੁਮ, ਕਾਮਕਰਾ ਉਪਜੀ ਜੀਅ ਮੇਰੇ॥

ਤੌ ਹਮ ਬਾਤ ਕਹੀ ਤੁਮਸੋ, ਜਬ ਬਾਤ ਬਨੀ ਸੁਭ ਠਉਰ ਅਕੇਰੇ॥

ਦਾਨ ਲਹੈ ਜੀਅ ਕੋ ਹਮਹੂੰ, ਹਸ ਕਾਨ੍ਹ ਕਹੀ ਤੁਮਰੋ ਤਨ ਹੇਰੇ॥ 267॥

ਉਨ੍ਹਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਹੱਥ ਜੋੜ ਕੇ ਪ੍ਰਨਾਮ ਕਰ ਦਿਓ। ਉਹ ਕਹਿਣ ਲੱਗੀਆਂ ਕਿ ਹੁਣ ਤਾਂ ਤੁੰ ਪ੍ਰਸੰਨ ਹੈਂ ਤੂੰ ਜੋ ਕਿਹਾ ਅਸੀਂ ਕੀਤਾ ਹੁਣ ਜੋ ਤੇਰੇ ਚਿਤ `ਚ ਹੈ ਕਰ ਲੈ। ਉਨ੍ਹਾਂ ਦਾ ਕਾਮ ਜਾਗ ਪਿਆ ਤੇ …।

(ਦੇਖੋ, ਸਫਾ 33; ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ)

ਤਉ ਤੁਮ ਸਾਥ ਕਰੀ ਬਿਨਤੀ, ਜਬ ਕਾਮਕਰਾ ਉਪਜ ਜੀਅ ਮੇਰੇ॥

ਚੁੰਬਨ ਦੇਹੁ ਕਹਯੋ ਸਭ ਹੀ ਮੁਖ, ਸਉਹ ਹਮੈ ਕਹ ਹੈ ਨਹਿ ਤੇਰੇ॥ 279॥

ਜੋ ਕੁੱਝ ਵੀ ਕਾਨ੍ਹ ਨੇ ਕਿਹਾ ਹੱਸ ਕੇ ਸਭ ਗੋਪੀਆਂ ਨੇ ਮੰਨ ਲਿਆ ਤੇ ਆਖਣ ਲੱਗੀਆਂ ਕਿ ਜ਼ਿੰਦਗੀ ਦਾ ਅਸਲੀ ਰਸ ਅੱਜ ਹੀ ਮਾਣਿਆ ਹੈ। ਜੋ ਦੁਰਗਾ ਨੇ ਕਿਹਾ ਸੀ ਉਹ ਸੱਚ ਹੋ ਨਿਬੜਿਆ ਹੈ।

ਸਵੱਯਾ॥ ਕਾਨ੍ਹ ਤਬੈ ਕਰ ਕੇਲ ਤਿਨੋ ਸੰਗਿ ਪੈ ਪਟ ਦੇ ਕਰਿ ਛੋਰ ਦਈ ਹੈ॥

ਹੋਇ ਇਕਤ੍ਰ ਤਬੈ ਗੁਪੀਆ ਸਭ ਚੰਡ ਸਰਾਹਤ ਧਾਮ ਗਈ ਹੈ॥

ਆਨੰਦ ਅਤਿ ਸੁ ਬਢਯੋ ਤਿਨਕੇ ਜੀਅ, ਸੋ ਉਪਮਾ ਕਬਿ ਚੀਨ ਲਈ ਹੈ॥

ਜਿਉ ਅਤ ਮੇਘ ਪਰੈ ਧਰ ਪੈ, ਧਰ ਜਯੋਂ ਸਬਜ਼ੀ ਸੁਭ ਰੰਗ ਭਈ ਹੈ॥ 282॥

“ਹੇ ਜਗਮਾਤ ਚੰਡਕਾ! ਤੂੰ ਧੰਨ ਹੈਂ! ਜਿਸ ਨੇ ਸਾਨੂੰ ਵਰ ਦਿਤਾ ਸੀ, ਕਹਿੰਦੀਆਂ ਅਗਾਂਹ ਲਈ ਵੀ ਦੁਰਗਾ ਕੋਲੋਂ ਦਾਤਾਂ ਮੰਗਦੀਆਂ ਹਨ”। (ਉਪਰੋਕਤ ਪੁੱਠੇ ਕੌਮਿਆਂ ਵਿਚਲੀ ਵਾਰਤਾਲਾਪ ਜਸਬਿੰਦਰ ਸਿੰਘ ‘ਖ਼ਾਲਸਾ’ ਜੀ ਦੁਆਰਾ ਲਿਖੀ ਇਥੇ ਅੰਕਿਤ ਕੀਤੀ ਹੈ। ਦੇਖੋ, ਸਫਾ 31-33 “ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ “)

ਅਗਾਂਹ, ਦੋਂਹ ਸਫਿਆਂ ਉਪਰ ਦਸਮ ਗ੍ਰੰਥ ਵਾਰੇ ਵਡਮੁੱਲੀ ਜਾਣਕਾਰੀਸਿਰਲੇਖ ਹੇਠ ਸਾਰ ਰੂਪ ਵਿੱਚ ਕੁੱਝ ਹੋਰ ਵਧੇਰੇ ਵਾਕਫੀ ਮਿਲਦੀ ਹੈ। ਚੰਡੀ ਚਰਿਤਰ ਵਾਰੇ (ਸਫਾ 304 - 307)। ਗੁਰੂ ਗੋਬਿੰਦ ਸਿੰਘ ਜੀ ਦੇ ਨਾਉਂ ਥੱਲੇ ਛਪੀਆਂ ਹੋਰ ਪੁਸਤਕਾਂ ਦਾ ਵੇਰਵਾ(ਸਫਾ 308 - 324) ਵੀ ਹੈ। ਸਭ ਤੋਂ ਅਖੀਰ ਚ ‘ਖਾਲਸਾ’ ਜੀ ਨੇ ਬੁਝੋ ਖਾਂ ਭਲਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਹੋ ਸਕਦੇ ਹਨ?’ ਰੱਖਿਆ ਹੈ। ਇਉਂ ਕਿਤਾਬ ਖਤਮ ਹੁੰਦੀ ਹੈ।

ਅਮਰੀਕ ਸਿੰਘ ਧੌਲ
.