.

ਨਾਮਦੇਵ ਜੀ ਅਤੇ

ਅਵਤਾਰ ਵਾਦ, ਦੇਵੀ-ਦੇਵਤਾ ਵਾਦ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗੁਰਮਤਿ ਪਾਠ ਨੰਬਰ 59 ‘ਨਾਮਦੇਵ ਜੀ ਅਤੇ ਪੱਥਰ ਪੂਜਾ’ `ਚ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਸ਼ਰਾਰਤੀ-ਵਿਰੋਧੀਆਂ ਵਲੋਂ ਉਡਾਈ ਗਈ ਕਹਾਣੀ-ਨਾਮਦੇਵ ਆਪਣੇ ਹੱਠ ਕਾਰਨ ਕਿਸੇ ਪੱਥਰ ਨੂੰ ਦੁਧ ਪਿਆਉਣ `ਚ ਸਫ਼ਲ ਹੋਏ, ਗੁਰਮਤਿ ਆਧਾਰ `ਤੇ ਸਾਬਤ ਨਹੀਂ ਹੁੰਦੀ ਤੇ ਨਾ ਹੀ ਗੁਰਬਾਣੀ ਅਜੇਹੀਆਂ ਗਲਾਂ ਦੀ ਪ੍ਰੋੜਤਾ ਹੀ ਕਰਦੀ ਹੈ। ਇਸ ਦੇ ਲਈ ਅਸਾਂ ਨਾਮਦੇਵ ਜੀ ਦੇ ਹੀ ਸ਼ਬਦ “ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ” (ਪੰ: 1163) ਨੂੰ ਆਧਾਰ ਬਣਾ ਕੇ ਸਾਰੀ ਗਲ ਕੀਤੀ। ਸਾਬਤ ਕੀਤਾ ਕਿ ਇਹ ਤਾਂ ਕਿਸੇ ਨਾਸਮਝੀ ਜਾਂ ਸ਼ਰਾਰਤਵਸ ਜਾਣਬੁਝ ਕੇ ਸ਼ਬਦ ਦੇ ਗ਼ਲਤ ਅਰਥ ਲਏ ਗਏ ਹਨ। ਇਸਦੇ ਨਾਲ ਉਥੇ ਅਸਾਂ ਗੁਰਬਾਣੀ ਆਧਾਰ `ਤੇ ਉਸ ਸ਼ਬਦ ਤੇ ਨਾਲ ਹੀ ਭਾਈ ਗੁਰਦਾਸ ਜੀ ਦੀ ਸੰਬੰਧਤ ਵਾਰ ਨਾਲ, ਅਰਥਾਂ ਨੂੰ ਵਿਸਥਾਰ ਨਾਲ ਗੁਰੂ ਕੀਆਂ ਸੰਗਤਾਂ ਸਾਹਮਣੇ ਰਖਿਆ।

ਇਸ ਦੇ ਨਾਲ ਹੀ ਨਾਮਦੇਵ ਜੀ ਦੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਪ੍ਰਵਾਣਤ ਕੁਲ ਸੱਠ (60) ਸ਼ਬਦ ਹਨ ਤੇ ਉਨ੍ਹਾਂ ਤੋਂ ਹੀ ਕਿਸੇ ਹੋਰ ਪੱਖ ਨੂੰ ਵੀ ਦੇਖਣਾ ਹੈ। ਇਹ ਪੱਖ ਹੈ ਅਵਤਾਰ-ਵਾਦ ਅਤੇ ਦੇਵੀ-ਦੇਵਤਾ ਵਾਦ ਜਿਹੜਾ ਵਿਸ਼ੇਸ਼ ਧਿਆਨ ਮੰਗਦਾ ਹੈ। ਇਥੇ ਵੀ ਜਿੱਥੇ ਇੱਕ ਪਾਸੇ ਤਾਂ ਭਗਤ ਜੀ ਨੇ ਇਨ੍ਹ੍ਹਾਂ ਹੀ ਸ਼ਬਦਾਂ ਰਾਹੀਂ ਇਨ੍ਹਾਂ ਦਾ ਭਰਵਾਂ ਖੰਡਣ ਕੀਤਾ ਹੈ। ਫ਼ਿਰ ਵੀ ਅਜੇਹੇ ਮਹਾਨੁਭਾਵ ਹਨ ਜੋ ਜਾਣੇ-ਅਣਜਾਣੇ ਇਹੀ ਕਹਿੰਦੇ ਹਨ ਕਿ ਭਗਤ ਜੀ ‘ਬੀਠੁਲ’ ਮੂਰਤੀ ਭਾਵ ਅਵਤਾਰ-ਵਾਦ ਦੇ ਪੁਜਾਰੀ ਸਨ। ਠੀਕ ਹੈ, ਭਗਤ ਜੀ ਨੇ ਆਪਣੇ ਸ਼ਬਦਾਂ `ਚ ‘ਬੀਠੁਲ’ ਤੇ ‘ਰਾਮ’ ਦੋ ਲਫ਼ਜ਼ਾਂ ਦੀ ਬਹੁਤ ਵਰਤੋਂ ਕੀਤੀ, ਪਰ ਕਿਸ ਦੇ ਲਈ? ਉਹ ਕੇਵਲ ਇੱਕ ਅਕਾਲਪੁਰਖ ਲਈ। ਨਾ ਕਿ ਕਿਸੇ ਕ੍ਰਿਸ਼ਨ ਦੀ ਮੂਰਤੀ ਜਾਂ ਰਾਮ ਅਵਤਾਰ ਲਈ। ਦੂਜੇ ਪਾਸੇ, ਇਹ ਗਲ ਵੀ ਸਮਝਣ ਦੀ ਹੈ ਕਿ ਅਵਤਾਰਵਾਦ ਅਨੁਸਾਰ ਬੀਠੁਲ, ਕ੍ਰਿਸ਼ਨ ਜੀ ਦੀ ਮੂਰਤੀ ਨੂੰ ਵੀ ਕਿਹਾ ਜਾਂਦਾ ਹੈ। ਇਸੇ ਲਈ ਬਿਨਾ ਭਗਤ ਜੀ ਦੇ ਸ਼ਬਦਾਂ ਨੂ ਘੋਖੇ-ਸਮਝੇ ਕਹਿ ਦੇਣਾ ਕਿ ਭਗਤ ਜੀ ਜਸੋਦਾ ਸੁਤ ‘ਕ੍ਰਿਸ਼ਨ’ ਦੇ ਪੁਜਾਰੀ ਸਨ। ਜਦਕਿ ਭਗਤ ਜੀ ਨੇ ਅਜੇਹੇ ਅਵਤਾਰਵਾਦ ਤੇ ਦੇਵੀ ਦੇਵਤਾ ਵਾਦ ਨੂੰ ਮੂਲੋਂ ਹੀ ਕਟਿਆ ਹੈ ਅਤੇ ਇਸ ਦੇ ਪੂਰੀ ਤਰ੍ਹਾਂ ਵਿਰੁਧ ਹਨ। ਫ਼ਿਰ ਵੀ ਆਪਣੇ ਕੋਲੋਂ ਕੁੱਝ ਕਹਿਣ ਦੀ ਬਜਾਏ ਇਹ ਸਭ ਵੀ ਅਸੀਂ ਭਗਤ ਜੀ ਦੇ ਆਪਣੇ ਸ਼ਬਦਾਂ ਚੋਂ ਹੀ ਸਾਬਤ ਕਰਾਂਗੇ।

ਇਸ ਤੋਂ ਪਹਿਲਾਂ ਕਿ ਸੰਬੰਧਿਤ ਵਿਸ਼ੇ ਵਲ ਵੱਧੀਏ, ਸਾਨੂੰ ਇਸ ਪੱਖੋਂ ਗੁਰਬਾਣੀ ਦੇ ਮੂਲ ਸਿਧਾਂਤਾਂ ਬਾਰੇ ਕੁੱਝ ਗੱਲਾਂ ਦਾ ਸਪਸ਼ਟ ਹੋਣਾ ਵੀ ਜ਼ਰੂਰੀ ਹੈ। ਪਹਿਲਾ- ਗੁਰਬਾਣੀ ਰਚਨਾ ਦਾ ਆਧਾਰ ਹੀ ਭਾਵ ਕੇਵਲ ਅਤੇ ਕੇਵਲ ਇੱਕ ਅਕਾਲਪੁਰਖ ਹੀ ਹੈ ਜੋ ਰੂਪ-ਰੰਗ-ਰੇਖ ਤੋਂ ਨਿਆਰਾ ਅਤੇ ਜਨਮ ਮਰਣ `ਚ ਨਹੀਂ ਆਉਂਦਾ, ਸਰਵ-ਵਿਆਪਕ ਵੀ ਹੈ। ਗੁਰਬਾਣੀ ਨੇ ਤਾਂ ਦੇਵੀ-ਦੇਵਤਿਆਂ ਦੀ ਹੋਂਦ ਨੂੰ ਪ੍ਰਵਾਣ ਨਹੀਂ ਕੀਤਾ ਜਿਵੇਂ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: 129) ਅਥਵਾ “ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ” (ਪੰ: 332) ਆਦਿ। ਇਸੇ ਤਰ੍ਹਾਂ ਜਿਨ੍ਹਾਂ ਨੂੰ ਅਵਤਾਰ ਕਿਹਾ ਹੈ, ਗੁਰਬਾਣੀ `ਚ ਉਨ੍ਹਾਂ ਨੂੰ “ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ” (ਪੰ: 423) ਭਾਵ ਉਹ ਕੇਵਲ ਸਮੇਂ ਸਮੇਂ ਦੇ ਰਾਜਿਆਂ ਤੋਂ ਵੱਧ ਹੋਰ ਕੁੱਝ ਨਹੀਂ ਹਨ।

ਦੂਜਾ- ਗੁਰਬਾਣੀ `ਚ ਕਰਤਾਰ ਲਈ ਲਗਭਗ ਸਾਰੇ ਹੀ ਹਿੰਦੂ-ਇਸਲਾਮੀ ਨਾਮ ਵਰਤੇ ਹਨ ਜੋਕਿ ਉਨ੍ਹਾਂ ਦੇ ਮੂੰਹ ਚੜ੍ਹੇ ਸਨ, ਜਿਹੜੇ ਦੇਵੀ-ਦੇਵਤਾ ਜਾਂ ਅਵਤਾਰਵਾਦ `ਚ ਵਿਸ਼ਵਾਸ ਰਖਦੇ ਸਨ, ਪਰ ਵਰਤੇ ਹਨ ਪ੍ਰਭੂ ਲਈ। ਹੋਰ ਤਾਂ ਹੋਰ ਗੁਰਬਾਣੀ `ਚ ਹੀ ਅਨੇਕਾਂ ਥਾਵੇਂ ਉਸ ਸੱਚਾਈ ਨੂੰ ਸਮਝਾ ਵੀ ਦਿੱਤਾ ਹੈ ਜਿਵੇਂ ਕਿ ਭਗਤ ਜੀ ਦੇ ਆਪਣੇ ਹੀ ਸ਼ਬਦਾਂ `ਚ ਕਈ ਵਾਰੀ।

ਤੀਜਾ- ਗੁਰਬਾਣੀ `ਚ ਕੇਵਲ ਉਨ੍ਹਾਂ ਹੀ ਭਗਤਾਂ ਜਾਂ ਦੂਜਿਆਂ ਦੀਆਂ ਲਿਖਤਾਂ ਨੂੰ ਕਬੂਲਿਆ ਤੇ ਗੁਰਦੇਵ ਨੇ ਆਪਣੀ ਬਰਾਬਰੀ ਵਾਲਾ ਸਥਾਨ ਬਖਸ਼ਿਆ ਜਿਨ੍ਹਾਂ ਦਾ ਜੀਵਨ, ਸਚਮੁਚ ਹੀ ਪੰਚ ਅਵਸਥਾ ਨੂੰ ਪ੍ਰਾਪਤ ਹੋ ਚੁੱਕਾ ਸੀ ਤੇ ਜਿਨ੍ਹਾਂ ਦੀਆਂ ਰਚਨਾਵਾਂ ਗੁਰਮਤਿ ਦੀ ਕਸੌਟੀ `ਤੇ ਪੂਰੀਆਂ ਉਤਰਦੀਆਂ ਸਨ। ਫ਼ੁਰਮਾਨ ਹੈ “ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ” (ਪੰ: 646) ਇਸ ਤਰ੍ਹਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਇਸ ਦਾਇਰੇ ਤੋਂ ਬਾਹਰ ਕੋਈ ਵੀ ਰਚਨਾ ਪ੍ਰਵਾਣ ਹੀ ਨਹੀਂ ਸੀ ਹੋ ਸਕਦੀ। ਯਕੀਨਣ ਨਾਮਦੇਵ ਜੀ ਵੀ ਜੇਕਰ ਕਿਸੇ ਮੂਰਤੀ ਜਾਂ ਪੱਥਰ ਦੇ ਪੂਜਕ ਹੁੰਦੇ ਤਾਂ ਉਨ੍ਹਾਂ ਦੀਆਂ ਰਚਨਾਂਵਾਂ ਵੀ ਇਥੇ ਪ੍ਰਵਾਣ ਨਹੀਂ ਸਨ ਹੋ ਸਕਦੀਆ। ਸਪਸ਼ਟ ਹੈ, ਜਿਨ੍ਹਾਂ ਨੇ ਵੀ ਭਗਤ ਜੀ ਦੇ ਕਿਸੇ ਸ਼ਬਦ ਦੇ ਅਰਥਾਂ ਬਾਰੇ ਕੋਈ ਹੋਰ ਆਧਾਰ ਘੜਿਆ ਜਾਂ ਪੇਸ਼ ਕੀਤਾ ਹੈ, ਪਹਿਲਾਂ ਤਾਂ ਉਹ ਆਪਣੇ ਆਪ ਨੂੰ ਗੁਰਬਾਣੀ ਆਧਾਰ `ਤੇ ਘੋਖਣ। ਉਪ੍ਰੰਤ ਹੁਣ ਆਉਂਦੇ ਹਾਂ, ਭਗਤ ਜੀ ਨਾਲ ਸੰਬੰਧਤ ਹੱਥਲੇ ਵਿਸ਼ੇ `ਤੇ ਕੇਵਲ ਉਨ੍ਹਾਂ ਦੇ ਹੀ ਕੁੱਝ ਸ਼ਬਦਾਂ ਨੂੰ ਆਧਾਰ ਬਣਾ ਕੇ। ਸਭ ਤੋਂ ਪਹਿਲਾਂ ਗਲ ਕਰਦੇ ਹਾਂ ਉਨ੍ਹਾਂ ਰਾਹੀਂ ਅਕਾਲਪੁਰਖ ਲਈ ਵਰਤੇ ਗਏ ਸ਼ਬਦ ‘ਬਿਠੁਲ’ ਬਾਰੇ। ਉਂਝ ਵੀ ‘ਬਿਠੁਲ’ ਦੇ ਲਫ਼ਜ਼ੀ ਅਰਥ ਹਨ ‘ਮਾਇਆ ਤੋਂ ਨਿਰਲੇਪ ਪ੍ਰਭੂ’।

ਨਾਮਦੇਵ ਜੀ ਦਾ ਬੀਠੁਲ- ਭਗਤ ਜੀ ਦਾ ਹੀ ਸ਼ਬਦ ਹੈ “ਆਨੀਲੇ ਕੁੰਭ, ਭਰਾਈਲੇ ਊਦਕ, ਠਾਕੁਰ ਕਉ ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉ॥ ੧॥ ਜਤ੍ਰ ਜਾਉ, ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥ ੧॥ ਰਹਾਉ॥ ਆਨੀਲੇ ਫੂਲ, ਪਰੋਈਲੇ ਮਾਲਾ, ਠਾਕੁਰ ਕੀ ਹਉ ਪੂਜ ਕਰਉ॥ ਪਹਿਲੇ ਬਾਸੁ ਲਈ ਹੈ ਭਵਰਹ, ਬੀਠਲੁ ਭੈਲਾ ਕਾਇ ਕਰਉ॥ ੨॥ ਆਨੀਲੇ ਦੂਧੁ ਰੀਧਾਈਲੇ ਖੀਰੰ, ਠਾਕੁਰ ਕਉ ਨੈਵੇਦੁ ਕਰਉ॥ ਪਹਿਲੇ ਦੂਧੁ ਬਿਟਾਰਿਓ ਬਛਰੈ, ਬੀਠਲੁ ਭੈਲਾ ਕਾਇ ਕਰਉ॥ ੩॥ ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ॥ ੪॥ ੨॥ {ਪੰਨਾ 485} ਸੰਖੇਪ ਅਰਥ- ਇਥੇ ਤਾਂ ਪੱਥਰ ਪੂਜਕ ਨੂੰ ਹੀ ਭਗਤ ਜੀ ਕਹਿੰਦੇ ਹਨ “ਐ ਭਾਈ! ਤੂੰ ਘੜਾ ਲਿਆਂਦਾ, ਇਹ ਸੋਚ ਕੇ, ਕਿ ਉਸ `ਚ ਮੈਂ ਸੁੱਚਾ ਪਾਣੀ ਭਰਾ ਕੇ ਲਿਆਂਵਾਂ ਤੇ ਠਾਕੁਰ ਨੂੰ ਇਸ਼ਨਾਨ ਕਰਵਾਵਾਂ। ਫ਼ਿਰ ਤੇਰੇ ਆਪਣੇ ਕਹੇ ਮੁਤਾਬਕ ਹੀ ਪਾਣੀ `ਚ ਤਾਂ ਬਿਤਾਲੀ ਲੱਖ ਜੂਨਾਂ ਦੇ ਜੀਵ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਤਾਂ ਸਾਰੀ ਸਰੀਰਕ ਕਿਰਿਆ ਹੀ ਹਰ ਸਮੇਂ ਪਾਣੀ `ਚ ਹੀ ਹੁੰਦੀ ਹੈ। ਇਸ ਹਿਸਾਬ ਪਾਣੀ ਤਾਂ ਕਦੇ ਸੁੱਚਾ ਰਹਿ ਹੀ ਨਹੀਂ ਸਕਦਾ। ਪਰ ਮੇਰੇ ਭੁਲੱੜ ਵੀਰ! ਕਿਉਂਕਿ ਨਿਰਲੇਪ ਪ੍ਰਭੂ (ਮੇਰਾ ਬੀਠੁਲ) ਤਾਂ ਪਹਿਲਾਂ ਹੀ ਉਨ੍ਹਾਂ ਜੀਵਾਂ `ਚ ਹੀ ਵੱਸਦਾ ਹੈ ਤੇ ਇਸ਼ਨਾਨ ਵੀ ਕਰ ਰਿਹਾ ਹੈ; ਤਾਂ ਫਿਰ ਪ! ਥਰ ਨੂੰ ਇਸ਼ਨਾਨ ਕਿਸ ਲਈ? ਇਸੇ ਤਰ੍ਹਾਂ ਨਾਮਦੇਵ ਜੀ ਫ਼ੁਰਮਾਂਉਂਦੇ ਹਨ “ਤੂੰ ਆਪਣੇ ਠਾਕੁਰ ਦੀ ਪੂਜਾ ਲਈ ਸੁੱਚੇ ਫੁਲ ਆਪ ਤੋੜ ਕੇ ਲਿਆਂਦੇ, ਜਦਕਿ ਉਥੇ ਵੀ ਭੰਵਰੇ ਨੇ ਫੁਲ ਪਹਿਲਾਂ ਹੀ ਸੁੰਘ ਕੇ ਜੂਠੇ ਕੀਤੇ ਹੋਏ ਸਨ। ਉਪ੍ਰੰਤ ਆਪਣੇ ਠਾਕੁਰ ਦੀ ਨੈਵੇਦ ਲਈ ਦੁੱਧ ਤੂੰ ਆਪ ਇਸ ਲਈ ਚੋਅ ਕੇ ਲਿਆਂਦਾ ਤਾਕਿ ਸੁੱਚਾ ਰਵੇ। ਇਥੇ ਵੀ ਗਲ ਉਲਟੀ ਹੀ ਰਹੀ ਕਿਉਂਕਿ ਤੇਰੇ ਦੁਧ ਚੋਣ ਤੋਂ ਪਹਿਲਾਂ, ਗਾਂ-ਮਝ ਦੇ ਥਣਾਂ ਨੂੰ ਬਛੁੜੇ ਨੇ ਚੁੰਙਿਆ ਸੀ। ਇਸ ਲਈ ਗਲ ਇਥੇ ਵੀ ਉਹੀ ਹੈ ਕਿ ਭੰਵਰੇ ਤੇ ਬਛੁੜੇ `ਚ ਵੀ ਮੇਰਾ ਬੀਠੁਲ ਹੀ ਸੁੰਘ ਤੇ ਥਣਾਂ ਨੂੰ ਚੁੰਘ ਰਿਹਾ ਸੀ, ਪਰ ਤੈਨੂੰ ਇਸ ਦੀ ਸਮਝ ਹੀ ਨਹੀਂ ਆਈ।

ਦੇਖਣ ਦੀ ਗਲ ਹੈ ਕਿ ਰਹਾਉ ਦੇ ਬੰਦ “ਜਤ੍ਰ ਜਾਉ, ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ `ਚ ‘ਜਿੱਧਰ ਜਾਂਦਾ ਹਾਂ, ਨਿਰਲੇਪ ਪ੍ਰਭੂ (ਬੀਠੁਲ) ਹੀ ਮੌਜੂਦ ਹੈ ਅਤੇ ਸਭ `ਚ ਵਿਆਪਕ ਹੋ ਕੇ ਉਹ ਬੜੇ ਅਨੰਦ-ਚੋਜ-ਤਮਾਸ਼ੇ ਕਰ ਰਿਹਾ ਹੈ’ ਇਸੇ ਤਰ੍ਹਾਂ ਸ਼ਬਦ ਦੇ ਅੰਤਮ ਬੰਦ `ਚ ਵੀ ਫ਼ੈਸਲਾ ਹੈ “ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ” ਭਾਵ ‘ਮੈਂ ਸੰਸਾਰ `ਚ ਹੇਠਾਂ ਉਤਾਂਹ ਹਰ ਥਾਂ ਜਿੱਥੇ ਵੀ ਦੇਖਦਾ ਹਾਂ ਮੇਰਾ ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਹੈ ਹੀ ਨਹੀਂ। ਇਸ ਲਈ ਨਾਮਦੇਵ ਤਾਂ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ ਕਿ ਹੇ ਬੀਠਲ! ਤੂੰ ਸਾਰੀ ਸ੍ਰਿਸ਼ਟੀ `ਚ ਹਰ ਥਾਂ ਭਰਪੂਰ ਹੈਂ”। ਤਾਂ ਤੇ ਪ੍ਰੋਫ਼ੇਸਰ ਸਾਹਿਬ ਸਿੰਘ ਜੀ ਅਨੁਸਾਰ ‘ਕਿਸੇ ਸਿਆਣੇ ਲਿਖਾਰੀ ਤੇ ਕਵੀ ਦੇ ਖ਼ਿਆਲ ਦੀ ਡੂੰਘਾਈ ਨੂੰ ਸਹੀ ਤਰ੍ਹਾਂ ਸਮਝਣ ਲਈ ਜ਼ਰੂਰੀ ਹੈ ਕਿ ਉਸ ਦੇ ਵਰਤੇ ਲਫ਼ਜ਼ਾਂ ਦੇ ਭਾਵ ਨੂੰ ਉਸ ਦੇ ਆਪਣੇ ਰਚਨਾ-ਭੰਡਾਰ ਵਿਚੋਂ ਗਹੁ ਨਾਲ ਵੇਖਿਆ ਜਾਏ। ਕਈ ਵਾਰੀ ਉਸ ਦੇ ਆਪਣੇ ਵਰਤੇ ਲਫ਼ਜ਼ਾਂ ਦੀ ਚੋਣ `ਚ ਖ਼ਾਸ ਭੇਦ ਹੋਇਆ ਕਰਦਾ ਹੈ, ਇਹ ਗੱਲ ਸੁੱਟ ਪਾਣ ਵਾਲੀ ਨਹੀਂ ਹੋਇਆ ਕਰਦੀ। ਇਸ ਸ਼ਬਦ `ਚ ਵੇਖੋ ਲਫ਼ਜ਼ ‘ਠਾਕੁਰ’ ਤੇ ‘ਬੀਠਲ’ ਦੀ ਵਰਤੋਂ। ਜਿੱਥੇ ‘ਇਸ਼ਨਾਨ ਪੂਜਾ ਨੈਵੇਦ’ ਦਾ ਜ਼ਿਕਰ ਹੈ, ਉੱਥੇ ਲਫ਼ਜ਼ ‘ਠਾਕੁਰ’ ਵਰਤਿਆ ਹੈ, ਪਰ ਜਿੱਥੇ ਸਰਬ-ਵਿਆਪਕਤਾ ਦੱਸੀ ਹੈ ਉੱਥੇ ‘ਬੀਠਲ’ ਲਿਖਿਆ ਹੈ। ਇਥੇ ਪੱਥਰ ਪੂਜਾ ਦਾ ਜ਼ਿਕਰ ਤਿੰਨ ਵਾਰੀ ਕੀਤਾ ਹੈ, ਤਿੰਨੇ ਹੀ ਵਾਰੀ ਉਸ ਨੂੰ ‘ਠਾਕੁਰ’ ਹੀ ਕਿਹਾ ਹੈ ਤੇ ‘ਬੀਠਲ’ ਦਾ ਨਾਮ ਸਰਬ-ਵਿਆਪਕ ਪਰੀਪੂਰਨ ਪਰਮਾਤਮਾ ਲਈ ਵਰਤਿਆ ਹੈ। ਲੋਕਾਂ ਦੀਆਂ ਘੜੀਆਂ ਕਹਾਣੀਆਂ ਤੋਂ ਅਸਾਂ ਇਹ ਯਕੀਨ ਨਹੀਂ ਬਣਾਉਣਾ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ; ਨਾਮਦੇਵ ਜੀ ਦਾ ਬੀਠਲੁ ਅਸਾਂ ਨਾਮਦੇਵ ਜੀ ਦੀ ਆਪਣੀ ਬਾਣੀ ਵਿਚੋਂ ਵੇਖਣਾ ਹੈ ਕਿ ਕਿਹੋ ਜਿਹਾ ਹੈ; ਉਹ ਬੀਠਲ ਹੈ ‘ਥਾਨ ਥਨੰਤਰਿ”। ਸ਼ਬਦ `ਚ ਸਪਸ਼ਟ ਮੂਰਤੀ-ਪੂਜਾ ਦਾ ਖੰਡਨ; ਤੇ ਸਰਬ-ਵਿਆਪਕ ਪ੍ਰਭੂ ਦੀ ਭਗਤੀ ਦਾ ਉਪਦੇਸ਼ ਹੈ। ਇਸੇਤਰ੍ਹਾਂ ਭਗਤ ਜੀ ਦੇ ਹੀ ਇੱਕ ਹੋਰ ਸ਼ਬਦ `ਚ:

ਗੂਜਰੀ ਘਰੁ ੧॥ ਮਲੈ ਨ ਲਾਛੈ, ਪਾਰਮਲੋ, ਪਰਮਲੀਓ ਬੈਠੋ ਰੀ ਆਈ॥ ਆਵਤ ਕਿਨੈ ਨ ਪੇਖਿਓ, ਕਵਨੈ ਜਾਣੈ, ਰੀ ਬਾਈ॥ ੧॥ ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ, ਰੀ ਬਾਈ॥ ੧॥ ਰਹਾਉ॥ ਜਿਉ ਆਕਾਸੈ ਪੰਖੀਅਲੋ, ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੈ ਮਾਛਲੋ, ਮਾਰਗੁ ਪੇਖਣੋ ਨ ਜਾਈ॥ ੨॥ ਜਿਉ ਆਕਾਸੈ ਘੜੂਅਲੋ, ਮ੍ਰਿਗ ਤ੍ਰਿਸਨਾ ਭਰਿਆ॥ ਨਾਮੇ ਚੇ ਸੁਆਮੀ ਬੀਠਲੋ, ਜਿਨਿ ਤੀਨੈ ਜਰਿਆ॥ ੩॥ ੨॥ {ਪੰਨਾ ੫੨੫}

ਇਸ ਤਰ੍ਹਾ ਨਾਮਦੇਵ ਜੀ ਦੀ ਬਾਣੀ `ਚ ਨਿਰਾ ‘ਬੀਠਲ’ ਲਫ਼ਜ਼ ਦੇਖ ਕੇ ਹੀ ਫ਼ਰਜ਼ ਕਰ ਲੈਣਾ ਭਾਰੀ ਭੁੱਲ ਹੈ ਕਿ ਭਗਤ ਜੀ ਕਿਸੇ ‘ਬੀਠੁਲ’ ਮੂਰਤੀ ਦੇ ਉਪਾਸ਼ਕ ਸਨ। ਉਨ੍ਹਾਂ ਨੇ ਆਪਣੇ ‘ਬੀਠਲ’ ਦਾ ਸਰੂਪ ਜੋ ਇਸ ਸ਼ਬਦ `ਚ ਬਿਆਨਿਆ ਹੈ ਉਹ ਸਰੂਪ ਤਾਂ ਕਿਸੇ ਮੂਰਤੀ ਦਾ ਹੈ ਹੀ ਨਹੀਂ ਬਲਕਿ ਸਰਬ-ਵਿਆਪਕ ਪ੍ਰਮਾਤਮਾ ਦਾ ਹੈ। ਇਥੇ ਤਾਂ ਆਪਣੇ ਪ੍ਰਭੂ ਬਾਰੇ ਰਹਾਉ ਦੇ ਬੰਦ `ਚ ਆਪ ਕਹਿ ਰਹੇ ਹਨ “ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ, ਰੀ ਬਾਈ” ਅਤੇ ਅੰਤਿਮ ਬੰਦ `ਚ ਵੀ ‘ਲਫ਼ਜ਼’ ਬੀਠੁਲ ਵਰਤ ਕੇ ਫ਼ੁਰਮਾਅ ਰਹੇ ਹਨ “. . ਨਾਮੇ ਚੇ ਸੁਆਮੀ ਬੀਠਲੋ, ਜਿਨਿ ਤੀਨੈ ਜਰਿਆ” ਤਾਂ ਫਿਰ, ਲੋਕਾਂ ਦੀ ਘੜੀ ਕਹਾਣੀ ਵਧੀਕ ਇਤਬਾਰ-ਜੋਗ ਕਿਵੇਂਹੈ ਜਾਂ ਜੋ ਭਗਤ ਜੀ ਆਪ ਬਿਆਨ ਰਹੇ ਹਨ? ਇਥੇ ਤਾਂ ਸ਼ਬਦ ਦਾ ਭਾਵ ਹੀ ਇਹੀ ਹੈ ਕਿ “ਪਰਮਾਤਮਾ ਸਰਬ-ਵਿਆਪਕ ਹੈ, ਅਕੱਥ ਹੈ। ਉਸ ਦਾ ਖ਼ਾਸ ਟਿਕਾਣਾ ਲੱਭ ਹੀ ਨਹੀਂ ਸਕਦਾ”।

ਤਾਂ ਤੇ ਚਲਦੀ ਵਿਚਾਰ `ਚ ਹੀ, “ਨਾਮੇ ਚੇ ਸੁਆਮੀ ਬੀਠਲੋ, ਜਿਨਿ ਤੀਨੈ ਜਰਿਆ” ਵਾਲੇ ਇਸ ਸ਼ਬਦ ਦੇ ਰਹਾਉ ਵਾਲੇ ਬੰਦ `ਚ ਵੀ ਨਾਮਦੇਵ ਆਪਣੇ ਬੀਠੁਲ ਨੂੰ ‘ਰਮਈਆ ਵੀ ਕਹਿੰਦੇ ਹਨ ਅਤੇ ਉਸ ਬਾਰੇ ਪੰਨਾ 525 `ਤੇ ਫ਼ੁਰਮਾਂਉਂਦੇ ਹਨ “ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ, ਰੀ ਬਾਈ”। ਇਥੇ ਦੇਖਣ ਦੀ ਗਲ ਹੋਰ ਵੀ ਹੈ ਜੇਕਰ ਉਨ੍ਹਾਂ ਦਾ ਬੀਠੁਲ ‘ਕ੍ਰਿਸ਼ਨ’ ਦੀ ਮੂਰਤੀ ਹੀ ਹੋਵੇ ਤਾਂ ਉਸੇ ਨੂੰ ‘ਰਮਈਆ’ ਜਿਸਦੇ ਅਰਥ ਹਨ ‘ਸਰਵ-ਵਿਆਪਕ’ ਉਹ ਕਿਵੇਂ? ਇਸੇ ਤਰ੍ਹਾਂ ਨਾਮਦੇਵ ਜੀ ਦੇ ਹੀ ਸ਼ਬਦ “ਮੋ ਕਉ ਤਾਰਿ ਲੇ ਰਾਮਾ ਤਾਰਿ ਲੇ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ, ਬਾਪ ਬੀਠੁਲਾ ਬਾਹ ਦੇ” (ਪੰ: 873) ਆਪ ਜਿਸ ਪ੍ਰਭੂ ਨੂੰ ਬੀਠੁਲ ਕਹਿ ਕੇ ਸੰਬੋਧਨ ਕਰ ਰਹੇ ਹਨ ਉਸੇ ਨੂੰ ‘ਰਾਮਾ’ ਜਿਹੜਾ ਨਾ ਹੀ ਕ੍ਰਿਸ਼ਨ ਮੂਰਤੀ ਲਈ ਹੈ ਤੇ ਨਾ ਹੀ ਦਸਰਥ ਪੁਤ੍ਰ ‘ਰਾਮ’ ਲਈ। ਇਹ ਲਫ਼ਜ਼ ਹਨ ਕੇਵਲ ਘਟ-ਘਟ ਵਾਸੀ, ਸਰਬ ਨਿਵਾਸੀ ਪ੍ਰਭੂ ਲਈ।

ਇਸੇ ਤਰ੍ਹਾਂ ਭਗਤ ਜੀ ਦੇ ਸ਼ਬਦਾਂ `ਚ ਲਫ਼ਜ਼ ਬੀਠੁਲ ਅਨੇਕਾਂ ਥਾਈਂ ਆਇਆ ਹੈ। ਚਲਦੇ ਪ੍ਰਕਰਣ `ਚ ਹੀ ਹੋਰ ਸੁਆਦਲੀ ਗੱਲ, ਰਾਗ ਤਿਲੰਗ `ਚ ਨਾਮਦੇਵ ਜੀ ਦਾ ਸ਼ਬਦ ਹੈ “ਮੈ ਅੰਧੁਲੇ ਕੀ ਟੇਕ, ਤੇਰਾ ਨਾਮੁ ਖੁੰਦਕਾਰਾ॥ ਮੈ ਗਰੀਬ ਮੈ ਮਸਕੀਨ, ਤੇਰਾ ਨਾਮੁ ਹੈ ਅਧਾਰਾ॥ ੧॥ ਰਹਾਉ॥ ਕਰੀਮਾਂ ਰਹੀਮਾਂ ਅਲਾਹ ਤੂ ਗਨਂੀ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ॥ ੧॥ ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ॥ ੨॥ ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ॥ ੩॥” (ਪੰ: 727) ਇਥੇ ਦੇਖੋ ਤਾਂ ਨਾਮਦੇਵ ਜੀ ਆਪਣੇ ਪ੍ਰਭੂ ਲਈ ਇਸਲਾਮੀ ਸ਼ਬਦ “ਕਰੀਮਾਂ ਰਹੀਮਾਂ ਅਲਾਹ ਤੂ ਗਨਂੀ” ਵਰਤ ਰਹੇ ਹਨ ਤਾਂ ਫ਼ਿਰ ਕੀ ਉਨ੍ਹਾਂ ਦੇ ਬਾਕੀ ਸ਼ਬਦਾਂ ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝੇ ਬਿਨਾ ਕੇਵਲ ਲਫ਼ਜ਼ ‘ਬਿਠੁਲ’ ਕਾਰਨ ਹੀ ਅਸਾਂ ਜੇ ਕਰ ਉਨ੍ਹਾਂ ਨੂੰ ਕ੍ਰਿਸ਼ਨ ਮੂਰਤੀ ਦਾ ਪੁਜਾਰੀ ਮੰਨ ਲੈਣਾ ਹੈ ਤਾਂ ਫ਼ਿਰ ਕੀ ਉਨ੍ਹਾਂ ਦੇ ਇਸਲਾਮੀ ਲਫ਼ਜ਼ਾਂ ਕਾਰਨ ਉਨ੍ਹਾਂ ਨੂੰ ਮੁਸਲਮਾਨ ਮੰਨ ਲਵੀਏ?

ਨਾਮਦੇਵ ਜੀ ਅਤੇ ਅਵਤਾਰ ਪੂਜਾ- ਬ੍ਰਾਹਮਣ ਮੱਤ `ਚ ਅਵਤਾਰ ਪੂਜਾ ਦੇ ਸੰਬੰਧ `ਚ ਦੋ ਹੀ ਮੁੱਖ ਅਵਤਾਰ ਹਨ, ਦਸਰਥ ਪੁੱਤਰ ‘ਰਾਮਚੰਦਰ’ ਅਤੇ ਦੇਵਕੀ (ਜਸੋਦਾ) ਪੁੱਤਰ ‘ਸ੍ਰੀ ਕ੍ਰਿਸ਼ਨ’ ਜੀ। ਇਹ ਠੀਕ ਹੈ ਕਿ ਨਾਮਦੇਵ ਜੀ ਦੇ ਸ਼ਬਦਾਂ `ਚ ਇਨ੍ਹਾਂ ਦੋਨਾਂ ਹਸਤੀਆਂ ਅਤੇ ਉਨ੍ਹਾਂ ਦੇ ਜੀਵਨਾ ਨਾਲ ਜੁੜੀਆਂ ਬਹੁਤੇਰੀਆਂ ਗਾਥਾਵਾਂ ਦਾ ਹਵਾਲਾ ਬਹੁਤ ਵਾਰੀ ਆਇਆ ਹੈ। ਦੂਜਾ ਇਹ ਕਿ ਜਿਵੇਂ ਦੇਖ ਚੁੱਕੇ ਹਾਂ ਬੀਠੁਲ ਲਫ਼ਜ਼ ਕ੍ਰਿਸ਼ਨ ਜੀ ਮੂਰਤੀ ਵਾਸਤੇ ਉੱਕਾ ਹੀ ਨਹੀਂ ਬਲਕਿ ਅਕਾਲਪੁਰਖ ਲਈ ਹੀ ਵਰਤਿਆ ਹੈ। ਇਸੇ ਤਰ੍ਹਾਂ ਲਫ਼ਜ਼ ‘ਰਾਮ’ ਤਾਂ ਅਕਾਲਪੁਖ ਲਈ ਬਹੁਤ ਵਾਰੀ ਵਰਤਿਆ ਹੈ ਪਰ ਅਵਤਾਰ ਰਾਮ ਲਈ ਇੱਕ ਵਾਰੀ ਵੀ ਉਨ੍ਹਾਂ ਨੂੰ ‘ਭਗਵਾਨ’ ਜਾਂ ‘ਰੱਬ’ ਮੰਨ ਕੇ ਨਹੀਂ ਵਰਤਿਆ। ਇਸਤੋਂ ਇਲਾਵਾ ਪ੍ਰਭੂ ਜੀ ਲਈ ‘ਰਮਈਆ’ ਭਾਵ ਜ਼ਰੇ ਜ਼ਰੇ `ਚ ਰਮੇ ਅਕਾਲਪੁਰਖ ਲਈ ਹੀ ਹੈ ਪਰ ਇਹ ਲਫ਼ਜ਼ ਵੀ ਦਸਰਥ ਪੁਤਰ ਰਾਮਚੰਦਰ ਵਾਸਤੇ ਕਿਧਰੇ ਨਹੀਂ ਵਰਤਿਆ। ਇਸ ਬਾਰੇ ਇਥੇ ਉਨ੍ਹਾਂ ਦੇ ਹੀ ਸ਼ਬਦਾ ਵਿਚੋਂ ਹੀ ਕੁੱਝ ਮਿਸਾਲਾਂ ਇਸ ਤਰ੍ਹਾਂ ਹਨ।

ਅਕਾਲਪੁਰਖ ਲਈ ‘ਰਾਮ’ ਜਾਂ ਰਮਈਆ-ਸ਼ਬਦ ਹੈ “ਸਭੈ ਘਟ ਰਾਮੁ ਬੋਲੈ, ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥ ੧॥ ਰਹਾਉ॥ ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨ੍ਹ੍ਹਾ ਰੇ॥ ਅਸਥਾਵਰ ਜੰਗਮ, ਕੀਟ ਪਤੰਗਮ, ਘਟਿ ਘਟਿ ਰਾਮੁ ਸਮਾਨਾ ਰੇ॥ ੧॥ ਏਕਲ ਚਿੰਤਾ ਰਾਖੁ ਅਨੰਤਾ, ਅਉਰ ਤਜਹੁ ਸਭ ਆਸਾ ਰੇ॥ ਪ੍ਰਣਵੈ ਨਾਮਾ ਭਏ ਨਿਹਕਾਮਾ, ਕੋ ਠਾਕੁਰੁ ਕੋ ਦਾਸਾ ਰੇ॥ ੨॥ ੩॥ {ਪੰਨਾ 988} ਭਾਵ ਉਹ ‘ਰਾਮ’ ਅਥਵਾ ਅਕਾਲਪੁਰਖ ਜਿਸਦਾ ਵਾਸਾ ਹਰੇਕ ਜੀਵ ਅੰਦਰ ਹੈ (ਨਾ ਕਿ ਦਸਰਥ ਪੁਤਰ ਰਾਮ)। ਇਸੇ ਤਰ੍ਹਾਂ ਰਾਗ ਪ੍ਰਭਾਤੀ `ਚ “ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ, ਤਾ ਕਾ ਅੰਤੁ ਨ ਜਾਨਿਆ॥ ਸਰਬ ਨਿਰੰਤਰਿ ਰਾਮੁ ਰਹਿਆ ਰਵਿ, ਐਸਾ ਰੂਪੁ ਬਖਾਨਿਆ॥ ੧॥ ਗੋਬਿਦੁ ਗਾਜੈ ਸਬਦੁ ਬਾਜੈ॥ ਆਨਦ ਰੂਪੀ ਮੇਰੋ ਰਾਮਈਆ॥ ੧॥ ਰਹਾਉ” (ਪੰ: 1351) ਜਾਂ ਫ਼ਿਰ “ਅੰਤਰਜਾਮੀ ਰਾਮੁ ਰਵਾਂਈ, ਮੈ ਡਰੁ ਕੈਸੇ ਚਹੀਐ॥ ੧॥ ਬੇਧੀਅਲੇ ਗੋਪਾਲ ਗ+ਸਾਈ॥ ਮੇਰਾ ਪ੍ਰਭੁ ਰਵਿਆ ਸਰਬੇ ਠਾਈ” (ਪੰ: 1350) ਭਾਵ ਉਹ ਰਾਮ ਜੋ “ਆਦਿ ਜੁਗਾਦਿ, ਜੁਗੋ ਜੁਗੁ ਹੈ, ਤਾ ਕਾ ਅੰਤੁ ਨ ਜਾਨਿਆ॥ ਸਰਬ ਨਿਰੰਤਰਿ … ਰਵਿਆ ਸਰਬੇ ਠਾਈ” ਫ਼ਿਰ ਹੋਰ ਦੇਖੋ ਉਸਨੂੰ ਇਥੇ ‘ਰਾਮ’ ਹੀ ਨਹੀਂ ਬਲਕਿ ਉਸੇ ਨੂੰ “ਗੋਬਿਦੁ ਗਾਜੈ” ਅਤੇ” ਗੋਪਾਲ ਗ+ਸਾਈ” ਵੀ ਕਿਹਾ ਹੈ। ਸਪਸ਼ਟ ਹੈ ਕਿ ਇਥੇ ਵੀ ਅਵਤਾਰੀ ਰਾਮ ਜਾਂ ਕ੍ਰਿਸ਼ਨ ਦੀ ਉੱਕਾ ਕੋਈ ਗਲ ਨਹੀਂ।

ਕੁਝ ਹੋਰ ਪ੍ਰਮਾਣ- ਰਾਗ ਭੇਰਉ `ਚ “…. ਸੰਡਾ ਮਰਕਾ ਜਾਇ ਪੁਕਾਰੇ॥ ਪੜੈ ਨਹੀ ਹਮ ਹੀ ਪਚਿ ਹਾਰੇ॥ ਰਾਮੁ ਕਹੈ ਕਰ ਤਾਲ ਬਜਾਵੈ, ਚਟੀਆ ਸਭੈ ਬਿਗਾਰੇ… (ਪੰਨਾ ੧੧੬੫) ਇਥੇ ਭਗਤ ਜੀ ਭਗਤ ਪ੍ਰਹਿਲਾਦ ਵਾਲੀ ਘਟਨਾ ਦਾ ਹਵਾਲਾ ਦੇ ਰਹੇ ਹਨ ਤੇ ਕਹਿ ਰਹੇ ਹਨ “ਰਾਮੁ ਕਹੈ ਕਰ ਤਾਲ ਬਜਾਵੈ” ਜਦਕਿ ਉਨ੍ਹਾਂ ਵਿਸ਼ਵਾਸਾਂ `ਚ ਹੀ ਇਹ ਘਟਨਾ ਕਹੇ ਜਾਂਦੇ ਸਤਜੁਗ ਦੀ ਹੈ ਜਦੋਂ ਕਿ ਦਸਰਥ ਸੁਤ ਰਾਮ ਅਜੇ ਪੈਦਾ ਹੀ ਨਹੀਂ ਸਨ ਹੋਏ। ਹੋਰ ਸ਼ਬਦ “ … ਬਾਦੁ ਬਿਬਾਦੁ, ਕਾਹੂ ਸਿਉ ਨ ਕੀਜੈ॥ ਰਸਨਾ, ਰਾਮ ਰਸਾਇਨੁ ਪੀਜੈ॥ ੨॥ ਅਬ ਜੀਅ ਜਾਨਿ, ਐਸੀ ਬਨਿ ਆਈ॥ ਮਿਲਉ ਗੁਪਾਲ, ਨੀਸਾਨੁ ਬਜਾਈ … “ (ਪੰਨਾ1164) ਇਥੇ ਦੇਖੋ! ਜੇਕਰ ਅਵਤਾਰੀ ਰਾਮ ਜਾਂ ਕ੍ਰਿਸ਼ਨ ਦੀ ਗੱਲ ਹੁੰਦੀ ਤਾਂ ਦੋਨਾਂ ਚੋਂ ਇੱਕ ਹੀ ਨਾਂ ਰਾਮ ਜਾਂ ਗੁਪਾਲ ਆਉਂਦਾ ਨਾ ਕਿ ਦੋਵੇਂ। ਹੋਰ- “ਧਨਿ ਧੰਨਿ ਓ ਰਾਮ ਬੇਨੁ ਬਾਜੈ॥ ਮਧੁਰ ਮਧੁਰ ਧੁਨਿ ਅਨਹਤ ਗਾਜੈ॥ ੧॥ ਰਹਾਉ॥ ਧਨਿ ਧਨਿ ਮੇਘਾ ਰੋਮਾਵਲੀ॥ ਧਨਿ ਧਨਿ ਕਿ੍ਰਸਨ ਓਢੈ ਕਾਂਬਲੀ॥ ੧॥ ਧਨਿ ਧਨਿ ਤੂ ਮਾਤਾ ਦੇਵਕੀ॥ ਜਿਹ ਗ੍ਰਿਹ ਰਮਈਆ ਕਵਲਾਪਤੀ॥ ੨॥ ਧਨਿ ਧਨਿ ਬਨਖੰਡ ਬਿੰਦ੍ਰਾਬਨਾ॥ ਜਹ ਖੇਲੈ ਸ੍ਰੀ ਨਾਰਾਇਨਾ॥ ੩॥ ਬੇਨੁ ਬਜਾਵੈ ਗੋਧਨੁ ਚਰੈ॥ ਨਾਮੇ ਕਾ ਸੁਆਮੀ ਆਨਦ ਕਰੈ॥ ੪॥ ੧॥” {ਪੰ: 988} ਜਦਕਿ ਪ੍ਰਚਲਣ ਮੁਤਾਬਕ ਸ੍ਰੀ ਕ੍ਰਿਸ਼ਨ ਦੀ ਬੰਸਰੀ ਵਾਲੀ ਗਲ ਤਾਂ ਜੱਗ ਜ਼ਾਹਿਰ ਹੈ ਨਾ ਕਿ ‘ਰਾਮ’ ਜੀ ਦੀ ਬੰਸਰੀ। ਇਸੇ ਤਰ੍ਹਾਂ ਇਸ ਸ਼ਬਦ ਦੇ ਬਾਕੀ ਅਰਥ ਵੀ ਸਮਝੋ ਤਾਂ ਇਥੇ ਵੀ ਅਵਤਾਰੀ ਰਾਮ ਜਾਂ ਕ੍ਰਿਸ਼ਨ ਦੀ ਉੱਕਾ ਗਲ ਬਲਕਿ ਇਥੇ ਵੀ ਅਕਾਲਪੁਰਖ ‘ਰਾਮ’ ਦੀ ਹੀ ਗੱਲ ਹੈ।

ਇਸ ਤੋਂ ਬਾਅਦ, ਭਗਤ ਜੀ ਦੇ ਸ਼ਬਦਾਂ `ਚ ਇੱਕ ਢੰਗ ਹੋਰ ਵੀ ਹੈ। ਜਿਵੇਂ “ਦੇਵਾ ਪਾਹਨ ਤਾਰੀਅਲੇ॥ ਰਾਮ ਕਹਤ, ਜਨ ਕਸ ਨ ਤਰੇ॥ ੧॥ ਰਹਾਉ॥ ਤਾਰੀਲੇ ਗਨਿਕਾ, ਬਿਨੁ ਰੂਪ ਕੁਬਿਜਾ, ਬਿਆਧਿ ਅਜਾਮਲੁ ਤਾਰੀਅਲੇ॥ ਚਰਨ ਬਧਿਕ ਜਨ ਤੇਊ ਮੁਕਤਿ ਭਏ॥ ਹਉ ਬਲਿ ਬਲਿ, ਜਿਨ ਰਾਮ ਕਹੇ॥ ੧॥ ਦਾਸੀ ਸੁਤ ਜਨੁ ਬਿਦਰੁ ਸੁਦਾਮਾ, ਉਗ੍ਰਸੈਨ ਕਉ ਰਾਜ ਦੀਏ॥ ਜਪ ਹੀਨ, ਤਪ ਹੀਨ, ਕੁਲ ਹੀਨ, ਕ੍ਰਮ ਹੀਨ, ਨਾਮੇ ਕੇ ਸੁਆਮੀ ਤੇਊ ਤਰੇ”॥ ੨॥ ੧॥ (ਪੰਨਾ 345) ਇਸੇ ਤਰ੍ਹਾਂ “ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ॥ ੧॥ ਹਮਰੋ ਕਰਤਾ ਰਾਮੁ ਸਨੇਹੀ॥ ਕਾਹੇ ਰੇ ਨਰ ਗਰਬੁ ਕਰਤ ਹਹੁ, ਬਿਨਸਿ ਜਾਇ ਝੂਠੀ ਦੇਹੀ॥ ੧॥ ਰਹਾਉ॥ ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ॥ ਬਾਰਹ ਜੋਜਨ ਛਤ੍ਰü ਚਲੈ, ਥਾ ਦੇਹੀ ਗਿਰਝਨ ਖਾਈ॥ ੨॥ ਸਰਬ ਸ+ਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ॥ ਕਹਾ ਭਇਓ ਦਰਿ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ॥ ੩॥ ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ॥ ਕਿ੍ਰਪਾ ਕਰੀ ਜਨ ਅਪੁਨੇ ਊਪਰ, ਨਾਮਦੇਉ ਹਰਿ ਗੁਨ ਗਾਏ”॥ ੪॥ ੧॥ (ਪੰ: 692) ਇਥੇ ਦੋਨਾਂ ਸ਼ਬਦਾਂ `ਚ ਧਿਆਨ ਕਰੋ! “ਦੇਵਾ ਪਾਹਨ ਤਾਰੀਅਲੇ॥ ਰਾਮ ਕਹਤ, ਜਨ ਕਸ ਨ ਤਰੇ” ਅਤੇ” ਹਮਰੋ ਕਰਤਾ ਰਾਮੁ ਸਨੇਹੀ” ਜੇਕਰ ਇਥੇ ਅਵਤਾਰੀ ਰਾਮ ਦੀ ਗੱਲ ਹੁੰਦੀ ਤਾਂ ‘ਗਨਿਕਾ, ਅਜਾਮਲੁ, ਮਾਰਕੰਡੇ ਆਦਿ’ ਦੀਆਂ ਮਿਸਾਲਾਂ ਨਾ ਹੁੰਦੀਆਂ। ਇਸੇ ਤਰ੍ਹਾਂ ਬਾਕੀ ਮਿਸਾਲਾਂ ਵੀ ਰਾਮ ਜਾਂ ਕ੍ਰਿਸ਼ਨ ਜੀ ਦੋਨਾਂ ਚੋਂ ਇੱਕ ਨਾਲ ਸੰਬੰਧਤ ਹੁੰਦੀਆਂ। ਸਮਝਣ ਦੀ ਗੱਲ਼ ਹੈ ਕਿ ਇਥੇ ਵੀ ਗੁਰਬਾਣੀ ਦੇ ਮੂਲ ਸਿਧਾਂਤ ਅਨੁਸਾਰ, ਕਰਤਾ ਅਕਾਲਪੁਰਖ ਹੀ ਹੈ। ਬਾਕੀ ਜਿਸ ਵਾਤਾਵਰਣ `ਚ ਨਾਮਦੇਵ ਜੀ ਜੰਮੇ-ਪਲੇ ਉਥੇ ਉਨ੍ਹਾਂ ਲੋਕਾਂ ਨਾਲ ਗਲ ਸਾਂਝੀ ਕਰਣ ਲਈ ਉਹੀ ਮਿਸਾਲਾਂ ਵਰਤੀਆਂ ਜਿਹੜੀਆਂ ਉਨ੍ਹਾਂ ਦੇ ਦਿਲੋ-ਦਿਮਾਗ਼ `ਤੇ ਛਾਈਆਂ ਸਨ ਤੇ ਉਨ੍ਹਾਂ ਦੀ ਸਮਝ `ਚ ਸਹਿਲੇ ਆ ਸਕਦੀਆਂ ਸਨ, ਇਹੀ ਢੰਗ ਸਾਰੀ ਗੁਰਬਾਣੀ `ਚ ਵੀ ਵਰਤਿਆ ਹੈ।

ਨਾਮਦੇਵ ਜੀ ਅਤੇ ਦਸਰਥ ਸੁਤ ਰਾਮ- ਬਾਕੀ ਰਹੀ ਗੱਲ ਦਸਰਥ ਸੁਤ ਰਾਮ ਦੀ। ਇਥੇ ਵੀ ਬੜੇ ਸਪਸ਼ਟ ਅੱਖਰਾਂ `ਚ ਭਗਤ ਜੀ ਕਹਿੰਦੇ ਹਨ “ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ” (ਪੰ: 874) ਭਾਵ ਐ ਪੰਡਿਤ ਜੀ! ਇੱਕ ਪਾਸੇ ਤਾਂ ਤੁਸੀਂ ਪ੍ਰਚਾਰਦੇ ਹੋ ਕਿ ਰਾਮ ਚੰਦਰ ‘ਭਗਵਾਨ’ ਹਨ, ਦੂਜੇ ਪਾਸੇ ਆਪ ਹੀ ਕਹਿੰਦੇ ਹੋ ਕਿ ਉਹੀ ਰਾਮਚੰਦਰ, ਜਦੋਂ ਉਨ੍ਹਾਂ ਦੀ ਰਾਵਨ ਨਾਲ ਗੜ-ਬੜ ਹੋਈ ਤਾਂ ਆਪਣੀ ਜ਼ਨਾਨੀ ਨੂੰ ਵੀ ਗੁਆ ਬੈਠੇ’। ਇਸੇ ਤਰ੍ਹਾ “ਬਾਨਾਰਸੀ ਤਪੁ ਕਰੈ ਉਲਟਿ” ਵਾਲੇ ਸ਼ਬਦ `ਚ ਬ੍ਰਾਹਮਣੀ ਨਿਯਮਾਂ ਅਨੁਸਾਰ ਤਪ ਸਾਧਨੇ, ਭਿੰਨ ਭਿੰਨ ਤੀਰਥਾਂ ਦੇ ਰੱਟਣ-ਸਨਾਨ, ਜਗ-ਹੋਮ, ਦਾਨ-ਪੁੰਨ, ਬਰਫ਼ਾਂ `ਚ ਜਾ ਕੇ ਸਰੀਰ ਨੂੰ ਗਾਲਨਾ, ਯੋਗ ਮੱਤ ਵਾਲੇ ਸਾਧਨ, ਨੀਊਲੀ ਕਰਮ, ਇਥੋਂ ਤੀਕ ਕਿ “ਅਸੁ ਦਾਨ, ਗਜ ਦਾਨ, ਸਿਹਜਾ ਨਾਰੀ ਭੂਮਿ ਦਾਨ” ਆਦਿ ਸਾਰੇ ਕਰਮਕਾਂਡਾਂ ਲਈ ‘ਛੋਡਿ ਛੋਡਿ, ਰੇ ਪਾਖੰਡੀ ਮਨ, ਕਪਟੁ ਨ ਕੀਜੈ’ ਦੀ ਗਲ ਕਹਿੰਦੇ ਹੋਏ ਉਪਦੇਸ਼ ਦੇਂਦੇ ਹਨ ਕਿ ਐ ਭਾਈ! ਜੇ ਕਰ ਤੂੰ ਸਚਮੁਚ ਆਪਣੇ ਜੀਵਨ ਦੀ ਸੰਭਾਲ ਕਰਣੀ ਹੈਂ ਤਾਂ ਇਕੋ ਹੀ ਰਸਤਾ ਹੈ “ਹਰਿ ਕਾ ਨਾਮੁ ਨਿਤ ਨਿਤਹਿ ਲੀਜੈ”। ਇਸ ਤਰ੍ਹਾਂ ਚਲ ਰਹੀ ਕਰਮਕਾਂਡਾਂ ਵਾਲੀ ਲੜੀ ਨੂੰ ਬ੍ਰਾਹਮਣ ਰਾਹੀਂ ਹੀ ਪ੍ਰਚਲਤ ਅਵਤਾਰ ਪੂਜਾ ਦੀ ਗਲ ਕਰਦੇ ਹਨ ਤਾਂ ਕਹਿੰਦੇ ਹਨ” ਜਸਰਥ ਰਾਇ ਨੰਦੁ, ਰਾਜਾ ਮੇਰਾ ਰਾਮ ਚੰਦੁ, ਪ੍ਰਣਵੈ ਨਾਮਾ, ਤਤੁ ਰਸੁ ਅੰਮ੍ਰਿਤੁ ਪੀਜੈ” (ਪੰ: 973) ਅਰਥ ਹਨ ਮੇਰੇ ਲਈ ਤਾਂ ਸਾਰੀਆਂ ਗੱਲਾਂ ਦਾ ਨਿਚੋੜ ‘ਪ੍ਰਭੂ ਦੇ ਨਾਮ ਰਸ ਵਾਲੇ ਅੰਮ੍ਰਿਤ ਦਾ ਪੀਣਾ” ਹੀ ਹੈ ਅਤੇ ਇਹੀ ਹੈ ਮੇਰੇ ਲਈ ਦਸ਼ਰਥ ਪੁਤਰ ਰਾਮ ਜੀ ਦੀ ਬੰਦਗੀ ਭਾਵ ਉਸ ਦੀ ਵੀ ਮੈਨੂੰ ਲੋੜ ਨਹੀਂ।

ਨਾਮਦੇਵ ਜੀ ਅਤੇ ਦੇਵੀ-ਦੇਵਤਾ ਵਾਦ- ਚਲਦੇ ਪ੍ਰਕਰਣ `ਚ ਗਲ ਕਰਦੇ ਹਾਂ ਭਗਤ ਜੀ ਰਾਹੀਂ’ ਦੇਵੀ-ਦੇਵਤਾ ਵਾਦ” ਦੀ ਉਨ੍ਹਾਂ ਦੇ ਹੀ ਸ਼ਬਦਾਂ `ਚੋਂ ਰਾਗ ਗੋਂਡ (ਪੰ: 874) `ਤੇ ਭਗਤ ਜੀ ਫ਼ੁਰਮਾਂਦੇ ਹਨ “ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ ੧॥ ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ॥ ੧॥ ਰਹਾਉ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ ੨॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥ ੩॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ ੪॥ ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥ ੫॥ ਇਥੇ ਦੇਵੀ ਦੇਵਤਿਆਂ ਬਾਰੇ ਭਗਤ ਜੀ ਰਹਾਉ ਦੇ ਬੰਦ `ਚ ਫ਼ੁਰਮਾਂਦੇ ਹਨ ਐ ਪੰਡਿਤ ਜੀ! “ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ” ਮੈਨੂੰ ਤਾਂ ਕੇਵਲ ਰਮਈਆ ਰਾਮ ਦੀ ਲੋੜ ਹੈ ਅਤੇ ਉਸਦੇ ਬਦਲੇ `ਚ ਤੁਹਾਡੇ ਜਿੰਨੇ ਵੀ ਦੇਵੀ-ਦੇਵਤੇ ਹਨ, ਮੈਂ ਤੁਹਾਨੂੰ ਵਾਪਿਸ ਕਰਦਾ ਹਾਂ। ਇਸ ਤਰ੍ਹਾਂ ਸ਼ਬਦ `ਚ ਭਗਤ ਜੀ ਮਿਾਸਲ ਦੇਂਦੇ ਹਨ ਭੈਰਉ, ਸੀਤਲਾ, ਸ਼ਿਵਜੀ ਤੇ ਦੇਵੀ ਦੀ। ਹੋਰ- ਅੱਗੇ ਦਿੱਤੇ ਜਾ ਰਹੇ ਸ਼ਬਦ ਦੇ ਰਹਾਉ ਦੇ ਬੰਦ `ਚ ਵੀ ਭਗਤ ਜੀ ਫ਼ੁਰਮਾਂਉਂਦੇ ਹਨ “…. . ਰੰਗੀ ਲੇ ਜਿਹਬਾ ਹਰਿ ਕੈ ਨਾਇ॥ ਸੁਰੰਗ ਰੰਗੀਲੇ ਹਰਿ ਹਰਿ ਧਿਆਇ॥ ੧॥ ਰਹਾਉ॥” ਕਿ ਹੇ ਮੇਰੀ ਜੀਭਾ ਪ੍ਰਭੂ ਦੇ ਰੰਗ `ਚ ਰੰਗੀ ਰਹੁ ਅਤੇ ਪ੍ਰਭੂ ਰੰਗ ਤੋਂ ਬਿਨਾ “ਮਿਥਿਆ ਜਿਹਬਾ ਅਵਰੇਂ ਕਾਮ॥ ਨਿਰਬਾਣ ਪਦੁ ਇਕੁ ਹਰਿ ਕੋ ਨਾਮੁ॥ ੨॥ ਅਸੰਖ ਕੋਟਿ ਅਨ ਪੂਜਾ ਕਰੀ॥ ਏਕ ਨ ਪੂਜਸਿ ਨਾਮੈ ਹਰੀ॥ ੩॥ … “ (ਪੰ: 1163)।” … ਭਾਵੇਂ ਤੂੰ ਅਸੰਖਾਂ-ਕਰੋੜਾਂ ਦੇਵਤਿਆਂ ਆਦਿ ਦੀਆਂ ਹੋਰ ਪੂਜਾਵਾਂ `ਚ ਰਹਿ ਇਸ ਨਾਲ ਤੈਨੂੰ ਜੀਵਨ ਦੀ ਸਫ਼ਲਤਾ ਪ੍ਰਾਪਤ ਨਹੀਂ ਹੋਵੇਗੀ।

ਭਗਤ ਜੀ ਦੇ ਹੀ ਇੱਕ ਹੋਰ ਸ਼ਬਦ `ਚ ਇਥੇ ਅਸੀਂ ਸ਼ਬਦ ਦੇ ਜੋ ਅਰਥ ਦੇ ਰਹੇ ਹਾਂ ਉਹ ਵੀ ਪੰਥ ਦੇ ਮਹਾਨ ਵਿਦਵਾਨ ਪ੍ਰੋਫ਼ੈਸਰ ਸਾਹਿਬ ਜੀ ਰਾਹੀਂ ਕੀਤੇ ਅਰਥਾਂ ਦੇ ਆਧਾਰ `ਤੇ ਹੀ ਹਨ। ਪੰਜ ਬੰਦਾ ਦਾ ਅਰਥਾਂ ਸਹਿਤ ਇਹ ਸ਼ਬਦ ਹੈ;

“ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ॥ ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ॥ ੧॥ ਰਹਾਉ”

ਅਰਥ: ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ `ਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਤੇ (ਜਿਸ ਦੇ ਦਰ ਤੋਂ ਸਾਰੇ ਭਗਤ, ਭਗਤੀ ਦੀ ਦਾਤਿ ਬਖ਼ਸ਼। ੧। ਰਹਾਉ।

“ਜਾਂ ਚੈ ਘਰਿ, ਦਿਗ ਦਿਸੈ ਸਰਾਇਚਾ, ਬੈਕੁੰਠ ਭਵਨ ਚਿਤ੍ਰਸਾਲਾ, ਸਪਤ ਲੋਕ ਸਾਮਾਨਿ ਪੂਰੀਅਲੇ॥ ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ, ਕਉਤਕੁ ਕਾਲੁ ਬਪੁੜਾ, ਕੋਟਵਾਲੁ ਸੁ ਕਰਾ ਸਿਰੀ॥ ਸੁ ਐਸਾ ਰਾਜਾ ਸ੍ਰੀ ਨਰਹਰੀ॥ ੧॥ ਅਰਥ: ਉਹ ਪ੍ਰਮਾਤਮਾ ਮਾਨੋ ਇੱਕ ਬੜਾ ਵੱਡਾ ਰਾਜਾ ਹੈ ਜਿਸ ਦਾ ਇੰਨਾ ਵੱਡਾ ਸ਼ਾਮੀਆਨਾ ਹੈ ਕਿ ਚਾਰੇ ਦਿਸ਼ਾਂਵਾਂ ਮਾਨੋ ਉਸ ਸ਼ਾਮੀਆਨੇ ਲਈ ਕਨਾਤਾਂ ਹਨ। ਜਿਵੇਂ ਰਾਜਿਆਂ ਦੇ ਮਹਲਾਂ `ਚ ਤਸਵੀਰ-ਘਰ ਹੁੰਦੇ ਹਨ, ਇਸੇ ਤਰ੍ਹਾਂ ਸਾਰਾ ਬੈਕੁੰਠ ਹੀ ਉਸ ਦਾ ਮਾਨੋ ਤਸਵੀਰ-ਘਰ ਹੈ। ਸਾਰੇ ਹੀ ਜਗਤ `ਚ ਉਸ ਦਾ ਹੁਕਮ ਇਕ-ਸਾਰ ਚੱਲ ਰਿਹਾ ਹੈ। ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਲਈ ਹੀ ਹੁੰਦਾ ਹੈ, ਪਰ ਉਸ ਪ੍ਰਮਾਤਮਾ ‘ਰਾਜੇ’ ਦੇ ਮਹਲ `ਚ ਉਹ ਲੱਛਮੀ ਹੈ, ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ। ਇਹ ਚੰਦ ਸੂਰਜ ਉਸ ਰਾਜੇ ਦੇ ਮਹਲ ਦੇ, ਮਾਨੋ ਨਿੱਕੇ ਜਿਹੇ ਦੀਵੇ ਹਨ। ਜਿਸ ਕਾਲ ਦਾ ਡਰ ਹਰੇਕ ਜੀਵ ਦੇ ਸਿਰ `ਤੇ ਹੁੰਦਾ ਹੈ ਅਤੇ ਕੋਈ ਉਸ ਤੋਂ ਬਚਦਾ ਵੀ ਨਹੀਂ, ਜਿਸ ਤੋਂ (ਜਿਸ ਕਾਲ ਦਾ ਹਾਲਾ ਜੀਵ ਥਰ-ਥਰ ਕੰਬਦੇ ਹਨ, ਉਹੀ ਕਾਲ (ਮੌਤ) ਉਥੇ ਕੋਤਵਾਲ ਹੈ ਅਤੇ ਕਾਲ ਵਿਚਾਰਾ ਉਸ ਪ੍ਰਮਾਤਮਾ ਰਾਜੇ ਦੇ ਘਰ ਦਾ ਮਾਨੋ, ਇੱਕ ਖਿਡੌਣਾ ਹੈ। ੧। “ਜਾਂ ਚੈ ਘਰਿ, ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ, ਜਿਨਿ ਬਿਸ੍ਵ ਸੰਸਾਰੁ ਰਾਚੀਲੇ॥ ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ, ਤਤ ਸਾਰਖਾ ਗਿਆਨੁ ਭਾਖੀਲੇ॥ ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ, ਚਿਤ੍ਰ ਗੁਪਤੁ ਲੇਖੀਆ॥ ਧਰਮ ਰਾਇ ਪਰੁਲੀ ਪ੍ਰਤਿਹਾਰੁ॥ ਸ+ ਐਸਾ ਰਾਜਾ ਸ੍ਰੀ ਗੋਪਾਲੁ॥ ੨॥” ਸ੍ਰਿਸ਼ਟੀ ਦਾ ਮਾਲਕ ਉਹ ਪ੍ਰਮਾਤਮਾ ਇੱਕ ਐਸਾ ਰਾਜਾ ਹੈ ਕਿ ਲੋਕਾਂ ਦੀ ਮਨੌਤ ਅਨੁਸਾਰ ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਭੀ ਉਸ ਰਾਜੇ ਦੇ ਘਰ `ਚ ਭਾਂਡੇ ਘੜਨ ਵਾਲਾ ਇੱਕ ਕੁੰਮਿਹਾਰ ਹੀ ਹੈ। ਭਾਵ, ਪਰ੍ਰਾਤਮਾ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾ ਭੀ ਇੰਨੀ ਹੀ ਹਸਤੀ ਰੱਖਦਾ ਹੈ ਜਿੰਨੀ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ ਕੁੰਮਿਹਾਰ। ਲੋਕਾਂ ਦੀਆਂ ਨਜ਼ਰਾਂ `ਚ ਤਾਂ ਸ਼ਿਵਜੀ ਸੰਸਾਰ ਦਾ ਗੁਰੂ ਹੈ, ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਅਪੜਾਂਦਾ ਅਤੇ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ, ਇਹ ਸ਼ਿਵਜੀ ਵੀ ਸ੍ਰਿਸ਼ਟੀ ਦੇ ਮਾਲਕ ਉਸ ਪ੍ਰਮਾਤਮਾ ਦੇ ਘਰ `ਚ ਮਾਨੋ ਇੱਕ ਕਮਲਾ ਮਸਖ਼ਰਾ ਹੀ ਹੈ। ਰਾਜੇ ਦੇ ਰਾਜ-ਮਹਲਾਂ ਦੇ ਦਰਵਾਜ਼ੇ’ ਤੇ ਚੋਬਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ `ਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦੇਂਦੇ ਹਨ। ਘਟ ਘਟ `ਚ ਵੱਸਣ ਵਾਲੇ ਰਾਜਨ-ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਲ ਦੇ ਦਰ `ਤੇ ਚੋਬਦਾਰ ਹੀ ਹੈ। ਭਾਵ, ਹਰੇਕ ਹਿਰਦੇ-ਘਰ `ਚ ਪ੍ਰਭੂ ਵੱਸ ਰਿਹਾ ਹੈ, ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸਨੂੰ ਪ੍ਰਭੂ ਤੋਂ ਨੇੜੇ ਜਾਂ ਦੂਰ ਕਰਾ ਦੇਂਦੇ ਹਨ। ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਰਹਿੰਦਾ ਹੈ, ਉਹ ਚਿਤ੍ਰਗੁਪਤ ਉਸ ਰਾਜੇ ਪ੍ਰਮਾਤਮਾ ਦੇ ਘਰ ਮਾਨੋ ਇੱਕ ਲੋਕਾਂ ਦਾ ਲੇਖਾ-ਜੋਖਾ ਕਰਣ ਲਾਈ ਇੱਕ ਮੁਨੀਮ ਹੀ ਹੈ। ਲੋਕਾਂ ਦਾ ਮਿਥਿਆ ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇੱਕ ਮਮੂਲੀ ਦਰਬਾਨ ਹੈ। ੨।” ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ॥ ਸਰਬ ਸਾਸਤ੍ਰ ਬਹੁ ਰੂਪੀਆ, ਅਨਗਰੂਆ ਆਖਾੜਾ, ਮੰਡਲੀਕ ਬੋਲ ਬੋਲਹਿ ਕਾਛੇ॥ ਚਉਰ ਢੂਲ ਜਾਂ ਚੈ ਹੈ ਪਵਣੁ॥ ਚੇਰੀ ਸਕਤਿ ਜੀਤਿ ਲੇ ਭਵਣੁ॥ ਅੰਡ ਟੂਕ ਜਾ ਚੈ ਭਸਮਤੀ॥ ਸ+ ਐਸਾ ਰਾਜਾ ਤ੍ਰਿਭਵਣ ਪਤੀ॥ ੩॥” ਤਿੰਨਾਂ ਭਵਨਾਂ ਦਾ ਮਾਲਕ ਪ੍ਰਮਾਤਮਾ ਇੱਕ ਐਸਾ ਰਾਜਾ ਹੈ, ਜਿਸ ਦੇ ਦਰ ਤੇ ਸਾਰੇ ਗੰਦਰਵ-ਕਿੰਨਰ ਰਿਸ਼ੀ—ਵਿਚਾਰੇ ਢਾਢੀ ਬਣ ਕੇ ਉਸ ਦੀਆਂ ਸਿਫ਼ਤਾਂ ਗਾਉਂਦੇ ਹਨ। ਸਾਰੇ ਸ਼ਾਸਤ੍ਰ ਮਾਨੋ ਬਹੁ-ਰੂਪੀਏ ਹਨ। ਇਹ ਜਗਤ, ਮਾਨੋ, ਉਸ ਰਾਜੇ ਪ੍ਰਮਾਤਮਾ ਦਾ ਨਿੱਕਾ ਜਿਹਾ ਖੇਡ-ਅਖਾੜਾ ਹੈ ਅਤੇ ਇਸ ਜਗਤ ਦੇ ਰਾਜੇ ਵੀ ਉਸ ਦਾ ਹਾਲਾ ਭਰਨ ਵਾਲੇ ਉਸ ਦੀ ਸਿਫ਼ਤ ਦੇ ਸੁੰਦਰ ਬੋਲ ਬੋਲਦੇ ਹਨ। ਉਸ ਪ੍ਰਭੂ ਰਾਜੇ ਦੇ ਦਰ `ਤੇ ਪਵਣ ਚਉਰ ਬਰਦਾਰ ਹੈ, ਉਹ ਮਾਇਆ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ, ਉਹ ਉਸ ਦੀ ਦਾਸੀ ਹੈ, ਇਹ ਧਰਤੀ ਉਸ ਦੇ ਲੰਗਰ `ਚ, ਮਾਨੋ, ਚੁੱਲ੍ਹਾ ਹੈ ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਪ੍ਰਭੂ ਆਪ ਹੀ ਰਿਜ਼ਕ ਦੇਣ ਵਾਲਾ ਹੈ। ੩। “ਜਾਂ ਚੈ ਘਰਿ ਕੂਰਮਾ ਪਾਲੁ, ਸਹਸ੍ਰ ਫਨੀ ਬਾਸਕੁ ਸੇਜ ਵਾਲੂਆ॥ ਅਠਾਰਹ ਭਾਰ ਬਨਾਸਪਤੀ ਮਾਲਣੀ, ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ॥ ਨਖ ਪ੍ਰਸੇਵ ਜਾ ਚੈ ਸੁਰਸਰੀ॥ ਸਪਤ ਸਮੁੰਦ ਜਾਂ ਚੈ ਘੜਥਲੀ॥ ਏਤੇ ਜੀਅ ਜਾਂ ਚੈ ਵਰਤਣੀ॥ ਸ+ ਐਸਾ ਰਾਜਾ ਤ੍ਰਿਭਵਣ ਧਣੀ॥ ੪॥” ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ਇੱਕ ਐਸਾ ਰਾਜਾ ਹੈ ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ `ਚ, ਮਾਨੋ, ਇੱਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ ਦਾ ਕੰਮ ਦੇਂਦਾ ਹੈ; ਜਗਤ ਦੀ ਸਾਰੀ ਬਨਸਪਤੀ ਉਸ ਨੂੰ ਫੁੱਲ ਭੇਟ ਕਰਨ ਵਾਲੀ ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ ‘ਨੌਕਰ’ ਹਨ; ਗੰਗਾ ਉਸ ਦੇ ਦਰ `ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ, ਤੇ ਸੱਤੇ ਸਮੁੰਦ੍ਰ ਉਸ ਦੀ ਘੜਵੰਜੀ ਹਨ, ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ। ੪। “ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ॥ ਏਤੇ ਜੀਅ ਜਾਂ ਚੈ ਹਹਿ ਘਰੀ॥ ਸਰਬ ਬਿਆਪਿਕ ਅੰਤਰ ਹਰੀ॥ ਪ੍ਰਣਵੈ ਨਾਮਦੇਉ ਤਾਂ ਚੀ ਆਣਿ॥ ਸਗਲ ਭਗਤ ਜਾ ਚੈ ਨੀਸਾਣਿ॥ ੫॥ ੧॥” (ਪੰ: 1292) ਉਹ ਪ੍ਰਭੂ ਇੱਕ ਐਸਾ ਰਾਜਾ ਹੈ ਜਿਸ ਦੇ ਘਰ `ਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ, ਪ੍ਰਹਿਲਾਦ, ਅੰਬ੍ਰੀਕ, ਨਾਰਦ, ਨੇਜੈ (ਜੋਗ-ਸਾਧਨਾ `ਚ) ਪੁੱਗੇ ਜੋਗੀ, ਗਿਆਨਵਾਨ ਮਨੁੱਖ, ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ, ਬਵੰਜਾ ਬੀਰ ਆਦਿਕ ਉਸ ਦੀ ਇੱਕ ਖੇਡ ਹਨ। ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਪ੍ਰਭੂ ਦੇ ਘਰ `ਚ ਹਨ, ਉਹ ਹਰੀ-ਪ੍ਰਭੂ ਸਭ `ਚ ਵਿਆਪਕ ਹੈ, ਸਭ ਦੇ ਅੰਦਰ ਵੱਸਦਾ ਹੈ। ਨਾਮਦੇਵ ਬੇਨਤੀ ਕਰਦਾ ਹੈ—ਮੈਨੂੰ ਉਸ ਪ੍ਰਮਾਤਮਾ ਦਾ ਓਟ ਆਸਰਾ ਹੈ, ਸਾਰੇ ਭਗਤ ਜਿਸ ਦੇ ਝੰਡੇ ਹੇਠ ਅਨੰਦ ਮਾਣ ਰਹੇ ਹਨ। ੫। ੧। … ਨੋਟ: (ਪ੍ਰੋ ਸਾਹਿਬ ਸਿੰਘ ਜੀ) ਨਾਮਦੇਵ ਜੀ ਪ੍ਰਮਾਤਮਾ ਦੇ ਅਨਿੰਨ ਭਗਤ ਸਨ, ਦੇਵੀ ਦੇਵਤੇ ਅਵਤਾਰ ਆਦਿਕ ਦੀ ਪੂਜਾ ਦੀ ਉਹ ਸਦਾ ਨਿਖੇਧੀ ਕਰਦੇ ਰਹੇ। … ਗੌਂਡ ਰਾਗ `ਚ ਉਹ ਲਿਖਦੇ ਹਨ: “ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ” ਪਰ ਹਿੰਦੂ ਕੌਮ `ਚ ਬੇਅੰਤ ਦੇਵੀ ਦੇਵਤਿਆਂ ਦੀ ਪੂਜਾ ਚਿਰ ਤੋਂ ਤੁਰੀ ਆ ਰਹੀ ਹੈ। ਇਸ ਸ਼ਬਦ `ਚ ਭਗਤ ਜੀ ਲੋਕਾਂ ਨੂੰ ਇਸ ਅਨ-ਪੂਜਾ ਤੇ ਅਨੇਕ ਪੂਜਾ ਤੋਂ ਵਰਜਦੇ ਤੇ ਆਖਦੇ ਹਨ ਕਿ ਉਸ ਪ੍ਰਮਾਤਮਾ ਦਾ ਆਸਰਾ ਲਵੋ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਤੇ ਇਹ ਸਾਰੇ ਦੇਵੀਆਂ ਦੇਵਤੇ ਜਿਸ ਦੇ ਦਰ ਤੇ ਸਾਧਾਰਨ ਜਿਹੇ ਸੇਵਕ ਹਨ। #120s04.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 120

ਨਾਮਦੇਵ ਜੀ ਅਤੇ ਅਵਤਾਰ ਵਾਦ, ਦੇਵੀ-ਦੇਵਤਾ ਵਾਦ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

Please Note that our site from www.gurbaniguru.com now has been changed to www.gurbaniguru.org




.