.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 17)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਪਰਉਪਕਾਰ ਗੁਰੂ ਦੇ, ਪਰ-ਤਬਾਹੀ ਸਾਧਾਂ ਵਲੋਂ

ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸਮਾਜ ਦੇ ਧਾਰਮਿਕ ਆਗੂ ਕੁਰਾਹੇ ਪਾ ਰਹੇ ਸਨ ਗੁਰਬਾਣੀ ਬੋਲਾਂ ਤੋਂ ਅੰਦਾਜਾ ਲਾਉ, ਕਾਦੀ ਕੂੜ ਬੋਲ ਮਲਿ ਖਾਏ॥ ਬਾਹਮਣ ਨਾਵ੍ਹੈ ਜੀਆਂ ਘਾਏ॥ ਜੋਗੀ ਜੁਗਤਿ ਨ ਜਾਣੈ ਉਜਾੜੇ ਕਾ ਬੰਧ॥ ਕਾਜੀ, ਬ੍ਹਾਮਣ ਜੋਗੀ, ਜੈਨੀ, ਬੋਧੀ ਆਗੂ ਧਰਮ ਦੇ ਨਾਂ ਤੇ ਦਿਨ ਦੀਵੀਂ ਸ਼ੋਸ਼ਨ ਕਰ ਰਹੇ ਸਨ, ਧਰਮ ਦੇ ਨਾਂ ਤੇ ਚੱਲ ਰਹੀ ਚੱਕੀ ਦੇ ਦੋ ਪੁੜਾਂ ਵਿੱਚ ਪਿੱਸ ਰਹੇ ਭੋਲੇ ਭਾਲੇ ਲੋਕਾਂ ਦਾ ਕੀ ਹਾਲ ਸੀ ਇਸ ਘਟਨਾ ਤੋਂ ਅੰਦਾਜਾ ਲਾਉ ਮੇਰੇ ਪਿੰਡ ਸਭਰਾ ਵਿਖੇ ਇੱਕ ਜ਼ਿਮੀਦਾਰ ਦਾ ਬਲਦ ਮਰ ਗਿਆ। ਜਨਮ ਮਰਨ ਹੇਠਾਂ ਉਤਾਂਹ ਸਭ ਬਾਹਮਣ ਨੂੰ ਦੱਸਣਾ ਪੈਂਦਾ ਸੀ ਪਾਪ ਪੁੰਨ ਦੀ ਹਨੇਰੀ ਸਦਾ ਅਸਮਾਨੀ ਚੜ੍ਹੀ ਰਹਿੰਦੀ ਸੀ ਉਹ ਜਿਮੀਦਾਰ, ਪੰਡਤ ਨੂੰ ਦੱਸਣ ਗਿਆ, ਪੰਡਤ ਕਹਿੰਦਾ ਜੇ ਪਾਪ ਦੀ ਗੱਲ ਦੱਸਣ ਲੱਗਾ ਹੈਂ ਤਾਂ ਜਿਧਰੋਂ ਆਇਆ ਹੈ ਪਿਛਾਹ ਨੂੰ ਮੂੰਹ ਕਰਕੇ ਦੱਸ ਕਿ ਮੇਰੇ ਤੋਂ ਬਲਦ ਮਰ ਗਿਆ ਹੈ ਤੇ ਵਾਪਸ ਚਲੇ ਜਾਹ। ਪੰਡਤ ਨੇ ਉਹਨੂੰ ਪਾਪੀ ਐਲਾਨ ਦਿੱਤਾ ਅਤੇ ਹੁਕਮ ਕੀਤਾ ਕਿ ਜਿੰਨਾ ਚਿਰ ਗੰਗਾ ਤੇ ਇਸ਼ਨਾਨ ਕਰਕੇ ਪਵਿੱਤਰ (ਪੁੰਨੀ) ਹੋ ਕੇ ਨਹੀ ਆਉਂਦਾ ਸਮਾਜ ਵਿੱਚ ਇਸ ਨਾਲ ਕੋਈ ਵਰਤੋ ਵਿਹਾਰ ਨਹੀ ਕਰਨਾ, ਕਈ ਮਹੀਨੇ ਬਾਅਦ ਉਹ ਮੁਸ਼ਕਲ ਨਾਲ ਖਰਚਾ ਆਦਿ ਕਰਕੇ ਗੰਗਾ ਨਹਾ ਕੇ ਆਇਆ ਫਿਰ ਪੰਡਤ ਨੇ ਮੂੰਹ ਵਿੱਚ ਮਿਣ ਮਿਣ ਕਰਕੇ ਉਸਨੂੰ ਸਮਾਜ ਵਿੱਚ ਸ਼ਾਮਲ ਕਰ ਲਿਆ ਫਿਰ ਉਸੇ ਜ਼ਿਮੀਦਾਰ ਦੀ ਗਾਂ, ਮਰ ਗਈ ਪੰਡਤ ਨੇ ਫਿਰ ਉਹਨੂੰ ਗੰਗਾ ਨਹਾਉਣ ਦੇ ਚੱਕਰ ਵਿੱਚ ਪਾ ਦਿੱਤਾ ਇਸ ਤਰ੍ਹਾਂ ਦੂਜੇ ਧਾਰਮਕ ਆਗੂ ਵੀ ਚੱਕਰਾਂ ਵਿਚੋਂ ਕੱਢਣ ਦੀ ਬਜਾਏ, ਪਾ ਰਹੇ ਸਨ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਭਗਤੀ ਲਹਿਰ ਸਮੇ ਭਗਤ ਕਬੀਰ ਸਾਹਿਬ ਨਾਮਦੇਵ ਜੀ ਨੇ ਵੀ ਲੋਕਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਅਸਲ ਵਿੱਚ ਬੁੱਧ ਧਰਮ ਹਿੰਦੂ ਧਰਮ ਦੇ ਵਿਰੋਧ ਵਿੱਚ ਹੀ ਪੈਦਾ ਹੋਇਆ, 1469 ਈ: ਨੂੰ:

ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਹਿ ਪਠਾਇਆ॥

ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਬਾਬਾ ਦੇਖੇ ਧਿਆਨਧਰ ਜਲਦੀ ਸਭ ਪ੍ਰਿਥਵੀ ਦਿਸ ਆਈ॥

ਭਾਈ ਗੁਰਦਾਸ ਜੀ

ਗੁਰੂ ਜੀ ਨੇ ਦੇਖਿਆ ਕਿ ਧਾਰਮਿਕ ਆਗੂ ਦੀ ਅਲ਼ਿਤਘਣਤਾ ਕਾਰਨ ਲੋਕ ਬਹੁਤ ਦੁਖੀ ਹਨ ਅੰਧ ਵਿਸ਼ਵਾਸ਼ ਦੀ ਗੁਲਾਮੀ, ਜਾਤਾਂ, ਪਾਤਾਂ, ਛੂਤ-ਛਾਤ, ਵਹਿਮ ਭਰਮ ਦੀ ਜਕੜ ਵਿੱਚ ਜਕੜੇ ਪਏ ਹਨ ਇਹਨਾਂ ਦੁਖੀ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਨਹੀ ਹੈ ਤਾਂ ਪੂਰਨ ਮਨੁੱਖ ਦਾ ਇੱਕ ਖਾਕਾ ਚਿਤਰਿਆ ਕਿਉਂਕਿ ਅਧੂਰਾ ਕੁੱਝ ਵੀ ਚੰਗਾ ਨਹੀ ਲੱਗਦਾ। ਅਧੂਰੀ ਲਿਖੀ ਕਿਤਾਬ ਕਿਸੇ ਕੰਮ ਨਹੀ, ਅਧੂਰਾ ਬਣਿਆਂ ਮਕਾਨ ਕਾਬਲੇ ਰਿਹਾਇਸ਼ ਨਹੀ ਹੈ। ਅਧੂਰਾ ਮਨੁੱਖ ਵੀ ਕਿਸੇ ਕੰਮ ਨਹੀ ਕਈ ਵਾਰੀ ਕਹਿ ਦਿੰਦੇ ਹਨ ਇਹ ਬੰਦਾ ਮਰ ਗਿਆ ਪੂਰਾ ਹੋ ਗਿਆ। ਇਹ ਜੰਮਿਆ ਅਧੂਰਾ, ਜੀਵਿਆ ਅਧੂਰਾ ਇਹ ਮਰ ਕੇ ਕਿਵੇਂ ਪੂਰਾ ਹੋ ਗਿਆ? ਉਸ ਪੂਰਨ ਮਨੁੱਖ ਦੇ ਖਾਕੇ ਵਿੱਚ ਬਾਕੀ ਨੌਂ ਗੁਰੂਆਂ ਨੇ ਰੰਗ ਭਰੇ ਭਾਵ ਗੁਣ ਭਰੇ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਹੁਕਮ ਮੰਨਣ ਦਾ ਰੰਗ ਭਰਿਆ ਕਿ ਪੂਰਨ ਮਨੁੱਖ (ਸਿੱਖ) ਹਰ ਹੀਲੇ ਗੁਰੂ ਦਾ ਹੁਕਮ ਮੰਨੇਗਾ। ਗੁਰਬਾਣੀ ਫੁਰਮਾਨ ਹੈ

ਹੁਕਮ ਬੂਝਿ ਪਰਮ ਪਦ ਪਾਈ॥ ਸੁਖਮਨੀ

ਇਤਿਹਾਸ ਗਵਾਹ ਹੈ ਰਾਤ ਭਾਵੇਂ ਦਿਨ ਗੁਰੂ ਦਾ ਹੁਕਮ ਮੰਨਿਆ। ਕਿਤੇ ਵੀ ਮਨ ਮਰਜੀ ਨਹੀ ਕੀਤੀ। ਪੁਤਰਾਂ ਨੇ ਹੁਕਮ ਨਹੀ ਮੰਨਿਆ। ਕੁੱਝ ਪ੍ਰਾਪਤ ਨਾ ਕਰ ਸਕੇ ਸਤਿਗੁਰ ਕਹਿੰਦੇ ਲਹਿਣਾ ਜੀ? ਦੁਨੀਆਂ ਦੇਖੇਗੀ ਤੁਸੀਂ ਗੁਰ ਗੱਦੀ ਤੇ ਬਿਰਾਜਮਾਨ ਹੋਵੋਗੇ ਤੁਸੀ ਹੁਕਮ ਮੰਨ ਕੇ ਪਰਮ ਪਦਵੀ ਪਾ ਲਈ ਹੈ ਇਹ ਸਾਧ ਸੰਤ ਕਿਨਾ ਕੁ ਹੁਕਮ ਮੰਨਦੇ ਹਨ ਵਿਚਾਰ ਲੈਣਾ।

ਤੀਸਰੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋ ਚਿਤਰੇ ਹੋਏ ਖਾਕੇ ਵਿੱਚ ਕਿਹੜਾ ਰੰਗ ਭਰਿਆ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਦਾ ਰੰਗ। ਸਤੀ ਦੀ ਰਸਮ ਬਾਹਮਣ ਨੇ ਤਿਆਰ ਕੀਤੀ ਸੀ। ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਮੰਦਰ ਵਿੱਚ ਜਾਣ ਦਾ ਹੱਕ ਨਹੀ ਸੀ ਉਹ ਕੋਈ ਵੇਦ ਪਾਠ ਮੰਤਰ ਨਹੀ ਸੀ ਜਪ ਸਕਦੀ, ਔਰਤ ਨੂੰ ਕੁਲਹਿਣੀ ਕਿਹਾ ਜਾਂਦਾ ਸੀ। ਸ਼ੂਦਰਾਂ ਦੀ ਬੁਰੀ ਹਾਲਤ ਸੀ ਉਹ ਬਾਹਮਣ ਦੇ ਮੱਥੇ ਨਹੀ ਸੀ ਲੱਗ ਸਕਦੇ ਸ਼ੂਦਰ ਆਪਣੇ ਗੱਲ ਵਿੱਚ ਟੱਲੀ ਬੰਨ ਕੇ ਰੱਖਦੇ, ਆਪਣੇ ਕਮੀਜ ਦੇ ਪਿਛੇ ਛਾਪਾ ਬੰਨਦੇ ਸਨ ਕਿ ਜਿਧਰ ਦੀ ਸ਼ੂਦਰ ਲੰਘੇ ਪਿਛੇ ਨਿਸ਼ਾਨੀ ਲੱਗਦੀ ਜਾਵੇ ਤਾਂ ਕਿ ਕੋਈ ਬਾਹਮਣ ਉਧਰ ਦੀ ਨਾ ਲੰਘੇ, ਸੁੱਚ ਭਿੱਟ, ਵਹਿਮ ਭਰਮ, ਸ਼ੂਦਰ ਨੂੰ ਖੂਹਾਂ ਤੇ ਚੜ੍ਹਨ ਦਾ ਕੋਈ ਹੱਕ ਨਹੀ ਸੀ। ਗੁਰੂ ਅਮਰ ਦਾਸ ਜੀ ਨੇ ਇਹਨਾਂ ਬੁਰਾਈਆਂ ਦੇ ਖਿਲਾਫ ਜੋਰਦਾਰ ਆਵਾਜ ਬੁਲੰਦ ਕੀਤੀ ਕਿ ਸਤੀ ਦੀ ਰਸਮ ਗਲਤ ਹੈ ਇਹ ਨਹੀ ਹੋਣ ਦੇਵਾਂਗੇ। ਬਉਲੀ ਦੀ ਰਚਨਾ ਕੀਤੀ ਕਿ ਸਾਰੇ ਇਥੇ ਇਸ਼ਨਾਨ ਕਰਨ ਪਾਣੀ ਪੀਣ, ਇਹਨਾਂ ਦੇ ਅੰਦਰੋਂ ਜਾਤਾਂ ਪਾਤਾਂ ਸੁੱਚ ਭਿੱਟ ਖਤਮ ਹੋਣ, ਬੰਦਾ ਬੰਦੇ ਦਾ ਵੈਰੀ ਨਾ ਬਣੇ, ਨੀਵਿਆਂ ਨੂੰ ਉਚਿਆਂ ਚੁਕਿਆ ਬਰਾਬਰੀ ਦਾ ਹੱਕ ਦਿੱਤਾ। ਗੁਰੂ ਦਾ ਸਿੱਖ ਕਦੇ ਵੀ ਇਹਨਾਂ ਬੁਰਾਈਆਂ ਦਾ ਸ਼ਿਕਾਰ ਨਹੀ ਹੁੰਦਾ। ਪਰ ਇਹ ਸਾਧ ਕੀ ਕਰਦੇ ਹਨ ਦੇਖ ਲੈਣਾ।

ਗੁਰੂ ਰਾਮ ਦਾਸ ਚੌਥੇ ਪਾਤਸ਼ਾਹ ਨੇ ਚਿਤਰੇ ਹੋਏ ਖਾਕੇ ਵਿੱਚ ਕਿਹੜਾ ਰੰਗ ਭਰਿਆ? ਸੇਵਾ ਦਾ ਰੰਗ, ਕਿ ਜਿਥੇ ਬੈਠ ਕੇ ਇਸਨੇ ਸਰਬੱਤ ਦੇ ਭਲੇ ਵਾਸਤੇ ਸਾਝਾਂ ਪ੍ਰਗੋਰਾਮ ਉਲੀਕਣਾ ਹੈ, ਘਰ ਘਰ ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਅੰਮ੍ਰਿਤਸਰ ਸਰੋਵਰ ਬਣਾਇਆ ਗੁਰਦੁਆਰਾ (ਇਥੇ ਨੋਟ ਕਰਨਾ ਗੁਰਦੁਆਰੇ ਦਾ ਨਾਂ ਕਿਸੇ ਪਹਿਲੋਂ ਹੋਏ ਗੁਰੂ ਦੇ ਨਾਂ ਤੇ ਨਹੀਂ ਹੈ। ਜਿਆਦਾ ਦਰਬਾਰ ਸਾਹਿਬ ਹੀ ਕਹਿੰਦੇ ਹਾਂ। ਹੁਕਮ ਵੱਡੇ ਦਾ ਮੰਨਣਾ ਹੈ ਸੇਵਾ ਕਮਜ਼ੋਰ ਦੀ ਕਰਨੀ ਹੈ ਆਪ ਜਾਣਦੇ ਹੋ ਕਾਰ ਸੇਵਾ, ਵਪਾਰ ਸੇਵਾ ਬਣ ਗਈ ਗੁਰਦੁਆਰਿਆਂ ਦੀ ਸੇਵਾ ਲੈਣ ਵਾਸਤੇ ਸਾਧ ਇੱਕ ਦੂਜੇ ਉਤੇ ਗੋਲੀਆਂ ਚਲਾਉਂਦੇ ਹਨ ਗੁਰੂਆਂ ਦੇ ਗੁਰਦੁਆਰਿਆਂ ਨਾਲੋਂ ਵੱਡੇ-ਵੱਡੇ ਗੁਰਦੁਆਰੇ, ਨਿਸ਼ਾਨ ਸਾਹਿਬ ਇਹਨਾਂ ਸਾਧਾਂ ਸੰਤਾਂ ਦੇ ਹਨ ਬਿਲਡਿੰਗਾਂ ਉਤੇ ਲਾ ਕੇ ਕਿਵੇਂ ਇਹਨਾਂ ਸਾਧਾਂ ਸੰਤਾਂ ਨੇ ਸਿੱਖ ਕੌਮ ਦੇ ਸਰਮਾਏ ਦੀ ਬਰਬਾਦੀ ਕੀਤੀ। ਕਿਵੇਂ ਟੋਕਰੀ ਢੋਣ ਵਾਲਾ ਸਿਰ ਤੇ ਖੇਸ ਬੰਨ੍ਹਣ ਵਾਲਾ ਸਾਧ ਅਖੌਤੀ ਬ੍ਰਹਮ ਗਿਆਨੀ ਬਣਿਆਂ? ਕਿਵੇਂ ਗੁਰੂਆਂ ਵਾਂਗੂੰ ਇਹਨਾਂ ਗੱਦੀਆਂ ਲਾਈਆਂ ਆਪਣੇ ਆਪ ਨੂੰ ਗੁਰੂ ਦੇ ਅਵਤਾਰ ਦਸਿਆ? ਇਹ ਸਾਰਾ ਕੁੱਝ ਤੁਸੀਂ ਪੁਸਤਕ ਦੇ ਦੂਸਰੇ ਭਾਗ ਵਿੱਚ ਪੜ੍ਹ ਆਏ ਹੋ।

ਇਥੇ ਇੱਕ ਘਟਨਾ ਦਾ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ ਪਿੰਡ ਅਲਾਦੀਨ ਪੁਰ ਨੇੜੇ ਤਰਨ-ਤਾਰਨ ਉਥੇ ਕਾਰ ਸੇਵਾ ਵਾਲੇ ਦੋ ਬਾਬਿਆ ਦਾ ਝਗੜਾ ਹੋ ਗਿਆ ਇੱਕ ਕਹੇ ਕਿ ਮੈਂ ਸੇਵਾ ਕਰਨੀ ਹੈ ਦੂਜਾ ਕਹੇ ਕਿ ਮੈਂ ਕਰਨੀ ਹੈ। ਲੜਾਈ ਵਧਦੀ ਦੇਖ ਕੇ ਪਿੰਡ ਵਾਲਿਆ ਨੇ ਕਿਹਾ ਕਿ ਵੋਟਾਂ ਪਵਾ ਲਉ ਪਿੰਡ ਵਿੱਚ ਵੋਟਾਂ ਪਈਆਂ ਇੱਕ ਬਾਬਾ ਜਿੱਤ ਗਿਆ ਦੂਜਾ ਹਾਰ ਗਿਆ। ਜਿੱਤੇ ਬਾਬੇ ਨੂੰ ਸੇਵਾ ਮਿਲ ਗਈ ਇਹ ਕਿਹੜੀ ਸੇਵਾ ਹੈ? ਕਾਰ ਸੇਵਾ ਵਾਲੇ ਬਾਬੇ ਗੁਰਬਾਣੀ ਵਾਲੇ ਪਾਸੇ ਕਦੇ ਝਾਕਦੇ ਵੀ ਨਹੀਂ ਹਨ ਇਹ ਵੀ ਦਾਅਵੇ ਕਰਦੇ ਹਨ ਕਿ ਟੋਕਰੀ ਵਿਚੋਂ ਰੱਬ ਪਾਇਆ ਹੈ। ਜਦੋਂ ਕਿ ਇਹਨਾਂ ਨੂੰ ਸੇਵਾ ਦੇ ਅਰਥਾਂ ਦਾ ਹੀ ਪਤਾ ਨਹੀਂ ਹੈ। ਹੋਰ ਵੀ ਬਥੇਰੇ ਹਨ ਕੋਈ ਕਹਿੰਦਾ ਹੈ ਮੈਂ ਕੌਮ ਦੀ ਸੇਵਾ ਕਰਦਾ ਹਾਂ, ਕੋਈ ਕਹਿੰਦਾ ਮੈਂ ਦੇਸ਼ ਦੀ ਸੇਵਾ ਕਰਦਾ ਹਾਂ, ਕੋਈ ਕਹਿੰਦਾ ਮੈਂ ਪੰਥ ਦੀ ਸੇਵਾ ਕਰਦਾਂ, ਕੋਈ ਕਹਿੰਦਾ ਮੈਂ ਲੰਗਰ ਦੀ ਸੇਵਾ ਕਰਦਾ ਹਾਂ। ਕੋਈ ਕਹਿੰਦਾ ਗੁਰਦੁਆਰਿਆਂ ਦੀ ਸੇਵਾ ਕਰਦਾ ਹਾਂ। ਇਹਨਾਂ ਵਿਚੋਂ ੯੯% ਕੇਵਲ ਆਪਣੇ ਪੇਟ ਦੀ ਸੇਵਾ ਕਰ ਰਹੇ ਹਨ। ਕਰਦੇ ਹੋਰ ਹਨ ਦਿਖਾਵੇ ਹੋਰ ਹਨ। ਦੁਨੀਆਂ ਵਿੱਚ ਸਹੀ ਸੇਵਾ ਕਰਨ ਦੀ ਬਜਾਏ ਮਨੁੱਖਤਾ ਦੀ ਸੇਵਾ ਕਰਨ ਦੀ ਬਜਾਏ, ਇਹਨਾਂ ਸੇਵਾ ਦੇ ਨਾਂ ਤੇ ਬਰਬਾਦੀ ਕੀਤੀ ਹੈ। ਗੁਰੂ ਆਸ਼ੇ ਨੂੰ ਇਥੇ ਵੀ ਨਹੀਂ ਸਮਝਿਆ।

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਚਿਤਰੇ ਹੋਏ ਖਾਕੇ ਵਿੱਚ ਕਿਹੜਾ ਰੰਗ ਭਰਿਆ ਹੈ? ਸ਼ਾਂਤੀ ਦਾ ਰੰਗ। ਕਿ ਸਿੱਖ ਸ਼ਾਂਤ ਚਿਤ ਹੋਵੇਗਾ ਕਾਫੀ ਹੱਦ ਤੱਕ ਸ਼ਾਂਤ ਰਹੇਗਾ। ਇਹ ਸਾਧ ਸੰਤ ਇਸ ਗੁਣ ਦੇ ਵੀ ਉਲਟੇ ਭਾਵ ਸਮਝੀ ਬੈਠੇ ਹਨ ਇਹ ਸਾਧ ਸੰਤ ਭੋਰਿਆ ਵਿੱਚ ਵੜ੍ਹ ਕੇ ਸ਼ਾਂਤ ਚਿੱਤ ਹੋਣ ਦੇ ਫੋਕੇ ਦਾਅਵੇ ਕਰਦੇ ਹਨ ਕਿ ਅਸੀਂ ਤਾਂ ਭਾਣੇ ਵਿੱਚ ਹਾਂ ਜਦੋਂ ਇਹਨਾਂ ਦਾ ਚੇਲਾ ਬਿਮਾਰ ਹੁੰਦਾ ਹੈ ਤਾਂ ਇੱਕ ਦਮ ਹਸਪਤਾਲ ਲੈ ਜਾਂਦੇ ਹਨ ਉਥੇ ਕਦੇ ਇਹਨਾਂ ਨੂੰ ਭਾਣਾ ਯਾਦ ਨਹੀਂ ਆਇਆ ਕੋਈ ਇਹਨਾਂ ਦੇ ਡੇਰੇ ਤੇ ਹਮਲਾ ਕਰਦਾ ਹੈ ਰਾਈਫਲਾਂ ਰੱਖੀਆਂ ਹਨ, ਉਸ ਤੇ ਗੋਲੀਆਂ ਚਲਾਉਂਦੇ ਹਨ ਉਥੇ ਕਦੇ ਇਹਨਾਂ ਨੂੰ ਭਾਣਾ ਚਿੱਤ ਨਹੀਂ ਆਇਆ। ਸਾਧ ਮਰਦਾ ਹੈ ਰੋਂਦੇ ਹਨ ਉਤੋਂ ਉਤੋਂ ਚੀਕਦੇ ਹਨ, ਡੇਰੇਦਾਰੀ ਪੱਗਾਂ ਤੋਂ ਲੜ-ਲੜ ਮਰਦੇ ਹਨ ਕਦੇ ਇਹਨਾਂ ਨੂੰ ਭਾਣਾ ਚੇਤੇ ਨਹੀਂ ਆਇਆ ਕੇਵਲ ਜਿਥੇ ਹੱਕ ਸੱਚ ਵਾਸਤੇ ਸਰਬੱਤ ਦੇ ਭਲੇ ਵਸਤੇ, ਦੇਹਧਾਰੀ ਗੁਰੂਆਂ ਨਾਲ ਟੱਕਰ ਲੈਣ ਵਾਸਤੇ, ਧਰਮ ਉਤੋਂ ਸਿਆਸਤ ਦਾ ਮਲਬਾ ਹਟਾਉਣ ਵਾਸਤੇ ਸੰਘਰਸ਼ ਕਰਨਾ ਹੋਵੇ ਉਥੇ ਇਹ ਸਾਧ ਸੰਤ ਕਹਿਣਗੇ ਇਹ ਤਾਂ ਭਾਣੇ ਵਿੱਚ ਹੀ ਹੋ ਰਿਹਾ ਹੈ। ਸਿੱਖ ਕੌਮ ੫੦ ਧੜਿਆਂ ਵਿੱਚ ਵੰਡੀ ਹੋਈ ਨੂੰ ਵੀ ਇਹ ਭਾਣਾ ਹੀ ਦੱਸਦੇ ਹਨ। ਧਰਮਾਂ ਦੇ ਨਾਂ ਤੇ ਹੋ ਰਹੀ ਲੁੱਟ ਨੂੰ ਵੀ ਇਹ ਭਾਣਾ ਦੱਸਦੇ ਹਨ ਸ਼ਰੇਆਮ ਅਮੀਰ ਰਾਜਨੀਤਕ ਗਰੀਬਾਂ ਦਾ ਲਹੂ ਪੀ ਰਹੇ ਹਨ ਇਹ ਭਾਣਾ ਦੱਸੀ ਜਾਂਦੇ ਹਨ। ਇਹਨਾਂ ਕੋਲ ਸ਼ਾਂਤੀ ਵਾਲਾ ਗੁਣ ਨਹੀਂ ਹੈ ਕਾਇਰਤਾ ਬੁਜਦਿਲੀ ਇਹਨਾਂ ਸਾਧਾਂ ਸੰਤਾਂ ਦੇ ਅੰਦਰ ਘਰ ਕਰ ਗਈ ਹੈ ਪ੍ਰਚਲਤ ਕਹਾਣੀ ਦੇ ਮੁਤਾਬਿਕ ਦੁਰਯੋਧਨ ਦੀ ਸਭਾ ਵਿੱਚ ਦਰੋਪਤੀ ਨੰਗੀ ਕੀਤੀ ਜਾ ਰਹੀ ਦੱਸੀ ਜਾਂਦੀ ਹੈ ਪਰ ਅਰਜਨ, ਭੀਸ਼ਮ, ਕਰਨ, ਦਰੋਣ ਆਦਿ ਸਿਰ ਸੁੱਟ ਕੇ ਬੈਠੇ ਹਨ ਦਰੋਪਤੀ ਦੇਖਦੀ ਹੈ ਇਹ ਜੁਲਮ ਦੇ ਵਿਰੁੱਧ ਅਵਾਜ ਉਠਾਉਣਗੇ ਪਰ ਉਹਨਾਂ ਦੀਆਂ ਜੁਬਾਨਾਂ ਨੂੰ ਸਵਾ ਸਵਾ ਮਣ ਦੇ ਜਿੰਦਰੇ ਲੱਗੇ ਰਹੇ। ਇਹ ਸਾਧ ਸੰਤ ਉਹਨਾਂ ਦੀ ਨਸਲ ਹਨ ਇਹ ਸਾਧ ਸੰਤ ਦਰੋਣਾ ਚਾਰੀਆ ਦੇ ਸਿੱਖ ਤਾਂ ਹੋ ਸਕਦੇ ਹਨ ਪਰ ਗੁਰੂ ਪੰਜਵੇਂ ਪਾਤਸ਼ਾਹ ਦੇ ਨਹੀਂ। ਅੱਜ ਦਾ ਸਾਧ ਸੰਤ ਤਾਂ ਬੁਜਦਿਲੀ ਅਤੇ ਕਾਇਰਤਾ ਵਿੱਚ ਨੰਬਰ ਇੱਕ ਹੈ। ਸਟੇਜੀ ਕਲਾਕਾਰ ਸਾਧ ਫਿਲਮੀ ਟਿਊਨਾਂ ਤੇ ਗਾਣਿਆਂ ਵਾਂਗੂੰ ਬਾਣੀ ਕੱਚੀਆਂ ਧਾਰਨਾ ਪੜ੍ਹਦਾ ਹੈ ਇਹ ਜ਼ਮੀਨਾਂ ਡੇਰੇ ਆਪਣੇ ਨਾਂ ਕਰਵਾ ਕੇ ਆਪਣੇ ਘਰ ਦਾ ਬਣਾਇਆ ਅੰਮ੍ਰਿਤ ਛਕਾ ਕੇ ਚੇਲੇ ਬਣਾਉਣ ਅਤੇ ਪਾਲਣ ਦੀ ਸੇਵਾ ਕਰ ਰਿਹਾ ਆਪਣੇ ਪੈਰਾਂ ਤੇ ਮੱਥੇ ਟਿਕਾ ਕੇ ਗੁਰੂ ਦਾ ਸ਼ਰੀਕ, ਗੁਰੂ ਪੰਥ ਨੂੰ ਛੱਡ ਕੇ ਨਵੇਂ ਨਵੇਂ ਪੰਥ (ਧੜੇ) ਬਣਾ ਕੇ ਪੰਥਕ ਰਹਿਤ ਮਰਯਾਦਾ ਦੀਆਂ ਧੱਜੀਆ ਉਡਾ ਕੇ ਬ੍ਰਾਹਮਣ, ਜੈਨ ਮੱਤ ਵਾਲੀਆਂ ਨਵੀਆਂ ਨਵੀਆਂ ਮਰਿਯਾਦਾ ਬਣਾ ਕੇ ਆਪਣੀ ਆਪ ਦੀ ਸਿੱਖੀ ਫੈਲਾ ਰਿਹਾ ਹੈ ਅਤੇ ਗੁਰੂ ਦੀ ਸਿੱਖੀ ਦੀ ਬਰਬਾਦੀ ਕਰ ਰਿਹਾ। ਇਹਨਾਂ ਲੋਕਾਂ ਦੀ ਸ਼ਾਂਤੀ ਵੀ ਬਿਮਾਰੀ ਹੈ। ਇਹ ਬਿਮਾਰੀ ਨੂੰ ਗਲੋਂ ਲਾਹੁਣ ਦੇ ਜਤਨ ਕਰਨੇ ਚਾਹੀਦੇ ਹਨ।

ਗੁਰੂ ਹਰਿ ਗੋਬਿੰਦ ਸਾਹਿਬ ਜੀ ਛੇਵੇਂ ਪਾਤਿਸ਼ਾਹ ਨੇ ਬੀਰ ਰਸ ਭਰਿਆ ਕਿ ਇਹ ਸਿੱਖ ਇਤਨਾ ਸ਼ਾਂਤ ਨਾ ਹੋ ਜਾਵੇ ਕਿ ਕੋਈ ਇਸਦੀ ਪੱਗ ਹੀ ਲਾਹ ਕੇ ਲੈ ਜਾਵੇ। ਗੁਰੂ ਨੇ ਹੁਕਮ ਕੀਤਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋ ਗਈ ਹੈ ਹੁਣ ਸ਼ਸ਼ਤਰ ਲਿਆਉ ਘੋੜੇ ਲਿਆਉ। ਸੰਘਰਸ਼ ਕਰਨਾ ਪਵੇਗਾ। ਉਪਰ ਸਾਧਾਂ ਸੰਤਾਂ, ਕਵੀਸ਼ਰਾਂ, ਢਾਡੀਆਂ, ਕੀਰਤਨੀਆ ਦਾ ਜ਼ਿਕਰ ਕਰਕੇ ਆਇਆ ਹਾਂ ਕੇਵਲ ਸਟੇਜੀ ਕਲਾਕਾਰੀ ਤੋਂ ਸਿਵਾ ਪਰੈਕਟੀਕਲ ਤੌਰ ਤੇ ਕਿਹੜਾ ਬੀਰ ਰਸ ਇਹਨਾਂ ਵਿਚ? ਸਾਹਮਣੇ ਸੈਕੜੇ ਚਣੌਤੀਆਂ ਹਨ, ਕੀ ਕੀਤਾ ਇਹਨਾਂ ਨੇ, ਇਹ ਤਾਂ ਭੋਰਿਆਂ ਵਿੱਚ ਵੜ੍ਹੇ ਬੈਠੇ ਹਨ, ਗੁਰੂਆਂ ਨੇ ਸਦੀਆਂ ਤੋਂ ਸਾਹ ਸਤ ਹੀਣ ਹੋਏ ਲੋਕਾਂ ਅੰਦਰ ਬੀਰ ਰਸ ਭਰਿਆ, ਹੱਕ ਸੱਚ ਵਾਸਤੇ ਜੂਝਣਾ ਸਿਖਾਇਆ, ਇਹਨਾਂ ਸਾਧਾਂ ਨੇ ਲੋਕਾਂ ਨੂੰ ਫਿਰ ਮੁਰਦਿਆਂ ਵਾਂਗੂੰ ਕਰ ਦਿੱਤਾ। ਜਿਹੜੇ ਭੋਰਿਆਂ ਵਿਚੋਂ ਗੁਰੂਆਂ ਨੇ ਕਢਿਆ ਇਹਨਾਂ ਸਾਧਾਂ ਨੇ ਫਿਰ ਭੋਰਿਆਂ ਵਿੱਚ ਵਾੜ ਦਿੱਤਾ। ਇਹ ਸਾਧ ਸੰਤ, ਗੁਰਬਾਣੀ ਦੇ ਅਰਥ ਵੀ ਲੋਕਾਂ ਨੂੰ ਦਲਿਦਰੀ ਬਣਾਉਣ ਵਾਲੇ ਹੀ ਕਰਦੇ ਹਨ, ਉਦਮੀ ਬਣਾਉਣ ਵਾਲੇ ਨਹੀਂ। ਸੋ ਬੀਰ ਰਸ ਵਾਲਾ ਗੁਣ ਨਹੀਂ ਸਾਂਭਿਆ।

ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਨੇ ਪੂਰਨ ਮਨੁੱਖ ਦੇ ਖਾਕੇ ਵਿੱਚ ਰੰਗ ਭਰਿਆ ਪ੍ਰਦਰਸ਼ਨੀ (ਦਿਖਾਵਾ) ਨਹੀਂ ਕਰਨੀ। ਸਿੰਘ ਨੇ ਅੰਦਰੋਂ ਬਾਹਰੋਂ ਇੱਕ ਰਹਿਣਾ ਹੈ। ਲੰਮੇ ਸਮੇਂ ਤੋਂ ਜੇ ਕਿਸੇ ਦੇ ਕੰਨ ਦੁਖਦੇ ਸੀ ਤਾਂ ਇਲਾਜ ਪੈਰਾਂ ਦਾ ਹੁੰਦਾ ਰਿਹਾ। ਮੋਟਰ ਗੱਡੀ ਠੀਕ ਕਰਨ ਵਾਲਾ ਮਿਸਤਰੀ, ਡਾਕਟਰੀ ਇਲਾਜ ਕਰਦਾ ਰਿਹਾ। ਵੱਡੇ ਵੱਡੇ ਸੰਤ, ਬ੍ਰਹਮ ਗਿਆਨੀ, ੧੦੮, ੧੦੦੮ ਪੂਰਨ, ਸੰਪੂਰਨ, ਆਦਿ ਪ੍ਰਦਰਸ਼ਨੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਦੂਜੇ ਤੋਂ ਵੱਧ ਵਧ ਕੇ ਵੰਨ ਸੁਵੰਨੀਆਂ ਵਿਦੇਸ਼ੀ ਗੱਡੀਆਂ ਦੀ ਪ੍ਰਦ੍ਰਸ਼ਨੀ ਸਾਧ ਕਰ ਰਹੇ ਹਨ। ਫੁੱਲਾਂ ਵਾਲੇ, ਗੋਟੇ ਵਾਲੇ ਕੱਢੇ, ਕਢਾਈ ਵਾਲੇ ਚੋਲੇ ਪਾ ਕੇ ਦਿਖਾਵੇ ਕੀਤੇ ਜਾ ਰਹੇ ਹਨ। ਵੱਡੇ ਵੱਡੇ ਡੇਰੇ ਬਣਾ ਕੇ ਦਿਖਾਵੇ ਕੀਤੇ ਜਾ ਰਹੇ ਹਨ। ਸਿੱਧੀਆਂ ਧਾਰਨਾਂ ਦੇ ਦੀਵਾਨ ਕਈ ਸਾਧ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੱਥੇ ਟਿਕਾ ਕੇ ਆਪਣੇ ਆਪ ਨੂੰ ਗੁਰੂ ਨਾਲੋਂ ਵੱਡੇ ਦਿਖਾ ਰਹੇ ਹਨ। ਸਾਧਾਂ ਦੀਆਂ ਬਰਸੀਆਂ ਜਨਮ ਦਿਨਾਂ ਤੇ, ਵੱਡੇ ਵੱਡੇ ਬਰਫੀਆਂ ਜਲੇਬੀਆਂ ਦੇ ਲੰਗਰ, ਨਗਰ ਕੀਰਤਨਾਂ ਦਾ ਦਿਖਾਵਾ ਕਰ ਰਹੇ ਹਨ। ਸਿੱਖ ਕੌਮ ਦਾ ਕਰੋੜਾਂ ਦਾ ਸਰਮਾਇਆ ਅਜਾਂਈ ਕੇਵਲ ਦਿਖਾਵੇ ਵਾਸਤੇ ਗਵਾਇਆ ਜਾ ਰਿਹਾ ਹੈ। ਰਾਜਨੀਤਕ ਲੋਕਾਂ ਕੋਲ ਕੇਵਲ ਦਿਖਾਵਾ ਹੈ, ਧਾਰਮਿਕ ਕਹਾਉਣ ਵਾਲਿਆਂ ਕੋਲ ਵੀ ਦਿਖਾਵਾ ਬਹੁਤ ਹੈ। ਕਈ ਸਾਧ ਗਲ ਵਿੱਚ ਮਾਲਾ ਪਾ ਕੇ, ਹੱਥ ਵਿੱਚ ਮਾਲਾ ਫੜ ਕੇ, ਲੋਕਾਂ ਨੂੰ ਮਾਲਾ ਵੰਡ ਕੇ, ਕਲਗੀਆਂ ਲਾ ਕੇ, ਗਦੀਆਂ ਲਾ ਕੇ, ਵੱਡੇ ਸੰਤ (ਦੇਹਧਾਰੀ ਗੁਰੂ) ਹੋਣ ਦਾ ਦਿਖਾਵਾ ਕਰ ਰਹੇ ਹਨ। ਢਾਡੀ, ਕਵੀਸ਼ਰ, ਪੂਜਾਰੀ ਵਾਦ, ਲੋਕਾਂ ਨੂੰ ਖੁਸ਼ ਕਰਨ ਦੇ ਦਿਖਾਵੇ ਕਰ ਰਿਹਾ ਹੈ। ਇਸ ਤਰ੍ਹਾਂ ਇਹ ਧਰਮੀ ਕਹਾਉਣ ਵਾਲੇ ਲੋਕ, ਪੈਸਾ ਕਮਾਉਣ ਦੇ ਚੱਕਰ ਵਿੱਚ ਕੇਵਲ ਦਿਖਾਵਾ ਕਰਦੇ ਹੋਏ, ਸੱਚ ਧਰਮ ਤੋਂ ਕੋਹਾਂ ਦੂਰ ਹਨ। ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਇਸ ਗੁਣ ਦੀਆਂ ਵੀ ਇਹਨਾਂ ਧੱਜੀਆਂ ਉਡਾ ਕੇ ਰੱਖ ਦਿਤੀਆਂ। ਅਠਵੇਂ ਪਾਤਸ਼ਾਹ ਗੁਰੂ ਹਰਿ ਲ਼ਿਸ਼ਨ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਚਿਤਰੇ ਹੋਏ ਪੂਰਨ ਮਨੁੱਖ ਦੇ ਖਾਕੇ ਵਿੱਚ ਕਿਹੜਾ ਰੰਗ ਭਰਿਆ? ਸਿੱਖ ਬੜੀ ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ ਦੀ ਹਿੰਮਤ ਰੱਖਦਾ ਹੈ। ਦੁਨੀਆਂ ਦੇ ਇਤਿਹਾਸ ਵਿੱਚ ਬੱਚਾ ਸੱਚ ਵਾਲੇ ਪਾਸੇ ਤੁਰਿਆ ਦਰਜ ਹੈ। ਮੁਹੰਮਦ ਸਾਹਿਬ ਦੇ ਦੋਹਿਤੇ ਹਸਨ ਅਤੇ ਹੁਸੈਨ ਬੜੀ ਛੋਟੀ ਉਮਰ ਵਿਚ, ਯਾਕੂਬ ਨੇ ਕਰਬਲਾ ਦੇ ਮੈਦਾਨ ਵਿਚ, ਪਿਆਸ ਨਾਲ ਤੜਫਾ ਤੜਫਾ ਕੇ ਮਾਰ ਦਿਤੇ। ਆਦਿ ਘਟਨਾਵਾਂ ਸੰਸਾਰ ਨੇ ਦੇਖੀਆਂ, ਪਰ ਛੋਟੀ ਉਮਰ ਦਾ ਬੱਚਾ ਅਜੇ ਤੱਕ ਗੁਰੂ ਨਹੀਂ ਸੀ ਬਣਿਆਂ। ਇਸ ਗਲ ਦੀ ਪੂਰਤੀ ਕਰ ਦਿੱਤੀ ਗੁਰੂ ਅਠਵੇਂ ਪਾਤਸ਼ਾਹ ਨੇ। ਪਰ ਇਥੇ ੯੦-੯੦ ਸਾਲ ਦੇ ਸੰਤਾਂ, ਬ੍ਰਹਮ ਗਿਆਨੀਆਂ ਨੂੰ ਗੁਰਮਤਿ ਦਾ ਊੜਾ ਐੜਾ ਵੀ ਨਹੀਂ ਆਉਂਦਾ। ਇਹ ਲੋਕਾਂ ਨੂੰ ਝੂਠ ਤੂਫਾਨ ਸੁਣਾ ਕੇ ਟਾਈਮ ਪਾਸ ਕਰ ਰਹੇ ਹਨ। ਹਰ ਪਾਸੇ ਵਹਿਮਾਂ ਭਰਮਾਂ, ਕਰਮ ਕਾਂਡਾਂ, ਜਾਦੂ ਟੂਣਿਆਂ, ਰਿਸ਼ਵਤ ਦਾ ਬੋਲ ਬਾਲਾ ਹੈ। ਇਹ ਸਾਧ ੯੦ ਸਾਲ ਦੀ ਉਮਰ ਭੋਗ ਕੇ ਵੀ ਸੱਚ ਦੇ ਹੱਕ ਵਿੱਚ ਆਵਾਜ ਉਠਾਉਣ ਨੂੰ ਤਿਆਰ ਨਹੀਂ ਹਨ। ਮਾਂਵਾਂ ਆਪਣੇ ਬਚਿਆਂ ਨੂੰ ਗੁਰਬਾਣੀ ਪੜ੍ਹਾਉਣ ਨੂੰ ਤਿਆਰ ਨਹੀਂ ਹਨ, ਨੌਕਰੀ ਵਾਸਤੇ ਕੇਵਲ ਦੁਨਿਆਵੀ ਪੜ੍ਹਾਈ ਦੇ ਹੀ ਹੱਕ ਵਿੱਚ ਹਨ। ਇਹ ਵੀ ਜਰੂਰੀ ਹੈ, ਪਰ ਉਹ ਵੀ ਜਰੂਰੀ ਹੈ। ੭੦-੮੦ ਸਾਲ ਦੇ ਬੁਢੇ ਜਿਨ੍ਹਾਂ ਦੀਆਂ ਲੱਤਾਂ ਸਿਵਿਆਂ ਵਿੱਚ ਹਨ। ਪਰ ਅਜੇ ਵੀ ਵਾਲ ਕਾਲੇ ਕਰਨੇ ਚਾਹੁੰਦੇ ਹਨ, ਗਾਉਣ ਵਾਲੀਆਂ ਦੇਖਣ ਦੇ ਸ਼ੌਕੀਨ, ਨਸ਼ਿਆਂ ਦੇ ਆਦੀ, ਫਿਲਮਾਂ ਦੇਖਣ ਦੇ ਸ਼ੌਕੀਨ ਹਨ, ਫਿਰ ਵੀ ਕਹਿੰਦੇ ਅਸੀਂ ਸਿੱਖ ਹਾਂ। ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ ਇਹ ਗੁਣ ਵੀ ਨਹੀਂ ਸਾਂਭਿਆ।

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਚਿਤਰੇ ਹੋਏ ਪੂਰਨ ਮਨੁੱਖ ਦੇ ਖਾਕੇ ਵਿੱਚ ਕਿਹੜਾ ਰੰਗ ਭਰਿਆ ਹੈ? ਕੁਰਬਾਨੀ ਦਾ ਰੰਗ। ਲੋੜ ਪੈਣ ਤੇ ਕੁਰਬਾਨੀ ਵੀ ਕਰ ਦੇਵੇਗਾ, ਸੱਚ ਧਰਮ ਨੂੰ ਬਹੁਤ ਪਿਆਰਾ ਸਮਝੇਗਾ। ਬੜਾ ਲਮਾ ਸਮਾਂ ੩੭੫ ਸਾਲ ਸਿਖ ਭਾਈ ਬਣ ਕੇ ਰਹੇ, ਬੜੀਆਂ ਕੁਰਬਾਨੀ ਕੀਤੀਆਂ। ਜਦੋ ਇਹ ਨਾਂਗੇ ਸਾਧ ਪੈਦਾ ਹੋਣ ਲੱਗੇ, ਤਾਂ ਨਾਲ ਹੀ ਉਹਨਾਂ ਸ਼ੇਰਾਂ ਦੀਆਂ ਮਾਰੀਆਂ ਮਾਰਾਂ, ਇਹ ਗਿੱਦੜ ਸਾਧਾਂ ਨੇ ਕੁਰਬਾਨੀਆਂ ਦਾ ਮੁੱਲ ਵੱਟਣਾ ਸ਼ੁਰੂ ਕਰ ਦਿੱਤਾ, ਜੋ ਅੱਜ ਤੱਕ ਵੀ ਜਾਰੀ ਹੈ। ਕੁਰਬਾਨੀ ਕਰਨ ਦਾ ਜਜ਼ਬਾ ਇਹਨਾਂ ਸਾਧਾਂ ਦੇ ਅੰਦਰ ਬਿਲਕੁੱਲ ਨਹੀਂ ਹੈ। ਅੱਜ ਹਜਾਰਾਂ ਚਣੌਤੀਆਂ ਸਿੱਖਾਂ ਦੇ ਸਾਹਮਣੇ ਮੂੰਹ ਅੱਡੀ ਖੜੀਆਂ ਹਨ, ਪਰ ਇਹ ਸਾਧ ਲੋਕਾਂ ਦੀ ਮਾਇਆ ਨਾਲ ਐਸ਼ ਕਰਨ ਵਿੱਚ ਲੱਗੇ ਹੋਏ ਹਨ। ਆਪਣੇ ਬੱਚਿਆਂ ਨੂੰ ਇਹ ਸਾਧ ਦਿੱਲੀ ਵਿੱਚ ਵੱਡੇ ਵੱਡੇ ਸਕੂਲਾਂ ਵਿੱਚ ਪੜ੍ਹਾਉਂਦੇ ਹਨ ਅਤੇ ਸੇਵਾ ਦੇ ਨਾਂ ਤੇ ਲੋਕਾਂ ਦੇ ਬੱਚਿਆਂ ਕੋਲੋਂ ਟੋਕਰੀ ਢੁੱਵਾ ਕੇ, ਘੋੜਿਆਂ ਨੂੰ ਪੱਠੇ ਪਵਾ ਕੇ, ਲਿੱਦ ਸੁਟਾ ਕੇ ਉਹਨਾਂ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੇ ਹਨ। ਢਾਡੀ ਕਵੀਸ਼ਰ ਅਤੇ ਹੋਰ ਪੂਜਾਰੀਵਾਦ ਵੀ ਸੱਚ ਵਾਸਤੇ ਕੁਰਬਾਨੀ ਕਰਨ ਨੂੰ ਬਿਲਕੁਲ ਤਿਆਰ ਨਹੀਂ ਹੈ। ਇੱਕ ਸੰਤ ਆਪਣੇ ਡੇਰੇ ਵਾਸਤੇ ਮਰਨ ਨੂੰ ਵੀ ਤਿਆਰ ਹੈ, ਪਰ ਗੁਰੂ ਵਾਸਤੇ ਹੱਕ ਸੱਚ ਵਾਸਤੇ ਨਹੀਂ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਵੀ ਤਨਖਾਹ ਲੈ ਕੇ ਬੱਚੇ ਪਾਲਣ ਤੱਕ ਹੀ ਸੀਮਤ ਹਨ। ਹੱਕ ਸੱਚ ਵਾਸਤੇ ਕੁਰਬਾਨੀ ਕਰਨ ਨੂੰ ਤਿਆਰ ਨਹੀਂ। ਬਹੁਤੇ ਗਰੰਥੀ, ਪਾਠੀ, ਕੀਰਤਨੀਏ, ਢਾਡੀ, ਕਵੀਸ਼ਰ, ਕਥਾਵਾਚਕ ਵੀ ਪੈਸੇ ਦੀ ਕਮਾਈ ਵਾਸਤੇ ਹੀ ਲੱਗੇ ਹੋਏ ਹਨ, ਗੁਰੂ ਵਾਸਤੇ ਹੱਕ ਸੱਚ ਵਾਸਤੇ ਕੁਰਬਾਨੀ ਕਰਨ ਨੂੰ ਤਿਆਰ ਨਹੀ ਹਨ, ਇਹ ਗੁਣ ਵੀ ਨਹੀ ਸਾਂਭਿਆ ਗਿਆ।

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਚਿਤਰੇ ਖਾਕੇ ਵਿੱਚ ਕਿਹੜਾ ਰੰਗ ਭਰਿਆ? ਪੂਰਨ ਮਨੁੱਖ ਦੇ ਖਾਕੇ ਨੂੰ ਚਿੱਤਰ ਨੂੰ ਰਹਿਤ ਬਹਿਤ ਰੂਪੀ ਚੌਖਟੇ ਵਿੱਚ ਫਰੇਮ ਕਰ ਦਿੱਤਾ। ਵੈਸਾਖ ੧੬੯੯ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸ਼ਸ਼ਤਰਧਾਰੀ ਬਣਾ ਦਿੱਤਾ, ਕਿ ਇਹ ਜੋ ਤਸਵੀਰ ਬਣੀ ਹੈ ਇਹ ਟੁੱਟੇ ਨਾ, ਰਹਿਤ ਦੀ ਵਾੜ ਕਰ ਦਿੱਤੀ। ਬੜੇ ਵੱਡੇ ਇਕੱਠ ਵਿੱਚ ਸਿਰਾਂ ਦੀ ਮੰਗ ਇੱਕ ਇੱਕ ਕਰਕੇ ਕੀਤੀ, ਕਿ ਜੋ ਪਹਿਲੇ ਗੁਰੂਆਂ ਨੇ ੨੫੦ ਸਾਲ ਇਸ ਸਿੱਖ ਨੂੰ ਪੜ੍ਹਾਇਆ ਹੈ, ਕੀ ਇਹ ਇਮਤਿਹਾਨ ਵਿਚੋਂ ਪਾਸ ਹੁੰਦਾ ਹੈ ਕਿ ਨਹੀਂ? ਉਸ ਵਕਤ ਤੱਕ ਇਸਨੇ ਮਨ ਦੀ ਮੱਤ ਛੱਡ ਕੇ, ਗੁਰੂ ਦੀ ਮੱਤ ਹਾਸਲ ਕਰ ਲਈ ਸੀ, ਤਾਂ ਇਹ ਸਿਰ ਦੇਣ ਵਾਸਤੇ ਹਾਜਰ ਹੋ ਗਿਆ। ਸਿਰ ਦੇਣ ਦਾ ਭਾਵ, ਕਿ ਹੇ ਗੁਰੂ ਜੀ! ਮੈਂ ਮਨਮਤਿ ਛੱਡਣ ਨੂੰ ਤਿਆਰ ਹਾਂ, ਅਤੇ ਗੁਰਮਤਿ ਦਾ ਧਾਰਨੀ ਹੋ ਕੇ ਜੀਵਨ ਬਤੀਤ ਕਰਾਂਗਾ। ਗੁਰੂ ਨੇ ਨਵਾਂ ਜਨਮ ਬਖਸ਼ ਦਿੱਤਾ, ਬੇ ਗੈਰਤੀ ਪਾਸੇ ਕਰਕੇ, ਗੈਰਤ ਭਰ ਦਿੱਤੀ। ਸਦੀਆਂ ਦਾ ਲਿਤਾੜਿਆ ਮਨੁੱਖ, ਸਿਰ ਉੱਚਾ ਕਰਕੇ ਚੱਲਣ ਲੱਗਾ। ਫਖਰ ਮਹਿਸੂਸ ਕਰਨ ਲੱਗਾ। ਅੰਦਰੋਂ ਬਾਹਰੋਂ ਸੰਪੂਰਨ ਕਰਕੇ ਐਸੇ ਮਨੁੱਖ ਨੂੰ ਗੁਰੂ ਨੇ “ਖਾਲਸਾ ਮੇਰੋ ਰੂਪ ਹੈ ਖਾਸ” ਆਖਿਆ। ਆਪੇ ਗੁਰ ਚੇਲਾ ਦਾ ਨਵਾਂ ਅਤੇ ਨਿੱਗਰ ਸਿਧਾਂਤ ਦੁਨੀਆਂ ਦੇ ਸਾਹਮਣੇ ਰੱਖਿਆ। ਇਤਿਹਾਸਕਾਰਾਂ ਲਿਖਾਰੀਆਂ ਦੀਆਂ ਕਲਮਾਂ ਵਿੱਚ ਹਰਕਤ ਆਈ। ਹੋਰਨਾਂ ਮੱਤਾਂ ਦੇ ਲਿਖਾਰੀ ਵੀ ਸਾਹਿਬ-ਇ-ਕਮਾਲ ਗੁਰੂ ਗੋਬਿੰਦ ਸਿੰਘ ਦੀ ਸਿਫਤ ਲਿਖਣੋ ਨਾ ਰਹਿ ਸਕੇ। ਇਹ ਗੱਲ ਵੱਖਰੀ ਹੈ ਕਿ ਉਹ ਅਧੂਰੇ, ਉਸ ਪੂਰੇ ਗੁਰੂ ਦੀ ਕਹਾਣੀ ਕਦੇ ਪੂਰੀ ਨਹੀ ਕਰ ਸਕੇ। ਦੁਨੀਆ ਤੇ ਹੋਏ ਰਹਿਬਰਾਂ ਨੇ ਕਦੇ ਵੀ ਆਪਣੇ ਚੇਲਿਆਂ ਨੂੰ ਬਰਾਬਰੀ ਤੇ ਨਾ ਆਉਣ ਦਿਤਾ। ਈਸ਼ਵਰ ਦਾ ਇਕਲੌਤਾ ਪੁੱਤਰ ਕਹਾਉਣ ਵਾਲਾ ਈਸਾ ਜਦੋਂ ਸਲੀਬ ਤੇ ਲਟਕਾਏ ਜਾਣ ਦੇ ਨੇੜੇ ਸੀ ਤਾਂ ਨੇੜੇ ਰਹਿਣ ਵਾਲੇ ੭ ਬੰਦਿਆਂ ਨੂੰ ਪੁੱਛਿਆ ਤੁਸੀਂ ਈਸਾ ਜੀ ਦੇ ਨਾਲਦੇ ਹੋ, ਤਾਂ ਉਹ ਕਹਿੰਦੇ ਅਸੀਂ ਤਾਂ ਨਾਲ ਨਹੀਂ ਹਾਂ, ਅਸੀਂ ਤਾਂ ਮੱਛੀਆਂ ਫੜਨ ਵਾਲੇ ਮਛੇਰੇ ਹਾਂ। ਇਹ ਕਹਿ ਕੇ ਉਹ ਜਾਨ ਬਚਾਉਣ ਵਿੱਚ ਸਫਲ ਹੋ ਗਏ ਸਨ। ਪਰ ਗੁਰੂ ਦੇ ਸਿੱਖਾਂ ਨੇ ਜੋ ਨਵਾਂ ਇਤਿਹਾਸ ਸਿਰਜਿਆ, ਹੈਰਾਨ ਰਹਿ ਗਏ ਸੰਸਾਰ ਦੇ ਲੋਕ। ਸਿੰਘਾਂ ਨੇ ਹਰ ਮੈਦਾਨੇ ਫਤਹਿ’ ਅਤੇ ਪਹਿਲਾਂ ਮਰਣ ਕਬੂਲ’ ਗੁਰੂ ਬਚਨਾਂ ਨੂੰ ਸਦਾ ਆਪਣੇ ਜੀਵਨ ਦਾ ਅਧਾਰ ਬਣਾ ਕੇ ਰੱਖਿਆ। ਸ਼ੇਰ ਅਤੇ ਬੱਕਰੀ ਨੂੰ ਇਕੇ ਘਾਟ ਤੇ ਪਾਣੀ ਪਿਆ ਦਿੱਤਾ। ਜਾਤ ਪਾਤ, ਵਰਨ ਵੰਡ, ਸੁੱਚ ਭਿੱਟ ਛੂਤ-ਛਾਤ, ਵਹਿਮ ਭਰਮ, ਕਰਮ ਕਾਂਡ ਫੈਲਾਉਣ ਵਾਲੇ ਆਪੇ ਬਣੇ ਧਾਰਮਿਕ ਆਗੂ ਦੇ ਮੂੰਹ ਤੇ ਇਹ ਇੱਕ ਤਕੜੀ ਚਪੇੜ ਸੀ। ਚਾਰ ਚੁਫੇਰਿਉਂ ਮੁਸੀਬਤਾਂ, ਚਣੌਤੀਆਂ ਹਰ ਪਲ ਗੁਰੂ ਦੇ ਸਾਹਮਣੇ ਸਨ। ਸੱਚ ਦੇ ਸੋਮੇਂ, ਨਿਰਪੱਖ, ਨਿਰਵੈਰ, ਦੈਵੀ ਗੁਣਾਂ ਦੇ ਧਾਰਨੀ ਗੁਰੂ ਨੂੰ ੧੪ ਜੰਗਾਂ ਜ਼ਬਰ ਜ਼ੁਲਮ ਦੇ ਖਿਲਾਫ, ਸਦੀਆਂ ਤੋਂ ਦੱਬੇ ਕੁਚਲੇ ਸਮਾਜ ਦੇ ਲੋਕਾਂ ਦੇ ਹੱਕ ਵਿੱਚ ਲੜਨੀਆਂ ਪਈਆਂ। ਗੁਰੂ ਨੇ ੨੭ ਜੀਅ (ਆਪਣਾ ਪਰਿਵਾਰ ਅਤੇ ਰਿਸ਼ਤੇਦਾਰੀ ਵਿਚੋਂ) ਸੱਚ ਧਰਮ ਤੋਂ ਕੁਰਬਾਨ ਕਰ ਦਿੱਤੇ। ਪ੍ਰਚਲਤ ਕਹਾਣੀ ਮੁਤਾਬਕ ਧੀਰਮੱਲੀਆਂ ਪਾਸੋਂ ਸ਼ਬਦ ਗੁਰੂ ਦਾ ਸਰੂਪ ਨਾਂ ਮਿਲਣ ਕਰਕੇ ਗੁਰੂ ਨੇ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਵਿਖੇ ਸ਼ਬਦ ਗੁਰੂ ਦੀ ਸੰਪਾਦਨਾ ਕੀਤੀ। ਦੋ ਗੁਰਸਿੱਖਾਂ ਨੇ ਗੁਰਬਾਣੀ ਦੇ ਹੋਰ ਉਤਾਰੇ ਕੀਤੇ। ਹਜੂਰ ਸਾਹਿਬ ਵਿਖੇ ਗੁਰੂ ਨੇ ਸਦਾ ਵਾਸਤੇ ਗੁਰਤਾ ਗੱਦੀ ਗੁਰੂ ਗਰੰਥ ਸਾਹਿਬ ਜੀ ਨੂੰ ਸੌਂਪ ਦਿੱਤੀ। ਸ਼ਖਸ਼ੀ ਪੂਜਾ (ਮਨੁੱਖ ਦੀ ਪੂਜਾ) ਸਦਾ ਵਾਸਤੇ ਬੰਦ ਕਰ ਦਿੱਤੀ ਸ਼ਬਦ ਗੁਰੂ ਦੇ ਲੜ ਲਾ ਦਿੱਤਾ। ਹਾਜ਼ਰ ਸਿੰਘਾਂ ਨੇ ਸਵਾਲ ਕੀਤਾ ਤੁਸੀਂ ਕਿਹਾ ਹੈ ਆਤਮਾ ਗਰੰਥ ਵਿੱਚ ਸਰੀਰ ਪੰਥ ਵਿਚ।
.