.

ਰੱਬ ਦਾ ਸੰਸਾਰ ਬਨਾਮ ਸਾਡਾ ਸੰਸਾਰ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਹੋ ਸਕਦਾ ਹੈ, ਬਹੁਤੇ ਸੱਜਨਾਂ ਨੂੰ ਸਿਰਲੇਖ ਉਪਰ ਹੈਰਾਨੀ ਹੋਵੇ, ਪਰ ਇਹ ਸਚਾਈ ਹੈ ਕਿ ਇੱਕ ਸੰਸਾਰ ਹੁੰਦਾ ਹੈ ਜੋ ਪ੍ਰਭੂ ਨੇ ਸਾਡੇ ਲਈ ਘੜਿਆ ਹੈ ਅਤੇ ਦੁਜਾ ਸੰਸਾਰ ਹੈ ਜੋ ਮਨੁੱਖ ਨੇ ਆਪ ਘੜਿਆ ਹੁੰਦਾ ਹੈ। ਗਹਿਰੀ ਨਜ਼ਰ ਨਾਲ ਵਿਚਾਰਿਆ ਜਾਏ ਤਾਂ ਅਸਲ `ਚ ਸਾਡੇ ਲਈ ਸੁਖਦਾਈ ਸੰਸਾਰ ਉਹੀ ਹੈ ਜਿਹੜਾ, ਰੱਬ ਜੀ ਨੇ ਸਾਨੂੰ ਘੜ ਕੇ ਦਿਤਾ ਅਤੇ ਦੂਜਾ ਹੈ ਦੁਖਦਾਈ ਸੰਸਾਰ ਜਿਸ `ਚ ਅਸੀਂ ਰਹਿ ਰਹੇ ਹਾਂ ਅਤੇ ਅਸਾਂ ਆਪ ਘੜਿਆ ਹੋਇਆ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਸਾਰੀ ਉਮਰ ਸੁਖੀ ਹੋਣ ਦੇ ਆਹਰ `ਚ ਲਗੇ ਰਹਿ ਕੇ ਵੀ, ਕਦੇ ਸੁਖੀ ਨਹੀਂ ਰਹਿੰਦੇ। ਸਾਰੀ ਉਮਰ ਸਾਡੀਆਂ ਇਛਾਵਾਂ, ਮੰਗਾਂ ਹੀ ਸਾਨੂੰ ਦੋੜਾਈ ਫ਼ਿਰਦੀਆਂ ਹਨ, ਦੋ ਘੜੀਆਂ ਆਰਾਮ ਤਾਂ ਦੂਰ, ਮਰਦੇ ਦੰਮ ਤੀਕ ਅਸੀਂ ਪ੍ਰੇਸ਼ਾਨ ਹੀ ਰਹਿੰਦੇ ਹਾਂ। ਤ੍ਰਿਸ਼ਨਾ ਤੇ ਭਟਕਣਾ ਸਾਡਾ ਕਦੇ ਪਿਛਾ ਨਹੀਂ ਛਡਦੀਆਂ। ਕਈ ਵਾਰੀਂ ਤਾਂ ਅਜੇਹੀਆਂ ਬਿਮਾਰੀਆਂ, ਆਪਣੇ ਸਰੀਰ ਅੰਦਰ ਪੈਦਾ ਕਰ ਲੈਂਦੇ ਹਾਂ ਜੋ ਸਾਨੂੰ ਜੀਉਂਦੇ ਜੀਅ, ਮੁਰਦਾ ਬਣਾ ਦੇਂਦੀਆਂ ਹਨ।

ਇਥੋਂ ਤੀਕ ਕਿ ਹਸਪਤਾਲਾਂ ਚ ਦਾਖਲ ਰਹਿਣਾ ਪੈਂਦਾ ਹੈ, ਡਾਕਟਰ ਸਿਰ `ਤੇ ਖੜੇ ਵੀ ਸਾਡਾ ਕੁੱਝ ਨਹੀਂ ਕਰ ਸਕਦੇ। ਸਾਡੇ ਸਰੀਰ ਦੀ ਇਹ ਹਾਲਤ ਹੋ ਚੁਕੀ ਹੁੰਦੀ ਹੈ ਕਿ ਜਿਸ ਸਰੀਰ ਨੂੰ ਸੁਖੀ ਕਰਣ-ਦੇਖਣ ਲਈ, ਆਪਣੇ ਬਨਾਵਟੀ ਸੰਸਾਰ ਨੂੰ ਅਸਾਂ ਜਨਮ ਦਿੱਤਾ ਹੁੰਦਾ ਹੈ, ਉਸਦੀ ਤਾਂ ਸਾਨੂੰ ਪ੍ਰਾਪਤੀ ਤੇ ਪਛਾਣ ਹੀ ਨਹੀਂ ਆ ਰਹੀ ਹੁੰਦੀ; ਇਸਦੇ ਉਲਟ ਆਪ ਹੀ ਅਰਦਾਸਾਂ-ਪ੍ਰਾਥਨਾਵਾਂ ਵੀ ਕਰ ਰਹੇ ਹੁੰਦੇ ਹਾਂ, ‘ਐ ਰੱਬਾ! ਇਹੋ ਜਹੀ ਜ਼ਿੰਦਗੀ ਨਾਲੋਂ ਤਾਂ ਮੌਤ ਦੇ ਦੇ। ਆਖਿਰ ਮੌਤ ਨੇ ਵੀ ਤਾਂ ਸਾਡੇ ਕਹਿਣ `ਤੇ ਨਹੀਂ ਬਲਕਿ ਉਦੋਂ ਆਉਣੀ ਹੈ ਜਦੋਂ ਕਰਤਾਰ ਦੇ ਬਖ਼ਸ਼ੇ ਸੁਆਸ ਪੂਰੇ ਹੋ ਜਾਣ। ਅਸਾਂ ਆਪਣੀ ਹਾਲਤ ਇਹ ਬਣਾਈ ਹੁੰਦੀ ਹੈ ਕਿ ਨੀਂਦ ਦੀਆਂ ਗੋਲੀਆਂ ਖਾ ਕੇ ਸੋਵੀਏਂ ਤਾਂ ਹੀ, ਉਂਝ ਨੀਂਦਰ ਵੀ ਨਹੀਂ ਪੈਂਦੀ। ਕਈ ਵਾਰੀ ਤਾਂ ਨਲਕੀਆਂ ਨਾਲ ਖੁਰਾਕ ਮਿਲਦੀ ਹੈ ਅਤੇ ਆਪਣੇ ਆਪ ਸਰੀਰਕ ਕਿਰਿਆ ਦੇ ਯੋਗ ਵੀ ਨਹੀਂ ਰਹਿੰਦੇ। ਫ਼ਿਰ ਭਾਵੇਂ ਕਿਸਮਤ ਨੂੰ ਉਲ੍ਹਾਮਾ ਜਾਂ ਰੱਬ ਨੂੰ, ਪਰ ਇਸ ਦੇ ਜ਼ਿੰਮੇਂਵਾਰ ਅਸੀਂ ਆਪ ਹੁੰਦੇ ਹਾਂ, ਰੱਬ ਜਾਂ ਭਗਵਾਨ ਨਹੀਂ। ਦਰਅਸਲ ਇਸ ਦਾ ਮੂਲ਼ ਹੁੰਦਾ ਹੈ ਸਾਡੇ ਲਈ ਪ੍ਰਭੂ ਦੇ ਘੜੇ ਸੰਸਾਰ ਨੂੰ ਵਿਸਾਰ ਕੇ, ਸਾਡਾ ਆਪਣਾ ਘੜਿਆ ਹੋਇਆ ਸੰਸਾਰ, ਜਿਸ `ਚ ਅਸੀਂ ਰਹਿ ਰਹੇ ਹੁੰਦੇ ਹਾਂ। ਇਹੀ ਵਿਸ਼ਾ ਹੈ ਜਿਸਨੂੰ ਸਮਝਣ ਦਾ ਯਤਨ, ਅਸਾਂ ਇਸ ਗੁਰਮਤਿ ਪਾਠ `ਚ ਕਰਨਾ ਹੈ।

ਉਲਾਹਨੋ ਮੈ ਕਾਹੂ ਨ ਦੀਓ- (ਪੰ: 978) ਪਹਿਲੀ ਗੱਲ ਸਮਝਣ ਦੀ ਹੈ ਕਿ ਪ੍ਰਭੂ ਕਿਸੇ ਨੂੰ ਦੁਖ-ਤਕਲੀਫ਼ਾਂ-ਚਿੰਤਾ-ਫ਼ਿਕਰ-ਪ੍ਰੇਸ਼ਾਨੀਆਂ ਨਹੀਂ ਦੇਂਦਾ। ਇਸ ਲਈ ਪ੍ਰਭੂ ਜਾਂ ਕਿਸੇ ਬਨਾਵਟੀ ਕਿਸਮਤ ਨੂੰ ਕੋਸਣਾ, ਇਹ ਸਾਡੀ ਹੀ ਨਾਸਮਝੀ ਤੋਂ ਬਾਅਦ ਦੂਜੀ ਵੱਡੀ ਨਾਸਮਝੀ ਹੁੰਦੀ ਹੈ। ਸਾਡੇ ਜੀਵਨ ਅੰਦਰ ਜਗ੍ਹਾ ਬਣਾ ਚੁਕੇ ਮਾਨਸਿਕ ਤਨਾਓ, ਚਿੰਤਾ, ਜੁਰਮਾਂ ਦੀ ਬਿਰਤੀ, ਅਉਗਣ, ਗੁਣਾਹ, ਕੁਕਰਮ, ਵਿਭਚਾਰ ਤੇ ਇਨ੍ਹਾਂ ਦੇ ਬੇਅੰਤ ਰੂਪ, ਸਾਡੇ ਆਪਣੇ ਹੀ ਘੜੇ ਹੋਏ ਸੰਸਾਰ ਦੀ ਉਪਜ ਹੁੰਦੇ ਹਨ, ਸਾਡੀਆਂ ਦੁਖ ਤਕਲੀਫ਼ਾਂ ਦਾ ਕਾਰਨ। ਗੁਰਬਾਣੀ ਵਾਲੇ ਰੱਬੀ ਗਿਆਨ `ਚ ਡੁਬਕੀ ਮਾਰੋ, ਪਤਾ ਲਗਦੇ ਦੇਰ ਨਹੀਂ ਲਗਦੀ ਕਿ ਜਿਸ ਕਰਤਾਰ ਨੇ ਸਾਨੂੰ ਜਨਮ ਦਿੱਤਾ ਹੈ ਉਸਨੇ ਸਾਡੇ ਲਈ ਨਿਆਮਤਾਂ-ਦਾਤਾਂ ਤਾਂ ਬੇਅੰਤ ਦਿੱਤੀਆਂ ਹਨ ਪਰ ਉਸ ਨੇ ਸਾਡੇ ਜੀਵਨ ਨੂੰ ਦੁਖਦਾਈ ਨਹੀਂ ਬਣਾਇਆ। ਇਸ ਨੂੰ ਦੁਖਦਾਈ ਬਣਾਇਆ ਹੈ ਤਾਂ ਖੁਦ ਮਨੁੱਖ ਨੇ, ਜਿਸਦਾ ਕਾਰਨ ਹੈ “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ” (ਪੰ: 135)। ਚੇਤੇ ਰਹੇ! ਇਥੇ “ਵਿਆਪਨਿ ਸਭੇ ਰੋਗ” ਦਾ ਅਰਥ ਕੇਵਲ ਸਿਰਦਰਦ, ਪੇਟ ਦਾ ਖਰਾਬ ਹੋਣਾ ਜਾਂ ਅਜੇਹੇ ਛੋਟੇ ਮੋਟੇ ਰੋਗ ਹੀ ਨਹੀਂ, ਬਲਕਿ ਮਾਨਸਿਕ ਤਨਾਵ, ਮੁਕੱਦਮੇਬਾਜ਼ੀਆਂ, ਦੁਰਘਟਣਾਵਾਂ (Accidents), ਲੜਾਈਆਂ-ਝਗੜੇ ਆਦਿ `ਚੋਂ ਵੀ 99% ਦਾ ਜਨਮਦਾਤਾ ਮਨੁੱਖ ਹੀ ਹੁੰਦਾ ਹੈ, ਰੱਬ ਨਹੀਂ। ਇਸਤੋਂ ਬਾਅਦ ਚਿੰਤਾਵਾਂ, ਨਿਰਾਸ਼ਾ ਤੇ ਆਤਮ ਹਤਿਆ ਤੀਕ ਦੇ ਕੁਕਰਮ, ਇਨ੍ਹਾਂ ਤੋਂ ਇਲਾਵਾ ਉਹ ਰੋਗ ਵੀ ਜਿਨ੍ਹਾਂ ਦੀ ਸਾਨੂੰ ਸੋਝੀ ਨਹੀਂ ਹੁੰਦੀ, ਪਰ ਸਾਡਾ ਜੀਵਨ ਕੁਰਾਹੇ ਪਿਆ ਹੁੰਦਾ ਹੈ।

ਜਗਜੀਵਨੁ ਦਾਤਾ ਪਾਇਆ” (ਪੰ: 622) -ਸਮਝਣ ਦੀ ਗਲ ਹੈ ਕਿ ਸਾਡਾ ਜੀਵਨ ਦਾਤਾ ਪ੍ਰਭੂ ਹੀ ਹੈ। ਉਹ ਸਾਨੂੰ ਜੀਵਨ ਦੇਣ ਵਾਲਾ, ਸਾਡੀ ਪਾਲਣਾ ਕਰਣ ਵਾਲਾ ਤੇ ਬੇਅੰਤ ਦਾਤਾਂ ਦੇਣ ਵਾਲਾ ਵੀ ਹੈ। ਇਸ ਤੋਂ ਇਲਾਵਾ ਸਾਡੇ ਅੰਦਰ ਜੋ ਸਾਡੀ ‘ਜੀਵਨ ਸੱਤਾ’ ਕੰਮ ਕਰ ਰਹੀ ਹੈ ਉਹ ਵੀ, ਪ੍ਰਭੂ ਦੀ ਹੀ ਹੋਂਦ ਹੈ। ਇਸ ਲਈ ਉਹੀ ਪ੍ਰਭੂ, ਸਾਡੇ ਜੀਵਨ ਨੂੰ, ਆਪ ਹੀ ਦੁਖਦਾਈ ਕਿਉਂ ਬਨਾਵੇਗਾ? ਗੁਰਬਾਣੀ `ਚ ਅਨੇਕਾਂ ਵਾਰੀ ਉਸਨੂੰ ਜਗਜੀਵਨ ਅਤੇ ਜਗਜੀਵਨ ਦਾਤਾ ਕਿਹਾ ਹੈ ਜਿਵੇਂ “ਜਗਜੀਵਨੁ ਦਾਤਾ ਪਾਇਆ” (ਪੰ: 622), “ਜਗਜੀਵਨੁ ਸਾਚਾ, ਏਕੋ ਦਾਤਾ” (ਪੰ: 1045) ਇਥੋਂ ਤੀਕ “ਜਗਜੀਵਨੁ, ਜਗਜੀਵਨੁ ਦਾਤਾ, ਗੁਰ ਮੇਲਿ ਸਮਾਣੀ ਰਾਮ” (ਪੰ: 572)। ਹੋਰ ਤਾਂ ਹੋਰ, ਗੁਰਬਾਣੀ `ਚ ਹੀ ਪ੍ਰਭੂ ਲਈ ਜੋ ਬੇਅੰਤ ਵਿਸ਼ੇਸ਼ਣ ਵਰਤੇ ਹਨ ਉਨ੍ਹਾਂ `ਚੋਂ ਹੀ ਉਸ ਲਈ ਵਿਸ਼ੇਸ਼ਣ ‘ਸੁਖਦਾਤਾ’ ਵੀ ਅਨੇਕਾਂ ਵਾਰੀ ਆਇਆ ਹੈ ਜਿਵੇਂ “ਸੁਖਦਾਤਾ, ਭੈ ਭੰਜਨ” (ਪੰ: 44) ਜਾਂ “ਸੁਖਦਾਤਾ, ਦੁਖੁ ਮੇਟਣਹਾਰਾ” (ਪੰ: 1343) ਹੋਰ “ਸੁਖਦਾਤਾ, ਦੁਖ ਭੰਜਨਹਾਰਾ” (ਪੰ: 979) ਬਲਕਿ “ਸੁਖਦਾਤੇ ਦੁਖ ਭੰਜਨ ਸੁਆਮੀ, ਜਨ ਨਾਨਕ ਸਦ ਬਲਿ ਜਾਈਐ” (ਪੰ: 528)। ਤਾਂ ਤੇ ਪ੍ਰਭੂ ਨੂੰ ਅਜੇਹਾ ਉਲ੍ਹਾਮਾ ਕਿ ਉਹ ਦੁਖ ਵੀ ਦੇਂਦਾ ਹੈ ਸਾਡੀ ਆਪਣੀ ਹੀ ਨਾਸਮਝੀ ਦੀ ਉਪਜ ਹੈ। ਇਸ ਰੱਬੀ ਸਚਾਈ ਨੂੰ ਸਮਝਣ ਲਈ ਕੁੱਝ ਹੋਰ ਗਲਾਂ ਵੀ ਸਮਝਣੀਆਂ ਹਨ।

ਜਿਨਿ ਕੀਆ ਤਿਸੁ ਚੀਤਿ ਰਖੁ (੨੬੬) - ਬਾਣੀ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੇ ਅਰੰਭ `ਚ ਹੀ ਗੁਰਦੇਵ ਚੇਤੇ ਕਰਵਾਉਂਦੇ ਹਣ ਕਿ ਆਪਣੀ ਹੀ ਵਸਾਈ ਹੋਈ ਦੁਨੀਆਂ ਦੇ ਝਮੇਲਿਆਂ `ਚ ਡੁੱਬੇ ਹੋਏ ਇਨਸਾਨ! ਦਰਅਸਲ ਤੇਰੀ ਦੁਖਦਾਈ ਹਾਲਤ ਇਸ ਲਈ ਹੈ ਕਿ ਤੂੰ ਆਪਣੇ ਅਸਲੇ ਅਕਾਲਪੁਰਖ ਨੂੰ ਹੀ ਵਿਸਾਰ ਕੇ ਬੈਠਾ ਹੈਂ। ਤੈਨੂੰ ਚੇਤਾ ਹੀ ਨਹੀਂ ਕਿ ਤੇਰਾ ਮੂਲ ਕੀ ਸੀ ਤੇ ਅੱਜ ਤੂੰ ਕਿੱਥੇ ਪੁੱਜ ਚੁਕਾ ਹੈਂ। ਆਖਿਰ ਤੇਰਾ ਅਰੰਭ ਤਾਂ “ਰਕਤੁ ਬਿੰਦੁ ਕਰਿ ਨਿੰਮਿਆ, ਅਗਨਿ ਉਦਰ ਮਝਾਰਿ॥ ਉਰਧ ਮੁਖੁ ਕੁਚੀਲ ਬਿਕਲੁ, ਨਰਕਿ ਘੋਰਿ ਗੁਬਾਰਿ॥” (ਪੰ: 706) ਹੀ ਸੀ, ਇਸਤੋਂ ਵੱਧ ਤਾਂ ਕੁੱਝ ਨਹੀਂ। ਗੁਰਦੇਵ ਕਹਿੰਦੇ ਹਨ, “ਜਾ ਤਿਸੁ ਭਾਣਾ ਤਾ ਜੰਮਿਆ” (ਪੰ: 921) ਭਾਵ ਜੇ ਪ੍ਰਭੂ ਨੂੰ ਮਨਜ਼ੂਰ ਨਾ ਹੁੰਦਾ ਤਾਂ ਤੇਰਾ ਜਨਮ ਵੀ ਨਹੀਂ ਸੀ ਹੋਣਾ। ਹੋਰ ਤਾਂ ਹੋਰ “ਪਰਵਾਰਿ ਭਲਾ ਭਾਇਆ” (ਪੰ: 921) ਅਨੁਸਾਰ ਜਨਮ ਲੈਂਦੇ ਸਾਰ ਤੈਨੂੰ ਪ੍ਰਵਾਰਕ ਅਪਣਤ-ਪਿਆਰ ਵੀ ਬਣਿਆ ਬਣਾਇਆ ਮਿਲਿਆ। ਪ੍ਰਭੂ ਨੇ; “ਬਾਰ ਬਿਵਸਥਾ ਤੁਝਹਿ ਪਿਆਰੈ ਦੂਧ” (ਪੰ: 266) ਤੇਰੀ ਭੁਖ ਲਈ ਦੁਧ ਵਾਲੀ ਲੋੜ ਵੀ ਆਪ ਪੈਦਾ ਕੀਤੀ ਅਤੇ ਪੂਰੀ ਵੀ ਕੀਤੀ। ਜੇ ਕਰ ਇਹ ਪਿਆਰ ਵਾਲਾ ਵਾਤਾਵਰਣ ਤੇ ਮਾਂ ਦੇ ਦੁੱਧ ਨੂੰ ਚੁੰਘਣ-ਪੀਣ ਵਾਲੀ ਸੋਝੀ ਹੀ ਨਾ ਦਿੱਤੀ ਹੁੰਦੀ ਤਾਂ ਵੀ ਤੇਰੀ ਹੋਂਦ ਅਗੇ ਨਹੀਂ ਸੀ ਟੁਰ ਸਕਦੀ।

ਇਥੇ ਹੀ ਬਸ ਨਹੀਂ “ਪਹਿਲੋ ਦੇ ਤੈ ਰਿਜਕੁ ਸਮਾਹਾ॥ ਪਿਛੋ ਦੇ ਤੈ ਜੰਤੁ ਉਪਾਹਾ” ਮਾਂ ਦੀ ਛਾਤੀ `ਚ ਦੁੱਧ ਪਹਿਲਾਂ ਆਇਆ ਅਤੇ ਬੱਚੇ ਨੇ ਜਨਮ ਬਾਅਦ `ਚ ਲਿਆ। ਇਸੇ ਤਰ੍ਹਾਂ ਇਹੀ ਸਿਲਸਿਲ਼ਾ, ਹਰੇਕ ਜੀਵ ਸ਼੍ਰੇਣੀ `ਚ। ਕਮਾਲ ਹੈ ਜਿਧਰ ਦੇਖੋ! ਅੱਜ ਹਸਤ ਕਲਾ ‘ਵਿਸ਼ੇਸ਼ਗਯ’ ਤੇ ਜਿਉਤਸ਼ੀ ਬਣੇ ਘੁੰਮਦੇ ਹਨ। ਦੁਜਿਆਂ ਦਾ ਠੇਕਾ ਲੈਣ ਵਾਲੇ ਅਜੇਹੇ ਕਿਸੇ ਜਿਉਤਸ਼ੀ ਦੀ ਆਪਣੀ ਮੌਤ ਕਦੋਂ ਹੋਣੀ ਹੈ ਅੱਜ ਤੀਕ ਇੱਕ ਜਿਉਤਸ਼ੀ ਵੀ ਨਹੀਂ ਦਸ ਸਕਿਆ। ਸਮਝਣ ਦੀ ਗਲ ਹੈ ਕਿ ਇਹ ‘ਹਸਤ ਰੇਖਾਵਾਂ’ ਹੈਨ ਕੀ? ਵਿਸ਼ਾ ਸਮਝਣ ਵਾਲਾ ਹੈ, ਅੰਦਾਜ਼ਾ ਹੋ ਜਾਏਗਾ ਕਿ ਕਰਤੇ ਨੇ ਸਾਡੇ ਲਈ ਪਹਿਲਾਂ ਤੋਂ ਹੀ ਕੀ, ਕੀ ਇੰਤਜ਼ਾਮ ਕਰਕੇ ਨਹੀਂ ਰਖੇ ਹੁੰਦੇ। ਅਸਲ `ਚ ਬੱਚਾ, ਜਦ ਤੀਕ ਮਾਂ ਦੇ ਗਰਭ `ਚ ਹੁੰਦਾ ਹੈ ਤਦ ਤੀਕ ਉਸਦੀਆਂ ਮੁਠੀਆਂ ਬੰਦ ਰਹਿੰਦੀਆਂ ਹਨ। ਕੋਈ ਵੀ ਮਨੁੱਖ ਆਪਣੀ ਤਲੀ ਮੋੜ ਕੇ ਦੇਖ ਲਵੇ, ਇਹ ਮੁਠੀਆਂ ਇਸੇ ਤਰੀਕੇ ਤੇ ਇਨ-ਬਿਨ ਉਨ੍ਹਾਂ ਲਕੀਰਾਂ `ਤੇ ਹੀ ਖੁਲਦੀਆਂ ਹਨ, ਜਿਵੇਂ ਮਾਂ ਦੇ ਗਰਭ `ਚ ਬੰਦ ਰਹੀਆਂ। ਮੂਲ ਰੂਪ `ਚ ਇਸ ਅੰਦਰ ਜਿਉਤਸ਼ ਵਾਲੀ ਕੋਈ ਗਲ ਨਹੀਂ। ਇਹੀ ਕਾਰਣ ਹੈ ਕਿ ਇੱਕ ਜਿਉਤਿਸ਼ੀ ਦੂਜੇ ਨੂੰ ਕਟਦਾ ਹੈ। ਅੱਜ ਤਾਂ ਰੋਜ਼ਾਨਾ ਮੀਡੀਏ ਰਾਹੀਂ, ਅਖ਼ਬਾਰਾਂ ਰਾਹੀਂ ਰਾਸ਼ੀ ਫਲਾਂ (ਹਾਰੋਸਕੋਪਾਂ) ਦੀ ਕੱਤਾਰ ਲਗੀ ਹੋਈ ਹੈ, ਅਖਬਾਰਾਂ ਰਸਾਲਿਆਂ ਦੇ ਪੰਨੇ ਭਰੇ ਹੁੰਦੇ ਹਨ; ਪਰ ਇੱਕ ਦਾ ਰਾਸ਼ੀ ਫਲ ਦੂਜੇ ਨਾਲ ਨਹੀਂ ਰਲਦਾ।

ਅਮਰੀਕਾ ਦੇ ਦੋ ‘ਵਰਲਡ ਟਰੇਡ ਟਾਵਰ’ ਟੁਟੇ, ਸੁਨਾਮੀ ਲਹਿਰਾਂ ਨਾਲ ਤਬਾਹੀਆਂ ਹੋਈਆਂ, ਗੁਜਰਾਤ `ਚ ਆਏ ਦਸ ਮਿੰਟ ਦੇ ਭੁਚਾਲ ਨੇ ਤਬਾਹੀ ਕੀਤੀ, ਸੰਨ 1984 ਦਾ ਸਿੱਖ ਕਤਲੇਆਮ (ਘਲੂਘਾਰਾ) ਹੋਇਆ, ਭੂਪਾਲ `ਚ ਗੈਸ ਦਾ ਰਸਾਓ-ਹਜ਼ਾਰਾਂ ਬੇਗੁਨਾਹਾਂ ਦੀ ਜਾਨ ਗਈ, ਪਰ ਕਦੇ ਕੋਈ ਜਿਉਤਿਸ਼ੀ ਕਿਸੇ ਵੀ ਘਟਨਾ ਤੋਂ ਪਹਿਲਾਂ ਨਹੀਂ ਦਸ ਸਕਿਆ, ਭਵਿਖ ਬਾਣੀ ਨਹੀਂ ਕਰ ਸਕਿਆ ਤਾਂ ਕਿਉਂ? ਇਹ ਸਾਰੇ ਜਿਉਤਿਸ਼ੀ ਉਦੋਂ ਹੀ ਪੈਦਾ ਹੁੰਦੇ ਹਨ ਜਦੋਂ ਦੂਜਿਆਂ ਦੇ ਘਰ ਲੁਟਣੇ-ਤਬਾਹ ਕਰਨੇ ਹੋਣ, ਉਂਝ ਨਹੀਂ। ਖੈਰ ਇਹ ਫ਼ਿਰ ਵੀ ਵੱਖਰਾ ਵਿਸ਼ਾ ਹੈ ਇਥੇ ਹੱਥਲੇ ਗੁਰਮਤਿ ਪਾਠ ਨਾਲ ਇਸਦਾ ਬਹੁਤਾ ਸੰਬੰਧ ਨਹੀਂ।

“ਆਪਣਾ ਕੀਤਾ ਕਿਛੂ ਨ ਹੋਵੈ” (ਪ੭੩੬) - ਸਮਝਣਾ ਸੀ ਕਿ “ਕੀਤਾ ਕਰਣਾ ਸਰਬ ਰਜਾਈ… ਆਪਣਾ ਕੀਤਾ ਕਿਛੂ ਨ ਹੋਵੈ, ਜਿਉ ਹਰਿ ਭਾਵੈ ਤਿਉ ਰਖੀਐ” ਅਸਾਂ ਤਾਂ ਕੇਵਲ ਅਰਦਾਸੀਆ ਬਣ ਕੇ ਅਰਦਾਸ ਕਰਣੀ ਸੀ “ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ” ਕਿਉਂਕਿ ਜੀਵਨ ਦੀ ਸਚਾਈ ਇਹੀ ਹੈ ਕਿ “ਜੀਉ ਪਿੰਡੁ ਦੀਆ ਤੁਧੁ ਆਪੇ, ਤੁਧੁ ਆਪੇ ਕਾਰੈ ਲਾਇਆ॥ ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ, ਜੇਹਾ ਤੁਧੁ ਧੁਰਿ ਲਿਖਿ ਪਾਇਆ” (ਪੰ: 736) ਇਸ ਤਰ੍ਹਾਂ ਜਨਮ ਤੋਂ ਪਹਿਲਾਂ, ਕਰਤਾਰ ਜੀਵ ਨਾਲ ਜੇਕਰ ਗਰਭ `ਚ ਕੇਵਲ ਮੁਠੀਆਂ ਬੰਦ ਰਹਿਣ ਵਾਲੀ ਖੇਡ ਹੀ ਨਾ ਵਰਤੇ ਤਾਂ ਜਨਮ ਤੋਂ ਬਾਅਦ ਨਾ ਸਾਡੇ ਹੱਥ ਖੁਲਣ ਤੇ ਨਾ ਹੀ ਉਗਲੀਆਂ। ਹੋਰ ਲਵੋ! ਪੰਘੂੜੇ `ਤੇ ਪਇਆ ਬੱਚਾ ਹੱਥ-ਪੈਰ-ਲਤਾਂ ਮਾਰਦਾ-ਖੇਡਦਾ ਹੈ, ਇਹ ਕੀ ਹੈ? ਅਸਲ `ਚ ਸਾਡੀ ਸਾਰੀ ਜ਼ਿੰਦਗੀ ਜੋ ਸਾਡੀਆਂ ਲਤਾਂ-ਬਾਹਵਾਂ ਚਲਣੀਆਂ ਹਨ, ਉਸ ਸਮੇਂ ਕਰਤਾਰ ਦੇ ਅਟੱਲ ਨਿਯਮ `ਚ ਇਹ ਆਪਣੇ ਆਪ ਚਾਲੂ ਹੁੰਦੀਆਂ ਹਨ। ਜੇਕਰ ਕਰਤੇ ਵਲੋਂ ਸਾਡੀਆਂ ਲਤਾਂ-ਬਾਹਵਾਂ ਚਲਾਉਣ ਵਾਲੀ ਇਹ ਦੇਣ ਨਾ ਹੁੰਦੀ; ਤਾਂ ਨਾ ਲਤਾਂ ਚਲਦੀਆਂ ਤੇ ਨਾ ਬਾਹਵਾਂ।

ਗੁਰਦੇਵ ਚੇਤਾਵਣੀ ਦੇਂਦੇ ਤੇ ਚੇਤਾ ਕਰਵਾਉਂਦੇ ਹਨ “ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥ ਪਵਣੈ ਕੈ ਵਸਿ ਦੇਹੁਰੀ, ਮਸਤਕਿ ਸਚੁ ਨੀਸਾਣੁ” (ਪੰ: 63) ਅਨੁਸਾਰ ਜਿਸ ਰਕਤਬਿੰਦ ਤੋਂ ਸਾਡਾ ਸਰੀਰ ਅਰੰਭ ਹੁੰਦਾ ਹੈ ਉਸ `ਚ ਹੀ ਸਾਡੇ ਪਿਛਲੇ ਸੰਸਕਾਰ, ਸਾਡੇ ਮਾਤਾ-ਪਿਤਾ ਦੇ ਸੰਸਕਾਰ, ਸੁਭਾਅ, ਉਨ੍ਹਾਂ ਦਾ ਮੂੰਹ-ਮੁਹਾਂਦਰਾ ਸੂਰਤ, ਕਈ ਗੁੰਝਲਦਾਰ (Cronic) ਬਿਮਾਰੀਆਂ ਤੀਕ ਸਾਡੇ ਜੀਵਨ `ਚ ਵੀ ਪੁੱਜ ਜਾਂਦੀਆਂ ਹਨ। ਉਹ ਬਿਮਾਰੀਆਂ ਤੇ ਸੁਭਾਅ, ਜਿਨ੍ਹਾਂ ਲਈ ਸ਼ਬਦਾਵਲੀ ਵਰਤਦੇ ਹਾਂ ਖ਼ਾਨਦਾਨੀ, ਪਿਤਾ ਪੁਰਖੀ ਜਾਂ inherted ਆਦਿ, ਜਾਂ ਪਿਛਲੇ ਕਰਮਾਂ ਦੀ ਗਲ ਵੀ ਕਰਦੇ ਹਾਂ। ਮਾਮੂਲੀ ਜਹੇ ਰਕਤ ਬਿੰਦ `ਚ ਹੀ ਇਹ ਸਭ ਕਿਵੇਂ ਆ ਗਏ? ਕੇਵਲ ਇਸ਼ਾਰੇ ਹਨ, ਸਮਝਣ ਲਈ ਕਿ ਜੀਵਨ `ਚ ਕਰਤਾਰ ਵਲੋਂ ਸਾਨੂੰ ਕੀ ਕੁੱਝ ਨਹੀਂ ਮਿਲਿਆ ਹੁੰਦਾ ਤੇ ਉਹ ਵੀ ਬੜੇ ਵਿਉਂਤਬੰਦ ਤਰੀਕੇ? ਇਸੇ ਤਰ੍ਹਾਂ ਉਸਨੇ ਸਾਡੇ ਜੀਵਨ ਦੀ ਪੂਰੀ ਘਾੜਤ ਵੀ ਘੜੀ ਹੁੰਦੀ ਹੈ ਫ਼ਰਕ ਹੁੰਦਾ ਹੈ, ਜਦੋਂ ਅਸੀਂ ਉਸਦੀ ਰਜ਼ਾ ਤੋਂ ਟੁਟਕੇ ਆਪਹੁਦਰੇ ਹੋ ਜਾਂਦੇ ਹਾਂ ਤਾਂ ਇਥੋਂ ਸ਼ੁਰੂ ਹੁੰਦੀ ਹੈ ਸਾਡੇ ਆਪਣੇ ਘੜੇ ਹੋਏ ਸੰਸਾਰ ਵਾਲੀ ਗਲ; ਨਤੀਜਾ ਹੁੰਦਾ ਹੈ ਸਾਡਾ ਦੁਖਦਾਈ ਜੀਵਨ।

ਇਥੇ ਅਸਾਂ ਇਹ ਸਮਝਣਾ ਹੈ ਕਿ ਜਨਮ ਤੋਂ ਬਾਅਦ ਜਦੋਂ ਅਸੀਂ ਹੂੜਮੱਤ-ਮਨਮੱਤ ਦਾ ਸ਼ਿਕਾਰ ਹੋ ਜਾਂਦੇ ਹਾਂ ਤਾਂ ਉਸ ਸਮੇਂ ਸਾਡੇ ਜੀਵਨ `ਚ ਸਾਡੇ ਲਈ ਪ੍ਰਭੂ ਦਾ ਘੜਿਆ ਸੰਸਾਰ ਨਹੀਂ ਰਹਿੰਦਾ। ਕਿਉਂਕਿ ਕਰਤਾਰ ਨੇ ਤਾਂ ਸਾਡਾ ਸੰਸਾਰ ਰਚਣ ਤੋਂ ਬਾਅਦ ਹੀ ਸਾਨੂੰ ਜਗਤ `ਚ ਜਨਮ ਦਿੱਤਾ ਤੇ ਭੇਜਿਆ ਹੁੰਦਾ ਹੈ। ਪ੍ਰਭੂ ਰਾਹੀਂ ਘੜੇ ਹੋਏ ਸਾਡੇ ਸੰਸਾਰ ਲਈ, ਸਾਡੀ ਪੂਰੀ ਜ਼ਿੰਦਗੀ ਦੀ ਘਾੜਤ ਤੇ ਸਾਡੇ ਸੁਆਸਾਂ ਦੀ ਗਿਣਤੀ ਤੀਕ ਪਈ ਹੁੰਦੀ ਹੈ। ਸਾਡੇ ਉਸ ਸੰਸਾਰ ਦੀ ਬਨਾਵਟ `ਚ ਤਾਂ ਬਹੁਤ ਬਾਰੀਕੀ ਅਤੇ ਗਹਿਰਾਈ ਵੀ ਭਰੀ ਹੁੰਦੀ ਹੈ। ਅਸਾਂ ਸਾਧਸੰਗਤ `ਚ ਆ ਕੇ, ਪ੍ਰਭੂ ਬਖਸ਼ੀ ਸੋਝੀ, ਦਿਮਾਗ਼, ਸਰੀਰ, ਗਿਆਨ ਤੇ ਕਰਮ ਇੰਦਰਿਆਂ ਦੀ- ਗੁਰੂ ਗਿਆਨ ਦੀ ਰੋਸ਼ਨੀ `ਚ ਕੇਵਲ ਵਰਤੋਂ ਹੀ ਕਰਨੀ ਹੁੰਦੀ ਹੈ। ਉਦਮ ਕਰਕੇ, ਜਿਹੜੀ ਕਿ ਹਰੇਕ ਜੀਵ ਨੂੰ ਪ੍ਰਭੂ ਨੇ ਉਦਮ ਵਾਲੀ ਦਾਤ ਬਖਸ਼ੀ ਹੁੰਦੀ ਹੈ, ਉਸ ਨਾਲ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਕਰਨਾ ਹੁੰਦਾ ਹੈ। ਇਸਦੇ ਉਲਟ ਅਸੀਂ ਸਮਝਦੇ ਹਾਂ ਕਿ ਗੁਰੂ ਦੀ ਸਿਖਿਆ ਲੈ ਕੇ ਨਹੀਂ, ਬਲਕਿ ਆਪਣੀ ਮਨ-ਮਰਜ਼ੀ (ਮਨਮਤ) ਨਾਲ ਸਰੀਰ ਤੇ ਜੀਵਨ ਨੂੰ ਅਸਾਂ ਆਪ ਚਲਾਉਣਾ ਹੈ। ਬੱਸ, ਇਥੋਂ ਹੀ ਸ਼ੁਰੂ ਹੁੰਦੀ ਹੈ ਸਾਡੇ ਆਪਣੇ ਵਲੋਂ ਨਿੱਤ ਦੇ ਘੜੇ ਜਾ ਰਹੇ ਸਾਡੇ ਸੰਸਾਰ ਦੀ ਵਰਤੋਂ ਅਤੇ ਸਾਡੇ ਦੁਖਦਾਈ ਜੀਵਨ ਦਾ ਆਰੰਭ।

ਜਲ ਤਰੰਗ ਅਰੁ ਫੇਨ ਬੁਦਬੁਦਾ (ਪੰ: 485)- ਇਹ ਸਮਝਣ ਤੋਂ ਪਹਿਲਾਂ ਕਿ ਸਾਡੇ ਆਪਣੇ ਘੜੇ ਹੋਏ ਸੰਸਾਰ ਦੀ ਪਛਾਣ ਕੀ ਹੈ? ਪਹਿਲਾਂ ਸਮਝਣ ਦਾ ਜੱਤਨ ਕਰਨਾ ਹੈ ਕਿ ਪ੍ਰਭੂ ਦੀ ਇਸ ਬੇਅੰਤ ਰਚਨਾ ਜਾਂ ਸਾਡੇ ਲਈ ਘੜੇ ਹੋਏ ਸੰਸਾਰ `ਚ ਸਾਡਾ ਵਜੂਦ ਕੀ ਹੈ? ਪ੍ਰਭੂ ਨਾਲ ਸਾਡਾ ਰਿਸ਼ਤਾ ਕੀ ਤੇ ਕਿਸ ਤਰ੍ਹਾਂ ਦਾ ਹੈ? ਫ਼ੁਰਮਾਨ ਹੈ “ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ” (ਪੰ: 485) । ਸਚਾਈ ਨੂੰ ਪ੍ਰਗਟ ਕਰਣ ਲਈ ਮਿਸਾਲ ਦਿੱਤੀ ਹੈ ਜਿਵੇਂ ਪਾਣੀ `ਚ ਬਣ ਰਹੇ ਬੁਲਬੁਲੇ, ਝੱਗ, ਲਹਿਰਾਂ ਦੇ ਨਾਮ ਵੱਖ-ਵੱਖ ਹਨ ਪਰ ਸਾਰਿਆਂ ਦੀ ਹੋਂਦ ਪਾਣੀ ਕਾਰਨ ਹੀ ਹੈ, ਉਸਤੋਂ ਬਿਨਾ ਨਹੀਂ। ਇਸੇ ਤਰ੍ਹਾਂ ਪ੍ਰਭੂ ਦੀ ਬੇਅੰਤ ਰਚਨਾ `ਚ ਪਰਬਤ, ਨਦੀਆਂ, ਸਮੁੰਦਰ, ਖੇਤ, ਉਪਜ, ਜੰਗਲ, ਬਿਰਖ, ਖਣਿਜ, ਕੀੜੇ-ਮਕੌੜੇ, ਪਸ਼ੂ, ਪੰਛੀ, ਇਥੋਂ ਤੀਕ ਕਿ ਮਨੁੱਖ ਵੀ, ਵੱਖ ਵੱਖ ਸ਼ਕਲਾਂ ਹਨ। ਮਨੁੱਖ ਨੇ ਸਮਝਣ ਤੇ ਪਛਾਣ ਲਈ ਉਨ੍ਹਾਂ ਨੂੰ ਨਾਮ ਦਿੱਤੇ ਹਨ, ਪਰ ਸਾਰਿਆਂ ਦਾ ਵਜੂਦ, ਸਭ ਅੰਦਰ ਪ੍ਰਭੂ ਦਾ ਨੂਰ ਹੀ ਹੈ। ਜਿਵੇਂ ਪਾਣੀ ਦੇ ਅੱਡ ਹੋਣ `ਤੇ ਝਗ, ਲਹਿਰਾਂ, ਬੁਲਬੁਲੇ ਕਿਸੇ ਦਾ ਵਜੂਦ ਨਹੀਂ ਰਹਿੰਦਾ, ਇਸੇ ਤਰ੍ਹਾਂ ਪ੍ਰਭੂ ਰਚਨਾ ਦੇ ਜਿਸ ਅੰਗ `ਚੋਂ ਵੀ ਪ੍ਰਭੂ ਦਾ ਨੂਰ ਅੱਡ ਹੋ ਜਾਏ ਉਸਦੀ ਹੋਂਦ ਵੀ ਮੁੱਕ ਜਾਂਦੀ ਹੈ। ਕਾਰਨ ਹੈ ਕਿ ਸੰਸਾਰ ਦਾ ਵਜੂਦ ਹੀ ਇਸ ਤਰ੍ਹਾਂ ਹੈ “ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ (ਪੰ: 2427) “ ਹੋਰ ਫ਼ੁਰਮਾਇਆ ਹੈ “ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ” (ਪੰ: 269) ਇਸੇ ਤਰ੍ਹਾਂ “ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ” (ਪੰ: 705) ਜਾਂ “ਅੰਤਰਿ ਏਕੋ ਬਾਹਰਿ ਏਕੋ, ਸਭ ਮਹਿ ਏਕੁ ਸਮਾਈਐ॥ ਘਟਿ ਅਵਘਟਿ ਰਵਿਆ ਸਭ ਠਾਈ, ਹਰਿ ਪੂਰਨ ਬ੍ਰਹਮੁ ਦਿਖਾਈਐ” (ਪੰ: 528) ਭਾਵ ਰਚਨਾ ਦੀ ਹੋਂਦ ਉਸ ਪ੍ਰਭੂ ਦੀ ਸਤਿਆ ਹੀ ਹੈ।

ਉਲਾਹਨੋ ਮੈ ਕਾਹੂ ਨ ਦੀਓ- (ਪੰ: 978) ਪ੍ਰਭੂ ਦੀ ਜੋਤ ਜਾਂ ਸਤਿਆ ਬਿਨਾ ਮਨੁੱਖ ਸਮੇਤ, ਰਚਨਾ ਦੇ ਕਿਸੇ ਵੀ ਅੰਗ ਦਾ ਆਪਣਾ ਕੋਈ ਵਜੂਦ ਨਹੀਂ। ਵਜੂਦ ਹੈ ਤਾਂ ਕੇਵਲ ਉਨਾਂ ਚਿਰ ਜਿੰਨੀ ਦੇਰ ਅੰਦਰ ਪ੍ਰਭੂ ਦਾ ਵਾਸਾ ਹੈ। ਫ਼ੁਰਮਾਨ ਹੈ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ” (ਪੰਨਾ 13)। ਇਸੇ ਤਰ੍ਹਾਂ “ਧਨ ਪਿਰ ਏਕੈ ਸੰਗਿ ਬਸੇਰਾ” (ਪੰ: ੪੮੩) ਭਾਵ ਜੀਵ ਤੇ ਪ੍ਰਭੂ ਇਕਠੇ ਹੀ ਵਸਦੇ ਹਨ, ਇਹ ਇਸ ਤਰ੍ਹਾਂ ਹੈ ਜਿਵੇਂ ਦਿਕੋ ਸੇਜਾ `ਤੇ ਪਭੂ ਪਤੀ ਤੇ ਜੀਵ ਇਸਤ੍ਰੀ ਤਾਂ ਹੈਣ, ਫ਼ਿਰ ਵੀ “ਸੇਜ ਏਕ ਪੈ ਮਿਲਨੁ ਦੁਹੇਰਾ” ਆਪਸੀ ਸਾਂਝ ਨਹੀਂ ਬਣ ਆਉਂਦੀ। ਕਾਰਨ ਹੈ “ਧਨ ਪਿਰ ਕਾ ਇੱਕ ਹੀ ਸੰਗਿ ਵਾਸਾ, ਵਿਚਿ ਹਉਮੈ ਭੀਤਿ ਕਰਾਰੀ” (ਪੰ: 1263) ਬੇਸ਼ਕ ਵਾਸਾ ਤਾਂ ਧਨ-ਪਿਰ ਦਾ ਇਕੋ ਹੀ ਸੇਜਾ `ਤੇ ਹੈ ਫ਼ਿਰ ਵੀ ਵਿਚਕਾਰ ਹਉਮੈ ਦੀ ਦੀਵਾਰ ਹੈ ਅਤੇ ਇਹੀ ਰੁਕਾਵਟ ਹੈ। ਇਸ ਲਈ ਜਦੋਂ “ਗੁਰਿ ਪੂਰੈ ਹਉਮੈ ਭੀਤਿ ਤੋਰੀ, ਜਨ ਨਾਨਕ ਮਿਲੇ ਬਨਵਾਰੀ” ਅਨੁਸਾਰ ਗੁਰੂ ਦੀ ਸਿਖਿਆ `ਤੇ ਚਲ ਕੇ ਜਦੋਂ ਜੀਵ ਦੀ ਹਉਮੈ ਵਾਲੀ ਦਿਵਾਰ ਟੁੱਟ ਜਾਂਦੀ ਹੈ ਤਾਂ ਇਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਜੀਵ ਪ੍ਰਭੂ ਨਾਲ ਉਲ੍ਹਾਮਿਆਂ ਤੋਂ ਉਪਰ ਉਠ ਪੈਂਦਾ ਹੈ ਤੇ ਇਸਦੇ ਮਨ ਦੀ ਅਵਸਥਾ ਹੋ ਜਾਂਦੀ ਹੈ “… ਮਨ ਮੀਠ ਤੁਹਾਰੋ ਕੀਓ॥ ੧ ॥ ਰਹਾਉ॥ ਆਗਿਆ ਮਾਨਿ, ਜਾਨਿ ਸੁਖੁ ਪਾਇਆ, ਸੁਨਿ ਸੁਨਿ ਨਾਮੁ ਤੁਹਾਰੋ ਜੀਓ॥ ਈਹਾਂ ਊਹਾ ਹਰਿ ਤੁਮ ਹੀ ਤੁਮ ਹੀ, ਇਹੁ ਗੁਰ ਤੇ ਮੰਤ੍ਰ ਦ੍ਰਿੜੀਓ॥ ੧ ॥ ਜਬ ਤੇ ਜਾਨਿ ਪਾਈ ਏਹ ਬਾਤਾ, ਤਬ ਕੁਸਲ ਖੇਮ ਸਭ ਥੀਓ॥ ਸਾਧਸੰਗਿ ਨਾਨਕ ਪਰਗਾਸਿਓ, ਆਨ ਨਾਹੀ ਰੇ ਬੀਓ॥” (ਪੰ: 978) ਦੂਜੇ ਲਫ਼ਜ਼ਾਂ `ਚ ਇਸਦੇ ਆਪਣੇ ਪੈਦਾ ਕੀਤੇ ਦੁਖਦਾਈ ਸੰਸਾਰ ਦਾ ਅੰਤ ਹੋ ਜਾਂਦਾ ਹੈ, ਜੀਵ ਪ੍ਰਭੂ ਦੀ ਰਜ਼ਾ `ਚ ਜੀਉਣਾ ਸਿੱਖ ਲੈਂਦਾ ਹੈ।

“ਸੁਖੁ ਦੁਖੁ ਦੁਇ ਦਰਿ ਕਪੜੇ (ਪੰ: 149) - ‘ਦੁਖਦਾਈ’ ਸੰਸਾਰ ਤਾਂ ਫ਼ਿਰ, ਸਰੀਰਕ ਦੁਖ ਸੁਖ ਕੀ ਹਨ? ਗੁਰਦੇਵ ਸਮਝਾਉਂਦੇ ਹਨ ਕਿ ਇਹ ਪ੍ਰਭੂ ਦਰ ਦੇ ਦੋ ਰੰਗ ਹਨ, ਜੋ ਹਰੇਕ ਨੇ ਹੰਢਾਣੇ ਹਨ। ਭਾਵੇਂ ਗਰੀਬ ਹੈ ਜਾਂ ਸੁਲਤਾਨ, ਕੋਈ ਪ੍ਰਭੂ ਪਿਆਰਾ ਹੈ, ਜਾਂ ਸੰਸਾਰੀ ਜਾਂ ਫ਼ਿਰ ਵਿਭਚਾਰੀ-ਕਾਮੀ। ਜਿਸਨੂੰ, ਮਨੁੱਖ ਦੁਖ ਸੁਖ ਦਾ ਨਾਂ ਦੇਂਦਾ ਹੈ, ਇਨ੍ਹਾਂ ਤੋਂ ਕੋਈ ਵੀ ਨਹੀਂ ਬਚ ਸਕਦਾ। ਫ਼ਰਕ ਹੁੰਦਾ ਹੈ ਤਾਂ ਉਸਦੀ ਆਤਮਕ ਅਵਸਥਾ ਦਾ। ਜੋ ਆਤਮਕ ਤੱਲ `ਤੇ ਕਮਜ਼ੋਰ ਹੈ ਉਸਨੂੰ ਮਾਮੂਲੀ ਤੋਂ ਮਾਮੂਲੀ ਦੁਖ ਵੀ ਸਤਾਂਦਾ ਹੈ, ਇਸ ਦੇ ਉਲਟ ਜੋ ਆਤਮਕ ਤੌਰ ਤੇ ਬਲਵਾਨ ਹੈ, ਉਸਨੂੰ ਸੰਸਾਰਕ ਵਾਧੇ-ਘਾਟੇ ਵਿਚਲਤ ਨਹੀਂ ਕਰਦੇ। ਸੰਸਾਰਕ ਅਥਵਾ ਆਤਮਕ ਤਲ `ਤੇ ਕਮਜ਼ੋਰ ਮਨੁੱਖ, ਪ੍ਰਭੂ ਦੀ ਇਸ ਧੁਪ-ਛਾਂ ਵਾਲੀ ਖੇਡ ਨੂੰ ਨਹੀਂ ਸਮਝਦਾ। ਅਜੇਹੇ ਲੋਕ ਅਖੌਤੀ ਸੁਖਾਂ ਦੀ ਪ੍ਰਾਪਤੀ ਅਤੇ ਦੁਖਾਂ ਤੋਂ ਬਚਾਅ ਲਈ; ਹਰ ਸਮੇਂ ਅਗਿਆਨਤਾ ਵਸ ਇਨ੍ਹਾਂ ਦੁਖਾਂ-ਸੁਖਾਂ ਦੀ ਦੌੜ `ਚ ਹੀ ਲਗੇ ਰਹਿੰਦੇ ਹਨ। ਇਸੇ ਦਾ ਨਤੀਜਾ ਹੁੰਦਾ ਹੈ ਕਿ ਮਨੁੱਖ ਆਪਹੁਦਰਾ, ਮਨਮਤੀਆ, ਹੂੜਮਤੀਆ, ਅਨਮੱਤੀਆ, ਇਥੋਂ ਤੀਕ ਕਿ ਦੁਰਮੱਤੀਆ-ਵਿਭਚਾਰੀ ਤੀਕ ਹੋ ਕੇ, ਆਪਣੇ ਬਹੁਮੁਲੇ ਜੀਵਨ ਨੂੰ ਬਿਨਾ ਵਜਾ, ਵੱਧ ਤੋਂ ਵੱਧ ਦੁਖੀ ਹੀ ਕਰਦਾ ਹੈ। ਫ਼ੈਸਲਾ ਹੈ “ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ” (ਪੰ: 411)। ਮ੍ਰਿਗ ਤ੍ਰਿਸ਼ਨਾ ਦੀ ਨਿਆਈ ਮਨੁੱਖ ਫ਼ਰਜ਼ੀ ਸੁਖਾਂ ਦੀ ਆਸ `ਚ ਭੱਜ-ਨੱਠ ਕਰਦਾ ਹੈ। ਉਹ ਸੁਖ ਮਿਲਨੇ ਹਨ ਜਾਂ ਨਹੀਂ, ਵੱਖਰੀ ਗਲ ਹੈ ਪਰ ਉਨ੍ਹਾਂ ਦੀ ਆਸ `ਚ ਹੀ ਹਰ ਸਮੇਂ ਪ੍ਰੇਸ਼ਾਨ ਅਤੇ ਇੱਕ ਦੂਜੇ ਦੀਆਂ ਮੋਹਤਾਜੀਆਂ-ਚਾਪਲੂਸੀਆਂ `ਚ ਜੀਵਨ ਬਤੀਤ ਕਰ ਦੇਂਦਾ ਹੈ। ਠੀਕ ਉਸੇਤਰ੍ਹਾਂ ਜਿਵੇਂ ਕੁੱਤਾ ਟੁੱਕੜ ਦੀ ਆਸ `ਚ ਗਿਆ ਜਦੋਂ ਇੱਕ ਦੁਆਰੇ ਤੋਂ ਦੁਰਕਾਰਿਆ ਜਾਂਦਾ ਹੈ, ਤਾਂ ਦੂਜੇ ਦਰਵਾਜ਼ੇ ਜਾ ਪੁਜਦਾ ਹੈ।

ਗੁਰਦੇਵ ਇੱਕ ਹੋਰ ਪੱਖ ਤੋਂ ਵੀ ਪ੍ਰਭੂ ਦੀ ਇਸ ਖੇਡ ਨੂੰ ਸਮਝਾਂਦੇ ਹਨ ਕਿ ਐ ਬੰਦਿਆ! ਇਥੋਂ ਹੀ ਸਮਝ ਲੈ, ਤੂੰ ਤਾਂ ਹਮੇਸ਼ਾ ਸੁਖ ਹੀ ਮੰਗਦਾ ਹੈਂ, ਦੁਖ ਤਾਂ ਤੂੰ ਕਦੇ ਮੰਗੇ ਨਹੀਂ। ਜਿਹੜੀ ਚੀਜ਼ ਕਦੇ ਮੰਗੀ ਨਹੀਂ, ਫ਼ਿਰ ਇਹ ਦੁਖ ਤੇਰੇ ਜੀਵਨ `ਚ ਕਿਉਂ ਆ ਜਾਂਦੇ ਹਨ? ਕਿਉਂਕਿ ਤੇਰੀ ਸੋਚਣੀ ਮੂਲੋਂ ਹੀ ਗ਼ਲਤ ਹੈ। ਫ਼ੁਰਮਾਉਂਦੇ ਹਨ “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ” ਕਿਉਂਕਿ ਹੁੰਦਾ ਉਹੀ ਹੈ ਜੋ ਪ੍ਰਭੂ ਨੂੰ ਭਾਉਂਦਾ ਹੈ ਜਿਵੇਂ “ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ” (ਪੰ: 1428) ਤਾਂ ਤੇ ਸਚਾਈ ਇਹ ਹੈ ਕਿ “ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ” (ਪੰ: 149)। ਇਸੇ ਤਰ੍ਹਾਂ, ਇਸ ਵਿਸ਼ੇ ਨੂੰ ਹੀ ਗੁਰਬਾਣੀ `ਚ ਗੁਰਦੇਵ ਨੇ ਅਨੇਕਾਂ ਵਾਰੀ ਅਤੇ ਭਿੰਨ ਭਿੰਨ ਪੱਖਾਂ ਤੋਂ ਸਮਝਾਇਆ ਹੈ ਜਿਵੇਂ “ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ, ਦਉਰਿਓ ਫਿਰਤੁ ਹੈ॥ ੧ ॥ ਰਹਾਉ॥ ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥ ਮਾਇਆ ਗਈ ਤਬ ਰੋਵਨੁ ਲਗਤੁ ਹੈ. .” (ਪੰ: 487) ਜੀਵਨ ਤਾਂ ਮਨੁੱਖ ਨੂੰ ਪ੍ਰਭੂ ਦੀ ਰਜ਼ਾ `ਚ ਮਿਲਦਾ ਤੇ ਬਤੀਤ ਹੁੰਦਾ ਹੈ। ਸੰਸਾਰ `ਚ ਸਾਰਿਆਂ ਨੇ ਬਾਦਸ਼ਾਹ ਨਹੀਂ ਬਨਣਾ ਤੇ ਸਾਰਿਆਂ ਨੇ ਕੰਗਾਲ ਨਹੀਂ ਰਹਿਣਾ। ਫ਼ੁਰਮਾਣ ਹੈ “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨਿ੍ਹ੍ਹ ਚੜੇ॥ ਇਕਿ ਨਿਹਾਲੀ ਪੈ ਸਵਨਿ੍ਹ੍ਹ ਇਕਿ ਉਪਰਿ ਰਹਨਿ ਖੜੇ” (ਪੰ: 475) ਇਸ ਲਈ “ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ” (ਪੰ: 475) ਇਥੇ ਗੁਰਦੇਵ ਦਸਦੇ ਹਨ ਕਿ ਜੀਵਨ ਦੀ ਸੰਭਾਲ ਹੋਰ ਚੀਜ਼ ਹੈ ਤੇ ਗ਼ਰੀਬੀ, ਅਮੀਰੀ ਦੂਜੀ ਚੀਜ਼।

ਤਾਂ ਤੇ ਜੀਵਨ ਦੀ ਸਚਾਈ ਹੈ ਕਿ “ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ” (ਪੰ: 149) ਅਨੁਸਾਰ ਮਨੁੱਖ ਨੇ ਉਦਮ ਅਤੇ ਅਗੇ ਵੱਧਣ ਦਾ ਜਤਨ ਤਾਂ ਕਰਦੇ ਰਹਿਣਾ ਹੈ। ਫ਼ਿਰ ਵੀ ਜੀਵਨ ਦੀ ਜੇਕਰ ਇਸ ਸੁਖ-ਦੁਖ ਵਾਲੀ ਸੰਸਾਰਕ ਦੌੜ `ਚ ਸਫ਼ਲਤਾ ਨਹੀਂ ਮਿਲਦੀ, “ਉਲਾਹਨੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀਓ” (ਪੰ: 978) ਅਨੁਸਾਰ ਜੀਵਨ ਨੂੰ ਪ੍ਰਭੂ ਅਗੇ ਉਲ੍ਹਾਮਿਆਂ `ਚ ਨਹੀਂ ਪਾਉਣਾ, ਉਸਦੀ ਰਜ਼ਾ ਨੂੰ ਮਿਠਾ ਕਰਕੇ ਮੰਨਣਾ ਹੈ। ਬਾਣੀ ਨੇ ਬਾਰ ਬਾਰ ਸਪਸ਼ਟ ਕੀਤਾ ਹੈ ਕਿ ਜੇ ਤੂੰ ਸਚਮੁਚ ਹੀ ਜੀਵਨ ਨੂੰ ਸੁਖਦਾਈ ਦੇਖਣਾ ਚਾਹੁੰਦਾ ਹੈਂ ਤਾਂ “ਅਬ ਮੋਰੋ ਸਹਸਾ ਦੂਖੁ ਗਇਆ॥ ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ (ਪੰ: 1213) ਆਪਣੇ ਆਪ ਨੂੰ ਕਰਤੇ ਦੀ ਰਜ਼ਾ `ਚ ਚਲਾਉਣਾ ਹੈ। ਵਿਸ਼ਵਾਸ ਰੱਖਣਾ ਹੈ ਕਿ ਇਸ ਬੇਅੰਤ ਖੇਡ ਚ ਉਸਨੇ ਸਾਡੇ ਜੀਵਨ ਦੀ ਘਾੜਤ ਸਾਡੇ ਜਨਮ ਤੋਂ ਪਹਿਲਾਂ ਹੀ ਕੀਤੀ ਹੋਈ ਹੈ। ਮਨੁੱਖੀ ਜਾਮਾ ਇਸ ਲਈ ਮਿਲਿਆ ਹੈ ਜੋ ਗਰੂ ਗਿਆਨ ਨਾਲ ਜੁੜਕੇ, ਬਾਰ ਬਾਰ ਦੇ ਜਨਮ ਮਰਣ ਦੇ ਗੇੜ `ਚ ਨਾ ਆਉਣਾ ਪਏ। ਇਸਦਾ ਹੱਲ “ਜਉ ਸੁਖ ਕਉ ਚਾਹੈ ਸਦਾ, ਸਰਨਿ ਰਾਮ ਕੀ ਲੇਹ” (ਪੰ: 1427) ਹਰ ਸਮੇਂ ਸੰਸਾਰਕ ਸੁਖਾਂ ਦੀ ਦੌੜ `ਚ ਪ੍ਰੇਸ਼ਾਨ ਰਹਿਣਾ ਨਹੀਂ, ਬਲਕਿ “ਰੰਗਿ ਹਸਹਿ ਰੰਗਿ ਰੋਵਹਿ, ਚੁਪ ਭੀ ਕਰਿ ਜਾਹਿ॥ ਪਰਵਾਹ ਨਾਹੀ ਕਿਸੈ ਕੇਰੀ, ਬਾਝੁ ਸਚੇ ਨਾਹ॥ ਦਰਿ ਵਾਟ ਉਪਰਿ ਖਰਚੁ ਮੰਗਾ, ਜਬੈ ਦੇਇ ਤ ਖਾਹਿ” (ਪੰ: 473) ਅਥਵਾ “ਮਨ ਮੀਠ ਤੁਹਾਰੋ ਕੀਓ” (ਪੰ: 978) ਅਨੁਸਾਰ ਪ੍ਰਭੂ ਦੀ ਰਜ਼ਾ `ਚ ਜੀਵਨ ਨੂੰ ਤਿਆਰ ਕਰਣਾ ਹੈ। ਇਹ ਵੀ ਨਹੀਂ ਕਿ ਬਾਹਰੋਂ ਧਰਮ-ਕਰਮ ਬਹੁਤ ਕਰਦਾ ਹੋਵੇਂ ਪਰ ਮਨ ਕਰਕੇ ਪ੍ਰਭੂ ਲਈ ਉਲ੍ਹਾਮੇ ਅਤੇ ਕਿਉਂ-ਕਿੰਤੂ `ਚ ਹੀ ਰਹਿੰਦਾ ਹੋਵੇ। ਉਹ ਤਾਂ ਇਸ ਤਰ੍ਹਾਂ ਹੋਵੇਗਾ ਜਿਵੇਂ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: 474) ਕਿਉਂਕਿ ਅਜੇਹਾ ਜੀਵਨ ਵੀ ਸਦਾ ਦੁਖਦਾਈ ਜੀਵਨ ਹੀ ਰਹੇਗਾ, ਸੁਖਦਾਈ ਜੀਵਨ ਨਹੀਂ ਬਣ ਪਾਏਗਾ।

ਦੁਖਦਾਈ ਸੰਸਾਰ ਦੇ ਕਾਰਨ ਅਤੇ ਪਛਾਣ? - ਚੂੰਕਿ ਗਲ ਦਾ ਅਰੰਭ ਹੀ ਇਥੋਂ ਸੀ ਕਿ ਜਿਸ ਸੰਸਾਰ `ਚ ਅਸੀਂ ਜੀਅ ਰਹੇ ਹਾਂ ਇਹ ਅਸਲ `ਚ ਸੁਖਦਾਈ ਨਹੀਂ, ਦੁਖਦਾਈ ਸੰਸਾਰ ਹੈ। ਪ੍ਰਭੂ ਨੇ ਇਸਨੂੰ ਦੇਖਦਾਈ ਨਹੀਂ ਬਣਾਇਆ, ਅਸਾਂ ਘੜਿਆ ਹੈ। ਪ੍ਰਭੂ ਸਾਡੇ ਅੰਦਰ ਵਸ ਰਿਹਾ ਹੈ, ਇਸ ਤਰ੍ਹਾਂ ਪ੍ਰਭੂ ਤੋਂ ਹਟ ਕੇ ਜਾਂ ਉਸ ਨੂੰ ਭੁਲਾ ਕੇ ਦੁਖੁ ਤਦੇ ਜਾ ਵਿਸਰਿ ਜਾਵੈ॥” “ਭੁਖ ਵਿਆਪੈ ਬਹੁ ਬਿਧਿ ਧਾਵੈ” (ਪੰ: 98) ਅਨੁਸਾਰ ਮਨੁੱਖ ਦੇ ਆਪਣੇ ਘੜੇ ਦੁਖਦਾਈ ਸੰਸਾਰ ਦਾ ਅਰੰਭ ਉਦੋਂ ਹੁੰਦਾ ਹੈ ਜਦੋਂ ਮਨੁੱਖ ਪ੍ਰਭੂ ਨੂੰ ਭੁਲਾ ਕੇ ਅਪਹੁਦਰਾ, ਮਨਮਤੀਆ, ਹੂੜਮਤੀਆ ਹੋ ਕੇ ਵਿਚਰਦਾ ਹੈ। ਮਨੁੱਖ ਦੀ ਹਊਮੈ, ਲੋਭ, ਮੋਹ, ਤ੍ਰਿਸ਼ਨਾ, ਵਿਕਾਰ ਆਦਿ `ਚ ਭੱਜ-ਨਠ ਦਾ ਹੀ ਨਤੀਜਾ ਹੁੰਦਾ ਹੈ ਮਨੁੱਖ ਦਾ ਆਪਣਾ ਘੜਿਆ ਦੁਖਦਾਈ ਜੀਵਨ। ਇਸਤੋਂ ਵੱਡਾ ਦੁਖਾਂਤ ਹੁੰਦਾ ਹੈ ਕਿ ਜੀਵਨ ਦੇ ਅਸਲ ਮਾਰਗ ਤੋਂ ਦੂਰ, ਜਿਸ ਰਸਤੇ ਮਨੁੱਖ ਸੁਖਦਾਈ ਹੋਣਾ ਲੋਚਦਾ ਹੈ, ਅਸਲ `ਚ ਉਹ ਜੀਵਨ ਦਾ ਰਸਤਾ ਹੀ ਮਨੁੱਖ ਨੂੰ ਦੁਖਦਾਈ ਬਨਾਉਣ ਵਾਲਾ ਹੁੰਦਾ ਸੀ। ਗੁਰੂ ਗਿਆਨ ਦੀ ਅਣਹੋਂਦ ਕਾਰਨ ਉਸਨੂੰ ਫ਼ਿਰ ਵੀ ਸਮਝ ਨਹੀਂ ਆ ਰਹੀ ਹੁੰਦੀ।

ਬਿਰਥਾ ਕਹਉ ਕਉਨ ਸਿਉ ਮਨ ਕੀ॥ ਲੋਭਿ ਗ੍ਰਿਸਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ” (ਪੰ: 411) ਭਾਵ ਹਊਮੈ ਤੇ ਲੋਭ ਹੀ ਮਨੁੱਖ ਨੂੰ ਦੌੜਾਈ ਫ਼ਿਰਦਾ ਹੈ। “ਜਬ ਲਗੁ ਹੁਕਮੁ ਨ ਬੂਝਤਾ, ਤਬ ਹੀ ਲਉ ਦੁਖੀਆ” (ਪੰ: 400) ਕਦੇ ਮਾਇਆ ਲਈ ਦੌੜ, ਜਾਇਦਾਦਾਂ, ਬਹੁਤੀ ਵਾਹ! ਵਾਹ!, ਉਹਦਿਆਂ ਲਈ ਦੌੜ “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ” (ਜਪੁ) ਅਨੁਸਾਰ ਜਿਸ ਪਾਸੇ ਮਨੁੱਖ ਇਸ ਨੂੰ ਸ਼ਾਂਤ ਕਰਣ ਲਈ ਤੇ ਮਨ ਦੀ ਸ਼ਾਤੀ ਲਈ ਵਧਦਾ ਹੈ, ਭੁੱਖ ਹੋਰ ਵੱਧਦੀ ਹੈ, ਸ਼ਾਂਤੀ ਨਹੀਂ ਮਿਲਦੀ। ਮਿਲਦੀ ਹੈ ‘ਅਸ਼ਾਂਤੀ-ਭਟਕਣਾ-ਤ੍ਰਿਸ਼ਨਾ-ਨਿਰਾਸ਼ਾ। ਆਖਿਰ “ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ॥ ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ” (ਪੰ: 1428) ਦੁਰਮੱਤ ਦੇ ਅਨੇਕਾਂ ਰੂਪ ਹੁੰਦੇ ਹਨ ਅਤੇ ਜਦ ਤੀਕ ਇਸ ਦੇ ਮਨ ਦੀ ੀਤਆਰੀ “ਰਾਖਿ ਲੇਹੁ ਭਗਵਾਨ” ਨਹੀਂ ਬਣਦੀ, ਇਸ ਮਕੜੀ ਜਾਲ ਚੋਂ ਨਿਕਲਣ ਦੇ ਸਮ੍ਰਥ ਨਹੀਂ ਹੁੰਦਾ।

ਜੀਵਨ ਦੀ ਇਸ ਵਿਗੜੀ ਹਾਲਤ ਸਮੇਂ, ਇਹ ਵਧਦਾ ਹੈ ਅਖੌਤੀ ਜਿਉਤਸ਼ੀਆਂ, ਸੰਤਾਂ, ਸਾਧਾਂ, ਡੇਰਿਆਂ, ਗੁਰੂਡੰਮਾਂ, ਪਾਖੰਡੀਆਂ ਆਦਿ ਵਲ। ਅਨੇਕਾਂ ਭੇਖੀ ਬੈਰਾਗੀ, ਨਾਂਗੇ, ਜਟਾਧਾਰੀ, ਬ੍ਰਹਮਚਾਰੀ, ਬਿਭੂਤ ਧਾਰੀ, ਮਹਾਤਮਾ ਅਤੇ ਧਰਮਾਂ ਦੇ ਵਿਚੋਲੇ, ਸਰੀਰ ਪੂਜਾ ਕਰਵਾਉਣ ਵਾਲੇ ਇਹ ਠੱਗ ਮਨੁਖ ਨੂੰ ਆਪਣੇ ਚਕਰਾਂ `ਚ ਫ਼ਸਾ ਲੈਂਦੇ ਹਨ। ਧਰਮ ਦੇ ਨਾਂ `ਤੇ ਅਨੇਕਾਂ ਪਾਖੰਡ “ਤਉ ਨ ਪੁਜਹਿ ਹਰਿ ਕੀਰਤਿ ਨਾਮਾ” (ਪੰ: 873) ਮੁਤਾਬਕ ਵਰਤਾਂ, ਮਾਲਾ ਫ਼ੇਰਨੀਆਂ, ਮੂਰਤੀ ਪੂਜਾ, ਮੂਰਤੀ ਪੂਜਾ ਦਾ ਹੀ ਵਿਗੜਿਆ ਰੂਪ- ਮੜੀਆਂ, ਕਬਰਾਂ, ਸੱਪਾਂ, ਬਿਰਖਾਂ, ਪੌਦਿਆਂ, ਨਦੀਆਂ, ਬੇਅੰਤ ਦੇਵੀ-ਦੇਵਤਿਆਂ-ਭਗਵਾਨਾਂ ਦੀ ਪੂਜਾ, ਜਿਹੜੇ ਲੋੜ ਅਨੁਸਾਰ ਨਿੱਤ ਨਵੇਂ ਵੀ ਪੈਦਾ ਕਰ ਲਏ ਜਾਂਦੇ ਹਨ, ਇਸਤੋਂ ਇਲਾਵਾ ਤੀਰਥ ਰਟਣ, ਦਾਨ ਪੁੰਨ ਆਦਿ ਦਾ ਮਨੁੱਖ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਰਸਤਿਆਂ ਤੋਂ ਹੀ ਜਨਮ ਲੈਂਦੇ ਹਨ ਵਹਿਮ-ਸਹਿਮ-ਭਰਮ, ਮਹੂਰਤ, ਰਾਸ਼ੀ ਫਲ, ਜਨਮ-ਪਤ੍ਰੀਆਂ, ਟੇਵੇ, ਥਿਤ ਵਾਰ, ਸਗਨ-ਰੀਤਾਂ, ਸੁੱਚਾਂ-ਭਿੱਟਾਂ ਅਤੇ ਮਨੁੱਖ ਦਾ ਜੀਵਨ ਬਣ ਜਾਂਦੇ ਹਨ; ਕਾਰਨ ਹੁੰਦਾ ਹੈ, ਮਨ ਦੀ ਸ਼ਾਂਤੀ, ਤਸੱਲੀ ਤੇ ਟਿਕਾਅ, ਪਰ ਉਹ ਮਿਲਦਾ ਨਹੀਂ। ਅੱਗ `ਚ ਬਾਲਣ ਦੀ ਨਿਆਈ, ਜੀਵਨ ਦੀ ਸਾਰੀ ਖੇਡ ਉਲਟੇ ਰੁਖ ਨੂੰ ਹੀ ਚਲ ਰਹੀ ਹੁੰਦੀ ਹੈ। ਇਸੇ ਗੁਰਮਰਾਹਕੁਣ ਜੀਵਨ ਦਾ ਹੀ ਮੋੜ ਹੈ ਹੱਥ ਦਿਖਾਉਣੇ, ਚਾਲੀਹੇ, ਸੁਖਣਾ ਆਦਿ ਕਿਉਂਕਿ ਮਨੁੱਖ ਜਦੋਂ ਮਨ ਕਰਕੇ ਕਈ ਪੱਖਾਂ ਤੋਂ ਘਬਰਾਇਆ ਤੇ ਕਮਜ਼ੋਰ ਹੋ ਚੁੱਕਾ ਹੁੰਦਾ ਹੈ ਤਾਂ ‘ਡੂਬਦੇ ਨੂੰ ਤਿਨਕੇ ਦਾ ਸਹਾਰਾ’ ਅਨੁਸਾਰ, ਇਸਨੂੰ ਗੁਰਮਰਾਹ ਕਰਕੇ ਲੁਟਣ ਵਾਲੇ ਵੀ ਕੱਤਾਰ ਲਾ ਕੇ ਅਤੇ ਨਿੱਤ ਨਵੇਂ ਨਵੇਂ ਰੂਪ ਧਾਰਣ ਕਰਕੇ ਆ ਜਾਂਦੇ ਹਨ।

“ਡਾਲੀ ਲਾਗੇ ਤਿਨੀ ਜਨਮੁ ਗਵਾਇਆ” - (ਪੰ: 1051) - ਉਪ੍ਰੋਕਤ ਸਾਰੇ ਕਰਮ ਇਸ ਤਰ੍ਹਾਂ ਹਨ ਜਿਵੇਂ ਜੜ੍ਹ ਨੂੰ ਪਾਣੀ ਨਾ ਦੇਵੋ ਤੇ ਡਾਲੀਆਂ ਨੂੰ ਨੁਆਲਦੇ ਫ਼ਿਰੋ। ਗੁਰਬਾਣੀ ਦਾ ਫ਼ੈਸਲਾ ਹੈ “ਇਕਿ ਮੂਲਿ ਲਗੇ ਓਨੀ ਸੁਖੁ ਪਾਇਆ” (ਪੰ: 1051) ਜਿਥੋਂ ਜੀਵਨ ਦਾ ਸਦੀਵੀ ਸੁਖ ਤੇ ਆਨੰਦ ਮਿਲਨਾ ਸੀ ਪ੍ਰਭੂ ਨਾਲ ਤਾਂ ਜੁੜਿਆ ਨਹੀਂ। ਇਸਦੇ ਉਲਟ “ਡਾਲੀ ਲਾਗੇ ਤਿਨੀ ਜਨਮੁ ਗਵਾਇਆ” (ਉਹੀ) ਅਨੁਸਾਰ ਜਦੋਂ ਸਾਰੇ ਪਾਸਿਆਂ ਤੋਂ ਵੀ ਗਲ ਨਹੀਂ ਬਣਦੀ ਤਾਂ ਮਨੁੱਖ ਮਨ ਨੂੰ ਰੰਗ ਤਮਾਸ਼ਿਆਂ ਵਲ ਮੋੜਦਾ ਹੈ। ਫ਼ਿਲਮਾਂ, ਹਰ ਸਮੇਂ ਟੀ. ਵੀ, ਨਾਵਲ, ਤਾਸ਼, ਭਾਂਤ ਭਾਂਤ ਦੀਆਂ ਖੇਡਾਂ ਦੇ ਨਿੱਤ ਨਵੇਂ ਰੂਪ, ਮਨ ਬਹਿਲਾਉਣ ਲਈ ਨਿੱਤ ਨਵੇਂ ਸਾਧਨ ਪਰ ਇਥੇ ਵੀ ਗੁਰਬਾਣੀ ਦਾ ਫ਼ੈਸਲਾ ਹੈ “ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ॥ ਸੁਖੁ ਨਾਹੀ ਬਹੁ ਦੇਸ ਕਮਾਏ॥ ਸਰਬ ਸੁਖਾ ਹਰਿ ਹਰਿ ਗੁਣ ਗਾਏ” (ਪੰ: 1147)। ਬੰਦਾ ਇਸਤੋਂ ਅਗੇ ਟੁਰਦਾ ਹੈ ਤਾਂ ਸ਼ਰਾਬ-ਵਿਭਚਾਰ, ਜੂਆ (ਕੈਸੀਨੋ), ਸਭ ਇਸਨੂੰ ਦਬੌਚ ਲੈਂਦੇ ਹਨ। ਬਸ ਇਹੀ ਹੈ ਸਾਡਾ ਆਪਣਾ ਬਣਾਇਆ ਸੰਸਾਰ ਜਿਸ `ਚ ਅਸੀਂ ਸੁਖੀ ਜੀਵਨ ਬਤੀਤ ਕਰਨਾ ਚਾਹੁੰਦੇ ਜੋ ਤਿਨ ਕਾਲ ਸੰਭਵ ਨਹੀਂ, ਕਿਉਂਕਿ ਸੁਖ ਦਾ ਅਸਲ ਅਤੇ ਇਕੋ ਹੀ ਮਾਰਗ ਹੈ “ਸੁਣਿ ਸੁਆਮੀ ਸੰਤਨ ਅਰਦਾਸਿ॥ ਜੀਉ ਪ੍ਰਾਨ ਧਨੁ ਤੁਮ੍ਹ੍ਹਰੈ ਪਾਸਿ” (ਪੰ: 1146) ਇਸੇ ਤੋਂ ਗਲ ਬਣ ਸਕੇਗੀ “ਇਹੁ ਜਗੁ ਤੇਰਾ ਸਭ ਤੁਝਹਿ ਧਿਆਏ॥ ਕਰਿ ਕਿਰਪਾ ਨਾਨਕ ਸੁਖੁ ਪਾਏ” (ਪੰ: 1147) ਅਤੇ ਅਸੀਂ ਪ੍ਰਭੂ ਦੇ ਘੜੇ ਹੋਏ ਸੰਸਾਰ `ਚ ਜੀਅ ਕੇ ਸੁਖੀ-ਆਨੰਦਮਈ ਜੀਵਨ ਬਤੀਤ ਕਰ ਸਕਾਂਗੇ। ਬਾਹਰੋਂ ਸੁਖੀ ਪਰ ਆਪਣੇ ਘੜੇ ਹੋਏ ਰਸਤਿਆਂ ਕਾਰਨ ਅੰਦਰੋਂ ਮਨੁੱਖ ਦੇ ਦੁਖੀ ਜੀਵਨ ਵਲ ਹੀ ਵੱਧ ਰਹੇ ਹੁੰਦੇ ਹਨ। ਇਹੀ ਹੈ “ਦੁਰਮਤਿ ਸਿਉ ਨਾਨਕ ਫਧਿਓ” ਭਾਵ ਅਗਿਆਣਤਾ ਦੇ ਹਨੇਰੇ `ਚ ਟਕਰਾਂ ਖਾਂਦਿਆਂ ਨੂੰ “ਰਾਖਿ ਲੇਹੁ ਭਗਵਾਨ” (ਪੰ: 1428) ਵਾਲੀ ਮੰਜ਼ਿਲ, ਜਿਸਤੋਂ ਮਨੁੱਖ ਬਹੁਤ ਦੂਰ ਬੈਠਾ ਹੋਇਆ ਹੈ। ਇਸ ਵਿਸ਼ੇ `ਤੇ ਹੋਰ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਹਨ। ਤਾਂ ਤੇ… ਗਲ ਸਰੀਰਕ ਦੁਖਾਂ ਦੀ ਹਦ ਤੀਕ ਵੀ ਨਹੀਂ ਬਲਕਿ ਉਨ੍ਹਾਂ ਦੁਖਾਂ ਦੀ ਵੀ ਹੈ ਜਿਸਨੂੰ ਅਰਬਾਂ-ਖਰਬਾਂ ਪਤੀ ਅਤੇ ਵੱਡੇ ਤੋਂ ਵੱਡੇ ਅਹੁਦੇ ਲੈ ਕੇ ਵੀ ਮਨੁੱਖ ਆਤਮਕ ਤਲ ਤੇ ਸਦਾ ਦੁਖੀ ਹੀ ਰਹਿੰਦਾ ਹੈ। ਕਾਰਨ ਹੁੰਦਾ ਹੈ “ਮੈਂ ਕਰ ਸਕਦਾ ਹਾਂ” “ਮੈਨੂੰ ਉਹ ਚਾਹੀਦਾ ਹੈ” ਭਾਵ ਉਸਦੀ ਹਉਮੈ ਤੇ ਲਾਲਚ ਆਦਿ ਵਾਲੀ ਦੌੜ। #133s02.01s08#

Including this Self Learning Gurmat Lesson No 133

ਰੱਬ ਦਾ ਸੰਸਾਰ ਬਨਾਮ ਸਾਡਾ ਸੰਸਾਰ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.