.

ਹਜ਼ੂਰ ਸਾਹਿਬ ਵਿਖੇ ਸ਼ਤਾਬਦੀ ਸਮਾਗਮ : 300 ਸਾਲ, ਕਿਹੜੇ ਗੁਰੂ ਦੇ ਨਾਲ?

- ਜਸਮੀਤ ਸਿੰਘ, ਨਵੀਂ ਦਿੱਲੀ -

ਪਿਛਲੇ ਪੰਜ ਦਹਾਕਿਆਂ ਵਿੱਚ ਸਿੱਖ ਸਮਾਜ ਵੱਲੋਂ ਗੁਰੂ ਸਾਹਿਬਾਨ ਨਾਲ ਸਬੰਧਿਤ ਘੱਟੋ-ਘੱਟ ਦਸ ਸ਼ਤਾਬਦੀਆਂ ਮਨਾਈਆਂ ਜਾ ਚੁੱਕੀਆਂ ਹਨ। (ਸ਼ੁਰੂਆਤ 1969 ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਮਨਾਉਣੀ ਨਾਲ ਹੋਈ)। ਪਰ ਇਨ੍ਹਾਂ ਸਾਰੇ ਸ਼ਤਾਬਦੀ ਸਮਾਗਮਾਂ ਵਿੱਚ ਸਿੱਖ ਸਮਾਜ ਦੇ ਭਲੇ ਲਈ ਸਹੀ ਮਾਇਨੇ ਵਿੱਚ, 5 ਫੀਸਦੀ ਕੰਮ ਵੀ ਨਹੀਂ ਹੋਏ। ਕੌਮ ਦਾ 95 ਫੀਸਦੀ ਪੈਸਾ ਵਿਖਾਵੇ ਅਤੇ ਫਜ਼ੂਲ ਦੇ ਕੰਮਾਂ ਉੱਪਰ ਬਰਬਾਦ ਕਰ ਦਿੱਤਾ ਗਿਆ। ਵਿਖਾਵੇ, ਰੌਲੇ-ਰੱਪੇ ਵਾਲੇ ਅਤੇ ਫਜ਼ੂਲ ਦੇ ਇਨ੍ਹਾਂ ਕੰਮਾਂ ਦਾ ਕੌਮ ਨੂੰ ਕੋਈ ਲਾਭ ਨਹੀਂ ਹੋਇਆ। ਸਿਧਾਂਤਕ ਪੱਖੋਂ ਕੌਮ ਦਾ ਮਿਆਰ ਗਿਰਦਾ ਹੀ ਗਿਆ। ਸਿੱਖ ਕੌਮ ਦਾ ਵੱਡਾ ਹਿੱਸਾ ਸਰੂਪ ਅਤੇ ਸਿਧਾਂਤਕ, ਦੋਹਾਂ ਪੱਖਾਂ ਤੋਂ ਸਿੱਖੀ ਨਾਲੋਂ ਟੁੱਟਦਾ ਹੀ ਗਿਆ। ਬ੍ਰਾਹਮਣਵਾਦ ਦਾ ਸਾਹ-ਘੋਟੂ ਗਲਬਾ ਸਮਾਜ ਉੱਪਰ ਵਧਦਾ ਹੀ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਦੱਸੀ ਨਿਰੋਲ ਸੱਚ ’ਤੇ ਅਧਾਰਿਤ ਜੀਵਨ ਜਾਚ ਨੂੰ ਪੂਰੀ ਸ੍ਰਿਸ਼ਟੀ ਵਿੱਚ ਤਾਂ ਕੀ ਫੈਲਾਉਣਾ ਸੀ, ਸਿੱਖ ਸਮਾਜ ਆਪ ਹੀ ਉਸ ਤੋਂ ਪੂਰੀ ਤਰ੍ਹਾਂ ਭਟਕ ਚੁੱਕਿਆ ਹੈ।

ਅੱਜ ਦੇ ਸਮੇਂ ਦੀ ਇਕ ਵੱਡੀ ਲੋੜ ‘ਮੀਡੀਆ’ ਹੈ। ਸਿੱਖ ਕੌਮ ਕੋਲ ਆਪਣੇ ਮੀਡੀਆ ਦੇ ਨਾਂ ਉੱਤੇ ਕੁਝ ਵੀ ਨਹੀਂ ਹੈ ਹਾਲਾਂਕਿ ਕੌਮ ਆਰਥਿਕ ਪੱਖੋਂ ਭਾਰਤ ਦੀਆਂ ਦੂਜੀਆਂ ਕੌਮਾਂ ਨਾਲੋਂ ਕਾਫੀ ਚੰਗੀ ਹਾਲਤ ਵਿੱਚ ਮੰਨੀ ਜਾਂਦੀ ਹੈ। ਸਿੱਖ ਕੌਮ ਦਾ ਸਾਰਾ ਪੈਸਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਉੱਤੇ ਸੰਗਮਰਮਰ ਥੱਪਣ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ, ਚੇਤਨਾ ਮਾਰਚਾਂ, ਬੇਲੋੜੇ ਲੰਗਰਾਂ ਆਦਿਕ ’ਤੇ ਬਰਬਾਦ ਕੀਤਾ ਜਾ ਰਿਹਾ ਹੈ। ਸਿੱਖਾਂ ਦੀਆਂ ਕਰੀਬ ਸਾਰੀਆਂ ਵੱਡੀਆਂ ਸੰਸਥਾਵਾਂ ਉੱਤੇ ਬ੍ਰਾਮਹਣਵਾਦੀ (ਨਾਨਕਵਾਦ ਦੇ ਦੁਸ਼ਮਣ) ਸੋਚ ਵਾਲੇ ਲੋਕ ਕਾਬਿਜ਼ ਹੋ ਚੁੱਕੇ ਹਨ। ਆਮ ਸਿੱਖ ਬ੍ਰਾਹਮਣਵਾਦੀ ਕਰਮਕਾਂਡਾਂ ਨੂੰ ਹੀ ਸਿੱਖੀ ਸਮਝਣ ਦਾ ਭਰਮ ਪਾਲੀ ਬੈਠਾ ਹੈ। ਹਰ ਸ਼ਤਾਬਦੀ ਬੇਲੋੜੇ ਚੇਤਨਾ ਮਾਰਚਾਂ, ਰੰਗ-ਬਿਰੰਗੇ ਲੰਗਰਾਂ, ਸੋਨੇ ਦੀਆਂ ਪਾਲਕੀਆਂ, ਭਾਸ਼ਣਬਾਜ਼ੀ, ਵਿਖਾਵੇਬਾਜ਼ੀ, ਆਤਿਸ਼ਬਾਜ਼ੀ ਆਦਿ ਫਿਜ਼ੂਲ ਦੇ ਕੰਮਾਂ ਉੱਪਰ ਕੌਮ ਦਾ ਕੀਮਤੀ ਪੈਸਾ ਬਰਬਾਦ ਕਰਕੇ ਗੁਜ਼ਰ ਜਾਂਦੀ ਹੈ। ਚਾਰ ਕੁ ਦਿਨਾਂ ਦੇ ਮੌਜ-ਮੇਲੇ ਤੋਂ ਬਾਅਦ ਸਾਰੇ ਲੋਕ ਠੰਡੇ ਪੈ ਜਾਂਦੇ ਹਨ।

ਇਸ ਸਾਲ ਵੀ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਗੁਰਤਾਗੱਦੀ (1708) ਦੀ ਤੀਜੀ ਸ਼ਤਾਬਦੀ ਅਕਤੂਬਰ 2008 ਵਿੱਚ ਨੰਦੇੜ (ਮਹਾਂਰਾਸ਼ਟਰ) ਵਿਖੇ ਮਨਾਈ ਜਾ ਰਹੀ ਹੈ। ਪਹਿਲਾਂ ਵਾਂਗੂ ਇਸ ਵਾਰ ਵੀ ਕੌਮ ਦਾ ਅਰਬਾਂ ਰੁਪਿਆ ਉਕਤ ਕਿਸਮ ਦੇ ਫਿਜ਼ੂਲ ਕੰਮਾਂ ਉੱਪਰ ਬਰਬਾਦ ਕਰਨ ਦਾ ਹੀ ਪ੍ਰੋਗਰਾਮ ਬਣਾਇਆ ਗਿਆ ਪ੍ਰਤੀਤ ਹੁੰਦਾ ਹੈ। ਪਹਿਲਾਂ ਸ਼ਤਾਬਦੀਆਂ ਰਾਹੀਂ ਬ੍ਰਾਹਮਣਵਾਦ ਦਾ ਗਲਬਾ ਚੋਰੀ-ਛੁਪੇ ਵਧਾਇਆ ਜਾਂਦਾ ਸੀ ਪਰ ਇਸ ਵਾਰ ਲਗਦਾ ਹੈ ਕਿ ਇਹ ਕੰਮ ਸ਼ਰੇਆਮ ਕੀਤਾ ਜਾਵੇਗਾ। ਹਾਲਾਂ ਤੱਥ ਦੇ ਹਾਲਾਤ ਇਹੀ ਸੰਕੇਤ ਦੇ ਰਹੇ ਹਨ।

ਮੌਜੂਦਾ ਸ਼ਤਾਬਦੀ ਸਮਾਗਮਾਂ ਦਾ ਇਕ ਖ਼ਾਸ ਪਹਿਲੂ ਇਹ ਹੈ ਕਿ ਇਨ੍ਹਾਂ ਨੂੰ ਹਜ਼ੂਰ ਸਾਹਿਬ (ਤਖ਼ਤ ਕਹਿਲਾਉਂਦੇ ਡੇਰੇ) ਵਿੱਚ ਮਨਾਇਆ ਜਾ ਰਿਹਾ ਹੈ। ਪਰ ਇਹ ਤੱਥ ਕਿਸੇ ਤੋਂ ਲੁਕਿਆ ਨਹੀਂ ਕਿ ਇਸ ‘ਤਖ਼ਤ’ ਉੱਤੇ ਜ਼ਿਆਦਾਤਰ ਧਾਰਮਕ ਕਾਰਜ ਗੁਰਮਤਿ ਵਿਰੁੱਧ, ਬ੍ਰਾਹਮਣਵਾਦੀ ਤਰਜ਼ ’ਤੇ ਹੁੰਦੇ ਹਨ। ਇਥੇ ਦੀ ‘ਮਰਿਆਦਾ’ ਵੇਖ ਕੇ ਕੋਈ ਵੀ ਸਿੱਖ ਸਹਿਜੇ ਹੀ ਇਸ ਗੱਲ ਨੂੰ ਮਹਿਸੂਸ ਕਰ ਸਕਦਾ ਹੈ। ਪਰ ਹਜ਼ੂਰ ਸਾਹਿਬ ਦੇ ਪ੍ਰਬੰਧਕ ਅਤੇ ਪੁਜਾਰੀ ਕੌਮ ਦੇ ਜਜ਼ਬਾਤ (ਕਿਉਂਕਿ ਇਸ ਅਸਥਾਨ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ) ਦਾ ਨਾਜਾਇਜ਼ ਲਾਭ ਚੁੱਕ ਕੇ, ਪੂਰੀ ਢੀਠਤਾ ਨਾਲ ਮਨਮਤਿ ਦਾ ਪ੍ਰਚਾਰ ਕਰੀ ਜਾ ਰਹੇ ਹਨ।

ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ‘ਸਿਧਾਂਤ’ ਨਾਲ ਜੁੜਨਾ ਸਿਖਾਇਆ ਸੀ, ਨਾ ਕਿ ਕਿਸੇ ਵਿਸ਼ੇਸ਼ ਥਾਂ ਦੇ ਨਾਲ। ਜਿਸ ਕਿਸੇ ਅਸਥਾਨ ’ਤੇ ਗੁਰਮਤਿ ਵਿਰੋਧੀ ਕਰਮ-ਕਾਂਡ ਹੁੰਦੇ ਹੋਣ, ਅੰਨ੍ਹੀ ਸ਼ਰਧਾ ਨਾਲ ਉਸ ਅਸਥਾਨ ਦੇ ਪੁਜਾਰੀਆਂ ਦੀਆਂ ਆਪ-ਹੁਦਾਰੀਆਂ ਅੱਗੇ ਸਿਰ ਝੁਕਾ ਦੇਣਾ ਮਨਮੁਖਤਾਈ ਹੈ। ਸਿੱਖ ਇਤਿਹਸ (ਖ਼ਾਸਕਰ 1469 ਤੋਂ 1708 ਤੱਕ ਦਾ) ਇਸ ਗੱਲ ਦਾ ਸਪਸ਼ਟ ਗਵਾਹ ਹੈ। ਸੰਨ 1708 ਤੱਕ ਨਨਕਾਣਾ ਸਾਹਿਬ (ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਅਸਥਾਨ) ’ਤੇ ਕਿਸੇ ਵੀ ਗੁਰੂ ਸਰੂਪ ਵੱਲੋਂ ਕੋਈ ਆਲੀਸ਼ਾਨ ਗੁਰਦੁਆਰਾ ਨਹੀਂ ਬਣਾਇਆ ਗਿਆ। ਦਰਬਾਰ ਸਾਹਿਬ ਦਾ ਨਿਰਮਾਣ ਵੀ ਪ੍ਰਚਾਰ ਨੂੰ ਮੁੱਖ ਰੱਖ ਕੇ ਕੇਂਦਰੀ ਅਸਥਾਨ ਵਜੋਂ ਕੀਤਾ ਗਿਆ ਸੀ, ਨਾ ਕਿ ਕਿਸੇ ਇਤਿਹਾਸਕ ਪੱਖ ਕਾਰਨ। ਬਾਅਦ ਵਿੱਚ ਬੇਸ਼ੱਕ ਬ੍ਰਾਹਮਣਵਾਦੀਆਂ ਨੇ ਰਜਨੀ ਵਾਲੀ ਕਾਲਪਨਿਕ ਕਹਾਣੀ ਇਸ ਨਾਲ ਜੋੜਨ ਦੀ ਕੋਝੀ ਕੋਸ਼ਿਸ਼ ਕੀਤੀ। ਦਿਲਚਸਪ ਗੱਲ ਇਹ ਹੈ ਕਿ ਸੱਤਵੇਂ, ਅੱਠਵੇਂ ਅਤੇ ਦਸਵੇਂ ਪਾਤਸ਼ਾਹ ਕਦੇ ਵੀ ਦਰਬਾਰ ਸਾਹਿਬ ਨਹੀਂ ਗਏ (ਕਾਰਨ ਭਾਵੇਂ ਕੁਝ ਵੀ ਹੋਵੇ)। ਨੌਵੇਂ ਪਾਤਸ਼ਾਹ ਨੂੰ ਮਨਮਤੀ ਪੁਜਾਰੀਆਂ ਨੇ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਹੀ ਨਹੀਂ ਕਰਨ ਦਿੱਤਾ। ਇਸ ਤੱਥ ਨਾਲ ਇਹ ਗੱਲ ਸਾਬਿਤ ਹੁੰਦੀ ਹੈ ਕਿ ਗੁਰੂ ਸਾਹਿਬਾਨ ਨੇ ਸਿਧਾਂਤ ਨੂੰ ਮਹੱਤਵ ਦਿੱਤਾ ਸੀ, ਥਾਂ ਨੂੰ ਨਹੀਂ। ਪਰ ਅਸੀਂ ਗੁਰੂ-ਸਿਧਾਂਤ ਦਾ ਪੱਲਾ ਤਾਂ ਛੱਡ ਦਿੱਤਾ ਹੈ ਪਰ ਗੁਰੂ ਅਸਥਾਨਾਂ ਅਤੇ ਗੁਰੂ ਦੀਆਂ ਨਿਸ਼ਾਨੀਆਂ ਵਜੋਂ ਪ੍ਰਚਾਰੀਆਂ ਜਾਂਦੀਆਂ ਵਸਤੂਆਂ ਪ੍ਰਤੀ ਅੰਨ੍ਹੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਾਂ। ਤਾਂ ਹੀ, ਕੋਈ ਸਾਨੂੰ ਗੁਰੂ ਦੇ ਘੋੜੇ ਦੇ ਵੰਸ਼ਜਾਂ ਦੇ ਨਾਂ ਉੱਤੇ ਘੋੜੇ ਦੀ ਲਿੱਦ ਪ੍ਰਸ਼ਾਦ ਵਜੋਂ ਦੇ ਕੇ ਲੁੱਟਦਾ ਰਹੇ, ਉਨ੍ਹਾਂ ਨੂੰ ਮੱਥੇ ਟਿਕਵਾਉਂਦਾ ਰਹੇ - ਸਾਡੀ ਅੰਨ੍ਹੀ ਸ਼ਰਧਾ ਅਜਿਹੀ ਬਜਰ ਮਨਮਤਿ ਉੱਤੇ ਕੋਈ ਕਿੰਤੂ ਨਹੀਂ ਕਰਨ ਦਿੰਦੀ। ਕਾਰਨ - ਗੁਰੂ ਦੇ ਬਖਸ਼ੇ ‘ਗਿਆਨ’ ਨੂੰ ਤਾਂ ਅਸੀਂ ਫਾਲਤੂ ਜਿਹੀ ਚੀਜ਼ ਸਮਝ ਕੇ ਪਰ੍ਹਾਂ ਜੋ ਵਗ੍ਹਾ ਕੇ ਮਾਰਿਆ ਹੈ। ਅਜੋਕੇ ਸਿੱਖ ਸਮਾਜ ਵਰਗੀ ਭਟਕੇ ਹੋਏ ਤਤਕਾਲੀ ਸਮਾਜ ਨੂੰ ਵੇਖ ਕੇ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ :

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।। (469)

ਗੁਰੂ ਜੀ ਦੀਆਂ ਨਿਸ਼ਾਨੀਆਂ ਜਾਂ ਇਤਿਹਾਸਕ ਸਥਾਨਾਂ ਪ੍ਰਤੀ ਸਤਿਕਾਰ ਪ੍ਰਗਟਾਉਣਾ, ਸ਼ਰਧਾ ਰੱਖਣਾ ਗਲਤ ਨਹੀਂ ਪਰ ਜੇ ਇਹ ਸਭ ਸਿਧਾਂਤ ਦੀ ਕੀਮਤ ਉੱਤੇ ਹੁੰਦਾ ਹੈ, ਤਾਂ ਇਹ ਨਿਰੋਲ ਮਨਮੁਖਤਾਈ ਹੈ, ਬੇਵਕੁਫੀ ਹੈ। ਜੇ ਆਮ ਸਿੱਖ ਗਿਆਨ (ਸਿਧਾਂਤ) ਦਾ ਪੱਲਾ ਘੁੱਟ ਕੇ ਫੜਦਾ, ਤਾਂ ਕੋਈ ਕਾਰਨ ਨਹੀਂ ਸੀ ਕਿ ਪੁਜਾਰੀ ਵਰਗ ਕੌਮ ਨੂੰ ਗੁੰਮਰਾਹ ਕਰ ਪਾਉਂਦਾ। ਹਰ ਸਾਲ ਲੱਖਾਂ ਸਿੱਖ ਹਜ਼ੂਰ ਸਾਹਿਬ, ਪਟਨਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ। ਪਰ ਕਿਤਨੇ ਹਨ ਜੋ ਇੱਥੇ ‘ਗੁਰਮਤਿ ਸਿਧਾਂਤਾਂ’ ਦੀਆਂ ਹੁੰਦੀਆਂ ਘੋਰ ਉਲੰਘਨਾਵਾਂ ਪ੍ਰਤੀ ਰੋਸ ਪ੍ਰਗਟ ਕਰਦੇ ਹਨ? ਸਿਵਾਏ ਤੱਤ ਗੁਰਮਤਿ ਨੂੰ ਪ੍ਰਣਾਏ ਕੁਝ ਵੀਰਾਂ ਜਾਂ ਪ੍ਰੋ: ਦਰਸ਼ਨ ਸਿੰਘ ਵਰਗੇ ‘ਜਾਗਦੀ ਜ਼ਮੀਰ’ ਵਾਲੇ ਇਕਾ-ਦੁੱਕਾ ਪ੍ਰਚਾਰਕਾਂ ਤੋਂ ਇਲਾਵਾ ਹੋਰ ਕੋਈ ਨਹੀਂ। ਕਿਉਂਕਿ ਅਸੀਂ ਗੁਰਦੁਆਰੇ ਸਿਰਫ਼ ਸ਼ਰਧਾ ਨਾਲ ਜਾਂਦੇ ਹਾਂ, ਗੁਰੂ ਦੀ ਸਿੱਖਿਆ ਬਾਰੇ ਗਿਆਨ ਹਾਸਲ ਕਰਨ ਨਹੀਂ। ਪਰ ਇਹ ਵੀ ਸੱਚ ਹੈ ਕਿ ਜਿਸ ਵਿਅਕਤੀ ਵਿੱਚ ਅੰਨ੍ਹੀ ਸ਼ਰਧਾ ਹੈ, ਉਹ ਸੱਚਾ ਸਿੱਖ ਨਹੀਂ ਹੋ ਸਕਦਾ ਕਿਉਂਕਿ ਉਹ ਗੁਰੂ ਦੇ ਸਿਧਾਂਤਾਂ ਦੇ ਗਿਆਨ ਤੋਂ ਕੋਰਾ ਹੁੰਦਾ ਹੈ। ਗੁਰਬਾਣੀ ਵੀ ਕਹਿੰਦੀ ਹੈ : ‘‘ਕਬੀਰ ਜਹਾ ਗਿਆਨੁ ਤਹਿ ਧਰਮ ਹੈ’’ (ਪੰਨਾ 1372)। ਜੇਕਰ ਅਸੀਂ ਸਾਰੇ, ਮਨਮਤਾਂ ਦਾ ਪ੍ਰਚਾਰ ਕਰਨ ਵਾਲੇ ਪੁਜਾਰੀਆਂ ਨੂੰ ਟੋਕਦੇ ਤਾਂ ਕੋਈ ਕਾਰਨ ਨਹੀਂ ਕਿ ਇਹ ਨਾ ਸੁਧਰਨ। ਪਰ ਉਸ ਵਾਸਤੇ ਸੱਚੇ ਗਿਆਨ ਦੀ ਲੋੜ ਹੈ, ਜੋ ਅਸੀਂ ਲੈਣਾ ਨਹੀਂ ਚਾਹੁੰਦੇ।

ਗੱਲ ਚੱਲ ਰਹੀ ਸੀ ਗੁਰਤਾਗੱਦੀ ਦੀ ਤੀਜੀ ਸ਼ਤਾਬਦੀ ਦੀ। ਇਸ ਸ਼ਤਾਬਦੀ ਨਾਲ ਸਬੰਧਿਤ ਹੁਣ ਤੱਕ ਕੀਤੇ ਗਏ ਪ੍ਰੋਗਰਾਮ ਗੁਰਮਤਿ ਸਿਧਾਂਤਾਂ ਦੇ ਵਿਰੋਧੀ ਅਤੇ ਬ੍ਰਾਹਮਣਵਾਦੀਆਂ ਦੇ ਇਸ਼ਾਰਿਆਂ ’ਤੇ ਰਚੇ ਗਏ ਪ੍ਰਤੀਤ ਹੁੰਦੇ ਹਨ। ਸ਼ਤਾਬਦੀ ਨਾਲ ਸਬੰਧਿਤ (ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜਾਰੀ) ਲੋਗੋ ਵਾਕ ‘300 ਸਾਲ, ਗੁਰੂ ਦੇ ਨਾਲ’ ਪਹਿਲੀ ਵਾਰ ਸੁਣਦੇ ਹੀ ਮੇਰੇ ਮੂਹੋਂ ਸਹਿਜ ਸੁਭਾਅ ਹੀ ਨਿਕਲਿਆ ‘‘300 ਸਾਲ, ਕਿਹੜੇ ਗੁਰੂ ਦੇ ਨਾਲ’’? ਆਉ, ਵਿਚਾਰਦੇ ਹਾਂ ਕਿ ‘ਗੁਰੂ ਦੇ ਨਾਲ’ ਦਾ ਸਹੀ ਮਾਇਨਾ ਕੀ ਹੁੰਦਾ ਹੈ?

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕੀਮਤੀ ਰੁਮਾਲਿਆਂ ਵਿੱਚ ਲਪੇਟ ਦੇਣਾ, ਸੋਨੇ ਦੀਆਂ ਪਾਲਕੀਆਂ ਵਿੱਚ ਰੱਖਣਾ, ਸੈਂਟ ਛਿੜਕਣਾ, ਚਵਰ ਕਰਨਾ ਅਤੇ ਹੋਰਨਾਂ ਜ਼ਾਹਿਰੀ ਤਰੀਕਿਆਂ ਨਾਲ ਸਤਕਾਰ ਆਦਿਕ ਕਰਨਾ ਹੀ ਗੁਰੂ ਦੇ ਨਾਲ ਹੋਣਾ ਨਹੀਂ ਹੈ। ਸਾਡਾ ਅਸਲੀ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ‘ਗਿਆਨ’। ਅਸੀਂ ਇਸ ਗੁਰੂ ਦੇ ਨਾਲ ਤਾਂ ਹੀ ਮੰਨੇ ਜਾ ਸਕਦੇ ਹਾਂ, ਜੇਕਰ ਸਾਡੇ ਵਿਚਾਰ ਅਤੇ ਕਰਮ ਇਸ ਗੁਰੂ ਦੇ ਉਪਦੇਸ਼ਾਂ ਮੁਤਾਬਿਕ ਹਨ। ਜੇ ਸਾਡੇ ਕਰਮ ਇਸ ਗਿਆਨ-ਰੂਪੀ ਗੁਰੂ ਤੋਂ ਉਲਟ (ਮਨਮਤੀ) ਹਨ, ਤਾਂ ਸਾਡਾ ਇਹ ਦਾਅਵਾ ਝੂਠਾ ਹੈ ਕਿ ਅਸੀਂ ਗੁਰੂ ਦੇ ਨਾਲ ਹਾਂ। ਅਸਲ ਨੇੜਤਾਂ ਤਾਂ ਅਸੂਲਾਂ ਦੀ ਹੈ। ਗੁਰੂ ਸਾਹਿਬ ਦੇ ਅਸੂਲਾਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਸਿਰਫ਼ ਬਾਹਰੀ ਸਤਕਾਰ ਕਰਨਾ ਤਾਂ ਨਿਰਾ ਭੇਖ, ਦੰਭ ਜਾਂ ਕਰਮ-ਕਾਂਡ ਮਾਤਰ ਹੈ।

ਹੁਣ ਜੇ ਇਸ ਗਿਆਨ ਰੂਪੀ ਗੁਰੂ ਦੀ ਸਿਧਾਂਤਕ ਕਸਵੱਟੀ ਉੱਤੇ ਹਜ਼ੂਰ ਸਾਹਿਬ (ਪਟਨਾ ਸਾਹਿਬ ਵੀ) ਦੀ ਪ੍ਰਚਲਿਤ ਮਰਿਆਦਾ ਨੂੰ ਪਰਖੀਏ, ਤਾਂ ਇਹ ਬੁਰੀ ਤਰ੍ਹਾਂ ਫੇਲ ਹੁੰਦੀ ਹੈ। ਕੁਝ ਨੁਕਤੇ ਵਿਚਾਰਦੇ ਹਾਂ :

1) ਹਜ਼ੂਰ ਸਾਹਿਬ ਵਿਖੇ ਰੋਜ਼ਾਨਾ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਸਵੇਰੇ 2 ਵਜੇ ਗੋਦਾਵਰੀ ਨਦੀ ਤੋਂ ਗਾਗਰ ਵਿੱਚ ਭਰ ਕੇ ਲਿਆਂਦੇ ਜਲ ਨਾਲ ਤਖ਼ਤ ਦੇ ਇਸ਼ਨਾਨ ਨਾਲ। ਕਿਸੇ ਖ਼ਾਸ ਸਥਾਨ, ਨਦੀ ਆਦਿ ਦੇ ਪਾਣੀ ਨੂੰ ਪਵਿੱਤਰ ਸਮਝਣ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਗਿਆ ਹੈ। ਪਰ ਇੱਥੇ ਗੁਰਮਤਿ ਦੀ ਪਰਵਾਹ ਕੌਣ ਕਰਦਾ ਹੈ? ਇਹ ਵੀ ਦੱਸਿਆ ਜਾਂਦਾ ਹੈ ਕਿ ਗਾਗਰੀਆ ਸਿੰਘ ‘ਬ੍ਰਹਮਚਾਰੀ’ (ਕੁਆਰਾ) ਰਹਿੰਦਾ ਹੈ, ਜੋ ਗੁਰਮਤਿ ਦੇ ਸਿਧਾਂਤ ‘ਬਿੰਦੁ ਰਾਖਿ ਜੋ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।।’ (ਪੰਨਾ 324) ਦੀ ਸਪਸ਼ਟ ਉਲੰਘਣਾ ਹੈ।

2) ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ (ਅਸ਼ਲੀਲ ਅਤੇ ਬ੍ਰਾਹਮਣਵਾਦੀ ਰਚਨਾਵਾਂ ਦਾ ਪੁਲਿੰਦਾ) ਦਾ ਪ੍ਰਕਾਸ਼ ਕਰਕੇ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਜਾਂਦਾ ਹੈ। ਇਸੇ ਤਰਜ਼ ’ਤੇ ਦਸਮ ਗ੍ਰੰਥ ਦੇ ਅਖੌਤੀ ਹੁਕਮਨਾਮੇ, ਅਖੰਡ ਪਾਠ ਆਦਿ ਦੇ ਆਯੋਜਨਾਂ ਨਾਲ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਕੇ ਸ਼ਾਇਦ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਵਿੱਚ ਕਮੀ ਹੈ, ਜਿਸਨੂੰ ਪੂਰਾ ਕਰਨ ਲਈ ਦਸਮ ਗ੍ਰੰਥ ਪੜ੍ਹਨਾ ਜ਼ਰੂਰੀ ਹੈ।

3) ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਮੰਦਰ ਵਿੱਚ ਜਾ ਕੇ ਪੁਜਾਰੀਆਂ (ਅਤੇ ਲੋਕਾਈ) ਨੂੰ ਸਮਝਾਇਆ ਕਿ ਤੁਸੀਂ ਜਿਹੜੇ ਦੀਵੇ ਬਾਲ ਕੇ, ਥਾਲ ਘੁਮਾ ਕੇ ਰੱਬ ਦੀ ਆਰਤੀ ਹੋਈ ਸਮਝ ਰਹੇ ਹੋ, ਉਹ ਭੁਲੇਖਾ ਹੈ। ਉਸ ਪ੍ਰਭੂ ਦੀ ਅਸਲ ਆਰਤੀ ਤਾਂ ਕੁਦਰਤ ਵਿੱਚ ਆਪੇ ਹੀ ਨਿਰਵਿਘਨ ਹੋ ਰਹੀ ਹੈ। ਇਸ ਪ੍ਰਥਾਇ ਗੁਰੂ ਸਾਹਿਬ ਨੇ ‘ਗਗਨ ਮੈ ਥਾਲੁ’ ਵਾਲਾ ਸ਼ਬਦ ਵੀ ਉਚਾਰਨ ਕੀਤਾ। ਪਰ ਗੁਰਮਤਿ ਸਿਧਾਂਤਾਂ ਦੇ ਦੁਸ਼ਮਣ ਇਹ ‘ਪੁਜਾਰੀ’ ਪ੍ਰਚਲਿਤ ਆਰਤੀ ਦੇ ਖੰਡਨ ਨਾਲ ਜੁੜੇ ਉਸੇ ਸ਼ਬਦ (ਨਾਲ ਕੁਝ ਹੋਰ ਕੱਚੀਆਂ-ਪੱਕੀਆਂ ਰਚਨਾਵਾਂ) ਨੂੰ ਪੜ੍ਹ ਕੇ, ਥਾਲ ਘੁਮਾ ਕੇ, ਦੀਵੇ ਬਾਲ ਕੇ, ਤਿਲਕਧਾਰੀ ਸਰੂਪ ਬਣਾ ਕੇ - ਗੁਰੂ ਗ੍ਰੰਥ ਸਾਹਿਬ ਜੀ (ਤੇ ਸ਼ਾਇਦ ਦਸਮ ਗ੍ਰੰਥ ਵੀ) ਦੀ ਆਰਤੀ ਉਤਾਰਨ ਦਾ ਢੋਂਗ ਰਚਦੇ ਹਨ। ਇਸ ਤੋਂ ਵੱਡਾ ਧ੍ਰੋਹ ਗੁਰੂ ਨਾਲ ਹੋਰ ਕੀ ਹੋ ਸਕਦਾ ਹੈ? ਇਹ ਤਾਂ ਸਿੱਖੀ ਭੇਖ ਵਾਲੇ ਬ੍ਰਾਹਮਣਾਂ ਦਾ ਗੁਰੂ ਸਾਹਿਬ ਨੂੰ ਚੈਲੰਜ ਹੈ ਕਿ ਤੁਸੀਂ ਆਪਣੇ ਸਿੱਖਾਂ ਨੂੰ ਜਿਹੜੇ ਸ਼ਬਦ ਰਾਹੀਂ ਇਹੋ ਜਿਹੇ ਕਰਮ-ਕਾਂਡਾਂ ਤੋਂ ਹਟਾਇਆ ਸੀ, ਅਸੀਂ ਉਸੇ ਸ਼ਬਦ ਨਾਲ ਦੀ ਦੁਰਵਰਤੋਂ ਕਰਕੇ ਇਨ੍ਹਾਂ ਗਿਆਨਹੀਣ ਸਿੱਖਾਂ ਨੂੰ ਵਾਪਸ ਥਾਲ ਘੁਮਾਉਣ ਦੇ ਰਾਹ ਪਾ ਦਿੱਤਾ ਹੈ। ਇਹੀ ਕਾਰਨ ਹੈ ਕਿ ਆਮ ਸਿੱਖ ਅਗਿਆਨਤਾ ਦੀ ਘੂਕ ਨੀਂਦਰ ਸੁੱਤਾ ਸਭ ਕੁਝ ਚੁਪਚਾਪ ਵੇਖੀ ਜਾ ਰਿਹਾ ਹੈ।

ਇਹ ਤਾਂ ਦਾਲ ਵਿੱਚੋਂ ਦਾਣਾ ਚੁਗ ਕੇ ਵੇਖਣ ਵਾਂਗੂ ਸਿਰਫ਼ ਕੁਝ ਮੋਟੇ-ਮੋਟੇ ਨੁਕਤੇ ਹਨ। ਜੇਕਰ ਹਜ਼ੂਰ ਸਾਹਿਬ ਤੋਂ ਜਾਰੀ ਹੁੰਦੇ ਮਾਸਿਕ ਰਸਾਲੇ ‘ਸੱਚਖੰਡ ਪੱਤਰ’ ਵਿੱਚ ਛਪੀਆਂ ਭੇਟਾਵਾਂ ਦੀ ਸੂਚੀ ਪੜ੍ਹ ਲਈਏ ਤਾਂ ਇੰਞ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਅਸਥਾਨ ਗੁਰਦੁਆਰਾ ਨਹੀਂ, ਕੋਈ ਦੁਕਾਨ ਹੋਵੇ। ਇੰਞ ਤਾਂ ਸ਼ਾਇਦ ਮੰਦਰਾਂ ਵਿੱਚ ਵੀ ਨਹੀਂ ਹੁੰਦਾ ਹੋਵੇਗਾ। ਇਸ ਅਸਥਾਨ ’ਤੇ ਅਖੰਡ ਪਾਠ ਕਰਾਉਣ ਦੀਆਂ ਭੇਟਾਵਾਂ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਭੇਟਾ ਘੱਟ ਹੈ ਜਦਕਿ ਅਖੌਤੀ ਦਸਮ ਗ੍ਰੰਥ ਦੇ ਪਾਠਾਂ ਦੀ ਜ਼ਿਆਦਾ। ਸ਼ਾਇਦ ਪਾਠੀ ਨੂੰ ‘ਤ੍ਰਿਆ-ਚਰਿੱਤਰ’ ਜਿਹੀ ਅਸ਼ਲੀਲ ਰਚਨਾਵਾਂ ਨੂੰ ਪੜ੍ਹਦੇ ਸਮੇਂ ਆਉਂਦੀ ਸ਼ਰਮ ਦੇ ਹਰਜ਼ਾਨੇ ਵਾਸਤੇ ਭੇਟਾ ਜ਼ਿਆਦਾ ਰੱਖੀ ਗਈ ਹੈ (ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਸਧਾਰਨ ਪਰ ਦਸਮ ਗ੍ਰੰਥ ਦੇ ਪਾਠ ਨੂੰ ਮੁਕਾਬਲਤਨ ਉਚੇਰੇ ਸਤਰ ਦਾ ਦਰਸਾਉਣ ਲਈ)।

ਗੁਰੂ ਤਾਂ ਉਹ ਹੁੰਦਾ ਹੈ, ਜਿਸ ਤੋਂ ਅਸੀਂ ਸੇਧ ਲੈਂਦੇ ਹਾਂ। ਉੱਪਰਲੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਹਜ਼ੂਰ ਸਾਹਿਬ ਦੇ ਪ੍ਰਬੰਧਕ ਅਤੇ ਪੁਜਾਰੀ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਿਲਕੁਲ ਸੇਧ ਨਹੀਂ ਲੈਂਦੇ। ਉਹ ਯਕੀਨਨ ਦਸਮ ਗ੍ਰੰਥ ਅਤੇ ਬ੍ਰਾਹਮਣਵਾਦੀ ਸੰਗਠਨਾਂ ਦੇ ਪ੍ਰਬੰਧਕਾਂ ਤੋਂ ਸੇਧ/ਨਿਰਦੇਸ਼ ਲੈਂਦੇ ਹਨ। ਇਸ ਕਰਕੇ ਉਨ੍ਹਾਂ ਦਾ ਗੁਰੂ ਜਾਂ ਤਾਂ ਦਸਮ ਗ੍ਰੰਥ ਹੋਇਆ ਜਾਂ ਫਿਰ ਬ੍ਰਾਹਮਣਵਾਦ। ਇਸ ਕਰਕੇ ਤੱਤ ਗੁਰਮਤਿ ਦੇ ਹਮਾਇਤੀ, ਇਨ੍ਹਾਂ ਮਨਮਤੀ ਪੁਜਾਰੀਆਂ ਦਾ ਨਾਅਰਾ ‘300 ਸਾਲਾ, ਗੁਰੂ ਦੇ ਨਾਲ’ ਸੁਣ ਕੇ ਪੁੱਛਣਾ ਚਾਹੁੰਦੇ ਹਨ ਕਿ ਇਹ 300 ਸਾਲ ਕਿਹੜੇ ਗੁਰੂ ਦੇ ਨਾਲ ਸਨ? ਜੇਕਰ ਪੁਜਾਰੀਆਂ ਨੂੰ ਇਹੀ ਸਵਾਲ ਹਰ ਸਿੱਖ ਪੁੱਛਣਾ ਸ਼ੁਰੂ ਕਰ ਦੇਵੇ, ਤਾਂ ਸਿੱਖ ਕੌਮ ਦਾ ਭਵਿੱਖ ਸੰਵਰ ਸਕਦਾ ਹੈ। ਕੌਮ ਦਾ ਖਹਿੜਾ ਬ੍ਰਾਹਮਣਵਾਦ ਤੇ ਪੁਜਾਰੀਵਾਦ ਤੋਂ ਛੁੱਟ ਸਕਦਾ ਹੈ। ਤਾਂ ਹੀ ਸੂਝਵਾਨ ਸਿੱਖ ਪ੍ਰਚਾਰਕਾਂ ਵੱਲੋਂ ਇਸ ਤਖ਼ਤ ਦੇ ਪੁਜਾਰੀਆਂ ਅਤੇ ਉਨ੍ਹਾਂ ਵੱਲੋਂ ਉਲੀਕੇ ਜਾ ਰਹੇ ਮਿਲਗੋਭੇ ਕਿਸਮ ਦੇ ਸਮਾਗਮਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ, ਤਾਂ ਜੋ ਸਿੱਖ ਹੋਰ ਵਧੇਰੇ ਮਨਮਤਿ ਦਾ ਪ੍ਰਭਾਵ ਨਾ ਗ੍ਰਹਿਣ ਕਰ ਲੈਣ। ਗੁਰਬਾਣੀ ਵੀ ਦੱਸਦੀ ਹੈ :

ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗੁ।। ਬਾਸਨ ਕਾਰੋ ਪਕਰੀਐ ਤਉ ਕਿਛੁ ਲਾਗੈ ਦਾਗੁ।। (ਪੰਨਾ 1371)

ਜਿਹੜੀ ਥਾਂ ’ਤੇ ਜਾਣਬੁੱਝ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਜਾਂਦਾ ਹੋਵੇ, ਉਸ ਥਾਂ ਪ੍ਰਤੀ ਸਿੱਖਾਂ ਦੇ ਮਨ ਵਿੱਚ ਸ਼ਰਧਾ-ਸਤਕਾਰ ਕਿਉਂ ਹੋਵੇ? ਗੁਰੂ ਨਾਲ ਸਾਡੀ ਨੇੜਤਾ ਸਿਧਾਂਤਕ ਜ਼ਿਆਦਾ ਹੈ, ਸਰੀਰਕ ਘੱਟ। ਗੁਰਮਤਿ ਦਾ ਇਹ ਸਿਧਾਂਤ ਹਮੇਸ਼ਾ ਯਾਦ ਰੱਖੋ :

ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤੁ ਸੰਸਾਰੁ।। ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।। (ਪੰਨਾ 549)

ਥਾਂ ਜਾਂ ਸਰੀਰ ਨਾਲ ਨਹੀਂ, ਸੱਚ ਦੇ ਗਿਆਨ ਨਾਲ ਜੁੜੋ। ਜੇ ਗੁਰੂ ਨਾਲ ਸਬੰਧਿਤ ਅਸਥਾਨ ਪ੍ਰਤੀ ਪਿਆਰ ਹੈ, ਸ਼ਰਧਾ ਹੈ; ਤਾਂ ਹੰਭਲਾ ਮਾਰੋ ਕਿ ਇਨ੍ਹਾਂ ਅਸਥਾਨਾਂ ਨੂੰ ਬ੍ਰਾਹਮਣਵਾਦੀਆਂ, ਪੁਜਾਰੀਆਂ, ਗੁਰੂ ਤੋਂ ਬਾਗੀ ਪ੍ਰਬੰਧਕਾਂ ਕੋਲੋਂ ਅਜ਼ਾਦ ਕਰਵਾਇਆ ਜਾ ਸਕੇ ਜਾਂ ਉਨ੍ਹਾਂ ਨੂੰ ਸੁਧਰਨ ਲਈ ਮਜਬੂਰ ਕਰ ਦਿਓ। ਉਨ੍ਹਾਂ ਦੇ ਸਮਾਗਮਾਂ ਨੂੰ ਹਮਾਇਤ ਦੇ ਕੇ ਗੁਰੂ ਦੇ ਦੋਖੀ ਨਾ ਬਣੋ।

ਇਹ ਤਾਂ ਗੱਲ ਹੋਈ ਹਜ਼ੂਰ ਸਾਹਿਬ ਵਿਖੇ ਕੀਤੇ ਜਾਂਦੇ ਮਨਮਤਿ ਦੇ ਪ੍ਰਚਾਰ ਦੀ। ਹੁਣ ਗੱਲ ਕਰਦੇ ਹਾਂ ਗੁਰਤਾਗੱਦੀ ਸ਼ਤਾਬਦੀ ਸਮਾਰੋਹ ਦੀ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਹੋਈ 15 ਨਵੰਬਰ 2007 ਨੂੰ ਸਿਮਰਨ (?) ਦਿਵਸ ਨਾਲ। ਇਸ ਪ੍ਰੋਗਰਾਮ ਵਿੱਚ ਸ਼ਾਮ ਸਾਢੇ ਚਾਰ ਵਜੇ ਤੋਂ ਸ਼ੁਰੂ ਕਰਕੇ 15 ਮਿਨਟ ਤੱਕ ਸਾਰੇ ਸਿੱਖ ਸਮਾਜ ਨੂੰ ‘ਮੂਲ ਮੰਤਰ’ ਦਾ ਜਾਪ ਕਰਵਾਇਆ ਗਿਆ, ਜਿਸ ਦਾ ਟੀ.ਵੀ. ’ਤੇ ਸਿੱਧਾ ਪ੍ਰਸਾਰਨ ਵੀ ਕੀਤਾ ਗਿਆ। ਜੇਕਰ ਗੁਰਮਤਿ ਦੇ ਨਜ਼ਰੀਏ ਤੋਂ ਘੋਖ ਕੀਤੀ ਜਾਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਸਮਾਜ ਵਿੱਚ ‘ਮੂਲ ਮੰਤਰ’ ਲਫ਼ਜ਼ ਹੀ ਗਲਤ ਪ੍ਰਚਲਿਤ ਹੋ ਗਿਆ ਹੈ ਕਿਉਂਕਿ ਗੁਰਬਾਣੀ ਵਿੱਚ ਮੰਤਰਵਾਦ ਦਾ ਖੰਡਨ ਕੀਤਾ ਮਿਲਦਾ ਹੈ। ਇਸ ਵਾਸਤੇ ਢੁਕਵਾਂ ਲਫ਼ਜ਼ ‘ਮੰਗਲਾਚਰਨ’ ਜਾਂ ਕੁਝ ਹੋਰ ਹੋਣਾ ਚਾਹੀਦਾ ਹੈ। ਗੁਰਮਤਿ ਅਨੁਸਾਰ ‘ਮੰਗਲਾਚਰਨ’ (ਪ੍ਰਚਲਿਤ ਨਾਂ ‘ਮੂਲ ਮੰਤਰ’) ੴ ਤੋਂ ਲੈ ਕੇ ‘ਗੁਰ ਪ੍ਰਸਾਦਿ’ ਤੱਕ ਹੈ ਕਿਉਂਕਿ ਇਸੇ ਰੂਪ ਵਿੱਚ ਇਹ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ ਹੈ। ਖ਼ਾਸਕਰ ਹਰ ਰਾਗ ਦੀ ਬਾਣੀ ਦੀ ਸ਼ੁਰੂਆਤ ਵਿੱਚ। ਅਕਾਲ ਤਖ਼ਤ ਵੱਲੋਂ ਜਾਰੀ ਪੰਥ-ਪ੍ਰਵਾਨਿਤ ਮਰਿਆਦਾ ਵਿੱਚ ਵੀ ਇਹੀ ਸਰੂਪ ਦਿੱਤਾ ਗਿਆ ਹੈ ਪਰ ਸੰਪਰਦਾਈ ਸਿੱਖ (ਜਿਨ੍ਹਾਂ ਦੇ ਜ਼ਿਆਦਾਤਰ ਕਰਮ ਗੁਰਮਤਿ ਸਿਧਾਂਤਾਂ ਤੋਂ ਉਲਟ ਹਨ) ਇਸ ਨਾਲ ਜਪੁ ਬਾਣੀ ਦਾ ਪਹਿਲਾ ਸਲੋਕ ਜੋੜ ਕੇ, ‘ਨਾਨਕ ਹੋਸੀ ਭੀ ਸਚੁ’ ਤੱਕ ਪੜ੍ਹਦੇ ਹਨ। ਉਨ੍ਹਾਂ ਵੱਲੋਂ ਪੜ੍ਹੇ ਜਾਂਦੇ ਮੰਗਲਾਚਰਨ ਦਾ ਇਹ ਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਦੁਬਾਰਾ ਉਸ ਰੂਪ ਵਿੱਚ ਕਿਧਰੇ ਨਹੀਂ ਆਉਂਦਾ। ਪਰ ਇਸ ‘ਸਿਮਰਨ ਦਿਵਸ’ ਵਿੱਚ ਗੁਰਮਤਿ ਸਿਧਾਂਤਾਂ ਅਤੇ ਪ੍ਰਵਾਨਤ ਮਰਿਆਦਾ ਨੂੰ ਮੂੰਹ ਚਿੜਾਉਣ ਲਈ ਜਾਣਬੁੱਝ ਕੇ ਮੰਗਲਾਚਰਨ ਨੂੰ ‘ਨਾਨਕ ਹੋਸੀ ਭੀ ਸਚੁ’’ ਤੱਕ ਪੜ੍ਹਿਆ ਗਿਆ। ਉਸ ਸਮੇਂ ਉੱਥੇ ਹੋਰ ਤਖ਼ਤਾਂ ਦੇ ਪੁਜਾਰੀ (ਸਮੇਤ ਅਕਾਲ ਤਖ਼ਤ ਦੇ ਪੁਜਾਰੀ ਦੇ) ਵੀ ਮੌਜੂਦ ਸਨ ਪਰ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਸ਼ਾਇਦ ‘ਚੋਰ ਚੋਰ, ਮੌਸੇਰੇ ਭਾਈ’ ਵਾਲੀ ਕਹਾਨੀ ਇਨ੍ਹਾਂ ਵਰਗਿਆਂ ਵਾਸਤੇ ਹੀ ਬਣੀ ਹੈ। ਕਿਸੇ ਇਕ ਸ਼ਬਦ ਜਾਂ ਤੁਕ ਦੇ ਸਿਰਫ਼ ਰਟਨ ਨੂੰ ‘ਸਿਮਰਨ’ ਸਮਝਨਾ ਵੀ ਮਨਮਤਿ ਹੈ। ਪਰ ਇਹ ਸਭ ਗਲਤ ਮਾਨਤਾਵਾਂ ਸਿੱਖ ਸਮਾਜ ਵਿੱਚ ਕਾਫੀ ਪ੍ਰਚਲਿਤ ਹੋ ਗਈਆਂ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਇਕ ਹੀ ਰਾਹ ਹੈ - ਗੁਰਬਾਣੀ ਗਿਆਨ ਨਾਲ ਜੁੜਨਾ। ਕੁਝ ਸਮਾਂ ਪਹਿਲਾਂ ਹੀ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਜਾਰੀ ਕੀਤੀ ਗਈ। ਜਿਸ ਉੱਤੇ ਗੁਰਮਤਿ ਅਨੁਸਾਰੀ ਸਰਸਰੀ ਨਜ਼ਰ ਮਾਰਦਿਆਂ ਹੀ ਬ੍ਰਾਹਮਣਵਾਦੀ ਏਜੰਡਾ ਸਪਸ਼ਟ ਨਜ਼ਰ ਆ ਜਾਂਦਾ ਹੈ। ਇਸਦੀ ਸ਼ੁਰੂਆਤ ਹੀ ‘ਮਹਾਂ ਇਸ਼ਨਾਨ’ ਤੋਂ ਕੀਤੀ ਗਈ ਹੈ। ‘ਮਹਾਂ ਇਸ਼ਨਾਨ’ ਸ਼ਬਦ ਸੁਣ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਇਹ ਕੋਈ ਸਿੱਖਾਂ ਦੀ ਸ਼ਤਾਬਦੀ ਨਾ ਹੋ ਕੇ ਕੋਈ ਕੁੰਭ ਦਾ ਮੇਲਾ ਹੋਵੇ। ਗੁਰਬਾਣੀ ਵਿੱਚ ਤਾਂ ਅਜਿਹੇ ਕਿਸੇ ਇਸ਼ਨਾਨ ਦਾ ਕੋਈ ਮਹੱਤਵ ਨਹੀਂ ਮੰਨਿਆ ਗਿਆ, ਬਲਕਿ ਥਾਂ-ਥਾਂ ਖੰਡਨ ਜ਼ਰੂਰ ਕੀਤਾ ਗਿਆ ਹੈ। ਪਰ ਹੁਣ ਸ਼ਾਇਦ ਸਿੱਖਾਂ ਦਾ ‘ਗੁਰੂ ਗ੍ਰੰਥ ਸਾਹਿਬ ਜੀ’ ਨਾਲ ਸਬੰਧ ਸਿਰਫ਼ ਮੱਥੇ ਟੇਕਣ ਜਾਂ ਰੁਮਾਲੇ, ਪਾਲਕੀਆਂ ਆਦਿ ਰਾਹੀਂ ਜ਼ਾਹਿਰੀ ਸਤਕਾਰ ਤੱਕ ਹੀ ਰਹਿ ਗਿਆ ਹੈ। ਖ਼ਾਸਕਰ ਸੰਪਰਦਾਈ ਸਿੱਖ ਤਾਂ ਗੁਰਬਾਣੀ ਗਿਆਨ ਨੂੰ ਆਪਣੇ ਨੇੜੇ ਵੀ ਢੁਕਣ ਨਹੀਂ ਦਿੰਦੇ। ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਮੂਰਤੀ ਵਜੋਂ ਪ੍ਰਚਾਰ ਰਹੇ ਹਨ। ਅਫ਼ਸੋਸ ! ਇਸ ਸ਼ਤਾਬਦੀ ਦੇ ਸਮਾਗਮਾਂ ਵਿੱਚ ਵੀ ਕੌਮ ਦਾ ਅਰਬਾਂ ਦਾ ਰੁਪਇਆ ਮਨਮਤੀ ਕਰਮਕਾਂਡਾਂ ਅਤੇ ਬ੍ਰਾਹਮਣਵਾਦ ਦੇ ਪ੍ਰਚਾਰ ’ਤੇ ਖਰਚ ਦਿੱਤਾ ਜਾਏਗਾ। ਨਾਮ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ ਦਾ ਹੋਏਗਾ, ਪਰ ਜ਼ਿਆਦਾਤਰ ਕਾਰਵਾਈਆਂ ਉਸੇ ਗੁਰੂ ਦੀਆਂ ਸਿੱਖਿਆਵਾਂ ਦੇ ਉਲਟ ਹੋਣਗੀਆਂ, ਜਿਸਨੂੰ ਇਹ ਸ਼ਤਾਬਦੀ ਸਮਰਪਿਤ ਹੈ।

ਇਸੇ ਕੜੀ ਵਿੱਚ ਹਜ਼ੂਰ ਸਾਹਿਬ ਤੋਂ ਇਕ ਅਖੌਤੀ ‘ਜਾਗ੍ਰਿਤੀ ਯਾਤਰਾ’ ਵੀ ਕੱਢੀ ਜਾ ਰਹੀ ਹੈ। ਗੁਰਮਤਿ ਪੱਖੋਂ ਜਾਗ੍ਰਿਤ ਹੋਣ ਦੀ ਲੋੜ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਪੁਜਾਰੀਆਂ ਨੂੰ ਹੀ ਹੈ। ਇਹ ਆਪ ਤਾਂ ਗੁਰਮਤਿ ਪੱਖੋਂ ਭਟਕੇ ਪਏ ਹਨ ਪਰ ਸਾਰੇ ਭਾਰਤ ਦੇ ਸਿੱਖਾਂ ਨੂੰ ਜਾਗ੍ਰਿਤ ਕਰਨ ਦਾ ਢਕਵੰਜ ਕਰ ਰਹੇ ਹਨ। ‘‘ਅਵਰ ਉਪਦੇਸੈ ਆਪਿ ਨ ਕਰੈ।’’ (ਪੰਨਾ 269) ਵਾਲਾ ਗੁਰਬਾਣੀ ਦਾ ਸਿਧਾਂਤ ਇਨ੍ਹਾਂ ਨੇ ਯਕੀਨਨ ਪੜ੍ਹਿਆ ਹੋਇਆ ਤੇ ਰਟਿਆ ਹੋਇਆ ਹੈ, ਪਰ ਅਮਲ ਵਿੱਚ ਨਹੀਂ ਲਿਆਂਦਾ। ਇਸੇਲਈ ਜਾਗ੍ਰਿਤੀ ਯਾਤਰਾ ਦੇ ਨਾਮ ’ਤੇ ਪੈਸੇ ਇਕੱਤਰ ਕਰਨ ਅਤੇ ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਦੇ ਪਰਪੰਚ ਵਿੱਚ ਰੁੱਝੇ ਹੋਏ ਹਨ।

ਇਸੇ ਸੰਦਰਭ ਵਿੱਚ ਹਜ਼ੂਰ ਸਾਹਿਬ ਤੋਂ ਜਾਰੀ ਹੁੰਦੇ ਮਾਸਿਕ ਰਸਾਲੇ ‘ਸੱਚਖੰਡ ਪੱਤਰ’ ਦੇ ਦੋ ਸੰਪਾਦਕੀ ਵੀ ਵਿਚਾਰਨ ਯੋਗ ਹਨ। ਇਕ ਸੰਪਾਦਕੀ ਹੈ ‘ਸਿਰੁ ਕੰਪਿਉ ਪਗ ਡਗਮਗੇ’ (ਦਸੰਬਰ 2007) ਅਤੇ ਦੂਜਾ ‘300 ਸਾਲ ਗੁਰੂ ਦੇ ਨਾਲ...’’ (ਫਰਵਰੀ 2008)। ਪਹਿਲੇ ਸੰਪਾਦਕੀ ਵਿੱਚ ਵਿਦਵਾਨ ਸੰਪਾਦਕ ਜੀ ਨੇ ਅਸਿੱਧੇ ਤਰੀਕੇ ਨਾਲ, ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦਾ ਸ਼ਿਕਵਾ ਹੈ ਕਿ ਦਸਮ ਗ੍ਰੰਥ ਖਿਲਾਫ਼ ਕਥਿਤ ਮੋਰਚਾ ਕਿਉਂ ਖੋਲ੍ਹਿਆ ਜਾ ਰਿਹਾ ਹੈ। ਵਿਦਵਾਨ ਸੰਪਾਦਕ ਜੀ, ਕੀ ਅਸੀਂ ਇਸ ਅਖੌਤੀ ਗ੍ਰੰਥ ਰਾਹੀਂ ਮਨਮਤੀਆਂ ਵੱਲੋਂ ‘ਗੁਰੂ’ ਦੀ ਕੀਤੀ ਜਾ ਰਹੀ ਬੇਅਦਬੀ (ਬਰਾਬਰ ਪ੍ਰਕਾਸ਼, ਹੁਕਮਨਾਮਾ, ਅਖੰਡ ਪਾਠ ਆਦਿ) ਨੂੰ ਬਿਨਾਂ ਕਿੰਤੂ ਕੀਤੇ, ਸਹਿਣ ਕਰਦੇ ਰਹੀਏ? ਸਾਡੀ ਜ਼ਮੀਰ ਹਾਲਾਂ ਤੱਕ ਏਨੀ ਮਰੀ ਨਹੀਂ। ਹੋ ਸਕਦਾ ਹੈ ਕਿ ਤੁਹਾਡੀ ਜ਼ਮੀਰ ਉੱਪਰ ਉੱਥੋਂ ਮਿਲਦੀ ਤਨਖ਼ਾਹ ਆਦਿ ਦਾ ਬੋਝ ਹੋਵੇ। ਜੇਕਰ ਤੁਸੀਂ ਖ਼ੁਦ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦਾ ਵਿਰੋਧ ਨਹੀਂ ਕਰ ਸਕਦੇ, ਤਾਂ ਘੱਟੋ-ਘੱਟ ਗੁਰੂ ਦੇ ਸਨਮਾਨ ਲਈ ਸੰਘਰਸ਼ਸ਼ੀਲ ਸਿੱਖਾਂ ਦੇ ਵਿਰੋਧੀ ਤਾਂ ਨਾ ਬਣੋ। ਇਸੇ ਸੰਪਾਦਕੀ ਵਿੱਚ ਵਿਦਵਾਨ ਸੰਪਾਦਕ ਜੀ ਖ਼ੁਦ ਹੀ ਲਿਖਦੇ ਹਨ, ‘‘ਥਾਂ-ਥਾਂ ’ਤੇ ਮਹੰਤਾਂ ਵੱਲੋਂ ਮਰਿਯਾਦਾ ਦੇ ਨਾਮ ’ਤੇ ਕੀਤੇ ਜਾਂਦੇ ਪ੍ਰਪੰਚ ਇਕ ਮੰਚ ਉੱਤੇ ਰੱਖ ਕੇ ਵਿਚਾਰੇ ਗਏ ਤੇ ਇਸਦਾ ਨਿਚੋੜ ਸ਼੍ਰੋਮਣੀ ਗੁਰਦੁਆਰਾ ਜਥੇਬੰਦੀ ਵੱਲੋਂ ਇਕ ਮਰਿਯਾਦਾ ਤਿਆਰ ਕਰਕੇ ਕੱਢਿਆ ਗਿਆ।’’ ਇੱਥੇ ਵਿਦਵਾਨ ਸੰਪਾਦਕ ਜੀ ਨੇ ਮਨਮਤੀ ਮਹੰਤਾਂ ਵੱਲੋਂ ਪ੍ਰਚਲਿਤ ਬ੍ਰਾਹਮਣਵਾਦੀ ਮਰਿਯਾਦਾਵਾਂ ਦੀ ਥਾਂ, ਸ਼੍ਰੋਮਣੀ ਕਮੇਟੀ ਵੱਲੋਂ ਇਕ ਰਹਿਤ ਮਰਿਆਦਾ ਬਣਾਉਣ ਦੀ ਹਮਾਇਤ ਕੀਤੀ ਹੈ। ਪਰ ਅਗਲੇ ਹੀ ਵਾਕ ਵਿੱਚ ਪਲਟੀ ਮਾਰਦੇ ਹੋਏ ਉਹ ਲਿਖਦੇ ਹਨ, ‘‘ਕੁਝ ਕੁ ਅਸਥਾਨ ਉਸ ਵੇਲੇ ਤੋਂ ਆਪਣੀ ਅਲੱਗ ਪਹਿਚਾਣ ਅੱਜ ਵੀ ਬਣਾਏ ਹੋਏ ਹਨ।’’ ਇੱਥੇ ਸਿੱਧਾ ਇਸ਼ਾਰਾ ਹਜ਼ੂਰ ਸਾਹਿਬ, ਪਟਨਾ ਸਾਹਿਬ ਆਦਿਕ ਥਾਵਾਂ ਤੋਂ ਹੈ। ਇਸਦਾ ਅਰਥ ਵੀ ਸਪਸ਼ਟ ਹੈ ਕਿ ਇਨ੍ਹਾਂ ਗੁਰਦੁਆਰਿਆਂ ਦੇ ਪੁਜਾਰੀਆਂ ਨੇ ਮਹੰਤਾਂ ਵਾਲੀ ਮਰਿਯਾਦਾ ਨਾ ਤਿਆਗ ਕੇ, ਆਪਣੀ ਅਲੱਗ ਪਹਿਚਾਨ ਰੱਖੀ। ਹੁਣ ਜੋ ਪੰਥ ਤੋਂ ਅਲੱਗ ਰਹਿ ਕੇ, ਆਪਣੀ ਅਲੱਗ ਪਛਾਣ (ਉਹ ਵੀ ਮਨਮਤੀ ਵਿਚਾਰਧਾਰਾ ਵਾਲੀ) ਲਈ ਇਤਨੇ ਫਿਕਰਮੰਦ ਹਨ, ਉਨ੍ਹਾਂ ਨੂੰ ‘ਗੁਰੂ ਦੇ’ ਸਿੰਖ ਕਿਵੇਂ ਕਹਿ ਸਕਦੇ ਹਾਂ? ਨਿਰੰਕਾਰੀ, ਰਾਧਾ ਸੁਆਮੀ, ਨਾਮਧਾਰੀ ਆਦਿ ਵੀ ਤਾਂ ਆਪਣੀ ਅਲੱਗ ਪਛਾਣ ਹੀ ਜਤਾਉਂਦੇ ਹਨ (ਆਪਣੇ ਸਵਾਰਥ ਵਾਸਤੇ ਉਹ ਵੀ ਗੁਰਬਾਣੀ ਦੀ ਵਰਤੋਂ ਕਰਦੇ ਰਹਿੰਦੇ ਹਨ)। ਗੁਰਮਤਿ ਸਿਧਾਂਤਾਂ ਤੋਂ ਉਲਟ ਅਤੇ ਪੰਥ ਤੋਂ ਅਲੱਗ ਪਛਾਣ ਰੱਖਣ ਦੇ ਇੱਛੁਕ ਇਨ੍ਹਾਂ ਸੰਪਰਦਾਵਾਂ/ਪੁਜਾਰੀਆਂ ਨੂੰ ਕੀ ਕਿਹਾ ਜਾਏ? ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਿੱਖ ਤਾਂ ਇਨ੍ਹਾਂ ਨੂੰ ਸਿਰਫ਼ ਸ਼ਬਦ-ਗੁਰੂ ਨਾਲ ਜੁੜਨ ਵਾਸਤੇ ਹੀ ਬੇਨਤੀ ਕਰ ਰਹੇ ਹਨ। ਪਰ ਇਹ ਲੋਕ ਆਪਣੇ ਰਸਾਲਿਆਂ ਰਾਹੀਂ ਗੁਰੂ ਕੇ ਸਿੱਖਾਂ ਨੂੰ ਹੀ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਕਤ ਰਸਾਲੇ ਦਾ ਦੂਜਾ ਸੰਪਾਦਕੀ ਹੈ, ‘‘300 ਸਾਲ, ਗੁਰੂ ਦੇ ਨਾਲ...।’’ ਇਸ ਵਿੱਚ ਮਾਨਯੋਗ ਸੰਪਾਦਕ ਨੇ ਮਹਾਤਮਾ ਬੁੱਧ ਨੂੰ ‘ਭਗਵਾਨ’ ਸੰਬੋਧਿਤ ਕਰਕੇ ਲਿਖਿਆ ਹੈ। ਕੀ ਸਿੱਖ ਵਾਸਤੇ ਮਹਾਤਮਾ ਬੁੱਧ ਜਾਂ ਕੋਈ ਵੀ ਹੋਰ ਮਹਾਂਪੁਰਸ਼, ‘ਭਗਵਾਨ’ (ਅਕਾਲ ਪੁਰਖ) ਦਾ ਦਰਜਾ ਰਖਦੇ ਹਨ? ਇਸ ਸੰਪਾਦਕੀ ਅਖੌਤੀ ਸਾਧਾਂ-ਸੰਤਾਂ ਦੀਆਂ ਮਨਮਤਾਂ ਅਤੇ ਕਮਜ਼ੋਰੀਆਂ ਦਾ ਜ਼ਿਕਰ ਤਾਂ ਕੀਤਾ ਗਿਆ ਹੈ ਪਰ ਖ਼ੁਦ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਵਿੱਚ ਵਿਆਪਤ ਇਸੇ ਕਿਸਮ ਦੀਆਂ ਮਨਮਤਾਂ ਬਾਰੇ ਚੁੱਪੀ ਸਾਧ ਲਈ ਗਈ। ਸ਼ਾਇਦ ਸੰਪਾਦਕ ਜੀ ਦਾ ਖ਼ਿਆਲ ਹੈ ਕਿ ‘ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰ ਦੇਖੁ’ (ਪੰਨਾ 1378) ਦਾ ਉਪਦੇਸ਼ ਸਿਰਫ਼ ਰਟਨ ਵਾਸਤੇ ਹੈ, ਅਮਲ ਵਾਸਤੇ ਨਹੀਂ।

ਉਪਰੋਕਤ ਵਿਚਾਰਾਂ ਤੋਂ ਸਪਸ਼ਟ ਹੈ ਕਿ ਇਹ ਅਕਤੂਬਰ 2008 ਵਿੱਚ ਆਉਣ ਵਾਲੀ ਸ਼ਤਾਬਦੀ, ਜ਼ਾਹਿਰੀ ਤੌਰ ’ਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਲੱਗਦੀ ਹੈ ਪਰ ਇਸ ਸ਼ਤਾਬਦੀ ਨੂੰ ਸਬੰਧਿਤ ਸਮਾਗਮਾਂ ਵਿੱਚ ਜ਼ਿਆਦਾਤਰ ਕਾਰਜ ‘ਗੁਰੂ’ ਦੇ ਉਪਦੇਸ਼ਾਂ ਦੇ ਉਲਟ ਹੋਣਗੇ ਅਤੇ ਇਨ੍ਹਾਂ ਸਮਾਗਮਾਂ ਵਿੱਚ ‘ਗੁਰੂ’ ਦੀ ਬੇਅਦਬੀ ਵੀ ਕੀਤੀ ਜਾਏਗੀ (ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਅਤੇ ਪ੍ਰਚਾਰ ਰਾਹੀਂ)। ਪਰ ਫੇਰ ਵੀ ਸੰਘ ਪਾੜ-ਪਾੜ ਕੇ, ਬੇਸ਼ਰਮੀ ਨਾਲ ਸਪੀਕਰਾਂ ਰਾਹੀਂ ਇਹੀ ਸੁਣਾਇਆ ਜਾਵੇਗਾ ‘‘300 ਸਾਲ, ਗੁਰੂ ਦੇ ਨਾਲ।’’ ਸਿੱਖਾਂ ਨੂੰ ਬੇਨਤੀ ਹੈ ਕਿ ਜੇਕਰ ਉਹ ਸਿੱਖ ਕੌਮ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਹੁਣ ‘ਗੁਰਮਤਿ ਇਨਕਲਾਬ’ ਲਿਆਉਣਾ ਹੀ ਪਏਗਾ। ਜਿਹੜਾ ਵੀ ਸਿੱਖ ਪੁਜਾਰੀਆਂ ਵੱਲੋਂ ‘ਗੁਰੂ’ ਦੀ ਬੇਅਦਬੀ (ਅਖੌਤੀ ਦਸਮ ਗ੍ਰੰਥ ਅਤੇ ਮਨਮਤੀ ਕਰਮ-ਕਾਂਡਾਂ ਰਾਹੀਂ) ਦੇ ਖਿਲਾਫ਼ ਅਵਾਜ਼ ਨਹੀਂ ਚੁੱਕਦਾ, ਉਹ ਬਿਨ੍ਹਾਂ ਸ਼ੱਕ ਭੇਖੀ ਸਿੱਖ ਹੈ, ਗੁਰੂ ਦਾ ਦੋਖੀ ਹੈ। ਹੁਣ ਅਸੀਂ ਆਪ ਹੀ ਫੈਸਲਾ ਕਰਨਾ ਹੈ ਕਿ ਅਸੀਂ ‘ਗੁਰੂ’ ਦੇ ਸੱਚੇ ਸਿੱਖ ਬਨਣਾ ਹੈ ਜਾਂ ‘ਗੁਰੂ ਦੋਖੀ’?

(ਧੰਨਵਾਦ ਸਹਿਤ ‘ਇੰਡੀਆ ਅਵੇਅਰਨੈੱਸ’ ਦੇ ਅਪਰੈਲ 2008 ਦੇ ਅੰਕ ਵਿਚੋਂ)
.