.

ਵਿਸਾਖੀ 1469 ਤੋਂ ਅਕਤੂਬਰ 1708

ਵਿਸਾਖੀ 1699 ਸਮੇਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸਿੱਖ ਇਤਿਹਾਸ ਦੇ ਤਿੰਨ ਮਹਤਵ ਪੂਰਨ ਦਿਹਾੜੇ ਹਨ ਵਿਸਾਖੀ 1469, ਵਿਸਾਖੀ 1699 ਤੇ ਅਕਤੂਬਰ 1708-ਇਹ ਦਿਹਾੜੇ ਹਨ ਜਿਨ੍ਹਾਂ ਉਪਰ ਸਿੱਖ ਧਰਮ ਦੀ ਸੰਪੂਰਣ ਬੁਨਿਆਦ ਖੜੀ ਹੈ। ਇਨ੍ਹਾਂ ਵਿਚੋਂ ਵਿਸਾਖੀ 1469 ਦਾ ਤਾਂ ਉਹ ਮਹਾਨ ਦਿਹਾੜਾ ਹੈ ਜਦੋਂ ਇਸ ਧਰਤੀ `ਤੇ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ। ਦੂਜੇ ਲਫ਼ਜ਼ਾਂ `ਚ ਇਹ ਦਿਹਾੜਾ ਸੰਸਾਰ `ਚ ਸਿੱਖ ਧਰਮ ਦੇ ਪ੍ਰਗਟ ਹੋਣ ਦਾ ਦਿਹਾੜਾ ਵੀ ਕਿਹਾ ਜਾਵੇਗਾ, ਦੂਜਾ ਨਹੀਂ। ਕਿਉਕਿ ਗੁਰੂ ਨਾਨਕ ਪਾਤਸ਼ਾਹ ਜਮਾਂਦਰੂ ਗੁਰੂ ਤੇ ਅਕਾਲਪੁਰਖ ਦੇ ਵਿਸ਼ੇਸ਼ ਰੱਬੀ ਗੁਣ ‘ਜੀਵਨ ਜਾਚ ਵਾਲਾ ਇਕੋ ਇੱਕ ਇਲਾਹੀ ਗਿਆਨ’ ਜਿਸਨੂੰ ਗੁਰਦੇਵ ਨੇ ਗੁਰਬਾਣੀ ਰਾਹੀਂ ‘ਗੁਰੂ’ ਕਹਿ ਕੇ ਪ੍ਰਗਟ ਕੀਤਾ ਹੈ-ਆਪ ਪ੍ਰਭੂ ਦੇ ਉਸੇ ‘ਗੁਰੂ’ ਗੁਣ ਦਾ ਹੀ ਅਵਤਾਰ, ਪ੍ਰਕਾਸ਼ ਤੇ ਪ੍ਰਗਟਾਵਾ ਸਨ।

ਵਿਸਾਖੀ, 30 ਮਾਰਚ ਸੰਨ 1699-ਸਿੱਖ ਇਤਿਹਾਸ ਦਾ ਦੂਜਾ ਮਹੱਤਵ ਪੂਰਨ ਦਿਹਾੜਾ ਹੈ ਵਿਸਾਖੀ ਸੰਨ 1699 ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਹੀ ਬੇਅੰਤ ਘਾਲਣਾ ਤੋਂ ਬਾਅਦ ਆਪਣੇ ਹੀ ਦਸਵੇਂ ਜਾਮੇ `ਚ, ਵਿਚਲੇ 230 ਸਾਲਾਂ ਦੌਰਾਨ ਤਿਆਰ ਕੀਤੇ ‘ਪੰਥ’ ਨੂੰ ਪਾਹੁਲਧਾਰੀ ਪੰਜ ਪਿਆਰਿਆਂ ਦੇ ਰੂਪ `ਚ ਗੁਰਬਾਣੀ ਜੁਗਤ ਵਰਤਾਉਣ ਵਾਲੀ ਜ਼ਿਮੇਂਵਾਰੀ ਸੌਂਪੀ। ਅਸਲ `ਚ ਇਹੀ ਸੀ ਕਲਗੀਧਰ ਜੀ ਰਾਹੀਂ ‘ਪੰਥ’ ਜਾਂ ਖਾਲਸੇ ਦੀ ਸਾਜਨਾ’।

6 ਅਕਤੂਬਰ ਸੰਨ 1708- ਉਪ੍ਰੰਤ ਆਉਂਦੀ ਹੈ 6 ਅਕਤੂਬਰ ਸੰਨ 1708 ਜਦੋਂ ਕਲਗੀਧਰ ਜੀ ਨੇ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਗੇ ਮੱਥਾ ਟੇਕ ਕੇ ਐਲਾਨ ਕੀਤਾ ਕਿ ਅੱਜ ਤੋਂ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਗੁਰਬਾਣੀ ਦੇ ਪੂਰਨ ਸਰੂਪ ਅਤੇ ਪੰਥ ਦੇ ਗੁਰੂ ਹਨ। ਇਸ ਤੋਂ ਇਲਾਵਾ ਪੰਜ ਪਿਆਰਿਆ ਨੇ ਹਮੇਸ਼ਾਂ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਾਬਿਆ ਰਹਿ ਕੇ “ਪੂਜਾ ਅਕਾਲਪਰਖ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ” ਵਾਲੇ ਅਨੁਸ਼ਾਸਨ `ਚ ਪੰਥ ਦੀ ਸਰੀਰਕ ਰਹਿਨੁਮਾਈ ਕਰਨੀ ਹੈ ਤੇ ਇਨ੍ਹਾਂ ਪੰਜਾਂ ਨੇ ਇਸ ਪੰਥਕ ਅਨੁਸ਼ਾਸਨ `ਚੋਂ ਬਿਲਕੁਲ ਬਾਹਰ ਨਹੀਂ ਵਿਚਰਨਾ। ਪੰਥ ਨੂੰ ਜੇ ਕੋਈ ਸੇਧ ਦੀ ਲੋੜ ਪਵੇ ਤਾਂ ਇਸੇ ਅਨੁਸ਼ਾਸਨ `ਚ ਰਹਿ ਕੇ ਹੀ ਦੇਣੀ ਹੈ।

ਇਸ ਵਿਸ਼ੇ ਦੀ ਲੋੜ ਕਿਉਂ? -ਸੰਸਾਰ ਪਧਰ `ਤੇ ਮੰਨਿਆ-ਪ੍ਰਮੰਨਿਆ ਸੱਚ ਹੈ, ਜਿਸ ਕੌਮ ਨੂੰ ਖਤਮ ਕਰਨਾ ਹੈ ਉਸ ਦੇ ਇਤਿਹਾਸ, ਰਹਿਣੀ, ਸਾਹਿਤ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਖ਼ਤਮ ਜਾਵੇਗੀ। ਸਿੱਖ ਨਾਲ ਤਾਂ ਹੋਰ ਵੀ ਅਨਰਥ ਹੋਇਆ ਹੈ ਜਿਸਨੂੰ ਪਛਾਨਣ ਦੀ ਲੋੜ ਹੈ। ਇਥੇ ਵਿਸਾਖੀ 1469 ਤੋਂ ਵਿਸਾਖੀ 1699 ਤੀਕ 230 ਸਾਲਾਂ ਦਾ ਇਤਿਹਾਸ ਮਿਟਾ ਕੇ, ਸਾਰੀ ਗੱਲ ਸ਼ੁਰੂ ਹੀ ਕੀਤੀ ਜਾ ਰਹੀ ਹੈ ਵਿਸਾਖੀ 1699 ਤੋਂ। ਪ੍ਰਚਾਰਿਆ ਜਾ ਰਿਹਾ ਹੈ ਜਿਵੇਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਵਿਸਾਖੀ 1699 ਤੀਕ ਹੋਇਆ ਹੀ ਕੁੱਝ ਨਾ ਹੋਵੇ। ਦਸਿਆ ਜਾ ਰਿਹਾ ਹੈ- ਸਿੱਖ ਕੇਸਾਧਾਰੀ ਹੋਏ ਤਾਂ ਵਿਸਾਖੀ 1699 ਤੋਂ, ਕਕਾਰ ਧਾਰੀ ਹੋਏ ਤਾਂ ਵਿਸਾਖੀ 1699 ਤੋਂ, ਨਿੱਤਨੇਮੀ ਹੋਏ ਤਾਂ ਵਿਸਾਖੀ 1699 ਤੋਂ, ਪਾਹੁਲ ਲੈਣ ਵਾਲੀ (ਅਮ੍ਰਿਤ ਛਕਣ) ਮਰਿਆਦਾ ਚਲੀ ਤਾਂ ਵਿਸਾਖੀ 1699 ਤੋਂ। ਕਹਿਣ ਤੋਂ ਭਾਵ, ਅਸੀਂ ਆਪ ਮੰਨੀ ਬੈਠੇ ਹਾਂ ਕਿ ਜੋ ਕੁੱਝ ਵੀ ਹੋਇਆ, ਉਹ ਸਭ ਵਿਸਾਖੀ 1699 ਤੋਂ ਹੋਇਆ ਅਤੇ ਇਸ ਤੋਂ ਪਹਿਲਾਂ ਇਹ ਸਭ ਹੈ ਹੀ ਨਹੀਂ ਸੀ।

ਇਸੇ ਲੜੀ `ਚ ਜੇ ਕਰ ਥੋੜਾ ਹੋਰ ਘੋਖਣ ਦਾ ਜੱਤਨ ਕਰੀਏ ਤਾਂ ਰੋਂਗਟੇ ਖੜੇ ਹੋ ਜਾਣ ਗੇ। ਅੱਜ ਸਿੱਖ ਧਰਮ ਬਾਰੇ ਜਿਨ੍ਹਾਂ ਵੀ ਸਾਹਿਤ (Litrature) ਮਿਲ ਰਿਹਾ ਹੈ ਸਭ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਸੰਨ 1708 ਤੋਂ ਬਾਅਦ ਦਾ ਲਿਖਿਆ ਹੀ ਮਿਲ ਰਿਹਾ ਹੈ। ਉਹ ਇਸ ਤਰ੍ਹਾਂ, ਜਿਵੇਂ ਇਸ ਤੋਂ ਪਹਿਲਾਂ ਸੰਨ 1469 ਤੋਂ 1708 ਤੀਕ ਸਿੱਖਾਂ ਦਾ ਇਤਿਹਾਸ ਕਿਸੇ ਲਿਖਿਆ ਹੀ ਨਹੀਂ-ਨਾ ਆਪ ਸਿੱਖਾਂ ਨੇ ਤੇ ਨਾ ਹੀ ਦੂਜਿਆਂ ਨੇ। ਇਹ ਠੀਕ ਹੈ ਕਿ ਭਾਰਤ `ਚ ਇਤਿਹਾਸ ਲਿਖਣ ਦਾ ਰਿਵਾਜ ਹੀ ਅੰਗਰੇਜ਼ਾਂ ਨੇ ਆ ਕੇ ਪਾਇਆ। ਫ਼ਿਰ ਵੀ ਘਟਨਾਵਾਂ ਵੀ ਲਿਖੀਆਂ ਹੀ ਜਾਂਦੀਆਂ ਸਨ, ਸਿੱਖ ਇਤਿਹਾਸ ਬਾਰੇ ਉਹ ਗੱਲ ਵੀ ਨਹੀਂ। ਜਦਕਿ ਗੁਰੂ ਨਾਨਕ ਸਾਹਿਬ ਦੇ ਪ੍ਰਚਾਰਕ ਦੌਰੇ, ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ, ਨੌਵੇਂ ਪਾਤਸ਼ਾਹ ਦੀ ਦਿੱਲੀ ਦੇ ਚਾਂਦਨੀ ਚੌਕ `ਚ ਸ਼ਹਾਦਤ, ਦਸਮੇਸ਼ ਜੀ ਦੀ ਜੀਵਨ ਗਾਥਾ ਤੇ ਹੋਰ ਸਭ। ਸਚਾਈ ਇਹ ਹੈ ਕਿ ਸਿੱਖ ਧਰਮ ਬਾਰੇ ਜੋ ਵੀ ਲਿਖਤਾਂ ਮਿਲਦੀਆਂ ਹਨ, ਸਾਰੀਆਂ ਸੰਨ 1708, ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਲਿਖੀਆਂ ਮਿਲਦੀਆਂ ਹਨ, ਪਹਿਲਾਂ ਦੀਆਂ ਨਹੀਂ।

ਵਿਰੋਧੀਆਂ ਨੇ ਬੜੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ ਦਾ ਮਲੀਆ ਮੇਟ ਕੀਤਾ, ਉਪ੍ਰੰਤ ਉਸ ਨੂੰ ਨਵੇਂ ਸਿਰਿਓਂ ਬੜੇ ਵਿਉਂਤਬੰਦ ਤਰੀਕੇ ਨਾਲ ਪੇਸ਼ ਕੀਤਾ ਜਿਸ `ਚੋਂ ਸਿੱਖੀ ਤੇ ਗੁਰਬਾਣੀ ਜੀਵਨ ਹੀ ਗ਼ਾਇਬ ਹੈ। ਜਦੋਂ ਘੋਖਿਆ ਜਾਂਦਾ ਹੈ ਤਾਂ ਇਸ ਲਈ ਵੱਡਾ ਸਬੂਤ ਮਿਲਦਾ ਹੈ-ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਿਨ੍ਹਾਂ `ਚ ਕੁਛ ਇਤਿਹਾਸਕ ਪੱਖ ਵੀ ਦਿੱਤੇ ਹਨ, ਉਥੇ ਉਨ੍ਹਾਂ ਦੇ ਹੀ ਸਮੇਂ `ਤੇ ਹੋਈ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਤੀਕ ਨਹੀਂ ਮਿਲਦਾ। ਹੋਰ ਤਾਂ ਹੋਰ, ਉਨ੍ਹਾਂ ਦੀਆਂ ਹੀ ਲਿਖੀਆਂ ਵਾਰਾਂ `ਚ ਉਹ ਵਾਰ ਵੀ ਮੌਜੂਦ ਹੈ ਜਿੱਥੇ ‘ਵਾਹਿਗੁਰੂ’ ਲਫ਼ਜ਼ ਦੇ ਅਜੀਬੋ -ਗ਼ਰੀਬ ਅਰਥ ਕੀਤੇ ਹਨ। ਉਹ ਅਰਥ, ਜਿਹੜੇ ਗੁਰਬਾਣੀ ਨਾਲ ਉੱਕਾ ਮੇਲ ਨਹੀਂ ਖਾਂਦੇ। ਮਿਸਾਲ ਵਜੋਂ ਇਥੇ ਵਾਹਿਗੁਰੂ `ਚ ‘ਰ’ ਦਸ਼ਰਥ ਪੁਤ੍ਰ ਰਾਮ ਲਈ ਤੇ ‘ਹ’ ਜਸੋਦਾ ਪੁਤ੍ਰ ਕ੍ਰਿਸ਼ਨ ਲਈ ‘ਹਰੀਕਿਸ਼ਨ’। ਜਦਕਿ ਕ੍ਰਿਸ਼ਨ ਜੀ ਲਈ ‘ਹਰੀਕਿਸ਼ਨ’ ਉਨ੍ਹਾਂ ਦੀਆਂ ਰਚਨਾਵਾਂ `ਚ ਵੀ ਕਿੱਧਰੇ ਨਹੀਂ ਜਿਹੜੇ ਯਸ਼ੋਦਾ ਪੁਤ੍ਰ ਕ੍ਰਿਸ਼ਨ ਨੂੰ ਭਗਵਾਨ ਕਰਕੇ ਮੰਨਦੇ ਹਨ। ਸਪਸ਼ਟ ਹੈ, ਭਾਈ ਸਾਹਿਬ ਦੀਆਂ ਵਾਰਾਂ ਨਾਲ ਵੀ ਛੇੜਖਾਨੀ ਕੀਤੀ ਹੋਈ ਪ੍ਰਤਖ ਹੈ ਤੇ ਹੋਰ ਵੀ ਬਹੁਤ ਕੁਝ।

ਹੋਰ ਦੇਖੋ ਸਾਡੀ ‘ਸਿਆਣਪ’ ਜਾਂ ਲਾਪਰਵਾਹੀ ਦੀ ਹੱਦ-ਸਚਾਈ ਨੂੰ ਬਿਨਾ ਘੋਖੇ ਅਸੀਂ ਵੀ ਕਿੱਥੋ ਤੀਕ ਚਲੇ ਗਏ। ਇਸੇ ਰਲ-ਗੱਡ ਦਾ ਨਤੀਜਾ, ਅਸਾਂ ਵੱਡੇ ਪੈਮਾਨੇ `ਤੇ ਸੰਸਾਰ ਪੱਧਰ `ਤੇ ਸ਼ਤਾਬਦੀਆਂ ਮਨਾ ਕੇ ਆਪ ਪ੍ਰਚਾਇਆ, ਕਿ ਸਿੱਖ ਧਰਮ ਦਾ ਇਹ ਤਿੰਨ ਸੌ ਸਾਲਾ ‘ਜਨਮ ਦਿਨ’ ਹੈ। ਇਸ ਦੇ ਲਈ ਅਸਾਂ ਭਾਰਤ ਤੇ ਅਮਰੀਕਾ ਵਰਗੀਆਂ ਸਰਕਾਰਾਂ ਕੋਲੋਂ ਡਾਕ ਟਿਕਟ ਵੀ ਚਾਲੂ ਕਰਵਾ ਕੇ ਮਾਨੋ ਪ੍ਰਮਾਣ ਪਤ੍ਰ ਵੀ ਸੰਸਾਰ ਸਾਹਮਣੇ ਰਖ ਦਿੱਤੇ। ਇਸ ਤਰ੍ਹਾਂ ਸਾਬਤ ਕਰ ਦਿੱਤਾ ਕਿ ਸਚਮੁਚ ਵਿਸਾਖੀ 1699 ਨੂੰ ਸਿੱਖ ਦਾ ਜਨਮ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਸਾਡਾ ਕੋਈ ਵਜੂਦ ਹੈ ਹੀ ਨਹੀਂ ਸੀ। ਜਦਕਿ ਗਹਿਰਾਈ `ਚ ਜਾਵੋ ਤਾਂ ਪਤਾ ਲਗਦਾ ਹੈ ਕਿ ਸਿੱਖ ਧਰਮ ਤਾਂ ਹੈ ਹੀ ਆਦਿ ਜੁਗਾਦੀ ਧਰਮ ਜਿਸਨੂੰ ਪਹਿਲੇ ਪਾਤਸ਼ਾਹ ਨੇ ਪ੍ਰਗਟ ਕੀਤਾ ਵਿਸਾਖੀ 1469 ਨੂੰ, ਵੇਖੋ ਗੁਰਮਤਿ ਪਾਠ ਨੰ: 39 । ਇਸੇ ਗ਼ਲਤ ਪ੍ਰਚਾਰ ਦਾ ਸਿੱਟਾ, ਅੱਜ ਸਿੱਖ ਆਪਣੀ ਜਨਮ-ਭੁਮੀ ਪੰਜਾਬ `ਚ ਹੀ ਆਪਣੀ ਹੋਂਦ ਗੁਆ ਰਿਹਾ ਹੈ ਤੇ ਲਗਭਗ 98% ਸਿੱਖ ਬੱਚੇ-ਬੱਚੀਆਂ ਸਰੂਪ ਨੂੰ ਵੀ ਤਿਲਾਂਜਲੀ ਦੇ ਚੁੱਕੇ ਹਨ। ਪੰਜਾਬ, ਜਿਸ ਨੇ ਸੰਸਾਰ ਲਈ ਇੱਕ ਨਮੂਨਾ ਬਣ ਕੇ ਉਭਰਣਾ ਸੀ, ਉਥੇ ਅੱਜ ਸ਼ਰਾਬ ਤੇ ਕੁੱਝ ਸਥਾਨਾਂ `ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸ਼ਰਾਬ ਦੇ ਪ੍ਰਸ਼ਾਦ ਵੀ, ਹਰ ਤਰ੍ਹਾਂ ਦੇ ਨਸ਼ੇ, ਬੱਚੀਆਂ ਦੇ ਜਨਮ ਤੋਂ ਪਹਿਲਾਂ ਹੀ ਭਰੂਣ ਹਤਿਆ ਤੇ ਲਿੰਗ ਭੇਦ, ਡੇਰੇ-ਗੁਰੂ ਡੰਮ, ਮੜ੍ਹੀ-ਕਬਰ ਪੂਜਾ, ਅਸ਼ਲੀਲ ਗੀਤ ਤੇ ਅਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਫ਼ਹਿਸ਼ ਗੀਤਕਾਰਾਂ ਅਤੇ ਪਤਿਤਪੁਣੇ ਦਾ ਹੜ ਆਇਆ ਪਿਆ ਹੈ।

ਵਿਸਾਖੀ ਸੰਨ 1469- ਵਿਸਾਖੀ ਸੰਨ 1469, ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਦਿਹਾੜਾ ਹੈ (ਨਾ ਕਿ ਕੱਤਕ ਦੀ ਪੂਰਨਮਾਸ਼ੀ)। ਗੁਰੂ ਨਾਨਕ ਪਾਤਸ਼ਾਹ ਜਮਾਂਦਰੂ ਗੁਰੂ ਸਨ। ਆਪ ਨੇ ਪ੍ਰਭੂ ਵਲੋਂ ਨਿਯਤ ਇਕੋ ਇੱਕ ਇਲਾਹੀ, ਰੱਬੀ, ਸਦੀਵੀ ਤੇ ਸੱਚੇ ਮਨੁੱਖੀ ਧਰਮ ਨੂੰ, ਗੁਰਬਾਣੀ ਦੇ ਰੂਪ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ। ਸਪਸ਼ਟ ਕੀਤਾ ਕਿ ਸਾਰੇ ਸੰਸਾਰ ਦਾ ਕਰਤਾ, ਇਕੋ ਅਕਾਲਪੁਰਖ ਹੈ, ਕੋਈ ਦੂਜਾ ਨਹੀਂ। ਉਹ ਪ੍ਰਭੂ ਹੀ ਸਾਡਾ ਮਾਤਾ-ਪਿਤਾ, ਭਾਈ, ਮਿਤ੍ਰ ਸਭਕੁਝ ਹੈ। ਸਾਰੇ ਮਨੁਖਾਂ ਦਾ ਰੱਬੀ ਭਾਈਚਾਰਰਾ ਵੀ ਇਕੋ ਹੀ ਹੈ। ਜਨਮ ਕਰਕੇ ਕੋਈ ਬ੍ਰਾਹਮਣ ਹੈ ਨਾ ਸ਼ੂਦਰ, ਨਾ ਉਚੀ ਜਾਤ ਦਾ ਹੈ ਤੇ ਨਾ ਹੀ ਨੀਵੀਂ। ਇਹ ਵੀ ਸਾਫ਼ ਕੀਤਾ ਕਿ ਸਾਰੇ ਸੰਸਾਰ ਦਾ ‘ਗੁਰੂ’ ਵੀ ਇਕੋ ਹੀ ਹੈ ਅਤੇ ਉਹ ਹੈ ਜੀਵਨ-ਜਾਚ ਦਾ ਗਿਆਨ। ਗੁਰੂ ਕਿਸੇ ਸਰੀਰ ਦਾ ਨਾਂ ਨਹੀਂ। ਇਸੇ ਤਰ੍ਹਾਂ ਕਰਤਾਰ ਨੇ ਮਨੁੱਖ ਮਾਤ੍ਰ ਲਈ ਇਕੋ ਹੀ ਧਰਮ ਨਿਯਤ ਕੀਤਾ ਹੈ, ਮਨੁੱਖ -ਮਨੁੱਖ ਦੇ ਵਖੋ-ਵੱਖਰੇ ਹਜ਼ਾਰਾਂ ਧਰਮ ਅਗਿਆਨਤਾ ਦੀ ਉਪਜ ਹਨ।

ਅਜੇਹੇ ਸੱਚ ਧਰਮ ਦੇ ਪ੍ਰਚਾਰ ਲਈ ਜਦਕਿ ਉਸ ਸਮੇਂ ਆਵਾਜਾਈ ਦੇ ਕੋਈ ਸਾਧਨ ਜਾਂ ਡਾਕ-ਤਾਰ ਦੇ ਅਜੋਕੇ ਪ੍ਰਬੰਧ ਵੀ ਨਹੀਂ ਸਨ, ਸੜਕਾਂ ਦੀ ਕੋਈ ਹੋਂਦ ਨਹੀਂ ਸੀ। ਆਪ ਨੇ ਸੰਪੂਰਣ ਭਾਰਤ, ਇਸ ਤੋਂ ਇਲਾਵਾ ਸੁਮੇਰ ਪਰਬਤ ਸਮੇਤ ਲੰਕਾ, ਚੀਨ, ਬਰਮਾ, ਰੂਸ, ਬਗ਼ਦਾਦ, ਇਰਾਨ ਆਦਿ ਪੁੱਜ ਕੇ ਸੰਸਾਰ `ਚ ਸੱਚੇ ਇਲਾਹੀ-ਰੱਬੀ ਧਰਮ ਦਾ ਪ੍ਰਸਾਰ-ਪ੍ਰਚਾਰ ਕੀਤਾ। ਇਸਤ੍ਰੀ-ਪੁਰਖ ਵਿਤਕਰੇ ਨੂੰ ਵੰਗਾਰਿਆ। ਦੇਵੀ-ਦੇਵਤਿਆਂ-ਫ਼ਰਜ਼ੀ ਭਗਵਾਨਾਂ ਵਾਲੀ ਪੂਜਾ ਤੇ ਉਸ ਤੋਂ ਪੈਦਾ ਹੋਣ ਵਾਲੇ ਅਨੇਕਾਂ ਸਗਨ-ਅਪਸਗਨ, ਚਾਲੀਹੇ-ਸੁਖਣਾ, ਥਿਤਾਂ-ਵਾਰਾਂ ਦੇ ਭਰਮ, ਵਹਿਮ-ਸਹਿਮ, ਤਪ-ਦਾਨ-ਪੁਨ-ਵਰਤ, ਤੀਰਥ ਇਸ਼ਨਾਨ-ਟੇਵੇ-ਮਹੂਰਤ, ਜਨਮਪਤ੍ਰੀਆਂ-ਰਾਸ਼ੀਫਲ ਵਰਗੇ ਕਰਮਕਾਂਡਾ ਨਸ਼ਿਆਂ ਆਦਿ ਅਨੇਕਾਂ ਤੇ ਦਾ ਡੱਟ ਕੇ ਵਿਰੋਧ ਕੀਤਾ। ਹਜ਼ਾਰਾਂ ਸਾਲਾਂ ਤੋਂ ਧਰਮ ਦੇ ਨਾਮ ਹੇਠ ਕੀਤੇ ਜਾ ਰਹੇ ਪਾਖੰਡ, ਲੋਕਾਈ ਦੀ ਹੋ ਰਹੀ ਲੁੱਟ-ਖੋਹ-ਸ਼ੋਸ਼ਣ ਤੋਂ ਲੋਕਾਈ ਨੂੰ ਸੁਚੇਤ ਕੀਤਾ। ਧਾਰਮਕ ਆਗੂਆਂ ਰਾਹੀਂ ਇਸ ‘ਉੱਤਮ’ ਕੰਮ ਲਈ ਵਰਤੇ ਜਾ ਰਹੇ ਧਾਰਮਿਕ ਭੇਖਾਂ ਦੀ ਸੂਰਮਤਾਈ ਨਾਲ ਕਲਈ ਖੋਲੀ। ਗੁਰਬਾਣੀ ਸੇਧ `ਚ ਮਨੁੱਖ ਨੂੰ ਉਸਦੇ ਇਲਾਹੀ ‘ਕੇਸਾਧਾਰੀ ਸਰੂਪ’ ਤੇ ‘ਸੁਭਾਅ’ `ਚ ਸੰਸਾਰ ਸਾਹਮਣੇ ਪ੍ਰਗਟ ਕੀਤਾ ਤੇ ਉਸ ਨੂੰ ਨਾਮ ਦਿੱਤਾ ‘ਸਿੱਖ’। ਜਿਸਦੇ ਅਰਥ ਹਣ ਸਦੀਵੀ ਗੁਰੂ ਦੀ ਸਿਖਿਆ `ਤੇ ਜੀਵਨ ਨੂੰ ਚਲਾਉਣ ਵਾਲਾ ਮਨੁੱਖ।

ਇਸ ਦੇ ਨਾਲ ਹੀ ਕੇਸਾਂ ਦੀ ਸੰਭਾਲ-ਸਫ਼ਾਈ ਲਈ ਨਿੱਤ ਕੰਘੇ (ਲਕੜੀ ਦਾ) ਵਾਲਾ ਨਿਯਮ ਬਖਸ਼ਿਆ। ਆਪ ਨੇ ਸਨਾਤਨੀ ਪ੍ਰਵਾਰ `ਚ ਜਨਮ ਲੈਣ ਦੇ ਬਾਵਜੂਦ, ਮਨੁੱਖ ਨੂੰ ਬ੍ਰਾਹਮਣੀ ਕਰਮਕਾਂਡਾ ਚੋਂ ਕੱਢਣ ਲਈ ਪਹਿਲਾਂ ਆਪ ਜੰਜੂ ਤੋਂ ਇਨਕਾਰ ਕੀਤਾ। ਚੂੰਕਿ ਬ੍ਰਾਹਮਣ ਦੇ ਸਾਰੇ ਸੰਸਕਾਰਾਂ ਸਮੇਂ, ਬਿਨਾ ਸਿਲਾਈ ਧੋਤੀ ਲਪੇਟਣਾ ਜ਼ਰੂਰੀ ਹੈ। ਉਸਦੇ ਉਲਟ, ਸਿੱਖਾਂ ਲਈ ਸਿਲਾਈਆਂ ਨਾਲ ਭਰਪੂਰ ਰੇਬਦਾਰ ਕਛਿਹਰੇ ਦਾ ਨਿਯਮ ਬਖਸ਼ਿਆ। ਇਸ ਤਰ੍ਹਾਂ ਕਛਿਹਰਾ ਮਾਨੋ ਸਿੱਖ ਲਈ ਪਾਬੰਦੀ ਸੀ ਕਿ ਉਹ ਬ੍ਰਾਹਮਣੀ ਕਰਮਕਾਂਡਾ ਦੇ ਜਾਲ `ਚ ਨਾ ਫਸੇ। ਸਿੱਟਾ ਇਹ ਕਿ ਗੁਰਬਾਣੀ ਗੁਰੂ, ਵਾਲਾ ਸਿਧਾਂਤ, ਸੰਪੂਰਣ ਕੇਸਾਧਾਰੀ ਸਰੂਪ, ਕੰਘੇ ਤੇ ਕਛਿਹਰੇ ਵਾਲੇ ਨਿਯਮ, ਨਿੱਤਨੇਮ ਵਾਲਾ ਨਿਯਮ {ਸਵੇਰੇ ਜਪੁ, ਸ਼ਾਮਾਂ ਨੂੰ ਸੋਦਰ (ਇਕ ਸ਼ਬਦ), ਸੌਣ ਸਮੇਂ ਸੋਹਿਲਾ (ਇਕ ਸ਼ਬਦ)} ਪਹਿਲੇ ਜਾਮੇ ਤੋਂ ਹੀ ਸਿੱਖੀ ਜੀਵਨ ਦਾ ਅੰਗ ਬਣਾ ਦਿੱਤੇ ਗਏ। ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੇ ਨਿਯਮ ਜਿਸ ਨੂੰ, ਵਿਸਾਖੀ 1699 ਵਾਲੇ ਦਿਨ ਦਸਮੇਸ਼ ਜੀ ਨੇ ‘ਖੰਡੇ ਦੀ ਪਾਹੁਲ’ (ਅੰਮ੍ਰਿਤ ਛਕਣ) `ਚ ਬਦਲਿਆ, `ਚਰਣ ਪਾਹੁਲ’ ਦੇ ਰੂਪ ਚ, ਪਹਿਲੇ ਜਾਮੇ ਤੋਂ ਹੀ ਚਾਲੂ ਕੀਤਾ ਸੀ। ਭਾਈ ਮਰਦਾਨਾ, ਭਾਈ ਮੰਝ, ਭਾਈ ਬਿਧੀ ਚੰਦ ਆਦਿ ਇਸਦੇ ਪ੍ਰਮਾਣ ਹਨ। ਭਾਈ ਮੰਝ ਨੂੰ ਤਾਂ ਗੁਰੂ ਦੀ ਸਿੱਖੀ ਲੈਣ ਲਈ ਲਗਾਤਾਰ ਬਾਰਾਂ ਸਾਲ ਘਾਲਣਾ ਘਾਲਣੀ ਪਈ, ਕਿਉਂਕਿ ਸਿੱਖੀ ਮੰਗਣੀ ਪੈਂਦੀ ਸੀ, ਅੱਜ ਵਾਂਙ ਘਰ ਬੈਠੇ ਕੋਈ ਸਿੱਖ ਨਹੀਂ ਸੀ ਹੁੰਦਾ।

ਉਪ੍ਰੰਤ ਪੰਜਵੇਂ ਜਾਮੇ ਤੀਕ-ਗੁਰਬਾਣੀ ਵਿਚਾਰ ਦੇ ਆਧਾਰ `ਤੇ ਸਿੱਖ ਨੂੰ ਪਾਖੰਡਾ, ਅਉਗਣਾ, ਵਿਕਾਰਾਂ, ਭੇਖਾਂ ਨਾਲ ਜੰਗ ਕਰਣ ਲਈ ਪ੍ਰਪੱਕ ਕੀਤਾ ਤੇ ਗੁਰਬਾਣੀ ਵਿਚਾਰ ਦਾ ਧਨੀ ਬਣਾਇਆ। ਪੰਜਵੇਂ ਜਾਮੇ ਸਮੇਂ ਰੱਬੀ ਸਚਾਈ (ਗੁਰਬਾਣੀ) ਦੇ ਫ਼ੈਲਾਅ ਲਈ, ਦ੍ਰਿੜਤਾ ਵਾਲੀ ਜਾਚ ਵੀ ਸਿਖਾਈ। ਸਾਬਤ ਕੀਤਾ ਸੱਚ ਧਰਮ ਦੇ ਰਸਤੇ `ਚ ਆਉਣ ਵਾਲੀਆਂ, ਵਿਰੋਧੀ ਤਾਕਤਾਂ ਜਿਵੇਂ ਝੂਠ-ਅਨਿਆਇ-ਜ਼ੁਲਮ ਨਾਲ ਜੰਗ ਦੇ ਟਾਕਰੇ ਲਈ ਬੇਸ਼ਕ ਤੱਤੀਆਂ ਤੱਵੀਆਂ `ਤੇ ਬੈਠਨਾ ਪਵੇ, ਉਬਲਦੀਆਂ ਦੇਗ਼ਾ `ਚ ਉਬਲਨਾ ਪਵੇ, ਪਿੱਛੇ ਨਹੀਂ ਹਟਣਾ। ਇਸ ਤਰ੍ਹਾਂ ਅਜੇਹੇ ਤਸੀਹੇ ਵੀ ਪਾਤਸ਼ਾਹ ਨੇ ਆਪਣੇ ਸਰੀਰ `ਤੇ ਲੈ ਕੇ ‘ਸਿੱਖੀ’ ਦੇ ‘ਪੀਰੀ’ ਵਾਲੇ ਪੱਖ ਨੂੰ ਪ੍ਰਪੱਕ ਕੀਤਾ। ਛੇਵੇਂ ਜਾਮੇ ਸਮੇਂ ਗੁਰਮਤਿ ਵਿਰੋਧੀ (ਹਮਲਾਵਰ) ਲਈ ਜ਼ਾਲਮ ਹਕੂਮਤ ਨਾਲ ਚਾਰ ਜੰਗਾਂ ਲੜ ਤੇ ਜਿੱਤ ਕੇ, ਆਪਣੇ ਇਲਾਹੀ ਨਿਸ਼ਾਨੇ ਵੱਲ ਵਧਣ ਦੀ ਜਾਚ ਸਿਖਾਈ। ਇਸ ਤਰ੍ਹਾਂ ਪੰਥ ਨੂੰ ਸ਼ਸਤ੍ਰਧਾਰੀ (ਕ੍ਰਿਪਾਨ ਧਾਰੀ) ਵੀ ਬਣਾਇਆ ਤਾਕਿ ਪੀਰੀ ਦੀ ਹਿਫ਼ਾਜ਼ਤ ਲਈ ‘ਮੀਰੀ’ ਦੀ ਵੀ ਲੋੜ ਪਵੇ ਤਾਂ ਵੀ ਸਿੱਖ ਪਿਛੇ ਨਾ ਹਟੇ। ਧਿਆਨ ਰਹੇ! ਸਾਨੂੰ ਮੀਰੀ ਨਾਲ ਜੋੜਿਆ ਪਰ ਓਦੋਂ, ਜਦੋਂ ਪਹਿਲਾਂ ਪੰਜ ਜਾਮਿਆਂ ਤੀਕ ਸਾਡੇ ਅੰਦਰ ਪੀਰੀ ਨੂੰ ਦਰਿੜ ਕਰਵਾ ਲਿਆ। ਜਿਸਦੇ ਅਰਥ ਹਨ ਸਿੱਖ ਨੇ ਮੀਰੀ ਨੂੰ ਤਾਂ ਅਪਨਾਉਣਾ ਹੈ ਪਰ ‘ਪੀਰੀ’ ਦੀ ਨੀਂਹ ਉਪਰ।

ਗੱਲ ਆਉਂਦੀ ਹੈ ਵਿਸਾਖੀ 1699 ਦੀ- ਵਿਸਾਖੀ 1699 ਸਿੱਖ ਇਤਿਹਾਸ ਲਈ ਇੱਕ ਹੋਰ ਵੱਡਾ ਮੀਲ ਪੱਥਰ ਹੈ ਪਰ ਇਥੇ ਵੀ ਅਸੀਂ ਕਿਸੇ ਹੋਰ ਹੀ ਪਾਸੇ ਟੁਰੇ ਪਏ ਹਾਂ। ਵਿਸਾਖੀ ਸੰਨ 1699 ਜਦੋਂ ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ `ਤੇ ਪੰਥ ਦਾ ਇਮਤਿਹਾਨ ਲਿਆ ਤਾਂ ਸਿੱਖ ਵੀ ਗੁਰੂ ਦੇ ਯਕੀਨ `ਤੇ 100% ਪੂਰੇ ਉਤਰੇ। ਸੰਸਾਰ ਦੇ ਇਤਿਹਾਸ `ਚ ਇਸਦੀ ਮਿਸਾਲ ਨਹੀਂ ਕਿ ਜਦੋਂ ਕਿਸੇ ਰਹਿਬਰ ਨੂੰ ਆਪਣੀ ੳਮਤ `ਤੇ ਇਨ੍ਹਾਂ ਯਕੀਨ ਬੱਝ ਚੁੱਕਾ ਸੀ, ਕਿ ਮੈਂ ਨੰਗੀ ਤਲਵਾਰ ਦੀ ਧਾਰ `ਤੇ ਸਿੱਖਾਂ ਕੋਲੋਂ ਸਿਰ ਵੀ ਮੰਗਾਂ ਗਾ ਤਾਂ ਵੀ ਉਹ ਪਿਛੇ ਨਹੀਂ ਹਟਣਗੇ। “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ” (ਪੰ: 1412) ਅਤੇ “ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ” (ਪੰ: 471) ਜਾਂ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” (ਪੰ: 918) ਅਨੁਸਾਰ ਇਹ ਵੀ ਉਸੇ ਦਾ ਨਤੀਜਾ ਸੀ ਕਿ ਸਿੱਖਾਂ ਦੀ ਜੋ ਤਿਆਰੀ ਪਹਿਲੇ ਜਾਮੇ ਤੋਂ ਕਰਵਾਈ ਜਾ ਰਹੀ ਸੀ। ਇਸਦੇ ਉਲਟ ਆਓ ਆਪਣੇ ਆਪ ਨੂੰ ਘੋਖੀਏ ਕਿ ਇਸ ਵਿਸ਼ੇ `ਤੇ ਅਸੀਂ ਸੰਸਾਰ ਨੂੰ ਕੀ ਦੱਸ ਰਹੇ ਹਾਂ?

ਭਗਦੜ ਨਹੀਂ ਮਚੀ- ਸਿਰਾਂ ਦੇ ਮੰਗਣ ਸਮੇਂ ਦਰਬਾਰ `ਚ ਸਨਾਟਾ ਛਾ ਜਾਣਾ ਜਾਂ ਸੰਗਤਾਂ `ਚ ਭਗਦੜ ਵਾਲੀਆਂ ਗਲਾਂ ਵੀ ਸਾਡੀ ਨਾਸਮਝੀ ਹਨ। ਚੇਤੇ ਰਹੇ! ਪਹਿਲਾਂ ਤਾਂ, ਗੁਰਦੇਵ ਨੇ ਸਿਰ ਮੰਗੇ ਹੀ ਪੰਜ ਤੀਕ ਸਨ ਤੇ ਗੁਰੂ ਨੇ ਹੋਰ ਸਿਰ ਮੰਗੇ ਹੀ ਨਹੀਂ। ਸਿੱਖਾਂ ਨੇ ਸਿਰ ਭੇਟ ਕਰਣੇ ਬੰਦ ਨਹੀਂ ਸਨ ਕੀਤੇ। ਕਾਸ਼! ਅਸਾਂ ਸੰਸਾਰ ਨੂੰ ਦਸਣਾ ਕੀ ਸੀ ਪਰ ਅਸੀਂ ਹੋਰ ਹੀ ਝੱਗੜਿਆਂ `ਚ ਉਲਝ ਗਏ। ਇਮਿਤਿਹਾਨ ਦਾ ਮੱਤਲਬ ਹੀ ਸਾਡੀ ਸਮਝ `ਚ ਨਹੀਂ ਆਇਆ। ਦੂਜਾ ਇਥੇ ਵੀ ਉਹੀ ਸਿੱਖ ਸਨ ਜੋ ਛੇਵੇਂ ਜਾਮੇਂ ਤੋਂ ਹੀ ਸ਼ਸਤ੍ਰਧਾਰੀ ਹੋ ਚੁੱਕੇ ਸਨ। ਉਦੋਂ ਵੀ ਹਕੂਮਤ ਨਾਲ ਚਾਰ ਜੰਗਾ ਲੜੀਆਂ ਤੇ ਚਾਰੇ ਹੀ ਜਿੱਤੀਆਂ ਸਨ। ਹੁਣ ਵਿਸਾਖੀ 1699 ਤੀਕ ਤਾਂ ਸਿੱਖ ਦਸਮੇਸ਼ ਜੀ ਦੀ ਕਮਾਨ ਹੇਠ ਵੀ ਲਗਭਗ ਜੰਗਾਂ ਲੜ ਚੁੱਕੇ ਸਨ। ਸਿਰ ਮੰਗਣ `ਤੇਂ ਭੱਗਦੜ ਦੀਆਂ ਗੱਲਾਂ ਕੇਵਲ ਸਿੱਖੀ ਜੀਵਨ ਦੀ ਉਤਮਤਾ ਬਾਰੇ ਅਗਿਆਨਤਾ ਤੇ ਕਪੋਲ ਕਲਪਣਾ ਹੀ ਹਨ।

ਪੰਜਾਂ ਅਗੇ ਮੱਥਾ ਟੇਕਣਾ- ਇਥੇ ਵੀ ਅਸੀਂ ਕਹਿ ਕੀ ਰਹੇ ਹਾਂ? “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ” (ਪੰ: 966) ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਬਖਸ਼ੀ ਤਾਂ ਆਪ ਨੇ ਗੁਰੂ ਅੰਗਦ ਸਾਹਿਬ ਅੱਗੇ; ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਅੱਗੇ ਅਤੇ ਦਰਜਾ ਬਦਰਜਾ ਚਲਦੀ ਆ ਰਹੀ ਪ੍ਰੀਪਾਟੀ ਅਨੁਸਾਰ ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਗੁਰਬਾਣੀ ‘ਜੁਗਤ’ ਨੂੰ ਵਰਤਾਉਣ ਵਾਲੀ ਜ਼ਿਮੇਵਾਰੀ ਜਦੋਂ ‘ਪੰਜਾਂ ਪਿਆਰਿਆਂ’ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ (ਪੰਥ ਸਾਜਿਆ) ਤਾਂ ਆਪ ਨੇ ਵੀ ਪੰਜਾਂ ਅੱਗੇ (ਸਮੂਹਕ) ਮੱਥਾ ਟੇਕ ਦਿੱਤਾ। ਉਸ ਸਮੇਂ ਸੰਗਤਾਂ ਲਈ ਇਹ ਨਵੀਂ ਰੀਤ ਨਹੀਂ ਸੀ, ਜਿਵੇਂ ਕਿ ਅਸੀਂ ਅੱਜ ਪ੍ਰਚਾਰ ਰਹੇ ਹਾਂ।

ਪੰਥ ਚਲਾਇਆ ਨਹੀਂ, ਸਾਜਿਆ ਸੀ- ਇਹ ਵੀ ਗ਼ਲਤ ਹੈ ਕਿ ਦਸਮੇਸ਼ ਜੀ ਨੇ ਵਿਸਾਖੀ 1699 ਨੂੰ ਕਿਸੇ ਨਵੇਂ ਪੰਥ ਨੂੰ ਚਲਾਇਆ। “ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ” (ਭਾ: ਗੁ: ) ਪੰਥ ਤਾਂ ਪਹਿਲੇ ਜਾਮੇ ਤੋਂ ਹੀ ਚਲਾਇਆ ਜਾ ਚੁੱਕਾ ਸੀ, ਅੱਜ ਤਾਂ ਕੇਵਲ ‘ਪੰਥ ਸਾਜਿਆ’ ਸੀ। ਇਸੇ ਕਰਕੇ ਪਹਿਲੇ ਪੰਜਾਂ ਲਈ ‘ਖੰਡੇ ਦੀ ਪਾਹੁਲ’ ਦਾ ਬਾਟਾ ਕਿਸੇ ਪੰਜਾਂ ਨੇ ਨਹੀਂ, ਇਕਲਿਆਂ ਦਸਮੇਸ਼ ਜੀ ਨੇ ਤਿਆਰ ਕੀਤਾ ਤੇ ਪਹਿਲੇ ਪੰਜਾਂ ਨੂੰ ਛੱਕਾਇਆ ਵੀ ਦਸਮੇਸ਼ ਜੀ ਨੇ ਇਕਲਿਆਂ ਹੀ। ਸਿੱਖ ਧਰਮ `ਚ ਪ੍ਰਵੇਸ਼ ਲਈ `ਚਰਨ ਪਾਹੁਲ’ ਦਾ ਨਿਯਮ ਵੀ ਪਹਿਲੇ ਜਾਮੇਂ ਤੋਂ ਹੀ ਸੀ ਅੱਜ ਤਾਂ ਕੇਵਲ ਢੰਗ ਬਦਲਿਆ ਅਤੇ ਉਸਨੂੰ ਨਾਮ ਦਿੱਤਾ ‘ਖੰਡੇ ਦੀ ਪਾਹੁਲ’। ਇਸੇ ਤਰ੍ਹਾਂ ਦਸਮੇਸ਼ ਜੀ ਰਾਹੀਂ ਪੰਜਾਂ ਅੱਗੇ ਮੱਥਾ ਟੇਕਣ ਦੀ ਗਲ ਵੀ ਦੇਖ ਹੀ ਚੁੱਕੇ ਹਾਂ। ਬਾਕੀ ਰਹੀ ਦਸਮੇਸ਼ ਜੀ ਰਾਹੀਂ ‘ਪੰਜਾਂ ਤੋਂ ਪਾਹੁਲ” ਲੈਣ ਦੀ ਗੱਲ, ਠੀਕ ਹੈ, ਦਸਮੇਸ਼ ਜੀ ਨੇ ਪੰਜਾਂ ਤੋਂ ਪਾਹੁਲ ਲਈ ਪਰ ਇਥੇ ਵੀ ਦੇਖਣਾ ਹੈ ਕਿ ਲਈ ਕਿਉਂ?

ਪੰਜਾਂ ਤੋਂ ‘ਪਾਹੁਲ’ ਲਈ - ਪਾਤਸ਼ਾਹ ਨੇ `ਚਰਣ ਪਾਹੁਲ’ ਨੂੰ ਜਦੋਂ ‘ਖੰਡੇ ਦੀ ਪਾਹੁਲ’ `ਚ ਬਦਲਿਆ ਤਾਂ ਸਾਰੀ ਕੌਮ ਨੂੰ ਨਵੇਂ ਸਿਰਿਓਂ ‘ਖੰਡੇ ਦੀ ਪਾਹੁਲ’ ਲੈਣ ਵਾਲਾ ਹੁਕਮ ਕੀਤਾ। ਇਸਦੇ ਨਾਲ ਹੀ ਪੰਥ ਨੂੰ ਪ੍ਰਵਾਰਕ ਰੂਪ ਵੀ ਦਿੱਤਾ, ਇਸ ਤਰ੍ਹਾਂ ਪੰਥ ਨੂੰ ਜਾਤਾਂ-ਗੋਤਾਂ ਦੇ ਕੋੜ੍ਹ `ਚੋਂ ਕਢਣ ਲਈ, ਨਾਵਾਂ ਨਾਲ ‘ਸਿੰਘ ਤੇ ਕੌਰ’ ਵੀ ਪੱਕਾ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਦੋਨਾਂ ਤਬਦੀਲੀਆਂ ਦਾ ਆਰੰਭ ਵੀ ਕਲਗੀਧਰ ਜੀ ਨੇ ਆਪਣੇ ਆਪ ਤੋਂ ਹੀ ਕੀਤਾ। ਉਨ੍ਹਾਂ ਨੇ ਪੰਜਾਂ ਤੋਂ ‘ਖੰਡੇ ਦੀ ਪਾਹੁਲ’ ਵੀ ਲਈ ਤੇ ਨਾਮ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਦਲਿਆ। ਉਹ ਇਸ ਲਈ ਨਹੀਂ ਕਿ ਆਪ ਪਹਿਲਾਂ ਤੋਂ ਪਾਹੁਲਧਾਰੀ (ਅਮ੍ਰਿਤਧਾਰੀ) ਨਹੀਂ ਸਨ ਜਿਵੇਂ ਕਿ ਅੱਜ ਪ੍ਰਚਾਰਿਆ ਜਾ ਰਿਹਾ ਹੈ। ਇਹ ਵੀ ਚੇਤੇ ਰਹੇ! ਕਿ ਇਸਤੋਂ ਪਹਿਲਾਂ `ਚਰਨ ਪਾਹੁਲ’ ਦਾ ਮਤਲਬ ਵੀ ਬਾਣੀ ਦੇ ਚਰਨਾਂ ਨਾਲ ਜੋੜਣਾ ਹੀ ਸੀ, ਨਾ ਕਿ ਕਿਸੇ ਨੂੰ ਪੈਰ ਧੋ ਕੇ ਪਿਆਉਣੇ।

ਕੇਸਾਧਾਰੀ’ ‘ਕੰਘਾਧਾਰੀ’ ‘ਕਛਿਹਾਰਧਾਰੀ’ ‘ਨਿੱਤਨੇਮੀ’ ‘ਪਾਹੁਲਧਾਰੀ’ -ਇਸ ਤਰ੍ਹਾਂ ਪਹਿਲੇ ਜਾਮੇ ਤੋਂ ਹੀ, ਸਿੱਖ ‘ਸੰਪੂਰਣ ਕੇਸਾਧਾਰੀ’ ‘ਕੰਘਾ ਧਾਰੀ’ ‘ਕਛਿਹਾਰਧਾਰੀ’ ‘ਨਿੱਤਨੇਮੀ’ ਤੇ ‘ਪਾਹੁਲਧਾਰੀ’ ਵੀ ਸਨ। ਇਹੀ ਕਾਰਨ ਸੀ ਸਿੱਖ ਧਰਮ `ਚ ਪ੍ਰਵੇਸ਼ ਦਾ ਤਰੀਕਾ ਬਦਲਣ ਤੇ ਹੀ ਪਹਿਲੀਆਂ ਪੰਕਤਾ ਚ 80,000 ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਲਈ। ਦੇਖਣ ਦੀ ਗਲ ਹੈ ਕਿ ਵਿਚਾਰ ਉਠਦੇ ਕਿਸੇ ਲਈ ਸੁੱਤੇ ਸਿੱਧ ਨਸ਼ਿਆਂ-ਵਿਭਚਾਰ ਦਾ ਤਿਆਗ ਹੀ ਸੰਭਵ ਨਹੀਂ। ਹੋਰ, ਇੱਕੋ ਸਮੇਂ 80,000 ਪ੍ਰਾਣੀਆਂ ਦਾ ਵਿਚਾਰ ਉਠਦੇ ਕੇਸਾਧਾਰੀ, ਕੰਘਾਧਾਰੀ, ਕ੍ਰਿਪਾਨਧਾਰੀ, ਕਛਹਿਰਾਧਾਰੀ ਹੋ ਜਾਣਾ ਤਾਂ ਅੱਜ ਦੇ ਸਮੇਂ `ਚ ਵੀ ਸੰਭਵ ਨਹੀਂ। ਸਪਸ਼ਟ ਹੈ ਕੌਮ ਪਹਿਲਾਂ ਤੋਂ ਤਿਆਰ ਬਰ ਤਿਆਰ ਸੀ। ਹੋਰ ਦੇਖੋ! ਸਿਰਾਂ ਦੀ ਮੰਗ ਵੇਲੇ ਵੀ ਪਾਤਸ਼ਾਹ ਵਲੋਂ ਨਿੱਤਨੇਮੀ ਜਾਂ ਕੇਸਾਧਾਰੀ ਹੋਣ ਦੀ ਸ਼ਰਤ ਨਹੀਂ ਸੀ। ਫਿਰ ਵੀ ਪਹਿਲੇ ਨਿੱਤਰਣ ਵਾਲੇ ਪੰਜੇ ਕੇਸਾਧਾਰੀ ਸਨ। ਇਸੇ ਤਰ੍ਹਾਂ ਇਕੋ ਸਮੇਂ 80,000 ਪ੍ਰਾਣੀਆਂ ਨੂੰ ਪਾਹੁਲ ਛੱਕਾਉਣਾ, ਪੰਜਾਂ ਦੇ ਇੱਕ ਜੱਥੇ ਦੇ ਵੱਸ ਦਾ ਨਹੀਂ ਸੀ ਫ਼ਿਰ ਵੀ ਇੰਨੀ ਵੱਡੀ ਗਿਣਤੀ `ਚ ਜੱਥੇ ਕਾਇਮ ਕਰਨ `ਚ ਦਿੱਕਤ ਨਹੀਂ ਆਈ ਕਿਉਂਕਿ ਪੰਥ ਪਹਿਲੇ ਜਾਮੇ ਤੋਂ ਹੀ ਪਾਹੁਲ ਪ੍ਰਾਪਤ ਤੇ ਨਿੱਤਨੇਮੀ ਵੀ ਸਨ। ਇਸ ਤੋਂ ਇਲਾਵਾ ਸਪਸ਼ਟ ਹੈ ਕਿ ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਤੇ ਪਹਿਲਾ ਇੱਕਠ ਸੀ। ਇਸੇ ਕਰਕੇ ਧਰਤੀ ਨੂੰ ਵੀ ‘ਕੇਸਗੜ੍ਹ’ ਦਾ ਨਾਮ ਪ੍ਰਾਪਤ ਹੋਇਆ।

ਉਪ੍ਰੰਤ 6 ਅਕਤੂਬਰ 1708- ਹੁਣ ਗੱਲ ਕਰਦੇ ਹਾਂ 6 ਅਕਤੂਬਰ ਸੰਨ 1708 ਦੀ। ਇਸ ਦਿਨ ਦਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ ਗੁਰਦੇਵ ਨੇ ਪੰਜਾਂ ਨੂੰ ਤਾਬਿਆ ਖੜਾ ਕਰਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੱਗੇ ਮੱਥਾ ਟੇਕ ਦਿੱਤਾ ਤੇ ਇਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਸੌਂਪ ਦਿੱਤੀ। ਇਹ ਆਪਣੇ ਆਪ `ਚ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪੂਰਣਤਾ ਦਾ ਐਲਾਨ ਵੀ ਸੀ। ਉਸ ਸਮੇਂ ਗੁਰਦੇਵ ਨੇ ਆਪਣੇ ਆਪ ਤਾਬਿਆ ਖੜੇ ਕੀਤੇ ਪੰਜਾਂ ਲਈ, ਇਤਿਹਾਸਕ ਆਦੇਸ਼ ਵੀ ਦਿੱਤਾ ਜੋ ਇਸ ਤਰ੍ਹਾਂ ਸੀ “ਪੂਜਾ ਅਕਾਲਪੁਰਖ ਕੀ” “ਪਰਚਾ ਸ਼ਬਦ ਕਾ” “ਦੀਦਾਰ ਖਾਲਸੇ ਕਾ”।

ਇਹ ਆਦੇਸ਼ ਅਥਵਾ ਸੇਧ ਹੀ ‘ਪੰਜਾਂ ਪਿਆਰਿਆਂ’ ਦੇ ਰੂਪ `ਚ ਪੰਥ ਨੂੰ ਚੇਤਾਵਣੀ ਸੀ ਕਿ ਪੰਥ ਵਲੋਂ ਸਮੇਂ ਸਮੇਂ `ਤੇ ਸਥਾਪਤ ਪੰਜਾਂ ਨੇ ਪੱਕੇ ਤੌਰ `ਤੇ ਗੁਰਬਾਣੀ ਦੀ ਤਾਬਿਆ ਰਹਿ ਕੇ ਹੀ ਪੰਥ ਦੀ ਅਗਵਾਈ ਕਰਣੀ ਹੈ, ਬਾਹਰ ਜਾ ਕੇ ਨਹੀਂ। ਸਮਝਣ ਦੀ ਗਲ ਹੈ ਕਿ ਤੇ ਇਹ ਕਹਿਣਾ ਵੀ ਠੀਕ ਨਹੀਂ ਕਿ ਉਸ ਦਿਨ ਗੁਰਦੇਵ ਨੇ ਗੁਰਬਾਣੀ ਦੇ ਗੁਰੂ ਹੋਣ ਦਾ ਐਲਾਨ ਕੀਤਾ ਬਲਕਿ ਗੁਰਬਾਣੀ ਦੇ ਗੁਰੂ ਹੋਣ ਲਈ ਤਾਂ ਪਹਿਲੇ ਜਾਮੇ ਤੋਂ ਐਲਾਨ ਕੀਤਾ ਜਾ ਰਿਹਾ ਸੀ ਅਤੇ ਇਸ ਦੇ ਲਈ ਗੁਰਬਾਣੀ ਖਜ਼ਾਨੇ `ਚ ਹੀ ਬੇਅੰਤ ਪ੍ਰਮਾਣ ਮੌਜੂਦ ਹਨ, ਸਾਨੂੰ ਬਾਹਰੋਂ ਢੂੰਡਣ ਦੀ ਲੋੜ ਨਹੀਂ। ਬਲਕਿ ਅੱਜ ਤਾਂ ਗੁਰਬਾਣੀ ਦੇ ਸਰੂਪ ਦੀ ਸੰਪੂਰਣਤਾ ਅਤੇ ਉਸਦੇ ਸੰਪੂਰਣ ਸਰੂਪ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਸੋਂਪਣ ਦਾ ਐਲਾਨ ਸੀ। ਇਹ ਇਸੇ ਲਈ ਕਿ ਕੋਈ ਵੀ ‘ਗੁਰੂ ਕਾ ਸਿੱਖ’ ਗ਼ਲਤੀ ਨਾਲ ਵੀ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਿਰ ਕਿਸੇ ਹੋਰ ਰਚਨਾ ਨੂੰ ‘ਗੁਰੂ-ਗੁਰਬਾਣੀ’ ਦੀ ਬਰਾਬਰੀ ਨਾ ਦੇਵੇ। ਜਿਵੇਂ ਕਿ ਅੱਜ ਸ਼ਰਾਰਤੀਆਂ ਵਲੋਂ ਇਸ ਤਰ੍ਹਾਂ ਦੇ ਬਹੁਤੇਰੇ ਯਤਨ ਹੋ ਰਹੇ ਹਨ। ਦੋਹਰਾ ਦੇਣਾ ਚਾਹੁੰਦੇ ਹਾਂ ਤੇ ਸਾਰਾ ਪੰਥ ਇਸ ਤੇ ਸਹਿਮਤ ਹੈ ਕਿ 6 ਅਕਤੂਬਰ ਸੰਨ 1708 ਨੂੰ ਕਲਗੀਧਰ ਜੀ ਨੇ ਕੇਵਲ ਅਤੇ ਕੇਵਲ ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਹੀ ਗੁਰਗੱਦੀ ਸੌਂਪੀ, ਇਸ ਦੇ ਨਾਲ ਕਿਸੇ ਵੀ ਹੋਰ ਰਚਨਾ ਨੂੰ ਨਹੀਂ।

ਪੂਜਾ ਅਕਾਲਪੁਰਖੁ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ-ਸਮੇਂ-ਸਮੇਂ ਲੋੜ ਅਨੁਸਾਰ, ਪੰਥ ਪ੍ਰਵਾਣਤ ਪੰਜ ਪਿਆਰਿਆਂ ਲਈ ਜੋ ਅਨੁਸ਼ਾਸਨ ਜਾਂ ਕਾਰਜ ਸੀਮਾਂ ਪੱਕੀ ਕੀਤੀ, ਉਹ ਹੈ-ਪੂਜਾ ਅਕਾਲਪੁਰਖੁ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ। ਅਰਥ ਹਨ ਪੰਥ ਪ੍ਰਵਾਣਤ ਪੰਜ ਪਿਆਰੇ ਜਿਨ੍ਹਾਂ ਨੇ ਗੁਰਬਾਣੀ ਜੁਗਤ (ਗੁਰਬਾਣੀ ਜੀਵਨ ਜਾਚ) ਨੂੰ ਵਰਤਾਉਣਾ ਹੈ ਉਨ੍ਹਾਂ ਲਈ ਜ਼ਰੂਰੀ ਹੈ (ੳ) ਪੂਜਾ ਅਕਾਲਪੁਰਖੁ ਕੀ-ਕੇਵਲ ਇੱਕ ਅਕਾਲਪੁਰਖ ਦੇ ਨਿਰਮਲ ਭਉ `ਚ ਰਹਿ ਕੇ ਹੀ ਗੁਰਬਾਣੀ ਜੁਗਤ ਨੂੰ ਵਰਤਾਉਣਾ ਹੈ। ਕਿਸੇ ਹੋਰ ਦੇ ਭੈਅ, ਚਾਪਲੂਸੀ, ਪੱਖਪਾਤ, ਖੁੰਦਕ, ਸੁਆਰਥ ਜਾਂ ਆਪਹੁਦਰੇਪਣ `ਚ ਨਹੀਂ। (ਅ) ਪਰਚਾ ਸ਼ਬਦ ਕਾ-ਉਨ੍ਹਾਂ ਨੇ ‘ਖੰਡੇ ਦੀ ਪਾਹੁਲ’ ਦਾ ਧਾਰਨੀ ਤਾਂ ਹੋਣਾ ਹੀ ਹੈ, ਇਸ ਤੋਂ ਵੱਧ, ਇਹ ਪੰਜੇ ਗੁਰਬਾਣੀ ਦੇ ਧੁਰੰਧਰ ਵਿਦਵਾਨ ਹੋਣੇ ਵੀ ਜ਼ਰੂਰੀ ਹਨ, ਤਾ ਕਿ ਇਨ੍ਹਾਂ ਰਾਹੀਂ ਦਿੱਤਾ-ਕੀਤਾ ਫੈਸਲਾ-ਸੇਧ ਗੁਰਬਾਣੀ ਵਿਚਾਰਧਾਰਾ ਤੋਂ ਬਾਹਰ ਨਾ ਜਾਂਦੀ ਹੋਵੇ। (ੲ) ਦੀਦਾਰ ਖਾਲਸੇ ਕਾ-ਇਹ ਪੰਜੇ ਨਿਜੀ ਜੀਵਨ ਤੇ ਸਰੂਪ-ਦੋਹਾਂ ਪੱਖਾਂ ਤੋਂ ਦਿਦਾਰੀ ਹੋਣੇ ਹਨ। ਇਨ੍ਹਾਂ ਨੇ ਪੰਜ ਕਕਾਰੀ ਤਾਂ ਹੋਣਾ ਹੀ ਹੈ, ਇਸ ਦੇ ਨਾਲ ਇਨ੍ਹਾਂ ਨੇ ਆਪਣੇ ਨਿੱਤ ਦੇ ਜੀਵਨ `ਚ ਵੀ ਗੁਰਬਾਣੀ ਅਨੁਸਾਰੀ ਹੋਣਾ ਹੈ। ਇਹ ਨਹੀਂ ਕਿ ਇਸ ਪਦਵੀ `ਤੇ ਬਿਰਜਮਾਨ ਕੀਤੇ ਇਹ ਪੰਜ ਪਿਆਰੇ ਕਿਸੇ ਅਖੌਤੀ ਸੰਤ, ਸਾਧ, ਮਹਾਰਾਜ, ਭਾਈ ਸਾਹਿਬ, ਮਿਸ਼ਨਰੀ ਆਦਿ ਸੰਸਥਾ ਰਾਹੀਂ ਪ੍ਰਗਟਾਈ ਮਰਿਆਦਾ `ਚ ਫ਼ਸੇ ਹੋਣ।

ਸਿੱਖ ਤੇ ਖਾਲਸਾ ਜਾਂ ਸਿੰਘ ਵੱਖ ਵੱਖ ਨਹੀਂ- ਖਾਲਸੇ ਦਾ ਮੱਤਲਬ ਹੀ ੴ ਵਾਲੇ ਜੀਵਨ ਵਾਲਾ ਮਨੁੱਖ ਹੈ, ਅਤੇ ਗੁਰਬਾਣੀ ਅਨੁਸਾਰ ਜੀਵਨ ਜੀਅ ਕੇ ਹੀ ਅਸੀਂ ‘ਖਾਲਸਾ ਜੀਵਨ” ਹੀ ਪ੍ਰਾਪਤ ਹੁੰਦੇ ਹਾਂ। ਇਹ ਸੰਕਲਪ ਪਹਿਲੇ ਜਾਮੇ ਤੋਂ ਹੀ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ” (ਪੰ: 655) ਰਾਹੀਂ ਦੇ ਦਿੱਤਾ ਸੀ। ਪਾਤਸ਼ਾਹ ਵਲੋਂ ਸਿੱਖ ਨੂੰ ਇਸ ਖਿਤਾਬ ਨਾਲ ਕੇਵਲ ਓਦੋਂ ਨਿਵਾਜਿਆ ਜਦੋਂ ਪੰਥ ਵਿਸਾਖੀ 1699 ਨੂੰ ਨੰਗੀ ਤਲਵਾਰ ਵਾਲੇ ਇਮਤਿਹਾਨ `ਚ 100% ਨੰਬਰ ਲੈ ਕੇ ਪਾਸ ਹੋਇਆ। ਉਸ ਸਮੇਂ ਗੁਰਦੇਵ ਨੇ ਸਾਡੀ ਸਫਲਤਾ ਤੋਂ ਖੁਸ਼ ਹੋ ਕੇ ਸਾਨੂੰ “ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ” ਵਾਲਾ ਬੋਲਾ ਵੀ ਬਖਸ਼ਿਆ। ਇਸੇ ਬੋਲੇ ਕਾਰਨ ਸਾਨੂੰ ‘ਸਿੱਖ’ ਦੇ ਨਾਲ ਨਾਲ ‘ਖਾਲਸਾ’ ਕਹਿਕੇ ਵੀ ਸੰਬੋਧਨ ਕੀਤਾ ਜਾਣ ਲਗਾ। ਇਸ ਤਰ੍ਹਾਂ ‘ਖਾਲਸਾ’ ਵੀ ‘ਸਿੱਖ’ ਲਈ ਹੀ ਹੈ, ਇਸਦੇ ਨਾਲ ਸਾਡੇ ਨਾਵਾਂ ਨਾਲ ‘ਸਿੰਘ’ ਲਗ ਜਾਣ ਕਰਕੇ, ਦੂਜਿਆਂ ਨੇ ਸਾਨੂੰ ‘ਸਿੰਘ ਜੀ’ ਕਰਕੇ ਵੀ ਬੁਲਾਉਣਾ ਸ਼ੁਰੂ ਕਰ ਦਿੱਤਾ। ਤਾਂ ਤੇ ‘ਖਾਲਸਾ’, ‘ਸਿੰਘ’ ਲਫ਼ਜ਼ ਕੇਵਲ ਸਿੱਖ ਲਈ ਹੀ ਹਨ।

ਜੁਗਤ ਬਨਾਉਣੀ, ਜੁਗਤ ਵਰਤਾਉਣੀ- ਦਸਮੇਸ਼ ਜੀ ਦੀ ਜੀਵਨੀ ਤੋਂ, ਇਹ ਗੱਲ ਭਲੀ ਭਾਂਤ ਉਘੜ ਕੇ ਸਾਹਮਣੇ ਆਉਂਦੀ ਹੈ ‘ਜੁਗਤ ਬਨਾਉਣੀ’ ਹੋਰ ਗੱਲ ਹੈ ਤੇ ‘ਜੁਗਤ ਵਰਤਾਉਣੀ’ ਦੂਜੀ ਗੱਲ। “ਜੋਤਿ ਓਹਾ ਜੁਗਤਿ ਸਾਇ” (ਪੰ: 966) ਗੁਰਬਾਣੀ ਦੇ ਫ਼ੁਰਮਾਨ ਤੇ 6 ਅਕਤੂਬਰ ਸੰਨ 1708 ਵਾਲੀ ਇਤਿਹਾਸਕ ਘਟਣਾ-ਪਾਤਸ਼ਾਹ ਨੇ ਗੁਰਬਾਣੀ ਦੇ ਸਰੂਪ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਉਪਰ ਸੰਪੂਰਣਤਾ ਦੀ ਮੋਹਰ ਲਗਾ ਕੇ ਸਾਫ਼ ਕਰ ਦਿੱਤਾ ਕਿ ਅਗੋਂ ਲਈ ਨਾ ਹੀ ‘ਗੁਰੂ ਗ੍ਰੰਥ ਸਾਹਿਬ’ `ਚ ਵਾਧਾ-ਘਾਟਾ ਹੋ ਸਕਦਾ ਹੈ ਤੇ ਨਾ ਹੀ ਬਾਣੀ ਤੋਂ ਪ੍ਰਗਟ ‘ਜੁਗਤ’ (ਜੀਵਨ-ਜਾਚ) `ਚ ਹੀ। ਜਦ ਕਿ ਦਸਾਂ ਪਾਤਸ਼ਾਹੀਆਂ ਤੀਕ ਇਹ ਹੱਕ ਹਰੇਕ ਗੁਰੂ ਵਿਅਕਤੀ ਕੋਲ ਹੈ ਸੀ। (1) ਆਪ ਬਾਣੀ ਘੜ ਸਕਦੇ ਸਨ ਤੇ ਦੂਜਿਆਂ ਦੀਆਂ ਰਚਨਾਵਾਂ ਪ੍ਰਵਾਣ ਕਰ ਕੇ ਆਪਣੀ ਬਰਾਬਰੀ ਵੀ ਦੇ ਸਕਦੇ ਸਨ, ਜਿਵੇਂ 15 ਭਗਤਾਂ, 11 ਭੱਟਾਂ, ਤਿੰਨ ਸਿੱਖਾਂ ਦੀਆਂ ਰਚਨਾਵਾਂ। (2) ਵਿਸਾਖੀ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ `ਚਰਣ ਪਾਹੁਲ’ ਸੀ, ਪੰਥ ਦੇ ਸਪੁਰਦ ਕਰਦੇ (ਪੰਥ ਦੀ ਸਾਜਨਾ) ਸਮੇਂ ਦਸਮੇਸ਼ ਜੀ ਨੇ ਇਸ ਨੂੰ ‘ਖੰਡੇ ਦੀ ਪਾਹੁਲ’ `ਚ ਬਦਲ ਦਿੱਤਾ। (3) ਵਿਸਾਖੀ 1699 ਨੂੰ ਨਾਵਾਂ `ਚ ਤਬਦੀਲੀ ਕਰਕੇ ‘ਸਿੰਘ’ ਤੇ ‘ਕੌਰ’ ਰਾਹੀਂ ਪੰਥ ਨੂੰ ਪ੍ਰਵਾਰਕ ਸਰੂਪ ਦੇ ਦਿੱਤਾ, “ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ” ਵਾਲਾ ਬੋਲਾ ਵੀ ਬਖਸ਼ਿਆ ਆਦਿ।

ਦੇਖਣਾ ਹੈ, ਇਨ੍ਹਾਂ ਤਬਦੀਲੀਆਂ ਦਾ ਸੰਬੰਧ ‘ਜੁਗਤ ਘੜਣ’ ਨਾਲ ਹੈ ਤੇ ਇਹ ਕੇਵਲ ਗੁਰੂ ਸਾਹਿਬਾਂ ਨੂੰ ਹੀ ਸੀ, “ਪੰਜ ਪਿਆਰਿਆਂ ਭਾਵ ਪੰਥ” ਕੋਲ ਅਜਿਹੇ ਹੱਕ ਨਾ ਹੈ ਅਤੇ ਨਾ ਹੋਵੇਗਾ ਹੀ। ਇਸ ਤਰ੍ਹਾਂ ਜਦੋਂ ਮੰਨ ਬੈਠਦੇ ਹਾਂ ਕਿ ‘ਪੰਥ ਹੀ ਗੁਰੂ ਹੈ’ ਜਾਂ ‘ਗੁਰੂ ਪੰਥ ਹੈ’, ਦੋਵੇਂ ਗੱਲਾਂ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ। ਇਥੇ ਲਫ਼ਜ਼ ਹੈ ‘ਗੁਰੂ ਕਾ ਪੰਥ’। ਸ਼ਾਇਦ ਵਕਤ ਦੀ ਦੌੜ `ਚ ਅਸੀਂ ਇਸ `ਚੋਂ ‘ਕਾ’ ਵਿਸਾਰ ਬੈਠੇ ਤੇ ਪ੍ਰਚਾਰਣਾ ਸ਼ੁਰੂ ਕਰ ਦਿੱਤਾ ‘ਗੁਰੂ ਪੰਥ’। ਇਸ ਤਰ੍ਹਾਂ ਮੰਨ ਲੋ ਜੇ, ‘ਪੰਥ’ ਹੀ ਗੁਰੂ ਹੈ ਤਾਂ ‘ਗੁਰੂ’ ਦੀ ਲੋੜ ਹੀ ਕੀ ਰਹਿ ਜਾਂਦੀ ਹੈ? ਅਤੇ ਅਜਿਹਾ ਸੋਚਣਾ ਹੀ ਸੰਭਵ ਨਹੀਂ-ਗੁਰੂ ਤੋਂ ਬਿਨਾ ਤਾਂ ਪੰਥ ਦਾ ਵਜੂਦ ਹੀ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਚਲ ਚੁੱਕਾ ਸੰਬੋਧਨ ‘ਗੁਰੂ ਰੂਪ ਸਾਧ ਸੰਗਤ ਜੀ’ ਵੀ ਗ਼ਲਤ ਹੈ। #142s04.01so08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 142

ਵਿਸਾਖੀ 1469 ਤੋਂ ਅਕਤੂਬਰ 1708

ਵਿਸਾਖੀ 1699 ਸਮੇਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.