.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 11

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਸਿੱਖ ਕੌਮ ਵਿੱਚ ਬਹਾਦਰ ਜਰਨੈਲ, ਸ਼ਹਾਦਤ ਦਾ ਜਾਮ ਪੀਣ ਵਾਲੇ ਸਿਰ-ਲੱਥ ਯੋਧੇ-ਸ਼ਹੀਦ, ਇੰਜਨੀਅਰ, ਡਾਕਟਰ, ਉੱਚ-ਕੋਟੀ ਦੇ ਸਾਹਿਤ ਰਚੇਤਾ, ਗੁਰਮਤਿ ਦੇ ਵਿਦਵਾਨ ਪੰਡਿਤ, ਚੰਗੇ ਵਿਉਪਾਰੀ, ਸੂਝਵਾਨ ਰਾਗੀ, ਪਰਚਾਰਕ, ਢਾਡੀ ਤੇ ਤੱਤਵਾਦੀ ਬੱਧੀਜੀਵੀਏ ਲੋਕ ਪੈਦਾ ਹੋਏ ਹਨ ਪਰ ਇਹਨਾਂ ਚੋਂ ਕਦੇ ਵੀ ਕਿਸੇ ਨੇ ਆਪਣੇ ਨਾਂ ਨਾਲ ਸਾਧ-ਸੰਤ ਜਾਂ ਬ੍ਰਹਮ ਗਿਆਨੀ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ, ਸਗੋਂ ਨਿੰਮ੍ਰਤਾ ਨਾਲ ਸਿੱਖ ਕੌਮ ਦੀ ਸੇਵਾ ਕੀਤੀ ਹੈ। ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਪ੍ਰੋ. ਸਾਹਿਬ ਸਿੰਘ ਜੀ, ਭਾਈ ਕਾਨ੍ਹ ਸਿੰਘ ਜੀ ਨਾਭਾ, ਪ੍ਰੋ. ਗੁਰਮੁਖ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਵਰਗੇ ਮਹਾਨ ਗੁਰਸਿੱਖ ਪੈਦਾ ਹੋਏ ਹਨ। ਗੱਲ ਤਾਂ ਉਹਨਾਂ ਪਾਖੰਡੀਆਂ ਦੀ ਕੀਤੀ ਜਾ ਰਹੀ ਹੈ ਜਿਹਨਾਂ ਨੇ ਧਰਮ ਦੇ ਨਾਂ `ਤੇ ਆਪਣੀਆਂ ਦੁਕਾਨਾਂ ਚਲਾ ਲਈਆਂ ਹਨ ਤੇ ਗੁਰਬਾਣੀ ਦੇ ਅਰਥ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਜਿਹਨਾਂ ਕਰਮ-ਕਾਂਡਾ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮੁਕਤ ਕਰਵਾਇਆ ਸੀ ਇਹਨਾਂ ਲੋਭੀਆਂ ਨੇ ਸਿੱਖ ਕੌਮ ਨੂੰ ਉਸੇ ਹੀ ਦਲਦਲ਼ ਵਿੱਚ ਫਿਰ ਸੁੱਟਣ ਦਾ ਯਤਨ ਕੀਤਾ ਹੈ।

ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਂਗ, ਸੁਖਮਨੀ ਸਾਹਿਬ ਜੀ ਦੀ ਬਾਣੀ ਰਾਂਹੀ ਵੀ ਸਾਰੀ ਮਨੁੱਖਤਾ ਨੂੰ ਪਰਮਾਤਮਾ ਨਾਲ ਜੁੜਨ ਦਾ ਵਲ਼--ਢੰਗ ਸਮਝਾਇਆ ਗਿਆ ਹੈ।

ਸਰਬ ਰੋਗ ਕਾ ਅਉਖਦੁ ਨਾਮੁ ਨਿਆਰਾ ਖਾਲਸਾ ਚੋਂ

ਰੋਗ ਅਤੇ ਨਾਮ

ਗੁਰਬਾਣੀ ਸਾਰੀ ਤਰਤੀਬ ਵਿੱਚ ਹੈ, ਇਸ ਵਿੱਚ ਕਿਸੇ ਵੀ ਅੱਖਰ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਗੁਰਬਾਣੀ ਸਲੋਕ, ਸ਼ਬਦ, ਅਸ਼ਟਪਦੀਆਂ, ਸਵੱਯੇ, ਛੰਤ ਤੇ ਪਉੜੀਆਂ ਦੇ ਵੱਖ ਵੱਖ ਰੂਪਾਂ ਵਿੱਚ ਉਚਾਰਨ ਕੀਤੀ ਗਈ ਹੈ। ਇਸ ਲਈ ਗੁਰਬਾਣੀ ਦੇ ਸ਼ਬਦ ਵਿੱਚ ਆਏ ਵਿਸ਼ਾ ਵਸਤੂ ਨੂੰ ਮੁੱਖ ਰੱਖ ਕੇ ਸਮਝਣ ਦੀ ਜ਼ਰੂਰਤ ਹੈ। ਸਲੋਕ ਤੇ ਛੰਤ ਦਾ ਆਪਸ ਵਿੱਚ ਪੂਰਾ ਤਾਲ ਮੇਲ ਹੋਣ ਦੇ ਨਾਤੇ ਇਹ ਇੱਕ ਮੁਕੰਮਲ ਵਿਸ਼ਾ ਹੁੰਦਾ ਹੈ, ਜਦ ਕਿ ਗੁਰਬਾਣੀ ਦਾ ਹਰ ਸ਼ਬਦ ਇੱਕ ਨਵਾਂ ਵਿਸ਼ਾ ਲੈ ਕੇ ਸੰਸਾਰ ਨੂੰ ਜੀਵਨ ਜੁਗਤ ਦਸ ਰਿਹਾ ਹੈ। ਕਬੀਰ ਜੀ ਤੇ ਫਰੀਦ ਜੀ ਦੇ ਸਲੋਕਾਂ ਨੂੰ ਹੀ ਲੈ ਲਈਏ, ਕਈ ਸਲੋਕਾਂ ਨੂੰ ਇਕੱਠਿਆਂ ਵਿਚਾਰਾਂਗੇ ਤਾਂ ਉਹਨਾਂ ਵਿਚੋਂ ਪੂਰੇ ਵਿਸ਼ੇ ਦੀ ਸਮਝ ਅਉਂਦੀ ਹੈ। ਵਾਰ ਦੇ ਵਿਸ਼ਾ ਵਸਤੂ ਨੂੰ ਸਮਝਣ ਲਈ ਪਉੜੀ ਤੇ ਉਸ ਨਾਲ ਆਏ ਸਲੋਕਾਂ ਨੂੰ ਇਕੱਠਿਆਂ ਕਰਕੇ ਵਿਚਾਰਾਂਗੇ ਤਾਂ ਉਸ ਵਿਚੋਂ ਪੂਰਾ ਸਬਜੈਕਟ ਮਿਲੇਗਾ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਤੇ ਬਾਕੀ ਸ਼ਬਦ ਵਿੱਚ ਇਸ ਕੇਂਦਰੀ ਭਾਵ ਨੂੰ ਵਿਸਥਾਰ ਨਾਲ ਖੋਹਲਿਆ ਗਿਆ ਹੁੰਦਾ ਹੈ। ਇੰਜ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਸਲੋਕਾਂ ਤੇ ਅਸ਼ਟਪਦੀਆਂ ਨੂੰ ਇਕੱਠਾ ਕਰਕੇ ਵਿਚਾਰਾਂਗੇ ਤਾਂ ਉਸ ਵਿਚੋਂ ਇੱਕ ਮੁਕੰਮਲ ਵਿਸ਼ੇ ਦੀ ਸਮਝ ਆਏਗੀ।

ਹੋਇਆ ਇਹ ਹੈ ਕਿ ਪਿੱਛਲੇ ਕੁੱਝ ਸਮੇਂ ਤੋਂ ਅਸੀਂ ਆਪਣੀ ਮਰਜ਼ੀ ਨਾਲ ਇੱਕ ਤੁਕ ਨੂੰ ਲੈ ਕੇ ਉਸ ਦਾ ਕੀਰਤਨ ਜਾਂ ਕਥਾ ਕੀਤੀ ਹੈ ਜਿਸ ਨਾਲ ਸ਼ਬਦ ਦਾ ਵਿਸ਼ਾ ਵਸਤੂ ਹੀ ਬਦਲ ਕੇ ਰੱਖ ਦਿੱਤਾ ਹੈ। ਮਿਸਾਲ ਦੇ ਤੌਰ ਤੇ “ਗੁਰਸਿਖਾ ਮਨਿ ਵਾਧਾਈਆ ਜਿਨਾ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ” ਇਸ ਦਾ ਅਰਥ ਹੈ—ਹੇ ਭਾਈ! ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ ਹੈ, ਉਹਨਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਹੁਣ ਕਿਸੇ ਦੇ ਘਰ ਵਿੱਚ ਵਿਆਹ ਹੈ, ਅਸਾਂ ਘਰਦਿਆਂ ਨੂੰ ਖੁਸ਼ ਕਰਨ ਲਈ ਆਪਣੇ ਮਨ ਦੀ ਕਾਢ ਨਾਲ ਸ਼ਬਦ ਸ਼ੁਰੂ ਕੀਤਾ ਹੈ, ਵਾਧਾਈਆਂ-ਆਂ-ਆਂ, ਵਾਧਾਈਆਂ-ਆਂ-ਆਂ, ਵਾਧਾਈਆਂ-ਆਂ-ਆਂ-ਆਂ--—ਦਾ ਹੀ ਕੀਰਤਨ ਕਰੀ ਜਾਂਦੇ ਹਾਂ, ਤੇ ਕਿੰਨੇ ਚਿਰ ਬਾਅਦ ਜਾ ਕੇ ਬੋਲਦੇ ਹਾਂ ਗੁਰਸਿੱਖਾਂ ਮਨਿ ਵਾਧਾਈਆਂ ਘਰ ਦੇ ਸਮਝ ਰਹੇ ਹਨ ਕਿ ਸਾਨੂੰ ਵਧਾਈਆਂ ਮਿਲ ਰਹੀਆਂ ਹਨ। ਇੰਜ ਹੀ “ਲਖ ਖੁਸੀਆ ਪਾਤਸਾਹੀਆ ਜੇ ਸਤਿਗੁਰੁ ਨਦਰਿ ਕਰਇ” ਦਾ ਕੀਰਤਨ ਕਰਕੇ ਪਰਵਾਰ ਨੂੰ ਇਹ ਪ੍ਰਭਾਵ ਦੇਣ ਦਾ ਯਤਨ ਕਰਦੇ ਹੁੰਦੇ ਹਾਂ ਲੱਖਾਂ ਖੁਸ਼ੀਆਂ ਗੁਰੂ ਜੀ ਨੇ ਤੂਹਾਨੂੰ ਹੀ ਦਿੱਤੀਆਂ ਹਨ। ਜਦ ਕੇ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਤੇ ਇਹ ਦੱਸਿਆ ਜਾ ਰਿਹਾ ਹੈ ਕਿ “ਮੇਰੇ ਮਨ, ਏਕਸੁ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ” ‘ਸਭ ਧੰਧੁ’ ਤੇ ‘ਮਿੱਥਿਆ ਮੋਹ’ ਨੂੰ ਇੱਕ ਪਾਸੇ ਰੱਖ ਕੇ ਸਿਰਫ ਲਖ ਖੁਸ਼ੀਆਂ ਦੇ ਸ਼ਬਦ ਦਾ ਹੀ ਕੀਰਤਨ ਕੀਤਾ ਜਾ ਰਿਹਾ ਏ ਜੋ ਇਹ ਸਾਡੀ ਆਪਣੀ ਮਰਜ਼ੀ ਹੈ।

ਬਹੁਤੀ ਥਾਂਈ ਕਥਾ ਕੀਰਤਨ ਸੁਣਦਿਆਂ ਅਕਸਰ ਇਹ ਹੀ ਮੁੜ ਮੁੜ ਦ੍ਰਿੜ ਕਰਾਇਆ ਜਾਂਦਾ ਹੈ ਕੇ ਭਾਈ ਨਾਮ ਜੱਪਣ ਤੋਂ ਬਿਨਾਂ ਤੁਹਾਨੂੰ ਸਵਰਗ ਦੀ ਪਰਾਪਤੀ ਨਹੀਂ ਹੋ ਸਕਦੀ। ਦੂਸਰਾ ਸਾਡੇ ਸਰੀਰ ਦੇ ਜਿੰਨੇ ਵੀ ਭਿਆਨਕ ਤੋਂ ਭਿਆਨਕ ਰੋਗ ਹਨ ਉਹ ਨਾਮ ਸਿਮਰਨ ਦੁਆਰਾ ਦੂਰ ਹੋ ਜਾਂਦੇ ਹਨ। ਜਿਸ ਤਰ੍ਹਾਂ ਕੈਂਸਰ, ਟੀ. ਬੀ, ਦਾੜ੍ਹ, ਗਿੱਟਿਆਂ-ਗੋਡਿਆਂ ਤੇ ਸਿਰ ਦੀ ਦਰਦ, ਸਾਹ ਦਾ ਚੜ੍ਹਨਾ, ਹਾਟ ਟ੍ਰਬਲ, ਬੁਖਾਰ ਤੇ ਕੋਹੜ ਵਰਗੀਆਂ ਦੀਰਘ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਤੇ ਗੁਰਬਾਣੀ ਦੀ ਇਹ ਤੁਕ ਪੜ੍ਹ ਕੇ ਸੁਣਾ ਦੇਂਦੇ ਹਾਂ, “ਸਰਬ ਰੋਗ ਕਾ ਅਉਖਦੁ ਨਾਮੁ” ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਈ ਇਸ ਤੁਕ ਦੀ ਸਿਧਾਂਤਕ ਵਿਚਾਰ ਕੀਤੀ ਜਾਏ ਤਾਂ ਕੇ ਗੁਰੂ ਸਾਹਿਬ ਜੀ ਦਾ ਸਦੀਵ ਕਾਲ ਜੋ ਸੁਨੇਹਾਂ ਸੰਸਾਰ ਨੂੰ ਮਿਲਿਆ ਹੈ ਉਸ ਤੋਂ ਲਾਭ ਉਠਾ ਕਿ ਆਤਮਿਕ ਉੱਨਤੀ ਕੀਤੀ ਜਾ ਸਕੇ।

ਮਨੁੱਖੀ ਸਰੀਰ ਦੀ ਬਣਤਰ ਵਲ ਧਿਆਨ ਮਾਰਿਆ ਜਾਏ ਤਾਂ ਇਹ ਦੋ ਭਾਗਾਂ ਵਿੱਚ ਵੰਡੀ ਦਿੱਸਦੀ ਹੈ, ਜਿਸ ਦਾ ਇੱਕ ਭਾਗ ਅੰਦਰਲਾ ਤੇ ਦੂਜਾ ਭਾਗ ਬਾਹਰਲਾ ਦਿੱਸਦਾ ਹੈ, ਜਿਸ ਨੂੰ ਸੂਖਸ਼ਮ ਤੇ ਅਸਥੂਲ ਕਿਹਾ ਗਿਆ ਹੈ। ਗੁਰਬਾਣੀ ਇਹਨਾਂ ਹੀ ਭਾਗਾਂ ਨੂੰ ਈਹਾਂ-ਊਹਾਂ, ਐਥੇ-ਉੱਥੇ, ਲੋਕ-ਪ੍ਰਲੋਕ ਦੇ ਅਲੰਕਾਰਾਂ ਵਿੱਚ ਵੀ ਪ੍ਰਗਟ ਕਰਦੀ ਹੈ। ਇੰਜ ਕਹਿ ਲਿਆ ਜਾਏ ਕਿ ਆਦਮੀ ਹਮੇਸ਼ਾ ਦੋ ਤਲਾਂ ਤੇ ਜ਼ਿੰਦਗੀ ਜੀਊ ਰਿਹਾ ਹੈ, ਅੰਦਰਲੇ ਸੁਭਾਅ ਵਿੱਚ ਕੁੱਝ ਹੋਰ ਹੈ ਤੇ ਬਾਹਰਲੇ ਸੁਭਾਅ ਵਿੱਚ ਕੁੱਝ ਹੋਰ ਹੈ। ਗੁਰਬਾਣੀ ਦੀ ਇਹ ਇੱਕ ਮਹਾਨ ਵਡਿਆਈ ਹੈ ਕਿ ਇਹ ਮਨੁੱਖ ਨੂੰ ਅੰਦਰੋਂ ਤੇ ਬਾਹਰੋਂ ਇੱਕ ਕਰਨ ਹੋਣ ਦੀ ਤਾਗੀਦ ਕਰਦੀ ਹੈ।

ਕੁੱਝ ਬਿਮਾਰੀਆਂ ਮਨੁੱਖੀ ਸਰੀਰ ਦੀਆਂ ਹਨ ਤੇ ਕੁੱਝ ਬਿਮਾਰੀਆਂ ਇਸ ਮਨ ਅਥਵਾ ਆਤਮਾ ਦੀਆਂ ਹਨ। ਸਰੀਰਕ ਬਿਮਾਰੀਆਂ ਵੱਖ ਵੱਖ ਕਿਸਮਾਂ ਦੀਆਂ ਹਨ ਤੇ ਉਹਨਾਂ ਦੇ ਇਲਾਜ ਲਈ ਵੱਖ ਵੱਖ ਹੀ ਹਸਪਤਾਲ ਹਨ। ਇੱਥੋਂ ਤਕ ਕਿ ਸਰੀਰ ਦੇ ਇੱਕ ਇੱਕ ਅੰਗ ਜਾਂ ਇੱਕ ਇੱਕ ਬਿਮਾਰੀ ਦੇ ਅਗਾਂਹ ਡਾਕਟਰ ਵੀ ਵੱਖਰੇ ਵੱਖਰੇ ਹੁੰਦੇ ਹਨ। ਚੰਗੇ ਹਸਪਤਾਲਾਂ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਹਰ ਬਿਮਾਰੀ ਦੇ ਮਾਹਰ ਡਾਕਟਰ ਹੀ ਰੱਖਦੇ ਹਨ ਜੋ ਬਿਮਾਰ ਤੋਂ ਬਿਮਾਰ ਆਦਮੀ ਦਾ ਯੋਗ ਤੇ ਢੁੱਕਵਾਂ ਇਲਾਜ ਕਰ ਸਕਣ। ਸੰਸਾਰ ਨੂੰ ਵੀ ਰੋਗੀ ਜਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਇਸ ਦਾ ਇਲਾਜ ਕਰਨ ਲਈ ਗੁਰੂ ਗ੍ਰੰਥ ਜੀ ਸਾਹਿਬ ਵਰਗਾ ਮਹਾਨ ਗ੍ਰੰਥ ਸੰਸਾਰ ਦੀ ਝੋਲ਼ੀ ਵਿੱਚ ਪਾਇਆਂ ਹੈ ਤਾਂ ਕਿ ਸੰਸਾਰੀ ਲੋਕ ਇਸ ਮਹਾਨ ਗ੍ਰੰਥ ਵਿਚੋਂ ਆਤਮਿਕ ਜੀਵਨ ਦੀ ਸੂਝ ਲੈ ਕੇ ਆਪਣੀਆਂ ਅੰਦਰਲੀਆਂ ਸੁਭਾਵਿਕ ਬਿਮਾਰੀਆਂ ਦੂਰ ਕਰ ਸਕਣ। ਗੁਰ ਵਾਕ ਹੈ— “ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ” —ਸਮਾਜ, ਧਰਮ, ਰਾਜਨੀਤੀ ਵਿੱਚ ਆਈ ਗਿਰਾਵਟ ਨੂੰ ਵੀ ਬਿਮਾਰੀ ਦਾ ਹੀ ਨਾਂ ਦਿੱਤਾ ਗਿਆ ਹੈ।

ਜੋ ਸੁਖਮਨੀ ਸਾਹਿਬ ਜੀ ਦੀ ਮਹਾਨ ਰਚਨਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ ਹੈ, ਇਸ ਦਾ ਮੁੱਖ ਭਾਵ ਮਨੁੱਖ ਨੂੰ ਆਪਣੇ ਮਨ ਦੀਆਂ ਬਿਮਾਰੀਆਂ ਤੋਂ ਛੁੱਟਕਾਰਾ ਪਾਉਣ ਦਾ ਹੈ। ਇਸ ਰਚਨਾ ਵਿੱਚ ਇੱਕ ਰਹਾਉ ਆਉਂਦਾ ਏ ਜੋ ਇਸ ਪਰਕਾਰ ਹੈ:---

“ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸਰਾਮ”॥ ਰਹਾਉ॥

ਪਰਮਾਤਮਾ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ, ਸਭ ਸੁੱਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ। ਅੰਮ੍ਰਿਤ ਸ਼ਬਦ ਦਾ ਭਾਵ ਹੈ ਆਤਮਿਕ ਸੁੱਖ ਦੇਣ ਵਾਲਾ ਪਰਮਾਤਮਾ ਦਾ ਨਾਮ ਜੋ ਭਗਤਾਂ ਨੇ ਆਪਣੇ ਹਿਰਦੇ ਵਿੱਚ ਟਿਕਾਇਆ ਹੁੰਦਾ ਹੈ। ਆਮ ਆਦਮੀ ਕਈ ਪਰਕਾਰ ਦੀਆਂ ਮੁਸ਼ਕਲਾਂ, ਸੰਸਿਆਂ, ਚਿੰਤਾਵਾਂ ਵਿੱਚ ਘਿਰਿਆ ਹੋਇਆ ਆਤਮਿਕ ਤਲ਼ ਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ, ਪਰ ਭਗਤ ਜਨ ਇਹਨਾਂ ਬਿਮਾਰੀਆਂ ਤੋਂ ਉੱਪਰ ਉੱਠ ਜਾਂਦੇ ਹਨ। ਸਾਰੇ ਸੁਖਮਨੀ ਸਾਹਿਬ ਵਿੱਚ ਮਨ ਦੀਆਂ ਬਿਮਾਰੀਆਂ ਅਥਵਾ ਰੋਗਾਂ ਦੀ ਗੱਲ ਕਰਦਿਆਂ ਉਹਨਾਂ ਦੇ ਸਮਾਧਾਨ ਦੀ ਗੱਲ ਕੀਤੀ ਗਈ ਹੈ। ਕਈ ਭੋਲੇ ਵੀਰਾਂ ਨੇ ਸਿਰਫ ਇੱਕ ਤੁਕ ਨੂੰ ਹੀ ਲੈ ਕੇ ਸਰੀਰਕ ਬਿਮਾਰੀਆਂ ਬਾਰੇ ਕਿਹਾ ਸੁਣਿਆ ਹੈ ਤੇ ਡਾਕਟਰੀ ਇਲਾਜ ਨਾ ਕਰਾਉਣ ਦੀ ਸਲਾਹ ਵੀ ਦੇਂਦੇ ਹਨ ਜਦ ਕਿ ਗੁਰਬਾਣੀ ਮਨੁੱਖੀ ਮਨ ਦੇ ਰੋਗਾਂ ਦੀ ਗੱਲ ਕਰਦੀ ਹੈ। “ਸਰਬ ਰੋਗ ਕਾ ਅਉਖਦੁ ਨਾਮੁ”॥ ਵਾਲੀ ਤੁਕ ਨੂੰ ਸਮਝਣ ਲਈ ਇਸ ਸਾਰੀ ਅਸਟਪਦੀ ਨੂੰ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਅੱਖਰੀਂ ਅਰਥ ਤਾਂ ਏਹੀ ਬਣਨਗੇ ਕਿ ਸਾਰੇ ਰੋਗਾਂ ਦੀ ਦਵਾਈ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਜੇ ਸਾਰੀ ਅਸਟਪਦੀ ਨੂੰ ਧਿਆਨ ਨਾਲ ਵਿਚਾਰਿਆ ਜਾਏ ਤਾਂ, ਰੋਗ ਵਿਚੋਂ (ਅਪਰਸ) ਸੁੱਚ ਰੱਖਣ ਦਾ ਨਿਕਲਦਾ ਹੈ। ਨਾਲ ਹੀ ਏਸੇ ਅਸਟਪਦੀ ਦੇ ਸਤਵੇਂ ਬੰਦ ਵਿੱਚ ਜੀਵਨ ਮੁਕਤੀ ਦਾ ਸੰਕਲਪ ਰੱਖਿਆ ਹੋਇਆ ਦਿਸਦਾ ਹੈ। “ਸਰਬ ਰੋਗ ਕਾ ਅਉਖਦੁ ਨਾਮੁ” ਨੂੰ ਵਿਚਾਰਨ ਲਈ ਇਸ ਅਸਟਪਦੀ ਦੇ ਹਰੇਕ ਬੰਦ ਦੀ ਵਿਚਾਰ ਕੀਤੀ ਜਾਏਗੀ। ਇਸ ਅਸ਼ਟਪਦੀ ਦਾ ਭਾਵ ਅਰਥ ਸਲੋਕ ਵਿੱਚ ਆਉਂਦਾ ਹੈ ਜੋ ਸਮੁੱਚੇ ਭਾਵ ਨੂੰ ਆਪਣੇ ਵਿੱਚ ਸਮਾਈ ਬੈਠਾ ਹੈ। ਸਲੋਕ ਤੇ ਅਸਟਪਦੀ ਇੱਕ ਪੂਰਾ ਸੈੱਟ ਹੋਣ ਕਰਕੇ ਮੁਕੰਮਲ ਵਿਸ਼ਾ ਹੈ।

ਸਲੋਕ-- ਉਰਿ ਧਾਰੈ ਜੋ ਅੰਤਰਿ ਨਾਮੁ॥ ਸਰਬ ਮੈ ਪੇਖੈ ਭਗਵਾਨੁ॥

ਨਿਮਖ ਨਿਮਖ ਠਾਕੁਰ ਨਸਕਾਰੈ॥ ਨਾਨਕ ਓਹੁ ਅਪਰਸੁ ਸਗਲ ਨਿਸਤਾਰੈ॥

ਜੋ ਮਨੁੱਖ ਪਰਮਾਤਮਾ ਦੇ ਨਾਮ ਭਾਵ ਉਹਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ, ਉਹ ਭਗਵਾਨ ਨੂੰ ਸਾਰਿਆਂ ਵਿੱਚ ਵਿਆਪਕ ਦੇਖਦਾ ਹੈ ਤੇ ਹਰੇਕ ਪਲ ਉਹਦੀ ਯਾਦ ਵਿੱਚ ਗੁਜ਼ਾਰਦਾ ਹੋਇਆ ਅਪਰਸ (ਸੁੱਚਾ) ਹੋ ਜਾਂਦਾ ਹੈ। ਉਹ ਫਿਰ ਹੋਰਨਾਂ ਜੀਵਾਂ ਨੂੰ ਸੰਸਾਰ ਦੇ ਵਿਕਾਰਾਂ ਵਲੋਂ ਹਟਾ ਕੇ ਮੁਕਤੀ ਵਾਲੇ ਰਸਤੇ ਤੇ ਤੋਰਦਾ ਹੈ। ਇਸ ਵਿੱਚ ਸ਼ਬਦ ਅਪਰਸ ਆਇਆ ਹੈ-ਜਿਸਦਾ ਸਬੰਧ ਸੁੱਚ ਤੇ ਭਿੱਟ ਨਾਲ ਅਉਂਦਾ ਹੈ। ਹਿੰਦੂ ਮਤ ਵਿੱਚ ਕਈ ਮਨੁੱਖ ਬੜੀ ਸੁੱਚ ਰੱਖਣ ਦੇ ਅਜੇਹੇ ਭਰਮ ਵਿੱਚ ਪੈ ਜਾਂਦੇ ਹਨ ਕਿ ਕਿਸੇ ਹੋਰ ਦੇ ਹੱਥ ਦੇ ਬਣੇ ਹੋਏ ਪ੍ਰਸ਼ਾਦੇ ਨੂੰ ਖਾਣਾ ਤਾਂ ਇੱਕ ਪਾਸੇ ਰਿਹਾ ਵਿਚਾਰੇ ਛੋਂਹਦੇ ਵੀ ਨਹੀਂ ਹਨ; ਗੁਰਮਤ ਅਨੁਸਾਰ ਅਸਲੀ ਸੁੱਚਾ ਉਹ ਮਨੁੱਖ ਹੈ ਜੋ ਹਰ ਵੇਲੇ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਪ੍ਰੋ ਰੱਖਦਾ ਹੈ। ਇਸ ਅਸਟਪਦੀ ਵਿੱਚ ਸਭ ਤੋਂ ਭਿਆਨਕ ਰੋਗ ਸਾਡੇ ਸਾਹਮਣੇ ਅਖੌਤੀ ਭਿੱਟ, ਸੁੱਚ (ਅਪਰਸ) ਦਾ ਆਉਂਦਾ ਹੈ, ਜੋ ਹਉਮੇ ਦੇ ਰੂਪ ਵਿੱਚ ਵੀ ਪ੍ਰਗਟ ਹੁੰਦੀ ਹੈ। ਗੁਰਬਾਣੀ ਹਉਮੇ ਨੂੰ ਦੀਰਘ ਰੋਗ ਦੱਸਦੀ ਹੈ ਜੋ ਆਤਮਿਕ ਬਿਮਾਰੀਆਂ ਦੀ ਜੜ੍ਹ ਮੰਨੀ ਗਈ ਹੈ। ਇਸ ਪਰਥਾਏ ਕੁੱਝ ਪ੍ਰਮਾਣ ਵੀ ਵਾਚਣ ਯੋਗ ਹਨ।

1. ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥

ਕਿਰਪਾ ਕਰਹਿ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਮ: ੨—ਪੰਨਾ ੪੬੬--

2. ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ॥ ਸਲੋਕ ਮ: ੩—ਪੰਨਾ ੫੮੯--

3. ਹੰਉਮੈ ਅੰਦਰਿ ਖੜਕੁ ਖੜਕੇ ਖੜਕਿ ਵਿਹਾਇ॥

ਹਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ॥ ਸਲੋਕ ਮ: ੩—ਪੰਨਾ—੫੦੨

4. ਹਉਮੈ ਵਡਾ ਰੋਗੁ ਹੈ ਸਿਰਿ ਮਾਰੈ ਜਮ ਕਾਲਿ॥ ਮਲਾਰ ਮਹਲਾ ੩—ਪੰਨਾ ੧੨੫੮—

5. ਮਨ ਅੰਤਰਿ ਹਉਮੈ ਰੋਗੁ ਹੈ ਭਰਮਿ ਭੁਲੇ ਮਨਮੁਖ ਦੁਰਜਨਾ॥

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ॥ ਸਲੋਕੁ ਮ: ੪—ਪੰਨਾ—੩੦੧—

ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿਚੋਂ ਮਿਲਦੇ ਹਨ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਚਲਦਾ ਹੈ ਕਿ ਗੁਰਬਾਣੀ ਸਰੀਰਕ ਰੋਗਾਂ ਦੀ ਗੱਲ ਨਹੀਂ ਕਰਦੀ ਇਹ ਤੇ ਸਗੋਂ ਅੰਦਰਲੇ ਰੋਗਾਂ ਦੀ ਗੱਲ ਕਰ ਰਹੀ ਹੈ। ਹੁਣ ਇਸ ਅਸਟਪਦੀ ਵਿੱਚ ਮੁਖ ਰੋਗ ਨੀਵੀਂ ਜਾਤੀ ਦੇ ਬੰਦੇ ਦੇ ਛੋਹ ਜਾਣਦਾ ਹੈ—ਜੇ ਕਰ ਨੀਵੀਂ ਜਾਤੀ ਦੇ ਕਿਸੇ ਆਦਮੀ ਦਾ ਪ੍ਰਛਾਵਾਂ ਅਚਾਨਕ ਉੱਚੀ ਕੁਲ ਦੇ ਆਦਮੀ ਉੱਤੇ ਪੈ ਜਾਂਦਾ ਸੀ ਤਾਂ ਉਹ ਭਿਟਿਆ ਹੋਇਆਂ ਸਮਝਿਆ ਜਾਂਦਾ ਸੀ, ਇੱਕ ਅੱਖ ਦੇ ਇਸ਼ਾਰੇ ਨਾਲ ਹੀ ਉਸ ਦੀ ਪਵਿੱਰਤਾ ਭੰਗ ਹੋ ਜਾਂਦੀ ਸੀ। ਬਨਾਵਟੀ ਸੁੱਚ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਇਹਨਾਂ ਵਿਚਾਰਿਆਂ ਨੂੰ ਕਈ ਵਾਰ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ ਪੈਂਦਾ ਸੀ, ਪਰ ਇਸ ਭਿਆਨਕ ਬਿਮਾਰੀ ਦੇ ਦਰਸ਼ਨ ਅੱਜ ਵੀ ਖੁਲ੍ਹੇ ਰੂਪ ਵਿੱਚ ਸਿੱਖਾਂ ਦੇ ਗੁਰਦੁਆਰਿਆਂ ਵਿਚੋਂ ਕੀਤੇ ਜਾ ਸਕਦੇ ਹਨ। ਇਸ ਅਸਟਪਦੀ ਦਾ ਸਲੋਕ ਇਹ ਦੱਸਦਾ ਏ ਕਿ, ਆਪਣੇ ਮਨ ਵਿੱਚ ਪਰਮਾਤਮਾ ਦਾ ਨਾਮ ਰੱਖ ਕੇ ਸੁੱਚਾ ਹੋਇਆ ਜਾ ਸਕਦਾ ਹੈ ਭਾਵ ਗੁਰੂ ਜੀ ਵਲੋਂ ਦੱਸੀ ਹੋਈ ਨਿਯਮਾਵਲੀ ਨੂੰ ਅਪਨਾਇਆਂ ਅਸੀਂ ਵਿਕਾਰਾਂ ਵਲੋਂ ਅਪਰਸ ਹੋ ਸਕਦੇ ਹਾਂ। ਇਸ ਅਸਟਪਦੀ ਦੇ ਪਹਿਲੇ ਬੰਦ ਵਿੱਚ ਕੁੱਝ ਨੁਕਤੇ ਦਿੱਤੇ ਗਏ ਹਨ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅਉਂਦੇ ਹੀ ਰਹਿੰਦੇ ਹਨ।

ਜ਼ਬਾਨ ਨੂੰ ਝੂਠ ਬੋਲਣ ਦਾ ਚਸਕਾ, ਪਿਆਰੀਆਂ ਅੱਖਾਂ ਨੂੰ ਪਰਾਇਆਂ ਰੂਪ ਤੱਕਣ ਦਾ ਚੱਸਕਾ, ਕੰਨਾਂ ਨੂੰ ਆਪਣੀ ਤਾਰੀਫ਼ ਤੇ ਗੁਆਢੀਆਂ ਦੀ ਨਿੰਦਿਆ ਸੁਣਨ ਦੀ ਭੈੜੀ ਆਦਤ, ਮਨ ਦੀਆਂ ਮਲੀਨ ਵਾਸ਼ਨਾਵਾਂ, ਤੇ ਘਟੀਆ ਸੋਚਾਂ ਦੇ ਭਿਆਨਕ ਰੋਗ ਇਸ ਨੂੰ ਚਿੰਬੜੇ ਹੋਏ ਹਨ। ਗੁਰੂ ਸਾਹਿਬ ਜੀ ਇਹਨਾਂ ਰੋਗਾਂ ਤੋਂ ਛੁਟਕਾਰੇ ਦੀ ਇੱਕ ਤਰਕੀਬ ਦੱਸਦੇ ਹਨ। ਜੇ ਰੱਬੀ ਦੀਦਾਰ ਦੀ ਚਾਹਨਾ ਰੱਖਦਾ ਏਂ, ਤਾਂ, ਸੰਗਤ ਦੀ ਸੇਵਾ, ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝ ਤੇ ਗੁਰੂ ਦੀ ਸੋਚ ਨੂੰ ਅਪਨਾ, ਫਿਰ ਇਹਨਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਏਸੇ ਹੀ ਬੰਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਆਖਦੇ ਹਨ ਕਿ ਭਲੇ ਬੰਦੇ ਆਪਣੇ ਗਿਆਨ ਇੰਦਰਿਆਂ ਨੂੰ ਸਹੀ ਤੇ ਉਸਾਰੂ ਸੋਚ ਵਲ ਗੁਰੂ ਜੀ ਦੇ ਗਿਆਨ ਦੁਆਰਾ ਮੋੜਨ ਦਾ ਯਤਨ ਕਰ ਜਿਸ ਨੂੰ “ਗੁਰ ਪ੍ਰਸਾਦਿ ਬਿਖਿਆ ਪਰਹਰੈ” ਕਿਹਾ ਗਿਆ ਹੈ:---

ਇੰਦ੍ਰੀ ਜਿਤ ਪੰਚ ਦੋਖ ਤੇ ਰਹਤ॥ ਨਾਨਕ ਕੋਟਿ ਮਧੇ ਕੋ ਐਸਾ ਅਪਰਸ॥

ਮਨੁੱਖ ਬਾਹਰਲੀ ਸੁੱਚ ਤੇ ਜ਼ੋਰ ਦੇ ਰਿਹਾ ਜਦ ਕਿ ਗੁਰਬਾਣੀ ਇਸ ਨੂੰ ਅੰਦਰੋਂ ਸੁੱਚਾ ਹੋਣ ਲਈ ਕਹਿ ਰਹੀ ਹੈ। ਵਿਸ਼ਨੂੰ ਦੀ ਪੂਜਾ ਕਰਨ ਵਾਲੇ ਨੂੰ ਆਮ ਕਰਕੇ ਵੈਸ਼ਨੂੰ ਕਿਹਾ ਜਾਂਦਾ ਹੈ ਦਰਅਸਲ ਵਿਸ਼ਨੂੰ ਦਾ ਪੁਜਾਰੀ ਬਾਹਰਲੀ ਸੁੱਚ ਭਿੱਟ ਰੱਖ ਕੇ ਆਪਣੇ ਆਪ ਨੂੰ ਪਵਿੱਤਰ ਸਮਝ ਰਿਹਾ ਹੈ, ਵੈਸ਼ਨੂੰ ਭਗਤ ਇੱਕ ਹੋਰ ਰੋਗ ਵਿੱਚ ਗ੍ਰਸਤ ਹੈ ਕਿ ਇਹ ਕਰਮ ਕਰਨ ਨਾਲ ਸਾਨੂੰ ਇਸ ਫਲ਼ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਇੱਕ ਐਸਾ ਮਾਨਸਿਕ ਰੋਗ ਹੈ ਜੋ ਸਾਰੀ ਉਮਰ ਇਸ ਦਾ ਖਹਿੜਾ ਨਹੀਂ ਛੱਡਦਾ। ਸੁਜਾਨ ਵੈਦ ਗੁਰੂ ਨੇ ਇਸ ਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਇਸ ਨੂੰ ਇੱਕ ਸੁਝਾਅ ਦਿੱਤਾ ਹੈ ਕਿ ਭਲੇ ਆਦਮੀ ਅਸਲ ਵੈਸ਼ਨੂੰ (ਪਵਿੱਤਰ) ਉਹ ਹੀ ਹੈ ਜੋ ਧਰਮ ਅਨੁਸਾਰ ਆਪਣੇ ਫਰਜ਼ ਦੀ ਪਹਿਛਾਣ ਕਰਕੇ ਪਵਿੱਤਰ ਕਰਮ ਕਰਦਾ ਹੋਇਆ ਕਿਸੇ ਫਲ਼ ਦੀ ਆਸ ਨਹੀਂ ਰੱਖਦਾ---ਦੂਸਰੇ ਬੰਦ ਵਿੱਚ ਬੜਾ ਕੀਮਤੀ ਖਿਆਲ ਦਿੱਤਾ ਹੈ:------

ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ॥

ਧਰਮ ਦੀ ਦੁਨੀਆਂ ਵਿੱਚ ਅਸੀਂ ਬਹੁਤ ਸਾਰੇ ਵਹਿਮ ਵੀ ਪਾਲ਼ੇ ਹੋਏ ਹਨ, ਤੇ ਇਹ ਵਹਿਮ ਹੀ ਸਾਡੇ ਮਾਨਸਿਕ ਰੋਗ ਹਨ। ਕਈ ਦਫਾ ਬੰਦਾ ਅਰਦਾਸ ਕਰਦਿਆਂ ਇਹ ਆਖਦਾ ਹੈ ਹੇ ਕਿ ਵਹਿਗੁਰੂ ਜੀ! ਮੇਰੀ ਮੰਗ ਹੁਣੇ ਹੀ ਪੂਰੀ ਹੋਣੀ ਚਾਹੀਦੀ ਹੈ, ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਤੂੰ ਮੰਗ ਦੀ ਥਾਂ ਤੇ ਆਪਣੇ ਮਨ ਵਿੱਚ ਉਹਦੇ ਸ਼ੁਭ ਗੁਣਾਂ ਨੂੰ ਅਪਨਾ ਲੈ, ਬਿਨਾ ਭਿੰਨ ਭਾਵ ਦੇ ਸਾਰਿਆ ਵਿੱਚ ਉਸ ਪਰਮਾਤਮਾ ਨੂੰ ਦੇਖਣ ਦਾ ਯਤਨ ਕਰ ਜ਼ਿੰਦਗੀ ਵਿੱਚ ਇਹ ਅਨੋਖੇ ਪਰਮਗਤ ਦੀ ਪਰਾਪਤੀ ਊ---- ਜਿਹਾ ਕਿ ਵਾਕ ਹੈ:----

ਮਨ ਤਨ ਅੰਤਰਿ ਸਿਮਰਨ ਗੋਪਾਲ॥ ਅਤੇ--------

ਨਾਨਕ ਓਹੁ ਬੈਸਨੋ ਪਰਮਗਤਿ ਪਾਵੈ॥

ਇਸ ਪਵਿੱਤਰ ਅਸਟਪਦੀ ਦੇ ਤੀਸਰੇ ਬੰਦ ਵਿੱਚ ਮੰਦ ਕਰਮੀਆਂ ਦੀ ਸੰਗਤ ਛੱਡਣ ਦਾ ਸੰਕੇਤ ਆਉਂਦਾ ਹੈ, “ਸਗਲ ਤਿਆਗੈ ਦੁਸਟ ਕਾ ਸੰਗ”। ਸਿਆਣੇ ਕਹਿੰਦੇ ਨੇ ਵਹਿਮ ਦਾ ਇਲਾਜ ਤਾਂ ਲੁਕਮਾਨ ਹਕੀਮ ਦੇ ਪਾਸ ਵੀ ਨਹੀਂ ਸੀ, ਤੇ ਵਹਿਮ ਦੀ ਜੜ੍ਹ ਕੈਂਸਰ ਦੇ ਰੋਗ ਵਾਂਗ ਵੱਧਦੀ ਹੀ ਜਾਂਦੀ ਹੈ, ਆਮ ਆਦਮੀ ਵਹਿਮੀ ਹੋਣ ਕਰਕੇ ਹੀ ਰੋਗੀ ਹੈ। ਗੁਰੂ ਜੀ ਆਖਦੇ ਹਨ ਕਿ ਵਹਿਮ ਅਥਵਾ ਭਰਮ ਦੂਰ ਹੋ ਜਾਂਦੇ ਨੇ ਜੇਕਰ ਗੁਰੂ ਦੀ ਸੰਗਤ ਕੀਤੀ ਜਾਏ। “ਮਨ ਤੇ ਬਿਨਸੈ ਸਗਲਾ ਭਰਮੁ”, ਤੇ ਭਰਮ ਵਹਿਮ ਮਨ ਵਿਚੋਂ ਮਿੱਟਦਿਆਂ ਭਗਤ ਜਨ ਦੀ ਮਤ ਉੱਚੀ ਹੁੰਦੀ ਹੈ। “ਤਿਸੁ ਭਗਉਤੀ ਕੀ ਮਤਿ ਊਤਮ ਹੋਵੈ”, ਆਪਣਾ ਮਨ ਤੇ ਤਨ ਪ੍ਰਭੂ ਪਿਆਰ ਤੋਂ ਵਾਰ ਦੇਂਦਾ ਹੈ। “ਮਨੁ ਤਨੁ ਅਰਪੈ ਬਿਸਨੁ ਪਰੀਤਿ” ਮਨ ਤਨ ਅਰਪਣ ਦਾ ਭਾਵ ਆਪਣੇ ਆਪ ਨੂੰ ਨਿਯਮਬਧ ਕਰਨਾ, ਅਜੇਹਾ ਤਾਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੇ ਚਰਨਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਏ, “ਹਰਿ ਕੇ ਚਰਨ ਹਿਰਦੈ ਬਸਾਵੈ” ਪਰਮਾਤਮਾ ਦੇ ਸਰੀਰਕ ਤਲ਼ ਤੇ ਚਰਨ ਹੈ ਕੋਈ ਨਹੀਂ ਇਸ ਲਈ ਪ੍ਰਭੂ ਜੀ ਦੇ ਗੁਣਾਂ ਅਥਵਾ ਉਸ ਦੀ ਨਿਯਮਾਵਲੀ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਏਹੀ ਉਹਦੇ ਚਰਨ ਹਨ। ਇਸ ਬੰਦ ਵਿੱਚ ਭੈੜੀ ਦੋਸਤੀ ਤੇ ਵਹਿਮ ਭਰਮ ਦੇ ਰੋਗਾਂ ਤੋਂ ਖਲਾਸੀ ਪਾਉਣ ਨੂੰ ਕਿਹਾ ਗਿਆ ਜਾਪਦਾ ਹੈ।

ਸੁਖਮਨੀ ਸਾਹਿਬ ਦੀ ਇਸ ਨੌਵੀਂ ਅਸਟਪਦੀ ਦੇ ਚੌਥੇ ਬੰਦ ਵਿੱਚ ਉਸ ਰੋਗੀ ਦਾ ਜ਼ਿਕਰ ਕੀਤਾ ਹੈ ਜੋ ਆਪਣੇ ਆਪ ਨੂੰ ਧਰਮ ਦਾ ਸ਼ਾਸ਼ਤਰੀ ਅਖਵਾਉਂਦਾ ਹੈ। ਐ ਧਾਰਮਿਕ ਸਿੱਖਿਆ ਦਾਤਾ ਤੂੰ ਆਪਣੇ ਮਨ ਦੇ ਰੋਗ ਦਾ ਇਲਾਜ ਕਰ, ਪਹਿਲਾਂ ਇਸ ਮਨ ਨੂੰ ਪ੍ਰਬੋਧ, ਧਰਮੀ ਪਰਚਾਰਕ ਜੀਓ ਤੁਸੀਂ ਆਪਣੇ ਮਨ ਦੀ ਸੁੱਚ ਭਿੱਟ ਨੂੰ ਦੂਰ ਕਰਦਿਆਂ, ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਕਰੋ ਤਾਂ ਜੋ ਤੁਸੀਂ ਧਰਮੀ ਪੰਡਿਤ, ਅਥਵਾ ਪਰਚਾਰਕ ਬਣ ਸਕੋ --

ਸੋ ਪੰਡਿਤੁ ਜੋ ਮਨੁ ਪ੍ਰਬੋਧੇ॥ ਰਾਮ ਨਾਮੁ ਆਤਮੁ ਮਹਿ ਸੋਧੈ॥

ਗੱਲ ਫਿਰ ਮੁੜ ਕੇ ਹਿਰਦੇ ਦੀ ਆਉਂਦੀ ਹੈ ਪਰ ਅਸੀਂ ਸਰੀਰ ਦੇ ਰੋਗ ਦੀ ਗੱਲ ਕਰ ਰਹੇ ਹੁੰਦੇ ਹਾਂ, “ਹਰਿ ਕੀ ਕਥਾ ਹਿਰਦੈ ਬਸਾਵੈ” ਦਾ ਅਭਿਆਸ ਕੀਤਿਆਂ ਹੰਕਾਰ ਤਥਾ ਆਤਮਿਕ ਮੌਤ ਦੀਆਂ ਜੂਨਾਂ ਵਿੱਚ ਨਹੀਂ ਆਉਂਦਾ। “ਸੋ ਪੰਡਿਤੁ ਫਿਰਿ ਜੋਨਿ ਨ ਆਵੈ”। ਸਾਡੇ ਮੁਲਕ ਵਿੱਚ ਤਾਂ ਬਹੁਤ ਸਾਰੇ ਭ੍ਰਿੰਗੀ ਗੁਰੂ ਬਣੀ ਬੈਠੇ ਹਨ ਜੋ ਸਿਰਫ ਉੱਚ ਜਾਤੀਆਂ ਨੂੰ ਹੀ ਉਪਦੇਸ਼ ਦੇਂਦੇ ਹਨ ਦੇਖੋ ਧਾਰਮਿਕ ਪਰਚਾਰਕਾਂ ਨੂੰ ਕਿੱਡਾ ਵੱਡਾ ਰੋਗ ਚਿੰਬੜਿਆ ਹੋਇਆ ਹੈ, ਗੁਰੂ ਸਾਹਿਬ ਜੀ ਨੇ ਇਸ ਰੋਗ ਤੋਂ ਮੁਕਤੀ ਦਿਵਾਉਂਦਿਆ ਹੋਇਆ ਬੜਾ ਪਿਆਰਾ ਫਾਰਮੂਲਾ ਇਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਹੇ ਪੰਡਿਤ, ਗਿਆਨੀ, ਗ੍ਰੰਥੀ, ਮੁਲਾਂ, ਗੱਲ ਕੀ, ਹਰੇਕ ਧਰਮ ਦੇ ਪੁਜਾਰੀਓ! ਸਾਰੀ ਮਨੁੱਖਤਾ ਨੂੰ ਰੱਬ ਦਾ ਰੂਪ ਜਾਣਦਿਆ ਹੋਇਆਂ, ਮਨੁੱਖਤਾ ਦੀਆਂ ਕਦਰਾਂ ਕੀਮਤਾਂ ਦਾ ਸਾਂਝਾ ਉਪਦੇਸ਼ ਕਿਉਂ ਨਹੀਂ ਤੁਸੀਂ ਦੇ ਰਹੇ, “ਚਹੁ ਵਰਨਾ ਕਉ ਦੇ ਉਪਦੇਸੁ॥ ਨਾਨਕ ਉਸੁ ਪੰਡਿਤੁ ਕਉ ਸਦਾ ਅਦੇਸੁ”॥ ਹਾਂ ਜਿਹੜਾ ਇਸ ਸਾਂਝੀਆਂ ਰੱਬੀ ਕੀਮਤਾਂ ਕੱਦਰਾਂ ਨੂੰ ਬਰਕਰਾਰ ਰੱਖ ਰਿਹਾ ਹੈ ਮੈਂ ਉਸ ਨੂੰ ਨਮਸਕਾਰ ਕਰਦਾ ਹਾਂ, ਭਾਵ ਆਦਰ ਕਰਦਾ ਹਾਂ।

ਪੰਜਵੇਂ ਬੰਦ ਵਿੱਚ ਚਾਰ ਕਿਸਮ ਦੇ ਹੋਰ ਰੋਗੀ ਸਾਡੇ ਸਾਹਮਣੇ ਰੱਖੇ ਗਏ ਹਨ, “ਕਰਿ ਕਿਰਪਾ ਅੰਤਰਿ ਉਰਧਾਰੈ॥ ਪਸੁ, ਪ੍ਰੇਤ, ਮੁਘਦ, ਪਾਥਰ ਕਉ ਤਾਰੈ”॥ ਅੱਜ ਤੀਕ ਕਿਸੇ ਨੇ ਪੱਥਰ ਤਰਦਾ ਨਹੀਂ ਦੇਖਿਆ ਤੇ ਪ੍ਰੇਤ ਦੀ ਸ਼ਕਲ ਵੀ ਕਿਸੇ ਨੇ ਨਹੀਂ ਦੇਖੀ, ਮੰਨ ਲਉ ਜੇ ਪ੍ਰੇਤ ਦਿਖਾਈ ਦੇ ਦੇਵੇ ਤਾਂ ਮਨੁੱਖ ਦਾ ਕਈ ਦਿਨ ਬੁਖਾਰ ਹੀ ਨਹੀਂ ਉਤਰਨਾ, ਪੁਸ਼ੂਆਂ ਤੋਂ ਮਨੁੱਖ ਬਣਿਆ ਕੋਈ ਨਹੀਂ ਹੈ। ਇਹਨਾਂ ਦੇ ਭਾਵ ਅਰਥ ਲਿਆਂ ਗੱਲ ਸਮਝ ਵਿੱਚ ਆ ਸਕਦੀ ਹੈ। ਪਸ਼ੂ ਨੂੰ ਮਾੜੀ ਜੇਹੀ ਵੀ ਖੁਲ੍ਹ ਮਿਲ ਜਾਏ ਉਹ ਉਸੇ ਵੇਲੇ ਹੀ ਕੀ ਆਪਣੀਆਂ ਤੇ ਕੀ ਬਿਗਾਨੀਆਂ ਸਭ ਫਸਲਾਂ ਦੀ ਤਬਾਹੀ ਮਚਾਏਗਾ। ਪਸ਼ੂ ਬਿਰਤੀ ਵਾਲਾ ਮਨੁੱਖ ਵੀ ਬਿਨਾ ਸੋਚਣ ਦੇ ਨੁਕਸਾਨ ਕਰੇਗਾ। ਪੱਥਰ ਅਬੋਧ ਹੋਣ ਕਰਕੇ ਅਰਾਮ ਨਾਲ ਘੂਕ ਸੁੱਤਾ ਪਿਆ ਹੈ; ਬਨਾਸਪਤੀ ਦਾ ਇੱਕ ਹਿੱਸਾ ਜਾਗਦਾ ਹੈ ਤੇ ਤਿੰਨ ਹਿੱਸੇ ਇਸ ਦੇ ਸੁੱਤੇ ਹੋਏ ਹਨ, ਪਸ਼ੂ ਦੋ ਹਿੱਸੇ ਜਾਗਦਾ ਹੈ ਤੇ ਦੋ ਹਿੱਸੇ ਸੁੱਤਾ ਹਇਆ ਹੈ ਤੇ ਮਨੁੱਖ ਭਾਅ ਜੀ ਤਿੰਨ ਹਿੱਸੇ ਜਾਗਦੇ ਹਨ ਤੇ ਇੱਕ ਹਿੱਸਾ ਇਸਦਾ ਵੀ ਸੁੱਤਾ ਹੋਇਆ ਹੈ। ਜੇ ਮਨੁੱਖ ਭਾਅ ਜੀ ਦਾ ਸੁੱਤਾ ਹੋਇਆ ਹਿੱਸਾ ਜਾਗ ਪਏ ਤਾਂ ਏਹੀ ਦੇਵਤਾ ਸਵਰੂਪ ਬਣ ਸਕਦਾ ਹੈ ਜੇ ਕਰ ਇਸਦਾ ਇੱਕ ਹਿੱਸਾ ਹੋਰ ਸੌਂ ਜਾਏ ਤਾਂ ਇਹ ਪਸ਼ੂ ਬਿਰਤੀ ਵਿੱਚ ਵਿਚਰੇਗਾ। ਰੱਬ ਨਾ ਕਰੇ ਜੇ ਕਰ ਇਸ ਦੇ ਤਿੰਨ ਹਿੱਸੇ ਸੌਂ ਜਾਣ ਤਾਂ ਇਹ ਭਾਅ ਜੀ ਸਮਝੋ ਰੁਖਾਂ ਵਾਂਗ ਇੱਕ ਥਾਂ ਤੇ ਖੜਾ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜੇ ਇਹ ਸਾਰਾ ਹੀ ਸੌਂ ਜਾਏ ਤਾਂ ਇਹ ਪੱਥਰ ਤੋਂ ਵੱਧ ਕੁੱਝ ਵੀ ਨਹੀਂ ਹੈ। ਗੁਰੂ ਜੀ ਕਹਿ ਰਹੇ ਹਨ ਕੇ “ਕਰਿ ਕਿਰਪਾ ਅੰਤਰਿ ਉਰਧਾਰੈ”, ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਰੱਖ ਤੇ ਇੰਜ ਕਰਨ ਨਾਲ ਤੇਰੇ ਘੱਟੋ ਘੱਟ ਚਾਰ ਰੋਗ ਤਾਂ ਦੂਰ ਹੋਣਗੇ। ਪਸ਼ੂ ਬਿਰਤੀ ਦਾ ਰੋਗ, ਚੰਦਰੀ ਰੂਹ (ਪ੍ਰੇਤ) ਦਾ ਰੋਗ, ਮਨ ਦੇ ਮੂਰਖ ਪੁਣੇ ਦਾ ਰੋਗ, ਪੱਥਰ ਬਿਰਤੀ ਦਾ ਰੋਗ, ਇਹਨਾਂ ਸਾਰੀਆਂ ਆਤਮਿਕ ਕੰਮਜ਼ੋਰੀਆਂ, ਭਾਵ ਅੰਦਰਲੇ ਰੋਗਾਂ ਤੋਂ ਖਹਿੜਾ ਛੁੱਟ ਸਕਦਾ ਹੈ, ਤੇ ਅਸੀ ਸੰਸਾਰ ਵਿਚੋਂ ਤਰ ਸਕਦੇ ਹਾਂ।

ਗੁਰੂ ਸਾਹਿਬ ਜੀ ਨੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਸਮਾਧਾਨ ਰੱਬੀ ਗਿਆਨ, “ਬੀਜ ਮੰਤਰੁ ਸਰਬ ਕੋ ਗਿਆਨੁ” ਦੱਸਿਆ ਹੈ। ਜਿਹੜਾ ਵੀ ਇਸ ਅਭਿਆਸ ਵਿੱਚ ਪੈ ਗਿਆ ਉਸ ਦੀ ਹੀ ਗਤ ਭਾਵ ਹਾਲਤ ਬਦਲ ਜਾਏਗੀ। “ਜੋ ਜੋ ਜਪੈ” ਗਿਆਨ ਦਾ ਅਭਿਆਸ ਕਰਨਾ, ਉਸ ਨੂੰ ਸਮਝਣਾ, “ਤਿਸ ਕੀ ਗਤਿ ਹੋਇ” ਆਤਮਿਕ ਸਥਿਤੀ ਦਾ ਸੁਧਾਰ ਤੇ ਆਤਮਿਕ ਰੋਗਾਂ ਦਾ ਦੂਰ ਹੋਣਾ ਹੈ। ਰੋਗਾਂ ਵਲੋਂ ਮੁਕਤ ਹੋਣ ਲਈ, ਉੱਦਮ ਦੀ ਜ਼ਰੂਰਤ ਤੇ ਜ਼ੋਰ ਦੇਂਦਿਆਂ ਸੰਗਤ ਦਾ ਵਿਧੀ ਵਿਧਾਨ ਦਿੱਤਾ ਗਿਆ ਹੈ। ਜੇਹਾ ਕਿ ਏਸੇ ਹੀ ਬੰਦ ਵਿੱਚ ਆਇਆ ਹੈ, “ਸਾਧ ਸੰਗਿ ਪਾਵੈ ਜਨੁ ਕੋਇ” ਵਿਚੋਂ; “ਪਾਵੈ ਜਨੁ ਕੋਇ” ਉਦਮੀ ਹੋਣ ਦਾ ਦਮ ਭਰਦਾ ਹੈ। ਮਨੁੱਖੀ ਸੁਭਾਅ ਵਿੱਚ ਵੱਖ ਵੱਖ ਨੀਵੀਆਂ ਪ੍ਰਵਿਰਤੀਆਂ ਦਾ ਆ ਜਾਣਾ ਮਨ ਦੀ ਕੰਮਜ਼ੋਰੀ ਦੇ ਰੋਗ ਹਨ। ਇਹਨਾਂ ਰੋਗਾਂ ਦਾ ਇਲਾਜ ਵੀ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਨੇ; “ਸਰਬ ਰੋਗ ਕਾ ਅਉਖਦੁ ਨਾਮ॥ ਕਲਿਆਣ ਰੂਪ ਮੰਗਲ ਗੁਣੁ ਗਾਮ”॥ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ, ਪ੍ਰਭੂ ਦੇ ਗੁਣ ਗਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹਨ। ਪਰਮਾਤਮਾ ਦੇ ਨਾਮ ਦਾ ਅਰਥ ਹੈ ਉਸ ਦੇ ਸਦੀਵਕਾਲ ਗੁਣਾਂ ਦਾ ਧਾਰਨੀ ਹੋਣਾ; ਤੇ ਇਹਨਾਂ ਦੇ ਭਾਵ ਅਰਥ ਲੈ ਕੇ ਹੀ ਅਸੀਂ ਨਾਮ ਦੀ ਦਵਾਈ ਨੂੰ ਸਮਝ ਸਕਦੇ ਹਾਂ। ਸ਼ਬਦ ਆਉਂਦਾ ਹੈ,

੧ “ਗੁਣ ਗਾਵਾਂ ਦਿਨੁ ਰਾਤਿ ਨਾਨਕ ਚਾਉ ਏਹੁ”॥ ੭੬੨

੨ “ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ”॥ ੯੬੧

੩ “ਗੁਣੁ ਗ+ਪਾਲ ਦਿਨ ਰੈਣਿ ਧਿਆਇਆ”॥ ੧੧੫੦

ਚੌਵੀ ਘੰਟੇ ਕੋਈ ਵੀ ਮਨੁੱਖ ਗਾ ਨਹੀਂ ਸਕਦਾ, ਰੋਟੀ ਖਾਣੀ, ਨੌਕਰੀ ਕਰਨੀ, ਸਉਣਾ ਤੇ ਘਰ ਦੇ ਕਈ ਪਰਕਾਰ ਦੇ ਹੋਰ ਕੰਮ ਕਰਨੇ; ਕੀ ਮਨੁੱਖ ਆਪਣੇ ਗਲ਼ ਵਿੱਚ ਢੋਲਕੀ ਪਾ ਕੇ ਜਾਂ ਹੱਥ ਵਿੱਚ ਖੜਤਾਲਾਂ ਪਕੜ ਕੇ ਸਾਰਾ ਸਾਰਾ ਦਿਨ ਗਉਂਦਾ ਹੀ ਰਹੇ? ਇੰਜ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕ੍ਰਿਤ; ਨਾਮ ਤੇ ਫਿਰ ਵੰਡ ਕੇ ਛੱਕਣ ਦਾ ਫਾਰਮੂਲਾ ਦਿੱਤਾ ਹੈ। ਹੁਣ ਕ੍ਰਿਤ ਦਾ ਰਿਸ਼ਤਾ ਆਰਥਿਕਤਾ ਨਾਲ ਜੁੜਿਆ ਹੋਇਆ ਏ; ਤੇ ਨਾਮ ਜਪਣ ਵਿਚੋਂ ਧਰਮ ਦਾ ਫੁੱਲ ਖਿੜਦਾ ਦਿਖਾਈ ਦੇਂਦਾ ਹੈ। ਵੰਡ ਕੇ ਛੱਕਣਾ ਸਮਾਜਿਕ ਬਰਾਬਰੀ ਦਾ ਸੰਘਣਾ ਬੱਦਲ ਹੈ; ਜਿਸ ਨੇ ਬਰਸ ਕੇ ਸਾਰਿਆਂ ਨੂੰ ਜਲਥਲ ਕਰਨਾ ਹੈ।

“ਸਰਬ ਰੋਗ ਕਾ ਅਉਖਦੁ ਨਾਮ” ਸਾਡੀਆਂ ਮਾਨਸਿਕ ਬਿਮਾਰੀਆਂ ਦਾ ਸਮਾਧਾਨ ਹੈ ਜੋ ਰੱਬ ਜੀ ਦੇ ਗੁਣ ਗਾਦਿਆਂ ਗਾਦਿਆਂ ਦੂਰ ਕਰਨੀਆਂ ਹਨ। “ਕਲਿਆਣ ਰੂਪ ਮੰਗਲ ਗੁਣੁ ਗਾਮ” ਗੁਰੂ ਜੀ ਤਾਂ ਦਸ ਰਹੇ ਹਨ ਕਿ ਐ ਭਲੇ ਮਨੁੱਖ ਸੱਚ ਤਾਂ ਇਹ ਹੈ ਕਿ “ਕਰਤੂਤਿ ਪਸੂ ਕੀ ਮਾਨਸ ਜਾਤਿ” ਪਸ਼ੂ ਬਿਰਤੀ ਦਾ ਰੋਗ ਤੇਰੇ ਮਨ ਵਿੱਚ ਹੈ ਪਰ ਦੇਖਣ ਨੂੰ ਤੂੰ ਮਨੁੱਖ ਲੱਗਦਾ ਏਂ। ਮਾਨਸਿਕ ਬਿਮਾਰੀਆਂ ਦਾ ਇਲਾਜ ਕਰਦਿਆਂ ਗੁਰੂ ਸਾਹਿਬ ਜੀ ਨੇ ਰੱਬ ਦੇ ਗੁਣਾਂ ਦਾ ਹਰ ਵੇਲੇ ਅਭਿਆਸ ਕਰਦੇ ਰਹਿਣਾ ਦੱਸਿਆ ਹੈ ਤੇ ਏਸੇ ਨੂੰ ਹੀ ਉਹ ਦਾ ਨਾਮ ਜੱਪਣਾ ਆਖਿਆ ਹੈ। ਹੋਰ ਰਸਮਾਂ ਰਿਵਾਜਾਂ ਨਾਲ ਜਿਵੇਂ ਠੰਡੇ ਪਾਣੀ ਵਿੱਚ ਖਲੋ ਕੇ ਬੰਦਗੀ ਕਰਨੀ ਜਾਂ ਧੂਣੀਆਂ ਤਪਾ ਸਰੀਰ ਨੂੰ ਕਸ਼ਟ ਦੇਣੇ; ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ; ਸਾਰੀ ਸਾਰੀ ਰਾਤ ਗਉਂਦੇ ਰਹਿਣ ਨਾਲ ਧਰਮ ਦੀ ਪ੍ਰਾਪਤੀ ਨਹੀਂ ਕਹੀ ਜਾ ਸਕਦੀ; “ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ”। ਮਨ ਦੀਆਂ ਬਿਮਾਰੀਆਂ ਦੂਰ ਕਰਨ ਦੀ ਜਿਸ ਦਿਨ ਤੋਂ ਸਮਝ ਆ ਗਈ ਉਸ ਨੂੰ ਧੁਰ (ਮੁੱਢ) ਕਿਹਾ ਗਿਆ ਹੈ। ਇੱਕ ਮਨੁੱਖ ਨੂੰ ਚੋਰੀ ਕਰਨ ਦੀ ਆਦਤ, ਜਾਂ ਸ਼ਰਾਬ ਪੀਣ ਦੀ ਭੈੜੀ ਵਾਦੀ ਪਈ ਹੋਈ ਹੈ, ਪਰ ਅੱਜ ਉਸ ਨੂੰ ਗੁਰੂ ਦੀ ਮਤ ਦੁਆਰਾ ਸਮਝ ਆ ਗਈ ਕਿ ਮੈਂ ਸਮਾਜ, ਪਰਵਾਰ, ਤੇ ਆਪਣੇ ਆਪ ਉੱਤੇ ਬ੍ਹੋਝ ਹਾਂ ਉਹ ਇਹਨਾਂ ਭੈੜੀਆਂ ਬਿਮਾਰੀਆਂ ਤੋਂ ਮੁਕਤੀ ਹਾਸਲ ਕਰਨ ਦੇ ਯਤਨ ਵਿੱਚ ਰਹੇਗਾ। ਜਦੋਂ ਆਪਣੇ ਆਪ ਨੂੰ ਇਸ ਅਭਿਆਸ ਵਿੱਚ ਪਾ ਕੇ ਅਭਿਆਸੀ ਬਣ ਗਿਆ ਤਾਂ ਇਸ ਦੀ ਮੁੱਢਲੀ ਤਬਦੀਲੀ ਨੂੰ ਅਰੰਭਤਾ ਜਾਂ ਧੁਰ ਕਰਮ ਦਾ ਨਾਂ ਦਿੱਤਾ ਹੈ। “ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ” ; ਕਿਉਂਕਿ ਬੁਰਾ ਤੇ ਭਲਾ ਦੋਵੇਂ ਬੀਜ ਸਾਡੇ ਮਨ ਦੇ ਵਿੱਚ ਹੀ ਪਏ ਹੋਏ ਹਨ ਜਿਹੜੀ ਸੰਗਤ ਮਿਲ ਗਈ ਉਸੇ ਬੀਜ ਨੇ ਹੀ ਪੁੰਗਰ ਪੈਣਾ ਹੈ ਤੇ ਉਹੀ ਦਰੱਖਤ ਵੱਡਾ ਹੋ ਜਾਣਾ ਹੈ। “ਕਰਣੀ ਕਾਗਦੁ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ”॥ ਇੱਕ ਆਦਮੀ ਤਾਸ਼ ਖੇਡ ਰਿਹਾ ਹੈ ਉਸ ਨੂੰ ਕਿਹਾ ਜਾਏ ਭਈ ਸਮਾਜ ਦੀ ਸੇਵਾ ਵੀ ਕਰ ਲਿਆ ਕਰ ਤੇ ਉਹ ਅਗੋਂ ਘੜਿਆ ਘੜਾਇਆ ਉੱਤਰ ਦੇਂਦਾ ਹੈ ਕਿ ਮੇਰੇ ਭਾਗਾਂ ਵਿੱਚ ਸੇਵਾ ਨਹੀਂ ਲਿਖੀ ਕੀ ਉਸ ਭੱਦਰ ਪੁਰਸ਼ ਨੂੰ ਪੁੱਛਿਆ ਜਾ ਸਕਦਾ ਹੈ ਕਿ ਤੇਰੇ ਭਾਗਾਂ ਵਿੱਚ ਤਾਸ਼ ਖੇਡਣੀ ਲਿਖੀ ਹੋਈ ਹੈ? ਦਰਅਸਲ ਮਨੁੱਖ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੈ ਇਸ ਲਈ ਸਾਰਾ ਕੁੱਝ ਰੱਬ ਤੇ ਸੁੱਟ ਆਪ ਸੁਰਖਰੂ ਹੋਣਾ ਚਾਹੁੰਦਾ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣ ਵਾਲੇ ਨੂੰ ਹੀ ਰਾਮ ਜੀ ਦਾ ਦਾਸ ਦੱਸਿਆ ਹੈ ਜਿਹਾ ਪੰਜਵੇਂ ਬੰਦ ਵਿੱਚ ਆਇਆ ਹੈ।

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸ॥ ਤਿਸ ਕਾ ਨਾਮੁ ਸਤਿ ਰਾਮਦਾਸ॥

ਦਰਗਾਹ, ਸਮਾਜਿਕ ਭਾਈਚਾਰੇ ਵਿੱਚ ਉਸ ਨੂੰ ਪਰਵਾਨਗੀ ਮਿਲਦੀ ਹੈ ਕਿਉਂਕਿ ਉਹ ਰਾਮ ਜੀ ਨੂੰ ਹਰ ਵੇਲੇ ਆਪਣੇ ਆਲ਼ੇ- ਦੁਆਲ਼ੇ ਦੇਖਦਾ ਹੈ। “ਆਤਮ ਰਾਮੁ ਤਿਸੁ ਨਦਰੀ ਆਇਆ” ਅਤੇ “ਸੋ ਦਾਸੁ ਦਰਗਹ ਪਰਵਾਨੁ” ਵਾਲੀ ਪਦਵੀ ਤੇ ਪਹੁੰਚਦਾ ਹੈ। ਪਰਵਾਰਕ ਜ਼ਿਮੇਵਾਰੀਆਂ ਨੂੰ ਨਿਬਾਹੁੰਦਾ ਹੋਇਆਂ ਵੀ ਸੰਸਾਰ ਵਿੱਚ ਨਿਰਲੇਪ ਰਹਿੰਦਾ ਹੈ ਤੇ ਅਜੇਹੀ ਸੂਝ ਆਉਣ ਵਾਲੇ ਨੂੰ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੀ ਜਾਚ ਆ ਜਾਂਦੀ ਹੈ। “ਤਿਸੁ ਦਾਸ ਕਉ ਸਭ ਸੋਝੀ ਪਰੈ” ਆਤਮਿਕ ਰੋਗਾਂ ਤੋਂ ਛੁਟਕਾਰਾ ਪਉਣ ਵਾਲੇ ਨੂੰ ਕਿਹਾ ਹੈ “ਐਸੀ ਜੁਗਤਿ ਨਾਨਕ ਰਾਮਦਾਸੁ” ਹੇ ਨਾਨਕ ਇਹੋ ਜੇਹੀ ਜੀਵਨ ਜੁਗਤੀ ਆਉਣ ਨਾਲ ਉਹ ਅਸਲੀ ਰਾਮ ਦਾ ਦਾਸ ਬਣ ਜਾਂਦਾ ਹੈ।

ਹਾਥੀ, ਮੱਛੀ, ਭੌਰਾ, ਹਿਰਨ ਤੇ ਪਤੰਗਾ ਇੱਕ ਇੱਕ ਰੋਗ ਦੇ ਮਰੀਜ਼ ਹੋਣ ਕਰਕੇ ਵਿਚਾਰੇ ਆਪਣੀ ਜਾਨ ਗਵਾ ਲੈਂਦੇ ਹਨ; ਜੇਹਾ ਕਿ ਵਾਕ ਹੈ, -- “ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ”॥ ਪਰ ਦੇਖੋ ਇਸ ਖੁਦਾਵੰਦ ਕਰੀਮ ਦੇ ਬੇਟੇ ਨੂੰ ਪੰਜੇ ਹੀ ਇਹ ਅਸਾਧ ਰੋਗ ਚਿੰਬੜੇ ਹੋਏ ਹਨ ਕੀ ਇਸ ਦੇ ਬਚਣ ਦੀ ਕੋਈ ਆਸ ਹੋ ਸਕਦੀ ਹੈ? “ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ”॥ ਆਤਮਿਕ ਬਿਮਾਰੀਆਂ ਨਾਲ ਇਸ ਦੀ ਖਸਤਾ ਹੋਈ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਇੱਕ ਹੋਰ ਵਾਕ ਰਾਂਹੀ ਇਸ ਦੀ ਅਸਲੀ ਤਸਵੀਰ ਸਾਹਮਣੇ ਰੱਖ ਕੇ ਕਿਹਾ ਹੈ ਕਿ ਹੇ ਪਰਮਾਤਮਾ ਇਸ ਵਿਚਾਰੇ ਦੀਆਂ ਇਹ ਬਿਮਾਰੀਆਂ ਦੂਰ ਕਰ ਦਿਓ। “ਪੰਚ ਦੋਖ ਅਰੁ ਅਹੰ ਇਹ ਤਨਿ ਤੇ ਸਗਲ ਦੂਰਿ ਕੀਨ” ਸਰੀਰਕ ਰੋਗੀ ਦਾ ਇਲਾਜ ਕਰਦਿਆਂ ਡਾਕਟਰ ਲੋਕ ਜਿੱਥੇ ਦਵਾਈ ਦੇਂਦੇ ਨੇ ਉੱਥੇ ਕੁੱਝ ਪਰਹੇਜ਼ ਵੀ ਦੱਸਦੇ ਹਨ; ਇਹਨਾਂ ਦੋਨਾਂ ਵਿਧੀਆਂ ਦਾ ਪਰਯੋਗ ਕਰਦਿਆਂ ਮਰੀਜ਼ ਦਿਨ—ਬ--ਦਿਨ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਵੀ ਸਾਰੇ ਰੋਗਾਂ ਤੋਂ ਛੁਟਕਾਰਾ ਦਿਵਾਉਂਦਿਆਂ ਹੋਇਆਂ ਦਵਾਈ ਤੇ ਪਰਹੇਜ਼ ਵੀ ਦੱਸੇ ਹਨ, ਜੋ ਗੁਰਬਾਣੀ ਲੋਅ ਵਿੱਚ ਤੁਰਦਿਆਂ, ਰੱਬੀ ਗੁਣਾਂ ਨੂੰ ਧਾਰਨ ਕਰਨ ਦੇ ਹਨ। ਜਿਸ ਨੇ ਵੀ ਇਸ ਇਲਾਜ ਨੂੰ ਮਨੋ ਸਵੀਕਾਰ ਕੀਤਾ ਉਸ ਨੇ ਹੀ ਅਰੋਗਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਅਜੇਹੇ ਮਾਨਸਿਕ ਤੌਰ ਤੇ ਤੰਦਰੁਸਤ ਹੋਏ ਮਨੁੱਖ ਨੇ ਜ਼ਿੰਦਗੀ ਦੇ ਮਹੱਤਵ ਨੂੰ ਸਮਝਿਆ ਤੇ ਵਿਕਾਰਾਂ ਵਲੋਂ ਮੁਕਤੀ ਪਰਾਪਤ ਕੀਤੀ। ਐਸੀ ਅਦਰਸ਼ਕ ਜ਼ਿੰਦਗੀ ਜਿਉਣ ਵਾਲੇ ਨੂੰ ਆਪਣੇ ਇਸ ਜੀਵਨ ਦੇ ਵਿੱਚ ਹੀ ਪਰਮਪਦ ਦੀ ਪਰਾਪਤੀ ਹੁੰਦੀ ਹੈ; ਜੋ ਸਤਵੇਂ ਬੰਦ ਵਿੱਚ ਵਿਸਥਾਰ ਸਾਹਿਤ ਆਈ ਹੈ:----

ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥

ਤੈਸਾ ਹਰਖੁ ਤੈਸਾ ਉਸੁ ਸੁਗੁ॥ ਸਦਾ ਅਨੰਦੁ ਤਹਿ ਨਹੀ ਬਿਉਗੁ॥

ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੈ ਬਿਖੁ ਖਾਟੀ॥

ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥

ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨੁ ਮੁਕਤਿ॥

ਸਰੀਰਕ ਰੋਗਾਂ ਦੀ ਕਹਾਣੀ ਨਹੀਂ ਹੈ ਏੱਥੇ ਤਾਂ ਆਤਮਿਕ ਤਲ ਤੇ ਬਿਮਾਰ ਪਏ ਮਨੁੱਖ ਦਾ ਗੁਰੂ ਸਾਹਿਬ ਜੀ ਇਲਾਜ ਕਰ ਰਹੇ ਹਨ; ਜੋ ਇਸ ਜੀਵਨ ਦੇ ਵਿੱਚ ਹੀ ਮੁਕਤੀ ਹਾਸਲ ਕਰਨੀ ਹੈ। ਪਰਮਾਤਮਾ ਦੀ ਆਗਿਆ ਨੂੰ ਮਿੱਠਾ ਕਰਕੇ ਮੰਨਣਾ ਭਾਵ ਗੁਰਬਾਣੀ ਦੇ ਦੱਸੇ ਰਾਹ ਤੇ ਤੁਰਨਾ; ਖੁਸ਼ੀ ਗਮ੍ਹੀ ਨੂੰ ਇਕਸਾਰਤਾ ਨਾਲ ਲੈਣਾ; ਸੋਨੇ ਮਿੱਟੀ ਨੂੰ ਬਰਾਬਰ ਹੀ ਜਾਨਣਾ, (ਸੋਨਾ) ਲਾਲਚ ਤੋਂ ਉੱਪਰ ਉੱਠ ਜਾਣਾ; ਮਿੱਠੇ ਕੌੜੇ ਦੇ ਚਸਕਿਆਂ ਦਾ ਤਿਆਗ ਕਰ ਜਾਣਾ; ਕੋਈ ਆਦਰ ਦੇ ਰਿਹਾ ਹੈ ਜਾਂ ਫੋਕੀ ਫੂਕ (ਅਭਿਮਾਨ) ਛਕਾ ਰਿਹਾ ਹੈ ਇਸ ਤੋਂ ਦੂਰ ਰਹਿਣਾ; ਅਮੀਰ ਗਰੀਬ ਵਿੱਚ ਫਰਕ ਨਾ ਸਮਝਣਾ; ਜੋ ਪ੍ਰਭੂ ਰਜ਼ਾ ਵਰਤਾਉਂਦਾ ਹੈ ਉਸ ਨੂੰ ਹੀ ਜ਼ਿੰਦਗੀ ਦਾ ਗਾਡੀ ਰਾਹ ਸਮਝਣਾ; ਹੇ ਨਾਨਕ ਉਹ ਮਨੁੱਖ ਜ਼ਿਉਂਦਾ ਹੀ ਮੁਕਤ ਹੋ ਜਾਂਦਾ ਹੈ।

ਸਾਰੇ ਸਰੀਰ ਉਸ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ, ਉਸ ਦੇ ਹੁਕਮ ਵਿੱਚ ਹੀ ਸਾਰਾ ਕੁੱਝ ਹੋ ਰਿਹਾ ਹੈ। ਜਿਸ ਤਰ੍ਹਾਂ ਸੋਨਾ ਤੇ ਗਹਿਣੇ; ਪਾਣੀ ਤੇ ਉਸ ਦੀਆਂ ਲਹਿਰਾਂ ਵੱਖ ਵੱਖ ਰੂਪ ਨਹੀਂ ਹਨ ਏਸੇ ਤਰ੍ਹਾਂ ਹੀ ਸਾਰਾ ਸੰਸਾਰ ਤੇ ਪਰਮਾਤਮਾ ਦੋ ਵੱਖਰੇ ਵੱਖਰੇ ਰੂਪ ਨਹੀਂ ਹਨ ਇਹ ਸਾਰਾ ਉਸੇ ਦਾ ਹੀ ਪਸਰਿਆ ਹੋਇਆ ਪਾਸਾਰਾ ਹੈ; “ਪਸਰਿਓ ਆਪਿ ਹੋਇ ਅਨਤੁ ਤਰੰਗ॥ ਲਖੇ ਨ ਜਾਇ ਪਾਰਬ੍ਰਹਮ ਕੇ ਰੰਗ”॥ ਪਰਮਾਤਮਾ ਦਾ ਹੁਕਮ ਨਾ ਕਦੇ ਮਰਦਾ; ਤੇ ਨਾ ਹੀ ਜੂਨਾਂ ਵਿੱਚ ਆਉਂਦਾ ਹੈ। ਜੀਵਾਂ ਤੇ ਦਇਆ ਕਰਨ ਵਾਲੇ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। “ਸਦਾ ਸਦਾ ਸਦਾ ਦਇਆਲ॥ ਸਿਮਰਿ ਸਿਮਰਿ ਸਿਮਰਿ ਨਾਨਕ ਭਏ ਨਿਹਾਲ”॥

1 ਸੋ ਸੁਖਮਨੀ ਸਾਹਿਬ ਦੀ ਬਾਣੀ ਦਾ ਮੁੱਖ ਭਾਵ ਜੋ ਇਸ ਦੇ ਰਹਾਉ ਵਿੱਚ ਆਇਆ ਹੈ, ਕਿ ਪਰਮਾਤਮਾ ਦਾ ਨਾਮ ਸੁੱਖ ਦੇਣ ਵਾਲਾ ਹੈ ਤੇ ਇਹ ਭਗਤ ਜਨਾਂ ਦੇ ਹਿਰਦੇ ਵਿੱਚ ਟਿਕਿਆ ਹੁੰਦਾ ਹੈ ਭਾਵ ਰੱਬ ਜੀ ਦੇ ਗੁਣ ਮਨੁੱਖ ਨੂੰ ਭਟਕਣਾ ਤੋਂ ਬਚਾਉਂਦੇ ਹਨ।

2 ਨੌਵੀਂ ਅਸਟਪਦੀ ਦੇ ਸਲੋਕ ਵਿੱਚ ਸੁੱਚ ਭਿੱਟ ਦੀ ਅਖੌਤੀ ਬਿਮਾਰੀ ਤੋਂ ਬਚਣ ਲਈ ਕਿਹਾ ਗਿਆ ਹੈ, ਸੁਭਾਅ ਕਰਕੇ ਰੱਬੀ ਨਾਮ ਭਾਵ ਸਦਾ ਰਹਿਣ ਵਾਲੇ ਗੁਣਾਂ ਨੂੰ ਧਾਰਨ ਕਰਨਾ ਹੈ।

3 ਅਸਟਪਦੀ ਦੇ ਪਹਿਲੇ ਬੰਦ ਵਿੱਚ ਸਰੀਰ ਦੇ ਗਿਆਨ ਇੰਦ੍ਰਿਆਂ ਨੂੰ ਵੱਖ ਵੱਖ ਚਸਕਿਆਂ ਦੇ ਜੋ ਭਿਆਨਕ ਰੋਗ ਲੱਗੇ ਹੋਏ ਹਨ, ਇਹਨਾਂ ਤੋਂ ਦੂਰੀ ਬਣ ਕੇ ਚੱਲਣਾ ਹੈ।

4 ਨਿਰ੍ਹਾ ਵਿਸ਼ਨੂੰ ਦਾ ਭਗਤ ਅਖਵਾਇਆਂ ਮਨ ਵਿੱਚ ਪਵਿੱਤਰਤਾ ਨਹੀ ਆ ਸਕਦੀ ਜਿਨ੍ਹਾਂ ਚਿਰ ਦਿਖਾਵੇ ਦੇ ਧਰਮ ਕਰਮ ਨੂੰ ਛੱਡ ਕੇ ਸੰਸਾਰਕ ਖਾਹਸ਼ਾਂ ਤੋਂ ਉੱਪਰ ਨਹੀਂ ਉੱਠਦਾ।

5 ਗੁਰੂ ਉਪਦੇਸ਼ ਰਾਂਹੀ ਮੰਦ ਕਰਮੀਆਂ ਦੀ ਸੰਗਤ ਤਿਆਗਣੀ, ਮਲੀਨ ਸੋਚ ਨੂੰ ਖਤਮ ਕਰਨਾ ਤੇ ਮਤ ਨੂੰ ਉੱਚਿਆਂ ਚੁੱਕ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਰੱਚੀ ਪੈਦਾ ਕਰਨੀ, ਗੁਰੂ ਜੀ ਨੂੰ ਮਨੋ ਤਨੋ ਸਮਰਪਣ ਹੋਣਾ।

6 ਅਸਲੀ ਧਰਮੀ ਬੰਦਾ ਉਹ ਹੈ ਜੋ ਪਹਿਲਾਂ ਆਪਣੇ ਮਨ ਦੀ ਬਿਮਾਰੀ ਨੂੰ ਦੂਰ ਕਰਦਾ ਹੈ ਤੇ ਫਿਰ ਸਾਰੀ ਮਨੁੱਖਤਾ ਦਾ ਭਲਾ ਲੋਚਦਾ ਹੋਇਆ, ਇਕੋ ਜੇਹਾ ਦੇਖਦਾ ਹੈ।

7 ਪਸ਼ੂ, ਭੂਤ, ਪੱਥਰ ਤੇ ਪ੍ਰੇਤ ਵਰਗੇ ਸੁਭਾਉ ਜੋ ਮਨਸਿਕ ਬਿਮਾਰੀਆਂ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ, ਉਹ ਸਾਰੇ ਗੁਰੂ ਗਿਆਨ ਦੁਅਰਾ ਦੂਰ ਹੋ ਜਾਂਦੇ ਹਨ, ਸਿਰਫ ਆਪਣੇ ਆਪ ਨੂੰ ਨਿਯਮਬਧ ਕਰਨ ਦੀ ਲੋੜ ਹੈ, ਜਿਸ ਨੂੰ ਗੁਣ ਗਾਮ ਕਿਹਾ ਹੈ।

8 ਜਿਸ ਨੇ ਆਪਣੇ ਆਪ ਨੂੰ ਰੱਬੀ ਗੁਣਾਂ ਦੇ ਅਭਿਆਸ ਵਿੱਚ ਪਾ ਲਿਆ ਹੈ, ਉਸ ਨੇ ਮਨ ਦੇ ਰੋਗ ਦੂਰ ਕਰਦਿਆਂ, ਜ਼ਿੰਦਗੀ ਦੀ ਹਕੀਕਤ ਨੂੰ ਸਮਝਦਿਆਂ, ਸਮਾਜ ਵਿਚੋਂ ਚੰਗੇ ਇਨਸਾਨ ਦੀ ਪਰਵਾਨਗੀ ਲੈ ਲਈ ਹੈ।

9 ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲਦਿਆਂ, ਜੀਵਨ ਦੇ ਹਰ ਪੜਾਅ ਵਿੱਚ ਤਬਦੀਲੀ ਦੀ ਸਾਫ ਝਲਕ ਦਿਖਾਈ ਦੇਂਦੀ ਹੈ, ਲਾਲਚ, ਖੁਸ਼ਾਮਦ, ਗਮ੍ਹੀ ਤੇ ਚਿੰਤਾ ਵਰਗੇ ਰੋਗ ਆਪਣੇ ਆਪ ਭੱਜ ਨਿਕਲਦੇ ਹਨ।

10 ਪਰਮਾਤਮਾ ਸਮੁੰਦਰ ਹੈ ਤੇ ਅਸੀਂ ਉਸ ਦੀਆਂ ਲਹਿਰਾਂ ਹਾਂ, ਗੁਰੂ ਗਿਆਨ ਵਿੱਚ ਮਤ ਉੱਚੀ ਕੀਤਿਆਂ ਸਦਾ ਖੁਸ਼ੀਆਂ ਖੇੜੇ ਬਣੇ ਰਹਿੰਦੇ ਹਨ।

ਗੁਰਬਾਣੀ ਅਭਿਆਸ ਕਰਦਿਆਂ ਭਾਵ ਇਸ ਦੇ ਅਰਥ ਭਾਵ ਨੂੰ ਸਮਝਦਿਆਂ, ਮਨੁੱਖ ਦਾ ਮਾਨਸਿਕ ਬਲ ਵੱਧ ਜਾਂਦਾ ਹੈ, ਤੇ ਸਰੀਰਕ ਰੋਗਾਂ ਦੀ ਮਾਰ ਦਾ ਸਾਹਮਣਾ ਕਰਦਿਆਂ ਘਰ ਵਿੱਚ ਆਏ ਹਰ ਸੰਕਟ ਦਾ ਫਿਰ ਮੁਕਾਬਲਾ ਕਰ ਸਕਦਾ ਹੈ। ਹੁਕਮ ਮੰਨਣ ਦੀ ਜਾਚ ਆਉਂਦੀ ਹੈ।

“ਸਰਬ ਰੋਗ ਕਾ ਅਉਖਦੁ ਨਾਮੁ॥ ਕਲਿਆਣ ਰੂਪ ਮੰਗਲ ਗੁਣ ਗਾਮ”

ਜ਼ਰਾ ਕੁ ਧਿਆਨ ਨਾਲ ਵਾਚੀਏ ਤਾਂ ਗੱਲ ਸਮਝ ਵਿੱਚ ਆ ਸਕਦੀ ਹੈ ਕਿ ਇਹ ਸਰੀਰ ਦੇ ਰੋਗਾਂ ਦੀ ਗੱਲ ਨਹੀਂ ਕੀਤੀ ਏੱਥੇ ਤਾਂ ਪਰਮਾਤਮਾ ਦੇ ਗੁਣ ਗਾਂਇਆਂ ਭਾਵ ਗੁਰੂ ਉਪਦੇਸ਼ ਵਿੱਚ ਚਲਿਆਂ ਆਤਮਿਕ ਖੁਸ਼ੀਆਂ ਪਰਾਪਤ ਕਰਨੀਆਂ ਹਨ। ਸਾਰੇ ਰੋਗਾਂ (ਵਿਕਾਰਾਂ) ਦੀ ਦਵਾਈ ਨਾਮ ਹੈ ਤੇ ਨਾਮ ਤੋਂ ਮੁਰਾਦ ਗੁਰੂ ਗਿਆਨ ਹੈ। ਸੋਰਠਿ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ, ਗੁਰੂ ਤਾਂ ਇੱਕ ਅਜੇਹਾ ਬੈਦ ਹੈ ਜੋ ਨਾਮ ਦੀ ਦਵਾਈ ਦੇ ਕੇ ਆਤਮਿਕ ਰੋਗਾਂ ਤੋਂ ਸਦਾ ਲਈ ਖਲਾਸੀ ਕਰਾ ਦੇਂਦਾ ਹੈ:---

ਮੇਰਾ ਬੈਦ ਗੁਰੂ ਗੋਵਿੰਦਾ॥

ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ॥ ਰਹਾਉ॥

ਸੋਰਠਿ ਮਹਲਾ ੫—ਪੰਨਾ ---੬੧੮----

ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ ਪੂਰਾ ਹਕੀਮ ਹੈ। ਇਹ ਹਕੀਮ ਜਿਸ ਮਨੁੱਖ ਦੇ ਮੂੰਹ ਵਿੱਚ ਹਰਿ ਨਾਮ ਦੀ ਦਵਾਈ ਪਾਂਦਾ ਹੈ, ਉਸ ਦੇ ਜਮਾਂ ਦੀ ਫਾਹੀ ਕੱਟ ਦੇਂਦਾ ਹੈ, (ਭਾਵ ਆਤਮਿਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਅੰਦਰੋਂ ਕੱਟ ਦੇਂਦਾ ਹੈ) ਸੋ, ਗੁਰਬਾਣੀ ਸਰੀਰਕ ਰੋਗਾਂ ਦੀ ਗੱਲ ਨਹੀਂ ਕਰ ਰਹੀ ਇਹ ਤੇ ਆਤਮਿਕ ਰੋਗਾਂ ਨੂੰ ਖਤਮ ਕਰਨ ਦੀ ਜਾਚ ਦੱਸ ਰਹੀ ਹੈ। ਸਰੀਰਕ ਰੋਗਾਂ ਦੇ ਇਲਾਜ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਵਿਖੇ ਕੋਹੜੀ ਘਰ ਬਣਾਇਆ, ਗੁਰੂ ਹਰਿ ਰਾਏ ਸਾਹਿਬ ਜੀ ਨੇ ਕੀਰਤਪੁਰ ਦਵਾਖਾਨ ਬਣਾਇਆ ਜਿਥੋਂ ਦਾਰਾ ਸ਼ਿਕੋਹ ਦੇ ਇਲਾਜ ਵੀ ਦਵਾਈ ਏੱਥੋਂ ਭੇਜੀ ਗਈ ਸੀ। ਅੱਜ ਦੇ ਵਿਗਿਆਨਕ ਵਿੱਚ ਯੁੱਗ ਵਿੱਚ ਮੈਡਕਿਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਤੇ ਇਸ ਤਰੱਕੀ ਦਾ ਹਰ ਮਨੁੱਖ ਨੂੰ ਲਾਭ ਲੈਣਾ ਚਾਹੀਦਾ ਹੈ। ਸਰੀਰ ਦੇ ਰੋਗਾਂ ਲਈ ਹਸਪਤਾਲ ਹਨ, ਜਦ ਕਿ ਆਤਮਿਕ ਰੋਗਾਂ ਲਈ ਗੁਰੂ ਸਾਹਿਬ ਜੀ ਦਾ ਨਾਮ ਰੂਪੀ ਉਪਦੇਸ਼ ਹੈ, ਇਸ ਪ੍ਰਥਾਏ ਗੁਰੂ ਰਾਮਦਾਸ ਜੀ ਦਾ ਇੱਕ ਪਿਆਰਾ ਵਾਕ ਹੈ।

ਜਿਤੁ ਗ੍ਰਿਹਿ ਗੁਨ ਗਾਵਤੇ, ਹਰਿ ਕੇ ਗੁਨ ਗਾਵਤੇ, ਰਾਮ ਗੁਨ ਗਾਵਤੇ,

ਤਿਤੁ ਗ੍ਰਿਹਿ ਵਾਜੇ ਪੰਚ ਸਬਦ, ਵਡਭਾਗ ਮਥੋਰਾ॥

ਤਿਨ ਜਨ ਕੇ ਸਭਿ ਪਾਪ ਗਏ, ਸਭਿ ਦੋਖ ਗਏ, ਸਭਿ ਰੋਗ ਗਏ,

ਕਾਮੁ, ਕ੍ਰੋਧੁ, ਲੋਭੁ, ਮੋਹੁ, ਅਭਿਮਾਨੁ ਗਏ,

ਤਿਨ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ॥

ਰਾਗ ਸਾਰੰਗ ਮਹਲਾ ੪—ਪੰਨਾ—੧੨੦੧---




.