.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 10

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਭੇਖੀ ਸੰਤ ਲਾਣੇ ਨੇ ਧਰਮ ਦੀ ਦੁਨੀਆਂ ਵਿੱਚ ਬ੍ਰਹਮ ਗਿਆਨੀ ਦੀ ਇੱਕ ਨਵੀਂ ਡਿਗਰੀ ਹੋਂਦ ਵਿੱਚ ਲਿਆਂਦੀ ਹੈ। ਕਿਸੇ ਬੱਚੇ ਨੇ ਡਾਕਟਰ ਜਾਂ ਇੰਜਨੀਅਰ ਬਣਨਾ ਹੈ ਤਾਂ ਉਸ ਨੂੰ ਵੀ ਘੱਟੋ ਘੱਟ ਸੱਤ ਸਾਲ ਲਗਾਤਾਰ ਵੱਡੀਆਂ ਵੱਡੀਆਂ ਕਿਤਾਬਾਂ ਨਾਲ ਮੱਥਾ ਮਾਰਨਾ ਪੈਂਦਾ ਹੈ। ਪੰਜਾਬ ਦੇ ਬਹੁਤੇ ਸਾਧ ਘਰੋਂ ਕੰਮ ਤੋਂ ਭੱਜੇ ਹੋਏ ਸਕੂਲ ਦੀ ਪੜ੍ਹਾਈ ਤੋਂ ਡਰਦਿਆਂ ਸੰਤ ਬਣ ਗਏ। ਕੋਈ ਹਲ਼ ਵਾਹੁੰਣ ਤੋਂ ਡਰਦਾ ਮਾਰਾ ਸਾਧ ਹੋ ਗਿਆ ਤੇ ਕੋਈ ਰਾਜਗਿਰੀ ਤੋਂ ਡਰਦਾ ਹੋਇਆ ਸਾਧ, ਬ੍ਰਹਮ-ਗਿਆਨੀ ਹੋ ਗਿਆ, ਜਨੀ ਕਿ ਸਾਧ ਦੀ ਪਹਿਲੀ ਯੋਗਤਾ ਘਰ ਦੇ ਕੰਮ ਤੋਂ ਭੱਜਣ ਦੀ ਹੋ ਗਈ। ਦੂਰੋਂ ਇੰਜ ਲੱਗਦਾ ਹੈ ਕਿ ਸਿੱਖੀ ਦੇ ਅਸਲੀ ਪਰਚਾਰਕ ਏਹੀ ਹੋਣ। ਸਾਖੀਆਂ ਇਹਨਾਂ ਨੇ ਉਹ ਸਣਾਉਂਣੀਆਂ ਹਨ ਜਿਹਨਾਂ ਦਾ ਕੋਈ ਵੀ ਸਿਰ ਪੈਰ ਨਾ ਹੋਵੇ ਜਾਂ ਇਹਨਾਂ ਦੇ ਮਰ ਚੁੱਕੇ ਸਾਧ ਦੀਆਂ ਰੋਟੀ ਖਾਂਦਿਆਂ ਜਾਂ ਅਚਾਨਕ ਖ਼ਜ਼ਾਨਾ ਲੱਭ ਜਾਣ ਦੀਆਂ, ਛੱਪੜੀ ਕੰਢੇ ਕੁੱਲੀ ਪਾਉਣ ਦੀਆਂ ਘਟਨਾਵਾਂ ਹੋਣ। ਝੂਠ ਦੀ ਪੰਡ ਚੁੱਕਦਿਆਂ ਤੇ ਕੌਮ ਨਾਲ ਧ੍ਰੋਅ ਕਮਾਉਂਦਿਆਂ ਇਹਨਾਂ ਨੇ ਆਪਣੀ ਵਡਿਆਈ ਗੁਰੂ ਸਾਹਿਬ ਜੀ ਦੇ ਜੀਵਨ ਨਾਲੋਂ ਵੀ ਵੱਡੀ ਕਰਕੇ ਦੱਸੀ ਹੈ। ਜਿੱਥੇ ਇਹ ਕੌਮੀ ਕਸੂਰਵਾਰ ਹਨ ਓਥੇ ਇਹਨਾਂ ਦੇ ਚਮਚੇ--ਕੜਛੇ ਵੀ ਝੂਠਾ ਪਰਚਾਰ ਕਰਨ ਕਰਕੇ ਪਾਪਾਂ ਦੇ ਭਾਗੀਦਾਰ ਹਨ। ਗੁਰੂ ਸਾਹਿਬ ਜੀ ਤੋਂ ਲੇ ਕੇ ਅੱਜ ਤੀਕ ਸਿੱਖੀ ਵਿੱਚ ਕਿਸੇ ਵੀ ਸਿੱਖ ਦੇ ਨਾਮ ਨਾਲ ਸੰਤ, ਸਾਧ ਜਾਂ ਬ੍ਰਹਮ ਗਿਆਨੀ ਸ਼ਬਦ ਨਹੀਂ ਵਰਤਿਆ ਗਿਆ। ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਦੀ ਅਠਵੀਂ ਅਸਟਪਦੀ ਵਿੱਚ ਬ੍ਰਹਮ ਗਿਆਨੀ ਦੀ ਗੱਲ ਸਮਝਾ ਰਹੇ ਹਨ:----

ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥

ਜਿਸ ਮਨੁੱਖ ਦੇ ਮਨ ਵਿੱਚ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸਦਾ ਹੈ ਤੇ ਮੂੰਹ ਵਿੱਚ ਵੀ ਪ੍ਰਭੂ ਦਾ ਵਾਸਾ ਹੈ, ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਨਹੀਂ ਦੇਖਦਾ ਤਾਂ ਫਿਰ ਇਹ ਲੱਛਣ ਬ੍ਰਹਮ ਗਿਆਨੀ ਦੇ ਹੋਏ। ਭਾਈ ਕਾਨ੍ਹ ਸਿੰਘ ਜੀ ਨਾਭ੍ਹਾ ਮਹਾਨ ਕੋਸ਼ ਵਿੱਚ ਬ੍ਰਹਮ ਗਿਆਨੀ ਦੇ ਅਰਥ ਲਿਖਦੇ ਹਨ, ਜੋ ਬ੍ਰਹਮ ਨੂੰ ਜਾਣਦਾ ਹੈ।

ਸੁਖਮਨੀ ਸਾਹਿਬ ਜੀ ਦੀ ਬਾਣੀ ਠੇਠ ਪੰਜਾਬੀ ਭਾਸ਼ਾ ਦੇ ਲਹਿਜੇ ਵਿੱਚ ਉਚਾਰਣ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਬਾਣੀ ਉਚਾਰਨ ਅਤੇ ਸਮਝਣ ਵਿੱਚ ਕੁੱਝ ਸੌਖੀ ਬਾਣੀ ਮੰਨੀ ਗਈ ਹੈ। ਜ਼ਿਆਦਾ ਸਮਾਂ ਨਹੀਂ ਹੋਇਆ ਸਾਡੇ ਦੇਖਦਿਆਂ ਦੇਖਦਿਆਂ ਹੀ ਸਿਰਫ ਇਕੋ ਬਾਣੀ ਸੁਖਮਨੀ ਪੜ੍ਹਨ ਦਾ ਰਿਵਾਜ ਪੈ ਗਿਆ। ਪਿਛਲੇ ਪੰਜ ਕੁ ਸਾਲ ਤੋਂ ਸਾਡੇ ਪਿੰਡ ਵਿੱਚ ਵੀ ਕੇਵਲ ਇੱਕ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਹੀ ਪਾਠ ਹੋਣਾ ਸ਼ੁਰੂ ਹੋ ਗਿਆ ਹੈ। ਬਾਣੀ ਪੜ੍ਹਨੀ ਕੋਈ ਮਾੜੀ ਗੱਲ ਨਹੀਂ ਹੈ ਪਰ ਜੇ ਨਿਰਾ ਇਹ ਮੰਨ ਕੇ ਚੱਲਿਆ ਜਾ ਰਿਹਾ ਹੋਵੇ ਕਿ ਇਸ ਬਾਣੀ ਪੜ੍ਹਨ ਨਾਲ ਸਾਡੇ ਘਰ ਦੀ ਵਿਗੜੀ ਤਗਦੀਰ ਸਵੰਰ ਜਾਏਗੀ ਤਾਂ ਅਸੀਂ ਹਨ੍ਹੇਰੇ ਵਿੱਚ ਹਾਂ। ਪਰ ਜੇ ਸੁਖਮਨੀ ਪੜ੍ਹ ਕੇ ਇਸ ਦੀ ਵਿਚਾਰ ਨੂੰ ਸਮਝਿਆ ਜਾਏ ਤਾਂ ਜ਼ਰੂਰ ਸਾਡਾ ਸੁਭਾਅ ਬਦਲ ਸਕਦਾ ਹੈ, ਘਰ ਵਿੱਚ ਸ਼ਾਤੀ ਆ ਸਕਦੀ ਹੈ। ਸ਼ਬਦ ਬ੍ਰਹਮ ਗਿਆਨੀ ਜੋ ਕਿ ਕੁੱਝ ਭੇਖ-ਧਾਰੀ ਲੋਕਾਂ ਨੇ ਆਪਣੇ ਲਈ ਵਰਤਿਆ ਹੈ ਸਿੱਖ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ

ਅੰਦਰੋਂ ਬਾਹਰੋਂ ਤਾਂ ਗੁਰੂ ਹੀ ਸੱਚਾ ਹੋ ਸਕਦਾ ਹੈ ਮਨੁੱਖ ਵਿੱਚ ਤਾਂ ਵੀਹ ਪ੍ਰਕਾਰ ਦੀਆਂ ਊਣਤਾਈਆਂ ਹਨ। ਅਸਟਪਦੀ ਵਿੱਚ ਜੋ ਵਿਚਾਰ ਚੱਲ ਰਿਹਾ ਹੈ “ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ” ਇਹ ਤੇ ਫਿਰ ਗੁਰੂ ਹੀ ਹੋ ਸਕਦਾ ਹੈ।

ਬ੍ਰਹਮ ਗਿਆਨੀ ਦਾ ਧੀਰਜ ਧਰਤੀ ਵਰਗਾ ਹੈ, ਇਸ ਦਾ ਉਪਦੇਸ਼ ਅੰਦਰਲੀ ਈਰਖਾ ਦੀ ਅਗਨੀ ਨੂੰ ਸਾੜ ਦੇਂਦਾ ਹੈ।

ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕਊ ਚੰਦਨ ਲੇਪ॥

ਜੋ ਗੁਣ ਪ੍ਰਮਾਤਮਾ ਦੇ ਹਨ ਉਹ ਹੀ ਗੁਣ ਬ੍ਰਹਮ ਗਿਆਨੀ ਦੇ ਹਨ ਇਸ ਲਈ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦਾ ਨਾਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਦਾ ਪਵਿੱਤਰ ਹੈ ਇਸ ਨੂੰ ਕਦੇ ਵੀ ਮੈਲ ਨਹੀਂ ਲੱਗ ਸਕਦੀ ਪਰ ਭਾਰਤ ਵਿੱਚ ਰਹਿਣ ਵਾਲੇ ਬ੍ਰਹਮ ਗਿਆਨੀ ਕਈ ਪ੍ਰਕਾਰ ਦੀਆਂ ਮੈਲ਼ਾਂ ਨਾਲ ਲਿਬੜੇ ਪਏ ਹਨ। ਜੇਹੋ ਜੇਹੀਆਂ ਲੋੜਾਂ ਇੱਕ ਆਮ ਗ੍ਰਹਿਸਤੀ ਦੀਆਂ ਹਨ ਉਹੋ ਜੇਹੀਆਂ ਹੀ ਲੋੜਾਂ ਇਹਨਾਂ ਬ੍ਰਹਮ ਗਿਆਨੀਆਂ ਦੀਆਂ ਹਨ ਤਾਂ ਫਿਰ ਇਹ ਨਿਰਮਲ ਕਿਵੇਂ ਹੋਏ। ਥੋੜ੍ਹਾ ਜੇਹਾ ਫਰਕ ਹੈ ਸਾਨੂੰ ਪਰਚਾਰਕਾਂ ਨੂੰ ਕਈ ਦਫ਼ਾ ਪ੍ਰਬੰਧਕਾਂ ਪਾਸੋਂ ਸਮਾਂ ਮੰਗ ਕੇ ਲੈਣਾ ਪੈਂਦਾ ਹੈ ਪਰ ਇਹਨਾਂ ਨੂੰ ਸਮਾਂ ਪਰਚਾਰਕ ਦਾ ਕੱਟ ਕੇ ਦਿੱਤਾ ਜਾਂਦਾ ਹੈ। ਹੈ—ਨਾ ਬ੍ਰਹਮ ਗਿਆਨ ਦੀ ਅਵਸਥਾ, ਇਹਨਾਂ ਦੇ ਜੀਵਨ ਵਿੱਚ ਪਾਣੀ ਵਰਗੀ ਪਵਿੱਤਰਤਾ ਨਹੀਂ ਹੋ ਸਕਦੀ, ਇਹ ਤੇ ਸਿਰਫ ਗੁਰੂ-ਗਿਆਨ ਵਿੱਚ ਹੀ ਹੋ ਸਕਦੀ ਹੈ:---

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥ ਜੈਸੈ ਮੈਲੁ ਨ ਲਾਗੈ ਜਲਾ॥

ਬ੍ਰਹਮ ਗਿਆਨੀ ਦਾ ਉਪਦੇਸ਼ ਹਰ ਮਨੁੱਖ ਮਾਤਰ ਲਈ ਉੱਚੇ ਤੋਂ ਉੱਚਾ ਤੇ ਨਿੰਮ੍ਰਤਾ ਵਾਲਾ ਹੈ “ਬ੍ਰਹਮ ਗਿਆਨੀ ਊਚ ਤੇ ਊਚਾ॥ ਮਨਿ ਅਪਨੈ ਹੈ ਸਭ ਤੇ ਨੀਚਾ”॥

ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਇਸ ਵਿੱਚ ਸਰੀਰ ਨੂੰ ਗੁਰੂ ਨਹੀਂ ਮੰਨਿਆ ਗਿਆ ਤੇ ਨਾ ਹੀ ਸਰੀਰ ਦੇ ਤਲ `ਤੇ ਕਿਸੇ ਨੂੰ ਚੇਲਾ ਮੰਨਿਆ ਗਿਆ ਹੈ। “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਆਤਮਿਕ ਤੇ ਬ੍ਰਹਮ ਦਾ ਗਿਆਨ--ਧਿਆਨ ਹੈ।

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥

ਆਮ ਆਦਮੀ ਸੌਂ ਜਾਂਦਾ ਹੈ ਪਰ ਬ੍ਰਹਮ ਗਿਆਨੀ ਕਦੇ ਵੀ ਨਹੀਂ ਸੌਂਦਾ ਤੇ ਗੁਰੂ ਦਾ ਗਿਆਨ ਸਾਨੂੰ ਸੁਤਿਆਂ ਨੂੰ ਜਗਾ ਰਿਹਾ ਹੈ। ਇਸ ਲਈ ਇਹ ਕਿਸੇ ਮਨੁੱਖ ਲਈ ਸ਼ਬਦ ਨਹੀਂ ਆਇਆ ਇਹ ਤੇ ਸਮੁੱਚੇ ਸਿੱਖ ਸਿਧਾਂਤ ਦੀ ਵਿਆਖਿਆ ਹੈ। “ਬ੍ਰਹਮ ਗਿਆਨੀ ਸਦਾ ਸਦ ਜਾਗਤ”॥

ਅਨੰਦ ਕਿਸੇ ਫਸਲ ਦਾ ਸਿੱਟਾ ਹੈ ਜਨੀ ਕਿ ਕਿਸੇ ਫਸਲ ਨੂੰ ਪਹਿਲਾਂ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ, ਫਿਰ ਕੁੱਝ ਸਮੇਂ ਉਪਰੰਤ ਉਸ ਫਸਲ ਨੂੰ ਸਿੱਟਾ ਪੈਂਦਾ ਏਸੇ ਤਰ੍ਹਾਂ ਹੀ ਗੁਰੂ ਜੀ ਦੇ ਉਪਦੇਸ਼ ਨੂੰ ਲੈ ਕੈ ਅਸਾਂ ਆਪਣੇ ਘਰ ਵਿੱਚ ਅਨੰਦ ਭਰਨਾ ਹੈ। ਸਾਡੀ ਅਨੰਦ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ ਕਿ ਕਿਸੇ ਆਦਮੀ ਨੂੰ ਪੁੱਛ ਲਓ ਭਾਈ ਜੀ ਕੀ ਹਾਲ ਹੈ ਅੱਗੋਂ ਉੱਤਰ ਦਏਗਾ ਜੀ ਅਨੰਦ ਬਣਿਆ ਪਿਆ ਹੈ, ਪਰ ਉਹ ਹੀ ਆਦਮੀ ਦਸਾਂ ਕੁ ਮਿੰਟਾਂ ਪਿੱਛੋਂ ਰੋਂਦਾ ਦਿੱਸਦਾ ਹੋਏਗਾ ਫਿਰ ਉਸਦਾ ਅਨੰਦ ਗਿਆ ਕਿੱਥੇ—ਪਰ ਗੁਰੂ ਦੇ ਘਰ ਤਾਂ ਹਮੇਸ਼ਾਂ ਅਨੰਦ ਹੀ ਬਣਿਆ ਰਹਿੰਦਾ ਹੈ ਜਿਹਾ ਕਿ-- “ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ” ਤੇ ਸਹਿਜ ਅਵਸਥਾ ਹਰ ਵੇਲੇ ਬਣੀ ਰਹਿੰਦੀ ਹੈ। “ਬ੍ਰਹਮ ਗਿਆਨੀ ਸੁਖ ਸਹਜ ਨਿਵਾਸ”

ਬ੍ਰਹਮ ਗਿਆਨੀ ਆਪਣੇ ਆਪਣੇ ਇਲਾਕੇ ਦੇ ਸਾਧ ਦਾ ਨਾਂ ਨਹੀਂ ਹੈ ਇਹ ਤੇ ਗੁਰ-ੳਪਦੇਸ਼ ਦਾ ਲਖਾਇਕ ਸ਼ਬਦ ਹੈ –ਜੋ ਕਿ ਏਸੇ ਅਸਟਪਦੀ ਵਿਚੋਂ ਹੀ ਅਰਥ ਸਮਝ ਵਿੱਚ ਆ ਜਾਂਦੇ ਹਨ – “ਬ੍ਰਹਮ ਗਿਆਨੀ ਕਾ ਨਿਰਮਲ ਮੰਤ”॥

ਇਸ ਗੱਲ ਦੀ ਬਾਰ ਬਾਰ ਵਿਚਾਰ ਕੀਤੀ ਜਾ ਰਹੀ ਹੈ ਕਿ ਜੋ ਕੁੱਝ ਪ੍ਰਮਾਤਮਾ ਬਾਰੇ ਕਿਹਾ ਗਿਆ ਹੈ ਉਹ ਸਾਰਾ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੇ ਪਰਮਾਤਮਾ ਦੇ ਗੁਣਾਂ ਦੀ ਵਿਆਖਿਆ ਕੀਤੀ ਹੈ। ਲਓ ਕਰੋ ਦਰਸ਼ਨ ਬ੍ਰਹਮ ਗਿਆਨੀ (ਗੁਰੂ) ਤੇ ਪ੍ਰਮਾਤਮਾ ਦੀ ਇਕਮਿਕਤਾ ਸਬੰਧੀ:---

ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ॥

ਫਿਰ “ਬ੍ਰਹਮ ਗਿਆਨੀ ਸਰਬ ਕਾ ਠਾਕੁਰੁ” ਕਰਕੇ ਲਿਖਿਆ ਮਿਲਦਾ ਹੈ –ਪਰ ਅੱਜ ਕਲ਼੍ਹ ਦੇ ਬ੍ਰਹਮ ਗਿਆਨੀਆਂ ਨੇ ਤੇ ਇਲਾਕੇ ਵੰਡੇ ਹੋਏ ਹਨ ਤੂੰ ਮੇਰੇ ਇਲਾਕੇ ਵਿੱਚ ਉਗਰਾਹੀ ਕਰਨ ਨਹੀਂ ਆਉਣਾ ਮੈਂ ਤੇਰੇ ਇਲਾਕੇ ਵਿੱਚ ਨਹੀਂ ਆਉਂਦਾ।

ਕਾਲ਼ੇ-ਕਾਰਨਾਮਿਆਂ ਵਾਲੇ ਸਾਧਾਂ ਨੇ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਨੂੰ ਆਪਣੇ `ਤੇ ਢੁਕਾਅ ਕੇ ਪੇਸ਼ ਕਰਦੇ ਹਨ ਤੇ ਇਹਨਾਂ ਦੇ ਝੋਲ਼ੀ ਚੁੱਕ ਡੰਡਾ--ਬਰਦਾਰਾਂ ਨੇ ਸੰਗਤਾਂ ਤੇ ਪ੍ਰਭਾਵ ਪਾਉਣ ਲਈ ਇਹਨਾਂ ਤੁਕਾਂ ਦਾ ਪਾਠ ਕਰਕੇ ਅਕਸਰ ਸਾਣਉਂਦੇ ਹਨ ਕਿ ਜੀ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਤਾਂ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਅੱਜ ਕੱਲ੍ਹ ਦੇ ਬਹੁਤੇ ਪੜ੍ਹਾਕੂਆਂ ਨੂੰ ਬ੍ਰਹਮ ਗਿਆਨੀਆਂ ਬਾਰੇ ਕੀ ਪਤਾ ਹੈ, ਇਹ ਤੇ ਜੀ ਅੰਦਰ ਦੀ ਗੱਲ ਹੈ। ਇਹਨਾਂ ਦੇ ਬ੍ਰਹਮ ਗਿਆਨੀਆਂ ਦੇ ਬ੍ਰਹਮ ਗਿਆਨ ਦੀ ਹਾਲਤ ਮੌਜੂਦਾ ਦੌਰ ਦੀ ਖੁਲ੍ਹੀ ਕਵਿਤਾ ਵਰਗੀ ਹੈ—ਜਿਸ ਤਰ੍ਹਾਂ ਕੋਈ ਕਵੀ ਜਨ ਖੁਲ੍ਹੀ ਕਵਿਤਾ ਸੁਣਾ ਰਿਹਾ ਸੀ ਕਿ “ਛੱਪੜ ਕੰਢੇ ਬਗ਼ਲਾ ਬੈਠਾ ਮੈਂ ਜਾਣਿਆਂ ਹੰਸ, ਨੇੜੇ ਜਾ ਕੇ ਖੰਭ ਚੁੱਕਿਆ, ਮੰਗਲਵਾਰ ਸੰਗਰਾਂਦ। ਲਓ ਇਹੋ ਜੇਹਾ ਇਹਨਾਂ ਦਾ ਬ੍ਰਹਮ ਗਿਆਨ ਹੈ।

ਸੁਖਮਨੀ ਦੀ ਬਾਣੀ ਦੇ ਬੋਲ ਹਨ:--

ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ॥

ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥

ਜੇ ਅੱਜ ਦੇ ਬ੍ਰਹਮ ਗਿਆਨੀਆਂ ਦੀ ਸੁਖਮਨੀ ਦੀ ਬਾਣੀ ਅਨੁਸਾਰ ਗੱਲ ਕੀਤੀ ਜਾਏ ਤਾਂ ਕੀ ਅਜੇਹੇ ਬ੍ਰਹਮ ਗਿਆਨੀਆਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨਮਸਕਾਰ ਕਰਦੇ ਹਨ? ਅਜੇਹੀਆਂ ਵਿਚਾਰਾਂ ਵਿਚਾਰ ਮੰਗਦੀਆਂ ਹਨ:---

ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ॥

ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ॥

ਦੁਨੀਆਂ ਨੂੰ ਪੈਦਾ ਕੀਤਾ ਹੈ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਜਾਂ ਨਿਯਮਾਵਲੀ ਵਿਚ, ਪਰ ਇਸ ਅਸਟਪਦੀ ਵਿੱਚ ਸ੍ਰਿਸਟੀ ਦਾ ਕਰਤਾ ਬ੍ਰਹਮ ਗਿਆਨੀ ਨੂੰ ਕਿਹਾ ਹੈ। ਬ੍ਰਹਮ ਗਿਆਨੀ ਕਰਤਾ ਸਰੀਰ ਦੇ ਤਲ ਤੇ ਨਹੀਂ ਹੈ, ਇਹ ਆਤਮਾ ਦੇ ਤਲ `ਤੇ ਹੈ, ਬ੍ਰਹਮ ਗਿਆਨੀ ਸ੍ਰਿਸਟੀ ਦੇ ਅੰਦਰਲੇ ਕਿਰਦਾਰ ਦੀ ਘਾੜ੍ਹਤ ਘੜ੍ਹਦਾ ਹੈ। ਗੁਰੂ ਜੀ ਦਾ ਇਹ ਸਿਧਾਂਤ ਕਦੇ ਵੀ ਮਰਨ ਵਾਲਾ ਨਹੀਂ ਹੈ। ਨਿੰਰਕਾਰ ਦਾ ਕੋਈ ਸਰੂਪ ਨਹੀਂ ਹੈ; ਉਸਦੇ ਗੁਣ ਹਨ ਜੋ ਗੁਰਬਾਣੀ ਵਿਚੋਂ ਮਿਲ ਜਾਂਦੇ ਹਨ, ਇਸ ਲਈ ਬ੍ਰਹਮ ਗਿਆਨੀ (ਗੁਰੂ) ਤੇ ਨਿੰਰਕਾਰ ਵਿੱਚ ਕੋਈ ਵੀ ਭੇਦ ਨਹੀਂ ਹੈ ਜੇਹਾ ਕਿ: _--

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥

ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥

ਬ੍ਰਹਮ ਗਿਆਨੀ ਮੁਕਤਿ ਜੁਗਤਿ ਕਾ ਜੀਅ ਕਾ ਦਾਤਾ॥

------------------------------------------

ਬ੍ਰਹਮ ਗਿਆਨੀ ਕਾ ਸਗਲ ਅਕਾਰੁ॥

ਬ੍ਰਹਮ ਗਿਆਨੀ ਆਪਿ ਨਿੰਰਕਾਰ॥

ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥

ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥

ਉਹਨਾਂ ਲੋਕਾਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ ਜੋ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਹਨ, ਅਸਲ ਇਹਨਾਂ ਦੀ ਭਾਵਨ ਪਰਦੇ ਦੇ ਪਿੱਛੇ ਗੁਰੂ ਬਣਨ ਦੀ ਹੀ ਹੈ। ਗੁਰਬਾਣੀ ਦੇ ਸਿਧਾਂਤਿਕ ਪਰਚਾਰ ਦੀਆਂ ਕਮੀਆਂ ਕਰਕੇ, ਆਪੇ ਬਣੇ ਬ੍ਰਹਮ ਗਿਆਨੀ, ਇਹ ਬਰਸਾਤੀ ਡੱਡੂਆਂ ਵਾਂਗ ਪੈਦਾ ਹੋ ਗਏ ਹਨ। ਸਾਨੂੰ ਸੁਖਮਨੀ ਦੀ ਪਾਠ--ਵਿਚਾਰ ਕਰਨਾ ਚਾਹੀਦੀ ਹੈ, ਇਸ ਲਈ ਕਿ ਇਹਨਾਂ ਪਾਖੰਡੀਆਂ ਤੇ ਦੰਭੀਆਂ ਪਾਸੋਂ ਬਚਿਆ ਜਾ ਸਕੇ, ਜੀਵਨ ਜਾਚ ਆ ਸਕੇ, ਨਾ ਕਿ ਇਹਨਾਂ ਦੇ ਕਹੇ ਅਨੁਸਾਰ ਕਿ ਤੁਹਾਨੂੰ ਸਾਰੇ ਸੁੱਖ ਮਿਲ ਜਾਣਗੇ, ਅਸਲ ਵਿੱਚ ਸੁੱਖ ਮਨੁੱਖ ਨੂੰ ਤੇ ਭਾਵੇਂ ਨਾ ਮਿਲਨ ਪਰ ਇਹਨਾਂ ਦਾ ਹਲਵਾ ਮੰਡਾ ਜ਼ਰੂਰ ਚੱਲਦਾ ਰਹੇਗਾ ਸੁਖਮਨੀ ਦੇ ਪਾਠ ਕੀਤਿਆਂ।




.