.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 14)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਹਰਨਾਮ ਸਿੰਘ ਧੁੰਮਾ (ਦਮਦਮੀ ਟਕਸਾਲ ਮਹਿਤਾ)

ਪੁਸਤਕ ਦੇ ਦੂਸਰੇ ਭਾਗ ਵਿੱਚ ਲਿਖ ਆਇਆ ਹਾਂ ਕਿ ਮਹਿਤੇ ਡੇਰੇ ਵਿੱਚ ਟਕਸਾਲ ਦੇ ਹੈਡ ਕੁਆਰਟਰ ਤੇ ਇਹ ਹਵਨ ਕਰਕੇ ਜੋਗੀਆਂ ਵਾਲੇ ਚਾਂਲੀਸੇ ਕੱਟ ਕੇ, ਮੋਨ ਵਰਤ, ਅੰਨ ਛੱਡਣ ਵਾਲੇ ਵਰਤ ਰੱਖ ਕੇ ਗੁਰਬਾਣੀ ਸਿਧਾਂਤਾਂ ਦੀਆ ਧੱਜੀਆਂ ਉਡਾ ਕੇ ਸਿੱਖ ਕੌਮ ਵਾਸਤੇ ਨਮੋਸ਼ੀ ਦਾ ਕਾਰਨ ਬਣਨ ਦੀ ਸੇਵਾ ਤਨ ਦੇਹੀ ਨਾਲ ਨਿਭਾ ਰਹੇ ਹਨ। ਦਮਦਮੀ ਟਕਸਾਲ ਦੇ ਅੰਦਰੋਂ ਹੀ ੧੦੦ ਸਿੰਘਾਂ ਨੇ ਇਸ ਮਨਮੱਤ ਅਤੇ ਕਰਮ ਕਾਂਡ ਵਿਰੁੱਧ ਸ਼ਰੇਆਮ ਬਗਾਵਤ ਕੀਤੀ ਅਖਬਾਰਾਂ ਰਾਹੀ ਆਪਨੇ ਸਭ ਕੁੱਝ ਪੜ੍ਹਿਆ ਹੈ ਐਸੀਆਂ ਸੁਰਖੀਆਂ ਦਮਦਮੀ ਟਕਸਾਲ ਦੇ ਚੌਕ ਮਹਿਤਾ ਗੁਰਦਵਾਰੇ `ਚ ਹਵਨ' --- ਅਗਸਤ ਦੀ ਅਜੀਤ। ਬਾਲਟੇ ਵਿੱਚ ਕੋਇਲੇ ਪਾ ਕੇ ਹਵਨ ਕਰਨ ਦੀਆਂ ਖਬਰਾਂ ਫੋਟੋਆਂ ਸਮੇਤ ਛਪੀਆਂ ਸਨ। ਸਿੱਖ ਜਥੇਬੰਦੀਆਂ ਨੇ ਹਲਫੀਆਂ ਬਿਆਨਾ ਸਮੇਤ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਕਿ ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਤੇ ਕਾਰਵਾਈ ਕੀਤੀ ਜਾਵੇ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੌਣ ਕਾਰਵਾਈ ਕਰੇ? ਇਹ ਟਕਸਾਲੀ ਆਪਸ ਵਿੱਚ ਹੀ ਇੱਕ ਦੂਜੇ ਦੇ ਪੂਰੇ ਪੂਰੇ ਭੇਦ ਖੋਲ੍ਹ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਬਾਟੇ `ਚ ਕੋਇਲੇ ਭਖਾ ਕੇ ਹਵਨ ਕਰਨ ਦਾ ਮਾਮਲਾ ਭਖਣ ਲੱਗਾ ਅੰਮ੍ਰਿਤਸਰ ਫੈਡਰੇਸ਼ਨਾ ਨੇ ਵੀ ਡੱਟਕੇ ਵਿਰੋਧ ਕੀਤਾ।

ਅੰਮ੍ਰਿਤਸਰ ੨੨ ਅਗਸਤ (ਵਿਸ਼ੇਸ਼ ਪ੍ਰਤੀਨਿਧ) ਦਮਦਮੀ ਟਕਸਾਲ ਚੌਕ ਮਹਿਤਾ ਵਿੱਚ ਗੁਰੂ ਗ੍ਰੰਥ ਸਾਹਿਬ' ਕਥਿਤ ਤੌਰ `ਤੇ ਬਾਟੇ ਵਿੱਚ ਕੋਲੇ ਭਖਾ ਕੇ ਹਵਨ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਅਤੇ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵਲੋਂ ਇਸ ਪ੍ਰਕਿਰਿਆ ਨੂੰ ਅਗਰਬੱਤੀ ਦਾ ਬਦਲਵਾਂ ਪ੍ਰਬੰਧ ਦੱਸੇ ਜਾਣ ਤੋਂ ਬਾਅਦ ਟਕਸਾਲ ਦੇ ਵਿਰੋਧੀ ਗੁੱਟ ਨੇ ਬਾਬਾ ਧੁੰਮਾ `ਤੇ ਮੋੜਵਾਂ ਹੱਲਾ ਕੀਤਾ ਹੈ।

ਸਮਾਨਅੰਤਰ ਟਕਸਾਲ ਮੁਖੀ ਭਾਈ ਰਾਮ ਸਿੰਘ ਦੀ ਅਗਵਾਈ ਵਾਲੀ ਦਮਦਮੀ ਟਕਸਾਲ (ਸੰਗਰਾਏਂ) ਦੇ ਆਗੂਆਂ ਭਾਈ ਬਲਵੰਤ ਸਿੰਘ, ਭਾਈ ਨਿਰਭੈ ਸਿੰਘ ਅਤੇ ਭਾਈ ਲੱਖਾ ਸਿੰਘ ਨੇ ਇੱਕ ਵਿਸਤਿਤ ਬਿਆਨ ਰਾਹੀਂ ਕਿਹਾ ਕਿ ਜੇਕਰ ਹਵਨ ਸਮੱਗਰੀ ਹੀ ਅਗਰਬੱਤੀ ਦਾ ਬਦਲਵਾਂ ਪ੍ਰਬੰਧ ਹੈ ਤਾਂ ਪੂਰੇ ਚਾਲੀ ਦਿਨ ਦਰਵਾਜੇ ਬੰਦ ਕਰਕੇ, ਕਥਾ ਕੀਰਤਨ ਬੰਦ ਕਰਨਾ ਅਤੇ ਲਗਾਤਾਰ ਹਵਨ ਸਮੱਗਰੀ ਅੱਗ `ਤੇ ਸੁੱਟਣੀ ਕਿਹੜੀ ਟਕਸਾਲ ਦੀ ਮਰਿਆਦਾ ਹੈ? ਉਨ੍ਹਾਂ ਕਿਹਾ ਕਿ ਜੇਕਰ ਬਾਬਾ ਧੁੰਮਾ ਰਵਾਇਤੀ ਧੂਫਾਂ ਤੇ ਅਗਰਬੱਤੀਆਂ ਇਸ ਕਰਕੇ ਨਹੀਂ ਵਰਤਦੇ ਕਿ ਇਹ ਤੰਬਾਕੂਨੋਸ਼ੀ ਕਰਨ ਵਾਲੇ ਮਜ਼ਦੂਰਾਂ ਦੁਆਰਾ ਫੈਕਟਰੀਆਂ ਵਿੱਚ ਬਣਾਈਆਂ ਜਾਂਦੀਆਂ ਹਨ ਤਾਂ ਟਕਸਾਲ ਹੈੱਡ ਕੁਆਰਟਰ ਵਿੱਚ ਬਣਦੀ ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਜਿਹੜੀ ਖੰਡ ਤੇ ਰਸਦ ਪੈਂਦੀ ਹੈਂ, ਉਹ ਬਣਾਉਣ ਲਈ ਬਾਬਾ ਧੁੰਮਾ ਨੇ ਕਿਹੜੀ ਫੈਕਟਰੀ ਲਾਈ ਹੋਈ ਹੈ? ਟਕਸਾਲ ਆਗੂਆਂ ਨੇ ਕਿਹਾ ਕਿ ਭਾਵੇਂ ਮਨਮਤੀ ਸਥਾਨਾਂ (ਹਰਿਦੁਆਰ ਆਦਿ) ਵਿਖੇ ਜਾ ਕੇ ਗੁਰਮਤਿ ਪ੍ਰਚਾਰ ਕਰਨਾ ਮਾੜੀ ਗੱਲ ਨਹੀਂ ਪ੍ਰੰਤੂ ਭਗਵੇਂ ਕੱਪੜੇ ਪਾ ਕੇ ਗੰਗਾ ਵਿੱਚ ਇਸ਼ਨਾਨ ਕਰਨਾ, ਭਗਵਾਂ ਧਾਰੀਆਂ ਦੇ ਪੈਰੀਂ ਹੱਥ ਲਾਉਣੇ, ਉਨ੍ਹਾਂ ਉਤੋਂ ਦੀ ਫੁੱਲ ਸੁੱਟਣੇ ਆਦਿ ਕਿਹੜਾ ਗੁਰਮਤਿ ਪ੍ਰਚਾਰ ਹੈ? ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੀ. ਏ. ਗੁਰਮੀਤ ਸਿੰਘ ਦੀ ਸਿਹਤਯਾਬੀ ਦੀ ਅਰਦਾਸ, ਮੌਤ ਉਪਰੰਤ ਲਾਸ਼ `ਤੇ ਦੁਸ਼ਾਲਾ ਭੇਟ ਕਰਨ ਅਤੇ ਉਸ ਨੂੰ ਸਭ ਤੋਂ ਪਿਆਰਾ ਮਿੱਤਰ ਦੱਸਣ ਤੋਂ ਬਾਅਦ ਸਵਾਲ ਉਠਿਆ ਹੈ ਕਿ ਸਿੱਖਾਂ ਦੇ ਕਾਤਲ ਦੇ ਪੀ. ਏ. ਨਾਲ ਟਕਸਾਲ ਮੁਖੀ ਦਾ ਕੀ ਰਿਸ਼ਤਾ ਹੈ? ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਸਬੰਧੀ ਸੱਚ ਸੰਗਤ ਸਾਹਮਣੇ ਲਿਆਂਦਾ ਜਾਵੇ।

ਗੁਰਦਵਾਰਾ ਸ਼ਹੀਦ ਗੰਜ ਦੇ ਪ੍ਰਬੰਧ ਦੇ ਮਸਲੇ ਤੇ ਇਹ ਟਕਸਾਲੀ ਕਬਜਾ ਲੈਣ ਤੋਂ ਕਿਵੇਂ ਲੜਾਈ ਝਗੜੇ ਕਰਦੇ ਰਹੇ ਅਸੀ ਆਪ ਜਾ ਕੇ ਉਥੇ ਗੁਰਦਵਾਰੇ ਵਿੱਚ ਪੁਲੀਸ ਵੀ ਬੈਠੀ ਦੇਖੀ ਇਹਨਾਂ ਦਾ ਤਿਆਗ ਗੱਲਾਂ ਵਿੱਚ ਹੀ ਹੈ ਇਹਨਾਂ ਦੇ ਅਮਲੀ ਜੀਵਨ ਵਿੱਚ ਕਦੇ ਵੀ ਤਿਆਗ ਨੇ ਪੈਰ ਨਹੀ ਪਾਇਆ। ਇਹਨਾਂ ਟਕਸਾਲੀਆਂ ਨੇ ਆਪ ਖੁਦ ਸੰਤ ਹਰਨਾਮ ਸਿੰਘ ਧੁੰਮਾ ਤੇ ਐਸੇ ਦੋਸ਼ ਅਖਬਾਰਾਂ ਵਿੱਚ ਲਾਏ ਜਿਹੜੇ ਇਥੇ ਲਿਖਣ ਤੋਂ ਮੈ ਸ਼ਰਮ ਮਹਿਸੂਸ ਕਰ ਰਿਹਾ ਹਾਂ।

ਅੱਗੇ ਉਸ ਇੰਟਰਵਿਊ ਦਾ ਜ਼ਿਕਰ ਕਰ ਰਿਹਾ ਹਾਂ ਜੋ ਸਿਖ ਸ਼ਹਾਦਤ ਵਲੋਂ ਸੰਤ ਹਰਨਾਮ ਸਿੰਘ ਧੁੰਮਾ ਨਾਲ ਕੀਤੀ ਗਈ। ਅੱਜ ਦੇ ਹਾਲਤ ਸੰਬੰਧੀ ਪੁਛੇ ਗਏ ਸਵਾਲ ਦੇ ਜਵਾਬ ਵਿੱਚ ਇਸ ਟਕਸਾਲੀ ਸੰਤ ਨੇ ਕਿਹਾ ਕਿ ਪਹਿਲਾ ਕੰਮ ਸਿੱਖੀ ਦੀ ਮੁਖਧਾਰਾਂ ਨਾਲੋਂ ਟੁੱਟੇ ਨੌਜਵਾਨਾ ਨੂੰ ਮੁੱਖ ਧਾਰਾ ਨਾਲ ਜੋੜਨਾ।

ਵਿਚਾਰ—ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਤੁਸੀ ਵੀ ਮੁੱਖਧਾਰਾ ਨਾਲੋਂ ਟੁੱਟੇ ਹੋਏ ਹੋ ਤੁਹਾਨੂੰ ਕੌਣ ਜੋੜੇਗਾ? ਨਸ਼ੇ ਕਰਨੇ ਮਨਮਤਿ ਹੈ ਪਰ ਹਵਨ ਕਰਨੇ ਵੀ ਮਨਮੱਤ ਹੈ ਧਰਮ ਦੇ ਨਾਂ ਤੇ ਫੋਕੇ ਕਰਮ ਕਾਂਡ ਕਰਨੇ ਬਾਹਮਣੀ ਰੀਤਾਂ ਦਾ ਪ੍ਰਚਾਰ ਕਰਨਾ ਵੀ ਮਨਮੱਤ ਹੈ।

ਅੱਗੇ ਪ੍ਰਚਾਰਕ ਪੜ੍ਹੇ ਲਿਖੇ ਹੋਣ ਦੇ ਜਵਾਬ ਵਿੱਚ ਧੁੰਮਾ ਜੀ ਕਹਿੰਦੇ ਦੁਨਿਆਵੀ ਪੜ੍ਹਾਈ ਦੀ ਲੋੜ ਹੈ ਭਾਵੇ ਉਹ ਸਿਖਾਂ ਦੇ ਪ੍ਰਚਾਰਕ ਹੋਣ ਭਾਵੇਂ ਟਕਸਾਲ ਦੇ।

ਵਿਚਾਰ—ਇਸਦਾ ਮਤਲਬ ਇਹ ਸਿੱਖਾਂ ਦੇ ਪ੍ਰਚਾਰਕ ਹੋਰ ਹਨ ਅਤੇ ਟਕਸਾਲ ਦੇ ਪ੍ਰਚਾਰਕ ਹੋਰ। ਇਥੋਂ ਅੰਦਾਜਾ ਲਾਉ ਕਿ ਸਿੱਖ ਕੌਮ ਅੰਦਰ ਜਿਨ੍ਹੇ ਵੀ ਵਖਰੇਵੇਂ ਪੈਦਾ ਕੀਤੇ ਹਨ ਇਹਨਾਂ ਸੰਪਰਦਾਈਆਂ ਨੇ ਹੀ ਕੀਤੇ ਹਨ।

ਅੱਗੇ ਪ੍ਰਚਾਰਕਾਂ ਦੇ ਰੁਜਗਾਰ ਦੇ ਮਸਲੇ ਤੇ ਕੀਤੇ ਸਵਾਲ ਦੇ ਜਵਾਬ ਵਿੱਚ ਧੁੰਮਾ ਜੀ ਕਹਿੰਦੇ ਹਨ ਕਿ ਪ੍ਰਚਾਰਕਾਂ ਦੀ ਉਪਜੀਵਕਾ ਦਾ ਕੋਈ ਐਸਾ ਸਾਧਨ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਧਾਰਮਿਕ ਲਾਈਨ ਵਿੱਚ ਆਕੇ ਗੁਰਮਤਿ ਵਿਚਾਰਧਾਰਾ ਦੀ ਗਲਤ ਵਰਤੋਂ ਨ ਕਰਨੀ ਪਵੇ।

ਵਿਚਾਰ—ਪਹਿਲੀਆਂ ਕਿਤਾਬਾਂ ਵਿੱਚ ਜਿਕਰ ਕਰ ਆਇਆ ਹਾਂ ਕਿ ਕਿਵੇਂ ਡੇਰੇਦਾਰ ਟਕਸਾਲੀਆਂ ਨੇ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕੀਤਾ, ਬਾਹਮਣੀ ਮੱਤ ਵਾਲੇ ਕਰਮ ਕਾਂਡਾਂ ਨੂੰ ਅੱਗੇ ਕੀਤਾ ਗੁਰਮਤਿ ਵਿਚਾਰਧਾਰਾ ਦੀ ਗਲਤ ਵਿਆਖਿਆ ਬਹੁਤ ਜਿਆਦਾ ਸੰਪਰਦਾਈ ਗਿਆਨੀ ਕਰ ਰਹੇ ਹਨ। ਹਮੇਸ਼ਾ ਹੀ ਇਹ ਗੱਲ ਕਰਦੇ ਹਨ ਮਹਾਂਪੁਰਖਾਂ ਦੀ ਸਿਖਿਆ। ਪਰ ਗੁਰੂ ਦੀ ਸਿੱਖਿਆ ਦਾ ਇਹਨਾਂ ਕਦੇ ਨਾਂ ਵੀ ਨਹੀ ਲਿਆ। ਇਹ ਕਹਿੰਦੇ ਸਿੱਖ ਨੂੰ ਦੂਜੇ ਧਰਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਠੀਕ ਹੈ ਪਰ ਡੇਰਿਆਂ ਵਾਲਿਆਂ ਨੇ ਤਾਂ ਰੀਤੀ ਰਿਵਾਜ ਵੀ ਸਾਰੇ ਅਨਮਤਾਂ ਵਾਲੇ ਅਪਣਾਏ ਹੋਏ ਹਨ ਸਿੱਖ ਮੱਤ ਦੀ ਗੱਲ ਗੁਰਮਤਿ ਦੀ ਗੱਲ ਡੇਰਿਆਂ ਵਿੱਚ ਕੇਵਲ ਨਾਂ ਮਾਤਰ ਹੀ ਹੈ।

ਅੱਗੇ ਮਿਸ਼ਨਰੀ ਕਾਲਜਾਂ ਅਤੇ ਸੰਪਰਦਾਵਾਂ ਦੀ ਪ੍ਰਚਾਰ ਵਿਧੀ ਵੱਖਰੀ ਦੇ ਜਾਵਾਬ ਵਿੱਚ ਧੁੰਮਾ ਜੀ ਕਹਿੰਦੇ ਇਹ ਟਕਸਾਲਾਂ ਸੰਪਰਦਾਵਾਂ ਇਹ ਗੁਰੂ ਮਹਾਂਰਾਜ ਦੇ ਵੇਲੇ ਤੋਂ ਚੱਲੀਆਂ ਆ ਰਹੀਆਂ ਹਨ

ਵਿਚਾਰ—ਪੁਸਤਕ ਦੇ ਪਹਿਲੇ ਭਾਗ ਵਿੱਚ ਪੜ੍ਹੋ ਲੰਮੀ ਚੌੜੀ ਲਿਖਤ ਲਿਖੀ ਹੈ ਕਿ ਗੁਰੂ ਨੇ ਖਾਲਸਾ ਪੰਥ ਸਾਜਿਆ (ਚਲਾਇਆ) ਕੋਈ ਟਕਸਾਲ ਕੋਈ ਸੰਪਰਦਾ ਨਹੀ ਚਲਾਈ। ਇਹ ਤਾਂ ਨਾਂਗੇ ਸਾਧ ਉਦਾਸੀ, ਸੰਨਿਆਸੀ ਚਾਲੀਸੇ ਕੱਟਣ ਵਾਲੇ, ਹਵਨ ਕਰਨ ਵਾਲੇ ਹੁੰਦੇ ਸਨ ਬਾਅਦ ਵਿੱਚ ਇਹ ਚੋਲਿਆਂ ਵਾਲੇ ਭੇਖ ਵਿੱਚ ਆ ਕੇ ਹੁਣ ਤੱਕ ਅਨਮਤਾਂ ਦਾ ਪ੍ਰਚਾਰ ਕਰ ਰਹੇ ਹਨ।

ਅੱਗੇ ਧੁੰਮਾ ਜੀ ਨੇ ਸਿੱਖ ਰਹਿਤ ਮਰਯਾਦਾ ਤੇ ਟਿੱਪਣੀ ਕੀਤੀ ਹੈ।

ਵਿਚਾਰ—ਕਿਸੇ ਡੇਰੇਦਾਰ ਸਾਧ ਨੂੰ ਹੱਕ ਨਹੀ ਕਿ ਉਹ ਸਿੱਖ ਰਹਿਤ ਮਰਯਾਦਾ ਉਪਰ ਕਿੰਤੂ ਕਰੇ। ਇਸ ਬਾਰੇ ਖੁਲੀ ਵਿਚਾਰ ਪੜ੍ਹਨ ਵਾਸਤੇ ਪੁਸਤਕ ਦੇ ਦੂਜੇ ਭਾਗ ਸਫਾ ----- ਤੇ ਪੜ੍ਹੋ। ਇਹ ਸਾਧ, ਸਿੱਖ ਰਹਿਤ ਮਰਯਾਦਾ ਦੇ ਹਾਮੀ ਇਸ ਕਰਕੇ ਨਹੀਂ ਹਨ ਕਿਉਂਕਿ ਇਹ ਮਰਯਾਦਾ ਮਹੰਤਵਾਦ, ਸਾਧਵਾਧ, ਪਖੰਡ ਵਾਦ ਨੂੰ ਨਕਾਰਦੀ ਹੈ।

ਇਸ ਮਹੰਤਵਾਦ, ਸਾਧਵਾਧ ਦੇ ਸਮੇ ਹੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹਿੰਦੂ ਦੇਵੀ ਦੇਵਤਿਆ ਦੀਆਂ ਪੱਥਰ ਦੀਆਂ ਮੂਰਤੀਆਂ ਆ ਗਈਆਂ ਸੀ ਕੇਵਲ ਸਿੰਘ ਸਭਾ ਲਹਿਰ ਦੇ ਸਿੰਘਾਂ ਨੇ ਹੀ ਵਿਰੋਧ ਕੀਤਾ ਸੀ ਉਸ ਵੇਲੇ ਕੋਈ ਸਾਧ ਸੰਪਰਦਾ ਭਾਲਿਆਂ ਵੀ ਨਹੀ ਸੀ ਲੱਭੀ। ਇਹ ਜ਼ਿਕਰ ਵਿਸਥਾਰ ਸਾਹਿਤ ਪਹਿਲੀਆਂ ਕਿਤਾਂਬਾਂ ਵਿੱਚ ਕਰ ਆਇਆ ਹਾਂ।

ਅੱਗੇ ਸਵਾਲ ਸੀ ਕਿ ਸਿੱਖ ਡੇਰਿਆਂ ਤੇ ਰਾਜਨੀਤੀ ਦਾ ਪ੍ਰਭਾਵ ਇਸਦਾ ਕੋਈ ਠੋਸ ਜਵਾਬ ਧੁੰਮਾਂ ਜੀ ਨਹੀ ਦੇ ਸਕੇ।

ਅੱਗੇ ਇੱਕ ਸਵਾਲ ਦੇ ਜਵਾਬ ਵਿੱਚ ਧੁੰਮਾ ਜੀ ਕਹਿੰਦੇ ਹਨ ਟਕਸਾਲ ਵਿੱਚ ਜਿਹੜੀ ਵਿਚਾਰਧਾਰਾ ਚੱਲ ਰਹੀ ਹੈ ਬਿਲਕੁੱਲ ਹੀ ਨਿਰੋਲ ਸਿੱਖੀ ਨੂੰ ਸਮਰਪਤਿ ਹੈ ਉਸ ਵਿੱਚ ਕੋਈ ਐਸੀ ਗੱਲ ਨਹੀ ਹੈ ਜਿਹੜੀ ਦੂਸਰੀ ਹੋਵੇ ਛੱਡਣ ਵਾਲੀ ਜਾਂ ਪਾਉਣ ਵਾਲੀ ਹੋਵੇ।

ਵਿਚਾਰ—ਪਰ ਪਹਿਲੀਆਂ ਕਿਤਾਬਾਂ ਵਿੱਚ ਪਾਠਕ ਪੜ੍ਹ ਆਏ ਹਨ ਕਿ ਟਕਸਾਲ ਵਿੱਚ ਕੋਈ ਵੀ ਗੱਲ ਨਿਰੋਲ ਸਿੱਖੀ ਨੂੰ ਸਮਰਪਿਤ ਨਹੀ ਹੈ ਗੁਰਮਤਿ ਸਿਧਾਂਤਾਂ ਦੀਆ ਧੱਜੀਆਂ ਜਿੰਨੀਆਂ ਟਕਸਾਲ ਨੇ ਉਡਾਈਆਂ ਹਨ ਹੋਰ ਕਿਸੇ ਨੇ ਵੀ ਨਹੀ ਉਡਾਈਆਂ। ਜਿੰਨਾ ਬਾਹਮਣਵਾਦ ਦਾ ਪ੍ਰਚਾਰ ਟਕਸਾਲ ਨੇ ਕੀਤਾ ਹੈ ਅਤੇ ਹੁਣ ਵੀ ਕਰ ਰਹੀ ਹੈ ਹੋਰ ਕਿਸੇ ਨੇ ਵੀ ਨਹੀ ਕੀਤਾ। ਅਸੀਂ ਮੀਡੀਆ ਵਿੱਚ ਜਾਂ ਕਿਤੇ ਵੀ ਬੈਠ ਕੇ ਧੁੰਮਾ ਜੀ ਨਾਲ ਇਸ ਸਬੰਧ ਵਿੱਚ ਵਿਚਾਰ ਕਰਨ ਵਾਸਤੇ ਤਿਆਰ ਹਾਂ। ਅਗਲੇ ਸਵਾਲ ਦੇ ਉਤਰ ਵਿੱਚ ਧੁੰਮਾ ਜੀ ਕਹਿੰਦੇ ਵਿਆਕਰਣ ਬੰਦੇ ਹੀ ਬਣਾਈ ਹੋਈ ਹੈ। ਜਿੰਨਾ ਨੂੰ ਟਕਸਾਲੀ ਸੰਤ ਕਹਿੰਦੇ ਹੋ ਇਹ ਵੀ ਬੰਦੇ ਹੀ ਸੀ ਇਹਨਾ ਨੂੰ ਵਿਦਿਆ ਮਾਰਤੰਡ ਬ੍ਰਹਮਗਿਆਨ ਦਾ ਖਿਤਾਬ ਕਿਹੜੀ ਯੂਨੀਵਰਸਟੀ ਵਿਚੋਂ ਲੈ ਕੇ ਤੁਸੀ ਦਿੱਤਾ? ਯਾਦ ਰੱਖੋ ਗੁਰਬਾਣੀ ਵਿਆਕਰਣ ਦੀ ਖਾਸ ਮਹੱਤਤਾ ਹੈ। ਜਿਹੜੇ ਵਿਆਕਰਣ ਨੂੰ ਮੰਨਦੇ ਸਮਝਦੇ ਨਹੀ ਹਨ ਉਹ ਕਦੇ ਵੀ ਸਹੀ ਅਰਥ ਨਾ ਕਰ ਸਕਦੇ ਹਨ ਅਤੇ ਨਾ ਹੀ ਗੁਰਮਤਿ ਆਸ਼ੇ ਨੂੰ ਕਦੇ ਸਮਝ ਸਕਦੇ ਹਨ ਟਕਸਾਲ ਨਾਲ ਐਸਾ ਹੀ ਹੋਇਆ ਹੈ। ਇਹ ਚਿੜੀਆਂ ਕਾਵਾਂ ਵਾਲੀਆਂ ਕਹਾਣੀਆਂ ਸੁਣਾ ਕੇ ਕਥਾ ਦਾ ਟਾਈਮ ਪੂਰਾ ਕਰਦੇ ਆ ਰਹੇ ਹਨ। ਵਿਸ਼ਥਾਰ ਵਾਸਤੇ ਪੜ੍ਹੋ ਪਹਿਲੇ ਦੋਵੇ ਭਾਗ ਸੰਤਾਂ ਦੇ ਕੌਤਕ।

ਟਕਸਾਲ ਦਾ ਮੁਖੀ -- ਸਾਲ ਝੂਠ ਬੋਲਦਾ ਰਿਹਾ ਕਿ ਸੰਤ ਜਰਨੈਲ ਸਿੰਘ ਜਿੰਦਾ ਹੈ ਨਾਲ ਇਹ ਵੀ ਕਿਹਾ ਕਿ ਜਿਹੜਾ ਕਹੇਗਾ ਉਹ ਸ਼ਹੀਦ ਹੈ ਉਹਦੇ ਜ਼ਬਾਨ ਤੇ ਕੀੜੇ ਪੈ ਜਾਣਗੇ। ਪਰ ਹੁਣ ਟਕਸਾਲ ਨੇ ਖੁਦ ਕਹਿ ਦਿੱਤਾ ਸ਼ਹੀਦ ਹੁਣ ਉਹਨਾਂ ਕੀੜਿਆਂ ਦਾ ਕੀ ਬਣੇਗਾ। ਕਿਸੇ ਟਕਸਾਲੀ ਦਾ ਹੌਂਸਲਾ ਨਾ ਪਿਆ ਕਿ ਟਕਸਾਲ ਮੁਖੀ ਨੂੰ ਝੂਠ ਤੋਂ ਵਰਜੇ। ਇਥੋਂ ਬੜੇ ਅੰਦਾਜੇ ਆਪਣੇ ਆਪ ਹੀ ਲਾ ਲੈਣੇ ਚਾਹੀਦੇ ਹਨ ਵੱਡੇ ਵੱਡੇ ਬੁਲਾਰੇ ਵੀ ਮੂੰਹੋਂ ਇੱਕ ਲਫਜ ਨਾ ਕਹਿ ਸਕੇ ਕਿ ਆਪਾਂ ਇਹ ਝੂਠ ਨਾ ਬੋਲੀਏ। ਇਸੇ ਵਿਸ਼ੇ ਨਾਲ ਸਬੰਧਤ ਇੱਕ ਹੱਡ ਬੀਤੀ ਕਹਾਣੀ, ਗੁਲਜ਼ਾਰ ਸਿੰਘ ਵੱਲੋਂ ਪੇਸ਼ ਹੈ।
.