.

ਅਮਰੀਕਾ `ਚ ਵੇਖਿਆ ਅਰਬ ਮੇਲਾ

ਬੀ. ਐੱਸ. ਢਿੱਲੋਂ

ਬਾਈਬਲ ਦੀ ਡੀ. ਵੀ. ਡੀ. ਮੁਫਤ ਵੇਚਣ ਵਾਲਾ ਮੁੰਡਾ ਤੀਜੀ ਵਾਰ ਮੇਰੇ ਸਾਹਮਣੇ ਆ ਗਿਆ। ਮੈਂ ਉਸ ਨੂੰ ਆਪਣੀ ਜਾਕਟ ਦੀ ਜੇਬ ਵਿੱਚੋਂ ਡੀ. ਵੀ. ਡੀ. ਕੱਢਕੇ ਵਿਖਾਉਂਦਿਆਂ ਕਿਹਾ ਕਿ ਇਹ ਮੇਰੇ ਕੋਲ ਪਹਿਲਾਂ ਹੀ ਹੈ ਤੇ ਮੈਂ ਉਹੀ ਲੇਖਕ ਆਦਮੀਂ ਹਾਂ ਜੋ ਪਹਿਲਾਂ ਉਹਨੂੰ ਮਿਲ ਚੁੱਕਾ ਹਾਂ। ਦਿਲਚਸਪ ਗੱਲ ਇਹ ਕਿ ਇਹ ਡੀ. ਵੀ. ਡੀ. ਅੰਗਰੇਜੀ, ਅਰਬੀ ਦੇ ਨਾਲ ਪੰਜਾਬੀ ਸਮੇਤ ਸੋਲਾਂ ਭਾਸ਼ਾਵਾਂ ਵਿੱਚ ਸੀ। ਅਮਰੀਕਾ ਦੇ ਹੋਟਲਾਂ ਦੇ ਕਮਰਿਆਂ ਤੇ ਇੰਗਲੈਂਡ ਵਿੱਚ ਗਿਰਜਿਆਂ ਦੀਆਂ ਕੁਰਸੀਆਂ ਦੀਆਂ ਪਿਛਲੀਆਂ ਜੇਬਾਂ ਵਿੱਚ ਹਰ ਕਿਸੇ ਦੇ ਪੜ੍ਹਣ ਲਈ ਪਈਆਂ ਪਵਿੱਤਰ ਬਾਈਬਲਾਂ ਮੈਂ ਪਹਿਲਾਂ ਵੀ ਵੇਖ ਚੁੱਕਾ ਸੀ, ਪਰ ਇਸ ਤਰ੍ਹਾਂ ਮੇਲੇ ਵਿੱਚ ਮੁਫਤ ਸੀ. ਡੀ. ਵੰਡਦੇ ਵੇਖਕੇ ਮੈਨੂੰ ਯਕੀਂਨ ਹੋ ਗਿਆ ਕਿ ਇਸਾਈ ਧਰਮ ਦੁਨੀਆਂ ਦਾ ਸੱਭ ਤੋਂ ਵੱਡਾ ਧਰਮ ਕਿਉਂ ਹੈ।

ਮੈਂ ਅਮਰੀਕੀਨ ਅਰਬ ਦੋਸਤ ਜਥੇਬੰਦੀ ਵੱਲੋਂ ਸਿਆਟਲ ਸੈਂਟਰ ਵਿੱਚ ਲਾਏ ਪੰਜਵੇਂ ਅਮਰੀਕਨ ਅਰਬ ਮੇਲੇ ਵਿੱਚ ਘੁੰਮ ਰਿਹਾ ਸੀ। ਮੇਲੇ ਵਿੱਚ ਸੱਤ, ਅਰਬੀ ਦੇਸ਼ਾਂ ਦੇ ਸਟਾਲ ਲੱਗੇ ਹੋਏ ਸਨ। ਜਿੰਨ੍ਹਾਂ ਵਿੱਚ ਅਰਬ ਦੇਸ਼ਾਂ ਦਾ ਸੱਭਿਆਚਾਰ ਵਿਖਾਇਆ ਜਾ ਰਿਹਾ ਸੀ। ਸੰਗੀਤ ਨਾਚ ਖਾਣਾਂ, ਕੌਫੀ, ਬੱਚਿਆਂ ਦੀਆਂ ਖੇਡਾਂ, ਫੈਸ਼ਨ ਸ਼ੋਅ ਅਤੇ ਅਮਰੀਕਨ ਅਰਬੀ ਜੀਵਨ ਨੂੰ ਪੇਸ਼ ਕਰਦੀਆਂ ਵਸਤਾਂ ਦੀ ਨੁਮਾਇਸ਼ ਲੱਗੀ ਹੋਈ ਸੀ।

ਮੈਂ ਸਵੇਰ ਤੋਂ ਹੀ ਇਰਾਕ, ਮਿਸਰ, ਸੀਰੀਆ, ਲਿਬੀਆ, ਸਾਊਦੀ ਅਰਬ, ਫਲਸਤੀਨਨ ਤੇ ਮਰਾਕੋ ਦੇ ਸਟਾਲਾਂ ਤੇ ਘੁੰਮਦਾ ਅਰਬੀ ਲੋਕਾ ਦੀ ਜੀਵਨ ਸ਼ੈਲੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੰਜਾਬੀਆਂ ਨੂੰ ਅਰਬੀ ਨੇ ਹੀ ਸਿਖਾਇਆ ਸੀ ਕਿ ‘ਸਾਰੇ ਹੀਲਿਆਂ ਦਾ ਆਖਰੀ ਹੀਲਾ ਤਲਵਾਰ ਹੈ’ (ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸਤ; ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ)। ਮੈਂ ਵੱਖੋ ਵੱਖ ਸਟਾਲਾਂ ਤੇ ਜਾਦਾ ਜਦੋਂ ਆਪਣੀ ਲੇਖਕ ਹੋਣ ਦੀ ਪਹਿਚਾਣ ਦੱਸਦਾ ਤਾਂ ਉਹ ਮੈਨੂੰ ਆਪਣੇ ਦੇਸ਼ ਤੇ ਆਪਣੀਆਂ ਬਣੀਆਂ ਚੀਜਾਂ ਬਾਰੇ ਦੱਸਣ ਲੱਗ ਜਾਂਦੇ। ਦਿਲਚਸਪ ਗੱਲ ਇਹ ਸੀ ਕਿ ਓਦੋ ਅਮਰੀਕਾ ਇਰਾਕ ਵਿੱਚ ਘਮਸਾਂਨ ਯੁੱਧ ਲੜ ਰਿਹਾ ਸੀ। ਪਰ ਮੇਲੇ ਵਿੱਚ ਸੱਭ ਤੋਂ ਪਹਿਲੀ ਤੇ ਵੱਡੀ ਸਟਾਲ ਇਰਾਕ ਦੀ ਸੀ। ਜੋ ਲੜਦੇ ਵੀ ਨੇ ਤੇ ਵਰਤਦੇ ਵੀ ਨੇ। ਮੈਨੂੰ ਅਮਰੀਕਨਾਂ ਤੇ ਆਪਣੇ ਪੰਜਾਬੀ ਲੋਕਾਂ ਦੇ ਸੋਚਣ ਢੰਗ ਵਿਚਲੇ ਫਰਕ ਤੋਂ ਯਾਦ ਆਇਆ।

1971 ਦੀ ਲੜਾਈ ਵੇਲੇ ਮੈਂ ਆਪਣੇ ਪਿੰਡ ਕੋਟਫੱਤੇ ਦੇ ਸਕੂਲ ਵਿੱਚ ਪੜ੍ਹਦਾ ਸੀ। ਸਾਡੇ ਪਿੰਡ ਇੱਕ ਮੁਸਲਮਾਂਨ ਮੁੰਡਾ ਰੌਲੇ ਗੌਲੇ ਵੇਲੇ ਆਪਣੀ ਮਾਂ ਨਾਲ ਇੱਧਰ ਹੀ ਰਹਿ ਗਿਆ ਸੀ। ਉਸਦੀ ਮਾਂ ਨੇ ਇੱਕ ਜੱਟ ਨਾਲ ਵਿਆਹ ਕਰਵਾ ਕਿ ਤਿੰਨ ਚਾਰ ਹੋਰ ਬੱਚਿਆਂ ਨੂੰ ਜਨਮ ਦਿੱਤਾ ਜੋ ਸਾਰੇ ਸਿੱਖ ਸਨ। ਪਰ ਸਿੱਖ ਬਣ ਚੁੱਕੇ ਵੱਡੇ ਮੁੰਡੇ ਨੂੰ ਲੋਕੀਂ ਅਜੇ ਵੀ ਖਾਨ ਹੀ ਕਹਿੰਦੇ। ਜੰਗ ਦੌਰਾਂਨ ਪੂਰੀ ਬਲੈਕ ਆਊਟ ਸੀ ਤੇ ਪਿੰਡ ਦੇ ਲੋਕੀਂ ਠੀਕਰੀ ਪਹਿਰਾ ਲਾ ਕਿ ਗਲੀਆਂ ਵਿੱਚ ਗੇੜੇ ਕੱਢਦੇ ਦੇਖਦੇ ਸਨ ਕਿ ਕਿਤੇ ਕਿਸੇ ਨੇ ਚਾਨਣ ਤਾਂ ਨਹੀਂ ਕੀਤਾ? ਮੁੰਡੀਹਰ ਲਈ ਇਹ ਸ਼ੁਗਲ ਹੀ ਸੀ। ਕਿਸੇ ਸ਼ਰਾਰਤੀ ਅਨਸਰ, ਜਾਂ ਉਸ ਵਿਚਾਰੇ ਮੁਸਲਮਾਨ ਬਾਪ ਤੋਂ ਪੇਦਾ ਹੋਏ ਜਵਾਨ ਮੁੰਡੇ, ਦੇ ਦੋਖੀ ਨੇ ਗੱਲ ਘੁੰਮਾ ਦਿੱਤੀ ਕਿ ਇਹ ਰਾਤ ਨੂੰ ਬੈਟਰੀ ਜਗਾ ਕਿ ਰੱਸੀ ਨਾਲ ਬੈਟਰੀ ਖੂਹ ਵਿੱਚ ਲਮਕਾ ਦਿੰਦਾ ਹੈ; ਜਿਸਦੀ ਪਾਣੀ ਤੇ ਪੈਂਦੀ ਚਲਕੋਰ ਅਸਮਾਨ ਵਿੱਚ ਉੱਡਦੇ ਪਾਕਿਸਤਾਨੀਂ ਜਹਾਜਾਂ ਨੂੰ ਦਿੱਸਦੀ ਹੈ ਜੋ ਆਪਣੇ ਪਿੰਡ ਤੇ ਜਰੁਰ ਬੰਬ ਸੁੱਟਣਗੇ। ਬਠਿੰਡਾ ਭਾਵੇਂ ਬਚ ਜਾਵੇ, ਕੋਟਫੱਤਾ ਸੁੱਕਾ ਨਹੀਂ ਨਿੱਕਲਣਾ। ਅਜੇ ਦੋ ਕੁ ਦਿਨ ਪਹਿਲਾਂ ਹੀ ਪਾਕਿਸਤਾਨੀ ਬੰਬਾਰ ਬਠਿੰਡੇ ਸਟੇਸ਼ਨ ਤੇ ਬੰਬ ਸੁੱਟਕੇ ਗਏ ਸਨ। ਲੋਕੀਂ ਇਕੱਠੇ ਹੋ ਕਿ ਠਾਣੇ ਪਹੁੰਚ ਗਏ ਕਿ ਇਹ “ਮੁਸਲਮਾਂਨ” ਪਾਕਿਸਤਾਂਨ ਦਾ ਜਸੂਸ ਹੈ। ਸਾਡੇ ਕੋਟਫੱਤੇ ਥਾਣੇ ਦਾ ਥਾਣੇਦਾਰ ਲੋਕਾਂ ਤੋਂ ਵੀ ਵੱਡਾ ਮੂਰਖ ਸੀ। ਉਸ ਮਾਂ ਦੇ ਪੁੱਤ ਨੇ ਵਗੇਰ ਪੜਤਾਲ ਕੀਤਿਆਂ ਉਸ ਗਰੀਬ (ਖਾਨ ਕਹਾਂ ਜਾਂ ਸਿੱਖ) ਨੂੰ ਲੜਾਈ ਖਤਮ ਹੋਣ ਤੱਕ ਥਾਣੇ ਬਿਠਾਈ ਰੱਖਿਆ।

ਅਰਬੀ ਲੋਕਾਂ ਨੂੰ ਮੈਂ ਕਾਲੇ ਲੋਕ ਹੀ ਸਮਝਦਾ ਰਿਹਾ ਸੀ। ਪਰ ਉਹ ਸਾਰੇ ਹੀ ਗੋਰੇ ਚਿੱਟੇ ਸਨ। ਲਿਬਨਾਂਨ ਦੇ ਸਟਾਲ ਤੇ ਸਿਰ ਤੇ ਕਾਲਾ ਸਕਾਰਫ ਲਈ ਖੜ੍ਹੀ ਭਰ ਜਵਾਂਨ ਕੁੜੀ ਨੂੰ ਵੇਖਕੇ ਮੈਨੰ ਪੂਰਨਮਾਸ਼ੀ ਦੇ ਚੰਦ ਦਾ ਭੁਲੇਖਾ ਪਿਆ। ਰੱਬ ਝੂਠ ਨਾ ਬੁਲਾਵੇ ਐਡੀ ਸੋਹਣੀ ਔਰਤ ਮੈਂ ਸਾਰੇ ਅਮਰੀਕਾ, ਕਨੇਡਾ ਵਿੱਚ ਨਹੀਂ ਵੇਖੀ।

ਮੌਸਮ ਠੰਢਾ ਸੀ ਪਰ ਮੇਰੇ ਬੁੱਲ੍ਹ ਸੁੱਕ ਗਏ। ਸਾਹਮਣੇ ਸਟਾਲ ਲੱਗੀ ਵੇਖਕੇ ਮੈਂ ਕੁੱਝ ਪੀਣ ਲਈ ਉੱਧਰ ਗਿਆ ਪਰ ਸਟਾਲ ਤੇ ਖੜ੍ਹੀਆਂ ਕੁੜੀਆਂ ਢਾਈ ਡਾਲਰ ਨੂੰ ਠੰਢੇ ਦੀ ਬੋਤਲ ਦੇ ਰਹੀਆਂ ਸਨ। ਮੈਨੂੰ ਯਾਦ ਆਇਆ ਇਹ ਠੰਢੇ ਸ਼ਰਬਤ ਦੀਆਂ ਮੁਫਤ ਸ਼ਬੀਲਾਂ ਲਾਉਣ ਵਾਲਾ ਪੰਜਾਬ ਨਹੀਂ ਸੀ। ਇਹ ਕੋਕ ਤੇ ਪੈਪਸੀਆਂ ਵਾਲਾ ਅਮਰੀਕਾ ਸੀ। ਜਿੱਥੇ ਮਨੁੱਖਾਂ ਦੀ ਥਾਂ ਡਾਲਰ ਬੋਲਦਾ ਹੈ, ਡਾਲਰ ਤੁਰਦਾ ਹੈ ਤੇ ਡਾਲਰ ਹੱਸਦਾ ਹੈ। ਮੈਂ ਦੁਨੀਆਂ ਦੀ ਪੁਰਾਣੀ ਸੱਭਿਅੱਤਾ ਵਾਲੇ, ਨੀਲ ਦਰਿਆ ਦੇ ਕੰਢੇ ਵੱਸੇ, ਮਿਸਰ ਦੇ ਸਟਾਲ ਤੇ ਬੈਠਾ ਉਨ੍ਹਾਂ ਦੀਆਂ ਬਣਾਈਆਂ ਪੇਂਟਿੰਗਾਂ ਵੇਖ ਰਿਹਾ ਸੀ। ਵਿਖਾ ਰਹੇ ਭਾਈ ਨੇ ਮੈਨੂੰ ਪੁੱਛਿਆ ਕਿ ਇੰਡੀਆ ਵਿੱਚ ਵੀ ਪਹਿਲੀ ਵਾਰ ਇੱਕ ਔਰਤ ਰਾਸ਼ਟਰਪਤੀ ਬਣ ਰਹੀ ਹੈ। ਉਨ੍ਹੀਂ ਦਿਨੀਂ ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਹੋ ਰਹੀ ਸੀ ਤੇ ਮਾਨਯੋਗ ਪ੍ਰਤਿਭਾ ਪਾਟਿਲ ਦੇ ਚੁਣੇ ਜਾਣ ਦੇ ਚਰਚੇ ਸਨ। ਮੈਂ ਉਸ ਨੂੰ ਕਿਹਾ ਕਿ ਸਾਡੇ ਦੇਸ਼ ਵਿੱਚ ਪਹਿਲਾਂ ਵੀ ਔਰਤ ਪ੍ਰਧਾਂਨ ਮੰਤਰੀ ਰਹਿ ਚੁੱਕੀ ਹੈ। ਉਹ ਕਹਿਣ ਲੱਗਾ, “ਪਰ ਰਾਸ਼ਟਰਪਤੀ ਤਾਂ ਪਹਿਲੀ ਔਰਤ ਹੀ ਹੈ ਨਾ।” ਮੈਂ ਸਮਝ ਗਿਆ ਕਿ ਅਰਬ ਦੇਸ਼ਾਂ ਵਿੱਚ ਰਾਜਾ ਜਾਂ ਰਾਸ਼ਟਰਪਤੀ ਹੀ ਸਰਕਾਰ ਦਾ ਮੁੱਖੀ ਹੁੰਦਾ ਹੈ, ਪ੍ਰਧਾਂਨ ਮੰਤਰੀ ਨੂੰ ਸਰਕਾਰੀ ਕੰਮ ਚਲਾਉਣ ਲਈ ਅਕਸਰ ਨਾਂਮਜਦ ਹੀ ਕੀਤਾ ਗਿਆ ਹੁੰਦਾ। ਇਸ ਲਈ ਉਨ੍ਹਾਂ ਲਈ ਰਾਸ਼ਟਰਪਤੀ ਹੀ ਅਸਲੀ ਹਾਕਮ ਸੀ।

ਦਿਲਚਸਪ ਗੱਲ ਇਹ ਸੀ ਕਿ ਉਹ ਸਾਰੇ ਹੀ ਅਰਬੀ ਬੋਲਣ ਵਾਲੇ ਲੋਕ ਪੰਜਾਬੀ ਮਾਰਕਾ ਅੰਗਰੇਜੀ ਬੋਲ ਵੀ ਲੈਂਦੇ ਸਨ ਤੇ ਸਮਝਦੇ ਵੀ ਸਨ। ਲਿਬੀਆ ਦੇ ਸਟਾਲ ਤੇ ਲੱਗੇ ਝੰਡੇ ਬਾਰੇ ਮੈਨੂੰ ਉਨ੍ਹਾਂ ਦੱਸਿਆ ਕਿ ਇਹ ਸਾਰੀ ਦੁਨੀਆਂ ਵਿੱਚ ਇੱਕੋ ਇੱਕ ਝੰਡਾ ਹੈ ਜਿਸ ਵਿੱਚ ਸਿਰਫ ਇੱਕੋ ਹਰੇ ਰੰਗ ਦਾ ਕੱਪੜਾ ਹੈ ਤੇ ਕੋਈ ਨਿਸ਼ਾਂਨ ਜਾਂ ਡਿਜ਼ਾਇਨ ਨਹੀਂ ਹੈ। ਉੱਥੇ ਖਲੋਤੀ ਕੁੜੀ ਨੂੰ ਇਸ ਗੱਲ ਦਾ ਮਾਂਣ ਸੀ ਕਿ ਉਨ੍ਹਾਂ ਦਾ ਦੇਸ਼ ਸਮਾਜਵਾਦੀ ਗਣਤੰਤਰ ਹੈ। ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਨਹੀਂ ਅਮਰੀਕਾ ਦੇ ਵਿਹੜੇ `ਚ ਖੜ੍ਹਕੇ, ਮਹਾਂ ਸ਼ਕਤੀ ਅਮਰੀਕਾ ਨੂੰ ਦੱਸ ਰਹੀ ਹੋਵੇ ਕਿ “ਗੱਲ ਸੋਚਕੇ ਕਰੀਂ ਤੂੰ ਜੈਲਦਾਰਾ ਵੇ ਅਸਾਂ ਨੀ ਕਨੌੜ ਝੱਲਣੀ।”

ਸ਼ਾਂਮ ਹੋ ਗਈ ਸੀ ਮੈਂ ਘੁੰਮਦਾ ਘੁੰਮਦਾ ਥੱਕ ਗਿਆ। ਕਾਲੀ ਕੌਫੀ ਦਾ ਕੱਪ ਲੈ ਕਿ ਮੈਂ ਸੜਕ ਕੰਢੇ ਬਣੇ ਵੱਡੇ ਪਾਰਕ ਵਿੱਚ ਬੈਠ ਗਿਆ। ਕੁੱਝ ਦੇਰ ਬਾਅਦ ਇੱਕ ਜਵਾਂਨ ਹਬਸ਼ੀ ਨੇ ਮੇਰੇ ਅੱਗੇ ਆਪਣੇ ਮੂੰਹ ਵਿੱਚ ਫੜ੍ਹੀ ਸਿਗਰਟ ਕਰਦਿਆਂ ਲਾਈਟਰ ਮੰਗਿਆ। ਮੈਂ ਮੁਸਕਰਾਉਂਦਿਆਂ ਨਾਂਹ ਕਰਦਿਆਂ ਕਿਹਾ ਕਿ ਮੇਰੇ ਕੋਲ ਲਾਇਟਰ ਨਹੀਂ ਹੈ। ਉਹ ਬੇਯਕੀਨੀ ਜਿਹੀ ਵਿੱਚ ਮੇਰੇ ਕੋਲ ਹੀ ਬੈਠ ਕਿ ਆਪਣੀ ਕੌਫੀ ਪੀਣ ਲੱਗਾ। ਪਾਰਕ ਸੁੰਨਾ ਸੀ। ਦੂਰ ਕੋਨੇਂ ਵਿੱਚ ਬੱਚੇ ਖੇਡ ਰਹੇ ਸਨ। ਅਮਰੀਕਾ ਵਿੱਚ ਇੰਜ ਤੁਹਾਡੇ ਸਰਾਹਣੇ ਕਿਸੇ ਕਾਲੇ ਦਾ ਆਕੇ ਖੜ੍ਹ ਜਾਣਾ ਸ਼ੁਭ ਸ਼ਗਨ ਨਹੀਂ ਹੁੰਦਾ, ਖਾਸ ਤੌਰ ਤੇ ਜਦੋਂ ਸੁੰਨੀਂ ਥਾਂ ਹੋਵੇ ਤੇ ਹਨੇਰਾ ਪਲ ਪਲ ਵਧ ਰਿਹਾ ਹੋਵੇ। ਅਮਰੀਕਾ `ਚ ਅਸਾਲਟ 40 ਡਾਲਰ ਤੇ ਰਿਵਾਲਵਰ 100 ਡਾਲਰ ਦਾ ਦੁਕਾਨਾਂ ਤੋਂ ਮਿਲ ਜਾਦਾ ਹੈ। ਗੱਲ ਤੋਰਨ ਲਈ ਮੈਂ ਉਸਨੂੰ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਪੰਜਾਬੀ ਹਾਂ। ਅਸੀਂ ਸਿਗਰਟ ਨਹੀਂ ਪੀਂਦੇ ਇਸ ਲਈ ਮੇਰੇ ਕੋਲ ਲਾਈਟਰ ਨਹੀਂ ਹੈ।

ਕੋਰੇ ਜੰਮੀਂ ਸਵੇਰ ਵਰਗੀ ਚੁੱਪ ਨੂੰ ਤੋੜਦਿਆਂ ਮੈਂ ਸਫਾਈ ਦੇਣ ਲੱਗਾ, “ਸਾਡੇ ਇੰਡੀਆ ਦਾ ਪ੍ਰਧਾਂਨ ਮੰਤਰੀ ਵੀ ਸਿੱਖ ਹੈ ਮੈਂ ਉਸੇ ਦੇ ਧਰਮ ਦਾ ਹਾਂ। ਉਹ ਵੀ ਸਿਗਰਟ ਨਹੀਂ ਪੀਂਦੇ।” ਉਹ ਪਰਧਾਂਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਨਹੀਂ ਸੀ ਜਾਣਦਾ। ਜਿਵੇਂ ਮੈਂ ਵੀ ਸੋਮਾਲੀਆ ਦੇ ਪ੍ਰਧਾਂਨ ਮੰਤਰੀ ਨੂੰ ਨਹੀਂ ਜਾਣਦਾ। ਉਸਨੂੰ ਕੁੱਝ ਸਮਝ ਨਹੀਂ ਆਇਆ। ਬੱਸ ਕੌਫੀ ਦੀਆਂ ਘੁੱਟਾਂ ਭਰਦਾ ਸਿਰ ਹਿਲਾਉਂਦਾ ਰਿਹਾ। ਕਦੇ ਕਦੇ ਸ਼ਰਮਾਉਂਦਾ ਜਿਹਾ ਹੱਸ ਪੈਂਦਾ ਸੀ। ਫਿਰ ਉਸ ਪੁਛਿਆ ਕਿ ਮੈਂ ਕਿੱਥੇ ਰਹਿੰਦਾ ਹਾਂ? ਮੈਂ ਕਿਹਾ ਕਿ ਮੈਂ ਇੰਡੀਆ `ਚ ਚੰਡੀਗੜ੍ਹ ਰਹਿੰਦਾ ਹਾਂ। ਪਰ ਉਹ ਇੰਡੀਆ ਦਾ ਸਿਰਫ ਦਿੱਲੀ ਸ਼ਹਿਰ ਜਾਣਦਾ ਸੀ। ਜਦੋੇਂ ਉਹ ਚੰਡੀਗੜ੍ਹ ਨੂੰ ਹੀ ਦਿੱਲੀ ਕਹਿ ਕਿ ਪੁਛਣ ਲੱਗਾ ਤਾਂ ਮੈਂ ਕਹਿ ਦਿੱਤਾ ਕਿ, “ਹਾਂ ਮੈਂ ਉਸੇ ਦਿੱਲੀ ਰਹਿੰਦਾ ਹਾਂ।” ਹੁਣ ਉਹ ਹੱਸ ਪਿਆ ਤੇ ਕਹਿਣ ਲੱਗਾ ਕਿ ਉਹ ਇੰਡੀਆ ਦੀਆਂ ਫਿਲਮਾਂ ਦੇਖਦਾ ਹੈ ਤੇ ‘ਅਮਿਤਾਬ ਠੱਚਣ’ ਨੂੰ ਜਾਣਦਾ ਹੈ। ਮੈਂ ਹੱਸ ਕਿ ਕਿਹਾ ‘ਅਮਿਤਾਬ ਠੱਚਣ’ ਨਹੀਂ ‘ਅਮਿਤਾਬ ਬੱਚਣ’। ਹੁਣ ਗੋਲੀ ਵੱਜਣ ਦਾ ਖਤਰਾ ਮੇਰੇ ਮਨ ਤੋਂ ਲਹਿ ਗਿਆ ਸੀ। ਮੇਰੀ ਕੌਫੀ ਖਤਮ ਹੋ ਗਈ ਸੀ ਤੇ ਮੈਂ ਕੂਹਣੀਆਂ ਭਾਰ ਪਿਛਾਂਹ ਨੂੰ ਘਾਹ ਤੇ ਅੱਧ ਲੇਟਿਆ ਹੋ ਗਿਆ। ਕੁੱਝ ਚਿਰ ਸੋਚਕੇ ਫਿਰ ੳਸ ਇੱਕ ਹੋਰ ਐਕਟਰ ਦਾ ਨਾਂਮ ਲਿਆ, ‘ਮਿਠਨ ਠੱਕਰੀ’। ਮੈਂ ਫਿਰ ਉਸਨੂੰ ਦੱਸਿਆ ਕਿ ਮਿਠਨ ਠੱਕਰੀ ਨਹੀਂ ‘ਮਿਠੁੱਨ ਚੱਕਰਵਰਤੀ’। “ਤੁਸੀਂ ਉਸ ਨੂੰ ਮਿਲੇ ਹੋ?” ਉਹ ਖੁਸ਼ ਹੋ ਗਿਆ। ਮੈਂ ਕਿਹਾ, “ਹਾਂ ਅਸੀਂ ਉਸ ਤੋਂ ਪਾਣੀ ਵੱਢਦੇ ਰਹੇ ਹਾਂ।” ਉਹ ਵਗੇਰ ਕੁੱਝ ਸਮਝਿਆਂ ਸਿਰ ਹਿਲਾਕੇ ਹੱਸਿਆ।

ਮੇਰੇ ਪੁਛਣ ਤੇ ਉਸ ਦੱਸਿਆ ਕਿ ਉਹ ਪ੍ਰੀਵਾਰ ਸਮੇਤ ਅਫਰੀਕਾ ਦੇ ਸੋਮਾਲੀਆ ਦੇਸ਼ ਤੋਂ ਆਇਆ ਰਿਫਿਊਜੀ ਹੈ। ਕਾਲਜ ਪੜ੍ਹਦਾ ਹੈ। ਇੰਡੀਅਨ ਫਿਲਮਾਂ ਵੇਖਦਾ ਹੈ। ਮੈਨੂੰ ਖਿਆਲ ਆਇਆ ਕਿ ਜਿਵੇਂ ਸਾਨੂੰ ਸਕੂਲ ਵਿੱਚ “ਇੰਗਲੈਂਡ ਦੀ ਰਾਜਧਾਂਨੀ ਲੰਡਨ ਤੇ ਜਪਾਨ ਦੀ ਰਾਜਧਾਂਨੀ ਟੋਕੀਓ ਹੈ”, ਦਾ ਰੱਟਾ ਲਵਾਇਆ ਜਾਂਦਾ ਸੀ। ਉਸੇ ਤਰਾਂ ਇਸਨੇ ਵੀ ਸਕੂਲ `ਚ ਇੰਡੀਆ ਦੀ ਰਾਜਧਾਂਨੀ ਦਿੱਲੀ ਪੜ੍ਹਿਆ ਹੋਵੇਗਾ। ਸੌ ਕਰੋੜ ਦੀ ਆਬਾਦੀ ਵਾਲੇ ਐਡੇ ਵੱਡੇ ਦੇਸ਼ ਬਾਰੇ ਇਹ ਕੁੱਝ ਨਹੀਂ ਸੀ ਜਾਣਦਾ। ਪੰਜਾਬ ਕਿੱਥੇ ਰਹਿ ਗਿਆ?

ਜਦੋਂ 63 ਲੱਖ ਕਿਲੋਮੀਟਰ ਰਕਬਾ ਤੇ ਇੱਕ ਕਰੋੜ ਅਬਾਦੀ ਵਾਲੇ ਸੋਮਾਲੀਆ ਨੂੰ ਪੰਜਾਬ `ਚ ਕੋਈ ਨਹੀਂ ਜਾਣਦਾ ਤਾਂ ਇਹ ਸਿਰਫ 50 ਹਜਾਰ ਕਿਲੋਮੀਟਰ ਰਕਬੇ ਵਾਲੇ ਚੱਪੇ ਕੁ ਪੰਜਾਬ ਤੇ ਡੇਢ ਕਰੋੜ ਅਬਾਦੀ ਵਾਲੇ ਸਿੱਖਾਂ ਨੂੰ ਕਿਵੇਂ ਜਾਣ ਸਕਦੇ ਹਨ। ਗਲੋਬ ਵੱਲ ਵੇਖੀਏ ਤਾਂ, ਜੇ ਧਰਤੀ ਫੁੱਟਬਾਲ ਜਿੱਡੀ ਹੈ, ਤਾਂ ਪੰਜਾਬ ਮੱਕੀ ਦਾ ਦਾਣਾਂ, ਦੁਨੀਆਂ 700 ਕਰੋੜ ਹੈ ਤਾਂ ਪੰਜਾਬੀ ਢਾਈ ਕਰੋੜ। ਸਾਨੂੰ ਤਾਂ ਪੰਜਾਬ ਵਿੱਚ ਇਹੀ ਰੱਟਾ ਲਵਾਇਆ ਜਾਦਾ ਰਿਹਾ ਹੈ ਕਿ ਪੰਜਾਬੀਆਂ ਦਾ “ਸਾਰੀ ਦੁਨੀਆਂ” ਲੋਹਾ ਮੰਨਦੀ ਹੈ। ਪੰਜਾਬੀਆਂ ਦੀ ਸਾਰੀ ਧਰਤੀ ਤੇ “ਬੱਲੇ ਬੱਲੇ” ਹੈ। ਦਰਅਸਲ ਪੰਜਾਬ ਕੋਲ ਢੋਲ ਦੀ ਵੱਡੀ ਆਵਾਜ ਹੈ ਜਿਸ ਤੇ ਵਿਦੇਸ਼ੀਆਂ ਦੇ ਪੈਰ ਥਿਰਕਣ ਲੱਗ ਜਾਂਦੇ ਹਨ ਤੇ ਇਹ ਗਾਣੇ ਕੁੱਝ ਕੁ ਗਿਣੇ ਚੁਣੇ ਵਿਦੇਸ਼ੀ ਸ਼ਹਿਰਾਂ `ਚ ਵੀ ਸੁਣਦੇ ਹਨ। ਜਿਸ ਨੂੰ ਅਸੀਂ “ਸਾਰੀ ਦੁਨੀਆਂ” ਕਹਿੰਦੇ ਹਾਂ।

ਯੌਰਪ ਤੇ ਅਮਰੀਕਾ ਘੁੰਮਕੇ ਅੱਖਾਂ ਖੁੱਲ੍ਹੀਆਂ ਕਿ ਹਰ ਵਿਅਕਤੀ ਦਾ ਸੰਸਾਰ ਉਸਦੇ ਆਪਣੇ ਜਿੱਡਾ ਹੀ ਹੁੰਦਾ ਹੈ। ਦੁਨੀਆਂ ਦੇ ਹਜਾਰਾਂ ਸ਼ਹਿਰਾਂ `ਚੋਂ ਸਿਰਫ ਸੱਠ ਸੱਤਰ ਸ਼ਹਿਰਾਂ `ਚ ਰਹਿਣ ਵਾਲੇ ਪੰਜਾਬੀ, “ਸਾਰੀ ਦੁਨੀਆਂ” ਲਫਜ ਵਰਤਦੇ ਹਨ। ਜਦੋਂ ਕਿ ਅਫਰੀਕਾ, ਦੱਖਣੀ ਅਮਰੀਕਾ, ਰੂਸ, ਕੇਂਦਰੀ ਏਸ਼ੀਆ, ਮੰਗੋਲੀਆ, ਚੀਨ ਆਦਿ ਸੌ ਤੋਂ ਵੱਧ ਮੁਲਕਾਂ `ਚ ਲੋਕਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਕਿੱਥੇ ਹੈ ਤੇ ਸਿੱਖ ਕੌਣ ਹਨ?

ਸਾਡੇ ਅਣਪੜ੍ਹ ਲੀਡਰ, ਗਰੰਥੀ, ਢਾਡੀ, ਤੇ ਗਾਇਕ ਪੰਜਾਬੀਆ ਨੂੰ ਇਹੀ ਦੱਸਦੇ ਰਹੇ ਹਨ ਕਿ ਸਾਰੀ ਦੁਨੀਆਂ ਤੇ “ਆਪਣਾ ਰਾਜ ਆਇਆ ਕਿ ਆਇਆ”। ਜਦੋਂ ਕਿ ਅਜਿਹਾ ਕੁੱਝ ਨਹੀਂ ਹੋਣ ਵਾਲਾ। ਇਹ ਸੁਪਨਾਂ ਸਾਡੇ ਤੋਂ ਬਹੁਤ ਪਹਿਲਾਂ ਸੀਜਰ, ਸ਼ਕੰਦਰ, ਚੰਗੇਜ਼ ਖਾਂਨ, ਨਿਪੋਲੀਅਨ, ਹਿਟਲਰ ਤੇ ਸਟਾਲਨ ਲੈ ਚੁੱਕੇ ਹਨ। ਤੇ ਉਨ੍ਹਾਂ ਦੇ ਹਸ਼ਰ ਦਾ ਇਤਿਹਾਸ ਗਵਾਹ ਹੈ। ਨਾਨਕ ਬਾਣੀ ਤਾਂ ਸਾਨੂੰ ਸਿਖਾਉਂਦੀ ਹੈ ਕਿ “ਅਸੰਖ ਅਮਰ ਕਰਿ ਜਾਹਿ ਜੋਰ॥” ਅਸੀਂ ਖੂਹ ਦੇ ਡੱਡੂ ਵਾਲੀ ਸੋਚ ਵਿੱਚੋਂ ਕਦੋਂ ਨਿੱਕਲਾਂਗੇ? “ਅੰਧਿਆਰੇ ਦੀਪਕੁ ਚਹੀਐ॥” ਉਹ ਹਬਸ਼ੀ ਉੱਠਦਾ ਹੋਇਆ ਬੋਲਿਆ, “ਮੈਂ ਨੇੜੇ ਹੀ ਕੰਮ ਕਰਦਾ ਹਾਂ, ਬਾਏ”। ਉਸਦੇ ਉਦਾਸ ਬੋਲਾਂ ਤੋਂ ਮੈਂਨੂੰ ਲੱਗਾ ਜਿਵੇਂ ਉਹ ਸੋਚ ਰਿਹਾ ਹੋਵੇ ਕਿ ਉਸਦੇ ਕਾਲ ਤੇ ਭੁੱਖ ਨਾਲ ਮਰ ਰਹੇ ਸੋਮਾਲੀਆ ਦੀ ਤਰ੍ਹਾਂ ਇੰਡੀਆ ਵੀ ਕਿੰਨਾ ਗਰੀਬ ਹੈ, ਜਿਸਦੇ ਪ੍ਰਧਾਂਨ ਮੰਤਰੀ ਤੇ ਇਸ ਲੇਖਕ ਕੋਲ ਆਪਣੇ ਲਾਈਟਰ ਵੀ ਨਹੀਂ ਹਨ।

ਬੀ. ਐਸ. ਢਿੱਲੋਂ,

ਐਡਵੋਕੇਟ ਹਾਈਕੋਰਟ # 146 / 49-ਏ. ਚੰਡੀਗੜ੍ਹ-160047

ਮੁਬਾਇਲ: 9988091463
.