.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 9

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਪ੍ਰਿੰਸੀਪਲ ਹਰਿਭਜਨ ਸਿੰਘ ਜੀ ‘ਗੁਰਮਤਿ ਵਖਿਆਨ’ ਪੁਸਤਕ ਵਿੱਚ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਵਿਚਾਰ ਨੂੰ ਸਮਝਾਉਣ ਲਈ ਜੋ ਸ਼ੈਲੀ ਵਰਤੀ ਗਈ ਹੈ ਉਹ ਬੇ--ਮਿਸਾਲ ਹੈ, ਜਿਸ ਤਰ੍ਹਾਂ ਪਰਮਾਤਮਾ ਦੀ ਬੇਅੰਤਤਾ ਤੇ ਲੱਖਤਾ ਬਾਰੇ ਪਾਣੀ ਨਾਲ ਭਰੇ ਹੋਏ ਘੜੇ ਦੀ ਤੇ ਚੰਦ੍ਰਮਾ ਦੀ ਉਦਾਹਰਣ ਦਿੱਤੀ ਹੈ। “ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ”॥ ਹੁਣ ਇਸ ਦਾ ਭਾਵ ਇਹ ਨਹੀਂ ਕਿ ਗੁਰਬਾਣੀ ਵਿੱਚ ਪਾਣੀ, ਚੰਦ੍ਰਮਾ ਤੇ ਘੜੇ ਦੇ ਪ੍ਰਤੀਕ ਆ ਗਏ ਹਨ ਤੇ ਹੁਣ ਕੁੰਭ ਦੇ ਪ੍ਰਤੀਕ ਬਣ ਗਏ ਇਸ ਲਈ ਪਾਣੀ ਜਾਂ ਚੰਦ੍ਰਮਾ ਦੀ ਪੂਜਾ ਕੀਤੀ ਜਾਏ।

ਹੋਇਆ ਇਹ ਹੈ ਕਿ ਗੁਰਬਾਣੀ ਪਰਚਾਰ ਦੀ ਕਮੀ ਕਰਕੇ ਕੁੱਝ ਤੇਜ਼-ਤਰਾਰ ਬਿਰਤੀ ਵਾਲਿਆਂ ਨੇ ਭੋਲ਼ੀ ਸੰਗਤ ਨੂੰ ਗੁਰਬਾਣੀ ਦੇ ਹੀ ਪ੍ਰਮਾਣ ਦੇ ਕੇ, ਇੱਕ ਖਾਸ ਕਿਸਮ ਦਾ ਭੇਖ ਧਾਰਨ ਕਰਕੇ ਇਹਨਾਂ ਨੇ ਆਪਣੇ ਸਰੀਰ ਦੀ ਪ੍ਰਤਭਾ ਵਧਾ ਲਈ ਤੇ ਆਪਣੀ ਹੀ ਪੂਜਾ ਕਰਾਉਣੀ ਸ਼ੁਰੂ ਕਰਵਾ ਲਈ। ਪੂਜਾ ਦੀ ਚਰਮ ਸੀਮਾ ਪਾਰ ਕਰਦਿਆਂ ਸਰਦਾਰ ਜਸਵੰਤ ਸਿੰਘ ਜੀ ‘ਕੰਵਲ’ ਦੇ ਕਹਿਣ ਅਨੁਸਾਰ ਇਹਨਾਂ ਨੇ ਆਪਣੀਆਂ ਪੰਜ ਪੰਜ ਮੰਜ਼ਲੀਆਂ ਬਿਲਡਿੰਗਾਂ ਖੜ੍ਹੀਆਂ ਕਰ ਲਈਆਂ, ਜੋ ਸਦੀਵ-ਕਾਲ ਦੀ ਪੂਜਾ ਲਈ ਆਪਣੀਆਂ ਮੜ੍ਹੀਆਂ ਬਣਾ ਲਈਆਂ ਹਨ। ਸਭ ਤੋਂ ਪਹਿਲਾਂ ਇਹਨਾਂ ਨੇ ਸੁਖਮਨੀ ਸਹਿਬ ਜੀ ਦੀ ਬਾਣੀ ਵਿਚੋਂ ਸਾਧ ਸ਼ਬਦ ਲਿਆ ਹੈ ਕਿ ਜੀ ਸਾਡੇ ਸਾਧ ਦੀ ਸੰਗਤ ਕਰਕੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਤੁਹਾਨੂੰ ਮਿਲ ਜਾਣਗੀਆਂ। ਜੇ ਤਾਂ ਇਕੱਲੇ ਇਕੱਲੇ ਬੰਦ ਦੀ ਵਿਚਾਰ ਕਰਨ ਦਾ ਯਤਨ ਕੀਤਾ ਜਾਏ ਤਾਂ ਵਿਆਖਿਆ ਬਹੁਤ ਲੰਬੀ ਹੋ ਜਾਏਗੀ। ਸਿਰਫ ਸ਼ਬਦ ਦਾ ਭਾਵ ਅਰਥ ਹੀ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਤਵੀਂ ਅਸਟਪਦੀ ਵਿੱਚ ਪਰਮਾਤਮਾ ਤੇ ਉਸ ਨੂੰ ਜਾਨਣ ਵਾਲੇ ਦਾ ਜ਼ਿਕਰ ਆਇਆ ਹੈ।

ਅਗਮ ਅਗਾਧਿ ਪਾਰਬ੍ਰਹਮੁ ਸੋਇ॥ ਜੋ ਜੋ ਕਹੈ ਸੁ ਮੁਕਤਾ ਹੋਇ॥

ਸੁਨਿ ਮੀਤਾ ਨਾਨਕੁ ਬਿਨਵੰਤਾ॥ ਸਾਧ ਜਨਾ ਕੀ ਅਚਰਜ ਕਥਾ॥

ਅਖ਼ਰੀਂ ਅਰਥ ਪਰਮਾਤਮਾ ਬੇ-ਅੰਤ ਹੈ ਜੀਵ ਦੀ ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ। ਜੋ ਜੋ ਮਨੁੱਖ ਉਸ ਨੂੰ ਸਿਮਰਦਾ ਹੈ ਉਹ ਵਿਕਾਰਾਂ ਦੇ ਜਾਲ ਤੋਂ ਖਲਾਸੀ ਪਾ ਲੈਂਦਾ ਹੈ। ਹੇ ਮਿੱਤਰ! ਸੁਣ, ਨਾਨਕ ਬੇਨਤੀ ਕਰਦਾ ਹੈ ਕਿ ਜਿੰਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਸਮਝ ਲਿਆ ਹੈ ਉਹਨਾਂ ਦੀ ਅਸਚਰਜ ਕਥਾ ਹੈ।

ਸਾਧ-ਲਾਣੇ ਦੇ ਧੂਤ੍ਹੇ ਸੇਵਕਾਂ ਨੇ ਆਮ ਲੁਕਾਈ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ “ਸਾਧ ਜਨਾ ਕੀ ਅਚਰਜ ਕਥਾ” ਤੇ ਇਸ ਤੁਕ ਦਾ ਸਹਾਰਾ ਲੈਂਦਿਆਂ ਸਾਧਾਂ ਦੇ ਨਾਮ `ਤੇ ਕਰਾਮਾਤੀ ਸਾਖੀਆਂ ਨੂੰ ਜੋੜ ਜੋੜ ਕੇ ਸਣਾਉਣ ਵਿੱਚ ਆਪਣਾ ਫ਼ਖ਼ਰ ਮਹਿਸੂਸ ਕਰਨ ਲੱਗ ਪਏ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਜਨ-ਸਧਾਰਨ ਲੋਕ ਗੁਰੂਆਂ ਦੇ ਜੀਵਨ ਇਤਿਹਾਸ ਤੇ ਗੁਰਬਾਣੀ ਸਿਧਾਂਤ ਨਾਲੋਂ ਟੁੱਟ ਕੇ ਇਹਨਾਂ ਦੇ ਗਪੌੜਿਆਂ ਦੀਆਂ ਅਦਭੁੱਤ ਕਥਾ `ਤੇ ਯਕੀਨ ਕਰਨ ਲੱਗ ਪਏ।

ਹੁਣ ਇਹਨਾਂ ਤੁਕਾਂ ਦੀ ਵਿਚਾਰ ਕਰੀਏ ਤਾਂ ਭਾਵ ਅਰਥ ਸਮਝ ਵਿੱਚ ਚੰਗੀ ਤਰ੍ਹਾਂ ਆ ਜਾਏਗਾ। ਪਾਰਬ੍ਰਹਮ, ਅਗੰਮ ਹੈ ਭਾਵ ਉਸ ਤਾਈਂ ਸਾਡੀ ਪਾਹੁੰਚ ਨਹੀਂ ਹੈ, ਜੇ ਹੈ ਵੀ ਹੈ ਤਾਂ ਤੁਛ ਮਾਤਰ, ਪਰਮਾਤਮਾ ਅਗਾਧ ਭਾਵ ਅਥਾਹ ਹੈ। ਫਿਰ ਸੁਆਲ ਆਉਂਦਾ ਹੈ “ਜੋ ਜੋ ਕਹੈ ਸੁ ਮੁਕਤਾ ਹੋਇ” ਦਾ ਲਕੱਸ਼ ਰੱਖਿਆ ਹੈ ਜਿਹੜਾ ਪਰਮਾਤਮਾ ਅਗੰਮ ਤੇ ਅਥਾਹ ਹੈ ਉਸ ਨੂੰ ਕਿਹਾ ਜਾਂ ਕਥਿਆ ਕਿਵੇਂ ਜਾਏਗਾ, ਫਿਰ ਜਿੰਨ੍ਹਾਂ ਨੇ ਸਮਝਿਆ ਹੈ ਉਹਨਾਂ ਦੀ ਕਥਾ ਅਸਚਰਜ ਹੈ। ਪਰਮਾਤਮਾ ਅਗਾਧ ਤੇ ਅਗੰਮ ਹੈ ਭਾਵ ਰੱਬ ਜੀ ਦੀ ਨਿਯਮਾਵਲੀ ਬਹੁਤ ਡੂੰਘੀ ਹੈ ਜਿਵੇਂ ਰੱਬੀ ਨਿਯਮਾਵਲੀ ਨੂੰ ਮਨੁੱਖ ਸਮਝੀ ਜਾਂਦਾ ਹੈ ਤਿਵੇਂ ਤਿਵੇਂ ਵਿਕਾਰਾਂ ਵਲੋਂ ਮੁਕਤ ਹੋਈ ਜਾਂਦਾ ਹੈ। ਇਸ ਨਿਯਮਾਵਲੀ ਨੂੰ ਰੱਬੀ ਹੁਕਮ ਕਿਹਾ ਗਿਆ ਹੈ ਜੋ ਗਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅੰਕਤ ਹੈ। ਰੱਬੀ ਪ੍ਰਤੀ ਜਾਣਕਾਰੀ ਗੁਰਬਾਣੀ ਦੇ ਉਪਦੇਸ਼ ਵਿਚੋਂ ਮਿਲਦੀ ਹੈ, ਇਸ ਗੱਲ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ, ਕਿ ਗੁਰਬਾਣੀ ਦੀ ਸਮਝ ਆਉਣ ਨਾਲ ਹੀ ਰੱਬ ਜੀ ਨੂੰ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੇ ਰੱਬੀ ਗਿਆਨ ਦੁਆਰਾ ਹੀ ਮੁੱਖ ਉੱਜਲ ਹੋ ਸਕਦਾ ਹੈ ਤੇ ਅੰਦਰਲ਼ੀ ਮੈਲ ਲੱਥ ਸਕਦੀ ਹੈ:--

ਸਾਧ ਕੈ ਸੰਗਿ ਮੁਖ ਊਜਲ ਹੋਤ॥ ਸਾਧ ਸੰਗਿ ਮਲੁ ਸਗਲੀ ਖੋਤ॥

ਅੱਜ--ਕੱਲ੍ਹ ਦੇ ਸਾਧਾਂ ਦੀਆਂ ਕਾਲ਼ੀਆਂ ਕਰਤੂਤਾਂ ਦੇ ਕਾਲ਼ੇ ਚਿੱਠੇ ਉਹਨਾਂ ਦੇ ਗੜਵੀਆਂ ਨੇ ਜੱਗ ਜ਼ਾਹਰ ਕਰਦਿਆਂ ਥੋੜ੍ਹਾ ਲੁਕਾ ਵੀ ਨਹੀਂ ਰੱਖਿਆ। ਕੀ ਅਜੇਹੇ ਸਾਧਾਂ ਦੇ ਵਿਭਚਾਰ ਦੀਆਂ ਘਟਨਾਵਾਂ ਨਾਲ ਕਿਸੇ ਮਨੁੱਖ ਦੀ ਮੈਲ਼ ਦੂਰ ਹੋ ਸਕਦੀ ਹੈ? ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਦਾ ਰਿਵਾਜ ਨਹੀਂ ਸੀ, ਕੀ ਓਦੋਂ ਮਨੁੱਖਤਾ ਦੀ ਮੈਲ ਦੂਰ ਨਹੀਂ ਸੀ ਹੁੰਦੀ? ਜਾਂ ਅੰਦਰਲੀ ਮੈਲ ਕਿਸ ਤਰ੍ਹਾਂ ਦੂਰ ਹੁੰਦੀ ਸੀ? ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੁਆਰਾ ਅੰਦਰਲੀ ਮੈਲ ਪਹਿਲਾਂ ਵੀ ਤੇ ਹੁਣ ਵੀ ਦੂਰ ਹੁੰਦੀ ਹੈ, ਨਾ ਕਿ ਵੰਨ੍ਹ-ਸੁਵੰਨ੍ਹੇ ਸਾਧਾਂ ਦੇ ਟੋਲਿਆਂ ਤੋਂ।

“ਸਾਧ ਕੈ ਸੰਗਿ ਪ੍ਰਗਟੈ ਸੁ ਗਿਆਨੁ” ਦੀ ਬਰੀਕੀ ਵਿੱਚ ਗਿਆਂ ਗੁਰੂ ਗ੍ਰੰਥ ਦੇ ਉਪਦੇਸ਼ ਦੀ ਹੀ ਲੋਅ ਮਹਿਸੂਸ ਹੁੰਦੀ ਹੈ। “ਸਾਧ ਕੈ ਸੰਗਿ ਬੂਝੈ ਪ੍ਰਭੁ ਨੇਰਾ” ਗੁਰਬਾਣੀ ਗਿਆਨ ਨੂੰ ਮਨ ਵਿੱਚ ਵਸਾਇਆਂ ਪ੍ਰਭੂ ਜੀ ਨੇੜੇ ਮਹਿਸੂਸ ਹੁੰਦੇ ਹਨ। ਗੁਰਬਾਣੀ ਦੀ ਸੰਗਤ ਕੀਤਿਆਂ ਉਹਨਾਂ ਗੁਣਾਂ ਦਾ ਪਤਾ ਲੱਗਦਾ ਹੈ ਜੋ ਸਾਡੇ ਜੀਵਨ ਤੇ ਭਾਈਚਾਰਕ ਸਾਂਝ ਲਈ ਬਹੁਤ ਜ਼ਰੂਰੀ ਹਨ। “ਸਾਧ ਕੈ ਸੰਗਿ ਪਾਏ ਨਾਮ ਰਤਨੁ”

ਸੁਖਮਨੀ ਵਿਚੋਂ ਇਹ ਉਪਦੇਸ਼ ਮਿਲਦਾ ਹੈ ਕਿ ਗੁਰ-ਗਿਆਨ ਨਾਲ ਪੀਡੀ ਸਾਂਝ ਪੈਣ ਤੇ ਬਾਹਰ ਦੇ ਵਿਕਾਰਾਂ ਵਲ ਨੂੰ ਭੱਜ ਰਿਹਾ ਮਨ ਸਥਿੱਰ ਹੋ ਜਾਏਗਾ।

ਸਾਧ ਕੈ ਸੰਗਿ ਨ ਕਤਹੂ ਧਾਵੈ॥ ਸਾਧ ਸੰਗਿ ਅਸਥਿਤ ਮਨੁ ਪਾਵੈ॥

ਜੇ ਤਾਂ ਪੰਜਾਬ ਵਾਲੇ ਸਾਧਾਂ ਦੀ ਗੱਲ ਕੀਤੀ ਜਾਏ ਤਾਂ ਇਹ ਬਹੁਤ ਵੱਡੇ ਦੁਖਾਂਤ ਵਿਚੋਂ ਦੀ ਗ਼ੁਜ਼ਰ ਰਹੇ ਹਨ ਕਿਉਂ ਕਿ ਮਰ ਚੁੱਕੇ ਸਾਧ ਦੀ ਗੱਦੀ ਲੈਣ ਲਈ ਇਹ ਆਪਸ ਵਿੱਚ ਡਾਂਗ ਸੋਟਾ ਖੜਕਾਉਣ ਤੋਂ ਕਦੇ ਵੀ ਗੁਰੇਜ ਨਹੀਂ ਕਰਦੇ, ਇੱਕ ਦੂਜੇ ਨਾਲ ਸਿਰ ਵੱਢਵਾਂ ਵੈਰ ਇਹਨਾਂ ਦੇ ਰੋਮ ਰੋਮ ਵਿੱਚ ਸਮਾਇਆ ਹੋਇਆਂ ਹੈ। ਸ਼ਟੇ ਹੋਏ ਬਦਮਾਸ਼ਾਂ ਵਾਂਗੂੰ ਹਰ ਸਾਧ ਨੇ ਦਸ ਬਾਰ੍ਹਾਂ ਬੰਦੂਕਾਂ ਵਾਲੇ ਰੱਖੇ ਹੁੰਦੇ ਹਨ। ਕਈ ਜ਼ਮੀਨਾਂ `ਤੇ ਨਜਾਇਜ਼ ਕਬਜ਼ੇ ਕਰਨ ਲਈ ਹੀ ਸਾਧ ਬਣੇ ਹਨ। ਪਰ ਸੁਖਮਨੀ ਦੀ ਬਾਣੀ ਤਾਂ ਇਹ ਗਿਆਨ ਦੇ ਰਹੀ ਹੈ:--

ਸਾਧ ਸੰਗਿ ਕਿਸ ਸਿਉ ਨਹੀ ਬੈਰ॥ ਸਾਧ ਕੈ ਸੰਗਿ ਨ ਬੀਗਾ ਪੈਰੁ॥

ਸਾਧ ਕੈ ਸੰਗਿ ਨਾਹੀ ਕੋ ਮੰਦਾ॥ ਸਾਧ ਸੰਗਿ ਜਾਨੇ ਪਰਮਾਨੰਦਾ॥

ਸਾਧ ਦਾ ਸੰਗ ਗੁਰ-ਗਿਆਨ ਹੈ ਜਿਸ ਦਾ ਕਿਸੇ ਨਾਲ ਕੋਈ ਵੀ ਵੈਰ ਨਹੀਂ ਹੈ, ਸੁਖਮਨੀ ਦੇ ਇਸ ਉਪਦੇਸ਼ ਨੂੰ ਸਮਝਣ ਵਾਲਾ ਆਪਸੀ ਦੁਸ਼ਮਣੀਆਂ ਤੋਂ ਦੂਰੀ ਬਣਾ ਲੈਂਦਾ ਹੈ।

ਸਾਧ ਸੰਗਿ ਦੁਸਮਨ ਸਭਿ ਮੀਤ॥ ਸਾਧੂ ਕੈ ਸੰਗਿ ਮਹਾ ਪੁਨੀਤ॥

‘ਅਪਰਾਧ’ ਦਿੱਸਦਾ ਹੈ ਜਿਸ ਦੀ ਅਦਾਲਤ ਸਜਾ ਦੇਂਦੀ ਹੈ ਪਰ ‘ਪਾਪ’ ਦਿਸਦਾ ਨਹੀਂ ਹੈ ਇਸ ਲਈ ‘ਪਾਪਾਂ’ ਦੀ ਸਜਾ ਵੀ ਕੋਈ ਨਹੀਂ ਹੈ। ‘ਪਾਪ’ ਮਨ ਦੀ ਮਲੀਨ ਸੋਚ ਦਾ ਨਾਂ ਹੈ। ਮਨ ਦੀ ਮਲੀਨ ਸੋਚ ਤਾਂ ਡੂੰਘੇ ਖ਼ਿਆਲ ਦੁਆਰਾ ਹੀ ਦੂਰ ਹੋ ਸਕਦੀ ਹੈ। ਇਹ ਖ਼ਿਆਲ ਗੁਰੂ ਤੋਂ ਹੀ ਪ੍ਰਾਪਤ ਹੋ ਸਕਦਾ। ਪਰ ਪਾਖੰਡੀ ਸਾਧਾਂ ਦੇ ਮਨ ਵਿੱਚ ਮਲੀਨਤਾ ਘਰ ਬਣਾਈ ਬੈਠੀ ਹੈ।

ਸਾਧ ਕੈ ਸੰਗਿ ਪਾਪ ਪਲਾਇਨ॥ ਸਾਧ ਸੰਗਿ ਅੰਮ੍ਰਿਤ ਗੁਨ ਗਾਇਨ॥

ਗੁਰਬਾਣੀ ਨੂੰ “ਪੋਥੀ ਪਰਮੇਸਰ ਕਾ ਥਾਨੁ” ਵੀ ਕਿਹਾ ਹੈ ਭਾਵ ਸਪੱਸ਼ਟ ਹੈ ਕਿ ਪਰਮਾਤਮਾ ਦੇ ਗੁਣ ਜਾਂ ਉਸ ਪਰਮਾਤਮਾ ਦੀ ਰੱਬੀ ਨਿਯਮਾਵਲੀ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਹੁਕਮ ਦੇ ਰੁਪ ਵਿੱਚ ਪ੍ਰਗਟ ਕਰਦੇ ਹਨ, ਉਹ ਸਾਰੀ ਜਾਣਕਾਰੀ ਗੁਰਬਾਣੀ ਵਿਚੋਂ ਮਿਲਦੀ ਹੈ। ਪਰਮਾਤਮਾ ਦੇ ਰੱਬੀ ਗੁਣ ਗੁਰੂ ਵਿਚੋਂ ਦੇਖੇ ਜਾ ਸਕਦੇ ਹਨ।

ਦੋ ਹਰਫ਼ਾਂ ਵਿੱਚ ਗੱਲ ਸਮਝਾਉਣ ਲਈ ਪਰਮਾਤਮਾ ਦੇ ਗੁਣ ਗੁਰਬਾਣੀ ਵਿਚੋਂ ਦੇਖੇ ਜਾ ਸਕਦੇ ਹਨ ਤੇ ਏਸੇ ਗੁਰਬਾਣੀ--ਗੁਣ ਦੀ ਵਿਚਾਰ ਲੈ ਕੇ ਅਸੀਂ ਆਪਣੇ ਸੁਭਾਅ ਦਾ ਉਧਾਰ ਕਰਨਾ ਹੈ:--

ਪਾਰਬ੍ਰਹਮੁ ਸਾਧ ਰਿਦ ਬਸੈ॥ ਨਾਨਕ ਉਧਰੈ ਸੁਨਿ ਰਸੈ॥

ਸਾਧ ਕੈ ਸੰਗਿ ਸੁਨਉ ਹਰਿ ਨਾਉ॥ ਸਾਧ ਸੰਗਿ ਹਰਿ ਗੁਨ ਗਾਉ॥

ਸੁਖਮਨੀ ਸਾਹਿਬ ਵਿਚਲੇ ਉਪਦੇਸ਼ ਇਹ ਗੱਲ ਕਹਿ ਰਹੇ ਹਨ ਕਿ ਸਾਧ ਦੀ ਸੋਭਾ ਤਿੰਨਾਂ ਲੋਕਾਂ ਤੋਂ ਵੀ ਦੂਰ ਦੀ ਗੱਲ ਹੈ, ਪਰ ਇਹਨਾਂ ਅਖੌਤੀ ਸਾਧਾਂ ਦੀ ਉਪਮਾ ਆਪਸੀ ਕਲੇਸ਼ ਤੇ ਪੁਲਿਸ ਦੇ ਥਾਣਿਆਂ ਵਿਚੋਂ ਦੇਖੀ ਜਾ ਸਕਦੀ ਹੈ। ਇਸ ਲਈ ਸਾਧ ਸ਼ਬਦ ਗੁਰੂ ਜੀ ਲਈ ਹੀ ਆਇਆ ਹੈ ਤੇ ਗੁਰੂ ਸਾਡਾ ਗ੍ਰੰਥ ਹੈ. ਜਿਸ ਦੀ ਸਾਰੀ ਬਾਣੀ ਇਕਸਾਰ ਹੈ।

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ॥ ਸਾਧ ਕੀ ਉਪਮਾ ਰਹੀ ਭਰਪੂਰਿ॥

ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਭਾਈ ਸਾਧ ਵਿੱਚ ਤੇ ਪ੍ਰਭੂ ਵਿੱਚ ਕੋਈ ਵੀ ਭੇਦ ਨਹੀਂ ਹੈ। ਪਰ ਇਹਨਾਂ ਸਾਧਾਂ ਦੇ ਵਿਗੜੇ ਕਿਰਦਾਰ ਦੀਆਂ ਤਾਂ ਚੂਲ਼ਾਂ ਹਿੱਲੀਆਂ ਪਈਆਂ ਹਨ।

ਸਾਧ ਕੀ ਸੋਭਾ ਸਾਧ ਬਨਿਆਈ॥ ਨਾਨਕ ਸਾਧ ਪ੍ਰਭ ਭੇਦ ਨ ਭਾਈ॥

ਇਹ ਕਿਹਾ ਜਾ ਸਕਦਾ ਹੈ ਕਿ ਸੁਖਮਨੀ ਸਾਹਿਬ ਵਿੱਚ ਸਾਧ ਸ਼ਬਦ ਕਿਸੇ ਭੇਖੀ, ਪਾਖੰਡੀ ਜਾਂ ਕਿਸੇ ਡੇਰਾ-ਵਾਦੀ ਲਈ ਇਹ ਨਹੀਂ ਆਇਆ। ਇਹ ਸ਼ਬਦ ਰੱਬੀ ਗੁਣਾਂ ਦੇ ਲਖਾਇਕ ਰੂਪ ਵਿੱਚ ਆਇਆ ਹੈ ਜੋ ਕਿ ਗੁਰਬਾਣੀ ਲਈ ਰਾਖਵਾਂ ਕਿਹਾ ਜਾ ਸਕਦਾ ਹੈ।
.