.

ਆਓ! ਰਲ ਕੇ ਸਮਝੀਏ (ਭਾਗ-੨)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਇਸੇ ਲੜੀ `ਚ ਇਸੇ ਗੁਰਮਤਿ ਪਾਠ 136 ਦਾ ਪਹਿਲਾ ਭਾਗ, ਦਿੱਤਾ ਜਾ ਚੁੱਕਾ ਹੈ। ਇਨ੍ਹਾਂ ਪਾਠਾਂ ਰਾਹੀਂ ਅਸੀਂ ਪੰਥ ਦਾ ਧਿਆਨ ਉਸ ਪਾਸੇ ਲਿਆਉਣਾ ਚਾਹੁੰਦੇ ਜੋ ਅੱਜ ਸਾਡੀ ਕੌਮ ਦੀ ਸਮੁਚੀ ਹਾਲਤ ਬਣੀ ਪਈ ਹੈ। ਇਥੇ ਇਹ ਵੀ ਦੋਹਰਾ ਦੇਵੀਏ ਕਿ ਇਸ ਦੇ ਲਈ ਸਿੱਖਾਂ ਦਾ ਕੋਈ ਇੱਕ ਵਰਗ ਨਹੀਂ ਬਲਕਿ ਸਿੱਖ ਸੰਗਤਾਂ, ਗੁਰਦੁਆਰਿਆਂ ਦੇ ਪਬੰਧਕਾਂ, ਸਿੱਖਾਂ ਦੇ ਨੇਤਾ -ਰਾਜਸੀ ਆਗੂ ਤੇ ਸਿੱਖ ਪ੍ਰਚਾਰਕ, ਪ੍ਰਚਾਰਕ ਜਥੇਬੰਧੀਆਂ, ਇਸਤ੍ਰੀ ਸਤਿਸੰਗ ਸਭਾਵਾਂ ਭਾਵ ਪੰਥ ਦੇ ਸਾਰੇ ਹੀ ਅੰਗ ਕੁੱਝ ਨਾ ਕੁੱਝ ਜ਼ਿੰਮੇਂਵਾਰ ਜ਼ਰੂਰ ਹਨ। ਇਨ੍ਹਾਂ ਗੁਰਮਤਿ ਪਾਠਾਂ `ਚ ਪੰਥ `ਚ ਆ ਚੁਕੇ ਇਸੇ ਨਿਘਾਰ ਨੂੰ ਅਸਾਂ ਛੋਟੀਆਂ ਛੋਟੀਆਂ ਪਰ ਰੋਚਕ ਢੰਗ ਨਾਲ ਕਹਾਣੀਆਂ ਦੀ ਸ਼ਕਲ `ਚ ਸਮਝਣ ਤੇ ਸਮਝਾਉਣ ਦਾ ਜੱਤਨ ਕੀਤਾ ਹੈ। ਉਹ, ਇਸ ਲਈ ਕਿ ਸ਼ਾਇਦ ਇਸੇ ਤੋਂ ਹੀ ਸਾਨੂੰ ਪੰਥ ਅੰਦਰ ਆ ਚੁੱਕੇ ਵਿਗਾੜ ਦੀ ਕੁੱਝ ਸਮਝ ਆ ਸਕੇ ਤਾਂ। ਆਓ! ਰਲ ਕੇ ਇੱਕ-ਇੱਕ ਕਹਾਣੀ ਨੁਮਾ ਸੁਨੇਹੇ ਤੇ ਮਕਸਦ ਤੋਂ ਲੋੜ ਅਨੁਸਾਰ ਲਾਭ ਲੈ ਸਕੀਏ:

(5) ਧਰਮ ਵੱਡਾ ਕਿ ਜ਼ੁਲਮ- ਭਾਰਤ ਵਿਚਲੇ ਮੁਗ਼ਲ ਰਾਜ ਦੀ ਲੜੀ `ਚ ਅੱਠਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਸਮੇਂ, ਇੱਕ ਮੁਗ਼ਲ ਸ਼ਾਸਕ ਹੋਇਆ ਹੈ ਜਿਸਦਾ ਨਾਂ ਸੀ ਔਰੰਗਜ਼ੇਬ। ਇਹ ਆਪਣੇ ਸਮੇਂ ਦਾ ਬੜਾ ਮੁਤੱਸਬੀ, ਜਨੂੰਨੀ ਤੇ ਜ਼ਾਲਮ ਤਬੀਅਤ ਦਾ ਸ਼ਾਸਕ ਸੀ। ਮੁਸਲਮਾਨਾਂ ਵਿਚਕਾਰ ਦੋ ਵੱਡੇ ਫ਼ਿਰਕੇ ਹਨ ‘ਸੁੰਨੀ’ ਤੇ ‘ਸ਼ੀਆ’। ਸੁੰਨੀ ਫ਼ਿਰਕਾ ਚੂੰਕਿ ਗਉਣ-ਬਜਾਉਣ ਦਾ ਵਿਰੋਧੀ ਹੈ, ਇਸ ਲਈ ਇਸ ਦੇ ਰਾਜ-ਕਾਲ `ਚ ਗਾਉਣ-ਵਜਾਉਣ ਤੇ ਪੂਰੀ ਪਾਬੰਦੀ ਸੀ। ਇਹ ਸੁਭਾਅ ਦਾ ਇੰਨਾ ਜ਼ਾਲਮ ਸੀ ਕਿ ਕਿਸੇ ਦਾ ਖੂਨ ਬਹਾਉਣ `ਚ ਇਸ ਨੂੰ ਰਤਾ ਤਰਸ ਨਹੀਂ ਸੀ ਆਉਂਦਾ। ਇਸ ਨੇ ਆਪਣੇ ਰਾਜ-ਪਾਟ ਦੀ ਪ੍ਰਾਪਤੀ ਲਈ ਉਹ ਜ਼ੁਲਮ ਢਾਏ ਜਿਸ ਤੋਂ ਸ਼ੈਤਾਨ ਵੀ ਕੰਬ ਉਠੇ। ਆਪਣੇ ਰਾਜ ਦੀ ਪ੍ਰਾਪਤੀ ਲਈ, ਸਭ ਤੋਂ ਪਹਿਲਾਂ ਇਸ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੀ ਜੇਲ `ਚ ਬੰਦ ਕਰਵਾਇਆ ਤੇ ਜੇਲ `ਚ ਹੀ, ਉਸ ਦੀ ਮੌਤ ਵੀ ਹੋਈ। ਕਾਰਨ ਸੀ ਕਿ ਇਸ ਦਾ ਪਿਤਾ, ਆਪਣੇ ਵੱਡੇ ਪੁਤ੍ਰ ਦਾਰਾ ਸ਼ਿਕੋਹ ਨੂੰ ਰਾਜ ਦਾ ਵਾਰਿਸ ਬਨਾਉਣਾ ਚਾਹੁੰਦਾ ਸੀ। ਉਪਰੰਤ ਇਸੇ ਦੌੜ `ਚ ਇਸ ਨੇ ਆਪਣੇ ਬਾਕੀ ਤਿੰਨ ਭਰਾਂਵਾਂ ਦਾ ਵੀ ਕੱਤਲ ਕਰਵਾਇਆ ਤੇ ਦੋਨਾਂ ਭੈਣਾਂ ਨੂੰ ਵੀ ਜੇਲ ਦੀ ਕਾਲ ਕੋਠਰੀ `ਚ ਸੁਟਿਆ। ਇਸ ਤਰਾਂ ਭਰਾਵਾਂ ਨੂੰ ਕੱਤਲ ਕਰਵਾਉਣ ਦਾ ਮਤਲਬ ਸੀ, ਉਨ੍ਹਾਂ ਵਲੋਂ ਹੋ ਕੇ ਲੜ ਰਹੀਆਂ ਬੇਅੰਤ ਮੁਸਲਮਾਨ ਫੌਜਾਂ ਤੇ ਅਫ਼ਸਰਾਂ ਦਾ ਵੀ ਕਤਲੇਆਮ। ਹਾਲਾਂਕਿ ਪਵਿਤ੍ਰ ਕੁਰਾਨ ਅਥਵਾ ਮੁਸਲਮਾਨ ਧਰਮ ਵੀ ਰੱਬ ਦੇ ਬੰਦਿਆਂ `ਤੇ ਇਸ ਤਰ੍ਹਾਂ ਦੇ ਕਹਿਰ ਢਾਉਣ ਦੀ ਇਜਾਜ਼ਤ ਨਹੀਂ ਦੇਂਦਾ।

ਇਸ ਤਰ੍ਹਾਂ, ਦੂਜਿਆਂ `ਚ ਤਾਂ ਕੀ, ਖੁਦ ਮੁਸਲਮਾਨਾਂ `ਚ ਵੀ ਇਹ ਬੜਾ ਬਦਨਾਮ ਹੋ ਗਿਆ। ਇਹ ਸਾਬਤ ਕਰਨ ਲਈ ਕਿ ਉਹ ਸਚਾ ਮੁਸਲਮਾਨ ਹੈ, ਉਸ ਨੇ ਜੋ ਕੁੱਝ ਵੀ ਕੀਤਾ ਹੈ ਮੁਸਲਮਾਨ ਮੱਤ ਦੇ ਵਾਧੇ ਲਈ ਕੀਤਾ ਤੇ ਸਾਰੇ ਭਾਰਤ ਨੂੰ ਇਸਲਾਮੀ ਰਾਜ ਬਨਾਉਣਾ ਲਈ ਕੀਤਾ ਹੈ, ਉਸ ਨੇ ਆਪਣੇ ਜ਼ੁਲਮ ਦਾ ਰੁਖ ਹਿੰਦੂਆਂ ਵਲ ਮੋੜਿਆ। ਇਸਨੇ ਬੇਅੰਤ ਮੰਦਿਰ ਢਾਏ, ਨਵੇਂ ਮੰਦਿਰਾਂ ਦੇ ਬਨਉਣ ਅਤੇ ਪੁਰਾਣਿਆਂ ਦੀ ਮੁਰੰਮਤ `ਤੇ ਪਾਬੰਦੀ ਲਗਾ ਦਿੱਤੀ। ਹਿੰਦੂਆਂ ਦੇ ਘਰਾਂ `ਚ ਪਾਣੀ ਪਹੁੰਚਾਇਆ ਜਾਂਦਾ ਤਾਂ ਤਾਜ਼ੇ ਕੱਟੇ ਬਛੜਿਆਂ ਦੀ ਖੱਲ ਰਾਹੀਂ, ਝਟਕਾ ਮਾਸ `ਤੇ ਪਾਬੰਦੀ ਲਾ ਦਿੱਤੀ ਤਾਕਿ ਜੇ ਕਿਸੇ ਮਾਸ ਖਾਣਾ ਹੈ ਤਾਂ ਇਸਲਾਮੀ ਸ਼ਰਹ ਰਾਹੀਂ ਬਣੇ ਹਲਾਲ ਮਾਸ ਨੂੰ ਹੀ ਖਾਏ। ਹਿੰਦੂ ਹੋਣ ਤੇ ਜਜ਼ੀਆ ਟੈਕਸ, ਹਿੰਦੂ ਤਿਉਹਾਰਾਂ `ਤੇ ਟੈਕਸ, ਸੰਸਕ੍ਰਿਤ ਪੜ੍ਹਣ `ਤੇ ਪਾਬੰਦੀ, ਹਿੰਦੂ ਜਾਇਦਾਦਾਂ `ਤੇ ਦਿਨ-ਦੀਵੀਂ ਕਬਜ਼ੇ, ਹਿੰਦੂਆਂ `ਤੇ ਘੋੜ ਸਵਾਰੀ ਅਤੇ ਪਗੜੀ ਬਨ੍ਹਣ `ਤੇ ਪਾਬੰਦੀ। ਹਿੰਦੂਆਂ ਦੀਆਂ ਜਾਇਦਾਦਾਂ, ਡੋਲੇ ਦਿਨ-ਦੀਵੀਂ ਲੁੱਟੇ ਜਾਂਦੇ, ਇਹ ਤੇ ਹੋਰ ਅਜੇਹੇ, ਨਿੱਤ ਦੇ ਰਾਜਸੀ ਕਰਮ ਹੋ ਚੁੱਕੇ ਸਨ। ਇਸ ਦੇ ਦੌਰ `ਚ ਲਖਾਂ ਹਿੰਦੂਆਂ ਨੂੰ ਤਲਵਾਰ ਦੇ ਜ਼ੋਰ ਮੁਸਲਮਾਨ ਬਣਾਇਆ ਤੇ ਕੱਤਲ ਵੀ ਕੀਤਾ ਗਿਆ। ਅੱਜ ਜੋ ਭਾਰਤ ਦੀ ਕਸ਼ਮੀਰ ਸਮਸਿਆ ਤੇ ਉਥੋਂ ਦੀ ਮੁਸਲਮਾਨ ਵਸੋਂ ਹੈ, ਇਸੇ ਤਰ੍ਹਾਂ ਅੱਜ ਭਾਰਤ `ਚੋਂ ਹੀ ਜੋ ਪਾਕਿਸਤਾਨ ਤੇ ਬੰਗਲਾ ਦੇਸ਼ ਹੋਂਦ `ਚ ਆਏ ਹਨ, ਜੇ ਇਨ੍ਹਾਂ ਦੀ ਮੁਸਲਮਾਨ ਆਬਾਦੀ ਨੂੰ ਘੋਖਿਆ ਜਾਵੇ ਤਾਂ ਇਨ੍ਹਾਂ `ਚੋਂ 98% ਮੁਸਲਮਾਨ ਉਹੀ ਹਨ, ਜਿਨ੍ਹਾਂ ਦੇ ਪੂਰਵਜ, ਔਰੰਗਜ਼ੇਬ ਦੇ ਸਮੇਂ ਤੋਂ ਪਹਿਲਾਂ ਹਿੰਦੂ ਹੀ ਸਨ।

ਦੂਜੇ ਪਾਸੇ ਗੁਰੂਦਰ ਜਾਂ ਸਿੱਖ ਧਰਮ ਨੂੰ ਇਨ੍ਹਾਂ ਜ਼ੁਲਮਾਂ ਦਾ ਉੱਕਾ ਸੇਕ ਨਹੀਂ ਸੀ। ਉਂਝ ਵੀ ਗੁਰੂ ਦਰ, ਖੁਦ ਪਹਿਲੇ ਦਿਨ ਤੋਂ ਜੰਜੂ, ਤਿਲਕ ਭਾਵ ਸਾਰੇ ਬ੍ਰਾਹਮਣੀ ਕਰਮਕਾਂਡਾਂ ਤੇ ਰਹਿਣੀ ਦੇ ਵਿਰੁਧ ਹੀ ਪ੍ਰਚਾਰ ਕਰ ਰਿਹਾ ਸੀ। ਫ਼ਰਕ ਸੀ ਤਾਂ ਇਹ, ਕਿ ਇੱਕ ਪਾਸੇ ਤਲਵਾਰ ਦੇ ਜ਼ੋਰ ਧਰਮ ਬਦਲਿਆ ਜਾ ਰਿਹਾ ਸੀ ਜਦਕਿ ਗੁਰੂਦਰ ਦਾ ਰਸਤਾ ਵਿਚਾਰ ਵਿਟਾਂਦਰੇ ਦਾ ਸੀ। ਇਸ ਤਰ੍ਹਾਂ ਇਹ ਜ਼ੁਲਮ ਜਦੋਂ ਰੱਬ ਦੇ ਹੀ ਬੰਦਿਆਂ `ਤੇ ਹੋ ਰਿਹਾ ਸੀ ਤਾਂ ਗੁਰੂ ਦਰਬਾਰ ਲਈ ਅਸਿਹ ਵੀ ਸੀ ਤੇ ਸਿਧਾਂਤ ਵਿਰੁਧ ਵੀ। ਉਪਰੰਤ ਜਦੋਂ 500 ਕਸ਼ਮੀਰ ਦੇ ਪੰਡਿਤਾਂ ਦਾ ਵਫ਼ਦ ਕਿਰਪਾਰਾਮ ਦੀ ਅਗਵਾਈ `ਚ ਆਪਣੀ ਬਹੁੜੀ ਲਈ ਪਾਤਸ਼ਾਹ ਕੋਲ ਆਇਆ ਤਾਂ ਗੁਰਦੇਵ ਨੇ ਆਪਣੇ ਤੇ ਆਪਣੇ ਪ੍ਰਵਾਰ ਦੀ ਜਾਨ ਨੂੰ ਖਤਰੇ `ਚ ਪਾ ਕੇ ਵੀ, ਸ਼ਰਣ ਆਇਆ ਦੀ ਪੈਜ ਰਖੀ। ਸੰਸਾਰ ਦੇ ਇਤਿਹਾਸ `ਚ ਮਨੁੱਖੀ ਹੱਕਾਂ ਦੀ ਰਾਖੀ ਲਈ ਇਹ ਇਕੋ ਇੱਕ ਤੇ ਪਹਿਲੀ ਮਿਸਾਲ ਸੀ।

ਇਹ ਵੀ ਠੀਕ ਹੈ ਕਿ ਇਹ ਵਫ਼ਦ ਉਦੋਂ ਗੁਰੂ ਪਾਤਸ਼ਾਹ ਦੀ ਸ਼ਰਣ `ਚ ਆਇਆ, ਜਦੋਂ ਉਨ੍ਹਾਂ ਕੋਲ ਕੋਈ ਹੋਰ ਆਸਰਾ ਨਹੀਂ ਸੀ, ਹਿੰਦੂਆਂ ਦੇ ਜੰਗਜੂ ਵਰਗ ਰਾਜਪੂਤ, ਮਰਹਟੇ ਆਦਿ ਪੂਰੀ ਤਰ੍ਹਾਂ ਦਬਾਏ ਜਾ ਚੁੱਕੇ ਸਨ। ਭਾਰਤ ਦੀ ਬਹੁਤੀ ਵਸੋਂ ਤਾਂ ਇਸਲਾਮ `ਚ ਬਦਲੀ ਹੀ ਜਾ ਚੁੱਕੀ ਸੀ। ਚੂੰਕਿ ਗੁਰੂ ਦਰਬਾਰ ਬਾਰੇ ਸਪਸ਼ਟ ਸੀ ਕਿ ਗੁਰੂਦਰ, ਮਨੁੱਖੀ ਹੱਕਾਂ ਤੇ ਮਨੁੱਖਤਾ ਦੀ ਰਾਖੀ ਲਈ, ਆਪਣੇ ਉਪਰ ਵੱਡੇ ਤੋਂ ਵੱਡਾ ਖਤਰਾ ਲੈ ਕੇ ਵੀ ਅੱਗੇ ਆਉਂਦਾ ਤੇ ਸ਼ਰਣ ਆਇਆਂ ਦੀ ਪੈਜ ਰਖਦਾ ਹੈ। ਮੁੱਕਦੀ ਗਲ, ਨੌਵੇਂ ਪਾਤਸ਼ਾਹ ਨੇ ਆਪ ਦਿੱਲ਼ੀ ਚਾਂਦਨੀ ਚੌਕ ਪੁੱਜ ਕੇ ਆਪਣੀ ਸ਼ਹਾਦਤ ਤੀਕ ਤਾਂ ਦੇ ਦਿੱਤੀ ਪਰ ਸ਼ਰਣ ਆਇਆਂ ਦੀ ਬਾਂਹ ਨਹੀਂ ਛੱਡੀ। ਖੂਬੀ ਇਹ ਕਿ ਜਿੰਨ੍ਹਾਂ ਦੀ ਵਿਚਾਰਧਾਰਾ ਨਾਲ ਗੁਰੂ ਦਰ ਆਪ ਵੀ ਸਹਿਮਤ ਨਹੀਂ ਸੀ, ਜਦੋਂ ਜ਼ੁਲਮ ਦੀ ਹਨੇਰੀ ਉਨ੍ਹਾਂ `ਤੇ ਝੁੱਲੀ-ਭਾਵ ਜਦੋਂ ਹਿੰਦੂ ਮਜ਼ਲੂਮ ਸਨ ਤਾਂ ਗੁਰੂਦਰ ਨੇ ਉਨ੍ਹਾਂ ਦੇ ਵਿਰੋਧੀ ਬਲ-ਸ਼ਾਲੀ ਤਾਕਤ ਦਾ ਹਰੇਕ ਖਤਰਾ-ਜ਼ਿਆਦਤੀ ਆਪਣੇ `ਤੇ ਲੈ ਲਈ ਪਰ ਸਾਥ ਉਨ੍ਹਾਂ ਦਾ ਦਿੱਤਾ, ਜੋ ਮਜ਼ਲੂਮ ਸਨ। ਦੂਜਾ, ਇਸੇ ਸ਼ਹਾਦਤ ਦਾ ਹੀ ਨਤੀਜਾ ਸੀ ਕਿ ਇਸ ਤੋਂ ਬਾਅਦ, ਧਰਮ ਦੇ ਨਾਂ `ਤੇ ਕਤਲੋ-ਗ਼ਾਰਤ ਕੇਵਲ ਬੰਦ ਹੀ ਨਹੀਂ ਹੋਈ, ਬਲਕਿ ਪ੍ਰਭੂ ਦੇ ਨਿਆਂ `ਚ ਜ਼ੁਲਮੀ ਰਾਜ ਦਾ ਵੀ ਅੰਤ ਹੋ ਗਿਆ।

ਸਿੱਟਾ ਇਹ, ਦੇਖਣ ਨੂੰ ਭਾਵੇਂ ਜ਼ੁਲਮ ਹੀ ਵੱਡਾ ਹੁੰਦਾ ਪਰ ਤਾਕਤ ਹਮੇਸ਼ਾਂ ਧਰਮ ਕੋਲ ਹੀ ਵੱਧ ਹੁੰਦੀ ਹੈ। ਗੁਰੂ ਤੇਗ਼ ਬਹਾਦੁਰ ਸਾਹਿਬ ਸਾਹਿਬ ਦੇ ਸ਼ਹੀਦੀ ਸਥਾਨਾਂ `ਤੇ ਅੱਜ ਵੀ ਸੰਗਤਾਂ ਦੀਆਂ ਕੱਤਾਰਾਂ, ਚੜ੍ਹਤਲਾਂ, ਉਸ ਦਰ ਦੀ ਸੇਵਾ ਕਰਣ ਵਾਲਿਆਂ ਦਾ ਅੰਤ ਨਹੀਂ, ਹਜ਼ਾਰਾਂ-ਲਖਾਂ ਦੀ ਆਜੀਵਕਾ ਵੀ ਉਸ ਨਾਲ ਜੁੜੀ ਹੋਈ ਹੈ। ਜਦਕਿ ਦੂਜੇ ਪਾਸੇ ਜ਼ਾਲਮ ਔਰੰਗਜ਼ੇਬ ਨੂੰ ਚੇਤੇ ਕਰਣ ਵਾਲਾ ਵੀ ਕੋਈ ਨਹੀਂ। ਬਾਦਸ਼ਾਹ ਹੋਣ ਦੇ ਬਾਵਜੂਦ, ਔਰੰਗਾਬਾਦ `ਚ ਉਸਦੀ ਕਬਰ `ਤੇ ਜਾ ਕੇ ਦੇਖੋ! ਉਥੇ ਕੋਈ ਜਾਣ ਵਾਲਾ ਨਹੀਂ। ਯਾਦ ਤਾਂ ਦੋਨਾਂ ਨੂੰ ਕੀਤਾ ਜਾਂਦਾ ਹੈ ਪਰ ਵੱਡੇ ਫ਼ਰਕ ਨਾਲ, ਇੱਕ ਧਰਮ ਦਾ ਆਗੂ ਤੇ ਦੂਜਾ ਜ਼ਾਲਮ। ਕੇਡਾ ਫ਼ਰਕ ਹੈ ਧਰਮ ਕਮਾਉਣ ਤੇ ਜ਼ੁਲਮੀ ਜੀਵਨ ਦਾ, ਲੋਕਾਈ ਦੇ ਹਿਰਦਿਆਂ `ਚ ਵੀ। ਇਹੀ ਫ਼ਰਕ ਹੈ ਗੁਰੂ ਤਾਂ ਗੁਰੂ ਹੀ ਹੈ, ਪਰ ਜਿਹੜਾ ਆਮ ਸਿੱਖ ਵੀ ਗੁਰੂ ਜੀ ਰਾਹੀਂ ਪ੍ਰਗਟ ਕੀਤੇ ਗੁਰਬਾਣੀ ਜੀਵਨ `ਤੇ ਪਹਿਰਾ ਦੇਂਦਾ ਹੈ ਤਾਂ ਉਸ ਦਾ ਜੀਵਨ ਵੀ ਸਤਿਕਾਰ ਭਰਪੂਰ ਹੋ ਜਾਂਦਾ ਹੈ। ਇਸ ਦੇ ਉਲਟ ਜਦੋਂ ਕੋਈ ਮਨੁੱਖ ਵਿਤਕਰਿਆਂ, ਜ਼ੁਲਮਾਂ ਵਾਲਾ ਜੀਵਨ ਬਿਤਾਉਂਦਾ ਹੈ ਤਾਂ ਉਸਨੂੰ ਕੋਈ ਯਾਦ ਵੀ ਨਹੀਂ ਕਰਦਾ, ਬਲਕਿ ਉਸ ਨਾਲ ਨਫ਼ਰਤ ਹੀ ਕਰਦਾ ਹੈ। ਤਾਂ ਤੇ ਜਿਹੜਾ ਮਨੁੱਖ ਗੁਰਬਾਣੀ ਸੇਧ `ਚ ਚਲ ਕੇ ਸਦਾਚਾਰਕ, ਸਦਗੁਣੀ ਜੀਵਨ ਬਤੀਤ ਕਰਦਾ ਹੈ ਉਹ ਸਦਾ ਪੂਜਿਆ ਜਾਂਦਾ ਹੈ। ਚਾਹੀਦਾ ਹੈ ਕਿ ਅਸੀਂ ਗੁਰਬਾਣੀ-ਗੁਰੂ ਦੀ ਆਗਿਆ `ਚ ਜੀਵਨ ਬਤੀਤ ਕਰੀਏ ਤੇ ਜੀਵਨ ਨੂੰ ਅਨੰਦਮਈ-ਸੁਖਾਂਵਾ ਬਨਾਵੀਏ। ੦੦੦

(6) ਆਰਾਮ ਅਤੇ ਬੇ-ਆਰਾਮ -– ਸਿਕੰਦਰ ਸੰਸਾਰ ਨੂੰ ਫ਼ਤਿਹ ਕਰਣ ਨਿਕਲਿਆ ਤਾਂ ਉਸ ਨੇ ਭਾਰਤ `ਤੇ ਵੀ ਹਮਲਾ ਕੀਤਾ। ਵੱਡੇ ਲਾਹੋ ਲਸ਼ਕਰ ਨਾਲ ਅੱਗੇ ਵੱਧ ਰਿਹਾ ਸੀ ਕਿ ਅਚਾਨਕ ਇੱਕ ਟਿਲੇ `ਤੇ ਉਸਨੂੰ ਇੱਕ ਫ਼ਕੀਰ ਦਿਸਿਆ। ਸਿਕੰਦਰ ਦੇ ਮਨ `ਚ ਚੋਰ ਤਾਂ ਹੈ ਹੀ ਸੀ, ਉਸ ਸੋਚਿਆ ਕਿ ਸ਼ਾਇਦ ਇਹ ਕੋਈ ਸੂਹੀਆ ਹੈ ਤੇ ਮੇਰੇ ਹਮਲੇ ਦੀ ਸੂਹ ਲੈ ਰਿਹਾ ਹੈ। ਉਸ ਨੇ ਹੁਕਮ ਕੀਤਾ, ਫ਼ਕੀਰ ਨੂੰ ਫੜ ਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਫੜੇ ਜਾਣ ਬਾਅਦ ਵੀ ਫਕੀਰ ਬੇਪਰਵਾਹ ਸੀ। ਸਿਕੰਦਰ ਨੂੰ ਹੋਰ ਗੁੱਸਾ ਆਇਆ ਤੇ ਫ਼ਕੀਰ ਨੂੰ ਸੁਆਲ ਕੀਤਾ, ਐ ਫ਼ਕੀਰ! ਤੂੰ ਇਥੇ ਕੀ ਕਰ ਰਿਹਾਂ ਹੈਂ? ਮੈਂ ਚਾਹਾਂ ਤਾਂ ਤੇਰਾ ਸਿਰ ਕਲਮ ਕਰਵਾ ਦੇਵਾਂ। ਇਸ `ਤੇ, ਬਿਨਾ ਕਿਸੇ ਘਬਰਾਹਟ ਫ਼ਕੀਰ ਨੇ ਬੜੀ ਨਿਡਰਤਾ ਬਲਕਿ ਰੋਅਬ ਨਾਲ ਬਾਦਸ਼ਾਹ ਨੂੰ ਉਲਟਾ ਸੁਆਲ ਕੀਤਾ ਕਿ ਐ ਬਾਦਸ਼ਾਹ! ਇੰਨਾ ਲੋਹ-ਲਸ਼ਕਰ ਲੈ ਕੇ ਤੂੰ ਇਥੇ ਕੀ ਕਰਣ ਆਇਆ ਹੈਂ?

ਫ਼ਕੀਰ ਰਾਹੀਂ ਇਸ ਉਲਟੇ ਸੁਆਲ `ਤੇ ਸਿਕੰਦਰ ਤਮ-ਤਮਾ ਉਠਿਆ, ਫ਼ਿਰ ਵੀ ਆਪਣੇ ਗੁੱਸੇ ਨੂੰ ਕਾਬੂ `ਚ ਰਖਦੇ ਹੋਏ ਉਸ ਨੇ ਫ਼ਕੀਰ ਨੂੰ ਜੁਆਬ ਦਿੱਤਾ:

ਬਾਦਸ਼ਾਹ — – ਮੈਂ ਭਾਰਤ ਨੂੰ ਫ਼ਤਿਹ ਕਰਾਂਗਾ।

ਫ਼ਕੀਰ — ਭਾਰਤ ਨੂੰ ਫ਼ਤਿਹ ਕਰ ਕੇ ਤਾਂ ਫ਼ਿਰ ਉਸ ਤੋਂ ਬਾਅਦ ਤੂੰ ਕੀ ਕਰੇਂਗਾ?

ਬਾਦਸ਼ਾਹ —– ਉਸ ਤੋਂ ਬਾਅਦ ਮੈਂ ਚੀਨ ਨੂੰ ਫ਼ਤਿਹ ਕਰਾਂਗਾ।

ਫ਼ਕੀਰ ਨੇ ਫ਼ਿਰ ਸੁਆਲ ਕੀਤਾ— ਐ ਬਾਦਸ਼ਾਹ! ਮਨ ਲਿਆ, ਤੂੰ ਚੀਨ ਵੀ ਫ਼ਤਹਿ ਕਰ ਲਵੇਂਗਾ। ਤਾਂ ਚੀਨ ਫ਼ਤਹਿ ਕਰਣ ਤੋਂ ਬਾਅਦ ਤੂੰ ਕੀ ਕਰੇਂਗਾ?

ਸਿਕੰਦਰ ਨੇ ਫ਼ਿਰ ਉੱਤਰ ਦਿੱਤਾ- ਚੀਨ ਤੋਂ ਬਾਅਦ ਮੈ ਰੂਸ ਨੂੰ ਫ਼ਤਹਿ ਕਰਾਂਗਾ।

ਇਸ ਤੇ ਵੀ ਫ਼ਕੀਰ ਚੁੱਪ ਨਾ ਹੋਇਆ ਤੇ ਉਸ ਨੇ ਸਿਕੰਦਰ ਤੇ ਫ਼ਿਰ ਸੁਆਲ ਕੀਤਾ— ਐ ਬਾਦਸ਼ਾਹ! ਮਨ ਲਿਆ, ਤੂੰ ਰੂਸ ਨੂੰ ਵੀ ਫ਼ਤਹਿ ਕਰ ਲਵੇਂਗਾ। ਤਾਂ ਰੂਸ ਨੂੰ ਫ਼ਤਹਿ ਕਰਣ ਤੋਂ ਬਾਅਦ ਤੂੰ ਕੀ ਕਰੇਂਗਾ?

ਹੁਣ ਸਿਕੰਦਰ ਛਿੱਥਾ ਪੈ ਗਿਆ ਪਰ ਉਸ ਦਾ ਮਨ ਕਹਿ ਰਿਹਾ ਸੀ ਕਿ ਫ਼ਕੀਰ ਦੇ ਸੁਆਲਾਂ `ਚ ਕੁੱਝ ਗਹਿਰਾਈ ਹੈ ਜਾਂ ਮੇਰਾ ਭੇਤ ਲੈਣ ਵਾਲੀ ਰਮਜ਼। ਆਪਣੇ ਆਪ `ਤੇ ਕਾਬੂ ਰਖਦੇ ਹੋਏ ਪਰ ਕੁੱਝ ਖਿਝ ਕੇ ਸਿਕੰਦਰ ਨੇ ਕਿਹਾ-ਇਸ ਤਰਾਂ ਮੈਂ ਸਾਰੀ ਦੁਨੀਆਂ `ਤੇ ਫ਼ਤਹਿ ਪਾਉਣ ਤੋਂ ਬਾਅਦ ਆਰਾਮ ਕਰਾਂਗਾ ਤੇ ਸੁਖ ਦਾ ਸਾਹ ਲਵਾਂਗਾ।

ਇਸ `ਤੇ ਫ਼ਕੀਰ ਖਿੜ-ਖਿੜਾ ਕੇ ਹਸਿਆ ਤੇ ਕਹਿਣ ਲਗਾ, ਬਾਦਸ਼ਾਹ! ਜਿਹੜਾ ਆਰਾਮ ਤੈਨੂੰ ਇੰਨੀ ਤਬਾਹੀ-ਕਤਲੋ ਗ਼ਾਰਤ, ਲਖਾਂ ਦੇ ਸੁਹਾਗ ਉਜਾੜ ਕੇ, ਮਾਵਾਂ ਦੀਆਂ ਗੋਦੀਆਂ ਸੁੰਨੀਆਂ ਕਰਕੇ, ਭੈਣਾ ਦੇ ਵੀਰਾਂ ਦਾ ਖੂਨ ਕਰ ਕੇ ਮਿਲਨਾ ਹੈ; ਫ਼ਿਰ ਇਹ ਵੀ ਯਕੀਨੀ ਨਹੀਂ ਕਿ ਉਹ ਆਰਾਮ ਜ਼ਰੂਰ ਹੀ ਮਿਲ ਜਾਵੇਗਾ ਬਲਕਿ ਮਿਲਨਾ ਵੀ ਹੈ ਜਾਂ ਨਹੀਂ ਪਰ ਉਹ ਆਰਾਮ ਤਾਂ ਮੈਂ ਅੱਜ ਹੀ ਕਰ ਰਿਹਾ ਸਾਂ, ਤੂੰ ਤਾਂ ਉਲਟਾ ਮੈਨੂੰ ਵੀ ਬੇ ਆਰਾਮ ਕੀਤਾ ਹੈ। (ਕਿਹਾ ਜਾਂਦਾ ਹੈ ਕਿ ਸਿਕੰਦਰ ਆਪਣੇ ਆਖਰੀ ਸੁਆਸ ਲੈ ਰਿਹਾ ਸੀ ਤਾਂ ਉਸ ਨੇ ਤਾਕੀਦ ਕੀਤੀ, ‘ਮੌਤ ਤੋਂ ਬਾਅਦ ਮੇਰੇ ਦੋਵੇਂ ਹੱਥ ਕਫ਼ਨ ਚੋਂ ਬਾਹਰ ਕਢ ਦੇਣਾ ਤਾ ਕਿ ਦੁਨੀਆਂ ਨੂੰ ਵੀ ਪਤਾ ਲਗ ਸਕੇ, ਆਖਿਰ ਇੰਨੀਆਂ ਮਲਾਂ ਮਾਰਣ ਵਾਲਾ ਸਿਕੰਦਰ ਵੀ ਜਦੋਂ ਸੰਸਾਰ ਤੋਂ ਗਿਆ ਤਾਂ ਬਿਲਕੁਲ ਖਾਲੀ ਹੱਥ ਸੀ। ਸ਼ਾਇਦ ਮੌਤ ਸਮੇਂ ਉਸਨੂੰ ਉਸ ਫ਼ਕੀਰ ਦੀ ਗਲ ਹੀ ਚੇਤੇ ਆ ਰਹੀ ਸੀ)

ਸਿੱਟਾ ਇਹ ਕਿ ਅੱਜ ਸਮੂਚੇ ਤੌਰ `ਤੇ ਸਾਡੀ ਕੌਮ ਤੇ ਕੌਮ ਦੇ ਆਗੂ ਬਲਕਿ ਬਹੁਤੇ ਪ੍ਰਚਾਰਕ ਤੀਕ ਕੇਵਲ ਧਨ-ਜਾਇਦਾਦਾਂ ਇਕੱਠੀਆਂ ਕਰਣ ਵਾਲੇ ਪਾਸੇ ਹੀ ਪਏ ਹੋਏ ਹਨ। ਅੱਜ ਬਹੁਤੇ ਪ੍ਰਚਾਰਕ-ਕਥਾ ਵਾਚਕ-ਢਾਡੀ ਆਦਿ ਤਾਂ ਫ਼ੋਕੀ ਵਾਹ! ਵਾਹ ਦੀ ਦੌੜ `ਚ ਕਈ ਵਾਰੀ ਬਾਣੀ ਅਰਥਾਂ ਦੇ ਵੀ ਅਨਰਥ ਜਾਂ ਗੁਰੂ ਦੀ ਗੱਲ ਨੂੰ ਦਬਾਉਣ `ਚ ਹੀ ਆਪਣੇ ਆਪ `ਤੇ ਫ਼ਖਰ ਕਰਦੇ ਹਨ। ਕੀ ਇਨ੍ਹਾਂ ਨੂੰ ਅੱਜ ਗੁਰਬਾਣੀ ਦਾ ਇਹ ਸਿਧਾਂਤ ਵੀ ਚੇਤੇ ਨਹੀਂ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ” (ਬਾਣੀ ਜਪੁ) ਅਤੇ ਬਹੁਤੇ ਪ੍ਰਚਾਰਕਾਂ ਨੂੰ ਤਾਂ ਪਾਤਸ਼ਾਹ ਦਾ ਇਹ ਨਿਰਦੇਸ਼ ਵੀ ਭੁਲਿਆ ਪਿਆ ਹੈ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ”। ਉਨ੍ਹਾਂ ਜਾਚੇ ਬਾਣੀ ਨੂੰ ਚਾਹੇ ਕਿੰਨਾ ਵੀ ਗ਼ਲਤ ਅਰਥ ਪ੍ਰਭਾਵ ਦੇ ਕੇ ਪੜ੍ਹਣ ਪਰ ਉਨ੍ਹਾਂ ਦੀ ਸਾਰੀ ਦੌੜ ਵੱਧ ਤੋਂ ਵੱਧ ਮਾਇਆ ਜਾਂ ਵਾਹ! ਵਾਹ ਇਕਤ੍ਰ ਕਰਣ ਵਲ ਹੀ ਹੁੰਦੀ ਹੈ।

ਖਿਮਾ ਚਾਹਾਂਗੇ, ਇਸ ਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਨੇ ਅੱਗੇ ਵੱਧਣ ਦਾ ਜੱਤਨ ਨਹੀਂ ਕਰਨਾ, ਬਲਕਿ ਇਸ ਦਾ ਅਰਥ ਹੈ ਕਿ ਉਸਨੇ ਜੋ ਕੁੱਝ ਵੀ ਕਰਨਾ ਹੈ ਕਰਤੇ ਦੇ ਨਿਰਮਲ ਭਉ ਤੇ ਸ਼ੁਕਰਾਨੇ `ਚ ਰਹਿ ਕੇ ਹੀ ਕਰਨਾ ਹੈ। ਉਸਨੇ ਆਪਣੇ ਅੱਗੇ ਵਧਣ ਲਈ ਪ੍ਰਚਲਤ ਸੰਸਾਰਕ ਫ਼ਾਰਮੂਲਾ ‘ਸਾਡੇ ਕੋਲ ਇਹ ਹੋਵੇ. . ਸਾਡੇ ਕੋਲ ਉਹ ਹੋਵੇ. . ਅਸਾਂ ਇਹ ਕਰਨਾ ਹੀ ਹੈ’ ਫ਼ਿਰ ਭਾਵੇਂ ਚੰਗੇ ਤਰੀਕੇ ਹੋਵੇ ਜਾਂ ਮੰਦੇ (by fair means or fouls)’ । ਸੰਖੇਪ `ਚ, ਸਿੱਖ ਨੇ ਗੁਰਬਾਣੀ ਸੇਧ `ਚ ਰਹਿ ਕੇ ਹੀ ਅਗੇ ਵੱਧਣਾ ਹੈ, ਬਾਣੀ ਮੁਤਾਬਕ ਜੇ ਉਹ ਰਸਤੇ ਮੰਦੇ ਹਨ ਤੇ ਗੁਰਬਾਣੀ ਇਜਾਜ਼ਤ ਨਹੀਂ ਦੇਂਦੀ ਤਾਂ ਸਿੱਖ ਨੇ ਨਹੀਂ ਵਰਤਣੇ। ਇਸੇ ਤਰ੍ਹਾਂ ਕਿਸੇ ਸੁਆਰਥ ਜਾਂ ਚਾਪਲੂਸੀ ਵਸ, ਗੁਰਬਾਣੀ ਸ਼ਬਦਾਂ ਦੇ ਗ਼ਲਤ ਅਰਥ ਜਾਂ ਵਿਆਖਿਆ ਆਦਿ ਕੇਵਲ ਨੋਟ ਇਕੱਠੇ ਕਰਨ ਜਾਂ ਵਾਹ! ਵਾਹ ਲੈਣ ਲਈ ਹੀ ਹੋਵੇ ਤਾਂ ਉਹ ਵੀ ਗੁਰਬਾਣੀ ਵੇਚ ਕੇ ਮਾਇਆ-ਵਾਹ! ਵਾਹ ਦੀ ਹੀ ਦੌੜ ਹੈ- ਸਿੱਖੀ ਜੀਵਨ ਜਾਂ ਗੁਰਬਾਣੀ ਇਸ ਦੀ ਇਜਾਜ਼ਤ ਨਹੀਂ ਦੇਂਦੀ। ਬਦ ਕਿਸਮਤੀ ਨਾਲ ਅੱਜ ਬਹੁਤਾ ਇਹੀ ਕੁੱਝ ਹੋ ਰਿਹਾ ਹੈ ਤੇ ਇਸੇ ਲਈ ਸਿੱਖ ਦਾ ਨਿਜੀ ਤੇ ਸਮੁਚੇ ਤੌਰ ਤੇ ਸੰਪੂਰਣ ਪੰਥ ਦਾ ਕਿਰਦਾਰ ਵੀ ਨਿੱਤ ਨਿਵਾਨ ਨੂੰ ਹੀ ਜਾ ਰਿਹਾ ਹੈ, ਉਚਾਣ ਨੂੰ ਨਹੀਂ। ਦਰਅਸਲ ਉਪਰਲੀ “ਆਰਾਮ ਤੇ ਬੇ ਆਰਾਮ” ਵਾਲੀ ਵਰਣਤ ਘਟਣਾ ਇਸੇ ਪੱਖ `ਤੇ ਇਸ਼ਾਰਾ ਮਾਤ੍ਰ ਹੈ। ੦੦੦

(7) ਨਿਆਰਾ ਤੇ ਵਿਲੱਖਣ ਜੀਵਨ - ਇੱਕ ਪਿੰਡ `ਚ ਇੱਕ ਗ਼ਰੀਬ ਕਿਸਾਨ ਰਹਿੰਦਾ ਸੀ ਉਸ ਦੇ ਗ੍ਰਿਹ ਵਿਖੇ ਅਕਾਲਪੁਰਖ ਨੇ ਬੜੀ ਸੁੰਦਰ ਤੇ ਸੁਸ਼ੀਲ ਬੱਚੀ ਦੀ ਦਾਤ ਬਖਸ਼ੀ ਹੋਈ ਸੀ। ਜਦੋਂ ਉਸਦੀ ਇਹ ਸਪੁਤ੍ਰੀ ਜੁਆਨ ਹੋਈ ਤਾਂ ਕਿਸਾਨ ਨੂੰ ਇਸਦੇ ਅਨੰਦਕਾਰਜ ਦੀ ਚਿੰਤਾ ਹੋਈ, ਪਰ ਕਿਸਾਨ ਸੀ ਗੁਰੂ ਤੇ ਬਹੁਤ ਭਰੋਸਾ ਰਖਣ ਵਾਲਾ। ਆਪਣੇ ਫ਼ਰਜ਼ ਮੁਤਾਬਕ ਉਸ ਨੇ ਬੱਚੀ ਦੇ ਵਰ ਲਈ ਬਹੁਤੇਰੀ ਕੋਸ਼ਿਸ਼ ਕੀਤੀ। ਆਖਿਰ ਜੇ ਬੱਚੀ ਦਾ ਰਿਸ਼ਤਾ ਹੋ ਜਾਵੇ ਤਾਂ ਉਸ ਲਈ ਉਸਨੂੰ ਮਾਇਆ ਦੀ ਵੀ ਲੋੜ ਪਵੇਗੀ ਹੀ। ਚੂੰਕਿ ਉਹ ਬੜਾ ਗ਼ਰੀਬ ਸੀ, ਇਸਲਈ ਉਸ ਕੋਲ ਅਨੰਦਕਾਰਜ ਲਈ ਮਾਇਆ ਦਾ ਪ੍ਰਬੰਧ ਵੀ ਨਹੀਂ ਸੀ ਬਣ ਰਿਹਾ। ਤਾਂ ਵੀ ਉਸਦਾ ਗੁਰੂ ਤੇ ਭਰੋਸਾ ਨਾ ਡੋਲਿਆ। ਅੰਤ ਜਦ ਉਸਨੂੰ ਹੋਰ ਕੋਈ ਹਲ ਨਾ ਲਭਾ ਤਾਂ ਕਿਸਾਨ ਨੇ ਇਸ ਕਾਰਜ ਲਈ ਆਪਣੀ ਕੁੱਝ ਵਾਧੂ ਜ਼ਮੀਨ ਵੇਚਣ ਦਾ ਹੀ ਫ਼ੈਸਲਾ ਲੈ ਲਿਆ।

ਦੂਜਾ ਕਿਸਾਨ, ਜਿਸਨੇ ਜ਼ਮੀਨ ਖਰੀਦੀ ਸੀ, ਉਸ ਸੋਚਿਆ ਕਿ ਇਸ ਊਬੜ-ਖਾਬੜ ਜ਼ਮੀਨ ਨੂੰ ਵਾਹੁਣ ਲਾਇਕ ਬਣਾ ਕੇ, ਆਪਣੀ ਕੁੱਝ ਆਮਦਨ ਵਧਾ ਲਏ, ਇਹ ਵਿਚਾਰ ਕੇ, ਉਸ ਨੇ ਆਪਣੀ ਇਸ ਨਵੀਂ ਜ਼ਮੀਨ ਨੂੰ ਸਿਧਾ-ਪਧਰਾ ਕਰਨਾ ਸ਼ੁਰੂ ਕੀਤਾ। ਕਰਤੇ ਦੀ ਖੇਡ, ਉਹ ਜ਼ਮੀਨ ਨੂੰ ਠੀਕ ਕਰ ਰਿਹਾ ਸੀ, ਅਚਾਨਕ ਇੱਕ ਜਗ੍ਹਾ ਤੋਂ ਉਸ ਨੂੰ ਕਿਸੇ ਸਮੇਂ ਦੀ ਦੱਬੀ ਹੋਈ ਕਿਸੇ ਧਨਾਢ ਦੀ ਦੇਗ਼ ਮਿਲ ਗਈ, ਇਸ `ਚ ਬਹੁਤ ਸਾਰੇ ਗਹਿਣੇ-ਸਿੱਕੇ ਭਰੇ ਪਏ ਸਨ।

ਇਹ ਦੂਜਾ ਕਿਸਾਨ ਵੀ ਬੜਾ ਇਮਾਨਦਾਰ ਤੇ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ ਵੀ ਕਰਦਾ ਸੀ। ਇਹ ਕਿਸਾਨ ਵੀ ਗੁਰਬਾਣੀ ਦੀ ਸਿਖਿਆ `ਤੇ ਚਲਣ ਵਾਲਾ ਤੇ ਗੁਰੂ ਦੇ ਭੈਅ `ਚ ਜੀਵਨ ਬਤੀਤ ਕਰਣ ਵਾਲਾ ਇਨਸਾਨ ਸੀ। ਉਹ ਇਸ ਦੇਗ਼ ਨੂੰ ਚੁੱਕ ਕੇ, ਪਹਿਲੇ ਵਾਲੇ ਕਿਸਾਨ ਕੋਲ ਲੈ ਗਿਆ, ਜਿਸ ਕੋਲੋਂ ਕਿ ਉਸ ਨੇ ਜ਼ਮੀਨ ਖ਼ਰੀਦੀ ਸੀ ਤੇ ਕਹਿਣ ਲਗਾ:

ਦੂਜਾ ਕਿਸਾਨ- ਵੀਰ! ਇਹ ਦੇਗ਼ ਤੁਹਾਡੀ ਅਮਾਨਤ ਹੈ, ਕਿਉਂਕਿ ਇਹ ਦੇਗ਼ ਤੁਹਾਡੀ ਉਸ ਜ਼ਮੀਨ `ਚੋਂ ਨਿਕਲੀ, ਜਿਹੜੀ ਤੁਸਾਂ ਮੈਨੂੰ ਵੇਚੀ ਸੀ, ਇਸ ਲਈ ਇਸ `ਤੇ ਤੁਹਾਡਾ ਹੱਕ ਹੈ।

ਪਹਿਲਾ- ਨਹੀਂ ਵੀਰ! ਇਹ ਦੇਗ਼ ਹੁਣ ਤੁਹਾਡੀ ਹੀ ਹੈ। ਕਿਉਂਕਿ ਉਹ ਜ਼ਮੀਨ ਤਾਂ ਮੈਂ ਤੁਹਾਨੂੰ ਵੇਚ ਚੁੱਕਾ ਹਾਂ। ਦੇਖੋ! ਜੇ ਕਰ ਉਹ ਜ਼ਮੀਨ ਦਾ ਟੁਕੜਾ ਕਲਰ ਭੋਂ ਸਾਬਤ ਹੁੰਦੀ ਤਾਂ ਵੀ ਤੁਹਾਡੀ ਸੀ ਤੇ ਜੇ ਵਧੀਆ ਉਪਜਾਉ ਸਾਬਤ ਹੁੰਦੀ ਤਾਂ ਵੀ ਤੁਹਾਡੀ ਹੀ ਸੀ। ਇਸ ਲਈ ਜੇ ਹੁਣ ਇਸ ਜ਼ਮੀਨ `ਚੋਂ ਦੇਗ਼ ਨਿਕਲ ਆਈ ਹੈ ਤਾਂ ਇਸ ਉਪਰ ਵੀ ਤੁਹਾਡਾ ਹੀ ਹੱਕ ਬਣਦਾ ਹੈ।

ਦੂਜਾ- ਵੀਰ ਜੀਓ! ਮੈਂ ਤਾਂ ਤੁਹਾਨੂੰ ਕੇਵਲ ਜ਼ਮੀਨ ਦੀ ਹੀ ਕੀਮਤ ਦਿੱਤੀ ਹੈ। ਉਹ ਚੰਗੀ ਸੀ ਜਾਂ ਮਾੜੀ ਪਰ ਮੈਂ ਤਾਂ ਜ਼ਮੀਨ ਆਪਣੇ ਹਿਸਾਬ ਨਾਲ ਦੇਖ-ਦਾਖ ਕੇ ਹੀ ਲਈ ਹੈ। ਇਸ ਤੋਂ ਬਾਅਦ ਇਸ ਅੰਦਰੋਂ ਦੇਗ਼ ਦਾ ਨਿਕਲਣਾ ਤਾਂ ਵੱਖਰੀ ਗੱਲ ਹੈ, ਇਸਦਾ ਜ਼ਮੀਨ ਦੇ ਚੰਗੇ ਜਾਂ ਮਾੜੇ ਹੋਣ ਨਾਲ ਕੋਈ ਸੰਬੰਧ ਨਹੀਂ। ਇਸ ਲਈ ਇਸ ਦੇਗ਼ `ਤੇ ਮੇਰਾ ਹੱਕ ਤਾਂ ਬਣਦਾ ਹੀ ਨਹੀਂ, ਇਸ ਉਪਰ ਹੱਕ ਕੇਵਲ ਤੁਹਾਡਾ ਹੀ ਬਣਦਾ ਹੈ।

ਪਹਿਲਾ- ਨਹੀਂ ਵੀਰ ਜੀ! ਇਹ ਧਨ-ਪਦਾਰਥ ਜੇਕਰ ਕਰਤਾਰ ਨੇ ਮੈਨੂੰ ਹੀ ਦੇਣੇ ਹੁੰਦੇ ਤਾਂ ਇਸ ਜ਼ਮੀਨ ਨੂੰ ਵਾਹੁਣ ਦੀ ਦਲੇਰੀ-ਹਿੰਮਤ ਵੀ ਮੈਨੂੰ ਹੇ ਦੇਂਦਾ ਅਤੇ ਮੈਂ ਇਸ ਨੂੰ ਕਦੇ ਵੇਚਦਾ ਹੀ ਨਹੀਂ।

ਦੂਜਾ- ਵੀਰ! ਮੈਂ ਤੁਹਾਡੇ ਨਾਲ ਇਸ ਗਲੋਂ ਸਹਿਮਤ ਨਹੀਂ ਹਾਂ। ਮੈਂ ਤਾਂ ਗੁਰੂ-ਗੁਰਬਾਣੀ ਦਾ ਸਿੱਖ ਹਾਂ ਅਤੇ ਉਸੇ ਤੋਂ ਮੈਨੂੰ ਇਹ ਸੋਝੀ ਮਿਲੀ ਹੈ ਕਿ ਕਿਸੇ ਦਾ ਹੱਕ ਨਹੀਂ ਖਾਣਾ। ਜਾਪਦਾ ਹੈ ਕਿ ਕਰਤਾਰ ਨੇ ਸ਼ਾਇਦ ਮੇਰਾ ਤੇ ਮੇਰੀ ਜ਼ਮੀਰ ਦਾ ਇਮਤਿਹਾਨ ਲੈਣ ਲਈ ਹੀ ਇਹ ਖੇਡ ਵਰਤੀ ਹੋਵੇ। ਵੀਰ ਜੀਓ! ਖਿਮਾ ਕਰਨਾ ਇਸ ਦੇਗ਼ ਤੇ ਮੇਰਾ ਉੱਕਾ ਹੱਕ ਨਹੀਂ ਬਲਕਿ ਜੇ ਤੁਸਾਂ ਇਸ ਨੂੰ ਨਾ ਲਿਆ ਤਾਂ ਇਹ ਮੇਰੀ ਜ਼ਮੀਰ `ਤੇ ਵੱਡਾ ਬੋਝ ਬਣੀ ਰਵੇਗੀ ਅਤੇ ਮੈਂ ਆਪਣੇ ਆਪ ਨੂੰ ਸਦਾ ਗੁਰੂ ਦਾ ਦੇਣਦਾਰ ਹੀ ਸਮਝਦਾ ਰਵਾਂਗਾ। ਇਸ ਲਈ ਬੇਨਤੀ ਹੈ ਕਿ ਤੁਸੀਂ ਆਪਣੀ ਅਮਾਨਤ ਮੇਰੇ ਤੋਂ ਲੈ ਲਵੋ, ਇਸ ਦੇ ਲਈ ਮੈਂ ਤੁਹਾਡਾ ਧਨਵਾਦੀ ਹੋਵਾਂਗਾ।

ਪਹਿਲਾ ਕਿਸਾਨ- ਨਹੀਂ ਵੀਰ! ਇਥੇ ਸੁਆਲ ਤੁਹਾਡੀ ਇਮਾਨਦਾਰੀ ਦਾ ਨਹੀਂ। ਹੋ ਸਕਦਾ ਹੈ ਕਿ ਅਕਾਲਪੁਰਖ ਤੁਹਾਡਾ ਨਹੀਂ ਬਲਕਿ ਮੇਰਾ ਹੀ ਇਮਤਿਹਾਨ ਲੈ ਰਿਹਾ ਹੋਵੇ। ਜੇ ਕਰ ਰੱਬ ਜੀ ਨੇ ਇਸ ਦੇਗ਼ `ਤੇ ਮੇਰਾ ਹੀ ਹੱਕ ਬਣਾਇਆ ਹੁੰਦਾ ਤਾਂ ਮੈਂ ਇਹ ਜ਼ਮੀਨ ਵੇਚੀ ਹੀ ਨਾ ਹੁੰਦੀ। ਇਹ ਵੀ ਤਾਂ ਹੋ ਸਕਦਾ ਸੀ ਕਿ ਆਪਣੀ ਜ਼ਮੀਨ ਦਾ ਜਿਹੜਾ ਟੁਕੜਾ ਮੈ ਅੱਜ ਵਰਤ ਰਿਹਾਂ ਹਾਂ ਇਸ ਦੀ ਬਜਾਏ ਉਹ ਟੁਕੜਾ ਪਿਆ ਰਹਿੰਦਾ ਅਤੇ ਅੱਜ ਮੈਂ ਇਸ ਦੇਗ਼ ਵਾਲੇ ਟੁਕੜੇ ਨੂੰ ਹੀ ਵਰਤ ਰਿਹਾ ਹੁੰਦਾ ਤਾਂ ਇਸ ਨੇ ਤੁਹਾਡੇ ਹੱਥ ਜਾਣਾ ਹੀ ਕਿਵੇਂ ਸੀ?

—————ਇਸ ਇਮਾਨਦਾਰੀ ਅਤੇ ਗੁਰੂ ਦੀ ਸਿੱਖੀ ਨਾਲ ਓਤ-ਪ੍ਰੋਤ ਬਹਿਸ ਦਾ ਕੋਈ ਅੰਤ ਨਹੀਂ ਸੀ। ਆਖਿਰ ਰਾਇ ਲੈਣ ਲਈ ਉਹ ਦੋਵੇਂ ਆਪਸੀ ਸਤਿਕਾਰਜੋਗ ਇੱਕ ਸੱਜਨ ਕੋਲ ਗਏ। ਇਹ ਵੀਰ ਸਨ, ਇਲਾਕੇ ਦੇ ਗੁਰਦੁਆਰੇ ਦੇ ਭਾਈ ਸਾਹਿਬ, ਜੋ ਕਿ ਬੜੇ ਉਚੇ ਸੁਚੇ ਜੀਵਨ ਦੇ ਮਾਲਿਕ ਅਤੇ ਸਦਾ ਗੁਰੂ ਦੇ ਨਿਰਮਲ ਭਉ `ਚ ਜੀਵਨ ਬਤੀਤ ਕਰਣ ਵਾਲੇ, ਗੁਰਬਾਣੀ ਦੇ ਰਸੀਏ ਸਨ। ਇਹ ਹੱਥਲੀ ਘਟਨਾ ਵੀ ਸ਼ਾਇਦ, ਉਸ ‘ਭਾਈ ਸਾਹਿਬ’ ਸਾਹਿਬ ਰਾਹੀਂ ਨਿਰੋਲ ਗੁਰਬਾਣੀ ਜੀਵਨ ਦੇ ਪ੍ਰਚਾਰ ਦਾ ਹੀ ਸਿੱਟਾ ਸੀ ਕਿ ਪਿੰਡ ਦੀ ਆਮ ਵਸੋਂ ਵੀ ਉਚੇ ਸੁਚੇ ਜੀਵਨ, ਮਿਠੀ ਬੋਲੀ ਤੇ ਵਧੀਆ ਸੁਭਾਅ ਵਾਲੀ ਸੀ, ਜਿਵੇਂ ਕਿ ਇਹ ਦੋਵੇਂ ਕਿਸਾਨ।

ਭਾਈ ਸਾਹਿਬ ਨੇ ਸਾਰੀ ਗੱਲ ਬੜੇ ਠਰੰਮੇ ਨਾਲ ਸੁਣੀ। ਉਸੇ ਪਿੰਡ ਦੀ ਸੇਵਾ ਕਰਦੇ, ਉਂਝ ਤਾਂ ਉਨ੍ਹਾਂ ਨੂੰ ਵੀ ਪਤਾ ਸੀ ਫ਼ਿਰ ਵੀ ਗਲ ਨੂੰ ਅੱਗੇ ਟੋਰਦੇ ਹੋਏ, ਉਨ੍ਹਾਂ ਦੂਜੇ ਕਿਸਾਨ ਤੋਂ ਪੁਛਿਆ, ਆਪ ਦੇ ਕਿੰਨੇ ਬੱਚੇ ਨੇ। ਇਸ ਤੇ ਉਸ ਕਿਹਾ ਕਿ ਉਸ ਦਾ ਇਕੋ-ਇਕ ਨੋਜੁਆਨ ਬੱਚਾ ਹੈ। ਇਹ ਵੀ ਦਸਿਆ ਕਿ ਉਹੀ ਲੜਕਾ ਜੋ ਨਿਤਾਪ੍ਰਤੀ ਆਪ ਕੋਲ, ਗੁਰਦੁਆਰੇ ਆਉਣ ਵਾਲਾ ਤੇ ਬਾਣੀ ਜੀਵਨ ਵਾਲਾ ਹੈ। ਚੂੰਕਿ, ਭਾਈ ਸਾਹਿਬ ਤਾਂ ਬੱਚੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ, ਇਸ ਤੇ ਭਾਈ ਸਾਹਿਬ ਨੇ ਸਲਾਹ ਦਿੱਤੀ ਕਿਉਂਕਿ ਉਮਰ, ਆਚਰਣ, ਰਹਿਣੀ ਆਦਿ ਹਰ ਪਖੋਂ ਮੇਲ ਤਾਂ ਹੈ ਹੀ। ਇਸ ਲਈ ਕਿਉਂ ਨਾ ਇਨ੍ਹਾਂ ਦੋਨਾਂ ਬਚਿਆ ਦਾ ਆਪਸ `ਚ ਆਨੰਦਕਾਰਜ ਤੈਅ ਕਰ ਦਿੱਤਾ ਜਾਵੇ।

ਖੂਬੀ ਇਹ ਕਿ ਭਾਈ ਸਾਹਿਬ ਦੀ ਨੇਕ ਸਲਾਹ ਦੋਨਾਂ ਨੂੰ ਚੰਗੀ ਲਗੀ। ਇਸ ਤੇ ਭਾਈ ਸਾਹਿਬ ਨੇ ਹੋਰ ਸਲਾਹ ਦਿੱਤੀ ਕਿਉਂਕਿ ਕਰਤਾਰ ਤਾਂ ਇਹ ਸਬੱਬ ਲਗਾ ਹੀ ਰਿਹਾ ਹੈ ਤਾਂ ਕਿਉਂ ਨਾ ਇਹ ਦੇਗ਼ ਵੀ ਸਾਂਝੇ ਤੌਰ ਤੇ ਇਨ੍ਹਾਂ ਹੀ ਬਚਿਆਂ ਨੂੰ ਹੀ ਦੇ ਦਿੱਤੀ ਜਾਵੇ? ਦੋਨਾਂ ਨੂੰ ਭਾਈ ਸਾਹਿਬ ਦੀ ਇਹ ਸਲਾਹ ਵੀ ਭਾਅ ਗਈ ਅਤੇ ਇਸੇ ਤਰ੍ਹਾਂ ਹੀ ਹੋ ਗਿਆ।

ਸਿੱਟਾ ਕਿ ਕੌਮ ਅੱਜ ਕਿਥੇ ਖੜੀ ਹੈ? ਇਹ ਕਰਾਮਾਤ ਸੀ ਗੁਰਬਾਣੀ ਦੀ। ਇਹੀ ਉਹ ਗੁਰਬਾਣੀ-ਗੁਰੂ ਵਾਲਾ ਧੁਰਾ ਜਿਥੋਂ ਮਨੁੱਖ ਨੂੰ ਬਿਲਕੁਲ ਨਿਆਰਾ, ਨਿਰਾਲਾ, ਉਚਾ ਸੁਚਾ, ਸਦਾਚਾਰਕ ਤੇ ਵਿਲੱਖਣ ਜੀਵਨ ਮਿਲਦਾ ਹੈ, ਫ਼ਿਰ ਭਾਵੇਂ ਗੁਰਦੁਆਰਿਆਂ ਦੇ ਭਾਈ ਸਾਹਿਬਾਨ ਹੋਣ, ਪ੍ਰਚਾਰਕ, ਪ੍ਰਬੰਧਕ, ਪੰਥ ਦੇ ਨੇਤਾ, ਰਾਜਸੀ ਆਗੂ ਜਾਂ ਆਮ ਦੁਨੀਆਦਾਰ ਤੇ ਗ੍ਰਿਹਸਥੀ। ਇਸ ਘਟਨਾ ਤੋਂ ਇਹ ਵੀ ਚੇਤੇ ਆਉਂਦਾ ਹੈ ਕਿ ਇਹੀ ਕਾਰਨ ਸੀ ਜਦੋਂ ਵਿਰੋਧੀਆਂ ਦੀਆਂ ਕਚਿਹਿਰੀਆਂ ਵੀ ਸਿੱਖ ਦੀ ਗਵਾਹੀ ਨੂੰ ਸਚੀ ਤੇ ਆਖਰੀ ਮੰਨਦੀਆਂ ਸਨ। ਨਹੀਂ ਤਾਂ ਪੈਸੇ ਜ਼ਮੀਨਾਂ ਦੇ ਚੱਕਰਾਂ `ਚ ਭਾਈ, ਭਾਈ ਦਾ ਵੈਰੀ ਬਣਿਆ ਪਿਆ ਹੈ, ਇਕ-ਦੂਜੇ ਦੇ ਕੱਤਲ ਦੀਆਂ ਘਟਨਾਵਾਂ ਨੂੰ ਘੋਖ ਲਵੋ! ਕਚਿਹਿਰੀਆਂ `ਚ ਚਲੇ ਜਾਵੋ, ਪ੍ਰਵਾਰਕ ਝਗੜੇ ਤੇ ਆਪਸੀ ਵੈਰ-ਵਿਰੋਧ-ਰੰਜਸ਼ਾਂ ਨੂੰ ਦੇਖ ਲਵੋ ਸਭ ਦਾ ਮੂਲ ਕਾਰਨ ਆਚਰਣ-ਹੀਨਤਾ ਅਤੇ ਪੈਸੇ, ਜ਼ਮੀਨਾਂ-ਜਾਇਦਾਦਾਂ ਹੀ ਹਨ। ਕਾਸ਼! ਅੱਜ ਵੀ ਅਸੀਂ ਗੁਰਬਾਣੀ-ਗੁਰੂ ਦੀ ਸਿਖਿਆ `ਤੇ ਚਲ ਕੇ ਸੰਸਾਰ `ਚ ਆਪਣੀਆਂ ਸਰਦਾਰੀਆਂ `ਤੇ ਮਾਣ ਕਰ ਸਕੀਏ। ਕੇਵਲ ਅਸੀਂ ਹੀ ਨਹੀਂ ਬਲਕਿ ਸਮੂਚੇ ਸੰਸਾਰ ਨੂੰ ਹੀ ਇਸਦਾ ਲਾਭ ਪੁਜੇਗਾ ਅਤੇ ਸਾਡੇ ਸਿੱਖ ਹੋਣ `ਤੇ ਉਨ੍ਹਾਂ ਨੂੰ ਮਾਣ ਵੀ ਹੋਵੇਗਾ। ੦੦੦

(8) ਪਿਆਰ ਦੀ ਖਿੱਚ- (ਸਚੀ ਘਟਣਾ `ਤੇ ਆਧਾਰਤ) ਪਛਮੀ ਦੇਸ਼ਾਂ ਦੀਆਂ ਰੰਗੀਨੀਆਂ, ਉਥੋਂ ਦੀ ਅਣਦੇਖੀ ਚਮਕ-ਦਮਕ, ਡਾਲਰਾਂ-ਪੌਂਡਾਂ ਦੀ ਕਸ਼ਿਸ਼ ਨੇ ਉਸਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ। ਮੰਨ ਬਣਾ ਲਿਆ ਕਿ ਵੀਜ਼ਾ ਲਗ ਗਿਆ ਤਾਂ ਚੰਗਾ, ਨਹੀਂ ਤਾਂ ਚੰਗੇ ਭਾਂਵੇਂ ਮੰਦੇ ਤਰੀਕੇ (by fair means or fouls), ਵਿਦੇਸ਼ਾਂ `ਚ ਤਾਂ ਜਾਣਾ ਜ਼ਰੂਰ ਹੀ ਹੈ। ਇਹ ਮਾਨੋਂ ਉਸ `ਤੇ ਭੂਤ ਸੁਆਰ ਹੋ ਚੁੱਕਾ ਸੀ। ਦਿਨ ਹੋਵੇ ਜਾਂ ਰਾਤ, ਉਸ ਨੂੰ ਤਾਂ ਬਸ ਸੁਪਨੇ ਹੀ ਇਹੀ ਆ ਰਹੇ ਸਨ ਕਿ ਜਾਣਾ ਹੈ ਤਾਂ ਭਾਵੇਂ ਕਿਵੇਂ ਵੀ ਪਰ ਵਿਦੇਸ਼ ਜ਼ਰੂਰ ਜਾਣਾ ਹੈ। ਸਭ ਤੋਂ ਵੱਡੀ ਗੱਲ, ਗੁਰਬਾਣੀ ਜੀਵਨ ਦੀ ਘਾਟ ਕਾਰਨ, ਕੱਚੇ ਮਨ ਉਪਰ ਕੱਚੇ ਰਸ ਤੇ ਸੁਆਦਾਂ ਦੀ ਲੱਲਕ, ਉਸਨੂੰ ਚੈਨ ਨਹੀਂ ਸੀ ਲੈਣ ਦੇਂਦੀ। ਆਖਿਰ ਅੰਦਰੋਂ-ਅੰਦਰ ਘਟੀਆ ਏਜੰਟਾ ਦੇ ਚੱਕਰਾਂ `ਚ ਪੈ ਕੇ, ਕਿਸੇ ਨੂੰ ਪਤਾ ਨਹੀਂ ਪਰ ਆਪਣੀਆਂ ਜ਼ਮੀਨਾਂ ਤੀਕ ਵੇਚ-ਵੱਟ ਕੇ ਮਾਇਆ ਉਨ੍ਹਾਂ ਦੇ ਖੀਸੇ ਪੁਚਾ ਦਿੱਤੀ। ਹੁਣ, ਜੀਵਨ ਦੀ ਉਹ ਮਨਹੂਸ ਘੜੀ ਵੀ ਆ ਗਈ ਜਦੋਂ ਉਹ ਚੁਪ-ਚਪੀਤੇ ਆਪਣੇ ਬਾਲ-ਬੱਚੇ ਤੇ ਜੁਆਨ ਸਿੰਘਣੀ ਨੂੰ ਵੀ ਬੇਸਹਾਰਾ ਛੱਡ, ਵਿਦੇਸ਼ਾਂ `ਚ ਜਾ ਪੁੱਜਾ। ਗੁਰਬਾਣੀ ਦਾ ਜੀਵਨ ਤਾਂ ਉਸ ਕੋਲ ਪਹਿਲਾਂ ਹੀ ਨਹੀਂ ਸੀ, ਜੇ ਹੁੰਦਾ ਤਾਂ ਜੀਵਨ ਦੀ ਇੰਨੀ ਨਿਵਾਣ ਵਲ ਜਾਂਦਾ ਹੀ ਕਿਉਂ? ਉਥੇ ਪੁੱਜ ਕੇ ਸਭ ਤੋਂ ਪਹਿਲਾਂ ਉਸ ਨੇ ਇਹ ਕੀਤਾ ਕਿ ਸਿਰ-ਮ੍ਹੂੰਹ ਮੁਨਵਾ ਕੇ ‘ਬਾਬੂ ਸਾਬ’ ਤੇ ‘ਲਾਲਾ’ ਬਣ ਗਿਆ। ਸ਼ਾਇਦ ਉਹ ਇਸੇ `ਚ ਹੀ ਆਪਣੀ ਵਡਿਆਈ ਸਮਝ ਰਿਹਾ ਸੀ।

ਇਧਰ ਉਸ ਦੀ ਸਿੰਘਣੀ, ਇਹ ਗੁਰਬਾਣੀ ਨਾਲ ਬਹੁਤ ਪਿਆਰ ਕਰਣ ਵਾਲੀ, ਪੜ੍ਹੀ-ਲਿਖੀ ਤੇ ਸੁਜਾਨ ਬੱਚੀ ਸੀ। ਉਸ ਕੋਲ ਤਾਂ ਗੁਰਬਾਣੀ ਗਿਆਨ ਦੀ ਹੀ ਥੰਮੀ ਸੀ ਕਿ ਉਹ ਇੰਨੇ ਸਖ਼ਤ ਹਾਲਾਤ `ਚ ਵੀ ਨਹੀਂ ਘਬਰਾਈ। ਉਸ ਨੂੰ ਇਸ ਵਿਗਾੜ `ਚ ਵੀ ਕਰਤਾਰ ਦੀ ਕੋਈ ਖੇਡ ਹੀ ਨਜ਼ਰ ਆ ਰਹੀ ਸੀ। ਮੂੰਹ ਅੱਗੇ ਦੋ ਨਿਆਣੇ, ਆਮਦਨ ਦਾ ਵਸੀਲਾ ਨਹੀਂ, ਸਮਾਜ ਉਸ ਦੀ ਵਿਗੜ ਚੁੱਕੀ ਦਸ਼ਾ ਨੂੰ ਦੇਖ-ਦੇਖ ਖੂਨ ਦੇ ਅਥਰੂ ਵਹਾ ਰਿਹਾ ਸੀ। ਭਰ ਜੁਆਨੀ ਤੇ ਸਮਾਜ `ਚ ਮਾੜਾ ਅਨਸਰ ਵੀ ਘੱਟ ਨਹੀਂ, ਫ਼ਿਰ ਵੀ ਉਹ ਚੜ੍ਹਦੀਆਂ ਕਲਾ `ਚ ਸੀ। ਕਾਦਿਰ ਦੀ ਖੇਡ, ਉਸਨੂੰ ਕਿਸੇ ਗੁਰਮੁਖ ਪਿਆਰੇ ਨੇ ਕਿਸੇ ਕਾਲਿਜ `ਚ ਬੜੀ ਇਜ਼ਤ-ਮਾਣ ਵਾਲੀ ਨੌਕਰੀ ਦਿਲਵਾ ਦਿੱਤੀ। ਪਤੀ ਵਲੋਂ ਹੋਇਆ ਧੋਖਾ ਤਾਂ ਉਹ ਭੁਲਾ ਨਹੀਂ ਸੀ ਸਕਦੀ, ਫ਼ਿਰ ਵੀ ਗੁਰਬਾਣੀ ਰਾਹੀਂ ਬਖਸ਼ੀ ਸੇਧ ਕਾਰਨ ਉਸਨੂੰ ਆਪਣੀ ਜ਼ਿੰਦਗੀ ਦੇ ਅਜੱਰ ਹਾਲਾਤ ਵੀ ਔਖੇ ਨਹੀਂ ਸਨ ਰਹਿ ਰਹੇ।

ਦੂਜੇ ਪਾਸੇ, ਉਹ ਨਵੇਂ ਨਵੇਂ ‘ਬਾਬੂ ਸਾਬ’, ਕਮਾਈ ਦਾ ਸਿਲਸਿਲਾ ਤਾਂ ਬਣਾ ਨਾ ਸਕੇ ਪਰ ਜਿਹੜਾ ਲੈ ਕੇ ਗਏ ਸਨ, ਆਯਾਸ਼ੀਆਂ ਤੇ ਰੰਗੀਨੀਆਂ `ਚ ਉਜਾੜ ਕੇ ਵੀ ਵਿਹਲੇ ਹੋ ਗਏ। ਇੱਕ ਹੋਰ ਲੱਤ ਜੋ ਪਾਲ ਲਈ ਉਹ ਸੀ ਸ਼ਰਾਬ ਦੀ। ਇਹ ‘ਬਾਬੂ ਜੀ’ ਲੰਗਰ ਛੱਕਣ ਤਾਂ ਪੁੱਜ ਜਾਂਦੇ ਗੁਰਦੁਆਰਿਆਂ `ਚ। ਸਵੇਰ-ਸ਼ਾਮ ਦਾ ਚਾਅ ਪਾਣੀ ਤੇ ਨਾਸ਼ਤਾ ਵੀ ਗੁਰਦੁਆਰਿਆਂ ਚੋਂ ਹੀ ਚਲ ਜਾਂਦਾ। ਫ਼ਿਰ ਵੀ ਸ਼ਰਾਬ ਦੀ ਲੱਤ, ਰਹਿਣ ਲਈ ਟਿਕਾਣਾ, ਉਸ ਦੇ ਲਈ ਉਹ ਕੀ ਕਰਨ? ਉਸ ਲਈ ਘੰਟਿਆਂ ਦੇ ਹਿਸਾਬ, ਕਿਸੇ ਗੈਸ ਸਟੇਸ਼ਨ ਤੇ ਕੰਮ ਕਰਦੇ, ਘਰਾਂ `ਚ ਪੇਪਰ ਪਹੁੰਚਾਦੇ, ਕਿਧਰੇ ਰੰਗ-ਪੇਂਟ ਦਾ ਛੋਟਾ-ਮੋਟਾ ਕੰਮ ਮਿਲ ਜਾਂਦਾ ਤਾਂ ਉਸ ਨਾਲ ਡੰਗ ਟਪਾਉਣ ਲਈ ਮਜਬੂਰ ਹੁੰਦੇ। ਹਾਲਤ ਇਹ ਕਿ ਨਾ ਪਿਛੇ ਮੁੜਣ ਜੋਗੇ ਤੇ ਨਾ ਅੱਗੇ ਕੁੱਝ ਲਭਦਾ। ਸ਼ਰਾਬ ਦੀ ਨਵੀਂ ਲਗ ਚੁੱਕੀ ਇਲਤ ਨੇ ਤਾਂ ਹੋਰ ਵੀ ਪ੍ਰੇਸ਼ਾਨ ਕੀਤਾ ਹੋਇਆ ਸੀ, ਕਰਣ ਤਾਂ ਕੀ?

ਪ੍ਰਭੂ ਦੀ ਕਰਨੀ, ਇੱਕ ਦਿਨ ਨਸ਼ੇ `ਚ ਧੁੱਤ, ਅੱਧੀ ਰਾਤ ਦਾ ਸਮਾਂ, ਕਿਸੇ ਕਾਰ ਦੀ ਚਪੇਟ ਨੇ ਸੜਕ ਤੇ ਹੀ ਲੰਮਾ ਪਾ ਦਿੱਤਾ। ਮੂਹੰਦੇ-ਮੂਹ ਡਿੱਗੇ ਇਉਂ ਲਗ ਰਿਹਾ ਸੀ ਕਿ ਜਿਵੇ ਹੁਣ ਛੁੱਟੀ ਹੋ ਚੁੱਕੀ ਹੈ, ਲੋਕ ਤਾਂ ਇਕੱਠੇ ਹੋਏ, ਪੁਲਿਸ ਦੀ ਗੱਡੀ ਵੀ ਪੁੱਜੀ ਪਰ ਮਾਰਣ ਵਾਲੇ ਦਾ ਕੁੱਝ ਪਤਾ ਨਹੀਂ। ਇਥੇ ਫ਼ਿਰ ਵੀ ਗੁਰਮੁਖ ਸੱਜਨ ਹੀ ਕੰਮ ਆਏ। ਉਨ੍ਹਾਂ ਨੂੰ ਤਰਸ ਆ ਗਿਆ, ਪੁਲਿਸ ਗੱਡੀ ਨੇ ਪਹਿਲਾਂ ਤਾਂ ਹਸਪਤਾਲ ਹੀ ਪਹੁੰਚਾਉਣਾ ਸੀ ਤੇ ਫ਼ਿਰ ਉਹ ਗੁਰਮੁਖ ਸੱਜਨ ਉਸਨੂੰ ਆਪਣੇ ਗ੍ਰਿਹ ਲੈ ਗਏ। ਪ੍ਰਵਾਰ ਵੀ ਸੀ ਤਾਂ ਬੜਾ ਗੁਰਮੁਖ ਅਤੇ ਜਦੋਂ ਪਿਛੋਕੜ ਬਾਰੇ ਵੀ ਕੁੱਝ ਭੇਦ ਖੁਲਿਆ ਤਾਂ ਗੁਰਮੁਖਾਂ ਨੇ ਉਸਨੂੰ ਆਪਣੇ ਗੁਰਮੁਖੀ ਸੁਭਾਅ ਕਾਰਨ ਕੁੱਝ ਦਿਨ ਆਪਣੇ ਪ੍ਰਵਾਰ `ਚ ਰਹਿਣ ਲਈ ਟਿਕਾਣਾ ਤੇ ਆਰਾਮ ਦਿੱਤਾ ਤਾਂ ਜਾ ਕੇ ਇਸ ਦੀ ਸੰਭਾਲ ਹੋਈ।

ਇਥੇ ਗੁਰਮੁਖਾਂ ਦਾ ਸੋਹਣਾ ਗੁਰਬਾਣੀ ਜੀਵਨ ਵਾਲਾ ਵਾਤਾਵਰਨ, ਘਰ `ਚ ਨਾਮ-ਬਾਣੀ ਦਾ ਪ੍ਰਵਾਹ, ਮਾਨੋ ਇਹ ਘਰ ਨਹੀਂ ਬਲਕਿ ਧਰਤੀ `ਤੇ, ਉਸ ਅਣਜਾਣ ਲਈ ਇੱਕ ਸਚਮੁਚ ਦਾ ਸੁਰਗ ਹੀ ਸੀ। ਪਹਿਲਾਂ ਕਾਰ ਦੀ ਚਪੇਟ, ਜਿਸ ਕਾਰਨ ਇਸ ਨਵੇਂ ਬਣੇ ‘ਬਾਬੂ’ ਨੂੰ ਕੇਵਲ ਪੰਦਰ੍ਹਾਂ ਦਿਨਾਂ ਬਾਅਦ ਹੋਸ਼ ਆਈ ਕਿ ਉਹ ਅਜੇ ਜ਼ਿੰਦਾ ਹੈ, ਦੂਜਾ ਇਹ ਗੁਰਮੁਖਾਂ ਦਾ ਸੰਗ, ਇਸ ਸਾਰੇ ਨੇ ਸ਼ਰਾਬ ਦਾ ਨਸ਼ਾ ਤਾਂ ਪੂਰੀ ਤਰ੍ਹਾਂ ਉਤਾਰ ਹੀ ਦਿੱਤਾ ਸੀ। ਦੂਜਾ ਇਥੇ ਗੁਰਮੁਖਾਂ ਵਲੋ ਪ੍ਰਾਪਤ ਸਹਿਯੋਗ ਤੇ ਹਮਦਰਦੀ, ਇਸ ਵਿਗੜੇ ਹੋਏ ‘ਬਾਬੂ’ ਨੂੰ ਆਪਣੇ ਪ੍ਰਵਾਰ, ਸਿੰਘਣੀ ਤੇ ਬਚਿਆਂ ਦੀ ਯਾਦ ਸਤਾਉਣ ਲਗੀ। ਮਨ `ਚ ਬਾਰ ਬਾਰ ਆਉਂਦਾ, ਕਾਸ਼ ਅੱਜ ਜੇ ਮੈਂ ਆਪਣੇ ਪ੍ਰਵਾਰ `ਚ ਬੈਠਾ ਹੁੰਦਾ ਤਾਂ ਆਪਣੀ ਹੀ ਸਿੰਘਣੀ ਦਾ ਗੁਰਬਾਣੀ `ਚ ਗੜੁੱਚ ਗੁਰਮੁਖੀ ਜੀਵਨ, ਛੋਟੇ-ਛੋਟੇ ਬਚਿਆਂ ਦਾ ਪਿਆਰ-ਇਹੀ ਸੁਰਗ ਤਾਂ ਮੈਨੂੰ ਅਕਾਲਪੁਰਖ ਨੇ ਬਖਸ਼ਿਆ ਸੀ, ਪਰ ਮੈ ਕਿਹੜੀ ਖੇਹ ਖਾਧੀ।

ਸਚਮੁਚ ਜਿਹੜੀਆਂ ਵਿਦੇਸ਼ਾਂ ਦੀ ਰੰਗੀਨੀਆਂ, ਡਾਲਤ ਤੇ ਪੌਂਡ ਉਸ ਦੀਆਂ ਰਾਤਾਂ ਦਾ ਚੈਨ ਖਰਾਬ ਕਰ ਰਹੇ ਸਨ, ਅੱਜ ਉਹੀ ਰੰਗੀਨੀਆਂ-ਸ਼ਰਾਬਾਂ ਦੀ ਕਸ਼ਿਸ਼ ਵਾਲਾ ਇਸਦਾ ਪੂਰਾ ਨਸ਼ਾ ਉਤਰ ਚੁੱਕਾ ਸੀ। ਉਸਨੂੰ ਸਮਝ ਆ ਚੁੱਕੀ ਸੀ ਕਿ ਉਸ ਸੋਹਣੇ ਕੇਸਾਂ ਵਾਲੇ ਰੱਬੀ ਤੇ ਇਲਾਹੀ ਮਨੁਖੀ ਸ਼ਕਲ ਦੇ ਪਿਛੇ ਕਿਹੜੀ ਗੁਰਬਾਣੀ ਦੀ ਸਿੱਖੀ ਤੇ ਸੁਆਦਲਾ ਜੀਵਨ ਛੁਪਿਆ ਪਿਆ ਸੀ, ਜਿਸ ਨੂੰ ਉਸ ਸਮੇਂ ਉਹ ਪਹਿਚਾਣ ਨਾ ਸਕਿਆ। ਮੁੱਕਦੀ ਗੱਲ ਕਿ ਅੱਜ ਉਹੀ ਕਲ ਦੇ ਰਹਿ ਚੁੱਕੇ ‘ਬਾਬੂ’ ਨੇ ਕਿਸੇ ਤਰ੍ਹਾਂ ਆਪਣੇ ਪ੍ਰਵਾਰ ਨਾਲ ਮੁੜ ਸੰਪਰਕ ਕੀਤਾ ਅਤੇ ਪ੍ਰਵਾਰ `ਚ ਵਾਪਿਸ ਪੁਜਣ `ਚ ਸਫ਼ਲ ਹੋਇਆ, ਯਕੀਨਣ ਇਹ ਕਰਤਾਰ ਦੀ ਹੀ ਉਸ ਉਪਰ ਫ਼ਿਰ ਤੋਂ ਬਖਸ਼ਿਸ਼ ਸੀ। ਅੱਜ ਫ਼ਿਰ ਤੋਂ ਉਹ ‘ਕਲ ਵਾਲਾ ਬਾਬੂ’ ਮੁੜ ਸ੍ਰਦਾਰ ਸਾਹਿਬ ਸੀ। ਗੁਰਦੁਆਰੇ ਦਾ ਨੇਮੀ, ਚੜ੍ਹਦੀਆਂ ਕਲਾ ਵਾਲੇ ਨਿੱਤਨੇਮੀ ਤੇ ਗੁਰਬਾਣੀ ਜੀਵਨ ਵਾਲੇ ਆਪਣੇ ਪ੍ਰਵਾਰ-ਸਮਾਜ ਵਿਚਕਾਰ। ਫ਼ਿਰ ਤੋਂ ਇੱਕ ਸਚਮੁਚ ਦੇ ਸੁਰਗ ਦਾ ਆਨੰਦ ਮਾਣ ਰਿਹਾ ਸੀ। ਅੱਜ ਸ਼ੁਕਰ ਗੁਜ਼ਾਰ ਸੀ ਕਰਤਾਰ ਦਾ, ਜਿਸ ਨੇ ਉਸ ਨੂੰ ਐਕਸੀਡੈਂਟ ਦੇ ਰੂਪ `ਚ ਮੁੜ ਨਵੀਂ ਜ਼ਿੰਦਗੀ ਬਖਸ਼ੀ ਸੀ ਅਤੇ ਗੁਰਮੁਖ ਪਿਆਰੇ ਦਾ ਜਿਹੜਾ ਵਿਦੇਸ਼ਾਂ `ਚ ਵੀ ਇਸ ਸਾਰੇ ਲਈ ਉਸਦਾ ਵਸੀਲਾ ਬਣਿਆ ਸੀ।

ਇਹ ਤਾਂ ਇੱਕ ਘਟਨਾ ਹੈ, ਪਰ ਕਿੰਨੇ ਗੁਰੂ ਕੇ ਲਾਲ ਹਨ, ਜੋ ਸਚਮੁਚ ਹੀ ਗੁਰਬਾਣੀ ਸੋਝੀ ਨਾ ਹੋਣ ਕਾਰਣ ਵਿਦੇਸ਼ਾਂ `ਚ ਬਦਸੂਰਤ ਹੋਏ, ਦਰ-ਦਰ ਖਾ ਰਹੇ ਹਨ ਤੇ ਸੰਭਲਣ ਲਈ ਰਸਤਾ ਨਹੀਂ ਮਿਲਦਾ। ਨਾਲ ਉਹ ਸਿੱਖ ਬੱਚੇ-ਬੱਚੀਆਂ ਜੋ ਇਸ ਦਲ-ਦਲ ਨੂੰ, ਬੜੀ ਉਤਮ ਜ਼ਿੰਦਗੀ ਮੰਨ ਕੇ, ਵਹੀਰਾਂ ਲਾਈ ਬੈਠੇ ਹਨ ਤਾਂ ਜੇ ਕਰ ਉਹ ਇਸ ਘਟਨਾ ਤੋਂ ਹੀ ਕੁੱਝ ਸਬਕ ਲੈ ਕੇ ਸ਼ਾਇਦ ਖ੍ਰਜ ਸੰਭਾਲ ਜਾਣ ਤੇ ਆਪਣੇ ਮਨੁੱਖਾ ਜਨਮ ਵਿਅਰਥ ਹੋਣ ਤੋਂ ਬਚਾ ਲੈਣ। ੦੦੦ #136s03.02s08#

Including this Self Learning Gurmat Lesson No 137

ਆਓ! ਰਲ ਕੇ ਸਮਝੀਏ (ਭਾਗ-)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

Please Note that our site from www.gurbaniguru.com now has been changed to www.gurbaniguru.org
.