.

ਨਾਨਕ ਸਤਿਗੁਰੁ ਤਾਂ ਮਿਲੈ

ਗੁਰਸ਼ਰਨ ਸਿੰਘ ਕਸੇਲ

ਜਿਵੇਂ ਸਾਨੂੰ ਕੋਈ ਵੀ ਕਾਰੋਬਾਰ ਕਰਨ ਲਈ ਉਸ ਪ੍ਰਤੀ ਗਿਆਨ ਦਾ ਹੋਣਾ ਜ਼ਰੂਰੀ ਹੈ; ਉਂਵੇਂ ਹੀ ਸਿੱਖ ਧਰਮ ਵੀ ਅਧਿਆਤਮਕ ਪ੍ਰਾਪਤੀ ਕਰਨ ਲਈ ਗਿਆਨ ਨੂੰ ਪਹਿਲ ਦੇਂਦਾ ਹੈ। ਗੁਰਬਾਣੀ ਵਿੱਚ ਤਾਂ ਇਥੋਂ ਤੱਕ ਕਿਹਾ ਹੈ ਕਿ ਗਿਆਨ ਤੋਂ ਬਗੈਰ ਕੋਈ ਵੀ ਇਨਸਾਨ ਧਰਮੀ ਹੋ ਹੀ ਨਹੀਂ ਸਕਦਾ? ਇਸ ਬਾਰੇ ਗੁਰਬਾਣੀ ਦੇ ਇਹ ਲਿੱਖੇ ਹੋਏ ਪਵਿੱਤਰ ਵਾਕ ਸਾਨੂੰ ਹਮੇਸ਼ਾਂ ਸੁਚੇਤ ਕਰਦੇ ਹਨ: ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)।

ਇਸ ਵੇਲੇ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਗਿਆਨ ਭਰਪੂਰ ਚਾਨਣ ਮੁਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਹੋਇਆਂ ਵੀ ਅਸੀਂ ਕਈ ਅਜਿਹੇ ਕਰਮ ਕਰਦੇ ਹਾਂ ਜਿਸਨੂੰ ਸੁਣਕੇ ਜਾਂ ਦੇਖਕੇ ਕੋਈ ਇਹ ਯਕੀਨ ਹੀ ਨਹੀਂ ਕਰ ਸਕਦਾ ਕਿ ਇਹ ਲੋਕ ਉਸੇ ਗੁਰੂ ਦੇ ਸਿੱਖ ਅਖਵਾਉਣ ਵਾਲੇ ਹਨ ਜਿਸਨੇ ਸਦੀਆਂ ਤੋਂ ਬਣੀ ਹਿੰਦੂ ਪ੍ਰੰਪਰਾ ਨੂੰ ਗਿਆਨ ਦੀ ਕਸਵੱਟੀ `ਤੇ ਪਰਖ ਕਰਕੇ ਉਸਨੂੰ ਮੰਨਣ ਤੋਂ ਇਨਕਾਰ ਕੀਤਾ ਸੀ। ਜਿਹਨਾਂ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਪੱਛਮ ਵੱਲ ਪਾਣੀ ਸੁੱਟਣ ਵਾਲੀ ਸਾਖੀ ਅਤੇ ਹਿੰਦੂ ਧਰਮ ਅਨੁਸਾਰ ਪੰਡਤ ਕੋਲੋਂ ਸੂਤ ਦਾ ਜਨੇਉ ਨਾਂ ਪਾਉਣ ਵਾਲੀ ਸਾਖੀ ਸਾਡੇ ਸਾਹਮਣੇ ਹੈ। ਇਨ੍ਹਾਂ ਸਾਖੀਆਂ ਨੂੰ ਸਾਡੇ ਸਾਰੇ ਹੀ ਪ੍ਰਚਾਰਕ ਅਤੇ ਆਪੇ ਬਣੇ ਸਾਧ ਬਾਬੇ ਵੀ ਸੁਣਾਉਂਦੇ ਤਾਂ ਰਹਿੰਦੇ ਹਨ; ਪਰ ਦੁੱਖ ਦੀ ਗੱਲ ਹੈ ਕਿ ਅੱਜ ਇਸ ਤਰ੍ਹਾਂ ਦੀਆਂ ਗਿਆਨ ਭਰਪੂਰ ਸਾਖੀਆਂ ਨੂੰ ਸਿਰਫ ਕੰਨ ਰੱਸ ਤੋਂ ਅੱਗੇ ਵੱਧ ਕੇ ਉਹਨਾਂ ਤੋਂ ਕੋਈ ਸਿਖਿਆ ਨਾਂ ਤਾਂ ਸੰਗਤ ਲੈਂਦੀ ਹੈ ਅਤੇ ਨਾਂ ਹੀ ਸੁਣਾਉਣ ਵਾਲੇ ਖ਼ੁਦ ਉਨ੍ਹਾਂ `ਤੇ ਅਮਲ ਕਰਦੇ ਹਨ। ਭਾਂਵੇ ਕਹਿਣ ਕਹਾਉਣ ਨੂੰ ਅੱਜ ਅਸੀਂ ਇੱਕਵੀਂ ਸਦੀ ਦੇ ਵਸਨੀਕ ਆਖਦੇ ਹਾਂ ਪਰ ਅਧਿਆਤਮਕ ਸਤਾ ਦੇ ਤੌਰ ਤੇ ਅੱਜ ਵੀ ਚੌਂਦਵੀਂ, ਪੰਦਰਵੀਂ ਸਦੀ ਦੇ ਵਸਨੀਕ ਹੀ ਲੱਗਦੇ ਹਾਂ। ਅਸੀਂ ਮੂੰਹ ਤੋਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਸ਼ਬਦ ਗੁਰੂ’ ਆਖਦੇ ਹਾਂ ਪਰ ਫਿਰ ਵੀ ਇਸ ਗਿਆਨ ਦੇ ਸਾਗਰ ਪ੍ਰਤੀ ਕਈ ਅਜਿਹੀਆਂ ਜੱਬਲੀਆਂ ਮਾਰਦੇ ਹਾਂ ਜਿੰਨਾਂ ਨੂੰ ਸੁਣਕੇ ਇਹ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਤੇ ਹੱਸਿਆ ਜਾਵੇ ਜਾਂ ਕਿ ਸਿੱਖ ਕੌਮ ਦੀ ‘ਸ਼ਬਦ ਗੁਰੁ’ ਪ੍ਰਤੀ ਅਗਿਆਨਤਾ ਤੇ ਰੋਇਆ ਜਾਵੇ? ਇਸ ਬਾਰੇ ਦੋ ਕੁ ਸੁਣੇ ਹੋਏ ਵਾਕਿਆ ਨੂੰ ਪਾਠਕਾਂ ਨਾਲ ਸਾਂਝਾ ਕਰਨ ਦੀ ਗੁਸਤਾਖੀ ਕਰਦਾ ਹਾਂ। ਗੁਸਤਾਖੀ ਇਸ ਕਰਕੇ ਆਖਦਾ ਹਾਂ ਕਿ ਹੋ ਸਕਦਾ ਹੈ ਕਿ ਕੋਈ ਪਾਠਕ ਅਜਿਹਾ ਹੋਰ ਵੀ ਹੋਵੇ ਜੋ ਆਪਣੀ ਸੋਚ ਅਨੁਸਾਰ ਇਸਨੂੰ ਧਾਰਮਕਿ ਸ਼ਰਧਾ ਸਮਝਦਾ ਹੋਵੇ ਅਤੇ ਮੇਰੀਆਂ ਲਿਖੀਆਂ ਗੱਲਾਂ ਨਾਲ ਉਸਦੀ ਅਖੌਤੀ ਸ਼ਰਧਾ ਨੂੰ ਠੇਸ ਪਹੁੰਚੇ।

ਇੱਕ ਦਿਨ ਟੋਰਾਂਟੋ ਕਿਸੇ ਦੋਸਤ ਦੇ ਘਰ ਕੁੱਝ ਸੱਜਣ ਬੈਠ ਗੁਰਮਤਿ ਬਾਰੇ ਵਿਚਾਰ-ਵਿਟਾਂਦਰਾ ਕਰ ਰਹੇ ਸਾਂ। ਗੱਲਾਂ ਕਰਦਿਆਂ ਇੱਕ ਨੇ ਦੱਸਿਆਂ ਕਿ ਸਾਡੇ ਇੱਕ ਜਾਨਣ ਵਾਲੇ ਹਨ ਉਹਨਾਂ ਕਾਫੀ ਚਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰ ਕੀਤਾ ਹੋਇਆ ਹੈ। ਉਸ ਬੀਬੀ ਦੇ ਪੇਕੇ ਵੀ ਧਾਰਮਿਕ ਵਿਚਾਰਾ ਵਾਲੇ ਦੱਸਦੇ ਹਨ ਪਰ ਸੰਤਾਂ ਸਾਧਾਂ ਨੂੰ ਮੰਨਣ, ਅਤੇ ਅਖੌਤੀ ਕਰਾਮਾਤਾ ਵਿੱਚ ਯਕੀਨ ਕਰਨ ਅਤੇ ਗੁਰਬਾਣੀ ਨੂੰ ਗਿਣਤੀ ਮਿਣਤੀ ਵਿੱਚ ਪੜ੍ਹਨ ਦੇ ਵਿਚਾਰਾਂ ਵਾਲੇ ਹਨ; ਜਿਵੇਂ ਬਹੁਤੇ ਸਿੱਖ ਤੋਤਾ ਰੱਟਣੀ ਹੀ ਕਰਦੇ ਹਨ। ਉਸ ਸੱਜਣ ਨੇ ਦੱਸਿਆ ਕਿ ਇੱਕ ਦਿਨ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਧੋਣ ਬਾਰੇ ਕੋਈ ਗੱਲ ਕਰ ਰਹੇ ਸਾਂ, ਉਥੇ ਲਾਗੇ ਬੈਠੀ ਉਸ ਬੀਬੀ ਨੇ ਕਿਹਾ, “ਮੈਂ ਤਾਂ ਕਦੀ ਵੀ ਰੁਮਾਲੇ ਨਹੀਂ ਧੋਂਦੀ, ਕਿਉਂਕਿ ਰੁਮਾਲੇ ਧੋਣ ਨਾਲ ਰੁਮਾਲਿਆਂ ਵਿੱਚੋਂ ਬਾਣੀ ਰੁੜ ਜਾਵੇਗੀ” ? ਉਸ ਬੀਬੀ ਦੇ ਮੂੰਹ ਤੋਂ ਇਹ ਗੱਲ ਸੁਣਕੇ ਅਸੀਂ ਤਾਂ ਹੈਰਾਨ ਰਹਿ ਗਏ।

ਇਵੇਂ ਹੀ ਇੱਕ ਸਜਣ ਨੇ ਗੱਲ ਸੁਣਾਈ ਕਿ, “ਮੈਂ ਕੁੱਝ ਚਿਰ ਪਹਿਲਾਂ ਭਾਰਤ ਜਾ ਰਿਹਾ ਸਾਂ। ਜਹਾਜ਼ ਵਿੱਚ ਮੇਰੇ ਨਾਲ ਦੀ ਸੀਟ ਤੇ ਇੱਕ ਹੋਰ ਵੇਖਣ ਨੂੰ ਸਿੱਖ ਲੱਗਦਾ ਆਦਮੀ ਬੈਠਾ ਸੀ। ਕੁੱਝ ਚਿਰ ਤਾਂ ਉਹ ਘੁੱਟਿਆ ਵੱਟਿਆ ਜਿਹਾ ਬੈਠਾ ਰਿਹਾ। ਮੈਂ ਗੁਟਕਾ ਖੋਲ ਕੇ ਪਾਠ ਕਰਨ ਲੱਗ ਪਿਆ। ਉਸਨੇ ਵੇਖਿਆ ਕਿ ਇਹ ਪਾਠ ਵੀ ਕਰਦਾ ਹੈ ਅਤੇ ਸ਼ਰਾਬ ਵਗੈਰਾ ਵੀ ਨਹੀਂ ਪੀਂਦਾ ਤਾਂ ਮੇਰੇ ਨਾਲ ਕੁੱਝ ਗੱਲ ਬਾਤ ਕਰਨ ਲੱਗ ਪਿਆ। ਉਸ ਸੱਜਣ ਨੇ ਦੱਸਿਆ ਕਿ ਮੈਂ ਉਸ ਨਾਲ ਬੈਠੇ ਆਦਮੀ ਨੂੰ ਦੱਸਿਆ ਕਿ ਸਾਡੇ ਘਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਤਾਂ ਮੈਂਨੂੰ ਲਾਗੇ ਬੈਠਾ ਆਦਮੀ ਕੁੱਝ ਹੋਰ ਗੱਲਾਂ ਕਰਨ ਤੋਂ ਬਆਦ ਪੁੱਛਦਾ, “ਕੀ ਤੁਸੀਂ ਧੂਫ ਵੀ ਧੁਖਾਉਂਦੇ ਹੋ”, ਮੈਂ ਕਿਹਾ ਹਾਂ,. . ਧੁਖਾਉਂਦੇ ਹਾਂ, ਤਾਂ ਉਸ ਆਦਮੀ ਨੇ ਕਿਹਾ, “ਧੂਫ ਦੀ ਸੁਆਹ ਨੂੰ ਕੀ ਕਰਦੇ ਹੋ”, ਮੈਂ ਕਿਹਾ, ਸੁੱਟ ਦੇਂਦੇ ਹਾਂ। ਤਾਂ ਫਿਰ ਉਹ ਆਪਣੇ ਆਪਨੂੰ ਗੁਰੂ ਦਾ ਵੱਡਾ ਸਿੱਖ ਸਮਝਣ ਵਾਲਾ ਬੋਲਿਆ, “ਨਹੀਂ,. . ਨਹੀਂ, … ਧੂਫ ਦੀ ਸੁਆਹ ਨੂੰ ਸੁੱਟਿਆ ਨਾਂ ਕਰੋ, . . ਉਸਨੂੰ ਦੁੱਧ ਜਾਂ ਦਾਲ ਸਬਜ਼ੀ ਵਿੱਚ ਰਲਾ ਕੇ ਖਾ ਲਿਆ ਕਰੋ, ਕਿਉਂਕਿ ਉਸ ਵਿੱਚ ਬਾਣੀ ਹੁੰਦੀ ਹੈ”।

ਸਤਿਕਾਰ ਯੋਗ ਪਾਠਕੋਂ! ਕੀ ਅਜਿਹੀ ਸੋਚ ਵਾਲੇ ਸਿੱਖ ਗੁਰੂ ਨਾਨਕ ਜੀ ਦੇ ਹੋ ਸਕਦੇ ਹਨ? ਗੁਰੂ ਸਾਹਿਬ ਤਾਂ ਆਖਦੇ ਹਨ ਮੇਰਾ ਗੁਰੂ, ਗਿਆਨ ਅਤੇ ਚੇਲਾ ਧਿਆਨ ਹੈ: ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ (ਮ: 1, ਪੰਨਾ 943) ਪਰ ਇਹ ਸਾਡੀ ਸੋਚ ਕੀ ਗੁਰਮਤਿ ਵਾਲੀ ਹੈ? “ਸ਼ਬਦ ਗੁਰੂ” ਕੋਈ ਵਸਤੂ ਜਾਂ ਪਦਾਰਥ ਨਹੀਂ ਹੈ ਜਿਸਨੂੰ ਕਿਸੇ ਵਸਤੂ ਵਿੱਚ ਮਿਲਾਕੇ ਖਾਣਾ ਹੈ ਇਹ ਤਾਂ ਆਤਿਮਕ ਗਿਆਨ ਹੈ।

ਅੱਜ ਸਿੱਖਾਂ ਵਿੱਚ ਅਜਿਹੀ ਅਗਿਆਨਤਾ ਫਲਾਉਣ ਵਾਲੇ ਕੁੱਝ ਤਾਂ ਸਾਡੇ ਉਹ ਪ੍ਰਚਾਰਕ ਜ਼ੁਮੇਵਾਰ ਹਨ ਜੋ ਆਪਣੀ ਰੋਜ਼ੀ ਰੋਟੀ ਦਾ ਹੋਰ ਕੋਈ ਉਪਰਾਲਾ ਕਰਨ ਦੇ ਯੋਗ ਨਹੀਂ ਹਨ ਤਾਂ ਉਹ ਇਸ ਪਾਸੇ ਆ ਗਏ। ਇੱਕ ਦੋ ਗੁਰਮਤਿ ਵਿਰੋਧੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਰਗੀਆਂ ਜਾਂ ਬ੍ਰਾਹਮਣੀ ਸੋਚ ਵਾਲੀਆਂ ਕਹਾਣੀਆਂ ਦੀਆਂ ਕਿਤਾਬਾ ਪੜ੍ਹ ਲਈਆਂ ਅਤੇ ਕੁੱਝ ਆਸੇ ਪਾਸੇ ਤੋਂ ਮਨਘੜਤ ਕਹਾਣੀਆਂ ਸੁਣ ਲਈਆਂ ਤੇ ਆ ਕੇ ਗੁਰਦੁਆਰੇ ਦੀ ਸਟੇਜ਼ `ਤੇ ਬੋਲਣ ਲੱਗ ਪਏ। ਦੂਜੇ ਬਹੁਗਿਣਤੀ ਉਹਨਾਂ ਦੀ ਹੈ ਜੋ ਵਿਹਲੜ ਸਾਧ ਹਨ ਅਤੇ ਅੱਗੇ ਉਨ੍ਹਾਂ ਦੇ ਚੇਲੇ ਇਹਨਾਂ ਦੇ ਗਿਆਨ ਦਾ ਵਸੀਲਾ ਵੀ ਤਕਰੀਬਨ ਰਲਦਾ ਮਿਲਦਾ ਹੀ ਹੈ। ਇਹਨਾਂ ਲੋਕਾਂ ਨੂੰ ਪਤਾ ਹੈ ਕਿ ਗੁਰਦੁਆਰੇ ਦੀ ਸਟੇਜ਼ `ਤੇ ਬੋਲਦਿਆਂ ਸਾਨੂੰ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ। ਜੇ ਕੋਈ ਗੁਰਮਤਿ ਅਨੁਸਾਰ ਭੁੱਲ ਭਲੇਖੇ ਪੁੱਛਣ ਦੀ ਹਿੰਮਤ ਕਰ ਲਵੇ ਤਾਂ ਉਸਦੇ ਸਵਾਲ ਦਾ ਜਵਾਬ ਤਾਂ ਦੇਹ ਨਹੀਂ ਹੁੰਦਾ ਇਸ ਕਰਕੇ ਉਸਨੂੰ ਕਾਮਰੇਡ ਆਖਕੇ ਖਹਿੜਾ ਛੁਡਾ ਲੈਣਗੇ ਜਾਂ ਆਖਣਗੇ ਇਸਨੂੰ ਕਿੱਡਾ ਹੰਕਾਰ ਹੈ।

ਅੱਜ ਬਹੁਤੇ ਪ੍ਰਚਾਰਕ ਉਹ ਹਨ ਜੋ ਸਿਰਫ ਪੈਸੇ ਦੀ ਖਾਤਰ ਹੀ ਪ੍ਰਚਾਰਕ ਬਣੇ ਹੋਏ ਹਨ, ਉਹ ਗੁਰਮਤਿ ਦੇ ਪ੍ਰਚਾਰ ਪ੍ਰਤੀ ਸਮਰਪਿਤ (Sincre) ਨਹੀਂ ਹਨ। ਇਸ ਲਈ ਅਜਿਹੇ ਪ੍ਰਚਾਰਕ ਉਥੇ ਗੁਰਮਤਿ ਦੀ ਗੱਲ ਕਰਨ ਤੋਂ ਪਾਸਾ ਵੱਟ ਜਾਂਦੇ ਹਨ ਜਿਥੇ ਇਹ ਸਮਝਦੇ ਹਨ ਕਿ ਸ਼ਾਇਦ ਇਥੇ ਗੁਰਮਤਿ ਦੀ ਗੱਲ ਕਰਨ ਨਾਲ ਮੈਂਨੂੰ ਅੱਗੇ ਤੋਂ ਇਸ ਗੁਰਦੁਆਰੇ ਦੀ ਸਟੇਜ਼ `ਤੇ ਬੋਲਣ ਦਾ ਸਮਾਂ ਨਾਂ ਮਿਲੇ। ਇੱਕ ਵਾਰੀ ਸਾਡੇ ਇੱਕ ਜਾਨਣ ਵਾਲੇ ਪ੍ਰਚਾਰਕ ਨੇ ਗੁਰਦੁਆਰੇ ਆਪਣੀ ਕਥਾ ਚਾਲੂ ਕਰਨ ਲੱਗੇ ਨੇ “ੴ ਤੋਂ ਨਾਨਕ ਹੋਸੀ ਭੀ ਸਚੁ” ਤੱਕ ਪਾਠ ਕੀਤਾ ਤਾਂ ਮੈਂ ਉਸਨੂੰ ਪੁੱਛਿਆ ਕਿ ਭਾਈ ਜੀ ਮੰਗਲਾ ਚਰਨ ਜਾਂ ਮੂਲ ਮੰਤਰ ਕਿਥੋਂ ਤੀਕ ਹੈ? ਉਸਨੇ ਕਿਹਾ, “ਹੈ ਤਾਂ ਗੁਰ ਪ੍ਰਸਾਦਿ ਤਕ ਪਰ ਮੈਂ ‘ਨਾਨਕ ਹੋਸੀ ਭੀ ਸਚੁ’ ਤੱਕ ਹੀ ਪੜ੍ਹ ਦੇਂਦਾ ਹਾਂ ਤਾਂ ਕਿ ਕੋਈ ਵੀ ਇਤਰਾਜ ਨਾ ਕਰੇ”। ਸਾਡੇ ਇਸ ਤਰ੍ਹਾਂ ਦੇ ਪ੍ਰਚਾਰਕਾਂ ਦੀ ਤਾਂ ਉਹ ਗੱਲ ਹੈ ਕਿ “ਗੰਗਾ ਗਏ ਤਾਂ ਗੰਗਾ ਰਾਮ; ਜਮਨਾ ਗਏ ਤਾਂ ਜਮਨਾ ਦਾਸ” ਆਪਣੀ ਜ਼ਮੀਰ ਦੀ ਕੋਈ ਅਵਾਜ਼ ਹੀ ਨਹੀਂ। ਉਹ ਜਾਣਦਾ ਸੀ ਕਿ ਕੁੱਝ ਦਿਨ ਪਹਿਲਾਂ ਹੀ ਉਸਨੇ ਆਪ ਕਿਹਾ ਸੀ ਕਿ ਮੂਲ ਮੰਤਰ ‘ਗੁਰ ਪ੍ਰਸਾਦਿ’ ਤੀਕ ਹੈ। ਅੱਜ ਉਹ ਪ੍ਰਚਾਰਕ ਸਿੱਖ ਧਰਮ ਦੇ ਵੱਡੇ ਪ੍ਰਚਾਰਕਾਂ ਵਿੱਚ ਆਉਂਦਾ ਹੈ। ਪਹਿਲਾਂ-ਪਹਿਲਾਂ ਇੱਕ ਦੋ ਵਾਰੀ ਜਦੋਂ ਉਹ ਕਨੇਡਾ ਆਇਆ ਸੀ ਤਾਂ ਕਹਿੰਦਾ ਸੀ ਮੈਂ ਮਿਸ਼ਨਰੀ ਪ੍ਰਚਾਰਕ ਹਾਂ; ਪਰ ਹੁਣ ਆਪ ਸਾਧ ਬਣਨ ਨੂੰ ਫਿਰਦਾ ਹੈ।

ਉਸੇ ਦੀ ਗੱਲ ਸਾਡੇ ਇੱਕ ਵਾਕਫ ਨੇ ਦੱਸੀ ਸੀ। ਉਦੋਂ ਇਹ ਕਥਾਂ ਵਾਚਕ ਸ਼ਾਇਦ ਦੂਸਰੀ ਵਾਰ ਕਨੇਡਾ ਆਇਆ ਸੀ। ਕਹਿੰਦੇ ਅਸੀਂ ਵੱਡੀ ਮਾਲ ਵਿੱਚ ਜਾਣਾ ਸੀ ਉਹ ਭਾਈ ਜੀ ਵੀ ਸਾਡੇ ਨਾਲ ਸਨ। ਅਸੀਂ ਉਹਨਾਂ ਨੂੰ ਕਿਹਾ, ਤੁਸੀਂ ਵੀ ਸਾਡੇ ਨਾਲ ਅੰਦਰ ਆ ਜਾਵੋਂ। ਕੁੱਝ ਚਿਰ ਸੋਚ ਕੇ ਬੋਲੇ. . “ਅੱਛਾ ਪਹਿਲਾਂ ਆ ਫਾਹ ਤਾਂ ਗੱਲ ਵਿੱਚੋਂ ਲਾਹ ਲਵਾਂ”। ਸਾਡੇ ਵੇਖਦੇ ਹੀ ਉਨ੍ਹਾ ਆਪਣੇ ਗੱਲ ਵਿੱਚ ਪਾਇਆ ਪਰਨਾ ਲਾਹ ਕੇ ਗੁਸੇ ਨਾਲ ਕਾਰ ਵਿੱਚ ਸੁੱਟ ਦਿੱਤਾ।

ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤੇ ਪ੍ਰਚਾਰਕ ਸਿਰਫ ਲੋਕ ਵਿਖਾਵੇ ਲਈ ਹੀ ਪੇਸ਼ੇਵਰ ਪ੍ਰਚਾਰਕਾਂ ਵਾਲਾ ਪਹਿਰਾਵਾ ਪਾਉਂਦੇ ਹਨ ਦਿਲੋਂ ਸਤਿਕਾਰ ਜਾਂ ਪਿਆਰ ਨਹੀਂ ਹੁੰਦਾ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ: ਦਿਲਹੁ ਮੁਹਬਤਿ ਜਿੰਨ੍ਹ੍ਹ, ਸੇਈ ਸਚਿਆ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ॥ (ਭਗਤ ਫਰੀਦ ਜੀ ਪੰਨਾ 488) ਵਾਲੀ ਗੱਲ ਹੈ। ਇਸੇ ਕਰਕੇ ਹੀ ਅਸੀਂ ਆਮ ਸਿੱਖ ਗੁਰਮਤਿ ਦਾ ਰਾਹ ਛੱਡਕੇ ਕਿਸੇ ਹੋਰ ਹੀ ਭੂਲਭਲੀਆਂ ਵਿੱਚ ਫੱਸੇ ਹੋਏ ਹਾਂ। ਕੋਈ ਸਾਧ ਆਪਣੇ ਡੇਰੇ ਵਿੱਚ ਹੀ ਸੱਚ ਖੰਡ ਬਣਾ ਬਹਿੰਦਾ ਹੈ। ਉਹ ਆਖਦਾ ਹੈ ਜੇ ਸਾਡੇ ਸੱਚ ਖੰਡ ਦੇ ਦਰਸ਼ਨ ਕਰਨੇ ਹਨ ਤਾਂ ਪਹਿਲਾਂ ਇਹ ਮੰਨਕੇ ਜਾਹ ਤੂੰ ਏਨੇ ਪਾਠ ਕਰੇਗਾ? ਨਹੀਂ ਤਾਂ ਤੂੰ ਅੰਦਰ ਨਹੀਂ ਵੱੜ ਸਕਦਾ। ਕੋਈ ਸਾਧ ਹੇਮਕੁੰਟ ਵੱਲ ਜਾਣ ਦਾ ਪ੍ਰਚਾਰ ਕਰੀ ਜਾ ਰਿਹਾ ਹੈ। ਜਿਥੇ ਗੁਰੂ ਸਾਹਿਬ ਆਪਣੇ ਜੀਵਨ ਵਿੱਚ ਤਾਂ ਕਿਸੇ ਸਿੱਖ ਨੂੰ ਨਾਲ ਲੈਕੇ ਵਿਖਾਉਣ ਨਹੀਂ ਗਏ ਅਤੇ ਨਾਂ ਹੀ ਕਿਸੇ ਨਾਲ ਗੱਲ ਕੀਤੀ? ਕੋਈ ਪੇਸ਼ਾਵਰ ਪ੍ਰਚਾਰਕ ਅੰਤਰਰਾਸ਼ਟਰੀ ਮਹਾਂਪਵਿੱਤਰ ਗੁਰਮਤਿ ਸਮਾਗਮ ਕਰਵਾ ਰਿਹਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕੀ ਹੋਰ ਜਿਹੜੇ ਗੁਰਬਾਣੀ ਦੇ ਕੀਰਤਨ ਜਾਂ ਵਿਖਿਆਨ ਹੁੰਦੇ ਹਨ ਉਹ ਸੱਭ ਅਪਵਿੱਤਰ ਹਨ? ਇਹ ਮਹਾਪਵਿੱਤਰ ਕਿਵੇਂ ਹੋ ਗਿਆ? ਕੀ ਇਹ ਪੁਜਾਰੀਆਂ ਵੱਲੋਂ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਉਣ ਦਾ ਇੱਕ ਹੋਰ ਤਰੀਕਾ ਨਹੀਂ?

ਅਜਿਹੇ ਸਾਧ ਅਤੇ ਉਨ੍ਹਾਂ ਦੇ ਚੇਲੇ ਗੁਰਮਤਿ ਅਨੁਸਾਰ ਸਵਾਲ ਪੁੱਛ ਲੈਣ ਤੇ ਧਮਕੀਆਂ ਦੇਣ `ਤੇ ਉਤਰ ਆਉਂਦੇ ਹਨ ਜਿਵੇਂ ਸਿਰਫ ਇਹ ਹੀ ਸਿੱਖ ਹੋਣ। ਅੱਜ ਸਿੱਖ ਧਰਮ ਦੇ ਬਹੁਤੇ ਪ੍ਰਚਾਰਕਾਂ ਦਾ ਹਾਲ ਵੀ ਉਹੀ ਲੱਗਦਾ ਹੈ ਜਿੰਨਾਂ ਨੂੰ ਵੇਖਕੇ ਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ: ਰੋਟੀਆ ਕਾਰਣਿ ਪੂਰਹਿ ਤਾਲ॥ (ਮ: 1, ਪੰਨਾ 465)

ਗੁਰਬਾਣੀ ਦਾ ਤਾਂ ਸਪੱਸ਼ਟ ਫੁਰਮਾਨ ਹੈ ਕਿ ਗੁਰੂ ਨੂੰ ਸਿਰਫ ਵੇਖਣ ਜਾਂ ਸੁਣਨ ਨਾਲ ਹੀ ਕੋਈ ਸਿੱਖ ਸੋਝੀ ਹਾਸਲ ਨਹੀਂ ਕਰ ਸਕਦਾ ਜਿੰਨਾਂ ਚਿਰ ਗੁਰੂ ਦੇ ਦੱਸੇ ਗਿਆਨ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਉਂਦਾ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ (ਮ: 3, ਪੰਨਾ ੫੯੪)

ਜਿੰਨਾਂ ਵਿਅਕਤੀਆਂ ਨੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਇਆਂ ਸਿਰਫ ਵੇਖਿਆ ਤੇ ਸੁਣਣਿਆਂ ਹੀ ਹੈ, ਅਜਿਹੇ ਕਈ ਵਾਕਿਆ ਆਪਾਂ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚ ਵੀ ਵਾਪਰੇ ਵੇਖ ਸਕਦੇ ਹਾਂ। ਉਹ ਭਾਂਵੇ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਹੋਣ ਅਤੇ ਭਾਂਵੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਹੁਰੀ ਹੋਣ। ਗੁਰੂ ਜੀ ਨੂੰ ਵੇਖਦੇ ਤੇ ਸੁਣਦੇ ਤਾਂ ਉਹ ਵੀ ਸਨ ਸਿਰਫ ਗੁਰੂ ਜੀ ਦੇ ਉਪਦੇਸ਼ ਨੂੰ ਨਹੀਂ ਮੰਨਿਆ। ਗੁਰਬਾਣੀ ਤਾਂ ਵਾਰ-ਵਾਰ ਸਿੱਖ ਨੂੰ ਮਨਮੱਤ ਛੱਡਕੇ ਗੁਰੂ ਦੀ ਸਿਖਿਆ ਮੰਨਣ ਦੀ ਗੱਲ ਕਰਦੀ ਹੈ: ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥ (ਸੁਖਮਨੀ ਸਾਹਿਬ)

ਕਈ ਅਜਿਹੇ ਸਿੱਖ ਹਨ ਜੋ ਸਿਰਫ ਆਪਣੇ ਆਪ ਨੂੰ ਹੀ ਗੁਰੂ ਵਾਲੇ ਸਮਝਦੇ ਹਨ ਉਹਨਾਂ ਨੇ ਸਿੱਖਾਂ ਨੂੰ ਹੋਰ ਹੀ ਚੱਕਰਾਂ ਵਿੱਚ ਪਾਇਆ ਹੋਇਆ ਹੈ। ਅੱਜ ਅਸੀਂ ਗੁਰੂ ਤੋਂ ਗਿਆਨ ਹਾਸਲ ਕਰਨ ਦੀ ਬਜਾਏ ਰੁਮਾਲਿਆਂ ਅਤੇ ਧੂਫ ਆਦਿਕ ਵਿੱਚ ਗੁਰਬਾਣੀ ਵੜੀ ਹੋਈ ਸਮਝ ਕੇ ਉਸਨੂੰ ਪੂਜਣ ਵਿੱਚ ਫਸੇ ਹੋਏ ਹਾਂ। ਕੀ ਜੇ ਕੋਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੱਫੀ ਪਾ ਕੇ ਬੈਠਾ ਰਹੇ ਉਂਝ ਭਾਂਵੇ ਉਸ ਦਾ ਧਿਆਨ “ਸ਼ਬਦ ਗੁਰੂ” ਨੂੰ ਸਮਝਣ ਵੱਲ ਨਾ ਹੋਵੇ ਤਾਂ ਕੀ ਉਹ ਗੁਰੂ ਜੀ ਦੇ ਲਾਗੇ ਹੋ ਜਾਵੇਗਾ? ਗੁਰੂ ਜੀ ਦੀ ਦੱਸੀ ਹੋਈ ਸਿਖਿਆ ਨੂੰ ਹਰ ਵੇਲੇ ਆਪਣੀ ਯਾਦ ਵਿੱਚ ਰੱਖਣਾ ਅਤੇ ਉਸ `ਤੇ ਵੱਧ ਤੋਂ ਵੱਧ ਅਮਲ ਕਰਨ ਦੀ ਕੋਸ਼ਿਸ਼ ਕਰਨ ਨਾਲ ਹੀ ਅਸੀਂ ਗੁਰੂ ਜੀ ਦੇ ਲਾਗੇ ਰਹਿ ਸਕਦੇ ਹਾ। ਜਿਵੇਂ ਇਹ ਸ਼ਬਦ ਸਾਨੂੰ ਸਮਝਾਉਂਦਾ ਹੈ:

ਗੁਰ ਸਭਾ ਏਵ ਨ ਪਾਈਐ, ਨਾ ਨੇੜੈ ਨਾ ਦੂਰਿ॥ ਨਾਨਕ ਸਤਿਗੁਰੁ ਤਾਂ ਮਿਲੈ, ਜਾ ਮਨੁ ਰਹੈ ਹਦੂਰਿ॥ (ਮ: 3, ਪੰਨਾ ੮੪)

ਆਓ! ਗੁਰਬਾਣੀ ਨੂੰ ਆਪ ਪੜ੍ਹਏ ਸਮਝੀਏ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਉਸ ਅਨੁਸਾਰ ਜੀਵਨ ਬਤਾਉਣ ਦੀ ਕੋਸ਼ਿਸ਼ ਕਰੀਏ; ਤਾਂ ਹੀ ਪੁਜਾਰੀਆਂ ਵੱਲੋਂ ਪਾਏ ਤਰ੍ਹਾਂ-ਤਰ੍ਹਾਂ ਦੇ ਗੁਰਮਤਿ ਪ੍ਰਤੀ ਭੁਲੇਖਿਆਂ ਤੋਂ ਨਿਯਾਤ ਪਾ ਸਕਾਂਗੇ।
.