.

ਦਸਮ ਗ੍ਰੰਥ ਦੀ ਵਾਸਤਵਿਕਤਾ

ਹਾਕਮ ਸਿੰਘ

ਦਸਮ ਗ੍ਰੰਥ ਸਿੱਖ ਜਗਤ ਵਿੱਚ ਗੰਭੀਰ ਵਿਵਾਦ ਦਾ ਵਿਸ਼ਾ ਬਣ ਗਿਆ ਹੈ ਕਿਊਂਕੇ ਕਈ ਸਜਨ ਇਸ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਗੁਰੂ ਦੀ ਪਦਵੀ ਦੇਣ ਦਾ ਜਤਨ ਕਰ ਰਹੇ ਹਨ। ਜਿਸ ਦਿਨ ਇਹ ਗ੍ਰੰਥ ਬਚਿਤ੍ਰ ਨਾਟਕ ਦੇ ਨਾਂ ਨਾਲ ਪਰਗਟ ਹੋਇਆ ਸੀ ਉਸੇ ਦਿਨ ਤੋਂ ਇਸ ਬਾਰੇ ਵਿਵਾਦ ਛਿੜ ਗਿਆ ਸੀ, ਅਤੇ ਜਦੋਂ ਤੋਂ ਇਸ ਗ੍ਰੰਥ ਦਾ ਨਾਂ ਬਚਿਤ੍ਰ ਨਾਟਕ ਤੋਂ ਬਦਲ ਕੇ ਦਸਮ ਗ੍ਰੰਥ ਬਣਾ ਦਿੱਤਾ ਗਿਆ ਸੀ ਇਹ ਵਿਵਾਦ ਹੋਰ ਜਟਲ ਹੋ ਗਿਆ ਸੀ। ਐਸੇ ਵਿਵਾਦ ਗਰੱਸਤ ਗ੍ਰੰਥ ਨੂੰ ਗੁਰਮਤਿ ਦਾ ਪਰਮਾਣੀਕ ਗ੍ਰੰਥ ਬਨਾਉਣ ਦਾ ਜਤਨ ਵੱਡੀ ਚਿੰਤਾ ਦਾ ਕਾਰਨ ਹੈ ਕਿਊਂਕੇ ਇਸ ਗ੍ਰੰਥ ਦੀਆਂ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ ਵਿਅਕਤਿਤਵ ਅਤੇ ਆਚਰਣ ਪਰ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ।

ਗੁਰਮਤਿ ਦੇ ਮੂਲ ਸਰੋਤ ਸ੍ਰੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਜੱਗ ਵਿੱਚ ਆਤਮ ਗਿਆਨ ਦਾ ਸੋਮਾ ਹੈ। ਇਹ ਸਿੱਖ ਜਗਤ ਦੇ ਸਾਖਸ਼ਾਤ ਗੁਰੂ ਹਨ। ਵਿਸ਼ਵ ਵਿੱਚ ਹੋਰ ਕਿਸੇ ਧਾਰਮਕ ਗ੍ਰੰਥ ਨੂੰ ਗੁਰੂ ਦੀ ਪਦਵੀ ਪਰਾਪਤ ਨਹੀਂ ਹੈ।

ਗੁਰਮਤਿ ਹੁਣ ਪੰਜਾਬ ਜਾਂ ਭਾਰਤ ਦੀਆਂ ਸੀਮਾਵਾਂ ਤਕ ਮਹਿਦੂਦ ਨਹੀਂ ਰਹੀ ਹੈ ਬਲਕਿ ਵਿਸ਼ਵ ਵਿੱਚ ਆਤਮਕ ਗਿਆਨ ਦਾ ਮਹੱਤਵਪੂਰਨ ਸਰੋਤ ਅਤੇ ਆਤਮਕ ਜੀਵਨ ਪੰਧ ਬਣ ਗਈ ਹੈ। ਗੁਰਬਾਣੀ ਦਾ ਹੁਣ ਹਰ ਦੇਸ਼, ਕੌਮ, ਧਰਮ ਅਤੇ ਸ਼੍ਰੇਣੀ ਦੇ ਲੋਕ ਸਤਕਾਰ ਕਰਦੇ ਹਨ ਅਤੇ ਧਾਰਮਕ ਬਿਰਤੀ ਵਾਲੇ ਲੋਕ ਗੁਰਮਤਿ ਦਾ ਗਿਆਨ ਪਰਾਪਤ ਕਰਨ ਦੇ ਇੱਛਕ ਹਨ। ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰਮਤਿ ਨੂੰ ਅਸ਼ਲੀਲ ਰੰਗਣ ਦੇ ਕੇ ਗੁਰਮਤਿ ਦਾ ਸਤਕਾਰ ਕਰਨ ਵਾਲਿਆਂ ਦੇ ਦਿਲਾਂ ਨੂੰ ਠੇਸ ਪੁਚਾਉਂਦੀਆਂ ਅਤੇ ਮੰਨਾਂ ਵਿੱਚ ਸ਼ੰਕੇ ਪੈਦਾ ਕਰਦੀਆਂ ਹਨ ਜਿਹਨਾਂ ਨੂੰ ਸਿੱਖ ਸ਼ਰਧਾਲੂ ਨਵਿਰਤ ਕਰਨ ਤੋਂ ਅਸਮਰਥ ਹਨ। ਇਸੇ ਕਰਕੇ ਗੁਰਮਤਿ ਦੇ ਪਰਚਾਰ ਅਤੇ ਪਰਸਾਰ ਦੀਆਂ ਵਧ ਰਹੀਆਂ ਸਰਗਰਮੀਆਂ ਵਿੱਚ ਦਸਮ ਗ੍ਰੰਥ ਭਾਰੀ ਸਮਸਿਆ ਅਤੇ ਰੁਕਾਵਟ ਬਣ ਗਿਆ ਹੈ। ਇਹ ਰੁਕਾਵਟ ਸਿੱਖ ਪੰਥ ਲਈ ਗੰਭੀਰ ਰੂਪ ਧਾਰਨ ਕਰ ਗਈ ਹੈ ਕਿਊਂਕੇ ਕਈ ਸੰਪਰਦਾਵਾਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਪਰਚਾਰਦੀਆਂ ਹਨ ਅਤੇ ਸਿੱਖ ਆਗੂ ਇਸ ਗ੍ਰੰਥ ਦੀ ਵਾਸਤਵਿਕਤਾ ਬਾਰੇ ਨਿਰਨਾ ਲੈਣ ਤੋਂ ਕੰਨੀ ਕਤਰਾਉਂਦੇ ਹਨ।

ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਅਖਿਆ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਨੇ ਆਪਣੀ ਪੁਸਤਕ ਸ੍ਰੀ ਦਸਮ-ਗ੍ਰੰਥ ਸਾਹਿਬ: ਪਾਠ ਸੰਪਾਦਨ ਅਤੇ ਵਿਆਖਿਆ ਵਿੱਚ ਕੀਤੀ ਹੈ। ਕੁੱਝ ਰਚਨਾਵਾਂ ਦਾ ਵਿਸਥਾਰ ਪੂਰਬਕ ਪਰਮਾਣੀਕ ਵਿਸ਼ਲੇਸ਼ਣ ਗਿਆਨੀ ਭਾਗ ਸਿੰਘ ਜੀ ਅੰਬਾਲਾ ਨੇ ਦਸਮ ਗ੍ਰੰਥ ਦਰਪਨ (ਦਸਮ ਗ੍ਰੰਥ ਨਿਰਣੈ) (1976) ਵਿੱਚ ਕੀਤਾ ਹੈ। ਇਥੇ ਅਸੀਂ ਦਸਮ ਗ੍ਰੰਥ ਬਾਰੇ ਕੁੱਝ ਪੜਤਾਲੀਆ ਵਿਚਾਰ ਪੇਸ਼ ਕਰ ਰਹੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੇ ਕਰ ਕਮਲਾਂ ਰਾਹੀਂ ਦਿੱਤੀ ਸੀ। ਇਹ ਤੱਥ ਸਿੱਖ ਜਗਤ ਵਿੱਚ ਪਰਵਾਣਤ ਹੈ। ਇਹ ਵਿਚਾਰ ਵੀ ਪਰਵਾਣਤ ਹੈ ਕਿ ਗੁਰਮਤਿ ਵਿੱਚ ਗੁਰੂ ਦੀ ਪਦਵੀ ਦੇਣ ਦਾ ਅਧਿਕਾਰ ਕੇਵਲ ਗੁਰੂ ਸਾਹਿਬਾਨ ਨੂੰ ਹੀ ਪਰਾਪਤ ਹੈ। ਇਹ ਪਰੱਥਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲੀ ਆ ਰਹੀ ਹੈ ਅਤੇ ਨੌ ਗੁਰੂ ਸਾਹਿਬਾਨ ਨੂੰ ਗੁਰਗੱਦੀ ਦੀ ਬਖਸ਼ਿਸ਼ ਉਹਨਾਂ ਦੇ ਪੂਰਵਵਰਤੀ ਗੁਰੂ ਸਾਹਿਬ ਨੇ ਆਪ ਆਪਣੇ ਹੱਥੀਂ ਕੀਤੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਵੀ ਗੁਰਗੱਦੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਕਥਨ ਤੋਂ ਪਰਾਪਤ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਗੁਰਮਤਿ ਦੇ ਧਾਰਨੀਆਂ ਦੇ ਅਟੱਲ ਗੁਰੂ ਵਜੋਂ ਸਥਾਪਤ ਕੀਤਾ ਹੈ। ਹੋਰ ਕਿਸੇ ਗ੍ਰੰਥ ਨੂੰ ਗੁਰੂ ਸਾਹਿਬ ਨੇ ਗੁਰੂ ਦੀ ਪਦਵੀ ਨਹੀਂ ਦਿੱਤੀ ਹੈ ਅਤੇ ਨਾ ਹੀ ਸਿੱਖ ਸ਼ਰਧਾਲੂਆਂ ਨੂੰ ਕਿਸੇ ਹੋਰ ਰਚਨਾ ਨੂੰ ਪਰਮਾਣੀਕ ਗ੍ਰੰਥ ਮੰਨਣ ਦੇ ਆਦੇਸ਼ ਦਿੱਤੇ ਹਨ। ਗੁਰੂ ਗ੍ਰੰਥ ਸਾਹਿਬ ਜੀ ਹੀ ਹੁਣ ਸਾਡੇ ਗੁਰੂ ਹਨ। ਉਹਨਾਂ ਦੀ ਪਰਵਾਨਗੀ ਜਾਂ ਸਪਸ਼ਟ ਆਦੇਸ਼ ਤੋਂ ਬਿਨਾਂ ਕਿਸੇ ਹੋਰ ਗ੍ਰੰਥ ਨੂੰ ਉੱਚ ਪਦਵੀ ਦੇਣ ਦਾ ਪਰਸਤਾਵ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ।

-2-

ਗੁਰਬਾਣੀ “ਧੁਰ ਕੀ ਬਾਣੀ” ਹੈ। ਗੁਰੂ ਨਾਨਕ ਸਾਹਿਬ ਨੇ ਇਸ ਨੂੰ “ਖਸਮ ਕੀ ਬਾਣੀ” ਆਖਿਆ ਹੈ। ਕਬੀਰ ਜੀ ਕਹਿੰਦੇ ਹਨ, ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ । ਗੁਰਮਤਿ ਹਰ ਧਾਰਮਕ ਰਚਨਾ ਨੂੰ ਗੁਰਬਾਣੀ ਨਹੀਂ ਮੰਨਦੀ ਅਤੇ ਨਾ ਹੀ ਗੁਰੂ ਸਾਹਿਬਾਨ ਦੀ ਹਰ ਲਿਖਤ ਜਾਂ ਬਚਨ ਨੂੰ ਗੁਰਬਾਣੀ ਆਖਿਆ ਜਾਂਦਾ ਹੈ। ਕਿਊਂਕੇ ਜੇਕਰ ਐਸਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਦੀਆਂ ਮੋਦੀ ਖਾਨੇ ਦੇ ਹਿਸਾਬ ਕਿਤਾਬ ਦੀਆਂ ਲਿਖਤਾਂ ਅਤੇ ਗੁਰੂ ਸਾਹਿਬਾਨ ਦੇ ਪਰਬੰਧਕੀ ਆਦੇਸ਼ ਅਤੇ ਹੁਕਮਨਾਮੇ ਵੀ ਗੁਰਬਾਣੀ ਹੋਣੇ ਸਨ। ਬਾਣੀ ਦੇ ਸ਼ਾਬਦਕ ਅਰਥਾਂ ਅਨੁਸਾਰ ਤੇ ਗੁਰੂ ਸਾਹਿਬਾਨ ਦੇ ਸਾਰੇ ਮਨੋਹਰ ਬਚਨ ਵੀ ਗੁਰੂ ਕੀ ਬਾਣੀ ਮੰਨੇ ਜਾਣੇ ਸਨ। ਪਰ ਐਸਾ ਨਹੀਂ ਹੋਇਆ ਹੈ। ਜਿਸ ਵੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਦੀ ਮੋਹਰ ਛਾਪ ਲਾ ਕੇ ਪਰਵਾਨਗੀ ਨਹੀਂ ਦਿੱਤੀ ਹੈ ਉਹ ਭਾਵੇਂ ਵੇਖਣ ਨੂੰ ਉਹਨਾਂ ਦੀ ਆਪਣੀ ਰਚਨਾ ਹੀ ਕਿਊਂ ਨਾ ਜਾਪਦੀ ਹੋਵੇ ਉਹ ਧੁਰ ਕੀ ਬਾਣੀ ਨਹੀਂ ਹੈ। ਧੁਰ ਕੀ ਬਾਣੀ ਦਾ ਨਿਰਨਾ ਗੁਰੂ ਅਰਜਨ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਕਰਕੇ ਆਪ ਕੀਤਾ ਹੋਇਆ ਹੈ। ਗੁਰੂ ਅਰਜਨ ਸਾਹਿਬ ਨੇ ਕਿਸੇ ਰਚਨਾ ਨੂੰ ਧੁਰ ਕੀ ਬਾਣੀ ਵਜੋਂ ਸਵੀਕਾਰ ਕਰਨ ਵੇਲੇ ਉਸ ਰਚਨਾ ਦੇ ਅਧਿਆਤਮਕ ਗਿਆਨ ਦੀ ਪਰਖ ਗੁਰਮਤਿ ਦੇ ਮਾਪ ਦੰਡਾਂ ਦੇ ਆਧਾਰ ਤੇ ਕੀਤੀ ਸੀ। ਉਹਨਾਂ ਕਈ ਭਗਤਾਂ ਅਤੇ ਸੂਫੀਆਂ ਦੀਆਂ ਰਚਨਾਵਾਂ ਨੂੰ ਪੋਥੀ ਸਾਹਿਬ ਵਿੱਚ ਇੰਦਰਾਜ ਲਈ ਸਵੀਕਾਰ ਨਹੀਂ ਸੀ ਕੀਤਾ। ਉਹਨਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਵੀ ਗੁਰਬਾਣੀ ਦਾ ਦਰਜਾ ਨਹੀਂ ਦਿੱਤਾ। ਗੁਰੂ ਅਰਜਨ ਸਾਹਿਬ ਨੇ ਕੇਵਲ ਉਹਨਾਂ ਰਚਨਾਵਾਂ ਨੂੰ ਹੀ ਗੁਰਬਾਣੀ ਵਜੋਂ ਸਵੀਕਾਰ ਕੀਤਾ ਸੀ ਜੋ ਅਧਿਆਤਮਕ ਪਖੋਂ ਗੁਰਮਤਿ ਵਿਚਾਰਧਾਰਾ ਦੇ ਅਨਕੂਲ ਸਨ। ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਦਾ ਵਾਰਸ ਥਾਪਿਆ ਸੀ ਉਸ ਦੀਆਂ ਸਾਰੀਆਂ ਰਚਨਾਵਾਂ ਗੁਰੂ ਅਰਜਨ ਸਾਹਿਬ ਵਲੋਂ ਧੁਰ ਕੀ ਬਾਣੀ ਦੀ ਪਰਖ ਲਈ ਨਿਰਧਾਰਤ ਮਾਪ ਦੰਡਾਂ ਤੇ ਪੂਰੀਆਂ ਉਤਰਦੀਆਂ ਸਨ। ਜਿਹਨਾਂ ਰਚਨਾਵਾਂ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਕੀਤਾ ਉਹਨਾਂ ਰਚਨਾਵਾਂ ਨੂੰ ਬਾਣੀ ਕਹਿਣ ਦਾ ਸਾਨੂੰ ਅਧਿਕਾਰ ਨਹੀਂ ਹੈ। ਗੁਰਬਾਣੀ ਵਿੱਚ ਹੇਠ ਲਿਖੇ ਤਿੰਨ ਬਾਹਰੀ ਗੁਣ ਹੁੰਦੇ ਹਨ:

1. ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੁੰਦੀ ਹੈ;

2. ਉਸ ਵਿੱਚ ਨਾਨਕ ਜਾਂ ਰਚਨਹਾਰ ਦਾ ਨਾਂ ਦਿੱਤਾ ਹੁੰਦਾ ਹੈ; ਅਤੇ

3. ਉਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰਤਾ ਗੱਦੀ ਦੇ ਵਾਰਸ ਥਾਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਗ ਹੁੰਦੀ ਹੈ।

ਗੁਰੂ ਸਾਹਿਬਾਨ ਗੁਰਬਾਣੀ ਦੀ ਸ਼ੁਧਤਾ ਅਤੇ ਪਰਮਾਣੀਕਤਾ ਬਰਕਰਾਰ ਰਖਣ ਲਈ ਬਹੁਤ ਸਾਵਧਾਨੀ ਵਰਤਦੇ ਰਹੇ ਸਨ ਅਤੇ ਉਹ ਆਸ ਕਰਦੇ ਸਨ ਕਿ ਉਹਨਾਂ ਦੇ ਸਿੱਖ ਵੀ ਗੁਰਬਾਣੀ ਦੀ ਸ਼ੁਧਤਾ ਬਰਕਰਾਰ ਰਖਣ ਲਈ ਪੂਰੀ ਸੰਜੀਦਗੀ ਨਾਲ ਜਤਨਸ਼ੀਲ ਰਹਿਣਗੇ। ਪੋਥੀ ਸਾਹਿਬ ਦੀ ਲਾਹੌਰ ਜਿਲਦ ਬੰਣ੍ਹਾਈ ਸਮੇਂ ਕਚੀ ਬਾਣੀ ਨੂੰ ਧੁਰ ਕੀ ਬਾਣੀ ਵਿੱਚ ਰਲਾਉਣ ਦੀਆਂ ਕੋਸ਼ਿਸ਼ਾਂ ਨੂੰ ਗੁਰੂ ਅਰਜਨ ਸਾਹਿਬ ਨੇ ਅਸਫਲ ਕਰ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਬਦਲਣ ਕਾਰਨ ਰਾਮ ਰਾਏ ਜੀ ਨੂੰ ਕਰੜਾ ਦੰਡ ਭੁਗਤਣਾ ਪਿਆ ਸੀ। ਗੁਰਮਤਿ ਵਿਰੋਧੀ ਸ਼ੁਰੂ ਤੋਂ ਹੀ ਗੁਰਬਾਣੀ ਵਿੱਚ ਕੱਚ-ਪਿੱਚ ਰਲਾ ਕੇ ਸਿੱਖ ਸ਼ਰਧਾਲੂਆਂ ਨੂੰ ਭੁਲੇਖੇ ਪਾਉਣ ਦੇ ਜਤਨ ਕਰਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਚੀ ਬਾਣੀ ਰਲਾਉਣ ਦੀ ਕੋਈ ਗੁੰਜਾਇਸ਼ ਨਾ ਹੋਣ ਕਰਕੇ ਗੁਰਮਤਿ ਵਿਰੋਧੀਆਂ ਨੇ ਸਿੱਖ ਸ਼ਰਧਾਲੂਆਂ ਵਿੱਚ ਭੁਲੇਖੇ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਦਸਮ ਗ੍ਰੰਥ ਨੂੰ ਗੁਰਬਾਣੀ ਪਰਚਾਰਨ ਦਾ ਮਨਸੂਬਾ ਬਣਾਇਆ। ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਕਚੀ ਬਾਣੀ ਅਤੇ ਬਾਣੀ ਵਿੱਚ ਰਲਾਏ ਕਚ ਪਿਚ ਤੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਹੋਇਆ ਸੀ। ਗੁਰਵਾਕ ਹੈ, ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੋ ਕੂੜਿਆਰ ਕੂੜੇ ਝੜਿ ਪੜੀਐ॥ (ਵਾਰ ਗਉੜੀ ਮਹਲਾ ੪, ੯)। ਗੁਰਬਾਣੀ ਗੁਰਸਿੱਖਾਂ ਨੂੰ ਹਦਾਇਤ ਕਰਦੀ ਹੈ ਕਿ ਬਾਣੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਅੰਕਤ ਹੈ ਅਤੇ ਹੋਰ ਗ੍ਰੰਥਾਂ ਅਤੇ ਰਚਨਾਵਾਂ ਨੂੰ ਬਾਣੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਹੈ। ਗੁਰਵਾਕ ਹੈ, ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰਿ॥ (ਵਾਰ ਸੋਰਠ ਮਹਲਾ ੩, ੧੦)।

-3-

ਦਸ ਗੁਰੂ ਸਾਹਿਬਾਨ ਇੱਕ ਜੋਤ ਸਨ। ਸਾਰੇ ਗੁਰੂ ਸਾਹਿਬਾਨ ਦੀ ਰਚੀ ਧੁਰ ਕੀ ਬਾਣੀ ਵਿੱਚ ਰਚਨਹਾਰ ਦੇ ਨਾਨਕ ਨਾਂ ਦੀ ਵਰਤੋਂ ਉਸ ਇੱਕ ਜੋਤ ਨੂੰ ਅਭਿਵਿਅਕਤ ਕਰਦੀ ਹੈ। ਦਸਮ ਪਾਤਸ਼ਾਹ ਨੇ ਜਦੋਂ ਬਾਣੀ ਦੇ ਸੰਪੂਰਨ ਗ੍ਰੰਥ ਨੂੰ ਗੁਰਗੱਦੀ ਦਾ ਵਾਰਸ ਥਾਪਿਆ ਸੀ ਉਸ ਵੇਲੇ ਤਕ ਸਾਰੇ ਗੁਰੂ ਸਾਹਿਬਾਨ ਬਾਣੀ ਦੇ ਕਰਤੇ ਦਾ ਨਾਂ ਨਾਨਕ ਵਰਤਦੇ ਆਏ ਸਨ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਨਾਨਕ ਪਦ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ: (1) ਇਹ ਰਚਨਾਵਾਂ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਹਨ, ਅਤੇ ਜਾਂ (2) ਇਹਨਾਂ ਰਚਨਾਵਾਂ ਨੂੰ ਗੁਰਬਾਣੀ ਦਾ ਰੁਤਬਾ ਹਾਸਲ ਨਹੀਂ ਹੈ।

ਬਾਬਾ ਫਰੀਦ ਜੀ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਅਤੇ ਸਾਰੀ ਪੰਜਾਬੀ ਕਵਿਤਾ ਵਿੱਚ ਕਵੀ ਦਾ ਨਾਂ ਜਾਂ ਤਖਲੁਸ ਰਚਨਾ ਦੇ ਅੰਤ ਵਿੱਚ ਦੇਣ ਦੀ ਪਰੱਥਾ ਹੈ। ਪਰ ਦਸਮ ਗ੍ਰੰਥ ਵਿੱਚ ਅੰਕਤ ਬਹੁਤੀਆਂ ਰਚਨਾਵਾਂ ਵਿੱਚ ਕਵੀ ਦਾ ਨਾਂ ਨਹੀਂ ਦਿੱਤਾ ਗਿਆ ਹੈ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ “ਨਾਨਕ” ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਅਣਹੋਂਦ ਸਿੱਧ ਕਰਦੀ ਹੈ ਕਿ ਇਹ ਰਚਨਾਵਾਂ ਗੁਰੂ ਸਾਹਿਬ ਦੀਆਂ ਨਹੀਂ ਹਨ। ਜਿਹਨਾਂ ਰਚਨਾਵਾਂ ਵਿੱਚ ਗੁਰਬਾਣੀ ਅਤੇ ਪਰਚਲਤ ਪੰਜਾਬੀ ਕਾਵ ਰਚਨਾ ਦੇ ਨਿਯਮਾਂ ਦੇ ਉਲਟ ਕਵੀ ਦਾ ਨਾਂ ਜਾਂ ਤੱਖਲੁਸ ਨਹੀਂ ਦਿੱਤਾ ਗਿਆ ਹੈ ਉਹਨਾਂ ਨੂੰ ਗੁਰੂ ਸਾਹਿਬ ਦੀ ਕਿਰਤ ਦਰਸਾਉਣਾ ਗੁਰੂ ਸਾਹਿਬ ਦੀ ਨਿਰਾਦਰੀ ਕਰਨਾ ਹੈ।

ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀਆਂ ਰਚਨਾਵਾਂ ਗ੍ਰੰਥ ਸਾਹਿਬ ਵਿੱਚ ਸੰਮਲਿਤ ਕਰਨ ਵਿੱਚ ਕੋਈ ਆਪੱਤੀ ਨਹੀਂ ਸੀ। ਇਸ ਲਈ ਜੋ ਰਚਨਾਵਾਂ ਗੁਰੂ ਸਾਹਿਬ ਵਲੋਂ ਸੰਪੂਰਨ ਕੀਤੀ ਦਮਦਮੀ ਬੀੜ ਵਿੱਚ ਨਹੀਂ ਹਨ ਉਹਨਾਂ ਰਚਨਾਵਾਂ ਨੂੰ ਗੁਰਬਾਣੀ ਕਹਿਣਾ ਠੀਕ ਨਹੀਂ ਹੈ ਅਤੇ ਉਹਨਾਂ ਰਚਨਾਵਾਂ ਦਾ ਕਲਪਤਿ ਕਰਤਾ ਗੁਰੂ ਸਾਹਿਬ ਨੂੰ ਮਿਥਣਾ ਬਿਲਕੁਲ ਅਯੋਗ ਹੈ। ਇਹ ਸੰਭਵ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪਾਤਸ਼ਾਹੀ ੧੦ ਜਾਂ ਸ੍ਰੀ ਮੁਖ ਵਾਕ ਪਾਤਸ਼ਾਹੀ ੧੦ ਲਿਖਿਆ ਹੋਵੇ। ਅਤੇ ਜੇਕਰ ਕਿਸੇ ਸੰਪਾਦਕ ਜਾਂ ਵਿਰੋਧੀ ਨੇ ਰਚਨਾ ਨਾਲ ੴਸਤਿਗੁਰ ਪ੍ਰਸਾਦਿ, ਵਾਹਿਗੁਰੂ ਜੀ ਕੀ ਫਤੇ ਅਤੇ ਪਾਤਸ਼ਾਹੀ ੧੦ ਜਾਂ ਸ੍ਰੀ ਮੁਖ ਬਾਕ ਪਾਤਸ਼ਾਹੀ ੧੦ ਜੋੜ ਦਿੱਤਾ ਹੈ ਤਾਂ ਐਸਾ ਕਰਨ ਨਾਲ ਉਹ ਗੁਰੂ ਸਾਹਿਬ ਦੀਆਂ ਰਚਨਾਵਾਂ ਨਹੀਂ ਬਣ ਗਈਆਂ ਹਨ। ਕਿਸੇ ਰਚਨਾ ਦੀ ਅਧਿਆਤਮਕ ਪਧਰ ਤੋਂ ਪਰਭਾਵਤ ਹੋ ਕੇ ਉਸਨੂੰ ਗੁਰੂ ਸਾਹਿਬ ਦੀ ਰਚਨਾ ਸਮਝ ਲੈਣਾ ਵੀ ਵਾਜਬ ਨਹੀਂ ਹੈ ਕਿਊਂਕੇ ਇਤਿਹਾਸਕ ਸੱਚ ਤੱਥਾਂ ਤੇ ਆਧਾਰਤ ਹੁੰਦੇ ਹਨ ਭਾਵਨਾਵਾਂ ਤੇ ਨਹੀਂ। ਭਾਵਨਾਵਾਂ ਤੋਂ ਕਲਪੇ ਤੱਥ ਭੋਲੇ ਸ਼ਰਧਾਲੂਆਂ ਨੂੰ ਤੇ ਪਰਭਾਵਤ ਕਰ ਸਕਦੇ ਹਨ ਪਰ ਸੱਚ ਨਹੀਂ ਬਣ ਸਕਦੇ।

ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਰਚਨਹਾਰ, ਉਹਨਾਂ ਦੀ ਸਿਰਜਣਾ, ਅਤੇ ਇਤਿਹਾਸਕ ਸਥਿਤੀ ਬਾਰੇ ਭਰੋਸੇਯੋਗ ਤੱਥ ਉਪਲਬੱਧ ਨਹੀਂ ਹਨ। ਇਹ ਗ੍ਰੰਥ ਕਈ ਨਾਵਾਂ ਤੋਂ ਜਾਣਿਆ ਜਾਂਦਾ ਰਿਹਾ ਹੈ। ਇਸਦਾ ਪਹਿਲਾ ਨਾਂ ਬਚਿਤਰ ਨਾਟਕ ਸੀ, ਫਿਰ ਇਸ ਦਾ ਨਾਂ ਬਦਲ ਕੇ ਦਸਮ ਗ੍ਰੰਥ ਰਖ ਦਿੱਤਾ ਗਿਆ। ਹੁਣ ਤੀਕਰ ਇਸਦਾ ਇੱਕ ਪਰਵਾਣਤ ਨਾਂ ਨਹੀਂ ਹੈ। ਹਰ ਸੰਪਾਦਕ ਜਾਂ ਪਰਕਾਸ਼ਕ ਇਸ ਗ੍ਰੰਥ ਦੇ ਨਾਂ ਵਿੱਚ ਅਦਲਾ ਬਦਲੀ ਕਰੀ ਜਾਂਦਾ ਹੈ। ਇਸ ਗ੍ਰੰਥ ਦੀ ਕੋਈ ਇੱਕ ਪ੍ਰਮਾਣੀਕ ਪੋਥੀ ਨਹੀਂ ਹੈ। ਵਖੋ ਵੱਖ ਪੋਥੀਆਂ ਵਿੱਚ ਅੰਕਤ ਰਚਨਾਵਾਂ ਦੀ ਗਿਣਤੀ, ਤਰਤੀਬ, ਮਿੱਤੀ, ਵਿਆਕਰਨ, ਸ਼ਬਦ ਜੋੜ ਅਤੇ ਲਗਾਂ ਮਾਤਰਾਂ ਵਿੱਚ ਅੰਤਰ ਹੈ। ਹਰ ਸੰਪਰਦਾ ਆਪਣੀ ਪੋਥੀ ਨੂੰ ਪਰਮਾਣੀਕ ਪਰਚਾਰਦੀ ਹੈ। ਇਸ ਗ੍ਰੰਥ ਦੀਆਂ ਰਚਨਾਵਾਂ ਵਿੱਚ ਵੀ ਇਕਸਾਰਤਾ ਅਤੇ ਸਥਿਰਤਾ ਨਹੀਂ ਹੈ। ਵਾਰ ਦੁਰਗਾ ਕੀ ਦਾ ਪਹਿਲਾ ਨਾਂ ਬਦਲ ਕੇ ਚੰਡੀ ਦੀ ਵਾਰ ਕਰ ਦਿੱਤਾ ਗਿਆ ਸੀ ਅਤੇ ਕਈ ਰਚਨਾਵਾਂ ਵਿੱਚ ਪਾਤਿਸ਼ਾਹੀ ੧੦ ਲਿੀਖਆ ਮਿਲਦਾ ਹੈ ਅਤੇ ਕਈਆਂ ਵਿੱਚ ਸ੍ਰੀ ਮੁਖ ਬਾਕ ਪਾਤਸ਼ਾਹੀ ੧੦।

-4-

ਹਰ ਇੱਕ ਗੁਰੂ ਸਾਹਿਬ ਨੇ ਆਪਣੀ ਰਚੀ ਬਾਣੀ ਨੂੰ ਇਕੱਤਰ ਕਰਕੇ ਪੋਥੀ ਰੂਪ ਵਿੱਚ ਸੰਭਾਲ ਕੇ ਰਖਿਆ ਸੀ। ਗੁਰੂ ਅਰਜਨ ਸਾਹਿਬ ਨੇ ਪੋਥੀ ਸਾਹਿਬ ਦਾ ਸੰਕਲਨ ਇਹਨਾਂ ਛੋਟੀਆਂ ਪੋਥੀਆਂ ਤੋਂ ਕੀਤਾ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਇੱਕ ਥਾਂ ਇਕਤਰ ਕੀਤੀ ਹੋਈ ਸੀ। ਇਸ ਪਰੱਥਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀਆਂ ਰਚਨਾਵਾਂ ਨੂੰ ਆਪਣੇ ਜੀਵਨ ਕਾਲ ਵਿੱਚ ਪੋਥੀ ਰੂਪ ਵਿੱਚ ਇੱਕਠਾ ਕਰ ਕੇ ਸੰਭਾਲ ਕੇ ਰਖਿਆ ਹੋਣਾ ਸੀ। ਗੁਰੂ ਸਾਹਿਬ ਦੀਆਂ ਰਚਨਾਵਾਂ ਦੀ ਪੋਥੀ ਦਾ ਭਰੋਸੇਯੋਗ ਜ਼ਿਕਰ ਇਤਿਹਾਸ ਵਿੱਚ ਨਹੀਂ ਮਿਲਦਾ ਹੈ। ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ। ਇਹ ਕਹਿਣਾ ਉਚਿੱਤ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੀ ਕੋਈ ਪੋਥੀ ਨਹੀਂ ਸੀ।

ਗੁਰੂ ਸਾਹਿਬਾਨ ਦੇ ਜੀਵਨ ਇੱਕ ਖੁਲ੍ਹੀ ਕਿਤਾਬ ਸਨ। ਜੋ ਕੁੱਝ ਗੁਰੂ ਸਾਹਿਬਾਨ ਕਰਦੇ ਅਤੇ ਸੋਚਦੇ ਸਨ ਉਹ ਆਪਣੇ ਸਿੱਖਾਂ ਨਾਲ ਸਾਂਝਾ ਕਰਦੇ ਸਨ। ਗੁਰੂ ਅਰਜਨ ਸਾਹਿਬ ਵਲੋਂ ਪੋਥੀ ਸਾਹਿਬ ਦੀ ਸੰਪਾਦਨਾ ਦੀ ਪੂਰੀ ਤਫਸੀਲ ਸਿੱਖ ਇਤਿਹਾਸ ਵਿੱਚ ਮਿਲਦੀ ਹੈ। ਫਿਰ ਕੀ ਕਾਰਨ ਹੋ ਸਕਦਾ ਹੈ ਕਿ ਦਸਮ ਗ੍ਰੰਥ ਜੈਸੀ ਵੱਡੇ ਆਕਾਰ ਦੀ ਕਿਰਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ, ਅਤੇ ਆਪਣੇ ਮੁਖਾਰ ਬਿੰਦ ਤੋਂ ਸਿੱਖ ਜਗਤ ਨੂੰ ਇਸ ਬਾਰੇ ਕੋਈ ਉਪਦੇਸ਼ ਜਾਂ ਹਦਾਇਤ ਜਾਰੀ ਨਹੀਂ ਕੀਤੀ।

ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਛਡਣ ਸਮੇਂ ਅਨੇਕਾਂ ਕਵੀਆਂ ਦੀਆਂ ਰਚਨਾਵਾਂ ਦਾ ਇੱਕ ਵੱਡੇ ਗ੍ਰੰਥ ਵਿਦਿਆਧਰ ਜਾਂ ਵਿਦਿਆ ਸਾਗਰ ਦਾ ਵੈਰੀਆਂ ਵਲੋਂ ਨਸ਼ਟ ਕੀਤੇ ਜਾਣ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਮੇਂ ਬਾਦ ਨਾਟਕੀ ਢੰਗ ਨਾਲ ਬਚਿਤ੍ਰ ਨਾਟਕ ਨਾਮੀ ਗ੍ਰੰਥ ਦਾ ਅਚਾਨਕ ਪਰਗਟ ਹੋ ਜਾਣਾ ਅਤੇ ਇਸ ਗ੍ਰੰਥ ਦੀਆਂ ਰਚਨਾਵਾਂ ਦੇ ਰਚਨਹਾਰ ਬਾਰੇ ਭੁਲੇਖਾ ਪਾਉਣ ਲਈ ਇਹਨਾਂ ਤੇ ੴਸਤਿਗੁਰ ਪ੍ਰਸਾਦਿ ਵਾਹਿਗੁਰੂ ਜੀ ਕੀ ਫਤੇ ਸ੍ਰੀ ਮੁਖ ਬਾਕ ਪਾਤਸ਼ਾਹੀ ੧੦ ਜਾਂ ਪਾਤਿਸ਼ਾਹੀ ੧੦ ਲਿਖਿਆ ਹੋਣਾ ਅਤੇ ਬਾਦ ਵਿੱਚ ਇਸ ਪਾਤਸ਼ਾਹੀ ੧੦ ਦੇ ਆਧਾਰ ਤੇ ਇਸ ਗ੍ਰੰਥ ਦਾ ਨਾਂ ਦਸਮ ਗ੍ਰੰਥ ਬਣਾ ਦੇਣਾ ਸੰਕੇਤ ਕਰਦਾ ਹੈ ਕਿ ਇਸ ਗ੍ਰੰਥ ਦੀ ਨਾਟਕੀ ਉਤਪਤੀ ਕਿਸੇ ਵੱਡੀ ਗੁਰਮਤਿ ਵਿਰੋਧੀ ਸਾਜ਼ਸ਼ ਦਾ ਹਿੱਸਾ ਹੋ ਸਕਦੀ ਹੈ। ਜਿਸ ਸਮੇਂ ਬਚਿਤ੍ਰ ਨਾਟਕ ਪਰਗਟ ਹੋਇਆ ਸੀ ਉਸ ਸਮੇਂ ਸਿੱਖਾਂ ਪਰ ਅਤਿਆਚਾਰ ਹੋਣੇ ਸ਼ੁਰੂ ਹੋ ਗਏ ਸਨ, ਗੁਰੂ ਘਰ ਉਦਾਸੀਆਂ, ਨਿਰਮਲਿਆਂ ਅਤੇ ਪੁਜਾਰੀਆਂ ਦੇ ਕਬਜ਼ੇ ਵਿੱਚ ਸਨ, ਅਤੇ ਗੁਰਬਾਣੀ ਅਤੇ ਗੁਰਮਤਿ ਬਾਰੇ ਭੁਲੇਖਾ ਪਾਊ ਸਾਹਿਤ ਦੀ ਰਚਨਾ ਅਰੰਭ ਹੋ ਗਈ ਸੀ।

ਪੋਥੀ ਸਾਹਿਬ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਨੇ ਸੰਪਾਦਕੀ ਵਿਊਂਤ ਅਨੁਸਾਰ ਹਰ ਬਾਣੀ ਦੇ ਸ਼ੁਰੂ ਵਿੱਚ ਰਾਗ, ਮਹਲਾ ਜਾਂ ਭਗਤ ਦਾ ਨਾਂ, ਸੰਗੀਤ ਬਾਰੇ ਸੰਕੇਤ, ਵਿਸ਼ੇਸ਼ ਨਾਂ, ਆਦਿ ਦਿੱਤੇ ਹਨ। ਗੁਰੂ ਸਾਹਿਬਾਨ ਵਲੋਂ ਰਚੇ ਹਰ ਸ਼ਬਦ ਦੇ ਸਿਰਲੇਖ ਵਿੱਚ ਮਹਲਾ ਸ਼ਬਦ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਅਰਜਨ ਸਾਹਿਬ ਵਾਲਾ ਸੰਪਾਦਕੀ ਢੰਗ ਅਪਣਾਇਆ ਹੈ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਮਹਲਾ ੯ ਵਰਤਿਆ ਹੈ।

ਉਹਨਾਂ ਆਪਣੀਆਂ ਰਚਨਾਵਾਂ ਵਿੱਚ ਮਹਲਾ ੧੦ ਵਰਤਣਾ ਸੀ। ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਸੰਪਾਦਕੀ ਵਿਊਂਤ ਵਖਰੀ ਹੈ। ਇਸ ਵਿੱਚ ਮਹਲੇ ਦੀ ਥਾਂ ਪਾਤਸ਼ਾਹੀ ਸ਼ਬਦ ਵਰਤਿਆ ਹੈ। ਜੇਕਰ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਹੁੰਦਾ ਤਾਂ ਇਸਦੀ ਸੰਪਾਦਕੀ ਵਿਊਂਤ ਵੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਹੀ ਹੋਣੀ ਸੀ ਕਿਊਂਕੇ ਸਾਰੇ ਗੁਰੂ ਸਾਹਿਬਾਨ ਇੱਕ ਜੋਤ ਸਨ ਅਤੇ ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰਿ ਦੇ ਅਨੁਯਾਈ ਸਨ। ਪਰ ਐਸਾ ਨਹੀਂ ਹੈ। ਇਸ ਤੱਥ ਤੋਂ ਵੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਸ ਗ੍ਰੰਥ ਨਾਲ ਗੁਰੂ ਸਾਹਿਬ ਦੀ ਸਾਂਝ ਦੀ ਕੋਈ ਸੰਭਾਵਨਾ ਨਹੀਂ ਹੈ।

-5-

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਐਸੇ ਕਾਵਿ ਰੂਪ ਹੀ ਵਰਤੇ ਗਏ ਹਨ ਜੋ ਮਨੁੱਖੀ ਮਨ ਨੂੰ ਇਕਾਗਰਤਾ, ਸ਼ਾਂਤੀ ਅਤੇ ਸਹਿਜ ਪਰਦਾਨ ਕਰਨ ਦੇ ਸਮਰਥ ਹੋਣ। ਵਾਰਾਂ, ਜੋ ਪਹਿਲੋਂ ਜੋਧਿਆਂ ਨੂੰ ਜੋਸ਼ ਦਿਵਾਉਣ ਲਈ ਰਚੀਆਂ ਜਾਂਦੀਆਂ ਸਨ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖੀ ਮਨ ਨੂੰ ਸ਼ਾਂਤ ਅਤੇ ਇਕਾਗਰ ਕਰਕੇ ਪਰਭੂ ਸਿਮਰਨ ਵਲ ਪਰੇਰਨ ਲਈ ਵਰਤਿਆ ਗਿਆ ਹੈ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਵਰਤੇ ਕਾਵਿ ਰੂਪ ਜੋਸ਼ ਪੈਦਾ ਕਰਨ, ਕਾਮ ਵਾਸ਼ਨਾਵਾਂ ਉਤੇਜਤ ਕਰਨ, ਅਤੇ ਮਨੋਰੰਜਨ ਲਈ ਵਰਤੇ ਜਾਣ ਵਾਲੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਧਿਆਤਮਕ ਵਿਚਾਰ ਪਰਧਾਨ ਹਨ ਅਤੇ ਛੰਦਾ ਬੰਦੀ ਅਤੇ ਸੰਗੀਤ ਉਹਨਾਂ ਅਧਿਆਤਮਕ ਵਿਚਾਰਾਂ ਦੇ ਸੰਚਾਰ ਦੇ ਯੋਗ ਸਾਧਨ ਵਜੋਂ ਵਰਤੇ ਗਏ ਹਨ ਜਦੋਂ ਕਿ ਦਸਮ ਗ੍ਰੰਥ ਵਿੱਚ ਵਰਤੇ ਛੰਦਾਂ ਅਤੇ ਕਵਿਤਾਵਾਂ ਦੀ ਸ਼ੈਲੀ ਵਾਰਤਾ ਨੂੰ ਮਨ ਲੁਭਾਊ ਅਤੇ ਪਰਭਾਵਸ਼ਾਲ਼ੀ ਬਣਾਉਂਦੀ ਹੈ ਅਤੇ ਵਿਚਾਰਾਂ ਦੇ ਪਰਭਾਵ ਨੂੰ ਸੰਕੁਚਤ ਕਰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਭਾਸ਼ਾ ਮੁੱਖ ਤੌਰ ਤੇ ਸਾਧ ਭਾਸ਼ਾ ਪਰਧਾਨ ਪੰਜਾਬੀ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਪੰਜਾਬੀ ਦੀਆਂ ਉਪਭਾਸ਼ਾਵਾਂ ਜਿਵੇਂ ਲਹਿੰਦੀ, ਪੋਠੋਹਰੀ, ਬਾਂਗਰਵੀ, ਪਹਾੜੀ, ਆਦਿ ਦੇ ਨਾਲ ਬ੍ਰਿਜ, ਅਵਧੀ, ਰਾਜਸਥਾਨੀ, ਸਿੰਧੀ, ਖੜੀ ਬੋਲੀ ਅਤੇ ਹੋਰ ਉਤਰੀ ਭਾਰਤੀ ਭਾਸ਼ਾਵਾਂ ਨੂੰ ਪੰਜਾਬੀ ਰੂਪ ਦੇ ਕੇ ਵਰਤਿਆ ਹੈ। ਉਹਨਾਂ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ, ਆਦਿ ਦੇ ਯੋਗ ਨਾਲ ਬਣੀ ਸਹਿਸਕ੍ਰਿਤੀ ਭਾਸ਼ਾ ਅਤੇ ਫਾਰਸੀ ਨੂੰ ਵੀ ਗੁਰਮੁਖੀ ਅਖਰਾਂ ਰਾਹੀਂ ਪੰਜਾਬੀ ਰੂਪ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤਿਆ ਹੈ। ਪੰਜਾਬੀ ਭਾਸ਼ਾ ਗੁਰਬਾਣੀ ਭਾਸ਼ਾ ਤੋਂ ਬਹੁਤ ਪਰਭਾਵਤ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਭਾਸ਼ਾ ਦਾ ਅਥਾਹ ਭੰਡਾਰ ਹਨ। ਪੰਜਾਬੀ ਕੌਮ ਦੀ ਸਿਰਜਣਾ ਅਤੇ ਸਭਿਆਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੀ ਦੇਣ ਹਨ। ਦਸਮ ਗ੍ਰੰਥ ਦੀਆਂ ਰਚਨਾਵਾਂ ਜ਼ਿਆਦਾ ਤਰ ਬ੍ਰਿਜ ਭਾਸ਼ਾ ਵਿੱਚ ਹਨ। ਭਾਸ਼ਾ ਪਖੋਂ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਅੰਤਰ ਹੈ। ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਭਾਸ਼ਾ ਦੇ ਗ੍ਰੰਥ ਹਨ ਜਦੋਂ ਕਿ ਦਸਮ ਗ੍ਰੰਥ ਸਨਾਤਨੀ ਸ਼੍ਰੇਣੀ ਦੀ ਰਚਨਾ ਹੈ।

ਦੋਨੋ ਗ੍ਰੰਥਾਂ ਦੀ ਵਿਚਾਰਧਾਰਾ ਇੱਕ ਦੂਜੇ ਤੋਂ ਵਖਰੀ ਹੈ ਅਤੇ ਉਪਦੇਸ਼ ਇੱਕ ਦੂਜੇ ਤੋਂ ਵਿਪਰੀਤ ਹਨ। ਗੁਰੂ ਗ੍ਰੰਥ ਸਾਹਿਬ ਜੀ ਅਧਿਆਤਮਕ ਗਿਆਨ ਦਾ ਭੰਡਾਰ ਹਨ। ਦਸਮ ਗ੍ਰੰਥ ਮੁਖ ਤੌਰ ਤੇ ਦੇਵੀ ਪੂਜਨ, ਕਲਪਤ ਕਥਾਵਾਂ ਅਤੇ ਵਿਲਾਸਤਾ ਨਾਲ ਸਬੰਧਤ ਕਵਿਤਾਵਾਂ ਦਾ ਸੰਗ੍ਰਿਹ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਨਿਰੰਕਾਰ ਦੀ ਉਪਮਾ ਕੀਤੀ ਗਈ ਹੈ ਜਦੋਂ ਕਿ ਦਸਮ ਗ੍ਰੰਥ ਵਿੱਚ ਦੇਵੀ, ਦੁਰਗਾ ਜਾਂ ਭਗਉਤੀ ਦੀ ਉਪਮਾ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਸਿਮਰਨ ਅਤੇ ਭਾਣਾ ਮੰਨਣ ਦੇ ਉਪਦੇਸ਼ ਹਨ ਅਤੇ ਦਸਮ ਗ੍ਰੰਥ ਵਿੱਚ ਸ਼ਕਤੀ ਅਤੇ ਦੇਵੀ ਪੂਜਾ ਦੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਂਤੀ, ਹਲੀਮੀ, ਸਹਿਜ, ਅਤੇ ਸੰਤੋਖ ਉਤਮ ਗੁਣ ਮੰਨੇ ਗਏ ਹਨ ਅਤੇ ਦਸਮ ਗ੍ਰੰਥ ਵਿੱਚ ਜੁੱਧ, ਸ਼ਕਤੀ, ਕ੍ਰੋਧ, ਜਿੱਤ ਅਤੇ ਸਫਲਤਾ ਨੂੰ ਉਤਮਤਾ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸਤਰੀ ਪੁਰਸ਼ ਨੂੰ ਇੱਕ ਦੂਜੇ ਦੇ ਪੂਰਕ ਮੰਨ ਕੇ ਇਸਤਰੀ ਦਾ ਸਨਮਾਨ ਕੀਤਾ ਗਿਆ ਹੈ ਜਦੋਂ ਕਿ ਦਸਮ ਗ੍ਰੰਥ ਵਿੱਚ ਇਸਤਰੀ ਜਾਤੀ ਨੂੰ ਨਿੰਦਿਆ ਗਿਆ ਹੈ।

-6-

ਸਿੱਖ ਜਗਤ ਦੀ ਅਰਦਾਸ ਦਾ ਪਹਿਲਾ ਭਾਗ ਦਸਮ ਗ੍ਰੰਥ ਵਿੱਚ ਦਿੱਤੀ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ। ਇਸਦੀ ਪਹਿਲੀ ਪੰਗਤੀ ਪ੍ਰਥਮ ਭਗਉਤੀ ਸਿਮਰ ਕੈ ਵਿੱਚ ਭਗਉਤੀ ਸ਼ਬਦ ਦੁਰਗਾ ਲਈ ਵਰਤਿਆ ਗਿਆ ਹੈ। ਭਗੌਤੀ ਜਾਂ ਭਗਉਤੀ ਦੁਰਗਾ ਦਾ ਹੀ ਇੱਕ ਹੋਰ ਨਾਂ ਹੈ। ਕਈ ਸ਼ਰਧਾਲੂ ਭਗਉਤੀ ਦਾ ਅਰਥ ਅਕਾਲ ਪੁਰਖ ਜਾਂ ਸਿਰੀ ਸਾਹਿਬ ਮਿਥ ਲੈਂਦੇ ਹਨ। ਐਸਾ ਕਰਨ ਨਾਲ ਅਸਲੀਅਤ ਨਹੀਂ ਬਦਲਦੀ। ਇਸ ਤਰ੍ਹਾਂ ਦੇ ਭੁਲੇਖਿਆਂ ਕਾਰਨ ਕਈ ਭੋਲੇ ਸ਼ਰਧਾਲੂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨੀ ਜਾ ਰਹੇ ਹਨ। ਗੁਰਮਤਿ ਬਾਰੇ ਭੁਲੇਖੇ ਪਾਉਣ ਵਾਲਿਆਂ ਦਾ ਇੱਕ ਲੰਮਾ ਜਾਬਰ ਇਤਹਾਸ ਹੈ। ਉਸ ਇਤਹਾਸ ਨੂੰ ਸੂਝ ਬੂਝ ਨਾਲ ਘੋਖਣ ਤੋਂ ਹੀ ਦਸਮ ਗ੍ਰੰਥ ਦੇ ਗੁਰਮਤਿ ਵਿਰੋਧੀ ਸਰਪਰਸਤਾਂ ਦੀ ਹੁਣ ਤਕ ਗੁਪਤ ਚਲੀ ਆ ਰਹੀ ਅਸਲੀਅਤ ਪਰਗਟ ਹੋ ਸਕਦੀ ਹੈ। ਉਸ ਇਤਹਾਸ ਦੇ ਕੁੱਝ ਤੱਥ ਅਤੇ ਉਹਨਾਂ ਦੀ ਸੰਖੇਪ ਵਿਆਖਿਆ ਅਸੀਂ ਹੇਠ ਦੇ ਰਹੇ ਹਾਂ।

ਸਭ ਤੋਂ ਪਹਿਲੋਂ ਇਹ ਜਾਨਣਾ ਜ਼ਰੂਰੀ ਹੈ ਕਿ ਗੁਰਮਤਿ ਦੇ ਵਿਰੋਧੀ ਕੋਣ ਹਨ ਅਤੇ ਉਹਨਾਂ ਦੀ ਵਿਰੋਧਤਾ ਦਾ ਕੀ ਕਾਰਨ ਹੈ? ਸਾਡੇ ਢਾਡੀਆਂ ਅਤੇ ਪਰਚਾਰਕਾਂ ਅਨੁਸਾਰ ਗੁਰਮਤਿ ਦਾ ਵਿਰੋਧੀ ਮੁਗ਼ਲ ਸਾਸ਼ਨ ਸੀ ਜਿਸ ਨੇ ਸਿੱਖਾਂ ਨੂੰ ਖਤਮ ਕਰਨ ਦਾ ਬੀੜਾ ਚੁੱਕ ਲਿਆ ਸੀ। ਪਰ ਮੁਗ਼ਲ ਸਾਸ਼ਨ ਸਿੱਖਾਂ ਦਾ ਹਿੰਦੂਆਂ ਨਾਲੋਂ ਵੱਧ ਵੈਰੀ ਨਹੀਂ ਸੀ। ਫਿਰ ਕੀ ਕਾਰਨ ਹੋ ਸਕਦਾ ਹੈ ਕਿ ਉਹ ਸਿੱਖਾਂ ਦਾ ਦੁਸ਼ਮਨ ਬਣ ਗਿਆ ਅਤੇ ਸਿੱਖ ਮਾਨਸਿਕਤਾ ਵਿੱਚ ਉਸ ਲਈ ਘਿਰਨਾ ਪੈਦਾ ਹੋ ਗਈ? ਇਹਨਾਂ ਪ੍ਰਸ਼ਨਾਂ ਦੇ ਉਤਰ ਇਤਹਾਸਕ ਖੋਜ ਤੋਂ ਹੀ ਲਭ ਸਕਦੇ ਹਨ।

ਭਾਰਤ ਵਿੱਚ ਆਤਮਕ ਗਿਆਨ ਸਦੀਆਂ ਤੋਂ ਬ੍ਰਾਹਮਣੀ ਵਰਗ ਦੀ ਨਿਵੇਕਲੀ ਸੰਪੱਤੀ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਨੇ ਆਤਮਕ ਗਿਆਨ ਨੂੰ ਬ੍ਰਾਹਮਣ ਦੀ ਬੰਦਿਸ਼ ਅਤੇ ਸੰਸਕ੍ਰਿਤ ਭਾਸ਼ਾ ਦੇ ਪਿੰਜਰੇ ਤੋਂ ਆਜ਼ਾਦ ਕਰਕੇ ਇਸਦਾ ਲੋਕਾਈ ਵਿੱਚ ਖੁਲ੍ਹਾ ਪਰਸਾਰਨ ਸੰਭਵ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਯਹੂਦੀ, ਈਸਾਈ ਅਤੇ ਇਸਲਾਮ ਦੇ ਪੈਰੋਕਾਰਾਂ ਵਲੋਂ ਪਰਫੁਲਤ ਕੀਤੀ ਸੈਮਟਿਕ ਧਾਰਮਕ ਵਿਚਾਰਧਾਰਾ ਵਿਚੋਂ ਆਤਮਕ ਗਿਆਨ ਦੇ ਮਹਤਵਪੂਰਨ ਅੰਸ਼ ਵੀ ਸ਼ਾਮਲ ਕਰ ਲਿੱਤੇ ਗਏ ਜਿਸ ਨਾਲ ਇਹ ਗ੍ਰੰਥ ਸਰਵਵਿਆਪਕ ਆਤਮਕ ਗਿਆਨ ਦਾ ਭੰਡਾਰ ਬਣ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਪੁਰਾਤਨ ਭਾਰਤੀ ਧਰਮ ਪਰਣਾਲੀ ਦੀਆਂ ਕਈ ਰੀਤਾਂ ਅਤੇ ਪਰਚਲਤ ਪੁਜਾਰੀਵਾਦ ਅਤੇ ਕਰਮ ਕਾਂਡੀ ਮਨੌਤਾਂ ਨੂੰ ਬੇਅਰਥ ਦਸਿਆ ਹੈ। ਗੁਰਬਾਣੀ ਦੇ ਕਥਨ ਹਨ:

ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ॥ ਨਾਮ ਬਿਨਾ ਸਭਿ ਕੂੜੁ ਗਾਲ੍ਹੀ ਹੋਛੀਆ॥ ੧॥

(ਰਾਗ ਸੂਹੀ ਮਹਲਾ ੫, ਅ-੨)

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥

ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ (ਸੋਰਠ ਮਹਲਾ ੧, ਅ-੪)

ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥

ਸੰਕਰਾ ਨਹੀ ਜਾਨਹਿ ਭੇਵ॥ ਖੋਜਤ ਹਾਰੇ ਦੇਵ॥

ਦੇਵੀਆ ਨਹੀ ਜਾਨਹਿ ਮਰਮ॥ ਸਭ ਊਪਰ ਅਲਖ ਪਾਰਬ੍ਰਹਮ॥ (ਰਾਮਕਲੀ ਮਹਲ ੫, ੫-੩੬)

ਬਹੁਤ ਸਾਰੇ ਹਿੰਦੂ ਗੁਰੂ ਸਾਹਿਬਾਨ ਦੇ ਸ਼ਰਧਾਲੂ ਬਣ ਗਏ ਅਤੇ ਗੁਰਮਤਿ ਦੀ ਆਮ ਲੋਕਾਂ ਵਿੱਚ ਪਰਸਿੱਧੀ ਵਧਣੀ ਸ਼ੁਰੂ ਹੋ ਗਈ। ਐਸੇ ਹਾਲਾਤ ਵਿੱਚ ਪੁਜਾਰੀ ਅਤੇ ਬਿਪਰ ਵਰਗਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵਿਰੋਧ ਹੋਣਾ ਸੁਭਾਵਕ ਸੀ। ਇਹ ਵਿਰੋਧ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਅਰੰਭ ਹੋ ਗਿਆ ਸੀ। ਗੁਰਮਤਿ ਦੀ ਵਿਰੋਧਤਾ ਪੈਹਲੋਂ ਪੈਹਲ ਗੁਰੂ ਪਰਵਾਰਾਂ ਵਿੱਚ ਘਰੇਲੂ ਝਗੜਿਆਂ ਦੇ ਰੂਪ ਵਿੱਚ ਉਜਾਗਰ ਹੋਈ। ਇਹ ਵੇਖਣ ਨੂੰ ਘਰੇਲੂ ਝਗੜੇ ਲਗਦੇ ਸਨ ਪਰ ਵਾਸਤਵ ਵਿੱਚ ਇਹਨਾਂ ਦਾ ਮਨੋਰਥ ਗੁਰਬਾਣੀ ਵਿੱਚ ਕਚ ਪਿਚ ਰਲਾ ਕੇ ਗੁਰਮਤਿ ਦੇ ਉਪਦੇਸ਼ ਵਿੱਚ ਰੁਕਾਵਟ ਪਾਉਣਾ ਸੀ। ਗੁਰਮਤਿ ਦੀ ਵਿਰੋਧਤਾ ਦੇ ਤਿੰਨ ਮੂਲ ਕਾਰਨ ਸਨ:

1. ਗੁਰਮਤਿ ਨੇ ਬ੍ਰਾਹਮਣੀ ਜਾਤ ਪਾਤ ਅਤੇ ਊਂਚ ਨੀਚ ਤੇ ਰੱਖੀ ਹਿੰਦੂ ਧਰਮ ਦੀ ਨੀਂਹ ਨੂੰ ਜੜੋਂ ਉਖਾੜ ਦਿੱਤਾ;

2. ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਅਧਿਆਤਮਕ ਗਿਆਨ ਦੇ ਲੋਕਾਂ ਵਿੱਚ ਖੁਲ੍ਹੇ ਪਰਸਾਰ ਨੇ ਬ੍ਰਾਹਮਣ ਦੀ ਆਤਮਕ ਗਿਆਨ ਤੇ ਇਜਾਰੇਦਾਰੀ ਦਾ ਬੰਨ੍ਹਣ ਤੋੜ ਦਿੱਤਾ; ਅਤੇ

3. ਪੰਜਾਬੀ ਭਾਸ਼ਾ ਦਾ ਆਤਮਕ ਗਿਆਨ ਦੇ ਪਰਸਾਰ ਦਾ ਮਾਧਿਅਮ ਬਨਣ ਨਾਲ ਸੰਸਕ੍ਰਿਤ ਭਾਸ਼ਾ ਦਾ ਨਿਵੇਕਲਾਪਣ ਸਮਾਪਤ ਹੋ ਗਿਆ ਅਤੇ ਪੁਜਾਰੀ ਵਰਗ ਦੀ ਧਾਰਮਕ ਵਿਚੋਲਗਿਰੀ ਗੁਰਮਤਿ ਅਦਾਰਿਆਂ ਵਿੱਚ ਖਤਮ ਹੋ ਗਈ।

-7-

ਭਾਰਤ ਅਤੇ ਪੰਜਾਬ ਦੇ ਸਾਸ਼ਨ ਪਰ ਕਾਬਜ਼ ਇਸਲਾਮ ਦੇ ਪੈਰੋਕਾਰਾਂ ਦੀ ਗੁਰਮਤਿ ਨਾਲ ਹਿੰਦੂ ਧਰਮ ਨਾਲੋਂ ਵੱਧ ਵਿਰੋਧਤਾ ਨਹੀਂ ਸੀ। ਦਰ ਅਸਲ ਕਈ ਮੁਸਲਮਾਨ ਗੁਰੂ ਨਾਨਕ ਸਾਹਿਬ ਅਤੇ ਦੂਜੇ ਗੁਰੂ ਸਾਹਿਬਾਨ ਦੇ ਉਪਾਸ਼ਕ ਸਨ। ਕਈ ਸੂਫੀ ਕਵੀ ਆਪਣੀਆਂ ਰਚਨਾਵਾਂ ਪੋਥੀ ਸਾਹਿਬ ਵਿੱਚ ਸ਼ਾਮਲ ਕਰਵਾਉਣ ਦੇ ਇਛੱਕ ਸਨ। ਹਿੰਦੂਆਂ ਵਲੋਂ ਸ਼ਕਾਇਤਾਂ ਮਿਲਨ ਤੇ ਵੀ ਮੁਗ਼ਲ ਸਾਸ਼ਨ ਨੇ ਪੋਥੀ ਸਾਹਿਬ ਦੀ ਬਾਣੀ ਵਿੱਚ ਤਬਦੀਲੀ ਕਰਨ ਤੇ ਜ਼ੋਰ ਨਹੀਂ ਦਿੱਤਾ। ਗੁਰਬਾਣੀ ਦਾ ਗਿਆਨ ਰਖਣ ਵਾਲੇ ਇਸਲਾਮ ਦੇ ਅਨੁਯਾਈਆਂ ਨੂੰ ਪਤਾ ਸੀ ਕਿ ਗੁਰਬਾਣੀ ਉਹਨਾਂ ਨੂੰ ਅੱਛੇ ਮੁਸਲਮਾਨ ਬਨਣ ਦਾ ਹੀ ਉਪਦੇਸ਼ ਦੇ ਰਹੀ ਹੈ। ਗੁਰਵਾਕ ਹਨ:

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੈ ਨਾਉ॥ ਪਹਿਲਾ ਸਚੁ ਹਲਾਲੁ ਦੁਇ ਤਜਿੀ ਖੈਰ ਖੁਦਾਇ॥

ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਤਿ ਸਨਾਇ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥ (ਵਾਰ ਮਾਝ ਮਹਲਾ ੧, ੭)

ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥

ਦੁਨੀਆਂ ਰੰਗ ਨ ਆਵੈ ਨੇੜੇ ਜਿਉ ਕੁਸਮ ਪਾਟੁ ਘਿਉ ਪਾਕ ਹਰਾ॥ ੧੩॥ (ਮਾਰੂ ਮਹਲਾ ੫, ਸੌ ੩)

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥

ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥

ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥

ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਆਪੁ ਗਵਾਵੈ॥

ਤਉ ਨਾਨਕ ਸਰਬ ਜੀੳ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥ (ਵਾਰ ਮਾਝ ਮਹਲਾ ੧, ੭)

ਗੁਰੂ ਸਾਹਿਬਾਨ ਮੁਗ਼ਲ ਸਾਸ਼ਨ ਨਾਲ ਪੂਰਾ ਮਿਲਵਰਤਨ ਕਰਦੇ ਰਹੇ ਸਨ। ਮੁਗ਼ਲ ਸਾਸ਼ਨ ਦੀ ਵੀ ਗੁਰਮਤਿ ਨਾਲ ਕੋਈ ਵਿਸ਼ੇਸ਼ ਵਿਰੋਧਤਾ ਨਹੀਂ ਸੀ। ਪਰ ਹਿੰਦੂ ਪੁਜਾਰੀ ਵਰਗ ਗੁਰਮਤਿ ਦੇ ਪਰਚਾਰ ਨੂੰ ਠੱਲ੍ਹ ਪਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਭੁਲੇਖੇ ਪਾ ਕੇ ਗੁਰਬਾਣੀ ਦਾ ਸਨਮਾਨ ਘਟਾਉਣ ਦਾ ਪੂਰਾ ਜਤਨ ਕਰ ਰਿਹਾ ਸੀ। ਇਹਨਾਂ ਮਨੋਰਥਾਂ ਦੀ ਪੂਰਤੀ ਲਈ ਉਹ ਗੁਰ ਅਸਥਾਨਾਂ ਤੇ ਕਬਜ਼ੇ ਕਰਨ, ਭਰਮਪੂਰਨ ਜੀਵਨੀਆਂ ਅਤੇ ਇਤਹਾਸਕ ਗ੍ਰੰਥ ਰਚਣ ਅਤੇ ਗੁਰਮਤਿ ਨੂੰ ਢਾਹ ਲਾਉਣ ਵਾਲੇ ਸੰਗਠਨ ਸੰਗਠਤ ਕਰਨ ਦੀਆਂ ਵਿਉਂਤਾਂ ਬਣਾ ਰਿਹਾ ਸੀ। ਉਹ ਜਾਣਦਾ ਸੀ ਕਿ ਜੇਕਰ ਕਿਸੇ ਤਰ੍ਹਾਂ ਸਿੱਖਾਂ ਦਾ ਪਰਸਾਸ਼ਨ ਨਾਲ ਟਾਕਰਾ ਹੋ ਜਾਵੇ ਤਾਂ ਉਸ ਦੇ ਮਨੋਰਥਾਂ ਦੀ ਪਰਾਪਤੀ ਸੰਭਵ ਅਤੇ ਸੁਖਾਲੀ ਹੋ ਜਾਵੇਗੀ।

-8-

ਮੁਗ਼ਲ ਸਾਸ਼ਨ ਧਾਰਮਕ ਸੰਸਥਾਵਾਂ ਦੀ ਸੰਵੇਦਨਸ਼ੀਲਤਾ ਨੂੰ ਨਜ਼ਰ ਅੰਦਾਜ਼ ਕਰਕੇ ਸਖਤੀ ਵਰਤਣ ਦੀ ਰੁੱਚੀ ਰਖਦਾ ਸੀ। ਭਾਵੇਂ ਉਹ ਲੋਕਾਂ ਨੂੰ ਅਧੀਨ ਰਖਣ, ਡਰਾਉਣ ਅਤੇ ਆਪਣੀ ਸੁਰੱਖਿਆ ਦੇ ਭਰੋਸੇ ਲਈ ਸ਼ਕਤੀ ਅਤੇ ਬਲ ਦੀ ਪਰਦਰਸ਼ਨੀ ਕਰਨ ਦਾ ਆਦੀ ਸੀ ਪਰ ਆਮ ਤੌਰ ਤੇ ਉਹ ਆਪਣੇ ਬਣਾਏ ਕਨੂੰਨ ਅਨੁਸਾਰ ਪਰਸਾਸ਼ਨ ਚਲਾਉਂਦਾ ਸੀ। ਉਹ ਵਧੀਕੀ ਅਤੇ ਜ਼ੁਲਮ ਉਦੋਂ ਕਰਦਾ ਸੀ ਜਦੋਂ ਉਸਨੂੰ ਜਾਪੇ ਕਿ ਉਸਦੀ ਸੁਰਖਿਆ, ਸ਼ਕਤੀ ਜਾਂ ਦਬਦਬੇ ਨੂੰ ਖਤਰਾ ਹੈ।

ਉਹ ਫੌਜੀ ਸ਼ਕਤੀ ਦੀ ਵਰਤੋਂ ਕੇਵਲ ਬਗ਼ਾਵਤ ਨੂੰ ਦਬਾਉਣ ਅਤੇ ਵੈਰੀ ਦੇ ਹਮਲੇ ਦਾ ਟਾਕਰਾ ਕਰਨ ਲਈ ਕਰਦਾ ਸੀ। ਗੁਰਮਤਿ ਵਿਰੋਧੀ ਮੁਸਲਮ ਸਾਸ਼ਨ ਦੀ ਕਮਜ਼ੋਰੀ ਅਤੇ ਉਸ ਨਾਲ ਜੁੜੀ ਭਾਵਕਤਾ ਨੂੰ ਭਲੀ ਭਾਂਤ ਸਮਝਦੇ ਸਨ। ਉਹ ਪਰਸਾਸ਼ਨ ਨੂੰ ਲਗਾਤਾਰ ਮੁਖਬਰਾਂ, ਸੂਹੀਆਂ ਅਤੇ ਸ਼ਕਾਇਤੀਆਂ ਰਾਹੀਂ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਵਿਰੁਧ ਭੜਕਾਉਂਦੇ ਰਹਿੰਦੇ ਸਨ। ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਸ਼ਹੀਦੀਆਂ ਅਤੇ ਅਨੰਦਪੁਰ ਸਾਹਿਬ ਤੇ ਹਮਲਾ ਇਹਨਾਂ ਗੁਰਮਤਿ ਵਿਰੋਧੀਆਂ ਦੀਆਂ ਸਾਜ਼ਸ਼ਾਂ ਦਾ ਹੀ ਨਤੀਜਾ ਸਨ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰਮਤਿ ਵਿਰੋਧੀਆਂ ਵਲੋਂ ਗੁਰਮਤਿ ਨੂੰ ਨਸ਼ਟ ਕਰਨ ਦੇ ਕਈ ਜਤਨ ਕੀਤੇ ਗਏ। ਅਜਿਹਾ ਕਰਨ ਲਈ ਉਹਨਾਂ ਸਮੇਂ ਦੀਆਂ ਰਾਜਸੀ ਸ਼ਕਤੀਆਂ ਨੂੰ ਸਿੱਖਾਂ ਵਿਰੁਧ ਵਰਤਨ ਦੀ ਕਾਰਜ ਵਿਧੀ ਅਪਣਾਈ। ਉਹ ਗੁਪਤ ਰਹਿ ਕੇ ਸਿੱਖਾਂ ਨਾਲ ਹਿਤੈਸ਼ੀਆਂ ਵਾਲਾ ਵਿਉਹਾਰ ਕਰਦੇ ਰਹੇ ਅਤੇ ਅੰਦਰੋ ਅੰਦਰੀ ਸਾਸ਼ਨ ਦੀ ਸਿੱਖਾਂ ਨਾਲ ਜੰਗ ਕਰਵਾਉਣ ਦੀਆਂ ਯੋਜਨਾਵਾਂ ਬਣਾਉਂਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਦੀ ਮੁਗ਼ਲ ਸਰਕਾਰ ਨਾਲ ਮਿਲਵਰਤਣ ਦੀ ਸਪਸ਼ਟ ਨੀਤੀ ਵਿਰੁਧ ਬੰਦੇ ਬਹਾਦਰ ਨੇ ਪੰਜਾਬ ਸਾਸ਼ਨ ਪਰ ਹਮਲੇ ਕਰਕੇ ਜੰਗ ਛੇੜ ਦਿੱਤੀ। ਗੁਰਮਤਿ ਵਿਰੋਧੀ ਤੇ ਐਸੀ ਜੰਗ ਦੀ ਤਾਕ ਵਿੱਚ ਹੀ ਬੈਠੇ ਸਨ। ਬੰਦੇ ਬਹਾਦਰ ਵਲੋਂ ਛੇੜੀ ਜੰਗ ਲਈ ਮੁਗ਼ਲ ਸਾਸ਼ਨ ਨੇ ਸਿੱਖ ਸ਼ਰਧਾਲੂਆਂ ਨੂੰ ਜ਼ਿਮੇਵਾਰ ਠਹਿਰਾਇਆ ਅਤੇ ਸਿਖਾਂ ਦਾ ਖੁਰਾ ਖੋਜ ਮਿਟਾਉਣ ਦਾ ਨਿਸ਼ਚਾ ਕਰ ਲਿਆ। ਸਿਖਾਂ ਨੂੰ ਆਪਣੀ ਰਖਿਆ ਲਈ ਜੰਗਲਾਂ ਵਿੱਚ ਛੁਪਣਾ ਪਿਆ। ਗੁਰੂ ਘਰਾਂ ਤੇ ਉਦਾਸੀਆਂ, ਨਿਰਮਲਿਆ ਅਤੇ ਪੁਜਾਰੀਆਂ ਦਾ ਕਬਜ਼ਾ ਹੋ ਗਿਆ। ਗੁਰਮਤਿ ਦੇ ਵਿਦਵਾਨ ਲੋਪ ਹੋ ਗਏ ਅਤੇ ਗੁਰਮਤਿ ਵਿਰੋਧੀਆਂ ਨੂੰ ਗੁਰਬਾਣੀ, ਗੁਰਮਤਿ ਅਤੇ ਗੁਰ ਇਤਿਹਾਸ ਬਾਰੇ ਕਲਪਤ ਭੁਲੇਖਾ ਪਾਊ ਸਾਹਿਤ ਰਚ ਕੇ ਸ਼ਰਧਾਲੂਆਂ ਵਿੱਚ ਪਰਚਾਰਨ ਦਾ ਮੌਕਾ ਮਿਲ ਗਿਆ। ਦਸਮ ਗ੍ਰੰਥ ਅਤੇ ਕਈ ਮਿਥਹਾਸਕ ਜੀਵਨ ਕਥਾਵਾਂ ਇਸ ਸਮੇਂ ਹੋਂਦ ਵਿੱਚ ਆਈਆਂ। ਗੁਰਮਤਿ ਵਿਰੋਧੀ ਬਹੁਤ ਲੰਮੇ ਸਮੇਂ ਗੁਰ ਅਸਥਾਨਾਂ ਤੇ ਕਾਬਜ਼ ਰਹੇ ਅਤੇ ਗੁਰਮਤਿ ਉਪਦੇਸ਼ਾਂ ਵਿਰੁਧ ਪਰਚਾਰ ਕਰਦੇ ਰਹੇ।

ਦੂਜੀ ਵਾਰ ਫਿਰ ਅੰਗ੍ਰੇਜ਼ੀ ਰਾਜ ਸਮੇਂ ਗੁਰਮਤਿ ਵਿਰੋਧੀਆਂ ਨੇ ਚਲਾਕੀ ਨਾਲ ਸਿੱਖਾਂ ਦੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੇ ਅੰਦੋਲਨ ਨੂੰ ਅੰਗ੍ਰਾਜ਼ੀ ਸਾਸ਼ਨ ਵਿਰੁਧ ਵਿਦਰੋਹ ਬਣਾ ਦਿੱਤਾ। ਜਦੋਂ ਗੁਰਮਤਿ ਦੇ ਧਾਰਨੀਆਂ ਦੇ ਅਟਲ ਵਿਸ਼ਵਾਸ, ਨਿਮਰਤਾ ਅਤੇ ਸਹਿਨਸ਼ੀਲਤਾ ਸਾਹਮਣੇ ਅੰਗ੍ਰੇਜ਼ੀ ਸਾਮਰਾਜ ਦਾ ਸਾਸ਼ਨ ਡਾਵਾਂ ਡੋਲ ਹੋ ਗਿਆ ਤਾਂ ਗੁਰਮਤਿ ਵਿਰੋਧੀ ਸਿੱਖਾਂ ਦੇ ਹਿਤੈਸ਼ੀ ਬਣ ਬੈਠੇ ਅਤੇ ਸਿੱਖ ਸੰਘਰਸ਼ ਤੋਂ ਲਾਭ ਉਠਾਉਣ ਦੀਆਂ ਵਿਊਂਤਾਂ ਬਨਾਉਣ ਲੱਗ ਪਏ। ਇਸੇ ਤਰ੍ਹਾਂ, ਤੀਜੀ ਵਾਰ, ਗੁਰਮਤਿ ਦੇ ਸਫਲ ਪਰਚਾਰ ਤੋਂ ਭੈ ਭੀਤ ਹੋ ਕੇ ਗੁਰਮਤਿ ਵਿਰੋਧੀ ਸ਼ਕਤੀਆਂ ਨੇ 1984 ਵਿੱਚ ਦਰਬਾਰ ਸਾਹਿਬ ਅਤੇ ਹੋਰ ਗੁਰੂ ਘਰਾਂ ਤੇ ਭਾਰਤ ਸਰਕਾਰ ਤੋਂ ਟੈਂਕਾ ਨਾਲ ਹਮਲੇ ਕਰਵਾ ਦਿੱਤੇ। ਸਿੱਖਾਂ ਦਾ ਕਤਲ-ਏ-ਆਮ ਕਰਵਾ ਦਿੱਤਾ। ਪੰਜਾਬ ਉਜਾੜ ਦਿੱਤਾ। ਬਹੁਤ ਸਾਰੇ ਸਿੱਖਾਂ ਨੂੰ ਮਜਬੂਰਨ ਪਰਵਾਸੀ ਬਨਣਾ ਪਿਆ। ਵਿਦੇਸ਼ਾਂ ਵਿੱਚ ਜਾ ਕੇ ਵਸੇ ਸਿੱਖਾਂ ਨੇ ਨਵੇਂ ਗੁਰਦੁਆਰੇ ਸਥਾਪਤ ਕਰ ਲਏ ਅਤੇ ਗੁਰਮਤਿ ਦਾ ਸੰਚਾਰ ਵਿਸਤਰਤ ਹੋਣ ਨਾਲ ਗੁਰਮਤਿ ਫੁਲਵਾੜੀ ਦੀ ਮੈਹਕ ਸਾਰੇ ਦੇਸ਼ਾਂ ਵਿੱਚ ਫੈਲ ਗਈ।

-9-

ਗੁਰਮਤਿ ਵਿਰੋਧੀਆਂ ਦੀਆਂ ਚਣੌਤੀਆਂ ਗੁਰਮਤਿ ਦੇ ਧਾਰਨੀਆਂ ਦੀ ਸ਼ਰਧਾ, ਹਿੰਮਤ ਅਤੇ ਨਿਸ਼ਚਾ ਵਧਾਉਂਦੀਆਂ ਰਹੀਆਂ ਹਨ। ਹੁਣ ਉਹਨਾਂ ਦਸਮ ਗ੍ਰੰਥ ਦਾ ਵਿਵਾਦ ਗੁਰਮਤਿ ਦੇ ਪਰਸਾਰ ਅਤੇ ਪਰਚਾਰ ਵਿੱਚ ਵਿਘਨ ਪਾਉਣ ਲਈ ਛੇੜਿਆ ਹੈ ਕਿਉਂਕੇ ਉਹ ਜਾਣਦੇ ਹਨ ਕਿ ਗੁਰਮਤਿ ਗਾਡੀ ਰਾਹ ਹੀ ਇੱਕ ਐਸੀ ਜੀਵਨ ਜਾਚ ਹੈ ਜੋ ਸੁੱਖ ਸ਼ਾਂਤੀ ਨਾਲ ਆਧੁਨਿਕ ਮਨੁੱਖੀ ਇਛਾਵਾਂ ਦੀ ਪੂਰਤੀ ਕਰਨ ਦੇ ਸਮਰਥ ਹੈ ਅਤੇ ਅਜੋਕੇ ਚਿੰਤਾਤੁਰ ਜੁੱਗ ਵਿੱਚ ਐਸੇ ਆਤਮਕ ਗਿਆਨ ਦੀ ਬਹੁਤ ਆਵਸ਼ਕਤਾ ਹੈ।

**********
.