.

ਆਓ! ਰਲ ਕੇ ਸਮਝੀਏ (ਭਾਗ-੧)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਦਰਅਸਲ ਅੱਜ ਸਾਡੀ ਕੌਮ ਦੀ ਜੋ ਸਮੁਚੀ ਹਾਲਤ ਬਣੀ ਪਈ ਹੈ, ਇਸ ਦੇ ਲਈ ਸਿੱਖਾਂ ਵਿਚੋਂ ਕੋਈ ਇੱਕ ਵਰਗ ਨਹੀਂ ਬਲਕਿ ਸਾਧਾਰਣ ਸਿੱਖ ਸੰਗਤਾਂ, ਗੁਰਦੁਆਰਿਆਂ ਦੇ ਪਬੰਧਕਾਂ, ਸਿੱਖਾਂ ਦੇ ਰਾਜਸੀ ਨੇਤਾ, ਸਿੱਖ ਪ੍ਰਚਾਰਕ ਸ਼੍ਰੇਣੀ, ਪ੍ਰਚਾਰਕ ਜਥੇਬੰਧੀਆਂ, ਇਸਤ੍ਰੀ ਸਤਿਸੰਗ ਸਭਾਵਾਂ ਭਾਵ ਕਿ ਇਸ ਦੇ ਲਈ ਸਾਰੇ ਹੀ ਅੰਗ ਘੱਟ ਜਾਂ ਵਧ ਪਰ ਕੁੱਝ ਨਾ ਕੁੱਝ ਜ਼ਿੰਮੇਂਵਾਰ ਜ਼ਰੂਰ ਹਨ। ਹੱਥਲੇ ਗੁਰਮਤਿ ਪਾਠ `ਚ ਇਸੇ ਗਲ ਨੂੰ ਛੋਟੀਆਂ ਛੋਟੀਆਂ ਪਰ ਬੜੇ ਰੋਚਕ ਢੰਗ ਨਾਲ ਕਹਾਣੀਆਂ ਦੀ ਸ਼ਕਲ `ਚ ਸਮਝਣ- ਸਮਝਾਉਣ ਦਾ ਜੱਤਨ ਕੀਤਾ ਗਿਆ ਹੈ, ਇਸ ਲਈ ਸ਼ਾਇਦ ਇਸੇ ਤੋਂ ਹੀ ਸਾਨੂੰ ਪੰਥ ਅੰਦਰ ਆ ਚੁੱਕੇ ਵਿਗਾੜ ਦੀ ਕੁੱਝ ਸਮਝ ਆ ਸਕੇ। ਆਓ! ਰਲ ਕੇ ਇਕ-ਇਕ ਕਹਾਣੀ ਨੁਮਾ ਸੁਨੇਹੇ ਅਤੇ ਮਕਸਦ ਤੋਂ ਲੋੜ ਅਨੁਸਾਰ ਲਾਭ ਲੈ ਸਕੀਏ:

(1) ਵੱਡਾ ਡਾਕਟਰ- ਇੱਕ ਪਿੰਡ `ਚ ਇੱਕ ਅਨਪੜ੍ਹ ਆਦਮੀ ਬਿਮਾਰ ਹੋ ਗਿਆ। ਪਿੰਡ ਦੇ ਲੋਕਾਂ ਦੇ ਦਸਣ `ਤੇ ਉਸ ਕਈ ਟੋਟਕੇ ਵਰਤੇ, ਹਕੀਮ ਤੋਂ ਦਵਾਈ ਲਿਆ ਕੇ ਵਰਤੀ, ਹੋਰ ਸੰਭਵ ਇਲਾਜ ਕੀਤੇ ਪਰ ਬੇ-ਅਸਰ, ਉਲਟਾ “ਮਰਜ਼ ਬੜ੍ਹਤਾ ਗਿਆ, ਜਿਉਂ ਜਿਉਂ ਦਵਾ ਕੀ” ਅਨੁਸਾਰ ਬਿਮਾਰੀ ਹੋਰ ਤੇ ਹੋਰ ਵਧਦੀ ਗਈ।

ਇੱਕ ਵਾਰੀ, ਇੱਕ ਸਿਆਣਾ ਸੱਜਨ ਉਸਨੂੰ ਮਿਲਣ ਆਇਆ। ਉਸਨੂੰ ਬਿਮਾਰ ਦੇਖ, ਉਸ ਨੇ ਸਲਾਹ ਦਿੱਤੀ ਕਿ ਇਸ ਲਈ ਉਹ ਸ਼ਹਿਰ ਦੇ ਕਿਸੇ ਵੱਡੇ ਹਸਪਤਾਲ `ਚ ਕਿਸੇ ਸਿਆਣੇ ਡਾਕਟਰ ਨੂੰ ਜਾ ਕੇ ਮਿਲੇ ਤਾਂ ਉਸ ਦਾ ਇਲਾਜ ਹੋ ਜਾਵੇਗਾ। ਉਸਨੇ ਇਸੇ ਤਰ੍ਹਾਂ ਕੀਤਾ, ਉਹ ਸ਼ਹਿਰ ਗਿਆ, ਉਥੇ ਨਾਮਵਰ ਹਸਪਤਾਲ `ਚ ਜਾ ਕੇ ਉਸ ਅਗੇ ਮੱਥਾ ਟੇਕਿਆ। ਫ਼ਿਰ ਉਥੋਂ ਦੇ ਵੱਡੇ ਡਾਕਟਰ ਕੋਲ ਪੁੱਜਾ, ਉਸ ਨੂੰ ਵੀ ਜਾ ਕੇ ਸਿੱਜਦਾ ਕੀਤਾ, ਉਸਦੇ ਕਮਰੇ ਤੇ ਉਸ ਦੁਆਲੇ ਪ੍ਰਕਰਮਾ ਕੀਤੀ। ਇਸੇ ਤਰ੍ਹਾਂ ਲੈਬਾਰਟਰੀ ਆਦਿ `ਚ ਜਾ ਕੇ ਵੀ ਉਹੀ ਕੁੱਝ ਕੀਤਾ। ਅੰਤ ਵਪਿਸ ਆ ਗਿਆ, ਬਿਮਾਰੀ ਫ਼ਿਰ ਵੀ ਵੱਧਦੀ ਗਈ ਤੇ ਹਾਲਤ ਹੋਰ ਵਿਗੜਦੀ ਗਈ।

ਕੁਝ ਦਿਨ ਲੰਙੇ ਤਾਂ ਉਸ ਭਲੇ ਪੁਰਖ ਦਾ ਇੱਕ ਵਾਰੀ ਫ਼ਿਰ ਆਉਣਾ ਹੋਇਆ। ਉਸ ਬਿਮਾਰ ਨੂੰ ਦੇਖ, ਬੜੀ ਹੈਰਾਨੀ ਹੋਈ ਤੇ ਪੁਛਿਆ ਕਿ, ਕੀ ਉਹ ਸ਼ਹਿਰ ਗਿਆ ਸੀ, ਤਾਂ ਬਿਮਾਰ ਮਨੁੱਖ ਨੇ ਹੂ-ਬ-ਹੂ ਸਾਰੀ ਵਿਥਿਆ ਸੁਣਾ ਦਿੱਤੀ। ਉਸ ਭਲੇ ਪੁਰਖ ਨੂੰ ਉਸ ਅਣਪੜ੍ਹ-ਬਿਮਾਰ ਦੇ ਭੋਲੇਪਣ `ਤੇ ਬੜੀ ਹੈਰਾਨੀ ਹੋਈ। ਉਸਨੇ ਉਸ ਬਿਮਾਰ ਨੂੰ ਦੋਬਾਰਾ ਸਮਝਾਇਆ ਕਿ ਉਹ ਫ਼ਿਰ ਉਸ ਹਸਪਤਾਲ ਜਾਏ ਅਤੇ ਹਸਪਤਾਲ ਨੂੰ ਨਹੀਂ ਬਲਕਿ ਡਾਕਟਰ ਨੂੰ ਮਿਲ ਕੇ ਉਸ ਨੂੰ ਆਪਣੀ ਸਾਰੀ ਬਿਮਾਰੀ ਬਾਰੇ ਦੱਸੇ। ਉਪਰੰਤ ਜਿਸਤਰਾਂ ਡਾਕਟਰ ਸਾਹਿਬ ਦਸਣ ਉਸ ਤੇ ਅਮਲ ਵੀ ਕਰੇ। ਠੀਕ ਇਸੇ ਤਰ੍ਹਾਂ ਹੀ ਹੋਇਆ। ਨਤੀਜਾ ਜਦੋਂ ਤੀਜੀ ਵਾਰੀ ਉਸ ਭਲੇ ਪੁਰਖ ਦਾ ਆਉਣਾ ਹੋਇਆ ਤਾਂ ਮਰੀਜ਼ ਠੀਕ-ਠਾਕ, ਨੌ-ਬਰ-ਨੌ ਸੀ।

ਸਿੱਟਾ ਇਹ ਕਿ ਅੱਜ ਸਾਡੇ ਵਿਚੋਂ ਬਹੁਤਿਆਂ ਦੀ ਹਾਲਤ ਵੀ ਉਸ ਅਣਪੜ੍ਹ ਬਿਮਾਰ ਵਾਲੀ ਹੀ ਹੈ। ਦੁਨਿਆਵੀ ਡਾਕਟਰ ਦੀ ਤਾਂ ਗੱਲ ਹੀ ਛੱਡ ਦੇਵੋ। ਅੱਜ ਦੁਨੀਆਂ ਦਾ ਸਭ ਤੋਂ ਵੱਡਾ ਸਰੀਰਕ, ਮਾਨਸਿਕ ਤੇ ਹਲਤ-ਪਲਤ ਤੀਕ ਦਾ ਕਾਮਿਲ ਡਾਕਟਰ ਸਾਡੇ ਕੋਲ ਹੈ। ਇੰਨਾ ਹੀ ਨਹੀਂ, ਅਸੀਂ ਆਪਣੇ ਆਪ ਨੂੰ ਉਸਦੇ ਅਨੁਯਾਯੀ, ਸ਼ਰਧਾਲੂ ਤੇ ਸਿੱਖ ਵੀ ਅਖਵਾਉਂਦੇ ਹਾਂ ਭਾਵ ਦੁਨੀਆ ਅਗੇ ਢੰਡੋਰਾ ਪਿੱਟਦੇ ਹਾਂ ਕਿ ਅਸੀਂ ਉਸੇ ਡਾਕਟਰ-ਗੁਰੂ ਦੀ ਸਿਖਿਆ `ਤੇ ਚਲਦੇ ਹਾਂ। ਉਸ ਦੇ ਅੱਗੇ-ਪਿਛੇ ਪ੍ਰਕਰਮਾਂ ਵੀ ਕਰਦੇ ਹਾਂ। ਦੁਨੀਆਂ ਦੇ ਸਭ ਤੋਂ ਵੱਡੇ ਹਸਪਤਾਲ ਭਾਵ ਗੁਰਦੁਆਰੇ ਵੀ ਜਾਂਦੇ ਹਾਂ। ਉਥੇ ਜਾ ਕੇ ਮੱਥੇ ਵੀ ਇੱਕ ਵਾਰੀ ਨਹੀਂ ਬਲਕਿ ਦਸ-ਦਸ ਵਾਰੀ ਟੇਕਦੇ ਹਾਂ। ਕਦੇ ਪਉੜੀਆਂ `ਤੇ ਕਦੇ ਦਰਸ਼ਣੀ ਡਿਉੜੀ, ਕਦੇ ਸਨਮੁੱਖ, ਕਦੇ ਪਾਸਿਆਂ ਤੋਂ, ਕਦੇ ਪਿਛਲੇ ਪਾਸਿਓ, ਕਏ ਸੁਖਾਸਨ ਸਥਾਨਾਂ `ਤੇ, ਕਦੇ ਨਿਸ਼ਾਨ ਸਾਹਿਬ ਅੱਗੇ ਜਾਂ ਉਸ ਦੀਆਂ ਪ੍ਰਕਰਮਾਂ। ਫ਼ਿਰ ਜੇਕਰ ਉਥੇ ਕੋਈ ਇਤਿਹਾਸਕ ਦਰਖਤ, ਤਨਾ, ਦਿਵਾਰ, ਸਰੋਵਰ ਜਾਂ ਕੁੱਝ ਹੋਰ ਵੀ ਹੋਵੇ, ਮੱਥਾ ਟੇਕਣ ਤੋਂ ਕਦੇ ਪਿਛੇ ਨਹੀਂ ਰਹਿੰਦੇ।

ਇਸਤੋਂ ਬਾਅਦ ਗੁਰਬਾਣੀ ਸਿਖਿਆ ਰਾਹੀਂ, ਉਥੋਂ ਜਿਹੜੀ ਸੁਚੱਜੇ ਤੇ ਨਿਰਮਲ ਅਰੋਗ ਜੀਵਨ ਲਈ ਸਾਨੂੰ ਦਵਾਈ ਮਿਲਦੀ ਹੈ ਉਹ ਅਸੀਂ ਕਦੇ ਵਰਤਦੇ ਹੀ ਨਹੀਂ। ਸਾਡਾ ‘ਡਾਕਟਰ-ਗੁਰੂ’ ਜਿਹੜੇ ਸਾਨੂੰ ਪਰਹੇਜ਼ ਦਸਦਾ ਹੈ--ਥਿੱਤਾਂ-ਵਾਰਾਂ-ਮਹੂਰਤਾਂ, ਸੁੱਚਾਂ-ਭਿੱਟਾਂ, ਵਿਤਕਰਿਆਂ, ਸੁਖਨਾ-ਚਾਲੀਹੇ-ਵਰਤਾਂ ਅਦਿ `ਚ ਨਾ ਪਵੋ, ਬਾਣੀ ਦੇ ਪਾਠ ਗਿਣਤੀਆਂ-ਮਿੰਣਤੀਆਂ ਤੇ ਪੈਸੇ ਦੇ ਕੇ ਨਾ ਕਰਾਵੋ ਬਲਕਿ ਆਪ ਕਰੋ ਤੇ ਜੀਵਨ `ਚ ਲਿਆਓ, ਕਰਮਕਾਂਡੀ ਨਾ ਬਣੋ, ਰੀਤਾਂ ਰਿਵਾਜਾਂ ਤੇ ਅਣਮੱਤੀਆਂ ਦੇ ਪਿੱਛਲਗ ਨਾ ਬਣੋ ਅਤੇ ਉਸ ਮਿਲੇ ਹੋਏ ਬਾਣੀ ਜੀਵਨ ਨਾਲ ਦੁਨੀਆਂ ਦੀਆਂ ਸਰਦਾਰੀਆਂ ਮਾਣੋਂ। ਮੁੱਕਦੀ ਗੱਲ ਕਿ ਜਿਨ੍ਹਾਂ ਵੀ ਪਰਹੇਜ਼ਾਂ ਤੋਂ ਸਾਡਾ ‘ਡਾਕਟਰ-ਗੁਰੂ’ ਤਾਕੀਦ ਕਰਦਾ ਹੈ ਨਾ ਕਰੋ-ਅਸੀਂ ਫ਼ਿਰ ਵੀ ਕਰਦੇ ਜ਼ਰੂਰ ਹਾਂ। ਤਾਂ ਤੇ ਹੋਏਗਾ ਤਾਂ ਉਹੀ ਕੁੱਝ “ਮਰਜ਼ ਬੜ੍ਹਤਾ ਗਿਆ. .” ਵਾਲੀ ਗਲ, ਭਾਵ ਜੋ ਉਸ ਵਿਚਾਰੇ ਅਣਪੜ੍ਹ ਬਿਮਾਰ ਨਾਲ ਹੁੰਦਾ ਰਿਹਾ। ਨਾ ਅਸੀਂ ਆਪਣੇ ਡਾਕਟਰ-ਗੁਰੂ ਦੀ ਦਿੱਤੀ ਦਵਾਈ ਵਰਤਦੇ ਹਾਂ ਤੇ ਨਾ ਪਰਹੇਜ਼ ਕਰਦੇ ਹਾਂ। ਇਸ ਤੋਂ ਵੀ ਵੱਡੀ ਖੂਬੀ ਇਹ ਕਿ ਕਸੂਰਵਾਰ ਅਸੀਂ ਆਪ ਹਾਂ ਪਰ ਉਲ੍ਹਾਮਾ ‘ਡਾਕਟਰ-ਗੁਰ’ ਨੂੰ ਹੀ ਦੇਂਦੇ ਹਾਂ ਕਿ ਤੂੰ ਸਾਨੂੰ ਠੀਕ ਨਹੀਂ ਕਰਦਾ, “ਕਿਤਨੇ ਸਿਆਣੇ ਹੋ ਚੁਕੇ ਹਾਂ ਅਸੀਂ” ? ੦੦

(2) ਸ਼ੇਰ ਦਾ ਬੱਚਾ- ਇੱਕ ਸਨ ਸ਼ੇਰ ਤੇ ਸ਼ੇਰਨੀ, ਦੋਵੇਂ ਜੰਗਲ ਦੀ ਇੱਕ ਗੁਫਾ `ਚ ਰਹਿੰਦੇ ਤੇ ਜੀਵਨ ਬਿਤਾਉਂਦੇ ਸਨ। ਉਨ੍ਹਾਂ ਦੀ ਗਰਜ ਸੁਣ, ਜੰਗਲ ਦੇ ਸਾਰੇ ਜਾਨਵਰ ਥੱਰ-ਥੱਰ ਕੰਬਦੇ। ਇੱਕ ਵਾਰੀ ਸ਼ੇਰ-ਸ਼ਰਨੀ ਦੇ ਕੁੱਝ ਬੱਚੇ ਹੋਏ, ਹੁਣ ਉਹ ਆਪਣੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ, ਸ਼ਿਕਾਰ ਕਰਣ ਜਾਂਦੇ ਤਾਂ ਆਪਣੇ ਬੱਚਿਆਂ ਲਈ ਵੀ ਪ੍ਰਬੰਧ ਕਰਕੇ ਲਿਆਂਉਂਦੇ। ਜਦੋਂ ਬੱਚੇ ਵੀ ਚਲਣ-ਫ਼ਿਰਣ ਜੋਗੇ ਹੋਏ ਤਾਂ ਸ਼ੇਰ-ਸ਼ੇਰਨੀ ਨਾਲ ਉਹ ਵੀ ਸ਼ਿਕਾਰ `ਤੇ ਜਾਣ ਲਗ ਪਏ ਪਰ ਬੱਚੇ ਅਜੇ ਛੋਟੇ ਸਨ। ਇੱਕ ਵਾਰੀ ਸ਼ੇਰ-ਸ਼ੇਰਨੀ ਜਦੋਂ ਸ਼ਿਕਾਰ ਨੂੰ ਗਏ, ਬੱਚੇ ਆਪਣੇ ਮਾਪਿਆਂ ਭਾਵ ਸ਼ੇਰ-ਸ਼ੇਰਨੀ ਤੋਂ ਨਿੱਖੜ ਗਏ। ਉਪ੍ਰੰਤ ਕੁੱਝ ਦੇਰ ਬਾਅਦ ਆਪਸ `ਚ ਮਿਲ ਵੀ ਗਏ, ਤਾਂ ਵੀ ਵਿਛੜਣ ਦਾ ਨਤੀਜਾ, ਬੱਚਿਆਂ `ਚੋਂ ਸ਼ੇਰ ਦਾ ਇੱਕ ਬੱਚਾ ਨਿੱਖੜ ਕੇ ਦੂਰ ਨਿਕਲ ਗਿਆ ਤੇ ਇੱਕ ਗਡਰੀਏ ਦੇ ਹੱਥ ਲੱਗ ਗਿਆ। ਇਸ ਤਰ੍ਹਾਂ ਸ਼ੇਰ ਦੇ ਉਸ ਬੱਚੇ ਦਾ ਬਚਪਣ ਵੀ, ਗਡਰੀਏ ਦੀਆਂ ਭੇਡਾਂ `ਚ ਰਹਿ ਕੇ ਹੀ ਬੀਤਣ ਲਗਾ। ਇਥੋਂ ਤੀਕ ਕਿ ਕੁੱਝ ਸਮੇਂ ਬਾਅਦ ਉਸ ਦਾ ਖਾਣ-ਪਾਣ, ਬੋਲੀ ਸਭ ਭੇਡਾਂ ਵਾਲੀ ਹੀ ਹੋ ਗਈ ਪਰ ਸੀ ਤਾਂ ਸ਼ੇਰ ਦਾ ਹੀ ਬੱਚਾ। ਕੁਦਰਤ ਦੀ ਕਰਣੀ, ਇੱਕ ਦਿਨ ਉਹੀ ਸ਼ੇਰ, ਉਸੇ ਭੇਡਾਂ ਦੇ ਇੱਜੜ `ਤੇ ਆ ਪਿਆ ਤੇ ਦੋ -ਤਿੰਨ ਭੇਡਾਂ ਵੀ ਢੇਰ ਕਰ ਦਿੱਤੀਆਂ। ਇਸ ਤਰ੍ਹਾਂ ਬਾਕੀ ਇੱਜੜ ਜਾਣ ਬਚਾ ਕੇ ਦੌੜਿਆ ਜਦਕਿ ਸ਼ੇਰ ਨੇ ਆਪਣੇ ਬੱਚੇ ਨੂੰ ਕੁੱਝ ਨਾ ਕਿਹਾ। ਉਲਟਾ ਉਹ ਉਸ ਆਪਣੇ ਬੱਚੇ ਨੂੰ ਵੀ ਆਪਣੇ ਨਾਲ ਲੈ ਟੁਰਿਆ। ਬੱਚਾ ਵੀ ਆਪਣੇ ਜਾਤ ਭਾਈ ਨੂੰ ਦੇਖ, ਬੜਾ ਖੁਸ਼ ਹੋਇਆ ਪਰ ਤਦ ਤੀਕ ਉਸਦੀ ਰਹਿਣੀ-ਬੋਲੀ ਸਭ ਬਦਲ ਚੁੱਕੇ ਸਨ। ਖ਼ੈਰ, ਇਸ ਤਰਾਂ ਸ਼ੇਰ ਦਾ ਉਹ ਬੱਚਾ ਜਦੋਂ ਆਪਣੇ ਵਾਤਾਵਰਣ `ਚ ਪਰਤਿਆ ਤਾਂ ਕੁੱਝ ਸਮੇਂ `ਚ ਉਹ ਵੀ ਭੇਡਾਂ ਦਾ ਸ਼ਿਕਾਰ ਕਰਣ ਦੇ ਕਾਬਿਲ ਹੋ ਗਿਆ। ਬਹੁਤ ਜਲਦੀ ਉਸਨੇ ਸ਼ੇਰਾਂ ਵਾਲੀ ਬੋਲੀ ਤੇ ਜੀਵਨ, ਰਹਿਣੀ ਨੂੰ ਵੀ ਅਪਣਾ ਲਿਆ।

ਸਿੱਟਾ-ਇਹੀ ਫ਼ਰਕ ਹੁੰਦਾ ਹੈ ਮਨਮੱਤ ਤੇ ਗੁਰਮਤਿ ਵਿਚਕਾਰ। ਇਸੇ ਤਰ੍ਹਾਂ ਗੁਰੂ-ਗੁਰਬਾਣੀ ਤੋਂ ਨਿੱਖੜੇ ਕੱਚੇ ਪਿੱਲੇ ਵੀ ਭਾਵ ਉਹ ਗੁਰਮੁੱਖ ਜਿਨ੍ਹਾਂ `ਚ ਅਜੇ ਗੁਰਮਤਿ ਦਾ ਅਲ੍ਹੜਪਣ (ਬਚਪਣ) ਹੀ ਹੁੰਦਾ ਹੈ ਜਦੋਂ ਕਿਸੇ ਕਾਰਨ ਮਨਮੱਤੀਆਂ `ਚ ਰਲ ਜਾਂਦੇ ਹਨ ਤਾਂ ਉਨ੍ਹਾਂ ਹੀ ਮਨਮੱਤਾਂ ਨੂੰ ਆਪਣਾ ਜੀਵਨ ਸਮਝ ਲੈਂਦੇ ਹਨ। ਗੁਰਮਤਿ ਦੀ ਠੰਡਕ ਅਜੇ ਉਨ੍ਹਾਂ ਅੰਦਰ ਅਜੇ ਪ੍ਰਫ਼ੁਲਤ ਨਹੀਂ ਹੋਈ ਹੁੰਦੀ। ਨਤੀਜਾ, ਇੱਕ ਅਕਾਲਪੁਰਖ ਤੋਂ ਟੁੱਟੇ ਹੋਏ ਇਹ ਲੋਕ ਭਿੰਨ-ਭਿੰਨ ਦੀ ਪੂਜਾ-ਅਰਚਾ, ਜਾਤ-ਪਾਤ, ਊਚ-ਨੀਚ ਦੇ ਕੋੜ੍ਹ, ਟੂਣੇ-ਪ੍ਰਛਾਵੇਂ, ਮਾਲਾ-ਵਰਤ-ਹੱਠ ਕਰਮ, ਮਨਮੱਤੀਆਂ ਵਾਲੀ ਬੋਲੀ ਭਾਵ ਤੂੰ-ਤੂੰ (ਅਕਾਲਪੁਰਖ) ਤੋਂ ਬਦਲ ਕੇ ਮੈਂ-ਮੈਂ, ਮੋਹ-ਮਾਇਆ ਦੀ ਪੱਕੜ, ਆਸਾ-ਮਨਸਾ ਤੇ ਮੰਗਾਂ ਦਾ ਤੁਫ਼ਾਨ, ਸਗਨ-ਰੀਤਾਂ, ਸਵੇਰ-ਸ਼ਾਮ, ਮੰਗਲ-ਸਨੀਚਰ, ਸੰਗ੍ਰਾਦਾਂ-ਮਸਿਆਂਵਾਂ-ਪੂਰਨਮਾਸ਼ੀਆਂ, ਥਿੱਤਾਂ-ਵਾਰਾਂ ਦੇ ਭਰਮ ਭੁਲੇਖ, ਡਰ-ਸਹਿਮ-ਵਹਿਮ, ਰਾਸ਼ੀ ਫਲ-ਮਹੂਰਤ ਤੇ ਪਤਾ ਨਹੀਂ ਕਿਹੜੇ ਕਿਹੜੇ ਕਰਮਕਾਂਡਾ ਵਾਲਾ ਘਾਸ-ਫੂਸ ਉਨ੍ਹਾਂ ਦੇ ਜੀਵਨ ਦੀ ਖੁਰਾਕ ਬਣ ਜਾਂਦੇ ਹਨ। ਹੇਰਾ ਫ਼ੇਰੀਆਂ-ਠੱਗੀਆਂ, ਦੂਜਿਆਂ ਦਾ ਹੱਕ ਖਾਣਾ, ਦੂਜਿਆਂ ਨਾਲ ਜ਼ੁਲਮ-ਧੱਕਾ-ਜ਼ਿਆਦਤੀ, ਵਿਭਚਾਰ-ਜੂਏ (ਕੈਸੀਨੋ), ਨਸ਼ਿਆਂ ਦੀ ਭਰਮਾਰ ਆਦਿ ਬੇਅੰਤ ਸਾਮਾਜਿਕ ਅਉਗਣ ਤੀਕ ਉਨ੍ਹਾਂ ਦਾ ਜੀਵਨ ਬਣ ਜਾਂਦੇ ਹਨ।

ਕਰਤੇ ਦੀ ਖੇਡ, ਜਦੋਂ ਕਿਸੇ ਸਬੱਬ ਮਨਮੱਤਾਂ `ਚ ਡੁੱਬੇ ਇਨਸਾਨ ਨੂੰ ਗੁਰਮੁਖਾਂ ਦੀ ਸੰਗਤ ਤੋਂ ਇਲਾਹੀ ਗੁਣਾਂ ਵਾਲਾ ਜੀਵਨ ਪ੍ਰਾਪਤ ਹੋ ਜਾਂਦਾ ਹੈ, ਤਾਂ ਜਾ ਕੇ ਉਸ ਨੂੰ ਸਮਝ ਪੈਂਦੀ ਹੈ ਕਿ ਉਹ ਮਨੁੱਖੀ ਜੀਵਨ ਦੀ ਕਿਹੜੀ ਦਲ-ਦਲ ਤੇ ਚਿੱਕੜ `ਚ ਡੁੱਬ ਚੁੱਕਾ ਸੀ। ਪ੍ਰਮਾਤਮਾ ਨੇ ਤਾਂ ਉਸਨੂੰ ਮਨੁੱਖਾ ਜੂਨ ਦੇ ਕੇ “ਕਰਮੀ ਆਵੈ ਕਪੜਾ” ਅਨੁਸਾਰ ਉਸ `ਤੇ ਕਿੰਨੀ ਬਖ਼ਸ਼ਿਸ਼ ਕੀਤੀ ਹੋਈ ਸੀ ਤੇ ਹੁਣ ਉਸ ਦੇ ਜੀਵਨ ਦਾ ਅਗਲਾ ਟੀਚਾ ਤੇ ਮਕਸਦ “ਨਦਰੀ ਮੋਖੁ ਦੁਆਰੁ” ਅਨੁਸਾਰ ਇਸ ਜਨਮ `ਚ ਪ੍ਰਭੂ ਦੀ ਬਖਸ਼ਿਸ਼ ਦਾ ਪਾਤ੍ਰ ਬਨਉਣਾ ਹੈ। ਜੇਕਰ ਅਜੇਹਾ ਨਾ ਹੋਇਆ ਹੁੰਦਾ ਤਾਂ ਉਸਨੇ ਸਚਮੁਚ ਇਹ ਜਨਮ ਵੀ ਜ਼ਾਇਆ ਕਰਕੇ ਦੁਨੀਆਂ ਤੋਂ ਕੂਚ ਕਰ ਜਾਣਾ ਸੀ ਅਤੇ ਮੁੜ ਜੂਨਾਂ ਦੇ ਲੰਮੇ ਚੱਕਰ `ਚ ਪੈ ਜਾਣਾ ਸੀ। ਯਕੀਨਣ ਅਜੇਹਾ ਵਾਪਿਸ ਆਪਣੇ ਘਰ ਗੁਰੂ ਦੀ ਗੋਦ `ਚ ਕਿਸੇ ਬਹਾਨੇ ਪੁੱਜਿਆ, ਆਤਮਕ ਪੱਖੋਂ ਜਾਗ ਚੁੱਕਾ ਮਨੁੱਖ, ਦੋਬਾਰਾ ਉਸ ਦਲ-ਦਲ `ਚ ਵਾਪਿਸ ਨਹੀਂ ਪਰਤਦਾ। ੦੦੦

(3) ਤੋਤਾ ਤੇ ਸ਼ਿਕਾਰੀ- ਇੱਕ ਸ਼ਿਕਾਰੀ ਸੀ ਜੋ ਪੰਛੀਆਂ, ਖਾਸ ਕਰ ਤੋਤਿਆਂ ਨੂੰ ਜੰਗਲਾਂ ਚੋਂ ਪੱਕੜ ਲਿਆਉਂਦਾ ਤੇ ਉਨ੍ਹਾਂ ਦਾ ਵਪਾਰ ਕਰਦਾ। ਉਹ ਜੰਗਲ `ਚ ਜਾਂਦਾ, ਆਪਣੇ ਬਣੇ ਹੋਏ ਤਰੀਕੇ ਨਾਲ ਦਾਣਾਂ ਪਾਂਦਾ, ਜਾਲ ਵਿਛਾਂਦਾ ਤੇ ਜਾਲ `ਚ ਫ਼ਸਾ ਕੇ ਹਰ ਵਾਰੀ ਹੋਰ ਤੋਤੇ ਲੈ ਆਉਂਦਾ। ਫ਼ਿਰ ਉਨ੍ਹਾਂ ਤੋਤਿਆਂ ਨੂੰ ਇੱਕ-ਇੱਕ ਕਰਕੇ ਪਿੰਜਰਿਆਂ `ਚ ਬੰਦ ਕਰ, ਬਾਜ਼ਾਰ ਜਾ ਕੇ ਵੇਚ ਆਉਂਦਾ। ਇਸ ਤਰ੍ਹਾਂ ਉਸ ਦੀ ਰੋਟੀ-ਰੋਜ਼ੀ ਚਲਦੀ। ਲੋਕ ਵੀ ਉਸ ਕੋਲੋਂ ਤੋਤੇ ਖਰੀਦ ਕੇ ਆਪਣੇ ਘਰੀਂ ਲੈ ਜਾਂਦੇ। ਲੋਕੀਂ ਉਨ੍ਹਾਂ ਤੋਤਿਆਂ ਨੂੰ, ਉਨ੍ਹਾਂ ਦੀ ਪਸੰਦ-ਚੂਰੀ, ਹਰੀਆਂ ਮਿਰਚਾਂ ਆਦਿ ਖੁਆਂਦੇ, ਉਨ੍ਹਾਂ ਦੇ ਪਿੰਜਰੇ `ਚ ਪਾਣੀ ਰਖਦੇ, ਉਨ੍ਹਾਂ ਦੀ ਹਰੇਕ ਲੋੜ ਪੂਰੀ ਕਰਦੇ। ਇਸਦੇ ਬਾਵਜੂਦ ਜਿਹੜਾ ਵੀ ਤੋਤਾ ਘਰਾਂ `ਚ ਜਾਂਦਾ, ਜਦੋਂ ਤੀਕ ਉਹ ਨਵੇਂ ਵਾਤਾਵਰਣ ਦਾ ਆਦੀ ਹੀ ਨਾ ਹੋ ਜਾਂਦਾ, ਆਪਣਾ ਪਹਿਲਾ ਸਮਾਂ ਬੜੀ ਉਦਾਸੀ `ਚ ਹੀ ਕਟਦਾ।

ਕਾਰਨ ਹੁੰਦਾ, ਜੰਗਲ `ਚ ਉਡਾਰੀਆਂ ਮਾਰਣ ਵਾਲੇ ਪੰਛੀ ਲਈ, ਪਿੰਜਰਾ ਤਾਂ ਬੰਦਸ਼, ਗ਼ੁਲਾਮੀ ਤੇ ਜੇਲ ਹੀ ਹੁੰਦਾ, ਫ਼ਿਰ ਇਹ ਪਿੰਜਰਾ ਭਾਵੇਂ ਸੋਨੇ ਦਾ ਹੀ ਕਿਉਂ ਨਾ ਹੋਵੇ। ਆਖਿਰ ਸੋਨੇ ਦਾ ਪਿੰਜਰਾਂ ਵੀ ਉਨ੍ਹਾਂ ਨੂੰ ਜੰਗਲ ਵਾਲੀ ਆਜ਼ਾਦੀ ਤਾਂ ਦੇ ਨਹੀਂ ਸਕਦਾ। ਜੰਗਲ `ਚ ਤਾਂ ਉਹ ਕਦੇ ਇੱਕ ਬਿਰਖ `ਤੇ, ਕਦੇ ਦੂਜੇ `ਤੇ ਅਠਕੇਲੀਆਂ ਕਰਦਾ, ਅੰਬਾਂ ਆਦਿ ਨੂੰ ਜਦੋਂ ਮਰਜ਼ੀ ਟੁੱਕਦਾ। ਹੁਣ ਇਹ ਕੁਦਰਤੀ ਆਜ਼ਾਦੀ ਪਿੰਜਰੇ `ਚ ਕਿੱਥੇ? ਇਹੀ ਕਾਰਨ ਹੁੰਦਾ, ਜਦੋਂ ਕੋਈ ਤੋਤਾ ਇਸ ਤਰ੍ਹਾਂ ਅਚਾਨਕ ਕਿਸੇ ਪਿੰਜਰੇ `ਚ ਪੁੱਜਦਾ, ਤਾਂ ਉਸਦੇ ਪਹਿਲੇ ਦਿਨ ਉਦਾਸੀ ਦੇ ਹੀ ਨਿਕਲਦੇ। ਖੈਰ! ਇੱਕ ਦਿਨ ਜਦੋਂ ਸ਼ਿਕਾਰੀ ਕੋਲ ਇੱਕ ਹੀ ਤੋਤਾ ਬਾਕੀ ਸੀ ਤੇ ਉਸਨੂੰ ਵੇਚਣ ਲਈ ਬਾਜ਼ਾਰ ਚੋਂ ਲੰਘ ਰਿਹਾ ਸੀ ਤਾਂ ਇੱਕ ਦਿਆਲੂ ਪੁਰਖ ਦੀ ਨਜ਼ਰ ਉਸ ਤੋਤੇ `ਤੇ ਪਈ। ਉਸਨੇ ਤੋਤੇ ਨੂੰ ਖ਼ਰੀਦ ਲਿਆ ਤੇ ਘਰ ਲਿਜਾ ਕੇ ਪੱਟੀ ਪੜ੍ਹਾਈ ‘ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ; ਦਾਣਾ ਨਾ ਖਾਵੀਂ, ਨਹੀਂ ਤਾਂ ਫ਼ਸ ਜਾਵੇਂਗਾ’। ਇਸ ਤਰ੍ਹਾਂ ਉਸ ਦਿਆਲੂ ਪੁਰਖ ਨੂੰ ਜਦੋਂ ਤਸੱਲੀ ਹੋ ਗਈ ਕਿ ਤੋਤਾ ਹੁਣ ਫਸੇਗਾ ਨਹੀਂ, ਚੂੰਕਿ ਤੋਤੇ ਨੂੰ ਇਹ ਲਫ਼ਜ਼ ਪ੍ਰਪਕ ਹੋ ਚੁੱਕੇ ਹਨ, ਤਾਂ ਉਸ ਨੇ ਤੋਤੇ ਨੂੰ ਆਜ਼ਾਦ ਕਰ ਦਿੱਤਾ। ਤੋਤਾ ਟਪੂਸੀਆਂ ਮਾਰਦਾ ਫ਼ਿਰ ਉਸੇ ਜਗਾ ਤੇ ਪੁੱਜ ਗਿਆ ਜਿਥੋਂ ਪੱਕੜਿਆ ਗਿਆ ਸੀ, ਫ਼ਰਕ ਸੀ ਤਾਂ ਇਹ, ਕਿ ਹੁਣ ਉਸਦੀ ਬੋਲੀ ਬਦਲ ਚੁੱਕੀ ਸੀ। ਉਹ ਹੁਣ ਹਰ ਸਮੇਂ ਇਹੀ ਬੋਲਦਾ ‘ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ; ਦਾਣਾ ਨਾ ਖਾਵੀਂ, ਨਹੀਂ ਤਾਂ ਫ਼ਸ ਜਾਵੇਂਗਾ’।

ਰੱਬ ਦੀ ਕਰਣੀ, ਇੱਕ ਦਿਨ ਫ਼ਿਰ ਉਹੀ ਸ਼ਿਕਾਰੀ, ਆਪਣੇ ਉਸੇ ਟਿਕਾਣੇ `ਤੇ ਪੁੱਜਾ ਤੇ ਹਮੇਸ਼ਾਂ ਦੀ ਤਰ੍ਹਾਂ ਤੋਤਿਆਂ ਨੂੰ ਫ਼ਸਾਉਣ ਲਈ ਦਾਣਾ ਬਿਖੇਰ ਕੇ, ਉਸ ਨੇ ਆਪਣਾ ਜਾਲ ਵੀ ਤਾਣ ਦਿੱਤਾ। ਹਮੇਸ਼ਾਂ ਦੀ ਤਰ੍ਹਾਂ ਜਦੋਂ ਉਸਨੇ ਤੋਤੇ ਪੱਕੜੇ ਤਾਂ ਉਨ੍ਹਾਂ `ਚ ਹੀ ਉਹ ਤੋਤਾ ਵੀ ਸੀ ਜੋ ਰੱਟ ਤਾਂ ਇਹੀ ਲਗਾ ਰਿਹਾ ਸੀ ‘ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ; ਦਾਣਾ ਨਾ ਖਾਵੀਂ, ਨਹੀਂ ਤਾਂ ਫ਼ਸ ਜਾਵੇਂਗਾ’ ; ਤਾਂ ਵੀ ਫ਼ਸਿਆ ਪਿਆ ਸੀ ਉਸੇ ਦੇ ਜਾਲ `ਚ। ਇਸ ਤਰ੍ਹਾਂ ਜਦੋਂ ਸ਼ਿਕਾਰੀ ਆਪਣੇ ਨਿਯਮ ਅਨੁਸਾਰ ਤੋਤੇ ਵੇਚਣ ਬਾਜ਼ਾਰ ਪੁੱਜਾ ਤਾਂ ਕੁਦਰਤ ਰੱਬ ਦੀ ਕਿ ਉਹੀ ਦਿਆਲੂ ਸੱਜਣ ਵੀ ਉਥੋਂ ਨਿਕਲ ਰਿਹਾ ਸੀ। ਉਸ ਨੇ ਬੋਲੀ ਤੋਂ ਤਾਂ ਪਹਿਚਾਣ ਲਿਆ ਕਿ ਤੋਤਾ ਉਹੀ ਹੈ ਜਿਸ ਉਪਰ ਉਸਨੇ ਬਹੁਤ ਮੇਹਨਤ ਕੀਤੀ ਸੀ, ਇਸ ਲਈ ਫ਼ਿਕਰਾ ਵੀ ਉਹੀ ਬੋਲ ਰਿਹਾ ਸੀ। ਤਾਂ ਵੀ ਫ਼ਸਿਆ ਪਿਆ ਸੀ ਪਿੰਜਰੇ `ਚ ਹੀ। ਦਿਆਲੂ ਪੁਰਖ ਨੇ ਮੱਥੇ `ਤੇ ਹੱਥ ਮਾਰਿਆ ਤੇ ਉਸਦੇ ਮੂਹੋਂ ਸਹਿਜ ਸੁਭਾਅ ਨਿਕਲਿਆ ‘ਵਾਹ ਰੇ ਮੂਰਖ ਤੋਤੇ, ਕੀ ਮੈਂ ਇਸੇ ਲਈ ਤੇਰੇ `ਤੇ ਇੰਨੀ ਮੇਹਨਤ ਕੀਤੀ, ਕਿ ਤੂੰ ਪਿੰਜਰੇ `ਚ ਹੀ ਰਹੇਂ?

ਸਿੱਟਾ-ਪਾਤਸ਼ਾਹ ਨੇ ਗੁਰਬਾਣੀ ਅਤੇ ਬੇਅੰਤ ਘਾਲਣਾਵਾਂ ਘਾਲ ਕੇ ਜੋ ਧਰਮ ਪ੍ਰਗਟ ਕੀਤਾ, ਉਸ ਦਾ ਇੱਕੋ ਹੀ ਮੱਤਲਬ ਸੀ, ਗੁਰਬਾਣੀ ਦੀ ਸਿੱਖਿਆ ਅਨੁਸਾਰ ਜੀਵਨ ਜੀਊਣ ਵਾਲਾ ਮਨੁੱਖ। ਪਾਤਸ਼ਾਹ ਰਾਹੀਂ ਮਨੁੱਖ ਨੂੰ ਇਹ ਸਦੀਵੀ ਅਤੇ ਇਲਾਹੀ ਧਰਮ ਦੇਣ ਲਈ ਘਰੋਂ ਬੇਘਰ ਹੋਣਾ ਪਿਆ। ਤੱਤੀਆਂ ਤਵੀਆਂ `ਤੇ ਬੈਠ ਕੇ ਤਸੀਹੇ ਝੱਲੇ, ਚਾਂਦਨੀ ਚੌਕ ਦਿੱਲੀ `ਚ ਜਾ ਕੇ ਸੀਸ ਦਾ ਬਲੀਦਾਨ ਦਿੱਤਾ, ਆਪਣੇ ਦਸਵੇਂ ਸਰੂਪ ਸਮੇਂ ਆਪਣੇ ਪਿਤਾ, ਬਜ਼ੁਰਗ ਮਾਤਾ, ਚਾਰਾਂ ਮਾਸੂਮ ਸਾਹਿਬਜ਼ਾਦਿਆਂ ਦੀਆਂ ਜਿੰਦੜੀਆਂ ਤੇ ਆਪਣੇ ਸਮੇਤ-ਆਪਣਾ ਸਰਬੰਸ ਵਾਰ ਦਿੱਤਾ, ਇਸ ਤਰ੍ਹਾਂ 239 ਵਰ੍ਹੇ ਲਗਾਏ ਆਖਿਰ ਕਿਸ ਲਈ? ਇਸ ਲਈ, ਕਿ ਮਨੁੱਖ ਅੰਦਰੋ-ਬਾਹਰੋਂ ਸੱਚਾ-ਸੁਚਾ, ਇਲਾਹੀ ਗੁਣਾਂ ਨਾਲ ਭਰਪੂਰ, ਸ਼ਾਂਤ ਮਈ, ਸਦੀਵੀ ਆਨੰਦ ਅਤੇ ਟਿਕਾਅ ਵਾਲਾ ਜੀਵਨ ਬਿਤਾ ਸਕੇ। ਇਸ ਲਈ ਨਹੀਂ ਕਿ ਉਸ ਨੂੰ 239 ਵਰ੍ਹੇ ਲਾ ਕੇ ਜਿਸ ਬ੍ਰਾਹਮਣੀ ਕਰਮਕਾਂਡੀ ਜੂਲੇ ਚੋਂ ਕਢਿਆ ਹੈ, ਜਿਨ੍ਹਾਂ ਹੂੜਮੱਤਾਂ, ਵਿਭਚਾਰ-ਨਸ਼ਿਆਂ ਆਦਿ ਦੀਆਂ ਦੁਰਮੱਤਾਂ, ਅਣਮੱਤਾਂ ਤੇ ਮਨਮੱਤਾਂ `ਚੋਂ ਇਸ ਨੂੰ ਆਜ਼ਾਂਦ ਕੀਤਾ, ਕੀ ਇਹ ਮੁੜ ਉਨ੍ਹਾਂ `ਚ ਹੀ ਗ਼ਰਕ ਹੋ ਜਾਏ? ਆਖਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ, ਪੰਜ ਪਿਆਰਿਆਂ ਕੋਲੋਂ ਪਾਹੁਲ ਲੈਣ ਦਾ ਕੀ ਮਤਲਬ ਹੈ? ਉਹ ਵੀ ਇਹੀ ਕਿ ਹੁਣ ਤੋਂ ਮੈਂ ਪ੍ਰਭੁ ਭਖਸ਼ੀ ਮਨੁੱਖ ਦੀ ਅਸਲੀ ਪਹਿਚਾਣ ਦੀ ਸੰਭਾਲ ਕਰਾਂਗਾ ਤੇ ਗੁਰਬਾਣੀ ਸਿੱਖਿਆ ਅਨੁਸਾਰ ਆਪਣਾ ਬਾਕੀ ਜੀਵਨ ਬਤੀਤ ਕਰਾਂਗਾ।

ਅੱਜ ਹੋ ਕੀ ਰਿਹਾ ਹੈ? ਦੂਜਿਆਂ ਦੇ ਜੀਵਨ ਸਿੱਧੇ ਰਸਤੇ ਪਾ ਕੇ, ਉਨ੍ਹਾਂ ਦੇ ਜੀਵਨ ਤਾਂ ਇਸ ਨੇ ਕੀ ਸੁਆਰਨੇ ਸੀ। ਇਸ ਦੇ ਉਲਟ ਜਿਵੇਂ ਕਿਸੇ ਕਵੀ ਅਨੁਸਾਰ ‘ਦੂਸਰਿਆਂ ਨੂੰ ਕੀ ਏ ਗਿੱਲਾ, ਪਾਤਸ਼ਾਹਾਂ ਦੇ ਪਾਤਸ਼ਾਹ। ਵੇਚ ਦਿੱਤੀਆਂ ਅੱਜ, ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ’। ਜਿਹੜੇ ਅੱਜ ਆਪ ਸਿੱਖ ਅਖਵਾਉਂਦੇ ਅਤੇ ਸਿੱਖੀ ਦੀ ਤਸਵੀਰ ਪੇਸ਼ ਕਰ ਰਹੇ ਹਨ, ਉਹ ਸ਼ਾਇਦ ਉਸ ਤੋਂ ਵੀ ਬਦਤੱਰ ਹੈ ਜਿਹੜੀ ਗੁਰੂ ਨਾਨਕ ਆਗਮਨ ਤੋਂ ਪਹਿਲਾਂ ਸੀ। ਤੋਤੇ ਦੇ ਰੱਟਣ ਵਾਂਙ ਪਾਠਾਂ ਦੇ ਰੱਟਣ ਲਗ ਰਹੇ ਹਨ। ਪੈਸੇ ਦੇ ਕੇ ਪਾਠਾਂ ਨੂੰ ਕਰਵਾਉਣ ਦਾ ਅੰਤ ਨਹੀਂ, ਫ਼ਿਰ ਚਾਹੇ ਅਖੰਡ ਪਾਠ ਹਨ ਬਲਕਿ ਸੰਪਟ, ਸੁਖਮਨੀ ਸਾਹਿਬ ਦੇ ਨਾਮ ਹੇਠ ਜਿੰਨੀਆਂ ਸੰਸਥਾਂਵਾਂ ਤੇ ਇਸਦੇ ਪਾਠ ਅੱਜ ਹੋ ਰਹੇ ਹਨ, ਇੰਨੇਂ ਤਾਂ ਸ਼ਾਇਦ ਸਿੱਖ ਇਤਿਹਾਸ `ਚ ਅੱਜ ਤੀਕ ਕਦੇ ਵੀ ਨਹੀਂ ਸਨ। ਵਾਜਿਆਂ ਤੇ ਬਾਣੀ ਗਾਇਣ ਲਈ ਰਾਗੀਆਂ ਦੀ ਲਾਈਨ ਲੱਗੀ ਪਈ ਹੈ, ਕਥਾ-ਵਾਚਕ ਉਹ ਵੀ ਗੁਰਬਾਣੀ ਦੇ, ਢਾਡੀ ਤੇ ਸੰਗਤਾਂ ਝੂਮ ਰਹੀਆਂ ਹਨ, ਰੋਜ਼ਾਨਾ ਸਾਜ਼ ਟੁੱਟ ਰਹੇ ਹਨ ਪਰ ਨਾ ਬਾਣੀ ਪੜ੍ਹਣ ਵਾਲਿਆਂ ਨੂੰ ਬਾਣੀ ਦੇ ਅਰਥਾਂ ਨਾਲ ਕੁੱਝ ਮਤਲਬ ਹੈ ਤੇ ਨਾ ਸੁਨਣ ਵਾਲਿਆਂ ਨੂੰ। ਕਥਾਵਾਚਕਾਂ ਅਤੇ ਡੇਰੇਆਂ ਦੇ ਰੰਗ ਤਾਂ ਹੋਰ ਵੀ ਨਿਆਰੇ ਹਨ, ਇੱਕ ਸਮੇਂ ਕੌਤਰ ਸੌ ਤੋਂ ਘਟ ਅਖੰਡ ਪਾਠ ਹੀ ਨਹੀਂ ਹੁੰਦੇ ਇਤਿਆਦ; ਆਖਿਰ ਕਿਥੋਂ ਤੀਕ ਕਹਿੰਦੇ ਜਾਵੋ, ਅੰਤ ਹੈ ਹੀ ਨਹੀਂ। ਗੁਰਦੁਆਰੇ ਇੱਕ ਇੱਕ ਇਲਾਕੇ `ਚ ਚਾਰ-ਚਾਰ ਅਤੇ ਲਾਉਡਸਪੀਕਰ ਸਵੇਰੇ ਢਾਈ-ਤਿੰਨ ਵਜੇ ਚਾਲੂ ਹੋ ਜਾਂਦੇ ਹਨ। ਸਾਰੇ ਦਾ ਬਾਵਜੂਦ ਗੁਰਬਾਣੀ ਅਨੁਸਾਰ ਅਮਲ ਨਹੀਂ, ਤੋਤਾ ਰੱਟਣੀ ਦੀ ਹੌੜ ਲਗੀ ਹੋਈ ਹੈ।

ਇਸੇ ਦਾ ਨਤੀਜਾ, ਜਿਵੇਂ ਤੋਤਾ ਰੱਟ ਤਾਂ ਲਗਾ ਰਿਹਾ ਸੀ ‘ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ; ਦਾਣਾ ਨਾ ਖਾਵੀਂ, ਨਹੀਂ ਤਾਂ ਫ਼ਸ ਜਾਵੇਂਗਾ’ ਪਰ ਮੁੜ ਆਪਣੇ ਉਸੇ ਜਾਲ `ਚ ਹੀ ਫਸਿਆ ਪਿਆ ਸੀ। ਦੁਹਾਈ ਰੱਬ ਦੀ! ਪੰਜਾਬ, ਜਿੱਥੇ ਦਸਾਂ ਚੋਂ ਨੌਂ ਪਾਤਸ਼ਾਹੀਆਂ ਦਾ ਆਗਮਨ ਹੋਇਆ, ਜਿਥੇ ਦਸੋਂ ਹੀ ਪਾਤਸ਼ਾਹੀਆਂ ਨੇ ਸਾਡੇ ਲਈ ਘਾਲਣਾ ਘਾਲੀਆਂ, ਘੱਟ ਤੋਂ ਘੱਟ ਉਹ ਪੰਜਾਬ ਤਾਂ ਨਸ਼ੇ ਮੁੱਕਤ ਇਲਾਕਾ ਹੁੰਦਾ, ਵਿਭਚਾਰ ਦਾ ਉਥੇ ਨਾਮੋ-ਨਿਸ਼ਾਨ ਨਾ ਹੁੰਦਾ, ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਦੀ ਕਮਾਈ ਕਰਣ ਵਾਲਿਆਂ ਕਾਰਨ ਉਥੋਂ ਸੰਸਾਰ `ਚ ਠੰਡ ਪੁੱਜਦੀ। ਇਸ ਦੇ ਉਲਟ ਉਥੇ ਤਾਂ ਅੱਜ ਸ਼ਰਾਬ ਦੀਆਂ ਨਦੀਆਂ ਚਲ ਰਹੀਆਂ ਹਨ, ਨਸ਼ਿਆਂ-ਜੁਰਮਾਂ ਦੀ ਖਾਣ ਬਣਿਆ ਪਿਆ ਹੈ, ਵਿਭਚਾਰੀਆਂ ਨਾਲ ਜੇਲਾਂ ਭਰੀਆਂ ਪਈਆਂ ਹਨ। ਕਿਸੇ ਇੱਕ ਕੁੜੀ ਮਾਰ ਦੀ ਤਾਂ ਗਲ ਹੀ ਛੱਡੋ, ਭਰੂਣ ਹਤਿਆ, ਇੰਨੇ ਸ਼ਿੱਖਰਾਂ ਤੇ ਪੁੱਜ ਚੁੱਕੀ ਹੈ ਕਿ ਕੁੜੀਆਂ ਦਾ ਹੀ ਕਾਲ ਪਿਆ ਹੈ। ਕਰਮਕਾਂਡਾ ਚੋਂ ਤਾਂ ਇਨ੍ਹਾਂ ਨੇ ਕੀ ਆਜ਼ਾਦ ਹੋਣਾ ਸੀ, ਪਾਖੰਡੀ ਡੇਰੇ-ਗੁਰੂਡੰਮ, ਮੜੀ-ਕਬਰ ਪੂਜਾ, ਸਾਰੀਆਂ ਹੀ ਵਿਪਰ ਰੀਤਾਂ, ਮਨਮੱਤਾ, ਹੂੜਮੱਤਾਂ, ਦੁਰਮੱਤਾਂ ਜੇ ਕਿੱਧਰੇ ਨਾ ਮਿਲਣ ਤਾਂ ਆਪਣੇ ਆਪ ਨੂੰ ਗੁਰਬਾਣੀ ਦੇ ਅਖੌਤੀ ਸਿੱਖ ਅਖਵਾਉਣ ਵਾਲਿਆਂ ਦੇ ਘਰਾਂ `ਚ ਜਾ ਕੇ ਦਰਸ਼ਨ ਕਰ ਲਵੋ। ਬ੍ਰਾਹਮਣ ਨੇ ਤਾਂ ਮਨੁੱਖ ਨੂੰ ਚਾਰ ਹੀ ਵਰਣਾਂ ਚ ਵੰਡਿਆ ਸੀ ਪਰ ਇਥੇ ਗੁਰੂ ਦੇ ਅਖਵਾਉਣ ਵਾਲੇ ਖੁਦ ਘਟੋ-ਘੱਟ ਚਾਰ ਸੌ ਵਰਣਾਂ-ਟੁਕੜਿਆਂ-ਧੜਿਆਂ `ਚ ਵੰਡੇ ਪਏ ਹਨ। ਲਗਭਗ 98% ਪਤਿਤ ਹੋ ਕੇ ਸਰੂਪ ਤੀਕ ਗੁਆ ਚੁੱਕੇ ਹਨ ਪਰ ਰੱਟ ਉਹੀ ਹੈ ‘ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ; ਦਾਣਾ ਨਾ ਖਾਵੀਂ, ਨਹੀਂ ਤਾਂ ਫ਼ਸ ਜਾਵੇਂਗਾ’। ਕਾਸ਼! ਗੁਰੂ-ਗੁਰਬਾਣੀ ਦੇ ਨਿਰਮਲ ਭਉ `ਚ ਆ ਕੇ ਅਸੀਂ ਫ਼ਿਰ ਤੋਂ ਸੰਭਲ ਸਕੀਏ। ੦੦੦

(4) ਲੰਮੇ ਲੰਮੇ ਹੱਥ- ਮੈਂ ਘੂਕ ਬੇਫ਼ਿਕਰ ਸੁੱਤਾ ਸੀ। ਸੁਤਿਆਂ ਕੀ ਦੇਖਦਾ ਹਾਂ, ਅਚਾਨਕ ਇੱਕ ਦੇਵ-ਕੱਦ ਆਦਮੀ ਮੇਰੇ ਸਾਹਮਣੇ ਖੜਾ ਹੈ। ਉਸਨੇ ਮੈਂਨੂੰ ਪੱਕੜ ਲਿਆ ਤੇ ਆਪਣੇ ਨਾਲ ਲੈ ਟੁਰਿਆ। ਹਨੇਰਾ ਲੰਮਾ ਰਸਤਾ, ਪਤਾ ਨਹੀਂ ਉਹ ਮੈਨੂੰ ਕਿੱਧਰ ਲਈ ਜਾਵੇ ਤੇ ਰਸਤਾ ਮੁੱਕਣ `ਚ ਨਹੀਂ ਸੀ ਆਉਂਦਾ। ਆਖ਼ਿਰ ਉਸਨੇ ਇੱਕ ਟਿਕਾਣੇ ਪੁੱਜ ਕੇ ਵੱਡਾ ਦਰਵਾਜ਼ਾ ਖੋਲਿਆ। ਅੰਦਰ ਬਹੁਤ ਵੱਡਾ ਖੁੱਲਾ ਹਾਲ ਕਮਰਾ ਸੀ। ਉਸ ਹਾਲ `ਚ ਵੱਡੇ ਵੱਡੇ ਮੇਜ਼ ਲਗੇ ਹੋਏ ਸਨ। ਇੰਨਾਂ ਮੇਜ਼ਾਂ ਉਪਰ ਬੜੇ ਸੁਆਦਲੇ ਵਧੀਆ ਪਕਵਾਨ, ਮਿਸ਼ਠਾਨ ਤੇ ਫਲ, ਪੇਅ ਆਦਿ ਦੇ ਢੇਰ ਲਗੇ ਦੇ ਸਨ। ਆਸ-ਪਾਸ ਤਿੰਨ-ਤਿੰਨ ਮੀਟਰ ਲੰਮੀਆਂ ਬਾਹਵਾਂ ਵਾਲੇ ਮਨੁੱਖ ਬੈਠੇ ਸਨ। ਇੰਨੇ ਨੂੰ ਖਾਣਾ-ਛਕਣ ਲਈ ਬਿਗ਼ਲ ਹੋਇਆ ਤਾਂ ਸਾਰੇ ਬੈਠੇ ਮਨੁੱਖ, ਉਨ੍ਹਾਂ ਭੋਜਨਾ ਆਦਿ `ਤੇ ਟੁੱਟ ਪਏ। ਖੂਬੀ ਇਹ ਕਿ ਉਹ ਜਿਸ ਵਸਤ ਨੂੰ ਹੱਥ `ਚ ਲ਼ੈਂਦੇ, ਚੂੰਕਿ ਬਾਹਵਾਂ ਸਾਰਿਆਂ ਦੀਆਂ ਲੰਮੀਆਂ-ਲੰਮੀਆਂ ਸਨ, ਉਨ੍ਹਾਂ ਦੇ ਆਪਣੇ ਮੂੰਹ `ਚ ਪੈਂਦਾ ਕੁੱਝ ਨਾ। ਬੜਾ ਜ਼ੋਰ ਲਾਂਦੇ ਪਰ ਉਹੀ ‘ਢਾਕ ਕੇ ਤੀਨ ਪਾਤ’ ਵਾਲਾ ਅਖਾਣ, ਖਾ ਕੁੱਝ ਵੀ ਨਾ ਸਕਦੇ। ਆਖਿਰ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਗੁੱਸੇ `ਚ ਸਾਰੇ ਕੀਮਤੀ ਪਦਾਰਥ, ਮਿਸ਼ਠਾਨ, ਫਲ, ਪੇਅ ਆਦਿ ਇੱਕ ਦੂਜੇ ਨੂੰ ਮਾਰਨ-ਰੋੜਣ ਲਗ ਪਏ। ਨਤੀਜਾ ਹੋਇਆ ਕਿ ਕਿਸੇ ਦੇ ਮੂੰਹ ਤਾਂ ਕੁੱਝ ਨਾ ਗਿਆ ਪਰ ਸਾਰੇ ਮੇਜ਼ ਖਾਲੀ ਵੀ ਹੋ ਗਏ ਅਤੇ ਉਥੋਂ ਸਾਰੇ ਪਦਾਰਥ ਮੁੱਕ ਵੀ ਗਏ ਪਰ ਪੈਰਾਂ `ਚ ਹੀ ਮੱਸਲੇ ਗਏ।

ਸੁਪਨੇ ਦੌਰਾਣ ਹੀ, ਇਥੋਂ ਉਹੀ ਦੇਵ ਕੱਦ ਆਦਮੀ ਮੈਂਨੂੰ ਫ਼ਿਰ ਅੱਗੇ ਲੈ ਟੁਰਿਆ। ਅੱਗੇ ਫ਼ਿਰ ਉਹੀ ਕਹਾਣੀ ਦੋਹਰਾਈ ਗਈ, ਹਨੇਰਾ ਤੇ ਲੰਮਾਂ ਰਸਤਾ। ਖੈਰ, ਇਥੇ ਫ਼ਿਰ ਉਹੀ ਹੋਇਆ, ਉਸਨੇ ਇੱਕ ਵੱਡਾ ਦਰਵਾਜ਼ਾ ਖੋਲਿਆ; ਅੰਦਰ ਪਹਿਲਾਂ ਦੀ ਤਰ੍ਹਾਂ ਵੱਡਾ-ਖੁਲਾ ਹਾਲ ਕਮਰਾ, ਰੋਸ਼ਨੀਆਂ ਆਦਿ ਸਭ ਕੁੱਝ ਪਹਿਲਾਂ ਵਾਲਾ ਹੀ ਸੀ। ਉਸੇ ਤਰ੍ਹਾਂ ਤਿੰਨ ਤਿੰਨ ਮੀਟਰ ਲੰਮੀਆਂ ਬਾਹਵਾਂ ਵਾਲੇ ਮਨੁੱਖ। ਪਹਿਲਾਂ ਦੀ ਤਰ੍ਹਾਂ ਹੀ ਭੋਜਣ ਲਈ ਬਿਗ਼ਲ ਹੋਇਆ ਪਰ ਇਥੇ ਉਨ੍ਹਾਂ ਮਨੁੱਖਾਂ ਦੇ ਛੱਕਣ ਦਾ ਢੰਗ ਬੜਾ ਸੋਹਨਾ-ਸੁਆਦਲਾ, ਨਿਰਾਲਾ ਤੇ ਕਾਬਿਲ਼-ਏ-ਤਾਰੀਫ਼ ਸੀ।

ਬਿਗ਼ਲ ਹੋਣ `ਤੇ ਸਾਰੇ ਲੋਕ ਆਪਣੇ-ਆਪਣੇ ਟਿਕਾਣੇ ਤੋਂ ਬੜੇ ਸਲੀਕੇ ਨਾਲ ਅਤੇ ਬੜੇ ਅਨੁਸ਼ਾਸਨ `ਚ ਉਠੇ। ਬੜੇ ਸਤਿਕਾਰ `ਚ ਇੱਕ ਦੂਜੇ ਨਾਲ ਹੱਥ ਮਿਲਾਏ ਉਪਰੰਤ ਇੱਕ ਦਜੇ ਦੀ ਪਸੰਦ ਪੁੱਛ ਕੇ ਉਸ ਮੁਤਾਬਿਕ, ਇੱਕ ਦੂਜੇ ਦੇ ਮੂੰਹ `ਚ ਪਦਾਰਥਾਂ ਨੂੰ ਪਾਉਣ ਲਗ ਪਏ। ਨਤੀਜਾ-ਸਭ ਨੇ ਚੰਗੀ ਤਰ੍ਹਾਂ ਰੱਜ ਕੇ ਸੁਆਦ ਨਾਲ ਭੋਜਣ ਆਦਿ ਛੱਕਿਆ, ਸਾਨੂੰ ਵੀ ਛਕਾਇਆ ਅਤੇ ਫ਼ਿਰ ਵੀ ਬਹੁਤ ਬਚਿਆ ਪਿਆ ਸੀ”। ਇਥੋਂ ਆ ਕੇ ਮੇਰੀ ਨੀਂਦ ਖੁੱਲ ਗਈ, ਸੁਪਨਾ ਟੁੱਟ ਗਿਆ ਤਾਂ ਉਥੇ ਕੁੱਝ ਵੀ ਨਹੀਂ ਸੀ। ਮੈਂ ਆਪਣੇ ਬਿਸਤਰੇ `ਤੇ ਹੀ ਲੇਟਿਆ ਉਸੇ ਤਰ੍ਹਾਂ ਪਿਆ ਸੀ, ਜਿਵੇਂ ਸੌਣ ਸਮੇਂ ਲੇਟਿਆ ਸੀ। ਤਾਂ ਵੀ ਮੇਰਾ ਇਹ ਸੁਪਨਾ ਜ਼ਾਇਆ ਨਹੀਂ ਗਿਆ ਅਤੇ ਫ਼ਜ਼ੂਲ ਸਾਬਿਤ ਨਹੀਂ ਹੋਇਆ। ਉਸ `ਚੋਂ ਮੈਨੂੰ ਆਪਣੇ ਗੁਰੂ ਦੇ ਨਿਆਰੇ ਤੇ ਨਿਰਾਲੇ ਪੰਥ ਦੀ ਅਜੌਕੀ ਤਸਵੀਰ ਉਘੜ ਕੇ ਸਾਹਮਣੇ ਆ ਗਈ।

ਦਿਮਾਗ਼ ਕਹਿ ਰਿਹਾ ਸੀ, ਪਾਤਸ਼ਾਹ ਨੇ ਪੰਥ ਨੂੰ 239 ਵਰ੍ਹਿਆਂ ਦੀ ਬੇਅੰਤ ਘਾਲਣਾ ਘਾਲ ਕੇ ਸਰਦਾਰੀਆਂ ਬਖਸ਼ੀਆਂ। ਸਦਾਚਾਰਕ ਤੇ ਸਤਿਕਾਰ ਜੋਗ ਜੀਵਨ ਦੇ ਨਾਲ ਨਾਲ ਸੰਸਾਰਕ ਬਾਦਸ਼ਾਹੀਆਂ ਵੀ ਬਖਸ਼ੀਆਂ। ਉਸੇ ਦਾ ਨਤੀਜਾ, ਸਿੱਖ, ਬਾਬਾ ਬੰਦਾ ਸਿੰਘ ਬਹਾਦੁਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਮਹਾਰਾਜਾ ਰਣਜੀਤ ਸਿੰਘ ਦੇ ਰੂਪ `ਚ ਇਸ ਦੂਲੇ ਪੰਥ ਨੇ ਆਪਣੀਆਂ ਸਲਤਨਤਾ ਵੀ ਕਾਇਮ ਕੀਤੀਆਂ। ਅੰਗ੍ਰੇਜ਼ਾਂ ਦੇ ਕਦੇ ਨਾ ਡੁਬੱਣ ਵਾਲੇ ਸੂਰਜ ਨੂੰ ਵੀ ਸ਼ਰਮਸਾਰ ਕੀਤਾ ਤਾਂ ਗੁਰੂ ਦੇ ਸਿੱਖ ਨੇ।

ਜੇਕਰ ਆਪਣੀ ਤੰਗ ਨਜ਼ਰੀ ਦਾ ਸ਼ਿਕਾਰ ਹੋ ਕੇ, ਭਾਵੇਂ ਕੋਈ ਮੰਨੇ ਜਾਂ ਨਾ ਮੰਨੇ, ਪਰ ਅੱਜ ਭਾਰਤ ਆਜ਼ਾਦੀਆਂ ਮਾਣ ਰਿਹਾ ਹੈ ਤਾਂ ਇਸ `ਚ ਵੱਡਾ ਯੋਗਦਾਨ ਸਿੱਖਾਂ ਦਾ ਹੀ ਹੈ। ਉਸੇ ਦਾ ਨਤੀਜਾ, ਭਾਰਤ ਦੀ ਆਜ਼ਾਦੀ ਤੋਂ ਬਾਅਦ ਕਈ ਦੇਸ਼ਾਂ `ਚ ਮਾਨੋ ਆਜ਼ਾਦੀ ਦੀ ਲਹਿਰ ਹੀ ਚਲ ਪਈ। ਸਿੱਖ, ਭਾਰਤ ਦੀ ਵੰਡ ਉਪਰੰਤ ਤਾਂ ਦੁਨੀਆਂ ਦੇ ਕੌਣੇ-ਕੌਣੇ `ਚ ਫੈਲ ਕੇ, ਆਪਣੇ ਨਾਲ ਨਾਲ ਦੂਜੇ ਦੇਸ਼ਾਂ ਦੀ ਆਰਥਿਕਤਾ ਦੀ ਥੰਮੀ ਵੀ ਬਣਿਆ। ਸ਼ੱਕ ਨਹੀਂ, ਅੱਜ ਤੀਕ ਦੁਨੀਆਵੀ ਪੱਧਰ `ਤੇ ਇਸ ਦਾ ਰੁੱਤਬਾ ਸ਼ਿਖਰਾਂ `ਤੇ ਹੈ। ਇਥੋਂ ਤੀਕ ਕਿ ਸੰਸਾਰ ਪੱਧਰ ਦੀਆਂ ਵੱਡੀਆਂ ਵੱਡੀਆਂ ਉਪਰਲੇ ਦਰਜੇ ਦੀਆਂ ਦੋ-ਚਾਰ ਕੌਮਾਂ `ਚ ਵੀ ਇਸ ਨੇ ਆਪਣਾ ਨਾਮ ਦਰਜ ਕਰਵਾ ਲਿਆ ਹੈ। ਅੱਜ ਸਿੱਖਾਂ `ਚ ਸੰਸਾਰ ਪੱਧਰ ਦੇ ਧਨਾਡ ਹਨ, ਸਿੱਖ-ਬੜੇ ਬੜੇ ਉੱਚੇ ਸੰਸਾਰਕ ਉਹਦਿਆਂ ਤੇ ਸਰਦਾਰੀਆਂ ਦੇ ਵੀ ਮਾਲਕ ਹਨ। ਫੌਜਾਂ `ਚ, ਖੇਡਾਂ `ਚ, ਸਾਇੰਸ ਤੇ ਕਿਰਸਾਨੀ ਪੱਖੋਂ, ਵਿਉਪਾਰ, ਪ੍ਰਬੰਧਕੀ, ਇੰਡਸਟਰੀਅਲ ਤੇ ਫੈਕਟਰੀਆਂ-ਕਾਢਾਂ ਪੱਖੋਂ ਭਾਵ, ਸੰਸਾਰਕ ਤੌਰ `ਤੇ ਹਰ ਪਖੋਂ ਸਿੱਖ ਪਹਿਲੀ ਕੱਤਾਰ `ਚ ਪੁੱਜੇ ਹੋਏ ਹਨ। ਇਸੇ ਦਾ ਨਤੀਜਾ-ਕਈ ਵਾਰੀ ਇਨ੍ਹਾਂ ਨੂੰ ਦੂਜਿਆਂ ਦੀ ਤੰਗ ਦਿਲੀ, ਹੱਸਦ ਦਾ ਵੀ ਸ਼ਿਕਾਰ ਹੋਣਾ ਪੈ ਜਾਂਦਾ ਹੈ। ਇਸ ਸਾਰੇ ਦੇ ਬਾਵਜੂਦ ਇਹ ਜੀਵਨ ਦੇ ਹਰੇਕ ਖੇਤ੍ਰ `ਚ ਸਭ ਤੋਂ ਅੱਗੇ ਹੀ ਅੱਗੇ ਹਨ।

ਦੂਜੇ ਪਾਸੇ, ਗੁਰੂ ਦਾ ਉਪਦੇਸ਼ ਹੈ “ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ, ਹਰਿ ਹਰਿ ਕਥਾ ਪੰ: ਨਿਰਾਲੀ” (ਪੰ: 667) ਅਤੇ ਉਸੇ ਦਾ ਹੀ ਨਤੀਜਾ ਆਉਣਾ ਹੈ “ਗੁਰਮੁਖਾ ਕੇ ਮੁਖ ਉਜਲੇ, ਹਰਿ ਦਰਗਹ ਸੋਭਾ ਪਾਇ (ਪੰ: 1415) ਭਾਵ ਸਿੱਖ ਨੇ ਗੁਰੂ-ਗੁਰਬਾਣੀ ਦੇ ਜੀਵਨ ਰਾਹ `ਤੇ ਚਲ ਕੇ ਇਹ ਸਾਰੀਆਂ ਤਰੱਕੀਆਂ ਕਰਣੀਆਂ ਸਨ। ਉਸੇ ਤੋਂ ਇਸ ਨੂੰ ਸਦਾਚਾਰਕ ਜੀਵਨ, ਅਕਾਲਪੁਰਖ ਦੀ ਗ਼ੈਬੀ ਤੇ ਅਮੁਲੀ ਦੇਣ, ‘ਬਖਸ਼ਿਸ਼’ ਦਾ ਵੀ ਇਸ ਨੇ ਪਾਤ੍ਰ ਬਣਿਆ ਰਹਿਣਾ ਸੀ। ਗੁਰੂ ਨੇ ਤਾਂ ਦੁਨੀਆਂ ਦੇ ਹਰੇਕ ਖੇਤ੍ਰ `ਚ ਅਗੇ ਵੱਧਣ ਤੇ ਨਿਤਰਣ ਲਈ ਇਸ ਨੂੰ ਬੜੀਆਂ-ਬੜੀਆਂ ਲੰਮੀਆਂ ਬਾਹਵਾਂ ਤਾਂ ਦਿੱਤੀਆਂ ਪਰ ਗੁਰੂ-ਗੁਰਬਾਣੀ ਤੋਂ ਦੁਰੇਡੇ ਜਾ ਕੇ ਇਹ ਆਪਣੀਆਂ ਲੰਮੀਂਆਂ ਬਾਹਵਾਂ ਨੂੰ ਵਰਤ ਕੇ-ਆਪਣੇ ਸਦਾਚਾਰਕ ਜੀਵਨ ਤੋਂ ਹੀ ਖਾਲੀ ਹੋ ਰਿਹਾ ਹੈ। ਆਪਣੀਆਂ ਲੰਮੀਆਂ ਬਾਹਵਾਂ ਨੂੰ ਵਰਤ ਰਿਹਾ ਹੈ, ਆਪਣੇ ਹੀ ਜਾਤ ਭਾਈਆਂ ਦੀਆਂ ਹੀ ਟੰਗਾਂ ਖਿੱਚਣ ਲਈ। ਇਸ ਤਰ੍ਹਾਂ ਇਹ ਨਾ ਆਪ ਅੱਗੇ ਵੱਧ ਪਾ ਰਿਹਾ ਹੈ ਤੇ ਨਾ ਹੀ ਆਪਣੇ ਹੋਰ ਜਾਤ ਭਾਈਆਂ ਨੂੰ ਅੱਗੇ ਦੇਖਣਾ ਚਾਹੁੰਦਾ ਹੈ। ਇਹ ਗੁਰੂ ਬਖਸ਼ੀਆਂ ਆਪਣੀਆਂ ਲੰਮੀਆਂ ਬਾਹਵਾਂ ਨੂੰ ਵਰਤ ਤਾਂ ਰਿਹਾ ਹੈ, ਪਰ ਆਪਣਿਆਂ ਦੀਆਂ ਹੀ ਪੱਗਾਂ ਉਛਾਲਣ ਤੇ ਨਿਜੀ ਚੌਹਦਰਮਿਆਂ ਲਈ। ਉਪ੍ਰੰਤ ਜੇ ਚੌਹਦਰਮਾਂ ਮਿਲ ਵੀ ਜਾਂਦਾ ਹੈ ਤਾਂ ਵੀ ਬਣ ਚੁੱਕੀ ਆਪਣੀ ਘਟੀਆ ਸੋਚਣੀ ਕਾਰਨ, ਹਾਸਲ ਕੀਤੇ ਉਸ ਚੌਹਦਰਮੇਂ ਚੋਂ ਇਸ ਨੂੰ ਜ਼ਿੰਦਗੀ ਦਾ ਚੈਨ, ਮਨ ਦੀ ਸ਼ਾਂਤੀ ਇਸ ਨੂੰ ਕੁੱਝ ਨਹੀਂ ਮਿਲਦਾ। ਦੂਜਿਆਂ ਨੂੰ ਤਾਂ ਇਸ ਨੇ ਕੀ ਠੰਡਕ ਦੇਣੀ ਹੈ, ਉਲਟਾ ਇਸ ਸਮੇਂ ਲਗਭਗ ਸਾਰਾ ਪੰਥ ਹੀ ਟੁਰਿਆ ਪਿਆ ਹੈ, ਆਪਸ `ਚ ਇੱਕ ਦੂਜੇ ਦਾ ਘਰ ਕੁਲਾ ਉਜਾੜਣ ਵਾਲੇ ਪਾਸੇ। ਫ਼ਿਰ ਵੀ ਘਰ ਕਿਸੇ ਇੱਕ ਦਾ ਵੀ ਨਹੀਂ ਵੱਸ ਰਿਹਾ ਜਿਵੇਂ ਬਾਹਵਾਂ ਤਾਂ ਤਿੰਨ-ਤਿੰਨ ਮੀਟਰ ਲੰਮੀਆਂ ਸਨ ਪਰ ਕੰਮ ਆ ਰਹੀਆਂ ਸਨ, ਭੋਜਣਾਂ, ਪਕਵਾਣਾ, ਮਿਸ਼ਠਾਨਾਂ, ਫਲਾਂ ਆਦਿ ਨੂੰ ਉਜਾੜਣ ਲਈ। ਇੰਨਾਂ ਕੁੱਝ ਹੁੰਦਿਆਂ ਵੀ ਕਿਸੇ ਦੇ ਪਲੇ ਕੁੱਝ ਨਾ ਪਿਆ, ਅੰਤ ਰਹੇ ਸਾਰੇ ਹੀ ਭੁੱਖੇ ਦੇ ਭੁੱਖੇ। ਠੀਕ ਇਹੀ ਹਾਲਤ ਅੱਜ ਸਾਡੀ ਕੌਮ ਦੀ ਵੀ ਬਣੀ ਪਈ ਹੈ।

ਸਚਮੁਚ ਜੇ ਦੂਜੇ ਹਾਲ ਦੇ ਮਨੁੱਖਾਂ ਵਾਂਗ ਅੱਜ ਗੁਰੂ ਕੇ ਲਾਲ ਵੀ ਆਪਣੇ ਜੀਵਨ ਨੂੰ ਗੁਰਬਾਣੀ ਦੇ ਚਾਨਣ `ਚ ਲੈ ਆਉਣ, ਗੁਰੂ ਦੀ ਭਖ਼ਸ਼ਿਸ਼ ਦੇ ਮੁੜ ਕੇ ਵਾਰਿਸ ਬਣ ਜਾਣ ਤਾਂ ਗੁਰੂ ਬਖਸ਼ੀਆਂ ਇਨ੍ਹਾਂ ਨੂੰ ਲੰਮੀਆਂ ਬਾਹਵਾਂ, ਆਪਣਾ ਘਰ-ਕੁਲਾ ਉਜਾੜਣ ਲਈ ਨਹੀਂ ਹੋਣਗੀਆਂ। ਇਹ ਬਾਹਵਾਂ, ਪਨੀਰੀ ਨੂੰ ਨਸ਼ਿਆਂ, ਵਿਭਚਾਰ, ਪਤਿਤਪੁਣੇ ਦੇ ਅੰਨ੍ਹੇ ਖੂਹ `ਚ ਧੱਕਣ ਲਈ ਨਹੀਂ ਬਲਕਿ ਪੰਥ ਦੀ ਤਾਕਤ, ਵਸੀਲਿਆਂ ਨੂੰ ਵਧਾਉਣ ਦੇ ਕੰਮ ਆਉਣਗੀਆਂ। ਵਿਗਿਆਨ ਦੀਆਂ ਕਾਢਾਂ ਕਾਰਨ ਅੱਜ ਦੁਨਿਆਂ ਬਹੁਤ ਛੋਟੀ ਹੋ ਚੁੱਕੀ ਹੈ। ਇਸ ਛੋਟੀ ਹੋ ਚੁੱਕੀ ਦੁਨੀਆਂ `ਚ ਸਿੱਖ ਦੀ ਸ਼ਾਨ, ਮਾਣ, ਸਤਿਕਾਰ ਤਾਂ ਵਧੇ ਗਾ ਹੀ, ਇਸ ਤੋਂ ਇਲਾਵਾ ਜਿੱਥੇ ਸੰਸਾਰ `ਚ ਇੱਕ-ਇੱਕ ਸਿੱਖ ਦਾ ਸਿਰ ਉਚਾ ਹੋਵੇਗਾ, ਉਥੇ ਸੰਸਾਰ `ਚ ਵੀ ਠੰਡ ਵਰਤੇਗੀ। ਜੁਰਮ ਘਟਣਗੇ, ਹਥਿਆਰਾਂ ਤੇ ਮਨੁੱਖੀ ਨਸਲ ਦੀ ਤੱਬਾਹੀ ਵਲ ਵੱਧ ਰਹੀ ਮਨੁੱਖ ਦੀ ਆਪਣੀ ਹੀ ਦੌੜ `ਚ ਟਿਕਾਅ ਆਵੇਗਾ। ਸਾਰੇ ਮਨੁੱਖ ਮਾਤਰ ਨੂੰ ਸੰਸਾਰ ਭਰ ਦੇ ਇੱਕ ਪਿਤਾ-ਪ੍ਰਮਾਤਮਾ, ਇਕੋ ਇੱਕ ਇਲਾਹੀ ਗੁਰੂ, ਇਲਾਹੀ ਭਾਈਚਾਰਾ ਤੇ ਮਨੁੱਖ ਮਾਤਰ ਲਈ ਇਕੋ ਰੱਬੀ ਧਰਮ ਦੀ ਸਮਝ ਆਵੇਗੀ। ਕਾਲੇ-ਗੋਰੇ, ਦੇਸ਼ੀ-ਵਿਦੇਸ਼ੀ, ਇਸਤ੍ਰੀ-ਪੁਰਖ ਵਾਲੇ ਵਿਤਕਰੇ ਮੁੱਕਣਗੇ। ਮਨੁੱਖ ਮਨੁੱਖ ਵਿਚਾਲੇ ਖੜੀਆਂ ਹੋ ਚੁਕੀਆਂ ਬਨਾਵਟੀ ਆਪ ਮਿੱਥੇ ਧਰਮਾਂ ਦੀਆਂ ਦਿਵਾਰਾਂ ਟੁਟਣਗੀਆਂ। ਸ਼ਾਇਦ ਸਾਨੂੰ ਇਹੀ ਸਮਝਾਉਣ ਲਈ ਪਾਤਸ਼ਾਹ ਨੇ ਉਸ ਭਾਰੀ ਭਰਕਮ ਮਨੁੱਖ ਅਤੇ ਸੁਪਨੇ ਵਾਲੀ ਖੇਡ ਵਰਤੀ ਸੀ, ਕਾਸ਼ ਅਸੀਂ ਇਸਨੂੰ ਸਮਝ ਸਕੀਏ (ਚਲਦਾ)। ੦੦ #136s03.02s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇਕ-ਇਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 136

ਆਓ! ਰਲ ਕੇ ਸਮਝੀਏ (ਭਾਗ-੧)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

Please Note that our site from www.gurbaniguru.com now has been changed to www.gurbaniguru.org




.