.

ਭਾਰਤ ਦੇਸ਼ ਮਹਾਨ, ਜਿਥੇ ਦੀ ਬਹੁਸੰਮਤੀ ਲੋਕਾਈ ਰੱਜ ਕੇ ਬੇਈਮਾਨ

ਅਤੇ ਜਿਥੇ ਕੋਈ ਇਨਸਾਨੀਅਤ ਹੈ ਹੀ ਨਹੀ!

ਗੁਰਦਵਾਰਿਆਂ, ਮੰਦਰਾਂ, ਮਸੀਤਾਂ, ਕਚਿਹਰੀਆਂ, ਪੰਪਾਂ, ਰੈਸਟੋਰੈਨਟਾਂ, ਘਰਾਂ ਆਦਿ ਸਭ ਥਾਵਾਂ ਵਿੱਚ ਝੂਠ ਬੋਲਿਆ ਜਾਂਦਾ ਹੈ। ਕੀ ਓਹ ਮੁਲਕ ਇੱਕ ਸਭਿਅਕ ਮੁਲਕ ਅਖਵਾਉਣ ਦਾ ਹੱਕਦਾਰ ਹੈ? ਨਹੀ। ਪਰ ਅਸੀਂ ਤਾਂ ਡੀਕਾਂ ਮਾਰਦੇ ਨਹੀ ਥੱਕਦੇ ਕਿ ਸਾਡਾ ਭਾਰਤ ਰਿਸ਼ੀਆਂ ਮੁਨੀਆਂ ਤੇ ਗੁਰੂਆਂ ਪੀਰਾਂ ਦਾ ਦੇਸ਼ ਹੈ। ਅੱਗ ਲਾਉਣੀਂ ਐ ਐਸੇ ਦੇਸ਼ ਨੂੰ?

ਜਿਤਨੇ ਵੀ ਬਾਹਰੋਂ ਆਏ ਸਾਜਣ ਮੈਨੂੰ ਮਿਲੇ, ਸਮੇਤ ਮੇਰੇ, ਸਭ ਦੀ ਕਹਾਣੀ ਇਕੋ ਹੀ ਹੈ ਕਿ ਮੇਰਾ ਛੋਟਾ ਜਾਂ ਵੱਡਾ ਭਾਈ ਮੈਨੂੰ ਘਰ-ਬਾਰ, ਜ਼ਮੀਨ ਜਾਇਦਾਦ ਵਿਚੋਂ ਹਿਸਾ ਨਹੀ ਦਿੰਦਾ। ਪਿੰਡ ਲੰਙਿਆਣਾ, ਜੋ ਬਾਘਾਪੁਰਾਣਾ ਦੇ ਨਜ਼ਦੀਕ ਹੈ, ਦੇ ਸ੍ਰ. ਲੱਖਾ ਸਿੰਘ ਨੇ ਆਖਰੀ ਸਮੇਂ ਆਪਣੇ ਭਾਣਜੇ ਨੂੰ ਘਰ-ਬਾਰ ਤੇ ਜ਼ਮੀਨ ਜਾਇਦਾਦ ਦਾ ਮਾਲਕ ਬਣਾ ਦਿੱਤਾ। ਸ. ਲੱਖਾ ਸਿੰਘ ਹਾਲੇ ਚੰਗਾ ਚੱਲਦਾ ਫਿਰਦਾ ਸੀ ਤੇ ਭਾਣਜੇ ਨੇ ਉਸਨੂੰ ਮਾਰਨ ਦੀ ਸਕੀਮ ਬਣਾ ਲਈ। ਸ੍ਰ. ਲੱਖਾ ਸਿੰਘ ਨੇ ਬਚਣਾ ਸੀ ਤੇ ਰਾਤ ਨੂੰ ਉਸ ਨੂੰ ਦੇਰ ਤਕ ਨੀਂਦ ਨਾ ਆਈ। ਇਤਨੇ ਨੂੰ ਭਾੜੇ ਦੇ ਕਾਤਲਾਂ ਨਾਲ ਆਪਣੇ ਭਾਣਜੇ ਨੂੰ ਗੱਲਾਂ ਕਰਦੇ ਨੂੰ ਸੁਣ ਲਿਆ ਤੇ ਚੁਪ-ਚਪੀਤੇ ਇੱਕ ਕੋਠੇ ਤੋਂ ਦੂਸਰੇ ਕੋਠੇ ਹੁੰਦਾ ਹੋਇਆ ਕਿਸੇ ਦੇ ਘਰ ਜਾ ਲੁਕਿਆ ਤੇ ਜਾਨ ਬਚਾਈ। ਫਿਰ ਕੋਰਟਾਂ `ਚ ਧੱਕੇ ਖਾ ਖਾ ਕੇ ਆਪਣੀ ਜ਼ਮੀਨ ਵਾਪਸ ਆਪਣੇ ਨਾਂ ਕਰਵਾਈ ਤੇ ਪਰ ਭਾਣਜੇ ਨੇ ਘਰ ਫਿਰ ਵੀ ਖਾਲੀ ਨਹੀ ਕੀਤਾ।

1972 ਤੋਂ 1980 ਤਕ ਜੋ ਵੀ ਕਮਾਈ ਕੀਤੀ ਉਸ ਨਾਲ ਘਰਦਿਆਂ ਨੂੰ 10-12 ਕਿਲੇ ਜ਼ਮੀਨ ਦੇ ਲੈ ਕੇ ਦਿੱਤੇ, ਨਵਾਂ ਸਵਰਾਜ ਟਰੈਕਟਰ, ਟਰਾਲੀ ਤੇ ਬਾਕੀ ਦਾ ਸਾਜੋ-ਸਮਾਨ ਲੈ ਕੇ ਦਿੱਤਾ, 1980 ਵਿੱਚ ਸੀਮੈਂਟ ਮਿਲਦਾ ਹੀ ਨਹੀ ਸੀ ਤੇ ਬਾਹਰਲੇ ਪੈਸੇ ਨਾਲ ਟਰੱਕ ਸੀਮੈਂਟ ਦਾ ਖਰੀਦ ਕੇ ਘਰ ਭੇਜ ਦਿੱਤਾ ਜੋ ਘਰਦਿਆਂ ਨੇ ਬਾਹਰੋ ਬਾਹਰ ਵੇਚ ਦਿੱਤਾ। ਇਸ ਤਰ੍ਹਾਂ ਸੀਮੈਂਟ ਦਾ ਭਰਿਆ ਇੱਕ ਟਰੱਕ 1976 `ਚ ਵੀ ਲੈ ਕੇ ਦਿੱਤਾ ਸੀ। 1980 `ਚ ਵਿੱਚ ਵਿਆਹ ਕਰਵਾਉਣ ਤੋਂ ਬਾਅਦ ਜਦੋਂ ਮੈਂ ਆਪਣਾ ਘਰ ਵਸਾਉਣ ਦੀ ਸੋਚੀ ਤਾਂ ਬਾਪ ਬਿਟਰ ਗਿਆ ਕਿ ਇਹ ਸਾਡੇ ਆਖੇ ਨਹੀ ਲੱਗਦਾ। ਮਤਲਬ ਪੈਸਾ ਸਾਡੇ ਹਵਾਲੇ ਕਿਉਂ ਨਹੀ ਕਰਦਾ ਤੇ ਅਖੀਰਲੇ ਵੇਲੇ ਜਾਂਦਾ ਜਾਂਦਾ ਮੈਨੂੰ ਘਰੋਂ ਬੇ-ਦਖਲ ਕਰ ਗਿਆ। ਹੁਣ ਜਦੋਂ ਮੈਂ 28 ਸਾਲਾਂ ਬਾਅਦ ਆਪਣੇ ਭਰਾ ਨਾਲ ਵੰਡ-ਵੰਡਾਈ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਕਿ ਜੋ ਤੇਰੇ ਆਪਣੇ ਨਾਉ ਤੇ ਜ਼ਮੀਨ ਹੈ ਉਹ ਲੈ ਸਕਦਾ ਹੈਂ ਬਾਕੀ ਦੀ ਬਾਪ ਸਾਨੂੰ ਦੇ ਗਿਆ ਹੈ। ਜੇ ਤਾਂ ਮੈਂ ਕਿਸੇ ਗੈਰ ਕਨੂੰਨੀ ਤਰੀਕੇ ਨਾਲ ਭਰਾ ਦੇ ਕਿਸੇ ਲੜਕੇ ਜ਼ਾਂ ਲੜਕੀ ਨੂੰ ਕੈਨੇਡਾ ਵਿੱਚ ਲੈ ਆਉਂਦਾ ਤਾਂ ਉਹ ਵੀ ਰਾਜੀ ਰਹਿੰਦਾ ਪਰ ਇਸ ਤਰ੍ਹਾ ਦੇ ਕੰਮ ਮੈਂ ਕਰਦਾ ਹੀ ਨਹੀ। ਸੋ ਓਹ ਵੀ ਬਿਟਰ ਗਿਆ। ਨਾ ਮਾਈ ਨਾ ਬਾਪ ਤੇ ਨਾ ਭਰਾ, ਅੱਗੋ ਆਪਣੀ ਉਲਾਦ ਦਾ ਤਾਂ ਹਾਲੇ ਪਤਾ ਨਹੀ, ਇਹ ਹੈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਵਸਦੇ ਲੋਕਾਂ ਦੀ ਖੁਸ਼ਬੋ।

ਗੁਰਦਵਾਰਿਆਂ ਦੀ ਸਟੇਜ ਤੋਂ ਰੱਜ ਕੇ ਝੂਠ ਬੋਲਣਾ ਸਾਡੇ ਸਿੱਖ ਧਰਮ ਦਾ ਹਿਸਾ ਬਣ ਚੁਕਿਆ ਹੈ। ਨੋਇਡਾ ਸੈਕਟਰ 37 ਦੇ ਗੁਰਦਵਾਰੇ ਵਿੱਚ ਦਿੱਲ੍ਹੀ ਤੋਂ ਕਿਸੇ ਸੰਤ ਦਇਆ ਸਿੰਘ ਦੀ ਕਥਾ ਸੁਣੀ। ਇਹ ਸੰਤ ਬਹੁਤ ਪੁਜਿਆ ਹੋਇਆ ਹੈ, ਇਹ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਨੂੰ ਵੀ ਮਿਲਿਆ ਸੀ ਤੇ ਬਿਆਸਾ ਵਾਲਿਆਂ ਦੇ ਨਾਲ ਵੀ ਇਸਦਾ ਸੰਬੰਧ ਰਿਹਾ ਹੈ, ਇਹ ਬੋਲ ਹਨ ਮੇਰੇ ਪੁਰਾਣੇ ਬੇਲੀਆਂ ਦੇ। ਪਰ ਕਥਾ ਸੁਣਨ ਤੋਂ ਬਾਅਦ 80 ਸਾਲਾਂ ਨੂੰ ਢੁਕੇ ਸੰਤ ਨੂੰ ਮੈਂ ਗੁਰਦਵਾਰੇ ਵਿੱਚ ਹੀ ਫਤਿਹ ਬੁਲਾਕੇ ਸੰਗਤਾਂ ਦੇ ਸਾਹਮਣੇ ਬੈਠ ਕੇ ਵਿਚਾਰ ਕਰਨ ਲਈ ਬੇਨਤੀ ਕੀਤੀ ਤੇ ਓਹ ਕਹਿਣ ਲੱਗਿਆ ਕਿ ਮੇਰੇ ਕੋਲੋਂ ਬੈਠਿਆ ਨਹੀ ਜਾਂਦਾ ਇਸ ਕਰਕੇ ਜਿਥੇ ਮੈਂ ਠਹਿਰਿਆ ਹੋਇਆ ਹਾਂ ਉਥੇ ਹੀ ਆ ਜਾਓ। ਬੇਨਤੀ ਕੀਤੀ ਕਿ ਤੁਸੀਂ ਆਪਣੀ ਕਥਾ `ਚ ਕਲਯੁਗ ਤੇ 84 ਲੱਖ ਜੂਨਾਂ ਦੀ ਗੱਲ ਕੀਤੀ ਹੈ। ਪਰ ਗੁਰਬਾਣੀ ਸਵਾਏ ਏਕੇ ਦੀ ਗਣਤੀ ਦੇ ਹੋਰ ਕਿਸੇ ਗਿਣਤੀ ਨੂੰ ਨਹੀ ਮੰਨਦੀ। ਜਿਵੇ:

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥

ਤੇਰਾ ਅੰਤੁ ਨ ਜਾਈ ਲਖਿਆ, ਅਕਥੁ ਨ ਜਾਈ ਹਰਿ ਕਥਿਆ॥ ਨਾਨਕ ਜਿਨ੍ਹ੍ਹ ਕਉ ਸਤਿਗੁਰੁ ਮਿਲਿਆ, ਤਿਨ੍ਹ੍ਹ ਕਾ ਲੇਖਾ ਨਿਬੜਿਆ॥ 18॥ 1॥ 2॥ {ਪੰਨਾ 435}

ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ 1॥ ਰਹਾਉ॥ ਪੰਨਾ 469॥

ਜਵਾਬ ਸੀ ਅਸੀਂ ਤਾਂ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਤੇ ਤੁਸੀਂ ਵਿਚਾਰਦੇ ਹੋ। ਲੋਕੋ ਇਹੀ ਫਰਕ ਹੈ ਜਿਹੜੇ ਬਾਣੀ ਦੀ ਵਿਚਾਰ ਨਹੀ ਕਰਦੇ ਉਹ ਕਦੇ ਵੀ ਸਿਆਣੇ ਸਿੱਖ ਨਹੀ ਬਣ ਸਕਦੇ।

ਸਵਾਲ: ਬਾਬਾ ਜੀ ਹੁਣੇ ਹੁਣੇ ਤੁਸੀਂ ਕਥਾ ਦਰਮਿਆਨ ਇਹ ਕਹਿ ਰਹੇ ਸੀ ਕਿ ਚੌਥੇ ਪਾਤਸ਼ਾਹ ਸੋਢੀ ਸੁਲਤਾਨ, ਗੁਰੂ ਰਾਮਦਾਸ ਜੀ ਨੇ ਇੱਕ ਸਾਹ ਵਿੱਚ ਤਿੰਨ ਵਾਰ, ‘ਵਾਹਿ ਗੁਰੂ’ ਉਚਾਰਨ ਕਰਨ ਦਾ ਹੁਕਮ ਕੀਤਾ ਹੈ। ਪਰ ਗੁਰੁ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ ਦਰਜ਼ ਹੈ ਤੇ ਕਿਸੇ ਇੱਕ ਵੀ ਗੁਰੂ ਸਾਹਿਬਾਨ ਦੀ ਬਾਣੀ `ਚ ‘ਵਾਹਿ ਗੁਰੂ’ ਲਫਜ਼ ਨਹੀ ਆਉਂਦਾ। ਇਸ ਬਾਰੇ ਤੁਹਾਡਾ ਕੀ ਜਵਾਬ ਹੈ? ਕਹਿਣ ਲੱਗਾ ਜੀ ਅਸੀਂ ਤਾਂ ਇਵੇਂ ਹੀ ਪੜਿਆ ਹੈ।

ਯੁਗਾਂ ਦੀ ਵੰਡ ਬਾਰੇ ਗੁਰਬਾਣੀ ਦਾ ਫੁਰਮਾਣ ਹੈ ਕਿ ਜੇ ਕੋਈ ਮਨੁੱਖ ਗੁਰੁ ਦੀ ਮੱਤ ਲੈ ਕੇ ਸ਼ਾਂਤ- ਮਈ ਜੀਵਨ ਜਿਉਂ ਰਿਹਾ ਹੈ ਤਾਂ ਉਹ ਸਤਿਯੁਗ/ਸਵਰਗ ਵਿੱਚ ਹੈ ਤੇ ਜੇ ਇਹੀ ਮਨੁੱਖ ਲੜਾਈ ਗਾਲੀ-ਗਲੋਚ ਕਰਨ ਦੇ ਰਾਹ ਪੈ ਕੇ ਭੜਥੂ ਮਚਾਈ ਜਾ ਰਿਹਾ ਹੈ ਤਾਂ ਉਹ ਕਲਯੁਗ/ਨਰਕ ਵਿੱਚ ਜਿਉਂਦਾ ਹੈ। ਇਸੇ ਕਰਕੇ ਗੁਰਬਾਣੀ ਯੁਗਾਂ ਨੂੰ ਮਨੁੱਖੀ ਜੀਵਾਂ ਦੇ ਖਿਆਲਾਂ ਵਿੱਚ ਵੱਸਦਾ ਮੰਨਦੀ ਹੈ ਨਾ ਕੇ ਕਿਸੇ ਧਰਤੀ ਤੇ ਯੁਗਾਂ ਦੀ ਹੋਂਦ ਨੂੰ ਮੰਨਦੀ ਹੈ।

ੴ ਸਤਿਗੁਰ ਪ੍ਰਸਾਦਿ॥ ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥ 1॥ ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥ 1॥ ਰਹਾਉ॥ ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥ 2॥ ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥ 3॥ {ਪੰਨਾ 902-903} ਇਹ ਨਿਸ਼ਾਨੀਆਂ ਹਨ ਕਲਯੁਗ ਦੇ ਖੇਡਣ ਦੀਆਂ।

ਹਿੰਦੂ ਧਰਮ ਦੇ ਗ੍ਰੰਥਾਂ ਅਨੁਸਾਰ ਚਾਰ ਯੁਗਾਂ ਦੀ ਉਮਰ ਦਾ ਕੁਲ ਸਮਾਂ 43, 20000 ਸਾਲ ਬਣਦਾ ਹੈ (ਮਹਾਨ ਕੋਸ਼ ਪੰਨਾ 1009)। ਹੁਣ ਸਵਾਲ ਇਹ ਪੈਦਾ ਹੋਇਆ ਕਿ ਜਿਸ ਕਿਸੇ ਨੇ ਵੀ ਯੁਗਾਂ ਦੀ ਉਮਰ ਇਤਨੀ ਮਿਥੀ ਹੈ ਕੀ ਓਹ ਜਾਂ ਕੋਈ ਹੋਰ ਇਨ੍ਹਾਂ ਸਮਾਂ ਜਿਉਂਦਾ ਰਿਹਾ ਹੈ? ਗੁਰੁ ਨਾਨਕ ਪਾਤਸ਼ਾਹ ਦਾ ਮੱਤ ਦਲੀਲ ਤੇ ਅਧਾਰਤ ਹੈ। ਸੋ ਗੁਰੂ ਆਪਣੀ ਬਾਣੀ ਵਿੱਚ ਯੁਗਾਂ ਦਾ ਨਾਮ ਜਰੂਰ ਵਰਤਦੇ ਹਨ ਪਰ ਯੁਗ ਅੱਖਰ ਦੇ ਮਤਲਬ ਉਨ੍ਹਾਂ ਦੇ ਆਪਣੇ ਹਨ।

ਆਓ ਹੁਣ ਭਾਰਤ ਦੇ ਸੜਕਨਾਮੇ ਵੱਲ ਨਜ਼ਰ ਮਾਰੀਏ। ਉਤਰੀ ਹਿੰਦੋਸਤਾਨ ਵਿੱਚ ਸੜਕ ਤੇ ਸੜਕ-ਕਾਨੂੰਨ ਨਾਮ ਦੀ ਕੋਈ ਚੀਜ਼ ਨਹੀ। ਦਿੱਲ੍ਹੀ ਦੇ ਖਾਸ ਚੌਰਸਤਿਆਂ ਨੂੰ ਛੱਡ ਕੇ ਬਾਕੀ ਦੀਆਂ ਲਾਲ, ਹਰੀਆਂ ਤੇ ਪੀਲੀਆਂ ਬੱਤੀਆਂ ਨੂੰ ਕੋਈ ਗੌਲਦਾ ਹੀ ਨਹੀਂ। ਤਕਰੀਬਨ ਤਕਰੀਬਨ ਸਵੇਰ ਦੇ ਨੌਂ ਵਜੇ ਤਕ ਕਿਸੇ ਵੀ ਡਰਾਈਵਰ ਨੂੰ ਲਾਲ ਬੱਤੀਆ ਹੋਣ ਦੇ ਬਾਵਜੂਦ ਵੀ ਰੁਕਣ ਦੀ ਕੋਈ ਫੁਰਸਤ ਹੀ ਨਹੀ। ਜੇ ਕੋਈ ਇੱਕ ਦੂਜੇ ਵਿੱਚ ਵੱਜ ਗਿਆ ਤਾਂ ਛੇਤੀ ਛੇਤੀ ਆਪਣੀ ਗੱਡੀ ਵਿਚੋਂ ਉਤਰੋ ਤੇ ਘਸੁੰਨ ਮੁਕੀ ਕਰੋ। ਜਿਹੜਾ ਤਕੜਾ ਨਿਕਲਿਆ ਉਸੇ ਦੇ ਲਈ ਲੰਘਣ ਵਾਸਤੇ ਹਰੀ ਬੱਤੀ ਸੀ ਤੇ ਦੂਜੇ ਦੀ ਆਪੇ ਲਾਲ ਹੋ ਜਾਵੇਗੀ। ਪੰਜ ਮਾਰਚ ਨੂੰ ਮੇਰੇ ਨਾਲ ਇਵੇਂ ਹੀ ਹੋਇਆ। ਫਰਕ ਸਿਰਫ ਇਤਨਾ ਕੁ ਹੋਇਆ ਕਿ ਮਾਲਕ ਗੱਡੀ ਚਲਾ ਰਿਹਾ ਸੀ ਤੇ ਪੰਜ ਕੁ ਸਾਲ ਦਾ ਇੱਕ ਲੜਕਾ ਨਾਲ ਦੀ ਸੀਟ ਤੇ ਬੈਠਾ ਸੀ ਜੋ ਗੱਡੀ ਟਕਰਾਉਣ ਕਰਕੇ ਮੂਹਰਲੇ ਸ਼ੀਸ਼ੇ ਵਿੱਚ ਜਾ ਵੱਜਿਆ। ਇਸੇ ਵਜ੍ਹਾ ਕਰਕੇ ਗੱਢੀ ਦੇ ਮਾਲਕ ਨੇ ਸਾਡੀ ਗੱਡੀ ਦੇ ਦਰਵਾਜੇ ਦੀ ਕੀਮਤ ਦੇਣੀ ਮੰਨ ਲਈ ਜੋ 6450 ਰੁਪੈ ਬਣਦੀ ਹੈ ਜਦੋਂ ਕਿ ਸਾਡਾ ਕੁਲ ਨੁਕਸਾਨ 26, 000. 00 ਰੁਪੈ ਦਾ ਹੋਇਆ ਹੈ। ਸਾਡੀ ਗਲਤੀ ਹੈ ਅਸੀਂ ਸਵੇਰੇ ਸਵੇਰੇ ਸੜਕ ਤੇ ਗੱਡੀ ਲੈ ਕੇ ਗਏ ਹੀ ਕਿਉਂ ਹਾਂ? ਇਸ ਕਰਕੇ ਨੁਕਾਸਨ ਵੀ ਤੇ ਭਰਨਾ ਹੀ ਪੈਣਾ ਹੈ। ਸੜਕਾਂ ਚੌੜੀਆਂ ਹੋਣ ਦੇ ਬਾਵਜੂਦ ਵੀ ਅੱਜ 1983 ਨਾਲੋਂ ਆਵਾਜਾਈ ਦਾ ਬੁਰਾ ਹਾਲ ਹੈ। 1983 ਵਿੱਚ ਮੈਂ ਆਪਣਿਆਂ ਦੋਸਤਾਂ ਨਾਲ ਜਰਮਨੀ ਤੋਂ ਸੜਕ ਰਸਤੇ ਭਾਰਤ ਤਕ ਜਾਣ ਦਾ ਪ੍ਰੋਗਰਾਮ ਉਲੀਕ ਲਿਆ। ਰਾਤ ਦੇ ਬਾਰਾਂ ਵਜੇ ਅਸੀਂ ਦਿੱਲ੍ਹੀ ਤੋਂ ਮੋਗੇ ਵੱਲ ਨੂੰ ਚੱਲ ਪਏ ਤੇ ਸਵੇਰ ਦੇ ਚਾਰ ਵੱਜ ਕੇ ਪੰਦਰਾਂ ਮਿੰਟ ਤੇ ਢੁਡੀਕਿਆਂ ਨੇੜੇ ਤਖਾਣਵੱਧ ਪਹੁੰਚ ਗਏ। ਹੁਣ ਸੜਕਾਂ ਵੱਧੀਆ ਹੋਣ ਦੇ ਬਾਵਜੂਦ ਵੀ 9 ਘੰਟਿਆਂ ਤੋਂ ਪਹਿਲਾਂ ਦਿੱਲ੍ਹੀ-ਤਖਾਣਵੱਧ ਦਾ ਸਫਰ ਤਹਿ ਨਹੀ ਹੁੰਦਾ।

ਕਚਿਹਰੀਆਂ ਦਾ ਬਹੁਤ ਬੁਰਾ ਹਾਲ ਹੈ। ਮੋਗਾ ਸੈਕਸ ਕਾਂਡ ਵਿੱਚ ਜੋਰਾ ਸਿੰਘ ਬੱਧਣੀ ਵਾਲਾ ਸੰਤ ਵੀ ਭਾਗੀਦਾਰ ਹੈ। ਇਹ ਕੇਸ ਜਦੋਂ ਸੀ. ਬੀ. ਆਈ ਕੋਲ ਚਲਾ ਗਿਆ ਤਾਂ ਦੇਣ ਲੈਣ ਕਰੋੜਾਂ ਵਿੱਚ ਹੋਇਆ। ਸੰਤ ਜੀ ਨੇ ਤੇ ਸੀ. ਬੀ. ਆਈ ਨੇ ਵੀ ਧਿਆਨ ਨਹੀ ਦਿੱਤਾ। ਗਲਤੀ ਨਾਲ ਜੋਰਾ ਸਿੰਘ ਬੱਧਣੀ ਵਾਲੇ ਨੇ ਕਰੋੜ ਰੁਪੈ ਦਾ ਚੈਕ ਲਿਖ ਦਿੱਤਾ ਤੇ ਉਹ ਕਿਸੇ ਖਾਤੇ ਵਿੱਚ ਜਮਾਂ ਵੀ ਹੋ ਗਿਆ ਪਰ ਲੈਣ ਦੇਣ ਦੇ ਮਾਮਲੇ ਕਰਕੇ ਗੱਲ ਬਾਹਰ ਨਿਕਲ ਗਈ। ਇਹੀ ਸਾਧ 1991-92 ਵਿੱਚ ਵੀ ਦੋ ਕਰੋੜ ਰੁਪੈ ਦੀ ਠੱਗੀ ਵਿੱਚ ਫੱਸਣ ਕਰਕੇ ਦੋ ਸਾਲ ਭੋਰੇ ਵਿਚੋਂ ਨਹੀ ਸੀ ਨਿਕਲਿਆ। ਲੋਕੋ ਜਰਾ ਸੋਚੋ। ਇਹ ਸੰਤ ਜਿਹੜੇ ਤੁਹਾਨੂੰ ਅਸ਼ੀਰਵਾਦਾਂ ਦੇ ਦੇ ਕੇ ਤੁਹਾਡੇ ਭੜੋਲੇ ਭਰਦੇ ਹਨ ਜਾਂ ਭਰਨ ਦੀਆਂ ਅਰਦਾਸਾਂ ਕਰਦੇ ਹਨ ਇਹ ਤਾਂ ਆਪ ਤੁਹਾਡੇ ਦਿੱਤੇ ਪੈਸੇ ਨਾਲ ਆਪਣੇ ਭੜੌਲੇ ਭਰਦੇ ਹਨ। ਜੇ ਇਨ੍ਹਾਂ ਕੋਲ ਕੁੱਛ ਹੋਵੇ ਜਾਂ ਕੋਈ ਤਾਕਤ ਹੋਵੇ ਤਾਂ ਇਹ ਆਪਣੇ ਭੜੌਲੇ ਆਪ ਹੀ ਨਾ ਭਰ ਲੈਣ। ਤੁਹਾਡੇ ਨਾਲ ਇਨ੍ਹਾਂ ਨੂੰ ਠੱਗੀਆਂ ਮਾਰਨ ਦੀ ਕੀ ਜਰੂਰਤ ਹੈ। ਪਰ ਨਹੀ ਅਸੀਂ ਤਾਂ ਕਸਮ ਖਾਦੀ ਹੋਈ ਹੈ ਕਿ ਅਕਲ ਤੋਂ ਤਾਂ ਕੰਮ ਲੈਣਾ ਹੀ ਨਹੀ।

ਸਿਆਸਤਦਾਨਾਂ ਬਾਰੇ ਨਾਉਂ ਲੈ ਲੈ ਕੇ ਅਖਬਾਰ ਲਿਖ ਰਹੇ ਹਨ ਕਿ ਫਲਾਣੇ ਦੇ ਹਲਕੇ ਵਿਚ, ਮੁਕਤਸਰ ਮਲੋਟ ਵਿੱਚ ਨਜਾਇਜ਼ ਕਬਜਿਆਂ ਦੀ ਭਰਮਾਰ। ਵੱਡੇ ਤੇ ਛੋਟੇ ਮੰਤਰੀਆਂ ਦੇ ਮੁੰਡਿਆਂ ਵਿੱਚ ਨਜਾਇਜ਼ ਕਬਜੇ ਕਰਕੇ ਫਸਾਦ। ਲੱਖੋਵਾਲ ਦਾ ਲੜਕਾ ਸਹੀ ਤੇ ਦੂਜਾ ਗਲਤ।

15 ਕੁ ਪਰਵਾਰਾਂ ਨੂੰ ਸ਼ਾਮ ਦੇ ਖਾਣੇ ਲਈ ਨੋਇਡਾ ਸਥਿਤ ਫੌਜੀਆਂ ਦੀ ਕਲੱਬ ਵਿੱਚ ਖਾਣੇ ਲਈ ਦਾਵਤ ਦਿੱਤੀ ਗਈ। ਕੁੱਲ 31 ਜੀਵ ਖਾਣੇ ਲਈ ਆਏ। 300 ਰੁਪੈ ਪ੍ਰਤੀ ਵਿਆਕਤੀ ਖਾਣੇ ਦਾ ਖਰਚਾ ਸੀ ਤੇ ਕੁੱਲ ਮਿਲਾ ਕੇ 9882. 00 ਦੇਣੇ ਸਨ। ਪਰ ਉਨ੍ਹਾਂ ਨੇ ਮੈਨੂੰ 53882. 00 ਦਾ ਚੈਕ ਦੇਣ ਲਈ ਕੱਚੀ ਪਰਚੀ ਲਿਆ ਹੱਥ ਫੜਾਈ। ਪਰ ਚੰਗੀ ਤਰ੍ਹਾਂ ਛਾਣ ਬੀਣ ਕਰਨ ਤੇ ਪਤਾ ਚੱਲਿਆ ਕਿ ਗਲਤੀ ਨਾਲ ਬਿਲ ਕੁੱਝ ਜਿਆਦਾ ਦਾ ਹੀ ਬਣ ਗਿਆ ਹੈ।

ਇਸ ਤਰ੍ਹਾਂ ਦੀਆਂ ਸੈਂਕੜੇ ਨਹੀ ਹਜਾਰਾਂ ਹੀ ਮਸਾਲਾਂ ਮੇਰੇ ਭਾਰਤ ਮਹਾਨ ਦੀਆਂ ਦਿੱਤੀਆਂ ਜਾ ਸਕਦੀਆਂ ਹਨ। ਆਮ ਤੇ ਵਿਚਕਾਰਲੇ ਦਰਜੇ ਦੀ ਕਮਾਈ ਵਾਲੇ ਜੀਵਾਂ ਲਈ ਜੀਵਨ ਨਿਰਬਾਹ ਕਰਨਾ ਅਤੀ ਮੁਸ਼ਕਲ ਹੋ ਗਿਆ ਹੈ। ਪਰ ਇਸ ਮੁਸ਼ਕਲ ਕਰਕੇ ਕਦੇ ਕਿਸੇ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕੀ।

ਭਾਰਤ ਨੂੰ ਜਾ ਰਹੇ ਹੋ ਜਾਂ ਭਾਰਤ ਨੂੰ ਛੱਡ ਰਹੇ ਹੋ ਹਵਾਈ ਅੱਡੇ ਉਤੇ ਮੰਗਤਿਆਂ ਦੀਆਂ ਹੇੜਾਂ ਫਿਰਦੀਆਂ ਹਨ। ਸਾਡੇ ਕੋਲ ਕੁੱਝ ਵੀ ਨਹੀ ਸੀ ਜਾਂਦੇ ਅਤੇ ਆਉਂਦੇ ਸਮੇਂ। ਪਰ ਫਿਰ ਵੀ ਮੰਗਤਿਆਂ ਨੇ ਆ ਘੇਰਿਆ ਜੀ ਤੁਹਾਡਾ ਸਮਾਨ ਨਿਕਾਲ ਦੇਈਏ। ਮੈਂ ਕਿਹਾ ਜੀ ਕੱਛੇ ਤੇ ਬੁਨੈਣਾਂ ਵਿਚੋਂ ਜੇ ਤੈਨੂੰ ਦੋ ਚਾਰ ਚਾਹੀਦੀਆਂ ਹਨ ਤਾਂ ਲ਼ੈ ਲੈ ਪਰ ਮੇਰੇ ਕੋਲ ਤੈਨੂੰ ਦੇਣ ਵਾਸਤੇ ਕੱਝ ਵੀ ਨਹੀ। ਇਸੇ ਹੀ ਤਰ੍ਹਾਂ ਆਉਂਦੇ ਸਮੇਂ ਜਿਥੇ ਸਮਾਨ ਦਾ ਐਕਸਰੇ ਕਰਦੇ ਹਨ। ਜੀ ਸਾਨੂੰ ਕੁੱਝ ਦੇ ਕੇ ਜਾਓ। ਸਾਡੀ ਸੇਵਾ ਪਾਣੀ। ਫਿਰ ਗਰੀਬੀ ਤੇ ਤਰਸ ਆਇਆ ਤੇ 50 ਰੁਪੈ ਦੇ ਕੇ ਖਹਿੜਾ ਛਡਵਾਇਆ। ਰਿਸ਼ਤੇਦਾਰਾ ਦੇ ਰਿਸ਼ਤੇਰਾਦ ਵੀ ਤੁਸੀਂ ਤਾਂ ਹੀ ਹੋ ਜੇ ਕਰ ਤੁਸੀਂ ਉਨ੍ਹਾਂ ਵਾਸਤੇ ਕੁੱਝ ਲੈ ਕੇ ਗਏ ਹੋ ਨਹੀ ਤਾਂ ਨਾ ਕੋਈ ਭੂਆ ਨਾ ਭੈਣ, ਨਾ ਕੋਈ ਮਾਈ ਨਾ ਬਾਪ। ਇਹ ਸਾਰਾ ਕੁੱਝ ਹਰ ਇੱਕ ਨਾਲ ਵਾਪਰਦਾ ਹੈ। ਬਸ ਐਵੇਂ ਲਿਖਣ ਨੂੰ ਦਿਲ ਕਰ ਆਇਆ ਤੇ ਚਾਰ ਝਰੀਟਾਂ ਮਾਰ ਦਿੱਤੀਆਂ। ਜਿਸ ਮੁਲਕ ਵਿੱਚ ਸੰਤ ਸਿਆਸਤਦਾਨ ਹੋਣ ਉਸ ਬਾਰੇ ਲਿਖਣ ਦਾ ਕੀ ਫਾਈਦਾ।

ਗੁਰੁ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ।
.