.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 12)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤਨ ਹਥਿ ਰਾਖੀ ਕੂੰਜੀ ਕਿ ਕੁੰਜੀ ਗੁਰ ਸਉਪਾਈ?

ਕਾਫੀ ਲੰਮੇ ਸਮੇ ਤੋਂ ਇਹਨਾਂ ਸੰਤਾਂ ਅਤੇ ਇਹਨਾਂ ਦੇ ਚੇਲਿਆਂ ਨੇ ਗੁਰ ਬਾਣੀ ਦੇ ਗਲਤ ਅਰਥ ਕਰਦਿਆਂ ਆਪਣੀ ਪੱਕੀ ਆਦਤ ਮੁਤਾਬਿਕ ਕਹੀ ਜਾਂਦੇ ਹਨ ਕਿ ਕੁੰਜੀ ਸੰਤਾਂ ਕੋਲ ਹੈ, ਇਹਨਾਂ ਹਮੇਸ਼ਾ ਆਪਣੇ ਅੰਦਰ ਛਲ ਕਪਟ ਰੱਖਿਆ ਗੁਰੂ ਨੂੰ ਪਿਛੇ ਕਰਕੇ ਆਪ ਅੱਗੇ ਲੰਘਣ ਦੀ ਕੋਝੀ ਕੋਸ਼ਿਸ਼ ਕੀਤੀ। ਸੰਤਨ ਜਿਥੇ ਬਹੁ ਵਚਨ ਵਿੱਚ ਆਇਆ ਹੈ ਅਰਥ ਹੈ ਸੰਗਤ। ਜਿਥੇ ਇਕੱਠੇ ਬੈਠ ਕੇ ਸਿੱਖ ਸੰਗਤਾਂ ਗੁਰਬਾਣੀ ਦੇ ਗਹਿਰ ਗੰਭੀਰ ਵਿਸ਼ਿਆਂ ਤੇ ਵਿਚਾਰ ਕਰਦੀਆਂ ਹਨ ਉਥੇ ਸੱਚ ਰਾਹ ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ ਮਨ ਨੂੰ ਲੱਗੇ ਹੋਏ ਮਨਮੱਤ ਦੇ ਜੰਦਰੇ ਖੁਲ੍ਹਦੇ ਹਨ ਦੇਖੋ ਜ਼ਰਾਂ ਇਹ ਤੁਕਾ ਗੁਰਬਾਣੀ ਦੀਆਂ ਹਨ ਜੋ ਇਹਨਾਂ ਕਦੇ ਵੀ ਨਹੀਂ ਸੁਣਾਈਆਂ। ਇਹਨਾਂ ਦੀ ਨੀਤ ਗੁਰੂ ਨਾਲ ਵੀ ਸਾਫ ਨਹੀ ਹੈ।

ਗੁਰੂ ਕੁੰਜੀ, ਪਾਹੂ ਨਿਵਲੁ ਮਨੁ ਕੋਠਾ, ਤਨ ਛਤਿ॥

ਨਾਨਕ, ਗੁਰ ਬਿਨੁ ਮਨ ਕਾ ਤਾਕੁ ਨ ਉਘੜੈ, ਅਵਰ ਨ ਕੁੰਜੀ ਹਥਿ॥

ਅਰਥ-ਮਨ ਕੋਠਾ ਹੈ, ਸਰੀਰ ਛੱਤ ਹੈ, ਮਨਮੱਤ ਦਾ ਜੰਦਰਾ ਲੱਗਾ ਹੋਇਆ ਹੈ, ਗੁਰੂ ਕੁੰਜੀ ਹੈ (ਭਾਵ ਮਨਮੱਤ ਦੂਰ ਕਰਨ ਵਾਲਾ ਕੇਵਲ ਗੁਰੂ ਹੈ) ਨੇ ਨਾਨਕ! ਗੁਰੂ ਤੋਂ ਬਿਨਾ ਮਨ ਦਾ ਬੂਹਾ ਨਹੀ ਖੁਲ ਸਕਦਾ ਅਤੇ ਸਖਤੀ ਨਾਲ ਕਹਿੰਦੇ ਹਨ ਇਹ ਕੁੰਜੀ ਹੋਰ ਕਿਸੇ ਕੋਲ ਹੋ ਹੀ ਨਹੀ ਸਕਦੀ। ਪਰ ਇਹ ਸਾਧ ਕਿਵੇਂ ਕਹੀ ਜਾਂਦੇ ਹਨ ਕੁੰਜੀ ਸੰਤਾਂ ਕੋਲ ਹੈ। ਸਿੱਧ ਹੋਇਆ ਕਿ ਇਹ ਗੁਰੂ ਦੇ ਸ਼ਰੀਕ ਹਨ। ਗੁਰੂ ਨੇ ਸਭ ਕੁੱਝ ਸਪੱਸ਼ਟ ਕੀਤਾ ਹੋਇਆ ਹੈ ਕਿਸੇ ਸੰਤ ਦੀ ਸਿਫਾਰਸ਼ ਦੀ ਲੋੜ ਨਹੀ ਹੈ।

ਕਿਵੇਂ ਭਿੱਜਦਾ ਹੈ ਪ੍ਰਮਾਤਮਾ

ਨ ਭੀਜੈ ਰਾਗੀ ਨਾਦੀ ਬੇਦਿ॥

ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ ਆਦਿ ਧਰਮ ਪੁਸਤਕਾਂ ਤੋਤਾਂ ਰਟਨ ਪੜ੍ਹਨ ਨਾਲ ਨਹੀ ਭਿੱਜਦਾ ਪ੍ਰਮਾਤਮਾ।

ਨ ਭੀਜੈ ਸੁਰਤੀ ਗਿਆਨੀ ਜੋਗਿ॥

ਅੱਖਾਂ ਮੀਟ ਕੇ ਬਗੁਲ ਸਮਾਧੀਆਂ ਲਾਉਣ ਨਾਲ, ਗਿਆਨ ਚਰਚਾਂ ਕਰਨ ਨਾਲ, ਜੋਗ ਸਾਧਨ ਕਰਨ ਨਾਲ ਵੀ ਪ੍ਰਮਾਤਮਾ ਨਹੀ ਭਿੱਜਦਾ।

ਨ ਭੀਜੈ ਸੋਗੀ ਕੀਤੈ ਰੋਜ॥

ਉਹ ਪ੍ਰਮਾਤਮਾ ਸੋਗ ਕੀਤਿਆਂ ਜਿਵੇਂ ਜੈਨੀ ਸਿਰ ਸੁੱਟ ਕੇ ਪਏ ਰਹਿੰਦੇ ਹਨ। ਨਹੀ ਭਿੱਜਦਾ, ਭਾਵ ਪ੍ਰਸੰਨ ਨਹੀ ਹੁੰਦਾ।

ਨ ਭੀਜੈ ਰੂਪੀ ਮਾਲੀ ਰੰਗਿ॥

ਰੂਪ, ਮਾਲ, ਧਨ ਤੇ ਰੰਗ ਤਮਾਸ਼ੇ ਕੀਤਿਆਂ ਵੀ ਪ੍ਰਭੂ ਪ੍ਰਸੰਨ ਨਹੀ ਹੁੰਦਾ।

ਨ ਭੀਜੈ ਤੀਰਥ ਭਵਿਐ ਨੰਗਿ॥

ਤੀਰਥਾਂ, ਸਰੋਵਰਾਂ ਤੇ ਨ੍ਹਾਤਿਆਂ ਜਾਂ ਨੰਗੇ ਫਿਰਿਆਂ ਵੀ ਪ੍ਰਮਾਤਮਾ ਖੁਸ਼ ਨਹੀ ਹੁੰਦਾ।

ਨ ਭੀਜੈ ਦਾਤੀਂ ਕੀਤੈ ਪੁੰਨਿ॥

ਦਾਨ ਪੁੰਨ ਕੀਤਿਆਂ ਵੀ ਰੱਬ ਨਹੀ ਰੀਝਦਾ

ਨੋਟ-ਜਦੋ ਕਿ ਇਹ ਸਾਧ ਸੰਤ ਸਦਾ ਇਹ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਦਾਨ ਪੁੰਨ ਕਰੋ।

ਨ ਭੀਜੈ ਬਾਹਰ ਬੈਠਿਆਂ ਸੁੰਨਿ॥

ਬਾਹਰ ਜੰਗਲਾਂ ਵਿੱਚ ਗਰਮੀ, ਠੰਡ ਵਿੱਚ ਅਖੌਤੀ ਇਕਾਂਤ ਵਿੱਚ ਬੈਠਿਆਂ ਵੀ ਨਹੀ ਪ੍ਰਸੰਨ ਹੁੰਦਾ।

ਨ ਭੀਜੈ ਭੇੜਿ ਮਰਹਿ ਭਿੜਿ ਸੂਰ॥

ਬਿਨਾ ਖਾਸ ਕਾਰਨ ਤੋ ਜੋਧੇ ਲੜਾਈ ਵਿੱਚ ਲੜ ਕੇ ਵੀ ਮਰ ਜਾਣ ਤਾਂਵੀ ਪ੍ਰਸੰਨ ਨਹੀ ਹੁੰਦਾ ਪ੍ਰਮਾਤਮਾ।

ਨ ਭੀਜੈ ਕੇਤੇ ਹੋਵਹਿ ਧੂੜ॥

ਕਈ ਬੰਦੇ ਨਾਂਗੇ ਸਾਧੂ ਸਵਾਹ ਮਲੀ ਫਿਰਦੇ ਹਨ ਮਿੱਟੀ ਵਿੱਚ ਲੇਟਦੇ ਹਨ ਪਰ ਉਹ ਪ੍ਰਭੂ ਇਸ ਤਰ੍ਹਾ ਕਦੇ ਖੁਸ਼ ਨਹੀ ਹੁੰਦਾ।

ਲੇਖਾ ਲਿਖੀਐ ਮਨ ਕੈ ਭਾਇ॥

ਨਾਨਕ ਭੀਜੈ ਸਾਚੈ ਨਾਇ॥

ਹੇ ਨਾਨਕ ਸੱਚ ਨਾਲ ਜੁੜਿਆ ਸੱਚ ਪ੍ਰਮਾਤਮਾ ਪਾ ਲਈਦਾ ਹੈ ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀਹੈ।

ਸੋ ਸਾਰਾ ਕੁੱਝ ਗੁਰੂ ਨੇ ਆਪ ਸਮਝਾਇਆ ਹੈ ਇਹ ਇਹਨਾਂ ਸਾਧਾਂ ਨੇ ਨਾ ਆਪ ਸਮਝਿਆ ਨਾ ਕਿਸੇ ਨੂੰ ਸਮਝਾਇਆ ਗੁਰੂ ਹੁਕਮ ਦੇ ਉਲਟ ਐਸੇ ਕਰਮ ਕਾਂਡ ਕਰਨ ਅਤੇ ਕਰਵਾਉਣ ਵਾਲੇ ਇਹਨਾਂ ਸੰਤਾਂ ਦੇ ਹੱਥ ਕੁੰਜੀ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਧੋਖੇ ਤੋ ਬਚੋ। ਸਦਾ ਯਾਦ ਰੱਖੋ,

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥

ਸਿਆਮ ਸੁੰਦਰ ਤਜਿ ਆਨ ਜੋ ਚਾਹਤ ਜਿਉ ਕੁਸਟੀ ਤਨਿ ਜੋਕ॥

ਗੁਰਬਾਣੀ ਅੰਦਰ ਬੋਲ ਆਏ ਹਨ ਕੰਗਲੇ ਨੂੰ ਬਾਦਸ਼ਾਹ, ਮੂਰਖ ਨੂੰ ਸੰਤ ਕਹੀ ਜਾਂਦੇ ਹਨ, ਅਗਿਆਨੀ ਅੰਧਵਿਸ਼ਵਾਸ਼ੀ ਨੂੰ ਬ੍ਰਹਮ ਗਿਆਨੀ ਆਖੀ ਜਾਂਦੇ ਹਨ, ਅੰਨੇ ਨੂੰ ਪਾਰਖੂ ਆਖੀ ਜਾਂਦੇ ਹਨ ਸ਼ਰਾਰਤ ਕਰਨ ਵਾਲਾ ਇਥੇ ਚੌਧਰੀ ਕਹਾਉਂਦਾ ਹੈ ਝੂਠੀ ਜ਼ਨਾਨੀ ਸੱਭ ਤੋਂ ਅੱਗੇ ਥਾਂ ਮੱਲ ਬੈਠਦੀ ਹੈ ਹਰ ਥਾਂ ਪ੍ਰਧਾਨ ਬਣੀ ਹੋਈ ਹੈ। ਇਹ ਕਲਜੁੱਗ ਵਿੱਚ ਐਸਾ ਵਰਤਾਰਾ ਵਰਤ ਰਿਹਾ ਹੈ। ਸੱਚ ਝੂਠ ਦੇ ਕੱਪੜੇ ਇਥੇ ਸੱਚ ਝੂਠ ਨੂੰ ਪਵਾ ਦਿੱਤੇ ਹਨ। ਝੂਠ, ਸੱਚ ਨੂੰ ਪਛਾਨਣਾ ਮੁਸ਼ਕਲ ਬਣੀ ਹੋਈ ਹੈ ਪਰ ਇਹ ਪਛਾਣ ਸਮੇ ਦੀ ਮੁੱਖ ਲੋੜ ਹੈ।

ਹੁਣ ਇਸ ਤੋਂ ਅੱਗੇ ਇਹਨਾਂ ਵੰਨ ਸਵੰਨੇ ਸੰਤਾਂ ਬਾਬਿਆਂ ਦਾ ਹਾਲ ਬਿਆਨ ਕਰਦੇ ਹਾਂ ਕਿ ਕਿਵੇ ਇਹ ਅੰਦਰੋਂ ਹੋਰ, ਬਾਹਰੋਂ ਹੋਰ, ਕੁੱਝ ਕਾਲੇ ਕੱਪੜੇ ਪਾਉਣ ਵਾਲੇ ਕਮਾਂਡੋਂ ਬਾਬੇ, ਕੁੱਝ ਹਵਨ ਕਰਨ ਵਾਲੇ, ਚਾਲੀਸੇ ਕੱਟਣ ਵਾਲੇ, ਗਾਤਰੇ ਦੀ ਥਾਂ ਡੋਰੀ ਵਾਲੀ ਕਿਰਪਾਨ (ਜਨੇਊ) ਪਾਉਣ ਵਾਲੇ ਅਤੇ ਚੇਲਿਆਂ ਨੂੰ ਪਵਾਉਣ ਵਾਲੇ, ਗੁਰੂ ਦੇ ਸਿਧਾਂਤ ਅਤੇ ਗੁਰੂ ਪੰਥ ਨੂੰ ਹਰ ਪਾਸਿਉ ਢਾਹ ਲਾਉਣ ਵਾਲੇ, ਗੁਰ ਮਰਯਾਦਾ, ਖਾਲਸਾ ਕੈਲੰਡਰ ਦਾ ਵਿਰੋਧ ਕਰਨ ਵਾਲੇ, ਕਾਰ ਸੇਵਾ, ਕੀਰਤਨ ਦਰਬਾਰਾਂ ਦਲ ਪੰਥਾਂ ਦੇ ਨਾਂ ਤੇ ਪੈਸਾ ਇਕੱਠਾ ਕਰਨ ਵਾਲੇ। ਧਰਮ ਨੂੰ ਇੱਕ ਰਸਮ ਅਤੇ ਵਾਪਾਰ ਬਣਾਉਣ ਵਾਲੇ, ਇਹ ਸੰਤ ਬਾਬਿਆਂ ਨੇ ਸਰਬੱਤ ਦੇ ਭਲੇ ਦੀ ਬਜਾਏ ਸਰਬੱਤ ਦਾ ਨੁਕਸਾਨ ਕਿਵੇਂ ਕੀਤਾ ਇਸ ਹੱਥਲੀ ਪੁਸਤਕ ਵਿੱਚ ਅੱਗੇ ਪੜ੍ਹੋਂ।
.