.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 7

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਸੱਚ ਤੇ ਧਰਮ ਨੂੰ ਇਸ ਨੇ ਸਮਝਿਆ ਨਹੀਂ ਹੈ ਪਰ ਝੂਠ ਤੇ ਅਪਣੇ ਹੀ ਭਰਾ ਨਾਲ ਹੀ ਧ੍ਰੋਅ ਕਮਾਉਣ ਦੀ ਰੱਚੀ ਇਸ ਦੀ ਹਮੇਸ਼ਾਂ ਪ੍ਰਬਲ ਰਹਿੰਦੀ ਹੈ। ਰੱਬੀ ਦਾਤ ਨੂੰ ਮੁੱਢੋਂ ਹੀ ਵਿਸਾਰ ਦਿੱਤਾ ਹੋਇਆ ਹੈ, ਧਨਾਸਰੀ ਰਾਗ ਵਿੱਚ ਫਰਮਾਣ ਹੈ:--

ਸਾਚੁ ਧਰਮੁ ਨਹੀ ਭਾਵੈ ਡੀਠਾ॥ ਝੂਠ ਧ੍ਰੋਹ ਸਿਉ ਰਚਿਓ ਮੀਠਾ॥

ਦਾਤਿ ਪਿਆਰੀ ਵਿਸਰਿਆ ਦਾਤਾਰਾ॥ ਜਾਣੈ ਨਾਹੀ ਮਰਣੁ ਵਿਚਾਰਾ॥

ਧਨਾਸਰੀ ਮਹਲਾ ੫ ਪੰਨਾ ੬੭੬--

ਗੂਰੂ ਸਾਹਿਬ ਜੀ ਨੇ ਮਨੁੱਖ ਦੀ ਅੰਦਰੂਨੀ ਹਾਲਤ ਦਾ ਜ਼ਿਕਰ ਕਰਦਿਆਂ ਫਰਮਾਇਆ ਹੈ ਕਿ ਜੋ ਸ਼ੁਭ ਗੁਣ ਪਰਮਾਤਮਾ ਦੇ ਰਿਹਾ ਹੈ ਉਸ ਨੂੰ ਮਨੋ ਵਿਸਾਰਿਆ ਹੋਇਆ ਹੈ ਪਰ ਵਿਕਾਰਾਂ ਨੂੰ ਇਕੱਠੇ ਕਰੀ ਜਾ ਰਿਹਾ ਹੈ। ਹਾਂ ਇੱਕ ਗੱਲ ਨੂੰ ਪੱਕੇ ਤੌਰ ਤੇ ਪੱਲੇ ਬੰਨ੍ਹ ਲੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਕਲਿਆਣ ਨਹੀਂ ਹੋ ਸਕਦਾ।

ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਅਇ॥

ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ॥

ਕਿਸੇ ਅਦਮੀ ਪਾਸ ਬੈਠਿਆਂ ਉਸ ਅੱਗੇ ਆਪਣਾ ਇੱਕ ਦੁੱਖੜਾ ਫੋਲ ਦਈਏ ਤਾਂ ਦੂਸਰਾ ਆਦਮੀ ਅੱਗੋਂ ਆਪਣੇ ਦੁੱਖਾਂ ਦੀਆਂ ਪੰਡਾਂ ਹੀ ਖੋਹਲ ਦੇਵੇਗਾ ਤੇ ਅਸੀਂ ਆਪਣੀ ਅਗਿਆਨਤਾ ਕਰਕੇ ਪਰਮਾਤਮਾ ਨਾਲ ਰੋਸ ਹੀ ਕਰੀ ਜਾਂਦੇ ਹਾਂ।

ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ॥

ਅਗਿਆਨੀ ਮਨਿ ਰੋਸੁ ਕਰੇਇ॥

ਸੁਖਮਨੀ ਸਾਹਿਬ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਰੱਬੀ ਹੁਕਮ ਵਿੱਚ ਚੱਲਣ ਵਾਲਾ ਮਨੁੱਖ ਹਮੇਸ਼ਾਂ ਖੁਸ਼ ਰਹਿੰਦਾ ਹੈ।

ਜਿਸੁ ਜਨ ਅਪਨਾ ਹੁਕਮੁ ਮਨਾਇਆ॥ ਸਰਬ ਥੋਕ ਨਾਨਕ ਤਿਨਿ ਪਾਇਆ॥

ਜੇ ਸੰਸਾਰ ਨੂੰ ਮਿਥਿਆ ਕਿਹਾ ਗਿਆ ਹੈ ਤਾਂ ਇਸ ਵਿੱਚ ਵਿਚਰਨ ਦਾ ਸਮਾਧਾਨ ਵੀ ਦੱਸਿਆ ਗਿਆ ਹੈ:------

ਮਿਥਿਆ ਤਨੁ ਧਨੁ ਕੁਟੰਬੁ ਸਬਾਇਆ॥ ਮਿਥਿਆ ਹਊਮੈ ਮਮਤਾ ਮਾਇਆ॥

ਮਿਥਿਆ ਰਾਜ ਜੋਬਨ ਧਨ ਮਾਲ॥ ਮਿਥਿਆ ਕਾਮ ਕ੍ਰੋਧ ਬਿਕਰਾਲ॥

------------------------------------

ਅਸਥਿਰੁ ਭਗਤਿ ਸਾਧ ਕੀ ਸਰਨ॥ ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ॥

ਪਰਮਾਤਮਾ ਦੇ ਚਰਨ ਤਾਂ ਹੈ ਕੋਈ ਨਹੀਂ, ਸਾਧ ਦੀ ਭਗਤੀ ਦਾ ਭਾਵ ਕੋਈ ਬਾਬਾ ਜੀ ਨਹੀਂ ਹੈ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੈ। ਸੁਖਮਨੀ ਸਾਹਿਬ ਜੀ ਦਾ ਸੁਨੇਹਾਂ ਕਿ ਗੁਰਬਾਣੀ ਉਪਦੇਸ਼ ਦੁਆਰਾ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਇਹ ਹੀ ਭਗਤੀ ਹੈ ਤੇ ਇਹ ਹੀ ਸਫਲ ਜੀਵਨ ਦੀ ਮੰਜ਼ਿਲ ਹੈ। ਸਿੱਖਰ ਦਾ ਸਿਧਾਂਤ ਸਮਝਾਉਂਦਿਆਂ ਕਿਹਾ ਹੈ ਕਿ ਬਿਨਾਂ ਸਮਝ ਦੇ ਸਰੀਰ ਦੀ ਸਫਲਤਾ ਨਹੀਂ ਗਿਣੀ ਜਾ ਸਕਦੀ।

ਬਿਨੁ ਬੂਝੈ ਮਿਥਿਆ ਸਭ ਭਏ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ॥

ਮਨੁੱਖ ਦੋਹਰੇ ਜੀਵਨ ਵਿੱਚ ਜੀਵਨ ਬਤੀਤ ਕਰ ਰਿਹਾ ਹੈ, ਬਾਹਰਲੀ ਦਿੱਖ ਤੋਂ ਧਰਮੀ ਲੱਗਦਾ ਹੈ ਪਰ ਅੰਦਰ ਕਪਟ ਨਾਲ ਭਰਿਆ ਪਿਆ। ਇਹ ਵਾਕ ਹਰ ਉਸ ਦੁਕਾਨਦਾਰ `ਤੇ ਢੁੱਕਦਾ ਹੈ ਜਿਹੜਾ ਬਾਹਰੋਂ ਦੇਖਣ ਨੂੰ ਧਰਮੀ ਲੱਗਦਾ ਹੈ ਪਰ ਦੁਕਾਨ ਉੱਤੇ ਗਾਹਕ ਚੜ੍ਹਦਿਆਂ ਹੀ ਛਿੱਲਿਆ ਜਾਂਦਾ ਹੈ, ਇਹ ਵਾਕ ਹਰ ਉਸ ਪਰਚਾਰਕ `ਤੇ ਢੁੱਕਦਾ ਹੈ ਜਿਸਦਾ ਲਿਬਾਸ ਤਾਂ ਧਰਮੀਆਂ ਵਾਲਾ ਹੈ ਪਰ ਧਰਮ ਦੀ ਭਾਵਨਾ ਮਨ ਵਿੱਚ ਕੋਈ ਨਹੀਂ ਹੈ। ਇਹ ਵਾਕ ਹਰ ਉਸ ਰਾਜਨੀਤਿਕ ਨੇਤਾ ਜਨ `ਤੇ ਲਾਗੂ ਹੁੰਦਾ ਹੈ ਜਿਹੜਾ ਗੰਗਾ ਗਿਆ ਤੇ ਗੰਗਾ ਰਾਮ, ਜਮਨਾ ਗਿਆ ਤੇ ਜਮਨਾ ਦਾਸ ਬਣ ਗਿਆ ਪਰ ਇਹਨਾਂ ਨੇ ਦਿਖਾਵੇ ਦੇ ਧਰਮੀ ਲਿਬਾਸ ਨਾਲ ਮਨੁੱਖਤਾ ਨੂੰ ਪੱਛਿਆ ਹੀ ਹੈ। ਇਹ ਪਵਿੱਤਰ ਵਾਕ ਹਰ ਉਸ ਡੇਰੇ `ਤੇ ਲਾਗੂ ਹੁੰਦਾ ਹੈ, ਜਿੰਨ੍ਹਾਂ ਦੀਆਂ ਕਾਲ਼ੀਆਂ ਕਰਤੂਤਾਂ ਦੇ ਕਾਲ਼ੇ ਕਿੱਸੇ, ਜੋ ਇਹਨਾਂ ਨੇ ਧਰਮ ਦੇ ਨਾਂ `ਤੇ ਕੀਤੇ, ਜੱਗ ਜ਼ਾਹਰ ਹੋਏ ਹਨ:--

ਰਹਤ ਅਵਰ ਕਛੁ ਅਵਰ ਕਮਾਵਤ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥

ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ ਅਵਰ ਉਪਦੇਸੇ॥

ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥

ਭਾਵੇਂ ਅਸੀਂ ਬਾਹਰੋਂ ਧਰਮੀ ਦਿਸਦੇ ਹਾਂ ਕਰਤੂਤ ਕੁੱਝ ਹੋਰ ਹੈ ਪਰ ਪਰਮਾਤਮਾ ਦੀਆਂ ਨਜ਼ਰਾਂ ਤੋਂ ਨਹੀਂ ਬੱਚ ਸਕਦੇ ਭਾਵ ਅੰਤਰ—ਆਤਮਾ ਦੀ ਅਵਾਜ਼ ਤੋਂ ਨਹੀਂ ਬੱਚ ਸਕਦੇ। ਜੋ ਕੁੱਝ ਵੀ ਅਸੀਂ ਕਰ ਰਹੇ ਹਾਂ ਸਾਡੀ ਆਤਮਾ ਜਾਣਦੀ ਹੈ।

ਉਪਾਵ ਸਿਆਨਪ ਸਗਲ ਤੇ ਰਹਤ॥ ਸਭੁ ਕਛੁ ਜਾਨੈ ਆਤਮ ਕੀ ਰਹਤ॥




.