.

ਠੀਕ ਗੁਰੂ ਦੀ ਚੋਣ ਕਿਸ ਤਰ੍ਹਾਂ ਕਰਨੀ ਹੈ?

How to select an appropriate Guru?

ਖਰਾਬ ਸਬਜੀ ਸਰੀਰ ਨੂੰ ਰੋਗੀ ਕਰ ਦਿੰਦੀ ਹੈ। ਮਸ਼ੀਨ ਵਿੱਚ ਗਲਤ ਪੁਰਜ਼ਾ ਲਾ ਦਿਤਾ ਜਾਵੇ ਤਾਂ ਸਾਰੀ ਮਸ਼ੀਨ ਬਰਬਾਦ ਹੋ ਸਕਦੀ ਹੈ। ਉਲਟੀਆਂ ਤਾਰਾਂ ਲਾ ਦਿਤੀਆਂ ਜਾਣ ਤਾਂ ਪੂਰੀ ਬਿਲਡਿੰਗ ਨੂੰ ਅੱਗ ਲਗ ਸਕਦੀ ਹੈ, ਗਲਤ ਦਵਾਈ ਨਾਲ ਮਰੀਜ਼ ਮਰ ਸਕਦਾ ਹੈ, ਗਲਤ ਲੜਕੇ ਦੀ ਚੋਣ ਲੜਕੀ ਦੀ ਜਿੰਦਗੀ ਖਰਾਬ ਕਰ ਦਿੰਦੀ ਹੈ। ਇਹੀ ਕਾਰਨ ਹਨ ਕਿ ਅਸੀਂ ਵੇਖ ਕੇ ਸਬਜ਼ੀ ਖਰੀਦਦੇ ਹਾਂ, ਚੰਗੇ ਮਕੈਨਿਕ ਜਾਂ ਇਲੈਕਟ੍ਰੀਸ਼ਨ ਕੋਲ ਜਾਂਦੇ ਹਾਂ, ਚੰਗੇ ਡਾਕਟਰ ਕੋਲ ਜਾਂਦੇ ਹਾਂ, ਵਿਆਹ ਲਈ ਲੜਕੇ ਦੀ ਪੂਰੀ ਤਰਾਂ ਪਰਖ ਕਰਦੇ ਹਾਂ। ਪਰ ਕੀ ਅਸੀਂ ਇਹ ਸੋਚਿਆ ਹੈ ਕਿ ਸਾਨੂੰ ਇਹ ਮਨੁੱਖਾ ਜੀਵਨ ਜੋ ਹੀਰੇ ਵਰਗਾ ਮਿਲਿਆ ਹੈ, ਗਲਤ ਗੁਰੂ ਦੀ ਚੋਣ ਕਰਕੇ ਕਿਤੇ ਬਰਬਾਦ ਤਾਂ ਨਹੀਂ ਹੋ ਰਿਹਾ ਹੈ। ਗੁਰੂ ਦਾ ਕੰਮ ਸਹੀ ਮਾਰਗ ਦਰਸ਼ਨ ਕਰਨਾ ਹੈ, ਜੇ ਸਾਡੇ ਅਪਨਾਏ ਹੋਏ ਗੁਰੂ ਨੂੰ, ਆਪ ਹੀ ਰਸਤਾ ਪਤਾ ਨਹੀਂ ਤਾਂ ਉਹ ਸਾਨੂੰ ਮੰਜਲ ਤਕ ਕਿਸ ਤਰ੍ਹਾਂ ਲੈ ਕੇ ਜਾਵੇਗਾ। ਅੱਜਕਲ ਅਸੀਂ ਗਲਤ ਗੁਰੂ ਦੀ ਚੋਣ ਕਰਕੇ ਜੀਵਨ ਤੋਂ ਭਟਕੇ ਹੋਏ ਹਾਂ। ਸਬਦ ਗੁਰੂ ਦੀ ਥਾਂ ਜਿਆਦਾ ਤਰ ਲੋਕਾਂ ਨੇ ਮਨੁੱਖਾਂ (ਡੇਰੇ ਵਾਲਿਆਂ), ਫਿਲਮੀਂ ਐਕਟਰਾਂ, ਤੇ ਟੀ. ਵੀ. ਨੂੰ ਹੀ ਆਪਣਾ ਗੁਰੂ ਬਣਾ ਲਿਆ ਹੈ ਤੇ ਆਪਣਾ ਮਨੁੱਖਾ ਜਨਮ ਕੌਡੀਆਂ ਦੇ ਭਾਅ ਰੋੜ੍ਹ ਰਹੇ ਹਨ।

ਪਹਿਲਾਂ ਲੋਕ ਰਾਤੀਂ ਸੌਂ ਕੇ ਗੁਜ਼ਾਰਦੇ ਸਨ, ਅੱਜਕਲ ਲੋਕ ਦੇਰ ਰਾਤ ਜਾਗ ਕੇ ਅੰਮ੍ਰਿਤ ਵੇਲਾ ਬਰਬਾਦ ਕਰ ਰਹੇ ਹਨ। ਦਿਨ ਦਾ ਸਮਾਂ ਵਿਅਰਥ ਕੰਮਾਂ ਵਿਚ, ਵਿਕਾਰਾਂ ਵਿੱਚ ਤੇ ਫਾਲਤੂ ਖਾਂਣੇ ਖਾ ਕੇ ਬਿਤਾਂ ਰਹੇ ਹਨ, ਇਹ ਹੀਰੇ ਵਰਗਾ ਕੀਮਤੀ ਮਨੁੱਖਾ ਜਨਮ ਕੌਡੀਆਂ ਦੇ ਭਾ ਲੁਟਾ ਰਹੇ ਹਨ। ਉਸ ਅਕਾਲ ਪੁਰਖੁ ਦੇ ਨਾਮੁ ਨਾਲ ਡੂੰਘੀ ਸਾਂਝ ਨਹੀਂ ਪਾਈ, ਉਸ ਦੇ ਹੁਕਮੁ ਨੂੰ ਕਦੀ ਸਮਝਣ ਦਾ ਉਪਰਾਲਾ ਨਹੀਂ ਕੀਤਾ, ਉਸ ਦੇ ਗੁਣਾਂ ਨੂੰ ਕਦੀ ਵੀਚਾਰਿਆ ਨਹੀਂ, ਉਸ ਦੀ ਯਾਦ ਆਪਣੇ ਹਿਰਦੇ ਵਿੱਚ ਵਸਾਈ ਨਹੀਂ। ਜਦੋਂ ਸਮਾਂ ਨਿਕਲ ਜਾਂਦਾ ਹੈ, ਤਾਂ ਫਿਰ ਪਛਤਾਉਂਦੇ ਹਾਂ। ਉਸ ਦੇ ਹੁਕਮੁ ਅਨੁਸਾਰ ਚਲਣ ਤੋਂ ਬਿਨਾ ਜਦੋਂ ਸਮਾਂ ਲੰਘ ਗਿਆ, ਤਾਂ ਫਿਰ ਅਫ਼ਸੋਸ ਕਰਨ ਨਾਲ ਕੋਈ ਲਾਭ ਨਹੀਂ ਹੋਣਾ ਹੈ।

ਗਉੜੀ ਬੈਰਾਗਣਿ ਮਹਲਾ ੧॥ ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥ ੧॥ ਨਾਮੁ ਨ ਜਾਨਿਆ ਰਾਮ ਕਾ॥ ਮੂੜੇ ਫਿਰਿ ਪਾਛੈ ਪਛੁਤਾਹਿ ਰੇ॥ ੧॥ ਰਹਾਉ॥ (੧੫੬)

ਠੀਕ ਗੁਰੂ ਦੀ ਚੋਣ ਬਹੁਤ ਜਰੂਰੀ ਹੈ ਨਹੀਂ ਤਾਂ ਸਾਡਾ ਜਨਮ ਦਾ ਤਾਂ ਕੀ, ਆਉਣ ਵਾਲੀਆਂ ਕਈ ਪੀੜੀਆਂ ਬਰਬਾਦ ਹੋ ਸਕਦੀਆਂ ਹਨ। ਆਪਸੀ ਸਬੰਧਾਂ, ਵਾਤਾਵਰਣ, ਮਾਹੌਲ, ਦੀਆਂ ਜੋ ਬਰਬਾਦੀਆਂ ਅਸੀਂ ਅੱਜ ਕਰ ਰਹੇ ਹਾਂ, ਆਉਣ ਵਾਲੀਆਂ ਪੀੜੀਆਂ ਸਾਨੂੰ ਕਦੀ ਵੀ ਮਾਫ਼ ਨਹੀਂ ਕਰਨਗੀਆਂ। ਫਿਰ ਸਵਾਲ ਪੈਦਾ ਹੁੰਦਾਂ ਹੈ ਕਿ ਗੁਰੂ ਦੀ ਚੋਣ ਕਿਸ ਤਰਾਂ ਕਰਨੀ ਹੈ। ਉਸ ਲਈ ਕੀ ਉਪਰਾਲਾ ਕਰਨਾ ਪਵੇਗਾ। ਫਰੀਦ ਸਾਹਿਬ ਨੇ ਚੋਣ ਕਰਨ ਲਈ ਇੱਕ ਦਰੱਖਤ ਦੀ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਗੁਰੂ ਦਾ ਜਿਗਰਾ ਵੀ ਰੁੱਖ ਵਰਗਾ ਹੋਣਾ ਚਾਹੀਦਾ ਹੈ ਤੇ ਸਾਨੂੰ ਵੀ ਠੀਕ ਗੁਰੂ ਦੀ ਚੋਣ ਕਰਨ ਲਈ ਖੁਦ ਆਪ ਰੁੱਖ ਵਰਗਾ ਬਣਨਾ ਪਵੇਗਾ।

ਫਰੀਦਾ ਸਾਹਿਬ ਕੀ ਕਰਿ ਚਾਕਰੀ ਦਿਲ ਹੀ ਲਾਹਿ ਭਰਾਂਦਿ॥ ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ॥ ੬੦॥ (੧੩੮੧)

ਦਰੱਖਤ ਤੇ ਗਰਮੀ ਦਾ ਅਸਰ ਨਹੀਂ (ਅੰਦਰ ਕ੍ਰੋਧ ਨਹੀਂ), ਸਰਦੀ ਦਾ ਅਸਰ ਨਹੀਂ (ਮੁਸੀਬਤ ਸਮੇਂ ਘਬਰਾਂਦਾ ਨਹੀਂ), ਛਾਂ ਦਿੰਦਾਂ ਹੈ (ਠੰਡਕ), ਤਪਸ਼ ਆਪ ਲੈਂਦਾ ਹੈ, ਕਿਸੇ ਨੂੰ ਭੁੱਖ ਲੱਗੇ ਤਾਂ ਫਲ ਦਿੰਦਾ ਹੈ, ਫੁਲਾਂ ਦੀ ਖੁਸ਼ਬੋ ਦਿੰਦਾ ਹੈ। ਦਰੱਖਤ ਵੱਢਣ ਵਾਲੇ ਨੂੰ ਰੋਕਦਾ ਨਹੀਂ, ਕੁਲਹਾੜੀ ਦੀ ਹੱਥੀ ਲਈ ਲੱਕੜ ਵੀ ਆਪ ਦਿੰਦਾਂ ਹੈ। ਲੱਕੜੀ ਕੱਟ ਕੇ ਬੇੜੀ ਬਣਾ ਲਉ, ਕਦੀ ਡੋਬਦਾ ਨਹੀਂ।

ਠੀਕ ਗੁਰੂ ਦੀ ਪਹਿਚਾਨ ਵੀ ਇਹੀ ਹੈ। ਸਹੀ ਗੁਰੂ ਦੂਸਰੇ ਦੀ ਗਰਮੀ ਕਰਕੇ ਕ੍ਰੋਧ ਵਿੱਚ ਨਹੀਂ ਆਉਂਦਾ, ਮੁਸੀਬਤ ਸਮੇਂ ਘਬਰਾਂਦਾ ਨਹੀਂ, ਬਲਕਿ ਸੇਵਕ ਨੂੰ ਹੌਸਲਾ ਦਿੰਦਾਂ ਹੈ, ਤਪਸ਼ ਆਪ ਲੈਂਦਾ ਹੈ ਤੇ ਦੂਸਰਿਆਂ ਨੂੰ ਠੰਡਕ ਦਿੰਦਾਂ ਹੈ, ਸੇਵਕਾਂ ਨੂੰ ਨਾਮੁ ਦੀ ਖੁਸ਼ਬੋ ਵੰਡਦਾ ਹੈ, ਤੱਤੀ ਤਵੀ ਤੇ ਬਿਠਾਣ ਵਾਲੇ ਨੂੰ ਰੋਕਦਾ ਨਹੀਂ, ਸੇਵਕ ਦਾ ਲਿਖਿਆਂ ਬੇਦਾਵਾ ਸੰਭਾਲ ਕੇ ਰੱਖਦਾ ਹੈ, ਸੇਵਕ ਦੀ ਭੁਲ ਮਾਫ ਕਰ ਦਿੰਦਾਂ ਹੈ। ਸੱਭ ਤੋਂ ਜਰੂਰੀ ਕਿ ਅਸਲੀ ਗੁਰੁ, ਮਨੁੱਖਾ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦਾ ਹੈ।

ਸਾਰੇ ਗੁਰੂ ਸਾਹਿਬਾਂ ਵਿੱਚ ਉਹ ਸੱਭ ਗੁਣ ਸਨ, ਜੋ ਬ੍ਰਹਮ ਗਿਆਨੀ ਸੰਬੰਧੀ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਨੇ ਅੰਕਿਤ ਕੀਤੇ ਹਨ। ਅੱਜ ਅਸੀਂ ਬ੍ਰਹਮ ਗਿਆਨੀ ਦੇ ਸਾਰੇ ਗੁਣ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਕੋਲੋ ਸਦੀਵੀ ਕਾਲ ਲਈ ਲੈ ਸਕਦੇ ਹਾਂ।

· ਜਿਸ ਤਰਾਂ ਬ੍ਰਹਮ ਗਿਆਨੀ ਵਿਕਾਰਾਂ ਵਲੋਂ ਸਦਾ-ਬੇਦਾਗ਼ ਰਹਿੰਦੇ ਹਨ। ਠੀਕ ਉਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਇਤਨੀਆਂ ਮੁਸੀਬਤਾਂ ਹੋਣ ਦੇ ਬਾਵਜੂਦ ਵਿਕਾਰ ਰਹਿਤ ਜੀਵਨ ਬਤੀਤ ਕੀਤਾ।

· ਜੇ ਕਰ ਕਿਸੇ ਨੇ ਜਾਨੋਂ ਮਾਰਨ ਲਈ ਕਈ ਯਤਨ ਕੀਤੇ ਤਾਂ ਵੀ ਕੋਈ ਪਾਪ ਨਹੀਂ ਕੀਤੇ।

· ਕਾਲ ਪੀੜਤਾਂ, ਰੋਗੀਆਂ ਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਸਮੇਂ ਵਤੀਰਾ ਸਭ ਨਾਲ ਇਕੋ ਜਿਹਾ ਰਿਹਾ।

· ਆਰਥਕ, ਪਰਿਵਾਰਕ, ਸਮਾਜਕ ਤੇ ਰਾਜਨੀਤਕ ਮੁਸ਼ਕਲਾਂ ਹੋਣ ਦੇ ਬਾਵਜੂਦ ਆਪਣਾ ਹੌਸਲਾ ਕਾਇਮ ਰੱਖਿਆ।

· ਜਿਸ ਤਰ੍ਹਾਂ ਧਰਤੀ ਨੂੰ ਕੋਈ ਤਾਂ ਖੋਦਦਾ ਹੈ ਤੇ ਕੋਈ ਚੰਦਨ ਦਾ ਲੇਪਣ ਕਰਦਾ ਹੈ ਪਰ ਧਰਤੀ ਕੋਈ ਪਰਵਾਹ ਨਹੀਂ ਕਰਦੀ। ਠੀਕ ਉਸੇ ਤਰ੍ਹਾਂ ਭਾਵੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਤੱਤੀ ਰੇਤ ਪਾਈ ਗਈ, ਦੇਗ ਵਿੱਚ ਉਬਾਲਿਆ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ, ਪਰ ਆਪ ਜੀ ਅਡੋਲ ਰਹੇ ਤੇ ਕਿਸੇ ਤਰ੍ਹਾਂ ਦਾ ਕ੍ਰੋਧ ਮਨ ਵਿੱਚ ਨਹੀਂ ਕੀਤਾ। ਸ਼ਹੀਦੀ ਤਾਂ ਪਰਵਾਨ ਕਰ ਲਈ ਪਰੰਤੂ ਬ੍ਰਹਮ ਗਿਆਨੀ ਦੀ ਤਰ੍ਹਾਂ, ਧਰਮ ਦੇ ਅਸੂਲਾਂ ਨੂੰ ਆਂਚ ਨਹੀਂ ਆਉਂਣ ਦਿਤੀ।

ਅਸਟਪਦੀ॥ ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ ਬ੍ਰਹਮ ਗਿਆਨੀ ਸਦਾ ਨਿਰਦੋਖ॥ ਜੈਸੇ ਸੂਰੁ ਸਰਬ ਕਉ ਸੋਖ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ॥ ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ॥ ੧॥ (੨੭੨)

ਬ੍ਰਹਮ ਗਿਆਨੀ ਇੱਕ ਅਕਾਲ ਪੁਰਖੁ ਉਤੇ ਆਸ ਰੱਖਦਾ ਹੈ, ਬ੍ਰਹਮ ਗਿਆਨੀ ਦੀ ਉੱਚੀ ਆਤਮਕ ਅਵਸਥਾ ਦਾ ਕਦੇ ਨਾਸ ਨਹੀਂ ਹੁੰਦਾ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਗਰੀਬੀ ਟਿਕੀ ਰਹਿੰਦੀ ਹੈ, ਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚਾਅ ਚੜ੍ਹਿਆ ਰਹਿੰਦਾ ਹੈ। ਬ੍ਰਹਮ ਗਿਆਨੀ ਦਾ ਮਨ ਮਾਇਆ ਦੇ ਜੰਜਾਲ ਵਿੱਚ ਨਹੀਂ ਫਸਦਾ, ਕਿਉਂਕਿ ਉਹ ਭਟਕਦੇ ਮਨ ਨੂੰ ਕਾਬੂ ਕਰ ਕੇ ਰੱਖਦਾ ਹੈ। ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਜੋ ਕੁੱਝ ਵੀ ਹੁੰਦਾ ਹੈ, ਬ੍ਰਹਮ ਗਿਆਨੀ ਆਪਣੇ ਮਨ ਵਿੱਚ ਭਲਾ ਸਮਝਦਾ ਹੈ, ਇਸ ਤਰ੍ਹਾਂ ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਸਫਲ ਹੁੰਦਾ ਹੈ। ਬ੍ਰਹਮ ਗਿਆਨੀ ਦੀ ਸੰਗਤਿ ਨਾਲ ਸਭ ਦਾ ਬੇੜਾ ਪਾਰ ਹੋ ਜਾਂਦਾ ਹੈ, ਕਿਉਂਕਿ ਬ੍ਰਹਮ ਗਿਆਨੀ ਦੇ ਰਾਹੀਂ ਸਾਰਾ ਜਗਤ ਹੀ ਅਕਾਲ ਪੁਰਖੁ ਦਾ ਨਾਮੁ ਜਪਣ ਲੱਗ ਪੈਂਦਾ ਹੈ।

ਬ੍ਰਹਮ ਗਿਆਨੀ ਏਕ ਊਪਰਿ ਆਸ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ ਬ੍ਰਹਮ ਗਿਆਨੀ ਕੈ ਨਾਹੀ ਧੰਧਾ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ॥ ਬ੍ਰਹਮ ਗਿਆਨੀ ਕੈ ਹੋਇ ਸੁ ਭਲਾ॥ ਬ੍ਰਹਮ ਗਿਆਨੀ ਸੁਫਲ ਫਲਾ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ॥ ੪॥ (੨੭੩)

ਜਿਸ ਮਨੁੱਖ ਦੇ ਮਨ ਵਿੱਚ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖੁ ਵੱਸਦਾ ਹੈ, ਉਹ ਆਪਣੇ ਮੁੱਖ ਤੋਂ ਵੀ ਉਸੇ ਅਕਾਲ ਪੁਰਖੁ ਨੂੰ ਜਪਦਾ ਹੈ। ਇੱਕ ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਵੇਖਦਾ, ਉਸ ਨੂੰ ਅਕਾਲ ਪੁਰਖੁ ਸਭ ਵਿੱਚ ਵਸਦਾ ਦਿਖਾਈ ਦਿੰਦਾਂ ਹੈ, ਅਜੇਹਾ ਮਨੁੱਖ ਇਨ੍ਹਾਂ ਗੁਣਾਂ ਦੇ ਕਾਰਣ ਬ੍ਰਹਮ ਗਿਆਨੀ ਹੋ ਜਾਂਦਾ ਹੈ।

ਸਲੋਕੁ॥ ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥ ਨਾਨਕ ਇਹ ਲਛਣ ਬ੍ਰਹਮਗਿਆਨੀ ਹੋਇ॥ ੧॥ (੨੭੨)

ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਦੀ ਭਲਾਈ ਦੀ ਖਾਤਰ ਆਪ ਅਨੇਕਾਂ ਮੁਸ਼ਕਲਾਂ ਸਹਾਰੀਆਂ ਪਰ ਆਪਣੇ ਅੰਦਰ ਹਮੇਸ਼ਾਂ ਨਿਮਰਤਾ ਤੇ ਗਰੀਬੀ ਹੀ ਰੱਖੀ। ਚਾਰ ਉਦਾਸੀਆਂ ਕਰਦੇ ਸਮੇਂ ਭੁੱਖ ਪਿਆਸ ਸਹਾਰੀ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹਿੰਮਤ, ਸੂਝਬੂਝ ਤੇ ਦਲੇਰੀ ਨਾਲ ਸਾਹਮਣਾਂ ਕੀਤਾ ਤੇ ਭਟਕ ਰਹੀ ਲੋਕਾਈ ਨੂੰ ਸਬਦ ਗੁਰੂ ਦੇ ਲੜ ਲਾਇਆ।

ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥ ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥ ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ॥ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਨ ਧਰਤ ਲੁਕਾਈ॥ ੨੪॥ (੧-੨੪-੮)

ਗੁਰੂ ਅੰਗਦ ਸਾਹਿਬ ਨੇ ਹਮਾਯੂੰ ਨੂੰ ਮਿਲਣ ਦੀ ਬਜਾਏ ਬੱਚਿਆਂ ਦੀ ਪੜ੍ਹਾਈ ਤੇ ਗੁਰਮਤਿ ਸਿਖਲਾਈ ਨੂੰ ਪਹਿਲ ਦਿਤੀ, ਤਾਂ ਜੋ ਭਵਿੱਖ ਵਿੱਚ ਆਉਂਣ ਵਾਲੀ ਪਨੀਰੀ ਦੀ ਸਹੀ ਤਿਆਰ ਹੋ ਸਕੇ।

ਪਾਣੀ ਦਾ ਮਸਲਾ ਹੱਲ ਕਰਨ ਲਈ ਗੁਰੁ ਅਮਰਦਾਸ ਜੀ ਨੇ ਕਈ ਖੂਹ ਤੇ ਬੌਲੀਆਂ ਖੁਦਵਾਈਆਂ। ਇਸਤਰੀਆਂ ਦਾ ਭਲਾ ਕਰਨ ਲਈ ਤੇ ਉਨ੍ਹਾਂ ਦਾ ਮਾਣ ਸਤਿਕਾਰ ਕਾਇਮ ਕਰਨ ਲਈ ਕਈ ਉਪਰਾਲੇ ਕੀਤੇ, ਅਕਬਰ ਕੋਲੋ ਸਤੀ ਦੀ ਰਸਮ ਖਤਮ ਕਰਨ ਲਈ ਕਾਨੂੰਨ ਪਾਸ ਕਰਵਾਇਆ।

ਗੁਰੁ ਅਰਜਨ ਸਾਹਿਬ ਨੇ ੧੫ ਭਗਤਾਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਨਾਲ ਬਿਠਾਇਆ। ਕਿਸੇ ਨੂੰ ਵੀ ਗੁਰੂ ਗਰੰਥ ਸਾਹਿਬ ਵਿਚੋਂ ਇੱਕ ਵੀ ਪੰਗਤੀ ਕੱਢਣ ਜਾਂ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ, ਫਿਰ ਹੁਣ ਉਨ੍ਹਾਂ ਭਗਤਾਂ ਨੂੰ ਕੌਣ ਬਾਹਰ ਕੱਢ ਸਕਦਾ ਹੈ। ਇਹ ਦਿਤਾ ਗਿਆ ਮਾਣ ਤੇ ਸਤਿਕਾਰ ਸਦੀਵੀ ਕਾਲ ਲਈ ਕਾਇਮ ਰਹੇਗਾ।

ਭਾਵੇਂ ਸ਼ਾਹਜਹਾਨ ਦੇ ਅੰਦਰ ਸਿੱਖਾਂ ਪ੍ਰਤੀ ਈਰਖਾ ਸੀ, ਤਾਂ ਵੀ ਗੁਰੂ ਹਰਿਰਾਏ ਸਾਹਿਬ ਨੇ ਉਸ ਦੇ ਪੁੱਤਰ ਦਾਰਾ ਸ਼ਿਕੋਹ ਦੇ ਇਲਾਜ ਲਈ ਦਵਾਈ ਭੇਜੀ।

ਸਾਰੇ ਗੁਰੂ ਸਾਹਿਬਾਂ ਵਿੱਚ ਉਹ ਸੱਭ ਗੁਣ ਸਨ ਜੋ ਕਿ ਸਤਿਗੁਰੁ ਜਾਂ ਬ੍ਰਹਮ ਗਿਆਨੀ ਵਿੱਚ ਹੋਣੇ ਚਾਹੀਦੇ ਹਨ, ਉਨ੍ਹਾਂ ਨੇ ਉਹ ਸੱਭ ਗੁਣ ਪ੍ਰੈਕਟੀਕਲ ਰੂਪ ਵਿੱਚ ਕਰ ਕੇ ਵਖਾਏ। ਇੱਕ ਸਿੱਖ ਲਈ ਗੁਰੂ ਹੀ ਸਭ ਕੁੱਝ ਹੈ, ਸਿੱਖ ਲਈ ਗੁਰੁ ਹੀ ਈਸਰੁ, ਗੋਰਖੁ, ਬਰਮਾ ਤੇ ਪਾਰਬਤੀ ਹੈ।

ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ (੨)

ਸਤਿਗੁਰੁ ਸਿੱਖ ਦੇ ਅੰਦਰ ਸਤ, ਸੰਤੋਖ ਤੇ ਧੀਰਜ ਪੈਦਾ ਕਰਦਾ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਦਾ ਹੈ। ਗੁਰੂ ਨਾਨਕ ਸਾਹਿਬ ਨੇ ਕੌਡੇ ਨੂੰ ਮਾਰਿਆ ਨਹੀਂ, ਉਸ ਵਿਚੋਂ ਰਾਵਣ ਦੀ ਬਿਰਤੀ ਕੱਢ ਦਿਤੀ। ਹਰੀ ਸਿੰਘ ਨਲੂਆਂ ਨੂੰ ਕਾਮ ਤੇ ਕਾਬੂ ਕਰਨ ਦੀ ਬੁੱਧੀ ਦਿੱਤੀ। ਭਾਈ ਘਨਈਆ ਕ੍ਰੋਧ ਦੀ ਥਾਂ ਤੇ ਦੁਸ਼ਮਣ ਨੂੰ ਪਾਣੀ ਪਿਲਾ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਹਿਣ ਤੇ ਨਾਲ ਦੀ ਨਾਲ ਮਲਮ ਪੱਟੀ ਦੀ ਸੇਵਾ ਵੀ ਕਰ ਰਿਹਾ ਹੈ। ਭਾਈ ਮਤੀ ਦਾਸ ਨੇ ਲੋਭ ਤੇ ਮੋਹ ਤੋਂ ਉਪਰ ਉਠ ਕੇ ਆਰੇ ਨਾਲ ਚੀਰੇ ਜਾਣਾ ਪ੍ਰਵਾਨ ਕੀਤਾ। ਮੀਰ ਮੰਨੂੰ ਸਮੇਂ ਬੀਬੀਆਂ ਮੋਹ ਨਾਲ ਨਹੀਂ ਡੋਲੀਆਂ ਤੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀ ਵਿੱਚ ਪਵਾਉਣਾਂ ਪ੍ਰਵਾਨ ਕੀਤਾ, ਪਰ ਧਰਮ ਨਹੀਂ ਤਿਆਗਿਆ। ਸਿੰਘਾਂ ਨੇ ਨਵਾਬੀ ਕਬੂਲ ਨਹੀਂ ਕੀਤੀ, ਸੁਬੇਗ ਸਿੰਘ ਦੇ ਕਹਿਣ ਤੇ ਕਪੂਰ ਸਿੰਘ ਨੇ ਜੁੱਤੀ ਦੀ ਨੋਕ ਨਾਲ ਛੁਹਾ ਕੇ ਨਵਾਬੀ ਕਬੂਲ ਕੀਤੀ, ਪਰ ਆਪਣੀ ਰੋਜਾਨਾ ਨੇਮ ਦੀ ਸੇਵਾ ਜਾਰੀ ਰੱਖੀ।

ਗੁਰੂ ਸਾਹਿਬਾਂ ਨੇ ਤਿੰਨ ਚੀਜਾਂ ਦਿਤੀਆਂ; ਸਤੁ ਸੰਤੋਖੁ ਵੀਚਾਰੋ, ਤਾਂ ਜੋ ਸਾਡਾ ਆਤਮਿਕ ਜੀਵਨ ਸਫਲ ਹੋ ਸਕੇ।

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥ ੧॥ (੧੪੨੯)

ਗੁਰੂ ਸਿੱਖ ਨੂੰ ਆਤਮਿਕ ਬਲ ਦਿੰਦਾਂ ਹੈ, ਜਿਸ ਸਦਕਾ ਅਸੀਂ ਆਪਣੇ ਔਗੁਣਾਂ ਤੇ ਜਿਤ ਪ੍ਰਾਪਤ ਕਰਦੇ ਹਾਂ। ਗੁਰੂ ਸਿੱਖ ਨੂੰ ਸਰੀਰਕ ਬਲ ਵੀ ਦਿੰਦਾਂ ਹੈ। ਭਾਈ ਬਚਿਤਰ ਸਿੰਘ ਦਾ ਨਾਗਨੀ ਬਰਛੇ ਨਾਲ ਮਸਤ ਹਾਥੀ ਦਾ ਮੁਕਾਬਲਾ ਕਰਨਾ, ਇਸ ਦੀ ਜੀਉਂਦੀ ਜਾਗਦੀ ਉਦਾਹਰਣ ਹੈ।

ਗੁਰੂ ਆਪਣੇ ਸੇਵਕ ਨੂੰ ਮਹਾਨ ਵਿਦਵਾਨ ਬਣਾ ਦਿੰਦਾਂ ਹੈ। ਗੁਰੂ ਗਾਇਨ ਕਰਨ ਦੀ ਕਲ੍ਹਾ ਦਿੰਦਾਂ ਹੈ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ੩੧ ਰਾਗ ਇਸ ਦਾ ਪ੍ਰਮਾਣ ਹਨ। ਸੱਤੇ ਬਲਵੰਡ ਦੇ ਕੀਰਤਨ ਕਰਨ ਤੋਂ ਮਨ੍ਹਾਂ ਕਰਨ ਤੇ ਗੁਰੂ ਅਰਜਨ ਸਾਹਿਬ ਨੇ ਸੰਗਤ ਨੂੰ ਕੀਰਤਨ ਦੀ ਦਾਤ ਬਖਸ਼ੀ। ਪੰਡਤ ਦੇ ਮਾਣ ਕਰਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਘੋੜੇ ਦੀ ਲਿਦ ਦੀ ਸੇਵਾ ਕਰਨ ਵਾਲੇ ਸਿੱਖ ਕੋਲੋ ਕਵਿਤਾ ਦੇ ਅਰਥ ਕਰਕੇ ਵਖਾਏ ਤੇ ਛੱਜੂ ਝੀਉਰ ਨੇ ਗੀਤਾ ਦੇ ਅਰਥ ਕੀਤੇ।

ਮਾਇਆ ਤੇ ਧਨ ਲਈ ਦੁਨਿਆਵੀ ਪੂਜਾ ਕਰਨ ਦੀ ਲੋੜ ਨਹੀਂ। ਜੇ ਕਰ ਅਸੀਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸਿਖਿਆ ਧਿਆਨ ਨਾਲ ਸੁਣ ਲਈਏ ਤਾਂ ਆਪਣੀ ਮਤ ਵਿੱਚ ਹੀਰੇ ਵਰਗੇ ਅਨਮੋਲਕ ਪਦਾਰਥ ਪ੍ਰਾਪਤ ਕਰ ਸਕਦੇ ਹਾਂ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (੨)

ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਨੇ ਆਪਣੇ ਅੰਦਰ ਅਜੇਹੇ ਗੁਣ ਗੁਰੂ ਦੀ ਸਿਖਿਆ ਨਾਲ ਪੈਦਾ ਕਰ ਲਏ ਕਿ ਸ਼ਹਾਦਤ ਤਾਂ ਪ੍ਰਵਾਨ ਕਰ ਲਈ, ਪਰ ਧਰਮ ਦੇ ਅਸੂਲ ਨਹੀਂ ਤਿਆਗੇ। ਇਨ੍ਹਾਂ ਦੁੱਖਾਂ ਨੂੰ ਵੀ ਉਸ ਪ੍ਰਭੂ ਦੀ ਦਾਤ ਸਮਝਿਆ ਤੇ ਰਜ਼ਾ ਵਿੱਚ ਰਹਿਣਾ ਪ੍ਰਵਾਨ ਕੀਤਾ। ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ, ਜਿਸ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ, ਉਹ ਪਾਤਿਸਾਹਾਂ ਦਾ ਵੀ ਪਾਤਿਸਾਹ ਬਣ ਜਾਂਦਾ ਹੈ।

ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥ ੨੫॥ (੫)

ਅਕਾਲ ਪੁਰਖੁ ਦੇ ਗੁਣ ਅਮੋਲਕ ਹਨ ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਇਹਨਾਂ ਗੁਣਾਂ ਦੇ ਵਪਾਰ ਕਰਨੇ ਵੀ ਅਮੋਲਕ ਹਨ। ਉਨ੍ਹਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ, ਜੋ ਅਕਾਲ ਪੁਰਖ ਦੇ ਗੁਣਾਂ ਦੇ ਵਪਾਰ ਕਰਦੇ ਹਨ, ਗੁਣਾਂ ਦੇ ਖ਼ਜ਼ਾਨੇ ਵੀ ਅਮੋਲਕ ਹਨ। ਉਨ੍ਹਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ। ਉਹ ਵੀ ਵੱਡੇ ਭਾਗਾਂ ਵਾਲੇ ਹਨ, ਜੋ ਇਹ ਸੌਦਾ ਖ਼ਰੀਦ ਕੇ ਲੈ ਜਾਂਦੇ ਹਨ। ਜੋ ਮਨੁੱਖ ਅਕਾਲ ਪੁਰਖੁ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ ਤੇ ਉਸ ਵਿੱਚ ਲੀਨ ਹਨ, ਉਹ ਵੀ ਅਮੋਲਕ ਹਨ। ਇਸ ਲਈ ਜੇ ਕਰ ਅਸੀਂ ਆਪਣਾ ਅਮੋਲਕ ਮਨੁੱਖਾ ਜੀਵਨ ਸਫਲ ਕਰਨਾਂ ਚਾਹੁੰਦੇ ਹਾਂ ਤਾਂ ਸਾਨੂੰ ਵੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਖ਼ਜ਼ਾਨੇ ਨੂੰ ਅਪਨਾਉਣਾਂ ਪਵੇਗਾ।

ਅਮੁਲ ਗੁਣ ਅਮੁਲ ਵਾਪਾਰ॥ ਅਮੁਲ ਵਾਪਾਰੀਏ ਅਮੁਲ ਭੰਡਾਰ॥ ਅਮੁਲ ਆਵਹਿ ਅਮੁਲ ਲੈ ਜਾਹਿ॥ ਅਮੁਲ ਭਾਇ ਅਮੁਲਾ ਸਮਾਹਿ॥ (੫, ੬)

ਗੁਰੂ ਸੁਤੇ ਇਨਸਾਨ ਨੂੰ ਸੁਚੇਤ ਕਰਦਾ ਰਹਿੰਦਾ ਹੈ ਕਿ ਤੂੰ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦੇ ਗੀਤ ਕਿਉਂ ਨਹੀਂ ਗਾਉਂਦਾ? ਮਾਇਆ ਦੇ ਝੂਠੇ ਲਾਲਚ ਵਿੱਚ ਫਸ ਕੇ ਤੂੰ ਮੌਤ ਨੂੰ ਚੇਤੇ ਕਿਉਂ ਨਹੀਂ ਕਰਦਾ? ਅਜੇ ਵੀ ਕੁੱਝ ਨਹੀਂ ਵਿਗੜਿਆ, ਜੇ ਤੂੰ ਅਕਾਲ ਪੁਰਖੁ ਦਾ ਨਾਮ ਚੇਤੇ ਕਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਚੇਤੇ ਕਰਨਾ ਸ਼ੁਰੂ ਕਰ ਦੇ, ਕਿਉਂਕਿ ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ ਇੱਕ ਇੱਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈ। ਭਾਵੇਂ ਸਿਮਰਨ-ਹੀਨਤਾ ਵਿੱਚ ਕਿਤਨੀ ਵੀ ਉਮਰ ਗੁਜ਼ਰ ਚੁਕੀ ਹੋਵੇ, ਪਰ ਜੇ ਅੱਜ ਵੀ ਅਕਾਲ ਪੁਰਖੁ ਦੇ ਗੁਣ ਗਾਉਣੇ ਸ਼ੁਰੂ ਕਰ ਦੇਵਾਂਗੇ ਤਾਂ ਵੀ ਉਸ ਅਕਾਲ ਪੁਰਖੁ ਦੇ ਭਜਨ ਦੀ ਬਰਕਤ ਨਾਲ ਮਨੁੱਖ ਅੰਦਰ ਨਿਰਭਉ ਤੇ ਨਿਰਵੈਰ ਵਾਲੇ ਗੁਣ ਪੈਦਾ ਹੋ ਸਕਦੇ ਹਨ ਤੇ ਉਹ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਸਕਦਾ ਹੈ।

ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ॥ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ॥ ੧॥ ਰਹਾਉ॥ (੭੨੬)

ਗੁਰੂ ਉਹੀ ਠੀਕ ਹੈ ਜਿਹੜਾ, ਸੇਵਕ ਦੀ ਹਰ ਵੇਲੇ ਸਹਾਇਤਾ ਤੇ ਰਹਿਨੂਮਾਈ ਕਰਦਾ ਹੈ, ਦੂਸਰਿਆਂ ਨੂੰ ਠੰਡਕ ਦਿੰਦਾਂ ਹੈ, ਸੇਵਕਾਂ ਨੂੰ ਨਾਮੁ ਦੀ ਖੁਸ਼ਬੋ ਵੰਡਦਾ ਹੈ, ਮੁਸੀਬਤ ਸਮੇਂ ਸੇਵਕ ਨੂੰ ਹੌਸਲਾ ਦਿੰਦਾਂ ਹੈ, ਸੇਵਕ ਦੀ ਭੁਲ ਮਾਫ ਕਰ ਦਿੰਦਾਂ ਹੈ, ਸੇਵਕ ਅੰਦਰ ਨਿਰਭਉ ਤੇ ਨਿਰਵੈਰ ਦੇ ਗੁਣ ਪੈਦਾ ਕਰਦਾ ਹੈ, ਮਨੁੱਖਾ ਜੀਵਨ ਦਾ ਸਹੀ ਮਾਰਗ ਦਰਸ਼ਨ ਕਰਦਾ ਹੈ। ਇਸ ਸੱਭ ਗੁਣ ਸਬਦ ਗੁਰੂ, ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਹਨ।

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ੧॥ (੬੭)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਗਿਆਨ ਦਾ ਖਜਾਨਾ ਹੈ, ਜਿਸ ਨਾਲ ਮਨ, ਵਸ ਵਿੱਚ ਆ ਜਾਂਦਾ ਹੈ ਤੇ ਅੰਦਰਲੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਇਸ ਲਈ ਹਰੇਕ ਸਿੱਖ ਲਈ ਜਰੂਰੀ ਹੈ ਕਿ ਆਪਣੇ ਅੰਦਰ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦਾ ਪ੍ਰਕਾਸ਼ ਕਰੇ, ਤਾਂ ਜੋ ਅਕਾਲ ਪੁਰਖੁ ਦੀ ਮੇਹਰ ਸਦਕਾ ਮਨ ਵਸ ਵਿੱਚ ਆ ਸਕੇ।

ਸਿੱਖ ਲਈ ਸਬਦ ਗੁਰੂ ਹੈ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਤੇ ਸਬਦ ਹੀ ਸੱਭ ਤੋਂ ਉੱਤਮ ਧਰਮ ਹੈ “ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥”, ਫਿਰ ਕਿਉਂ ਨਾ ਅਸੀਂ ਅਜੇਹੇ ਗੁਰੂ ਤੇ ਧਰਮ ਨੂੰ ਅਪਨਾਈਏ ਜਿਸ ਸਦਕਾ ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)

(Dr. Sarbjit Singh)

ਆਰ ਐਚ / - , ਸੈਕਟਰ - ,

RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

Web = http://www.geocities.com/sarbjitsingh/

Web = http://www.gurbani.us
.