.

ਪ੍ਰੋ: ਦਰਸ਼ਨ ਸਿੰਘ ਵੱਲੋਂ ਸ਼ਬਦ-ਗੁਰੂ ਦੀ ਮਹੱਤਤਾ ਦਾ ਪ੍ਰਚਾਰ ਕਰਨ ਨਾਲ ਸਿੱਖੀ ਵੇਸ ਵਾਲੇ ਕੇਸਾਧਾਰੀ ਹਿੰਦੂਆਂ ਵਿੱਚ ਬੌਖਲਾਹਟ ਛਾਈ

- ਸਰਬਜੀਤ ਸਿੰਘ -

ਸਿੱਖਾਂ ਦੇ ਪੁਜਾਰੀਆਂ, ਗ੍ਰੰਥੀਆਂ, ਪ੍ਰਚਾਰਕਾਂ ਦੀ ਬਹੁਤਾਤ ਅੱਜ ਗੁਰਦੁਆਰਿਆਂ ਅਤੇ ਪੰਥਕ ਸਟੇਜਾਂ ਨੂੰ ਇਕ ਦੁਕਾਨ ਸਮਝਦੀ ਹੈ ਅਤੇ ਸਿੱਖ ਸੰਗਤ ਨੂੰ ਮੰਡੀ। ਇਸ ਲਈ ਆਪਣੀ ਦੁਕਾਨ ਰਾਹੀਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਕਰਨ ਲਈ ਕੋਈ ਰਾਗੀ/ ਪ੍ਰਚਾਰਕ ਏਨਾ ਹੀਆ ਨਹੀਂ ਕਰਦਾ ਕਿ ਉਹ ਚਲੰਤ ਪਰ ਵਿਵਾਦਿਤ ਮੁੱਦਿਆਂ ਬਾਰੇ ਸਪਸ਼ਟ ਸਟੈਂਡ ਲੈ ਕੇ ਸਿੱਖਾਂ ਨੂੰ ਜਾਗਰੁਕ ਕਰਨ ਦੀ ਕੋਸ਼ਿਸ਼ ਕਰੇ।

ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਪੁਜਾਰੀ ਪ੍ਰੋ: ਦਰਸ਼ਨ ਸਿੰਘ ਦੀ ਗਿਣਤੀ ਅਜਿਹੇ ਰਾਗੀਆਂ ਵਿੱਚ ਨਹੀਂ ਹੁੰਦੀ। ਪ੍ਰੋ: ਦਰਸ਼ਨ ਸਿੰਘ ਨੇ ਸਿੱਖ ਕੌਮ ’ਤੇ ਹੋਏ ਸਿੱਧੇ ਹਮਲਿਆਂ ਦੇ ਸਮੇਂ ਸੂਝ-ਬੂਝ ਭਰੇ ਢੰਗ ਨਾਲ ਸਿੱਖਾਂ ਨੂੰ ਜਾਗ੍ਰਿਤ ਕੀਤਾ ਅਤੇ ਪੰਥ-ਦੋਖੀਆਂ ਦਾ ਆਪਣੀ ਸਮਰੱਥਾ ਮੁਤਾਬਿਕ ਵਿਰੋਧ ਕੀਤਾ। ਪਰ ਪਿਛਲੇ ਕਈ ਸਾਲਾਂ ਤੋਂ ਪੰਥ-ਦੋਖੀ ਸੰਗਠਨਾਂ ਨੇ ਸਿੱਖ ਕੌਮ ’ਤੇ ਸਿੱਧੇ ਹਮਲਿਆਂ ਵਿੱਚ ਕਮੀ ਲੈ ਆਂਦੀ ਹੈ ਜਦਕਿ ਅਸਿੱਧੇ ਹਮਲਿਆਂ ਦੀ ਗਿਣਤੀ ਅਤੇ ਤੀਬਰਤਾ ਨਿੱਤ ਦਿਨ ਹੀ ਵੱਧਦੀ ਜਾ ਰਹੀ ਹੈ।

ਅਜਿਹਾ ਹੀ ਇਕ ਹਮਲਾ ਅਖੌਤੀ ‘ਦਸਮ ਗ੍ਰੰਥ’ ਦੇ ਰੂਪ ਵਿੱਚ ਹੋ ਰਿਹਾ ਹੈ, ਜਿਸ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਦਸਮ ਗ੍ਰੰਥ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਹੋਣ ਕਾਰਨ ‘ਗੁਰਬਾਣੀ’ ਦਾ ਦਰਜਾ ਰੱਖਦੀਆਂ ਹਨ। ਇਸਲਈ ਇਸ ਗ੍ਰੰਥ ਦਾ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਹੋਣਾ ਚਾਹੀਦਾ ਹੈ। ਹਜ਼ੂਰ ਸਾਹਿਬ, ਪਟਨਾ ਸਾਹਿਬ, ਦਮਦਮੀ ਟਕਸਾਲ ਅਤੇ ਕਈ ਹੋਰ ਡੇਰਿਆਂ ’ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਦਸਮ ਗ੍ਰੰਥ ਦਾ ਵੀ ਪ੍ਰਕਾਸ਼ ਤੇ ਪਾਠ ਕੀਤਾ ਜਾਂਦਾ ਹੈ। ਆਪ-ਹੁਦਰੇ ਡੇਰੇਦਾਰਾਂ ਅਤੇ ਅਖੌਤੀ ਜੱਥੇਦਾਰਾਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਆਮ ਸਿੱਖਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋ ਗਈਆਂ ਹਨ। ਇਥੋਂ ਤੱਕ ਕਿ ਲੋਕਾਂ ਨੂੰ ਇਹ ਭੁਲੇਖਾ ਵੀ ਪੈਣ ਲੱਗ ਪਿਆ ਹੈ ਕਿ ਸਿੱਖਾਂ ਦਾ ਗੁਰੂ ਇਕ (ਗੁਰੂ ਗ੍ਰੰਥ ਸਾਹਿਬ) ਹੈ ਜਾਂ ਦੋ (ਦਸਮ ਗ੍ਰੰਥ ਵੀ - ਜਿਵੇਂ ਕਿ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਦੀਵਾਨ ਹਾਲਾਂ ਦੇ ਵਰਤਾਰੇ ਤੋਂ ਪ੍ਰਤੀਤ ਹੁੰਦਾ ਹੈ)।

ਅਜਿਹੇ ਹਾਲਾਤ ਅਤੇ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਨੂੰ ਮੁੱਖ ਰੱਖਦਿਆਂ, ਉੱਘੇ ਰਾਗੀ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਦੀ ਵਿਆਖਿਆ ਦੌਰਾਨ ਸੰਗਤ ਨੂੰ ਸੁਚੇਤ ਕਰਨ ਦੀ ਇਕ ਸਾਰਥਕ ਮੁਹਿੰਮ ਚਲਾਈ ਹੈ। ਇਸ ਮੁਹਿੰਮ ਕਾਰਨ ਕੁਝ ਲੋਕ, ਜਿਹੜੇ ਵੇਖਣ ਵਿੱਚ ਤਾਂ ਸਿੱਖ ਪ੍ਰਤੀਤ ਹੁੰਦੇ ਹਨ ਪਰ ਜਿਨ੍ਹਾਂ ਦਾ ਕਿਰਦਾਰ ਤੇ ਮਾਨਸਿਕਤਾ ਪੂਰੀ ਤਰ੍ਹਾਂ ਹਿੰਦੂਵਾਦੀ ਹੈ (ਇਨ੍ਹਾਂ ਨੂੰ ‘ਕੇਸਾਧਾਰੀ ਹਿੰਦੂ’ ਵੀ ਕਿਹਾ ਜਾ ਸਕਦਾ ਹੈ), ਬੁਰੀ ਤਰ੍ਹਾਂ ਬੌਖਲਾ ਗਏ ਹਨ। ਗੁਰਬਾਣੀ ਦੇ ਪਵਿੱਤਰ ਫੁਰਮਾਨ ‘‘ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ।।’’ ਮੁਤਾਬਿਕ ਅਜਿਹੇ ਲੋਕ ਵੀ ਬ੍ਰਾਹਮਣਵਾਦ ਰੂਪੀ ਜ਼ਹਿਰ ਖਾ ਕੇ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ ਅਤੇ ਬੌਖਲਾਹਟ ਵਿੱਚ ਪ੍ਰੋ: ਦਰਸ਼ਨ ਸਿੰਘ ਵਰਗੇ ਪ੍ਰਚਾਰਕਾਂ ’ਤੇ ਝੂਠੇ ਇਲਜ਼ਾਮ ਲਗਾਉਂਦਿਆਂ ਏਨੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਜਿਸਨੂੰ ਉਕਤ ਪੰਗਤੀ ਮੁਤਾਬਿਕ ‘ਭੌਂਕਣਾ’ ਹੀ ਕਿਹਾ ਜਾ ਸਕਦਾ ਹੈ। (ਇਹ ਗੱਲ ਅਲੱਗ ਹੈ ਕਿ ਅਜਿਹੇ ਟੁੱਕੜਬੋਚ ਪ੍ਰੋ: ਦਰਸ਼ਨ ਸਿੰਘ ਨੂੰ ਹੀ ‘ਕੁੱਤਾ’ ਆਖ ਰਹੇ ਹਨ !)

ਆਪਣੇ ਆਪ ਨੂੰ ‘ਪੰਥਕ’ ਅਖਵਾਉਣ ਵਾਲੇ ਕੇਸਾਧਾਰੀ ਹਿੰਦੂਆਂ ਦੇ ਇਲਜ਼ਾਮਾਂ ਅਤੇ ਢੁੱਚਰਾਂ ਦੀ ਅਸਲੀਅਤ ਕੁਝ ਇਸ ਤਰ੍ਹਾਂ ਹੈ :

ਇਲਜ਼ਾਮ/ਢੁੱਚਰ 1) : ਪੰਥਕ ਸੰਗਠਨਾਂ ਅਤੇ ਵਿਦਵਾਨਾਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਦਸਮ ਗ੍ਰੰਥ ਬਾਰੇ ਬਹਿਸ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਉਣ ਦਾ ਸੱਦਾ ਦਿੱਤਾ ਪਰ ਉਸਨੇ ‘ਪੰਥਕ’ ਚੁਣੌਤੀ ਮਨਜ਼ੂਰ ਨਾ ਕੀਤੀ, ਜਿਸ ਕਾਰਨ ਸੰਗਤ ਨੇ ਉਸ ’ਤੇ ਪ੍ਰਤੀਬੰਧ ਲਗਾ ਦਿੱਤਾ।

ਸੱਚਾਈ: ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲੇ ਪਗੜੀਧਾਰੀ ਹਿੰਦੂਆਂ ਦੀ ਇਹ ਢੁੱਚਰ ਬਹੁਤ ਹੀ ਗੁੰਮਰਾਹਕੁੰਨ ਹੈ। ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ‘ਲਿਖਤ’ ਬਾਰੇ ਫੈਸਲਾਕੁੰਨ ਬਹਿਸ ਕਰਨ ਦਾ ਢੰਗ ਇਹੀ ਹੁੰਦਾ ਹੈ ਕਿ ਲਿਖਤ ਦੇ ਹੱਕ ਜਾਂ ਵਿਰੋਧ ਵਿੱਚ ਲਿਖਤੀ ਦਲੀਲਾਂ ਦਿੱਤੀਆਂ ਜਾਣ। ਜ਼ੁਬਾਨੀ ਤੌਰ ’ਤੇ ਕੀਤੀ ਜਾਂਦੀ ਗੱਲਬਾਤ ਵਿੱਚ, ਕਮਜ਼ੋਰ ਪੈ ਰਹੀ ਧਿਰ ਜਾਂ ਤਾਂ ਤੱਥਾਂ ਤੋਂ ਉਲਟ ਭਾਵੁਕ ਦਲੀਲਾਂ ਦਾ ਸਹਾਰਾ ਲੈਣ ਲੱਗ ਪੈਂਦੀ ਹੈ, ਜਾਂ ਆਪਣੇ ਵਿਰੋਧੀਆਂ ’ਤੇ ਚਿੱਕੜ ਉਛਾਲਣ ਲੱਗ ਪੈਂਦੀ ਹੈ ਜਾਂ ਫਿਰ ਬਹਾਨੇ ਬਣਾ ਕੇ ਗੱਲਬਾਤ ਖ਼ਤਮ ਕਰ ਦਿੰਦੀ ਹੈ। (ਦਸਮ ਗ੍ਰੰਥ ਸਬੰਧੀ ਨਵੀਂ ਦਿੱਲੀ ਵਿਖੇ ਪਿਛਲੇ ਸਾਲ ਹੋਈ ਇਕ ਬਹਿਸ ਦੌਰਾਨ ਵੀ ਇੰਜ ਹੀ ਹੋਇਆ ਸੀ ਜਦ ਦਸਮ ਗ੍ਰੰਥ ਸਮਰਥਕ ਇਕ ਪੰਜਾਬੀ ਰਸਾਲੇ ਦਾ ਸੰਪਾਦਕ ‘ਮੇਰੀ ਟ੍ਰੇਨ ਦਾ ਸਮਾਂ ਹੋ ਗਿਆ ਹੈ’ ਦਾ ਬਹਾਨਾ ਬਣਾ ਕੇ ਮੌਕੇ ਤੋਂ ਖਿਸਕ ਗਿਆ ਸੀ।)

ਦੂਜੇ ਪਾਸੇ, ਦਸਮ ਗ੍ਰੰਥ ਦਾ ਖੰਡਨ ਕਰਨ ਵਾਲੇ ਵਿਦਵਾਨ ਆਪਣੇ ਵਿਚਾਰ ਲੇਖਾਂ ਅਤੇ ਕਿਤਾਬਾਂ ਰਾਹੀਂ ਲਿਖਤੀ ਰੂਪ ਵਿੱਚ ਪੇਸ਼ ਕਰਦੇ ਆ ਰਹੇ ਹਨ। ਜਿਵੇਂ ਭਾਈ ਜਸਵਿੰਦਰ ਸਿੰਘ ਖ਼ਾਲਸਾ ਨੇ ਪੁਸਤਕ ‘ਦਸਮ ਗ੍ਰੰਥ ਦਾ ਲਿਖਾਰੀ ਕੌਣ’ ਲਿਖ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਇਹ ਪੇਸ਼ਕਸ਼ ਵੀ ਕੀਤੀ ਕਿ ਜਿਹੜਾ ਵਿਅਕਤੀ ਇਨ੍ਹਾਂ ਲਿਖਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ’ਤੇ ਗਲਤ ਸਿੱਧ ਕਰ ਦੇਵੇਗਾ, ਉਸਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਏਗਾ। ਪਰ ਪ੍ਰੋ: ਦਰਸ਼ਨ ਸਿੰਘ ਨੂੰ ਚੈਲੰਜ ਕਰਨ ਵਾਲੀ ਕਿਸੇ ਵੀ ਅਖੌਤੀ ਪੰਥਕ ਸੰਸਥਾ ਦੇ ‘ਵਿਦਵਾਨ’ ਆਪਣਾ ਕਥਿਤ ਸੱਚ ਸਾਹਮਣੇ ਲਿਆਉਣ ਜਾਂ ਇਕ ਕਰੋੜ ਰੁਪਏ ਪ੍ਰਾਪਤ ਕਰਨ ਲਈ, ਲਿਖਤੀ ਤੌਰ ’ਤੇ ਇਸ ਕਿਤਾਬ ਦਾ ਖੰਡਨ ਨਾ ਕਰ ਸਕੇ। ਇਸਦੇ ਉਲਟ, ਸੰਘ ਪਰਵਾਰ ਦੀ ਸ਼ਹਿ ’ਤੇ ਇਸ ਭੂਤਰੀ ਹੋਈ ਜੁੰਡਲੀ ਨੇ ਭਾਈ ਜਸਵਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਦਸਮ ਗ੍ਰੰਥ ਬਾਰੇ ਬਹਿਸ ਕਰਨ ਦੀ ਚੁਣੌਤੀ ਦੇ ਦਿੱਤੀ। ਲਿਖਤੀ ਦਲੀਲਾਂ ਪੇਸ਼ ਨਾ ਕਰਕੇ, ਜ਼ੁਬਾਨੀ ਕੁ-ਤਰਕਾਂ ਦੀ ਪੇਸ਼ਕਾਰੀ ਅਤੇ ਗੁੰਡਾਗਰਦੀ ਦੇ ਇੱਛੁਕ ਅਧਪੜ੍ਹ ਟੋਲੇ ਦੇ ਇਸ ਦੋਗਲੇਪਨ ਨੂੰ ਮਨਜ਼ੂਰ ਨਹੀਂ ਕੀਤਾ, ਤਾਂ ਇਸ ਟੋਲੇ ਨੇ ਉਸ ਵੇਲੇ ਵੀ ਇਹੀ ਦਾਅਵਾ ਕੀਤਾ ਕਿ ਭਾਈ ਜਸਵਿੰਦਰ ਸਿੰਘ ਬਹਿਸ ਕਰਨ ਤੋਂ ਡਰ ਗਿਆ !!

ਹੁਣ ਪ੍ਰੋ: ਦਰਸ਼ਨ ਸਿੰਘ ਦੇ ਮਾਮਲੇ ਵਿੱਚ ਵੀ ਕੁਝ ਇਹੀ ਹਥਕੰਡਾ ਅਪਣਾਇਆ ਗਿਆ। ਪ੍ਰਾਪੇਗੰਡਾ ਕਰਨ ਦੇ ਮਾਹਿਰ ਇਨ੍ਹਾਂ ਝੂਠੇ ਲੋਕਾਂ ਨੇ ਇੰਟਰਨੈੱਟ ’ਤੇ ਇਕ ਚੈਲੰਜ ਜਾਰੀ ਕਰ ਦਿੱਤਾ ਕਿ ‘‘ਅਖੰਡ ਕੀਰਤਨੀ ਜੱਥਾ ਪ੍ਰੋ: ਦਰਸ਼ਨ ਸਿੰਘ ਨੂੰ ਚੁਣੌਤੀ ਦਿੰਦਾ ਹੈ ਕਿ ਉਹ 31 ਜਨਵਰੀ 2008 ਨੂੰ ਕੌਮਾਂਤਰੀ ਮੀਡੀਆ ਦੀ ਮੌਜੂਦਗੀ ਵਿੱਚ ਦਸਮ ਗ੍ਰੰਥ ਅਤੇ ਭਾਈ ਗੁਰਦਾਸ ਦੂਜੇ ਦੀਆਂ ਬਾਣੀਆਂ ਬਾਰੇ ਡਾ: ਜੋਧ ਸਿੰਘ ਪਟਿਆਲਾ, ਗਿਆਨੀ ਸ਼ੇਰ ਸਿੰਘ ਅੰਬਾਲਾ, ਡਾ: ਕੰਵਰਜੀਤ ਸਿੰਘ ਪਟਿਆਲਾ, ਡਾ: ਅਨੋਖ ਸਿੰਘ ਬਠਿੰਡਾ ਅਤੇ ਅਖੰਡ ਕੀਰਤਨੀ ਜੱਥੇ ਦੇ ਵਿਦਾਵਾਨਾਂ ਨਾਲ ਬਹਿਸ ਕਰੇ।’’

ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਅਖੰਡ ਕੀਰਤਨੀ ਜੱਥੇ ਦੇ ਕਈ ਧੜੇ ਹਨ (ਹੁਣ ਤਾਂ ਦਸ਼ਹਿਰੇ ਮੌਕੇ ਜੱਥੇ ਵੱਲੋਂ ਦਿੱਲੀ ਵਿੱਚ ਕੀਤੀ ਜਾਂਦੀ ਰੈਣ ਸਬਾਈ ਵੀ ਦੋ ਜਾਂ ਜ਼ਿਆਦਾ ਧੜਿਆਂ ਵੱਲੋਂ ਕਰਵਾਈ ਜਾਣ ਲੱਗ ਪਈ ਹੈ)। ਪਰ ਇਸ਼ਤਿਹਾਰ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹ ਚੁਣੌਤੀ ਕਿਹੜੇ ਧੜੇ ਦੇ ਕਿਹੜੇ ਆਗੂ ਵੱਲੋਂ ਦਿੱਤੀ ਜਾ ਰਹੀ ਹੈ। ਕੀ ਇਹ ਚੁਣੌਤੀ ਅਖੰਡ ਕੀਰਤਨੀ ਜੱਥੇ ਦੇ ਆਗੂਆਂ/ਸਮਰਥਕਾਂ ਦੀ ਹਮਾਇਤ ਨਾਲ ਦਿੱਤੀ ਗਈ ਜਾਂ ਸਿਰਫ਼ ਕੁਝ ਮੱਕਾਰ ਲੋਕਾਂ ਨੇ ਜੱਥੇ ਦੇ ਨਾਮ ਦੀ ਦੁਰਵਰਤੋਂ ਕੀਤੀ? ਕੀ ‘ਜੱਥਾ’ ਵੀ ਕਿਸੇ ਨੂੰ ਚੁਣੌਤੀ ਦੇ ਸਕਦਾ ਹੈ ਜਾਂ ਜੱਥੇ ਦੀ ਪ੍ਰਤੀਨਿਧਤਾ ਕਰਦੇ ਅਹੁਦੇਦਾਰ ਕਿਸੇ ਨੂੰ ਚੁਣੌਤੀ ਦੇ ਸਕਦੇ ਹਨ? ਚੁਣੌਤੀ ਦੇਣ ਵਾਲੇ ਇਨ੍ਹਾਂ ਅਹੁਦੇਦਾਰਾਂ ਅਤੇ ਅਖੌਤੀ ਵਿਦਵਾਨਾਂ ਨੇ ਆਪਣੇ ਨਾਮ ਪ੍ਰਗਟ ਕਰਨ ਦੀ ਹਿੰਮਤ ਕਿਉਂ ਨਾ ਕਰ ਸਕੇ? ਕੀ ਪ੍ਰੋ: ਦਰਸ਼ਨ ਸਿੰਘ ਏਨਾ ਗਿਆ ਗੁਜ਼ਰਿਆ ਪ੍ਰਚਾਰਕ ਹੈ ਕਿ ਉਹ ਗੁੰਮਨਾਮ ਕਿਸਮ ਦੇ ਇਸ਼ਤਿਹਾਰਾਂ ਤੋਂ ਘਬਰਾ ਕੇ, ਆਪਣਾ ਸਪਸ਼ਟੀਕਰਨ ਦੇਣ ਲਈ ਤਖ਼ਤ ਸਾਹਿਬ ’ਤੇ ਚਲਾ ਜਾਏ?

ਇਲਜ਼ਾਮ/ਢੁੱਚਰ 2) ਜੇਕਰ ਪ੍ਰੋ: ਦਰਸ਼ਨ ਸਿੰਘ ਜਸਬੀਰ ਸਿੰਘ ਰੋਡੇ ਅਤੇ ਐਮ.ਕੇ. ਧਰ ਵਰਗੇ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕਰ ਸਕਦਾ ਹੈ ਤਾਂ ਚੁਣੌਤੀ ਦੇਣ ਵਾਲੇ ਅਖੰਡ ਕੀਰਤਨੀ ਜੱਥੇ ਦੇ ‘ਵਿਦਵਾਨਾਂ’ ਨਾਲ ਕਿਉਂ ਨਹੀਂ?

ਜੇਕਰ ਇਨ੍ਹਾਂ ਮਨਮਤੀਆਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਇਮਾਨਦਾਰੀ ਨਾਲ ਵਿਚਾਰ-ਵਟਾਂਦਰਾ ਕਰਨਾ ਹੁੰਦਾ ਤਾਂ ਇਹ ਲੋਕ ਪ੍ਰੋਫੈਸਰ ਨੂੰ ਮਿਲ ਕੇ, ਉਨ੍ਹਾਂ ਤੋਂ ਬਹਿਸ ਲਈ ਉਨ੍ਹਾਂ ਦੀ ਮਰਜ਼ੀ ਦਾ ਸਥਾਨ ਅਤੇ ਸਮਾਂ ਨਿਸ਼ਚਿਤ ਕਰਦੇ; ਪ੍ਰੋਫੈਸਰ ਅਤੇ ਆਪਣੀ ਸਹਿਮਤੀ ਵਾਲੇ ਵਿਦਵਾਨਾਂ/ਪ੍ਰਚਾਰਕਾਂ ਨੂੰ ਨਿਰਪੱਖ ਜੱਜਾਂ ਵੱਜੋਂ ਮੁਕੱਰਰ ਕਰਦੇ; ਬਹਿਸ ਦੀਆਂ ਸ਼ਰਤਾਂ ਅਤੇ ਨੇਮ ਤੈਅ ਕਰਦੇ ਅਤੇ ਸੁਹਿਰਦਤਾ ਨਾਲ ਉਨ੍ਹਾਂ ਦੇ ਹਰ ਵਿਚਾਰ ਨੂੰ ਸੁਣਨ-ਵਿਚਾਰਨ ਦਾ ਵਚਨ ਦਿੰਦੇ। ਪਰ ਇਨ੍ਹਾਂ ਨੇ ਅਜਿਹਾ ਕੁਝ ਨਾ ਕੀਤਾ ਅਤੇ ਇੰਟਰਨੈੱਟ ’ਤੇ ਗੋਲ-ਮੋਲ ਸ਼ਬਦਾਵਲੀ ਵਾਲਾ ਇਸ਼ਤਿਹਾਰ ਜਾਰੀ ਕਰ ਦਿੱਤਾ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਲੋਕ ਖ਼ੁਦ ਹੀ ਨਹੀਂ ਚਾਹੁੰਦੇ ਸਨ ਕਿ ਪ੍ਰੋ: ਦਰਸ਼ਨ ਸਿੰਘ ਬਹਿਸ ਕਰਨ ਵਾਸਤੇ ਆਉਣ, ਤਾਂ ਜੋ ਇਹ ਲੋਕ ‘ਕਾਗਜ਼ੀ ਸ਼ੇਰ’ ਅਤੇ ‘ਸਿੱਖ-ਵਿਰੋਧੀ ਤਾਕਤਾਂ ਦੀ ਕਠਪੁਤਲੀ’ ਆਦਿਕ ਵਿਸ਼ੇਸ਼ਣਾਂ ਰਾਹੀਂ ਪ੍ਰੋਫੈਸਰ ਦੇ ਖਿਲਾਫ਼ ਕੂੜ ਪ੍ਰਚਾਰ ਕਰ ਸਕਣ।

ਪ੍ਰੋ: ਦਰਸ਼ਨ ਸਿੰਘ ਵੱਲੋਂ ਅਜਿਹੇ ਅਖੌਤੀ ਵਿਦਵਾਨਾਂ ਨਾਲ ਬਹਿਸ ਕਰਨ ਦਾ ਕੋਈ ਅਮਲੀ ਲਾਭ ਵੀ ਨਹੀਂ ਹੋਣਾ ਸੀ। ਦਸਮ ਗ੍ਰੰਥ ਦੇ ਸਮਰਥਕ ਪਗੜੀਧਾਰੀ ਹਿੰਦੂਆਂ ਵੱਲੋਂ ਪਹਿਲਾਂ ਵੀ ਕਈ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਗੁਰਸਿੱਖਾਂ ਨਾਲ ਬਹਿਸ ਕਰਨ ਦਾ ਨਾਟਕ ਕੀਤਾ ਜਾਂਦਾ ਹੈ। ਪਰ ਇਨ੍ਹਾਂ ਬਹਿਸਾਂ ਵਿੱਚ ਮੂੰਹ ਦੀ ਖਾਣ ਦੇ ਬਾਵਜੂਦ, ਇਹ ਲੋਕ ਫਿਰ ਨਵੇਂ ਸਿਰੇ ਤੋਂ, ਦਸਮ ਗ੍ਰੰਥ ਦੇ ਵੱਖ-ਵੱਖ ਸਮਰਥਕ (ਜਾਂ ਖਰੀਦੇ ਜਾ ਚੁੱਕੇ) ਵਿਦਵਾਨਾਂ ਨਾਲ ਬਹਿਸ ਕਰਨ ਦੇ ਸੱਦੇ ਦੀਆਂ ਡੀਂਗਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ। ਜੇਕਰ ਪ੍ਰੋ: ਦਰਸ਼ਨ ਸਿੰਘ ਇਨ੍ਹਾਂ ਨਾਲ ਬਹਿਸ ਕਰਨ ਲਈ ਚਲੇ ਵੀ ਜਾਂਦੇ ਤਾਂ ਵੀ ਇਨ੍ਹਾਂ ਨੇ ਤੱਥਾਂ ਤੇ ਅਧਾਰਿਤ ਚਰਚਾ (ਦਸਮ ਗ੍ਰੰਥ ਦੀ ਹੋਂਦ ਕਦੋਂ ਸਾਹਮਣੇ ਆਈ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕਿਹੜੇ ਗ੍ਰੰਥ ਨੂੰ ਦਿੱਤੀ ਸੀ, ਉਨ੍ਹਾਂ ਆਪਣੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਆਦਿਕ) ਕਰਨ ਦੀ ਥਾਂ, ਪ੍ਰੋ: ਦਰਸ਼ਨ ਸਿੰਘ ਸਾਹਮਣੇ ਭਾਵੁਕ ਅਤੇ ਤਰਕ-ਰਹਿਤ ਦਲੀਲਾਂ (ਇਹ ਤਾਂ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਹਨ, ਤ੍ਰਿਆ-ਚਰਿੱਤਰਾਂ ਤੋਂ ਨੈਤਿਕਤਾ ਦਾ ਸੰਦੇਸ਼ ਮਿਲਦਾ ਹੈ ਆਦਿਕ) ਹੀ ਪੇਸ਼ ਕਰਨੀਆਂ ਸਨ। ਇਸ ਤਰ੍ਹਾਂ, ਬਹਿਸ ਕਿਸੇ ਵੀ ਨਤੀਜੇ ’ਤੇ ਨਹੀਂ ਪਹੁੰਚ ਸਕਣੀ ਸੀ ਤੇ ਮੱਕਾਰਾਂ ਦੇ ਇਸ ਟੋਲੇ ਨੇ ‘ਅਸੀਂ ਬਹਿਸ ਜਿੱਤ ਗਏ’ ਦਾ ਰੌਲਾ ਪਾ ਦੇਣਾ ਸੀ (ਜਿਵੇਂ ਦਿੱਲੀ ਦੇ ਰਜੌਰੀ ਗਾਰਡਨ ਵਿੱਚ ਮੂੰਹ ਦੀ ਖਾਣ ਦੇ ਬਾਵਜੂਦ ਇਹ ਟੁੱਕੜਬੋਚ ਇਹੀ ਝੂਠਾ ਦਾਅਵਾ ਕਰ ਰਹੇ ਸਨ)।

ਜੇਕਰ ਅਜਿਹਾ ਕਰਨਾ ਨਾ ਵੀ ਸੰਭਵ ਹੁੰਦਾ, ਤਾਂ ਵੀ ਮੁੱਦਾ ਇੱਥੇ ਹੀ ਖ਼ਤਮ ਨਹੀਂ ਹੋਣਾ ਸੀ ਅਤੇ ਇਨ੍ਹਾਂ ਨੇ ਦਸਮ ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ ਲਈ ਬਜ਼ਿੱਦ ਰਹਿਣਾ ਸੀ। ਬਲਕਿ ਪਗੜੀਧਾਰੀ ਹਿੰਦੂਆਂ ਦੇ ਰਸਾਲਿਆਂ/ਵੈਬਸਾਈਟਾਂ ਰਾਹੀਂ ਪ੍ਰੋ: ਦਰਸ਼ਨ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਹੋਰ ਪੰਥ-ਦਰਦੀਆਂ ਨੂੰ ਅਜਿਹੀਆਂ ਚੁਣੌਤੀਆਂ ਦੇਣੀਆਂ ਜਾਰੀ ਰਹਿਣੀਆਂ ਸਨ ਕਿ ਹੁਣ ਤੁਸੀਂ ਫਲਾਣੇ ਤਖ਼ਤ ਵਿੱਚ ਬਹਿਸ ਲਈ ਆ ਕੇ ਆਪਣਾ ਪੱਖ ਪੇਸ਼ ਕਰ ਵਿਖਾਓ।

ਕੇਸਾਧਾਰੀ ਹਿੰਦੂਆਂ ਦੀ ਅਸਲੀਅਤ, ਉਕਤ ‘ਬਹਿਸ’ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਹੋਈ ਇਸ ਜੁੰਡਲੀ ਦੀ ਮੀਟਿੰਗ ਬਾਰੇ, ਇਨ੍ਹਾਂ ਦੀ ਆਪਣੀ ਵੈਬਸਾਈਟ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਹੀ ਬੁਲਾਰਿਆਂ ਬਾਰੇ ਦਿੱਤੀ ਗਈ ਜਾਣਕਾਰੀ ਤੋਂ ਸਪਸ਼ਟ ਹੋ ਜਾਂਦੀ ਹੈ, ਜਿਸ ਵਿੱਚ ‘ਸਵਾਮੀ ਬ੍ਰਹਮਦੇਵ’ ਨਾਂ ਦੇ ਇਕ ਹਿੰਦੂ ਬੁਲਾਰੇ ਨੂੰ ਉਚੇਚੇ ਤੌਰ ’ਤੇ ‘ਭਾਈ ਗੋਪਾਲ ਸਿੰਘ’ ਵਜੋਂ ਲਿਖਿਆ ਗਿਆ ਹੈ। ਦਸਮ ਗ੍ਰੰਥੀਆਂ ਦਾ ਦਾਅਵਾ ਹੈ ਕਿ ਉਕਤ ਵਿਅਕਤੀ 1980 ਵਿੱਚ ਅੰਮ੍ਰਿਤ ਛਕ ਕੇ ਸਿੱਖ ਬਣ ਗਿਆ ਸੀ। ਪਰ ਇਨ੍ਹਾਂ ਨੂੰ ਕੋਈ ਪੁੱਛੇ ਕਿ ਅੰਮ੍ਰਿਤ ਛਕ ਕੇ ਸਿੱਖ ਬਣਨ ਦਾ ਦਾਅਵਾ ਤਾਂ ਭਾਜਪਾ ਦਾ ਸਾਬਕਾ ਸੰਸਦ ਮੈਂਬਰ ਬੀ. ਐਲ. ਸ਼ਰਮਾ ਪ੍ਰੇਮ ਵੀ ਕਰਦਾ ਸੀ - ਕੀ ਉਸ ਦੀਆਂ ਸਿੱਖੀ-ਵਿਰੋਧੀ ਨੀਤੀਆਂ ਅਤੇ ਉਸਦਾ ਮੌਜੂਦਾ ਸਰੂਪ ਕਿਸੇ ਤੋਂ ਛੁਪਿਆ ਹੈ? ਸਪਸ਼ਟ ਹੈ ਕਿ ਜਿਵੇਂ ਇਹ ਲੋਕ ਖ਼ੁਦ ਭੇਖੀ ਸਿੱਖ ਹਨ, ਉਂਞ ਹੀ ਇਨ੍ਹਾਂ ਨੇ ਭੇਖੀ ਸਿੱਖਾਂ ਨੂੰ ਬੁਲਾਰਿਆਂ ਵਜੋਂ ਬੁਲਾ ਕੇ ਮਨਮਤਿ ਦਾ ਪ੍ਰਚਾਰ ਕਰਵਾਉਣ ਦੀ ਕੋਝੀ ਕੋਸ਼ਿਸ਼ ਕੀਤੀ। ਅਜਿਹੇ ਲੋਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੇ ਨਾਮ ’ਤੇ ਕਾਮ-ਉਕਸਾਊ ਅਤੇ ਹਿੰਦੂ ਮਿਥਿਹਾਸ ਦੀਆਂ ਕਹਾਣੀਆਂ ਨੂੰ ਪ੍ਰਚਾਰਨਾ ਕੋਈ ਹੈਰਾਨੀ ਵਾਲਾ ਕਦਮ ਨਹੀਂ।

ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ ਕਿਸੇ ਵੀ ਅਖੌਤੀ ਵਿਦਵਾਨ ਨੂੰ ਮਿਲਣ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਜਿਹੜੇ ਵੀ ਲੋਕ ਸਿੱਖ ਹੋਣ ਦੀ ਘੱਟੋ-ਘੱਟ ਪਰਿਭਾਸ਼ਾ ’ਤੇ ਖਰੇ ਉਤਰਦੇ ਹਨ (ਯਾਨਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਧਰਮ-ਪੁਸਤਕ ਨੂੰ ਆਪਣਾ ਗੁਰੂ ਨਹੀਂ ਮੰਨਦੇ), ਉਹ ਉਨ੍ਹਾਂ ਨਾਲ ਵਿਚਾਰ-ਵਟਾਂਦਰੇ ਲਈ ਹਮੇਸ਼ਾ ਤਿਆਰ ਹਨ। ਜਿਹੜੇ ਲੋਕ ‘ਸਿੱਖ’ ਹੀ ਨਹੀਂ, ਉਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਕਥਿਤ ‘ਚੁਣੌਤੀਆਂ’ ਦੇ ਜਾਲ ਵਿੱਚ ਫਸ ਕੇ ਆਪਣਾ ਸਮਾਂ ਤੇ ਊਰਜਾ ਵਿਅਰਥ ਕਰਨ ਦੀ ਲੋੜ, ਨਾ ਤਾਂ ਪ੍ਰੋ: ਦਰਸ਼ਨ ਸਿੰਘ ਨੂੰ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਕਿਸੇ ਹੋਰ ਸਿੱਖ ਨੂੰ।

ਇਲਜ਼ਾਮ/ਢੁੱਚਰ 3) ਪਹਿਲਾਂ ਪ੍ਰੋ: ਦਰਸ਼ਨ ਸਿੰਘ ਖ਼ੁਦ ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਕੀਰਤਨ ਕਰਿਆ ਕਰਦਾ ਸੀ ਅਤੇ ਹੁਣ ਉਨ੍ਹਾਂ ਦੇ ਵਿਰੋਧ ਵਿੱਚ ਪ੍ਰਚਾਰ ਕਰ ਰਿਹਾ ਹੈ।

ਬ੍ਰਾਹਮਣਵਾਦੀ ਸੋਚ ਨਾਲ ਗ੍ਰਸਤ ਸਿੱਖਾਂ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਉਹ ਖ਼ੁਦ ਵੀ ਲਕੀਰ ਦੇ ਫਕੀਰ ਹਨ ਅਤੇ ਦੂਜਿਆਂ ਦੀ ਸੋਚ ਵਿੱਚ ਵੀ ਕੋਈ ਵਿਕਾਸ ਨਹੀਂ ਦੇਖਣਾ ਚਾਹੁੰਦੇ। ਇਨ੍ਹਾਂ ਪਗੜੀਧਾਰੀ ਹਿੰਦੂਆਂ ਨੂੰ ਪੁੱਛਿਆ ਜਾਏ ਕਿ ਜੇਕਰ ਨਿਕੰਮੇ ਟੀਚਰ ਕਾਰਨ ਕੋਈ ਵਿਅਕਤੀ ‘ਦੋ ਦੂਨੀ ਪੰਜ’ ਸਿੱਖ ਲਏ ਅਤੇ ਬਹੁਤ ਸਾਲਾਂ ਤਾਂ ਤੱਕ ਇਹੀ ਗੱਲ ਦੁਹਰਾਉਂਦਾ ਰਹੇ, ਪਰ ਬਾਅਦ ਵਿੱਚ ਉਸਨੂੰ ਸਮਝ ਆ ਜਾਏ ਕਿ ਦੋ ਦੂਨੀ ਚਾਰ ਹੁੰਦੇ ਹਨ; ਤਾਂ ਕੀ ਉਸਨੂੰ ਆਪਣੇ ਪੁਰਾਣੇ ਸਟੈਂਡ (ਦੋ ਦੂਨੀ ਪੰਜ) ’ਤੇ ਕਾਇਮ ਰਹਿਣਾ ਚਾਹੀਦਾ ਹੈ ਜਾਂ ਸੱਚ ਨੂੰ ਅਪਣਾਉਣਾ ਚਾਹੀਦਾ ਹੈ? ਪ੍ਰੋ: ਦਰਸ਼ਨ ਸਿੰਘ ਇਕ ਰਾਗੀ ਦੇ ਤੌਰ ’ਤੇ ਦਸਮ ਗ੍ਰੰਥ ਵਿੱਚੋਂ ਕੁਝ ਖ਼ਾਸ ਰਚਨਾਵਾਂ ਦਾ ਕੀਰਤਨ ਕਰਿਆ ਕਰਦੇ ਸਨ, ਪਰ ਤੱਤ-ਗੁਰਮਤਿ ਨੂੰ ਪ੍ਰਣਾਏ ਵਿਦਵਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਮਹੱਤਤਾ ਅਤੇ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਦੀ ਅਸਲੀਅਤ ਉਜਾਗਰ ਕਰਨ ਨਾਲ, ਮਾਨਯੋਗ ਪ੍ਰੋਫੈਸਰ ਨੂੰ ਇਨ੍ਹਾਂ ਰਚਨਾਵਾਂ ਵਿਚਲੇ ਸਿੱਖੀ-ਵਿਰੋਧੀ ਸੰਦੇਸ਼ਾਂ ਦੀ ਸਮਝ ਆ ਗਈ; ਤਾਂ ਕੀ ਪ੍ਰੋਫੈਸਰ ਨੂੰ ਹਾਲਾਂ ਵੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਕਰਦੇ ਰਹਿਣਾ ਚਾਹੀਦਾ ਹੈ ਜਾਂ ਸੰਗਤ ਨੂੰ ਇਸ ਬਾਰੇ ਜਾਗਰੁਕ ਕਰਨਾ ਚਾਹੀਦਾ ਹੈ (ਗੁਰੂ ਗ੍ਰੰਥ ਸਹਿਬ ਦੀ ਗੁਰਤਾਗੱਦੀ ਦਿਵਸ ਸ਼ਤਾਬਦੀ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਤੋਂ ਵਧੀਆ ਸੇਵਾ ਹੋਰ ਕਿਹੜੀ ਹੋ ਸਕਦੀ ਹੈ?)।

ਕੀ ਪ੍ਰੋ: ਦਰਸ਼ਨ ਸਿੰਘ ਇਨਸਾਨ ਨਹੀਂ ਹਨ ਜਿਹੜਾ ਕਦੀ ਕੋਈ ਗਲਤੀ ਨਹੀਂ ਕਰ ਸਕਦਾ (ਭੁਲਣ ਅੰਦਰਿ ਸਭੁ ਕੋ ਅਭੁਲਿ ਗੁਰੂ ਕਰਤਾਰੁ।।)? ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਕੀ ਉਸਦਾ ਸਵਾਗਤ ਕਰਨਾ ਚਾਹੀਦਾ ਹੈ ਜਾਂ ਉਸਨੂੰ ਭੰਡਣਾ ਚਾਹੀਦਾ ਹੈ? ਜਦ ਭਾਈ ਲਹਿਣਾ ਜੀ ਦੇਵੀ ਪੂਜਾ ਵਾਲੇ ਕਰਮ-ਕਾਂਡ ਛੱਡ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਣ ਵਿੱਚ ਆਏ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦਾ ਸਤਿਕਾਰ ਕੀਤਾ ਸੀ ਜਾਂ ਉਨ੍ਹਾਂ ਨੂੰ ‘‘ਪਹਿਲਾਂ ਤੂੰ ਦੇਵੀ ਪੂਜਾ ਕਰਦਾ ਰਿਹਾ ਹੈਂ’’ ਕਹਿ ਕੇ ਭੰਡਿਆ ਸੀ? ਜਦ (ਗੁਰੂ) ਅਮਰਦਾਸ ਜੀ ਗੰਗਾ-ਪੂਜਾ ਛੱਡ ਕੇ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਗਏ ਸੀ, ਤਾਂ ਕੀ ਗੁਰੂ ਸਾਹਿਬ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ ਜਾਂ ਪਗੜੀਧਾਰੀ ਹਿੰਦੂਆਂ ਵਾਂਗ ਉਨ੍ਹਾਂ ਖਿਲਾਫ਼ ਭੰਡੀ ਪ੍ਰਚਾਰ ਕੀਤਾ ਸੀ?

ਇਸਦੇ ਇਲਾਵਾ, ਪ੍ਰੋ: ਦਰਸ਼ਨ ਸਿੰਘ ਨੇ ਹਾਲਾਂ ਵੀ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਨੂੰ ਰੱਦ ਨਹੀਂ ਕੀਤਾ ਬਲਕਿ ਲੱਚਰ ਅਤੇ ਹਿੰਦੂ ਮਿਥਿਹਾਸ ਵਾਲੀਆਂ ਰਚਨਾਵਾਂ ਪੜ੍ਹਨ ਤੋਂ ਵਰਜਿਆ ਹੈ। ਉਨ੍ਹਾਂ ਨੇ ਤਾਂ ਸਿਰਫ਼ ਏਨਾ ਕਿਹਾ ਹੈ ਕਿ ਦਸਮ ਗ੍ਰੰਥ ਵਿੱਚ ਜਿਹੜੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਧ ਹੋ ਵੀ ਜਾਂਦੀਆਂ ਹਨ, ਉਨ੍ਹਾਂ ਰਚਨਾਵਾਂ ਦੀ ਪੋਥੀ ਨੂੰ ਪੜ੍ਹਿਆ-ਵਿਚਾਰਿਆ ਜਾ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਜਿਹੀ ਪੋਥੀ ਦਾ ‘ਪ੍ਰਕਾਸ਼’ ਕਰਨਾ ਵੀ ਭਾਰੀ ਗਲਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਸਿੱਧੀ ਉਲੰਘਣਾ ਹੋਏਗੀ। ਏਨੀ ਕੁ ਜਿਹੀ ਗੱਲ ’ਤੇ ਹੀ ਪਗੜੀਧਾਰੀ ਹਿੰਦੂ ਬੇਹੱਦ ਬੌਖਲਾ ਗਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਦੀ ਥਾਂ, ਦਸਮ ਗ੍ਰੰਥ ਦੀ ਮਹੱਤਤਾ ਬਾਰੇ ਸੈਮੀਨਾਰ ਕਰਵਾਉਣ ਲੱਗ ਪਏ ਹਨ। (ਸਰਕਾਰੀ ਏਜੰਸੀਆਂ ਅਤੇ ਆਰ. ਐਸ. ਐਸ. ਤੋਂ ਮਿਲਣ ਵਾਲੀਆਂ ਮੋਟੀਆਂ ਰਕਮਾਂ ਪ੍ਰਾਪਤ ਕਰਕੇ ਮਨਮਤੀ ਪ੍ਰਚਾਰ ਕਰਨ ਵਾਲੇ ਅਜਿਹੇ ਕੇਸਾਧਾਰੀ ਹਿੰਦੂਆਂ ਲਈ, ਇਕ-ਪਾਸੜ ਸੋਚ ਵਾਲੇ ਵਿਕਾਊ ਮਾਲ ਤੋਂ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਵਾਂਗ ਪਵਿੱਤਰ ਪ੍ਰਚਾਰਿਤ ਕਰਵਾਉਣਾ ਕੋਈ ਔਖਾ ਕੰਮ ਨਹੀਂ ਹੈ।)

ਇਲਜ਼ਾਮ/ਢੁੱਚਰ 4) ਪ੍ਰੋ: ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਦਸਮ ਪਾਤਸ਼ਾਹ ਦੀਆਂ ਬਾਣੀਆਂ ਪ੍ਰਤੀ ਸਤਿਕਾਰ ਪ੍ਰਗਟਾਇਆ ਸੀ ਅਤੇ ਇਨ੍ਹਾਂ ਦੀ ਅਸਲੀਅਤ ਨੂੰ ਸਵੀਕਾਰ ਕੀਤਾ ਸੀ।

ਲੋਕਾਂ ਨੂੰ ਗੁੰਮਰਾਹ ਕਰਨ ਲਈ ਤਤਪਰ ਇਨ੍ਹਾਂ ਝੂਠਿਆਂ ਦੇ ਟੋਲੇ ਨੇ ਇਹ ਸੱਚ ਉਜਾਗਰ ਨਹੀਂ ਕੀਤਾ ਕਿ ਪ੍ਰੋ: ਸਾਹਿਬ ਸਿੰਘ ਨੇ ਕਬਿਯੋਬਾਚ ਬੇਨਤੀ ਚੌਪਈ ਦਾ ਟੀਕਾ ਲਿਖਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨਦੇ ਸਨ। ਪ੍ਰੋ: ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਚਨਾਵਾਂ ਤੋਂ ਮਿਲਦੇ ਰੂਹਾਨੀ ਸੰਦੇਸ਼ ਕਾਰਨ ਉਨ੍ਹਾਂ ਦੇ ਅਰਥ ਤਾਂ ਲਿਖੇ, ਪਰ ਦਸਮ ਗ੍ਰੰਥ ਵਿੱਚ ਸ਼ਾਮਲ ਕਾਮ-ਉਕਸਾਊ ਅਤੇ ਹਿੰਦੂ ਮਿਥਿਹਾਸ ਦੀਆਂ ਪ੍ਰਚਾਰਕ ਰਚਨਾਵਾਂ ਦਾ ਪ੍ਰਚਾਰ ਕਰਨਾ ਉਨ੍ਹਾਂ ਨੇ ਠੀਕ ਨਹੀਂ ਸਮਝਿਆ।

ਦਸਮ ਗ੍ਰੰਥ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦੇ ਵਿਚਾਰ ਵੀ ਬੜੇ ਸਪਸ਼ਟ ਹਨ : ‘‘ਖਾਲਸੇ ਨੇ ਭਾਈ ਮਤਾਬ ਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਔਰ ਉਨ੍ਹਾਂ ਦੇ ਬਚਨ ਅਨੁਸਾਰ ਦਸਮ ਗ੍ਰੰਥ ਦੀ ਬੀੜ ਕਾਯਮ ਰਹੀ, ਪਰ ਪੰਥ ਨੇ ਦਸ਼ਮੇਸ਼ ਦੇ ਥਾਪੇ ਨਿਯਮ ਤੋਂ ਵਿਰੁੱਧ ਇਹ ਫ਼ੈਸਲਾ ਸ਼ਖ਼ਸੀ ਰਾਯ ਪੁਰ ਕੀਤਾ। ਚਾਹੀਦਾ ਇਹ ਸੀ ਕਿ ਦੀਵਾਨ ਦੀ ਸਰਬ ਸੰਮਤੀ ਨਾਲ ਗੁਰੁਮਤਾ ਸੋਧਿਆ ਜਾਂਦਾ, ਅਰ ਜਿਵੇਂ ਚੌਥੀ ਬੀੜ ਅਪ੍ਰਵਾਣ ਕੀਤੀ ਗਈ ਸੀ, ਤਿਵੇਂ ਇਸ ਬੀੜ ਦੀਆਂ ਪੋਥੀਆਂ ਵੱਖ-ਵੱਖ ਕਰ ਦਿੱਤੀਆਂ ਜਾਂਦੀਆਂ। ਅਸੀਂ ਭਾਈ ਮਨੀ ਸਿੰਘ ਜੀ ਨੂੰ ਪੰਥ ਰਤਨ ਅਤੇ ਧਰਮ ਵੀਰ ਮੰਨਦੇ ਹੋਏ ਭੀ ਇਹ ਆਖਣੋਂ ਸੰਕੋਚ ਨਹੀਂ ਕਰਦੇ ਕਿ ਭਾਈ ਸਾਹਿਬ ਨੇ ਇਹ ਅਜੇਹੀ ਭੁੱਲ ਕੀਤੀ ਹੈ ਜਿਸ ਤੋਂ ਅਪਾਰ ਹਾਨੀ ਪੁੱਜੀ ਹੈ ਅਰ ਅੱਗੋਂ ਨੂੰ ਭੀ ਭਾਰੀ ਨੁਕਸਾਨ ਹੋਣ ਦਾ ਡਰ ਹੈ।’’ (ਗੁਰਮਤ ਮਾਰਤੰਡ, ਪੰਨਾ 569-70, ਪ੍ਰਕਾਸ਼ਕ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।) ਭਾਈ ਕਾਨ੍ਹ ਸਿੰਘ ਨਾਭਾ ਤਾਂ ਦਸਮ ਗ੍ਰੰਥ ਦੀ ਬੀੜ ਪ੍ਰਵਾਨ ਕੀਤੇ ਜਾਣ ਨੂੰ ‘ਦਸ਼ਮੇਸ਼ ਦੇ ਥਾਪੇ ਨਿਯਮ ਵਿਰੁਧ ਫੈਸਲਾ’ ਦੱਸ ਰਹੇ ਹਨ ਪਰ ਇਹ ਝੂਠੇ ਲੋਕ ਉਨ੍ਹਾਂ ਨੂੰ ਦਸਮ ਗ੍ਰੰਥ ਦੇ ਹਮਾਇਤੀ ਦੱਸ ਰਹੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਠੀਕ ਹੀ ਲਿਖਿਆ ਸੀ ਕਿ ਦਸਮ ਗ੍ਰੰਥ ਦੀ ਬੀੜ ਨੂੰ ਮਾਨਤਾ ਦੇਣ ਨਾਲ ਭਵਿੱਖ ਵਿੱਚ ਵੀ ਭਾਰੀ ਨੁਕਸਾਨ ਹੋਣ ਦਾ ਡਰ ਰਹੇਗਾ। ਸ਼ਾਇਦ ਉਨ੍ਹਾਂ ਹਿੰਦੂਵਾਦੀ ਮਾਨਸਿਕਤਾ ਵਾਲੇ ਸਿੱਖਾਂ ਦੀਆਂ ਆਪ-ਹੁਦਾਰੀਆਂ ਬਾਰੇ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ।

ਭਾਈ ਗੁਰਦਾਸ ਦੂਜੇ ਬਾਰੇ ਵੀ ਭਾਈ ਕਾਨ੍ਹ ਸਿੰਘ ਨਾਭਾ ਨੇ ਸਪਸ਼ਟ ਜਾਣਕਾਰੀ ਦਿੱਤੀ ਹੈ ‘‘ਇੱਕ ਪ੍ਰੇਮੀ ਸਿੱਖ ਕਵੀ, ਜਿਸ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਆਪਣੀ ਰਚਨਾ 41ਵੀਂ ਵਾਰ ਜੋੜੀ ਹੈ, ਜਿਸ ਵਿੱਚ ਪਾਠ ਹੈ - ‘‘ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿਘ ਆਪੇ ਗੁਰ ਚੇਲਾ’’ ਆਦਿ।’’ (ਮਹਾਨ ਕੋਸ਼, ਪ੍ਰਕਾਸ਼ਕ-ਭਾਸ਼ਾ ਵਿਭਾਗ, ਪੰਜਾਬ)। ਇਸ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਸਪਸ਼ਟ ਫੈਸਲਾ ਦਿੱਤਾ ਹੈ ਕਿ ਇਹ ਭਾਈ ਗੁਰਦਾਸ, ਉਹ ਅਸਲ ਭਾਈ ਗੁਰਦਾਸ ਨਹੀਂ ਹਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਿੱਚ ਗੁਰੂ ਅਰਜਨ ਸਾਹਿਬ ਨੂੰ ਸਹਿਯੋਗ ਦਿੱਤਾ ਸੀ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਪਣੀ ਵਾਰ ਜੋੜਨ ਦੀ ਮਾੜੀ ਹਰਕਤ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਅਜਿਹਾ ਵਿਅਕਤੀ ਕਿੰਨਾ ਕੁ ਗੁਰਸਿੱਖ ਹੋਵੇਗਾ। ਫਿਰ ਵੀ ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਇਸ ਅਖੌਤੀ ਭਾਈ ਗੁਰਦਾਸ ਦੀ ‘ਮਹਾਨ ਬਾਣੀ’ ਦਾ ਨਮੂਨਾ ਆਪ ਵੇਖ ਸਕਦਾ ਹੈ :

ਦੀਨ ਮੁਹੰਮਦੀ ਉਠ ਗਇਓ ਹਿੰਦਕ ਠਹਿਰਾਏ। ਤਹਿ ਕਲਮਾ ਕੋਈ ਨ ਪੜ੍ਹ ਸਕੈ ਨਹੀਂ ਜਿਕਰੁ ਅਲਾਏ। ਨਿਵਾਜ਼ ਦਰੂਦ ਨਾ ਫਾਇਤਾ ਨਹ ਲੰਡ ਕਟਾਏ। (ਵਾਰ 41, ਪਉੜੀ 17)

ਕੀ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਕੋਈ ਸਮਾਂ ਆਇਆ ਸੀ ਜਦ ਇੱਥੋਂ ਇਸਲਾਮ ਧਰਮ ਬਿਲਕੁਲ ਖ਼ਤਮ ਹੋ ਗਿਆ ਹੋਵੇ? ਕੀ ਭਾਈ ਗੁਰਦਾਸ ਜੀ ਉਕਤ ਕਿਸਮ ਦੀ ਫਿਰਕੂ ਅਤੇ ਲੱਚਰ ਸ਼ਬਦਾਵਲੀ ਵਰਤ ਸਕਦੇ ਸਨ? ਜਾਂ, ਕੀ ਘਟੀਆ ਸ਼ਬਦਾਵਲੀ ਵਾਲੀ ਅਜਿਹੀਆਂ ਰਚਨਾਵਾਂ ਦਾ ਪਾਠ/ਕੀਰਤਨ ਗੁਰਦੁਆਰੇ ਵਿੱਚ ਹੋ ਸਕਦਾ ਹੈ? ਜੇਕਰ ਪ੍ਰੋ: ਦਰਸ਼ਨ ਸਿੰਘ ਨੇ ਇਸ ਨਕਲੀ ਭਾਈ ਗੁਰਦਾਸ ਦੀਆਂ ਉਕਤ ਕਿਸਮ ਦੀਆਂ ਗੁਰਮਤਿ-ਵਿਰੋਧੀ ਰਚਨਾਵਾਂ ਬਾਰੇ ਸਿੱਖ ਸੰਗਤ ਨੂੰ ਜਾਣਕਾਰੀ ਦੇਣੀ ਅਰੰਭ ਕੀਤੀ ਹੈ, ਤਾਂ ਇਹ ਅਖੌਤੀ ‘ਪੰਥਕ ਵਿਦਵਾਨ’, ਉਨ੍ਹਾਂ ਦੀਆਂ ‘ਪੰਥਕ ਜੱਥੇਬੰਦੀਆਂ’ ਅਤੇ ‘ਪੰਥਕ ਵੈਬਸਾਈਟਾਂ’ ਦੇ ਸੰਚਾਲਕ ਬੌਖਲਾ ਕਿਉਂ ਗਏ ਹਨ?

ਇਲਜ਼ਾਮ/ਢੁੱਚਰ 5) ਪ੍ਰੋ: ਦਰਸ਼ਨ ਸਿੰਘ ਵੱਲੋਂ ਕਥਿਤ ‘ਦਸਮ-ਬਾਣੀ’ ਦੀ ਸਮੱਗਰੀ ਖਿਲਾਫ਼ ਪ੍ਰਚਾਰ ਕਰਨ ਤੋਂ ਨਰਾਜ਼ ਸਿੱਖ ਸੰਗਤ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਉਸ ਦੇ ਕੀਰਤਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਬਾਬਤ ਇੰਡੀਆ ਅਵੇਅਰਨੈੱਸ ਦੇ ਜਨਵਰੀ 08 ਅੰਕ ਵਿੱਚ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਸੀ ਕਿ ਹਜ਼ੂਰ ਸਾਹਿਬ ਜਾਂ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਕਰਨ ’ਤੇ ਰੋਕ ਨਹੀਂ ਲਗਾਈ ਸੀ ਬਲਕਿ ਆਪਣੇ ਚਹੇਤਿਆਂ ਰਾਹੀਂ ਪ੍ਰੋ: ਦਰਸ਼ਨ ਸਿੰਘ ਨੂੰ ਸੰਦੇਸ਼ ਭਿਜਵਾਇਆ ਸੀ ਕਿ ਉਹ ਕੀਰਤਨ ਦੌਰਾਨ ‘ਦਸਮ ਗ੍ਰੰਥ’ ਦੇ ਮੁੱਦੇ ’ਤੇ ਚਰਚਾ ਨਾ ਕਰਨ। ਇਸ ਸ਼ਰਤ ਨੂੰ ਨਾ ਮੰਨ ਕੇ ਪ੍ਰੋ: ਦਰਸ਼ਨ ਸਿੰਘ ਨੇ ਖ਼ੁਦ ਆਪਣੀ ਮਰਜ਼ੀ ਨਾਲ ਉਕਤ ਸਥਾਨਾਂ ’ਤੇ ਕੀਰਤਨ ਨਹੀਂ ਕੀਤਾ। ਹਾਂ ਏਨਾ ਜ਼ਰੂਰ ਹੈ ਕਿ ਪ੍ਰੋ: ਦਰਸ਼ਨ ਸਿੰਘ ਦੇ ਦੋ-ਟੂਕ ਬਚਨ ਸੁਣ ਕੇ ਬੌਖਲਾਏ ਇਹ ਲੋਕ, ਆਪਣੇ ਕਬਜ਼ੇ/ਪ੍ਰਭਾਵ ਵਾਲੇ ਗੁਰਦੁਆਰਿਆਂ/ ਸੰਗਠਨਾਂ ਵੱਲੋਂ ਕਰਵਾਏ ਜਾਂਦੇ ਕੀਰਤਨ ਦਰਬਾਰਾਂ ਵਿੱਚ ਪ੍ਰੋਫੈਸਰ ਨੂੰ ਬੁਲਾਉਣਾ ਪਸੰਦ ਨਹੀਂ ਕਰਨਗੇ। ਪਰ ਬ੍ਰਾਹਮਣਵਾਦੀਆਂ ਦੇ ਇਨ੍ਹਾਂ ਝੋਲੀਚੁੱਕਾਂ ਵੱਲੋਂ ਅਥਾਹ ਪ੍ਰਾਪੇਗੰਡਾ ਕਰਨ ਦੇ ਬਾਵਜੂਦ ਵੀ ਪ੍ਰੋ: ਦਰਸ਼ਨ ਸਿੰਘ ਵੱਲੋਂ ਭਾਰਤ ਵਿੱਚ ਕੀਤੇ ਜਾਣ ਵਾਲੇ ਕੀਰਤਨ ਪ੍ਰੋਗਰਾਮ ਬਦਸਤੂਰ ਜਾਰੀ ਹਨ ਅਤੇ ਸੰਗਤਾਂ ਵੀ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਪਹਿਲਾਂ ਵਾਂਗ ਹੁੰਮ-ਹੁੰਮਾ ਕੇ ਪੁੱਜ ਰਹੀਆਂ ਹਨ। ਸੰਗਤਾਂ ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ ਮਿਲ ਰਿਹਾ ਸਮਰਥਨ ਇਨ੍ਹਾਂ ਟੁੱਕੜਬੋਚਾਂ ਦੇ ਮੂੰਹ ’ਤੇ ਇਕ ਕਰਾਰੀ ਚਪੇੜ ਸਮਾਨ ਹੈ।

ਇਲਜ਼ਾਮ/ਢੁੱਚਰ 6) ਪ੍ਰੋ: ਦਰਸ਼ਨ ਸਿੰਘ ਵੀ ਆਰਿਯਾ ਸਮਾਜ ਦੇ ਸੰਸਥਾਪਕ ਦਇਆਨੰਦ ਸਰਸਵਤੀ ਵਾਂਗ ‘ਕਾਲਕਾ’ ਦਾ ਅਰਥ ‘ਦੇਵੀ’ ਦੱਸ ਕੇ ਗੁਰੂ ਗੋਬਿੰਦ ਸਿੰਘ ਨੂੰ ਦੇਵੀ ਦਾ ਉਪਾਸਕ ਦਰਸਾਉਣਾ ਚਾਹੁੰਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਉਪਾਸਕ ਪ੍ਰੋ: ਦਰਸ਼ਨ ਸਿੰਘ ਨਹੀਂ ਦਰਸਾ ਰਹੇ ਬਲਕਿ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਦੱਸਣ ਵਾਲੇ ਲੋਕ ਦਰਸਾ ਰਹੇ ਹਨ। ਦਇਆਨੰਦ ਸਰਸਵਤੀ ਨੇ ਵੀ ਬਚਿੱਤਰ ਨਾਟਕ ਰਚਨਾ ਦੇ ਅਧਾਰ ’ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਲਕਾ ਦੇਵੀ ਦਾ ਉਪਾਸਕ ਦੱਸਿਆ ਸੀ ਅਤੇ ਇਸੇ ਰਚਨਾ ਦੇ ਅਧਾਰ ’ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਪੁਜਾਰੀ ਗਿ: ਪੂਰਨ ਸਿੰਘ ਨੇ ਸਿੱਖਾਂ ਨੂੰ ‘ਲਵ-ਕੁਸ਼’ ਦੀ ਔਲਾਦ ਦੱਸਿਆ ਸੀ। ਦਸਮ ਗ੍ਰੰਥ ਦੇ ਹਮਾਇਤੀ, ਦਇਆਨੰਦ ਅਤੇ ਗਿ: ਪੂਰਨ ਸਿੰਘ ਦੀ ਤਾਂ ਆਲੋਚਨਾ ਕਰਦੇ ਹਨ ਪਰ ਉਨ੍ਹਾਂ ਦੀਆਂ ਗਲਤ-ਬਿਆਨਾਂ ਦੇ ਸ੍ਰੋਤ ‘ਬਚਿੱਤਰ-ਨਾਟਕ’ ਉਰਫ਼ ਦਸਮ ਗ੍ਰੰਥ ਦਾ ਭਰਪੂਰ ਸਮਰਥਨ ਕਰਦੇ ਹਨ। ਇਸਨੂੰ ਇਨ੍ਹਾਂ ਲੋਕਾਂ ਦੀ ਅਗਿਆਨਤਾ ਕਿਹਾ ਜਾਏ ਜਾਂ ਦੋਗਲਾਪਨ?

ਦਇਆਨੰਦ ਅਤੇ ਪ੍ਰੋ: ਦਰਸ਼ਨ ਸਿੰਘ ਦੇ ਬਿਆਨਾਂ ਵਿਚਲੇ ਫ਼ਰਕ ਨੂੰ ਸਮਝਣ ਦੀ ਲੋੜ ਹੈ। ਦਇਆਨੰਦ ਸਰਸਵਤੀ ਦਾ ਕਹਿਣਾ ਸੀ ਕਿ ‘‘ਤਹ ਹਮ ਅਧਿਕ ਤਪਸਿਆ ਸਾਧੀ।। ਮਹਾਂ ਕਾਲ ਕਾਲਕਾ ਅਰਾਧੀ।।’’ ਤੋਂ ਸਾਬਿਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇ ਉਪਾਸਕ ਸਨ। ਪਰ ਇਨ੍ਹਾਂ ਪੰਕਤੀਆਂ ਦਾ ਹਵਾਲਾ ਦਿੰਦਿਆਂ ਆਰਿਯਾ ਸਮਾਜ ਦੇ ਸੰਸਥਾਪਕ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਦਸਮ ਗ੍ਰੰਥ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੋਣ ਬਾਰੇ ਅਜ ਤੱਕ ਸਿੱਖ ਪੰਥ ਵਿੱਚ ਕੋਈ ਸਰਬ-ਪ੍ਰਵਾਣਿਤ ਫੈਸਲਾ ਨਹੀਂ ਹੋ ਸਕਿਆ।

ਪ੍ਰੋ: ਦਰਸ਼ਨ ਸਿੰਘ ਨੇ ਦਸਮ ਗ੍ਰੰਥ ਬਾਰੇ ਚਰਚਾ ਕਰਦਿਆਂ ਇਹੀ ਕਿਹਾ ਹੈ ਕਿ ਜੇਕਰ ਬਚਿੱਤਰ-ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਿਆ ਜਾਂਦਾ ਹੈ ਤਾਂ ਇਸ ਵਿੱਚੋਂ ਕਈ ਇਤਿਹਾਸਕ ਅਤੇ ਸਿਧਾਂਤਕ ਗਲਤੀਆਂ ਨੂੰ ਮਨਜ਼ੂਰ ਕਰਨਾ ਪਏਗਾ। ਜਿਵੇਂ ਬਚਿੱਤਰ ਨਾਟਕ ਦੇ ਲਿਖਾਰੀ ਦਾ ਦਾਅਵਾ ਹੈ ਕਿ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ - ਤਿੰਨੋਂ ‘ਬੇਦੀ’ ਕੁਲ ਨਾਲ ਸਬੰਧਿਤ ਸਨ ਜਿਨ੍ਹਾਂ ਨੇ ਲਵ-ਕੁਸ਼ ਦੇ ਕਾਲ ਵਿੱਚ ਸੋਢੀਆਂ ਨੂੰ ਦਿੱਤੇ ਬਚਨ ਮੁਤਾਬਿਕ ਗੁਰਗੱਦੀ ‘ਸੋਢੀ’ ਬੰਸ ਨੂੰ ਟ੍ਰਾਂਸਫਰ ਕਰ ਦਿੱਤੀ। ਜਦਕਿ ਸਿੱਖ ਇਤਿਹਾਸ ਬਾਰੇ ਮਾੜ੍ਹੀ-ਮੋਟੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਗੁਰੂ ਅੰਗਦ ਸਾਹਿਬ ਜਾਂ ਗੁਰੂ ਅਮਰਦਾਸ ਜੀ ‘ਬੇਦੀ’ ਕੁਲ ਨਾਲ ਸਬੰਧਿਤ ਨਹੀਂ ਸਨ। ਜੇਕਰ ਬਚਿੱਤਰ ਨਾਟਕ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਤਾਂ ਕੀ ਉਹ ਅਜਿਹੀ ਗਲਤ-ਬਿਆਨੀ ਕਰ ਸਕਦੇ ਸਨ?

ਇਸੇ ਤਰ੍ਹਾਂ ਬਚਿੱਤਰ ਨਾਟਕ ਦਾ ਲਿਖਾਰੀ ਕਹਿੰਦਾ ਹੈ ਕਿ ਉਸਨੇ ਪਾਂਡਵਾਂ ਵੱਲੋਂ ਯੋਗ ਕਰਨ ਵਾਲੀ ਥਾਂ ’ਤੇ ਤਪਸਿਆ ਕੀਤੀ। (ਪਾਂਡਵਾਂ ਦਾ ਹਵਾਲਾ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਥਿਤ ‘ਤਪ-ਅਸਥਾਨ’ ਨੂੰ ਹਿੰਦੂ ਮਿਥਿਹਾਸ ਨਾਲ ਜੋੜਨ ਵਾਲਾ ਲਿਖਾਰੀ ਕਿਹੜੇ ਧਰਮ ਨਾਲ ਸਬੰਧਿਤ ਹੋ ਸਕਦਾ ਹੈ?) ਪਹਿਲਾਂ ਤਾਂ ਸਿੱਖ ਧਰਮ ਵਿੱਚ ‘ਤਪ’ ਜਾਂ ‘ਤਪੱਸਿਆ’ ਨੂੰ ਪਰਮਾਤਮਾ ਨਾਲ ਇਕ-ਮਿਕ ਹੋਣ ਦਾ ਸਾਧਨ ਮੰਨਿਆ ਹੀ ਨਹੀਂ ਗਿਆ। ਫਿਰ, ਤਪਸਿਆ ਵਿੱਚ ਵੀ ‘ਕਾਲਕਾ’ ਦੀ ਅਰਾਧਨਾ ਕਰਨੀ? ਕੀ ਕਿਸੇ ਵਿਅਕਤੀ ਨੂੰ ਇਸ ਬਾਬਤ ਕੋਈ ਸ਼ੱਕ ਹੈ ਕਿ ‘ਕਾਲਕਾ’ ਹਿੰਦੂ ਸਮਾਜ ਦੀ ਇਕ ਦੇਵੀ ਦਾ ਨਾਮ ਹੈ? ਦਿੱਲੀ ਵਿੱਚ ਇਸ ਦੇਵੀ ਦੇ ਨਾਮ ’ਤੇ ਇਕ ਚਰਚਿਤ ਮੰਦਰ ਅਤੇ ਪੂਰੀ ਕਲੋਨੀ ਸਥਾਪਿਤ ਹੈ ਜਦਕਿ ਹਰਿਆਣਾ ਵਿੱਚ ਤਾਂ ਇਸ ਦੇਵੀ ਦੇ ਨਾਮ ਤੋਂ ਇਕ ਪੂਰਾ ਕਸਬਾ ਹੀ ਕਾਇਮ ਹੈ।

ਦਇਆਨੰਦ ਸਰਸਵਤੀ ਵੱਲੋਂ ਇਸ ਤੁੱਕ ਦਾ ਹਵਾਲਾ ਦੇ ਕੇ ਗੁਰੂ ਸਾਹਿਬ ਨੂੰ ਦੇਵੀ ਦਾ ਉਪਾਸਕ ਦੱਸਣ ਕਾਰਨ ਹੀ ਭਾਈ ਕਾਨ੍ਹ ਸਿੰਘ ਨਾਭਾ ਨੇ ਪੁਸਤਕ ‘ਹਮ ਹਿੰਦੂ ਨਹੀ’ ਵਿੱਚ ‘ਕਾਲਕਾ’ ਦਾ ਅਰਥ ਦੇਵੀ ਦੀ ਬਜਾਏ ‘ਕਾਲ ਦਾ ਕਾਲ’ ਪੇਸ਼ ਕੀਤਾ ਸੀ। ਦਇਆਨੰਦ ਸਰਸਵਤੀ ਦੇ ਝੂਠੇ ਪ੍ਰਚਾਰ ਦਾ ਖੰਡਨ ਕਰਨ ਅਤੇ ਉਸ ਸਮੇਂ ਦੇ ਹਾਲਾਤ ਮੁਤਾਬਿਕ ਇਹੀ ਸਭ ਤੋਂ ਵਧੀਆ ਕਾਰਵਾਈ ਸੀ। ਕਿਉਂਕਿ ਜੇਕਰ ਭਾਈ ਕਾਨ੍ਹ ਸਿੰਘ ਨਾਭਾ ਇਹ ਸਾਬਿਤ ਕਰਨ ਵਿੱਚ ਜੁਟ ਜਾਂਦੇ ਕਿ ਬਚਿੱਤਰ ਨਾਟਕ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ, ਤਾਂ ਉਸ ਸਮੇਂ ਸਿੱਖ ਸਮਾਜ ਦੇ ਪੁਜਾਰੀ, ਜੋ ਬ੍ਰਾਹਮਣਵਾਦ ਅਤੇ ਉਦਾਸੀ ਮਤ ਦੀ ਵਿਚਾਰਧਾਰਾ ਵਿੱਚ ਹੱਦੋਂ ਵੱਧ ਗੜੁੱਚ ਸਨ, ਨੇ ਭਾਈ ਕਾਨ੍ਹ ਸਾਹਿਬ ਨੂੰ ‘ਪੰਥ ਵਿੱਚੋਂ ਛੇਕ’ ਕੇ ਸਾਰੇ ਯਤਨਾਂ ’ਤੇ ਪਾਣੀ ਫੇਰ ਦੇਣਾ ਸੀ। ਪਰ ਵਿਆਕਰਨ ਪੱਖੋਂ ਇਸ ਪੰਕਤੀ ਦਾ ਅਰਥ ਸਾਫ਼ ਸਪਸ਼ਟ ਹੁੰਦਾ ਹੈ ਕਿ ਇੱਥੇ ਕਿਸੇ ਜ਼ਨਾਨਾ ਸ਼ਕਤੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਜੇਕਰ ਇੱਥੇ ਪਰਮਾਤਮਾ ਦਾ ਜ਼ਿਕਰ ਕੀਤਾ ਜਾ ਰਿਹਾ ਹੁੰਦਾ ਤਾਂ ਇੱਥੇ ‘ਅਰਾਧੀ’ ਦੀ ਬਜਾਏ ‘ਅਰਾਧਾ’ ਲਫ਼ਜ਼ ਲਿਖਿਆ ਜਾਂਦਾ। ਇਸ ਤੋਂ ਇਲਾਵਾ, ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪਣੀਆਂ ਰਚਨਾਵਾਂ ਵਿੱਚ ਪਰਮਾਤਮਾ ਨੂੰ ‘ਅਕਾਲ’ ਤਾਂ ਕਿਹਾ ਹੈ ਪਰ ‘ਮਹਾਂਕਾਲ’ ਜਾਂ ‘ਕਾਲਕਾ’ ਨਹੀਂ।

ਅਜਿਹੇ ਤੱਥਾਂ ਨੂੰ ਸਮਝ ਕੇ ਮਨਮਤਿ ਦਾ ਤਿਆਗ ਕਰਨ ਦੀ ਬਜਾਏ, ਹੁੱਲੜਬਾਜ਼ਾਂ ਦਾ ਇਹ ਟੋਲਾ ਦਾਅਵਾ ਕਰ ਰਿਹਾ ਹੈ ਕਿ ਪ੍ਰੋ: ਦਰਸ਼ਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਉਪਾਸਕ ਦੱਸ ਰਿਹਾ ਹੈ। ਜਦਕਿ ਸਮੱਸਿਆ ਦੀ ਜੜ੍ਹ ਉਹ ਆਪ ਹੀ ਹਨ, ਜੋ ਕਿਸੇ ਬ੍ਰਾਹਮਣਵਾਦੀ ਲਿਖਾਰੀ ਦੀ ਲਿਖੀ ਰਚਨਾ ਨੂੰ ਬੜੀ ਸ਼ਿੱਦਤ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਜੋਂ ਪ੍ਰਚਾਰ ਰਹੇ ਹਨ।

ਇਲਜ਼ਾਮ/ਢੁੱਚਰ 7) ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਨਾ ਮੰਨਣ ਨਾਲ ‘ਸਿੱਖਾਂ’ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਵੱਜ ਰਹੀ ਹੈ, ਜਿਸ ਦੇ ਕਾਰਨ ਪ੍ਰੋ: ਦਰਸ਼ਨ ਸਿੰਘ’ਤੇ ਧਾਰਾ 295-ਏ ਦੇ ਅਧੀਨ ਮੁਕੱਦਮਾ ਦਰਜ ਕਰਵਾਇਆ ਜਾਏਗਾ।

ਇਹ ਹੋਛੇ ਲੋਕ ਜੋ ਚਾਹੁਣ ਉਹ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਨੂੰ ਬ੍ਰਾਹਮਣਵਾਦੀ ਸੰਗਠਨਾਂ ਅਤੇ ਪ੍ਰਸ਼ਾਸਨ ਤੋਂ ਭਰਪੂਰ ਮਦਦ ਮਿਲਦੀ ਹੈ। ਪਰ ਜੇਕਰ ਪ੍ਰੋ: ਦਰਸ਼ਨ ਸਿੰਘ ’ਤੇ ਅਜਿਹਾ ਮੁਕੱਦਮਾ ਦਰਜ ਹੋ ਵੀ ਜਾਏ, ਤਾਂ ਵੀ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਉਹ ਸਿਰਫ਼ ਏਨੀ ਗੱਲ ਕਹਿ ਰਹੇ ਹਨ ਕਿ ਸਿੱਖਾਂ ਦੇ ਗੁਰੂ ਸਿਰਫ਼ ਗੁਰੂ ਗ੍ਰੰਥ ਸਾਹਿਬ ਹਨ ਅਤੇ ਦਸਮ ਗ੍ਰੰਥ ਦੀਆਂ ਸਾਰੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨਹੀਂ ਹਨ। ਜਿਹੜੀਆਂ ਰਚਨਾਵਾਂ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਖਾਂਦੀਆਂ ਹੋਣ, ਉਨ੍ਹਾਂ ਨੂੰ ਪੜ੍ਹਿਆ-ਵਿਚਾਰਿਆ ਤਾਂ ਜਾ ਸਕਦਾ ਹੈ ਪਰ ਉਨ੍ਹਾਂ ਦੀ ਪੋਥੀ ਦਾ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਪ੍ਰਕਾਸ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਬਿਆਨ ਵਿੱਚ ਅਜਿਹਾ ਕੀ ਹੈ ਜਿਸ ਨਾਲ ਇਨ੍ਹਾਂ ਟੁੱਕੜਬੋਚਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜ ਗਈ ਹੈ? ਕੀ ਅਜਿਹੇ ਵਿਚਾਰ ਨਾਪਸੰਦ ਹੋਣ ’ਤੇ ਹੀ ਕੋਈ ਵਿਅਕਤੀ ‘ਧਾਰਮਕ ਭਾਵਨਾਵਾਂ ਨੂੰ ਸੱਟ ਲੱਗ ਗਈ’ ਦਾ ਦਾਅਵਾ ਕਰ ਸਕਦਾ ਹੈ?

ਅਸਲ ਵਿੱਚ ਮੁਕੱਦਮਾ ਤਾਂ ਬ੍ਰਾਹਮਣਵਾਦੀਆਂ ਦੇ ਇਨ੍ਹਾਂ ਝੋਲੀਚੁੱਕਾਂ ’ਤੇ ਦਰਜ ਹੋਣਾ ਚਾਹੀਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਸ਼ਲੀਲ ਰਚਨਾਵਾਂ ਵਾਲੀ (ਬਸ-ਅੱਡਾ ਮਾਰਅਕਾ) ਕਿਤਾਬ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰ ਰਹੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰ ਰਹੇ ਹਨ।

ਅੰਤਿਕਾ: ਜੇਕਰ ਪਗੜੀਧਾਰੀ ਹਿੰਦੂ (ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਬਾਰੇ ਸ਼ੱਕ ਫੈਲਾਉਣ ਵਾਲੇ ਸਿੱਖੀ ਸਰੂਪ ਵਾਲੇ ਲੋਕ), ਦਸਮ ਗ੍ਰੰਥ ਦੇ ਮੁੱਦੇ ’ਤੇ ਪੱਕਾ ਫੈਸਲਾ ਚਾਹੁੰਦੇ ਹਨ ਤਾਂ ਉਹ ਅਕਾਲ ਤਖ਼ਤ ਦੇ ਮੁੱਖ ਪੁਜਾਰੀ ਗਿ: ਜੋਗਿੰਦਰ ਸਿੰਘ ਵੇਦਾਂਤੀ ਅਤੇ ਪ੍ਰੋ: ਦਰਸ਼ਨ ਸਿੰਘ ਦੀ ਸਿੱਧੀ ਬਹਿਸ ਦਾ ਆਯੋਜਨ ਕਰਵਾ ਸਕਦੇ ਹਨ। ਇਸ ਬਹਿਸ ਦੀ ਥਾਂ (ਕਿਸੇ ਟੀ.ਵੀ. ਚੈਨਲ ਦਾ ਸਟੂਡੀਓ, ਜਿੱਥੋਂ ਬਹਿਸ ਦਾ ਸਿੱਧਾ ਪ੍ਰਸਾਰਣ ਹੋ ਸਕੇ) ਅਤੇ ਸਮਾਂ, ਗਿ: ਵੇਦਾਂਤੀ ਅਤੇ ਪ੍ਰੋ: ਦਰਸ਼ਨ ਸਿੰਘ, ਦੋਹਾਂ ਦੀ ਸਾਂਝੀ ਮਰਜ਼ੀ ਨਾਲ ਮੁਕੱਰਰ ਕੀਤੇ ਜਾ ਸਕਦੇ ਹਨ। ਪਰ ਅਜਿਹੀ ਬਹਿਸ ਤੋਂ ਪਹਿਲਾਂ ਗਿ: ਵੇਦਾਂਤੀ ਨੂੰ ਇਹ ਜਨਤੱਕ ਐਲਾਨ ਕਰਨਾ ਚਾਹੀਦਾ ਹੈ ਕਿ ਜੇਕਰ ਉਹ ਸੰਪੂਰਨ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਸਾਬਿਤ ਨਹੀਂ ਕਰ ਪਾਏ, ਤਾਂ ਉਹ ਤੁਰੰਤ ਇਕ ਗੁਰਮਤਾ ਜਾਰੀ ਕਰਕੇ ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਕੀਰਤਨ/ਪਾਠ ਨੂੰ ਨਿੱਤਨੇਮ ਦੀਆਂ ਬਾਣੀਆਂ ਵਿੱਚੋਂ ਹਟਾਉਣਗੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਸਮ ਗ੍ਰੰਥ ਦਾ ਅਖੌਤੀ ‘ਪ੍ਰਕਾਸ਼’ ਕਰਨ ਵਾਲੇ ਹਰ ਗੁਰਦੁਆਰੇ/ਡੇਰੇ ਨੂੰ ਉਹੀ ਰੁਤਬਾ ਦਿੱਤਾ ਜਾਏਗਾ, ਜੋ ਨਕਲੀ ਨਿਰੰਕਾਰੀਆਂ ਦੀ ਬਿਰਾਦਰੀ ਨੂੰ ਦਿੱਤਾ ਗਿਆ ਹੈ।

(ਧੰਨਵਾਦ ਸਹਿਤ ਮਾਰਚ ੨੦੦੮ ਦੇ ‘ਇੰਡੀਆ ਅਵੇਅਰਨੈੱਸ’ ਮਾਸਕ ਰਸਾਲੇ ਵਿਚੋਂ)
.